ਲੋਕੁ ਕਹੈ ਦਰਵੇਸੁ :: 13ਵੀਂ ਕਿਸ਼ਤ...
"ਓ ਬਾਈ ਭਗਸਿਆਂ ਹੁਣ ਤਾਂ ਬੱਸ ਕਰ। ਕਾਹਦੇ ਲਈ ਚੰਮ ਕੁਟਾਈ ਜਾਨੈ? ਦੋਵੇਂ ਮੁੰਡੇ ਤੇਰੇ ਆਪੋ ਆਪਣੇ ਕੰਮਾ 'ਤੇ ਹੋ-ਗੇ। ਵੱਡੇ ਦੇ ਤਾਂ ਮਾਰ ਦੁਨੀਆਂ ਅਗੇ-ਪਿੱਛੇ ਆਂਹਦੇ ਫਿਰਦੀ ਐ ਤੇ ਛੋਟਾ ਔਹ ਦਿੱਲੀ-ਦੱਖਣਾਂ ਕੰਨੀ ਜਾ ਵੜਿਆ। ਹੁਣ ਤੂੰ ਸਗਾਂ ਬਹਿ ਕੇ ਮੌਜਾਂ ਕਰ। ਤੇ ਨਾਲੇ...।''
"ਆ ਬਈ ਬੁਧ ਰਾਮਾ। ਅੱਜ ਤਾਂ ਬੜੇ ਚਿਰਾਂ ਪਿੱਛੋਂ ਮਾਰਿਆ ਗੇੜਾ ਤੈਂ। ਕਿਉਂ ਚੰਮ ਕਟੌਣ ਨੂੰ ਮੈਨੂੰ ਕੀ ਟਾਕੂ ਹੋਇਐ? ਚੰਗੇ ਭਲੇ ਐਂ। ਜਿੰਨਾ ਸਰੀਰ ਚਲਦੈ ਆਪਾਂ ਆਪਣਾ ਕਰਮ ਕਿਉਂ ਛੱਡੀਏ? ਜਦੋਂ ਨੈਣ ਪਰਾਣ ਖੜ੍ਹ-ਗੇ ਓਦੋਂ ਦੇਖੀ ਜਾਊ। ਸਤਿਗੁਰਾਂ ਨੇ ਫਰਮਾਇਐ-
'ਆਗੈ ਜਾਤਿ ਰੁਪੂ ਨ ਜਾਇ।। ਤੇਹਾ ਹੋਵੈ ਜੇਹਾ ਕਰਮ ਕਮਾਇ।।
ਸਬਦੈ ਊਚੋ ਊਚਾ ਹੋਇ।। ਨਾਨਕ ਸਾਚਿ ਸਮਾਵੈ ਸੋਇ।।'
ਸੋ ਬਾਈ ਸਿਆਂ ਆਪਾਂ ਆਪਣੀ ਦਸਾਂ ਨਹੂੰਆਂ ਦੀ ਕਿਰਤ ਕਰੀ ਜਾਨੇ ਐਂ। ਦੂਜਾ ਬੰਦੇ ਨੂੰ ਸੱਚ ਦਾ ਪੱਲਾ ਨੀ ਛਡਣਾ ਚਾਹੀਦਾ। ਜੋ ਕੁਸ਼ ਦਾਤੇ ਨੇ ਦਿੱਤੈ ਉਹਦਾ ਸ਼ੁਕਰ ਕਰਨਾ ਚਾਹੀਦੈ।''
"ਓ ਜਾਰ ਤੇਰੀਆਂ ਆਹ ਗਿਆਨੀਆਂ-ਧਿਆਨੀਆਂ ਆਲੀਆਂ ਗੱਲਾਂ ਨੀ ਮੇਰੇ ਸਮਝ ਔਂਦੀਆਂ। ਅਸਲ 'ਚ ਮੈਨੂੰ ਐਂ ਲਗਦੈ ਬਈ ਗੱਲ ਕੋਈ ਹੋਰ ਐ ਜਿਹੜਾ ਕੰਮ ਕਰਨੋਂ ਨੀ ਹਟਦਾ ਤੂੰ!''
''ਕਿਉਂ ਮੇਰੇ ਕਿਹੜੇ ਸੁਫਨੇ ਔਣ ਲੱਗ-ਪੇ ਤੈਨੂੰ ਹੁਣ?'' ਭਗਤ ਸਿੰਘ ਨੇ ਪੈੜ 'ਤੇ ਬੈਠਿਆਂ ਮਜ਼ਦੂਰ ਵੱਲੋਂ ਹੇਠੋਂ ਵਗਾਹੀਆਂ ਇੱਟਾਂ ਫੜਦਿਆਂ ਕਿਹਾ।
"ਨਾ ਬਾਈ ਸੁਫਨੇ ਤਾਂ ਨੀ ਔਂਦੇ ਪਰ ਨਿਗਾ ਮੇਰੀ ਵੀ ਤੇਜ ਐ। ਆਪਾਂ ਤਾਂ ਬੰਦੇ ਦੀ ਤੋਰ-ਪਛਾਣ ਕੇ ਕਿਹੜਾ ਨਾ ਦੱਸ ਦੀਏ ਬਈ ਇਹ ਕਿੰਨੇ ਪਾਣੀ 'ਚ ਐ! ਮੈਨੂੰ ਅਸਲ 'ਚ ਇਉਂ ਲਗਦੈ ਬਈ ਤੈਨੂੰ ਲਾਲੀਆਂ ਦੇਖਣ ਦਾ ਭੁਸ ਪੈ ਗਿਆ। ਨਹੀਂ ਤਾਂ ਤੇਰੇ ਅਰਗਾ ਸਿਆਣਾ ਬੰਦਾ ਊਂਈ ਨੀ ਧੁੱਪ 'ਚ ਢੂਹਾ ਸੜੌਂਦਾ। ਤਿੱਖੜ ਦਪ੍ਹੈਰੇ, ਚੰਗੇ ਭਲੇ ਬੰਦੇ ਕੋਲੋਂ ਘੜੀ ਭਰ ਧੁੱਪ 'ਚ ਨੀ ਬੈਠਾ ਜਾਂਦਾ ਤੇ ਤੂੰ ਤਾਂ ਕੰਮ ਕਰੀ ਜਾਨੈ। ਗੱਲ ਵਿਚੋਂ ਕੁਸ਼ ਹੋਰ ਐ।'' ਬੁੱਧੂ ਨੇ ਮੁਸਕਰਾਉਂਦਿਆਂ ਆਪਣੇ ਬਚਪਨ ਦੇ ਆੜੀ ਨਾਲ ਟਿੱਚਰ ਕੀਤੀ।
''ਕਿਉਂ ਤੈਨੂੰ ਲਾਲੀਆਂ ਦੰਦੀ ਵਢਦੀਐਂ? ਤੂੰ ਤਾਂ ਬੁਧ ਰਾਮਾ ਜੇ ਕਿਸੇ ਦੀ ਧੋਤੀ 'ਚ ਵੜ-ਜੇਂ ਤਾ ਪਤਾ ਵੀ ਨਾ ਲਗੇ। ਅਗਲੀ ਸਮਝੂ ਕੋਈ ਜੁਆਕ ਬੈਠੈ। ਤੇ ਤੂੰ ਆਵਦੀ ਥਾਂ ਇੰਦਰ ਦੇ ਖਾੜੇ ਦੇ ਨਜਾਰੇ ਲੈਂਦਾ ਰਹੀਂ। ਤਾਂ ਹੀ ਤਾਂ ਹਰ ਚੌਥੇ ਦਿਨ ਮੰਡੀ ਗੇੜਾ ਮਾਰਦਾ ਰਹਿਨੈ।''
"ਹੈ ਪੱਟੂ-ਪੀਰ, ਬੱਸ ਜਦੋਂ ਭੰਨੂ ਠੁਣਾ ਮੇਰੇ ਕੱਦ 'ਤੇ ਆ ਕੇ ਭੰਨੂ। ਨਾ ਮੈਂ ਤਾਂ ਨੀ ਕਿਹਾ ਸੀ ਆਵਦੇ ਮਾਂ ਪਿਓ ਨੂੰ ਬਈ ਮੇਰਾ ਕੱਦ ਛੋਟਾ ਈ ਰਹਿਣ ਦਿਓ। ਕਿ ਉਹ ਭੈਣ ਦੇਣੇ ਰੱਬ ਦੀ ਮੇਰੇ ਕੱਦ 'ਤੇ ਕਿਰਪਾ ਹੋ-ਗੀ?''
"ਤੇਰੇ ਮਾਂ ਪਿਓ ਨੇ ਤਾਂ ਬਾਈ ਸਿਆਣਫ ਈ ਕੀਤੀ ਸੀ। ਕੁੜਤੇ ਨੂੰ ਮਸਾਂ ਗਜ ਕੁ ਕਪੜਾ ਲਗਦਾ ਹੋਊ। ਸਾਰੀ ਉਮਰ ਦਾ ਸਰਫਾ। ਲੰਮੇ ਬੰਦੇ ਦੇ ਬਰਾਬਰ ਤੇਰੇ ਤਿੰਨ ਝੱਗੇ ਬਣ ਜਾਣ। ਨਾਲੇ ਤੇਰੀ ਉਮਰ ਦਾ ਪਤਾ ਨੀ ਲਗਦਾ। ਅਜੇ ਵੀ ਪੱਚੀਆਂ ਤੀਹਾਂ ਦਾ ਈ ਲਗਦੈਂ। ਅਸੀਂ ਤੇਰੇ ਮੂਹਰੇ ਬੁੜ੍ਹੇ ਲਗਦੇ ਆਂ। ਤਕੜੀ ਤੀਵੀਂ ਤਾਂ ਤੈਨੂੰ ਬੁੱਕਲ 'ਚ ਲੈ ਕੇ ਊਂ ਈ ਖੁਸ਼ ਹੋ-ਜੇ।''
''ਓ ਪਤੰਦਰਾ ਬੱਸ ਵੀ ਕਰ ਜਾ ਹੁਣ ਟਿੱਚਰਾਂ ਕਰਨੋ, ਕਿ ਆਵਾਂ ਉੱਤੇ?''
"ਨਾ ਨਾ ਬਾਈ ਦੇਖੀਂ ਕਿਤੇ ਉੱਤੇ ਚੜ੍ਹ ਬਹਿੰਦਾ। ਤੇਰੇ ਭਾਰ ਨਾਲ ਤਾਂ ਸਾਰੀ ਪੈੜ ਥੱਲੇ ਆ ਪਊ। ਓ ਭਈਏ-ਫੜਾ ਬਈ ਇੱਟਾਂ।''
ਭਗਤ ਸਿੰਘ ਬੁੱਧੂ ਨਾਲ ਗੱਲਾਂ ਵੀ ਕਰੀ ਜਾ ਰਿਹਾ ਸੀ ਤੇ ਕੰਮ ਵੀ ਕਰੀ ਜਾ ਰਿਹਾ ਸੀ।
ਬੁੱਧੂ ਵਿਚਾਰੇ ਦਾ ਕੱਦ ਅਤੇ ਜਾਤ ਦੋਵੇਂ ਨੀਵੇਂ ਹੋਣ ਕਰਕੇ ਕਿਧਰੇ ਰਿਸ਼ਤਾ ਵੀ ਨਹੀਂ ਸੀ ਹੋ ਸਕਿਆ। ਉਹ ਭਗਤ ਸਿੰਘ ਦਾ ਹਾਣੀ ਸੀ। ਦੋਵੇਂ ਬਚਪਨ ਦੇ ਦੋਸਤ ਸਨ। ਛੋਟੇ ਹੁੰਦੇ ਉਹ ਚੰਨ ਚਾਨਣੀਆਂ ਰਾਤਾਂ ਵਿਚ ਟਿੱਬਿਆਂ 'ਤੇ ਜਾ ਕੇ ਜਾਂ ਤਾਂ ਗੋਹਾਂ ਮਾਰਦੇ ਹੁੰਦੇ ਜਾਂ ਕੌਡੀ ਖੇਡਦੇ। ਬੁੱਧੂ ਖੇਡਦਿਆਂ ਜਦੋਂ ਕਿਸੇ ਦੀ ਲੱਤ ਨੂੰ ਚਿੰਬੜ ਜਾਂਦਾ ਤਾਂ ਅਗਲਾ ਕੌਡੀ ਕੌਡੀ ਕਰਦਾ ਬੜੇ ਆਰਾਮ ਨਾਲ ਬੁੱਧੂ ਨੂੰ ਚਿੰਬੜੇ-ਚੰਬੜਾਏ ਨੂੰ ਹੀ ਪਾਲੇ 'ਤੇ ਲੈ ਜਾਂਦਾ। ਬੁੱਧੂ ਦੀ ਜਵਾਨੀ ਢਲਣ ਲੱਗ ਪਈ ਸੀ। ਫੇਰ ਵੀ ਊਹਨੂੰ ਆਪਣੇ ਵਿਆਹ ਦੀ ਆਸ ਸੀ। ਪਰ ਕਰਦਾ ਕੌਣ ਮਾਂ ਪਿਓ ਤੁਰ ਗਏ। ਉਹਨੂੰ ਇਕ ਪਿੰਡ ਛੱਡ ਕੇ ਅਗਲੇ ਪਿੰਡ ਦੀ ਝਿਉਰਾਂ ਦੀ ਕੁੜੀ ਧੰਤੀ ਚੰਗੀ ਲੱਗਣ ਲੱਗ ਪਈ ਸੀ। ਧੰਤੀ ਦਾ ਰੰਗ ਕਾਲਾ ਤੇ ਕੱਦ ਪੱਖੋਂ ਉਹ ਬੌਨੀ ਜਿਹੀ ਲਗਦੀ ਸੀ। ਬੁੱਧੂ ਆਨੀ-ਬਹਾਨੀਂ ਉਹਨਾਂ ਦੇ ਪਿੰਡ ਗੇੜੇ ਮਾਰਦਾ। ਹੌਲੀ ਹੌਲੀ ਉਹਨੇ ਧੰਤੀ ਨਾਲ ਗੱਲ-ਬਾਤ ਕਰਨੀ ਸ਼ੁਰੂ ਕੀਤੀ। ਧੰਤੀ ਵੀ ਬੁੱਧੂ ਨਾਲ ਗੱਲਾਂ ਕਰ ਲੈਂਦੀ ਹੁੰਦੀ। ਜਿਦੇਂ ਉਹ ਧੰਤੀ ਨੂੰ ਮਿਲ ਕੇ ਆਉਂਦਾ ਤਾਂ ਭਗਤ ਸਿੰਘ ਨੂੰ ਦੂਰੋਂ ਉਹਦੀ ਚਾਲ ਦੇਖ ਕੇ ਪਤਾ ਲੱਗ ਜਾਂਦਾ। ਬੁੱਧੂ ਆਪਣੇ ਦਿਲ ਦੀ ਹਰ ਨਿੱਕੀ ਮੋਟੀ ਗੱਲ ਭਗਤ ਸਿੰਘ ਨਾਲ ਸਾਂਝੀ ਕਰਦਾ। ਇਕ ਵਾਰੀ ਧੰਤੀ ਦੇ ਪਿਓ ਨੇ ਦੋਹਾਂ ਨੂੰ ਗੱਲਾਂ ਕਰਦੇ ਦੇਖ ਲਿਆ। ਉਹਨੇ ਆਪਣੇ ਚਾਚੇ ਦੇ ਪੁੱਤ ਨੂੰ ਗੱਲ ਦੱਸੀ ਤਾਂ ਦੋਹਾਂ ਨੇ ਮਿਲ ਕੇ ਇਕ ਮਤਾ ਪਕਾਇਆ। ਇਕ ਜਣਾ ਬੁੱਧੂ ਨੂੰ ਬੁਲਾ ਕੇ ਬਾਹਰ ਖੇਤਾਂ ਵਿਚ ਲੈ ਗਿਆ। ਦੋਹਾਂ ਜਣਿਆਂ ਨੇ ਬੁੱਧੂ ਦੇ ਸਿਰ 'ਤੋਂ ਮੂਕਾ ਲਾਹ ਕੇ ਉਹਦੇ ਨਾਲ ਹੱਥ ਬੰਨ੍ਹ ਦਿੱਤੇ ਅਤੇ ਚੰਗੀ ਛਤਰੌਲ ਕੀਤੀ।
''ਹਾੜੇ ਮੈਨੂੰ ਛੱਡ ਦਿਓ ਓਏ। ਓ ਮੈਂ ਥੋਡੀ ਕਪਲਾ ਗਊ। ਓ ਨਾ ਮਾਰੋ ਮੈਨੂੰ ਓਏ-ਨਾ ਮਾਰੋ। ਮੈਂ ਕੀ ਕਸੂਰ ਕਰ 'ਤਾ...।''
''ਨਾ ਕਰੀਏ ਤੇਰਾ ਵਿਆਹ ਧੰਤੀ ਨਾਲ ਹੁਣੇ ਈ...?'' ਧੰਤੀ ਦੇ ਪਿਓ ਨੇ ਉਹਦੇ ਸਿਰ 'ਚ ਛਿੱਤਰ ਮਾਰਦਿਆਂ ਕਿਹਾ।
''ਹਾਏ, ਜੇ ਥੋਡਾ ਨਹੀਂ ਸਰਦਾ ਤਾਂ ਕਰ ਦਿਓ। ਮੇਰੀ ਤਾਂ ਪਹਿਲਾਂ ਈ ਹਾਂ ਐ। ਹਾਏ ਓਏ -। ਓ-ਨਾ ਮਾਰੋ-ਓਏ!'' ਬੁੱਧੂ ਜੁੱਤੀਆਂ ਖਾਈ ਗਿਆ।
''ਫੇਰ ਜਾਏਂਗਾ ਸਾਡੇ ਪਿੰਡ?''
''ਹਾਏ-ਓਏ।... ਜੇ ਆਖੋਂ ਤਾਂ ਸਿਹਰੇ ਬੰਨ੍ਹ ਕੇ ਆ ਜੂੰ, ਪਰ ਮੈਨੂੰ ਕੁੱਟੋ ਤਾਂ ਨਾ ਆਪਣੇ ਜੁਆਈ...।''
ਧੰਤੀ ਦਾ ਪਿਓ ਠਠੰਬਰ ਗਿਆ। ਓਹਦੇ ਚਾਚੇ ਦੇ ਪੁੱਤ ਨੇ ਕਿਹਾ, ''ਬਾਈ ਇਹ ਇਉਂ ਨੀ ਸੂਤ ਔਂਦਾ ਗਿਠ-ਮੁਠੀਆ ਜਿਆ। ਇਹਨੂੰ ਆਪਾਂ ਕੀੜਿਆਂ ਆਲੇ ਜੰਡ 'ਤੇ ਪੁੱਠਾ ਲਮਕੌਨੇ ਐਂ।''
''ਓ ਲਮਕੌਣ ਨੂੰ ਜਿਥੇ ਮਰਜੀ ਐ ਲਮਕਾ ਲੋ ਅੱਜ ਪਰ ਹਾਂ ਤਾਂ ਕਰ ਦਿਓ!'' ਬੁੱਧੂ ਆਪਣੇ ਕੇਸ ਦੀ ਪੈਰਵੀ ਬਖੂਬੀ ਕਰ ਰਿਹਾ ਸੀ ਤੇ ਜੁੱਤੀਆਂ ਵੀ ਖਾਈ ਜਾ ਰਿਹਾ ਸੀ।
''ਇਹ ਤਾਂ ਯਾਰ ਬਾਹਲਾ ਈ ਸਾਊ ਨਿਕਲਿਆ।'' ਧੰਤੀ ਦੇ ਪਿਓ ਨੇ ਕਿਹਾ।
''ਹਾਂ-ਬਾਈ। ਆਪਾਂ ਤਾਂ ਕੁਟ-ਕੁਟ ਹੰਭ-ਗੇ ਪਰ ਇਹ ਪਿਓ ਦੇ ਪੁੱਤ ਨੇ ਆਵਦੀ ਹਿੰਡ ਨੀ ਛੱਡੀ।''
''ਓ ਕਿਵੇਂ ਛੱਡ ਦਿਆਂ? ਥੋਡੀ ਕੁੜੀ ਨੂੰ ਹੋਰ ਲਜਾਊ ਕੌਣ? ਮੇਰਾ ਕੀ ਐ, ਮੇਰਾ ਕੁਸ਼ ਨੀ ਵਿਗੜਦਾ ਭਮੇਂ ਚਾਰ ਛਿੱਤਰ ਹੋਰ ਮਾਰ ਲੋ ਪਰ ਮੇਰਾ ਘਰ ਤਾਂ ਵਸ ਜਾਣ ਦਿਓ-ਜਮਦੂਤੋ!''
ਧੰਤੀ ਦੇ ਪਿਓ ਨੇ ਹਾਰ ਮੰਨ ਲਈ।
''ਓ ਛੱਡ ਬਾਈ। ਆਪਾਂ ਵੀ ਕਿੱਥੇ ਧੱਕੇ ਖਾਂਦੇ ਫਿਰਾਂਗੇ ਜੁੱਤੀਆਂ ਤੜੌਂਦੇ; ਮੁੰਡਾ ਭਾਲਦੇ ਧੰਤੀ ਵਾਸਤੇ। ਜੇ ਇਹ ਸਾਲਾ ਦੂਈ ਜਾਤ ਦਾ ਐ ਤਾਂ ਕੀ ਹੋ ਗਿਆ। ਕਲ੍ਹ ਨੂੰ ਜੇ ਉੱਚਾ ਨੀਵਾਂ ਹੋਣ ਲੱਗਿਆ ਤਾਂ ਚਾਰ ਛਿੱਤਰ ਮਾਰ ਕੇ ਸਿੱਧਾ ਕਰ ਲਿਆ ਕਰਾਂਗੇ।'' ਧੰਤੀ ਦੇ ਪਿਓ ਨੇ ਆਪਣੀ ਰਾਏ ਦੱਸੀ।
''ਓ ਨਹੀਂ ਮਾਲਕੋ, ਮੈਂ ਤਾਂ ਪਹਿਲਾਂ ਈ ਤੁੱਕੇ ਅਰਗਾ ਸਿੱਧੈਂ। ਜਮਾਂ ਕੋਈ ਵਿੰਗ-ਵਲ ਨੀ ਹੈ। ਬੱਸ ਫੇਰ ਮੈਂ ਹੁਣ ਥੋਡੀ ਹਾਂ ਈ ਸਮਝਾਂ...?''
ਮਾਰ ਕੁਟਾਈ ਵਿਚ ਢਿੱਲਾ ਹੋਇਆ ਪਰਨਾ ਬੁੱਧੂ ਨੇ ਸਿਰ 'ਤੇ ਬੰਨ੍ਹਦਿਆਂ ਕਿਹਾ।
ਅਖੀਰ ਵਿਚਾਰੇ ਬੁੱਧੂ ਦਾ ਵਿਆਹ ਧੰਤੀ ਨਾਲ ਹੋ ਈ ਗਿਆ। ਭਗਤ ਸਿੰਘ ਨੂੰ ਸਾਰੀ ਗੱਲ ਦਾ ਪਤਾ ਸੀ ਕਿਉਂਕਿ ਬੁੱਧੂ ਦੇ ਢਿੱਡ 'ਚ ਕੋਈ ਗੱਲ ਨਹੀਂ ਸੀ ਪਚਦੀ ਤੇ ਸਭ ਤੋਂ ਪਹਿਲਾਂ ਉਹ ਆਪਣੀ ਹਰ ਅੰਦਰਲੀ ਗੱਲ ਭਗਤ ਸਿੰਘ ਨਾਲ ਸਾਂਝੀ ਕਰਦਾ। ਭਗਤ ਸਿੰਘ ਵੀ ਉਹਨੂੰ ਪੁਰਾਣੀਆਂ ਕਈ ਗੱਲਾਂ ਚੇਤੇ ਕਰਾਉਂਦਿਆਂ ਛੇੜਦਾ-
''ਬੁਧ ਰਾਮ, ਯਾਰ ਓਹ ਗੱਲ ਸੁਣਾ?''
''ਕਿਹੜੀ ਭਲਾ?''
"ਓਹੀ ਜਦੋਂ ਤੇਰੇ ਸਹੁਰੇ ਤੇ ਪਤਿਅਹੌਰੇ ਨੇ ਸਿਹਰੇ ਬੰਨ੍ਹੇ ਸੀ ਤੇਰੇ ਖੇਤ 'ਚ!''
''ਓਏ ਪਤੰਦਰਾ ਕੁਸ਼ ਤਾਂ ਛਰਮ ਕਰ। ਤੈਨੂੰ ਮੈਂ ਗੱਲ ਕੀ ਦੱਸ ਤੀ, ਜਿਉਣਾ ਦੁੱਭਰ ਕਰ 'ਤਾ ਤੈਂ ਮੇਰਾ!''
''ਲੈ ਮੈਂ ਇਹ ਗੱਲ ਹੋਰ ਕਿਸੇ ਨੂੰ ਤਾਂ ਨੀ ਦੱਸੀ? ਹੈ ਤਾਂ ਇਹ ਗੱਲ ਤੇਰੇ ਮੇਰੇ ਵਚਾਲੇ ਈ ਨਾ? ਲੈ ਆਹ ਭਈਏ ਨੂੰ ਪੁੱਛ ਕੇ ਦੇਖ ਲੈ ਭਵੇਂ। ਕਿਉਂ ਬਈ ਭਈਏ, ਸਾਡੀ ਗੱਲ ਸਮਝ ਆਈ ਤੈਨੂੰ?''
''ਕਾ ਹੈ ਬਾਬੂ ਜੀ। ਹਮ ਕਾ ਕੁਛ ਖਬਰ ਨਾਂਹੀਂ। ਹਮ ਕਾ ਪੰਜਾਬੀ ਨਹੀਂ ਔਂਦੀ ਹੈ।''
''ਪੰਜਾਬੀ ਨੂੰ ਮੂੰਹ ਤਾਂ ਮਾਰਦੈ।''
''ਵੋਹ ਕਿਆ ਹੋਤ ਹੈ ਬਾਬੂ ਜੀ?''
"ਓ ਚਲ ਛੱਡ ਤੂੰ, ਮਸਾਲਾ ਫੜਾ। ਲੈ ਦੇਖ ਲੈ ਬੁਧ ਰਾਮਾਂ ਹੈ ਕ ਨਹੀਂ ਆਪਣੀ ਗੱਲ ਆਪਣੇ ਵਿਚ ਈ? ਹੋਰ ਸੁਣਾ ਤੈਨੂੰ ਧੰਤੀ ਮਾੜਾ ਮੋਟਾ ਥੰਦਾ ਪੌਂਦੀ ਵੀ ਐ ਕ ਨਹੀਂ?"
''ਲੈ ਥੰਦੇ ਖਾਣ ਨੂੰ ਮੈਂ ਕਿਹੜਾ ਗੰਗਾ ਆਲੇ ਭਲਵਾਨ ਨਾਲ ਘੋਲ ਕਰਨੈ?''
''ਨਾ, ਊਂ ਜੇ ਕਰਨਾ ਪੈ ਜੇ ਤਾਂ ਢਾਹ ਤਾਂ ਲਵੇਂ ਤੂੰ ਉਹਨੂੰ। ਹੈ ਕ ਨਹੀਂ ਬੁਧ ਰਾਮਾ?''
"ਅੱਜ ਤੈਨੂੰ ਹੋਇਆ ਕੀ ਐ? ਇਕ ਚਕਦੈਂ ਦੂਜੀ ਧਰਦੈਂ। ਆਹ੍ਹੋ ਭਾਈ ਜੀਹਦੇ ਦੋ ਦੋ ਕਮਾਊ ਪੁੱਤ ਹੋਣ ਡਮਾਕ ਭੰਨ ਭੰਨ ਗੱਲਾਂ ਤਾਂ ਆਪੇ ਆਉਂਣੀਆਂ ਹੋਈਆਂ। ਸਾਡੇ ਨਾ ਅਗੇ ਨਾ ਕੋਈ ਪਿੱਛੇ...।''
"ਓਂ ਬਾਈ ਬੁਧ ਰਾਮਾ ਐਂ ਨਾ ਆਖ। ਬੱਸ ਢਕਿਆ ਈ ਰਹਿਣ ਦੇ।'' ਭਗਤ ਸਿੰਘ ਪੈੜ ਤੋਂ ਥੱਲੇ ਉੱਤਰ ਆਇਆ। ਮਜਦੂਰ ਮਸਾਲਾ ਬਣਾ ਰਿਹਾ ਸੀ।
"ਦੇਖ ਬਾਈ ਹਾਸਾ ਠੱਠਾ ਤਾਂ ਰਿਹਾ ਆਪਣੀ ਥਾਂ। ਅਜ ਕੱਲ੍ਹ ਤਾਂ ਨਾਨਕ ਦੁਖੀਆ ਸਭ ਸੰਸਾਰ ਵਾਲੀ ਗੱਲ ਐ। ਜੀਹਨੂੰ ਮਰਜੀ ਐ ਛੇੜ 'ਕੇ ਦੇਖ ਲੈ, ਲੋਕ ਫੋੜੇ ਅੰਗੂੰ ਅੰਬੇ ਪਏ ਐ। ਦੁਨੀਆਂ ਬਾਹਰੋਂ ਈ ਸੁਹਣੀ ਲਗਦੀ ਐ। ਪਰ ਬਾਬਾ ਨਾਨਕ ਕਹਿ ਗਿਆ ਸੀ- 'ਜਿਨੁ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ।।'
"ਜੇ ਬੰਦੇ ਦਾ ਮਨ ਟਿਕਿਆ ਹੋਵੇ ਤਾਂ ਸੁਖ ਐ ਨਹੀਂ ਤਾਂ ਤਮਾਂ ਬੰਦੇ ਨੂੰ ਪੱਟੀ ਨੀ ਬੰਨ੍ਹਣ ਦਿੰਦੀ। ਦੁਨੀਆਂ 'ਚ ਕਿਸੇ ਚੀਜ ਦਾ ਅੰਤ ਨੀ।''
"ਆਹੋ ਭਰਾਵਾ ! ਬੱਸ ਤੇਰੇ ਨਾਲ ਦੁਖ-ਸੁਖ ਕਰਨ ਆ ਜਾਈਦੈ। ਆਪਾਂ ਵੀ ਦਿਨ-ਕਟੀ ਕਰੀ ਜਾਨੇ ਐਂ। ਮਰੇ ਪਸ਼ੂਆਂ ਦੀ ਖੱਲ ਲਾਹ ਲਈ, ਜੁੱਤੀਆਂ ਗੰਢ ਲੀਆਂ। ਹੋਰ ਆਪਾਂ ਕਿਹੜੇ ਖੀਨ-ਖਾਪਾਂ 'ਤੇ ਸੌਣੈ। ਦੋ ਗੁੱਲੀਆਂ ਆਥਣ-ਸਵੇਰ ਮਿਲੀ ਜਾਣ ਓਹੀ ਬਹੁਤ ਐ।''
ਉਸ ਦਿਨ ਤਾਂ ਬੁੱਧੂ ਚਾਰ ਟਿੱਚਰਾਂ ਕਰ ਕਰਾ ਕੇ ਚਲਾ ਗਿਆ। ਫੇਰ ਉਹ ਕਈ ਦਿਨ ਨਾ ਆਇਆ। ਕੋਈ ਮਹੀਨੇ ਕੁ ਮਗਰੋਂ ਜਦੋਂ ਉਹ ਮਿਲਣ ਆਇਆ ਤਾਂ ਭਗਤ ਸਿੰਘ ਉਹਦਾ ਢਿੱਲਾ ਜਿਹਾ ਮੂੰਹ ਦੇਖ ਕੇ ਆਖਣ ਲੱਗਾ, ''ਆ ਬਈ ਬੁਧ ਰਾਮਾ ! ਕਿਵੇਂ ਤੁਰਿਆ ਆਉਨੈ ਜਿਵੇਂ ਕੁੜੀ ਢੱਬ ਕੇ ਆਇਆ ਹੁੰਨੈ? ਸਭ ਸੁੱਖ-ਸਾਂਦ ਐ?''
''ਆਹੋ, ਸੁਖ-ਸਾਂਦ ਨੇ ਸਾਡੇ ਨਾਲ ਈ ਫੇਰੇ ਲਏ ਵੇ ਐ? ਇਹ ਰੱਬ ਭੈਣ ਦੇ ਯਾਰ ਤੋਂ ਸਾਡੇ ਅਰਗੇ ਦੋ ਟੁੱਕ ਦੀਆਂ ਬੁਰਕੀਆਂ ਖਾਂਦੇ ਵੀ ਨੀ ਜਰੇ ਜਾਂਦੇ। ਦੂਜਿਆਂ ਆਵਦੇ ਭੈਣ ਦੇ ਯਾਰਾਂ ਨੂੰ ਖੀਨ-ਖਾਪਾਂ ਤੇ ਸਵੌਂਦੈ।''
"ਅੱਜ ਤਾਂ ਬਾਹਲਾ ਈ ਕੀੜਿਆਂ ਆਲੇ ਜੰਡ 'ਤੇ ਚੜਿਆ ਲਗਦੈਂ। ਕਿਧਰੇ ਫੇਰ ਤਾਂ ਨੀ ਸਿਹਰੇ ਬੰਨ੍ਹਣ ਆ-ਗੇ'' ਸੀ ਤੇਰਾ ਸੌਹਰਾ ਤੇ ਪਤ੍ਹਿਉਰਾ? ਕਿ ਸਾਡੀ ਭਾਬੀ ਨੇ ਘੂਰ 'ਤਾ? ਅੱਜ ਕਿਵੇਂ ਦਿੱਲੀ ਆਲੀ ਡਾਕ 'ਤੇ ਚੜ੍ਹਿਆ ਔਨੈ?''
"ਪੁੱਛ ਨਾ ਭਰਾਵਾ! ਲੈ-ਲਾਂ ਓਏ ਇਹਦੀ ਭੈਣ ਨਾਲ ਫੇਰੇ। ਸਾਡੇ ਅਰਗਿਆਂ ਨੂੰ ਤਾਂ ਖੂਹ-ਖਾਤੇ ਵੀ ਨੀ ਝਲਦੇ।" ਬੁੱਧੂ ਨੇ ਅੱਖਾਂ ਪੂੰਝਦਿਆਂ ਕਿਹਾ।
''ਓ ਕੁਸ਼ ਦੱਸੇਂਗਾ ਵੀ ਕਿ ਐਵੇਂ ਘਿਣੇ ਈ ਪਾਈ ਜਾਏਂਗਾ?"
"ਦਸੂੰਗਾ। ਤੈਨੂੰ ਨੀ ਦੱਸੂੰ ਹੋਰ ਕੀਹਨੂੰ ਦੱਸੂੰ? ਆਥਣ ਹੋਣ ਵਾਲ਼ੈ। ਤੂੰ ਦਬਾ ਦਬ ਛੁੱਟੀ ਕਰ, ਤੇ ਚੱਲ ਮੇਰੇ ਨਾਲ ਪਿੰਡ। ਸਾਰੀ ਗੱਲ ਮੈਂ ਘਰੇ ਚੱਲ ਕੇ ਦੱਸੂੰ ਤੈਨੂੰ।''
''ਹੈਂ? ਅੱਜ ਹੋਇਆ ਕੀ ਐ ਤੈਨੂੰ? ਤੂੰ ਤਾਂ ਐਂ ਕਦੇ ਗੱਲਾਂ ਕੀਤੀਆਂ ਨੀ ਸੀ? ਕੁਸ਼ ਦਸੇਂਗਾ ਵੀ?''
''ਆਹੋ ਸਭ ਦੱਸੂੰ, ਤੂੰ ਚੱਲ ਕੇਰਾਂ ਮੇਰੇ ਨਾਲ। ਤੂੰ ਹੱਥ ਮੂੰਹ ਧੋ ਲੈ ਤੇ ਮੈਂ ਆਪਣੇ ਘਰੇ ਦਿਆਕੁਰ ਨੂੰ ਸਨੇਹਾ ਦੇ ਕੇ ਔਨੈ ਬਈ ਅਸੀਂ ਦੋਏ ਅੱਜ ਪਿੰਡ ਚਲੇ ਐਂ।''
''ਚੰਗਾ ਫੇਰ ਜਿਵੇਂ ਤੇਰੀ ਮਰਜੀ !''
ਬੁੱਧੂ ਭਗਤ ਸਿੰਘ ਦੇ ਘਰੇ ਸਨੇਹਾਂ ਦੇ ਕੇ ਛੇਤੀ ਮੁੜ ਆਇਆ। ਓਧਰ ਭਗਤ ਸਿੰਘ ਬੁੱਧੂ ਨੂੰ ਉਡੀਕਦਾ ਸੋਚ ਰਿਹਾ ਸੀ ਕਿ ਕੋਈ ਖਾਸ ਗੱਲ ਈ ਹੋ ਗਈ ਹੋਣੀ ਐ ਜਿਹੜਾ ਬੁੱਧੂ ਅਜ ਇਉਂ ਉਖੜਿਆ ਫਿਰਦੈ।
ਭਗਤ ਸਿੰਘ ਨੇ ਸਾਇਕਲ ਪਿੰਡ ਦੇ ਰਾਹ ਪਾ ਲਿਆ। ਬੁੱਧੂ ਸਾਇਕਲ ਦੇ ਪਿੱਛੇ ਬੈਠਾ ਸੀ। ਦੋਹਾਂ ਨੇ ਸਾਰੇ ਰਾਹ ਕੋਈ ਗੱਲ ਨਾ ਕੀਤੀ। ਦੋਵੇਂ ਜਣੇ ਆਪੋ ਆਪਣੇ ਖਿਆਲਾਂ ਵਿਚ ਗੁਆਚੇ ਹੋਏ ਪਤਾ ਨਹੀਂ ਕਿਹੜੇ ਵੇਲੇ ਪਿੰਡ ਪਹੁੰਚ ਗਏ। ਦਿਨ ਛਿਪਣ ਵਾਲਾ ਸੀ। ਬੁੱਧੂ ਦਾ ਘਰ ਪਿੰਡ ਵੜਦਿਆਂ ਈ ਪਹਿਲੀ ਗਲੀ ਵਿਚ ਸੀ। ਕੱਚੇ ਘਰ ਦੇ ਮੂਹਰੇ ਇਕ ਨਿੱਕੀ ਜਿਹੀ ਕੋਠੜੀ ਸੀ ਜਿਸ ਨੂੰ ਛੋਟੇ ਛੋਟੇ ਤਖਤੇ ਲੱਗੇ ਹੋਏ ਸਨ। ਬੁੱਧੂ ਨੇ ਕੁੰਡਾ ਖੋਹਲਿਆ ਤਾਂ ਕੋਠੜੀ ਵਿਚੋਂ ਚੰਮ ਦੀ ਹਵਾੜ੍ਹ ਜਿਹੀ ਆਈ। ਕੰਧ ਨਾਲ ਲੱਗਾ ਚੌਖੜੇ ਦਾ ਵਾਣ ਵਾਲਾ ਮੰਜਾ ਡਾਹੁੰਦਿਆਂ ਬੁੱਧੂ ਨੇ ਭਗਤ ਸਿੰਘ ਨੂੰ ਬੈਠਣ ਲਈ ਕਿਹਾ। ਕੋਠੜੀ ਦਾ ਪਿਛਲਾ ਬਾਰ ਵਿਹੜੇ ਵਿਚ ਖੁਲ੍ਹਦਾ ਸੀ। ਵਿਹੜੇ ਵਿਚ ਸੱਜੇ ਪਾਸੇ ਇਕ ਸਵਾਤ ਜਿਹੀ ਬਣੀ ਹੋਈ ਸੀ ਨਾਲ ਇਕ ਨਿੱਕੀ ਕੋਠੜੀ ਸੀ। ਕੋਠੜੀ ਅੱਗੇ ਇਕ ਕੱਚੀ ਕੰਧੋਲੀ ਕਰਕੇ ਅੰਦਰ ਚੁੱਲ੍ਹਾ ਬਣਾਇਆ ਹੋਇਆ ਸੀ। ਕੰਧਾਂ ਤੋਂ ਲਿਓੜ ਡਿੱਗੇ ਪਏ ਸਨ ਤੇ ਉਹਨਾਂ ਤੇ ਮਿੱਟੀ ਪਈ ਹੋਈ ਸੀ। ਚੁੱਲ੍ਹੇ ਵਿਚ ਪਾਥੀਆਂ ਦੀ ਸੁਆਹ ਖਿੰਡੀ ਪਈ ਸੀ। ਦੋ ਚਾਰ ਕੁ ਛੋਟੇ ਮੋਟੇ ਭਾਂਡੇ ਟੀਂਡੇ ਏਧਰ ਓਧਰ ਖਿਲਰੇ ਪਏ ਸਨ। ਭਗਤ ਸਿੰਘ ਵੀ ਬੁੱਧੂ ਦੇ ਪਿੱਛੇ ਪਿੱਛੇ ਵਿਹੜੇ ਵਿਚ ਆ ਗਿਆ ਸੀ।
''ਬੁਧ ਰਾਮਾ ਧੰਤੀ ਕਿਧਰੇ ਨੀ ਦਿਸਦੀ, ਪੇਕੀਂ ਗਈ ਵੀ ਐ?''
''ਹੈਂਅ ਈ ਸਮਝ ਲੈ। ਤੂੰ ਬੈਠ, ਮੈਂ ਹੁਣੇ ਆਇਆ।''
ਬੁੱਧੂ ਤੌੜਾ ਲੈ ਕੇ ਬਾਹਰ ਚਲਾ ਗਿਆ ਤੇ ਵਿਹੜੇ ਆਲੇ ਖੂਹ 'ਤੋਂ ਪਾਣੀ ਭਰ ਲਿਆਇਆ। ਫੇਰ ਉਹਨੇ ਕੋਠੜੀ ਵਿਚੋਂ ਚੌਖੜੇ ਦਾ ਮੰਜਾ ਕੱਢ ਕੇ ਵਿਹੜੇ ਵਿਚ ਡਾਹ ਦਿੱਤਾ ਅਤੇ ਭਗਤ ਸਿੰਘ ਨੂੰ ਉਹਦੇ ਉਤੇ ਬੈਠਣ ਲਈ ਕਿਹਾ। ਆਪ ਉਹ ਸਵਾਤ ਵਿਚੋਂ ਇਕ ਛੋਟੀ ਮੰਜੀ ਚੱਕ ਲਿਆਇਆ ਜੀਹਦੀ ਦੌਣ ਟੁੱਟੀ ਹੋਈ ਸੀ। ਟੁੱਟੀ ਦੌਣ ਨੂੰ ਉਹਨੇ ਇਕ ਦੋ ਗੰਢਾਂ ਓਸੇ ਤਰਾਂ ਈ ਮਾਰ ਦਿੱਤੀਆਂ। ਫੇਰ ਉਹ ਕੁਝ ਭਾਲਦਾ ਏਧਰ ਓਧਰ ਤੁਰਿਆ ਫਿਰਿਆ। ਚੌਂਕੇ ਵਿਚੋਂ ਦੋ ਛੋਟੀਆਂ ਪਿੱਤਲ ਦੀਆਂ ਬਾਟੀਆਂ ਚੱਕ ਲਿਆਇਆ। ਇਕ ਪੁਰਾਣਾ ਕੰਗਣੀ ਵਾਲਾ ਗਲਾਸ ਲੈ ਆਇਆ। ਪਾਣੀ ਵਾਲਾ ਤੌੜਾ ਉਹਨੇ ਮੰਜੇ ਤੇ ਮੰਜੀ ਦੇ ਵਿਚਾਲੇ ਰੱਖ ਲਿਆ ਸੀ। ਗਲਾਸ ਤੇ ਬਾਟੀਆਂ ਮੰਜੀ 'ਤੇ ਰੱਖ ਦਿੱਤੇ।
''ਤੂੰ ਯਾਰ ਆਹ ਕੀ ਤਾਣਾ ਜਿਆ ਤਣਦਾ ਤੁਰਿਆ ਫਿਰਦੈਂ, ਬਹਿ 'ਜਾ ਰਾਮ ਨਾਲ ਆਪਾਂ ਗੱਲਾਂ ਕਰਦੇ ਐਂ।'' ਭਗਤ ਸਿੰਘ ਨੇ ਖਾਸਾ ਚਿਰ ਚੁੱਪ ਰਹਿਣ ਪਿੱਛੋਂ ਕਿਹਾ।
''ਬੱਸ ਬਾਈ ਦੋ ਮਿਲਟ ਹੋਰ ਖੜ੍ਹ-ਜਾ। ਫੇਰ ਆਪਾਂ ਸਾਰੀ ਰਾਤ ਗੱਲਾਂ ਈ ਕਰਨੀਐਂ।'' ਬੁੱਧੂ ਫੇਰ ਕੋਠੜੀ 'ਚ ਵੜ ਗਿਆ। ਕੋਠੜੀ ਦੇ ਖੁੰਜੇ, ਲਕੜ ਦਾ ਇਕ ਸੰਦੂਕ ਪਿਆ ਸੀ ਜਿਸ ਨੂੰ ਲੋਹੇ ਦੀ ਮੋਟੀਆਂ ਮੋਟੀਆਂ ਪੱਤਰੀਆਂ ਲੱਗੀਆਂ ਹੋਈਆਂ ਸਨ ਅਤੇ ਇਕ ਵੱਡਾ ਸਾਰਾ ਲੋਹੇ ਦਾ ਕੁੰਡਾ ਲੱਗਿਆਂ ਹੋਇਆਂ ਸੀ ਜਿਹੜਾ ਸੰਦੂਕ ਦੀ ਲੰਬਾਈ ਚੁੜਾਈ ਅਨੁਸਾਰ ਬਹੁਤ ਵੱਡਾ ਲਗਦਾ ਸੀ। ਬੁੱਧੂ ਨੇ ਜਦੋਂ ਲੋਹੇ ਦਾ ਜੰਗਾਲ ਲੱਗਾ ਕੁੰਡਾ ਹੱਥ ਨਾਲ ਖਿੱਚ ਕੇ ਸੰਦੂਕ ਦਾ ਬੂਹਾ ਖੋਹਲਿਆ ਤਾਂ ਲੋਹੇ ਦਾ ਕਬਜ਼ੇ ਵਿਚੋਂ ਚਰਰ-ਚਰਰ ਦੀ ਬੜੀ ਅਜੀਬ ਜਿਹੀ ਆਵਾਜ਼ ਆਈ। ਬੁੱਧੂ ਕੁਝ ਚਿਰ ਸੰਦੂਕ ਵਿਚ ਫਰੌਲਾ-ਫਰਾਲੀ ਕਰਕੇ ਕੁਝ ਲੱਭਦਾ ਰਿਹਾ। ਥੋੜਾ ਚਿਰ ਖੌਝਣ ਪਿੱਛੋਂ ਉਹਨੇ ਇਕ ਬੋਤਲ ਕੱਢੀ ਜਿਸ ਦਾ ਮੂੰਹ ਛੱਲੀ ਦੇ ਗੁੱਲ ਨਾਲ ਬੰਦ ਕੀਤਾ ਹੋਇਆ ਸੀ। ਵਿਹੜੇ 'ਚ ਆਉਂਦਿਆਂ ਉਹਨੇ ਪਹਿਲਾਂ ਬੋਤਲ ਪੁੱਠੀ ਕੀਤੀ ਫੇਰ ਸਿੱਧੀ ਕਰਕੇ ਆਪਣੀਆਂ ਅੱਖਾਂ ਮੂਹਰੇ ਕਰਦਿਆਂ ਬੋਤਲ ਵਿਚ ਕੁਝ ਦੇਖਣ ਲੱਗ ਪਿਆ।
"ਲੈ ਬਾਈ ਭਗਸਿਆਂ ਇਹ ਆਪਣੇ ਲੰਬੜਦਾਰਾਂ ਨੇ ਕੱਢੀ ਸੀ ਬੰਬੀ ਆਲੇ ਖੇਤ 'ਚ; ਹੋ ਗਿਆ ਕੋਈ ਮਹੀਨਾ ਕ। ਮੈਂ ਉਹਦੀ ਜੁੱਤੀ ਬਣਾ ਕੇ ਦਿੱਤੀ ਸੀ। ਜੁੱਤੀ ਦੇ ਪੈਸਿਆਂ ਦੇ ਨਾਲ ਨਾਲ ਉਹਨੇ ਖੁਸ਼ ਹੋ ਕੇ ਇਹ ਬੋਤਲ ਵੀ ਦੇ 'ਤੀ ਮੈਨੂੰ ਘਰ ਦੀ ਕੱਢੀ ਦੀ। ਕਹਿੰਦਾ ਤਾਂ ਸੀ ਬਈ ਪਹਿਲੇ ਤੋੜ ਦੀ ਐ, ਅੱਗੇ ਭਾਈ ਰੱਬ ਜਾਣੇ। ਲੈ ਫੜ ਤੂੰ ਪੱਟ ਡਾਟ ਤੇ ਮੈਂ ਕੌਲੀ 'ਚ ਪਾ ਕੇ ਲਿਔਨ੍ਹੇ ਅੰਬ ਦਾ 'ਚਾਰ ਤੇ ਨਾਲੇ ਲਿਆਊਂ ਗੰਢੇ।''
''ਤੂੰ ਤਾਂ ਬੁਧ ਰਾਮਾ ਕੋਈ ਖੁਸ਼ੀ ਮਨੌਂਦਾ ਲਗਦੈਂ ਅੱਜ। ਕੋਈ ਗੱਲ ਤਾਂ ਦੱਸ...।''
''ਤੂੰ ਦੇਖੀ ਚੱਲ ਬਾਈ ਭਗਸਿਆਂ ਅਜ ਆਪਾਂ ਕੋਈ ਖੂਹ ਤਾਂ ਪੱਟਾਂਗੇ ਈ।''
ਬੁੱਧੂ ਇਕ ਕੌਲੀ ਵਿਚ ਅਚਾਰ ਦੀਆਂ ਕੁਝ ਫਾੜੀਆਂ ਸਵਾਤ ਵਿਚ ਪਈ ਤੌੜੀ 'ਚੋਂ ਕੱਢ ਲਿਆਇਆ ਤੇ ਨਾਲੇ ਗੰਢੇ ਚੱਕ ਲਿਆਇਆ।
ਭਗਤ ਸਿੰਘ ਨੇ ਬੋਤਲ ਦਾ ਡਾਟ ਖੋਲ੍ਹ ਕੇ ਬੋਤਲ ਨੂੰ ਸੁੰਘਿਆ ਤੇ ਧੁੜਧੜੀ ਜਿਹੀ ਲਈ।
"ਕਿਉਂ ਪਹਿਲਾਂ ਈ ਮਾਰਦੀ ਐ ਛਾਲ਼ਾਂ ਕਿ ਨਹੀਂ? ਅਜੇ ਗਾਹਾਂ ਦੇਖੀਂ।'' ਬੁੱਧੂ ਨੇ ਬੋਤਲ ਫੜ ਕੇ ਥੋੜੀ ਥੋੜੀ ਸ਼ਰਾਬ ਦੋਹਾਂ ਬਾਟੀਆਂ ਵਿਚ ਪਾਈ। ਤੌੜਾ ਟੇਢਾ ਕਰਕੇ ਵੱਡਾ ਗਲਾਸ ਪਾਣੀ ਨਾਲ ਭਰ ਲਿਆ। ਇਕ ਕੌਲੀ ਉਹਨੇ ਭਗਤ ਸਿੰਘ ਨੂੰ ਫੜਾ ਦਿੱਤੀ ਤੇ ਦੂਜੀ ਆਪ ਫੜ ਲਈ ਤੇ ਕਿਹਾ-
''ਲੈ ਫੇਰ ਬਾਈ ਸਿਆਂ ਸਾ-ਸਰੀ-ਕਾਲ-।''
ਦੋਹਾਂ ਨੇ ਇਕੋ ਡੀਕ ਲਾ ਕੇ ਬਾਟੀਆਂ ਖਾਲੀ ਕੀਤੀਆਂ। ਬੁੱਧੂ ਨੇ ਗਲਾਸ ਵਿਚੋਂ ਥੋੜਾ ਪਾਣੀ ਬਾਟੀਆਂ 'ਚ ਪਾਇਆ ਅਤੇ ਉਹ ਦੋਏ ਜਣੇ ਪਾਣੀ ਵੀ ਇਕੋ ਡੀਕ ਨਾਲ ਪੀ ਗਏ। ਦੋਹਾਂ ਨੇ ਅਚਾਰ ਦੀ ਇਕ ਇਕ ਫਾੜੀ ਚੱਕੀ ਤੇ ਦੰਦੀ ਵੱਢ ਕੇ ਮੁੜ ਕੌਲੀ ਵਿਚ ਰੱਖ ਦਿੱਤੀ ਅਤੇ ਆਪੋ ਆਪਣੇ ਗੰਢੇ ਲੈ ਕੇ ਮੰਜੇ ਤੇ ਮੰਜੀ ਤੇ ਪਾਵਿਆਂ ਦੇ ਸਿਰੇ 'ਤੇ ਰੱਖ ਕੇ ਮੁੱਕੀ ਮਾਰ ਕੇ ਭੰਨ ਲਏ ਅਤੇ ਫੋਲਕ ਲਾਹ ਕੇ ਇਕ ਦੰਦੀ ਗੰਢੇ ਨੂੰ ਵੱਢੀ। ਬੁੱਧੂ ਨੇ ਇਕ ਫੁਕਾਰਾ ਜਿਆ ਮਾਰਿਆ ਤੇ ਮੂੰਹ ਨੂੰ ਕੁਸੈਲਾ ਜਿਹਾ ਕਰਦਿਆਂ ਕਿਹਾ-
"ਬਾਈ ਭਗਸਿਆਂ ਆਪਣੀ ਤਾਂ ਖੇਡ ਈ ਹੋਰ ਹੋ-ਗੀ। ਹੁਣ ਤਾਂ ਐਂ ਲਗਦੈ ਬਈ ਮੇਰੇ ਪਤਿਔਹਰੇ ਰੱਬ ਦੀ ਭੈਣ ਨਾਲ ਈ ਫੇਰੇ ਲੈਣੇ ਪੈਣਗੇ। ਹੈ-ਨਾ ਬਾਈ...।''
''ਨਾ ਤੂੰ ਦੂਜਾ ਵਿਆਹ ਕਰੌਣ ਤੋਂ ਪਹਿਲਾਂ ਧੰਤੀ ਤੋਂ ਪੁੱਛ ਲਿਆ ਸੀ?''
''ਓ ਨਹੀਂ ਬਾਈ, ਇਹ ਟੈਮ ਹਾਸੇ ਮਖੌਲ ਦਾ ਨੀ। ਬੱਸ ਤੂੰ ਇਹ ਸਮਝ ਲੈ ਬਈ ਘਰ ਦਾ ਬਾਰ ਦੂਜੇ ਪਾਸੇ ਹੋ ਗਿਆ...। ਲੈ, ਪਹਿਲਾਂ ਆਪਾਂ ਤਿਪ ਤਿਪ ਹੋਰ ਪੀਨੇ ਐਂ ਫੇਰ ਦਸਦੈਂ ਮੈਂ ਤੈਨੂੰ ਬਈ ਮੈਂ ਕਿਹੜੇ ਕੀੜਿਆਂ ਆਲੇ ਜੰਡ 'ਤੇ ਚੜਿਆ ਵਿਐਂ।'' ਬੁੱਧੂ ਨੇ ਦੋਹਾਂ ਬਾਟੀਆਂ ਵਿਚ ਅੱਗੇ ਨਾਲੋਂ ਬਹੁਤੀ ਦਾਰੂ ਪਾਈ। ਹਨੇਰਾ ਵਧ ਚੁੱਕਾ ਸੀ ਤੇ ਬੁੱਧੂ ਨੇ ਕੋਈ ਦੀਵਾ ਬੱਤੀ ਵੀ ਨਹੀਂ ਸੀ ਜਗਾਇਆ। ਸ਼ਾਇਦ ਲੋੜ ਹੀ ਨਹੀਂ ਸੀ ਸਮਝੀ। ਉਹ ਹਨੇਰੇ ਵਿਚ ਹੀ ਗੱਲਾਂ ਕਰਨੀਆਂ ਚਾਹੁੰਦਾ ਸੀ। ਦੋਹਾਂ ਨੇ ਫੇਰ ਇਕੋ ਵਾਰੀ ਪੀ ਕੇ ਬਾਟੀਆਂ ਖਾਲੀ ਕੀਤੀਆਂ ਤਾਂ ਦੋਹਾਂ ਨੂੰ ਧੁੜਧੜੀ ਜਿਹੀ ਆਈ ਤੇ ਮੂੰਹ ਕੁਸੈਲਾ ਜਿਹਾ ਕਰਦਿਆਂ ਦੋਹਾਂ ਨੇ ਛੇਤੀ ਛੇਤੀ ਗਲਾਸ ਵਿਚੋਂ ਥੋੜਾ ਥੋੜਾ ਪਾਣੀ ਬਾਟੀਆਂ 'ਚ ਪਾ ਕੇ ਪੀਤਾ ਅਤੇ ਫੇਰ ਅਚਾਰ ਤੇ ਗੰਢੇ ਖਾਣ ਲੱਗ ਪਏ।
"ਬਾਈ ਭਗਸਿਆਂ...ਆਪਣੀ ਨਾ-ਦਿਨ-ਕਟੀ ਵਾਹਵਾ ਹੋਈ ਜਾਂਦੀ ਸੀ। ਧੰਤੀ ਵੀ ਖੁਸ਼ ਸੀ। ਉਹ ਤਿੱਲੇ ਦੀ ਕਢਾਈ ਕਰਨੀ ਵੀ ਸਿੱਖ ਗਈ ਸੀ। ਸਿੱਖ ਕੀ ਗਈ ਸੀ ਮੈਂ ਈ ਸਖਾਇਆ ਸੀ ਉਹਨੂੰ। ਤੇ ਨਾਲੇ ਉਹਨੇ ਆਪਣੇ ਵਿਹੜੇ 'ਚ ਭੱਠੀ ਵੀ ਬਣਾ ਲਈ ਸੀ। ਔਹ ਦੇਖ ਸਾਹਮਣੇ। ਲੋਕਾਂ ਦੇ ਨਿਆਣੇ ਦਾਣੇ ਭਨਾ ਲਜਾਂਦੇ ਤੇ ਚੁੰਗ ਦੇ ਦਾਣਿਆਂ ਨਾਲ ਸਾਡਾ ਵੀ ਗਜਾਰਾ ਵਾਹਵਾ ਚੱਲੀ ਜਾਂਦਾ ਸੀ। ਬਾਈ ਸੱਪ ਲੜਿਆ ਤਾਂ ਮੇਰੇ ਪਤਿਔਹਰੇ ਦੇ, ਓਹੀ ਮੇਰੇ ਸੌਹਰੇ ਦੇ ਚਾਚੇ ਦਾ ਮੁੰਡਾ ! ਓਸ ਭੈਣ ਦੇਣੇ ਨੇ ਸਾਰੀ ਖੇਡ ਖਰਾਬ ਕੀਤੀ। ਪਿਛਲੇ ਮਹੀਨੇ...? ਹਾਂ ਪਿਛਲੇ ਮਹੀਨੇ ਦੀ ਓ ਗੱਲ ਐ। ਆ ਕੇ ਸਾਲਾ ਮੇਰਾ ਕਹਿੰਦਾ ਅਖੇ ਭਾਈ ਮੈਂ ਕੁੜੀ ਨੂੰ ਲੈਣ ਆਇਐਂ। ਤੂੰ ਤੀਆਂ ਮਗਰੋਂ ਜਾ ਕੇ ਲੈ ਆਈਂ। ਮੈਂ ਵੀ ਸੋਚਿਆ ਬਈ ਚਲੋ ਹਰੇਕ ਤੀਵੀਂ ਨੂੰ ਪੇਕੀਂ ਜਾਣ ਦਾ ਚਾਅ ਤਾਂ ਹੁੰਦਾ ਈ ਐ। ਚਲ ਚਾਰ ਦਿਨ ਰਹਿ ਆਊਗੀ। ਤੀਆਂ ਵੀ ਲੰਘ ਗੀਆਂ। ਮੈਂ ਵੀ ਹੋਰ ਦਸ ਕੁ ਦਿਨ ਔਖੇ-ਸੌਖੇ ਨੇ ਕੱਢੇ। ਲਓ ਜੀ ਅਖੀਰ ਜਦੋਂ ਮੈਂ ਸੋਚਿਆ ਬਈ ਚਲ ਮਨਾ ਜੇ ਉਹੀ ਨੀ ਕੋਈ ਸਨੇਹਾ ਭੇਜਦੇ ਮੈਨੂੰ ਜਾਣ 'ਚ ਤਾਂ ਕੋਈ ਹਰਜ ਨੀ। ਮੈਂ ਤਾਂ ਜਾ ਈ ਸਕਦੈਂ ਨਾਲੇ ਉਹ ਕਹਿ ਗਿਆ ਸੀ ਬਈ ਤੀਆਂ ਮਗਰੋਂ ਲੈ-ਜੀਂ ਆ ਕੇ। ਮੈਂ ਤਾਂ ਪਤਾ ਨੀ ਛਰਮ ਦਾ ਮਾਰਾ ਹੋਰ ਵੀ ਅਟਕਦਾ ਪਰ ਇਕ ਦਿਨ ਲੰਬੜਦਾਰਾਂ ਦੇ ਸੀਰੀ ਨਿੱਕੇ ਨੇ ਮੈਨੂੰ ਟਿੱਚਰ ਕੀਤੀ ਅਖੇ ਓਏ ਧੰਤੀ ਨੂੰ ਤਾਂ ਤੇਰੇ ਸਹੁਰਿਆਂ ਨੇ ਕਿਧਰੇ ਹੋਰ ਬਹਾ 'ਤਾ। ਭਗਸਿਆਂ ਤੈਨੂੰ ਮੈਂ ਕੀ ਦੱਸਾਂ, ਮੈਨੂੰ ਤਾਂ ਲੱਗ-ਗੀ ਅੱਗ। ਓਦਣ ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਚਿੱਤ ਹੋਰੂੰ ਹੋਰੂੰ ਜਿਆ ਹੋਈ ਜਾਵੇ। ਜੀ ਕਰੇ ਬਈ ਪਹਿਲਾਂ ਤਾਂ ਜਾ ਕੇ ਨਿੱਕੇ ਦਾ ਗਾਟਾ ਲਾਹ ਦਿਆਂ ਗੰਡਾਸੇ ਨਾਲ। ਖੈਰ ਜੀ, ਮੈਂ ਤਾਂ ਅਗਲੇ ਦਿਨ ਈ ਆਵਦੇ ਸਹੁਰੀਂ ਜਾ ਵੱਜਿਆ। ਓਥੇ ਜਾ ਕੇ ਦੇਖਿਆ ਤਾਂ ਭੈਣ ਦੇਣਿਆਂ ਦੇ ਤੌਰ ਈ ਹੋਰ। ਮੈਨੂੰ ਕਹਿੰਦੇ ਅਖੇ ਉਹ ਤਾਂ ਆਵਦੀ ਮਾਸੀ ਨੂੰ ਮਿਲਣ ਗਈ ਵੀ ਐ। ਸਾਲਿਆਂ ਨੇ ਮੈਨੂੰ ਕੋਈ ਰਾਹ ਜਿਆ ਨਾ ਦਿੱਤਾ ਜਾਣੀ ਦੀ। ਲੈ ਜੀ, ਆਥਣੇ ਕ ਜੇ ਜਦੋਂ ਮੈਂ ਪਿੰਡੋਂ ਬਾਹਰ ਜੰਗਲ ਪਾਣੀ ਗਿਆ ਤਾਂ ਉਹਨਾਂ ਦੇ ਪਿੰਡ ਦਾ ਨਾਈ ਮਿਲ ਪਿਆ ਮੈਨੂੰ। ਮੇਰੇ ਵਿਆਹ ਵੇਲੇ ਵੀ ਮੈਂ ਉਹਨੂੰ ਦੇਖਿਆ ਸੀ ਨਾਂ ਤਾਂ ਉਹਦਾ ਕੋਈ ਭਲਾ ਜਿਆ ਈ ਐ ਪਰ ਉਹ ਭੈਂਗ ਜਿਆ ਮਾਰਦਾ ਸੀ। ਮੈਨੂੰ ਉਹ ਪਛਾਣ ਕੇ ਆਂਹਦਾ ਤੂੰ ਫਲਾਨਿਆਂ ਦਾ ਜੁਆਈ ਐਂ? ਮਖਿਆ-ਆਹ੍ਹੋ। ਆਂਹਦਾ ਭਾਈ ਤੇਰੇ ਪਤਿਔਹਰੇ ਨੇ ਤਾਂ ਧੰਤੀ ਸਰਕਸ ਆਲਿਆਂ ਕੋਲ ਵੇਚ 'ਤੀ। ਮੈਨੂੰ ਬਾਈ ਅਤਬਾਰ ਨਾ ਆਵੇ। ਮੈਂ ਜਦੋਂ ਚੰਗੀ ਤਰਾਂ ਗੱਲ ਪੁੱਛੀ ਤਾਂ ਉਹਨੇ ਦੱਸਿਆ ਕਿ ਪਿਛਲੀ ਪਸ਼ੂਆਂ ਦੀ ਮੰਡੀ 'ਚ ਜਦੋਂ ਕੁਸ਼ ਦਿਨ ਪਹਿਲਾਂ ਸ਼ਹਿਰ 'ਚ ਸਰਕਸ ਆਈ ਸੀ ਤਾਂ ਮੇਰਾ ਪਤਿਔਹਰਾ ਇਕ ਦਿਨ ਸਰਕਸ ਦੇਖਣ ਉਠ ਗਿਆ। ਓਥੇ ਉਹਨੇ ਤਿੰਨ ਚਾਰ ਬੌਨੇ ਜੇ ਜ੍ਹੋਕਰ ਉਲਟ ਬਾਜੀਆਂ ਜੀਆਂ ਲੌਂਦੇ ਵੇਖੇ। ਲੈ ਦੱਸ ਭੈਣ ਦੇਣੇ ਦੇ ਪਤਾ ਨੀ ਕੀ ਚਿੱਤ 'ਚ ਆਈ ਉਹ ਤਾਂ ਜੀ ਪੁਛਦਾ-ਪੁਛਾਉਂਦਾ ਜਾ ਮਿਲਿਆ ਸਰਕਸ ਦੇ ਮਾਲਕ ਨੂੰ। ਉਹਨੂੰ ਸਾਲਾ ਕਹਿੰਦਾ ਬਈ ਤੁਸੀਂ ਬੰਦੇ ਤਾਂ ਬੌਨੇ ਜੇ ਰੱਖੇ ਵੇ ਐ ਜੇ ਇਕ ਤੀਵੀਂ ਵੀ ਰੱਖ ਲੋਂ ਤਾਂ ਹੋਰ ਵੀ ਚੰਗੀ ਗੱਲ ਹੋ-ਜੂ। ਉਹ ਸੁਣਿਐ ਬਾਈ ਕੋਈ ਮਦਰਾਸੀ ਜਿਆ ਬੰਦਾ ਸੀ। ਲੈ ਜੀ, ਭੈਣ ਦੇ ਯਾਰ ਨੇ ਧੰਤੀ ਦਾ ਸੌਦਾ ਨਾ ਕਰ ਲਿਆ ਉਹਦੇ ਨਾਲ ਹਜਾਰ ਰਪਈਏ 'ਚ। ਕੁਸ਼ ਦਿਨਾਂ ਪਿੱਛੋਂ ਸਰਕਸ ਖਵਨੀ ਐਧਰ ਬਰਨਾਲਿਆਂ ਕੰਨੀ ਜਾਣੀ ਸੀ। ਉਹ ਤਾਂ ਜੀ ਅਗਲੇ ਦਿਨ ਸਰਕਸ ਦਖੌਣ ਦੇ ਬਹਾਨੇ ਧੰਤੀ ਨੂੰ ਆਵਦੇ ਨਾਲ ਲੈ ਗਿਆ। ਓਥੇ ਉਹਨੂੰ ਤੰਬੂਆਂ ਜਿਆਂ 'ਚ ਬਹਾ ਕੇ ਕਹਿੰਦਾ ਮੈਂ ਹੁਣੇ ਆਉਨੈ। ਉਹ ਤਾਂ ਜੀ ਪੈਸੇ ਲੈ ਕੇ ਠੂਹ ਵੱਜਿਆ ਪਿੰਡ। ਪਤਾ ਨੀ ਉਹਨੇ ਕਿੰਨੇ ਪੈਸੇ ਮੇਰੇ ਸਹੁਰੇ ਨੂੰ ਦਿੱਤੇ। ਭੈਣ ਦੇ ਯਾਰਾਂ ਨੇ ਮੇਰਾ ਘਰ ਪੱਟ 'ਤਾ। ਮੈਂ ਬਾਈ ਭਗਸਿਆਂ ਕਿਤੋਂ ਜੋਗਾ ਨੀ ਰਿਹਾ। ਪਿੰਡ ਆਲੇ ਅੱਡ...।''
''ਨਾ ਤੂੰ ਫੇਰ ਠਾਣੇ ਰਪਟ ਨੀ ਲਿਖਾਈ?''
"ਮੈਨੂੰ ਬਾਈ ਇਹ ਪੁਲਸ ਆਲਿਆਂ ਤੋਂ ਬਲਾਂ ਡਰ ਲਗਦੈ। ਹੋਰ ਸਾਲੇ ਫੜ ਕੇ ਮੈਨੂੰ ਈ ਅੰਦਰ ਕਰ ਦੇਣ ਆਖਣ ਮੈਂ ਆਪ ਈ ਧੰਤੀ ਨੂੰ ਘਰੋਂ ਕੱਢ 'ਤਾ। ਉਹਨਾਂ ਦਾ ਕੀ ਐ ਖਵਰੈ ਉਹ ਇਹ ਆਖ ਦੇਣ ਕਿ ਮੈਂ ਆਪ ਈ ਵੇਚਿਆਇਆ ਉਹਨੂੰ। ਪੁਲਸ ਦੀ ਕੁੱਟ ਬੜੀ ਭੈੜੀ ਹੁੰਦੀ ਐ। ਹੁਣ ਤੂੰ ਆਪ ਈ ਦੱਸ ਬਈ ਮੈਂ ਕਿਹੜੇ ਖੂਹ 'ਚ ਛਾਲ ਮਾਰਾਂ?''
''ਨਹੀਂ ਬੁਧ ਰਾਮਾ ਇਉਂ ਤਾਂ ਨੀ ਗੱਲ ਬਣਨੀ ਫੇਰ। ਕੁਸ਼ ਤਾਂ ਕਰਨਾ ਈ ਪਊ ਆਪਾਂ ਨੂੰ। ਨਾ ਊਂ ਧੰਤੀ ਤਾਂ ਤੇਰੇ ਕੋਲੇ ਏਥੇ ਖੁਸ਼ ਈ ਸੀ ਨਾ? ਕਿਤੇ ਉਹ ਆਪ...?''
"ਨਾ ਨਾ ਬਾਈ ਉਹਦੀ ਪਿੱਠ ਸੁਣਦੀ ਐ ਭਾਗਮਾਨ ਦੀ। ਮੇਰਾ ਵੀ ਤੇ ਘਰ ਦਾ ਵੀ ਐਨ ਜਮਾਂ ਪੂਰਾ ਖਿਆਲ ਰਖਦੀ ਸੀ। ਸਾਡੀ ਗੱਡੀ ਵਾਹਵਾ ਰੁੜ੍ਹੀ ਜਾਂਦੀ ਸੀ। ਉਹ ਤਾਂ ਮੇਰਾ ਪਤਿਔਹਰਾ ਈ ਕੈਦੋਂ ਨਿਕਲਿਆ। ਜੀ ਤਾਂ ਇਉਂ ਕਰਦੈ ਬਈ ਜਾ ਕੇ ਕਿਸੇ ਦਿਨ ਦੋਹਾਂ ਦਾ ਬੂੰਡਾ ਵੱਢ ਦਿਆਂ। ਵੇਖੀ ਜਾਊ ਆਪੇ ਫਾਹੇ ਲੱਗ ਜਾਂ-ਗੇ ਤੇ ਜਾਂ ਫੇਰ ਗੱਡੀ ਹੇਠ ਆ ਕੇ...।''
"ਹੈ ਕਮਲਾ ਨਾ ਹੋਵੇ ਤਾਂ ! ਓ ਨਹੀਂ ਬੁਧ ਰਾਮਾ ਐਹੋ ਜੀ ਗੱਲ ਨੀ ਸੋਚੀਦੀ ਹੁੰਦੀ। ਜੇ ਰੱਬ ਨੇ ਸਰੀਰ ਦਿੱਤੈ ਤੇ ਇਹ ਰੱਬ ਦੇ ਹੁਕਮ ਨਾਲ ਈ ਜਾਊ। ਐਵੇਂ ਵਾਧੂ ਕਮਲ਼ੀਆਂ ਗੱਲਾਂ ਨੀ ਕਰੀਦੀਆਂ ਹੁੰਦੀਆਂ। ਆਪਾਂ ਇਉਂ ਕਰਦੇ ਐਂ ਬਈ ਕਲ੍ਹ ਨੂੰ ਚੱਲ ਕੇ ਚੌਧਰੀ ਮਿਹਰ ਚੰਦ ਨੂੰ ਨਾਲ ਲੈ ਕੇ ਠਾਣੇ ਰਪਟ ਲਖਾਵਾਂਗੇ। ਚੌਧਰੀ ਭਲਾ ਬੰਦੈ। ਮੈਂ ਚਾਰ ਮਹੀਨੇ ਉਹਨਾਂ ਦੇ ਕੰਮ ਕਰਦਾ ਰਿਹਾ ਸੀ। ਮੇਰੀ ਗੱਲ ਮੰਨ ਜੂਗਾ ਉਹ। ਤੇ ਫੇਰ ਜਦੋਂ ਪੁਲਸ ਨੇ ਕੁਟਾਪਾ ਚਾੜ੍ਹਿਆ ਤਾਂ ਆਪੇ ਤੇਰੇ ਸਹੁਰੇ ਪਤਿਔਹਰੇ ਭੁਟ-ਭੁਟ ਮੰਨਣਗੇ।''
''ਬਾਈ ਮੇਰਾ ਤਾਂ ਜਾਣੀ ਦੀ ਡਮਾਕ ਈ ਕੰਮ ਨੀ ਕਰਦਾ। ਜੇ ਮੈਂ ਪਿੰਡ 'ਚ ਗੱਲ ਕਰਦੈਂ ਤਾਂ ਅੱਗੋਂ ਲੋਕ ਟਿੱਚਰਾਂ ਕਰਦੇ ਐ। ਅਖੀਰ ਮੈਂ ਸੋਚਿਆਂ ਬਈ ਚਲ ਤੇਰੇ ਨਾਲ ਸਲਾਹ ਕਰਕੇ ਦੇਖਾਂ। ਮੈਨੂੰ ਤੇਰੀ ਗੱਲ ਵੀ ਜਚਦੀ ਐ। ਲਿਆ ਫੜਾ ਆਵਦੀ ਬਾਟੀ ਮੈਨੂੰ। ਦਾਰੂ ਤਾਂ ਅੱਜ ਚੜ੍ਹਦੀ ਲਗਦੀ ਨੀ।''
ਬੁੱਧੂ ਨੇ ਟੋਹ ਕੇ ਦੋਹਾਂ ਬਾਟੀਆਂ ਵਿਚ ਵਾਹਵਾ ਸਾਰੀ ਦਾਰੂ ਪਾ ਲਈ। ਉਹਨੂੰ ਥੋੜਾ ਨਸ਼ਾ ਹੋ ਚੁੱਕਾ ਸੀ। ਦਾਰੂ ਉੱਤੋਂ ਦੀ ਪਾਣੀ ਪੀ ਕੇ ਉਹਨੇ ਫੇਰ ਗੱਲ ਸ਼ੁਰੂ ਕੀਤੀ-
''ਹਾਅ ਬਾਈ ਜਿਹੜੀ ਤੂੰ ਗੱਲ-ਠਾਣੇ-ਰਪਟ ਲਖੌਣ ਆ-ਲੀ ਕੀਤੀ-ਐ-ਨਾ? ਇਹ-ਇਹ ਤਾਂ ਕਰਾਂਗੇ ਈ-ਆਪਾਂ। ਪਰ ਜੇ-ਤੂੰ ਮੇਰਾ ਦਿਲ ਪੁੱਛਿਆ-ਜਾਣਦੈਂ-ਤਾਂ-ਮੇਰਾ ਜੀ ਤਾਂ-ਉਹਨਾਂ-ਭੈਣ ਦੇ ਖਸਮਾਂ ਦਾ ਗਾਟਾ ਲ੍ਹੌਣ ਨੂੰ-ਕਰਦੈ। ਪਹਿਲਾਂ-ਤਾਂ, ਪਹਿਲਾਂ-ਤਾਂ ਸਾਲਿਆਂ ਨੇ ਆਪ ਮੇਰੇ ਨਾਲ ਫੇਰੇ-ਦੇ-ਕੇ ਤੋਰਿਆ ਆਵਦੀ ਕੁਸ਼-ਲਗਦੀ ਨੂੰ ! ਹੈਂ-ਸੁਣ ਲੈ ਮੇਰੀ ਗੱਲ ਤੂੰ। ਪਹਿਲਾਂ ਆਪ ਵਿਆਹੀ-ਤੇ ਮਗਰੋਂ? ਤੇ ਮਗਰੋਂ ਸਾਲ਼ੇ ਬਣ-ਗੇ ਵੱਡੇ-ਵਪਾਰੀ। ਜਾਰ-ਬੰਦਾ ਪਸੂ ਦਾ ਰੱਸਾ ਫੜੌਣ ਲੱਗਿਆ ਵੀ ਡੋਲ ਜਾਂਦੈ-ਪਰ ਇਹ-ਇਹ ਤਾਂ ਕਸਾਈਆਂ ਨਾਲੋਂ-ਵੀ-ਗਏ ਗੁਜਰੇ-ਹੋ-ਗੇ। ਲੈ ਦੱਸ-।''
ਬੁੱਧੂ ਮੰਜੀ 'ਤੇ ਲੰਮਾ ਪੈ ਗਿਆ। ਅਸਮਾਨ ਵਲ ਝਾਕਦਿਆਂ ਜਿਵੇਂ ਉਹ ਰੱਬ ਨੂੰ ਸਿੱਧਾ ਹੋ ਗਿਆ ਹੋਵੇ-
''ਆਹ ਦੇਖ ਲੈ-ਤੂੰ ਵੀ। ਵੱਡਾ-ਬਣਿਆ ਫਿਰਦੈਂ। ਹੋਰ ਕੀ-ਤੂੰ-ਮੇਰਾ ਦੁੰਬ-ਪੱਟ-ਲੇਂਗਾ? ਸਾਡੇ-ਅਰਗਿਆਂ ਕੰਨੀ ਝਾਕਣ ਦਾ-ਟੈਮ-ਤਾਂ ਹੈ ਨੀ-ਨਾ-ਤੈਨੂੰ? ਤੂੰ ਵੀ ਕਰ-ਲੈ ਆਵਦੀਆਂ-ਮਨ ਆਈਆਂ। ਭੈਣ-ਦੇਣਿਆ-ਪਹਿਲਾਂ ਤਾਂ-ਵਜਾ-ਕਤਾ ਦੇਣ ਲੱਗਿਆਂ ਕੰਜੂਸੀ। ਨਾ ਹਰ ਗੱਲੋਂ ਸਾਡੇ-ਨਾਲ ਈ ਕੰਜੂਸੀ? ਫੇਰ ਟੁੱਕ ਦੀ ਬੁਰਕੀ ਖਾਂਦੇ ਨੀ ਜਰੇ ਗਏ-ਤੈਥੋਂ? ਕੁੜੀ ਯ੍ਹਾਵਾ-ਕੰਜੁਸ। -ਨਾ ਕੰਜੂਸ ਨੀ ਤਾਂ-ਹੋਰ ਕੀ-ਆਵਦੀ...।''
''ਓ ਬੁਧ ਰਾਮਾ ਪੈ ਜਾ ਰਾਮ ਨਾਲ। ਰੱਬ ਤਾਂ ਨੀ ਮਾੜਾ। ਇਹ-ਤਾਂ ਬੰਦੇ ਦੇ ਕਰਮ ਈ ਮਾੜੇ ਹੁੰਦੇ ਐ।''
''ਹੈਂ? ਕੀ ਆਖਿਆ? ਕਰਮ ਮਾੜੇ? ਕੀ ਮਾੜੇ-ਕਰਮ-ਕਰ 'ਤੇ ਬਈ ਅਸੀਂ? ਗਾਲ੍ਹ ਅਸੀਂ ਨੀ-ਕਿਸੇ-ਨੂੰ ਦਿੰਦੇ। ਮਾੜਾ ਕੰਮ ਅੱਜ-ਤਾਈਂ-ਅਸੀਂ-ਨੀ-ਕੀਤਾ। ਸਭ ਤੋਂ ਨੀਚਾਂ ਆਲਾ-ਕੰਮ-ਕਰਦੇ ਐਂ। ਦੇਖੀਏ ਤਾਂ ਇਹ-ਹੈ ਤਾਂ ਮਾੜਾ-ਈ ਪਰ ਕੰਜਰ ਦਾ ਹੋਰ ਕੰਮ ਵੀ ਨੀ ਕਰਨਾ ਔਂਦਾ। ਜਦੋਂ ਜਰਮ ਈ ਏਹੋ-ਜਿਆਂ ਦੇ ਹੋ ਗਿਆ ਤਾਂ ਅਸੀਂ ਬ੍ਹਾਮਣ ਕਿੱਥੋਂ ਬਣ-ਜੀਏ? ਜਿਉਣਾ-ਈ-ਦੁੱਭਰ ਹੋਇਆ ਪਿਐ।''
"ਚਲ ਕੋਈ ਨੀ ..। ਤੂੰ-ਚਿੱਤ ਟਕਾਣੇ ਰੱਖ ਆਵਦਾ।''
"ਅੱਛਾ-ਅੱਛਾ। ਬਾਈ ਭਗਸਿਆਂ-ਮੈਨੂੰ-ਮੈਨੂੰ ਮਾਫੀ ਦੇਈਂ। ਹੈਂ! ਮੈਂ ਆਪ ਤਾਂ ਜਾ-ਕੇ-ਤੈਨੂੰ ਆਵਦੇ ਘਰੇ ਲਿਆਇਆ--ਤੇ ਰੋਟੀ ਟੁੱਕ ਤੈਨੂੰ-ਪੁੱਛਿਆਂ-ਈ-ਨੀ। ਲੈ ਹੁਣ-ਲੈ...ਐਂ ਕਰਦੇ ਐਂ-ਆਪਾਂ-ਆ...ਮਾੜੀ-ਮਾੜੀ...ਹੋਰ ਪੀਨੇ ਐਂ-ਫੇਰ-ਫੇਰ-ਮੈਂ ਬਣਾਊਂ...ਰੋਟੀ-ਟੁੱਕ। ਨਾ-ਆਪਾਂ--ਜਮਾ ਈ ਤਾਂ-ਨੀ-ਜੱਗੋਂ-ਬਾਹਰੇ-ਹੋ-ਗੇ ਬਈ ਜਮਾਂ-ਈ-।''
ਬੁੱਧੂ ਡਿਗਦਾ ਢਹਿੰਦਾ ਜਿਹਾ ਮੰਜੀ 'ਤੋਂ ਉੱਠਿਆ ਤੇ ਬੋਤਲ ਲੱਭਣ ਲੱਗ ਪਿਆ।
"ਲੈ-ਦੱਸ ! ਭੈਣ ਦੇਣੇ-ਦੀ, ਇਹ-ਵੀ...ਧੋਖਾ-ਦੇ'ਗੀ। ਐਥੇ...ਰੱਖੀ-ਸੀ-ਮੰਜੀ ਕੋਲੇ।''
ਹਨੇਰੇ ਵਿਚ ਬੁੱਧੂ ਏਧਰ ਓਧਰ ਹੱਥ ਮਾਰਦਾ ਰਿਹਾ ਤਾਂ ਬੋਤਲ ਨੂੰ ਹੱਥ ਵੱਜਿਆ ਤੇ ਬੋਤਲ ਟੇਢੀ ਹੋ ਕੇ ਡਿੱਗ ਪਈ। ਥੋੜੀ ਸ਼ਰਾਬ ਵੀ ਉਸ ਵਿਚੋਂ ਭੁੰਜੇ ਡੁੱਲ੍ਹਣ ਕਰਕੇ ਹਵਾੜ੍ਹ ਜਿਹੀ ਆਈ।
"ਲੈ-ਹੈ-। ਭੈਣ ਦੇਣੇ ਦੀ...ਏਹੋ ਰੁੱਸੀ-ਫਿਰਦੀ-ਐ। ਐਨੇ-ਦਿਨਾਂ ਦੀ...ਸੰਭਾਲ-ਕੇ-ਰੱਖੀ-ਵੀ ਸੀ...ਸੰਦੂਖ 'ਚ। -ਲਿਆ...ਲਿਆ ਕਰ ਉਰੇ-ਤੂੰ ਆਵਦੀ-ਬਾਟੀ-ਹੈਂ। ਕਿੱਥੇ-ਕਿੱਥੇ-ਕ ਜੇ...ਐ ਤੇਰੀ ਬਾਟੀ-?
''ਓ ਪਤੰਦਰਾ-ਰਹਿਣ ਵੀ ਦੇਹ-ਹੁਣ-ਹੋਰ ਪੀਣ-ਪੂਣ ਨੂੰ। ਐਵੇਂ ਅੰਦਰ-ਸਾੜੂਗੀ-ਬਹੁਤੀ-।''
"ਨਾ-ਨਾ। ਨਾ-ਮੇਰਾ ਬਾਈ-ਅਜੇ-ਅਜੇ ਤਾਂ...ਆਪਾਂ-ਦਿ-ਲ ਦੀਆਂ ਗੱਲਾਂ ਕਰ-ਨੀਐਂ। ਲਿਆ-ਉ-ਰੇ-ਕਰ-। ਕਰ-ਉਰੇ ਨੂੰ !"
ਬੁੱਧੂ ਨੇ ਹਨੇਰੇ ਵਿਚ ਖੱਬੇ ਹੱਥ ਨਾਲ ਬਾਟੀ ਫੜਕੇ, ਅੰਗੂਠੇ ਦੇ ਨਾਲ ਵਾਲੀ ਉਂਗਲ ਬਾਟੀ ਦੇ ਅੰਦਰਲੇ ਪਾਸੇ ਰੱਖੀ ਅਤੇ ਸੱਜੇ ਹੱਥ ਨਾਲ ਬੜਾ ਸੰਭਾਲ ਕੇ ਬੋਤਲ ਵਿਚੋਂ ਦਾਰੂ ਪਾਉਣ ਲੱਗ ਪਿਆ। ਦਾਰੂ ਉਂਗਲ ਗਿੱਲੀ ਕਰਦੀ ਬੋਤਲ ਵਿਚੋਂ ਬਾਟੀ ਵਿਚ ਡੁੱਲ੍ਹਣ ਲੱਗ ਪਈ ਪਰ ਬੁੱਧੂ ਦਾ ਸੱਜਾ ਹੱਥ ਨਸ਼ੇ ਦੀ ਲੋਰ ਵਿਚ ਥੋੜਾ ਹਿੱਲਿਆ ਤੇ ਬੋਤਲ ਦਾ ਮੂੰਹ ਬਾਟੀ ਤੋਂ ਬਾਹਰ ਚਲਾ ਗਿਆ। ਥੋੜੀ ਸ਼ਰਾਬ ਹੋਰ ਥੱਲੇ ਡੁੱਲ੍ਹ ਗਈ।
"ਲੈ-ਫੜ-ਲੈ...ਪੂਛ। ਤੇਰੇ ਰਖਦੇ-ਦੀ...ਭੈਣ-ਨੂੰ...। ਸਾਲੀ-ਬੋਤਲ...ਕਿਹੜਾ-ਸੂਤ-ਔਂਦੀ ਐ।''
ਜਿਵੇਂ ਕਿਵੇਂ ਉਹਨੇ ਬਾਕੀ ਦੀ ਦਾਰੂ ਦੋਹਾਂ ਬਾਟੀਆਂ ਵਿਚ ਪਾ ਦਿੱਤੀ। ਪਤਾ ਨਹੀਂ ਸੀ ਲੱਗ ਰਿਹਾ ਕਿ ਕਿਹੜੀ ਬਾਟੀ ਵਿਚ ਬਹੁਤੀ ਪੈ ਗਈ ਸੀ ਤੇ ਕਿਹੜੀ ਵਿਚ ਘੱਟ। ਦੋਹਾਂ ਨੇ ਛੇਤੀ ਛੇਤੀ ਇਕੋ ਡੀਕ 'ਚ ਬਾਟੀਆਂ ਖਾਲੀ ਕੀਤੀਆਂ। ਬੁੱਧੂ ਨੂੰ ਹੁਣ ਗਲਾਸ ਨਹੀਂ ਸੀ ਲੱਭ ਰਿਹਾ।
''ਲੈ-ਹੁਣ-ਹੁਣ ਭੈਣ ਦੇਣੇ ਦਾ-ਓਹ-ਵੀ-ਸਹੁਰੀਂ-ਜਾ ਵੜਿਆ।''
''ਕੌਣ?''
"ਓ-ਗਲਾਸ-ਹੋਰ ਕੌਣ...। ਲੈ-ਫੜ-ਤੌੜੇ ਨੂੰ-ਈ...ਮੂੰਹ ਲਾ-ਲੈ।'' ਦੋਹਾਂ ਨੇ ਵਾਰੀ ਵਾਰੀ ਤੌੜੇ 'ਚੋਂ ਪਾਣੀ ਪੀਤਾ। ਬੁੱਧੂ ਬੁੜ-ਬੁੜ ਕਰਦਾ ਮੰਜੀ 'ਤੇ ਟੇਢਾ ਜਿਆ ਹੋ ਗਿਆ। ਇਕ ਦੋ ਵਾਰੀ ਉਹ ਉੱਠਣ ਨੂੰ ਅਹੁਲਿਆ ਵੀ ਪਰ ਫੇਰ ਟੇਢਾ ਹੋ ਗਿਆ।
''ਬਾਈ-ਓ-ਬਈ-ਭਗਸਿ-ਆਂ। ਜਾਗਦੈਂ-ਕਿ-ਸੌਂ ਗਿਆ-ਹੈਂ? ਲੈ ਆਪਾਂ-ਹੁਣੇ ਟੁੱਕ ਦਾ ਭੋਰਾ-ਖਾ-ਨੇ-ਐਂ। ਬੱਸ-ਇ-ਕ-ਮਿਲਟ-ਬੈ-ਅ-ਸ-ਇਕ-ਮਿ-ਲ-ਟ। ਧੰਤੀਏ-ਧਨਕੁਰੇ-ਮਖਿਆ-ਆ-ਆਈਂ-ਕੇਰਾਂ-ਮਾੜਾ-ਜਿਆ।''
ਬੁੱਧੂ ਦੀ ਆਵਾਜ਼ ਲੰਮੀ ਤੇ ਨੀਵੀਂ ਹੁੰਦੀ ਗਈ ਤੇ ਉਹ ਮੰਜੀ 'ਤੇ ਹੀ ਨਿੱਸਲ ਹੋ ਕੇ ਪੈ ਗਿਆ। ਭਗਤ ਸਿੰਘ ਵੀ ਥੱਕ ਟੁੱਟ ਕੇ ਨਸ਼ੇ ਵਿਚ ਪਿਆ ਘੁਰਾੜੇ ਮਾਰਨ ਲੱਗ ਪਿਆ।
ਅਗਲੇ ਦਿਨ ਖਾਸੇ ਦਿਨ ਚੜ੍ਹੇ ਤੋਂ ਦੋਏ ਜਣੇ ਉੱਠੇ। ਬੁੱਧੂ ਨੇ ਚੁੱਲ੍ਹੇ 'ਤੇ ਗੁੜ ਦੀ ਚਾਹ ਬਣਾਈ। ਚਾਹ ਪੀ ਕੇ ਭਗਤ ਸਿੰਘ ਨੇ ਬੁੱਧੂ ਨੂੰ ਰਾਤ ਵਾਲੀ ਸਲਾਹ ਯਾਦ ਕਰਾਉਂਦਿਆਂ ਉਸ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਪਿੰਡੋਂ ਸਿੱਧੇ ਉਹ ਚੌਧਰੀ ਮਿਹਰ ਚੰਦ ਦੀ ਦੁਕਾਨ ਤੇ ਪਹੁੰਚੇ। ਚੌਧਰੀ ਸਾਹਿਬ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਤੇ ਆਪਣੀ ਤਸੱਲੀ ਲਈ ਬੁੱਧੂ ਨੂੰ ਕੁਝ ਸਵਾਲ ਵੀ ਕੀਤੇ। ਫੇਰ ਚੌਧਰੀ ਸਾਹਿਬ ਉਹਨਾਂ ਨਾਲ ਥਾਣੇ ਪਹੁੰਚੇ। ਥਾਣੇ ਵਿਚ ਚੌਧਰੀ ਸਾਹਿਬ ਦੇ ਅਸਰ ਰਸੂਖ ਕਰਕੇ ਰਿਪੋਰਟ ਦਰਜ ਕਰ ਲਈ ਗਈ। ਥਾਣੇਦਾਰ ਨੇ ਦੋ ਸਿਪਾਹੀ ਉਸੇ ਦਿਨ ਹੀ ਬਰਨਾਲੇ ਰਵਾਨਾ ਕਰ ਦਿੱਤੇ। ਸ਼ਾਮ ਤਕ ਧੰਤੀ ਦੇ ਓਥੇ ਬਰਾਮਦ ਹੋਣ ਦੀ ਖਬਰ ਵਾਇਰਲੈੱਸ ਰਾਹੀਂ ਪਹੁੰਚ ਗਈ। ਦੂਜੇ ਦਿਨ ਬੁੱਧੂ ਦੇ ਸਹੁਰੇ ਅਤੇ ਪਤਿਔਹਰੇ ਨੂੰ ਪੁਲਿਸ ਥਾਣੇ ਫੜ ਕੇ ਲੈ ਆਈ। ਉਹਨਾਂ ਨੇ ਥੋੜੀ ਕੁੱਟ-ਮਾਰ ਖਾ ਕੇ ਆਪਣਾ ਕਸੂਰ ਮੰਨ ਲਿਆ। ਤੀਜੇ ਦਿਨ ਧੰਤੀ ਨੂੰ ਥਾਣੇ ਵਿਚ ਕਾਗਜ਼ੀ ਕਾਰਵਾਈ ਪੂਰੀ ਕਰਨ ਪਿੱਛੋਂ ਚੌਧਰੀ ਮਿਹਰ ਚੰਦ ਦੀ ਹਾਜ਼ਰੀ ਵਿਚ ਬੁੱਧੂ ਨਾਲ ਤੋਰ ਦਿੱਤਾ ਗਿਆ।
***
ਗੁਰਨੇਕ ਸਿੰਘ ਕਵੀ ਨੂੰ ਕਈ ਸਾਹਿਤਕ ਸੰਸਥਾਵਾਂ ਤੋਂ ਦੂਰੋਂ ਨੇੜਿਓਂ ਸੈਮੀਨਾਰਾਂ, ਕਾਨਫਰੰਸਾਂ, ਗੋਸ਼ਟੀਆਂ ਅਤੇ ਮੀਟਿੰਗਾਂ ਲਈ ਲਗਾਤਾਰ ਸੱਦੇ ਮਿਲਦੇ ਰਹਿੰਦੇ ਸਨ। ਉਹ ਆਪਣੀ ਸੋਚ ਅਤੇ ਸਹੂਲੀਅਤ ਅਨੁਸਾਰ ਸਮਾਗਮਾਂ 'ਤੇ ਜਾਣ ਲਈ ਫੈਸਲੇ ਕਰਦਾ।
ਕਰਨੈਲ ਸਿੰਘ ਦੇ ਉਸ ਕੋਲੋਂ ਦੂਰ ਹੋਣ ਪਿੱਛੋਂ ਉਸ ਨੂੰ ਓਹੋ ਜਿਹੇ ਬੰਦੇ ਦੀ ਲੋੜ ਬੜੀ ਬੁਰੀ ਤਰਾਂ ਮਹਿਸੂਸ ਹੋਣ ਲੱਗੀ। ਚਰਨਜੀਤ ਦਾ ਸਕੂਲ ਦਾ ਜਮਾਤੀ ਜਗਮੋਹਣ ਕਦੇ-ਕਦਾਈਂ ਗੁਰਨੇਕ ਕੋਲ ਚਰਨਜੀਤ ਦੀ ਸੁੱਖ-ਸਾਂਦ ਜਾਂ ਚਿੱਠੀ ਪੱਤਰੀ ਪੁੱਛਣ ਲੰਘਦਾ ਟਪਦਾ ਆ ਵੜਦਾ। ਜਗਮੋਹਣ ਨੇ ਦਸਵੀਂ ਪਾਸ ਕਰਕੇ ਡਰਾਫਟਸਮੈਨ ਦਾ ਕੋਰਸ ਕਰ ਲਿਆ ਸੀ ਅਤੇ ਕਿਸੇ ਸਿਫਾਰਸ਼ ਰਾਹੀਂ ਆਪਣੇ ਹੀ ਸ਼ਹਿਰ ਵਿਚ ਪੀ.ਡਬਲਊਂ.ਡੀ ਦੇ ਮਹਿਕਮੇ ਵਿਚ ਨੌਕਰੀ ਕਰਨ ਲੱਗ ਪਿਆ ਸੀ। ਸਾਹਿਤ ਦੀਆਂ ਕਿਤਾਬਾਂ ਪੜ੍ਹਨ ਦਾ ਉਹਨੂੰ ਚੰਗਾ ਸ਼ੌਕ ਸੀ। ਦਫ਼ਤਰ ਵਿਚ ਉਹਨੂੰ ਬਹੁਤਾ ਕੰਮ ਨਹੀਂ ਸੀ ਹੁੰਦਾ। ਗੁਰਨੇਕ ਕੋਲੋਂ ਵੀ ਕਿਤਾਬਾਂ ਮੰਗ ਕੇ ਪੜ੍ਹਦਾ ਰਹਿੰਦਾ ਸੀ ਅਤੇ ਕਿਤਾਬ ਪੜ੍ਹ ਕੇ ਉਸ ਬਾਰੇ ਚਰਚਾ ਵੀ ਕਰਦਾ ਸੀ। ਗੁਰਨੇਕ ਨੇ ਹੌਲੀ ਹੌਲੀ ਉਹਨੂੰ ਛੋਟੇ ਮੋਟੇ ਕੰਮ ਆਖਣੇ ਸ਼ੁਰੂ ਕਰ ਦਿੱਤੇ, ਜਿਵੇਂ ਆਉਂਦੇ ਜਾਂਦੇ ਡਾਕਖਾਨੇ ਚਿੱਠੀਆਂ ਪਾ ਦੇਣੀਆਂ ਜਾਂ ਕੋਈ ਪਾਰਸਲ ਕਰਵਾ ਦੇਣਾ। ਡਾਕਖਾਨਾ ਉਹਦੇ ਦਫ਼ਤਰ ਦੇ ਨਾਲ ਹੀ ਸੀ। ਕਦੇ ਕਦੇ ਉਹ ਆਪੇ ਹੀ ਗੁਰਨੇਕ ਦੀ ਡਾਕ ਪਹਿਲਾਂ ਹੀ ਡਾਕੀਏ ਤੋਂ ਡਾਕਖਾਨੇ ਵਿਚੋਂ ਹੀ ਫੜ ਲੈਂਦਾ ਅਤੇ ਦੁਪਹਿਰ ਵੇਲੇ ਘਰ ਰੋਟੀ ਖਾਣ ਆਇਆ ਗੁਰਨੇਕ ਨੂੰ ਦਿੰਦਾ ਜਾਂਦਾ। ਨੇੜੇ ਤੇੜੇ ਆਪਣੇ ਹੀ ਸ਼ਹਿਰ ਵਿਚ ਜਾਂ ਲਾਗਲੇ ਪਿੰਡਾਂ ਵਿਚ ਗੁਰਨੇਕ ਦੇ ਸੁਨੇਹੇ ਤੇ ਹੱਥ-ਚਿੱਠੀਆਂ ਪੁਚਾ ਆਉਂਦਾ। ਕੁਝ ਕੁ ਮਹੀਨਿਆਂ ਵਿਚ ਹੀ ਉਹਨੇ ਕਰਨੈਲ ਸਿੰਘ ਦੀ ਥਾਂ ਲੈ ਲਈ ਸੀ। ਕਰਨੈਲ ਸਿੰਘ ਵਾਂਗ ਹੁਣ ਉਹ ਸਾਰੇ ਪ੍ਰੋਗਰਾਮਾਂ ਸਮਾਗਮਾਂ 'ਤੇ ਗੁਰਨੇਕ ਦੇ ਨਾਲ ਜਾਣ ਲੱਗ ਪਿਆ ਸੀ। ਕਈ ਸੰਸਥਾਵਾਂ ਗੁਰਨੇਕ ਲਈ ਲੈ ਕੇ ਆਉਣ ਤੇ ਛੱਡ ਕੇ ਜਾਣ ਲਈ ਸਾਲਮ ਟੈਕਸੀ ਭੇਜਦੀਆਂ ਤਾਂ ਜਗਮੋਹਣ ਦੀ ਨਾਲ ਦੀ ਸੀਟ ਪੱਕੀ ਹੁੰਦੀ।
ਮੁੰਬਈ ਦੀ ਇਕ ਵੱਡੀ ਸਾਹਿਤਕ ਸੰਸਥਾ ਨੇ ਕੌਮਾਂਤਰੀ ਪੱਧਰ ਦੀ ਇਕ ਕਾਨਫਰੰਸ ਰੱਖ ਲਈ। ਗੁਰਨੇਕ ਦੀ ਹਾਂ ਪਿੱਛੋਂ ਉਹਨਾਂ ਨੇ ਗੁਰਨੇਕ ਨੂੰ ਦਿੱਲੀਓਂ ਮੁੰਬਈ ਅਤੇ ਵਾਪਸੀ ਦੀਆਂ ਹਵਾਈ ਜਹਾਜ਼ ਦੀਆਂ ਟਿਕਟਾਂ ਲਈ ਜ਼ਰੂਰੀ ਜਾਣਕਾਰੀ ਦੇਣ ਲਈ ਕਿਹਾ। ਗੁਰਨੇਕ ਨੇ ਕੁਝ ਹੀ ਦਿਨਾਂ ਵਿਚ ਚਰਨਜੀਤ ਨਾਲ ਚਿੱਠੀ ਪੱਤਰੀ ਰਾਹੀਂ ਵਾਪਸ ਉਸ ਸੰਸਥਾ ਨੂੰ ਜਾਣਕਾਰੀ ਨਾਲ ਇਕ ਬੇਨਤੀ ਲਿਖ ਭੇਜੀ ਕਿ ਜੇ ਹੋ ਸਕੇ ਤਾਂ ਵਾਪਸੀ ਟਿਕਟ, ਵਾਇਆ ਅਹਿਮਦਾਬਾਦ ਦੀ ਭੇਜੀ ਜਾਵੇ। ਸੰਸਥਾ ਨੇ ਉਸੇ ਤਰਾਂ ਹੀ ਟਿਕਟਾਂ ਭੇਜ ਦਿੱਤੀਆਂ। ਵਾਪਸੀ 'ਤੇ ਗੁਰਨੇਕ ਨੇ ਦੋ ਦਿਨਾਂ ਲਈ ਅਹਿਮਦਾਬਾਦ ਰੁਕਣਾ ਸੀ। ਚਰਨਜੀਤ ਅਤੇ ਅੰਜਲੀ ਨੂੰ ਬੜਾ ਚਾਅ ਚੜ੍ਹਿਆ ਹੋਇਆ ਸੀ ਕਿ ਉਹਨਾਂ ਦੋ ਦਿਨਾਂ ਵਿਚ ਉਹ ਆਪਣੇ ਵੱਡੇ ਵੀਰ ਨੂੰ ਕੀ ਕੀ ਦਿਖਾਉਣਗੇ ਅਤੇ ਕਿੱਥੇ ਕਿੱਥੇ ਲੈ ਕੇ ਜਾਣਗੇ। ਗੁਰਨੇਕ ਨੇ ਚਿੱਠੀ ਰਾਹੀਂ ਉਹਨਾਂ ਨੂੰ ਪੁੱਛਿਆ ਕਿ ਜੇ ਹੋ ਸਕੇ ਤਾਂ ਉਸ ਦੇ 'ਬਰੇਨ ਟਿਊਮਰ' ਦੇ ਟੈਸਟ ਕਿਸੇ ਨਾਮੀ ਹਸਪਤਾਲ ਵਿਚ ਕਰਵਾਏ ਜਾਣ। ਉਹਨਾਂ ਨੇ ਵਾਪਸੀ ਜਵਾਬ ਰਾਹੀਂ ਤਸੱਲੀ ਕਰਵਾਈ ਕਿ ਸਭ ਹੋ ਜਾਏਗਾ।
ਮਿਥੇ ਦਿਨ ਗੁਰਨੇਕ ਨੂੰ ਚਰਨਜੀਤ ਤੇ ਅੰਜਲੀ ਹਵਾਈ ਅੱਡੇ ਤੋਂ ਜਾ ਕੇ ਲੈ ਆਏ। ਕਾਨਫਰੰਸ ਅਤੇ ਮੁੰਬਈ ਬਾਰੇ ਰਾਹ ਵਿਚ ਹੀ ਗੱਲਾਂ ਹੋਈਆਂ। ਗੁਰਨੇਕ ਨੇ ਦੱਸਿਆ ਕਿ ਉਥੇ ਕੁਝ ਫਿਲਮੀ ਹਸਤੀਆਂ ਨਾਲ ਵੀ ਉਸ ਨੇ ਮੁਲਾਕਾਤਾਂ ਕੀਤੀਆਂ ਤਾਂ ਕਿ ਜੇ ਹੋ ਸਕੇ ਤਾਂ ਉਸ ਦੀਆਂ ਕਵਿਤਾਵਾਂ ਕਿਸੇ ਪੰਜਾਬੀ ਫਿਲਮ ਵਿਚ ਕੰਮ ਆ ਸਕਣ ਪਰ ਕਿਸੇ ਨੇ ਵੀ ਪੰਜਾਬੀ ਫਿਲਮ ਬਨਾਉਣ ਵਿਚ ਦਿਲਚਸਪੀ ਨਾ ਦਿਖਾਈ। ਫੇਰ ਵੀ ਉਸ ਨੇ ਕਈਆਂ ਦੇ ਪਤੇ ਤੇ ਫੋਨ ਨੰਬਰ ਆਪ ਲਏ ਅਤੇ ਕਈਆਂ ਨੂੰ ਆਪਣੇ ਦਿੱਤੇ।
ਚਰਨਜੀਤ ਤੇ ਅੰਜਲੀ ਨੇ ਗੁਰਨੇਕ ਦੇ ਟੈਸਟ ਅਹਿਮਦਾਬਾਦ ਦੇ ਸਭ ਤੋਂ ਵਧੀਆ ਪ੍ਰਾਈਵੇਟ ਹਸਪਤਾਲ ਵਿਚ ਕਰਵਾਉਣ ਲਈ ਡਾਕਟਰਾਂ ਤੋਂ ਸਮਾਂ ਲੈ ਲਿਆ ਸੀ। ਰਿਪੋਰਟ ਵੀ ਉਸੇ ਦਿਨ ਸ਼ਾਮ ਤਕ ਨਹੀਂ ਤਾਂ ਅਗਲੇ ਦਿਨ ਮਿਲ ਜਾਣੀ ਸੀ। ਸਵੇਰੇ ਸਵੇਰੇ ਗੁਰਨੇਕ ਨੂੰ ਉਹ ਹਸਪਤਾਲ ਲੈ ਗਏ। ਭਾਰੀ ਫੀਸਾਂ ਜਮ੍ਹਾਂ ਕਰਵਾਉਣ ਪਿੱਛੋਂ ਗੁਰਨੇਕ ਦੇ ਤਿੰਨ ਟੈਸਟ ਕੀਤੇ ਗਏ। ਦੋ ਤਿੰਨ ਘੰਟਿਆਂ ਪਿੱਛੋਂ ਉਹ ਵਿਹਲੇ ਹੋ ਗਏ। ਫੇਰ ਉਹ ਤਿੰਨੇ ਜਣੇ ਉਸ ਹਸਪਤਾਲ ਗਏ ਜਿਥੇ ਚਰਨਜੀਤ ਅਤੇ ਅੰਜਲੀ ਨੌਕਰੀ ਕਰਦੇ ਸਨ। ਉਂਜ ਤਾਂ ਛਗਨ ਭਾਈ ਹਸਪਤਾਲ ਵੀ ਅਹਿਮਦਾਬਾਦ ਦੇ ਸਭ ਤੋਂ ਚੰਗੇ ਹਸਪਤਾਲਾਂ ਵਿਚੋਂ ਸੀ ਪਰ ਚਰਨਜੀਤ ਨੇ ਅੰਜਲੀ ਨਾਲ ਪਹਿਲਾਂ ਹੀ ਸਲਾਹ ਕੀਤੀ ਕਿ ਜੇ ਗੁਰਨੇਕ ਦਾ ਚੈੱਕ-ਅਪ ਛਗਨ ਭਾਈ ਹਸਪਤਾਲ ਵਿਚ ਉਹਨਾਂ ਨੇ ਆਪ ਕੀਤਾ ਜਾਂ ਕਰਵਾਇਆ ਤਾਂ ਗੁਰਨੇਕ ਦੀ ਤਸੱਲੀ ਨਹੀਂ ਸੀ ਹੋਣੀ। ਸਾਰੀ ਕੀਤੀ ਕਰਾਈ ਖੂਹ ਵਿਚ ਪੈ ਜਾਣ ਵਾਲੀ ਗੱਲ ਹੋਣੀ ਸੀ। ਗੱਲਾਂ ਗੱਲਾਂ ਵਿਚ ਉਹਨਾਂ ਨੇ ਗੁਰਨੇਕ ਦਾ ਮਨ ਟੋਹ ਲਿਆ ਕਿ ਉਸ ਨੂੰ ਦੂਜੇ ਹਸਪਤਾਲ ਟੈਸਟ ਕਰਵਾ ਕੇ ਤਸੱਲੀ ਹੋ ਗਈ ਸੀ। ਉਹਨਾਂ ਨੇ ਆਪਣੇ ਹਸਪਤਾਲ ਦਾ ਚੱਕਰ ਲਾ ਕੇ ਗੁਰਨੇਕ ਨੂੰ ਸਾਰਾ ਹਸਪਤਾਲ ਦਿਖਾਇਆ। ਉਸ ਦੀ ਜਾਣ-ਪਛਾਣ ਮਗਨ ਭਾਈ ਨਾਲ ਵੀ ਕਰਵਾਈ। ਦੁਪਹਿਰ ਦੇ ਖਾਣੇ ਤੋਂ ਪਿੱਛੋਂ ਉਹ ਗੁਰਨੇਕ ਨੂੰ ਅਹਿਮਦਾਬਾਦ ਸ਼ਹਿਰ ਦਖਾਉਣ ਲਈ ਲੈ ਗਏ। ਪਹਿਲਾਂ ਉਹ ਝੂਲਦੇ ਮਿਨਾਰ ਦੇਖਣ ਪਹੁੰਚੇ। ਦੋਵੇਂ ਮਿਨਾਰ ਕੋਈ ਸੌ ਕੁ ਫੁੱਟ ਦੀ ਦੂਰੀ 'ਤੇ ਇਕ ਦੂਜੇ ਤੋਂ ਅੱਡ ਖੜ੍ਹੇ ਲਗਦੇ ਸਨ। ਦੇਖਣ ਵਿਚ ਉਹਨਾਂ ਦਾ ਡਿਜ਼ਾਈਨ ਕੁਤਬ ਮਿਨਾਰ ਵਰਗਾ ਲਗਦਾ ਸੀ ਪਰ ਵਖਰਾ ਸੀ ਅਤੇ ਲੰਬਾਈ ਵੀ ਘੱਟ ਸੀ। ਇਹਨਾਂ ਮਿਨਾਰਾਂ ਦੀ ਵਿਲੱਖਣਤਾ ਇਹ ਸੀ ਕਿ ਗਾਈਡ ਦੇਖਣ ਆਏ ਲੋਕਾਂ ਨੂੰ ਦੋ ਗਰੁੱਪਾਂ ਵਿਚ ਵੰਡ ਲੈਂਦਾ ਸੀ। ਅਤੇ ਇਕ ਗਰੁੱਪ ਨੂੰ ਅੰਦਰ ਪੌੜੀਆਂ ਰਾਹੀਂ ਇਕ ਮਿਨਾਰ ਦੀ ਉਪਰਲੀ ਮੰਜ਼ਿਲ 'ਤੇ ਆਲੇ ਦੁਆਲੇ ਬਣੀ ਗੋਲ ਬਾਲਕੋਨੀ ਵਿਚ ਖੜ੍ਹਾ ਕੇ ਦੂਜੇ ਮਿਨਾਰ ਤੇ ਆਪ ਬਾਕੀ ਲੋਕਾਂ ਨਾਲ ਚੜ੍ਹ ਜਾਂਦਾ ਸੀ। ਓਥੇ ਜਾ ਕੇ ਉਹ ਉੱਚੀ ਉੱਚੀ ਲੋਕਾਂ ਨੂੰ ਬੋਲ ਕੇ ਕਹਿੰਦਾ ਸੀ ਕਿ ਜਿਸ ਮਿਨਾਰ 'ਤੇ ਉਹ ਖੜ੍ਹਾ ਹੈ ਉਸ ਨੂੰ ਹਲੂਣੇ ਦੇਣ ਦੀ ਕੋਸ਼ਿਸ਼ ਕਰੇਗਾ। ਜਦੋਂ ਉਹ ਮਿਨਾਰ ਦੀ ਕੰਧ ਨਾਲ ਦੋਏ ਹੱਥ ਲਾ ਕੇ ਉਹਨੂੰ ਧੱਕੇ ਦੇਣ ਲਗਦਾ ਤਾਂ ਦੂਜਾ ਮਿਨਾਰ ਵੀ ਹਿਲਦਾ ਅਤੇ ਓਥੇ ਖੜ੍ਹੇ ਲੋਕ ਵੀ ਮਹਿਸੂਸ ਕਰਦੇ ਕਿ ਮਿਨਾਰ ਅੱਗੇ ਪਿੱਛੇ ਹਿੱਲ ਰਿਹਾ ਹੈ। ਇਸੇ ਲਈ ਉਹਨਾਂ ਨੂੰ 'ਝੂਲਤੇ ਮਿਨਾਰ' ਕਿਹਾ ਜਾਂਦਾ ਸੀ। ਇਹ ਮਿਨਾਰ ਕਿਸੇ ਮੁਗਲ ਬਾਦਸ਼ਾਹ ਨੇ ਪੰਦਰਵੀਂ ਸੋਲ੍ਹਵੀਂ ਸਦੀ ਵਿਚ ਬਣਵਾਏ ਸਨ। ਫੇਰ ਉਹ ਸ਼ਹਿਰ ਦੇ ਵੱਡੇ ਬਾਜ਼ਾਰ ਨੇੜੇ ਇਕ ਮਸੀਤ ਵਿਚ ਗਏ ਜਿੱਥੇ ਪੱਥਰ ਦੇ ਇੱਕੋ ਵੱਡੇ ਟੁਕੜੇ ਵਿਚੋਂ ਘੜੀ ਹੋਈ ਇਕ ਬੜੀ ਖੂਬਸੂਰਤ ਜਾਲੀ ਬਣੀ ਹੋਈ ਸੀ ਜਿਸ ਵਿਚ ਬੜੇ ਸੁਹਣੇ ਨਮੂਨੇ ਪਾਏ ਹੋਏ ਸਨ। ਇਹ ਵੀ ਇਕ ਅਚੰਭਾ ਸੀ ਕਿ ਕਿਸੇ ਪਾਸਿਓਂ ਵੀ ਪੱਥਰ ਦੀ ਕੋਈ ਵੀ ਚਿੱਪਰ ਘਟ ਵਧ ਨਹੀਂ ਸੀ ਲੱਥੀ ਹੋਈ। ਇਹ ਜਾਲੀ ਆਪਣੇ ਆਪ ਵਿਚ ਅਨੂਠੀ ਕਲਾ ਦਾ ਇਕ ਨਾਯਾਬ ਨਮੂਨਾ ਲਗਦੀ ਸੀ। ਦੇਖਕੇ ਹੈਰਾਨੀ ਹੁੰਦੀ ਸੀ ਕਿ ਬੰਦੇ ਦੇ ਹੱਥ ਕਿਸ ਹੱਦ ਤਕ ਕਮਾਲ ਦੀਆਂ ਸਿਖਰਾਂ ਛੂਹ ਸਕਦੇ ਹਨ। ਇਸੇ ਤਰ੍ਹਾਂ ਸ਼ਹਿਰ ਦੀਆਂ ਹੋਰ ਥਾਵਾਂ ਵੀ ਉਹ ਦੇਖਣ ਗਏ। ਸ਼ਹਿਰ ਦੇ ਵਿਚਕਾਰ ਬਣੀ, 'ਕਾਂਕਰੀਆ ਲੇਕ' ਝੀਲ' ਵੀ ਦੇਖੀ ਜਿਸ ਦੇ ਨਾਲ ਹੀ ਇਕ ਚੰਗੇ ਰੇਸਤਰਾਂ ਵਿਚ ਉਹਨਾਂ ਨੇ ਚਾਹ ਵੀ ਪੀਤੀ। ਗੁਰਨੇਕ ਵੀ ਖੁਸ਼ ਹੀ ਲੱਗ ਰਿਹਾ ਸੀ। ਹਨੇਰੇ ਹੋਏ ਉਹ ਘਰ ਵਾਪਸ ਪਰਤੇ। ਚਰਨਜੀਤ ਤੇ ਅੰਜਲੀ ਨੇ ਗੁਰਨੇਕ ਦਾ ਖਾਸ ਖਿਆਲ ਰੱਖਿਆ। ਅੰਜਲੀ ਨੇ ਸ਼ਾਮ ਦਾ ਖਾਣਾ ਉਚੇਚ ਨਾਲ ਬਣਾਇਆ। ਮੇਜ਼ ਤੇ ਬਹਿ ਕੇ ਖਾਣਾ ਖਾਂਦਿਆਂ ਚਰਨਜੀਤ ਨੇ ਕਿਹਾ ਕਿ ਅਗਲੇ ਦਿਨ ਸਵੇਰੇ ਹੀ ਉਹ ਰਿਪੋਰਟ ਲੈ ਆਏਗਾ ਅਤੇ ਡਾਕਟਰ ਨਾਲ ਗੱਲ ਵੀ ਕਰਦਾ ਆਏਗਾ।
ਰਾਤ ਨੂੰ ਸੌਣ ਤੋਂ ਪਿੱਛੋਂ ਗੁਰਨੇਕ ਨੇ ਫੇਰ ਸਿਰ ਦਰਦ ਦੀ ਸ਼ਕਾਇਤ ਕੀਤੀ। ਚਰਨਜੀਤ ਨੇ ਉਹਨੂੰ ਦਵਾਈ ਦੇਣੀ ਚਾਹੀ ਪਰ ਉਹਨੇ ਦਵਾਈ ਨਾ ਖਾਧੀ। ਉਸ ਨੇ ਕਿਹਾ ਕਿ ਜਿਹੜੀ ਦਵਾਈ ਉਸ ਨੇ ਲੈ ਲਈ ਹੈ ਉਸ ਨਾਲ ਹੀ ਥੋੜੀ ਦੇਰ ਵਿਚ ਆਰਾਮ ਆ ਜਾਏਗਾ। ਚਰਨਜੀਤ ਨੂੰ ਉਸ ਰਾਤ ਚੰਗੀ ਤਰ੍ਹਾਂ ਨੀਂਦ ਨਾ ਆਈ। ਉਹ ਮੁੜ ਮੁੜ ਸਵੇਰੇ ਮਿਲਣ ਵਾਲੀ ਰਿਪੋਰਟ ਬਾਰੇ ਸੋਚ ਰਿਹਾ ਸੀ। ਇਕ ਕੰਨ ਉਹਦਾ ਗੁਰਨੇਕ ਦੇ ਕਮਰੇ ਵਿਚੋਂ ਕਿਸੇ ਆਉਣ ਵਾਲੀ ਆਵਾਜ਼ ਨੂੰ ਉਡੀਕ ਰਿਹਾ ਸੀ। ਅਗਲੇ ਦਿਨ ਸਵੇਰੇ ਸਵੇਰੇ ਉਹ ਇਕੱਲਾ ਜਾ ਕੇ ਰਿਪੋਰਟ ਲੈ ਆਇਆ ਸੀ ਅਤੇ ਸਭ ਤੋਂ ਸੀਨੀਅਰ ਡਾਕਟਰ ਨਾਲ ਗੱਲ ਵੀ ਕਰ ਆਇਆ ਸੀ। ਚਰਨਜੀਤ ਬੜਾ ਖੁਸ਼ ਸੀ। ਆਉਂਦਿਆਂ ਹੀ ਉਸ ਨੇ ਅੰਜਲੀ ਨੂੰ ਆਵਾਜ਼ ਮਾਰੀ ਅਤੇ ਗੁਰਨੇਕ ਨਾਲ ਮੰਜੇ 'ਤੇ ਬਹਿ ਗਿਆ-
"ਲੁੱਕ ਆਈ ਐਮ੍ਰਵੈਰੀ ਹੈਪੀ। ਅੱਜ ਮੈਂ ਬਹੁਤ ਖੁਸ਼ ਆਂ। ਬਾਈ ਜੀ ਆਹ ਲਓ ਰਿਪੋਰਟ। ਇਹ ਰਿਪੋਰਟ ਬਿਲਕੁਲ ਡਾ. ਚੋਪੜਾ ਦੀ ਰਿਪੋਰਟ ਨਾਲ ਮੇਲ ਖਾਂਦੀ ਐ। ਸੈਕੰਡ ਓਪੀਨੀਅਨ ਨਾਲ ਤਾਂ ਹੁਣ ਆਪਣੀ ਪੂਰੀ ਤਸੱਲੀ ਹੋ ਗਈ। ਫਿਕਰ ਵਾਲੀ ਕੋਈ ਗੱਲ ਨਹੀਂ।''
ਗੁਰਨੇਕ ਦੋਹਾਂ ਹੱਥਾਂ ਵਿਚ ਸਿਰ ਫੜੀ ਬੈਠਾ ਰਿਹਾ। ਚਰਨਜੀਤ ਨੇ ਲਿਫਾਫੇ ਵਿਚੋਂ ਰਿਪੋਰਟ ਕੱਢ ਕੇ ਗੁਰਨੇਕ ਦੇ ਸਾਹਮਣੇ ਕਰਕੇ ਉਸ ਨੂੰ ਉਂਗਲ ਲਾ ਕੇ ਦਿਖਾਉਂਦਿਆਂ ਕਿਹਾ। ''ਦੇਖੋ ਇਹ ਗਰਾਫ਼ ਬਿਲਕੁਲ ਨੌਰਮਲ ਐ। ਤੇ ਆਹ ਲਿਮਿਟਸ ਵੀ ਬਿਲਕੁਲ ਨੌਰਮਲ ਆਈਆਂ ਹਨ।'' ਪਰ ਗੁਰਨੇਕ ਚੁੱਪ ਸੀ। ਉਹਦਾ ਚਿਹਰਾ ਉਤਰਿਆ ਹੋਇਆ ਸੀ। ਖਾਸਾ ਚਿਰ ਚੁੱਪ ਰਹਿਣ ਪਿੱਛੋਂ ਉਸ ਨੇ ਕਿਹਾ-
''ਜਿਹੜੀ ਪੀੜ ਮੇਰੇ ਸਿਰ ਦੇ ਸੱਜੇ ਪਾਸੇ ਹੁੰਦੀ ਐ ਉਹ ਕੈਂਸਰਸ ਟਿਊਮਰ ਵਰਗੀ ਐ। ਮੈਨੂੰ ਇਕ ਗੰਢ ਜਿਹੀ ਬੱਝੀ ਮਹਿਸੂਸ ਹੁੰਦੀ ਰਹਿੰਦੀ ਐ। ਤੇ ਇਹ ਗੰਢ ਹੌਲੀ ਹੌਲੀ ਵੱਡੀ ਹੋਈ ਜਾਂਦੀ ਲਗਦੀ ਐ। ਮੈਨੂੰ ਲਗਦੈ ਬਈ ਇਹ ਮਿਸਟੀਰੀਅਸ ਬਿਮਾਰੀ ਡਾਕਟਰਾਂ ਦੀ ਸਮਝ ਤੇ ਟੈਸਟਾਂ ਤੋਂ ਬਾਹਰ ਐ। ਦੁਨੀਆਂ ਦਾ ਇਕ ਬਹੁਤ ਵੱਡਾ ਸਾਹਿਤਕਾਰ ਵੀ ਏਸੇ ਬਿਮਾਰੀ ਨਾਲ ਹੀ ਮਰਿਆ ਸੀ।''
''ਤੁਸੀਂ ਇਹ ਵਹਿਮ ਆਪਣੇ ਦਿਮਾਗ਼ ਵਿਚੋਂ ਹੁਣ ਕੱਢ ਦਿਓ। ਜਸਟ ਫੀਲ ਨੌਰਮਲ।'' ਚਰਨਜੀਤ ਨੇ ਪੂਰੀ ਤਸੱਲੀ ਦੇਣੀ ਚਾਹੀ।
ਗੁਰਨੇਕ ਮੰਜੇ 'ਤੇ ਲੰਮਾ ਪੈ ਗਿਆ ਅਤੇ ਸੱਜੀ ਬਾਂਹ ਆਪਣੀਆਂ ਅੱਖਾਂ ਉੱਤੋਂ ਦੀ ਕਰਕੇ ਚੁੱਪ ਕਰਕੇ ਪਿਆ ਰਿਹਾ। ਘਰ ਵਿਚ ਵਾਤਾਵਰਣ ਗਲ-ਘੋਟੂ ਜਿਹਾ ਹੋ ਗਿਆ ਸੀ। ਅੰਜਲੀ ਨੇ ਸੈਨਤ ਨਾਲ ਚਰਨਜੀਤ ਨੂੰ ਦੂਜੇ ਕਮਰੇ ਵਿਚ ਬੁਲਾਇਆ।
''ਅੱਜ ਦਾ ਕੀ ਪ੍ਰੋਗਰਾਮ ਹੈ? ਭਾਅ ਜੀ ਕੋਲੋਂ ਪੁੱਛ ਤੇ ਲਵੋ? ਬਰੇਕਫਾਸਟ ਤਾਂ ਉਹਨਾਂ ਕਰ ਲਿਆ ਹੈ। ਤੁਸੀਂ ਕੀ ਸੋਚ ਰਹੇ ਓ?''
''ਮੈਂ-ਮੈਂ ਪੁਛਦੈਂ ਜ਼ਰਾ ਇਕ ਮਿੰਟ।''
ਚਰਨਜੀਤ ਦਬੇ ਪੈਰੀਂ ਗੁਰਨੇਕ ਦੇ ਮੰਜੇ ਕੋਲ ਗਿਆ ਅਤੇ ਹੌਲੀ ਜਿਹੇ ਮੰਜੇ 'ਤੇ ਬਹਿ ਗਿਆ। ਉਹਨੇ ਬੜੀ ਮਿੱਠੀ ਤੇ ਧੀਮੀ ਆਵਾਜ਼ ਵਿਚ ਪੁੱਛਿਆ, ''ਬਾਈ ਜੀ ਅਜ ਫੇਰ ਘੁਮਾ ਲਿਆਈਏ ਥੋਨੂੰ ਕਿਤੇ? ਮੈਂ ਸੋਚ ਰਿਹਾ ਸੀ ਕਿ ਇਥੋਂ ਸੱਠ ਕੁ ਮੀਲ ਦੂਰ ਇਕ ਮੰਦਰ ਐ। ਜੇ ਆਖੋ ਤਾਂ...।''
''ਮੰ-ਦਰ...? ਓਸ ਮੰਦਰ 'ਚ ਐਹੋ ਜੀ ਕੀ ਖਾਸ ਗੱਲ ਐ?'' ਗੁਰਨੇਕ ਦੀ ਆਵਾਜ਼ ਬੜੀ ਦਬੀ ਜਿਹੀ ਤੇ ਦੁਖੀ ਲੱਗ ਰਹੀ ਸੀ।
''ਉਹ ਤਾਂ ਓਥੇ ਜਾ ਕੇ, ਦੇਖ ਕੇ ਈ ਪਤਾ ਲੱਗੂ। ਪਰ ਹੈ ਉਹ ਥਾਂ ਦੇਖਣ ਵਾਲੀ। ਦੁਨੀਆਂ ਭਰ ਵਿਚੋਂ ਟੂਰਿਸਟ ਆਉਂਦੇ ਐ। ਅਸੀਂ ਵੀ ਦੇਖ ਆਏ ਆਂ।''
''ਚੱਲ ਤੇਰੀ ਮਰਜੀ ਐ।''
ਚਰਨਜੀਤ ਨੇ ਅੰਜਲੀ ਨੂੰ ਜਦੋਂ ਪ੍ਰੋਗਰਾਮ ਦੱਸਿਆ ਤਾਂ ਉਹਨੇ ਕਿਹਾ ਕਿ ਉਹ ਦੋਵੇਂ ਪਹਿਲਾਂ ਮੰਦਰ ਦੇਖ ਹੀ ਆਏ ਹਨ। ਉਂਜ ਵੀ ਉਹਦਾ ਉਹਨਾਂ ਨਾਲ ਜਾਣਾ ਠੀਕ ਨਹੀਂ ਹੋਵੇਗਾ। ਸੋ ਅਜ ਉਹ ਹਸਪਤਾਲ ਜਾਏਗੀ ਅਤੇ ਸ਼ਾਮ ਨੂੰ ਆ ਕੇ ਖਾਣਾ ਵੀ ਤਿਆਰ ਕਰ ਰਖੇਗੀ।
ਕੋਈ ਦੋ ਢਾਈ ਘੰਟਿਆਂ ਦੇ ਸਫਰ ਪਿੱਛੋਂ ਉਹ 'ਸਨ-ਟੈਂਪਲ' ਪਹੁੰਚ ਗਏ। ਇਹ ਕੋਈ ਸਦੀਆਂ ਪੁਰਾਣਾ ਮੰਦਰ ਸੀ ਜਿਸ 'ਤੇ ਬੜੀ ਮਹੀਨ ਬੁੱਤ-ਤਰਾਸ਼ੀ ਕਰਕੇ ਸਾਰੇ ਪਾਸੇ ਬੜੇ ਖੂਬਸੂਰਤ ਬੁੱਤ ਬਣੇ ਹੋਏ ਸਨ। ਉਹਨਾਂ ਨੇ ਇਕ ਪਾਸਿਓਂ ਮੰਦਰ ਦੇਖਣਾ ਸ਼ੁਰੂ ਕੀਤਾ। ਹਰ ਮੂਰਤੀ ਵਿਚ ਮਰਦ ਅਤੇ ਔਰਤ ਸੰਭੋਗ ਦੀਆਂ ਕਿਰਿਆਵਾਂ ਵੱਖੋ ਵੱਖ ਮੁਦਰਾਵਾਂ ਵਿਚ ਉੱਕਰੀਆਂ ਹੋਈਆਂ ਸਨ। ਮੂਰਤੀਆਂ ਦੇਖ ਕੇ ਜੇ ਇਕ ਪਾਸੇ ਬੜੀ ਹੈਰਾਨੀ ਹੁੰਦੀ ਸੀ ਤਾਂ ਦੂਜੇ ਪਾਸੇ ਕਾਲਕਾਰਾਂ ਦੀ ਕਲਾ ਦੇ ਨਮੂਨੇ ਦੇਖ ਕੇ ਸਦਕੇ ਜਾਣ ਨੂੰ ਜੀ ਕਰਦਾ ਸੀ। ਬਹੁਤ ਸਾਰੇ ਦੂਜੇ ਦੇਸ਼ਾਂ ਤੋਂ ਆਏ ਸੈਲਾਨੀ ਔਰਤਾਂ ਤੇ ਆਦਮੀ ਆਪੋ ਆਪਣੇ ਕੈਮਰਿਆਂ ਨਾਲ ਧੜਾ ਧੜ ਫੋਟੋ ਖਿੱਚੀ ਜਾ ਰਹੇ ਸਨ ਅਤੇ ਆਪਸ ਵਿਚ ਨਿੱਕੀਆਂ ਨਿੱਕੀਆਂ ਗੱਲਾਂ ਵੀ ਕਰੀ ਜਾ ਰਹੇ ਸਨ। ਗੁਰਨੇਕ ਨੇ ਇਕ ਅੰਗਰੇਜ਼ ਔਰਤ ਨੂੰ ਆਪਣੇ ਸਾਥੀ ਨੂੰ ਕਹਿੰਦੇ ਸੁਣਿਆ-
''ਡਾਰਲਿੰਗ ਲੁੱਕ, ਦਿਸ ਪੋਜ਼ ਇਜ ਗਰੇਟ। ਹਾਓ ਇਜ਼ ਇਟ ਪੌਸੀਬਲ?'' ਗੁਰਨੇਕ ਵੀ ਮੂਰਤੀਆਂ ਨੂੰ ਨੇੜਿਓਂ ਦੇਖਣ ਵਿਚ ਪੂਰੀ ਦਿਲਚਸਪੀ ਲੈ ਰਿਹਾ ਸੀ। ਉਹਨੇ ਚਰਨਜੀਤ ਨੂੰ ਕਿਹਾ, ''ਇਹ ਤਾਂ ਸਾਰਾ ਕੋਕ ਸ਼ਾਸਤਰ ਈ ਲਗਦੈ !''
''ਇਹ ਸਾਡੇ ਭਾਰਤ ਦੀ ਪ੍ਰਾਚੀਨ ਕਲਾ ਦਾ ਬੇਹੱਦ ਖੂਬਸੂਰਤ ਨਮੂਨਾ ਹੈ। ਮੇਰੇ ਖਿਆਲ ਵਿਚ ਰੱਬ ਦੀ ਰਚੀ ਹੋਈ ਕੁਦਰਤੀ ਪ੍ਰਣਾਲੀ ਦੀ ਇਹ ਇਕ ਜਿਉਂਦੀ ਜਾਗਦੀ ਤੇ ਅਨੂਠੀ ਮਿਸਾਲ ਹੈ। ਦਿਸ ਇਜ਼ ਵਨ ਆਫ ਦੀ ਬੈਸਟ ਰਿਫਲੈਕਸ਼ਨ ਆਫ ਹਿਉਮਨ ਰੀਪਰੋਡਕਟਿਵ ਸਿਸਟਮ ਸ਼ੋਨ ਇਨ ਪਰੈਕਟਿਸ।''
ਦੋਹਾਂ ਭਰਾਵਾਂ ਦੇ ਦਿਮਾਗ਼ ਵਿਚ ਵੱਖੋ-ਵੱਖਰੇ ਖਿਆਲ ਆ ਰਹੇ ਸਨ। ਪਰ ਦੋਹਾਂ ਨੂੰ ਆਪਣੇ ਆਪਣੇ ਵਿਚਾਰ ਸਾਂਝੇ ਕਰਨੇ ਕੁਝ ਔਖੇ ਵੀ ਲੱਗ ਰਹੇ ਸਨ। ਇਕ ਝਾਕਾ ਜਿਹਾ ਸੀ। ਪਰ ਮੰਦਰ ਦੇ ਸਾਰੇ ਪਾਸੇ ਬਣੀਆਂ ਉਹਨਾਂ ਮੂਰਤੀਆਂ ਤੋਂ ਅੱਖਾਂ ਵੀ ਨਹੀਂ ਸਨ ਹਟ ਰਹੀਆਂ। ਮੰਦਰ ਦੇ ਆਲੇ ਦੁਆਲੇ ਘੁੰਮਦਿਆਂ ਪਤਾ ਨਹੀਂ ਕਦੋਂ ਢਾਈ ਤਿੰਨ ਘੰਟੇ ਕਿਵੇਂ ਲੰਘ ਗਏ। ਥੋੜੀ ਥਕਾਵਟ ਵੀ ਮਹਿਸੂਸ ਹੋ ਰਹੀ ਸੀ। ਉਹਨਾਂ ਨੇ ਨੇੜੇ ਕਿਸੇ ਦੁਕਾਨ 'ਤੇ ਬਹਿ ਕੇ ਚਾਹ ਪੀਤੀ ਤੇ ਨਾਲ ਕੁਝ ਖਾ-ਪੀ ਲਿਆ। ਦੋਹਾਂ ਦਾ ਦਿਲ ਤਾਂ ਮੁੜ ਫੇਰ ਮੰਦਰ ਦੇ ਦਰਸ਼ਨ ਕਰਨ ਨੂੰ ਕਰਦਾ ਸੀ ਪਰ ਪਹਿਲ ਕੋਈ ਵੀ ਨਹੀਂ ਸੀ ਕਰਨੀ ਚਾਹੁੰਦਾ। ਫੇਰ ਵਾਪਸ ਜਾਣ ਲਈ ਦੇਰ ਹੋਣ ਦਾ ਡਰ ਵੀ ਸੀ। ਦੋਏ ਭਰਾ ਚੁੱਪ ਚਾਪ ਮੰਦਰ ਵੱਲ ਦੂਰੋਂ ਦੇਖਦੇ ਹੋਏ ਕਾਰ ਵਿਚ ਜਾ ਬੈਠੇ। ਚਰਨਜੀਤ ਨੇ ਕਾਰ ਅਹਿਮਦਾਬਾਦ ਵਾਲੀ ਸੜਕ 'ਤੇ ਪਾ ਲਈ।
ਅਗਲੇ ਦਿਨ ਗੁਰਨੇਕ ਨੇ ਵਾਪਸ ਮੁੜਨਾ ਸੀ। ਉਸ ਦਿਨ ਸ਼ਾਮ ਨੂੰ ਰੋਟੀ ਖਾਣ ਵੇਲੇ ਚਰਨਜੀਤ ਨੇ ਗੁਰਨੇਕ ਨੂੰ ਖਾਣੇ ਨਾਲ ਇਕ ਗੋਲੀ ਦੇ ਕੇ ਕਿਹਾ ਕਿ ਜੇ ਉਹ ਇਹ ਗੋਲੀ ਖਾ ਲਵੇ ਤਾਂ ਉਸ ਨੂੰ ਰਾਤ ਨੂੰ ਨੀਂਦ ਵੀ ਠੀਕ ਆਏਗੀ ਅਤੇ ਸਿਰ ਦਰਦ ਵੀ ਨਹੀਂ ਹੋਵੇਗਾ। ਗੁਰਨੇਕ ਨੇ ਗੋਲੀ ਫੜ ਕੇ ਜੇਬ ਵਿਚ ਪਾ ਲਈ। ਰੋਟੀ ਖਾਣ ਤੋਂ ਪਹਿਲਾਂ ਜਿਵੇਂ ਗੁਰਨੇਕ ਨੇ ਆਪਣੇ ਆਪ ਨਾਲ ਗੱਲ ਕੀਤੀ ਹੋਵੇ-
"ਮੈਨੂੰ ਲਗਦੈ ਬਈ ਮੇਰੀ ਜੀਭ ਤੇ ਤਾਲੂਏ 'ਤੇ ਜਿਵੇਂ ਛਾਲੇ ਹੋ ਗਏ ਹੋਣ।'' ਚਰਨਜੀਤ ਨੇ ਇਕਦਮ ਉੱਠ ਕੇ ਟਾਚਰ ਲਿਆਂਦੀ ਅਤੇ ਚੰਗੀ ਤਰ੍ਹਾਂ ਜੀਭ, ਤਾਲੂਆ ਅਤੇ ਸੰਘ ਨੂੰ ਦੇਖਿਆ।
''ਛਾਲੇ ਤਾਂ ਕਿਧਰੇ ਨਹੀਂ ਦਿਸਦੇ। ਹੋ ਸਕਦੈ ਥੋੜੀ ਗਰਮੀ ਕਰਕੇ ਤੁਹਾਨੂੰ ਮਹਿਸੂਸ ਹੁੰਦਾ ਹੋਵੇ।''
''ਮੈਨੂੰ ਕੁਝ ਗੜਬੜ ਲਗਦੀ ਐ। ਜੇ ਕਿਧਰੇ ਇਹ ਪਰੌਬਲਮ ਵਧ ਗਈ ਤਾਂ...।''
''ਤੁਸੀਂ ਐਵੇਂ ਫਿਕਰ ਨਾ ਕਰਿਆ ਕਰੋ। ਖਾਣਾ ਬੜਾ ਸੁਆਦ ਬਣਾਇਐ ਅੰਜਲੀ ਨੇ। ਇਕ ਵਾਰੀ ਖਾ ਕੇ ਤਾਂ ਦੇਖੋ !''
ਚਰਨਜੀਤ ਨੇ ਗੁਰਨੇਕ ਦਾ ਧਿਆਨ ਖਾਣੇ ਵਲ ਦਿਵਾਉਣ ਦੀ ਕੋਸ਼ਿਸ਼ ਕੀਤੀ।
ਪਰ ਗੁਰਨੇਕ ਖਾਣਾ ਖਾਂਦਾ ਇਉਂ ਲੱਗ ਰਿਹਾ ਸੀ, ਜਿਵੇਂ ਉਸ ਨੂੰ ਕੋਈ ਸ਼ਜਾ ਦਿੱਤੀ ਹੋਵੇ। ਜਿਵੇਂ ਉਹ ਰੋਟੀ ਦੀ ਬੁਰਕੀ ਹੇਠਾਂ ਕਰਦਾ ਹੋਵੇ ਤੇ ਉਹ ਬਾਹਰ ਨੂੰ ਆਉਂਦੀ ਹੋਵੇ। ਸਾਰੇ ਜਣੇ ਮੇਜ਼ 'ਤੇ ਬੈਠੇ ਚੁੱਪ ਚਾਪ ਖਾਣਾ ਖਾ ਰਹੇ ਸਨ। ਅੰਜਲੀ ਨੇ ਬੜੀ ਮਿਹਨਤ ਨਾਲ ਖਾਣਾ ਬਣਾਇਆ ਸੀ। ਉਹ ਚਾਹੁੰਦੀ ਸੀ ਕਿ ਉਹਦੇ ਖਾਣੇ ਦੀ ਦੋਏ ਭਰਾ ਸਿਫ਼ਤ ਕਰਨ, ਪਰ ਮਾਹੌਲ ਖੁਸ਼ਗਵਾਰ ਹੋਣ ਦੀ ਥਾਂ ਸੰਜੀਦਾ ਸੀ।
''ਭਾਅ ਜੀ ਐਹ ਵਾਲੀ ਸਬਜ਼ੀ ਲਓ। ਬੜੀ ਟੇਸਟੀ ਬਣੀ ਹੋਈ ਜੇ। ਜ਼ਰਾ ਥੋੜੀ ਜਿੰਨੀ ਟੇਸਟ ਤੇ ਕਰਕੇ ਦੇਖੋ !''
''ਇਹ ਕਾਹਦੀ ਸਬਜ਼ੀ ਐ?'' ਗੁਰਨੇਕ ਦੀ ਆਵਾਜ਼ ਜਿਵੇਂ ਕਿਸੇ ਸੁਰੰਗ ਵਿਚੋਂ ਆ ਰਹੀ ਹੋਵੇ।
''ਮਟਰ ਪਨੀਰ। ਏਥੇ ਪਨੀਰ ਬੜਾ ਫਰੈਸ਼ ਮਿਲਦਾ ਏ ਭਾਅ ਜੀ। ਲਓ ਥੋੜੀ ਤੇ ਲੈ ਲਓ।''
ਗੁਰਨੇਕ ਖਾਸਾ ਚਿਰ ਪਹਿਲਾਂ ਸਬਜ਼ੀ ਵੱਲ ਘੂਰ ਕੇ ਵੇਖਦਾ ਰਿਹਾ। ਅੰਜਲੀ ਦੇ ਇਕ ਵਾਰੀ ਹੋਰ ਕਹਿਣ ਤੇ ਉਸ ਨੇ ਕਿਹਾ-
''ਇਹ ਪ-ਨੀਰ-। ਮੈਨੂੰ ਤਾਂ ਰਬੜ ਜਿਹੀ ਲਗਦੈ, ਜਾੜ੍ਹਾਂ ਹੇਠ ਆ ਕੇ।''
''ਚਲੋ ਤੁਸੀਂ ਐ ਮਟਰ ਮਟਰ ਹੀ ਲੈ ਲਓ।''
''ਔਹ ਕੀ ਐ?''
''ਐ ਮੂੰਗ ਦੀ ਦਾਲ ਹੈ ਧੁਲੀ ਹੋਈ। ਐ-ਲਓ।''
ਗੁਰਨੇਕ ਨੇ ਮੂੰਗੀ ਦੀ ਦਾਲ ਆਪਣੀ ਕੌਲੀ ਵਿਚ ਪਾ ਲਈ। ਉਸ ਵਿਚ ਚਮਚਾ ਫੇਰਦਿਆਂ ਨੀਝ ਲਾ ਕੇ ਦੇਖਿਆ ਅਤੇ ਕੁਝ ਕਾਲੀ ਜਿਹੀ ਚੀਜ਼ ਆਪਣੀ ਚੂੰਢੀ ਨਾਲ ਕੱਢ ਕੇ ਅੰਗੂਠੇ ਅਤੇ ਉਂਗਲੀ ਨਾਲ ਫੇਹ ਕੇ ਦੇਖਣ ਲੱਗ ਪਿਆ।
''ਆਹ ਕੀ ਐ ਕਾਲਾ ਕਾਲਾ ਜਿਆ?''
''ਓ-ਹੋ-ਭਾਅ ਜੀ, ਇਹ ਤਾਂ ਮੂੰਗ ਦਾ ਛਿਲਕਾ ਏ। ਚਲੋ ਇਹ ਵੀ ਛੱਡੋ ਤੁਸੀਂ ਐ ਆਲੂ-ਗੋਬੀ ਦੀ ਸਬਜ਼ੀ ਲੈ ਲਓ।''
ਗੁਰਨੇਕ ਨੇ ਅੱਧੀ ਕੁ ਕੜਛੀ ਆਲੂ-ਗੋਭੀ ਦੀ ਸਬਜ਼ੀ ਵੀ ਲੈ ਲਈ।
ਚਰਨਜੀਤ ਤੇ ਅੰਜਲੀ ਹੈਰਾਨ ਸਨ ਕਿ ਵੱਡੇ ਭਾਈ ਸਾਹਿਬ ਨੂੰ ਕੋਈ ਦਾਲ-ਸਬਜ਼ੀ ਅਜ ਪਸੰਦ ਕਿਉਂ ਨਹੀਂ ਆ ਰਹੀ। ਅੰਜਲੀ ਨੂੰ ਨਿਰਾਸ਼ਾ ਜਿਹੀ ਹੋ ਰਹੀ ਸੀ। ਅਧੀ ਕੁ ਰੋਟੀ ਖਾਣ ਪਿੱਛੋਂ ਗੁਰਨੇਕ ਨੇ ਕਿਹਾ-
''ਇਕ ਗੰਢਾ ਜੇ ਹੈ ਤਾਂ ਲਿਆਓ ਚੀਰ-ਕੇ।''
ਅੰਜਲੀ ਦੌੜੀ ਦੌੜੀ ਰਸੋਈ ਵਿਚ ਗਈ ਅਤੇ ਝੱਟ ਇਕ ਗੰਢਾ ਚੀਰ ਕੇ ਪਲੇਟ ਵਿਚ ਰੱਖ ਕੇ ਲੈ ਆਈ। ਗੁਰਨੇਕ ਨੇ ਜਦੋਂ ਗੰਢੇ ਦੀਆਂ ਫਾੜੀਆਂ ਚੱਕੀਆਂ ਤਾਂ ਮੁੜ ਕੇ ਫੇਰ ਪਲੇਟ ਵਿਚ ਰੱਖ ਦਿੱਤੀਆਂ। ਅੰਜਲੀ ਵਿਚਾਰੀ ਬੜੀ ਪਰੇਸ਼ਾਨ ਹੋਈ।
''ਕੀ ਗੱਲ ਭਾਅ-ਜੀ। ਦੂਸਰਾ ਪਿਆਜ਼ ਲਿਆਵਾਂ?''
''ਨਹੀਂ। ਲਗਦੈ ਤੁਸੀਂ ਗੰਢੇ ਗੈਸ ਦੇ ਚੁੱਲ੍ਹੇ ਨੇੜੇ ਰੱਖੇ ਹੋਏ ਐ। ਏਸ ਕਰਕੇ ਗਰਮ...।''
"ਲਓ ਮੈਂ ਹੁਨੇ ਠੰਡੇ ਕਰਕੇ ਲੈ ਆਨੀ ਆਂ। ਇਹ ਕੋਈ ਪਰੌਬਲਮ ਨਹੀਂ।'' ਅੰਜਲੀ ਨੇ ਫਰਿਜ ਵਿਚੋਂ ਬਰਫ਼ ਕੱਢੀ ਤੇ ਥੋੜਾ ਪਾਣੀ ਪਾ ਕੇ ਗੰਢੇ ਦੀਆਂ ਫਾੜੀਆਂ ਨੂੰ ਉਸ ਵਿਚ ਥੋੜਾ ਚਿਰ ਭਿਉਂ ਕੇ ਰੱਖ ਛੱਡਿਆ। ਥੋੜੇ ਚਿਰ ਪਿੱਛੋਂ ਜਦੋਂ ਗੰਢਿਆਂ ਵਾਲੀ ਪਲੇਟ ਮੁੜ ਮੇਜ਼ 'ਤੇ ਲਿਆ ਕੇ ਰੱਖੀ ਤਾਂ ਗੁਰਨੇਕ ਨੇ ਪਲੇਟ ਨੂੰ ਨੀਝ ਲਾ ਕੇ ਦੇਖਿਆ। ਅੰਜਲੀ ਨੇ ਪਲੇਟ ਖਿਸਕਾ ਕੇ ਗੁਰਨੇਕ ਦੇ ਹੋਰ ਨੇੜੇ ਕਰ ਦਿੱਤੀ। ਗੁਰਨੇਕ ਦਾ ਹੱਥ ਪਲੇਟ ਕੋਲ ਜਾ ਕੇ ਰੁਕ ਗਿਆ ਜਿਵੇਂ ਉਹ ਕੁਝ ਬੜੀ ਗੰਭੀਰ ਸਮੱਸਿਆ ਬਾਰੇ ਸੋਚ ਰਿਹਾ ਹੋਵੇ। ਉਹਨੇ ਆਪਣਾ ਹੱਥ ਪਿੱਛੇ ਕਰ ਲਿਆ। ਚਰਨਜੀਤ ਦੇ ਪੁੱਛਣ ਤੇ ਉਸ ਨੇ ਕਿਹਾ-
''ਗੰਢੇ ਬਹੁਤੇ ਗਿੱਲੇ ਲਗਦੇ ਐ।''
ਚਰਨਜੀਤ ਤੇ ਅੰਜਲੀ ਦਾ ਹਾਸਾ ਨਿਕਲ ਗਿਆ। ਗੁਰਨੇਕ ਨੂੰ ਵੀ ਥੋੜੀ ਨਮੋਸ਼ੀ ਮਹਿਸੂਸ ਹੋਈ। ਉਹਨੇ ਕੁਝ ਟੁਕੜੇ ਚੱਕ ਕੇ ਆਪਣੀ ਪਲੇਟ ਵਿਚ ਰੱਖ ਲਏ।
ਅੰਜਲੀ ਤੇ ਚਰਨਜੀਤ ਨੇ ਬੜੇ ਮਾਨਸਿਕ ਤਣਾਅ ਵਿਚ ਰਾਤ ਗੁਜ਼ਾਰੀ। ਉਹਨਾਂ ਦੋਹਾਂ ਨੂੰ ਲਗਦਾ ਰਿਹਾ ਕਿ ਹੁਣ ਵੀ ਹੂੰਗਰ ਵੱਜੀ ਕਿ ਵੱਜੀ। ਖੈਰ, ਸਵੇਰੇ ਸੱਤ ਵਜੇ ਦੀ ਫਲਾਈਟ ਸੀ। ਉਹਨਾਂ ਨੂੰ ਘਰੋਂ ਠੀਕ ਪੰਜ ਵਜੇ ਤੁਰ ਪੈਣਾ ਚਾਹੀਦਾ ਸੀ। ਚਾਰ ਕੁ ਵਜੇ ਦਾ ਅਲਾਰਮ ਵੱਜਣ ਪਿੱਛੋਂ ਸਭ ਨੇ ਉੱਠ ਕੇ ਨਹਾ ਧੋ ਲਿਆ। ਅੰਜਲੀ ਨੇ ਨਾਸ਼ਤੇ ਲਈ ਪਰੌਂਠੇ ਬਣਾਏ ਤੇ ਚਾਹ ਬਣਾਈ। ਨਾਲ ਦੁੱਧ ਵੀ ਟੇਬਲ 'ਤੇ ਰੱਖ ਦਿੱਤਾ। ਗੁਰਨੇਕ ਨੇ ਕੁਝ ਵੀ ਨਾ ਖਾਧਾ ਪੀਤਾ, ਸਿਰਫ ਚਾਹ ਪੀਤੀ। ਛੇ ਕੁ ਵਜੇ ਪਿੱਛੋਂ ਉਹ ਹਵਾਈ ਅੱਡੇ ਪਹੁੰਚ ਗਏ। ਚਰਨਜੀਤ ਤੇ ਅੰਜਲੀ ਨੇ ਗੁਰਨੇਕ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਵਿਦਾ ਕੀਤਾ। ਹਵਾਈ ਅੱਡੇ ਦੀਆਂ ਦੁਕਾਨਾਂ ਤੋਂ ਉਹਨਾਂ ਨੇ ਨਿੱਕੀ ਲਈ ਚਾਕਲੇਟ ਅਤੇ ਬੱਚਿਆਂ ਵਾਲੀਆਂ ਕਿਤਾਬਾਂ ਖਰੀਦ ਕੇ ਦਿੱਤੀਆਂ। ਪਹੁੰਚਣ ਸਾਰ ਚਿੱਠੀ ਰਾਹੀਂ ਪਤਾ ਦੇਣ ਦੀ ਤਾਕਦੀ ਕੀਤੀ।
ਚਰਨਜੀਤ ਤੇ ਅੰਜਲੀ ਸਾਰੀ ਰਾਤ ਚੰਗੀ ਤਰ੍ਹਾਂ ਪਹਿਲਾਂ ਹੀ ਨਹੀਂ ਸਨ ਸੌਂ ਸਕੇ। ਗੁਰਨੇਕ ਨੂੰ ਛੱਡ ਕੇ ਮੁੜਦਿਆਂ ਉਹਨਾਂ ਨੂੰ ਹਲਕਾ ਹਲਕਾ ਜਿਹਾ ਲੱਗ ਰਿਹਾ ਸੀ। ਸਵੇਰੇ ਸਵੇਰੇ ਚੌੜੀ ਖੁੱਲ੍ਹੀ ਸੜਕ 'ਤੇ ਆਵਾਜਾਈ ਵੀ ਨਾਂ-ਮਾਤਰ ਹੀ ਸੀ। ਬੜੀ ਠੰਢੀ ਹਵਾ ਰੁਮਕ ਰਹੀ ਸੀ। ਕਾਰ ਦੀਆਂ ਖਿੜਕੀਆਂ ਵਿਚੋਂ ਅੰਦਰ ਆਉਂਦੀ ਹਵਾ ਜਿਵੇਂ ਲੋਰੀਆਂ ਦੇਣ ਲੱਗ ਪਈ। ਕੋਈ ਪੰਜ ਸੱਤ ਮਿੰਟਾਂ ਦੇ ਸਫਰ ਪਿੱਛੋਂ ਅੰਜਲੀ ਨੂੰ ਕਾਰ ਦੀ ਅਗਲੀ ਸੀਟ 'ਤੇ ਬੈਠਿਆਂ ਨੀਂਦ ਨੇ ਆ ਘੇਰਿਆ। ਸੜਕ ਦੂਰ ਤਕ ਖਾਲੀ ਪਈ ਸੀ। ਚਰਨਜੀਤ ਵੀ ਆਰਾਮ ਨਾਲ ਕਾਰ ਚਲਾ ਰਿਹਾ ਸੀ ਕਿ ਉਸ ਨੂੰ ਨੀਂਦ ਆਉਣੀ ਸ਼ੁਰੂ ਹੋ ਗਈ। ਉਹ ਬਾਰ ਬਾਰ ਅੱਖਾਂ ਝਪਕਦਾ ਪਰ ਖਾਲੀ ਸੜਕ ਦੇਖ ਕੇ ਅੱਖਾਂ ਫੇਰ ਆਪਣੇ ਆਪ ਬੰਦ ਹੋ ਜਾਂਦੀਆਂ। ਅਚਾਨਕ ਇਕ ਵੱਡਾ ਖੜਕਾ ਹੋਇਆ। ਚਰਨਜੀਤ ਹੋਰਾਂ ਦੀ ਕਾਰ ਲੋਟਣੀ ਖਾ ਕੇ ਸੜਕ ਤੋਂ ਹੇਠਾਂ ਜਾ ਡਿੱਗੀ। ਹੋਇਆਂ ਇਉਂ ਕਿ ਚੁਰਾਹੇ 'ਤੇ ਪਹੁੰਚ ਕੇ ਸੱਜਿਓਂ ਇਕ ਕਾਰ ਬੜੀ ਤੇਜ਼ ਰਫਤਾਰ ਨਾਲ ਆ ਕੇ ਉਹਨਾਂ ਦੀ ਕਾਰ ਦੇ ਸੱਜੇ ਪਾਸੇ ਵਿਚ ਆ ਵੱਜੀ। ਦੋਹਾਂ ਕਾਰਾਂ ਦਾ ਨੁਕਸਾਨ ਵੀ ਹੋਇਆ। ਚਰਨਜੀਤ ਨੇ ਜਦੋਂ ਕਾਰ ਦੇ ਦਰਵਾਜ਼ੇ ਵਿਚੋਂ ਨਿਕਲ ਕੇ ਅੰਜਲੀ ਨੂੰ ਕਾਰ ਵਿਚੋਂ ਬਾਹਰ ਕੱਢਣਾ ਚਾਹਿਆ ਤਾਂ ਉਹ ਬਾਹਰ ਨਿਕਲ ਕੇ ਖੜਾ ਹੋਣ ਸਾਰ ਹੀ ਡਿੱਗ ਪਿਆ। ਉਸ ਨੂੰ ਲੱਗਾ ਜਿਵੇਂ ਸੱਜੀ ਲੱਤ ਗੋਡੇ ਤੋਂ ਹੇਠਾਂ ਟੁੱਟ ਗਈ ਹੋਵੇ। ਏਨੇ ਵਿਚ ਅੰਜਲੀ ਕਾਰ ਵਿਚੋਂ ਆਪੇ ਹੀ ਹੌਲੀ ਹੌਲੀ ਤੇ ਘਬਰਾਈ ਹੋਈ ਬਾਹਰ ਨਿਕਲ ਆਈ। ਉਸ ਨੂੰ ਲੱਤਾਂ ਬਾਹਾਂ ਤੇ ਕੁਝ ਝਰੀਟਾਂ ਆਈਆਂ ਸਨ। ਇਕ ਦੋ ਥਾਵਾਂ ਤੋਂ ਥੋੜਾ ਬਹੁਤ ਖੂਨ ਵੀ ਵਗਣ ਲੱਗ ਪਿਆ ਸੀ। ਦੂਜੀ ਕਾਰ ਕਿਉਂਕਿ ਡਰਾਈਵਰ ਵਾਲੇ ਪਾਸਿਓਂ ਆ ਕੇ ਵੱਜੀ ਸੀ ਉਸ ਨਾਲ ਚਰਨਜੀਤ ਦੀ ਕਾਰ ਦਾ ਦਰਵਾਜ਼ਾ ਉੱਖੜ ਗਿਆ ਸੀ ਅਤੇ ਲੋਹੇ ਦੇ ਕੁਝ ਟੁਕੜੇ ਨਿਕਲ ਕੇ ਸੱਜੀ ਲੱਤ ਵਿਚ ਵੱਜੇ ਸਨ ਜਿਸ ਨਾਲ ਲੱਤ ਦੀ ਹੱਡੀ ਟੁੱਟ ਗਈ ਸੀ। ਬਾਕੀ ਬਚਾਅ ਹੋ ਗਿਆ ਸੀ। ਕੁਝ ਸਮੇਂ ਪਿੱਛੋਂ ਆਉਣ ਜਾਣ ਵਾਲੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਕਿਸੇ ਨੇ ਫੋਨ ਕਰਕੇ ਐਂਬੁਲੈਂਸ ਬੁਲਾ ਲਈ ਸੀ। ਚਰਨਜੀਤ ਤੇ ਅੰਜਲੀ ਪਹਿਲਾਂ ਆਪਣੇ ਹਸਪਤਾਲ ਪਹੁੰਚੇ। ਓਥੋਂ ਕੁਝ ਮਦਦ ਲੈ ਕੇ ਸਰਕਾਰੀ ਹਸਪਤਾਲ ਪਹੁੰਚੇ ਹਾਦਸਾ ਮੈਡੀਕੋ-ਲੀਗਲ ਸੀ ਇਸ ਲਈ ਪੁਲਿਸ ਨੇ ਵੀ ਆਪਣੀ ਕਾਰਵਾਈ ਕਰਨੀ ਸੀ। ਚਰਨਜੀਤ ਦੀ ਸੱਜੀ ਲੱਤ ਨੂੰ ਪਲਸਤਰ ਲੱਗ ਗਿਆ। ਅੰਜਲੀ ਦੀਆਂ ਸੱਟਾਂ ਚਾਰ ਕੁ ਦਿਨਾਂ ਵਿਚ ਠੀਕ ਹੋ ਗਈਆਂ। ਚਰਨਜੀਤ ਵਾਰ ਵਾਰ ਅੰਜਲੀ ਨੂੰ ਦੇਖ ਕੇ ਕਹਿੰਦਾ-
''ਸ਼ੁਕਰ ਐ ਤੈਨੂੰ ਕੁਝ ਨਹੀਂ ਹੋਇਆ !''
ਕੁਝ ਦਿਨਾਂ ਪਿੱਛੋਂ ਖਰੋੜੀਆਂ ਦੇ ਸਹਾਰੇ ਚਰਨਜੀਤ ਨੇ ਹਸਪਤਾਲ ਜਾਣਾ ਸ਼ੁਰੂ ਕਰ ਦਿੱਤਾ ਸੀ।
ਚੌਥੇ ਪੰਜਵੇਂ ਦਿਨ ਗੁਰਨੇਕ ਦੀ ਚਿੱਠੀ ਪਹੁੰਚ ਗਈ। ਚਰਨਜੀਤ ਨੇ ਆਪਣੇ ਕੈਬਿਨ ਵਿਚ ਬੈਠਿਆਂ ਹੀ ਉਹ ਚਿੱਠੀ ਪੜ੍ਹੀ। ਚਿੱਠੀ ਵਿਚ ਗੁਰਨੇਕ ਨੇ ਮੁੰਬਈ ਦੀ ਕਾਨਫਰੰਸ ਦਾ ਅਤੇ ਆਪਣੇ ਅਹਿਮਦਾਬਾਦ ਵਿਚ ਬਿਤਾਏ ਸਮੇਂ ਦਾ ਕੁਝ ਸੰਖੇਪ ਜਿਹਾ ਜ਼ਿਕਰ ਕਰਨ ਪਿੱਛੋਂ ਬਾਕੀ ਦੋ ਸਫੇ ਸਿਰਫ ਆਪਣੀ ਨਵੀਂ ਬਿਮਾਰੀ ਦੀਆਂ ਨਵੀਆਂ ਤਕਲੀਫਾਂ ਬਿਆਨ ਕਰਨ ਵਿਚ ਹੀ ਭਰੇ ਹੋਏ ਸਨ। ਲਿਖਿਆ ਸੀ ਕਿ ਘਰ ਪਹੁੰਚ ਕੇ ਉਸ ਨੇ ਉਸ ਦਿਨ ਹੀ ਮਹਿਸੂਸ ਕੀਤਾ ਕਿ ਜੀਭ ਦੇ ਸੱਜੇ ਪਾਸੇ ਇਕ ਛਾਲਾ ਹੋਰ ਵੱਡਾ ਹੋ ਗਿਆ ਸੀ। ਉਸ ਨੇ ਇਹ ਫੈਸਲਾ ਕਰ ਲਿਆ ਸੀ ਕਿ ਉਹ ਬਾਇਔਪਸੀ ਕਰਵਾਏਗਾ। ਉਸ ਨੂੰ ਸ਼ੱਕ ਹੀ ਨਹੀਂ ਸਗੋਂ ਪੂਰਾ ਯਕੀਨ ਸੀ ਕਿ ਇਹ ਜੀਭ ਦਾ ਕੈਂਸਰ ਹੈ ਜਿਹੜਾ ਅੰਦਰੋਂ ਬਣ ਕੇ ਜੀਭ ਤੱਕ ਆ ਪਹੁੰਚਿਆ ਹੈ। ਉਹ ਅਜੇ ਮਰਨਾ ਨਹੀਂ ਸੀ ਚਾਹੁੰਦਾ ਕਿਉਂਕਿ ਉਸ ਨੇ ਅਜੇ ਬੜੇ ਕੰਮ ਕਰਨੇ ਸਨ। ਉਸ ਨੇ ਬਾਰ ਬਾਰ ਜੀਭ ਦੇ ਛਾਲੇ ਬਾਰੇ ਲਿਖਦਿਆਂ ਉਹਦੇ ਸਾਰੇ ਲੱਛਣ ਕੈਂਸਰ ਰੋਗ ਨਾਲ ਮੇਲਣ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਸੀ। ਚਰਨਜੀਤ ਨੂੰ ਚਿੱਠੀ ਪੜ੍ਹ ਕੇ ਪਹਿਲਾਂ ਤਾਂ ਨਿਰਾਸ਼ਾ ਜਿਹੀ ਹੋਈ ਫੇਰ ਉਸ ਨੇ ਪਿਛਲੇ ਪੰਦਰਾਂ-ਵੀਹ ਸਾਲਾਂ ਵੱਲ ਝਾਤ ਮਾਰਦਿਆਂ ਸੋਚਿਆ ਕਿ ਗੁਰਨੇਕ ਨੂੰ ਹਰ ਦੂਜੇ ਤੀਜੇ ਸਾਲ ਕੋਈ ਨਵੀਂ ਬਿਮਾਰੀ ਦਾ ਵਹਿਮ ਆ ਘੇਰਦਾ ਹੈ। ਫੇਰ ਟੈਸਟਾਂ ਪਿੱਛੋਂ ਜਦੋਂ ਉਹ ਬਿਮਾਰੀ ਦੇ ਲੱਛਣ ਨਹੀਂ ਲਭਦੇ ਤਾਂ ਕੋਈ ਹੋਰ ਲੱਗ ਜਾਂਦੀ ਹੈ। ਭਾਵੇਂ ਇਹ ਚਿੱਠੀ ਬੜੀ ਗੰਭੀਰਤਾ ਨਾਲ ਲਿਖੀ ਹੋਈ ਸੀ ਪਰ ਚਰਨਜੀਤ ਤੇ ਉਹਦਾ ਕੋਈ ਬਹੁਤਾ ਗੰਭੀਰ ਅਸਰ ਨਹੀਂ ਹੋਇਆ ਸੀ। ਹੁਣ ਆਮ ਉਹਨੂੰ ਗੁਰਨੇਕ ਦੀ ਚਿੱਠੀ ਦੇਖਣ ਸਾਰ ਇਹ ਪਤਾ ਲੱਗ ਜਾਂਦਾ ਸੀ ਕਿ ਉਸ ਵਿਚ ਕੀ ਲਿਖਿਆ ਨਿਕਲੇਗਾ। ਉਹਨੇ ਉਸੇ ਦਿਨ ਹੀ ਉਸ ਚਿੱਠੀ ਦਾ ਜਵਾਬ ਲਿਖ ਭੇਜਿਆ ਕਿ ਫਿਕਰ ਵਾਲੀ ਕੋਈ ਗੱਲ ਨਹੀਂ ਉਸ ਨੂੰ ਪੂਰਾ ਭਰੋਸਾ ਹੈ ਕਿ ਇਹ ਕੈਂਸਰ ਨਹੀਂ ਹੋ ਸਕਦਾ। ਆਖਰ ਉਹ ਆਪਣੇ ਡਾਕਟਰੀ ਦੇ ਤਜਰਬੇ ਦੇ ਆਧਾਰ 'ਤੇ ਵੀ ਕੁਝ ਕਹਿ ਸਕਦਾ ਸੀ। ਬਾਕੀ ਟੈਸਟ ਕਰਵਾਉਣ ਵਿਚ ਕੋਈ ਹਰਜ ਨਹੀਂ ਸੀ। ਅਖੀਰ ਵਿਚ ਦੋ ਕੁ ਲਾਈਨਾਂ ਵਿਚ ਉਹਨੇ ਆਪਣੇ ਅਤੇ ਅੰਜਲੀ ਦੇ ਕਾਰ ਹਾਦਸੇ ਬਾਰੇ ਲਿਖਿਆ ਅਤੇ ਆਪਣੀ ਸੱਜੀ ਲੱਤ ਟੁੱਟਣ ਬਾਰੇ ਵੀ ਲਿਖ ਦਿੱਤਾ ਸੀ।
ਕੁਝ ਦਿਨਾਂ ਪਿੱਛੋਂ ਹੀ ਗੁਰਨੇਕ ਦੀ ਇਕ ਹੋਰ ਚਿੱਠੀ ਮਿਲੀ ਜਿਸ ਵਿਚ ਚਰਨਜੀਤ ਦੀ ਚਿੱਠੀ ਮਿਲਣ ਬਾਰੇ ਜ਼ਿਕਰ ਤਾਂ ਸੀ ਪਰ ਉਹਦੀ ਟੁੱਟੀ ਲੱਤ ਬਾਰੇ ਕੁਝ ਨਹੀਂ ਸੀ ਲਿਖਿਆ ਹੋਇਆ। ਉਹ ਸ਼ਾਇਦ ਇਸ ਲਈ ਕਿ ਗੁਰਨੇਕ ਨੇ ਜਾਣ ਸਾਰ ਹੀ ਜਗਮੋਹਣ ਦੇ ਹੱਥ ਭਗਤ ਸਿੰਘ ਨੂੰ ਸੁਨੇਹਾ ਭਿਜਵਾਇਆ ਸੀ ਕਿ ਇਹ ਉਹਦੀ ਉਹਨਾਂ ਨੂੰ ਆਖਰੀ ਬੇਨਤੀ ਹੈ ਕਿ ਜਾਇਦਾਦ ਵਿਚੋਂ ਉਸ ਦਾ ਬਣਦਾ ਹਿੱਸਾ ਵੰਡ ਕੇ ਦੇ ਦਿੱਤਾ ਜਾਵੇ। ਭਗਤ ਸਿੰਘ ਤੇ ਦਿਆਕੁਰ ਨੂੰ ਇਹ ਗੱਲ ਕਿਵੇਂ ਚੰਗੀ ਲਗਦੀ? ਉਹਨਾਂ ਨੇ ਉਸੇ ਦਿਨ ਚੁਬਾਰੇ ਵਿਚ ਜਾ ਕੇ ਗੁਰਨੇਕ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਉਹ ਨਾ ਸਮਝਿਆ ਤਾਂ ਪਿਓ ਦੇ ਨਾਤੇ ਭਗਤ ਸਿੰਘ ਨੇ ਵਾਸਤਾ ਪਾ ਕੇ ਵੀ ਕਿਹਾ ਕਿ ਗੁਰਬਾਣੀ ਵਿਚ ਵੀ ਨਸੀਹਤ ਹੈ ਕਿ-
"'ਕਾਹੇ ਪੂਤ ਝਗਰਤ ਹਉ ਸੰਗਿ ਬਾਪ।।
ਜਿਨ ਕੇ ਜਣੇ ਬਡੀਰੇ ਤੁਮ ਹਉ, ਤਿਨ ਸਿਉ ਝਗਰਤ ਪਾਪ।।'
ਪੁੱਤ, ਮਾਂ ਪਿਓ ਨਾਲ ਲੜਾਈ ਕਰਨੀ ਕੋਈ ਚੰਗੀ ਗੱਲ ਨੀ ਹੁੰਦੀ।''
''ਜਦੋਂ ਗੱਲ ਕਰੋ ਅੱਗੋਂ ਸ਼ਬਦ ਸੁਨਾਉਣ ਲੱਗ ਪੈਂਦੇ ਐ ਜਿਵੇਂ ਸ਼ਬਦਾਂ ਨਾਲ ਸਾਰੇ ਮਸਲੇ ਈ ਹੱਲ ਹੋ ਜਾਣੇ ਹੁੰਦੇ ਐ !''
"ਦੇਖ ਬੇਟਾ ਨੇਕ ਮੈਨੂੰ ਤੇਰੇ ਲਾਲਚ ਦੀ ਸਮਝ ਨੀ ਆਈ। ਸਾਲਾਂ ਬੱਧੀ ਤਾਂ ਤੂੰ ਸਾਡੇ ਕੰਨੀ ਝਾਕ ਕੇ ਰਾਜੀ ਨੀ ਸੀ। ਜੇ ਮੈਂ ਆਪਣੀ ਦਸਾਂ ਨਹੁੰਆਂ ਦੀ ਕਮਾਈ ਨਾਲ ਇਹ ਚਾਰ ਇੱਟਾਂ ਲਾ ਕੇ ਸਿਰ 'ਤੇ ਛੱਤ ਕਰ-ਲੀ ਤਾਂ ਉਹ ਵੀ ਤੂੰ ਖੋਹਣ ਨੂੰ ਫਿਰਦੈਂ। ਅਸੀਂ ਕਿਹੜਾ ਇਹ ਆਵਦੇ ਨਾਲ ਲੈ ਜਾਂ-ਗੇ। ਸਾਡੇ ਪਿੱਛੋਂ ਦੋਏ ਭਰਾ ਅੱਧੋ-ਅਧ ਕਰ ਲਿਓ ਜਾਂ ਮੈਂ ਆਪ ਕਰ-ਜੂੰ। ਪਰ ਜਿਉਂਦੇ ਜੀ ਤਾਂ ਅੱਡ ਹੋਣ ਵਾਲੀਆਂ ਗੱਲਾਂ ਨਾ ਕਰੋ? ਫੇਰ ਥੋਡੇ ਤੇ ਬਗਾਨਿਆਂ 'ਚ ਫਰਕ ਈ ਕੀ ਰਹਿ-ਜੂ?''
"ਤੁਸੀਂ ਕਿੰਨਾ ਕੁ ਝਾਕਦੇ ਓ ਸਾਡੇ ਕੰਨੀ? ਅਸੀਂ ਦੋਏ ਜੀ ਮਰਦੇ ਆਂ ਕਿ ਜਿਉਂਦੇ ਆਂ, ਕਦੇ ਪਤਾ ਕੀਤੈ? ਮਾਂ ਪਿਓ ਆਪਣੇ ਧੀਆਂ ਪੁੱਤਾਂ ਖਾਤਰ ਦਿੱਲੀ-ਦੱਖਣ ਗਾਹ ਮਾਰਦੇ ਐ ਪਰ ਤੁਸੀਂ ਪਹਿਲੇ ਦਿਨੋਂ ਮੈਨੂੰ ਸੂਲੀ 'ਤੇ ਟੰਗ ਛੱਡਿਐ। ਨਾ ਮੈਨੂੰ ਪੜ੍ਹਾਇਆ-ਲਖਾਇਆ ਨਾ ਕਿਸੇ ਤਣ-ਪੱਤਣ ਲਾਇਆ। ਜਿਹੜੇ ਚਾਰ ਅੱਖਰ ਮੈਂ ਪੜ੍ਹ ਗਿਆ ਉਹ ਵੀ ਆਵਦੀ ਹਿੰਮਤ ਨਾਲ। ਔਹ ਛੋਟੇ ਨੂੰ ਵੱਡਾ ਡਾਕਟਰ ਬਣਾ 'ਤਾ। ਥੋਡੀਆਂ ਅੱਖਾਂ ਦਾ ਤਾਰਾ ਤਾਂ ਓਹੀ ਐ ਤੇ ਮੈਂ ਥੋਡਾ ਦੁਸ਼ਮਣ।''
ਦਿਆਕੁਰ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਬੋਲੀ, ''ਨਾ ਵੇ ਪੁੱਤ ਨੇਕ, ਐਂ ਨਾ ਤੂੰ ਸਾਡੇ 'ਤੇ ਤੋਹਮਤਾਂ ਲਾ। ਅਸੀਂ ਤਾਂ ਦੋਹਾਂ 'ਚ ਕਦੇ ਕੋਈ ਫਰਕ ਨੀ ਰੱਖਿਆ ਪਰ ਫੇਰ ਵੀ ਜੇ ਤੈਨੂੰ ਸਾਡੇ 'ਤੇ ਕੋਈ ਰੰਜ ਐ ਤਾਂ ਆਹ ਲੈ-ਤੇਰੇ ਮੂਹਰੇ ਬੱਧੇ ਹੱਥ। ਸਾਨੂੰ ਭਾਈ ਮਾਫ ਕਰ ਦੇ। ਸਾਡੇ ਕੋਲੋਂ ਭਾਰੀ ਗਲਤੀ ਹੋ-ਗੀ।''
''ਗਲਤੀ ਤਾਂ ਤੁਸੀਂ ਕੀਤੀ ਐ ਤਾਂ ਫੇਰ ਸਜ਼ਾ ਵੀ ਭੁਗਤੋ। ਮਾਪਿਆਂ ਤੋਂ ਕਮਾਪੇ ਬਣਨ 'ਚ ਤੁਸੀਂ ਕੋਈ ਕਸਰ ਤਾਂ ਨੀ ਛੱਡੀ? ਕੋਈ ਨੀ, ਰੋਟੀ ਜੋਗੀ ਕਮਾਈ ਤਾਂ ਮੈਂ ਕਰ ਈ ਲੈਨੈ। ਮੈਨੂੰ ਕਿਸੇ ਦੇ ਹੱਥਾਂ ਕੰਨੀ ਝਾਕਣ ਦੀ ਲੋੜ ਨੀ !''
ਬਸੰਤ ਪਹਿਲੀ ਵਾਰੀ ਬੋਲੀ। ਉਹ ਹੁਣ ਤਕ ਇਕ ਪਾਸੇ ਘੁੰਡ ਕੱਢੀ ਬੈਠੀ ਸੀ-
''ਚੰਗਾ ਫੇਰ। ਜਾਓ ਜੀ ਹੁਣ ਤੁਸੀਂ। ਅਸੀਂ ਆਵਦੇ ਘਰੇ ਸੁਖੀ ਤੁਸੀਂ ਆਵਦੇ ਘਰੇ ਸੁਖੀ। ਹੁਣ ਮੁੜਕੇ ਏਥੇ ਔਣ ਦੀ ਕਦੇ ਖੇਚਲ ਵੀ ਨਾ ਕਰਿਓ ਕਦੇ।''
ਭਗਤ ਸਿੰਘ ਤੇ ਦਿਆਕੁਰ ਦੁਖੀ ਹੋਏ ਮੁੜ ਆਏ।
ਗੁਰਨੇਕ ਨੇ ਸਾਰੀਆਂ ਗੱਲਾਂ ਆਪਣਾ ਉੱਲੂ ਸਿੱਧਾ ਕਰਨ ਲਈ ਲਿਖੀਆਂ ਹੋਈਆਂ ਸਨ। ਆਪਣੇ ਹੀ ਮਾਂ ਪਿਓ ਨੂੰ ਹਰ ਪੱਖੋਂ ਬੁਰਾ ਸਾਬਤ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਹੋਈ ਸੀ। ਅਖੀਰ 'ਤੇ ਉਹਨੇ ਬੜੇ ਤਰਲੇ ਨਾਲ ਲਿਖਿਆ ਹੋਇਆ ਸੀ ਕਿ ਜਿੰਨੀ ਛੇਤੀ ਹੋ ਸਕੇ ਉਹ ਛੁੱਟੀ ਲੈ ਕੇ ਆ ਜਾਵੇ ਤਾਂ ਕਿ ਜਾਇਦਾਦ ਦੀ ਵੰਡ ਵਾਲੀ ਗੱਲ ਸਦਾ ਲਈ ਖਤਮ ਕੀਤੀ ਜਾ ਸਕੇ।
ਚਰਨਜੀਤ ਨੂੰ ਚਿੱਠੀ ਪੜ੍ਹ ਕੇ ਹੈਰਾਨੀ ਹੋਈ ਕਿ ਉਸ ਦੀ ਚਿੱਠੀ ਗੁਰਨੇਕ ਨੂੰ ਮਿਲ ਵੀ ਗਈ ਸੀ ਪਰ ਉਸ ਦੇ ਐਕਸੀਡੈਂਟ ਦਾ ਜ਼ਿਕਰ ਤਕ ਵੀ ਨਹੀਂ ਸੀ ਕੀਤਾ ਹਮਦਰਦੀ ਤਾਂ ਦੂਰ। ਸਿਰਫ ਆਪਣੀਆਂ ਸਮੱਸਿਆਵਾਂ ਮੁੱਖ ਰਖਦਿਆਂ ਛੇਤੀ ਤੋਂ ਛੇਤੀ ਆਉਣ ਲਈ ਲਿਖਿਆ ਸੀ। ਪਲਸਤਰ ਛੇ ਤੋਂ ਅੱਠ ਹਫਤੇ ਲਈ ਲਾਇਆ ਗਿਆ ਸੀ। ਖੈਰ, ਚਰਨਜੀਤ ਨੇ ਚਿੱਠੀ ਦਾ ਜਵਾਬ ਨਾ ਦਿੱਤਾ।
ਦੋ ਕੁ ਦਿਨਾਂ ਪਿੱਛੋਂ ਗੁਰਨੇਕ ਦੀ ਇਕ ਹੋਰ ਚਿੱਠੀ ਆਈ ਜਿਸ ਵਿਚ ਉਸ ਦੀ ਜੀਭ ਦੇ ਕੈਂਸਰ ਦਾ ਹੋਰ ਵੀ ਗੰਭੀਰਤਾ ਨਾਲ ਪੂਰਾ ਵੇਰਵਾ ਦੇ ਕੇ ਲਿਖਿਆ ਹੋਇਆ ਸੀ ਕਿ ਤਕਲੀਫ ਕਿਵੇਂ ਹਰ ਰੋਜ਼ ਵਧਦੀ ਜਾ ਰਹੀ ਸੀ। ਆਪਣੀ ਇਸ ਤੋਂ ਪਹਿਲੀ ਚਿੱਠੀ ਦਾ ਹਵਾਲਾ ਦੇ ਕੇ ਲਿਖਿਆ ਹੋਇਆ ਸੀ ਸ਼ਾਇਦ ਇਹ ਉਸ ਵੱਲੋਂ ਆਖਰੀ ਚਿੱਠੀ ਹੋ ਸਕਦੀ ਹੈ ਕਿਉਂਕਿ ਜੇ ਕੈਂਸਰ ਵਧ ਗਿਆ ਤਾਂ ਇਕ ਦੋ ਮਹੀਨਿਆਂ ਵਿਚ ਉਹਦੀ ਮੌਤ ਯਕੀਨੀ ਸੀ। ਸੋ ਜੇ ਹੋਰ ਕੁਝ ਨਹੀਂ ਤਾਂ ਉਹ ਆਖਰੀ ਵਾਰ ਉਹਨੂੰ ਮਿਲਣ ਹੀ ਆ ਜਾਵੇ।
ਚਰਨਜੀਤ ਬੜੀ ਅਜੀਬ ਸਥਿਤੀ ਵਿਚ ਫਸ ਗਿਆ ਸੀ। ਉਸ ਨੂੰ ਪੂਰਾ ਭਰੋਸਾ ਸੀ ਕਿ ਗੁਰਨੇਕ ਨੂੰ ਬਿਮਾਰੀ ਦੇ ਵਹਿਮ ਨੇ ਘੇਰਿਆ ਹੋਇਆ ਹੈ ਪਰ ਉਸ ਨੂੰ ਸਮੱਸਿਆ ਸੁਲਝਾਉਣ ਲਈ ਕੋਈ ਰਾਹ ਵੀ ਨਹੀਂ ਸੀ ਲੱਭ ਰਿਹਾ। ਉਹ ਗੁਰਨੇਕ ਨੂੰ ਸਮਝਾਵੇ ਤਾਂ ਕਿਵੇਂ? ਉਹ ਕੋਈ ਗੱਲ ਸੁਣਨ ਲਈ ਤਿਆਰ ਹੀ ਨਹੀਂ ਸੀ ! ਇਕ ਪਾਸੇ ਉਹਦੇ ਮਾਂ ਬਾਪ ਸਨ ਜਿਹਨਾਂ ਨੂੰ ਬੁਢਾਪੇ ਵਿਚ ਆਪਣੇ ਪੁੱਤਰਾਂ ਦੇ ਸਹਾਰੇ ਦੀ ਲੋੜ ਸੀ, ਦੂਜੇ ਪਾਸੇ ਗੁਰਨੇਕ ਨੇ ਚਿੱਠੀਆਂ ਪਾ ਪਾ ਕੇ ਉਹਦਾ ਮਨ ਦੁਖੀ ਕਰ ਛੱਡਿਆ ਸੀ। ਜੇ ਉਹਦੀ ਤਸੱਲੀ ਲਈ ਜਾਣਾ ਵੀ ਚਾਹੇ ਤਾਂ ਸਫਰ ਵੀ ਨਹੀਂ ਸੀ ਕਰ ਸਕਦਾ। ਅਖੀਰ ਉਹਨੇ ਗੁਰਨੇਕ ਦੀ ਚਿੱਠੀ ਦਾ ਬੜੇ ਪਿਆਰ ਨਾਲ ਉੱਤਰ ਦਿੰਦਿਆਂ ਲਿਖਿਆ ਕਿ ਉਹ ਪਹਿਲਾਂ ਹੀ ਲਿਖ ਚੁੱਕਾ ਹੈ ਕਿ ਉਸ ਦੀ ਲੱਤ ਟੁੱਟ ਗਈ ਸੀ ਜਿਸ ਕਾਰਨ ਉਹ ਚਾਹੁੰਦਾ ਹੋਇਆ ਵੀ ਨਹੀਂ ਸੀ ਆ ਸਕਦਾ। ਬਿਮਾਰੀ ਦਾ ਵਹਿਮ ਦੂਰ ਕਰਨ ਲਈ ਵੀ ਉਹਨੇ ਕੁਝ ਸੁਝਾਅ ਲਿਖੇ। ਮਾਂ ਪਿਓ ਦੇ ਸਤਿਕਾਰ ਵਿਚ ਵੀ ਕਈ ਗੱਲਾਂ ਲਿਖੀਆਂ ਤਾਂ ਕਿ ਉਹ ਆਪਣੇ ਹੀ ਮਾਂ ਪਿਓ ਨੂੰ ਬੁਰਾ ਭਲਾ ਨਾ ਕਿਹਾ ਕਰੇ।
ਚਰਨਜੀਤ ਦੀ ਚਿੱਠੀ ਦਾ ਅਸਰ ਸਗੋਂ ਉਲਟਾ ਹੀ ਹੋਇਆ। ਗੁਰਨੇਕ ਨੇ ਵੱਡੇ ਭਰਾ ਵਾਲਾ ਹੱਕ ਜਤਾਉਂਦਿਆਂ ਬੜੇ ਗੁੱਸੇ ਵਿਚ ਚਿੱਠੀ ਦਾ ਜਵਾਬ ਦਿੱਤਾ ਕਿ ਉਹ ਕਦੋਂ ਤੋਂ ਉਹਨੂੰ ਮੱਤਾਂ ਦੇਣ ਵਾਲਾ ਸਮਝਣ ਲੱਗ ਪਿਆ ਸੀ ਆਪਣੇ ਆਪ ਨੂੰ? ਉਹ ਕਿਧਰਲਾ ਡਾਕਟਰ ਸੀ ਜਿਹੜਾ ਇਕ ਟੁੱਟੀ ਲੱਤ ਨੂੰ ਕੈਂਸਰ ਨਾਲੋਂ ਗੰਭੀਰ ਸਮਝਦਾ ਸੀ? ਲੱਤ ਤਾਂ ਦੋ ਚਾਰ ਦਿਨ ਪਾ ਕੇ ਠੀਕ ਹੋ ਜਾਣੀ ਸੀ ਪਰ ਕੈਂਸਰ ਨੇ ਤਾਂ ਵਧਣਾ ਈ ਵਧਣਾ ਸੀ ਤੇ ਉਸ ਨੂੰ ਮੌਤ ਦੇ ਹਵਾਲੇ ਕਰ ਦੇਣਾ ਸੀ। ਬਾਕੀ ਜਾਇਦਾਦ ਦੀ ਵੰਡ ਬਾਰੇ ਲਿਖਦਿਆਂ ਉਹਨੇ ਕਿਹਾ ਸੀ ਕਿ ਉਹਨੇ ਕੋਈ ਨਵੀਂ ਗੱਲ ਨਹੀਂ ਸੀ ਕੀਤੀ। ਜੇ ਆਪਣਾ ਹਿੱਸਾ ਮੰਗਿਆ ਸੀ ਤਾਂ ਕਿਸੇ ਦਾ ਕੀ ਬੁਰਾ ਕੀਤਾ ਸੀ? ਉਸ ਨੇ ਚਰਨਜੀਤ ਤੇ ਇਹ ਤੋਹਮਤ ਲਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਜਿਵੇਂ ਉਹ ਆਪਣੇ ਵੱਡੇ ਭਰਾ ਦੀ ਮਦਦ ਕਰਨੋਂ ਆਪਣਾ ਹੱਥ ਪਿੱਛੇ ਖਿੱਚ ਰਿਹਾ ਸੀ ਉਸ ਤੋਂ ਸਾਫ ਪਤਾ ਲਗਦਾ ਸੀ ਕਿ ਉਹਦੀ ਨੀਯਤ ਸਾਰੀ ਜਾਇਦਾਦ ਹੜੱਪ ਕਰਨ ਦੀ ਹੈ ਕਿਉਂਕਿ ਉਹਨਾਂ ਦੇ ਮਾਂ ਪਿਓ ਸਿਰਫ ਓਸੇ ਨੂੰ ਹੀ ਚੰਗਾ ਸਮਝਦੇ ਹਨ। ਗੁਰਨੇਕ ਤਾਂ ਉਹਨਾਂ ਲਈ ਪਹਿਲੇ ਦਿਨ ਦਾ ਨਖੱਟੂ ਪੁੱਤ ਹੈ।
ਚਰਨਜੀਤ ਨੇ ਉਹ ਚਿੱਠੀ ਪੜ੍ਹੀ ਪਰ ਜਵਾਬ ਦੇਣਾ ਠੀਕ ਨਾਂ ਸਮਝਿਆ। ਹੁਣ ਗੁਰਨੇਕ ਵੱਲੋਂ ਆਈਆਂ ਅਜਿਹੀਆਂ ਗੰਭੀਰ ਚਿੱਠੀਆਂ ਉਹਨੂੰ ਪਹਿਲਾਂ ਜਿੰਨਾ ਦੁਖੀ ਨਹੀਂ ਸਨ ਕਰਦੀਆਂ। ਉਹਨੇ ਗੁਰਨੇਕ ਦੇ ਕਿਰਦਾਰ ਨੂੰ ਪੜ੍ਹਨਾ ਸਿੱਖ ਲਿਆ ਸੀ। ਉਹਦੀ ਸੋਚ ਕਹਿ ਰਹੀ ਸੀ ਕਿ ਰਿਸ਼ਤੇ ਯਕੀਨ, ਸਮਝ, ਸਨਮਾਨ ਤੇ ਸੱਚ ਤੇ ਅਧਾਰਿਤ ਹੁੰਦੇ ਹਨ ਪਰ ਉਹਨੂੰ ਆਪਣੇ ਭਰਾ ਦੇ ਰਿਸ਼ਤੇ ਵਿਚ ਇਹ ਸਾਰੇ ਗੁਣ ਕਮਜ਼ੋਰ ਪੈਂਦੇ ਦਿਸ ਰਹੇ ਸਨ। ਸਗੋਂ ਗਾਇਬ ਹੋ ਰਹੇ ਸਨ ਕਿਉਂਕਿ ਗੁਰਨੇਕ ਨੂੰ ਸਿਰਫ ਆਪਣੀ ਸਮਝ ਅਨੁਸਾਰ ਹਰ ਗੱਲ ਆਪਣੇ ਦ੍ਰਿਸ਼ਟੀਕੋਣ ਤੋਂ ਦਿਸਦੀ ਸੀ। ਜਦੋਂ ਬੰਦਾ ਲਾਲਚ ਵੱਸ ਪੈ ਜਾਵੇ ਤਾਂ ਉਹ ਬੁਰੇ ਦੇ ਘਰ ਤੱਕ ਵੀ ਚਲਾ ਜਾਂਦਾ ਹੈ। ਮਾਂ ਬਾਪ ਦੇ ਸਤਿਕਾਰ ਲਈ ਉਸ ਦੇ ਦਿਲ ਵਿਚ ਕੋਈ ਥਾਂ ਨਹੀਂ ਸੀ। ਝੂਠ ਨੂੰ ਸੱਚ ਬਣਾ ਕੇ ਤੋਰਨ ਲਈ ਉਹ ਨਵੇਂ ਨਵੇਂ ਸ਼ਬਦ ਘੜਨੇ ਜਾਣਦਾ ਸੀ। ਚਰਨਜੀਤ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਰਿਸ਼ਤਿਆਂ ਨੂੰ ਕਾਇਮ ਰੱਖਣ ਲਈ ਉਹ ਹਰ ਕੁਰਬਾਨੀ ਦੇਣ ਨੂੰ ਤਿਆਰ ਸੀ, ਏਥੋਂ ਤਕ ਕਿ ਭਾਵੇਂ ਅੰਜਲੀ ਵੀ ਉਹਦਾ ਸਾਥ ਦੇਵੇ ਚਾਹੇ ਨਾ। ਪਰ ਤਾੜੀ ਤਾਂ ਦੋਹਾਂ ਹੱਥਾਂ ਨਾਲ ਹੀ ਵੱਜਣੀ ਸੀ। ਇਹ ਕੇਹਾ ਮੋੜ ਸੀ? ਜਿਥੋਂ ਪਤਾ ਨਹੀਂ ਕਿਹੜਾ ਰਾਹ ਕਿਧਰ ਨੂੰ ਜਾਂਦਾ ਸੀ ! ਉਸ ਦਿਨ ਉਹਨੇ ਪਹਿਲੀ ਵਾਰ ਛੇ ਮੀਲ ਦੂਰ ਜਾ ਕੇ ਗੁਰਦੁਆਰੇ ਮੱਥਾ ਟੇਕਿਆ ਤੇ ਸੱਚੇ ਦਿਲੋਂ ਅਰਦਾਸ ਕਰਦਿਆਂ ਸਾਰੇ ਪਰਿਵਾਰ ਦੀ ਖੈਰ ਮੰਗੀ।
***
Subscribe to:
Post Comments (Atom)
No comments:
Post a Comment