Saturday 29 May 2010

ਲੋਕੁ ਕਹੈ ਦਰਵੇਸੁ :: ਗਿਆਰ੍ਹਵੀਂ ਕਿਸ਼ਤ...

ਲੋਕੁ ਕਹੈ ਦਰਵੇਸੁ :: ਗਿਆਰ੍ਹਵੀਂ ਕਿਸ਼ਤ...

ਮੁਖਤਿਆਰ ਦੀ ਬੇਬੇ ਦੇ 'ਮਰਨ' ਪਿੱਛੋਂ ਪਿੰਡ ਵਿਚ ਕੁਝ ਦਿਨ ਚੁੱਪ-ਚਾਂ ਰਹੀ ਪਰ ਫੇਰ ਲੋਕਾਂ ਵਿਚ ਹੌਲੀ-ਹੌਲੀ ਘੁਸਰ-ਮੁਸਰ ਹੋਣ ਲੱਗ ਪਈ।  ਕੋਈ ਉਹਨਾਂ ਦੀ ਜ਼ਮੀਨ ਤਕਾ ਕੇ ਗੱਲ ਕਰਦਾ ਕੋਈ  ਘਰ।  ਜੰਗੇ ਹੋਰੀਂ ਦੋ ਭਰਾ ਸਨ।  ਉਹ ਹਰ ਸਾਲ ਮੁਖਤਿਆਰ ਕੀ ਜ਼ਮੀਨ ਠੇਕੇ 'ਤੇ ਲੈ ਕੇ ਵਾਹੁੰਦੇ ਹੁੰਦੇ।  ਨਾਲੇ ਇਕ-ਦੋ ਸੀਰੀ-ਸੱਪੇ ਰੱਖ ਲੈਂਦੇ।  ਕਿਉਂਕਿ ਹੁਣ ਜ਼ਮੀਨ ਦਾ ਮਾਲਕ ਕੋਈ ਨਾ ਰਿਹਾ ਤਾਂ ਉਹਨਾਂ ਦਾ ਚਿੱਤ ਬੇਈਮਾਨ ਹੋਣਾ ਸੁਭਾਵਕ ਸੀ।  ਉਹਨਾਂ ਨੇ ਅੰਦਰ ਖਾਨੇ ਪਟਵਾਰੀ ਨਾਲ ਗੱਲ ਕਰਨੀ ਚਾਹੀ।  ਪਟਵਾਰੀ ਦੀ ਪਹਿਲਾਂ ਹੀ ਗੁਰਨੇਕ ਨੇ ਮੁੱਠੀ ਗਰਮ ਕਰ ਰੱਖੀ ਸੀ।  ਉਹਨੇ ਜੰਗ ਸਿੰਘ ਨੂੰ ਦੱਸਿਆ ਕਿ ਸਾਰੀ ਜ਼ਮੀਨ ਦਾ ਮੁਖ਼ਤਿਆਰਨਾਮਾ ਗੁਰਨੇਕ ਮਾਸਟਰ ਕੋਲ ਹੈ।  ਜੇ ਉਹ ਚਾਹੁਣ ਤਾਂ ਉਸ ਨਾਲ ਗੱਲ ਕਰਕੇ ਸੌਦਾ ਹੋ ਸਕਦਾ ਹੈ।
ਜਿਸ ਦਿਨ ਗੁਰਨੇਕ ਅੰਮ੍ਰਿਤਸਰੋਂ ਵਾਪਸ ਮੁੜਿਆ ਤਾਂ ਉਹਨੇ ਬਸੰਤ ਨੂੰ ਮਿੱਠੀਆਂ ਮਾਰ ਕੇ ਫਿਰੋਜ਼ਪੁਰ ਜਾਣ ਲਈ ਮਨਾ ਲਿਆ।  ਉਹ ਵੀ ਪੇਕੀਂ ਜਾਣ ਦੇ ਚਾਅ ਵਿਚ ਉਸੇ ਦਿਨ ਹੀ ਗੱਡੀ ਚੜ੍ਹ ਗਈ।  ਅਗਲੇ ਦਿਨ ਜੰਗ ਸਿੰਘ ਉਸ ਨਾਲ ਗੱਲ ਬਾਤ ਕਰਨ ਪਹੁੰਚ ਗਿਆ-
"ਮਾਹਟਰ ਜੀ ਸਾ-ਸਰੀ-ਕਾਲ।'' ਜੰਗ ਸਿੰਘ ਨੇ ਮੰਜੇ 'ਤੇ ਬਹਿੰਦਿਆਂ ਕਿਹਾ।  ਜੰਗ ਸਿੰਘ ਨੂੰ ਆਪਣੇ ਸਾਹਮਣੇ ਬੈਠਾ ਦੇਖ ਕੇ ਗੁਰਨੇਕ ਸਿੰਘ ਨੂੰ ਉੱਕਾ ਕੋਈ ਵੀ ਹੈਰਾਨੀ ਨਹੀਂ ਸੀ ਹੋਈ।  ਸਭ ਕੁਝ ਉਹਦੀ ਸੋਚ ਅਨੁਸਾਰ ਆਪੇ ਹੀ ਹੋਈ ਜਾ ਰਿਹਾ ਸੀ।  ਉਸ ਨੂੰ ਪਤਾ ਸੀ ਕਿ ਉਹ ਜ਼ਰੂਰ ਆਏਗਾ।
''ਆ ਬਈ ਜੰਗਿਆ ਕੀ ਹਾਲ ਐ ਤੇਰਾ?''
''ਬੱਸ ਜੀ ਦਿਆ ਐ ਥੋਡੀ!''
''ਅੱਜ ਕਿਵੇਂ ਗੇੜਾ ਮਾਰਿਆ ਏਧਰ ਨੂੰ?''
''ਮਾ'ਰਾਜ ਥੋਨੂੰ ਤਾਂ ਪਤਾ ਈ ਐ ਬਈ ਅਸੀਂ ਕਈ ਸਾਲਾਂ ਤੋਂ ਮਖਤਿਆਰੇ ਕੀ ਜ਼ਮੀਨ ਠੇਕੇ 'ਤੇ ਲੈਨੇ ਆਂ।  ਪਰ ਜਦੋਂ ਦੀ ਬੁੜ੍ਹੀ ਮਰੀ ਐ; ਸੁਣਿਐ ਬਈ ਸਾਰੀ ਮਖਤਿਆਰੀ ਥੋਡੇ ਕੋਲ ਐ।  ਮੈਂ ਤਾਂ...।''
''ਦੇਖ ਜੰਗਿਆ ਜ਼ਮੀਨ ਖਰੀਦਣ ਦੀ ਪਰੋਖੋਂ ਥੋਡੇ ਦੋਹਾਂ ਭਰਾਵਾਂ 'ਚ ਹੈ ਨੀ।  ਸੋ ਮੇਰੀ ਰਾਏ ਇਹੋ ਐ ਬਈ ਜਿਹੜਾ ਬੰਦਾ ਵੀ ਜ਼ਮੀਨ ਖਰੀਦੂਗਾ ਤੁਸੀਂ ਉਹਦੇ ਨਾਲ ਈ ਠੇਕੇ ਦੀ ਗੱਲ ਕਰ ਲਿਓ।''
''ਨਾ-ਨਾ ਮਾਹਟਰ ਜੀ।  ਠੇਕੇ ਬਿਨਾਂ ਨੀ ਸਾਡਾ ਗੁਜਾਰਾ ਹੋਣਾ।  ਤੁਸੀਂ ਹਾਲੇ ਏਵੇਂ ਈ ਚੱਲਣ ਦਿਓ ਗੱਡੀ।  ਅਸੀਂ ਠੇਕਾ ਥੋਨੂੰ ਦੇ ਦਿਆ ਕਰਾਂਗੇ।''
''ਨਹੀਂ ਭਾਈ ਜੰਗਿਆ ਮੈਨੂੰ ਠੇਕਾ ਲੈਣ ਦੀ ਲੋੜ ਨਹੀਂ।  ਜ਼ਮੀਨ ਦੇ ਕਈ ਗਾਹਕ ਲੱਗੇ ਹੋਏ ਐ।  ਜਦੋਂ ਵਿਕ ਗਈ ਮੈਂ ਤੇਰੀ ਗੱਲ ਨਵੇਂ ਮਾਲਕਾਂ ਨਾਲ ਕਰਵਾ ਦਿਆਂਗਾ।''
''ਓਹ ਤਾਂ ਤੁਹਾਡੀ ਗੱਲ ਸੋਲਾਂ ਆਨੇ ਸੱਚ ਐ ਪਰ ਖਿਆਲ ਰਖਿਓਂ ਬਈ ਨਵੇਂ ਮਾਲਕ ਵੀ ਪੈਲੀ ਠੇਕੇ 'ਤੇ ਸਾਡੇ ਕੋਲ ਈ ਰਹਿਣ ਦੇਣ।  ਮਿੰਨਤ ਨਾਲ ਈ...?''
''ਚੰਗਾ ਤੂੰ ਫਿਕਰ ਨਾ ਕਰ।  ਮੈਂ ਪੂਰਾ ਧਿਆਨ ਰਖੂੰਗਾ।''
ਦੂਜੇ ਦਿਨ ਲਾਲਾ ਧਿਆਨ ਚੰਦ ਗੁਰਨੇਕ ਨੂੰ ਮਿਲਣ ਆ ਗਿਆ।
ਮਾਸਟਰ ਜੀ ਸੁਣਿਐ ਉਹ ਮੁਖਤਿਆਰ ਸਿੰਘ ਵਾਲੀ ਜਮੀਨ ਦਾ ਮੁਖਤਿਆਰਨਾਮਾ ਤੁਹਾਡੇ ਨਾਂ ਐ।  ਮੈਂ ਤਾਂ ਇਕ ਬੇਨਤੀ ਕਰਨੀ ਸੀ ਬਈ ਜੇ ਤੁਸੀਂ ਠੀਕ ਸਮਝੋ ਤਾਂ ਆਪਾਂ ਗੱਲ ਬਾਤ ਕਰੀਏ ਕਿਉਂਕਿ ਜਿਹੜੀ ਨਵੀਂ ਸੜਕ ਪਿੰਡਾਂ ਵਿਚੋਂ ਦੀ ਸਰਕਾਰ ਕੱਢ ਰਹੀ ਐ ਉਹ ਮੁਖ਼ਤਿਆਰ ਕੀ ਜ਼ਮੀਨ ਦੇ ਵਿਚੋਂ ਦੀ ਨਿਕਲੂਗੀ।  ਸਰਕਾਰ ਭਾਅ ਵੀ ਚੰਗਾ ਦੇ ਰਹੀ ਐ।  ਜੇ ਅਸੀਂ ਅਜ ਸੌਦਾ ਕਰੀਏ ਤਾਂ ਕੱਲ ਨੂੰ ਚਾਰ ਪੈਸੇ ਮੁਨਾਫਾ ਵੀ ਕਮਾਂ ਲਵਾਂਗੇ।  ਮੈਂ ਤੁਹਾਡੇ ਨਾਲ ਸਾਫ-ਸੁਥਰੀ ਤੇ ਵਿਹਾਰੀ ਗੱਲ ਕਰਨ ਆਇਐ।''
''ਲਾਲਾ ਜੀ ਗੱਲ ਇਹ ਐ ਬਈ ਪਹਿਲਾਂ ਸ਼ੰਗਾਰਾ ਸਿੰਘ ਵੀ ਦੋ ਗੇੜੇ ਮੇਰੇ ਕੋਲ ਮਾਰ ਗਿਐ।''
''ਕੌਣ ਉਹ ਦਲਾਲ? ਤੁਸੀਂ ਉਹਦਾ ਬਿਲਕੁਲ ਫਿਕਰ ਨਾ ਕਰੋ ਜੀ ਅਸੀਂ ਉਹਨੂੰ ਆਪੇ ਸਾਂਭ ਲਵਾਂਗੇ।  ਸਾਡੇ ਕੋਲ ਉਹਦਾ ਇਲਾਜ ਹੈ।  ਹੋਰ ਤਾਂ ਕੋਈ ਸਮੱਸਿਆ ਨਹੀਂ?''
"ਇਕ ਉਹ ਜੰਗੇ ਕੇ ਦੋ ਭਰਾ ਜਿਹੜੇ ਕਈ ਸਾਲਾਂ ਤੋਂ ਉਹ ਜ਼ਮੀਨ ਠੇਕੇ 'ਤੇ ਲੈ ਕੇ ਵਾਹੁੰਦੇ ਆ ਰਹੇ ਨੇ ਉਹ ਕਹਿੰਦੇ ਐ ਬਈ ਜ਼ਮੀਨ ਉਹਨਾਂ ਨੂੰ ਹੀ ਠੇਕੇ 'ਤੇ ਚੜ੍ਹੀ ਰਹਿਣ ਦਿਓ।''
"ਉਹਦਾ ਵੀ ਤੁਸੀਂ ਫਿਕਰ ਨਾ ਕਰੋ।  ਜਿਵੇਂ ਤੁਸੀਂ ਆਖੋਗੇ ਕਰ ਲਵਾਂਗੇ। ਤੁਸੀਂ ਇਹ ਦੱਸੋ ਬਈ ਆਪਾਂ ਦੇਣਾ-ਲੈਣਾ ਕੀ ਐ।  ਸਾਫ ਜਿਹੜੀ ਗੱਲ ਐ।''  ਗੁਰਨੇਕ ਨੇ ਰਾਜਕੁਮਾਰ ਵਕੀਲ ਰਾਹੀਂ ਜ਼ਮੀਨ ਦੀ ਕੀਮਤ ਦਾ ਅੰਦਾਜ਼ਾ ਪਹਿਲਾਂ ਹੀ ਲਗਵਾ ਲਿਆ ਸੀ।  ਸਾਰੀ ਜ਼ਮੀਨ ਕੋਈ ਇਕ ਲੱਖ ਰੁਪਏ ਵਿਚ ਆਰਾਮ ਨਾਲ ਵਿਕ ਸਕਦੀ ਸੀ।  ਥੋੜਾ ਹੋਰ ਜ਼ੋਰ ਲਾਇਆ ਜਾਵੇ ਤਾਂ ਪੰਜ ਦਸ ਹਜ਼ਾਰ ਹੋਰ ਵੀ ਮਿਲ ਸਕਦਾ ਸੀ।
''ਲਾਲਾ ਜੀ ਜੇ ਤੁਸੀਂ ਸੀਰੀਅਸਲੀ ਸੌਦਾ ਕਰਨਾ ਚਾਹੁੰਦੇ ਓ ਤਾਂ ਜ਼ਮੀਨ ਦੀ ਕੀਮਤ ਕੋਈ ਸਵਾ ਕੁ ਲੱਖ ਬਣਦੀ ਐ ਘੱਟੋ-ਘੱਟ।  ਤੁਸੀਂ ਆਪ ਜਾ ਕੇ ਦੇਖ ਸਕਦੇ ਓਂ।''
"ਉਹ ਤਾਂ ਜੀ ਅਸੀਂ ਸਭ ਦੇਖ ਦਾਖ ਲਈ ਐ।  ਪਰ ਤੁਸੀਂ ਭਾਅ ਥੋੜਾ ਜਿਆ ਵਧਾ ਕੇ ਈ ਦੱਸ ਰਹੇ ਓਂ।  ਮੇਰੇ ਖਿਆਲ ਵਿਚ ਜੇ ਦਸ ਕੁ ਹਜ਼ਾਰ ਥੱਲੇ ਆ ਜਾਓ ਤਾਂ ਆਪਾਂ ਅੱਗੇ ਸੋਚ ਸਕਦੇ ਆਂ।''
ਲਾਲਾ ਧਿਆਨ ਚੰਦ ਕਿਸੇ ਵੀ ਹਾਲਤ ਵਿਚ ਜ਼ਮੀਨ ਹੱਥੋਂ ਨਹੀਂ ਸੀ ਜਾਣ ਦੇਣਾ ਚਾਹੁੰਦਾ।  ਉਹਨੇ ਵਪਾਰੀ ਦ੍ਰਿਸ਼ਟੀਕੋਣ ਪੱਖੋਂ ਹੋਰ ਕਈ ਸਕੀਮਾਂ ਸੋਚ ਰੱਖੀਆਂ ਸਨ।  ਗੁਰਨੇਕ ਵੀ ਜਿੰਨੀ ਛੇਤੀ ਹੋ ਸਕੇ ਇਹ 'ਕੰਮ' ਨਬੇੜ ਦੇਣਾ ਚਾਹੁੰਦਾ ਸੀ।  ਜਿੰਨੀ ਦੇਰ ਹੋਣੀ ਸੀ ਓਨੀ ਗੱਲ ਫੈਲਣ ਦਾ ਡਰ ਸੀ।  ਉਹਨੇ ਥੋੜਾ ਸੋਚ ਕੇ ਕਿਹਾ-
''ਲਾਲਾ ਜੀ ਇਹ ਤਾਂ ਮੈਂ ਤੁਹਾਨੂੰ ਆਪਣਾ ਬੰਦਾ ਕਰਕੇ ਦੱਸ ਰਿਹਾਂ ਨਹੀਂ ਤਾਂ ਜੇ ਏਥੇ ਦੋ ਚਾਰ ਦਲਾਲਾਂ ਨੂੰ ਹੋਰ ਪਤਾ ਲੱਗ ਗਿਆ ਤਾਂ ਕੀਮਤ ਹੋਰ ਵਧ ਜਾਏਗੀ।  ਸੋ ਤੁਹਾਨੂੰ ਵੀ ਮੈਂ ਇਹੀ ਬੇਨਤੀ ਕਰਾਂਗਾ ਕਿ ਏਸ ਸੌਦੇ ਦੀ ਗੱਲ ਕਿਸੇ ਕੋਲ ਵੀ ਨਾ ਕਰਨਾ''।
''ਆਪਣੇ ਘਰ ਦੀ ਗੱਲ ਐ ਜੀ।  ਆਪਾਂ ਬਹੁਤੀ ਗੱਲ ਕਰਨ ਜਾਣਦੇ ਈ ਨਹੀਂ।  ਲਓ ਆਹ ਫੜੋ ਦਸ ਹਜ਼ਾਰ ਬਿਆਨਾ-ਸੌਦਾ ਇਕ ਵੀਹ 'ਚ ਪੱਕਾ।''
ਦੋਹਾਂ ਨੇ ਰਾਜ ਕੁਮਾਰ ਵਕੀਲ ਕੋਲ ਜਾ ਕੇ ਐਗਰੀਮੈਂਟ ਬਣਵਾ ਲਿਆ ਤੇ ਜ਼ਮੀਨ ਦੀ ਖਰੀਦੋ-ਫਰੋਖ਼ਤ ਦੋ ਮਹੀਨਿਆਂ ਦੇ ਅੰਦਰ ਕਰ ਲੈਣ ਲਈ ਤਾਰੀਖ ਮਿਥ ਲਈ ਗਈ।  ਜ਼ਮੀਨ ਦੀ ਕੀਮਤ ਤੀਹ ਕੁ ਹਜ਼ਾਰ ਅੰਗੀ ਗਈ।  ਬਾਕੀ ਦੇ ਪੈਸੇ ਐਗਰੀਮੈਂਟ 'ਤੇ ਦਸਖਤ ਹੋਣ ਵੇਲੇ ਲੈਣੇ-ਦੇਣੇ ਕਰ ਲਏ।  ਲਾਲਾ ਧਿਆਨ ਚੰਦ ਕਿਸੇ ਕੀਮਤ 'ਤੇ ਵੀ ਇਹ ਸੌਦਾ ਛੱਡਣਾ ਨਹੀਂ ਸੀ ਚਾਹੁੰਦਾ।  ਅਗਲੇ ਹੀ ਦਿਨ ਉਹ ਸਾਰੀ ਬਣਦੀ ਨਕਦੀ ਲੈ ਕੇ ਗੁਰਨੇਕ ਕੋਲ ਪਹੁੰਚ ਗਿਆ।  ਕੁਝ ਦਿਨਾਂ ਮਗਰੋਂ ਹੀ ਜ਼ਮੀਨ ਦੀ ਰਜਿਸਟਰੀ ਹੋ ਗਈ।  ਗੁਰਨੇਕ ਨੇ ਮੁਖਤਿਆਰ ਦੀ ਮਾਂ ਦੇ ਮਰਨ ਪਿੱਛੋਂ ਉਹਨਾਂ ਦੇ ਘਰ ਨੂੰ ਜੰਦਰਾ ਮਾਰਨ ਵੇਲੇ ਜ਼ਮੀਨ ਦੇ ਸਾਰੇ ਕਾਗਜ਼ ਕੱਢ ਲਿਆਂਦੇ ਸਨ।  ਹੁਣ ਸਿਰਫ ਮੁਖਤਿਆਰ ਹੋਰਾਂ ਦਾ ਮਕਾਨ ਵੇਚਣਾ ਬਾਕੀ ਰਹਿ ਗਿਆ ਸੀ। ਉਸ ਲਈ ਬਿੱਕਰ ਸਿੰਘ ਪਹਿਲਾਂ ਹੀ ਇਕ ਗੇੜਾ ਮਾਰ ਗਿਆ ਸੀ।
ਅੱਜ ਕੱਲ੍ਹ ਗੁਰਨੇਕ ਦੇ ਪੈਰ ਜ਼ਮੀਨ 'ਤੇ ਨਹੀਂ ਸਨ ਟਿਕ ਰਹੇ।  ਜੱਗ ਦਿਖਾਵੇ ਲਈ ਉਹ ਉੱਤੋਂ ਉੱਤੋਂ ਬਿਮਾਰ ਤੇ ਗੰਭੀਰ ਜਿਹਾ ਦਿਸਣ ਦੀ ਕੋਸ਼ਿਸ਼ ਕਰਦਾ ਰਹਿੰਦਾ।  ਨਾਲ ਦੀ ਨਾਲ ਉਹਦਾ ਦਿਮਾਗ਼ ਅਗਲੀਆਂ ਸਕੀਮਾਂ ਸੋਚਦਾ ਰਹਿੰਦਾ।  ਪੈਸੇ ਦਾ 'ਲਹੂ' ਉਹਦੇ ਮੂੰਹ ਨੂੰ ਲੱਗ ਚੁੱਕਾ ਸੀ।  ਉਹ ਲਕੜ ਦੀ ਸੰਦੂਕੜੀ ਵਿਚ ਪਏ ਕਿੱਸਿਆਂ ਤੇ ਕਿਤਾਬਾਂ ਹੇਠਾਂ ਚਿਣ ਕੇ ਰੱਖੀਆਂ ਨੋਟਾਂ ਦੀਆਂ ਗੁੱਟੀਆਂ ਨੂੰ ਤੀਜੇ ਕੁ ਦਿਨ ਖੋਹਲ ਕੇ ਦੇਖ ਲੈਂਦਾ।  ਸੰਦੂਕੜੀ ਨੂੰ ਉਹਨੇ ਪਹਿਲੀ ਵਾਰ ਜੰਦਰਾ ਲਾਇਆ ਸੀ।
ਗੁਰਨੇਕ ਆਪਣੀ ਖੁਸ਼ੀ ਸਾਂਝੀ ਕਰਨੀ ਚਾਹੁੰਦਾ ਸੀ।  ਪਰ ਗੱਲ ਕਿਸ ਕੋਲ ਕਰੇ? ਉਹਨੂੰ ਆਪਣਾ ਦੋਸਤ ਮੁਖਤਿਆਰ ਯਾਦ ਆ ਰਿਹਾ ਸੀ।  ਉਹਨੇ ਸੋਚਿਆ ਕਿ ਚੰਗਾ ਹੋਇਆ ਮੁਖਤਿਆਰ ਮਰ-ਖਪ ਗਿਆ ਨਹੀਂ ਤਾਂ ਜੇ ਉਹ ਜਾਂ ਉਹਦੀ ਮਾਂ ਜਿਉਂਦੀ ਰਹਿੰਦੀ ਤਾਂ ਇਹ ਚਾਰ ਪੈਸੇ ਉਹਦੇ ਕੋਲ ਕਿਥੋਂ ਆਉਣੇ ਸਨ? ਮਨ ਦੀ ਤਸੱਲੀ ਲਈ ਸੋਚਦਾ ਕਿ ਕੀ ਪਤਾ ਉਹਨਾਂ ਨੇ ਮਰ-ਮਰਾ ਕੇ ਕਿਸੇ ਪਿਛਲੇ ਜਨਮ ਦਾ ਕਰਜਾ ਹੀ ਉਹਨੂੰ ਮੋੜਿਆ ਹੋਵੇ!
ਅਖੀਰ ਸੋਚ-ਵਿਚਾਰ ਪਿੱਛੋਂ ਉਹ ਚਰਨਜੀਤ ਨੂੰ ਇਕ ਲੰਮੀ ਚਿੱਠੀ ਲਿਖਣ ਬਹਿ ਗਿਆ।  ਕਈ ਮਹੀਨਿਆਂ ਪਿੱਛੋਂ ਇਹ ਪਹਿਲੀ ਚਿੱਠੀ ਸੀ ਜਿਹੜੀ ਉਹਨੇ ਇਕ ਕਵਿਤਾ ਨਾਲ ਸ਼ੁਰੂ ਕੀਤੀ ਸੀ।  ਕਵਿਤਾ ਵਿਚ ਕੁਦਰਤ ਦੀਆਂ ਰੰਗੀਨੀਆਂ ਤੇ ਬਖਸ਼ਿਸ਼ਾਂ ਨੂੰ ਬਿਆਨਦੀਆਂ ਕਲਪਨਾ ਉਡਾਰੀਆਂ ਸਨ।  ਫੁੱਲਾਂ ਦੀ ਬਹਾਰ, ਬਸੰਤ ਰੁੱਤ, ਜੰਗਲਾਂ ਵਿਚ ਚੁੰਘੀਆਂ ਭਰਦੇ ਹਿਰਨ, ਚੰਨ ਦੀ ਚਾਨਣੀ, ਸਤਰੰਗੀ ਪੀਂਘ, ਆਕਾਸ਼ ਵਿਚ ਉਡਾਰੀਆਂ ਲਾਉਂਦੇ ਪੰਛੀ ਤੇ ਹੋਰ ਕੁਦਰਤੀ ਕਰਿਸ਼ਮਿਆਂ ਬਾਰੇ ਕਵਿਤਾ ਚੁਣੇ ਹੋਏ ਸ਼ਬਦਾਂ ਵਿਚ ਪਰੋਈ ਹੋਈ ਸੀ।  ਚਿੱਠੀ ਦੇ ਅਗਲੇ ਸਫਿਆਂ ਵਿਚ ਹੋਰ ਕੁਝ ਸਧਾਰਨ ਗੱਲਾਂ ਤੋਂ ਪਿੱਛੋਂ ਆਪਣੀ ਬਿਮਾਰੀ ਬਾਰੇ ਬੜੇ ਲੰਮੇ ਚੌੜੇ ਵਿਸਥਾਰ ਵਿਚ ਲਿਖਿਆ ਕਿ ਭਾਵੇਂ ਉਸ ਨੂੰ ਆਪਣੇ ਜੀਵਨ ਦਾ ਅੰਤ ਨੇੜੇ ਹੀ ਲਗਦਾ ਹੈ ਪਰ ਉਹ ਕੁਦਰਤ ਦਾ ਹੁਸਨ ਤੇ ਰੰਗੀਨੀਆਂ ਦੇਖ ਕੇ ਆਪਣੇ ਮਨ ਨੂੰ ਪਰਚਾਅ ਲੈਂਦਾ ਹੈ ਅਤੇ ਆਪਣੇ ਅੰਤ ਨੂੰ ਭੁੱਲ ਜਾਣਾ ਚਾਹੁੰਦਾ ਹੈ।  ਸ਼ਾਇਦ ਸੰਸਾਰ ਦੇ ਉੱਚ-ਕੋਟੀ ਦੇ ਕਵੀਆਂ ਦਾ ਇਹੋ ਜਿਆ ਹੀ ਹਾਲ ਹੁੰਦਾ ਆਇਐ।  ਉਹ ਆਪਣੇ ਲਈ ਲੰਮੀ ਉਮਰ ਲਿਖਾ ਕੇ ਨਹੀਂ ਲਿਆਏ ਹੁੰਦੇ ਕਿਉਂਕਿ ਉਹ ਲੋਕਾਂ ਦੀ ਅੱਧੀ ਉਮਰ ਜਿੰਨੀ ਉਮਰ ਵਿਚ ਹੀ ਆਪਣੀ ਪੂਰੀ ਉਮਰ ਭੋਗ ਲੈਂਦੇ ਹਨ ਅਤੇ ਕਿਉਂਕਿ ਲੋਕਾਂ ਦੇ ਦੁੱਖਾਂ ਦੀ ਉਹਨਾਂ ਨੂੰ ਚੰਗੀ ਤਰ੍ਹਾਂ ਸੋਝੀ ਹੁੰਦੀ ਹੈ ਇਸ ਲਈ ਉਹ ਸੰਤਾਪ ਭੋਗਦੇ ਹੋਏ ਇਸ ਫਾਨੀ ਸੰਗਾਰ ਨੂੰ ਛੇਤੀ ਅਲਵਿਦਾ ਆਖ ਦਿੰਦੇ ਹਨ।
ਉਸ ਨੇ ਅੱਗੇ ਲਿਖਿਆ ਕਿ ਉਸ ਨੂੰ ਇਨਾਮਾਂ ਦੀ ਕੋਈ ਇੱਛਾ ਜਾਂ ਸ਼ੌਕ ਨਹੀਂ।  ਜੋ ਵੀ ਮਿਲਿਆ ਹੈ ਉਹ ਖਿੜੇ ਮੱਥੇ ਪਰਵਾਨ ਹੈ।  ਜੇ ਕੋਈ ਦੁੱਖ ਜਾਂ ਤਕਲੀਫ ਹੈ ਤਾਂ ਉਹ ਸਿਰਫ ਇਸ ਦੀ ਕਿ ਉਸ ਪਿੱਛੋਂ ਉਹਦੇ ਟੱਬਰ ਦਾ ਕੀ ਬਣੇਗਾ? ਇਕ ਇਹੋ ਫਿਕਰ ਉਸ ਨੂੰ ਏਸ ਸੰਸਾਰ ਤੋਂ ਜਾਣ ਲਈ ਰੋਕਦਾ ਸੀ।  ਇਸੇ ਫਿਕਰ ਨੇ ਉਹਦੀ ਜਾਨ ਸੁਖਾਲੀ ਨਹੀਂ ਸੀ ਨਿਕਲਣ ਦੇਣੀ।  ਇਉਂ ਉਸਨੇ ਬਹੁਤ ਸਾਰੀਆਂ ਭਾਵੁਕ ਗੱਲਾਂ ਲਿਖ ਕੇ ਚਿੱਠੀ ਵਿਚ ਆਪਣੀ ਅਤਿ ਮਾੜੀ ਹਾਲਤ ਬਿਆਨ ਕੀਤੀ ਹੋਈ ਸੀ।  ਅਖੀਰ 'ਤੇ ਉਹਨੇ ਸੁਝਾਅ ਵੀ ਦਿੱਤਾ ਹੋਇਆ ਸੀ ਕਿ ਉਸ ਦੇ ਟੱਬਰ ਦਾ ਉਸ ਪਿੱਛੋਂ ਗੁਜ਼ਾਰੇ ਲਈ ਜੇ ਕੋਈ ਹੱਲ ਦਿਸਦਾ ਹੈ ਤਾਂ ਉਹ ਸਿਰਫ ਇਕੋ ਹੈ।  ਉਹ ਇਹ ਕਿ ਜੇ ਉਸ ਦੇ ਹਿੱਸੇ ਦੀ ਜ਼ਾਇਦਾਦ ਉਹਨਾਂ ਦਾ ਪਿਓ ਵੰਡ ਕੇ ਉਸ ਨੂੰ ਦੇ ਦੇਵੇ ਤਾਂ ਉਹ ਸੌਖਾ ਮਰ ਸਕੇਗਾ।  ਉਸ ਨੇ ਚਰਨਜੀਤ ਨੂੰ ਤਰਲਾ ਲੈਂਦਿਆਂ ਇਹ ਗੱਲ ਜ਼ੋਰ ਦੇ ਕੇ ਲਿਖੀ ਸੀ ਕਿ ਉਹ ਆਪ ਜਿੰਨੀ ਛੇਤੀ ਹੋ ਸਕੇ ਆ ਕੇ ਉਹਨਾਂ ਦੇ ਮਾਪਿਆਂ ਨੂੰ ਸਮਝਾਵੇ ਤਾਂ ਕਿ ਜਾਇਦਾਦ ਦਾ ਫੈਸਲਾ ਛੇਤੀ ਤੋਂ ਛੇਤੀ ਹੋ ਸਕੇ ਜਿਹੜਾ ਕਿ ਆਖਰ ਨੂੰ ਇਕ ਦਿਨ ਤਾਂ ਹੋ ਕੇ ਹੀ ਰਹਿਣਾ ਸੀ; ਫੇਰ ਉਹ ਹੁਣੇ ਹੀ ਕਿਉਂ ਨਾ ਕੀਤਾ ਜਾਵੇ।  ਅਖੀਰ ਤੇ ਉਹਨੇ ਇਹ ਗੱਲ ਵੀ ਲਿਖੀ ਹੋਈ ਸੀ ਕਿ ਭਾਵੇਂ ਉਸ ਨੂੰ ਆਪਣੇ ਸਾਹਮਣੇ ਆਪਣੀ ਮੌਤ ਖੜ੍ਹੀ ਨਜ਼ਰ ਆ ਰਹੀ ਸੀ ਪਰ ਉਹ ਆਪ ਅਜਿਹੀਆਂ ਗੱਲਾਂ ਲਿਖ ਕੇ ਉਸ ਨੂੰ ਪਰੇਸ਼ਾਨ ਉੱਕਾ ਨਹੀਂ ਸੀ ਕਰਨਾ ਚਾਹੁੰਦਾ।  ਚਿੱਠੀ ਦੇ ਅੰਤ ਵਿਚ ਵਾਸਤੇ ਪਾ-ਪਾ ਕੇ ਲਿਖਿਆ ਹੋਇਆ ਸੀ ਕਿ ਕਿਸੇ ਵੀ ਕਾਰਨ ਇਹ ਚਿੱਠੀ ਦੀ ਕੋਈ ਵੀ ਗੱਲ ਅੰਜਲੀ ਨਾਲ ਸਾਂਝੀ ਨਾ ਕਰੇ ਕਿਉਂਕਿ ਇਹ ਦੋ ਭਰਾਵਾਂ ਦਾ ਆਪਸੀ ਮਾਮਲਾ ਸੀ ਤੇ ਦੂਜੇ ਚਿੱਠੀ ਪੜ੍ਹਨ ਸਾਰ ਪਾੜ ਸੁੱਟੇ।
ਚਿੱਠੀ ਦਾ ਅਸਰ ਜਿਵੇਂ ਗੁਰਨੇਕ ਚਾਹੁੰਦਾ ਸੀ ਉਹੋਂ ਜਿਹਾ ਹੀ ਹੋਇਆ।  ਚਰਨਜੀਤ ਨੇ ਹਸਪਤਾਲ ਵਿਚ ਚਿੱਠੀ ਪੜ੍ਹਨ ਸਾਰ ਪਾੜ ਦਿੱਤੀ।  ਉਹ ਆਪਣੇ ਕਮਰੇ ਵਿਚ ਬੈਠਾ ਫਿਕਰਮੰਦ ਹੋਇਆ ਸੋਚਣ ਲੱਗ ਪਿਆ ਸੀ।  ਏਨੇ ਵਿਚ ਅੰਜਲੀ ਆ ਗਈ।
"ਕੀ ਗੱਲ ਤੁਸੀਂ ਕੁਝ ਪਰੇਸ਼ਾਨ ਲੱਗ ਰਹੇ ਓ? ਯੂ ਲੁੱਕ ਵੱਰੀਡ! ਸਭ ਠੀਕ ਠਾਕ ਤਾਂ ਹੈ?''
''ਹਾਂ ਅੰਜਲੀ, ਐਸੀ ਕੋਈ ਗੱਲ ਨਹੀਂ।  ਮੈਂ ਠੀਕ ਆਂ।  ਬੱਸ ਅਜ ਥੋੜੀ ਥਕਾਵਟ ਮਹਿਸੂਸ ਹੋ ਰਹੀ ਐ।  ਮੈਂ ਅਜ ਘੰਟਾ ਕੁ ਜਲਦੀ ਚਲਾ ਜਾਵਾਂਗਾ।  ਤੂੰ ਬਾਅਦ ਵਿਚ ਆਪੇ ਆ ਜਾਈਂ।''
''ਓ. ਕੇ. ਤੁਸੀਂ ਹੁਣੇ ਜਾ ਕੇ ਥੋੜਾ ਰੈਸਟ ਕਰ ਲਓ।  ਫੇਰ  ਮੈਂ ਆ ਕੇ ਚਾਹ ਬਨਾਵਾਂਗੀ।  ਅੱਜ ਬਾਲਕੋਨੀ ਵਿਚ ਬਹਿ ਕੇ ਚਾਹ ਪੀਆਂਗੇ।  ਤੇ ਫੇਰ ਸ਼ਾਮ ਨੂੰ ਵੀ ਕੈਨ ਗੋ ਫਾਰ ਲੋਂਗ ਡਰਾਈਵ।  ਠੀਕ ਐ?''
ਚਰਨਜੀਤ ਨੇ ਘਰ ਪਹੁੰਚਣ ਸਾਰ ਗੁਰਨੇਕ ਦੀ ਲੰਮੀ ਚਿੱਠੀ ਦਾ ਜਵਾਬ ਲਿਖਿਆ।  ਉਹਦੀ ਸਿਹਤ ਲਈ ਸ਼ੁਭ ਕਾਮਨਾਵਾਂ ਭੇਜੀਆਂ ਅਤੇ ਉਹਨੂੰ ਆਪਣੇ ਸਾਰੇ ਫਿਕਰ ਉਸ ਨੂੰ ਦੇ ਦੇਣ ਲਈ ਲਿਖਿਆ।  ਜਾਇਦਾਦ ਬਾਰੇ ਵੀ ਉਸ ਨੇ ਸਹਿਮਤੀ ਜਤਾਈ ਕਿ ਜੇ ਉਹਨਾਂ ਦੇ ਮਾਂ ਪਿਓ ਚਾਹੁਣ ਤਾਂ ਬੇਸ਼ਕ ਉਸ ਨੂੰ ਉਸ ਦਾ ਬਣਦਾ ਹਿੱਸਾ ਦੇ ਸਕਦੇ ਹਨ।  ਸਗੋਂ ਉਹ ਆਪ ਆ ਕੇ ਉਹਨਾਂ ਨੂੰ ਮਨਾਉਣ ਦੇ ਪੂਰੇ ਜਤਨ ਕਰੇਗਾ।  ਸਿਰਫ ਇਸ ਲਈ ਨਹੀਂ ਕਿ ਉਸ ਨੂੰ ਅਜਿਹਾ ਕੋਈ ਅਹਿਸਾਸ ਹੈ ਕਿ ਗੁਰਨੇਕ ਨੂੰ ਕੋਈ ਬੇਇਲਾਜ ਬਿਮਾਰੀ ਲੱਗ ਚੁੱਕੀ ਹੈ ਅਤੇ ਜਾਨ ਦਾ ਖਤਰਾ ਹੈ ਸਗੋਂ ਉਸ ਨੂੰ ਤਾਂ ਯਕੀਨ ਹੈ ਕਿ ਉਸ ਨੂੰ ਕੋਈ ਵੀ ਗੰਭੀਰ ਬਿਮਾਰੀ ਨਹੀਂ ਹੈ।  ਜੇ ਫੇਰ ਵੀ ਉਹ ਚਾਹੇ ਤਾਂ ਅਹਿਮਾਦਾਬਾਦ ਉਹਨਾਂ ਕੋਲ ਆ ਕੇ ਆਪਣਾ ਇਲਾਜ ਕਰਵਾ ਸਕਦਾ ਹੈ।  ਖਰਚੇ ਦੀ ਕੋਈ ਗੱਲ ਨਹੀਂ; ਉਹ ਸਭ ਸਾਂਭ ਲੈਣਗੇ।
ਅੰਜਲੀ ਦੇ ਘਰ ਆਉਣ ਤੋਂ ਪਹਿਲਾਂ ਹੀ ਉਸ ਨੇ ਚਿੱਠੀ ਪੋਸਟ ਕਰ ਦਿੱਤੀ ਅਤੇ ਅੰਜਲੀ ਦੀ ਉਡੀਕ ਕਰਨ ਲੱਗਾ।
''ਤੁਹਾਡਾ ਮੂਡ ਮੈਨੂੰ ਅਜੇ ਵੀ ਠੀਕ ਨਹੀਂ ਲਗਦਾ।  ਕਮ ਔਨ ਚੀਅਰ-ਅਪ!''
ਅੰਜਲੀ ਨੇ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ।
''ਹਾਂ ਅੰਜੂ ਵੈਸੇ ਤਾਂ ਸਭ ਠੀਕ ਠਾਕ ਐ ਪਰ ਮੈਂ ਕਦੇ ਕਦੇ ਵੱਡੇ ਬਾਈ ਜੀ ਦੀ ਬਿਮਾਰੀ ਬਾਰੇ ਸੋਚਣ ਲੱਗ ਪੈਂਦਾ ਹਾਂ।  ਟੈਸਟ ਰੀਜ਼ਲਟਸ ਸਾਰੇ ਠੀਕ ਹਨ, ਫੇਰ ਸਿਰ ਦੁਖਣ ਦਾ ਕੀ ਕਾਰਨ ਹੋ ਸਕਦੈ? ਵੀ ਮਸਟ ਕੰਸਲਟ ਸਮ ਗੁੱਡ ਨਿਉਰੋਲੋਜਿਸਟ ਵਿਚ ਟੈਸਟ ਰਿਪੋਰਟਸ।''
''ਤੁਸੀਂ ਤਾਂ ਬੱਸ ਐਂਜ ਈ ਫਿਕਰ ਕਰਨ ਲੱਗ ਪੈਂਦੇ ਓ।  ਬੀਲੀਵ ਮੀ ਹੀ ਇਸ ਆਲ ਰਾਈਟ।  ਸਮ ਹਾਓ ਮਾਈ ਸਬ-ਕਾਂਸ਼ੀਅਸ ਮਾਂਈਡ ਡਜ਼ ਨੌਟ ਅਕਸੈਪਟ।  ਤੁਸੀਂ ਦੇਖ ਲੈਣਾ ਕੁਝ ਵੀ ਸੀਰੀਅਸ ਨਹੀਂ ਨਿਕਲੇਗਾ, ਇਕ ਪਰਸੈਂਟ ਵੀ ਨਹੀਂ।  ਜੇ ਚਾਹੋ ਤਾਂ ਭਾਅ ਜੀ ਨੂੰ ਏਥੇ ਸਾਡੇ ਕੋਲ ਆਣ ਲਈ ਲਿਖ ਦਿਓ।  ਆਈ ਐਮ ਹੰਡਰਡ ਪਰਸੈਂਟ ਸ਼ਿਓਰ...।''
''ਚਲੋ ਠੀਕ ਐ ਵਾਹਿਗੁਰੂ ਕਰੇ ਸਭ ਠੀਕ ਠਾਕ ਈ ਹੋਵੇ।  ਆਪਾਂ ਹਰ ਮਹੀਨੇ ਜਿਹੜੇ ਪੈਸੇ ਬੇਬੇ ਜੀ ਤੇ ਬਾਪੂ ਜੀ ਨੂੰ ਭੇਜਦੇ ਆਂ, ਮੈਂ ਸੋਚਦੈਂ ਬਈ ਏਸ ਮਹੀਨੇ ਵੱਡੇ ਬਾਈ ਜੀ ਨੂੰ ਭੇਜ ਦੇਈਏ, ਉਹਨਾਂ ਨੂੰ ਤਸੱਲੀ ਹੋ ਜਾਵੇਗੀ ਬਈ ਸਾਨੂੰ ਉਹਨਾਂ ਦਾ ਫਿਕਰ ਹੈ।''
''ਠੀਕ ਐ।  ਐਜ਼ ਯੂ ਵਿਸ਼।  ਜਿਵੇਂ ਤੁਹਾਨੂੰ ਠੀਕ ਲੱਗੇ।  ਪਰ ਫੇਰ ਵੀ ਮਾਂ ਜੀ ਅਤੇ ਬਾਪੂ ਜੀ ਨੂੰ ਨਿਗਲੈਕਟ ਨਹੀਂ ਕਰਨਾ ਚਾਹੀਦਾ।''
''ਚਲੋ ਠੀਕ ਐ, ਉਹਨਾਂ ਨੂੰ ਇਸ ਮਹੀਨੇ ਥੋੜੇ ਘੱਟ ਭੇਜ ਦਿਆਂਗੇ''

***

ਗੁਰਨੇਕ ਨੂੰ ਚਰਨਜੀਤ ਦੀ ਚਿੱਠੀ ਪੜ੍ਹ ਕੇ ਤਸੱਲੀ ਹੋਈ।  ਕੁਝ ਦਿਨਾਂ ਪਿੱਛੋਂ ਮਨੀਆਰਡਰ ਵੀ ਪਹੁੰਚ ਗਿਆ।  ਗੁਰਨੇਕ ਨੇ ਹਰ ਹਫਤੇ ਚਿੱਠੀਆਂ ਲਿਖਣ ਦਾ ਸਿਲਸਿਲਾ ਜਾਰੀ ਰੱਖਿਆ।  ਕਦੇ ਕਦੇ ਤਾਂ ਉਹ ਹਫਤੇ ਵਿਚ ਦੋ ਤਿੰਨ ਚਿੱਠੀਆਂ ਵੀ ਲਿਖਦਾ।  ਕਿਸੇ ਕਿਸੇ ਖਾਸ ਚਿੱਠੀ ਵਿਚ ਹਦਾਇਤ ਹੁੰਦੀ ਕਿ ਪੜ੍ਹਨ ਸਾਰ ਉਹ ਚਿੱਠੀ ਪਾੜ ਦਿੱਤੀ ਜਾਵੇ।  ਚਰਨਜੀਤ ਵੀ ਉਸੇ ਤਰਾਂ ਹੀ ਉਹ ਚਿੱਠੀ ਉਸੇ ਵੇਲੇ ਪਾੜ ਸੁਟਦਾ।  ਉਹ ਆਪਣੇ ਵੱਡੇ ਭਰਾ ਦੀ ਹੱਦੋਂ ਵੱਧ ਇੱਜ਼ਤ ਹੀ ਨਹੀਂ ਸੀ ਕਰਦਾ ਸਗੋਂ ਬਹੁਤ ਪਿਆਰ ਵੀ ਕਰਦਾ ਸੀ।  ਪੈਸੇ ਨੂੰ ਹੱਥਾਂ ਦੀ ਮੈਲ ਸਮਝ ਕੇ ਪੈਸੇ ਭੇਜਦਾ ਰਹਿੰਦਾ।  ਗੁਰਨੇਕ ਨੇ ਲਗਾਤਾਰ ਚਿੱਠੀਆਂ ਲਿਖ ਲਿਖ ਕੇ ਚਰਨਜੀਤ ਨੂੰ ਘਰ ਗੇੜਾ ਮਾਰਨ ਲਈ ਮਜਬੂਰ ਕਰ ਦਿੱਤਾ।  ਅਖੀਰ ਚਰਨਜੀਤ ਨੇ ਕੁਝ ਦਿਨਾਂ ਦੀ ਛੁੱਟੀ ਲੈ ਕੇ ਘਰ ਜਾਣ ਦਾ ਪ੍ਰੋਗਰਾਮ ਬਣਾਇਆ।  ਅੰਜਲੀ ਨੂੰ ਉਸ ਨੇ ਸਮਝਾ ਲਿਆ ਕਿ ਦੋਹਾਂ ਦਾ ਹਸਪਤਾਲ ਵਿਚੋਂ ਇਕੱਠਿਆਂ ਗੈਰਹਾਜ਼ਰ ਹੋਣਾ ਠੀਕ ਨਹੀਂ ਸੀ ਅਤੇ ਉਹ ਜਿੰਨੀ ਛੇਤੀ ਹੋ ਸਕਿਆ ਸਭ ਨੂੰ ਮਿਲ ਮਿਲ਼ਾ ਕੇ ਮੁੜ ਆਵੇਗਾ।
ਚਰਨਜੀਤ ਦੇ ਘਰ ਪਹੁੰਚਣ ਤੇ ਭਗਤ ਸਿੰਘ ਤੇ ਦਿਆਕੁਰ ਬੜੇ ਖੁਸ਼ ਤਾਂ ਹੋਏ ਪਰ ਉਹਦੇ ਅਚਾਨਕ ਆਉਣ 'ਤੇ ਹੈਰਾਨ ਵੀ ਸਨ।  ਦਿਆਕੁਰ ਨੇ ਉਸ ਦਿਨ ਪੀਲੇ ਮਿੱਠੇ ਚੌਲ਼ ਬਣਾਏ ਤੇ ਸਬਜ਼ੀ ਦੇ ਨਾਲ ਇਕ ਦਾਲ ਵੀ ਬਣਾਈ ਨਾਲ ਬੂਰਾ ਖੰਡ ਘਿਓ ਪਾਇਆ।  ਚਰਨਜੀਤ ਨੂੰ ਰੋਟੀ ਖਾਂਦਿਆਂ ਆਪਣਾ ਬਚਪਨ ਚੇਤੇ ਆ ਗਿਆ, ਮਾਂ ਦੇ ਹੱਥਾਂ ਦੀ ਪੱਕੀ ਰੋਟੀ ਖਾਂਦਿਆਂ ਉਹਨੂੰ ਸੁਰਗਾਂ ਵਰਗੇ ਦਿਨ ਯਾਦ ਆਏ।
''ਬੇਬੇ ਜੀ ਅੱਜ ਤਾਂ ਸਦੀਆਂ ਪਿੱਛੋਂ ਥੋਡੇ ਹੱਥ ਦੀ ਰੋਟੀ ਖਾਣ ਨਾਲ ਆਤਮਾ ਪ੍ਰਸੰਨ ਹੋ-ਗੀ'
"ਡਾਕਟਰ ਬਣ ਕੇ ਤੈਨੂੰ ਬੜੀਆਂ ਗੱਲਾਂ ਔਣ ਲੱਗ ਪੀਆਂ ਹੁਣ।  ਚੁੱਪ ਕਰਕੇ ਰੋਟੀ ਖਾ।  ਅੰਜਲੀ ਤੈਨੂੰ ਚੰਗਾ ਰੋਟੀ ਟੁੱਕ ਪਕਾ ਕੇ ਖੁਆਉਂਦੀ ਹੁੰਦੀ ਐ ਕਿ ਬੱਸ ਐਵੇਂ ਡਬਲਰੋਟੀ 'ਤੇ ਈ ਗੁਜਾਰਾ ਕਰਦੇ ਓਂ?''
''ਨਹੀਂ ਬੇਬੇ ਜੀ।  ਰੋਟੀ ਤਾਂ ਉਹ ਚੰਗੀ ਬਣਾ ਲੈਂਦੀ ਐ ਪਰ ਥੋਡੇ ਹੱਥ ਦੀ ਰੋਟੀ ਦੀ ਰੀਸ ਨੀ ਕੋਈ ਕਰ ਸਕਦਾ।''
''ਉਹਨੂੰ ਵੀ ਪੁੱਤ ਨਾਲ ਲਈ ਔਣਾ ਸੀ।  ਸਾਰਿਆਂ ਨੂੰ ਮਿਲ-ਗਿਲ ਜਾਂਦੀ।''
''ਸਾਨੂੰ ਦੋਹਾਂ ਨੂੰ 'ਕੱਠੀ ਛੁੱਟੀ ਨਹੀਂ ਸੀ ਮਿਲ ਸਕਦੀ।  ਤੇ ਨਾਲੇ ਮੈਂ ਤਾਂ ਵੱਡੇ ਬਾਈ ਦੇ ਕਈ ਚਿੱਠੀਆਂ ਪੌਣ ਕਰਕੇ ਆਇਐਂ।'' ਚਰਨਜੀਤ ਨੇ ਰੋਟੀ ਖਾ ਕੇ ਹੱਥ ਧੋਂਦਿਆਂ ਕਿਹਾ।
"ਕਿਉਂ ਉਹਨੂੰ ਕਿਧਰੋਂ ਵਰਾਗ ਜਾਗ ਪਿਆ ਤੇਰਾ? ਐਹੋ ਜੀ ਕਿਹੜੀ ਗੱਲ ਐ ਬਈ ਜਿਹੜਾ ਤੂੰ ਭੱਜਿਆ ਆਇਐਂ?''
''ਲਓ ਬੇਬੇ ਜੀ ਤੇ ਬਾਪੂ ਜੀ ਤੁਸੀਂ ਦੋਏ ਬੈਠੇ ਓਂ।  ਵੱਡਾ ਬਾਈ ਇਹ ਚਾਹੁੰਦੈ ਬਈ ਉਸ ਨੂੰ ਤੁਸੀਂ ਉਹਦੀ ਬਣਦੀ ਜਾਇਦਾਦ ਦਾ ਹਿੱਸਾ ਹੁਣੇ ਦੇ ਦਿਓ।  ਤੇ ਮੈਨੂੰ ਵੀ ਏਸ 'ਚ ਕੋਈ ਇਤਰਾਜ਼ ਨਹੀਂ।''
ਭਗਤ ਸਿੰਘ ਤੇ ਦਿਆਕੁਰ ਗੱਲ ਸੁਣ ਕੇ ਬੜੇ ਹੈਰਾਨ ਹੋਏ।
"ਉਹ ਤਾਂ ਸਾਡੇ ਮਰੇ ਪਿਆਂ ਦੇ ਮੂੰਹ 'ਚ ਪਾਣੀ ਪਾ ਕੇ ਤਾਂ ਰਾਜੀ ਨੀ।  ਮਹੀਨਿਆਂ ਬੱਧੀ ਉਹਦੇ ਦਰਸ਼ਣ ਨੀ ਹੁੰਦੇ ਸਾਨੂੰ।  ਇਹ ਜੈਦਾਤ ਉਹਨੂੰ ਕਿਧਰੋਂ ਦਿਸ-ਪੀ? ਜੇ ਬਮਾਰ ਹੋ ਜੀਏ ਤਾਂ ਆਂਢੌਂ-ਗੁਆਢੋਂ, ਲੋਕ ਤਾਂ ਪਤਾ ਲੈਣ ਆ ਜਾਂਦੇ ਐ ਪਰ ਇਹ ਰੱਬ ਦੇ ਬੰਦੇ ਨੇ ਕਦੇ ਆ ਕੇ ਦੇਖਿਆ ਤੱਕ ਨੀ ਬਈ ਏਸ ਘਰ 'ਚ ਕੋਈ ਮਰਦਾ-ਜਿਉਂਦਾ ਹੈ ਵੀ ਕ ਨਹੀਂ।  ਹੁਣ ਜੈਦਾਤਾਂ ਦਿਸਣ ਲੱਗ ਪੀਆਂ ਇਹਨੂੰ...।''
ਦਿਆਕੁਰ ਕੋਲੋਂ ਗੁੱਸੇ ਵਿਚ ਚੰਗੀ ਤਰਾਂ ਬੋਲਿਆ ਵੀ ਨਹੀਂ ਸੀ ਜਾ ਰਿਹਾ।
"ਓ ਰਹਿਣ-ਦੇ।  ਕਿਉਂ ਐਵੇਂ ਦਿਨ ਰਾਤ ਖਪਦੀ ਰਹਿਨੀ ਐਂ।  ਰੱਬ ਰੱਬ ਕਰਿਆ ਕਰ।  ਅਸੀਂ ਕਿਹੜਾ ਜੈਦਾਤਾਂ ਨਾਲ ਚੱਕ ਕੇ ਲੈ ਜਾਣੀਐਂ।  ਸਭ ਕੁਸ਼ ਐਥੇ ਈ ਰਹਿ-ਜੂ।  ਨਾਲ ਜਾਣਗੇ ਬੰਦੇ ਦੇ ਚੰਗੇ-ਮਾੜੇ ਕਰਮ।'' ਭਗਤ ਸਿੰਘ ਨੇ ਦਿਆਕੁਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
"ਕਿਹੜੇ ਚੰਦਰੇ ਰੱਬ ਦਾ ਨਾਂ ਲਈਏ? ਕੀ ਬੁਰਾ ਕਰ 'ਤਾ ਅਸੀਂ ਰੱਬ ਦਾ ਨਾਲੇ ਔਹ ਵੱਡੇ ਖੱਬੀ-ਖਾਨ ਦਾ? ਰੱਬ ਨੂੰ ਨੀ ਦੀਂਹਦਾ ਕਿ ਕੀ ਹੋਈ ਜਾਂਦੈ? ਹੈ ਅਨਸਾਫ ਕਿਤੇ? ਸਾਰੀ ਉਮਰ ਢਿੱਡ-ਪੇਟ ਬੱਨ੍ਹ ਕੇ ਚਾਰ ਖੋਲੇ ਸਿਰ ਲਕ੍ਹੋਣ ਖਾਤਰ ਬਣਾਏ ਐ, ਉਹ ਵੀ ਬੁਰੇ ਲਗਦੇ ਐ ਇਹਨਾਂ ਨੂੰ! ਪੁੱਤ-ਪੋਤੇ ਜੈਦਾਤਾਂ ਹੋਰ ਬਣਾਉਂਦੇ ਹੁੰਦੇ ਐ ਕਿ ਅਗਲੀਆਂ ਬਣੀਆਂ ਦੀਆਂ ਵੰਡੀਆਂ ਪੌਂਦੇ ਹੁੰਦੇ ਐ? ਨਾਲੇ ਕੀ ਬੁਰਾ ਕਰ 'ਤਾ ਅਸੀਂ ਉਹਦਾ? ਪੜਾਉਣ 'ਚ ਕਸਰ ਛੱਡੀ? ਆਪ ਡਰਦਾ ਮਾਰਾ ਸਕੂਲੋਂ ਭੱਜਿਆ, ਮਗਰੋਂ ਜਦੋਂ ਅਕਲ ਠਕਾਣੇ ਆਈ ਤਾਂ 'ਹਮ ਕੋ ਅਖੇ ਮਾਂ ਪਿਓ ਨੇ ਨੀ ਪੜ੍ਹਨ ਦਿੱਤਾ।' ਵਿਆਹ ਨੀ ਕੀਤਾ? ਹੁਣ ਵੀ ਨੂਣ, ਤੇਲ, ਲਕੜਾਂ ਸਾਡੇ ਕੋਲੋਂ ਮੰਗ ਕੇ ਲਜਾਂਦੇ ਐ।  ਊਂ ਅਖੇ ਹਮ ਅੱਡ ਰਹਿਤੇ ਐਂ।  ਰਹੋ ਅੱਡ।  ਰਹਿ ਕੇ ਤਾਂ ਦਖਾਓ? ਬੱਸ ਆਹ ਇਕ ਕਸਰ ਰਹਿ-ਗੀ ਸੀ ਉਹ ਵੀ ਪੂਰੀ ਕਰ 'ਤੀ।  ਉਹਨੂੰ ਤੂੰ ਇਹ ਵੀ ਪੁੱਛੀਂ ਜਾ ਕੇ ਬਈ ਜੈਦਾਤ ਦੀ ਵੰਡ ਦੇ ਨਾਲ ਨਾਲ ਮਾਂ ਪਿਓ ਨੂੰ ਵੀ ਵੰਡ ਲਵੇ।  ਸਾਡੇ 'ਚੋਂ ਕਿਹੜਾ ਉਹਦੇ ਹਿੱਸੇ ਆਊ? ਉਹ ਵੀ ਦੱਸ ਦੇਵੇ? ਜੇ ਮੂੰਹੋਂ ਫੁੱਟਿਆ ਤਾਂ ਮੈਨੂੰ ਕਹੀਂ ।'' ਦਿਆਕੁਰ ਭਰੀ-ਪੀਤੀ ਬੈਠੀ ਸੀ।  ਗੱਲਾਂ ਵੀ ਸੱਚੀਆਂ ਸਨ।
''ਇਹਨੂੰ ਟੱਬਰ 'ਚ ਲੜਾਈ ਪਾ ਕੇ ਪਤਾ ਨੀ ਕੀ ਥਿਔਂਦੈ।''
ਭਗਤ ਸਿੰਘ ਆਪਣੀ ਥਾਂ ਪਰੇਸ਼ਾਨ ਸੀ।
''ਮੈਂ ਪੁਆਉਨੀ ਆਂ ਲੜਾਈ? ਸੱਚੀਆਂ ਗੱਲਾਂ ਆਖੇ ਤੋਂ ਜੇ ਲੜਾਈ ਪੈਂਦੀ ਐ ਤਾਂ ਪਵੇ।  ਕੋਈ ਇਕ ਗੱਲ ਝੂਠ ਐ ਤਾਂ ਦੱਸੋ?''
''ਬੇਬੇ ਜੀ ਤੁਸੀਂ ਇਕ ਮਿੰਟ ਮੇਰੀ ਗੱਲ ਸੁਣੋ।  ਉਹਨੂੰ ਕੋਈ ਬਿਮਾਰੀ...।''
"ਕੀ ਗੱਲ ਸੁਣਾਂ ਤੇਰੀ? ਤੈਨੂੰ ਚੱਕ-ਚਕਾ ਕੇ ਤੇਰਾ ਕੰਮ ਛਡਾ ਕੇ ਆਪਣੀ ਵਕਾਲਤ ਕਰਨ ਵਾਸਤੇ ਜੀਹਨੇ ਸੱਦਿਐ, ਉਹਨੂੰ ਸੁਣਾ ਜਾ ਕੇ ਗੱਲ।  ਕੋਈ ਉਹਨੂੰ ਬਮਾਰੀ-ਬਮੂਰੀ ਨੀ ਲੱਗੀ।  ਮੈਂ ਸਭ ਜਾਣਦੀ ਆਂ।  ਪੋਤੜੇ ਧੋਤੇ ਐ ਉਹਦੇ।  ਉਹ ਖੇਖਣ ਕਰਦੈ ਪੂਰੇ।  ਫਫੇ ਕੁੱਟਣੀਆਂ ਬੁੜ੍ਹੀਆਂ ਤੋਂ ਵੀ ਦੋ ਰੱਤੀਆਂ ਵਾਧੂ ਐ।  ਮੇਰੇ ਕੰਨੀਓਂ ਭਾਮੇ ਸਾਰੇ ਘਰ ਨੂੰ ਅੱਗ ਲਾ ਕੇ ਫੂਕ ਦਿਓ।  ਘਰ 'ਚ ਬਰਕਤ ਸੁਆਹ ਰਹਿਣੀ ਐ ਜਦੋਂ ਢਾਈ ਟੋਟਰੂ 'ਕੱਠੇ ਹੋ ਕੇ ਨੀ ਰਹਿ ਸਕਦੇ? ਤੁਸੀਂ ਦੋਏ ਪਿਓ-ਪੁੱਤ ਵੀ ਗੱਲ ਸੁਣ ਲੋ ਅੱਜ ਮੇਰੀ।  ਜਿੱਦੇਂ ਇਹਨੂੰ ਆਵਦਾ ਹਿੱਸਾ ਮਿਲ ਗਿਆ ਇਹ ਵੇਚ ਕੇ ਔਹ ਜਾਊ ਤੇ ਸਾਡੇ ਵਾਸਤੇ ਕੋਈ ਅੱਕ ਬੀਜ ਕੇ ਜਾਊ।  ਅਖੇ ਅੱਗ ਲੱਗੀ ਡੱਬੂ ਕੰਧ 'ਤੇ।  ਇਹਦਾ ਤਾਂ ਉਹ ਹਾਲ ਐ।  ਕਿਸੇ ਐਹੋ ਜੇ ਬੰਦੇ ਨੂੰ ਆਵਦਾ ਹਿੱਸਾ ਵੇਚ ਕੇ ਜਾਊ ਜਿਹੜਾ ਸਾਡਾ ਜਿਉਣਾ ਦੁੱਭਰ ਕਰੇ।  ਇਹ ਜਿਹੜੀਆਂ ਗੱਲਾਂ ਕਰਦੈ ਨਾ, ਮੇਰੇ ਨਹਾਂ 'ਚ ਪਈਐਂ। ਨਾਲੇ ਕਿਹੜੇ ਹੱਕ ਨਾਲ ਮੰਗਦੈ ਇਹ ਜੈਦਾਤ ਦਾ ਹਿੱਸਾ? ਅਸੀਂ ਅਜੇ ਮਰ ਤਾਂ ਨੀ ਗਏ? ਜਿੱਦੇਂ ਮਰ-ਗੇ ਓਦੇਂ ਵੰਡ ਲਿਓ ਦੋਏ ਭਰਾ।  ਆਹ ਤੇਰਾ ਪਿਓ ਤਾਂ ਲਾਈ-ਲੱਗ ਐ।  ਹੁਣੇ ਕਾਗਤ ਬਣਾ ਕੇ ਲਿਆ-ਹੁਣੇ ਈ ਗੂਠਾ ਲਾ-ਦੂ।  ਰਹਿ ਜੂੰਗੀ ਮੈਂ ਠੂਠਾ ਫੜ ਕੇ ਮੰਗਣ-ਖਾਣ ਜੋਗੀ।  ਚਰਨੀਂ; ਵੇ ਤੂੰ ਤਾਂ ਸਿਆਣਾ ਸੀ, ਤੈਨੂੰ ਵੀ ਇਹਨੇ ਭਰਮਾ ਲਿਆ? ਹੈਂ?'' ਦਿਆਕੁਰ ਫੇਰ ਅੱਖਾਂ ਪੂੰਝਣ ਲੱਗ ਪਈ।
''ਬੇਬੇ ਜੀ ਆਪਾਂ ਸਾਰੇ ਇਕੋ ਟੱਬਰ ਦੇ ਜੀਅ ਆਂ...।''
"ਜੇ ਇਕੋ ਟੱਬਰ ਦੇ ਜੀਅ ਓਂ ਤਾਂ ਰਹੋ ਇਕੋ ਟੱਬਰ ਵੰਗੂੰ।  ਸਾਡੀਆਂ ਅੱਖਾਂ ਮਿਚਣ ਤੋਂ ਪਹਿਲਾਂ ਈ ਵੰਡ-ਵੰਡਈਆ ਕਰਨ ਨੂੰ ਫਿਰਦੇ ਓਂ? ਕੋਈ ਰਾਹ ਸਿਰ ਦੀ ਗੱਲ ਹੋਵੇ ਤਾਂ ਬੰਦੇ ਨੂੰ ਸਮਝ ਵੀ ਆਵੇ ਇਹ ਤਾਂ ਦਿਨ-ਦਿਹਾੜੇ ਡਾਕਾ ਮਾਰਨ ਆਲੀ ਗੱਲ ਹੋ-ਗੀ।''
"ਓਏ ਕਿਸੇ ਨੇ ਨੀ ਮਾਰਿਆ ਡਾਕਾ ਤੇਰੇ ਘਰ 'ਤੇ।  ਕਿਉਂ ਤੂੰ ਐਵੇਂ ਖਪਾ-ਖੂਨ ਹੋਈ ਪਈ ਐਂ? ਹੈਂ।  ਵੰਡੂ ਤਾਂ ਮੈਂ ਈ ਨਾ! ਚਲ ਆਪਾਂ ਅਜੇ ਕੁਸ਼ ਨੀ ਕਰਦੇ।  ਬੱਸ! ਤੂੰ ਹੁਣ ਚੁੱਪ ਕਰ-ਜਾ।'' ਭਗਤ ਸਿੰਘ ਨੇ ਦਿਆਕੁਰ ਨੂੰ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਦਿਆਕੁਰ ਨੇ ਫੇਰ ਰੋਣਾ ਸ਼ੁਰੂ ਕਰ ਦਿੱਤਾ।  ਉਹਨੂੰ ਕੋਈ ਰਾਹ ਨਹੀਂ ਸੀ ਦਿਸ ਰਿਹਾ।  ਜਿਉਂ ਜਿਉਂ ਬੁਢਾਪਾ ਨੇੜੇ ਆਈ ਜ਼ਾਂਦਾ ਸੀ।  ਮੁਸੀਬਤਾਂ ਦਾ ਪਹਾੜ ਹੋਰ ਵੱਡਾ ਹੋਈ ਜ਼ਾਂਦਾ ਸੀ।  ਦੋ ਪੁੱਤਾਂ ਦੇ ਹੁੰਦਿਆਂ ਵੀ ਉਹਨੂੰ ਭਵਿੱਖ ਹਨੇਰਾ ਲੱਗ ਰਿਹਾ ਸੀ।
"ਬੰਦੇ ਦਾ ਕੋਈ ਪਤੈ? ਅਜ ਹੈ, ਕੱਲ੍ਹ ਨੂੰ ਹੈ ਨੀ! ਮੈਂ ਤਾਂ ਕਹਿਨੀ ਆਂ ਬਈ ਕੱਲ੍ਹ ਦੀ ਮਰਦੀ ਅੱਜ ਈ ਮਰ-ਜਾਂ।  ਪਰ ਜੇ ਕਿਤੇ ਤੇਰੇ ਬਾਪੂ ਜੀ ਨੂੰ ਕੱਲ੍ਹ ਨੂੰ ਕੁਸ਼ ਹੋ ਗਿਆ ਤਾਂ ਮੈਂ ਤਾਂ ਮੰਗਣ-ਖਾਣ ਜੋਗੀ ਵੀ ਨੀ ਰਹਿਣਾ।  ਪਤਾ ਨੀ ਰੱਬ ਵੀ ਕਿਉਂ ਬਦਲੇ ਲਈ ਜਾਂਦੈ।  ਚਾਰ ਦਿਨ ਸੁਖ ਦੇ ਕੀ ਦੇਖਣੇ ਐਂ, ਸਾਡਾ ਤਾਂ ਬੁਢਾਪਾ ਈ ਰੁਲੀ ਜਾਂਦੈ!''
''ਬੇਬੇ ਜੀ ਮੈਂ ਹੈਗਾ ਨਾ...।  ਤੁਸੀਂ ਕਿਉਂ ਇਹੋ ਜੀਆਂ ਗੱਲਾਂ ਕਰਦੇਂ ਓਂ? ਜੇ ਇਹੋ ਜੀ ਗੱਲ ਐ ਤਾਂ ਅੱਜ ਈ ਚੱਲੋ ਮੇਰੇ ਨਾਲ ਅਹਿਮਾਦਾਬਾਦ।  ਮੰਜੇ 'ਤੇ ਬਹਿ ਕੇ ਰਾਜ ਕਰਿਓ। ਮੈਂ ਤਾਂ ਕਹਿਨੈ ਤੁਸੀਂ ਦੋਏ ਚੱਲੋ ਮੇਰੇ ਨਾਲ। ਏਥੇ ਬਹਿ ਕੇ ਖੱਜਲ ਹੋਣ ਦੀ ਕੀ ਲੋੜ ਐ?''
''ਤੂੰ ਆਵਦੀਆਂ ਸਿਆਣੀਆਂ ਗੱਲਾਂ ਆਵਦੇ ਕੋਲ ਰੱਖ।  ਜਿੱਦੇਂ ਅਸੀਂ ਏਸ ਘਰੋਂ ਨਿਕਲੇ ਦੂਜੇ ਦਿਨ ਇਹ ਘਰ ਕਿਸੇ ਨੇ ਸਾਂਭ ਲੈਣੈ।  ਮਗਰੋਂ ਫਿਰੀ ਜਾਵਾਂਗੇ ਗਲੀਆਂ 'ਚ ਧੱਕੇ ਖਾਂਦੇ।''
''ਚਰਨੀ ਮੈਨੂੰ ਲਗਦੈ ਤੇਰੀ ਮਾਂ ਦਾ ਦਮਾਕ ਹਿੱਲ ਗਿਆ।  ਪਤਾ ਨੀ ਇਹੋ ਜੀਆਂ ਗੱਲਾਂ ਇਹ ਕਿਉਂ ਕਰਦੀ ਐ? ਗੁਰਬਾਣੀ ਵਿਚ ਲਿਖਿਐ-
'ਨ ਕਿਸ ਕਾ ਪੂਤ ਨ ਕਿਸ ਕੀ ਮਾਈ।
ਝੂਠੇ ਮੋਹਿ ਭਰਮ ਭੁਲਾਈ।।'
ਇਹ ਦਿਨ ਰਾਤ ਹਾਏ ਮੇਰੇ ਪੁੱਤ, ਹਾਏ ਮੇਰੇ ਪੁੱਤਾਂ ਦੀ ਰਟ ਲਾਈ ਰਖਦੀ ਐ।''
"ਹਾਂ-ਹਾਂ।  ਪੁੱਤ ਤਾਂ ਪਿਓ ਦੇ ਈ ਹੁੰਦੇ ਐ, ਮਾਂ ਤਾਂ ਕੁਸ਼ ਨੀ ਲਗਦੀ, ਜੀਹਨੇ ਨੌਂ ਮਹੀਨੇ ਢਿੱਡ 'ਚ ਰੱਖ ਕੇ ਤੇ ਫੇਰ ਮਗਰੋਂ ਆਪ ਗਿੱਲੇ ਥਾਂ ਤੇ ਉਹਨਾਂ ਨੂੰ ਸੁੱਕੇ ਥਾਂ ਪਾ ਕੇ ਪਾਲਿਆ ਹੁੰਦੈ।  ਕੋਈ ਕੀਮਤ ਨੀ ਮਾਂ ਦੇ ਦੁੱਧ ਦੀ ਨਾ ਉਹਦੀ ਕੀਤੀ-ਕੱਤਰੀ ਦੀ! ਦੁਨੀਆਂ ਦੀ ਕਿਹੜੀ ਮਾਂ ਐ ਜਿਹੜੀ ਆਪਣੇ ਧੀਆਂ-ਪੁੱਤਾਂ ਨੂੰ ਮੋਹ ਨੀ ਕਰਦੀ? ਅਖੇ ਮੋਹ ਪਿਆਰ ਤਿਆਗ ਦਿਓ।  ਕਿਮੇ ਤਿਆਗ ਦੀਏ? ਜੇ ਮੋਹ ਈ ਨਾ ਰਿਹਾ ਦੁਨੀਆਂ 'ਚ ਫੇਰ ਹੋਰ ਰਹੂ ਕੀ ਰੱਬ ਦੀ ਮਾਂ ਦਾ ਸਿਰ? ਇਹ ਵੇਦਾਂ ਗਰੰਥਾਂ ਆਲੀਆਂ ਗੱਲਾਂ ਝੂਠੀਐਂ।  ਮੋਹ ਤਿਆਗ ਕੇ ਜਿਹੜੇ ਜੰਗਲਾਂ 'ਚ ਉਠ ਜਾਂਦੇ ਐ ਉਹ ਮੁੜ ਕੇ ਫੇਰ ਸਾਡੇ ਵਰਗਿਆਂ ਕੋਲ ਠੂਠਾ ਫੜ ਕੇ ਮੰਗਣ ਆ ਜਾਂਦੇ ਐ।  ਜੀ ਤਾਂ ਉਹਨਾਂ ਦਾ ਵੀ ਜੰਗਲਾਂ 'ਚ ਨੀ ਲਗਦਾ।  ਖਾਣ ਨੂੰ ਤਾਂ ਜੰਗਲਾਂ 'ਚ ਵੀ ਬਥੇਰਾ ਕੁਸ਼ ਐ ਪਰ ਏਧਰ ਨੂੰ ਫੇਰ ਖਸਮਾਂ ਨੂੰ ਖਾਣ ਔਂਦੇ ਐ? ਮੋਹ ਦੇ ਬੱਧੇ ਈ ਔਂਦੇ ਐ ਨਾ?''
''ਦੱਸ ਤੇਰੀ ਮਾਂ ਤਾਂ ਮਨਮੁੱਖਾਂ ਆਲੀਆਂ ਗੱਲਾਂ ਕਰਦੀ ਐ।  ਗੁਰਾਂ ਨੇ ਫਰਮਾਇਐ-
'ਰਤਨ ਪਦਾਰਥ ਮਾਣਕਾ ਸੁਇਨਾ ਰੂਪਾ ਖਾਕੁ।।
ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ।।
ਜਿਨ ਕੀਤਾ ਤਿਸਹਿ ਨਾ ਜਾਣਈ ਮਨਮੁਖ ਪਸੁ ਨਾਪਾਕ।।'
ਬੰਦੇ ਨੂੰ ਗੁਰਬਾਣੀ ਦੇ ਲੜ ਲਗ ਕੇ ਈ ਸੋਝੀ ਆਉਂਦੀ ਐ।''
ਭਗਤ ਸਿੰਘ ਆਪਣੇ ਸੁਭਾਅ ਅਨੁਸਾਰ ਫੇਰ ਸਮਝਾਉਣ ਲੱਗ ਪਿਆ ਸੀ।  ਪਰ ਦਿਆਕੁਰ ਦੀ ਮਮਤਾ ਜਿਵੇਂ ਸੜ-ਭੁੱਜ ਰਹੀ ਹੋਵੇ।  ਉਹਦਾ ਮਨ ਅੰਦਰੋਂ ਤੜਪ ਰਿਹਾ ਸੀ।  ਉਹ ਫੇਰ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਣ ਲੱਗ ਪਈ।  
''ਚੰਗਾ ਭਾਈ ਜਿਉਂਦੇ ਵੱਸਦੇ ਰਹੋ।  ਰੰਗ ਭਾਗ ਲੱਗੇ ਰਹਿਣ ਜਿਉਣ ਜੋਗਿਓ।  ਜੇ ਮੈਨੂੰ ਪੁਛਦੇ ਓਂ ਤਾਂ ਜਾ ਕੇ ਕਹਿ ਦੇ ਨੇਕ ਨੂੰ ਬਈ ਜਿੰਨਾ ਚਿਰ ਅਸੀਂ ਬੈਠੇ ਆਂ ਸਾਨੂੰ ਚੈਨ ਨਾਲ ਬੈਠਾ ਰਹਿਣ ਦੇਵੇ।  ਮਗਰੋਂ ਜਿਹੜੀ ਖੇਹ ਉਡਾਉਣੀ ਐਂ ਉਡਾ ਲਿਓ।'' ਦਿਆਕੁਰ ਨੇ ਜਿਵੇਂ ਆਪਣਾ ਆਖਰੀ ਫੈਸਲਾ ਸੁਣਾ ਦਿੱਤਾ ਹੋਵੇ।
''ਚੰਗਾ ਬਾਪੂ ਜੀ ਜੇ ਤੁਸੀਂ ਵੀ ਇਹੀ ਚਾਹੁੰਨੇ ਓਂ ਤਾਂ ਮੈਂ ਵੱਡੇ ਬਾਈ ਨੂੰ ਕਹਿ ਦਿਨੈਂ।''
''ਕੋਈ ਨੀ ਭਾਈ ਉਹਨੂੰ ਤੂੰ ਜਾ ਕੇ ਸਮਝਾ ਦੇ ਜੇ ਸਮਝਦੈ ਤਾਂ।  ਜੇ ਉਹਦਾ ਸਾਡੇ ਨਾਲ ਗੱਲ ਕਰਨ ਨੂੰ ਜੀ ਕਰਦੈ ਤਾਂ ਜੀ ਸਦਕੇ ਆ ਕੇ ਕਰੇ।''
ਭਗਤ ਸਿੰਘ ਨੇ ਸਲਾਹ ਦਿੱਤੀ।
''ਹਾਂ, ਆਖ ਦੇ ਜਾ ਕੇ ਉਹਨੂੰ ਜੇ ਗੱਲ ਵੀ ਕਰਨੀ ਐਂ ਤਾਂ ਕਰ ਲੇ।  ਘੱਟੋ ਘੱਟ ਏਸੇ ਬਹਾਨੇ ਸਾਨੂੰ ਮਾਂ ਪਿਓ ਨੂੰ ਉਹਦੇ ਦਰਸ਼ਣ ਤਾਂ ਹੋ ਜਾਣਗੇ।  ਹੁਣ ਉਹ ਵੱਡਾ ਬੰਦਾ ਬਣ ਗਿਆ।  ਸਾਨੂੰ ਢੋਰਾਂ ਨੂੰ ਕਿਥੇ ਸਿਆਣਦੈ।  ਪਰ ਸਾਡੇ ਅੰਦਰੋਂ ਤਾਂ ਫੇਰ ਵੀ ਅਸੀਸਾਂ ਈ ਨਿਕਲਦੀਐਂ।'' ਦਿਆਕੁਰ ਨੇ ਰੋਂਦਿਆਂ ਗੱਲ ਖਤਮ ਕਰਨੀ ਚਾਹੀ।  
ਚਰਨਜੀਤ ਨੇ ਗੁਰਨੇਕ ਨੂੰ ਸਾਰੀ ਗੱਲ ਦੱਸੀ।  ਉਹ ਅੱਗੋਂ ਚੁੱਪ ਕਰ ਰਿਹਾ ਤੇ ਕੁਝ ਨਾ ਬੋਲਿਆ।
''ਮੇਰੇ ਖਿਆਲ 'ਚ ਬਾਈ ਜੀ ਤੁਸੀਂ ਆਪ ਵੀ ਗੱਲ ਕਰਕੇ ਦੇਖ ਲਓ।  ਨਾਲੇ ਬੇਬੇ ਜੀ ਦਾ ਗੁੱਸਾ ਠੰਢਾ ਹੋ-ਜੂ।  ਕੀ ਪਤੈ ਉਹ ਗੱਲ ਮੰਨ ਈ ਜਾਣ।  ਬੇਬੇ ਨੂੰ ਤਾਂ ਸਿਰਫ ਏਸੇ ਗੱਲ ਦਾ ਗੁੱਸੈ ਬਈ ਤੁਸੀਂ ਕਦੇ ਉਹਨਾਂ ਨਾਲ ਗੱਲ ਵੀ ਨਹੀਂ ਕਰਦੇ।''
''ਬੰਦਾ ਕਰੇ ਵੀ ਤਾਂ ਕੀ ਗੱਲ ਕਰੇ? ਅਗੋਂ ਚਾਰ ਸਲੋਕ ਸੁਨਣ ਨੂੰ ਮਿਲਦੇ ਐ।  ਚਲੋ ਜੇ ਮੇਰੀ ਕਿਸਮਤ ਵਿਚ ਭੱਠ ਝੋਖਣਾ ਲਿਖਿਐ ਤਾਂ ਮੈਂ ਝੋਖੀ ਜਾਊਂ।  ਤੈਨੂੰ ਤਾਂ ਉਹ ਸਰਬਣ ਪੁੱਤ ਸਮਝਦੇ ਐ।  ਮੈਂ ਸੋਚਿਆਂ ਸ਼ਾਇਦ ਮੇਰੀ ਠੀਕ ਗੱਲ ਤੇਰੇ ਰਾਹੀਂ ਸਮਝ ਜਾਣਗੇ।'' ਗੁਰਨੇਕ ਨੇ ਨੀਂਵੀ ਪਾਈ ਹੌਲੀ ਹੌਲੀ ਆਪਣੇ ਵਿਲੱਖਣ ਅੰਦਾਜ਼ ਵਿਚ ਇਹ ਗੱਲ ਆਖੀ।
"ਨਹੀਂ ਤੁਸੀਂ ਇਉਂ ਨਾ ਸੋਚੋ।  ਮੇਰੇ ਵਾਸਤੇ ਜਿਥੇ ਉਹ ਆਪਣੇ ਮਾਪੇ ਐਂ ਤੁਸੀਂ ਵੀ ਮੈਨੂੰ ਵੱਡੇ ਭਰਾ ਹੀ ਨਹੀਂ ਸਗੋਂ ਪਿਓ ਵਰਗੇ ਈ ਓਂ।  ਮੈਂ ਤਾਂ ਤੁਹਾਨੂੰ ਕਦੇ ਪਿੱਠ ਨੀ ਦਖਾਈ...ਸਗੋਂ...।''
"ਨਹੀਂ ਮੈਨੂੰ ਤੇਰੇ ਨਾਲ ਕੋਈ ਗਿਲਾ ਨਹੀਂ।  ਉਲਟਾ ਜੇ ਕਿਸੇ ਗੱਲ ਦੀ ਤਸੱਲੀ ਐ ਤਾਂ ਉਹ ਇਹੋ ਕਿ ਜੇ ਏਸ ਘਰ ਵਿਚ ਕੋਈ ਮੈਨੂੰ ਅੱਜ ਤਕ ਸਮਝ ਸਕਿਐ ਤਾਂ ਉਹ ਤੂੰ ਹੀ ਐਂ।  ਅਗੋਂ ਲਈ ਵੀ ਮੈਨੂੰ ਇਹ ਤਸੱਲੀ ਐ ਕਿ ਤੂੰ ਕਦੇ ਵੀ ਮੇਰੀ ਗੱਲ ਥੱਲੇ ਨਹੀਂ ਡਿੱਗਣ ਦੇਵੇਂਗਾ।  ਜੇ ਇਹ ਫੈਸਲਾ ਹੋ ਜਾਂਦਾ ਤਾਂ ਆਪਾਂ ਸਾਰਿਆਂ ਨੇ ਸੁਖਾਲੇ ਰਹਿਣਾ ਸੀ ਪਰ ਹੁਣ ਇਉਂ ਲਗਦਾ ਐ ਬਈ ਸੰਤਾਪ ਸਭ ਨੂੰ ਭੋਗਣਾ ਪਊ।  ਮੇਰਾ ਕੋਈ ਪਤਾ ਨੀ, ਮੈਨੂੰ ਬਿਮਾਰੀਆਂ ਐਸੀਆਂ ਲੱਗੀਐਂ ਕਿ ਡਾਕਟਰਾਂ ਨੂੰ ਵੀ ਸਮਝ ਨਹੀਂ ਆਉਂਦੀ ਇਲਾਜ ਤਾਂ ਦੂਰ ਦੀ ਗੱਲ ਐ। ਪਤਾ ਨਹੀਂ ਮੇਰਾ ਬਣੂ ਕੀ...!''  ਕਹਿ ਕੇ ਗੁਰਨੇਕ ਅੱਖਾਂ ਪੂੰਝਣ ਲੱਗ ਪਿਆ।  ਚਰਨਜੀਤ ਨੇ ਉਹਨੂੰ ਜੱਫੀ ਪਾ ਲਈ।  ਉਹ ਆਪਣੇ ਭਰਾ ਨੂੰ ਦੁਖੀ ਨਹੀਂ ਸੀ ਦੇਖਣਾ ਚਾਹੁੰਦਾ।
''ਵੱਡੇ ਬਾਈ ਜੋ ਕੁਝ ਮੇਰੇ ਵੱਸ ਐ ਉਹਦੀ ਜ਼ਿੰਮੇਵਾਰੀ ਮੈਂ ਲੈ ਸਕਦੈਂ।  ਤੁਸੀਂ ਜੇ ਚਾਹੋ ਤਾਂ ਮੈਂ ਲਿਖ ਕੇ ਦੇਣ ਨੂੰ ਤਿਆਰ ਆਂ।  ਮੈਨੂੰ ਵੀ ਪਤੈ ਕਿ ਤੁਸੀਂ ਕਦੇ ਵੀ ਮੇਰੇ ਨਾਲ ਬੇਈਮਾਨੀ ਨਹੀਂ ਕਰੋਗੇ।  ਮੇਰੇ ਵਾਸਤੇ ਤਾਂ ਆਪਣੇ ਮਾਂ-ਪਿਓ ਵੀ ਰੱਬ ਦਾ ਰੂਪ ਈ ਐ।  ਬੱਸ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਤੇ ਬਹੁਤਾ ਫਿਕਰ ਨਾ ਕਰਿਆ ਕਰੋ।''
''ਕੋਈ ਨੀ ਜਦੋਂ ਤੇਰੀ ਮਦਦ ਦੀ ਲੋੜ ਪਈ ਤਾਂ ਦੱਸੂੰਗਾ।  ਪਰ ਅਜ ਤਾਂ ਘਰ ਦੇ ਹਾਲਾਤ ਇਹੋ ਜੇ ਐ ਬਈ ਕੁਝ ਵੀ ਨਹੀਂ ਹੋ ਸਕਦਾ।''
ਗੁਰਨੇਕ ਭਾਵੇਂ ਆਪਣੇ ਮੂੰਹੋਂ ਇਹ ਗੱਲਾਂ ਕੱਢ ਰਿਹਾ ਸੀ ਪਰ ਦਿਮਾਗ਼ ਉਹਦਾ ਹੋਰ ਸਕੀਮਾਂ ਘੜ ਰਿਹਾ ਸੀ।  ਉਹ ਸੋਚ ਰਿਹਾ ਸੀ ਕਿ ਉਹਦਾ ਹਿੱਸਾ ਤਾਂ ਕੀ ਉਹ ਆਰਾਮ ਨਾਲ ਬੈਠੇ ਬਠਾਏ ਹੋਰ ਵੀ ਕਾਫੀ ਕੁਝ ਹਥਿਆਏਗਾ।  ਜੇ ਸਿੱਧੀ ਉਂਗਲ ਨਾਲ ਘਿਓ ਨਾ ਨਿਕਲਿਆ ਤਾਂ ਟੇਢੀ ਕਰਨ ਨੂੰ ਕਿਹੜਾ ਜੋਰ ਲਗਦੈ।  
ਗੁਰਨੇਕ ਨੂੰ ਆਪਣੀ ਮਾਂ ਨਾਲੋਂ ਬਹੁਤਾ ਗੁੱਸਾ ਪਿਓ ਤੇ ਆਉਂਦਾ ਸੀ।  ਉਸ ਨੂੰ ਉਹ ਗੀਦੀ ਜਿਹਾ ਬੰਦਾ ਸਮਝਦਾ ਸੀ ਜਿਹੜਾ ਘਰ-ਗ੍ਰਹਿਸਥੀ ਦੇ ਫੈਸਲੇ ਮਰਦਾਂ ਵਰਗੀ ਦਲੇਰੀ ਨਾਲ ਨਹੀਂ ਸੀ ਕਰ ਸਕਦਾ।  ਉਹ ਬਚਪਨ ਤੋਂ ਦੇਖਦਾ ਆ ਰਿਹਾ ਸੀ ਕਿ ਜਦੋਂ ਵੀ ਘਰ ਵਿਚ ਕੋਈ ਸਮੱਸਿਆ ਹੁੰਦੀ ਤਾਂ ਉਹਦਾ ਪਿਓ ਗੁਰਬਾਣੀ ਦੇ ਸ਼ਬਦ ਸੁਨਾਉਣੇ ਸ਼ੁਰੂ ਕਰ ਦਿੰਦਾ ਜਿਵੇਂ ਉਹਨਾਂ ਨਾਲ ਸਮੱਸਿਆ ਹੱਲ ਹੋ ਜਾਣੀ ਹੋਵੇ।  ਉਹ ਆਪਣੇ ਪਿਓ ਨੂੰ ਡਰੂ ਤੇ ਕਮਜ਼ੋਰ ਜਿਹਾ ਬੰਦਾ ਸਮਝਦਾ ਸੀ ਜਿਹੜਾ ਤੀਵੀਆਂ ਦੀਆਂ ਗੱਲਾਂ ਪਿੱਛੇ ਲੱਗ ਕੇ ਘਰ ਦੇ ਫੈਸਲੇ ਕਰਦਾ ਸੀ।  ਮਿਹਨਤ ਕਰਕੇ ਭਾਵੇਂ ਉਹਨੇ ਮਾੜੀ ਮੋਟੀ ਜਾਇਦਾਦ ਬਣਾ ਲਈ ਸੀ ਪਰ ਉਸ ਨੂੰ ਅੱਗੇ ਹੋਰ ਬੜੇ ਸੌਖੇ ਢੰਗ ਨਾਲ ਵਧਾਇਆ ਜਾ ਸਕਦਾ ਸੀ।  ਪਰ ਘਰ ਵਿਚ ਕੋਈ ਵੀ ਉਹਦੀ ਗੱਲ ਸੁਨਣੀ ਤਾਂ ਦੂਰ ਉਹਦੀ ਸ਼ਕਲ ਦੇਖਣ ਨੂੰ ਵੀ ਰਾਜ਼ੀ ਨਹੀਂ ਸੀ।  ਇਹਨਾਂ ਕਾਰਨਾਂ ਕਰਕੇ ਗੁਰਨੇਕ ਨੇ ਹੌਲੀ ਹੌਲੀ ਸਮਾਂ ਗੁਜ਼ਰਦਿਆਂ ਇਹ ਫੈਸਲਾ ਕਰ ਲਿਆ ਸੀ ਕਿ ਉਹ ਹੁਣ 'ਆਪਣੀਆਂ ਬਣੀਆਂ ਆਪ ਈ ਨਬੇੜੇਗਾ।' ਉਹ 'ਕੁਝ' ਕਰ ਕੇ ਦਿਖਾਏਗਾ।  ਕੁਝ 'ਬਣ' ਕੇ ਦਿਖਾਏਗਾ।

***

ਅਗਲੇ ਦਿਨ ਅਚਾਨਕ ਮਹਿੰਦਰ ਸਿੰਘ, ਸੁਰਜੀਤ ਤੇ ਆਪਣੇ ਦੋਹਾਂ ਬੱਚਿਆਂ ਨਾਲ ਮਿਲਣ ਆ ਗਿਆ।  ਰਾਣੀ ਚਾਰ ਕੁ ਸਾਲ ਦੀ ਹੋ ਚੁੱਕੀ ਸੀ।  ਪਿਛਲੇ ਸਾਲ ਉਹਨਾਂ ਦੇ ਘਰ ਇਕ ਮੁੰਡੇ ਨੇ ਜਨਮ ਲਿਆ।  ਮੁੰਡੇ ਦਾ ਨਾਂ ਬਿੱਲਾ ਰੱਖਿਆ ਸੀ।  ਉਹਦੀਆਂ ਅੱਖਾਂ ਬਿੱਲੀਆਂ ਸਨ ਤੇ ਰੰਗ ਵੀ ਗੋਰਾ ਸੀ।  ਦਿਆਕੁਰ ਨੇ ਵੀ ਉਹਨਾਂ ਦੇ ਆਉਣ ਦਾ ਚਾਅ ਕੀਤਾ।  ਚਰਨਜੀਤ ਤੇ ਮਹਿੰਦਰ ਸਿੰਘ ਬੈਠੇ ਖਾਸਾ ਚਿਰ ਗੱਲਾਂ ਕਰਦੇ ਰਹੇ।  ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਗਾਜ਼ੀਆਬਾਦ ਲੈ ਜਾਣ ਲਈ ਆਇਆ ਸੀ।  ਅੱਜ ਕਿਉਂਕਿ ਰੱਖੜੀ ਦਾ ਦਿਨ ਐ ਸੁਰਜੀਤ ਨੇ ਸੋਚਿਆ ਕਿ ਜਾਣ ਤੋਂ ਪਹਿਲਾਂ ਨਾਲੇ ਮਿਲ-ਗਿਲ ਜਾਏਗੀ ਨਾਲੇ ਰੱਖੜੀ ਬੰਨ੍ਹ ਆਏਗੀ।  ਚਰਨਜੀਤ ਰੱਖੜੀ ਦੀ ਗੱਲ ਸੁਣ ਕੇ ਭਾਵੁਕ ਹੋ ਗਿਆ।  ਉਸ ਨੂੰ ਕਦੇ ਕਿਸੇ ਨੇ ਰੱਖੜੀ ਨਹੀਂ ਸੀ ਬੰਨ੍ਹੀ।  ਉਹਦੀ ਭੈਣ ਤਾਂ ਛੋਟੇ ਹੁੰਦੇ ਦੀ ਗੁਜ਼ਰ ਗਈ ਸੀ।  ਜੇ ਬੰਨ੍ਹੀ ਵੀ ਹੋਵੇਗੀ ਤਾਂ ਯਾਦ ਨਹੀਂ ਸੀ।  ਏਨੇ ਨੂੰ ਸੁਰਜੀਤ ਇਕ ਥਾਲੀ ਵਿਚ ਲੱਡੂ ਤੇ ਰੱਖੜੀ ਰੱਖ ਕੇ ਲੈ ਆਈ ਤੇ ਚਰਨਜੀਤ ਦੇ ਅੱਗੇ ਬਹਿ ਗਈ।  ਚਰਨਜੀਤ ਨੇ ਵੀ ਆਪਣੀ ਸੱਜੀ ਬਾਂਹ ਸੁਰਜੀਤ ਦੇ ਅੱਗੇ ਕਰ ਦਿੱਤੀ।  ਚਰਨਜੀਤ ਦੀਆਂ ਅੱਖਾਂ ਨਮ ਹੋ ਗਈਆਂ।  ਉਹਨੇ ਦਸਾਂ ਦਸਾਂ ਦੇ ਪੰਜ ਨੋਟ ਕੱਢ ਕੇ ਥਾਲੀ ਵਿਚ ਰੱਖ ਦਿੱਤੇ।  ਮਹਿੰਦਰ ਸਿੰਘ ਨੇ ਦਸ ਰੁਪਏ ਰੱਖ ਕੇ ਬਾਕੀ ਮੋੜਨੇ ਚਾਹੇ ਤਾਂ ਚਰਨਜੀਤ ਨੇ ਕਿਹਾ-
''ਤੁਸੀਂ ਭੈਣ ਭਰਾ ਦੇ ਰਿਸ਼ਤੇ ਵਿਚ ਨਾ ਹੀ ਆਓ ਤਾਂ ਚੰਗੈ।''
''ਲਓ ਬਾਬਾ! ਆਹ ਲਾਏ ਕੰਨਾਂ ਨੂੰ ਹੱਥ ਜੇ ਮੈਂ ਚੂੰ ਵੀ ਕਰਾਂ।''
ਮਹਿੰਦਰ ਸਿੰਘ ਨੇ ਹਸਦਿਆਂ ਜਵਾਬ ਦਿੱਤਾ।
ਚਰਨਜੀਤ ਨੇ ਰਾਣੀ ਤੇ ਬਿੱਲੇ ਨੂੰ ਵੀ ਬਹੁਤ ਪਿਆਰ ਕੀਤਾ।  ਘਰ ਵਿਚ ਬੱਚਿਆਂ ਦੀ ਰੌਣਕ ਦੇਖ ਕੇ ਦਿਆਕੁਰ ਦਾ ਚਿੱਤ ਵੀ ਖੁਸ਼ ਸੀ।
ਮਹਿੰਦਰ ਸਿੰਘ ਤੇ ਸੁਰਜੀਤ ਚੁਬਾਰੇ ਵਿਚ ਗੁਰਨੇਕ ਨੂੰ ਮਿਲਣ ਗਏ।  ਸੁਰਜੀਤ ਨੇ ਗੁਰਨੇਕ ਨੂੰ ਰੱਖੜੀ ਬੰਨ੍ਹੀ।  ਉਹਨੇ ਰੁਪਈਏ-ਰੁਪਈਏ ਦੇ ਦਸ ਨੋਟ ਸੁਰਜੀਤ ਨੂੰ ਦਿੱਤੇ।  ਬਸੰਤ ਨੇ ਚਾਹ ਪਾਣੀ ਪੁੱਛਿਆ ਤਾਂ ਉਹਨਾਂ ਦੇ 'ਪੀ ਕੇ ਆਏ ਐਂ' ਆਖਣ ਪਿੱਛੋਂ ਚੁੱਪ ਜਿਹੀ ਛਾ ਗਈ।  ਉਹ ਛੇਤੀ ਹੀ ਪਰਤ ਆਏ।  ਕੋਈ ਦੋ ਕੁ ਘੰਟਿਆਂ ਪਿੱਛੋਂ ਉਹਨਾਂ ਨੇ ਮੁੜਨ ਦੀ ਤਿਆਰੀ ਕਰ ਲਈ।  ਦਿਆਕੁਰ ਨੇ ਮ੍ਹਿੰਦੋ ਵਾਸਤੇ ਬਣਾਏ ਸੰਦੂਕ ਵਿਚੋਂ ਕੁਝ ਕਪੜੇ ਲੀੜੇ ਕੱਢ ਕੇ ਸੁਰਜੀਤ ਨੂੰ ਦਿੱਤੇ।  ਸੁਰਜੀਤ ਨੇ ਨਾਂਹ-ਨੁੱਕਰ ਕਰਦੀ ਨੇ ਰੱਖ ਲਏ।  ਅਖੀਰ ਉਹ ਦੁਪਹਿਰ ਦੀ ਰੋਟੀ ਖਾਣ ਪਿੱਛੋਂ ਆਪਣੇ ਪਿੰਡ ਮੁੜ ਗਏ।
ਘਰ ਦੀ ਵੰਡ ਦੇ ਝਗੜੇ ਨੂੰ ਕੁਝ ਠੱਲ੍ਹ ਪਈ।  ਮਹਿੰਦਰ ਸਿੰਘ ਹੋਰਾਂ ਦੇ ਜਾਣ ਪਿੱਛੋਂ ਚਰਨਜੀਤ ਮਾਸਟਰ ਜੀ ਵੱਲ ਜਾਣਾ ਚਾਹੁੰਦਾ ਸੀ।  ਉਹ ਥੋੜਾ ਦੁਪਹਿਰਾ ਜਿਹਾ ਢਲਣ ਪਿੱਛੋਂ ਮਾਸਟਰ ਜੀ ਕੋਲ ਜਾ ਪਹੁੰਚਿਆ।  
ਮਾਸਟਰ ਜੀ ਮੰਜੇ ਵਿਚ ਪਏ ਕੁਝ ਬਿਮਾਰ ਲੱਗ ਰਹੇ ਸਨ।  ਪਰ ਚਰਨਜੀਤ ਨੂੰ ਦੇਖ ਕੇ ਜਿਵੇਂ ਉਹਨਾਂ ਨੂੰ ਚਾਅ ਚੜ੍ਹ ਗਿਆ ਹੋਵੇ...
''ਕਮਲਾ-ਏ ਕਮਲਾ! ਆਹ ਦੇਖ ਕੋਣ ਆਇਐ-ਪਰਦੇਸੀ।  ਆਹ ਦੇਖ ਤਾਂ ਸਹੀ।  ਇਹ ਸਾਤੇ ਦੂਰ ਚਲਿਆ ਗਿਆ ਹੁਣ...।''
ਮਾਸਟਰ ਜੀ ਭਾਵਕੁ ਹੋਏ ਚਰਨਜੀਤ ਨੂੰ ਜੱਫੀ ਵਿਚ ਲੈ ਰਹੇ ਸਨ।  ਕਮਲਾ ਨੇ ਵੀ ਆ ਕੇ ਪਿਆਰ ਦਿੱਤਾ।  ਤਿੰਨੇ ਜਾਣੇ ਇਕੋ ਮੰਜੇ 'ਤੇ ਬਹਿ ਕੇ ਦੁਖ ਸੁਖ ਕਰਨ ਲੱਗੇ। ਸਮਾਂ ਜਿਵੇਂ ਖੜ੍ਹ ਗਿਆ ਹੋਵੇ। ਇਕ ਦੂਜੇ ਤੋਂ ਪਹਿਲਾਂ ਹਰ ਕੋਈ ਆਪਣੇ ਦਿਲ ਦੀ ਗੱਲ ਕਹਿਣੀ ਚਾਹੁੰਦਾ ਸੀ।  ਅਖੀਰ ਮਾਸਟਰ ਜੀ ਨੇ ਚਰਨਜੀਤ ਨੂੰ ਇਕੱਲੇ ਆਉਣ ਦਾ ਕਾਰਨ ਪੁੱਛਿਆ ਤਾਂ ਉਹਨੇ ਜਾਇਦਾਦ ਦੀ ਵੰਡ ਬਾਰੇ ਸਾਰੀ ਗੱਲ ਦੱਸ ਦਿੱਤੀ।
''ਨਹੀਂ; ਇਹ ਤਾਂ ਨੇਕੀ ਨੇ ਚੰਗਾ ਕੰਮ ਨਹੀਂ ਕੀਤਾ।  ਉਸ ਨੂੰ ਕਿਹੜੀ ਗੱਲ ਦੀ ਕਾਹਲ ਐ? ਥੁਆਡੇ ਮਾਂ ਪਿਓ ਨੇ ਇਹ ਜ਼ਮੀਨ ਆਪਣੇ ਨਾਲ ਤਾਂ ਨੀ ਲੈ ਜਾਣੀ? ਸਬਰ ਤਾਂ ਹੋਣਾ ਚਾਹੀਦੈ ਬੰਦੇ ਮਾਂ! ਅੱਜ ਕੱਲ੍ਹ ਦੀ ਪੀੜੀ ਨੂੰ ਪਤਾ ਨਹੀਂ ਕੀ ਹੋ ਗਿਆ ਲਾਲਚ ਮਾਂ ਡੁਬਦੀ ਚਲੀ ਜਾ ਰਹੀ ਐ।  ਇਹ ਪੀੜ੍ਹੀ ਭੁੱਨ ਕੇ ਬੀਜ ਰਹੀ ਐ ਔਰ ਫੇਰ ਉਮੀਦ ਰਖਦੀ ਐ ਫਲ ਖਾਣ ਦੀ।  ਕਬੀਰ ਸਾਹਬ ਕਹਿੰਦੇ ਐ-
'ਕਰਤਾ ਥਾ ਤੌ ਕਿਉਂ ਰਹਿਆ, ਅਬਿ ਕਰਿ ਕਿਉਂ ਪਛੁਤਾਇ।
ਬੋਵੈ ਪੇੜ ਬਬੂਲ ਦਾ,ਅੰਬ ਕਹਾਂ ਤੈ ਖਾਇ।।'
ਹੁਣ ਐਸੇ ਲੋਕਾਂ ਦਾ ਕਿਆ ਕੀਤਾ ਜਾਵੇ? ਸਮਝ ਤੋਂ ਕੋਹਾਂ ਦੂਰ!''
''ਚਾਚਾ ਜੀ ਤੁਸੀਂ ਚਿੰਤਾ ਛੱਡੋ, ਆਪਣੀ ਸਿਹਤ ਦਾ ਖਿਆਲ ਕਰੋ।  ਤੁਹਾਡੀ ਤਬੀਅਤ ਠੀਕ ਨਹੀਂ।  ਮੈਨੂੰ ਦਿਖਾਓ ਆਪਣੀ ਦਵਾਈ ਮੈਂ...।''
''ਓ ਬੇਟਾ ਨਹੀਂ।  ਹੁਣ ਮੈਨੂੰ ਦਵਾਈ ਦੀ ਕੋਈ ਲੋੜ ਨਹੀਂ ਐ।  ਬੱਸ ਹੁਣ ਤੂੰ ਆ ਗਿਆ ਨਾ, ਮੈਂ ਆਪੇ ਨੌਂ-ਬਰ-ਨੌਂ।  ਹੈ ਕ ਨਹੀਂ? ਤੂੰ ਅੱਜ ਸਾਡੇ ਪਾਸ ਈ ਰਹੀਂ।''
"ਹਾਂ-ਜੀ।  ਅੱਜ ਮੈਂ ਤੁਹਾਡੇ ਕੋਲ ਹੀ ਰਹਾਂਗਾ।  ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਜੁ ਕਰਨੀਐਂ।''
"ਬੇਟਾ ਬਹੂ ਨੂੰ ਵੀ ਲੈ ਆਉਂਦਾ।  ਸਾਰਿਆਂ ਨੂੰ ਮਿਲ ਜਾਂਦੀ।'' ਕਮਲਾ ਨੇ ਮੋਹ ਵਿਚ ਭਿੱਜ ਕੇ ਕਿਹਾ।
''ਚਾਚੀ ਜੀ ਸਾਨੂੰ ਦੋਹਾਂ ਨੂੰ ਇਕੱਠੀ ਛੁੱਟੀ ਨਹੀਂ ਸੀ ਮਿਲ ਸਕਦੀ।  ਦੇਖਿਆ ਜਾਵੇ ਤਾਂ ਮੇਰੇ ਆਉਣ ਦਾ ਵੀ ਕੋਈ ਫਾਇਦਾ ਨੀ ਹੋਇਆ।  ਉਲਟਾ ਘਰ 'ਚ ਝਗੜਾ ਹੋਰ ਵਧ ਗਿਆ।  ਪਹਿਲਾਂ ਘੱਟੋ-ਘੱਟ ਚੁੱਪ-ਤਾਂ ਸੀ।  ਜੇ ਅੰਜਲੀ ਮੇਰੇ ਨਾਲ ਆ ਵੀ ਜਾਂਦੀ ਤਾਂ ਉਹਦਾ ਮਨ ਊਂ ਵੀ ਦੁਖੀ ਹੋਣਾ ਸੀ।  ਵੈਸੇ ਵੀ ਘਰ ਦੇ ਝਗੜਿਆਂ ਤੋਂ ਉਹ ਬਹੁਤ ਡਰਦੀ ਐ।  ਚਲੋ ਛੱਡੋ ਇਹ ਗੱਲਾਂ।  ਚਾਚਾ ਜੀ ਤੁਸੀਂ ਸਣਾਓ ਅੱਜ ਕੱਲ੍ਹ ਕੀ ਕਰਦੇ ਰਹਿੰਦੇ ਓ?''
"ਬੇਟੇ ਬਾਤ ਇਹ ਐ ਕਿ ਸਰੀਰ ਹੁਣ ਬੁਢਾਪੇ ਦੇ ਵੱਸ ਪੈ ਰਿਹੈ।  ਮੈਂ ਪਿਛਲੇ ਦਿਨਾਂ ਮਾਂ ਕਈ ਬਾਰ ਗਿਰਦਾ-ਗਿਰਦਾ ਬਚਿਆ।  ਗੱਲ ਦੀ ਸਮਝ ਨਾ ਆਵੇ।  ਤੇਰੀ ਚਾਚੀ ਨੇ ਕਿਹਾ, ਜੇ ਕਿਧਰੇ ਗਿਰ ਕੇ ਕੋਈ ਹੱਡੀ-ਪੱਸਲ਼ੀ ਟੁੱਟ ਗਈ ਤਾਂ ਏਸ ਉਮਰ ਮਾਂ ਜੁੜੇਗੀ ਬੀ ਨਹੀਂ ਅਰ ਤੇਰੀ ਚਾਚੀ ਨੂੰ ਅੱਡ ਮੁਸੀਬਤ।  ਸੋ ਇਸ ਦੇ ਕਹਿਣੇ ਪਰ ਮੈਂ ਆਹ ਖੂੰਡੀ ਖਰੀਦ ਲਿਆਂਦੀ।  ਇਸ ਦੇ ਸਹਾਰੇ ਗੈਲ ਹੁਣ ਜਦ ਮੈਂ ਘਰ ਮਾਂ ਏਧਰ ਓਧਰ ਤੁਰਦਾ-ਫਿਰਦਾਂ ਤਾਂ ਠੀਕ ਲਗਦੈ।  ਬਾਕੀ ਅੱਗੇ ਆਉਣ ਵਾਲੀ ਜ਼ਿੰਦਗੀ ਵਾਸਤੇ, ਮੈਂ ਬਿਲਕੁਲ ਤਿਆਰ ਆਂ।  ਕਦੇ-ਕਦੇ  ਸੇਵਾ ਕਰਵਾਉਣੇ ਮਾਂ ਬੀ ਆਪਣਾ ਸੁਆਦ ਐ।  ਰੱਬ ਨੇ ਔਰਤ ਨੂੰ ਐਸਾ ਖੂਬਸੂਰਤ ਇਨਸਾਨ ਬਣਾਇਐ ਬਈ ਆਦਮੀ ਤਾਂ ਬੇਸ਼ਕ ਮੁਸੀਬਤਾਂ ਮਾਂ ਟੁੱਟ ਜਾਵੇ ਪਰ ਔਰਤ ਹੋਰ ਮਜਬੂਤ ਹੋ ਜਾਂਦੀ ਐ।  ਆਦਮੀ ਫੜ੍ਹਾਂ ਮਾਰਦੇ ਰਹਿਨੇ ਐਂ ਕਿ 'ਹਮ ਔਰਤ ਸੇ ਜ਼ਿਆਦਾ ਤਾਕਤਵਰ ਹੈਂ' ਪਰ ਜਦ ਘਰ ਮਾਂ ਕੋਈ ਸਮੱਸਿਆ ਆ ਜਾਂਦੀ ਐ ਜਾਂ ਕੋਈ ਕਿਸੇ ਨੂੰ ਬਿਮਾਰੀ ਠਮਾਰੀ ਆ ਜਾਂਦੀ ਐ ਤਾਂ ਔਰਤ ਖ਼ੁਦ ਭਾਵੇਂ ਬਮਾਰ ਹੋਵੇ ਪਰ ਘਰ ਮਾਂ ਸਭ ਦਾ ਖਿਆਲ ਰਖਦੀ ਐ।  ਮੈਂ ਸਮਝਦੈਂ ਬਈ ਆਦਮੀ ਕਈ ਪਾਸਿਓਂ ਅਧੂਰੈ।  ਇਹ ਅਧੂਰਾਪਣ ਔਰਤ ਬ-ਖ਼ੂਬੀ ਪੂਰਾ ਕਰਕੇ ਗ੍ਰਹਿਸਥ ਦੀ ਗੱਡੀ ਐਸੀ ਖਿਚਦੀ ਐ ਕਿ ਜੇ ਇਹ ਨਾ ਹੋਵੇ ਤਾਂ ਆਦਮੀ ਇਕ ਧੇਲੇ ਦਾ ਬੀ ਨਹੀਂ।  ਪਰ ਹਰੇਕ ਨੂੰ ਔਰਤ ਦੇ ਗੁਣਾਂ ਦਾ ਗਿਆਨ ਨਹੀਂ ਨਾ ਹੁੰਦਾ।  ਕਈ ਪੜ੍ਹੇ ਲਿਖੇ ਲੋਕ ਵੀ ਜਦੋਂ ਔਰਤ ਨੂੰ 'ਪੈਰ ਦੀ ਜੁੱਤੀ' ਸਮਝਦੇ ਐਂ ਤਾਂ ਮੈਨੂੰ ਬਹੁਤ ਗੁੱਸਾ ਆਉਂਦੈ।  ਫੇਰ ਸੋਚਦੈਂ ਬਈ ਇਹੀ ਲੋਕਾਂ ਨੂੰ ਤਾਂ ਪੜ੍ਹੇ ਲਿਖੇ ਬੇਵਕੂਫ ਕਿਹਾ ਜਾਂਦੈ ਹੋਰ ਕੋਈ ਬੇਵਕੂਫਾਂ ਦੇ ਸਿਰ ਪਰ ਸਿੰਗ ਤਾਂ ਨਹੀਂ ਉੱਗੇ ਹੁੰਦੇ।  ਹੈ ਕ ਨਹੀਂ? ਏਕ ਜੋਤ ਦੋਇ ਮੂਰਤੀ ਵਾਲੀ ਬਾਤ ਉੱਤਮ ਸੱਚਾਈ ਐ ਜੇ ਕੋਈ ਸਮਝੇ ਤਾਂ।  ਜੇ ਮੀਆਂ ਬੀਵੀ ਮਾਂ ਐਸੀ ਸੋਚ ਘਰ ਕਰ ਜਾਵੇ ਤਾਂ ਸਾਰਾ ਜੀਵਨ ਸਾਰਥਕ ਸਮਝੋ ਨਹੀਂ ਤਾਂ ਜੇ ਕਿਸੇ ਨੇ ਨਰਕ ਦੇਖਣੈ ਤਾਂ ਉਹ ਬੀ ਏਥੇ ਈ ਐ! ਜਦ ਆਪਸ ਮਾਂ ਇਕ ਦੂਜੇ ਦੀ ਸਮਝ ਹੀ ਨਹੀਂ ਰਹਿੰਦੀ ਤਾਂ ਚੰਗਾ ਭਲਾ ਘਰ ਨਰਕ ਬਣ ਜਾਂਦੈ।  ਹੈ ਕ ਨਹੀਂ? ਨਹੀਂ ਤਾਂ ਗ੍ਰਹਿਸਥ ਜੀਵਨ ਤੋਂ ਬੜਾ ਸਵਰਗ ਅਰ ਇਸ ਤੋਂ ਬੜੀ ਭਗਤੀ ਕੋਈ ਨਹੀਂ।  ਮਿਥਿਹਾਸਕ ਨਰਕ ਸੁਰਗ ਦੀਆਂ ਬਾਤਾਂ ਤਾਂ ਮਨ ਘੜੰਤ ਈ ਐ।  ਹੈ ਕ ਨਹੀਂ? ਹੁਣ ਤੂੰ ਆਪ ਈ ਦੇਖ ਅਗਰ ਤੇਰੀ ਚਾਚੀ ਨਾ ਹੁੰਦੀ ਤਾਂ ਮੈਂ ਕਿਸ ਕੰਮ ਦਾ ਥਾ? ਘਰ ਮਾਂ ਕੋਈ ਥੁਆਡੇ ਵਾਸਤੇ ਚਾਹ ਬਣਾ ਰਿਹੈ, ਕਪੜੇ ਧੋ ਰਿਹੈ, ਰੋਟੀ ਪਾਣੀ ਬਣਾ ਕੇ ਦੇ ਰਿਹੈ, ਆਏ ਗਏ ਮਹਿਮਾਨਾਂ ਦਾ ਖਿਆਲ ਰੱਖ ਰਿਹੈ।  ਤੁਸੀਂ ਆਪ ਬੇਸ਼ੱਕ ਦਵਾਈ ਦਾ ਟਾਈਮ ਭੁੱਲ ਜਾਓ ਪਰ ਉਹ ਟਾਈਮ ਪਰ ਦੁਆਈ ਪਿਲਾ ਰਿਹੈ।  ਇਹ ਸਭ ਕੁਝ ਕਿੰਨਾ ਚੰਗਾ ਲਗਦੈ।  ਹੁੰਦਾ ਹੋਊਗਾ ਐਸਾ ਕੋਈ ਸਵਰਗ ਮਾਂ? ਮੈਨੂੰ ਤਾਂ ਨਹੀਂ ਯਕੀਨ।  ਘਰ ਮਾਂ ਨਿੱਕੀਆਂ ਨਿੱਕੀਆਂ ਬਾਤਾਂ ਮਾਂ ਤਾਂ ਜਿੰਦਗੀ ਦਾ ਸਾਰਾ ਰਸ ਹੁੰਦੈ।  ਨਿੱਕੀਆਂ ਨਿੱਕੀਆਂ ਗੱਲਾਂ ਪਰ ਹਸੱਣਾ-ਹਸਾਉਣਾ।  ਮੈਂ ਹਰ ਰੋਜ਼ ਸਵੇਰੇ ਉੱਠ ਕੇ ਆਪਣੇ ਲਈ ਅਰ ਤੇਰੀ ਚਾਚੀ ਲਈ ਚਾਹ ਬਣਾਉਨਾ।  ਇਕੱਠੇ ਬੈਠ ਕੇ ਜਦ ਅਸੀਂ ਸਵੇਰੇ-ਸਵੇਰੇ ਚਾਹ ਪੀਨੇ ਆਂ ਔਰ ਛੋਟੀਆਂ-ਛੋਟੀਆਂ ਬਾਤਾਂ ਕਰਦੇ ਆਂ ਤਾਂ ਉਸ ਟੈਮ ਦੀ ਬਾਤ ਈ ਕੁਛ ਔਰ ਐ।  ਬਾਤ ਇਹ ਨਹੀਂ ਐ ਬਈ ਚਾਹ ਬਣਾਉਣੀ ਕਿਸ ਨੂੰ ਚਾਹੀਦੀ ਐ।  ਅਸਲ ਬਾਤ ਇਕ ਦੂਜੇ ਦੀਆਂ ਜ਼ਰੂਰਤਾਂ ਦਾ ਖਿਆਲ ਰਖਣ ਦੀ ਐ।  ਇਕ ਬੜੇ ਅਸੂਲ ਦੀ ਬਾਤ ਇਹ ਐ ਕਿ ਘਰ ਮਾਂ ਪਿਆਰ ਪ੍ਰੇਮ ਹੋਣਾ ਚਾਹੀਦੈ।  ਘਰ ਮਾਂ ਜਾਂ ਤਾ ਮੋਹ ਪਿਆਰ ਨਾਲ ਰਹੋ ਨਹੀਂ ਸਾਰੀ ਦੁਨੀਆਂ ਸਮਝੋ ਖਤਮ।  ਇਸ ਮਾਂ ਦੋ ਰਾਏ ਹੋਣ ਦਾ ਸਵਾਲ ਈ ਪੈਦਾ ਨੀ ਹੁੰਦਾ।  ਹੈ ਕ ਨਹੀਂ? ਘਰ ਮਾਂ ਰਿਸ਼ਤਿਆਂ ਬਾਰੇ ਇਕ ਗੱਲ ਦਾ ਖਿਆਲ ਰਖਣਾ ਬਹੁਤ ਜ਼ਰੂਰੀ ਹੁੰਦੈ।  ਉਹ ਇਹ ਕਿ ਜਿਹੜੇ ਰਿਸ਼ਤੇ ਐ ਉਹਨਾਂ ਦੀ ਬੁਨਿਆਦ ਹੀ ਯਕੀਨ 'ਤੇ ਟਿਕੀ ਹੁੰਦੀ ਐ।  ਜਦੋਂ ਯਕੀਨ ਟੁੱਟ ਜਾਵੇ ਤਾਂ ਬੜੀ ਤਕਲੀਫ਼ ਹੁੰਦੀ ਐ।  ਉਸ ਵਕਤ ਇਹ ਉਸ ਬੰਦੇ ਦਾ ਫਰਜ਼ ਬਣ ਜਾਂਦੈ ਜਿਸ ਤੇ ਤੁਸੀਂ ਯਕੀਨ ਕਰਦੇ ਓਂ ਕਿ ਉਹ ਥੁਆਡਾ ਯਕੀਨ ਟੁੱਟਣ ਨਾ ਦੇਵੇ।  ਜੇ ਕੋਈ ਥੁਆਨੂੰ ਉਸ ਬਾਰੇ ਸ਼ਕ ਹੈ ਤਾਂ ਉਹ ਦੂਰ ਕਰੇ!''
''ਚਾਚਾ ਜੀ ਤੁਹਾਨੂੰ ਜੀਵਨ ਦੇ ਬੜੇ ਉੱਤਮ ਨਿਜੀ ਤਜਰਬੇ ਹਨ।  ਤੁਸੀਂ ਕਈ ਤੱਤ ਵੀ ਕੱਢੇ ਹੋਣਗੇ।  ਉਹਨਾਂ ਬਾਰੇ ਦੱਸੋ!''
"ਬੇਟਾ ਮੈਂ ਆਪਣੇ ਆਪ ਨੂੰ ਕੋਈ ਬਹੁਤ ਉੱਚਾ ਇਨਸਾਨ ਨਹੀਂ ਸਮਝਦਾ ਕਿ ਤੱਤ ਕੱਢ ਸਕਾਂ।  ਹਾਂ ਚੰਗਾ ਮਾੜਾ ਪਛਾਨਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ।  ਜੋ ਵੀ ਬਾਤਾਂ ਮੈਂ ਦਿਮਾਗ਼ ਮਾਂ ਸਾਂਭ ਰੱਖੀਐਂ ਓਹੀ ਸਾਂਝੀਆਂ ਕਰ ਸਕਦੈਂ।  ਇਕ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਮੋਹ ਪਿਆਰ ਦੀ ਲੋੜ ਸਿਰਫ ਇਨਸਾਨਾਂ ਨੂੰ ਹੀ ਨਹੀਂ ਹੁੰਦੀ ਬਲਕਿ ਹੈਵਾਨਾਂ ਔਰ ਸ਼ੈਤਾਨਾ ਨੂੰ ਬੀ ਹੁੰਦੀ ਐ।  ਅੱਛਾ ਅਗਲੀ ਬਾਤ ਇਹ ਐ ਕਿ ਮੈਂ ਇਹ ਮਹਿਸੂਸ ਕੀਤੈ ਕਿ ਕੁਦਰਤ ਬੜੀ ਬਲਵਾਨ ਹੈ ਅਰ ਇਨਸਾਨ ਦਾ ਸਾਥ ਹਮੇਸ਼ਾ ਦਿੰਦੀ ਰਹਿੰਦੀ ਐ ਜੇ ਉਹ ਪਛਾਣੇ ਤਾਂ! ਬਾਕੀ ਇਸ ਸੰਸਾਰ ਮਾਂ ਇਕ ਗੱਲ ਪੱਥਰ ਪਰ ਲਕੀਰ ਵਰਗੀ ਐ ਕਿ ਕੋਈ ਵੀ ਇਨਸਾਨ ਗੁਣਾਂ ਅਰ ਔਗੁਣਾਂ ਤੋਂ ਖਾਲੀ ਨਹੀਂ ਹੁੰਦਾ।  ਇਕ ਗੱਲ ਹੋਰ ਜਿਹੜੀ ਯਾਦ ਆ ਰਹੀ ਐ ਉਹ ਇਹ ਕਿ ਗੁੱਸਾ ਬੜੀ ਬੁਰੀ ਚੀਜ਼ ਐ।  ਜਦ ਉਹ ਆਉਂਦੈ ਤਾਂ ਬੰਦਾ ਅੰਨ੍ਹਾ ਤੇ ਬੋਲ਼ਾ ਹੋ ਜਾਇਆ ਕਰਦੈ।  ਅਰ ਉਸਦੇ ਬਾਦ ਬੰਦਾ ਪਛਤਾਉਂਦਾ ਵੀ ਬਹੁਤ ਐ ਪਰ ਫੇਰ ਹੱਥ ਪੱਲੇ ਕੁਛ ਨਹੀਂ ਰਹਿੰਦਾ।  ਹੁਣ ਤੂੰ ਆਪ ਸੋਚ ਇਹ ਆਪਣੇ ਆਪ ਫਾਹੇ ਲੱਗਣ ਵਾਲੀ ਗੱਲ ਈ ਹੋਈ ਨਾ! ਹੈ ਕ ਨਹੀਂ? ਅੱਛਾ ਕਿਆ ਉਸ ਨੂੰ ਕਹਿੰਦੇ ਐਂ ਸੈਲਫ ਰਿਸਪੈਕਟ ਜਾਂ ਸਵੈ-ਮਾਣ ਇਕ ਐਸੀ ਸ਼ਕਤੀ ਐ ਜਿਹੜੀ ਬੰਦੇ ਨੂੰ ਬੜਾ ਉੱਚਾ ਲਿਜਾ ਸਕਦੀ ਐ।  ਇਸ ਨੂੰ ਹਉਮੈਂ ਨਹੀਂ ਸਮਝਣਾ, ਮੈਂ ਸੈਲਫ ਰਿਸਪੈਕਟ ਦੀ ਗੱਲ ਕਰ ਰਿਹੈਂ।  ਜੇ ਬੰਦਾ ਇਸ ਨੂੰ ਪਛਾਣੇ ਤਾਂ ਜ਼ਾਲਮਾਂ ਅਰ ਦਰਿੰਦਿਆਂ ਦਾ ਮੁਕਾਬਲਾ ਵੀ ਕੀਤਾ ਜਾ ਸਕਦੈ।  ਇਨਸਾਨ ਦੀ ਬੁੱਧ ਤੇ ਦੁੱਧ ਫੁਟਦਿਆਂ ਦੇਰ ਨਹੀਂ ਲਗਦੀ ਪਰ ਇਸ ਦੇ ਉਲਟ ਜੇ ਇਨਸਾਨ ਮਾਂ ਲਗਨ ਔਰ ਸਿਰੜ ਹੋਵੇ ਤਾਂ ਇਹ ਇਕ ਜਨੂਨ ਬਣ ਕੇ ਫਰਹਾਦ ਦੀ ਤਰ੍ਹਾਂ 'ਕੱਲਾ ਬੰਦਾ ਪਹਾੜ ਵੀ ਕੱਟ ਸਕਦੈ।  ਅਗਲੀ ਬਾਤ ਇਹ ਕਿ ਜੇ ਕੋਈ ਚੀਜ਼ ਸਭ ਤੋਂ ਵੱਧ ਦਰਦ ਬੰਦੇ ਨੂੰ ਦੇ ਸਕਦੀ ਐ ਤਾਂ ਉਹ ਹੈ ਅਪਮਾਨ।  ਅਪਮਾਨ ਨਾਲ ਜੋ ਜ਼ਹਿਨੀ ਤਕਲੀਫ ਕਿਸੇ ਨੂੰ ਹੁੰਦੀ ਐ ਉਹ ਸਰੀਰਕ ਤਕਲੀਫ ਤੋਂ ਕਈ ਗੁਣਾ ਜ਼ਿਆਦਾ ਹੁੰਦੀ ਐ।  ਅਪਮਾਨ ਮਨ ਤੇ ਸਰੀਰ ਦੋਹਾਂ ਨੂੰ ਨਚੋੜ ਕੇ ਰੱਖ ਦਿੰਦੈ।  ਇਸ ਵਾਸਤੇ ਕਦੇ ਕਿਸੇ ਦਾ ਅਪਮਾਨ ਨਹੀਂ ਕਰਨਾ ਚਾਹੀਦਾ।  ਅਗਲੀ ਬਾਤ ਜਿਹੜੀ ਯਾਦ ਆ ਰਹੀ ਐ, ਉਹ ਇਹ ਕਿ ਲੋਹੇ ਦਾ ਇਕ ਵੱਡਾ ਸਰੀਆ ਜਦ ਅਸੀਂ ਅੱਗ ਮਾਂ ਰੱਖ ਕੇ ਧੌਂਕਣੀ ਨਾਲ ਅੱਗ ਨੂੰ ਹਵਾ ਦਿੰਦੇ ਆਂ ਤਾਂ ਲੋਹੇ ਦਾ ਅਰ ਧੌਂਕਣੀ ਦਾ ਕੋਈ ਮੇਲ ਨਹੀਂ ਹੁੰਦਾ।  ਪਰ ਧੌਂਕਣੀ ਅੱਗ ਨੂੰ ਹਵਾ ਦੇ ਕੇ ਲੋਹੇ ਨੂੰ ਪਿਘਲਾ ਸਕਦੀ ਐ।  ਅਰ ਲੋਹਾ ਵੀ ਉਸ ਦੇ ਬਾਦ ਹੋਰ ਸਖਤ ਹੋ ਜਾਂਦੈ।  ਸੋ ਕਹਿਣੇ ਦਾ ਤਾਤਪਰਜ ਇਹ, ਕਿ ਬੰਦਾ ਮੁਸੀਬਤਾਂ ਸਹਿ ਕੇ ਹੀ ਵਧੀਆ ਇਨਸਾਨ ਬਣ ਸਕਦੈ।  ਅਰ ਵਧੀਆ ਇਨਸਾਨ ਨਾਲ ਕਈ ਗੱਲਾਂ ਜੁੜੀਆਂ ਹੁੰਦੀਐਂ ਜਿਵੇਂ ਉਹ ਗਲਤੀ ਕਰਨ ਦੀ ਹਿੰਮਤ ਰਖਦਾ ਹੁੰਦੈ।  ਐਸੇ ਇਨਸਾਨ ਨੂੰ ਦੁਨੀਆਂ ਦਾ ਹਰ ਆਦਮੀ ਪਿਆਰਾ ਲਗਦਾ ਹੁੰਦੈ।  ਅਰ ਇਸ ਦੇ ਉਲਟ ਜਿੰਨ੍ਹਾਂ ਦੇ ਮਨ ਮਾਂ ਖੋਟ ਜਾਂ ਵਿਕਾਰ ਹੁੰਦੇ ਐਂ ਉਹਨਾਂ ਨੂੰ ਸਹੀ ਗੱਲ ਵੀ ਗਲਤ ਲਗਦੀ ਐ।  ਜਦ ਬੰਦੇ ਨੂੰ ਆਤਮ ਗਿਆਨ ਹੋ ਜਾਂਦੈ ਤਾਂ ਉਹ ਇਕ ਖਾਸ ਸਰੂਰ ਮਾਂ ਰਹਿਣ ਲਗਦੈ।  ਅਗਰ ਪੁੱਛੋ ਤਾਂ ਦੱਸ ਨੀ ਸਕਦਾ ਕਿਉਂਕਿ ਉਸ ਦਾ ਸਵਾਦ ਗੂੰਗੇ ਦੇ ਗੁੜ ਖਾਣ ਵਰਗਾ ਹੁੰਦੈ।  ਸ਼ੇਖ ਸਾਅਦੀ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਹੋਏ ਐਂ।  ਸਾਨੂੰ ਸਾਡੇ ਉਸਤਾਦ ਉਹਦੀ ਕਿਤਾਬ ਪੜ੍ਹਾਇਆ ਕਰਦੇ ਥੇ 'ਗੁਲਿਸਤਾਂ-ਬੋਸਤਾਂ'।  ਸੋ ਉਹਨਾਂ ਦੇ ਵਿਚਾਰਾਂ ਮਤਾਬਕ ਜਦ ਕਿਸੇ ਸਬੰਧੀ ਜਾਂ ਰਿਸ਼ਤੇਦਾਰ ਵਿਚ ਇਮਾਨਦਾਰੀ ਅਤੇ ਪਵਿੱਤਰਤਾ ਹੀ ਨਹੀਂ ਤਾਂ ਉਸ ਨਾਲ ਸਬੰਧ ਅਤੇ ਪਿਆਰ ਨਾਲੋਂ ਤਾਂ ਤਰਸ ਕਰਨ ਦੇ ਸਬੰਧ ਵੀ ਤੋੜ ਦੇਣੇ ਚੰਗੇ ਹਨ।  ਅਸਲ ਬਾਤ ਇਹੀ ਕਿ ਜਿਹੜਾ ਇਨਸਾਨ ਕਥਨੀ ਅਰ ਕਰਨੀ ਮਾਂ ਫਰਕ ਰਖਦੈ ਉਹ ਅਗਿਆਨੀ ਹੁੰਦੈ।  ਮੈਨੂੰ ਇਸ ਵਕਤ ਜ਼ਫ਼ਰਨਾਮੇ ਦੀਆਂ ਕੁਝ ਲਾਈਨਾਂ ਯਾਦ ਆ ਰਹੀਐਂ।  ਇਕ ਮਿੰਟ, ਮੇਰੀ ਡਾਇਰੀ...ਏ ਆਹ ਰਹੀ।  ਹਾਂ ਤਾਂ ਜ਼ਫ਼ਰਨਾਮਾ-ਪੰਨਾ ਨੰਬਰ-ਇਹ ਮਿਲ ਗਿਆ।  ਗੁਰੂ ਜੀ ਲਿਖਦੇ ਐਂ ਕਿ-
'ਹਮੂੰ ਮਰਦ ਬਾਯਦ ਸ਼ਵਦ ਸੁਖ਼ਨਵਰ।
ਨ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ।।'
ਮਤਲਬ ਇਹ ਕਿ ਮਰਦ ਓਹੀ ਹੁੰਦੈ ਜਿਹੜਾ ਬਚਨਾਂ ਦਾ ਪੱਕਾ ਹੋਵੇ।  ਢਿੱਡ ਮਾਂ ਹੋਰ ਅਰ ਮੂੰਹ ਪਰ ਹੋਰ ਕਹਿਣ ਵਾਲਾ ਇਨਸਾਨੀਅਤ ਪਰ ਕਲੰਕ ਸਮਾਨ ਹੈ।  ਜੇ ਆਪਾਂ ਇਸ ਨੂੰ ਦੂਜੇ ਸ਼ਬਦਾ ਮਾਂ ਕਹਿਣਾ ਚਾਹੀਏ ਤਾਂ ਸਿੱਧਾ ਪੱਧਰਾ ਸਿਧਾਂਤ ਇਹ ਬਣਦੈ ਕਿ 'ਜੋ ਕਹੋ-ਸੋ ਕਰੋ।  ਔਰ ਜੋ ਕਰੋ-ਸੋ ਕਹੋ।' ਸਿਰਫ ਏਸ ਇਕੋ ਲਾਈਨ ਨੂੰ ਜੇ ਅਸੀਂ ਜੀਵਨ ਮਾਂ ਪਕੜ ਕੇ ਆਧਾਰ ਬਣਾ ਕੇ ਤੁਰੀਏ ਤਾਂ ਸਾਰਾ ਜੀਵਨ ਸੁਖੀ ਰਹਿ ਸਕਦੈ।  ਹੈ ਕ ਨਹੀਂ? ਜਦ ਅਸੀਂ ਲੋਕ ਇਸ ਸੰਸਾਰ ਮਾਂ ਆ ਹੀ ਗਏ ਤਾਂ ਕਰਮ ਅੱਛੇ ਕਰਨੇ ਚਾਹੀਦੇ ਐ।  ਜੈਸੇ ਕਬੀਰ ਜੀ ਨੇ ਕਿਹੈ-
'ਦੇਹ ਧਰੇ ਦਾ ਦੰਡ ਹੈ, ਸਬ ਕਾਹੂ ਕੋ ਹੋਇ।
ਗਿਆਨੀ ਭੁਗਤੇ ਗਿਆਨ ਕਰ, ਅਗਿਆਨੀ ਭੁਗਤੇ ਰੋਇ।।'
ਜੇ ਤ੍ਰਿਸ਼ਨਾ ਦੀ ਗੱਲ ਕਰੀਏ ਤਾਂ ਤ੍ਰਿਸ਼ਨਾ ਖਤਮ ਹੋਣ ਵਿਚ ਈ ਨਹੀਂ ਔਂਦੀ-
'ਕੀ ਤ੍ਰਿਸ਼ਨਾ ਹੈ ਡਾਕਨੀ, ਕੀ ਜੀਵਨ ਕਾ ਕਾਲ।
ਔਰ ਔਰ ਨਿਸ ਦਿਨ ਚਹੈ, ਜੀਵਨ ਕਰੈ ਬੇਹਾਲ।।'
ਤ੍ਰਿਸ਼ਨਾ ਮਿਟਦੀ ਐ ਸੰਤੋਖ ਨਾਲ।  ਉਸ ਵਾਸਤੇ-
'ਚਾਹ ਗਈ ਚਿੰਤਾ ਮਿਟੀ, ਮਨੁਵਾ ਬੇਪਰਵਾਹ।
ਜਿਨ ਕੋ ਕਛੂ ਨ ਚਾਹੀਏ, ਸੋਈ ਸ਼ਹਿਨਸ਼ਾਹ।।'"
ਬਹੁਤਾ ਚਿਰ ਬੋਲਦੇ ਰਹਿਣ ਕਰਕੇ ਮਾਸਟਰ ਜੀ ਨੂੰ ਖੰਘ ਛਿੜ ਪਈ।  ਚਰਨਜੀਤ ਨੇ ਭੱਜ ਕੇ ਰਸੋਈ ਵਿਚੋਂ ਪਾਣੀ ਦਾ ਗਿਲਾਸ ਲਿਆ ਕੇ ਉਹਨਾਂ ਨੂੰ ਪਾਣੀ ਪਿਆਇਆ ਤੇ ਕਿਹਾ-
''ਚਾਚਾ ਜੀ, ਤੁਸੀਂ ਬਹੁਤ ਥੱਕ ਗਏ ਓ।  ਥੋੜਾ ਆਰਾਮ ਕਰੋ।  ਮੇਰਾ ਮਨ ਤਾਂ ਥੋਡੀਆਂ ਗੱਲਾਂ ਸੁਣ ਸੁਣ ਕਦੇ ਨਹੀਂ ਭਰਦਾ।  ਹਰ ਵਾਰੀ ਥੋਡੇ ਕੋਲੋਂ ਝੋਲੀਆਂ ਭਰ ਕੇ ਲੈ ਜਾਈਦੀਐਂ।  ਥੋਡੀਆਂ ਇਹ ਗਿਆਨ ਧਿਆਨ ਦੀਆਂ ਗੱਲਾਂ ਸੁਣ ਕੇ ਮੇਰੀ ਸੋਚ ਵਿਚ ਵੀ ਕਈ ਬਦਲਾਅ ਆਏ ਐ।  ਅੱਗੋਂ ਲਈ ਆਸ਼ੀਰਵਾਦ ਦਿਓ ਤਾਂ ਕਿ ਤੁਹਾਡੀ ਦਿੱਤੀ ਸਿੱਖਿਆ ਨੂੰ ਮੈਂ ਪੱਲੇ ਬੰਨ੍ਹ ਸਕਾਂ।''
"ਬੇਟਾ ਇਸ ਮਾਂ ਮੇਰਾ ਕੁਛ ਨਹੀਂ।  ਜਿਥੇ ਧਰਤੀ ਦੀ ਮਿੱਟੀ ਉਪਜਾਊ ਹੁੰਦੀ ਐ ਓਥੇ ਬੀਜਿਆ ਬੀਜ ਚੰਗੀ ਤਰ੍ਹਾਂ ਉੱਗ ਕੇ ਅੱਛਾ ਪੌਦਾ ਜਾਂ ਦਰਖਤ ਬਣ ਜਾਂਦੈ ਅਰ ਉਸ ਨੂੰ ਫਲ ਵੀ ਅੱਛਾ ਲਗਦੈ।  ਹੈ ਕ ਨਹੀਂ? ਇਸ ਮਾਂ ਸਭ ਤੇਰੀ ਆਪਣੀ ਸੋਚ ਦੀ ਹੀ ਸ਼ਾਬਾਸ਼ੇ ਹੈ ਕਿ ਤੂੰ ਇਹਨਾਂ ਗੱਲਾਂ ਨੂੰ ਪਕੜਨ ਦੀ ਕੋਸ਼ਿਸ਼ ਕਰਦੈਂ।  ਮੇਰੇ ਪਾਸ ਤਾਂ ਹੋਰ ਬਥੇਰੇ ਲੋਕ ਆਉਂਦੇ ਜਾਂਦੇ ਰਹਿੰਦੇ ਐ ਪਰ ਹਰ ਕੋਈ ਚੰਗੀਆਂ ਗੱਲਾਂ ਪੱਲੇ ਬੰਨ੍ਹ ਕੇ ਥੋੜੇ ਈ ਲੈ ਜਾਂਦੈ।  ਹੁਣ ਨੇਕੀ ਦੀਓ ਮਸਾਲ ਲੈ ਲੈ।  ਉਹ ਦਸ ਬਾਰ ਬੁਲਾਏ 'ਤੇ ਬੀ ਨੀ ਆਉਂਦਾ।  ਹੋ ਸਕਦੈ ਉਹਨੂੰ ਮੇਰੀਆਂ ਗੱਲਾਂ ਫਜ਼ੂਲ ਲਗਦੀਆਂ ਹੋਣਗੀਆਂ।''
"ਚੰਗਾ ਚਾਚਾ ਜੀ ਮੈਨੂੰ ਇਜਾਜ਼ਤ ਦਿਓ।  ਕੱਲ੍ਹ ਨੂੰ ਮੈਂ ਅਹਿਮਾਦਾਬਾਦ ਚਲੇ ਜਾਣਾ ਹੈ।''
ਚਰਨਜੀਤ ਨੂੰ ਮਾਸਟਰ ਜੀ ਤੇ ਕਮਲਾ ਨੇ ਆਸ਼ੀਰਵਾਦ ਦਿੱਤਾ।
''ਅੱਛਾ ਬੇਟਾ ਜਾ ਕੇ ਨੇਕੀ ਨੂੰ ਮੇਰਾ ਸਨੇਹਾ ਦੇ ਦੇਈਂ ਬਈ ਉਹ ਕਿਸੇ ਦਿਨ ਆ ਕੇ ਮੈਨੂੰ ਮਿਲੇ।  ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ।  ਪਰ ਉਹ ਆ ਕੇ ਮਿਲੇਗਾ ਤਾਂ ਹੀ ਨਾ? ਖੈਰ, ਇਹ ਉਸ ਦੀ ਮਰਜ਼ੀ, ਪਰ ਸਨੇਹਾ ਮੇਰਾ ਜ਼ਰੂਰ ਦੇ ਦੇਈਂ।''
ਚਰਨਜੀਤ ਨੇ ਉਸੇ ਦਿਨ ਜਾ ਕੇ ਮਾਸਟਰ ਜੀ ਦਾ ਸੁਨੇਹਾ ਗੁਰਨੇਕ ਨੂੰ ਦਿੱਤਾ।  ਗੁਰਨੇਕ ਨੇ ਅਗੋਂ ਕੋਈ ਹਾਂ ਜਾਂ ਨਾਂ ਨਹੀਂ ਕੀਤੀ।  ਸੱਜੇ ਹੱਥ ਵਿਚ ਸਿਰ ਫੜ ਕੇ ਬੈਠਾ ਰਿਹਾ।  ਅੰਦਰੋਂ ਉਸ ਦਾ ਮਨ ਕਹਿ ਰਿਹਾ ਸੀ ਕਿ 'ਮਾਸਟਰ ਜੀ ਵਰਗੇ ਬੰਦੇ ਹੀ ਲੋਕਾਂ ਦੇ ਘਰਾਂ ਵਿਚ ਪਾਟਕ ਪਾਉਂਦੇ ਹੁੰਦੇ ਐ।  ਆਪਣਾ ਤਾਂ ਕੋਈ ਟੱਬਰ ਟ੍ਹੀਰ ਹੈ ਨੀ ਦੂਜਿਆਂ ਦੇ ਪਰਿਵਾਰਾਂ ਨੂੰ ਸਿੱਖਿਆ ਦੇਣ ਤੁਰ ਪੈਂਦੇ ਐ।  ਵੱਡੇ ਸਿਆਣੇ!' ਵੱਡੀ ਰਾਤ ਤਕ ਚਰਨਜੀਤ ਗੁਰਨੇਕ ਨੂੰ ਆਪਣੇ ਹਸਪਤਾਲ ਦੀਆਂ ਗੱਲਾਂ ਸੁਣਾਉਂਦਾ ਰਿਹਾ।  ਗੁਰਨੇਕ ਨੇ ਉਸ ਦੀਆਂ ਅੱਧ-ਪਚੱਧ ਗੱਲਾਂ ਸੁਣੀਆਂ ਬਾਕੀ ਉਹ ਦੀ ਸੋਚ ਕਿਸੇ ਪਾਸੇ ਲੱਗੀ ਰਹੀ।  ਅਗਲੇ ਦਿਨ ਸਵੇਰੇ ਸਵੇਰੇ ਚਰਨਜੀਤ ਵਾਪਸ ਅਹਿਮਾਦਾਬਾਦ ਚਲਾ ਗਿਆ।

***

No comments:

Post a Comment