Saturday 29 May 2010

ਲੋਕੁ ਕਹੈ ਦਰਵੇਸੁ :: ਪੰਜਵੀਂ ਕਿਸ਼ਤ...

ਲੋਕੁ ਕਹੈ ਦਰਵੇਸੁ :: ਪੰਜਵੀਂ ਕਿਸ਼ਤ...

ਮੁਖਤਿਆਰ ਸਿੰਘ ਨੇ ਇਕ ਦਿਨ ਸਕੂਲ ਵਿਚ ਗੁਰਨੇਕ ਨੂੰ ਇਕ ਝੋਲਾ ਲਿਆ ਫੜਾਇਆ।  ਉਸ ਵਿਚ ਸੱਤ-ਅੱਠ ਕਿਤਾਬਾਂ ਸਨ, ਕੁਝ ਪੰਜਾਬੀ ਅਤੇ ਕੁਝ ਅੰਗਰੇਜ਼ੀ ਵਿਚ।  ਇਹਨਾਂ ਕਿਤਾਬਾਂ ਵਿਚ ਬਹੁਤੀਆਂ ਰੂਸੀ ਤੋਂ ਪੰਜਾਬੀ ਵਿਚ ਅਨੁਵਾਦ ਕੀਤੀਆਂ ਕਿਤਾਬਾਂ ਸਨ।  ਉਹਨਾਂ ਵਿਚ ਗੋਰਕੀ ਦਾ ਨਾਵਲ ਮਾਂ, ਚੈਖੋਵ ਦੀਆਂ ਚੋਣਵੀਆਂ ਕਹਾਣੀਆਂ, ਅਸਲੀ ਮਨੁੱਖ ਦੀ ਵਾਰਤਾ ਨਾਂ ਦੀ ਕਿਤਾਬ ਤੇ ਉਜਰਤ, ਕੀਮਤ ਤੇ ਮੁਨਾਫਾ ਅਤੇ ਅੰਗਰੇਜ਼ੀ ਵਿਚ ਇਕ ਮੋਟੀ ਜਿਹੀ ਕਿਤਾਬ ਸੀ 'ਦਾਸ ਕੈਪੀਟਲ' ਅਤੇ ਮਾਰਕਸ ਅਤੇ ਐਂਜਲਜ਼ ਦੀ ਜੀਵਨੀ।  
''ਯਾਰ, ਏਨੀਆਂ ਕਿਤਾਬਾਂ ਤੂੰ ਕਿੱਥੋਂ ਚੱਕ ਲਿਆਇਆ? ਖਾਸੀਆਂ ਮਹਿੰਗੀਆਂ ਹੋਣਗੀਆਂ?'' ਗੁਰਨੇਕ ਨੇ ਹੈਰਾਨੀ ਨਾਲ ਪੁੱਛਿਆ।
"ਵਾਹ-ਭੋਲੇ ਪਾਤਸ਼ਾਹ! ਇਹ ਤਾਂ ਸਾਰੀਆਂ ਮੈਂ ਦਿੱਲੀਓਂ ਸੜਕ 'ਤੇ ਬੈਠੇ ਰੱਦੀ ਵਾਲਿਆਂ ਕੋਲੋਂ ਲਿਆਇਐਂ।  ਊਂ ਵੀ ਜੇ ਖਰੀਦਣੀਆਂ ਹੋਣ ਤਾਂ ਤਕੜਾ ਜ਼ਿਮੀਂਦਾਰ ਤਾਂ ਏਨੇ ਪੈਸਿਆਂ ਦੇ ਪਕੌੜੇ ਈ ਖਾ-ਜੇ।  ਰੂਸੀਆਂ ਨੇ ਸਾਹਿਤ ਬਹੁਤ ਸਸਤਾ ਕਰ ਦਿੱਤੈ।  ਭਾਵੇਂ ਮੈਂ ਬਾਰਵੀਂ ਤੱਕ ਈ ਪੜਿਐਂ ਪਰ ਸਾਡੇ ਅੰਗਰੇਜ਼ੀ ਦੇ ਪ੍ਰੋਫੈਸਰ ਨੇ ਸਾਨੂੰ ਅੰਗਰੇਜ਼ੀ ਤਾਂ ਚੰਗੀ ਤਰਾਂ ਪੜ੍ਹਨ ਲਾ 'ਤਾ ਸੀ।  ਤੂੰ ਪੜ੍ਹ ਕੇ ਤਾਂ ਦੇਖ, ਦਿਮਾਗ਼ ਦੇ ਕਪਾਟ ਖੁਲ੍ਹ ਜਾਣਗੇ।  ਤੈਨੂੰ ਤਾਂ ਪਤਾ ਈ ਐ ਬਈ ਅਪਣਾ ਬਹੁਤਾ ਪਿੰਡ ਮੁਜਾਰਿਆਂ ਦਾ ਈ-ਐ।  ਮੈਨੂੰ ਇਹਨਾਂ ਕਿਤਾਬਾਂ ਨੇ ਲੋਕਾਂ ਨੂੰ ਪਛਾਨਣ ਤੇ ਸਮਝਣ ਵਿਚ ਤੇ ਉਹਨਾਂ ਕੋਲੋਂ ਕੰਮ ਲੈਣ ਵਿਚ ਵੀ ਬੜੀ ਮਦਦ ਕੀਤੀ ਐ।  ਕਈ ਲੋਕ ਭਾਵੇਂ ਮੈਨੂੰ ਕਾਮਰੇਡ ਕਹਿ ਦਿੰਦੇ ਐ ਪਰ ਆਪਾਂ ਕਾਮਰੇਡ ਕੂਮਰੇਡ ਕੋਈ ਨੀ।  ਬੱਸ ਅਜ ਕੱਲ੍ਹ ਤਾਂ ਲੋਕਾਂ ਨੂੰ ਐਕਸਪਲਾਇਟ ਕਰਨ ਦੇ ਤਰੀਕੇ ਬੰਦੇ ਨੂੰ ਆਉਣੇ ਚਾਹੀਦੇ ਐ ਤੇ ਫੇਰ ਸਮਝ ਲੈ, ਬਈ ਪੰਜੇ ਘਿਓ 'ਚ।  ਆਪਾਂ ਦੇਖ ਲੈ ਬਈ ਡੱਕਾ ਦੂਹਰਾ ਨੀ ਕਰੀਦਾ ਪਰ ਕੰਮ ਹਰੇਕ ਤੋਂ ਕਢਵਾ ਲਈਦੈ।  ਜੇ ਸਿੱਧੀ ਉਂਗਲ ਨਾਲ ਘਿਓ ਨਾ ਨਿਕਲੇ ਤਾਂ ਟੇਢੀ ਕਰ ਲਈਦੀ ਐ।  ਆਲੇ-ਦੁਆਲੇ ਦੇ ਪਿੰਡਾਂ 'ਚ ਈ ਨਹੀਂ ਸਗੋਂ ਇਲਾਕੇ ਵਿਚ ਵੀ ਆਪਣੀ ਸਰਕਾਰੇ-ਦਰਬਾਰੇ ਚੰਗੀ ਚਲਦੀ ਐ।  ਆਪਣੇ ਕੋਲ ਕਿਤਾਬਾਂ ਹੋਰ ਬਥੇਰੀਆਂ ਤੂੰ ਪੜ੍ਹਨ ਆਲਾ ਬਣ।''
ਗੁਰਨੇਕ 'ਤੇ ਮੁਖਤਿਆਰ ਦੀਆਂ ਗੱਲਾਂ ਦਾ ਬੜਾ ਪ੍ਰਭਾਵ ਪੈਂਦਾ।  ਉਹ ਸੋਚਦਾ, ਕਿ ਜੇ ਉਹਨੂੰ ਓਹੋ ਜਿਹੀਆਂ ਜੁਗਤਾਂ ਆਉਂਦੀਆਂ ਹੁੰਦੀਆਂ ਤਾਂ ਉਹ ਵੀ ਆਪਣੇ ਇਲਾਕੇ ਦਾ ਮਸ਼ਹੂਰ ਬੰਦਾ ਹੋਣਾ ਸੀ।  
''ਆਹੋ ਬਾਈ ਸਿਆਂ- ਚੜ੍ਹਦੇ ਸੂਰਜ ਨੂੰ ਸਲਾਮਾਂ।  ਸਾਨੂੰ ਕੌਣ ਪੁਛਦੈ।  ਅਸੀਂ ਤਾਂ ਨਾ ਤਿੰਨਾਂ 'ਚ ਨਾ ਤੇਰ੍ਹਾਂ 'ਚ।'' ਗੁਰਨੇਕ ਨੇ ਮੁਖਤਿਆਰ ਨੂੰ ਛੇੜਦਿਆਂ ਕਿਹਾ।
"ਵਾਹ ਜੀ ਕਵੀ ਸਾਹਬ! ਇਹ ਗੱਲ ਤੂੰ ਕੀ ਆਖੀ? ਆਹ ਤੇਰੀ ਇਕੋ ਪਹਿਲੀ ਕਤਾਬ ਨੇ ਈ ਬਹਿ ਜਾ-ਬਹਿ ਜਾ ਕਰਵਾਈ ਪਈ ਐ।  ਨਾਲੇ ਚਾਰ ਪੈਸੇ ਮਿਲ-ਗੇ, ਦੂਜੇ ਇਨਾਮ ਨਾਲ ਮਸ਼ਹੂਰੀ।  ਥਾਂ-ਥਾਂ ਹੁਣ ਫੰਕਸ਼ਨਾਂ 'ਤੇ ਸ਼ਾਲਾਂ ਤੇ ਟਰਾਫੀਆਂ ਤੇ ਸਨਮਾਨ-ਪੱਤਰ 'ਕੱਠੇ ਕਰੀ ਜਾਨੇ ਓਂ।  ਦੋ-ਤਿੰਨ ਸ਼ਾਲਾਂ ਤਾਂ ਸਾਡੀ ਭਾਬੀ ਤੇਰੇ ਨਾਲ ਜਾ ਕੇ ਚੁੱਕ ਲਿਆਈ, ਅਖੇ ਸਾਨੂੰ ਕੌਣ ਪੁਛਦੈ।  ਅੱਗੇ ਦੇਖੀਂ ਅਜੇ ਹੋਰ ਕੀ ਹੋਣੈ।  ਅਜੇ ਤਾਂ ਪਹਿਲੀ ਸੱਟ ਈ-ਐ!''
"ਸੱਚ-ਯਾਰ, ਪੈਸਿਆਂ ਤੋਂ ਗੱਲ ਯਾਦ ਆ ਗੀ।  ਤੇਰਾ ਉਧਾਰ ਵੀ ਮੈਂ ਦੇਣੈ।  ਹੁਣ ਲੈ ਲੈ ਨਹੀਂ ਤਾਂ ਫੇਰ ਖਰਚੇ ਜਾਣਗੇ।'' ਗੁਰਨੇਕ ਨੇ ਸੱਚੇ ਦਿਲੋਂ ਕਿਹਾ।
"ਚਲ ਕੋਈ-ਨੀ।  ਪੈਸੇ ਤਾਂ ਮੈਂ ਫੇਰ ਲੈ ਲੂੰ ਤੇਰੇ ਕੋਲੋਂ।  ਲਊਂ ਵੀ ਓਦੋਂ ਜਦੋਂ ਹੋਰ ਵੱਡੀ ਕਿਤਾਬ ਦੀ ਰੁਆਲਿਟੀ ਤੈਨੂੰ ਮਿਲੀ।  ਜਦੋਂ ਤੈਥੋਂ ਪੈਸੇ ਸੰਭਾਲੇ ਨਾ ਗਏ ਓਦੋਂ ਮੈਂ ਯਾਦ ਕਰਾਊਂ ਤੈਨੂੰ।  ਹਾਂ...ਫੇਰ ਮੁੱਕਰੀਂ ਨਾ!''
''ਮੈਂ ਹੁਣ ਕਿਹੜਾ ਮੁਕਰਦੈਂ।''
''ਓ ਛੱਡ ਯਾਰ ਛੋਟੀਆਂ ਗੱਲਾਂ।  ਅੱਛਾ, ਇਹ ਦੱਸ ਬਈ ਅੱਗੇ ਕੀ ਕਰਨ ਦਾ ਇਰਾਦੈ?''
''ਬੱਸ ਸੋਚਿਐ ਹੁਣ ਛੇਤੀ ਤੋਂ ਛੇਤੀ ਦੂਜੀ ਕਿਤਾਬ ਤਿਆਰ ਕਰਨੀ ਐ।  ਦਸ-ਬਾਰਾਂ ਕਵਿਤਾਵਾਂ ਤਾਂ ਇਕੱਠੀਆਂ ਹੋ-ਗੀਆਂ, ਬਾਕੀ...।''
''ਚਲੋ ਉਹ ਤਾਂ ਠੀਕ ਐ।  ਮੇਰਾ ਮਤਲਬ ਹੋਰ ਐ ਬਈ ਸਾਰੀ ਉਮਰ ਇਹ ਪਰਾਇਮਰੀ ਸਕੂਲ ਦੀ ਮਾਸਟਰੀ ਕਰੀ ਜਾਣੀ ਐਂ ਕਿ ਕੋਈ ਅੱਗੇ ਵੀ ਤਰੱਕੀ ਕਰਨੀ ਐ?''
"ਕਰੀਏ ਕੀ ਵਿਹਲ ਈ ਨੀ ਮਿਲਦੀ।  ਘਰੋਂ ਸਕੂਲ, ਸਕੂਲੋਂ ਘਰੇ।  ਘਰ ਜਾਕੇ ਸੌ ਘਰ ਦੇ ਕੰਮ ਉਤੋਂ ਬਿਮਾਰੀਆਂ ਨੀ ਪੱਟੀ ਬੰਨ੍ਹਣ ਦਿੰਦੀਆਂ।  ਜਿਹੜਾ ਮਾੜਾ ਮੋਟਾ ਟਾਈਮ ਬਚਦੈ ਉਹ ਲਿਖਣ ਪੜ੍ਹਨ 'ਤੇ।  ਤੇਰੀਆਂ ਕੁਸ਼ ਕਿਤਾਬਾਂ ਤਾਂ ਮੈਂ ਪੜ੍ਹ ਲਈਆਂ ਕੁਸ਼ ਬਾਕੀ ਐ।  ਗੋਰਕੀ ਦਾ ਨਾਵਲ 'ਮਾਂ' ਬਹੁਤ ਵਧੀਐ।  ਪਤਾ ਨਹੀਂ ਇਹੋ ਜਿਆ ਇਨਕਲਾਬ ਸਾਡੇ ਕਦੋਂ ਆਊ ਜਾਂ ਸਾਡੀਆਂ ਮਾਵਾਂ ਕਦੋਂ ਗੋਰਕੀ ਦੇ ਨਾਵਲ ਦੀ ਮਾਂ ਵਰਗੀਆਂ ਬਨਣਗੀਆਂ।''
''ਹਾਂ-ਐਥੇ ਰੱਖ! ਕੀਤੀ ਨਾ ਗੱਲ ਲੱਖ ਰਪਈਏ ਦੀ।  ਮਾਵਾਂ ਤਾਂ ਸਾਡੀਆਂ ਵੀ ਕਿਹੜਾ ਕਿਸੇ ਨਾਲੋਂ ਘੱਟ ਐ ਬੱਸ ਜਾਗ ਲੱਗਣ ਦੀ ਲੋੜ ਐ।  ਤੇ ਜਾਗ ਚੰਗਾ ਸਾਹਿਤ ਪੜ੍ਹ ਕੇ ਈ ਲਗਦਾ ਹੁੰਦੈ।''
"ਪਰ ਯਾਰ ਉਹ ਦਾਸ ਕੈਪੀਟਲ ਦੀ ਮੈਨੂੰ ਸਮਝ ਨੀ ਆਉਂਦੀ।''
"ਕੋਈ ਨਾ-ਆ-ਜੂਗੀ।  ਪਹਿਲਾਂ ਤੂੰ ਮਾਰਕਸ ਤੇ ਏਂਜਲਜ਼ ਦੀ ਜੀਵਨੀ ਪੜ੍ਹ।  ਉਹ ਕਿੰਨੇ ਚੰਗੇ ਦੋਸਤ ਸੀ।  ਮੀਂਹ ਜਾਵੇ, ਝੱਖੜ ਆਵੇ, ਉਹਨਾਂ ਨੇ ਹਰ ਰੋਜ਼ ਮਿਲਣਾ ਜ਼ਰੂਰ ਹੁੰਦਾ ਜੀ।  ਯਾਰੀ ਹੋਵੇ ਤਾਂ ਇਹੋ ਜੀ।  ਕਈ ਤਾਂ ਕਹਿੰਦੇ ਐ ਬਈ ਅਸਲੀ ਵਿਚਾਰ ਤਾਂ ਸਾਰੇ ਏਂਜਲਜ਼ ਦੇ ਈ ਸੀ, ਮਾਰਕਸ ਨੇ ਤਾਂ ਲਿਖਣ ਦਾ ਈ ਕੰਮ ਕੀਤੈ।  ਪਰ ਮੈਂ ਸਹਿਮਤ ਨਹੀਂ।  ਬੰਦਾ ਉਹ ਵੀ ਬੜਾ ਸਿਆਣਾ ਤੇ ਤਕੜਾ ਸੀ।  ਦੇਖ ਲੈ ਜਰਮਨੀ 'ਚੋਂ ਜਲਾਵਤਨ ਹੋ ਕੇ ਇਹੋ ਜੀਆਂ ਥਿਊਰੀਆਂ ਘੜੀਆਂ ਬਈ ਅੱਜ ਰੂਸ, ਚੀਨ ਤੋਂ ਇਲਾਵਾ ਹੋਰ ਕਿੰਨੇ ਈ ਦੇਸ਼ਾਂ 'ਚ ਕਮਿਊਨਿਜ਼ਮ ਦਾ ਬੋਲ ਬਾਲੈ।  ਉਹਨੂੰ ਜਿਵੇਂ ਪਹਿਲਾਂ ਤੋਂ ਈ ਪਤਾ ਸੀ ਬਈ ਆਉਣ ਵਾਲੀਆਂ ਸਦੀਆਂ ਵਿਚ ਉਹਦੇ ਵਿਚਾਰਾਂ ਅਨੁਸਾਰ ਈ ਦੁਨੀਆਂ ਨੇ ਢਲਣਾ ਸ਼ੁਰੂ ਕਰਨੈ।  ਐਸੀ ਨੀਂਹ ਰੱਖੀ ਸਮਾਜਵਾਦ ਦੀ ਬਈ ਐਨ ਨਿਸ਼ਾ ਕਰਾ 'ਤੀ।  ਕੋਈ ਨੀ ਤੂੰ ਉਹ ਕਿਤਾਬ ਪੜ੍ਹੀ ਚੱਲ ਆਪੇ ਸਮਝ ਆਉਣ ਲੱਗ ਜੂ-ਗੀ।''
ਮੁਖਤਿਆਰ ਆਪਣੀ ਗੱਲ ਮੁਕਾ ਕੇ ਈ ਰਹਿੰਦਾ।  ਉਂਜ ਵੀ ਉਸ ਨੂੰ ਲੱਗ ਰਿਹਾ ਸੀ ਕਿ ਗੁਰਨੇਕ ਉਹਦੀ ਦੋਸਤੀ ਦੇ ਅਸਰ ਹੇਠ ਅਤੇ ਕਿਤਾਬਾਂ ਪੜ੍ਹ ਕੇ ਆਪਣੇ ਵਿਚਾਰ ਸਮਾਜਵਾਦ ਅਤੇ ਮਾਰਕਸਿਜ਼ਮ ਬਾਰੇ ਇਕ ਦਿਨ ਸਪਸ਼ਟ ਕਰ ਹੀ ਲਵੇਗਾ।  ਕਿਉਂਕਿ ਮੁਖਤਿਆਰ ਨੇ ਗੁਰਨੇਕ ਨੂੰ ਪੜ੍ਹਨ ਦੀ ਚੇਟਕ ਤਾਂ ਲਾ ਹੀ ਦਿੱਤੀ ਸੀ।  ਉਹ ਚਾਹੁੰਦਾ ਸੀ ਕਿ ਗੁਰਨੇਕ ਇਕ ਇਨਕਲਾਬੀ ਕਵੀ ਬਣੇ।
ਆਂਢ-ਗੁਆਂਢ, ਦੋਸਤ ਤੇ ਰਿਸ਼ਤੇਦਾਰ, ਸਾਰੇ ਈ ਗੁਰਨੇਕ ਦੀ ਇਸ ਆਦਤ ਤੋਂ ਜਾਣੂ ਹੋ ਗਏ ਸਨ ਕਿ ਉਹ ਚੁਬਾਰੇ ਵਿਚੋਂ ਘੱਟ ਹੀ ਬਾਹਰ ਨਿਕਲਦਾ ਸੀ।  ਸਾਰਾ ਦਿਨ ਕੰਧ ਨਾਲ ਲੱਗੇ ਮੰਜੇ ਉੱਤੇ ਬਹਿ ਕੇ, ਪਿੱਠ ਪਿੱਛੇ ਸਰ੍ਹਾਣਾ ਰੱਖ ਕੇ ਜਾਂ ਤਾਂ ਉਹ ਚਿੱਠੀਆਂ ਲਿਖਦਾ ਰਹਿੰਦਾ ਤੇ ਜਾਂ ਕੋਈ ਕਵਿਤਾ।  ਬਸੰਤ ਕੌਰ ਚੁਬਾਰੇ ਤੋਂ ਬਾਹਰ ਵਰਾਂਡੇ ਵਿਚ ਬੈਠੀ ਕੁਝ ਨਾ ਕੁਝ ਕਰਦੀ ਰਹਿੰਦੀ।  ਉਹ ਅੰਦਰੋਂ ਆਉਂਦੀ ਆਵਾਜ਼ ਦੀ ਪੂਰੀ ਬਿੜਕ ਰਖਦੀ।  ਕਦੇ ਅੰਦਰੋਂ ਧੀਮੀ ਜਿਹੀ ਆਵਾਜ਼ ਆਉਂਦੀ ਜਿਵੇਂ ਕੋਈ ਡੂੰਘੇ ਖੂਹ 'ਚੋਂ ਹੇਠਾਂ ਬੈਠਾ ਬੋਲਦਾ ਹੋਵੇ-
''ਆ ਮਾੜਾ ਜਿਹਾ ਪਾਣੀ ਲਿਆ ਦਿਓ।''
ਆਵਾਜ਼ ਏਨੀ ਧੀਮੀ ਹੁੰਦੀ ਕਿ ਬਸੰਤ ਨੂੰ ਅੰਦਰ ਜਾ ਕੇ ਪੁੱਛਣਾ ਪੈਂਦਾ।  ਗੁਰਨੇਕ ਥੋੜਾ ਜਿਹਾ ਵਹਿਮੀ ਵੀ ਹੋ ਚੁੱਕਾ ਸੀ।  ਰੋਟੀ ਖਾਣ ਵੇਲੇ ਜੇ ਰੋਟੀ ਚੰਗੀ ਤਰਾਂ ਰੜ੍ਹੀ ਨਾ ਹੁੰਦੀ ਤਾਂ ਰੋਟੀ ਦੇ ਕੱਚੇ ਲਗਦੇ ਹਿੱਸੇ ਨੂੰ ਟੁੱਕ-ਟੁੱਕ ਕੇ ਥਾਲੀ 'ਚ ਇਕ ਪਾਸੇ ਰੱਖ ਦਿੰਦਾ।  ਰੋਟੀ ਦੇ ਸੜੇ ਹੋਏ ਜਾਂ ਸਖਤ ਕਿਨਾਰੇ ਟੁੱਕ ਕੇ ਪਾਸੇ ਰੱਖ ਦਿੰਦਾ ਜਿਵੇਂ ਢਿੱਡ 'ਚ ਜਾ ਕੇ ਚੁਭਦੇ ਹੋਣ।  ਉਂਜ ਉਹ ਖੁਰਾਕ ਪੂਰੀ ਖਾਂਦਾ।  ਦਾਲਾਂ, ਸਬਜ਼ੀਆਂ ਨੂੰ ਵੀ ਚੰਗੀ ਤਰਾਂ ਨੀਝ ਲਾ ਕੇ ਦੇਖਦਾ ਜਿਵੇਂ ਉਹਨਾਂ ਵਿਚ ਕੋਈ ਕੀਟ-ਪਤੰਗਾ ਲਭਦਾ ਹੋਵੇ।  ਗਰਮੀਆਂ ਵਿਚ ਪਾਣੀ ਬਹੁਤਾ ਠੰਡਾ ਜਾਂ ਬਹੁਤੀ ਬਰਫ ਵਾਲਾ ਨਾ ਹੋਵੇ।  ਸਰਦੀਆਂ ਵਿਚ ਗੁਣਗੁਣਾ ਪਾਣੀ ਪੀਣ ਦੀ ਆਦਤ ਸੀ।  ਜੇ ਪਾਣੀ ਘੱਟ ਜਾਂ ਵੱਧ ਠੰਢਾ ਜਾਂ ਤੱਤਾ ਹੁੰਦਾ ਤਾਂ ਬਾਹਰੋਂ ਈ ਗਲਾਸ ਨੂੰ ਹੱਥ ਲਾ ਕੇ ਉਸ ਨੂੰ ਹੋਰ ਠੰਢਾ ਜਾਂ ਗਰਮ ਕਰਨ ਲਈ ਆਖਦਾ।  ਸਰਦੀਆਂ ਵਿਚ ਸੰਤਰਿਆਂ ਨੂੰ ਛਿੱਲ ਕੇ ਖਾਣ ਤੋਂ ਪਹਿਲਾਂ ਥੋੜਾ ਚਿਰ ਧੁੱਪ 'ਚ ਰਖਣ ਲਈ ਹਦਾਇਤ ਕਰਦਾ।  ਬਸੰਤ ਵਿਚਾਰੀ ਸਾਰਾ ਦਿਨ ਇਕ ਲੱਤ 'ਤੇ ਖੜੀ ਰਹਿੰਦੀ।  ਜੇ ਕੋਈ ਮਿਲਣ-ਗਿਲਣ ਵਾਲਾ ਆਉਂਦਾ ਤਾਂ ਪਹਿਲਾਂ ਬਾਹਰੋਂ ਪੌੜੀਆਂ ਹੇਠੋਂ ਬਿੜਕ ਆਉਂਦਿਆਂ ਹੀ, ਬਸੰਤ ਭੱਜ ਕੇ ਪੌੜੀਆਂ ਕੋਲ ਪਹੁੰਚ ਜਾਂਦੀ ਤੇ ਚੁਬਾਰੇ ਅੰਦਰ ਜਾ ਕੇ ਆਉਣ ਵਾਲੇ ਬੰਦੇ ਬਾਰੇ ਖਬਰ ਕਰਦੀ।  ਜੇ ਕੋਈ ਰਿਸ਼ਤੇਦਾਰ ਦੂਰੋਂ ਚੱਲ ਕੇ ਮਿਲਣ ਆਉਂਦਾ ਤਾਂ ਉਹ ਪਹਿਲਾਂ ਭਗਤ ਸਿੰਘ ਤੇ ਦਿਆਕੁਰ ਨੂੰ ਮਿਲਦਾ ਪਰ ਗੁਰਨੇਕ ਨੂੰ ਮਿਲਣ ਲਈ ਉਹਨੂੰ ਚੁਬਾਰੇ 'ਤੇ ਹੀ ਚੜ੍ਹਨਾ ਪੈਂਦਾ ਕਿਉਂਕਿ ਸਭ ਨੂੰ ਪਤਾ ਸੀ ਕਿ ਕਿਸੇ ਵੀ ਹਾਲਤ ਵਿਚ ਗੁਰਨੇਕ ਥੱਲੇ ਉੱਤਰ ਕੇ ਨਹੀਂ ਆਏਗਾ।  ਕਈ ਵੱਡੀ ਉਮਰ ਦੇ ਰਿਸ਼ਤੇਦਾਰ ਏਸ ਗੱਲ ਨੂੰ ਚੰਗਾ ਨਾ ਸਮਝਦੇ।  ਪਰ ਕਈ ਸ਼ਰਮ ਕਰਕੇ ਹੀ ਗੁਰਨੇਕ ਨੂੰ ਬਿਨਾਂ ਮਿਲੇ ਮੁੜਨਾ ਚੰਗਾ ਨਾ ਸਮਝਦੇ।  ਮਿਲ ਕੇ ਵੀ ਸਿਵਾਏ ਹਾਂ-ਹੂੰ ਦੇ ਉਹਨਾਂ ਦੀਆਂ ਗੱਲਾਂ ਦੇ ਕੋਈ ਹੋਰ ਉੱਤਰ ਨਾ ਦਿੰਦਾ ਤੇ ਨਾ ਹੀ ਦਿਲ ਖੋਲ੍ਹ ਕੇ ਗੱਲਾਂ ਕਰਦਾ।  ਲੋਕ ਅਣਸਰਦੇ ਨੂੰ ਮੂੰਹ ਮੁਲਾਹਜਾ ਰੱਖਣ ਖਾਤਰ ਮਿਲ-ਗਿਲ ਜਾਂਦੇ।
ਗੁਰਨੇਕ ਨੂੰ ਹੋਰ ਵੀ ਕਈ ਅਜੀਬ ਜਿਹੀਆਂ ਆਦਤਾਂ ਪੈ ਚੁੱਕੀਆਂ ਸਨ ਜਾਂ ਉਹਨੇ ਜਾਣ-ਬੁੱਝ ਕੇ ਪਾ ਲਈਆਂ ਸਨ- ਜਿਵੇਂ ਜੇ ਕਿਧਰੇ ਵੀ ਦੂਰ ਨੇੜੇ ਕਿਸੇ ਰਿਸ਼ਤੇਦਾਰੀ ਵਿਚ ਜੇ ਕੋਈ ਵਿਆਹ-ਸ਼ਾਦੀ ਹੋਵੇ ਜਾਂ ਕੋਈ ਮਰਗ ਹੋ ਗਈ ਹੋਵੇ, ਤਾਂ ਉਹ ਕਦੇ ਨਾ ਜਾਂਦਾ।  ਭਗਤ ਸਿੰਘ ਤੇ ਦਿਆਕੁਰ ਨੂੰ ਅਣਸਰਦੇ ਨੂੰ ਜਾਣਾ ਪੈਂਦਾ।  ਪਰ ਗੁਰਨੇਕ ਲੰਮੀਆਂ ਲੰਮੀਆਂ ਚਿੱਠੀਆਂ ਲਿਖ ਕੇ ਬੁੱਤਾ ਸਾਰਨ ਦੀ ਕੋਸ਼ਿਸ਼ ਕਰਦਾ।  ਚਿੱਠੀਆਂ ਵਿਚ ਬੜੀਆਂ ਸਿਆਣੀਆਂ ਤੇ ਦੁਨਿਆਵੀ ਗੱਲਾਂ ਤੇ ਹੋਰ ਕਈ ਦਿਲਚਸਪ ਘਟਨਾਵਾਂ ਲਿਖ ਕੇ ਅਗਲੇ ਤੇ ਚੰਗਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ।  ਸਮਾਜ ਵਿਚ ਲੋਕਾਂ ਨੇ ਆਉਣ-ਜਾਣ ਆਪਣਾ ਦੁਖ-ਸੁਖ ਸਾਂਝਾ ਕਰਨ ਲਈ ਬਣਾਇਆ ਹੈ।  ਕੁਝ ਜ਼ਰੂਰੀ ਮੌਕਿਆਂ 'ਤੇ ਹਰ ਇਕ ਦਾ ਆਉਣਾ-ਜਾਣਾ ਬਣਦਾ ਸਮਝਿਆ ਜਾਂਦਾ ਹੈ।  ਪਰ ਜੇ ਬੰਦੇ ਦੀ ਥਾਂ ਚਿੱਠੀ ਪਹੁੰਚ ਜਾਵੇ ਤਾਂ ਉਹ ਬੰਦੇ ਦੀ ਖੁਦ ਦੀ ਹਾਜ਼ਰੀ ਜਿੰਨਾ ਅਸਰ ਤਾਂ ਨਹੀਂ ਨਾ ਕਰ ਸਕਦੀ।
ਏਥੋਂ ਤਕ ਕਿ ਜੇ ਕਦੇ ਭਗਤ ਸਿੰਘ ਤੇ ਦਿਆਕੁਰ ਨੂੰ ਘਰ ਦੀ ਕਬੀਲਦਾਰੀ ਬਾਰੇ ਕੋਈ ਸਲਾਹ ਕਰਨ ਦੀ ਮਜਬੂਰਨ ਲੋੜ ਪੈਂਦੀ  ਤਾਂ ਉਹਨਾਂ ਨੂੰ ਚੁਬਾਰੇ ਵਿਚ ਜਾ ਕੇ ਹੀ ਕਰਨੀ ਪੈਂਦੀ।  ਏਸੇ ਤਰਾਂ ਇਕ ਦਿਨ ਉਹ ਚਰਨਜੀਤ ਦੇ ਵਿਆਹ ਬਾਰੇ ਉਸ ਨਾਲ ਸਲਾਹ ਕਰਨ ਗਏ।  ਆਖਰ ਉਹ ਘਰ 'ਚ ਉਹਨਾਂ ਦਾ ਵੱਡਾ ਮੁੰਡਾ ਸੀ।  ਅਗੋਂ ਗੁਰਨੇਕ ਨੇ ਸਾਰੀ ਗੱਲ ਸੁਣ ਕੇ ਉਹਨਾਂ ਨੂੰ ਤਾਂ ਹਾਂ- ਹੂੰ ਹੀ ਕੀਤੀ ਪਰ ਚਰਨਜੀਤ ਨੂੰ ਉਸੇ ਦਿਨ ਇਕ ਲੰਮੀ ਚਿੱਠੀ ਲਿਖ ਦਿੱਤੀ।  ਜਿੰਨੇ ਵੀ ਦੋ ਤਿੰਨ ਰਿਸ਼ਤਿਆਂ ਬਾਰੇ ਦੱਸ ਪਈ ਸੀ ਸਾਰੇ ਕਿਸੇ ਨਾ ਕਿਸੇ ਕਾਰਨ ਕਰਕੇ ਨਕਾਰ ਦਿੱਤੇ ਅਤੇ ਅੱਗੋਂ ਲਈ ਹੋਰ ਉਡੀਕ ਕਰਨ ਦੇ ਸੁਝਾਅ ਦਿੱਤੇ।  ਅਖੀਰ ਵਿਚ ਆਪਣੀ ਇਸ ਚਿੱਠੀ ਨੂੰ ਪੜ੍ਹਨ ਸਾਰ ਪਾੜ ਦੇਣ ਲਈ ਵੀ ਲਿਖ ਦਿੱਤਾ।  ਚਰਨਜੀਤ ਨੇ ਵੀ ਚਿੱਠੀ ਪੜ੍ਹਨ ਸਾਰ ਪਾੜ ਦਿੱਤੀ।  ਉਂਜ ਵੀ ਉਹਦਾ ਮਨ ਹੋਰ ਪਾਸੇ ਹੀ ਸੀ।
ਚਰਨਜੀਤ ਵਾਹ ਲਗਦੀ ਆਪਣੇ ਵੱਡੇ ਭਰਾ ਦੀ ਗੱਲ ਕਦੇ ਵੀ ਥੱਲੇ ਨਹੀਂ ਸੀ ਡਿੱਗਣ ਦਿੰਦਾ।  ਮਾਸਟਰ ਸਾਧੂ ਰਾਮ ਤੋਂ ਪਿੱਛੋਂ ਜੇ ਕੋਈ ਸੀ ਤਾਂ ਉਹ ਗੁਰਨੇਕ ਜਿਸ ਦੀਆਂ ਗੱਲਾਂ ਦਾ ਅਸਰ ਉਹ ਹਰ ਹੱਦ ਤਕ ਕਬੂਲਦਾ।  ਵੱਡੇ ਭਰਾ ਦੀ ਦਿਲੋਂ ਇੱਜ਼ਤ ਕਰਨ ਨੂੰ ਉਹ ਆਪਣਾ ਫਰਜ਼ ਸਮਝਦਾ।  ਆਪਣੇ ਮਾਂ-ਪਿਓ ਦੀ ਵੀ ਉਹ ਬਹੁਤ ਇੱਜ਼ਤ ਕਰਦਾ ਸੀ ਅਤੇ ਉਹਨਾਂ ਬਾਰੇ ਫਿਕਰਮੰਦ ਵੀ ਰਹਿੰਦਾ ਸੀ।  ਭਗਤ ਸਿੰਘ ਵਲੋਂ ਉਹਨੂੰ ਕਿਸੇ ਖਾਸ ਕੰਮ ਜਾਂ ਮੌਕੇ 'ਤੇ ਹੀ ਚਿੱਠੀ ਆਉਂਦੀ।  ਦੂਜੇ ਪਾਸੇ ਗੁਰਨੇਕ ਹਰ ਹਫਤੇ ਇਕ-ਦੋ ਚਿੱਠੀਆਂ ਜ਼ਰੂਰ ਲਿਖਦਾ ਅਤੇ ਹਰ ਦੂਜੀ ਚਿੱਠੀ ਵਿਚ ਚਰਨਜੀਤ ਨੂੰ ਥੋੜੇ ਬਹੁਤ ਪੈਸੇ ਭੇਜਣ ਲਈ ਬੜੇ ਪਿਆਰ ਨਾਲ ਖਾਸ ਅੰਦਾਜ਼ ਵਿਚ ਲਿਖਿਆ ਹੁੰਦਾ।  ਉਹ ਆਪਣੀ ਗਰੀਬੀ ਤੇ ਤਰਸ ਯੋਗ ਹਾਲਤ ਅਤੇ ਬਿਮਾਰੀਆਂ ਦਾ ਵਾਸਤਾ ਪਾਉਂਦਿਆਂ ਲਿਖਦਾ ਕਿ ਜਦੋਂ ਉਹਦੇ ਕੋਲ ਪੈਸੇ ਹੋਏ ਤਾਂ ਉਹ ਦੁੱਗਣੇ ਕਰਕੇ ਮੋੜੇਗਾ।  ਚਰਨਜੀਤ ਨੂੰ ਉਸ ਦਾ ਇੰਜ ਲਿਖਣਾ ਦੁਖੀ ਕਰਦਾ ਤੇ ਉਹ ਭਾਵੁਕ ਹੋ ਕੇ ਆਪਣੇ ਵੱਡੇ ਭਰਾ ਦੀ ਸੇਵਾ ਨੂੰ ਆਪਣਾ ਧਰਮ ਤੇ ਫਰਜ਼ ਜਾਣ ਕੇ ਮਨੀਆਰਡਰ ਦੇ ਨਾਲ ਚਿੱਠੀ ਦਾ ਜਵਾਬ ਇਉਂ ਦਿੰਦਾ ਕਿ ਉਹ ਕਦੇ ਵੀ ਉਸ ਨਾਲ ਪੈਸੇ ਮੋੜਨ ਦੀ ਗੱਲ ਨਾ ਕਰਿਆ ਕਰੇ।  ਉਸ ਦੀਆਂ ਅਜਿਹੀਆਂ ਚਿੱਠੀਆਂ ਗੁਰਨੇਕ ਦੇ ਮਨ ਨੂੰ ਤਸੱਲੀ ਦਿੰਦੀਆਂ।  ਚਰਨਜੀਤ ਨੂੰ ਆਪਣੇ ਵੱਡੇ ਭਰਾ ਦੀ ਸਹਾਇਤਾ ਕਰਕੇ ਬੇਹੱਦ ਖੁਸ਼ੀ ਹੁੰਦੀ।  ਗੁਰਨੇਕ ਦੇ ਪੈਸੇ ਮੰਗਣ ਤੇ ਚਰਨਜੀਤ ਵਲੋਂ ਭੇਜਣ ਦਾ ਲਗਭਗ ਹਰ ਮਹੀਨੇ ਹੀ ਇਕ ਲਗਾਤਾਰ ਸਿਲਸਿਲਾ ਜਿਹਾ ਬਣ ਚੁੱਕਾ ਸੀ।
ਓਧਰ ਭਗਤ ਸਿੰਘ ਤੇ ਦਿਆਕੁਰ ਦਾ ਗੁਜ਼ਾਰਾ ਤਾਂ ਚੱਲ ਹੀ ਰਿਹਾ ਸੀ।  ਉਹਨਾਂ ਨੇ ਆਪਣੀਆਂ ਲੋੜਾਂ ਸੀਮਿਤ ਕਰ ਲਈਆਂ ਸਨ।  ਭਗਤ ਸਿੰਘ ਆਮ ਸਬਰ ਸੰਤੋਖ ਦੀਆਂ ਗੱਲਾਂ ਕਰਦਾ ਰਹਿੰਦਾ ਜਿਸ ਦਾ ਅਸਰ ਕਦੇ ਦਿਆਕੁਰ ਤੇ ਹੁੰਦਾ ਕਦੇ ਨਾ।
ਪਰ ਜਿਸ ਦਿਨ ਦੀ ਗੁਰਨੇਕ ਅਤੇ ਬਸੰਤ ਨੇ ਆਪਣੀ ਰੋਟੀ ਚੁਬਾਰੇ ਵਿਚ ਅੱਡ ਪਕਾਉਣੀ ਸ਼ੁਰੂ ਕੀਤੀ ਤਾਂ ਉਹਨਾਂ ਦਾ ਹੱਥ ਤੰਗ ਰਹਿਣ ਲੱਗ ਪਿਆ।  ਭਾਵੇਂ ਚੁੱਲ੍ਹੇ ਲਈ ਬਾਲਣ ਦੀਆਂ ਲਕੜਾਂ ਅਤੇ ਦਾਲਾਂ ਵਗੈਰਾ ਬਸੰਤ ਕਦੇ-ਕਦਾਈ ਦਿਆਕੁਰ ਕੋਲੋਂ ਲੈ ਆਉਂਦੀ ਪਰ ਫੇਰ ਵੀ ਉਹਨੂੰ ਅੱਡ ਹੋਣ ਪਿੱਛੋਂ ਘਰ ਦੀਆਂ ਚੀਜ਼ਾਂ ਵਸਤਾਂ ਮੰਗਦਿਆਂ ਸ਼ਰਮ ਆਉਂਦੀ।
ਗੁਰਨੇਕ ਨੂੰ ਇਨਾਮ ਮਿਲਣ ਪਿੱਛੋਂ ਦੂਰੋਂ ਨੇੜਿਓਂ ਸਾਹਿਤਕ ਰਸੀਏ ਉਹਨੂੰ ਮਿਲਣ ਆਉਂਦੇ।  ਉਹ ਮੰਜੇ 'ਤੇ ਢਾਸਣਾ ਲਾਈ ਬੈਠਾ ਉਹਨਾਂ ਨੂੰ ਬੜੀਆਂ ਦਿਲਚਸਪ ਅਤੇ ਸਿਆਣਪ ਭਰੀਆਂ ਗੱਲਾਂ ਸੁਨਾਉਣ ਦੀ ਕੋਸ਼ਿਸ਼ ਕਰਦਾ।  ਉਹਨੂੰ ਅਹਿਸਾਸ ਸੀ ਕਿ ਹੁਣ ਲੋਕ ਉਸ ਨੂੰ ਮਸ਼ਹੂਰ ਕਵੀ ਦੇ ਤੌਰ 'ਤੇ ਸਵੀਕਾਰ ਕਰ ਚੁੱਕੇ ਹਨ।  ਆਪਣੀਆਂ ਨਵੀਆਂ ਪੜ੍ਹੀਆਂ ਕਿਤਾਬਾਂ ਦੀ ਗੱਲ ਵੀ ਉਹ ਜ਼ਰੂਰ ਕਰਦਾ।  ਮਾਰਕਸਵਾਦ ਬਾਰੇ ਵੀ ਗੱਲ ਛੇੜਦਾ ਤਾਂ ਕਿ ਜੇ ਅਗਲੇ ਨੂੰ ਉਸ ਤੋਂ ਵੱਧ ਕੁਝ ਪਤਾ ਹੈ ਤਾਂ ਉਹ ਜਾਣਕਾਰੀ ਵੀ ਉਸ ਨੂੰ ਮਿਲ ਸਕੇ।  ਇਲਾਕੇ ਦੇ ਕਈ ਕਾਮਰੇਡ ਕਹਾਉਂਦੇ ਪੇਂਡੂ ਤੇ ਸ਼ਹਿਰੀ ਉਹਨੂੰ ਮਿਲਣ ਆਉਂਦੇ। ਕਈ ਕਈ ਘੰਟੇ ਗੱਲਾਂ ਹੁੰਦੀਆਂ।  ਰੂਸ ਦੀ ਤਰੱਕੀ ਬਾਰੇ, ਪੁਲਾੜੀ ਖੋਜ ਬਾਰੇ ਗੱਲਾਂ ਕਰਕੇ ਉਹ ਬੜੇ ਖੁਸ਼ ਹੁੰਦੇ।  ਫੇਰ ਆਪਣੇ ਸਭਿਆਚਾਰ ਦਾ ਮੁਕਾਬਲਾ ਰੂਸੀ ਸਭਿਆਚਾਰ ਨਾਲ ਕਰਦੇ।  ਰੂਸ ਦੀ ਸਾਂਝੀ ਖੇਤੀ ਦੇ ਸਿਸਟਮ ਦੀ ਸ਼ਲਾਘਾ ਕਰਦੇ।  ਰੂਸ ਦੇ ਬਹੁਤ ਹੀ ਸਸਤੇ ਭਾਅ ਵਿਚ ਸਾਹਿਤ ਛਪ ਕੇ ਦੁਨੀਆਂ ਭਰ ਵਿਚ ਵਿਕਣ ਤੇ ਫੈਲ ਜਾਣ ਦੀਆਂ ਗੱਲਾਂ, ਰੂਸ ਦੇ ਇਨਕਲਾਬ ਦੀਆਂ ਗੱਲਾਂ।  ਪਹਿਲੀ ਮਈ ਦਾ ਦਿਨ ਅਮਰੀਕਾ ਵਿਚ ਕਿਵੇਂ ਸ਼ਰੂ ਹੋ ਕੇ ਸਾਰੀ ਦੁਨੀਆਂ ਦੇ ਕਾਮਿਆਂ ਦਾ ਦਿਨ ਬਣਨ ਬਾਰੇ ਚਰਚਾ। ਗੁਰਨੇਕ ਉਹਨੀ ਦਿਨੀਂ ਖੱਬੇ ਪੱਖੀ ਅਮਰੀਕਨ ਲਿਖਾਰੀ ਜੌਨ ਸਟੈਨਬੈਕ ਦੀਆਂ ਗੱਲਾਂ ਜ਼ਰੂਰ ਕਰਦਾ-
"ਦੇਖੋ ਜੀ ਉਹਦਾ ਨਾਵਲ 'ਗ੍ਰੇਪਸ ਆਫ ਰੈਥ' ਤਾਂ ਕਮਾਲ ਐ।  ਉਹਦੇ 'ਤੇ ਤਾਂ ਫਿਲਮ ਵੀ ਬਣ ਚੁੱਕੀ ਐ।  ਉਹਦੇ ਵਿਚ ਅਮਰੀਕਾ ਵਿਚ ਕਿਸਾਨਾਂ ਨੇ ਜਿਹੜਾ ਸੰਤਾਪ ਭੋਗਿਆ ਸੀ ਉਹਦਾ ਜ਼ਿਕਰ ਬੜੇ ਕਮਾਲ ਦੈ।  ਕਿਵੇਂ ਇਕ ਪੂਰੇ ਦਾ ਪੂਰਾ ਟੱਬਰ ਉੱਜੜ-ਉਖੱੜ ਕੇ ਕੰਮ ਦੀ ਭਾਲ ਵਿਚ ਸਾਰਾ ਸਮਾਨ ਆਪਣੇ ਟਰੱਕ 'ਤੇ ਲੱਦ ਕੇ ਤੁਰਦੈ ਤੇ ਫੇਰ ਜੋ ਉਹਨਾਂ ਨਾਲ ਬੀਤਦੀ ਐ- ਤੋਬਾ-ਤੋਬਾ।  ਫੇਰ ਉਹਦਾ 'ਔਫ ਮਾਈਸ ਐਂਡ ਮੈੱਨ', 'ਦ ਪਰਲ', ਤੇ 'ਟੂ ਏ ਗੌਡ ਅਨ-ਨੋਨ' ਵੀ ਚੰਗੇ ਹਨ।  'ਟਰੈਵਲਜ਼ ਵਿਦ ਚਾਰਲੀ' ਤਾਂ ਜਦੋਂ ਉਹਨੇ ਆਪਣੇ ਕੁੱਤੇ ਚਾਰਲੀ ਨਾਲ ਅਮਰੀਕਾ ਦੀਆਂ ਕਈ ਸਟੇਟਾਂ ਦੀ ਸੈਰ ਕੀਤੀ, ਉਹਦਾ ਵਰਨਣ ਐ।  ਉਹ ਜੀ 1962 ਦਾ ਨੋਬਲ ਪਰਾਈਜ਼  ਵਿਜੇਤਾ ਹੈ।''
ਕਦੇ ਉਹ ਸਾਮਰਸਟ ਮਾਮ ਦੇ ਨਾਵਲਾਂ ਦੀ ਚਰਚਾ ਕਰਦਾ।  ਅਕਸਰ ਰੂਸੀ ਲਿਖਾਰੀਆਂ ਬਾਰੇ ਤੇ ਰੂਸ ਬਾਰੇ ਬਹੁਤੀਆਂ ਗੱਲਾਂ ਹੁੰਦੀਆਂ।  ਚੀਨ ਦੀ ਸਿਆਸਤ ਬਾਰੇ ਗੱਲਾਂ ਹੁੰਦੀਆਂ।  ਮਾਓ-ਜ਼ੇ-ਤੁੰਗ ਨੂੰ ਉਹ ਦੁਨੀਆਂ ਦੇ ਸਭ ਤੋਂ ਸਿਆਣੇ ਲੀਡਰਾਂ ਵਿਚ ਗਿਣਦਾ।
ਗੁਰਨੇਕ ਨੂੰ ਸਾਹਿਤ ਦੀਆਂ ਕਈ ਕਿਤਾਬਾਂ ਪੜ੍ਹ ਕੇ ਲਗਦਾ ਸੀ ਕਿ ਬੀ. ਏ. ਤਾਂ ਉਹ ਆਰਾਮ ਨਾਲ ਕਰ ਲਵੇਗਾ।  ਉਹਨੇ ਪਹਿਲਾਂ ਐਫ. ਏ. ਕਰਨ ਪਿੱਛੋਂ ਨਾਲ ਦੀ ਨਾਲ ਅਗਲੇ ਮੌਕੇ ਬੀ. ਏ. ਦਾ ਇਮਤਿਹਾਨ ਵੀ ਪਾਸ ਕਰ ਲਿਆ।  ਫੇਰ ਸਰਕਾਰੀ ਤੌਰ 'ਤੇ ਛੁੱਟੀ ਲੈ ਕੇ ਓ.ਟੀ. ਵੀ ਕਰ ਲਈ ਅਤੇ ਉਹ ਹਾਈ ਸਕੂਲ ਜਾਂ ਹਾਇਰ-ਸੈਕੰਡਰੀ ਸਕੂਲ ਵਿਚ ਮਾਸਟਰ ਲੱਗਣ ਦੇ ਸੁਪਨੇ ਲੈਣ ਲੱਗ ਪਿਆ।
ਚੰਡੀਗੜ੍ਹ ਵਿਚ ਨਵੇਂ ਡੀ.ਪੀ.ਆਈ. ਨੂੰ ਕਿਸੇ ਨੇ ਗੁਰਨੇਕ ਦੀ ਕਿਤਾਬ ਪੜ੍ਹਨ ਲਈ ਦਿੱਤੀ।  ਉਂਜ ਵੀ ਉਹ ਕਵਿਤਾਵਾਂ ਪੜ੍ਹਨ ਦਾ ਸ਼ੁਕੀਨ ਸੀ।  ਆਪਣੇ ਘਰ ਦੀ ਲਾਇਬਰੇਰੀ ਵਿਚ ਸੰਸਾਰ ਪੱਧਰ ਤੋਂ ਲੈ ਕੇ ਪੰਜਾਬ ਦੇ ਲਗਭਗ ਸਾਰੇ ਕਵੀਆਂ ਦੀਆਂ ਕਿਤਾਬਾਂ ਉਸ ਕੋਲ ਸਨ।  ਬਹੁਤੇ ਲਿਖਾਰੀ ਆਪ ਭੇਟ ਕਰ ਜਾਂਦੇ ਜਾਂ ਭੇਜ ਦਿੰਦੇ।  ਗੁਰਨੇਕ ਦੀ ਕਿਤਾਬ ਪੜ੍ਹ ਕੇ ਉਹ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ।  ਗੁਰਨੇਕ ਨੂੰ ਜਦੋਂ ਉਹਦੇ ਦਫਤਰੋਂ ਸੁਨੇਹਾ ਮਿਲਿਆਂ ਤਾਂ ਉਸ ਨੂੰ ਹੈਰਾਨੀ ਭਰੀ ਖੁਸ਼ੀ ਵੀ ਹੋਈ।  ਉਸ ਨੇ ਵੀ ਮੌਕਾ ਤਾੜ ਕੇ ਪਹਿਲਾਂ ਤਾਂ ਆਪਣੀਆਂ ਬਿਮਾਰੀਆਂ ਦਾ ਰੋਣਾ ਰੋਇਆ ਤਾਂ ਕਿ ਉਸਦੀ ਹਮਦਰਦੀ ਜਿੱਤ ਸਕੇ।  ਫੇਰ ਆਪਣੀ ਗਰੀਬੀ ਅਤੇ ਹੋਰ ਤਕਲੀਫਾਂ ਬਾਰੇ ਦੱਸਿਆ।  ਡੀ.ਪੀ.ਆਈ. ਸੱਚ-ਮੁੱਚ ਹੀ ਪ੍ਰਭਾਵਿਤ ਹੋਇਆ।
''ਅੱਜ ਕਲ੍ਹ ਕੀ ਕਰ ਰਹੇ ਓ?''
''ਬੱਸ ਜੀ ਉਂਜ ਤਾਂ ਮੈਂ ਪਰਾਇਮਰੀ ਸਕੂਲ ਵਿਚ ਟੀਚਰ ਆਂ।  ਭਾਵੇਂ ਬਿਮਾਰੀਆਂ ਮੇਰਾ ਪਿੱਛਾ ਨਹੀਂ ਛਡਦੀਆਂ ਪਰ ਮੈਂ ਹੌਲੀ ਹੌਲੀ ਆਪਣੀ ਅਗਲੀ ਕਿਤਾਬ ਲਈ ਕਾਫੀ ਮੈਟਰ ਇਕੱਠਾ ਕਰ ਲਿਆ ਹੈ।  ਜੇ ਕਿਧਰੇ ਮੇਰੀ ਸਿਹਤ ਠੀਕ ਹੁੰਦੀ ਤਾਂ ਮੈਂ ਹੁਣ ਤਕ ਸਾਹਿਤ ਦੀ ਕਾਫੀ ਸੇਵਾ ਕਰ ਚੁੱਕਾ ਹੁੰਦਾ।  ਮੈਂ ਓ.ਟੀ.ਵੀ ਕਰ ਚੁੱਕਾ ਹਾਂ।''
''ਨਹੀਂ-ਨਹੀਂ।  ਤੁਸੀਂ ਪਹਿਲੀ ਕਿਤਾਬ ਲਿਖ ਕੇ ਹੀ ਸਾਹਿਤ ਵਿਚ ਬਹੁਤ ਵੱਡਾ ਯੋਗਦਾਨ ਪਾ ਚੁੱਕੇ ਹੋ।  ਤੁਹਾਡੀ ਏਸੇ ਵੱਡੀ ਦੇਣ ਨੂੰ ਆਧਾਰ ਬਣਾ ਕੇ ਮੈਂ ਤੁਹਾਡਾ ਕੇਸ ਰਕਰੂਟਮੈਂਟ ਕਮੇਟੀ ਨੂੰ ਰਕਮੈਂਡ ਕਰਨਾ ਚਾਹਾਂਗਾ।  ਕੋਸ਼ਿਸ਼ ਕਰਾਂਗੇ ਕਿ ਕਿਸੇ ਹਾਇਰ ਸੈਕੰਡਰੀ ਸਕੂਲ ਵਿਚ ਤੁਹਾਨੂੰ ਅਪਾਇੰਟ ਕਰਵਾ ਸਕੀਏ।''
''ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜਨਾਬ।''
''ਨਹੀਂ, ਇਸ ਵਿਚ ਮੇਰਾ ਯੋਗਦਾਨ ਕੁਝ ਵੀ ਨਹੀਂ ਤੁਸੀਂ ਖੁਦ ਇਸ ਦੇ ਲਾਇਕ ਹੋ।  ਪਰ ਦੇਖੋ ਕਮੇਟੀ ਕੀ ਫੈਸਲਾ ਕਰਦੀ ਹੈ।''
"ਸਰ, ਮੇਰੀ ਇਕ ਬੇਨਤੀ ਹੈ ਕਿ ਜੇ ਕਿਧਰੇ ਘਰ ਦੇ ਨੇੜੇ-ਤੇੜੇ ਈ ਮੇਰੀ ਪੋਸਟਿੰਗ ਹੋ ਸਕੇ ਤਾਂ ਸਾਰੀ ਉਮਰ ਤੁਹਾਡਾ ਅਹਿਸਾਨਮੰਦ ਰਹਾਂਗਾ।  ਮੈਂ ਅਪਾਹਜ ਜਿਆ ਬੰਦਾ ਹਾਂ।''
ਗੁਰਨੇਕ ਨੇ ਆਪਣੀ ਜੇਬ ਵਿਚੋਂ ਇਕ ਚਿਟ ਕੱਢੀ ਜਿਸ 'ਤੇ ਉਹਨੇ ਪਹਿਲਾਂ ਹੀ ਦੋ ਸਟੇਸ਼ਨਾਂ ਦੇ ਨਾਂ ਲਿਖ ਰੱਖੇ ਸਨ।
''ਓ.ਕੇ. ਆਈ ਵਿਲ ਸੀ ਟੂ ਇਟ।'' ਕਹਿੰਦਿਆਂ ਡੀ.ਪੀ.ਆਈ. ਸਾਹਬ ਨੇ ਚਿਟ ਫੜ ਲਈ।
ਗੁਰਨੇਕ ਮੱਥੇ ਉੱਤੇ ਸੱਜੇ ਹੱਥ ਦਾ ਛੱਜਾ ਜਿਹਾ ਬਣਾਉਂਦਾ ਦਫਤਰੋਂ ਬਾਹਰ ਆ ਗਿਆ।  ਮਹੀਨੇ ਕੁ ਪਿੱਛੋਂ ਉਹਦੇ ਦੱਸੇ ਦੋ ਸਟੇਸ਼ਨਾਂ ਵਿਚੋਂ ਇਕ 'ਤੇ ਉਹਦੀ ਨੌਕਰੀ ਲੱਗਣ ਦੇ ਆਰਡਰ ਪਹੁੰਚ ਗਏ।  ਬਸੰਤ ਵੀ ਖ਼ਬਰ ਸੁਣ ਕੇ ਬਹੁਤ ਖੁਸ਼ ਸੀ।  ਉਹਦੀ ਖੁਸ਼ੀ ਦੁੱਗਣੀ ਹੋ ਗਈ ਲਗਦੀ ਸੀ ਕਿਉਂਕਿ ਹੁਣ ਉਹ ਫੇਰ ਉਮੀਦਵਾਰੀ ਵਿਚ ਸੀ।  ਉਸ ਨੂੰ ਗਰਭ ਧਾਰਨ ਪਿੱਛੋਂ ਤੀਜਾ ਮਹੀਨਾ ਲੱਗ ਚੁੱਕਾ ਸੀ।
ਚਰਨਜੀਤ ਨੇ ਵੀ ਬੜੇ ਚਿਰਾਂ ਪਿੱਛੋਂ ਗੁਰਨੇਕ ਨੂੰ ਏਨੀ ਲੰਮੀ ਚਿੱਠੀ ਲਿਖੀ ਸੀ ਅਤੇ ਨਾਲ ਹੀ ਦੋ ਸੌ ਰੁਪਏ ਦਾ ਮਨੀਆਰਡਰ ਵੀ ਭੇਜਿਆ ਸੀ ਤਾਂ ਕਿ ਘਰ ਵਿਚ ਖੁਸ਼ੀਆਂ ਮਨਾਈਆਂ ਜਾ ਸਕਣ।
ਚਰਨਜੀਤ ਨੇ ਉਹਨੀ ਦਿਨੀਂ ਭਗਤ ਸਿੰਘ ਨੂੰ ਵੀ ਕਈ ਚਿੱਠੀਆਂ ਲਿਖੀਆਂ ਸਨ ਜਿਹਨਾਂ ਵਿਚ ਉਹਨਾਂ ਦੇ ਦੋ ਕਮਾਊ ਪੁੱਤਰਾਂ ਦਾ ਜ਼ਿਕਰ ਸੀ ਅਤੇ ਬਾਰ ਬਾਰ ਬੇਨਤੀ ਕੀਤੀ ਸੀ ਕਿ ਉਹਨੂੰ ਹੁਣ ਕੰਮ ਕਰਨ ਦੀ ਲੋੜ ਨਹੀਂ।  ਹੁਣ ਉਹਦੇ ਆਰਾਮ ਕਰਨ ਦੇ ਦਿਨ ਆ ਗਏ ਸਨ।  ਪਰ ਭਗਤ ਸਿੰਘ 'ਤੇ ਚਿੱਠੀਆਂ ਦਾ ਕੋਈ ਖਾਸ ਅਸਰ ਨਹੀਂ ਸੀ ਹੋਇਆ।  ਉਹ ਆਪਣਾ ਕੰਮ ਕਰਦਾ ਰਹਿਣਾ ਚਾਹੁੰਦਾ ਸੀ।  ਘਰੇ ਵਿਹਲੇ ਬਹਿਣਾ ਉਸ ਨੂੰ ਚੰਗਾ ਨਹੀਂ ਸੀ ਲਗਦਾ।  ਉਹਦਾ ਜਵਾਬ ਹੁੰਦਾ ਕਿ ਜਿੰਨਾ ਚਿਰ ਨੈਣ-ਪਰਾਣ ਚਲਦੇ ਐ ਉਹ ਕੰਮ ਕਰੀ ਜਾਵੇਗਾ ਜਿਸ ਦਿਨ ਖੜ੍ਹ ਗਏ ਫੇਰ ਦੇਖੀ-ਜਾਊ।  ਪਰ ਉਸ ਕੋਲੋਂ ਹੁਣ ਧੁੱਪ ਵਿਚ ਪਹਿਲਾਂ ਵਾਲੀ ਤੇਜ਼ੀ ਨਾਲ ਕੰਮ ਨਹੀਂ ਸੀ ਹੁੰਦਾ।  ਲੋਕ ਵੀ ਸਿਆਣੇ ਹੋ ਚੁੱਕੇ ਸਨ ਤੇ ਭਗਤ ਸਿੰਘ ਨੂੰ ਸੱਦਣ ਤੋਂ ਕਤਰਾਉਣ ਲੱਗ ਪਏ ਸਨ ਕਿਉਂਕਿ ਉਹ ਦਸ ਦਿਹਾੜੀਆਂ ਦਾ ਕੰਮ ਦੂਜਿਆਂ ਦੇ ਮੁਕਾਬਲੇ ਬਾਰਾਂ ਤੇਰ੍ਹਾਂ ਵਿਚ ਕਰਦਾ।  ਉਹਦੇ ਕੰਮ ਦੀ ਸ਼ੁਹਰਤ ਮੱਠੀ ਪੈਣ ਲੱਗ ਪਈ ਸੀ।
ਗੁਰਨੇਕ ਦੇ ਰਵਈਏ ਵਿਚ ਕੋਈ ਫਰਕ ਨਹੀਂ ਸੀ ਪਿਆ।  ਉਹ ਨਾ ਤਾਂ ਕਦੇ ਹੇਠ ਉਤਰਦਾ ਤੇ ਨਾ ਹੀ ਕਦੇ ਆਪਣੇ ਮਾਂ-ਪਿਓ ਦੀ ਕੋਈ ਖਬਰਸਾਰ ਲੈਂਦਾ ਤੇ ਨਾ ਹੀ ਮੂੰਹ-ਮੱਥੇ ਲਗਦਾ।  ਹਾਇਰ ਸੈਕੰਡਰੀ ਸਕੂਲ ਵਿਚ ਨੌਕਰੀ ਲੱਗਣ ਪਿੱਛੋਂ ਤਾਂ ਉਹਨੇ ਕਈ ਮਹੀਨਿਆਂ ਤਕ ਕੋਈ ਗੱਲ ਸਾਂਝੀ ਨਹੀਂ ਸੀ ਕੀਤੀ।  ਬਸੰਤ ਵੀ ਓਹੋ ਜਿਹੀ ਹੁੰਦੀ ਗਈ।  ਉਹਨੇ ਵੀ ਗੁਰਨੇਕ ਦੀ ਨਵੀਂ ਨੌਕਰੀ ਬਾਰੇ ਆਪਣੀ ਸੱਸ ਨਾਲ ਕੋਈ ਗੱਲ ਨਹੀਂ ਸੀ ਕੀਤੀ।  ਗੁਰਨੇਕ ਨੇ ਬਿਨਾਂ ਆਪਣੇ ਮਾਂ-ਪਿਓ ਨਾਲ ਸਲਾਹ ਕੀਤਿਆਂ ਬਸੰਤ ਨੂੰ ਜਾਪੇ ਲਈ ਫ਼ਿਰੋਜ਼ਪੁਰ ਭੇਜ ਦਿੱਤਾ ਸੀ।  ਦਿਆਕੁਰ ਉਹਦੇ ਜਾਣ ਪਿੱਛੋਂ ਬਥੇਰਾ ਕਲਪੀ ਸੀ ਪਰ ਕੋਈ ਕੀ ਕਰ ਸਕਦਾ ਸੀ।  ਇਹ ਸਾਰਾ ਕੁਝ ਹੋਣ ਪਿੱਛੋਂ ਵੀ ਦਿਆਕੁਰ ਆਥਣ-ਸਵੇਰ ਰੋਟੀ ਪਕਾ ਕੇ ਚੁਬਾਰੇ ਦੇ ਬਾਹਰਲੇ ਵਰਾਂਡੇ ਵਿਚ ਪਏ ਛੋਟੇ ਮੇਜ਼ 'ਤੇ ਰੱਖ ਆਉਂਦੀ।  ਗੁਰਨੇਕ ਰੋਟੀ ਖਾ ਕੇ ਮੁੜ ਜੂਠੇ ਭਾਂਡੇ ਓਸੇ ਮੇਜ਼ 'ਤੇ ਰੱਖ ਦਿੰਦਾ।  ਦਿਆਕੁਰ ਚੁੱਪ-ਚਾਪ ਜਾ ਕੇ ਭਾਂਡੇ ਚੱਕ ਲਿਆਉਂਦੀ।  ਗੁਰਨੇਕ ਨੇ ਆਪਣਾ ਮੰਜਾ ਚੁਬਾਰੇ ਵਿਚ ਇਕ ਖੂੰਜੇ ਕਰਕੇ ਡਾਹਿਆ ਹੋਇਆ ਸੀ।  ਵਰਾਂਡੇ ਵਿਚ ਖੜ੍ਹੇ ਬੰਦੇ ਨੂੰ ਦਿਸਦਾ ਵੀ ਨਹੀਂ ਸੀ ਕਿ ਅੰਦਰ ਕੋਈ ਮੰਜੇ 'ਤੇ ਬੈਠਾ ਵੀ ਹੈ ਜਾਂ ਨਹੀਂ।  ਚੁਬਾਰੇ ਦੇ ਅੰਦਰ ਜਾ ਕੇ ਹੀ ਦੇਖਿਆ ਜਾ ਸਕਦਾ ਸੀ।  ਦਿਆਕੁਰ ਬਾਹਰੋਂ ਈ ਗੁਰਨੇਕ ਨੂੰ ਬਿਨਾਂ ਦੇਖੇ ਮੁੜ ਜਾਂਦੀ।  ਉਹਦੀਆਂ ਆਂਦਰਾਂ ਸੜਦੀਆਂ।  ਮੁੜਦੀ ਹੋਈ ਦਾ ਉਹਦਾ ਗੱਚ ਭਰ ਆਉਂਦਾ ਤੇ ਉਹ ਸੋਚਦੀ, 'ਹੇ ਵਾਹਿਗੁਰੂ, ਤੈਂ ਇਹ ਕੇਹੋ-ਜੇ ਲਹੂ ਪੀਣੇ ਰਿਸ਼ਤੇ ਬਣਾ ਧਰੇ? ਮਾਪੇ ਪੁੱਤਾਂ ਦਾ ਮੂੰਹ ਦੇਖਣ ਨੂੰ ਵੀ ਤਰਸਣ ਲੱਗ-ਪੇ! ਚਲ, ਜਿਊਂਦੇ ਰਹਿਣ।'

***

"ਡਾ. ਚਰਨ ਜੀ ਮੈਨੂੰ ਔਹ ਨੌਂ ਨੰਬਰ ਬੈੱਡ ਵਾਲੇ ਪੇਸ਼ੈਂਟ ਦੀ ਕੰਡੀਸ਼ਨ ਕੁਝ ਹੋਰ ਖਰਾਬ ਹੋ ਗਈ ਲਗਦੀ ਏ।'' ਡਾ.ਅੰਜਲੀ ਨੇ ਚਰਨਜੀਤ ਨੂੰ ਦੱਸਿਆ।
"ਚਲੋਂ ਪਹਿਲਾਂ ਮੈਂ ਚੈੱਕ-ਅਪ ਕਰ ਲੈਨੇ, ਤੇ ਫੇਰ ਜੇ ਲੋੜ ਪਈ ਤਾਂ ਸੀਨੀਅਰ ਡਾ. ਅਵਸਥੀ ਕੋਲ ਜਾ ਕੇ ਇਹ ਕੇਸ ਡਿਸਕਸ ਕਰ ਆਵਾਂਗੇ।'' ਚਰਨਜੀਤ ਨੇ ਮੇਜ਼ ਤੋਂ ਆਪਣਾ ਸਟੈਥੋਸਕੋਪ ਚੁੱਕਦਿਆਂ ਕਿਹਾ।
''ਬਾਪੂ ਜੀ ਸਤਿ ਸ੍ਰੀ ਅਕਾਲ! ਕੀ ਹਾਲ ਐ ਹੁਣ ਥੋਡਾ?'' ਚਰਨਜੀਤ ਨੇ ਨੌਂ ਨੰਬਰ ਬੈੱਡ ਦੇ ਮਰੀਜ਼ ਨੂੰ ਮੁਸਕਰਾਉਂਦਿਆਂ ਪੁੱਛਿਆ।
''ਪੁੱਤ, ਜਦੋਂ ਤੂੰ ਮੇਰਾ ਪਤਾ ਲੈਣ ਆ ਜਾਨੈ ਤਾਂ ਜਾਣੀ ਦੀ ਮੇਰੇ 'ਚ ਜਾਨ ਪੈ ਜਾਂਦੀ ਐ ਪਰ ਊਂ ਸਾਹ ਜੇ ਸੂਤੇ ਰਹਿੰਦੇ ਐ।  ਬੱਸ ਐਂ ਲਗਦੈ ਬਈ ਅਗਲਾ ਸਾਹ ਹੁਣ ਆਉਣਾ ਈ ਨੀ।  ਮੇਰਾ ਪੁੱਤ ਵੀ ਤੇਰੇ ਕ ਜਿੱਡਾ ਈ ਹੋਊ।  ਉਹਨੂੰ ਕਨੇਡਿਆਂ ਕੰਨੀ ਗਏ ਨੂੰ ਦਸ ਸਾਲ ਹੋ-ਗੇ।  ਪਹਿਲਾਂ ਤਾਂ ਕਦੇ-ਕਦਾਈਂ ਸਾਲ ਛਮਾਹੀ ਚਿੱਠੀ-ਪੱਤਰੀ ਆ ਜਾਂਦੀ ਪਰ ਫੇਰ ਮੁੜ ਕੇ ਕੋਈ ਉੱਘ-ਸੁੱਘ ਨੀ।  ਅੱਜ ਤਕ ਬੱਤੀ ਨੀ ਬਾਹੀ।  ਅਸੀਂ ਤਾਂ ਜਮੀਨ ਗਹਿਣੇ ਧਰ ਕੇ ਭੇਜਿਆ ਸੀ ਉਹਨੂੰ ਸਾਊ।  ਹੁਣ ਮੈਂ ਤੇ ਮੇਰੀ ਘਰ ਆਲੀ ਓ ਆਂ।  ਮੈਂ ਤਾਂ ਮੰਜੇ 'ਚ ਪਿਆ ਸਾਰਾ ਦਿਨ ਚੂਕਦਾ ਰਹਿਨੈ।  ਉਲਾਦ ਬਿਨਾਂ ਬੰਦੇ ਦੀ ਕੋਈ ਜੂਨ ਹੁੰਦੀ ਐ? ਮੈਂ ਊਂ ਨੀ ਸੀ ਡਿਗਦਾ ਪਰ ਪੁੱਤ ਦੀ ਸੱਟ ਲੈ ਕੇ ਬਹਿ-ਗੀ।  ਪਤਾ ਨੀ ਕਿਹੜੀ ਬਮਾਰੀ ਲੱਗ-ਗੀ।  ਉਹ ਤਾਂ ਤੈਨੂੰ ਪਤਾ ਹੋਊ।  ਪਰ ਊਂ ਮੇਰਾ ਹੁਣ ਜਿਊਣ ਨੂੰ ਜੀ ਨੀ ਕਰਦਾ-ਕਾਹਦਾ ਜਿਊਣਾ ਰਹਿ ਗਿਆ ਹੁਣ? ਆਹ ਦੇਖ ਪੁੱਤ, ਮੈਂ ਤੇਰੇ ਅੱਗੇ ਹੱਥ ਜੋੜਦੈਂ! ਜੇ ਕੋਈ ਤੇਰੇ ਕੋਲੇ ਇਹੋ ਜਿਹਾ ਟੀਕਾ-ਟੂਕਾ ਹੈਗਾ ਤਾਂ ਲਾ ਦੇ ਸਾਊ, ਜੀਹਦੇ ਨਾਲ ਮੇਰੀ ਜਾਨ ਸੁਖਾਲੀ ਨਿਕਲ-ਜੇ।  ਮੇਰਾ ਖਹਿੜਾ ਤਾਂ ਛੁਟੂ ਈ ਛੁਟੂ ਤੁਸੀਂ ਵੀ ਸੌਖੇ ਹੋ ਜੋਂ-ਗੇ।''
ਬੈੱਡ 'ਤੇ ਪਏ ਬਜ਼ੁਰਗ ਨੇ ਕੁੜਤੇ ਦੀ ਸੱਜੀ ਬਾਂਹ ਨਾਲ ਆਪਣੀਆਂ ਅੱਖਾਂ ਪੂੰਝੀਆਂ।  ਉਹਦੀ ਘਰਵਾਲੀ ਮੰਜੇ 'ਤੇ ਇਕ ਪਾਸੇ ਬੈਠੀ ਡੁਸਕਣ ਲੱਗ ਪਈ।
"ਬਾਪੂ ਜੀ ਫਿਕਰ ਆਲੀਆਂ ਗੱਲਾਂ ਨਾ ਕਰਿਆ ਕਰੋ।  ਅਸੀਂ ਸਾਰੇ ਟੈਸਟ ਕਰ ਲਏ ਐ।  ਦਵਾਈ ਠੀਕ ਚਲ ਰਹੀ ਐ।  ਤੁਸੀਂ ਆਪਣੇ ਪੁੱਤ ਨੂੰ ਯਾਦ ਕਰਕੇ ਮੇਰੇ ਜਿੱਡਾ ਕਹਿ-ਤਾ।  ਤਾਂ ਸਮਝ-ਲੋ ਮੈਂ ਵੀ ਤਾਂ ਥੋਡਾ ਪੁੱਤ ਈ ਆਂ।  ਥੋਡੀ ਸੇਵਾ ਕਰਨਾ ਸਾਡਾ ਫਰਜ਼ ਐ।  ਨਾਲੇ ਥੋਡੀ ਅਜੇ ਉਮਰ ਈ ਕੀ ਐ? ਤੁਸੀਂ ਛੇਤੀ ਛੇਤੀ ਠੀਕ ਹੋ ਜਾਓ ਮੈਂ ਆਪ ਜਾ ਕੇ ਥੋਨੂੰ ਪਿੰਡ ਛੱਡ ਕੇ ਆਊਂ ਨਾਲੇ ਬੇਬੇ ਦੇ ਹੱਥ ਦੀਆਂ ਮੱਕੀ ਦੀਆਂ ਰੋਟੀਆਂ ਤੇ ਸਾਗ ਖਾ ਕੇ ਆਊਂ।  ਇਹ ਤਾਂ ਗੱਲ ਈ ਕੁਸ਼-ਨੀ।  ਤੁਸੀਂ ਸਮਝ ਲੋ ਬਈ ਮੈਂ ਥੋਡਾ ਮੁੰਡਾ ਕਨੇਡਿਆਂ ਤੋਂ ਹੁਣ ਥੋਡੇ ਕੋਲੇ ਮੁੜ ਆਇਆਂ।  ਬੱਸ ਆਹ ਦਵਾਈ ਖਾਈ ਜਾਓ।  ਇਹ ਜ਼ਰੂਰੀ ਐ।  ਨਰਸਾਂ ਆਪੇ ਦੇ ਦੇਣਗੀਆਂ ਟੈਮ ਸਿਰ।  ਦੋ ਤਿੰਨ ਦਿਨਾਂ 'ਚ ਤਾਂ ਤੁਸੀਂ ਨੌ-ਬਰ-ਨੌ ਹੋ ਈ ਜਾਣੈ।''
''ਚੰਗਾ ਪੁੱਤ, ਜਿਊਂਦਾ ਰਹਿ।  ਦਿਨ 'ਚ ਜੇ ਦੋ ਕੁ ਵਾਰੀ ਤੂੰ ਮੇਰੇ ਨਾਲ ਹੈਂਅ ਗੱਲਾਂ ਕਰ ਜਿਆ ਕਰੇਂ ਤਾਂ ਮੈਂ ਆਪੇ ਠੀਕ ਹੋ-ਜੂੰ।''
"ਦਿਨ 'ਚ ਇਕ ਦੋ ਵਾਰੀ ਕਿਉਂ; ਮੈਂ ਲੰਘਦਾ-ਟਪਦਾ ਹਰ ਵਾਰੀ ਆ ਜਿਆ ਕਰੂੰ।'' ਚਰਨਜੀਤ ਨੇ ਬਜ਼ੁਰਗ ਦੇ ਮੱਥੇ 'ਤੇ ਹੱਥ ਰੱਖ ਕੇ ਮਹਿਸੂਸ ਕਰਨਾ ਚਾਹਿਆ ਤਾਂ ਬਜ਼ੁਰਗ ਦਾ ਸੱਜਾ ਹੱਥ ਚਰਨਜੀਤ ਦੇ ਹੱਥ 'ਤੇ ਆ ਟਿਕਿਆ ਤੇ ਉਹਦੀਆਂ ਅੱਖਾਂ 'ਚੋਂ ਪਰਲ-ਪਰਲ ਹੰਝੂ ਵਹਿ ਤੁਰੇ।  ਫੇਰ ਬਜ਼ੁਰਗ ਨੇ ਚਰਨਜੀਤ ਦਾ ਹੱਥ ਆਪਣੇ ਦੋਹਾਂ ਹੱਥਾਂ ਵਿਚ ਘੁੱਟ ਲਿਆ।  ਚਰਨਜੀਤ ਬਜ਼ੁਰਗ ਦੇ ਮੰਜੇ 'ਤੇ ਹੀ ਬਹਿ ਗਿਆ ਤੇ ਆਪਣੀ ਜੇਬ ਵਿਚੋਂ ਰੁਮਾਲ ਕੱਢ ਕੇ ਉਹਦੀਆਂ ਅੱਖਾਂ ਪੂੰਝਣ ਲੱਗ ਪਿਆ।
"ਬਾਪੂ ਜੀ ਦਿਲ ਛੋਟਾ ਨਾ ਕਰੋ।  ਅਸਲ 'ਚ ਥੋਨੂੰ ਬਮਾਰੀ ਹੈ ਈ ਕੋਈ ਨਹੀਂ।  ਮਾੜਾ ਜਿਆ ਡਿਪਰੈਸ਼ਨ ਐ ਠੀਕ ਹੋ ਜਾਵੇਗਾ।''
''ਪੁੱਤ, ਉਹ ਕੀ ਬਮਾਰੀ ਹੋਈ?''
"ਬਾਪੂ ਜੀ ਇਹ ਬਮਾਰੀ-ਬਮੂਰੀ ਕੋਈ ਨੀ ਹੁੰਦੀ ਬੱਸ ਐਵੇਂ ਬੰਦਾ ਡੋਲਦੇ ਮਨ ਨਾਲ ਸੋਚਣ ਲੱਗ ਪੈਂਦੈ।  ਕੁਸ਼ ਵੀ ਚੰਗਾ ਨੀ ਲਗਦਾ।  ਬੰਦੇ ਦਾ ਮਰ ਜਾਣ ਨੂੰ ਜੀ ਕਰਦੈ।  ਪਰ ਤੁਸੀਂ ਆਪ ਦੱਸੋ ਕਿ ਇਹ ਕੋਈ ਗੱਲ ਬਣੀ? ਉਹ ਜਿਵੇਂ ਕਹਿੰਦੇ ਹੁੰਦੇ ਐ 'ਜਿਸ ਕੋ ਰਾਖੇ ਸਾਂਈਆਂ, ਮਾਰ ਸਕੇ ਨਾ ਕੋਇ।' ਜਿਹੜਾ ਜਿੰਨੀ ਉਮਰ ਲਖਾ ਕੇ ਲਿਆਇਐ ਓਨੀ ਤਾਂ ਭੋਗ ਕੇ ਜਾਊਗਾ ਈ ਨਾ? ਹੈ ਕ ਨਹੀਂ? ਫੇਰ। ਬੰਦੇ ਦੇ ਕੀ ਵੱਸ ਐ? ਸੋ ਤੁਸੀਂ ਆਪਣਾ ਮਨ ਤਕੜਾ ਕਰੋ।  ਆਥਣ-ਉੱਗਣ ਰੱਬ ਦਾ ਨਾਂ ਲਿਆ ਕਰੋ, ਪਾਠ ਕਰ ਲਿਆ ਕਰੋ।  ਚੰਗੀਆਂ ਗੱਲਾਂ ਸੋਚਿਆ ਕਰੋ।''
''ਗੱਲਾਂ ਤਾਂ ਸਾਊ ਤੇਰੀਆਂ ਸਾਰੀਆਂ ਸੱਚੀਐਂ ਪਰ ਇਹਨਾਂ 'ਤੇ ਅਮਲ ਹੁੰਦਾ ਨੀ।  ਬੰਦੇ ਦੇ ਵੱਸ ਦੀ ਗੱਲ ਨੀ ਰਹਿੰਦੀ।  ਮਰਨ ਨੂੰ ਕੀਹਦਾ ਜੀ ਕਰਦੈ?''
ਬਜ਼ੁਰਗ ਗੱਲਾਂ ਕਰਨ ਦੇ ਰੌਂਅ ਵਿਚ ਸੀ।  ਏਨੇ ਵਿਚ ਚਰਨਜੀਤ ਨੂੰ ਇਕ ਨਰਸ ਬੁਲਾਉਣ ਆ ਗਈ।  ਉਹ ਡਾ. ਅੰਜਲੀ ਦਾ ਸੁਨੇਹਾ ਦੇ ਗਈ।
''ਚੰਗਾ ਬਾਪੂ ਜੀ ਮੈਂ ਮੁੜ ਕੇ ਆਉਨੈ।'' ਕਹਿ ਕੇ ਚਰਨਜੀਤ ਆਪਣੇ ਕਮਰੇ ਵਿਚ ਚਲਾ ਗਿਆ।
''ਚਰਨ ਜੀ ਯੂ ਆਰ ਗਰੇਟ! ਤੁਸੀਂ ਚੰਗੇ ਓ! ਤੁਸੀਂ ਤਾਂ ਓਥੇ ਜਾ ਕੇ ਬੈਠ ਈ ਗਏ।  ਤੁਹਾਨੂੰ ਕੋਈ ਫਿਕਰ ਹੈ ਕਿ ਨਹੀਂ ਕਿ ਪਿੱਛੇ ਤੁਹਾਡਾ ਇੰਤਜਾਰ ਹੋ ਰਿਹਾ ਹੋਣੈ?'' ਅੰਜਲੀ ਨੇ ਨਾਰਾਜ਼ਗੀ ਦਿਖਾਈ।
"ਵੈੱਲ ਮੈਡਮ ਇਫ ਯੂ ਰੀਅਲੀ ਮਿੱਸ ਮੀ।  ਤਾਂ ਤੁਸੀਂ ਵੀ ਨੌਂ ਨੰਬਰ ਬੈੱਡ ਕੋਲ ਆ ਜਾਂਦੇ।  ਦ ਓਲਡ ਮੈਨ ਮਿਸਿੰਗ ਹਿਜ਼ ਸਨ ਵੈਰੀ ਮੱਚ।  ਉਹ ਆਪਣੇ ਪੁੱਤ ਨੂੰ ਯਾਦ ਕਰਕੇ ਰੋ ਰਿਹਾ ਸੀ।''
"ਪੇਸ਼ੈਂਟਸ ਦਾ ਏਥੇ ਰੋਜ਼ ਦਾ ਏਹੀ ਹਾਲ ਐ।  ਡਾਕਟਰਾਂ ਦੀ ਆਪਣੀ ਵੀ ਕੋਈ ਲਾਈਫ਼ ਹੁੰਦੀ ਐ।''
"ਅੰਜਲੀ ਵੈਸੇ ਤਾਂ ਤੂੰ ਠੀਕ ਐਂ ਪਰ ਸਾਨੂੰ ਤਨਖਾਹ ਵੀ ਤਾਂ ਏਸੇ ਗੱਲ ਦੀ ਮਿਲਦੀ ਐ ਕਿ ਅਸੀਂ ਮਰੀਜ਼ਾਂ ਨੂੰ ਠੀਕ ਤਰਾਂ ਟਰੀਟ ਕਰੀਏ।  ਬਹੁਤੇ ਮਰੀਜ਼ ਹਮਦਰਦੀ ਭਾਲਦੇ ਹੁੰਦੇ ਐ।  ਡਾਕਟਰਾਂ ਦਾ ਸਹੀ ਰਵਈਆਂ ਅੱਧੇ ਮਰੀਜ਼ਾਂ ਨੂੰ ਉਂਜ ਈ ਠੀਕ ਕਰ ਦਿੰਦੈ।  ਦਵਾਈ ਤਾਂ ਇਕ ਬਹਾਨਾ ਹੁੰਦੀ ਐ।  ਅਸੀਂ ਵੀ ਤਾਂ ਇਕ ਦੂਜੇ ਤੋਂ ਸਹਾਰੇ ਈ ਲਭਦੇ ਆਂ।''
''ਫੇਰ ਹੋ ਗਿਆ ਤੁਹਾਡਾ ਲੈਕਚਰ ਸ਼ੁਰੂ।  ਆਪਣੀਆਂ ਫਿਲਾਸਫੀਆਂ ਤੁਸੀਂ ਆਪਣੇ ਕੋਲ ਈ ਰੱਖੋ।  ਵੋਂਟ ਯੂ ਟੇਕ ਮੀ ਫਾਰ ਏ ਕੱਪ ਔਫ਼ ਕੌਫੀ ਪਲੀਜ਼?''
"ਚਲੋ ਮੇਰੀ ਸਰਕਾਰ! ਗੁਲਾਮ ਹਾਜ਼ਰ ਐ।  ਕੋਫੀ ਇਜ਼ ਨੌਟ ਬੈਟਰ ਦੈਨ ਯੂ! ਤੇਰੇ ਤੋਂ ਹਜ਼ਾਰਾਂ ਕੌਫੀਆਂ ਕੁਰਬਾਨ।  ਪਰ ਅਸੀਂ ਮਾਲਵੇ ਦੇ ਦੇਸੀ ਬੰਦੇ ਚਾਹ 'ਤੇ ਈ ਗੁਜ਼ਾਰਾ ਕਰਦੇ ਹੁੰਦੇ ਆਂ।  ਕੌਫੀ ਪੀ ਕੇ ਤਾਂ ਐਂ ਲਗਦੈ ਜਿਵੇਂ ਪਤੀਲੇ ਥੱਲੇ ਲੱਗਿਆ ਦੁੱਧ ਚਾਹ 'ਚ ਪਾ 'ਤਾ ਹੋਵੇ।''
''ਇਹਦਾ ਮਤਲਬ ਤੁਸੀਂ ਕੌਫੀ ਲਈ ਅਜੇ ਟੇਸਟ ਡਿਵੈਲਪ ਨਹੀਂ ਕੀਤਾ!''
''ਥੋਨੂੰ ਸ਼ਹਿਰੀਆਂ ਨੂੰ ਪੇਂਡੂ ਬੰਦਿਆਂ ਦੇ ਟੇਸਟ ਦਾ ਕੀ ਪਤਾ।  ਅੱਛਾ, ਡਾਕਟਰ ਸਾਹਿਬਾ, ਤੁਸੀਂ ਇਹ ਦੱਸੋ ਕਿ ਤੁਸੀਂ ਕਿਹੜੀ ਕੌਫੀ ਲਓਗੇ? ਕੋਲਡ ਵਾਲੀ ਜਾਂ ਹੋਟ ਵਾਲੀ ਜਾਂ ਫੇਰ ਮੇਰੇ ਵਾਲੀ?'' ਚਰਨਜੀਤ ਨੇ ਅੰਜਲੀ ਨੂੰ ਛੇੜਦਿਆਂ ਕਿਹਾ।
''ਤੁਹਾਡੇ ਵਾਲੀ ਕੋਈ ਖਾਸ ਕੌਫੀ ਐ? ਤੁਸੀਂ ਤਾਂ ਕੌਫੀ ਪੀਂਦੇ ਨਹੀਂ।''
"ਸਾਡੇ ਵਾਲੀ ਕੌਫੀ? ਹਾਂ ਜੀ, ਪਹਿਲੀ ਗੱਲ ਤਾਂ ਅਸੀਂ ਪੀਂਦੇ ਨਹੀਂ ਜੇ ਪੀਣੀ ਹੋਵੇ ਤਾਂ ਇਕ ਸਪੈਸ਼ਲ ਤਰੀਕੇ ਨਾਲ ਕੌਫੀ ਪੀਂਦੈ ਹੁੱਨੇ ਐਂ ਅਸੀਂ।''
''ਉਹ ਕਿਸ ਤਰਾਂ?''
"ਦੇਖੋ-ਇਕ ਚਮਚ ਕੌਫੀ ਲਓ।  ਉਸ ਨੂੰ ਮੂੰਹ ਵਿਚ ਰੱਖੋ, ਉਪਰੋਂ ਗਰਮ-ਗਰਮ ਪਾਣੀ ਦੇ ਘੁੱਟ ਭਰੋ-ਇਹ ਹੈ ਹੌਟ ਬਲੈਕ ਕੌਫੀ।  ਨਹੀਂ ਤਾਂ ਜੇ ਉਪਰੋਂ ਗਰਮ-ਗਰਮ ਦੁੱਧ ਪੀ ਲਓ ਤਾਂ ਉਹ ਹੋ ਗਈ ਕੌਫੀ ਵਿਦ ਮਿਲਕ।  ਜੇ ਬਰਫ ਦੇ ਦੋ ਕਿਊਬ ਚੱਬ ਲਓ ਤਾਂ ਉਹ ਕੋਲਡ ਕੌਫੀ ਬਣ ਜਾਂਦੀ ਹੈ।''
ਚਰਨਜੀਤ ਸ਼ਰਾਰਤ ਦੇ ਮੂਡ ਵਿਚ ਸੀ।  ਅੰਜਲੀ ਨੇ ਚਾਂਭਲਦਿਆਂ ਚਰਨਜੀਤ ਦੀ ਪਿੱਠ ਵਿਚ ਇਕ ਹੌਲੀ ਜਿਹੀ ਮੁੱਕਾ ਮਾਰਿਆ।
''ਦੇਖੋ-ਜੀ ਤੁਸੀਂ ਮੇਰੀਆਂ ਨਕਲਾਂ ਨਾ ਉਤਾਰਿਆ ਕਰੋ-ਹਾਂ-।''
''ਦੇਖੋ-ਜੀ ਤੁਸੀਂ  ਆਪਣੀਆਂ ਨਕਲਾਂ ਬਹੁਤੀਆਂ ਉੱਤੇ ਨਾ ਚੜ੍ਹਾਇਆ ਕਰੋ- ਹਾਂ।  ਸਾਨੂੰ ਲਾਹੁਣ ਵਿਚ ਤਕਲੀਫ ਹੁੰਦੀ ਐ।'' ਏਨੇ ਚਿਰ ਵਿਚ ਉਹ ਕੰਨਟੀਨ ਤਕ ਪਹੁੰਚ ਗਏ।
ਚਰਨਜੀਤ ਤੇ ਅੰਜਲੀ ਨੂੰ ਜਨਰਲ ਮੈਡੀਸਨ ਵਾਰਡ ਵਿਚ ਕੰਮ ਕਰਦਿਆਂ ਇਕ ਸਾਲ ਹੋ ਚੁੱਕਾ ਸੀ।  ਉਹ ਹਰ ਵੇਲੇ ਇਕੱਠੇ ਰਹਿੰਦੇ।  ਉਹਨਾਂ ਦੇ ਕਈ ਡਾਕਟਰ ਦੋਸਤ ਉਹਨਾਂ ਨੂੰ ਹੰਸਾਂ ਦੀ ਜੋੜੀ ਕਹਿ ਕੇ ਜਾਂ ਕਈ ਇਨਸੈਪੇਰੇਬਲਜ਼ ਆਖਦੇ।  ਅਪਰੇਸ਼ਨ ਥੀਏਟਰ ਵਿਚ ਵੀ ਸੀਨੀਅਰ ਡਾਕਟਰ ਉਹਨਾਂ ਦੀ ਡਿਊਟੀ ਇਕੱਠੀ ਲਾਉਂਦੇ।  ਚਰਨਜੀਤ ਦਾ ਕੋਈ ਵੀ ਅਜਿਹਾ ਅਪਰੇਸ਼ਨ ਅਸਫਲ ਨਹੀਂ ਸੀ ਰਿਹਾ ਜਿਸ ਵਿਚ ਅੰਜਲੀ ਨੇ ਉਹਨੂੰ ਅਸਿਸਟ ਕੀਤਾ ਹੁੰਦਾ।  ਸਮੇਂ ਤੋਂ ਪਹਿਲਾਂ ਹੀ ਉਹ ਅਪਰੇਸ਼ਨ ਖਤਮ ਕਰ ਲੈਂਦੇ।  ਅੰਜਲੀ ਨੂੰ ਪਤਾ ਹੁੰਦਾ ਚਰਨਜੀਤ ਨੂੰ ਕਦੋਂ ਤੇ ਕਿਹੜਾ ਔਜ਼ਾਰ ਚਾਹੀਦਾ ਹੈ।  ਨਾਲ ਦੀ ਨਾਲ ਉਹ ਅਗਲੀ ਤਿਆਰੀ ਵੀ ਕਰਦੀ ਰਹਿੰਦੀ।  ਨਰਸਾਂ ਵੀ ਉਹਨਾਂ ਨਾਲ ਕੰਮ ਕਰਕੇ ਖੁਸ਼ ਹੁੰਦੀਆਂ।  ਅਪਰੇਸ਼ਨ ਦੌਰਾਨ ਚਰਨਜੀਤ ਦੇ ਹੱਥ ਮਸ਼ੀਨ ਵਾਂਗ ਚਲਦੇ।
ਵਾਰਡ ਵਿਚ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ।  ਮਰੀਜ਼ਾਂ ਲਈ ਬੈੱਡ ਘੱਟ ਪੈਣ ਲੱਗੇ।  ਮਰੀਜ਼ ਵਰਾਂਡਿਆਂ ਵਿਚ ਸਟਰੈਚਰਾਂ 'ਤੇ ਵੀ ਪਏ ਹੁੰਦੇ।  ਸੁਣੀਆਂ-ਸੁਣਾਈਆਂ ਗੱਲਾਂ ਲੋਕਾਂ ਵਿਚ ਪਿੰਡਾਂ ਤੇ ਸ਼ਹਿਰਾਂ ਵਿਚ ਦੂਰ-ਦੂਰ ਤਕ ਫੈਲ ਗਈਆਂ।  ਲੋਕਾਂ ਦਾ ਵਿਸ਼ਵਾਸ ਚਰਨਜੀਤ ਤੇ ਅੰਜਲੀ ਤੋਂ ਇਲਾਜ ਕਰਾਉਣ ਲਈ ਵਧਦਾ ਰਿਹਾ।  ਉਹ ਦੋਵੇਂ ਠੀਕ ਸਵੇਰੇ ਅੱਠ ਵਜੇ ਹਸਪਤਾਲ ਪਹੁੰਚ ਜਾਂਦੇ।  ਦਿਨ ਦੇ ਖਾਣੇ ਦਾ, ਚਾਹ ਦਾ ਕੋਈ ਪਤਾ ਨਾ ਲਗਦਾ।  ਕਦੇ ਖਾਂਦੇ, ਕਦੇ ਨਾ।  ਆਥਣੇ ਜਾਣ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਸੀ।  ਹਸਪਤਾਲ ਦੇ ਆਂਕੜਿਆਂ ਅਨੁਸਾਰ ਚਰਨਜੀਤ ਤੇ ਅੰਜਲੀ ਦੇ ਵਾਰਡ ਦਾ ਰਿਕਾਰਡ ਸੁਧਰਦਾ ਚਲਾ ਗਿਆ।  ਪੁਰਾਣੇ ਸਾਲਾਂ ਦੇ ਟਾਕਰੇ ਇਹਨਾਂ ਸਾਲਾਂ ਵਿਚ ਠੀਕ ਹੋ ਕੇ ਜਾਣ ਵਾਲੇ ਮਰੀਜਾਂ ਦਾ ਅਨੁਪਾਤ ਵਧੀਆ ਹੁੰਦਾ ਗਿਆ।  ਆਪਣੀ ਅਣਥੱਕ ਮਿਹਨਤ ਸਦਕਾ ਉਹ ਸਫਲਤਾ ਵਲ ਵਧਦੇ ਰਹੇ।  ਮਰੀਜ਼ਾਂ ਦੀ ਗਿਣਤੀ ਵਧਣ ਕਰਕੇ ਸੱਮਸਿਆਵਾਂ ਵੀ ਵਧੀਆਂ।  ਉਹ ਦੋਵੇਂ ਸੀਨੀਅਰ ਡਾਕਟਰਾਂ ਦਾ ਧਿਆਨ ਉਸ ਪਾਸੇ ਦਿਵਾ ਕੇ ਹੋਰ ਸਹੂਲਤਾਂ ਪੈਦਾ ਕਰਨ ਲਈ ਕੋਸ਼ਿਸ਼ ਕਰਦੇ।  ਹਸਪਤਾਲ ਦੇ ਸਿਸਟਮ ਵਿਚ ਤਬਦੀਲੀਆਂ ਕਰਨ ਕਰਾਉਣ ਵਿਚ ਉਹ ਮੋਹਰੀ ਹੁੰਦੇ।  ਸੁਧਾਰ-ਪੱਖੀ ਮੀਟਿੰਗਾਂ ਲਈ ਉਹਨਾਂ ਨੂੰ ਖਾਸ ਸੱਦੇ ਆਉਂਦੇ।  ਕਈ ਐਸ਼-ਕਰੂ ਡਾਕਟਰ ਉਹਨਾਂ ਦੀਆਂ ਸਫਲਤਾਵਾਂ ਤੋਂ ਸਾੜਾ ਵੀ ਕਰਦੇ ਅਤੇ ਕਈ ਤਰਾਂ ਦੀਆਂ ਗਲਤ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕਰਦੇ।  ਪਰ ਚਰਨਜੀਤ ਤੇ ਅੰਜਲੀ ਕੋਈ ਪਰਵਾਹ ਕੀਤੇ ਬਿਨਾ ਆਪਣੇ ਕੰਮ ਨੂੰ ਪੂਰੀ ਲਗਨ ਨਾਲ ਕਰਦੇ ਰਹਿੰਦੇ।  ਕੰਮ ਕਰਦਿਆਂ ਬਿੰਦ-ਝੱਟ ਦੀ ਵਿਹਲ ਮਿਲਦੀ ਤਾਂ ਉਹ ਜ਼ਾਤੀ ਗੱਲ-ਬਾਤ ਵੀ ਕਰ ਲੈਂਦੇ।  ਅੰਜਲੀ ਨੇ ਇਕ ਦਿਨ ਇਹੋ ਜਿਹੀ ਵਿਹਲ ਵੇਲੇ ਕਿਹਾ-
''ਚਰਨ ਜੀ ਤੁਸੀਂ ਮੇਰੇ ਪੇਰੈਂਟਸ ਨੂੰ ਮਿਲਣ ਕਦੋਂ ਜਾਣਾ ਚਾਹੋਗੇ, ਮੇਰੇ ਨਾਲ?''
''ਓ ਬਾਦਸ਼ਾਹੋ ਸਾਨੂੰ ਕਾਹਨੂੰ ਐਵੇਂ ਬਲੀ ਦਾ ਬਕਰਾ ਬਣਾਉਂਦੇ ਓਂ।  ਅਸੀਂ ਪੇਂਡੂ ਬੰਦੇ।  ਕੋਈ ਉਲਟੀ-ਸਿੱਧੀ ਗੱਲ ਜੇ ਮੂੰਹੋਂ ਨਿਕਲ ਗਈ ਤਾਂ ਜਾਹ-ਜਾਂਦੀ ਹੋ-ਜੂ।  ਮੇਰੀ ਤਾਂ ਜਬਾਨ ਈ ਠਾਕੀ ਜਾਊ ਤੇਰੇ ਡੈਡ ਅੱਗੇ।  ਫੇਰ ਤੇਰੇ ਡੈਡ ਨੇ ਮੈਨੂੰ ਡੈੱਡ ਡਿਕਲੇਅਰ ਕਰ ਦੇਣੈ।''
ਅੰਜਲੀ ਨੇ ਝੱਟ ਆਪਣਾ ਹੱਥ ਚਰਨਜੀਤ ਦੇ ਮੂੰਹ 'ਤੇ ਰੱਖ ਦਿੱਤਾ।
''ਤੁਹਾਨੂੰ ਮੇਰੀ ਕਸਮ ਜੇ ਤੁਸੀਂ ਕਦੇ ਵੀ ਅਜਿਹੀ ਗੱਲ ਆਪਣੇ ਮੂੰਹੋ ਫੇਰ ਕੱਢੀ ਤਾਂ।  ਆਈ ਐਮ ਸੀਰੀਅਸ ਤੇ ਤੁਹਾਨੂੰ ਮਜ਼ਾਕ ਸੁੱਝ ਰਹੇ ਨੇ?''
"ਦੇਖ ਅੰਜਲੀ।  ਗੱਲ ਇਹ ਐ ਬਈ ਮੈਂ ਆਪਣੇ ਮਾਂ-ਪਿਓ ਦੇ ਪੁੱਛੇ ਬਿਨਾਂ ਇਹ ਵਿਆਹ ਨਹੀਂ ਕਰਨਾ।  ਤੇ ਉਸ ਲਈ ਮੈਨੂੰ ਜਾ ਕੇ ਉਹਨਾਂ ਨੂੰ ਸਾਰੀ ਗੱਲ ਦੱਸ ਕੇ ਉਹਨਾਂ ਦੀ ਸਹਿਮਤੀ ਲੈਣੀ ਪਊਗੀ।''
''ਮੈਂ ਕਦ ਕਹਿਨੀ ਆਂ ਪਈ ਤੁਸੀਂ ਪੇਰੈਂਟਸ ਦੀ ਪਰਮਿਸ਼ਨ ਨਾ ਲਓ।  ਪਰ ਜੋ ਵੀ ਕਰਨੈ ਜਲਦੀ ਕਰੋ।  ਤੁਸੀਂ ਬੇਸ਼ਕ ਮੈਨੂੰ ਉਹਨਾਂ ਕੋਲ ਲੈ ਚੱਲੋ।  ਮੇਰੇ ਮੌਮ ਡੈਡ ਇਹੋ ਜਿਹੀਆਂ ਗੱਲਾਂ ਮਾਂਈਡ ਨਹੀਂ ਕਰਦੇ।  ਉਹਨਾਂ ਦੇ ਵਿਚਾਰ ਬੜੇ ਖੁਲ੍ਹੇ ਹਨ।''
ਚਰਨਜੀਤ ਨੂੰ ਫੇਰ ਸ਼ਰਾਰਤ ਸੁੱਝ ਪਈ।
''ਤੈਨੂੰ ਮੈਂ ਆਪਣੇ ਮਾਂ-ਪਿਓ ਕੋਲ ਲੈ ਤਾਂ ਚੱਲਾਂ ਪਰ ਉਹਨਾਂ ਨੂੰ ਤੇਰੀ ਸ਼ਹਿਰੀ ਬੋਲੀ ਸਮਝ ਨਹੀਂ ਆਉਣੀ ਤੇ ਉਹਨਾਂ ਦੀ ਪੇਂਡੂ ਬੋਲੀ ਤੇਰੇ ਪੱਲੇ ਨੀ ਪੈਣੀ।''
''ਤੁਸੀਂ ਰਹਿਣ ਦਿਓ ਮੈਂ ਸਭ ਸਮਝ ਲਾਂਗੀ ਉਹਨਾਂ ਦੀ ਬੋਲੀ।''
"ਲੈ ਫੇਰ ਤੈਨੂੰ ਇਕ ਪੇਂਡੂ ਬੁੜ੍ਹੀ ਦੀ ਬੜੀ ਦਿਲਚਸਪ ਗੱਲ ਸੁਣਾਵਾਂ? ਕਹਿੰਦੇ ਬਈ ਕਿਸੇ ਸਾਡੇ ਵਰਗੇ ਦੀ ਪੇਂਡੂ ਮਾਂ ਦੀ ਇਕ ਤੇਰੇ ਵਰਗੀ ਨੂੰਹ ਆ-ਗੀ।  ਸੱਸ ਨੂੰ 'ਹੋਰ ਤਰਾਂ' ਦੀ ਪੇਂਡੂ ਬੋਲੀ ਬੋਲਣ ਦੀ ਆਦਤ ਸੀ।  ਉਹ ਆਪਣੀ ਠੇਠ ਬੋਲੀ 'ਚ ਬੋਲਦੀ।  ਇਕ ਦਿਨ ਕਿਸੇ ਦੇ ਘਰੇ ਜਾਣ ਲੱਗੀ ਆਪਣੀ ਨੂੰਹ ਨੂੰ ਇਹ ਆਖ ਗਈ, ''ਕੁੜੇ ਬਹੂ, ਆਹ ਮੂੰਗੀ ਦੀ ਦਾਲ ਚੱਕੀ ਥੱਲਿਓਂ ਕੱਢ ਕੇ ਹਾਰੇ 'ਚ ਫੂਕ ਦੀਂ।  ਮੈਂ ਮਾੜਾ ਜਿਆ ਕਵੇਲੇ ਹੋਏ ਮੁੜੂੰਗੀ।'' ਨੂੰਹ ਰਾਣੀ ਨੂੰ ਦੇਸੀ ਗੱਲ ਦੀ ਸਮਝ ਕਿੱਥੋਂ ਆਉਂਦੀ।  ਉਹਨੇ ਵਿਚਾਰੀ ਨੇ ਕਿਸੇ ਗੁਆਂਢਣ ਨੂੰ ਮਿੰਨਤ ਕਰਕੇ ਬੁਲਾਇਆ।  ਦੋਹਾਂ ਜਣੀਆਂ ਨੇ ਸਾਰਾ ਜ਼ੋਰ ਲਾ ਕੇ ਚੱਕੀ ਚੱਕ ਕੇ ਥੱਲਿਓਂ ਦੀ ਦਾਲ ਕੱਢੀ ਤੇ ਫੇਰ ਉਹਨੇ ਹਾਰੇ 'ਚ ਪਾਥੀਆਂ ਨੂੰ ਅੱਗ ਲਾ ਕੇ ਫੂਕ ਦਿੱਤੀ।  ਜਦੋਂ ਆਥਣੇ ਹਨੇਰੇ ਹੋਏ ਸੱਸ ਮੁੜੀ ਤਾਂ ਉਹਨੇ ਪੁੱਛਿਆ, ''ਕੁੜੇ ਬਹੂ ਦਾਲ ਧਰ 'ਤੀ ਸੀ?'' ਤਾਂ ਉਹਦਾ ਜਵਾਬ ਸੀ, ''ਹਾਂ ਜੀ, ਮਾਂ ਜੀ।  ਜਿਵੇਂ ਤੁਸੀਂ ਦੱਸ ਕੇ ਗਏ ਸੀ ਓਸੇ ਤਰ੍ਹਾਂ ਈ ਕੀਤਾ ਸੀ।''  ਸੋ ਮੈਡਮ ਅੰਜਲੀ ਜੀ ਡਿਡ ਯੂ ਅੰਡਰਸਟੈਂਡ ਵਟ ਆਈ ਸੈੱਡ?''
ਚਰਨਜੀਤ ਨੇ ਸ਼ਰਾਰਤੀ ਅੱਖਾਂ ਨਾਲ ਅੰਜਲੀ ਵੱਲ ਦੇਖਿਆ।  ''ਤੁਹਾਡੇ ਘਰ ਵੀ ਮੈਨੂੰ ਏਸੇ ਤਰਾਂ ਦਾਲ ਫੂਕਣੀ ਪਏਗੀ?''
ਅੰਜਲੀ ਦਾ ਜਵਾਬ ਸੁਣ ਕੇ ਚਰਨਜੀਤ ਦਾ ਹਾਸਾ ਨਹੀਂ ਸੀ ਬੰਦ ਹੋ ਰਿਹਾ।
''ਓ-ਕੇ ਆਪਾਂ ਹੋਟਲ ਤੋਂ ਲੈ ਆਵਾਂਗੇ।''
''ਸਾਡੇ ਛੋਟੇ ਜਿਹੇ ਸ਼ਹਿਰ ਵਿਚ ਹੋਟਲ ਹੂਟਲ ਹੈ ਨਹੀਂ।''
ਦੇਖੋ ਜੀ, ਤੁਸੀਂ ਮਜ਼ਾਕ ਛੱਡੋ ਤੇ ਕੰਮ ਦੀ ਗੱਲ ਕਰੋ।''
''ਕੰਮ ਦੀ ਗੱਲ ਇਹ ਐ ਬਈ ਬੈੱਡ ਨੰਬਰ ਸੱਤ, ਗਿਆਰਾਂ ਤੇ ਅਠਾਰਾਂ ਦੇ ਚੈੱਕ-ਅਪ ਅਤੇ ਸੈਂਪਲ ਲੈਣੇ ਅਜੇ ਬਾਕੀ ਐ।''
''ਉਹ ਕੰਮ ਨਹੀਂ।  ਏਧਰ ਮੇਰੇ ਮੂੰਹ ਵੱਲ ਦੇਖੋ! ਆਹ-ਕੰਮ!''
''ਚੰਗਾ ਮੈਡਮ ਡਾਕਟਰ ਅੰਜਲੀ ਕਪੂਰ ਜੀ ਮੈਂ ਅਗਲੇ ਹਫਤੇ ਪਹਿਲਾਂ ਜਾ ਕੇ ਆਪਣੇ ਮਾਪਿਆਂ ਤੋਂ ਅਸ਼ੀਰਵਾਦ ਲੈ ਆਵਾਂ।  ਫੇਰ ਹਜ਼ੂਰ ਦੀ ਖਿਦਮਤ ਵਿਚ ਹਾਜ਼ਰ ਹੋ ਕੇ ਅਰਜ਼ ਕੀਤੀ ਜਾਵੇਗੀ।  ਗੋਡਿਆਂ ਭਾਰ ਹੋ ਕੇ ਮੈਂ ਤੇਰਾ ਹੱਥ ਫੜ ਕੇ ਕਹਾਂਗਾ- 'ਅੰਜੂ ਡਾਰਲਿੰਗ ਵਿੱਲ ਯੂ ਮੈਰੀ ਮੀ', ਦੋਵੇਂ ਇਕੱਠੇ ਹੱਸ ਰਹੇ ਸਨ।  ਏਨੇ ਵਿਚ ਅਪਰੇਸ਼ਨ ਥੀਏਟਰ ਵਿਚੋਂ ਐਮਰਜੈਂਸੀ ਕਾਲ ਆ ਗਈ।

***

ਅਗਲੇ ਹਫਤੇ ਚਰਨਜੀਤ ਸਿਰਫ ਇਕ ਦਿਨ ਦੀ ਛੁੱਟੀ ਲੈ ਕੇ ਘਰ ਜਾ ਸਕਿਆ।  ਅਚਾਨਕ ਉਹਨੂੰ ਦੇਖ ਕੇ ਦਿਆਕੁਰ ਪਹਿਲਾਂ ਤਾਂ ਘਬਰਾ ਗਈ ਪਰ ਜਦੋਂ ਚਰਨਜੀਤ ਨੇ ਦੱਸਿਆ ਕਿ ਉਹਦਾ ਮਿਲਣ ਨੂੰ ਜੀ ਕਰਦਾ ਸੀ ਸੋ ਉਹ ਆ ਗਿਆ ਤਾਂ ਉਹ ਖਿੜ ਗਈ ਅਤੇ ਚੌਂਕੇ 'ਚ ਜਾ ਕੇ ਚਰਨਜੀਤ ਲਈ ਖੀਰ ਬਨਾਉਣ ਲੱਗ ਪਈ।  ਭਗਤ ਸਿੰਘ ਦਿਹਾੜੀ 'ਤੇ ਗਿਆ ਹੋਇਆ ਸੀ ਤੇ ਗੁਰਨੇਕ ਸਕੂਲ।  ਚਰਨਜੀਤ ਨੇ ਚਾਹ ਪਾਣੀ ਪੀਣ ਪਿੱਛੋਂ ਮਾਸਟਰ ਸਾਧੂ ਰਾਮ ਦੇ ਜਾ ਪੈਰੀਂ ਹੱਥ ਲਾਏ।  ਮਾਸਟਰ ਜੀ ਬੜੇ ਖੁਸ਼ ਹੋਏ।
''ਮੈਂ ਤਾਂ ਕਦ ਦਾ ਉਡੀਕ ਰਿਹਾ ਥਾ ਬੇਟੇ ਤੈਨੂੰ।''
''ਲਓ ਚਾਚਾ ਜੀ ਮੈਂ ਹਾਜ਼ਰ ਆਂ।''
ਸੁੱਖ-ਸਾਂਦ ਪੁੱਛਣ ਪਿੱਛੋਂ ਦੋਹਾਂ ਨੇ ਸਾਂਝੇ ਮੁੱਦਿਆਂ ਬਾਰੇ ਗੱਲਾਂ ਤੋਰ ਲਈਆਂ।  ਮਾਸਟਰ ਜੀ ਗਲ਼ਾ ਸਾਫ ਕਰਦਿਆਂ ਬੋਲੇ, ''ਲੈ ਅੱਜ ਮੈਂ ਤੈਨੂੰ ਆਪਣੇ ਦਿਲ ਦੀ ਨਵੀਂ ਬਾਤ ਸੁਣਾਵਾਂ।  ਇਹ ਬੰਦਾ ਜਿਹੜਾ ਆਪਣੇ ਮਨ ਦੀਆਂ ਉਲਝਣਾਂ ਮਾਂ ਉਲਝਿਆ ਰਹਿੰਦੈ, ਦਿਨ-ਰਾਤ, ਜਿਮੇਂ ਔਰਤ ਦੇ ਪਿਆਰ ਮਾਂ, ਜਾਂ ਕਿਸੇ ਪਿਆਰੇ ਦੇ ਖੁੱਸ ਜਾਣੇ ਦੇ ਗਮ ਮਾਂ, ਜਾਂ ਫੇਰ ਬਿਮਾਰੀ ਮਾਂ, ਦੁੱਖ ਤਕਲੀਫ ਮਾਂ-ਏਸ ਸਭ ਦਾ ਇਲਾਜ ਹੈ ਬੜਾ ਸੁਖਾਲਾ।''
ਇਲਾਜ ਸ਼ਬਦ ਸੁਣ ਕੇ ਚਰਨਜੀਤ ਦੀ ਦਿਲਚਸਪੀ ਹੋਰ ਵੀ ਵਧ ਗਈ।  ਉਸ ਨੂੰ ਲੱਗ ਰਿਹਾ ਸੀ ਕਿ ਜਿਹੋ-ਜਿਆ ਇਲਾਜ ਮਾਸਟਰ ਜੀ ਦਸਣਗੇ ਉਹ ਡਾਕਟਰੀ ਦੀਆਂ ਕਿਤਾਬਾਂ ਵਿਚ ਤਾਂ ਪੜ੍ਹਨ ਨੂੰ ਮਿਲ ਨਹੀਂ ਸਕਦਾ।  ਇਹ ਤਾਂ ਮਾਸਟਰ ਸਾਧੂ ਰਾਮ ਵਰਗੇ ਗੁਰੂਆਂ ਦੀਆਂ ਸਿਖਿਆਵਾਂ ਵਿਚੋਂ ਹੀ ਲੱਭ ਸਕਦਾ ਹੈ।  ''ਤੋ ਹਾਂ ਮੈਂ ਕਹਿ ਰਿਹਾ ਥਾ-।'' ਮਾਸਟਰ ਸਾਧੂ ਰਾਮ ਚਰਨਜੀਤ ਦੀਆਂ ਅੱਖਾਂ ਵਿਚ ਡੂੰਘਾ ਝਾਕਦਿਆਂ ਕੁਝ ਸੋਚ ਕੇ ਬੋਲੇ-
''ਬਈ ਜੇ ਬੰਦਾ ਇਹਨਾਂ ਦੁੱਖ ਤਕਲੀਫਾਂ ਮਾਂ, ਵਹਿਣਾਂ ਮਾਂ ਅਰ ਪਿਆਰ ਕੇ ਚੱਕਰਾਂ ਮਾਂ ਆਪਣੇ ਆਪ ਨੂੰ ਢਿੱਲਾ ਛੱਡ ਕੇ ਜਿਮੇ ਦਰਿਆ ਦੇ ਵਹਿਣ ਕੇ ਗੈਲ ਗੈਲ ਤਰਨਾ ਜਾਂ ਵਹਿ ਜਾਣਾ ਸੌਖਾ ਹੁੰਦੈ ਤਾਂ ਉਸ ਮਾਂ ਤਾਕਤ ਕੀ ਖ਼ਾਕ ਰਹਿਣੀ ਐ? ਤਾਕਤਵਰ ਤਾਂ ਉਹ ਬੰਦਾ ਮੰਨਿਆ ਜਾਂਦੈ ਜਿਹੜਾ ਦਰਿਆ ਦੇ ਵਹਿਣ ਦੇ ਉਲਟ ਤਰ ਕੇ ਦਿਖਾਵੇ।  ਹੈ ਕ ਨਹੀਂ? ਓਸ ਵਾਸਤੇ ਬੰਦੇ ਨੂੰ ਆਪਣੇ ਆਪ ਨੂੰ ਇਹਨਾਂ ਸਾਰੀਆਂ ਗੱਲਾਂ ਤੋਂ ਤੋੜਨਾ ਪੈਂਦੈ।  ਹੁਣ ਰਹੀ ਆਪਣੇ ਆਪ ਨੂੰ ਤੋੜਨ ਦੀ ਗੱਲ।  ਜਿਹੜਾ ਬੰਦਾ ਆਪਣੇ ਹੀ ਬਣਾਏ ਜਾਲ ਵਿਚ ਆਪ ਈ ਫਸਿਆ ਹੋਵੇ ਉਹ ਨਿਕਲੇਗਾ ਕਿਵੇਂ? ਇਕ ਗੱਲ ਏਥੇ ਹੋਰ ਬੀ ਜ਼ਰੂਰੀ ਐ ਕਿ ਬੰਦੇ ਨੂੰ ਪਹਿਲਾਂ ਇਹ ਤਜਰਬਾ ਵੀ ਕਰ ਹੀ ਲੈਣਾ ਚਾਹੀਦੈ ਕਿ ਪਹਿਲਾਂ ਇਹਨਾਂ ਸਾਰੀਆਂ ਭਾਵਨਾਵਾਂ ਮਾਂ ਆਪਣੇ ਆਪ ਨੂੰ ਡਬੋ ਲਵੇ ਤਾਂ ਕਿ ਪਤਾ ਚੱਲੇ ਬਈ ਦੁੱਖ, ਤਕਲੀਫ, ਪਿਆਰ, ਮੋਹ, ਤਿਆਗ, ਵਿਛੋੜਾ ਹੁੰਦਾ ਕੀ ਐ।  ਫੇਰ ਈ ਤਾਂ ਬੰਦਾ ਕਹਿ ਸਕਦੈ ਨਾ, ਬਈ ਚਲੋ ਹੁਣ ਆਪਾਂ ਸਭ ਕੁਝ ਮਹਿਸੂਸ ਕਰ ਲਿਐ ਹੁਣ ਆਪਾਂ ਆਪਣੇ ਆਪ ਨੂੰ ਇਹਨਾਂ ਤੋਂ ਤੋੜ ਸਕਦੈ ਐਂ।  ਭਾਵੇਂ ਇਕ ਪਲ ਲਈ ਹੀ ਸਹੀ।  ਪਰ ਟੁੱਟ ਕੇ ਦੇਖਣਾ ਤਾਂ ਚਾਹੀਦੈ।  ਹੈ ਕ ਨਹੀਂ? ਸੋ ਜੇ ਬੰਦਾ ਆਪਣੇ ਆਪ ਨੂੰ ਇਹਨਾਂ ਤੋਂ ਤੋੜ ਸਕੇ ਤਾਂ ਜ਼ਿੰਦਗੀ ਜਿਊਣੀ ਸੁਖਾਲੀ ਹੋ ਜਾਂਦੀ ਐ।  ਇਹੋ ਜਿਹੀਆਂ ਬਿਮਾਰੀਆਂ ਦਾ ਇਲਾਜ ਹੈ ਕੋਈ? ਨਾ ਹੀ ਤੈਂ ਪੜ੍ਹਿਆ ਹੋਣੈ ਆਪਣੀਆਂ ਡਾਕਟਰੀ ਦੀਆਂ ਕਿਤਾਬਾਂ ਮਾਂ।
''ਨਹੀਂ ਚਾਚਾ ਜੀ।  ਨਹੀਂ ਪੜ੍ਹਿਆ।  ਪਰ ਤੁਸੀਂ ਆਪ ਈ ਕਿਹੈ ਬਈ ਪਹਿਲਾਂ ਬੰਦੇ ਨੂੰ ਇਹਨਾਂ ਦਾ ਤਜਰਬਾ ਹੋਣਾ ਚਾਹੀਦੈ।  ਸੋ ਤਜਰਬੇ ਲਈ ਕਈ ਗੱਲਾਂ ਦਾ ਹੋਣਾ ਜ਼ਰੂਰੀ ਹੁੰਦੈ ਜਿਵੇਂ ਆਪਣੀ ਪਤਨੀ ਨਾਲ ਮੋਹ ਪਿਆਰ ਦਾ ਤਜਰਬਾ ਤਾਂ ਵਿਆਹ ਤੋਂ ਪਿੱਛੋਂ ਈ ਹੋ ਸਕਦੈ ਨਾ?''
"ਹਾਂ ਬੇਟਾ।  ਇਹ ਗੱਲ ਤੇਰੀ ਠੀਕ ਐ।  ਇਸ 'ਤੇ ਮੈਨੂੰ ਇਕ ਗੱਲ ਹੋਰ ਬੀ ਯਾਦ ਆ ਗਈ।  ਤੇਰੇ ਬਾਪੂ ਜੀ, ਕੁਛ ਦਿਨ ਹੋਏ ਏਧਰੋਂ ਲੰਘ ਰਹੇ ਥੇ।  ਮੈਨੂੰ ਆਖਣ ਲੱਗੇ ਕਿ ਤੂੰ ਮੇਰੀ ਬਾਤ ਮੰਨਦੈਂ।  ਉਹਨਾਂ ਪਾਸ ਤੇਰੀ ਖਾਤਰ ਕਈ ਰਿਸ਼ਤੇ ਆ ਚੁੱਕੇ ਐਂ।  ਹੁਣ ਤੂੰ ਦੱਸ ਮੈਂ ਕੀ ਜਵਾਬ ਦੇਵਾਂ ਤੇਰੇ ਬਾਪ ਨੂੰ?''  
''ਚਾਚਾ ਜੀ ਮੈਨੂੰ ਸਭ ਤੋਂ ਪਹਿਲਾਂ ਥੋਡਾ ਅਸ਼ੀਰਵਾਦ ਚਾਹੀਦੈ।  ਪਰ ਸਮਝ ਨੀ ਆਉਂਦੀ ਕਿ ਮੈਂ ਗੱਲ ਕਿਵੇਂ ਤੋਰਾਂ।''
''ਲੈ ਦੱਸ! ਤੈਨੂੰ ਮੇਰੇ ਤੇ ਕਿਸ ਬਾਤ ਦੀ ਸੰਗ-ਸ਼ਰਮ? ਤੂੰ ਸਾਫ ਸਾਫ ਗੱਲ ਕਰ।  ਜੇ ਕੋਈ ਡਾਕਟਰਨੀ ਪਸੰਦ ਕਰ ਰੱਖੀ ਐ ਤਾਂ ਓਹ ਬੀ ਦੱਸ।  ਮੈਂ ਕਰਾਊਂ ਤੇਰਾ ਬਿਆਹ।''
''ਬੱਸ ਚਾਚਾ ਜੀ ਗੱਲ ਈ ਕੁਛ ਐਹੋ-ਜੀ ਹੋਈ ਪਈ ਐ।''
''ਵਾਹ ਓ ਪੁੱਤਰਾ।  ਉਹ ਹੈ ਕੌਣ?''
''ਉਹ ਜੀ ਮੇਰੇ ਨਾਲ ਈ ਕੰਮ ਕਰਦੀ ਐ।  ਪਰ ਉਹ ਲੋਕ ਹਿੰਦੂ ਨੇ।''
''ਇਹ ਕਿਆ ਗੱਲ ਤੈਂ ਕਹੀ? ਆਪਣੇ ਪਾਸੇ ਹਿੰਦੂਆਂ ਅਰ ਸਿੱਖਾਂ ਕੇ ਰਿਸ਼ਤੇ ਤਾਂ ਸਦੀਆਂ ਤੋਂ ਹੁੰਦੇ ਆ ਰਹੇ ਐ।  ਹਿੰਦੂਆਂ ਦੇ ਟੱਬਰਾਂ ਮਾਂ ਸਭ ਤੋਂ ਵੱਡਾ ਮੁੰਡਾ ਸਿੱਖ ਈ ਥਾ ਹੁੰਦਾ।  ਹੈ ਕ ਨਹੀਂ? ਓ ਹੈ ਨਾ ਥੁਆਡੇ ਘਰੋਂ ਪੰਜਵਾਂ ਛੇਵਾਂ ਘਰ ਹੁਕਮ ਸਿੰਘ ਕਾ? ਹੁਕਮ ਸਿੰਘ ਆਪ ਮਥਰਾ ਦਾਸ ਦਾ ਵੱਡਾ ਮੁੰਡੈ ਜਿਸ ਨੇ ਦਾਹੜੀ ਕੇਸ ਰੱਖੇ ਹੋਏ ਐ ਤੇ ਉਹਦਾ ਛੋਟਾ ਭਰਾ ਨਰਾਤਾ ਰਾਮ ਐ।  ਉਹ ਹਿੰਦੂਆਂ ਕਾ ਟੱਬਰ ਐ।  ਹੁਕਮ ਸਿੰਘ ਰੋਜ਼ ਗੁਰਦੁਆਰੇ ਜਾਂਦੈ।  ਧਰਮ ਤਾਂ ਕੋਈ ਵੀ ਮਾੜਾ ਨੀ ਹੁੰਦਾ।  ਲੋਕ ਈ ਬੁਰੇ ਹੁੰਦੇ ਐਂ।  ਜੇ ਤੈਨੂੰ ਲੜਕੀ ਪਸੰਦ ਐ ਤਾਂ ਮੈਂ ਮਨਾਊਂ ਤੇਰੇ ਬਾਪ ਨੂੰ।  ਤੂੰ ਭੋਰਾ ਫਿਕਰ ਨਾ ਕਰ।''
ਮਾਸਟਰ ਜੀ ਨੇ ਚਰਨਜੀਤ ਤੋਂ ਅੰਜਲੀ ਅਤੇ ਉਸ ਦੇ ਪਰਿਵਾਰ ਬਾਰੇ ਸਾਰੀ ਜਾਣਕਾਰੀ ਲੈ ਕੇ ਇਕ ਕਾਗਜ਼ 'ਤੇ ਲਿਖ ਲਈ।
''ਲੈ, ਤੂੰ ਅੱਜ ਆਪਣੇ ਬਾਪ ਨੂੰ ਜਾ ਕੇ ਕਹੀਂ ਕਿ ਮੈਨੂੰ ਅੱਜ ਈ ਬਰ-ਜ਼ਰੂਰ ਮਿਲੇ।  ਠੀਕ ਐ?''
ਆਥਣੇ ਭਗਤ ਸਿੰਘ ਦੇ ਘਰ ਆਉਣ ਪਿੱਛੋਂ ਚਰਨਜੀਤ ਨੇ ਮਾਸਟਰ ਸਾਧੂ ਰਾਮ ਦਾ ਸੁਨੇਹਾ ਦਿੱਤਾ।  ਭਗਤ ਸਿੰਘ ਨੇ ਵੀ ਜੁੱਤੀ ਨਹੀਂ ਲਾਹੀ ਤੇ ਮਾਸਟਰ ਜੀ ਨੂੰ ਮਿਲਣ ਚਲਾ ਗਿਆ।  ਮਾਸਟਰ ਜੀ ਨੇ ਚਰਨਜੀਤ ਦੇ ਰਿਸ਼ਤੇ ਬਾਰੇ ਸਾਰੀ ਗੱਲ ਖੁਲਾਸਾ ਕਰਕੇ ਦੱਸੀ।  ਮਾਸਟਰ ਜੀ ਦੇ ਸਹੀ ਤਰਕ ਨੇ ਭਗਤ ਸਿੰਘ ਨੂੰ ਪ੍ਰਭਾਵਿਤ ਵੀ ਕੀਤਾ ਪਰ ਘਰ ਦੇ ਹੋਰ ਲੋਕਾਂ ਨਾਲ ਤੇ ਰਿਸ਼ਤੇਦਾਰਾਂ ਨਾਲ ਗੱਲ ਕਰਨੀ ਵੀ ਜ਼ਰੂਰੀ ਸੀ।
ਓਧਰ ਅੰਜਲੀ ਦਾ ਪਰਿਵਾਰ ਪੜ੍ਹਿਆ ਲਿਖਿਆ ਅਤੇ ਡਾਕਟਰੀ ਪੇਸ਼ਾ ਹੋਣ ਕਰਕੇ ਉਹਨਾਂ ਨੂੰ ਇਹ ਰਿਸ਼ਤਾ ਮੰਨ ਲੈਣ ਵਿਚ ਕੋਈ ਪਰੇਸ਼ਾਨੀ ਨਹੀਂ ਸੀ ਹੋਣੀ।  ਆਖਰ ਤਾਂ ਮੁੰਡੇ ਕੁੜੀ ਨੇ ਇਕੱਠਿਆਂ ਹੀ ਨੌਕਰੀ ਕਰਨੀ ਹੈ ਅਤੇ ਇਕ ਦੂਜੇ ਨੂੰ ਪਸੰਦ ਵੀ ਕਰ ਲਿਆ ਹੋਇਆ ਸੀ।  ਚਰਨਜੀਤ ਅਗਲੇ ਦਿਨ ਲੁਧਿਆਣੇ ਵਾਪਸ ਚਲਾ ਗਿਆ।
ਸਿਰਫ ਜੇ ਕਿਸੇ ਨੂੰ ਇਸ ਰਿਸ਼ਤੇ ਤੋਂ ਇਤਰਾਜ ਸੀ ਤਾਂ ਉਹ ਪਹਿਲਾਂ ਗੁਰਨੇਕ ਸੀ।  ਉਹਨੇ ਇਸ ਰਿਸ਼ਤੇ ਬਾਰੇ ਉਭਾਸਰ ਕੇ ਕੁਝ ਨਹੀਂ ਸੀ ਕਿਹਾ। ਪਰ ਉਹ ਸੋਚਣ ਲੱਗ ਪਿਆ ਕਿ ਵਿਆਹ ਤੋਂ ਪਿੱਛੋਂ ਕੀ ਪਤਾ ਚਰਨਜੀਤ ਆਪਣੀ ਪਤਨੀ ਦੇ ਪਿੱਛੇ ਲੱਗ ਕੇ ਉਹਦੇ ਆਪਣੇ ਪ੍ਰਭਾਵ ਥੱਲਿਓਂ ਨਿਕਲ ਨਾ ਜਾਵੇ।  ਹੁਣ ਜਦੋਂ ਕਦੇ ਵੀ ਉਸ ਨੂੰ ਪੈਸੇ-ਧੇਲੇ ਦੀ ਲੋੜ ਪੈਂਦੀ ਸੀ ਤਾਂ ਚਰਨਜੀਤ ਪਹਿਲੇ ਬੋਲ ਹੀ ਭੇਜ ਦਿੰਦਾ ਸੀ।  ਉਸ ਦੇ ਵਿਆਹ ਪਿੱਛੋਂ ਉਹਨੂੰ ਇਹ ਮਦਦ ਜਾਂਦੀ ਲੱਗੀ।  ਉਸ ਨੇ ਭਾਵੁਕ ਜਿਹਾ ਹੋ ਕੇ ਚਰਨਜੀਤ ਨੂੰ ਸੱਤ-ਅੱਠ ਸਫਿਆਂ ਦੀ ਇਕ ਲੰਮੀ ਚਿੱਠੀ ਲਿਖੀ, ਜਿਸ ਵਿਚ ਵਿਆਹ ਦੇ ਸੰਬੰਧਾਂ ਬਾਰੇ, ਵਿਆਹ ਪਿੱਛੋਂ ਲੋਕਾਂ ਦੇ ਬਦਲਣ ਬਾਰੇ ਅਤੇ ਮਨਾਂ ਵਿਚ ਪੈਣ ਵਾਲੀਆਂ ਗੰਢਾਂ ਬਾਰੇ ਕਾਫੀ ਕੁਝ ਲਿਖਿਆ।  ਏਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਹ ਕੋਈ ਸੁਣੀਆਂ-ਸੁਣਾਈਆਂ ਗੱਲਾਂ ਉਹ ਨਹੀਂ ਸੀ ਲਿਖ ਰਿਹਾ ਸਗੋਂ ਇਹਨਾਂ ਵਿਚ ਉਸ ਦੇ ਜ਼ਾਤੀ ਪ੍ਰਭਾਵ ਵੀ ਸ਼ਾਮਲ ਸਨ। ਚਿੱਠੀ ਭਾਵੁਕਤਾ ਨਾਲ ਭਰੀ ਹੋਈ ਸੀ।  ਅਖੀਰ ਵਿਚ ਗੁਰਨੇਕ ਨੇ ਆਪਣੀ ਇਕ ਨਵੀਂ ਬਿਮਾਰੀ ਦਾ ਜ਼ਿਕਰ ਵੀ ਕੀਤਾ ਸੀ ਜਿਸ ਅਨੁਸਾਰ ਉਸ ਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ।  ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਸੀ, ਚੱਕਰ ਆਉਂਦੇ ਸਨ।  ਨੀਂਦ ਦੀਆਂ ਕਈ ਗੋਲੀਆਂ ਖਾਣ ਪਿੱਛੋਂ ਵੀ ਨੀਂਦ ਨਹੀਂ ਸੀ ਆਉਂਦੀ।  ਉਸ ਨੂੰ ਹੁਣ ਕੋਈ ਸ਼ੱਕ ਨਹੀਂ ਸੀ ਰਿਹਾ ਸਗੋਂ ਪੂਰਾ ਯਕੀਨ ਸੀ ਕਿ ਕਿਸੇ ਦਿਨ ਵੀ ਉਸ ਨੂੰ ਦਿਲ ਦਾ ਦੌਰਾ ਪੈ ਸਕਦਾ ਸੀ।  ਹੋ ਸਕਦਾ ਸੀ ਕਿ ਇਸ ਦਾ ਉਸ ਦੀ ਪੇਟ ਦੀ ਪੁਰਾਣੀ ਬਿਮਾਰੀ ਨਾਲ ਵੀ ਕੋਈ ਸੰਬੰਧ ਹੋਵੇ।
ਚਿੱਠੀ ਦਾ ਅਸਰ ਜਿਹੋ ਜਿਹਾ ਹੋਣਾ ਚਾਹੀਦਾ ਸੀ ਹੋਇਆ।  ਚਰਨਜੀਤ ਆਪਣੇ ਵੱਡੇ ਭਰਾ ਦੀ ਬਿਮਾਰੀ ਬਾਰੇ ਚਿੱਠੀ ਪੜ੍ਹ ਕੇ ਬੜਾ ਪਰੇਸ਼ਾਨ ਹੋਇਆ।  ਉਹਨੇ ਕਾਫੀ ਸੋਚਣ ਤੋਂ ਮਗਰੋਂ ਅੰਜਲੀ ਨਾਲ ਗੱਲ ਸਾਂਝੀ ਕੀਤੀ।  ਅੰਜਲੀ ਨੇ ਉਹਨੂੰ ਤਸੱਲੀ ਦਿੱਤੀ।  ਫੇਰ ਵੀ ਉਹ ਬੜਾ ਫਿਕਰਮੰਦ ਸੀ।  ਅਖੀਰ ਦੋਹਾਂ ਨੇ ਸੋਚ ਕੇ ਫੈਸਲਾ ਕੀਤਾ ਕਿ ਗੁਰਨੇਕ ਨੂੰ ਲੁਧਿਆਣੇ ਲਿਆ ਕੇ ਜਿੰਨੀ ਛੇਤੀ ਹੋ ਸਕੇ ਦਿਲ ਦੀ ਬਿਮਾਰੀ ਦੇ ਮਾਹਰ ਕੋਲੋਂ ਚੈੱਕ ਕਰਵਾਇਆ ਜਾਵੇ।
ਚਰਨਜੀਤ ਨੇ ਮਾਹਰ ਡਾਕਟਰ ਤੋਂ ਸਲਾਹ ਲੈ ਕੇ ਅਤੇ ਚੈੱਕ-ਅਪ ਦੀ ਤਾਰੀਖ ਪੱਕੀ ਕਰਕੇ ਗੁਰਨੇਕ ਨੂੰ ਤਿਆਰ ਰਹਿਣ ਲਈ ਤਾਰ ਪਾ ਦਿੱਤੀ।  ਉਹ ਇਕ ਦਿਨ ਪਹਿਲਾਂ ਲੁਧਿਆਣਿਓਂ ਸਿੱਧੀ ਟੈਕਸੀ ਕਰਕੇ ਆਪਣੇ ਭਰਾ ਨੂੰ ਲੈਣ ਚਲਾ ਗਿਆ।  ਅਗਲੇ ਦਿਨ ਡਾਕਟਰ ਸਕਸੈਨਾ ਨੇ ਈ.ਸੀ.ਜੀ.,ਟੀ.ਐਮ.ਟੀ ਅਤੇ ਹੋਰ ਜ਼ਰੂਰੀ ਟੈਸਟ ਕਰਨ ਪਿੱਛੋਂ ਸ਼ਾਮ ਤਕ ਇਹ ਗੱਲ ਸਾਫ ਕਰ ਦਿੱਤੀ ਕਿ ਗੁਰਨੇਕ ਨੂੰ ਦਿਲ ਦੀ ਕੋਈ ਬਿਮਾਰੀ ਨਹੀਂ ਸੀ।  ਹਾਂ, ਹੋ ਸਕਦੈ ਕੋਈ ਦਿਮਾਗ਼ੀ ਪਰੇਸ਼ਾਨੀ ਕਾਰਨ ਉਹ ਇੰਜ ਮਹਿਸੂਸ ਕਰਦਾ ਹੋਵੇ।  ਚੰਗਾ ਹੋਵੇ ਜੇ ਉਸ ਨੂੰ ਕਿਸੇ ਸਾਇਕੈਟਰਿਸਟ ਦੀ ਸਲਾਹ ਮਿਲ ਜਾਵੇ।  ਚਰਨਜੀਤ ਨੇ ਗੁਰਨੇਕ ਨੂੰ ਬਿਨਾਂ ਕੁਝ ਦੱਸੇ ਆਪਣੇ ਇਕ ਸਾਇਕੈਟਰੀ ਦੇ ਡਾਕਟਰ ਦੋਸਤ ਨੂੰ ਸਮੱਸਿਆ ਦੱਸੀ ਅਤੇ ਉਸ ਨੂੰ ਉਸੇ ਦਿਨ ਸ਼ਾਮ ਨੂੰ ਹੀ ਆਪਣੇ ਕੁਆਰਟਰ ਵਿਚ ਆਉਣ ਲਈ ਮਨਾ ਲਿਆ।  ਡਾਕਟਰ ਨੇ ਚਰਨਜੀਤ ਦਾ ਨਜ਼ਦੀਕੀ ਦੋਸਤ ਹੋਣ ਦੇ ਨਾਤੇ ਉਂਜ ਹੀ ਗੁਰਨੇਕ ਨਾਲ ਇਕ ਘੰਟਾ ਲੰਮੀ ਗੱਲ-ਬਾਤ ਕਰਕੇ ਬਿਮਾਰੀ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ।  ਉਸ ਪਿੱਛੋਂ ਉਹਨੇ ਚਰਨਜੀਤ ਨੂੰ ਅੱਡ ਕਰਕੇ ਦੱਸਿਆ ਕਿ ਗੁਰਨੇਕ ਨੂੰ ਸਿਰਫ ਹੀਣ-ਭਾਵਨਾ ਹੀ ਤੰਗ ਕਰਦੀ ਸੀ।  ਕਿਉਂਕਿ ਉਹ ਜੀਵਨ ਵਿਚ ਬੜੀ ਛੇਤੀ ਉੱਚਾ ਉਠਣਾ ਚਾਹੁੰਦਾ ਸੀ।  ਉਸ ਨੇ ਇਹ ਵੀ ਦੱਸਿਆ ਕਿ ਇਹੋ ਜਿਹੇ ਮਰੀਜ਼ ਦੁਨੀਆਂ ਦਾ ਸਭ ਕੁਝ ਮਿਲ ਜਾਣ ਤੇ ਵੀ ਸੰਤੁਸ਼ਟ ਨਹੀਂ ਹੋ ਸਕਦੇ ਹੁੰਦੇ।  ਇਹ ਮਰੀਜ਼ ਕਿਸੇ ਨਾ ਕਿਸੇ ਬਿਮਾਰੀ ਦਾ ਬਹਾਨਾ ਕਰਕੇ ਲੋਕਾਂ ਦੀ ਹਮਦਰਦੀ ਜਿੱਤਣਾ ਚਾਹੁੰਦੇ ਹਨ ਅਤੇ ਦੂਜਿਆਂ ਕੋਲੋਂ ਆਪਣੀ ਬੇਹੱਦ ਤਾਰੀਫ਼ ਦੀ ਉਮੀਦ ਰਖਦੇ ਹਨ।  ਆਪਣੇ ਆਪ ਨੂੰ ਦੁਨੀਆਂ ਦੇ ਸਭ ਤੋਂ ਸਿਆਣੇ ਬੰਦਿਆਂ ਵਿਚੋਂ ਗਿਣਦੇ ਹਨ ਅਤੇ ਹਮੇਸ਼ਾ ਇਹੀ ਵਿਸ਼ਵਾਸ ਰਖਦੇ ਹਨ ਕਿ ਜੋ ਕੁਝ ਉਹ ਸੋਚਦੇ ਹਨ ਉਹ ਦੂਜਿਆਂ ਨਾਲੋਂ ਚੰਗਾ ਤੇ ਠੀਕ ਹੁੰਦਾ ਹੈ।  ਗਲਤੀ ਕਰਕੇ ਵੀ ਕਦੇ ਆਪਣੀ ਗਲਤੀ ਨਹੀਂ ਮੰਨਦੇ ਸਗੋਂ ਆਪਣੀ 'ਸਿਆਣਪ' ਨਾਲ ਆਪਣੀ ਗਲਤੀ ਦੂਜਿਆਂ ਦੇ ਸਿਰ ਮੜ੍ਹਨ ਵਿਚ ਸਫਲ ਹੋ ਜਾਂਦੇ ਹਨ।  ਉਹ ਆਪਣੀ ਅਜਿਹੀ ਸੋਚ ਅਨੁਸਾਰ ਕੋਈ ਜਾਣ-ਬੁੱਝ ਕੇ ਗਲਤੀ ਕਰਨ ਤੋਂ ਪਹਿਲਾਂ ਅਜਿਹੇ ਪੱਕੇ ਸਬੂਤਾਂ ਬਾਰੇ ਸੋਚ ਦੁੜਾਉਂਦੇ ਹਨ ਤਾਂ ਕਿ ਉਹਨਾਂ ਦੀ ਗਲਤੀ ਦੀ ਸਜ਼ਾ ਕਿਸੇ ਹੋਰ ਨੂੰ ਮਿਲ ਸਕੇ।  ਇਹੋ ਜਿਹੇ ਲੋਕ ਜੇ ਕਤਲ ਵੀ ਕਰਨ ਤਾਂ ਬੜੀ ਸੋਚੀ ਸਮਝੀ ਸਾਜ਼ਿਸ਼ ਰਾਹੀਂ ਕਰਦੇ ਹਨ ਅਤੇ ਆਪਣੇ 'ਭੋਲੇਪਣ' ਦਾ ਆਸਰਾ ਲੈ ਕੇ ਸਾਫ ਬਚ ਕੇ ਨਿਕਲ ਜਾਂਦੇ ਹਨ ਅਤੇ ਦੋਸ਼ ਕਿਸੇ ਹੋਰ ਸਿਰ ਮੜ੍ਹਦੇ ਹਨ।  ਇਸ ਪਰਵਿਰਤੀ ਦੇ ਲੋਕ ਬੜੇ ਸਫਲ ਜਾਸੂਸ ਵੀ ਬਣ ਸਕਦੇ ਹਨ।  ਇਹ ਮਰੀਜ਼ ਬੜੇ ਆਰਾਮ ਪਸੰਦ ਹੁੰਦੇ ਹਨ ਅਤੇ ਬੈਠੇ ਬਠਾਇਆਂ ਲੋਕਾਂ ਤੇ ਰਾਜ ਕਰਨਾ ਚਾਹੁੰਦੇ ਹਨ।  ਸਿਆਸਤ ਵਿਚ ਅਜਿਹੇ ਲੋਕ ਸਫਲ ਹੁੰਦੇ ਹਨ।  ਸਿਰਫ ਆਪਣੇ ਭਲੇ ਲਈ ਕਈ ਪੈਂਤਰੇ ਬਦਲਦੇ ਹਨ।  ਚਰਨਜੀਤ ਦੇ ਦੋਸਤ ਡਾਕਟਰ ਨੇ ਆਪਣੇ ਜ਼ਾਤੀ ਤਜਰਬਿਆਂ ਤੇ ਸਰਵੇਖਣ ਰਾਹੀਂ ਕੱਢੇ ਤੱਤ ਉਹਦੇ ਸਾਹਮਣੇ ਰੱਖ ਦਿੱਤੇ।
ਚਰਨਜੀਤ ਨੂੰ ਪਹਿਲਾਂ ਤਾਂ ਉਹਦੀਆਂ ਗੱਲਾਂ ਤੇ ਇਤਬਾਰ ਨਾ ਆਇਆ ਪਰ ਫੇਰ ਵੀ ਕਿਉਂਕਿ ਉਸ ਨੂੰ ਆਪ ਨੂੰ ਵੀ ਇਸ ਬਿਮਾਰੀ ਬਾਰੇ ਥੋੜਾ ਬਹੁਤ ਗਿਆਨ ਸੀ ਅਤੇ ਸਬਜੈਕਟ ਦੇ ਤੌਰ ਤੇ ਵੀ ਪੜ੍ਹਿਆ ਸੀ, ਇਸ ਲਈ ਉਸ ਨੂੰ ਆਪਣੇ ਦੋਸਤ ਦੀ ਗੱਲ ਜਚਦੀ ਲੱਗੀ।  ਹੁਣ ਅਗਲੀ ਸਮੱਸਿਆ ਸੀ ਕਿ ਗੁਰਨੇਕ ਨੂੰ ਇਸ ਗੱਲ 'ਤੇ ਸੰਤੁਸ਼ਟ ਕਰਨ ਲਈ ਕੀ ਕੀਤਾ ਜਾਵੇ ਕਿ ਉਸ ਨੂੰ ਉਸ ਦੀ ਆਪਣੀ ਸੋਚ ਅਨੁਸਾਰ ਦਿਲ ਦੀ ਕੋਈ ਬਿਮਾਰੀ ਨਹੀਂ ਸੀ।  ਉਸ ਨੇ ਆਪਣੀ ਸਿਆਣਪ ਅਨੁਸਾਰ ਪੂਰੀ ਕੋਸ਼ਿਸ਼ ਕਰਕੇ ਬੜੇ ਚੁਣੇ ਹੋਏ ਅਤੇ ਸੋਚੇ ਸਮਝੇ ਸ਼ਬਦਾਂ ਰਾਹੀਂ ਆਪਣੇ ਵੱਡੇ ਭਰਾ ਨੂੰ ਸਮਝਾਉਣ ਲਈ ਕਿਹਾ ਕਿ ਸਾਰੇ ਟੈਸਟਾਂ ਰਾਹੀਂ ਡਾਕਟਰ ਤਸੱਲੀ ਕਰ ਚੁੱਕੇ ਹਨ ਕਿ ਉਸ ਨੂੰ ਦਿਲ ਦੀ ਕੋਈ ਬਿਮਾਰੀ ਨਹੀਂ।
''ਲੈ, ਹੋਰ ਸੁਣ ਲਓ।  ਅਖੇ ਮੈਨੂੰ ਕੋਈ ਬਿਮਾਰੀ ਨਹੀਂ।  ਫੇਰ ਰਾਤ ਨੂੰ ਪਸੀਨੇ ਆਉਣੇ, ਦਿਲ ਦੀ ਧੜਕਣ ਤੇਜ਼ ਹੋਣੀ, ਨੀਂਦ ਨਾ ਆਉਣੀ, ਹਿੱਕ 'ਚ ਤਿੱਖਾ ਦਰਦ, ਖੱਬੀ ਬਾਂਹ 'ਚ ਦਰਦ, ਇਹ ਸਾਰੀਆਂ ਕਾਹਦੀਆਂ ਨਿਸ਼ਾਨੀਆਂ ਹੋਈਆਂ?'' ਗੁਰਨੇਕ ਦੇ ਮੱਥੇ ਉੱਤੇ ਤਿਉੜੀਆਂ ਉਭਰ ਆਈਆਂ ਸਨ।
''ਵੱਡੇ ਬਾਈ ਕੌਣ ਕਹਿੰਦੈ ਬਈ ਇਹ ਸਾਰੀਆਂ ਨਿਸ਼ਾਨੀਆਂ ਜਾਂ ਸਿੰਪਟਮਜ਼ ਸਿਰਫ ਦਿਲ ਦੀ ਬਿਮਾਰੀ ਦੇ ਹੀ ਹੋ ਸਕਦੇ ਐ? ਕੋਈ ਹੋਰ ਕਾਰਨ ਵੀ...।''
''ਲੈ ਦੱਸ।  ਜਦੋਂ ਮੈਂ ਕਹਿਨੈ ਬਈ ਮੈਨੂੰ ਹਾਰਟ ਪਰੋਬਲਮ ਹੈ ਤਾਂ ਤੈਨੂੰ ਕੀ ਓਦੋਂ ਈ ਪਤਾ ਲੱਗੂ ਜਦੋਂ ਮੈਨੂੰ ਅਗਲਾ ਸਾਹ ਨਾ ਆਇਆ? ਕੱਲ੍ਹ ਤੂੰ ਡਾਕਟਰੀ ਪਾਸ ਕੀਤੀ ਐ, ਅੱਜ ਤੈਨੂੰ ਗੱਲਾਂ ਆਉਣ ਲੱਗ-ਪਈਆਂ।''
"ਨਾ ਫੇਰ ਤੁਸੀਂ ਆਪ ਈ ਦੱਸੋ ਕੀ ਕੀਤਾ ਜਾਵੇ?  ਹੋਰ ਕਿਸ ਨੂੰ ਦਿਖਾਈਏ?'' ਚਰਨਜੀਤ ਨੇ ਬੇਬਸ ਹੋ ਕੇ ਕਿਹਾ।  ਗੁਰਨੇਕ ਮੱਥੇ ਉੱਤੇ ਹੱਥ ਰੱਖ ਕੇ ਕਿੰਨਾ ਚਿਰ ਸੋਚਦਾ ਰਿਹਾ।  ਮਾਹੌਲ ਗੱਲ-ਘੋਟੂ ਹੋ ਚੁੱਕਾ ਸੀ।
''ਦਿੱਲੀਓਂ ਮੈਨੂੰ ਚਿੱਠੀ ਆਈ ਐ ਬਈ ਅਗਲੇ ਮਹੀਨੇ ਇੰਗਲੈਂਡ ਵਿਚ ਵਿਸ਼ਵ ਪੱਧਰ ਦੀ ਕਾਨਫਰੰਸ ਹੋ ਰਹੀ ਐ।  ਮੈਨੂੰ ਡੈਲੀਗੇਟ ਦੇ ਤੌਰ 'ਤੇ ਚੁਣ ਲਿਆ ਗਿਆ ਹੈ।  ਕੋਈ ਸੰਸਥਾ ਵੀ ਆਰਥਿਕ ਮਦਦ ਕਰ ਰਹੀ ਐ।  ਜੇ ਮੇਰਾ ਵੀਜ਼ਾ ਲੱਗ ਗਿਆ ਅਤੇ ਟਿਕਟ ਉਹਨਾਂ ਨੇ ਭੇਜ ਦਿੱਤੀ ਤਾਂ ਮੈਂ ਓਥੇ ਕਿਸੇ ਹਾਰਟ ਸਪੈਸ਼ਲਿਸਟ ਨੂੰ ਆਪੇ ਦਖਾ ਲੂੰ।  ਤੂੰ ਜੋ ਕਰਨਾ ਸੀ ਕਰ ਲਿਆ।  ਹੁਣ ਬਾਕੀ ਮੈਂ ਜਾਣਾ ਮੇਰਾ ਕੰਮ।''
ਗੁਰਨੇਕ ਦੀਆਂ ਗੱਲਾਂ ਨੇ ਅਤੇ ਉਹਦੇ ਵਰਤਾਰੇ ਨੇ ਚਰਨਜੀਤ ਨੂੰ ਬਹੁਤ ਦੁਖੀ ਕਰ ਦਿੱਤਾ ਸੀ।  ਉਸ ਨੂੰ ਆਪਣੇ ਵਿਆਹ ਨਾਲੋਂ ਆਪਣੇ ਭਰਾ ਦੀ ਸਿਹਤ ਦਾ ਬਹੁਤਾ ਫਿਕਰ ਸੀ ਪਰ ਉਹਦੀ ਕੋਈ ਪੇਸ਼ ਵੀ ਨਹੀਂ ਸੀ ਜਾਂਦੀ।  ਗੁਰਨੇਕ ਉਹਦੀ ਹਰ ਗੱਲ ਤੇ ਹਰ ਤਰਕ ਉਲਟਾ ਕੇ ਰੱਖ ਦਿੰਦਾ।  ਚਰਨਜੀਤ ਦੇ ਮਨ ਵਿਚ ਆਪਣੇ ਭਰਾ ਲਈ ਅੰਤਾਂ ਦਾ ਪਿਆਰ ਅਤੇ ਸਤਿਕਾਰ ਵੀ ਹੋ ਸਕਦੈ ਇਸ ਦਾ ਜ਼ਿੰਮੇਵਾਰ ਹੋਵੇ ਕਿਉਂਕਿ ਉਹ ਗੁਰਨੇਕ ਨਾਲ ਬਿਲਕੁਲ ਵੀ ਬਹਿਸ ਕਰਨ ਲਈ ਤਿਆਰ ਨਹੀਂ ਸੀ।  ਸਗੋਂ ਉਹ ਚਾਹੁੰਦਾ ਸੀ ਕਿ ਜੇ ਸਮੱਸਿਆ ਦਾ ਹੱਲ ਗੁਰਨੇਕ ਹੀ ਸੁਝਾਵੇ ਤਾਂ ਉਹ ਹਰ ਹੀਲਾ ਕਰਨ ਲਈ ਤਿਆਰ ਹੈ ਤਾਂ ਕਿ ਉਹਦਾ ਦੁੱਖ ਤਕਲੀਫ ਦੂਰ ਹੋ ਸਕੇ।  ਪਰ ਹਾਲ ਇਹ ਸੀ ਕਿ ਇਕ ਬਿਮਾਰੀ ਜਾਂਦੀ ਨਹੀਂ ਸੀ ਦੂਜੀ ਦੀ ਖ਼ਬਰ ਚਿੱਠੀਆਂ ਰਾਹੀਂ ਝੱਟ ਆ ਜਾਂਦੀ।
ਗੁਰਨੇਕ ਦੇ ਕੁਝ ਸਾਹਿਤਕ ਦੋਸਤਾਂ ਅਤੇ ਸਮਕਾਲੀਆਂ ਨੂੰ ਜਿਹੜੇ ਲੁਧਿਆਣੇ ਰਹਿੰਦੇ ਸਨ ਉਸ ਦੇ ਆਉਣ ਦਾ ਉਸ ਦੀਆਂ ਚਿੱਠੀਆਂ ਤੇ ਸੁਨੇਹਿਆਂ ਰਾਹੀਂ ਇਕ ਦੂਜੇ ਤੋਂ ਪਤਾ ਲੱਗ ਚੁੱਕਾ ਸੀ।  ਚਾਰ ਪੰਜ ਜਣੇ ਸ਼ਾਮ ਨੂੰ ਚਰਨਜੀਤ ਦੇ ਕੁਆਰਟਰ 'ਤੇ ਪਹੁੰਚ ਗਏ।  ਇਕ ਦੋ ਨੇ ਮਹਿਫਲ ਗਰਮ ਕਰਨ ਲਈ ਵਿਸਕੀ ਦੀਆਂ ਬੋਤਲਾਂ ਥੈਲਿਆਂ ਵਿਚੋਂ ਕੱਢ ਲਈਆਂ।  ਉਸ ਸ਼ਾਮ ਮਹਿਫਲ ਪੂਰੀ ਜੰਮੀ।  ਚਰਨਜੀਤ ਨੂੰ ਵੀ ਬੜੀ ਭੱਜ-ਨੱਸ ਰਹੀ।  ਉਹ ਖਾਣ-ਪੀਣ ਦੇ ਬੰਦੋਬਸਤ ਵਿਚ ਰੁਝਿਆ ਰਿਹਾ।  ਸਾਰਿਆਂ ਲਈ ਖਾਣਾ ਹੋਟਲ ਤੋਂ ਲਿਆਇਆ।  ਮਹਿਫਲ ਅੱਧੀ ਰਾਤ ਤੱਕ ਚੱਲੀ।  ਗੁਰਨੇਕ ਨੇ ਵੀ ਆਪਣੀਆਂ ਕੁਝ ਕਵਿਤਾਵਾਂ ਉੱਚੀ ਹੇਕ ਵਿਚ ਗਾ ਕੇ ਸੁਣਾਈਆਂ।  ਜਦੋਂ ਉਹ ਦੋਏ ਭਰਾ ਉਸ ਰਾਤ ਸੁੱਤੇ ਤਾਂ ਗੁਰਨੇਕ ਮੰਜੇ 'ਤੇ ਪੈਣ ਸਾਰ ਘੁਰਾੜੇ ਮਾਰਨ ਲੱਗ ਪਿਆ।  ਉਸ ਪਲ ਚਰਨਜੀਤ ਨੂੰ ਆਪਣੀ ਡਾਕਟਰੀ ਦੇ ਸਾਰੇ ਫਾਰਮੂਲੇ ਫੇਲ੍ਹ ਹੁੰਦੇ ਦਿੱਸੇ।  ਗੁਰਨੇਕ ਦੀਆਂ ਬਿਮਾਰੀਆਂ ਦੇ ਲੱਛਣ ਉਹਦੀ ਸਮਝ ਤੋਂ ਬਾਹਰ ਸਨ।

***

No comments:

Post a Comment