Saturday 29 May 2010

ਲੋਕੁ ਕਹੈ ਦਰਵੇਸੁ :: ਸੋਲ੍ਹਵੀਂ ਤੇ ਅੰਤਿਮ ਕਿਸ਼ਤ...

ਲੋਕੁ ਕਹੈ ਦਰਵੇਸੁ :: ਸੋਲ੍ਹਵੀਂ ਤੇ ਅੰਤਿਮ ਕਿਸ਼ਤ...

ਮਹਿੰਦਰ ਸਿੰਘ ਆਪਣੇ ਕਾਰੋਬਾਰ ਲਈ ਬਾਹਰ-ਅੰਦਰ ਆਉਂਦਾ ਜਾਂਦਾ ਰਹਿੰਦਾ ਸੀ।  ਆਪਣੇ ਮਿਲਾਪੜੇ ਸੁਭਾਅ ਕਰਕੇ ਉਹ ਅਜਨਬੀਆਂ ਨੂੰ ਵੀ ਦੋਸਤ ਬਣਾ ਲੈਂਦਾ।  ਗੱਡੀ ਵਿਚ ਸਫਰ ਕਰਦਿਆਂ ਉਹਨੂੰ ਕੋਈ ਉਹਦੇ ਵਰਗਾ ਚੰਗਾ ਗੁਜਰਾਤੀ ਬੰਦਾ ਟੱਕਰ ਪਿਆ।  ਉਹਨੇ ਉਸ ਨੂੰ ਗੁਜਰਾਤ ਵਿਚ ਵੱਲਭ ਵਿੱਦਿਆ ਨਗਰ ਆ ਕੇ ਇੰਡਸਟਰੀਅਲ ਈਰੀਏ ਵਿਚ ਕੋਈ ਛੋਟੀ ਮੋਟੀ ਫੈਕਟਰੀ ਲਾਉਣ ਦੀ ਸਲਾਹ ਦਿੱਤੀ।  ਗੁਜਰਾਤ ਦੀ ਸਰਕਾਰ ਪਲਾਟ ਲਈ ਅਤੇ ਫੈਕਟਰੀ ਲਈ ਲੋਨ ਵੀ ਦਿੰਦੀ ਸੀ ਅਤੇ ਪਹਿਲੇ ਪੰਜ ਸਾਲ ਕੋਈ ਟੈਕਸ ਵੀ ਨਹੀਂ ਸਨ ਲਾਏ ਜਾਂਦੇ।  ਮਹਿੰਦਰ ਸਿੰਘ ਨੇ ਉਸ ਗੁਜਰਾਤੀ ਦੀ ਮਦਦ ਨਾਲ ਉਹਦੇ ਨੇੜੇ ਹੀ ਇੰਡਸਟਰੀਅਲ ਏਰੀਏ ਵਿਚ ਇਕ ਛੋਟੇ ਪਲਾਟ ਵਿਚ ਸ਼ੈਂਡ ਪਾ ਕੇ ਨਟ-ਬੋਲਟ ਬਨਾਉਣ ਦੀ ਇਕ ਛੋਟੀ ਜਿਹੀ ਫੈਕਟਰੀ ਲਾ ਲਈ।  ਸ਼ੁਰੂ ਸ਼ੁਰੂ ਵਿਚ ਆਪ ਵੀ ਦਿਨ-ਰਾਤ ਕੰਮ ਕੀਤਾ ਅਤੇ ਨਾਲ ਦੋ ਬੰਦੇ ਹੋਰ ਰੱਖ ਲਏ।  ਖਰਚੇ ਘਟਾਉਣ ਲਈ ਮਸ਼ੀਨਾਂ ਉਹ ਆਪ ਆ ਕੇ ਬਟਾਲੇ ਤੋਂ ਲੈ ਗਿਆ ਸੀ।  ਪਹਿਲਾਂ ਗਾਜ਼ੀਆਬਾਦ ਤੋਂ ਅਤੇ ਫੇਰ ਗੁਜਰਾਤ 'ਚੋਂ ਜਦੋਂ ਵੀ ਉਹਦਾ ਕਿਸੇ ਕੰਮ-ਧੰਦੇ ਲਈ ਪੰਜਾਬ ਦਾ ਚੱਕਰ ਲਗਦਾ ਤਾਂ ਉਹ ਵਾਹ ਲਗਦੀ ਸਭ ਨੂੰ ਮਿਲ ਕੇ ਜਾਂਦਾ।  ਭਗਤ ਸਿੰਘ ਅਤੇ ਦਿਆਕੁਰ ਹੋਰਾਂ ਦਾ ਹਾਲ-ਚਾਲ ਪੁੱਛ ਕੇ ਜਾਂਦਾ।  ਕਦੇ-ਕਦਾਈਂ ਰਾਤ ਵੀ ਰਹਿ ਪੈਂਦਾ।  ਗੁਰਨੇਕ ਅਤੇ ਬਸੰਤ ਨੂੰ ਵੀ ਮਿਲਦਾ।  ਨਿੱਕੀ ਦੇ ਹੱਥ 'ਤੇ ਸ਼ਗਨ ਦੇ ਕੁਝ ਰੁਪਈਏ ਜ਼ਰੂਰ ਰੱਖ ਕੇ ਜਾਂਦਾ।  ਚਰਨਜੀਤ ਦੀ ਪੜ੍ਹਾਈ ਬਾਰੇ ਪੁੱਛ ਦੱਸ ਕਰਦਾ।  ਹੌਲੀ-ਹੌਲੀ ਉਹ ਆਪਣੀ ਪਤਨੀ ਸੁਰਜੀਤ ਅਤੇ ਦੋਹਾਂ ਬੱਚਿਆਂ ਨੂੰ ਗੁਜਰਾਤ ਲੈ ਗਿਆ।
ਸਮਾਂ ਆਪਣੀ ਤੋਰ ਤੁਰਦਾ ਰਿਹਾ।  ਮਹਿੰਦਰ ਸਿੰਘ ਦਾ ਕੰਮ ਵਾਹਵਾ ਚੱਲ ਨਿਕਲਿਆ।  ਉਹਨੇ ਚਾਰ ਪੈਸੇ ਵੀ ਇਕੱਠੇ ਕਰ ਲਏ ਸਨ।  ਉਹਨੀਂ ਦਿਨੀਂ ਗੁਜਰਾਤ ਸੂਬੇ ਵਿਚ ਵੱਡੇ ਵੱਡੇ ਸ਼ਹਿਰਾਂ ਦੇ ਬਾਹਰਵਾਰ ਇੰਡਸਟਰੀਅਲ ਐਸਟੇਟਾਂ ਉੱਸਰ ਰਹੀਆਂ ਸਨ।  ਮਹਿੰਦਰ ਸਿੰਘ ਨੇ ਇਕ ਹੋਰ ਹੰਭਲਾ ਮਾਰਿਆ।  ਵੱਲਭ ਵਿੱਦਿਆ ਨਗਰ ਵਾਲੀ ਫੈਕਟਰੀ ਵੇਚ ਕੇ ਉਸ ਨੇ ਅਹਿਮਦਾਬਾਦ ਦੇ ਸਾਬਰਮਤੀ ਵਾਲੇ ਇਲਾਕੇ ਵਿਚ ਇਕ ਹੋਰ ਵਿਕਾਊ ਫੈਕਟਰੀ ਖਰੀਦ ਲਈ।  ਉਸ ਵਿਚ ਆਪਣੀ ਲੋੜ ਅਨੁਸਾਰ ਮਸ਼ੀਨਾਂ ਦੀ ਅਦਲਾ-ਬਦਲੀ ਤੇ ਹੋਰ ਸਹੂਲਤਾਂ ਪੈਦਾ ਕਰਕੇ ਉਹਨੇ ਬਿਜਲੀ ਦਾ ਸਾਮਾਨ ਜਿਵੇਂ ਸਵਿਚਾਂ, ਸਟਾਰਟਰ ਤੇ ਹੋਰ ਘਰਾਂ ਵਿਚ ਲੱਗਣ ਵਾਲਾ ਸਮਾਨ ਬਨਾਉਣ ਲਈ ਕੰਮ ਸ਼ੁਰੂ ਕਰ ਲਿਆ।  ਉਹਨਾਂ ਦਿਨਾਂ ਵਿਚ  ਅਹਿਮਦਾਬਾਦ ਦੇ ਆਲੇ-ਦੁਆਲੇ ਵੱਡੇ-ਛੋਟੇ ਠੇਕੇਦਾਰ ਲੋਕਾਂ ਲਈ ਰਹਾਇਸ਼ੀ ਕਾਲੋਨੀਆਂ ਬਣਾ ਰਹੇ ਸਨ।  ਮਧ ਵਰਗ ਦੇ ਸਾਰੇ ਲੋਕ ਕਿਧਰੋਂ ਨਾ ਕਿਧਰੋਂ ਥੋੜਾ ਬਹੁਤਾ ਕਰਜਾ ਲੈ ਕੇ ਅਤੇ ਫੇਰ ਕੁਝ ਸਾਲ ਕਿਸ਼ਤਾਂ ਭਰ ਕੇ ਆਪਣੇ ਮਕਾਨ ਦੇ ਮਾਲਕ ਬਨਣ ਦੇ ਸੁਪਨੇ ਸਾਕਾਰ ਕਰ ਰਹੇ ਸਨ।  ਮਹਿੰਦਰ ਸਿੰਘ ਦਾ ਬਣਾਇਆ ਬਿਜਲੀ ਦਾ ਸਾਮਾਨ ਉਹਨੇ ਠੇਕੇਦਾਰਾਂ ਨਾਲ ਸਿੱਧੀ ਗੱਲ ਕਰਕੇ ਵਾਜਬ ਕੀਮਤ ਤੇ ਵੇਚਣਾ ਸ਼ੁਰੂ ਕੀਤਾ।  ਉਹਨੀਂ ਦਿਨੀਂ ਸਾਮਾਨ ਦੀ ਵੱਧ ਲੋੜ ਨੇ ਦੋ ਤਿੰਨ ਸਾਲਾਂ ਵਿਚ ਹੀ ਉਹਦੀ ਆਮਦਨੀ ਕਈ ਗੁਣਾਂ ਵਧਾ ਦਿੱਤੀ।  ਉਹ ਵੀ ਆਪਣੇ ਬੰਦਿਆਂ ਨਾਲ ਸਿਰ ਸੁੱਟ ਕੇ ਕੰਮ ਕਰਦਾ ਰਿਹਾ ਅਤੇ ਇਕ ਹੋਰ ਫੈਕਟਰੀ ਲਾਉਣ ਲਈ ਸੋਚਣ ਲੱਗਾ।  ਉਹਨੀ ਦਿਨੀਂ ਉਹਨੇ ਇਕ ਚੰਗੀ ਸੋਸਾਟਿਟੀ ਵਿਚ ਇਕ ਚੰਗਾ ਪਲਾਟ ਖਰੀਦ ਕੇ ਆਪਣੇ ਰਹਿਣ ਲਈ ਚਾਰ ਕਮਰਿਆਂ ਦਾ ਇਕ ਸੁਹਣਾ ਜਿਹਾ ਮਕਾਨ ਵੀ ਬਣਾ ਲਿਆ ਸੀ।  ਕੁੜੀ ਤੇ ਮੁੰਡਾ ਵੱਡੇ ਹੋ ਰਹੇ ਸਨ।  ਰਾਣੀ ਬੜੀ ਸੁਘੜ ਤੇ ਸਿਆਣੀ ਨਿਕਲੀ।  ਬਿੱਲਾ ਵੀ ਪੜ੍ਹਨ ਵਿਚ ਹੁਸ਼ਿਆਰ ਸੀ।  ਪੂਰਾ ਨਾਂ ਤਾਂ ਉਹਦਾ ਬਲਵਿੰਦਰ ਸਿੰਘ ਰੱਖਿਆ ਸੀ ਪਰ ਅੱਖਾਂ ਬਿੱਲੀਆਂ ਹੋਣ ਕਰਕੇ ਸਾਰੇ ਉਹਨੂੰ ਬਿੱਲਾ ਆਖਣ ਲੱਗ ਪਏ ਸਨ।  ਰਾਣੀ ਅਹਿਮਦਾਬਾਦ ਦੀ ਗੁਜਰਾਤ ਯੂਨੀਵਰਸਿਟੀ ਵਿਚੋਂ ਬੀ.ਏ.ਕਰਕੇ ਐਮ.ਏ.ਵਿਚ ਪੜ੍ਹਨ ਲੱਗ ਪਈ ਸੀ।  ਮਹਿੰਦਰ ਸਿੰਘ ਨੇ ਦੂਜੇ ਸਾਲ ਹੀ ਕੋਈ ਚੰਗਾ ਘਰ ਦੇਖ ਕੇ ਅਹਿਮਦਾਬਾਦ ਵਿਚ ਹੀ ਉਹਦਾ ਰਿਸ਼ਤਾ ਪੱਕਾ ਕਰ ਦਿੱਤਾ ਸੀ।  ਵਿਆਹ ਤੋਂ ਪਹਿਲਾਂ ਉਹ ਪੰਜਾਬ ਆਪਣੇ ਭੈਣਾ-ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਆਪ ਉਚੇਚੇ ਤੌਰ 'ਤੇ ਸੱਦੇ ਦੇਣ ਗਿਆ।  ਜਦੋਂ ਉਹ ਭਗਤ ਸਿੰਘ ਤੇ ਦਿਆਕੁਰ ਹੋਰਾਂ ਨੂੰ ਮਿਲਿਆ ਤਾਂ ਉਹਨੂੰ ਚਰਨਜੀਤ ਦੇ ਅਹਿਮਦਾਬਾਦ ਹੋਣ ਦਾ ਪਤਾ ਲੱਗਾ।  ਉਹਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ।  ਕਈ ਸਾਲ ਪੰਜਾਬ ਤੋਂ ਦੂਰ ਰਹਿਣ ਕਰਕੇ ਪਿਛਲੇ ਕੁਝ ਸਾਲਾਂ ਵਿਚ ਉਹਦੇ ਗੇੜੇ ਘਟ ਹੀ ਲੱਗੇ ਸਨ।  ਉਹਨੇ ਭਗਤ ਸਿੰਘ ਤੇ ਦਿਆਕੁਰ ਨੂੰ ਰਾਣੀ ਦੇ ਵਿਆਹ 'ਤੇ ਆਉਣ ਲਈ ਜ਼ੋਰ ਦਿੱਤਾ।
''ਕੋਈ ਨਾ ਪੁੱਤ ਰੱਬ ਸੁੱਖ ਰੱਖੇ।  ਸਾਡੇ ਕੋਲੋਂ ਤਾਂ ਭਮੇ ਏਨੀ ਦੂਰ ਨਾ ਆਇਆ ਜਾਵੇ ਪਰ ਚਰਨੀ ਜ਼ਰੂਰ ਆਊ ਆਵਦੀ ਭਾਣਜੀ ਦੇ ਵਿਆਹ।'' ਦਿਆਕੁਰ ਨੇ ਮਹਿੰਦਰ ਸਿੰਘ ਦੀ ਤਸੱਲੀ ਕਰਵਾਉਣੀ ਚਾਹੀ।
ਮਹਿੰਦਰ ਸਿੰਘ ਵੀ ਅਹਿਮਦਾਬਾਦ ਪਹੁੰਚਦਿਆਂ ਹੀ ਅਗਲੇ ਦਿਨ ਚਰਨਜੀਤ ਨੂੰ ਜਾ ਮਿਲਿਆ।  ਚਰਨਜੀਤ ਮਹਿੰਦਰ ਸਿੰਘ ਨੂੰ ਕਈ ਸਾਲ ਪਹਿਲਾਂ ਦਾ ਮਿਲਿਆ ਹੋਇਆ ਸੀ।  ਮਹਿੰਦਰ ਸਿੰਘ ਦਾ ਸਰੀਰ ਉਹਨੂੰ ਕੁਝ ਢਲਿਆ ਜਿਹਾ ਲੱਗਿਆ।  ਦਾੜ੍ਹੀ ਚਿੱਟੀ ਹੋ ਗਈ ਸੀ ਤੇ ਸਰੀਰ ਝਉਂ ਗਿਆ ਸੀ।
''ਕੀ ਗੱਲ ਜੀਜਾ ਜੀ ਤੁਸੀਂ ਤਾਂ ਬਜ਼ੁਰਗੀ ਵਿਚ ਪੈਰ ਧਰਨ ਲੱਗ ਪਏ ਓਂ।  ਦਾੜ੍ਹੀ ਸਾਰੀ ਬੱਗੀ ਹੋਈ ਪਈ-ਐ।  ਅੱਖਾਂ ਹੇਠ ਡੂੰਘ ਪੈ-ਗੇ।''
"ਬੱਸ ਚਰਨਜੀਤ ਤੈਨੂੰ ਕੀ ਦੱਸਾਂ।  ਪਿਛਲੇ ਪੰਦਰਾਂ-ਵੀਹ ਸਾਲਾਂ 'ਚ ਕਈ ਪਾਪੜ ਵੇਲਣੇ ਪਏ।  ਕਿਧਰੇ ਹੁਣ ਜਾ ਕੇ ਮਾੜਾ ਜਿਆ ਕੰਮ ਲੋਟ ਆਇਐ।  ਪਰ ਹੁਣ ਇਕ ਵੱਡੀ ਜ਼ਿੰਮੇਦਾਰੀ ਸਿਰੋਂ ਲਾਹੁਣ ਦਾ ਮੌਕਾ ਵੀ ਬਣ ਗਿਐ।  ਤੇਰੀ ਭਾਣਜੀ ਦਾ ਵਿਆਹ ਪੱਕਾ ਕੀਤੈ ਅਗਲੇ ਮਹੀਨੇ ਦਾ।  ਤੂੰ ਤਾਂ ਮਾਮੇ ਦੀ ਥਾਂ ਆਪਣਾ ਫਰਜ਼ ਨਿਭਾਏਂਗਾ ਈ।  ਮੈਂ ਤਾਂ ਵੱਡੇ ਸਰਦਾਰ ਹੁਰਾਂ ਨੂੰ, ਓਹੀ ਆਪਣੇ ਸਰਦਾਰ ਗੁਰਨੇਕ ਸਿੰਘ ਹੋਰ ਕੌਣ? ਬੜਾ ਜ਼ੋਰ ਪਾ ਕੇ ਤੇ ਹੱਕ ਸਮਝ ਕੇ ਬੇਨਤੀ ਕੀਤੀ ਸੀ ਕਿ ਮਾਮੇ ਦੀ ਥਾਂ ਤੇ ਤੁਸੀਂ ਖੜ੍ਹੇ ਹੋਣੈ ਤੇ ਤੁਹਾਡੀ ਮਿਲਣੀ ਮੈਂ ਵੱਡੇ ਮਾਮੇ ਕਰਕੇ ਕਰਵੌਣੀ ਐਂ।  ਪਰ ਉਹ ਕੁਸ਼ ਠੰਢਾ ਜਿਹਾ ਜਵਾਬ ਦਿੰਦੇ ਰਹੇ।  ਅਖੇ ਜੀ ਛੁੱਟੀ-ਛਾਟੀ ਦੀ ਮੁਸ਼ਕਲ ਹੋਊਗੀ।  ਦੇਖੋ ਅਸੀਂ ਤਾਂ ਉਮੀਦ ਨਹੀਂ ਛੱਡਣੀ।  ਤੂੰ ਆਪ ਦੱਸ ਬਈ ਸਾਡੀ ਇਕੋ ਧੀ ਐ।  ਅਸੀਂ ਕਿਹੜਾ ਰੋਜ਼ ਰੋਜ਼ ਇਹੋ ਜੇ ਕਾਰਜ ਕਰਨੇ ਐਂ !''
''ਕੋਈ ਗੱਲ ਨਹੀਂ ਜੀਜਾ ਜੀ ਮੈਂ ਜੁ ਆਂ।  ਅਸੀਂ ਕੁੜੀ ਦੇ ਮਾਮਾ ਮਾਮੀ ਆਪਣਾ ਫਰਜ਼ ਪੂਰਾ ਕਰਾਂਗੇ।''
"ਦੇਖ ਚਰਨਜੀਤ ਸਾਨੂੰ ਕਿਸੇ ਚੀਜ਼ ਦੀ ਲੋੜ ਨੀ।  ਸੁਰਜੀਤ ਦਾ ਭਰਾ ਕੋਈ ਨੀ।  ਉਹਨੂੰ ਤਾਂ ਤੁਸੀਂ ਓ।  ਇਹੋ ਜਿਹੇ ਮੌਕਿਆਂ 'ਤੇ ਖੁਸ਼ੀਆਂ ਦੁਗਣੀਆਂ-ਚੌਗਣੀਆਂ ਹੋ ਜਾਂਦੀਐਂ ਜਦੋਂ ਕੋਈ ਭੈਣ ਭਾਈ ਆ ਕੇ ਨਾਲ ਖੜ੍ਹਦੈ।  ਇਹ ਰਸਮ-ਰਿਵਾਜ ਐਵੇਂ ਤਾਂ ਨਹੀਂ ਬਣੇ ਹੋਏ? ਜੇ ਬੰਦਾ ਐਹੋ-ਜੇ ਵੇਲੇ ਵੀ ਔਣੋ ਜਾਣੋਂ ਰਹਿ-ਜੇ ਤਾਂ ਫੇਰ ਰਿਸ਼ਤਿਆਂ ਦੀਆਂ ਤੰਦਾਂ ਹੌਲੀ ਹੌਲੀ ਕਮਜ਼ੋਰ ਪੈ ਕੇ ਟੁੱਟ ਈ ਜਾਂਦੀਐਂ। ਰਿਸ਼ਤੇ ਤਾਂ ਰੱਖਣ ਦੇ ਹੁੰਦੇ ਐ ਜੇ ਕੋਈ ਰਖਣਾ ਚਾਹੇ ਤਾਂ ! ਨਹੀਂ ਤਾਂ ਅੱਜ ਕਲ੍ਹ ਕਿਸੇ ਨੂੰ ਕਿਸੇ ਦੀ ਕੀ ਲੋੜ ਐ, ਆਖ ਕੇ ਵੀ ਸਰ ਜਾਂਦੈ।  ਪਰ ਬੰਦਾ-ਬੰਦੇ ਦੀ ਦਾਰੂ ਹੁੰਦੈ।  ਤੇਰੇ 'ਤੇ ਤਾਂ ਮੈਨੂੰ ਪੂਰਾ ਭਰੋਸੈ।  ਭਾਵੇਂ ਵਿਆਹ ਵਾਲੇ ਦਿਨ ਬੇਟੀ ਦਾ ਸਿਰ ਪਲੋਸਣ ਈ ਆ ਜਿਓ ਪਰ ਆਇਓ ਜ਼ਰੂਰ।''
ਚਰਨਜੀਤ ਨੇ ਜਦੋਂ ਅੰਜਲੀ ਨੂੰ ਮਹਿੰਦਰ ਸਿੰਘ ਦਾ ਪਿਛੋਕੜ ਅਤੇ ਅਖੌਤੀ ਰਿਸ਼ਤੇਦਾਰੀ ਬਾਰੇ ਦੱਸਿਆ ਤਾਂ ਉਹ ਬੜੀ ਹੈਰਾਨ ਹੋਈ ਕਿ ਕੋਈ ਵੀ ਰਿਸ਼ਤਾ ਨਾ ਹੁੰਦਿਆਂ ਕੋਈ ਸਾਲਾਂ ਬੱਧੀ ਇਉਂ ਵੀ ਰਿਸ਼ਤੇਦਾਰੀਆਂ ਨਿਭਾ ਸਕਦਾ ਹੁੰਦੈ? ਉਹਨੂੰ ਆਪਣੇ ਵਿਆਹ ਵੇਲੇ ਦੀ ਮਹਿੰਦਰ ਸਿੰਘ ਦੀ ਸ਼ਕਲ ਯਾਦ ਨਹੀਂ ਸੀ ਤੇ ਨਾ ਹੀ ਸੁਰਜੀਤ ਦੀ।
ਜਦੋਂ ਉਹ ਕੁਝ ਦਿਨਾਂ ਪਿੱਛੋਂ ਮਹਿੰਦਰ ਸਿੰਘ ਦੇ ਘਰ ਰਾਣੀ ਲਈ ਇਕ ਸੋਨੇ ਦੀ ਚੇਨੀ ਲੈ ਕੇ ਪਿਆਰ ਦੇਣ ਲਈ ਪਹੁੰਚੇ ਤਾਂ ਸਾਰੇ ਬੜੇ ਖੁਸ਼ ਹੋਏ।  ਬਿੱਲਾਂ ਤਾਂ ਆਪਣੀ ਖੁਸ਼ਬੋਦਾਰ ਮਾਮੀ ਦੇ ਨੇੜੇ ਹੋ ਕੇ ਦੂਰ ਨਾ ਗਿਆ।  ਬਿੰਦੇ ਝੱਟੇ ਉਹ ਅੰਜਲੀ ਦੇ ਨਾਲ ਲੱਗ ਲੱਗ ਬਹਿੰਦਾ।  ਉਹਨੂੰ ਆਪਣੀ ਡਾਕਟਰ ਮਾਮੀ ਬੜੀ ਪਿਆਰੀ ਲੱਗੀ ਸੀ।  ਰਾਣੀ ਵੀ ਅੰਜਲੀ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹੀ।  ਸੁਰਜੀਤ ਕੌਰ ਨੇ ਚਰਨਜੀਤ ਤੇ ਅੰਜਲੀ ਦੇ ਆਉਣ ਦਾ ਬੜਾ ਚਾਅ ਤੇ ਉਚੇਚ ਕੀਤਾ।  ਉਹਨੇ ਉਸ ਦਿਨ ਉਹਨਾਂ ਲਈ ਖਾਸ ਖਾਣਾ ਬਣਾਇਆ।  ਚਰਨਜੀਤ ਤੇ ਅੰਜਲੀ ਨੇ ਸੁਰਜੀਤ ਨਾਲ ਬਹਿ ਕੇ ਮਾਮੇ ਮਾਮੀ ਦੀਆਂ ਕਰਨ ਵਾਲੀਆਂ ਰਸਮਾਂ ਦੀ ਇਕ ਇਕ ਨਿੱਕੀ ਤੋਂ ਨਿੱਕੀ ਗੱਲ ਵੀ ਪੁੱਛੀ।  ਚਰਨਜੀਤ ਵੀ ਆਪਣੀ ਵੱਡੀ ਭੈਣ ਸੁਰਜੀਤ ਨੂੰ ਉਹਦੇ ਕੋਈ ਭਰਾ ਨਾ ਹੋਣ ਦੇ ਭੁਲੇਖੇ ਦੂਰ ਕਰ ਦੇਣੇ ਚਾਹੁੰਦਾ ਸੀ।  
''ਚਰਨੀ ਵੀਰੇ ਤੁਸੀਂ ਵਿਆਹ ਤੋਂ ਦੋ ਕ ਦਿਨ ਪਹਿਲਾਂ ਈ ਆ ਜਿਓ।  ਥੋਡੇ ਆਇਆਂ ਤੋਂ ਈ ਅਸੀਂ ਰਾਣੀ ਨੂੰ ਮਾਂਈਂਏ ਪਾਵਾਂਗੇ।  ਓਧਰੋਂ ਪਿੰਡ ਆਲੇ ਬੰਦਿਆਂ ਨੇ ਆ ਕੇ ਤਾਂ ਮੰਜੇ ਈ ਤੋੜਨੇ ਐ ਬਹਿ-ਬਹਿ ਕੇ।  ਤੂੰ ਹੀ ਆਵਦੇ ਜੀਜੇ ਨਾਲ ਕੰਮ ਕਰਾਈਂ।''
''ਭੈਣ ਜੀ, ਇਹ ਗੱਲ ਕਹਿਣ ਦੀ ਲੋੜ ਨੀ।  ਬੱਸ ਤੁਸੀਂ ਦੱਸੀ ਜਾਇਓ।  ਆਪਾਂ ਵਿਆਹ 'ਚ ਜੰਨ ਦੀ ਸੇਵਾ 'ਚ ਕੋਈ ਕਸਰ ਨੀ ਰਹਿਣ ਦੇਣੀ।''
ਚਰਨਜੀਤ ਤੇ ਅੰਜਲੀ ਨੂੰ ਵੀ ਰਾਣੀ ਦੇ ਵਿਆਹ ਦਾ ਬਹੁਤ ਚਾਅ ਸੀ।  ਉਹਨਾਂ ਨੇ ਕਈ ਦੁਕਾਨਾਂ ਘੁੰਮ ਕੇ ਮਸਾਂ ਹੀ ਕਿਤੋਂ ਪੰਜਾਬੀ ਲਾਲ ਚੂੜਾ ਲੱਭਿਆ ਸੀ।  ਏਸੇ ਤਰ੍ਹਾਂ ਹੀ ਪੰਜਾਬੀ ਸੂਟ ਤੇ ਹੋਰ ਸਮਾਨ ਬਣਵਾਇਆ ਸੀ।  ਰਾਣੀ ਲਈ ਇਕ ਸੋਨੇ ਦਾ ਸੈੱਟ, ਸੁਰਜੀਤ ਭੈਣ ਲਈ ਸੂਟ, ਮਹਿੰਦਰ ਸਿੰਘ ਲਈ ਕਪੜੇ ਤੇ ਪੱਗ ਅਤੇ ਬਿੱਲੇ ਲਈ ਵੀ ਕਪੜੇ ਖਰੀਦ ਲਏ ਸਨ।
ਪੰਜਾਬ ਤੋਂ ਬਹੁਤ ਘੱਟ ਰਿਸ਼ਤੇਦਾਰ ਪਹੁੰਚ ਸਕੇ ਸਨ।  ਚਰਨਜੀਤ ਤੇ ਅੰਜਲੀ ਜਦੋਂ ਦੋ ਦਿਨ ਪਹਿਲਾਂ ਸਾਰਾ ਸਮਾਨ ਲੈ ਕੇ ਪਹੁੰਚੇ ਤਾਂ ਸੁਰਜੀਤ ਸਮਾਨ ਦੇਖ ਕੇ  ਅੱਖਾਂ ਭਰ ਆਈ।  ਉਹਨੇ ਚਰਨਜੀਤ ਨੂੰ ਆਪਣੀ ਬੁੱਕਲ ਵਿਚ ਘੁਟਦਿਆਂ ਕਿਹਾ-
''ਮੈਂ ਪਹਿਲੀ ਵਾਰੀ ਜਦੋਂ ਵਿਆਹੀ ਆਈ, ਬੇਬੇ ਨੂੰ ਮਿਲਣ ਗਈ ਸੀ ਤਾਂ ਤੂੰ ਨਿੱਕਾ ਜਿਆ ਸੀ।  ਪਤਾ ਨੀ ਤੈਨੂੰ ਯਾਦ ਵੀ ਐ ਕਿ ਨਹੀਂ।   ਅੱਜ ਤੂੰ ਰੱਬ ਨੇ ਨਾਨਕ ਛੱਕਾਂ ਭਰਨ ਜੋਗਾ ਵੀ ਕਰ 'ਤਾ।  ਜਿਉਂਦਾ ਰਹਿ ਵੇ ਵੀਰਾ।  ਜੁਆਨੀਆਂ ਮਾਣੇ।  ਰੱਬ ਤੈਨੂੰ ਰੰਗ ਭਾਗ ਲਾਵੇ।  ਮੇਰਾ ਵੀਰ ਸਭ ਤੋਂ ਵੱਡਾ ਡਾਕਟਰ ਬਣੇ...।''  
''ਪਰ ਜੀਹਦੀਆਂ ਥੋਡੇ ਵਰਗੀਆਂ ਵੱਡੀਆਂ ਭੈਣਾਂ ਹੋਣ ਤੇ ਦੇਵਤਿਆਂ ਵਰਗੇ ਜੀਜੇ ਹੋਣ ਉਹ ਫੇਰ ਕਦੋਂ ਕਿਸੇ ਤੋਂ ਲਈਦੇ ਐ !''
ਰਾਣੀ ਦੇ ਵਿਆਹ ਵੇਲੇ ਚਰਨਜੀਤ ਤੇ ਅੰਜਲੀ ਨੇ ਰਾਣੀ ਨੂੰ ਚੂੜਾ ਚੜ੍ਹਾਇਆ ਤੇ ਕਲੀਰੇ ਬੰਨ੍ਹੇ।  ਫੋਟੋਗਰਾਫਰਾਂ ਨੇ ਫੋਟੋ ਖਿੱਚੀਆਂ।  ਅੰਜਲੀ ਨੇ ਵੀ ਬਾਕੀ ਮੇਲਣਾਂ ਨਾਲ ਨੱਚ-ਨੱਚ ਕੇ ਆਪਣਾ ਚਾਅ ਪੂਰਾ ਕੀਤਾ।  ਆਂਢ-ਗੁਆਂਢ ਦੀਆਂ ਕਈ ਗੁਜਰਾਤੀ ਔਰਤਾਂ ਪੰਜਾਬ ਦੇ ਵਿਆਹ ਦਾ ਗਿੱਧਾ ਦੇਖਣ ਆਈਆਂ।
ਰਾਣੀ ਦੇ ਸਹੁਰੇ ਵੀ ਬੜੇ ਚੰਗੇ ਸਰਦੇ-ਪੁਜਦੇ ਬੰਦੇ ਸਨ।  ਅਹਿਮਦਾਬਾਦ ਵਿਚ ਸ਼ਾਨੇ-ਪੰਜਾਬ ਰੈਸਟੋਰੈਂਟ ਉਹਨਾਂ ਦਾ ਹੀ ਸੀ।  ਰਾਣੀ ਦਾ ਰਿਸ਼ਤਾ ਇਕ ਤਰ੍ਹਾਂ ਨਾਲ ਕਿਸੇ ਦੇ ਰਾਹੀਂ ਉਹਨਾਂ ਨੇ ਮੰਗ ਕੇ ਹੀ ਲਿਆ ਸੀ।
ਰਾਣੀ ਦੇ ਵਿਆਹ ਤੋਂ ਕੁਝ ਦਿਨਾਂ ਪਿੱਛੋਂ ਇਕ ਦਿਨ ਸੁਰਜੀਤ ਦਾ ਅਚਾਨਕ ਚਰਨਜੀਤ ਨੂੰ ਉਹਦੇ ਹਸਪਤਾਲ ਫੋਨ ਆਇਆ ਕਿ ਮਹਿੰਦਰ ਸਿੰਘ ਦੀ ਤਬੀਅਤ ਬਹੁਤ ਖਰਾਬ ਹੋ ਗਈ ਸੀ। ਚਰਨਜੀਤ ਸਮਾਂ ਗੁਆਏ ਬਿਨਾਂ ਆਪਣੇ ਹਸਪਤਾਲ ਦੀ ਐਂਬੂਲੈਂਸ ਲੈ ਕੇ ਜਾ ਪਹੁੰਚਿਆ।  ਮਹਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਅਤੇ ਉਹਨੂੰ ਜਾਨ ਦਾ ਖਤਰਾ ਸੀ।  ਚਰਨਜੀਤ ਨੇ ਵਿਤੋਂ ਬਾਹਰੀ ਪੂਰੀ ਭੱਜ-ਨੱਸ ਕਰਕੇ ਮਹਿੰਦਰ ਸਿੰਘ ਨੂੰ ਅਠਤਾਲੀ ਘੰਟੇ ਆਪਣੀ ਨਿਗਰਾਨੀ ਹੇਠ ਰੱਖਿਆ।  ਉਹ ਸਿਰਫ ਅੰਜਲੀ ਦੇ ਆਉਣ ਪਿੱਛੋਂ ਹੀ ਮਹਿੰਦਰ ਸਿੰਘ ਦੇ ਬੈੱਡ ਕੋਲੋਂ ਹਿਲਦਾ। ਹਸਪਤਾਲ ਵਿਚ ਆਪਣੀ ਡਿਉਟੀ ਖਤਮ ਕਰਕੇ ਫੇਰ ਮਹਿੰਦਰ ਸਿੰਘ ਕੋਲ ਆ ਬਹਿੰਦਾ।  ਆਪਣੀ ਡਿਊਟੀ ਦੌਰਾਨ ਵੀ ਕਈ ਚੱਕਰ ਮਾਰਦਾ।  ਸੁਰਜੀਤ ਕੌਰ ਵੀ ਭਾਵੇਂ ਦਿਨ-ਰਾਤ ਕੋਲ ਹੀ ਸੀ ਪਰ ਉਹ ਰਾਤ ਨੂੰ ਉਹਨੂੰ ਘਰ ਛੱਡ ਆਉਂਦਾ ਅਤੇ ਸਵੇਰੇ ਲੈ ਆਉਂਦਾ।  ਬਿੱਲੇ ਨੂੰ ਰਾਣੀ ਆਪਣੇ ਕੋਲ ਲੈ ਗਈ ਸੀ।  ਰਾਣੀ ਦੇ ਸਹੁਰਿਆਂ ਨੇ ਵੀ ਕਾਫੀ ਮਦਦ ਕੀਤੀ ਸੀ।  ਕੋਈ ਨਾ ਕੋਈ ਹਰ ਵੇਲੇ ਹਸਪਤਾਲ ਰਹਿੰਦਾ ਹੀ ਸੀ।
ਮਹਿੰਦਰ ਸਿੰਘ ਦੀ ਹਾਲਤ ਵਿਚ ਹੌਲੀ ਹੌਲੀ ਸੁਧਾਰ ਹੋਣ ਲੱਗ ਪਿਆ ਸੀ।  ਉਹ ਚਰਨਜੀਤ ਨੂੰ ਆਉਂਦੇ-ਜਾਂਦੇ ਨੂੰ ਹਸਰਤ-ਭਰੀਆਂ ਨਜ਼ਰਾਂ ਨਾਲ ਦੇਖਦਾ ਰਹਿੰਦਾ।  ਸੁਰਜੀਤ ਆਪਣੇ ਛੋਟੇ ਵੀਰ ਨੂੰ ਅਸੀਸਾਂ ਦਿੰਦੀ ਨਾ ਥਕਦੀ।  ਉਹਨੂੰ ਤੀਆਂ ਵੇਲੇ ਦੀ ਬੋਲੀ ਬਾਰ ਬਾਰ ਯਾਦ ਆਉਂਦੀ-
'ਇਕ ਵੀਰ ਦੇਈਂ ਵੇ ਰੱਬਾ।
ਸੌਂਹ ਖਾਣ ਨੂੰ ਬੜਾ ਚਿੱਤ ਕਰਦਾ।'
ਉਹ ਸੋਚਦੀ ਕਿ ਜੇ ਰੱਬ ਉਹਨੂੰ ਕੋਈ ਮਾਂ ਪਿਓ ਜਾਇਆ ਵੀਰ ਦੇ ਵੀ ਦਿੰਦਾ ਕੀ ਪਤਾ ਉਹ ਏਨਾ ਚੰਗਾ ਹੋਣਾ ਵੀ ਸੀ ਕਿ ਨਹੀਂ।  'ਇਹ ਤਾਂ ਮੈਨੂੰ ਦੇਵਤਾ ਹੋ ਕੇ ਟਕਰਿਐ।  ਮੈਂ ਇਹਦਾ ਦੇਣ ਕਿੱਥੇ ਕਿੱਥੇ ਦੇਊਂਗੀ? ਕੋਈ ਸਕੀਰੀ ਨੀ ਰਿਸ਼ਤੇਦਾਰੀ ਨੀ, ਦਿਨ ਰਾਤ ਜਾਨ ਛਿੜਕਣ ਨੂੰ ਤਿਆਰ ਰਹਿੰਦੈ।  ਬੋਲ ਪੂਰਾ ਵੀ ਨੀ ਹੋਣ ਦਿੰਦਾ, ਅੱਧੇ ਬੋਲ ਈ ਆ ਖੜ੍ਹਦੈ।'  ਇਹੋ ਜਿਹੇ ਖਿਆਲਾਂ ਨਾਲ ਉਹਦਾ ਮਹਿੰਦਰ ਸਿੰਘ ਦੇ ਮੰਜੇ ਕੋਲ ਬੈਠੀ ਦਾ ਸਿਰ ਚੱਕਰ ਖਾਣ ਲੱਗ ਪੈਂਦਾ ਤੇ ਉਹਦੀਆਂ ਅੱਖਾਂ ਵਹਿ ਤੁਰਦੀਆਂ।  ਚਰਨਜੀਤ ਦਾ ਹੱਥ ਸੁਰਜੀਤ ਦੇ ਮੋਢੇ 'ਤੇ ਆ ਟਿਕਦਾ।
''ਭੈਣ ਜੀ ਮੈਨੂੰ ਦੱਸੋ ਕੀ ਗੱਲ ਐ? ਹੁਣ ਤਾਂ ਜੀਜਾ ਜੀ ਬਿਲਕੁਲ ਠੀਕ ਨੇ।  ਹੁਣ ਕਿਹੜੀ ਗੱਲ ਦਾ ਫਿਕਰ ਐ? ਬੱਸ ਇਕ ਦੋ ਦਿਨਾਂ ਵਿਚ ਆਪਾਂ ਨੂੰ ਛੁੱਟੀ ਮਿਲ ਜਾਣੀ ਐ।''
''ਨਾ ਵੇ ਵੀਰਾ।  ਮੈਂ ਤਾਂ ਰੋਨੀ ਐਂ ਆਵਦੇ ਕਰਮਾਂ ਨੂੰ।  ਰੱਬ ਨੇ ਮੈਨੂੰ ਮਾਂ ਜਾਇਆ ਭਰਾ ਤਾਂ ਭਾਮੇ ਨਹੀਂ ਦਿੱਤਾ ਪਰ ਜੇ ਹੁੰਦਾ ਵੀ ਤਾਂ ਉਹ ਤਾਂ ਤੇਰੇ ਪੈਰਾਂ ਵਰਗਾ ਵੀ ਨੀ ਸੀ ਹੋਣਾ।   ਅਸੀਂ ਤਾਂ ਸੱਚੀਂ ਕਿਤੇ ਮੋਤੀ ਦਾਨ ਕੀਤੇ ਹੋਣਗੇ ਜਿਹੜਾ ਤੇਰੇ ਵਰਗਾ...।''
''ਓ-ਹੋ !  ਭੈਣ ਜੀ, ਥੋਡੀਆਂ ਫੇਰ ਓਹੀ ਗੱਲਾਂ ! ਮੈਨੂੰ ਵੀ ਤਾਂ ਰੱਬ ਨੇ ਮੇਰੀ ਭੈਣ ਖੋਹ-ਕੇ ਮੋੜ ਈ ਦਿੱਤੀ।  ਬੱਸ ਹੁਣ ਕਿਹੜੀ ਗੱਲੋਂ ਰੋਣੈਂ?''
ਮਹਿੰਦਰ ਸਿੰਘ ਨੂੰ ਭਾਵੇਂ ਹਸਪਤਾਲੋਂ ਛੁੱਟੀ ਮਿਲ ਗਈ ਸੀ ਪਰ ਉਹਨੂੰ ਆਰਾਮ ਦੀ ਲੋੜ ਸੀ।  ਚਰਨਜੀਤ ਨੇ ਪਿਆਰ ਨਾਲ ਖਾਸ ਹਦਾਇਤਾਂ ਦਿੱਤੀਆਂ।  ਕੀ ਕੀ ਪਰਹੇਜ਼ ਰਖਣੇ ਹਨ।  ਹਫਤੇ ਮਗਰੋਂ ਹੌਲੀ ਹੌਲੀ ਸੈਰ ਸ਼ੁਰੂ ਕਰਨੀ ਹੈ।  ਤਲ਼ੀਆਂ ਚੀਜ਼ਾਂ ਤੇ ਨਮਕ ਬੰਦ।  ਵਗੈਰਾ ਵਗੈਰਾ।  ਚਰਨਜੀਤ ਤੇ ਅੰਜਲੀ ਹਰ ਦੂਜੇ ਤੀਜੇ ਦਿਨ ਮਹਿੰਦਰ ਸਿੰਘ ਦਾ ਪਤਾ ਲੈਂਦੇ ਰਹੇ।  ਜਦੋਂ ਮਹਿੰਦਰ ਸਿੰਘ ਪੂਰਾ ਸਿਹਤਮੰਦ ਹੋ ਗਿਆ ਤਾਂ ਉਹਨੇ ਆਪਣਾ ਕੰਮ ਸੰਭਾਲਣਾ ਸ਼ੁਰੂ ਕੀਤਾ।
ਉਹਨੀਂ ਦਿਨੀਂ ਹੀ ਭਗਤ ਸਿੰਘ ਦੇ ਹਾਦਸੇ ਦੀ ਖਬਰ ਚਰਨਜੀਤ ਨੂੰ ਮਿਲੀ ਸੀ ਤੇ ਉਹ ਪਹਿਲੀ ਗੱਡੀ ਫੜ ਕੇ ਅੰਜਲੀ ਨੂੰ ਪਿੱਛੇ ਛੱਡ ਕੇ ਚਲਾ ਗਿਆ ਸੀ।  ਸਬੱਬ ਨਾਲ ਜਦੋਂ ਮਹਿੰਦਰ ਸਿੰਘ ਤੇ ਸੁਰਜੀਤ ਕੌਰ, ਚਰਨਜੀਤ ਤੇ ਅੰਜਲੀ ਨੂੰ ਮਿਲਣ ਆਉਂਦੇ ਤਾਂ ਅੰਜਲੀ ਉਹਨਾਂ ਨੂੰ ਬਹਾਨਾ ਮਾਰ ਕੇ ਆਖ ਦਿੰਦੀ ਕਿ ਚਰਨਜੀਤ ਨੂੰ ਅਚਾਨਕ ਕਿਸੇ ਕਾਨਫਰੰਸ 'ਤੇ ਜਾਣਾ ਪੈ ਗਿਆ।  ਅਖੀਰ ਜਦੋਂ ਅੰਜਲੀ ਤੇ ਚਰਨਜੀਤ, ਦਿਆਕੁਰ ਨੂੰ ਆਪਣੇ ਨਾਲ ਲੈ ਕੇ ਅਹਿਮਦਾਬਾਦ ਪਹੁੰਚੇ ਤਾਂ ਮਹਿੰਦਰ ਸਿੰਘ ਨੂੰ ਸਾਰੀ ਗੱਲ ਪਤਾ ਲੱਗੀ।  ਉਹ ਸਾਰੀ ਗੱਲ ਸੁਣਕੇ ਰੋਇਆ ਵੀ।
"ਜੇ ਮੇਰੇ ਭੋਰਾ ਜਿੰਨੀ ਵੀ ਖ਼ਬਰ ਕੰਨੀ ਪੈ ਜਾਂਦੀ ਤਾਂ ਮੈਂ ਕਦੇ ਨਾ ਅਟਕਦਾ।  ਮੈਂ ਤਾਂ ਅਖੀਰਲੇ ਸਮੇਂ ਬਾਪੂ ਜੀ ਨੂੰ ਮਿਲ ਵੀ ਨਾ ਸਕਿਆ।  ਇਹ ਤੁਸੀਂ ਚੰਗਾ ਨਹੀਂ ਕੀਤਾ।  ਘੱਟੋ-ਘੱਟ ਮੈਂ ਭੋਗ 'ਤੇ ਤਾਂ ਪਹੁੰਚ ਈ ਜਾਂਦਾ।  ਮੈਂ ਆਪਣੇ ਆਪ ਨੂੰ...।''
''ਨਹੀਂ ਜੀਜਾ ਜੀ ਤੁਸੀਂ ਏਸ ਹਾਲਤ ਵਿਚ ਨਹੀਂ ਸੀ-ਗੇ-ਕਿ ਸਫਰ ਕਰ ਸਕਦੇ ਜਾਂ ਕੋਈ ਅਜਿਹੀ ਗੱਲ ਸੁਣਕੇ ਫਿਕਰ ਕਰ ਸਕਦੇ।  ਅਸੀਂ ਜਾਣ-ਬੁੱਝ ਕੇ ਤੁਹਾਨੂੰ ਨਹੀਂ ਸੀ ਦੱਸਣਾ ਚਾਹੁੰਦੇ।  ਸਾਨੂੰ ਤੁਹਾਡੀ ਸਿਹਤ ਦਾ ਵੀ ਤਾਂ ਫਿਕਰ ਸੀ।''
ਸੁਰਜੀਤ ਕੌਰ ਦਿਆਕੁਰ ਦੇ ਗਲ਼ ਲੱਗ ਕੇ ਖਾਸਾ ਚਿਰ ਰੋਂਦੀ ਰਹੀ।  ਉਹਨਾਂ  ਨੇ ਫੇਰ ਮਾਵਾਂ-ਧੀਆਂ ਵਾਂਗ ਗੱਲਾਂ ਕੀਤੀਆਂ।  ਸੁਰਜੀਤ ਚਰਨਜੀਤ ਦੇ ਗੁਣ ਗਾਉਂਦੀ ਨਹੀਂ ਸੀ ਥਕਦੀ।  ਦਿਆਕੁਰ ਨੂੰ ਜਿਵੇਂ ਇਕ ਸਾਥ ਲੱਭ ਗਿਆ ਸੀ।  ਉਹਨੂੰ ਸੁਰਜੀਤ ਵਿਚ ਮ੍ਹਿੰਦੋ ਦਿਸਦੀ।  ਕਦੇ ਉਦਾਸ ਹੋਈ ਦਿਆਕੁਰ ਆਪਣੇ ਆਪ ਨਾਲ ਗੱਲਾਂ ਕਰਦੀ-
'ਸਭ ਕੁਸ਼ ਪਰਾਲਭਤ ਦੇ ਵੱਸ ਐ।  ਬੰਦੇ ਦੇ ਕੀ ਵੱਸ ਐ? ਰੱਬ ਨੂੰ ਪਤਾ ਨੀ ਕੀ ਮਿਲਦੈ ਚੰਗੇ ਭਲੇ ਬੰਦਿਆਂ ਨੂੰ ਦੁਖੀ ਕਰਕੇ।  ਜੀਹਨੇ ਕਦੇ ਕਿਸੇ ਦੇ ਫੁੱਲ ਦੀ ਨੀ ਲਾਈ ਉਹਨੂੰ ਕਾਹਦੇ ਵਾਸਤੇ ਦੁੱਖ ਦੇਣਾ ਹੋਇਆ? ਚੰਗਾ ਵੇ ਡਾਢਿਆ, ਮਰਜੀ ਐ ਤੇਰੀ!'

***

''ਪੁੱਤ ਮੈਨੂੰ ਆਈ ਨੂੰ ਤਾਂ ਮਹੀਨੇ ਤੋਂ ਉੱਤੇ ਹੋ ਗਿਆ, ਪਰ ਨੇਕ ਦੀ ਕੋਈ ਚਿੱਠੀ-ਚੁੱਠੀ ਨੀ ਆਈ?'' ਦਿਆਕੁਰ ਨੇ ਚਰਨਜੀਤ ਨੂੰ ਪੁੱਛਿਆ।
''ਚਿੱਠੀ ਆਈ ਸੀ ਬੇਬੇ ਜੀ।  ਸਭ ਸੁਖ-ਸਾਂਦ ਲਿਖੀ ਹੋਈ ਸੀ।'' ਚਰਨਜੀਤ ਨੇ ਤਸੱਲੀ ਕਰਾਉਣੀ ਚਾਹੀ।
ਚਰਨਜੀਤ ਨੂੰ ਹੁਣ ਗੁਰਨੇਕ ਦਾ ਲਿਫਾਫਾ ਦੇਖ ਕੇ ਹੀ ਪਤਾ ਲੱਗ ਜਾਂਦਾ ਸੀ ਕਿ ਉਸ ਵਿਚ ਕੀ ਲਿਖਿਆ ਹੋਵੇਗਾ।  ਪਹਿਲਾਂ ਪਹਿਲਾਂ ਤਾਂ ਚਿੱਠੀ ਖੋਲ੍ਹਣ ਲੱਗਿਆਂ ਉਹਦਾ ਦਿਲ ਧੱਕ-ਧੱਕ ਕਰਨ ਲੱਗ ਪੈਂਦਾ ਸੀ।  ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਅਤੇ ਉਸ ਦੀਆ ਟੈਸਟ ਰਿਪੋਰਟਾਂ ਪੜ੍ਹਨ ਪਿੱਛੋਂ ਉਹਨੂੰ ਯਕੀਨ ਹੁੰਦਾ ਗਿਆ ਕਿ ਗੁਰਨੇਕ ਨੂੰ ਕੋਈ ਨਾ ਕੋਈ ਨਵੀਂ ਬਿਮਾਰੀ ਲੱਭ ਕੇ ਲੌਣ ਦਾ ਸ਼ੌਕ ਜਿਆ ਹੋ ਗਿਆ ਸੀ।  ਸਭ ਤੋਂ ਪਹਿਲਾਂ ਜਦੋਂ ਦੀ ਉਸਨੇ ਸੁਰਤ ਸੰਭਾਲੀ ਤਪਦਿਕ ਦੀ ਸ਼ਕਾਇਤ ਉਹ ਕਰਦਾ ਸੀ।  ਫੇਰ ਉਹਨੂੰ ਪੇਟ ਦੀ ਬਿਮਾਰੀ ਅਖੇ ਚਿੰਬੜ ਗਈ ਜਿਹੜੀ ਚੱਕੀ ਦੇ ਗਲ਼ੇ ਵਾਂਗ ਉਪਰੋਂ ਪਾਇਆ ਸਭ ਕੁਝ ਸਿੱਧਾ ਹੇਠਾਂ ਕੱਢ ਦਿੰਦੀ ਉਸ ਨਾਲ ਉਹਦੀ ਕਾਇਆ ਨਿਰਬਲ ਤੇ ਨਿਤਾਣੀ ਹੋ ਕੇ ਰਹਿ ਗਈ ਸੀ।  ਤਨ ਨੂੰ ਕੁਝ ਵੀ ਨਹੀਂ ਸੀ ਲਗਦਾ।  ਇਹ ਬਿਮਾਰੀ ਤਾਂ ਬੜੇ ਸਾਲ ਰਹੀ ਤੇ ਅਜ ਵੀ ਹੈ।  ਫੇਰ ਅੱਖਾਂ ਦੀ ਬਿਮਾਰੀ, ਦਿਲ ਦੀ ਬਿਮਾਰੀ, ਦਿਮਾਗ਼ ਵਿਚ ਰਸੌਲੀ ਤੇ ਜੀਭ ਤੇ ਛਾਲਿਆ ਦਾ ਕੈਂਸਰ ਵਿਚ ਤਬਦੀਲ ਹੋਣਾ।  ਕਿੰਨੀਆਂ ਬਿਮਾਰੀਆਂ ਦੀ ਲੰਮੀ ਲਿਸਟ।  ਆਖਰ ਇਹ ਗੱਲ ਕੀ ਬਣੀ? ਹੋ ਸਕਦੈ ਉਹ ਅਜਿਹੀਆਂ ਚਿੱਠੀਆਂ ਲਿਖ ਕੇ ਲੋਕਾਂ ਦੀ ਹਮਦਰਦੀ ਹਾਸਲ ਕਰਨਾ ਚਾਹੁੰਦਾ ਹੋਵੇ।  ਇਕ ਚਿੱਠੀ ਵਿਚ ਗੁਰਨੇਕ ਨੇ ਕਿਧਰੇ ਲਿਖਿਆ ਵੀ ਸੀ ਕਿ ਕਈ ਲੋਕ ਉਹਨੂੰ ਦੰਭੀ ਵੀ ਆਖਦੇ ਹਨ।  ਇਸ ਦਾ ਉਸ ਨੂੰ ਅਹਿਸਾਸ ਹੈ ਪਰ ਅਜਿਹੀ ਕੋਈ ਗੱਲ ਨਹੀਂ ਸੀ।  ਇਸ ਦੇ ਉਲਟ ਉਸ ਨੇ ਇਹ ਵੀ ਲਿਖਿਆ ਸੀ ਕਿ ਥੋੜਾ ਜਿਹਾ ਦੰਭ ਕਰਕੇ ਜੇ ਸਿੱਧੀ ਉਂਗਲ ਨਾਲ ਘਿਓ ਨਿਕਲਦਾ ਹੋਵੇ ਤਾਂ ਹਰਜ ਵੀ ਕੀ ਐ? ਚਰਨਜੀਤ ਨੂੰ ਉਹਦੀਆਂ ਅਜਿਹੀਆਂ ਚਿੱਠੀਆਂ ਚੰਗੀਆਂ ਨਾ ਲਗਦੀਆਂ।  ਹੁਣ ਤਾਂ ਉਹ ਕਈ ਅਜਿਹੀਆਂ ਚਿੱਠੀਆਂ ਜਿਹੜੀਆਂ ਉਸ ਦੀ ਸਮਝ ਅਨੁਸਾਰ ਫਜ਼ੂਲ ਹੁੰਦੀਆਂ, ਉਹਨਾਂ ਦਾ ਜਵਾਬ ਹੀ ਨਹੀਂ ਸੀ ਦਿੰਦਾ।
ਉਹ ਗੁਰਨੇਕ ਦੀ ਮਨੋਵਿਗਿਆਨਕ ਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਸੀ ਤੇ ਸਮਝ ਵੀ ਲੈਂਦਾ ਸੀ।  ਉਸ ਨੂੰ ਗੁਰਨੇਕ ਦੀਆਂ ਕੁਝ ਕੋਝੀਆਂ ਹਰਕਤਾਂ ਦਾ ਦੂਜੇ ਲੋਕਾਂ ਕੋਲੋਂ ਸਬੂਤ ਮਿਲਣ ਪਿੱਛੋਂ ਉਸ ਪ੍ਰਤੀ ਸਤਿਕਾਰ ਘਟ ਗਿਆ ਸੀ।  ਉਸ ਵੱਲੋਂ ਕੀਤੀਆਂ ਕੁਝ ਨਾਜਾਇਜ ਗੱਲਾਂ ਜਿੰਨ੍ਹਾਂ ਵਿਚੋਂ ਲਾਲਚ ਦੀ ਬੋਅ ਆਉਂਦੀ ਸੀ ਬੁਰੀਆਂ ਲੱਗੀਆਂ ਸਨ।  ਉਹ ਨੂੰ ਇਹ ਗੱਲ ਹੁਣ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਗੁਰਨੇਕ ਇਕ ਵੱਡਾ ਭੁਲੇਖਾ ਇਹ ਪਾਲ ਰਿਹਾ ਸੀ ਕਿ ਉਹ ਦੀ ਕੀਤੀ ਚਲਾਕੀ ਕਿਸੇ ਨੂੰ ਪਤਾ ਨਹੀਂ ਸੀ ਲਗਦੀ।  ਊਹ ਝੂਠਾ-ਸੱਚ ਬੋਲ ਕੇ ਜਾਂ ਸੱਚਾ-ਝੂਠ ਬੋਲ ਕੇ ਆਪਣੇ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦਾ ਅਤੇ ਸਫਲ ਹੋਣਾ ਚਾਹੁੰਦਾ ਸੀ।  ਕਿਸੇ ਹੱਦ ਤਕ ਉਹ ਸਫਲ ਹੋ ਵੀ ਚੁੱਕਾ ਸੀ।
ਦਿਆਕੁਰ ਨੇ ਕਈ ਵਾਰੀ ਚਰਨਜੀਤ ਨੂੰ ਕਿਹਾ ਸੀ-
''ਚਰਨੀ ਪੁੱਤ, ਤੇਰਾ ਬਾਪੂ ਤਾਂ ਜਾਣ ਤੋਂ ਪਹਿਲਾਂ ਆਹ ਚਾਰ ਇੱਟਾਂ ਦੀ ਜੈਦਾਤ ਦਾ ਕੋਈ ਫੈਂਸਲਾ ਨਾ ਕਰਕੇ ਗਿਆ।  ਘੱਟੋ-ਘੱਟ ਤੂੰ ਹੀ ਕੋਈ ਸਰਕਾਰੀ ਕਾਗਤ ਲਿਆ ਕੇ ਮੈਥੋਂ ਗੂਠਾ ਲਵਾ ਲੈ।  ਮੇਰੇ ਪਿੱਛੋਂ ਨੇਕ ਨੇ ਤੈਨੂੰ ਕਾਣੀ ਕੌਡੀ ਨੀ ਦੇਣੀ।''
''ਬੇਬੇ ਜੀ ਤੁਸੀਂ ਵੀ ਕੇਹੋ ਜਿਹੀਆਂ ਗੱਲਾਂ ਕਰਦੇ ਓਂ? ਅਸੀਂ ਕੋਈ ਅਨਪੜ੍ਹ ਗਵਾਰ ਤਾਂ ਨੀ ਜਿਹੜਾ ਥੋੜੀ ਜੀ ਜਾਇਦਾਦ ਦਾ ਫੈਸਲਾ ਆਪਸ ਵਿਚ ਬਹਿ ਕੇ ਨਾ ਕਰ ਸਕੀਏ? ਪੜ੍ਹੇ ਲਿਖੇ ਆਂ।  ਨਾਲੇ ਵੱਡੇ ਬਾਈ ਨੇ ਕਿਹੜਾ ਮੇਰੇ ਨਾਲ ਕੋਈ ਬੇਈਮਾਨੀ ਕਰਨੀ ਐਂ?''
''ਨਹੀਂ ਪੁੱਤ ਤੈਨੂੰ ਨੀ ਪਤਾ ਉਹਦਾ।  ਉਹ ਆਪਣੇ ਆਪ ਨੂੰ ਈ ਸਿਆਣੈ।  ਕਿਸੇ ਦਾ ਸਕਾ ਨੀ! ਅਜ ਤਾਈਂ ਮੈਨੂੰ ਆਵਦੀ ਮਾਂ ਕਰਕੇ ਜਾਂ ਤੇਰੇ ਬਾਪੂ ਜੀ ਨੂੰ ਪਿਓ ਕਰਕੇ ਉਹਨੇ ਸਿਆਣਿਐ? ਨਾ ਕਦੇ ਨੀ।  ਨਾਲੇ ਜਿਹੜਾ ਹੁਣ ਤੈਨੂੰ ਸਿਆਣੂੰਗਾ।  ਤੂੰ ਮੰਨ ਮੇਰੀ ਗੱਲ, ਕੋਈ ਲਿਖਤ ਪੜ੍ਹਤ ਮੇਰੇ ਕੋਲੋਂ ਈ ਕਰਵਾ ਲੈ।''
ਦੋਹਾਂ ਮਾਂ-ਪੁੱਤਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਗੁਰਨੇਕ ਨੇ ਤਾਂ ਆਪਣੀ ਸਕੀਮ ਅਨੁਸਾਰ ਸਿੱਧੀ ਉਂਗਲ ਨਾਲ ਘਿਉ ਕੱਢ ਹੀ ਲਿਆ ਸੀ।
ਦੋ ਕੁ ਮਹੀਨਿਆਂ ਪਿੱਛੋਂ ਚਰਨਜੀਤ ਨੂੰ ਗੁਰਨੇਕ ਦੀ ਇਕ ਲੰਮੀ ਚਿੱਠੀ ਮਿਲੀ।  ਚਿੱਠੀ ਦੇ ਸਭ ਤੋਂ ਉੱਤੇ ਲਿਖਿਆ ਹੋਇਆ ਸੀ, ''ਇਹ ਚਿੱਠੀ ਕਿਸੇ ਹਾਲਤ ਵਿਚ ਵੀ ਕਿਸੇ ਨੂੰ ਨਹੀਂ ਦਿਖਾਉਣੀ।  ਅੰਜਲੀ ਜਾਂ ਬੇਬੇ ਨੂੰ ਵੀ ਨਹੀਂ।  ਇਹ ਸਿਰਫ ਤੇਰੇ ਪੜ੍ਹਨ ਲਈ ਹੈ।  ਫੇਰ ਚਿੱਠੀ ਦੇ ਅਖੀਰ 'ਚ ਲਿਖਿਆ ਹੋਇਆ ਸੀ।  ''ਚਿੱਠੀ ਪੜ੍ਹਨ ਸਾਰ ਪਾੜ ਦੇਈਂ।''
ਗੁਰਨੇਕ ਪਹਿਲਾਂ ਵੀ ਕਈ ਚਿੱਠੀਆਂ ਵਿਚ ਇਹ ਲਿਖ ਦਿੰਦਾ ਹੁੰਦਾ ਸੀ ਕਿ ਇਹ ਚਿੱਠੀ ਪੜ੍ਹਨ ਸਾਰ ਪਾੜ ਦੇਈਂ।  ਜਿਵੇਂ ਉਹ ਆਪਣੇ ਕਿਸੇ ਗੁਨਾਹ ਦੇ ਸਬੂਤ ਮਿਟਾਉਣੇ ਚਾਹੁੰਦਾ ਹੋਵੇ।  ਚਰਨਜੀਤ ਨੂੰ ਉਹਦੀ ਏਸ ਹਰਕਤ ਤੇ ਹਾਸਾ ਵੀ ਆਉਂਦਾ ਕਿ ਉਹ ਅਜੇ ਵੀ ਉਹਨੂੰ ਇਕ ਅਜਿਹਾ ਬੱਚਾ ਸਮਝਦਾ ਹੈ ਜਿਹੜਾ ਹਰ ਗਲਤ ਗੱਲ ਵੀ ਸਹੀ ਮੰਨ ਲੈਂਦਾ ਹੈ ਅਤੇ ਫੇਰ ਵੀ ਉਹਦੀ ਸਭ ਤੋਂ ਵੱਧ ਇੱਜ਼ਤ ਕਰਦਾ ਹੈ।  ਪਹਿਲਾਂ ਪਹਿਲਾਂ ਉਹ ਸਤਿਕਾਰ ਵਜੋਂ ਚਿੱਠੀਆਂ ਪਾੜ ਹੀ ਸੁਟਦਾ।  ਫੇਰ ਉਹ ਸੋਚਣ ਲੱਗ ਪਿਆ ਕਿ ਜਦੋਂ ਵੀ ਕੋਈ ਬੰਦਾ ਦੂਜੇ ਨੂੰ ਚਿੱਠੀ ਲਿਖਦਾ ਹੈ ਤਾਂ ਇਹ ਦੂਜੇ ਤੇ ਨਿਰਭਰ ਕਰਦਾ ਹੈ ਕਿ ਉਹ ਉਹਦੀ ਚਿੱਠੀ ਭਾਵੇਂ ਰੱਖੇ ਭਾਵੇਂ ਸੁੱਟੇ।
ਖੈਰ, ਚਰਨਜੀਤ ਦੀ ਅਜਿਹੀ ਸੋਚ ਨੇ ਪਛਾਣ ਲਿਆ ਸੀ ਕਿ ਚਿੱਠੀ ਵਿਚ ਕੋਈ ਚੰਗੀ ਖ਼ਬਰ ਨਹੀਂ ਲਗਦੀ।  ਚਿੱਠੀ ਵਾਲੇ ਲਿਫਾਫੇ ਵਿਚੋਂ ਇਕ ਲਿਫਾਫਾ ਹੋਰ ਨਿਕਲਿਆ ਸੀ ਜਿਸ ਉੱਤੇ ਲਿਖਿਆ ਸੀ, ''ਇਹ ਲਿਫਾਫਾ ਚਿੱਠੀ ਪੜ੍ਹਨ ਪਿੱਛੋਂ ਖੋਲ੍ਹਣਾ ਹੈ।''
ਚਰਨਜੀਤ ਨੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ ਤਾਂ ਆਮ ਵਾਂਗ ਗੁਰਨੇਕ ਨੇ ਆਪਣੀਆਂ ਮਿਸਟੀਰੀਅਸ ਬਿਮਾਰੀਆਂ ਬਾਰੇ ਲਿਖਿਆ ਹੋਇਆ ਸੀ।  ਅਖੀਰ ਤੇ ਇਹ ਵੀ ਲਿਖਿਆ ਹੋਇਆ ਸੀ ਕਿ ਉਹਦੇ ਜੀਵਨ ਦਾ 'ਅੰਤ' ਹੁਣ ਕੋਈ ਬਹੁਤ ਦੂਰ ਨਹੀਂ।  ਉਹ ਭਾਵੇਂ ਅਜਿਹੀਆਂ ਚਿੱਠੀਆਂ ਲਿਖ ਕੇ ਚਰਨਜੀਤ ਨੂੰ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦਾ ਪਰ 'ਸੱਚ' ਨੂੰ ਉਹ ਛੁਪਾ ਵੀ ਨਹੀਂ ਸੀ ਸਕਦਾ।  ਤਿੰਨ ਕੁ ਸਫੇ ਇਹੋ ਜਿਹੀਆਂ ਗੱਲਾਂ ਨਾਲ ਭਰੇ ਹੋਏ ਸਨ।  ਅਖੀਰਲੇ ਸਫੇ 'ਤੇ ਆ ਕੇ ਉਹਨੇ ਚਰਨਜੀਤ ਦੀ ਬੜੀ ਤਾਰੀਫ ਵੀ ਕੀਤੀ ਹੋਈ ਸੀ ਕਿ ਉਸ ਨੂੰ ਉਹ ਆਪਣਾ ਵੱਡਾ ਬਾਈ ਨਹੀਂ ਸਗੋਂ ਪਿਓ ਬਰਾਬਰ ਸਮਝਦਾ ਸੀ ਜਿਸ ਦਾ ਉਸ ਨੂੰ ਬੜਾ ਮਾਣ ਸੀ।  ਉਹ ਕਿਉਂਕਿ ਇਕ ਚੰਗਾ ਡਾਕਟਰ ਹੀ ਨਹੀਂ ਸਗੋਂ ਬਹੁਤ ਸਮਝਦਾਰ ਤੇ ਚੰਗਾ ਇਨਸਾਨ ਵੀ ਬਣ ਚੁੱਕਾ ਸੀ ਇਸ ਲਈ ਉਹ ਘਰ ਦੀਆਂ ਕੁਝ ਜ਼ਰੂਰੀ ਗੱਲਾਂ ਸਾਂਝੀਆਂ ਕਰਨਾ ਆਪਣਾ ਫਰਜ਼ ਸਮਝਦਾ ਸੀ।  ਇਸ ਲਈ ਉਹ ਉਹਨਾਂ ਦੇ ਬਾਪੂ ਜੀ ਦੀ ਆਖਰੀ ਇੱਛਾ ਦੱਸਣੀ ਚਾਹੁੰਦਾ ਸੀ ਜਿਹੜੀ ਦੂਜੇ ਲਿਫਾਫੇ ਵਿਚ ਬੰਦ ਸੀ।  ਅਖੀਰ ਤੇ ਇਹ ਵੀ ਲਿਖਿਆ ਹੋਇਆ ਸੀ ਕਿ ਜੇ ਉਹ ਉਹਨਾਂ ਦੇ ਬਾਪੂ ਜੀ ਦੀ ਆਖਰੀ ਇੱਛਾ ਨਾਲ ਸਹਿਮਤ ਨਾ ਹੋਵੇ ਤਾਂ ਉਹ ਬੇਸ਼ਕ ਉਸ ਨੂੰ ਆਪਣੀ ਦਿਲ ਦੀ ਗੱਲ ਜ਼ਰੂਰ ਦੱਸ ਸਕਦਾ ਸੀ।
ਚਰਨਜੀਤ ਨੇ ਦੂਜਾ ਲਿਫਾਫਾ ਖੋਹਲਿਆ ਤਾਂ ਵਿਚੋਂ ਇਕ ਸਟੈਂਪ ਪੇਪਰ ਤੇ ਟਾਈਪ ਕੀਤੀ ਹੋਈ 'ਵਿੱਲ' ਦੀ ਨਕਲ ਨਿਕਲੀ ਜਿਸ ਵਿਚ ਉਨ੍ਹਾਂ ਦੇ ਪਿਓ ਦੀ ਸਾਰੀ ਜਾਇਦਾਦ ਦਾ ਵੇਰਵਾ ਦੇ ਕੇ ਅਖੀਰ 'ਤੇ ਲਿਖਿਆ ਹੋਇਆ ਸੀ ਕਿ ਕਿਉਂਕਿ ਗੁਰਨੇਕ ਸਿੰਘ ਦਾ ਗੁਜ਼ਾਰਾ ਚੰਗਾ ਨਹੀ ਚਲਦਾ ਅਤੇ ਉਸ ਨੇ ਆਪਣੀ ਲੜਕੀ ਦੀ ਸ਼ਾਦੀ ਅਜੇ ਕਰਨੀ ਹੈ ਜਦੋਂ ਕਿ ਚਰਨਜੀਤ ਸਿੰਘ ਅਤੇ ਉਸ ਦੀ ਪਤਨੀ ਅੰਜਲੀ ਬੜੇ ਵੱਡੇ ਡਾਕਟਰ ਹਨ ਤੇ ਉਮੀਦ ਹੈ ਕਿ ਉਹਨਾਂ ਨੇ ਆਪਣਾ ਸੁੰਦਰ ਘਰ ਆਪ ਹੀ ਛੇਤੀ ਹੀ ਕਿਧਰੇ ਬਣਾ ਲੈਣਾ ਹੈ ਇਸ ਲਈ ਉਹ ਆਪਣੀ ਸਾਰੀ ਜਾਇਦਾਦ ਜਿਸ ਦਾ ਵੇਰਵਾ ਉਪਰ ਦਿੱਤਾ ਜਾ ਚੁੱਕਾ ਹੈ, ਦਾ ਵਾਰਸ, ਪੂਰਾ ਹੱਕਦਾਰ ਤੇ ਮਾਲਕ ਆਪਣੇ ਵੱਡੇ ਪੁੱਤਰ ਗੁਰਨੇਕ ਸਿੰਘ ਨੂੰ ਬਨਾਉਣਾ ਮੁਨਾਸਿਬ ਤੇ ਸਹੀ ਸਮਝਦਿਆਂ ਪੂਰੇ ਹੋਸ਼ੋ-ਹਵਾਸ ਨਾਲ ਇਹ ਬਿਆਨ 'ਤੇ ਸਹੀ ਕਰਦਾ ਹੈ ਜਿਹੜਾ ਉਸ ਦੇ ਮਰਨ ਪਿੱਛੋਂ ਲਾਗੂ ਸਮਝਿਆ ਜਾਵੇਗਾ।
ਚਰਨਜੀਤ ਨੂੰ 'ਵਿਲ' ਪੜ੍ਹਨ ਪਿੱਛੋਂ ਬਿਲਕੁਲ ਯਕੀਨ ਨਹੀਂ ਸੀ ਆਇਆ ਕਿ ਉਹਨਾਂ ਦਾ ਪਿਓ ਦੋਹਾਂ ਭਰਾਵਾਂ ਬਾਰੇ ਅਜਿਹਾ ਸੋਚ ਵੀ ਸਕਦਾ ਸੀ।  ਪਰ ਫੇਰ ਸਟੈਂਪ ਪੇਪਰ ਵੀ ਕਦੇ ਝੂਠ ਨਹੀਂ ਬੋਲਦੇ ਹੁੰਦੇ।  ਅਖੀਰ 'ਤੇ ਉਹਨਾਂ ਦੇ ਬਾਪੂ ਜੀ ਦੇ ਅੰਗੂਠੇ ਦਾ ਨਿਸ਼ਾਨ ਸੀ ਜਿਸ ਦੇ ਹੇਠਾਂ ਲਿਖਿਆ ਹੋਇਆ ਸੀ 'ਅੰਗੂਠਾ ਭਗਤ ਸਿੰਘ'।  ਨਾਲ ਕੁਝ ਗਵਾਹਾਂ ਦੇ ਦਸਤਖਤ ਸਨ।  ਕੁਝ ਮੋਹਰਾਂ ਵੀ ਲਗੀਆਂ ਹੋਈਆਂ ਸਨ।  ਚਰਨਜੀਤ ਨੂੰ ਖਿਆਲ ਆਇਆ ਕਿ ਉਹਨਾਂ ਦੇ ਬਾਪੂ ਜੀ ਗੁਰਮੁਖੀ ਵਿਚ ਦਸਤਖਤ ਕਰਨਾ ਜਾਣਦੇ ਸਨ।  ਜੇ ਇਹ ਗੱਲ ਸੀ ਤਾਂ ਉਹਨਾਂ ਨੇ ਅੰਗੂਠਾ ਕਿਉਂ ਲਾਇਆ?
ਚਰਨਜੀਤ ਨੇ ਗੁਰਨੇਕ ਦੀ ਚਿੱਠੀ ਤਾਂ ਆਪਣੇ ਬੈੱਡਰੂਮ ਦੀ ਅਲਮਾਰੀ ਵਿਚ ਸਾਂਭ ਕੇ ਰੱਖ ਦਿੱਤੀ।  ਤਿੰਨ ਚਾਰ ਦਿਨ ਲਗਾਤਾਰ ਉਹ ਸੋਚਦਾ ਰਿਹਾ।  ਉਹਨੂੰ ਕਿਧਰੇ ਕੁਝ ਗੜਬੜ ਲੱਗ ਰਹੀ ਸੀ।  ਉਹ ਆਪਣੀ ਮਾਂ ਨਾਲ ਇਹ ਗੱਲ ਸਾਂਝੀ ਕਰਨ ਲਈ ਦੁਚਿੱਤੀ ਵਿਚ ਰਿਹਾ।  ਫੇਰ ਇਕ ਦਿਨ ਉਹ ਅੰਜਲੀ ਤੋਂ ਪਹਿਲਾਂ ਘਰ ਆ ਗਿਆ।  ਆਪਣੀ ਮਾਂ ਕੋਲ ਬਹਿ ਕੇ ਏਧਰ-ਓਧਰ ਦੀਆਂ ਗੱਲਾਂ ਸ਼ੁਰੂ ਕੀਤੀਆਂ।  ਮੌਕਾ ਦੇਖ ਕੇ ਉਹਨੇ ਆਪਣੀ ਮਾਂ ਤੋਂ ਪੁੱਛਿਆ-
''ਬੇਬੇ ਜੀ ਬਾਪੂ ਜੀ ਨੇ ਮਰਨ ਤੋਂ ਪਹਿਲਾਂ ਕੋਈ ਕਾਗਜ਼ ਪੱਤਰ ਵੀ ਬਣਾਏ ਸੀ ਜਾਇਦਾਦ ਬਾਰੇ?''
"ਨਾ ਪੁੱਤ।  ਏਹੀ ਤਾਂ ਉਹਨੇ ਵੱਡੀ ਗਲਤੀ ਕੀਤੀ।  ਮੈਂ ਕਹਿੰਦੀ ਵੀ ਰਹੀ ਬਈ ਕਿਸੇ ਵਕੀਲ ਨੂੰ ਫੜ ਕੇ ਤਿੰਨ ਹਿੱਸੇ ਕਰ ਦਿਓ।  ਦੋ ਮੁੰਡਿਆਂ ਦੇ ਨਾਂ, ਤੇ ਤੀਜਾ ਸਾਡੇ ਦੋਹਾਂ ਜੀਆਂ ਦੇ ਨਾਂ।  ਤੀਜਾ ਹਿੱਸਾ ਮਗਰੋਂ ਜਿਹੜਾ ਵੀ ਸਾਨੂੰ ਬੁੜ੍ਹੇ ਹੋਇਆ ਨੂੰ ਸਾਂਭੂ ਉਹ ਲੈ ਲੂ।  ਪਰ ਅੱਜ ਕੱਲ ਕਰਦਾ ਈ ਉਹ ਤੁਰ ਗਿਆ।  ਚਲ ਫੇਰ ਕੀ ਹੋ ਗਿਆ ਮੈਂ ਤਾਂ ਅਜੇ ਬੈਠੀ ਆਂ।  ਤੂੰ ਮੇਰੇ ਕੋਲੋਂ ਈ ਇਹੋ ਕੁਸ਼ ਲਿਖ-ਲਖਾ ਕੇ ਗੂਠਾ ਲਵਾ-ਲੈ।''
''ਬੇਬੇ ਜੀ ਦਸਤਖਤ ਵੀ ਕਰ ਲੈਂਦੇ ਹੁੰਦੇ ਸੀ ਬਾਪੂ ਜੀ, ਜੇ ਮੈਂ ਭੁਲਦਾ ਨੀ ਤਾਂ?''
''ਹਾਂ-ਹਾਂ।  ਉਹ ਗੁਰਮੁਖੀ 'ਚ ਦਸਖਤ ਕਰ ਲੈਂਦਾ ਹੁੰਦਾ ਸੀ।  ਵੋਟਾਂ ਵੇਲੇ ਮੇਰੇ ਸਾਹਮਣੇ ਉਹਦੇ ਕੋਲੋਂ ਦਸਖਤ ਕਰਾ-ਕੇ ਲਗਏ ਸੀ ਉਹ ਸਰਕਾਰੀ ਬੰਦੇ।  ਤੇ ਫੇਰ ਜਦੋਂ ਇਕ ਵਾਰੀ ਮਰਦਮ-ਸਮਾਰੀ ਹੋਈ ਸੀ ਤਾਂ ਵੀ ਆਪਣੇ ਟੱਬਰ ਦੇ ਸਾਰੇ ਜੀਆਂ ਦੇ ਨਾਂ ਤੇ ਉਮਰਾਂ ਪੁੱਛ ਕੇ ਵੀ ਉਹ ਦਸਖਤ ਕਰਵਾ ਕੇ ਲਗਏ ਸੀ।''
ਚਰਨਜੀਤ ਸੋਚੀਂ ਪੈ ਗਿਆ।  ਦਿਆਕੁਰ ਉੱਠ ਕੇ ਰਸੋਈ ਵਿਚ ਚਾਹ ਬਨਾਉਣ ਜਾ ਲੱਗੀ।  ਜਦੋਂ ਉਹ ਚਾਹ ਵਾਲੀ ਟਰੇਅ ਵਿਚ ਕੱਪ ਰੱਖ ਕੇ ਲਿਆ ਰਹੀ ਸੀ ਤਾਂ ਉਹਦਾ ਠੇਡਾ ਇਕ ਛੋਟੇ ਕੱਪਬੋਰਡ ਨੂੰ ਲੱਗਾ ਤੇ ਉਹਦੇ ਉੱਤੇ ਪਿਆ ਨਿੱਕਾ ਮੋਟਾ ਸਮਾਨ ਫਰਸ਼ ਤੇ ਡਿੱਗ ਪਿਆ।  ਚਰਨਜੀਤ ਨੇ ਉੱਠ ਕੇ ਸਮਾਨ ਇਕੱਠਾ ਕਰਨਾ ਸ਼ੁਰੂ ਕੀਤਾ।  ਜਦੋਂ ਉਹਨੇ ਨਿੱਕ-ਸੁੱਕ ਚੱਕਦਿਆਂ ਸਟੈਂਪ ਪੈਡ ਚੁੱਕਿਆ ਤਾਂ ਦਿਆਕੁਰ ਦੀ ਨਿਗਾ ਉਹਦੇ ਉੱਤੇ ਪਈ।  ਉਹਨੇ ਪੁੱਛਿਆ-
''ਪੁੱਤ, ਹਾਅ ਡੱਬੀ ਭਲਾ ਕਿਸ ਕੰਮ ਔਂਦੀ ਐ?''
"ਬੇਬੇ ਜੀ ਮੈਂ ਆਪਣੇ ਨਾਂ ਦੀ ਮੋਹਰ ਬਣਵਾਈ ਹੋਈ ਐ।  ਜੇ ਕਿਸੇ ਨੂੰ ਸਰਕਾਰੀ ਤੌਰ 'ਤੇ ਲਿਖ ਕੇ ਦਵਾਈ ਦੇਣੀ ਹੋਵੇ ਤਾਂ ਮੋਹਰ ਲਾਉਣੀ ਪੈਂਦੀ ਐ।  ਏਸ ਡੱਬੀ 'ਚ ਆਹ ਗੱਦੇਦਾਰ ਕਪੜੇ ਹੇਠਾਂ ਨੀਲੀ ਸਿਆਹੀ ਹੁੰਦੀ ਐ।  ਸੋ ਮੋਹਰ ਇਹਦੇ ਤੇ ਇਕ ਦੋ ਵਾਰੀ ਦੱਬ ਕੇ ਸਿਆਹੀ ਮੋਹਰ ਨੂੰ ਲੱਗ  ਜਾਂਦੀ ਐ ਤੇ ਫੇਰ ਮੈਂ 'ਐਂ-ਕਰਕੇ' ਕਿਸੇ ਵੀ ਕਾਗਜ਼ 'ਤੇ ਮੋਹਰ ਲਾ ਦਿੰਨਾਂ।''
ਚਰਨਜੀਤ ਨੇ ਦਿਆਕੁਰ ਨੂੰ ਸਟੈਂਪ ਪੈਡ ਤੋਂ ਮੋਹਰ ਤੇ ਸਿਆਹੀ ਲਾ ਕੇ ਇਕ ਕਾਗਜ਼ 'ਤੇ ਮੋਹਰ ਲਾ ਕੇ ਦਿਖਾ ਦਿੱਤੀ।
''ਮੈਂ ਵੀ ਆਖਾਂ ਬਈ ਏਹੋ-ਜੀ ਡੱਬੀ ਮੈਂ ਕਿਥੇ ਦੇਖੀ ਹੋਈ? ਲੈ ਹੁਣ ਮੈਨੂੰ ਯਾਦ ਆਇਐ ਬਈ ਇਹ ਤਾਂ ਜਿਹੜੀ ਰਾਤ ਤੇਰਾ ਬਾਪੂ ਪੂਰਾ ਹੋਇਐ ਨਾ, ਤੇ ਅਸੀਂ ਜਦੋਂ ਉਹਨੂੰ ਥੱਲੇ ਲਾਹਿਆ ਸੀ, ਤਾਂ ਨੇਕ ਦੇ ਖੀਸੇ 'ਚੋਂ ਹੇਠਾਂ ਡਿੱਗੀ ਸੀ।  ਪਰ ਉਹਨੇ ਇਹ ਡੱਬੀ ਓਸ ਵੇਲੇ ਕੀ ਕਰਨੀ ਸੀ?''
ਚਰਨਜੀਤ ਨੂੰ ਗੱਲ ਦੀ ਸਮਝ ਆਉਣ ਲੱਗ ਪਈ ਸੀ।
"ਤੇ ਆਹੋ ਪੁੱਤ ਇਕ ਗੱਲ ਮੈਂ ਤੈਨੂੰ ਹੋਰ ਪੁੱਛਣੀ ਸੀ।  ਤੂੰ ਤਾਂ ਡਾਕਟਰ ਐਂ ਤੈਨੂੰ ਪਤਾ ਹੋਊ।  ਜਦੋਂ ਤੇਰਾ ਬਾਪੂ ਜੀ ਪੂਰਾ ਹੋਇਐ ਤਾਂ ਉਹਦੇ ਖੱਬੇ ਹੱਥ ਦਾ ਗੂਠਾ ਨੀਲਾ ਹੋਇਆ ਪਿਆ ਸੀ।  ਭਲਾ ਮਰਨ ਪਿੱਛੋਂ ਖੂਨ ਜੰਮਣ ਨਾਲ ਗੂਠਾ ਐਂ ਨੀਲਾ ਹੋ ਜਾਂਦਾ ਹੁੰਦੈ? ਉਂਗਲਾਂ ਨੀ ਨਾਲ ਨੀਲੀਆਂ ਹੁੰਦੀਆਂ ਭਲਾ?''
''ਬੇਬੇ ਜੀ ਕਦੇ ਕਦੇ ਹੋ ਜਾਂਦਾ ਹੁੰਦੈ।  ਚਲੋ ਆਪਾਂ ਕਾਹਨੂੰ ਹੁਣ ਐਹੋ ਜੀਆਂ ਗੱਲਾਂ ਵਚਾਰੀਏ।  ਜਾਣ ਵਾਲੇ ਤਾਂ ਉਠ-ਗੇ।  ਮੁੜ-ਕੇ ਤਾਂ ਔਣੋ ਰਹੇ।''
ਚਰਨਜੀਤ ਨੂੰ ਹੁਣ ਸਾਰੀ ਗੱਲ ਸਮਝ ਆ ਗਈ ਲਗਦੀ ਸੀ।  ਉਹ ਇਕ ਦਮ ਸੁੰਨ ਜਿਹਾ ਹੋ ਗਿਆ।  ਉਹਦੇ ਸੀਨੇ ਵਿਚ ਪੀੜ ਹੋਣ ਲੱਗ ਪਈ ਸੀ ਤੇ ਉਹਦਾ ਸਿਰ ਘੁੰਮਣ ਲੱਗ ਪਿਆ ਸੀ।  ਪਰ ਉਹ ਨੇ ਆਪਣੇ ਆਪ ਨੂੰ ਕਾਬੂ ਕੀਤਾ ਤੇ ਚਾਹ ਪੀਣ ਦੀ ਕੋਸ਼ਿਸ਼ ਕੀਤੀ।  ਦਸ ਪੰਦਰਾਂ ਦਿਨ ਉਹ ਸਭ ਪਾਸਿਓਂ ਸੋਚ ਸਮਝ ਕੇ ਸਮੱਸਿਆ ਦੀ ਤਹਿ ਤਕ ਪਹੁੰਚਣ ਦੀ ਕੋਸ਼ਿਸ਼ ਕਰਦਾ ਰਿਹਾ।  ਬਚਪਨ ਦੀਆਂ ਯਾਦਾਂ ਤੋਂ ਲੈ ਕੇ ਅਜ ਤਕ ਦੇ ਕੁਝ ਹਾਦਸੇ ਉਹਦੀਆਂ ਅੱਖਾਂ ਅਗੇ ਫਿਲਮ ਵਾਂਗੂੰ ਚਲਦੇ ਰਹਿੰਦੇ।  ਉਹਨੂੰ ਸਮਝ ਨਹੀਂ ਸੀ ਪੈਂਦੀ ਕਿ ਗੁਰਨੇਕ ਕਿਉਂ ਇਹੋ ਜਿਹੀਆਂ ਹਰਕਤਾਂ ਕਰਦਾ ਸੀ।  ਉਹਦੇ ਚਿੱਤ ਵਿਚ ਬੇਈਮਾਨੀ ਕਿਉਂ ਘਰ ਕਰ ਗਈ ਸੀ।  ਜੇ ਉਹ ਉਸ ਨੂੰ ਬੁਲਾ ਕੇ ਆਹਮਣੇ-ਸਾਹਮਣੇ ਬਹਿ ਕੇ ਸਾਫ ਸਾਫ ਗੱਲ ਕਰਦਾ ਤਾਂ ਉਹ ਉਸ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਸੀ।  ਪਰ ਕਮੀਨਗੀ ਦੀ ਹੱਦ ਤਕ ਜਾ ਕੇ ਇਉਂ ਬਾਪੂ ਜੀ ਦੇ ਮਰਨ ਵੇਲੇ ਉਹਦਾ ਅੰਗੂਠਾ ਲਵਾਉਣਾ ਤੋਬਾ-ਤੋਬਾ!
ਮਹੀਨੇ ਕੁ ਪਿੱਛੋਂ ਚਰਨਜੀਤ ਅਚਾਨਕ ਆਪਣੇ ਘਰ ਪਹੁੰਚ ਗਿਆ।  ਗੁਰਨੇਕ ਉਹਨੂੰ ਆਮ ਨਾਲੋਂ ਵੱਧ ਕਿਤੇ ਮਿੱਠਾ ਪਿਆਰਾ ਹੋ ਕੇ ਮਿਲਿਆ ਸੀ।  ਬਸੰਤ ਕੌਰ ਨੇ ਉਹਦੇ ਲਈ ਉਚੇਚ ਕਰਕੇ 'ਪਕਵਾਨ' ਬਣਾਏ ਸਨ।  ਪੁੱਛਣ 'ਤੇ ਉਹਨੇ ਕਹਿ ਦਿੱਤਾ ਸੀ ਕਿ ਲੁੱਧਿਆਣੇ ਦੋ ਕੁ ਦਿਨਾਂ ਦੀ ਕੋਈ ਮੈਡੀਕਲ ਕਾਨਫਰੰਸ 'ਤੇ ਆਇਆ ਸੀ ਤੇ ਉਹਨੇ ਰਾਤ ਕੱਟ ਕੇ ਅਗਲੇ ਦਿਨ ਮੁੜ ਜਾਣਾ ਸੀ।  ਥੋੜਾ ਚਿਰ ਉਹਨੇ ਮਾਸਟਰ ਚਾਚਾ ਜੀ ਕੋਲ ਵੀ ਬਿਤਾਇਆ ਸੀ।  ਫੇਰ ਉਹ ਜਾ ਕੇ ਰਾਜ ਕੁਮਾਰ ਵਕੀਲ ਨੂੰ ਵੀ ਮਿਲਿਆ।
''ਆਓ-ਜੀ ਡਾ.ਸਾਹਬ ਸਾਡੀ ਕਿਵੇਂ ਯਾਦ ਆ ਗਈ ਤੁਹਾਨੂੰ? ਤੁਸੀਂ ਤਾਂ ਸੁਣਿਐ ਕਿਧਰੇ ਦੂਰ ਚਲੇ ਗਏ ਓ?''
''ਹਾਂ-ਜੀ।  ਜਿੱਥੇ ਦਾਣਾ ਪਾਣੀ ਲੈ ਜਾਵੇ।''
''ਦੱਸੋ ਮੈਂ ਕੀ ਹੈਲਪ ਕਰ ਸਕਦਾਂ ਤਹਾਡੀ?''
''ਵਕੀਲ ਸਾਹਬ ਤੁਹਾਨੂੰ ਤਾਂ ਪਤਾ ਈ ਹੋਣੇ।  ਸਾਡੇ ਫਾਦਰ ਦੀ ਵਿੱਲ ਦੀ ਕਾਪੀ...।''
''ਆਹੋ ਜੀ।  ਇਕ ਕਾਪੀ ਤਾਂ ਮੇਰੇ ਕੋਲ ਮੇਰੇ ਰਿਕਾਰਡ ਲਈ ਹੈ।  ਜੇ ਤੁਸੀਂ ਚਾਹੋ ਤਾਂ...।''
"ਨਹੀਂ-ਨਹੀਂ।  ਮੈਂ ਤਾਂ ਪੁੱਛਣਾ ਈ ਸੀ ਕਿ ਸਾਡੇ ਫਾਦਰ ਨੇ ਉਹ 'ਵਿੱਲ' ਤੁਹਾਡੇ ਸਾਹਮਣੇ ਸਾਈਨ ਕੀਤੀ ਸੀ ਜਾਂ...!''
''ਤੁਹਾਡੇ ਵੱਡੇ ਭਾਈ ਸਾਹਿਬ ਨੇ ਨਾ? ਉਹਨਾਂ ਨੇ ਮੇਰੇ ਕੋਲੋਂ ਬਣਵਾ ਕੇ ਕਿਹਾ ਸੀ ਕਿ ਉਹ ਆਪਣੇ ਆਪ ਹੀ ਤੁਹਾਡੇ ਬਾਪੂ ਜੀ ਦਾ ਅੰਗੂਠਾ ਲਗਵਾ ਲੈਣਗੇ।  ਸੋ ਉਹਨਾਂ ਨੇ ਆਪ ਹੀ ਕਰਵਾ ਲਿਆ ਸੀ।  ਤੁਸੀਂ ਆਹ ਕਾਪੀ ਖੁਦ ਦੇਖ ਲਓ।  ਹਾਂ ਸੱਚ ਉਹ ਤੁਹਾਡੀ ਬੜੀ ਤਾਰੀਫ ਕਰ ਰਹੇ ਸੀ।  ਤੁਸੀਂ ਉਹਨਾਂ ਲਈ ਏਨੀ ਵੱਡੀ ਕੁਰਬਾਨੀ...।''
''ਇਕ ਮਿੰਟ ਵਕੀਲ ਸਾਹਬ।  ਕੀ ਤੁਹਾਨੂੰ ਪਤੈ ਬਈ ਸਾਡੇ ਫਾਦਰ ਦਸਤਖਤ ਵੀ ਕਰ ਸਕਦੇ ਸਨ?''
"ਜੀ ਨਹੀਂ, ਪਰ ਆਹ ਦੇਖੋ ਇਹ ਅੰਗੂਠਾ ਉਹਨਾਂ ਦਾ ਹੀ ਹੈ ਅਤੇ ਤਸਦੀਕ ਹੋ ਚੁੱਕੈ।  ਦੋ ਗਵਾਹੀਆਂ ਵੀ ਨਾਲ ਸਨ ਤੇ 'ਵਿੱਲ' ਰਜਿਸਟਰ ਵੀ ਹੋ ਚੁੱਕੀ ਹੈ।  ਡਾ. ਸਾਹਬ ਇਹ ਪੱਕਾ ਲੀਗਲ ਡਾਕੂਮੈਂਟ ਐ।''
''ਹਾਂ ਜੀ, ਆਈ ਨੋ ਦੈਟ।  ਐਨੀ-ਵੇ ਥੈਂਕ ਯੂ ਵੈਰੀ ਮੱਚ!''
ਰਾਜਕੁਮਾਰ ਦੇ ਬੂਹਿਓਂ ਬਾਹਰ ਗਲੀ ਵਿਚ ਨਿਕਲ ਕੇ ਚਰਨਜੀਤ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ।  ਉਸ ਨੂੰ ਲੱਗ ਰਿਹਾ ਸੀ ਕਿ ਉਹ ਪਤਾ ਨਹੀਂ ਕਿਧਰੇ ਠੋਕਰ ਖਾ ਕੇ ਡਿੱਗ ਪਵੇਗਾ।  ਉਹਨੇ ਇਕ ਪਲ ਲਈ ਖੜੋ ਕੇ ਕੰਧ ਨਾਲ ਸੱਜਾ ਹੱਥ ਲਾ ਕੇ ਆਪਣੇ ਆਪ ਨੂੰ ਸਹਾਰਾ ਦਿੱਤਾ।  ਉਹਨੂੰ ਆਪਣਾ ਅੰਦਰ ਸੂਤਿਆ ਜਿਹਾ ਲੱਗਿਆ ਜਿਵੇਂ ਕਿਸੇ ਬੰਦੇ ਦਾ ਸਾਹ-ਸਤ ਹੀ ਖਤਮ ਹੋ ਜਾਂਦੈ।  ਦੂਜੇ ਹੀ ਪਲ ਉਹ ਸੰਭਲਿਆ ਤੇ ਉਹਨੇ ਛੇਤੀ-ਛੇਤੀ ਤੁਰਨਾ ਸ਼ੁਰੂ ਕੀਤਾ।  ਉਹਨੂੰ ਨਹੀਂ ਪਤਾ ਲੱਗਾ ਕਿ ਰਾਜਕੁਮਾਰ ਵਕੀਲ ਦੇ ਘਰ ਤੋਂ ਲੈ ਕੇ ਆਪਣੇ ਘਰ ਤਕ ਉਹ ਰਸਤਾ ਉਹਨੇ ਕਦੋਂ ਤੇ ਕਿਵੇਂ ਤਹਿ ਕੀਤਾ।  ਅਸਮਾਨ ਵਿਚ ਗਰਦ ਜਿਹੀ ਛਾ ਚੁੱਕੀ ਸੀ।  ਹਵਾ ਹੌਲੀ ਹੌਲੀ ਤੇਜ਼ ਹੋ ਰਹੀ ਸੀ।  ਚਰਨਜੀਤ ਨੇ ਇਕ ਵਾਰੀ ਸੁਰਤ ਸਿਰ ਹੋ ਕੇ ਦੇਖਿਆ ਤਾਂ ਉਹਨੂੰ ਲੱਗਿਆ ਜਿਵੇਂ ਕਾਲੀ-ਬੋਲੀ ਹਨੇਰੀ ਚੜ੍ਹ ਕੇ ਆ ਰਹੀ ਹੋਵੇ।  ਘਰ ਤਕ ਪਹੁੰਚਦਿਆਂ ਹਵਾ ਹੋਰ ਤੇਜ਼ ਹੋ ਚੁੱਕੀ ਸੀ।  ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖਿੜਕੀਆਂ ਖੜਕਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਸਨ।  ਪਰ ਚਰਨਜੀਤ ਬੇਸੁਰਤੀ ਜਿਹੀ ਵਿਚ ਚੁਬਾਰੇ ਦੀਆਂ ਪੌੜੀਆਂ ਚੜ੍ਹ ਆਇਆ ਸੀ।  
ਬਸੰਤ ਕੌਰ ਰੋਟੀ ਪਕਾ ਕੇ ਉਹਦੀ ਉਡੀਕ ਕਰ ਰਹੀ ਸੀ।  ਗੁਰਨੇਕ ਨੇ ਵੀ ਬੜੇ ਚਾਅ ਨਾਲ ਉਹਨੂੰ ਆਪ ਮੰਜੇ 'ਤੇ ਬਹਿ ਕੇ ਸਾਹਮਣੇ ਕੁਰਸੀ ਤੇ ਬੈਠਣ ਲਈ ਕਿਹਾ।  ਇਕ ਛੋਟਾ ਮੇਜ਼ ਚੱਕ ਕੇ ਉਹਨੇ ਵਿਚਕਾਰ ਰੱਖ ਲਿਆ ਸੀ।  ਫੇਰ ਬੜੇ ਪਿਆਰ ਨਾਲ ਉਹਨੇ-ਚਰਨਜੀਤ ਵੱਲ ਝਾਕਦਿਆਂ ਅਲਮਾਰੀ ਵਿਚੋਂ ਵਿਸਕੀ ਦੀ ਬੋਤਲ ਕੱਢ ਲਈ ਅਤੇ ਮੇਜ਼ 'ਤੇ ਰਖਦਿਆਂ ਕਿਹਾ-
''ਲੈ ਛੋਟੇ ਭਾਈ।  ਅੱਜ ਆਪਾਂ ਤੇਰੇ ਆਉਣ ਦੀ ਖੁਸ਼ੀ ਦਾ ਜਸ਼ਨ ਮਨਾਵਾਂਗੇ!''
''ਹਾਂ-ਹਾਂ ਕਿਉਂ ਨਹੀਂ।  ਵੱਡੇ ਬਾਈ ਇਕ ਜਰੂਰੀ ਗੱਲ ਮੈਂ ਵੀ ਥੋਡੇ ਨਾਲ ਅੱਜ ਕਰਨੀ ਐ!''
''ਉਹ ਕਿਹੜੀ ਬਈ?''
''ਜੇ ਥੋਨੂੰ ਸਾਡੇ ਬਾਪੂ ਜੀ ਦੀ ਸਾਰੀ ਜਾਇਦਾਦ ਚਾਹੀਦੀ ਸੀ ਤਾਂ ਇਹ ਸਾਰਾ ਡਰਾਮਾ ਕਰਨ ਦੀ ਕੀ ਲੋੜ ਸੀ? ਉਹਨਾਂ ਦੇ ਮਰੇ ਪਿਆਂ ਦਾ ਅੰਗੂਠਾ ਲਵਾਉਣ ਦੀ ਕੀ ਲੋੜ ਸੀ? ਏਨੀ ਬੇਈਮਾਨ ਤੇ ਕਮੀਨੀ ਹਰਕਤ ਕਰਨ ਦੀ ਕੀ ਲੋੜ ਸੀ? ਮੈਂ ਤਾਂ ਆਪਣੇ ਬਾਪੂ ਜੀ ਤੋਂ ਇਹੋ ਜੀਆਂ ਲੱਖਾਂ ਜਾਇਦਾਦਾਂ ਵਾਰ ਦਿਆਂ! ਮੈਂ ਸੋਚ ਵੀ ਨਹੀਂ ਸੀ ਸਕਦਾ ਕਿ ਤੁਸੀ ਏਸ ਹੱਦ ਤਕ ਗਿਰ ਜਾਓਗੇ! ਮੈਨੂੰ ਤਾਂ ਹੁਣ ਤੁਹਾਡੇ ਉੱਤੇ ਤਰਸ ਵੀ  ਨਹੀਂ ਆਉਂਦਾ।  ਉਹ ਹੱਦ ਵੀ ਲੰਘ ਚੁੱਕੀ ਹੈ।  ਮੈਨੂੰ ਤੁਹਾਨੂੰ ਅਕ੍ਰਿਤਘਣ ਕਹਿੰਦਿਆਂ ਵੀ ਸ਼ਰਮ ਆਉਂਦੀ ਐ!''
ਗੁਰਨੇਕ ਭੌਂਚੱਕਾ ਤੇ ਦੰਗ ਰਹਿ ਗਿਆ ਸੀ।  ਗੁਰਨੇਕ ਦਾ ਮੂੰਹ ਪੀਲਾ ਪੈ ਗਿਆ।  ਉਹਨੂੰ ਲੱਗਿਆ ਜਿਵੇਂ ਉਹ ਚੁਰਾਹੇ ਵਿਚ ਨੰਗਾ ਖੜ੍ਹਾ ਹੋਵੇ।  ਚੁਬਾਰੇ ਦੀ ਇਕ ਖਿੜਕੀ ਖੁਲ੍ਹੀ ਸੀ।  ਤੇਜ਼ ਹਵਾ ਨਾਲ ਉਹਦਾ ਇਕ ਪੱਲਾ ਵਾਰ-ਵਾਰ ਕੰਧ ਨਾਲ ਵੱਜ ਕੇ ਠੱਕ-ਠੱਕ ਦੀ ਆਵਾਜ਼ ਕਰ ਰਿਹਾ ਸੀ।  ਚਰਨਜੀਤ ਇਕ ਦਮ ਕੁਰਸੀ ਤੋਂ ਉੱਠ ਕੇ ਖੜ੍ਹਾ ਹੋ ਗਿਆ।
''ਤੇਰੇ ਵਰਗੇ ਕਪੁੱਤ ਦਾ ਭਰਾ ਅਖਵਾਉਣ 'ਤੇ ਵੀ ਮੈਨੂੰ ਸ਼ਰਮ ਆ ਰਹੀ ਹੈ', ਉਹਨੇ ਕਸੈਲਾ ਜਿਹਾ ਮੂੰਹ ਕਰਕੇ ਕਿਹਾ ਅਤੇ ਅੰਦਰ ਆ ਰਹੀ ਬਸੰਤ ਦੇ ਕੋਲੋਂ ਦੀ ਚੁੱਪ ਕੀਤਾ ਪੌੜੀਆਂ ਉੱਤਰ ਗਿਆ।  ਉਹ ਕਾਹਲੇ ਕਦਮੀਂ ਮਾਸਟਰ ਚਾਚਾ ਜੀ ਦੇ ਘਰ ਵੱਲ ਤੁਰ ਪਿਆ ਕਿਉਂਕਿ ਦੁੱਖ ਦੀ ਹਰ ਘੜੀ ਵਿਚ ਉਹਨਾਂ ਦੀ ਬੁੱਕਲ ਹੀ ਉਸ ਨੂੰ ਢਾਰਸ ਬੰਨ੍ਹਾਉਂਦੀ ਸੀ। *** ਸਮਾਪਤ :

…ਪਰ ਏਸ ਕਲਮ ਦਾ ਸਫ਼ਰ ਹਾਲੇ ਜ਼ਾਰੀ ਹੈ---> ਮਹਿੰਦਰ ਬੇਦੀ ਜੈਤੋ।

No comments:

Post a Comment