Saturday 29 May 2010

ਲੋਕੁ ਕਹੈ ਦਰਵੇਸੁ :: ਪਹਿਲੀ ਕਿਸ਼ਤ...



ਲੋਕੁ ਕਹੈ ਦਰਵੇਸੁ :: ਪਹਿਲੀ ਕਿਸ਼ਤ...

ਪੁਰਾਣੇ ਵੇਲਿਆਂ ਦੀ ਕੱਤੇ ਦੀ ਬਿਮਾਰੀ ਵਿਚ ਚੜ੍ਹਤ ਸਿੰਘ ਦੇ ਜਦੋਂ ਤਿੰਨਾਂ ਵਿਚੋਂ ਦੋ ਮੁੰਡੇ ਉਹਨਾਂ ਦੇ ਪਿੰਡ ਝੰਡੇਆਲ ਵਿਚ ਗੁਜ਼ਰ ਗਏ ਤਾਂ ਸਭ ਤੋਂ ਵੱਡੇ ਮੁੰਡੇ ਭਗਤ ਸਿੰਘ ਤੇ ਉਹਦੀ ਪਤਨੀ ਤੇ ਦੋ ਬੱਚਿਆਂ ਸਮੇਤ ਉਹ ਏਸ ਛੋਟੇ ਜਿਹੇ ਕਸਬੇ ਫੂਲਪੁਰੇ ਆ ਬੈਠਾ।  ਫੂਲਪੁਰਾ ਝੰਡੇਆਲ ਤੋਂ ਕੋਈ ਤਿੰਨ ਕੁ ਮੀਲ 'ਤੇ ਸੀ।  ਅੰਗਰੇਜ਼ਾਂ ਵੇਲੇ ਇਹ ਨਵੀਂ ਮੰਡੀ ਉੱਸਰ ਰਹੀ ਸੀ।  ਪਿਉ ਪੁੱਤਾਂ ਨੇ ਕਿਵੇਂ ਨਾ ਕਿਵੇਂ ਹੱਥ-ਪੱਲਾ ਝਾੜ ਕੇ ਸੱਠ ਰੁਪਈਆਂ 'ਚ ਡੂਢ ਕੁ ਕਨਾਲ ਥਾਂ ਬਜ਼ਾਰ ਦੇ ਨਾਲ ਵਾਲੀ ਗਲੀ ਦੇ ਇਕ ਸਿਰੇ 'ਤੇ ਖਰੀਦ ਲਈ।  ਆਪੇ ਈ ਉਹਨਾਂ ਨੇ ਕੁਝ ਦਿਨਾਂ ਵਿਚ ਇਕ ਕੋਠਾ ਤੇ ਰਸੋਈ ਛੱਤ ਲਈ।  ਫੇਰ ਕੋਠੇ ਮੂਹਰੇ ਇਕ ਵਰਾਂਡਾ ਤੇ ਚਾਰੇ ਪਾਸੇ ਨਿੱਕੀ ਜਿਹੀ ਕੰਧ ਵੀ ਕੱਢ ਲਈ। ਚੜ੍ਹਤ ਸਿੰਘ ਫੂਲਪੁਰੇ ਆਉਣ ਪਿੱਛੋਂ ਬਹੁਤਾ ਚਿਰ ਜਿਉਂਦਾ ਨਾ ਰਿਹਾ।  ਛੇ ਕੁ ਮਹੀਨੇ ਮੰਜਾ ਮਲੱਣ ਪਿੱਛੋਂ ਉਹ ਚਲਾਣਾ ਕਰ ਗਿਆ।  ਸ਼ਾਇਦ ਉਹਨੂੰ ਆਪਣੇ ਜਵਾਨ ਪੁੱਤਾਂ ਦਾ ਗ਼ਮ ਲੈ ਬੈਠਾ।
ਭਗਤ ਸਿੰਘ ਨੇ ਵੀ ਆਪਣਾ ਗੁਜ਼ਰ-ਬਸਰ ਕਰਨ ਲਈ ਰਾਜਗੀਰੀ ਦਾ ਜੱਦੀ ਕੰਮ ਮੰਡੀ ਵਿਚ ਸ਼ੁਰੂ ਕਰ ਲਿਆ।  ਮੰਡੀ ਨਵੀਂ ਹੋਣ ਕਰਕੇ ਕਿਧਰੇ ਨਾ ਕਿਧਰੇ ਉਸਾਰੀ ਲੱਗੀ ਰਹਿੰਦੀ।  ਉਹ ਆਪਣੀ ਮਿਹਨਤ ਤੇ ਦਿਆਨਤ-ਦਾਰੀ ਦੇ ਸਿਰ 'ਤੇ ਹੌਲੀ-ਹੌਲੀ ਤਰੱਕੀ ਕਰਦਾ ਰਿਹਾ।  ਜਦੋਂ ਕਿਤੇ ਕੁਝ ਦਿਨਾਂ ਦੀ ਵਿਹਲ ਮਿਲਦੀ ਤਾਂ ਘਰ 'ਚ ਇਕ ਅੱਧਾ ਕੋਠਾ ਜਾਂ ਚੁਬਾਰਾ ਛੱਤਣ ਦੇ ਆਹਰ ਲੱਗ ਜਾਂਦਾ।  ਉਹਦੀ ਪਤਨੀ ਦਿਆਕੁਰ ਤੇ ਦੋਏ ਬੱਚੇ ਉਹਦੀ ਮਦਦ ਕਰਦੇ।  ਉਂਜ ਦਿਆਕੁਰ ਘਰ ਦੀ ਚੰਗੀ ਸਾਂਭ-ਸੰਭਾਲ ਕਰਦੀ ਤੇ ਸਾਰਾ ਦਿਨ ਘਰ ਦੇ ਕੰਮੀਂ-ਧੰਦੀਂ ਲੱਗੀ ਰਹਿੰਦੀ।
ਉਹਨਾਂ ਦੇ ਤਿੰਨ ਨਿਆਣੇ ਹੋਏ।  ਵੱਡਾ ਮੁੰਡਾ ਗੁਰਨੇਕ ਤੇ ਉਸ ਤੋਂ ਦੋ ਕੁ ਸਾਲ ਛੋਟੀ ਮ੍ਹਿੰਦੋ ਤਾਂ ਪਿੰਡ ਹੀ ਪੈਦਾ ਹੋਏ।  ਏਥੇ ਆਇਆਂ ਨੂੰ ਉਹਨਾਂ ਨੂੰ ਕੋਈ ਸੱਤ ਕੁ ਸਾਲ ਹੋ ਗਏ ਸਨ।
ਗਰਮੀਆਂ ਦੇ ਦਿਨ ਸਨ।  ਭਗਤ ਸਿੰਘ ਨੇ ਵੱਡੇ ਤਖਤੇ ਲਾਹ ਕੇ ਵਿਹੜੇ ਵਿਚ ਈ ਰੱਖ ਲਏ ਸਨ।  ਤਖਤੇ ਭਾਵੇਂ ਬਹੁਤ ਪੁਰਾਣੇ ਤਾਂ ਨਹੀਂ ਸਨ ਪਰ ਏਧਰ-ਓਧਰ ਦੀਆਂ ਫਾਲਤੂ ਲਕੜਾਂ ਤੇ ਫੱਟੀਆਂ ਜੋੜ-ਜਾੜ ਕੇ ਬਣਾਏ ਹੋਏ ਹੋਣ ਕਰਕੇ ਕਈ ਜੋੜ ਹਿੱਲ ਚੁੱਕੇ ਸਨ ਤੇ ਕਈ ਥਾਵਾਂ ਤੋਂ ਸਿਉਂਕ ਨੇ ਵੀ ਖਾ ਲਏ ਸਨ।  ਚੂਥੀਆਂ ਗਲ਼ ਗਈਆਂ ਸਨ। ਕਿਸੇ ਵੇਲੇ ਵੀ ਤਖਤੇ ਡਿੱਗ ਸਕਦੇ ਸਨ।  ਚੜ੍ਹਤ ਸਿੰਘ ਲੋਹੇ, ਲਕੜ ਅਤੇ ਰਾਜਗੀਰੀ ਦੇ ਸਾਰੇ ਕੰਮ ਇਕੋ ਜਿੰਨੀ ਸਫਾਈ ਤੇ ਸਿਆਣਪ ਨਾਲ ਕਰ ਲੈਂਦਾ ਸੀ। ਭਗਤ ਸਿੰਘ ਨੂੰ ਵੀ ਉਹਨੇ ਆਪਣੀ ਸਮਝ ਅਨੁਸਾਰ ਹਰ ਕੰਮ ਚੰਗੀ ਤਰਾਂ ਸਿਖਾਇਆ ਸੀ।  ਦੋਹਾਂ ਪਿਓ ਪੁੱਤਾਂ ਨੇ ਬਚੀ-ਖੁਚੀ ਲਕੜ ਦੇ ਫੱਟੇ ਜੋੜ ਕੇ ਵਿਹੜੇ ਵਾਲੇ ਵੱਡੇ ਦਰਵਾਜੇ ਚਾਰ ਕੁ ਦਿਨਾਂ ਵਿਚ ਹੀ ਲਾ ਦਿੱਤੇ ਸਨ।  ਬਾਹਰ ਗਲੀ ਵਾਲੇ ਪਾਸੇ ਰੰਗ ਰੋਗਨ ਕਰਨ ਪਿੱਛੋਂ ਉਹ ਨਵੇਂ-ਨਕੋਰ ਲਗਦੇ ਸਨ।  ਹੁਣ ਭਗਤ ਸਿੰਘ ਨੂੰ ਉਹਨਾਂ ਦੀ ਮੁਰੰਮਤ ਕਰਨ ਵਿਚ ਦੋ ਤਿੰਨ ਦਿਨ ਲਗਣੇ ਸਨ।  ਉਂਜ ਵੀ ਰਾਜਗੀਰੀ ਦੇ ਕੰਮ ਵੱਲੋਂ ਉਹਨੂੰ ਉਹਨੀਂ ਦਿਨੀਂ ਕੁਝ ਵਿਹਲ ਸੀ।  ਇਹਨੀਂ ਦਿਨੀਂ ਟੱਬਰ ਦੇ ਚਾਰੇ ਜੀਅ, ਭਗਤ ਸਿੰਘ, ਉਹਦੀ ਪਤਨੀ ਦਿਆਕੁਰ, ਵੱਡਾ ਮੁੰਡਾ ਗੁਰਨੇਕ ਤੇ ਛੋਟਾ ਚਰਨਜੀਤ, ਆਪਣੇ ਵਿਹੜੇ ਵਿਚ ਪਾਣੀ ਛਿੜਕ ਕੇ ਮੰਜੇ ਡਾਹ ਲੈਂਦੇ ਅਤੇ ਰੋਟੀ-ਪਾਣੀ ਛਕ ਕੇ ਵਿਹੜੇ ਵਿਚ ਹੀ ਸੌਂ ਰਹਿੰਦੇ।
ਜਦ ਮ੍ਹਿੰਦੋ ਸੋਲਾਂ ਕੁ ਸਾਲਾਂ ਦੀ ਹੋਈ ਤਾਂ ਭਗਤ ਸਿੰਘ ਨੇ ਗਿਦੜਬਹੇ ਦੇ ਨੇੜੇ ਇਕ ਸਰਦੇ-ਪੁਜਦੇ ਘਰ ਮਹਿੰਦਰ ਸਿੰਘ ਨਾਲ ਉਹਦਾ ਰਿਸ਼ਤਾ ਪੱਕਾ ਕਰ ਦਿੱਤਾ ਸੀ।  ਪਰ ਕੁਝ ਮਹੀਨਿਆਂ ਪਿੱਛੋਂ ਮ੍ਹਿੰਦੋ ਨੂੰ ਬਰੀਕ ਤਾਪ ਚੜ੍ਹ ਗਿਆ।  ਦੋਹਾਂ ਜੀਆਂ ਨੇ ਬਥੇਰੀ ਭੱਜ-ਨੱਸ ਕੀਤੀ।  ਕੋਈ ਡਾਕਟਰ ਕੋਈ ਵੈਦ, ਜਿਥੇ ਪਤਾ ਲਗਦਾ ਉਹ ਭੱਜ ਤੁਰਦੇ ਪਰ ਮ੍ਹਿੰਦੋ ਤਿੰਨ ਕੁ ਮਹੀਨਿਆਂ ਵਿਚ ਹੀ ਜਿਵੇਂ ਖੁਰ ਕੇ ਮਰ ਗਈ।  ਕਈ ਮਹੀਨੇ ਭਗਤ ਸਿੰਘ ਉਖੜਿਆ ਫਿਰਦਾ ਰਿਹਾ।  ਕਈ ਵਾਰੀ ਉਹ ਲੁਕ-ਲੁਕ ਕੇ ਰੋਇਆ।  ਸਾਰਾ ਦਿਨ ਹੱਡ-ਭੰਨਵੀਂ ਮਿਹਨਤ ਕਰਕੇ ਆਥਣੇ ਜਦੋਂ ਘਰ ਮੁੜਦਾ ਤਾਂ ਉਹਦੀ ਧੀ ਮ੍ਹਿੰਦੋ ਦਾ ਹਸੂੰ-ਹਸੂੰ ਕਰਦਾ ਗੋਲ ਚਿਹਰਾ ਨਾ ਦਿਸਦਾ।  ਨਾ ਹੀ ਕੋਈ ਘਰੇ ਵੜਦੇ ਨੂੰ ਉਹਨੂੰ ਝੱਟ ਪਾਣੀ ਦਾ ਗਲਾਸ ਲਿਆ ਕੇ ਫੜਾਉਂਦਾ।  ਕਿਸੇ ਕਿਸੇ ਦਿਨ ਉਹ ਠੇਕੇ 'ਤੋਂ ਪਊਆ ਲੈ ਕੇ ਕਿਤੇ ਏਧਰ-ਓਧਰ ਬਹਿ ਕੇ ਪੀ ਲੈਂਦਾ ਤੇ ਫੇਰ ਦੂਰ ਨਹਿਰ ਵਾਲੀ ਪੁਲੀ 'ਤੇ ਜਾ ਬਹਿੰਦਾ।  ਮ੍ਹਿੰਦੋ ਦੀਆਂ ਗੱਲਾਂ ਯਾਦ ਕਰਕੇ ਰੋ ਕੇ ਉਹ ਆਪਣਾ ਚਿੱਤ ਹੌਲਾ ਕਰਕੇ ਖਾਸੇ ਨ੍ਹੇਰੇ ਹੋਏ ਘਰੇ ਮੁੜਦਾ।  ਦਿਆਕੁਰ ਦੇ ਸਵਾਲਾਂ ਦਾ ਜਵਾਬ ਉਹ ਚੁੱਪ ਵਿਚ ਹੀ ਦਿੰਦਾ ਤੇ ਰੋਟੀ ਖਾ ਕੇ ਪੈ ਜਾਂਦਾ।
ਛੋਟੇ ਚਰਨਜੀਤ ਨੂੰ ਘਰ 'ਚ ਬਹੁਤਾ ਚਰਨੀ ਕਰਕੇ ਬੁਲਾਉਂਦੇ।  ਕਈ ਦਿਨਾਂ ਦੀ ਉਡੀਕ ਪਿੱਛੋਂ ਪੁਰਾਣੇ ਪਿੰਡੋਂ ਬੁੱਧੂ ਉਹਦੀ ਕਾਲੀ ਧੌੜੀ ਦੀ ਜੁੱਤੀ ਬਣਾ ਕੇ ਦੇ ਗਿਆ ਸੀ।  ਉਹ ਸਾਰੇ ਟੱਬਰ ਦੇ ਜੀਆਂ ਦੀਆਂ ਜੁੱਤੀਆਂ ਬਣਾਉਂਦਾ ਹੁੰਦਾ।  ਏਸ ਵਾਰੀ ਚਰਨੀ ਨੂੰ ਆਪਣੀ ਜੁੱਤੀ ਨੂੰ ਖਾਸਾ ਚਿਰ ਉਡੀਕਣਾ ਪਿਆ ਸੀ।  ਉਹਨੂੰ ਬੁੱਧੂ ਤੇ ਮੁੜ-ਮੁੜ ਗੁੱਸਾ ਆਉਂਦਾ।  ਆਖਰ ਇਹ ਕਿੰਨਾ ਕੁ ਵੱਡਾ ਕੰਮ ਸੀ ਜਿਸ 'ਤੇ ਉਹਨੇ ਏਨੇ ਦਿਨ ਲਾ ਦਿੱਤੇ ਸਨ।  ਜੁੱਤੀ ਆਉਣ ਤਕ ਸਕੂਲ ਉਹ ਪੁਰਾਣੇ ਕਪੜੇ ਦੇ ਫਲੀਟ ਪਾ ਕੇ ਜਾਂਦਾ।  ਜੁੱਤੀ ਉਹਨੂੰ ਪੂਰੀ ਮੇਚ ਸੀ।  ਪੈਰ 'ਚ ਪਾਈ ਦਾ ਪਤਾ ਕਿਹੜਾ ਲਗਦਾ।  ਉਸ ਉੱਤੇ ਸੁੱਚੇ ਤਿੱਲੇ ਦੀ ਕਢਾਈ ਕਰਕੇ ਇਕ ਇਕ ਛੋਟਾ ਫੁੱਲ ਵੀ ਪਾਇਆ ਹੋਇਆ ਸੀ।
ਜਦੋਂ ਜੁੱਤੀ ਬਨਾਉਣ ਤੋਂ ਪਹਿਲਾਂ ਬੁੱਧੂ ਉਹਦੇ ਪੈਰ ਦਾ ਮੇਚ ਲੈਂਦਾ ਤਾਂ ਉਹਨੂੰ ਬੜਾ ਚੰਗਾ ਲਗਦਾ।
''ਲਿਆ ਬਈ ਪਾੜ੍ਹਿਆ ਪਹਿਲਾਂ ਤਾਂ ਤੂੰ ਇਕ ਕਾਗਤ ਲਿਆ।'' ਉਹ ਕਹਿੰਦਾ। ਚਰਨੀ ਝੱਟ ਆਪਣੀ ਕਾਪੀ ਵਿਚੋਂ ਕਾਗਜ਼ ਪਾੜ ਲਿਆਉਂਦਾ।  ਬੁੱਧੂ ਕੱਚੇ ਥਾਂ ਨੂੰ ਆਪਣੇ ਹੱਥ ਨਾਲ ਸਾਫ ਕਰਕੇ ਕਹਿੰਦਾ, ''ਹੇਅ ਐਥੇ ਰੱਖ ਦੇ ਕਾਗਤ।  ਤੇ ਹੁਣ ਲਿਆ ਪਿਲਸਣ।''
ਚਰਨੀ ਭੱਜ ਕੇ ਪੈਨਸਿਲ ਵੀ ਲੈ ਆਉਂਦਾ।  ਬੁੱਧੂ ਉਹਨੂੰ ਸੱਜਾ ਪੈਰ ਕਾਗਜ਼ 'ਤੇ ਰੱਖਣ ਲਈ ਕਹਿੰਦਾ ਸੱਜੇ ਹੱਥ ਨਾਲ ਉਹਦੇ ਪੈਰ ਪੰਜੇ ਨੂੰ ਨੱਪਦਾ ਤੇ ਖੱਬੇ ਨਾਲ ਚਰਨੀ ਦੇ ਪੈਰ ਦੇ ਆਲੇ-ਦੁਆਲੇ ਪੈਨਸਿਲ ਘੁਮਾਉਂਦਾ ਹੋਇਆ ਕਾਗਜ਼ ਉੱਤੇ ਪੈਰ ਦੀ ਸ਼ਕਲ ਵਾਹੁੰਦਾ।  ਚਰਨੀ ਨੂੰ ਆਪਣੇ ਪੈਰ ਦੇ ਆਲੇ-ਦੁਆਲੇ ਘੁੰਮਦੀ ਪੈਨਸਿਲ ਉਹਨੂੰ ਕੁਤਕੁਤਾੜੀਆਂ ਜਿਹੀਆਂ ਕਰਦੀ ਲਗਦੀ।  ਬੁੱਧੂ ਫੇਰ ਉਹਦੇ ਪੈਰ ਤੇ ਆਪਣਾ ਹੱਥ ਰੱਖ 'ਕੇ ਪੈਰ ਦੀ ਮੁਟਾਈ ਦਾ ਅੰਦਾਜ਼ਾ ਲਾਉਂਦਾ ਤੇ ਆਖਦਾ, ''ਲੈ ਬਈ ਪਾੜ੍ਹਿਆ,ਬੱਸ ਤਿੰਨ-ਚਾਰ ਦਿਨਾਂ ਤਾਂਈ ਤੇਰੀ ਧੌੜੀ ਦੀ ਜੁੱਤੀ ਬਣਾ ਲਿਆਊਂ ਹੈਂ!''
ਪਰ ਬੁੱਧੂ ਕਈ ਦਿਨ ਲਾ ਦਿੰਦਾ।  ਬੁੱਧੂ ਕੱਦ ਦਾ ਮਧਰਾ ਸੀ।  ਮਸਾਂ ਪੰਜ ਕੁ ਫੁੱਟ ਵੀ ਨਹੀਂ ਹੋਣਾ।  ਗਲ਼ ਖੱਦਰ ਦਾ ਅੱਧੀਆਂ ਬਾਹਾਂ ਵਾਲਾ ਕੁੜਤਾ, ਤੇੜ ਨਿੱਕੀ ਜਿਹੀ ਕਹਾਈ ਤੇ ਸਿਰ 'ਤੇ ਉਹ ਨਿੱਕਾ ਜਿਆ ਡੱਬੀਆਂ ਵਾਲਾ ਪਰਨਾ ਜਿਹਾ ਬੰਨ ਕੇ ਰਖਦਾ ਜਿਸ ਵਿਚੋਂ ਕਿਤੋਂ-ਕਿਤੋਂ ਉਹਦੇ ਸਿਰ ਦੇ ਵਾਲ ਪਰਨੇ ਦੇ ਵਲਾਂ ਵਿਚੋਂ ਦੀ ਬਾਹਰ ਨਿਕਲੇ ਰਹਿੰਦੇ।  ਦਾੜ੍ਹੀ ਉੱਘੜ-ਦੁਗੜੀ ਜਿਹੀ ਕੱਟ ਕੇ ਰਖਦਾ।  ਕਟਦਾ ਵੀ ਉਹ ਇਉਂ ਕਿ ਜਿਥੇ ਕੈਂਚੀ ਵੱਜ-ਗੀ ਓਥੇ ਈ ਠੀਕ! ਭਗਤ ਸਿੰਘ ਤੇ ਬੁੱਧੂ ਬਚਪਨ ਦੇ ਦੋਸਤ ਸਨ।  ਬੁੱਧੂ ਮੰਡੀ ਚਾਹ, ਗੁੜ-ਸ਼ੱਕਰ ਤੇ ਘਰ ਦਾ ਸੌਦਾ-ਪੱਤਾ ਲੈਣ ਆਇਆ ਭਗਤ ਸਿੰਘ ਨੂੰ ਜ਼ਰੂਰ ਮਿਲ ਕੇ ਜਾਂਦਾ।  ਘਰੋਂ ਪਤਾ ਕਰਕੇ ਉਹ ਜਿਥੇ ਵੀ ਦਿਹਾੜੀ ਕਰਦਾ ਹੁੰਦਾ ਓਥੇ ਜਾ ਅੱਪੜਦਾ।  ਆਪਣਾ ਦੁਖ-ਸੁਖ ਕਰਦਾ ਤੇ ਘੰਟੇ ਕੁ ਮਗਰੋਂ ਪਿੰਡ ਮੁੜ ਜਾਂਦਾ।
ਚਰਨੀ ਦੀ ਨਵੀਂ ਜੁੱਤੀ ਨੂੰ ਅਜੇ ਮਸਾਂ ਦਸ-ਪੰਦਰਾਂ ਦਿਨ ਈ ਹੋਏ ਹੋਣਗੇ।  ਉਹ ਜੁੱਤੀ ਨੂੰ ਲੀਰ ਨਾਲ ਬਾਰ-ਬਾਰ ਸਾਫ ਕਰਕੇ ਰਖਦਾ ਤੇ ਜੁੱਤੀ 'ਤੇ ਮਿੱਟੀ ਨਾ ਪੈਣ ਦਿੰਦਾ।  ਜੁੱਤੀ 'ਤੇ ਕੱਢੇ ਫੁੱਲਾਂ ਨੂੰ ਜਦੋਂ ਉਹ ਗਹੁ ਨਾਲ ਦੇਖਦਾ ਤਾਂ ਉਹ ਚਾਂਦੀ ਵਾਂਗ ਚਮਕਦੇ ਤੇ ਸੁਹਣੇ ਲਗਦੇ।  ਸਕੂਲ ਵਿਚ ਵੀ ਉਹ ਜੁੱਤੀ ਤੱਪੜ 'ਤੇ ਬੈਠਣ ਤੋਂ ਪਹਿਲਾਂ ਇਹੋ ਜਿਹੀ ਥਾਂ ਰਖਦਾ ਜਿਥੇ ਉਹਦੀ ਨਿਗਾ 'ਚ ਰਹੇ।
ਅੱਜ ਵੀ ਆਮ ਦਿਨਾਂ ਵਾਂਗ ਆਪਣੇ ਵਿਹੜੇ ਵਾਲੇ ਨਲਕੇ ਤੋਂ ਪਾਣੀ ਦੀਆਂ ਦੋ ਬਾਲਟੀਆਂ ਭਰ ਕੇ ਸਾਰੇ ਵਿਹੜੇ ਵਿਚ ਉਹਨੇ ਪਾਣੀ ਛਿੜਕਿਆ ਸੀ।  ਮੰਜੇ 'ਤੇ ਬਹਿ ਕੇ ਬਾਪੂ ਜੀ ਨਾਲ ਇਕੋ ਥਾਲੀ 'ਚ ਰੋਟੀ ਖਾਧੀ ਸੀ ਤੇ ਰਾਤ ਵਾਲੀ ਗੱਡੀ ਲੰਘਣ ਪਿੱਛੋਂ ਉਹਨੂੰ ਨੀਂਦ ਨੇ ਆ ਘੇਰਿਆ ਸੀ।  ਪਰ ਸਵੇਰੇ ਉੱਠ ਕੇ ਜਦੋਂ ਉਹ ਬਾਹਰ ਜਾਣ ਲਈ ਮੰਜੇ ਹੇਠੋਂ ਜੁੱਤੀ ਪਾਉਣ ਲਗਿਆ ਤਾਂ ਇਕੋ ਈ ਪੈਰ ਮੰਜੇ ਹੇਠਾਂ ਪਿਆ ਸੀ ਦੂਜਾ ਹੈ ਨੀ ਸੀ।
''ਬੇਬੇ ਮੇਰੀ ਜੁੱਤੀ ਕਿੱਥੇ ਐ?'' ਉਹ ਉਭੜਵਾਹੇ ਬੋਲਿਆ।
''ਪੁੱਤ ਹੈਥੇ ਈ ਹੋਊ ਜਿਥੇ ਲਾਹੀ ਸੀ।'' ਦਿਆਕੁਰ ਨੇ ਚੌਂਕੇ ਵਿਚੋਂ ਜਵਾਬ ਦਿੱਤਾ।              
'ਹੈ ਨੀ ਏਥੇ ਤਾਂ-ਇਕੋ ਈ ਪੈਰ ਐ ਦੂਜਾ ਪਤਾ ਨੀ...'' ਉਹਦੀ ਆਵਾਜ਼ ਰੁਆਂਸੀ ਜਿਹੀ ਹੋ ਗਈ।
'ਲੈ, ਜਾਣੀ ਕਿੱਥੇ ਐ ਸਾਊ, ਮੰਜੇ ਥੱਲੇ ਈ ਹੋਊ, ਚੰਗੀ ਤਰਾਂ ਦੇਖ।'' ਦਿਆਕੁਰ ਵੀ ਕੋਲ ਆ ਗਈ ਸੀ।  ਪਰ ਦੂਜਾ ਪੈਰ ਨਾ ਲੱਭਿਆ।  ਏਧਰ ਓਧਰ ਚਾਰੇ ਪਾਸੇ ਭਾਲ ਕੀਤੀ ਪਰ ਨਾ ਲੱਭਿਆ।  ਅਖੀਰ ਇਹ ਲੱਖਣ ਲਾਇਆ ਗਿਆ ਕਿ ਰਾਤ ਨੂੰ ਗਲੀ ਦਾ ਕੋਈ ਆਵਾਰਾ ਕੁੱਤਾ ਚੱਕ ਲ-ਗਿਆ ਹੋਊ।  ਚਰਨੀ ਨੇ ਬਥੇਰਾ ਗਲੀਆਂ 'ਚ ਏਧਰ-ਓਧਰ ਭੱਜ ਕੇ, ਜਾ ਕੇ ਭਾਲਣ ਦੀ ਕੋਸ਼ਿਸ ਕੀਤੀ ਪਰ ਜੁੱਤੀ ਦਾ ਦੂਜਾ ਪੈਰ ਨਾ ਈ ਥਿਆਇਆ।  ਉਧਰੋਂ ਸਕੂਲ ਜਾਣ ਦਾ ਸਮਾਂ ਹੋ ਚੁੱਕਾ ਸੀ।
''ਮੈਂ ਹੁਣ ਸਕੂਲ ਕੀ ਪਾ ਕੇ ਜਾਊਂ?'' ਚਰਨੀ ਨੇ ਰੋਣਹਾਕੀ ਆਵਾਜ਼ ਵਿਚ ਜਿਵੇਂ ਆਪਣੇ ਆਪ ਨੂੰ ਤੇ ਬੇਬੇ ਨੂੰ ਸੁਣਾ ਕੇ ਕਿਹਾ।
''ਪੁੱਤ ਅੱਜ ਤਾਂ ਤੂੰ ਉਹ ਕਪੜੇ ਦੇ ਬੂਟ ਈ ਪਾ ਜਾ।''
''ਪਾ ਜਾ ਕਪੜੇ ਦੇ ਬੂਟ।  ਉਹਨਾਂ ਦੇ ਥੱਲਿਆਂ 'ਚ ਤਾਂ ਗਿਠ-ਗਿਠ ਦੇ ਮਘੋਰੇ ਹੋਏ ਪਏ ਐ।  ਦੁਪਹਿਰੇ ਤੱਤਾ ਰੇਤਾ ਵਿਚ ਵੜ ਜਾਂਦੈ।  ਪੈਰ ਜਮਾਂ ਭੁੱਜ ਜਾਂਦੇ ਐ।''
''ਕੋਈ ਨਾ ਪੁੱਤ, ਅੱਜ ਈ ਬੁੱਧੂ ਨੂੰ ਸਨੇਹਾ ਭੇਜ ਦਿਆਂਗੇ ਉਹ ਆ ਕੇ ਨਾਲੇ ਤੇਰਾ ਨਾਪ ਲੈ ਜੂ ਤੇ ਨਾਲੇ ਫੇਰ ਨਵੀਂ ਜੁੱਤੀ ਬਣਾ ਲਿਆਊ।''
''ਨਾਪ ਤਾਂ ਉਹ ਡੂਢ ਮਹੀਨਾ ਪਹਿਲਾਂ ਵੀ ਲੈ ਗਿਆ ਸੀ ਤੇ ਜੁੱਤੀ ਕਿੰਨੇ ਦਿਨਾਂ ਮਗਰੋਂ ਬਣਾ ਕੇ ਲਿਆਇਆ ਸੀ? ਮੈਂ ਕੀ ਓਨਾਂ ਚਿਰ ਪੈਰ ਸਾੜਦਾ ਫਿਰੂੰ?''
''ਲੈ ਕੋਈ ਨਾ ਪੁੱਤ, ਮੈਂ ਤੇਰੇ ਬਾਪੂ ਨੂੰ ਕਹਿਨੀ ਐਂ ਬਈ ਅੱਜੇ ਈ ਸਨੇਹਾ ਭੇਜ ਦੇ ਬਈ ਤੁਰਤ ਪੈਰ-ਈ ਜੁੱਤੀ ਅੱਪੜਦੀ ਕਰ ਦਿਓ।''
ਭਗਤ ਸਿੰਘ ਨੂੰ ਵੀ ਪਤਾ ਸੀ।  ਅਜੇ ਪਹਿਲੀ ਜੁੱਤੀ ਦੇ ਪੈਸੇ ਬੁੱਧੂ ਨੂੰ ਦੇਣੇ ਬਾਕੀ ਸਨ ਉਤੋਂ ਇਕ ਹੋਰ।  ਉਹਨੇ ਗੱਲ ਸੁਣੀ-ਅਣਸੁਣੀ ਕਰਨੀ ਚਾਹੀ।
ਚਰਨੀ ਕੋਲ ਹੋਰ ਕੋਈ ਚਾਰਾ ਨਹੀਂ ਸੀ ਕਿ ਉਹ ਆਪਣੇ ਪੁਰਾਣੇ ਕਪੜੇ ਦੇ ਫਲੀਟ ਪਾ ਕੇ ਈ ਸਕੂਲ ਜਾਂਦਾ।  ਸਕੂਲੋਂ ਆਉਂਦਿਆਂ ਜਾਂਦਿਆਂ ਉਹ ਕਈ ਵਾਰੀ ਫਲੀਟ ਲਾਹ ਕੇ ਵਿਚੋਂ ਤੱਤਾ ਰੇਤ ਝਾੜਦਾ ਤੇ ਫੇਰ ਛੇਤੀ ਨਾਲ ਪਾ ਲੈਂਦਾ।  ਉਂਜ ਵੀ ਤੱਤੀ ਭੋਂਇ 'ਤੇ ਪੈਰ ਵੀ ਸੜਦੇ।  ਫਲੀਟ ਫੇਰ ਵੀ ਥੋੜਾ-ਬਹੁਤ ਡੰਗ ਸਾਰ ਦਿੰਦੇ।  ਉਹਨੂੰ ਸਾਰੇ ਘਰਦਿਆਂ 'ਤੇ ਗੁੱਸਾ ਆਉਂਦਾ।  ਪਰ ਉਹਨੇ ਵੀ ਜਦੋਂ ਦੀ ਸੁਰਤ ਸੰਭਾਲੀ ਸੀ ਘਰ ਦਾ ਗੁਜ਼ਾਰਾ ਦੇਖਦਾ ਆ ਰਿਹਾ ਸੀ।  ਰੋ-ਪਿੱਟ ਕੇ ਹੀ ਕੋਈ ਚੀਜ਼ ਮਿਲਦੀ।  ਬਾਕੀ ਮੁੰਡੇ ਨਵੀਆਂ ਕਿਤਾਬਾਂ ਲੈ ਲੈਂਦੇ ਪਰ ਉਹ ਆਪ ਤੋਂ ਅਗਲੀ ਜਮਾਤ ਦੇ ਪਾਸ ਹੋਏ ਮੁੰਡਿਆਂ ਤੋਂ ਅੱਧੀ ਕੀਮਤ 'ਤੇ ਕਿਤਾਬਾਂ ਲੈਂਦਾ।  ਫੇਰ ਵੀ ਕਈ ਦਿਨਾਂ ਪਿੱਛੋਂ ਉਹਦਾ ਬਾਪੂ ਪੈਸੇ ਦਿੰਦਾ।  ''ਅਖੇ ਸੇਠਾਂ ਨੇ ਅਜੇ ਹਸਾਬ ਨੀ ਕੀਤਾ।'' ਅਗੋਂ ਜਵਾਬ ਮਿਲਦਾ।  ਕਈ ਡਾਢੇ ਮੁੰਡੇ ਪੈਸੇ ਲੈਣ ਲਈ ਉਹਨੂੰ ਧਮਕਾਉਂਦੇ।  ਉਹ ਤੰਗ ਆ ਜਾਂਦਾ।
ਕਈ ਦਿਨਾਂ ਤੋਂ ਘਰ 'ਚ ਕੁਝ ਘੁਸਰ-ਮੁਸਰ ਹੁੰਦੀ ਵੀ ਉਹਨੇ ਸੁਣੀ ਸੀ।  ''ਚੱਲ ਲੈ ਦੇ ਪਰ੍ਹਾਂ! ਉਹਨੇ ਊਂ ਤਾਂ ਟਲਣਾ ਨੀ।  ਐਵੇਂ ਅਗੋਂ ਬੋਲ-ਕਬੋਲ ਕਰੂਗਾ।'' ਉਹਨੇ ਆਪਣੀ ਬੇਬੇ ਨੂੰ ਬਾਪੂ ਨੂੰ ਆਖਦਿਆਂ ਸੁਣਿਆ ਸੀ।  ''ਨਾ ਹੁਣ ਘਰ 'ਚ ਤੇਰੇ ਕੋਲੋਂ ਕੁਸ਼ ਗੁੱਝੈ? ਦਿਹਾੜੀਆਂ ਨਾਲ ਮਸਾਂ ਗੁਜਾਰਾ ਹੁੰਦੈ।  ਕਿਥੋਂ ਲੈ ਦਿਆਂ ਚਾਲੀ ਰੁਪਈਆਂ ਦੇ ਕਰੇਪ ਸੋਲ ਦੇ ਬੂਟ ਇਹ ਨੂੰ ਵੱਡੇ ਨਵਾਬ ਨੂੰ।''
ਗੁਰਨੇਕ ਅੱਠਵੀਂ ਵਿਚੋਂ ਪੜ੍ਹਨੋਂ ਹਟ ਗਿਆ ਸੀ।  ਪੜ੍ਹਨ ਵਿਚ ਉਹ ਹੁਸ਼ਿਆਰ ਨਹੀਂ ਸੀ।  ਬਿੱਲੇ ਮਾਸਟਰ ਦੀ ਕੁੱਟ ਤੋਂ ਡਰਦਾ ਮਾਰਿਆ ਉਹ ਕਦੇ ਕਦੇ ਸਕੂਲ ਵੀ ਨਾ ਜਾਂਦਾ।  ਬਿੱਲਾ ਮਾਸਟਰ ਸਕੂਲ ਲੱਗਣ ਪਿੱਛੋਂ ਗੈਰ ਹਾਜ਼ਰ ਮੁੰਡਿਆਂ ਦੇ ਘਰੀਂ ਚਾਰ ਮੁੰਡੇ ਭੇਜ ਦਿੰਦਾ।  ਮੁੰਡੇ ਤਕੜੇ ਹੁੰਦੇ ਅਤੇ ਉਹਨਾਂ ਨੂੰ ਖਾਸ ਹਦਾਇਤ ਹੁੰਦੀ ਕਿ ਗੈਰਹਾਜ਼ਰ ਵਿਦਿਆਰਥੀ ਨੂੰ ਸਕੂਲ ਕਿਵੇਂ ਲੈ ਕੇ ਆਉਣਾ ਹੈ।  ਮੁੰਡੇ ਘਰ ਪਹੁੰਚ ਕੇ ਘਰ ਦਿਆਂ ਨੂੰ ਪੁੱਛਦੇ।  ਸ਼ੱਕ ਪੈਣ 'ਤੇ ਏਧਰ ਓਧਰ ਲੱਭਣਾ ਸ਼ੁਰੂ ਕਰਦੇ।  ਸਾਰੇ ਗੈਰਹਾਜ਼ਰ ਰਹਿਣ ਦੇ ਆਦੀ ਮੁੰਡਿਆਂ ਦੀਆਂ ਠੋਹੀਆਂ ਦਾ ਉਹਨਾਂ ਨੂੰ ਪਤਾ ਹੁੰਦਾ।  ਗੁਰਨੇਕ ਆਮ ਤੂੜੀ ਵਾਲੇ ਕੋਠੇ 'ਚ ਲੁਕ ਜਾਂਦਾ।  ਉਹਦੇ ਬਾਰ ਦੇ ਦੋਹਾਂ ਪੱਲਿਆਂ ਵਿਚਕਾਰ ਵਿਰਲ ਹੁੰਦੀ ਤੇ ਸੰਗਲੀ ਵਾਲਾ ਕੁੰਡਾ ਬਾਹਰੋਂ ਹੱਥ ਪਾ ਕੇ ਅੰਦਰੋਂ ਖੁੱਲ੍ਹ ਜਾਂਦਾ।  ਮੁੰਡੇ ਗੁਰਨੇਕ ਨੂੰ ਫੜ ਲੈਂਦੇ।  ਦੋ ਜਣੇ ਬਾਹਾਂ ਫੜਦੇ ਅਤੇ ਦੋ ਜਣੇ ਲੱਤਾਂ।  ਉਹਨੂੰ ਤੋਰੀ ਵਾਂਗ ਲਮਕਾਉਂਦੇ ਲੈ ਤੁਰਦੇ।  ਘਰ ਦੇ, ਮਾਸਟਰਾਂ ਦੀ ਸ਼ਰਮ ਦੇ ਮਾਰੇ ਕੁਝ ਨਾ ਕਹਿੰਦੇ।  ਸਕੂਲ ਦੇ ਰਾਹ 'ਚ ਇਕ ਰੋੜਾਂ ਵਾਲਾ ਮੈਦਾਨ ਆਉਂਦਾ।  ਮੁੰਡੇ ਗੁਰਨੇਕ ਨੂੰ ਲਮਕਦੇ ਨੂੰ ਲਈ ਜਾਂਦੇ ਤੇ ਕਹਿੰਦੇ ਜਾਂਦੇ-
''ਆਹ ਤੋਰੀ ਬੀਅ ਨੂੰ ਰੱਖੀ।''
''ਆਹ ਤੋਰੀ ਬੀਅ ਨੂੰ ਰੱਖੀ।''
ਤੇ ਨਾਲ ਦੀ ਨਾਲ ਸਾਰੇ ਇਕੱਠੇ ਈ, ਲਮਕਦੇ ਗੁਰਨੇਕ ਦੀ ਢੂਈ ਰੋੜਾਂ ਨਾਲ ਰਗੜਦੇ ਵੀ ਰਹਿੰਦੇ।  ਗੁਰਨੇਕ ਚੀਕਾਂ ਮਾਰਦਾ ਪਰ ਬਿੱਲੇ ਮਾਸਟਰ ਦੇ ਜਮਦੂਤ ਛਡਦੇ ਕਿਹੜਾ।  ਅੱਗੋਂ ਸਕੂਲ ਪਹੁੰਚ ਕੇ ਬਿੱਲਾ ਮਾਸਟਰ ਆਪਣੇ ਵੱਲ ਝਾਕਦਾ ਉਹਨੂੰ ਕੋਈ ਜਮਦੂਤ ਜਿਹਾ ਲਗਦਾ।  ਉਹ ਬਿੱਲੀਆਂ ਤੇਜ਼ ਅੱਖਾਂ ਕੱਢ ਦੇ ਆਖਦਾ-
''ਆ ਜਾ ਪੁੱਤ, ਆ ਜਾ! ਅਜੇ ਤਾਂ ਮੈਂ ਤੇਰੀ ਭੁਗਤ ਸੁਆਰਨੀ ਐ।  ਚੱਲ ਫੜ ਕੰਨ ਪਹਿਲਾਂ।''
ਕੰਨ ਫੜਾਉਣ ਪਿੱਛੋਂ ਸਕੂਲ ਦੀ ਕੰਧ ਨੇੜੇ ਪਈਆਂ ਪੱਕੀਆਂ ਇੱਟਾਂ ਵਿਚੋਂ ਉਹ ਮੁੰਡਿਆਂ ਤੋਂ ਇਕ ਇੱਟ ਮੰਗਵਾਉਂਦਾ ਤੇ ਉਹਦੀ ਪਿੱਠ 'ਤੇ ਰੱਖ ਦਿੰਦਾ।  ਪਿੱਠ ਪਹਿਲਾਂ ਹੀ ਰੋੜਾਂ ਦੀਆਂ ਘਸਰਾਂ ਲੱਗ-ਲੱਗ ਉੱਚੜੀ ਹੁੰਦੀ।  ਗੁਰਨੇਕ ਨੂੰ ਵਾਰ-ਵਾਰ ਨਾ ਆਉਣ ਦਾ ਪਛਤਾਵਾ ਵੀ ਹੁੰਦਾ ਪਰ ਫੇਰ ਸਬਕ ਨਾ ਯਾਦ ਕਰਨ 'ਤੇ ਵੀ ਓਹੀ ਕੁੱਤੇ-ਖਾਣੀ ਸਜ਼ਾ ਮਿਲਣੀ ਹੁੰਦੀ।  ਜੇ ਕਦੇ ਕੋਈ ਕੋਡਾ ਹੋ ਕੇ ਰਹਿਣ ਦੀ ਬਜਾਏ ਥੱਲੇ ਬਹਿੰਦਾ ਤਾਂ ਪਿੱਠ 'ਤੋਂ ਇੱਟ ਖਿਸਕ ਕੇ ਥੱਲੇ ਡਿੱਗ ਪੈਂਦੀ।  ਤੇ ਫੇਰ ਬਿੱਲਾ ਮਾਸਟਰ ਕੰਨ ਫੜਵਾ ਕੇ ਇੱਟ ਨੂੰ ਪਿੱਠ ਤੋਂ ਫੁੱਟ ਕੁ ਉਤਾਂਹ ਚੁੱਕ ਕੇ ਛੱਡ ਦਿੰਦਾ।  ਵੱਡੇ-ਵੱਡਿਆਂ ਦੀਆਂ ਚੀਕਾਂ ਨਿਕਲ ਜਾਂਦੀਆਂ।  ਮਾਸਟਰ ਸੀ ਵੀ ਉਹ ਬੜਾ ਸਖਤ।  ਉਸ ਦੇ ਵਿਚਾਰ ਅਨੁਸਾਰ ਉਹ ਆਮ ਕਹਿੰਦਾ ਹੁੰਦਾ-
''ਮੁੰਡਾ ਤੇ ਖੁਰਪਾ ਚੰਡਿਆਂ ਈ ਸੂਤ ਰਹਿੰਦੇ ਐ।''
ਉਂਜ ਵੀ ਉਹਨੀਂ ਦਿਨੀ ਅਠਵੀਂ ਜਮਾਤ 'ਚ ਗਿਆਰਾਂ ਬਾਰਾਂ ਮੁੰਡੇ ਈ ਹੁੰਦੇ।  ਬਿੱਲੇ ਮਾਸਟਰ ਨੂੰ ਸਭ ਦੇ ਘਰ ਦਿਆਂ ਦਾ ਪਤਾ ਸੀ।  ਲੋਕ ਵੀ ਉਹਤੋਂ ਥੋੜਾ ਡਰ ਕੇ ਉਹਦੀ ਇਜ਼ੱਤ ਕਰਦੇ।  ਜੇ ਕੋਈ ਮੁੰਡਾ ਦੋ ਤਿੰਨ ਦਿਨ ਗੈਰਹਾਜ਼ਰ ਰਹਿੰਦਾ ਤੇ ਉਹਦੇ ਜਮਦੂਤਾਂ ਨੂੰ ਨਾ ਲਭਦਾ ਤਾਂ ਉਹ ਉਹਦੇ ਘਰ ਪਹੁੰਚ ਜਾਂਦਾ।  ਉਂਜ ਵੀ ਕੱਦ-ਕਾਠ ਤਕੜਾ ਹੋਣ ਕਰਕੇ ਤੇ ਤੇਜ਼ ਨਿਗਾਹ ਮੂਹਰੇ ਕੋਈ ਹਾਂਈਂ-ਮਾਈਂ ਬਿੱਲੇ ਮਾਸਟਰ ਦੀ ਗੱਲ ਨਾ ਮੋੜਦਾ।  
ਇਕ ਦਿਨ ਗੁਰਨੇਕ ਦੀ ਬੱਸ ਹੋ ਗਈ।  ਉਹਨੇ ਆਪਣੇ ਬੇਬੇ ਬਾਪੂ ਨੂੰ ਆਪਣਾ ਪੂਰਾ ਜ਼ੋਰ ਲਾ ਕੇ ਕਹਿ ਈ ਦਿੱਤਾ-
''ਮੈਂ ਨੀ ਪੜ੍ਹਨਾ ਹੋਰ ਅੱਗੇ।''
ਗੁਰਨੇਕ ਦਾ ਬਾਪੂ ਸ਼ਰੀਫ ਬੰਦਾ ਸੀ।  ਛੋਟੇ ਹੁੰਦਿਆਂ ਪਿੰਡ 'ਚ ਗੁਰਦੁਆਰੇ ਦੇ ਭਾਈ ਨਾਲ ਲੱਗ ਕੇ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਿਆ ਸੀ ਅਤੇ ਗੁਰਬਾਣੀ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਵੀ ਕਰਦਾ ਸੀ।  ਭਾਈ ਜੀ ਨੂੰ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਪੁੱਛਦਾ ਰਹਿੰਦਾ।  ਭਾਈ ਜੀ ਵੀ ਆਪਣੀ ਸੋਝੀ ਅਨੁਸਾਰ ਦਸਦਾ ਅਤੇ ਹਮੇਸ਼ਾ ਇਹ ਜ਼ਰੂਰ ਕਹਿੰਦਾ-
"ਦੇਖੋ ਭਾਈ! ਬਾਬਾ ਨਾਨਕ ਕਹਿੰਦਾ ਹੁੰਦਾ¸ ਕਿਰਤ ਕਰੋ, ਵੰਡ ਕੇ ਛਕੋ ਤੇ ਨਾਮ ਜਪੋ।  ਲੈ ਭਗਤਿਆ ਤੂੰ ਆਪ ਈ ਸਮਝ ਲੈ ਬਈ ਸਭ ਤੋਂ ਪਹਿਲਾਂ ਤਾਂ ਬੰਦੇ ਨੂੰ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਰਨੀ ਚਾਹੀਦੀ ਐ ਜਿਵੇਂ ਭਾਈ ਲਾਲੋ ਕਰਦਾ ਹੁੰਦਾ।  ਤੇ ਫੇਰ ਵੰਡ ਕੇ ਛਕਣਾ ਚਾਹੀਦੈ।  ਜੇ ਕੋਈ ਵੇਲੇ-ਕੁਵੇਲੇ ਲੋੜਵੰਦ ਆ ਜਾਵੇ ਤਾਂ ਭਾਵੇਂ ਆਪਣੇ ਅੱਧੇ ਪਰਸ਼ਾਦੇ ਉਹਨੂੰ ਛਕਾ ਦਿਓ।  ਫੇਰ ਹਰ ਵੇਲੇ ਬੰਦੇ ਨੂੰ ਰੱਬ ਦਾ ਨਾਂ ਜਪਣਾ ਨਹੀਂ ਭੁੱਲਣਾ ਚਾਹੀਦਾ।''
ਭਗਤ ਸਿੰਘ ਦੇ ਦਿਮਾਗ ਵਿਚ ਵੀ ਇਹੋ ਜਿਹੀਆਂ ਗੱਲਾਂ ਘਰ ਕਰ ਗਈਆਂ ਸਨ।  ਜਦੋਂ ਦਾ ਉਹ ਦਸ ਰੁਪਏ ਰੋਜ਼ ਦੀ ਦਿਹਾੜੀ ਕਰਨ ਲੱਗਿਆ ਸੀ ਉਸ ਨੇ ਇਹੋ ਜਿਹਾ ਹੀ ਜੀਵਨ ਜਿਉਣ ਦੀ ਕੋਸ਼ਿਸ਼ ਕੀਤੀ ਪਰ ਗੁਜ਼ਾਰਾ ਬੜਾ ਔਖਾ ਹੁੰਦਾ ਸੀ।  ਕਦੇ ਰਾਮਚੰਦ ਬਾਣੀਏ ਦੇ ਤੇ ਕਦੇ ਬੁੱਧੂ ਵਰਗਿਆਂ ਦੇ ਪੈਸੇ ਸਿਰ ਖੜ੍ਹੇ ਰਹਿੰਦੇ।  ਪਰ ਉਹ ਇਹ ਗੱਲ ਵੀ ਸਮਝਦਾ ਸੀ ਕਿ ਕਿਸੇ ਦਾ ਉਧਾਰ ਨਹੀਂ ਰਖੀਦਾ ਹੁੰਦਾ ਤੇ ਅਖੀਰ ਨੂੰ ਦੇਣਾ ਹੀ ਪੈਂਦਾ ਹੈ।  ਵੱਸ ਲਗਦਿਆਂ ਉਹ ਉਧਾਰ ਲੈਂਦਾ ਵੀ ਨਹੀਂ ਸੀ ਪਰ ਕਦੇ ਮਜਬੂਰੀ ਵੱਸ ਲੈਣਾ ਵੀ ਪੈਂਦਾ ਸੀ।
ਦਿਆਕੁਰ ਵੀ ਘਰ 'ਚ ਰਾਹ ਸਿਰ ਦਾ ਖਰਚ ਕਰਦੀ।  ਸਰਦੀਆਂ ਵਿਚ ਪਿੰਡੋਂ ਕੋਈ ਸਾਗ ਦੇ ਜਾਂਦਾ ਕਦੇ ਕੋਈ ਕਣਕ-ਛੋਲੇ।  ਮੰਡੀ ਫਸਲ ਵੇਚਣ ਆਏ ਪਿੰਡੋਂ ਜਾਣ-ਪਛਾਣ ਵਾਲੇ ਲੋਕ ਥੋੜਾ-ਬਹੁਤ ਓਹੜ-ਪੋਹੜ ਕਰਦੇ।  ਮੂੰਹ-ਮੁਲਾਹਜਾ ਜੋ ਰਖਣਾ ਪੈਂਦਾ।  ''ਚਲ ਪੈਸਿਆਂ ਦਾ ਕੀ ਐ ਫੇਰ ਆ ਜਾਣਗੇ।  ਨਹੀਂ ਤਾਂ ਨਾ ਸਹੀ।'' ਆਖ ਕੇ ਮੁੜ ਜਾਂਦੇ।
ਉਹਨਾਂ ਦੀ ਜੱਦੀ ਜਮੀਨ ਦਾ ਪੰਜ ਕੁ ਘੁਮਾਂ ਦਾ ਟੋਟਾ ਪਿੰਡ ਦੀ ਫਿਰਨੀ ਦੇ ਨਾਲ ਲਗਦਾ ਸੀ।  ਭਗਤ ਸਿੰਘ ਹਰ ਸਾਲ ਉਹ ਮੋਦਨ ਕਿਆਂ ਨੂੰ ਠੇਕੇ 'ਤੇ ਦੇ ਛਡਦਾ।  ਪੁਰਾਣੀ ਜਾਣ-ਪਛਾਣ ਹੋਣ ਕਰਕੇ ਜਿੰਨਾ ਵੀ ਮਾੜਾ ਮੋਟਾ ਦਾਣਾ-ਫੱਕਾ ਉਹ ਸਿੱਟ ਜਾਂਦੇ ਭਗਤ ਸਿੰਘ ਚੁੱਪ ਕਰਕੇ ਲੈ ਲੈਂਦਾ।  ਉਹ ਪੁਰਾਣੇ ਪਿੰਡ ਆਲਿਆਂ ਨਾਲ ਕਿਸੇ ਗੱਲੋਂ ਵੀ ਕੋਈ ਵਗਾੜ ਨਹੀਂ ਸੀ ਚਾਹੁੰਦਾ।
ਭਗਤ ਸਿੰਘ ਨੂੰ ਨੇਕ ਦਾ ''ਮੈਂ ਨੀ ਪੜ੍ਹਨਾ ਹੋਰ ਅਗੇ।'' ਚੰਗਾ ਨਾ ਲੱਗਾ।  ਉਹ ਸੋਚਦਾ ਕਿ ਜੇ ਗੁਰਨੇਕ ਅੱਠ ਜਮਾਤਾਂ ਪਾਸ ਕਰ ਜਾਂਦਾ ਤਾਂ ਕਿਧਰੇ ਪਟਵਾਰੀ ਵੀ ਲੱਗ ਸਕਦਾ ਸੀ।  ਉਹਨਾਂ ਸਮਿਆਂ ਵਿਚ ਅੱਠ ਜਮਾਤਾਂ ਪੜ੍ਹੇ ਮੁੰਡੇ ਪਟਵਾਰੀ ਲੱਗ ਜਾਂਦੇ ਹੁੰਦੇ।  ਪਰ ਦੂਜੇ ਪਾਸੇ ਨੇਕ ਨੇ ਜ਼ਿੱਦ ਫੜ ਲਈ।  ਬਿੱਲੇ ਮਾਸਟਰ ਦਾ ਡਰ ਉਹਦੇ ਦਿਮਾਗ ਵਿਚ ਅਜਿਹਾ ਬੈਠਾ ਸੀ ਕਿ ਉਹ ਸਕੂਲ ਵੱਲ ਮੂੰਹ ਕਿਹੜਾ ਕਰਦਾ ਸੀ।  ਬੱਸ ਇਕੋ ਗੱਲ ਫੜ ਛੱਡੀ¸ ਮੈਂ ਹੁਣ ਸਕੂਲ ਨੀ ਜਾਣਾ।  
''ਚਲ ਅੱਠਵੀਂ ਤਾਂ ਕਰ ਲੈ।  ਫੇਰ ਭਾਵੇਂ ਹਟ-ਜੀਂ।  ਕਿਸੇ ਤਣ-ਪੱਤਣ ਤਾਂ ਲੱਗ।'' ਭਗਤ ਸਿੰਘ ਨੇ ਨੇਕ ਨੂੰ ਸਮਝਾਉਣ ਲਈ ਪੂਰੀ ਵਾਹ ਲਾਈ।
''ਲੈ, ਅੱਠਵੀਂ ਪੜ੍ਹ ਕੇ ਫੇਰ ਮੈਂ ਕਿਹੜਾ ਜੱਜ ਲੱਗ ਜੂੰ।''
'ਵੇਖ ਪੁੱਤ ਪੜ੍ਹਾਈ ਤਾਂ ਗਿਆਨ ਐ।  ਗੁਰਬਾਣੀ ਫਰਮੌਂਦੀ ਐ¸ ਗਿਆਨਹਿ ਕੀ ਬਢਨੀ ਮਨਹੁ ਹਾਲ ਲੈ।  ਕਾਤਰਤਾ ਕੁਤਵਾਰ ਬੁਹਾਰੈ।'' ਭਗਤ ਸਿੰਘ ਨੇ ਪਿਆਰ ਨਾਲ ਸਮਝਾਉਣਾ ਚਾਹਿਆ।
''ਗਿਆਨ ਨੂੰ ਹੁਣ ਕੋਈ ਮੈਂ ਬੇਫਕੂਫ ਤਾਂ ਨੀ।  ਮੈਨੂੰ ਆਪਣੇ ਭਲੇ-ਬੁਰੇ ਦੀ ਪਛਾਣ ਐ।''
ਓਦੋਂ ਨੇਕ ਦੀ ਉਮਰ ਸੋਲਾਂ ਕੁ ਸਾਲਾਂ ਦੀ ਸੀ।  ਥੋੜੀ ਥੋੜੀ ਦਾੜੀ ਤੇ ਮੁੱਛਾਂ ਫੁੱਟ ਰਹੀਆਂ ਸਨ।
''ਜਦੋਂ ਪੁੱਤ ਨੂੰ ਪਿਉ ਦੀ ਜੁੱਤੀ ਮੇਚ ਔਣ ਲੱਗ 'ਜੇ ਤਾਂ ਪੁੱਤ ਨਾਲ ਸਮਝ ਸੋਚ ਕੇ ਗੱਲ ਕਰਨੀ ਚਾਹੀਦੀ ਐ।'' ਭਗਤ ਸਿੰਘ ਨੂੰ ਆਪਣੇ ਮਾਸੜ ਪਾਲਾ ਸਿਉਂ ਦੀ ਗੱਲ ਯਾਦ ਆ ਗਈ।
''ਚੱਲ ਭਾਈ, ਫੇਰ ਤੇਰੀ ਮਰਜੀ।  ਪਰ ਪੜ੍ਹਾਈ ਛੱਡ ਕੇ ਕਰੇਂਗਾ ਕੀ? ਭਗਤ ਸਿੰਘ ਨੇ ਸਵਾਲ ਕੀਤਾ।
''ਕਰਨਾ ਕੀ ਐ।  ਪਿਓ ਦਾਦੇ ਆਲਾ ਕੰਮ ਤਾਂ ਹੈ ਈ ਐ ਨਾ ਕਰਨ ਨੂੰ!''
''ਦੇਖ ਲੈ! ਕਰ ਲੇਂਗਾ ਮੇਰੇ ਬਰਾਬਰ ਕੰਮ?''
''ਕਿਉਂ ਮੇਰੇ ਦੋ ਹੱਥ ਨੀ?''
''ਚੰਗਾ ਫੇਰ ਮਾਸਟਰ ਨੂੰ ਆਖ ਦੀਂ ਬਈ ਤੂੰ ਅਗੇ ਨੀ ਪੜ੍ਹਨਾ।''
''ਲੈ, ਮੇਰੇ ਆਖਣ ਨਾਲ ਕਿਹੜਾ ਉਹਨੇ ਮੰਨਣੈਂ।  ਤੈਨੂੰ ਈ ਜਾ ਕੇ ਆਖਣਾ ਪਊ ਬਈ ਅਸੀਂ ਨੀ ਮੁੰਡੇ ਨੂੰ ਗਾਹਾਂ ਪੜ੍ਹਾਉਣਾ ਚਾਹੁੰਦੇ।''
''ਬੱਲੇ ਉਂਏ ਸ਼ੇਰਾ।  ਪੜ੍ਹਨ ਨੂੰ ਤੇਰਾ ਚਿੱਤ ਨੀ ਕਰਦਾ ਤੇ ਆਖੀਏ ਜਾ ਕੇ ਅਸੀਂ।''
'' ਨਾ ਫੇਰ ਊਂ ਤਾਂ ਉਹਨੇ ਮੰਨਣਾ ਨੀ!''
ਅਖੀਰ ਭਗਤ ਸਿੰਘ ਨੂੰ ਮੰਨਣਾ ਹੀ ਪਿਆ।  ਜਾਂ ਕਹੋ ਗੁਰਨੇਕ ਨੇ ਉਹਨੂੰ ਮਨਾ ਲਿਆ, ਕਿਉਂਕਿ ਗੁਰਨੇਕ ਅਕਸਰ ਅਜਿਹੀਆਂ ਗੱਲਾਂ ਸੋਚਦਾ ਰਹਿੰਦਾ ਕਿ ਅਗੋਂ ਕੋਈ ਕੀ ਆਖੂ ਤੇ ਉਹ ਆਪ ਉਹਦਾ ਕੀ ਜਵਾਬ ਦੇਊ ਤਾਂ ਕਿ ਅਖੀਰ ਜੋ ਉਹ ਆਪ ਚਾਹੁੰਦਾ ਸੀ ਓਹੀ ਹੋ ਸਕੇ।  ਗਲਤ-ਠੀਕ ਆਪਣੀ ਗੱਲ ਮਨਵਾਉਣੀ ਹੀ ਉਹਦੀ ਕੋਸ਼ਿਸ਼ ਹੁੰਦੀ।  ਉਹ ਸਿੱਧਾ ਹੋ ਕੇ ਕਿਸੇ ਨੂੰ ਕਦੇ ਨਾ ਟਕਰਦਾ ਤੇ ਨਾ ਹੀ ਬਹੁਤ ਬਹਿਸ ਕਰਦਾ।
ਭਗਤ ਸਿੰਘ ਜਦੋਂ ਬਿੱਲੇ ਮਾਸਟਰ ਨਾਲ ਗੱਲ ਕਰਨ ਗਿਆ ਤਾਂ ਮਾਸਟਰ ਨੇ ਉਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਭਗਤ ਸਿੰਘ ਨੇ ਜਦੋਂ ਆਖਰੀ ਗੱਲ ਆਖੀ ਕਿ ਘਰ ਦਾ ਗੁਜ਼ਾਰਾ ਨਹੀਂ ਚਲਦਾ ਤੇ ਊਂ ਵੀ ਕੰਮ 'ਤੇ ਦੂਜੇ ਬੰਦੇ ਦੀ ਲੋੜ ਐ ਤਾਂ ਮਾਸਟਰ ਨੇ ਅਖੀਰ ਇਹੋ ਕਿਹਾ, ''ਊਂ ਤਾਂ ਥੋਡੀ ਮਰਜੀ ਐ ਪਰ ਉਹ ਜੇ ਅੱਠਵੀਂ ਕਰ ਜਾਂਦਾ ਤਾਂ ਬੜਾ ਚੰਗਾ ਹੋਣਾ ਸੀ।''  

***

ਦੂਜੇ ਦਿਨ ਤੋਂ ਈ ਭਗਤ ਸਿੰਘ ਨੇ ਗੁਰਨੇਕ ਨੂੰ ਆਪਣੇ ਨਾਲ ਦਿਹਾੜੀ ਕਰਨ ਲਾ ਲਿਆ ਸੀ।  ਗਰਮੀਆਂ ਦੇ ਦਿਨ ਸਨ।  ਤਿੱਖੜ ਦੁਪਹਿਰੇ ਨੇਕ ਦੀ ਆਪਣੇ ਬਾਪੂ ਨਾਲ ਦਿਹਾੜੀ ਕਰਦੇ ਦੀ ਬੱਸ ਹੋ ਜਾਂਦੀ।  ਮੁੜ੍ਹਕੋ-ਮੁੜ੍ਹਕੀ ਹੋ ਕੇ ਉਹਦੇ ਸਾਰੇ ਕਪੜੇ ਭਿੱਜ ਜਾਂਦੇ।  ਮਜ਼ਦੂਰ ਅਤੇ ਘਰ ਦੇ ਜੀਅ ਇਕੱਠੇ ਹੋ ਕੇ ਇੱਟਾਂ 'ਤੇ ਇੱਟਾਂ ਫੜਾਈ ਜਾਂਦੇ ਤੇ ਉਹ ਪਿਓ-ਪੁੱਤ ਚਿਣਾਈ ਕਰੀ ਜਾਂਦੇ।  ਸਾਹ ਕਿਹੜਾ ਲੈਣ ਨੂੰ ਮਿਲਦਾ ਸੀ।  ਉਂਜ ਵੀ ਗੁਰਨੇਕ ਨਾਲ 'ਆਪੇ ਫਾਥੜੀਏ ਤੈਨੂੰ ਕੌਣ ਬਚਾਵੇ' ਵਾਲੀ ਗੱਲ ਹੋਈ ਸੀ।  ਭਗਤ ਸਿੰਘ ਵੀ ਕੰਮ ਕਰਦਿਆਂ ਉਹਨੂੰ ਹੱਲਾ-ਸ਼ੇਰੀ ਦਿੰਦਾ ਰਹਿੰਦਾ ਤਾਂ ਕਿ ਉਹ ਕਿਧਰੇ ਕੰਮ ਹੀ ਨਾ ਛੱਡ 'ਕੇ ਬਹਿ ਜਾਵੇ।
''ਚਲ ਬਈ ਸ਼ੇਰਾ।  ਹਾਂ-ਹੈਂਅ।  ਐਂ ਰੱਖ ਸਿੱਧੀ ਇੱਟ।  ਰਦੇ ਸਾਹਲ 'ਚ ਰੱਖੀਂ ਆਪਣੇ ਵਾਲੇ ਪਾਸਿਓਂ।''
ਗੁਰਨੇਕ ਕੋਲੋਂ ਆਪਣੇ ਬਾਪੂ ਦੇ ਬਰਾਬਰ ਚਿਣਾਈ ਨਾ ਕੀਤੀ ਜਾਂਦੀ।  ਪੰਦਰਾਂ ਕੁ ਦਿਨਾਂ ਪਿੱਛੋਂ ਉਹਨੂੰ ਲੱਗਿਆ ਕਿ 'ਇਹ ਤਾਂ ਬੁਰੇ ਫਸੇ'।  ਪਰ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ।  ਅਖੀਰ ਉਹ ਆਪਣੀ ਸੋਚ ਅਨੁਸਾਰ ਸੋਚਣ ਲੱਗਾ।  'ਕੋਈ ਰਾਹ ਤਾਂ ਹੋਊ!'
ਅਗਲੇ ਦਿਨ ਜਦੋਂ ਭਗਤ ਸਿੰਘ ਆਪਣੇ ਨਿੱਤ-ਨੇਮ ਅਨੁਸਾਰ ਸਵੇਰੇ ਮੂੰਹ-ਹਨੇਰੇ ਉੱਠ ਕੇ ਜੰਗਲ-ਪਾਣੀ ਜਾ ਕੇ, ਨਹਾ ਧੋ ਕੇ, ਨਿੱਤ-ਨੇਮ ਦਾ ਪਾਠ ਕਰਕੇ ਦਿਹਾੜੀ 'ਤੇ ਕਰਮੂ ਬਾਣੀਏ ਦੇ ਘਰ ਜਾਣ ਨੂੰ ਤਿਆਰ ਹੋਇਆ ਤਾਂ ਗੁਰਨੇਕ ਅਜੇ ਸੁੱਤਾ ਈ ਪਿਆ ਸੀ।  ਭਗਤ ਸਿੰਘ ਨੇ ਦਿਆਕੁਰ ਨੂੰ ਉਹਨੂੰ ਜਗਾਉਣ ਲਈ ਕਿਹਾ ਕਿਉਂਕਿ ਦਿਨ ਚੜ੍ਹਨ ਸਾਰ ਈ ਦਿਹਾੜੀ ਦਾ ਕੰਮ ਸ਼ੁਰੂ ਹੋ ਜਾਂਦਾ ਸੀ।
''ਵੇ ਪੁੱਤ ਨੇਕ।  ਉੱਠ ਛੇਤੀ, ਤੇਰੇ ਬਾਪੂ ਨਾਲ ਜਾਹ ਦਿਹਾੜੀ 'ਤੇ।''
''ਮੈਨੂੰ ਤਾਂ ਤਾਪ ਚੜ੍ਹ ਗਿਆ ਲਗਦੈ।'' ਗੁਰਨੇਕ ਨੇ ਬੁਸਿਆ ਜਿਹਾ ਮੂੰਹ ਬਣਾ ਕੇ ਕਿਹਾ।
''ਹੈਂ! ਉਹ ਕਿਉਂ? ਮੈਂ ਦੇਖਾਂ ਤਾਂ ਸਹੀ! ਲੈ ਤੇਰਾ ਪਿੰਡਾ ਤਾਂ ਸੱਚੀਂ ਤਪੀ ਜਾਂਦੈ।  ਚਲ ਰਹਿਣ 'ਦੇ ਅਜ ਫੇਰ ਜਾਣ ਨੂੰ।''
ਦਿਆਕੁਰ ਨੇ ਭਗਤ ਸਿੰਘ ਨੂੰ ਗੁਰਨੇਕ ਦੇ ਬੁਖਾਰ ਬਾਰੇ ਦੱਸਿਆ।
''ਚੰਗਾ ਫੇਰ ਮੈਂ ਚਲਦੈਂ।  ਤੁਸੀਂ ਜਾ ਕੇ ਸਰਕਾਰੀ ਹਸਪਤਾਲੋਂ ਦੁਆਈ ਲੈ ਆਇਓ।''
ਸਰਕਾਰੀ ਹਸਪਤਾਲੋਂ ਦੁਆਈ ਲਿਆਂਦੀ ਗਈ।  ਤਿੰਨ-ਚਾਰ ਦਿਨ ਲੰਘ ਗਏ।  ਹਸਪਤਾਲ ਦਾ ਕੰਮਪਾਊਂਡਰ ਧਰਮ ਪਾਲ ਉਹਨਾਂ ਦਾ ਜਾਣੂ ਸੀ।  ਦਿਆਕੁਰ ਨੇ ਗੁਰਨੇਕ ਦੀ ਖੰਘ ਬਾਰੇ ਉਹਨੂੰ ਦੱਸਿਆ।  ਤਾਂ ਉਹ ਹੈਰਾਨ ਜਿਹਾ ਹੋ ਕੇ ਆਖਣ ਲੱਗਾ-
''ਦਿਆਕੁਰੇ ਖੰਘ ਦੀ ਦੁਆਈ ਤਾਂ ਪਹਿਲਾਂ ਈ ਦੇ ਦਿੱਤੀ ਸੀ।  ਉਂਜ ਵੀ ਖੰਘ ਆਉਣ ਦਾ ਕੋਈ ਕਾਰਨ ਵੀ ਨਹੀਂ ਸੀ ਨਜ਼ਰ ਆ ਰਿਹਾ ਪਰ ਫੇਰ ਵੀ ਆਹ ਛੇ ਖੁਰਾਕਾਂ ਦੋ ਦਿਨਾਂ ਦੀਆਂ ਹੋਰ ਲੈ ਜਾ।  ਜੇ ਫੇਰ ਵੀ ਖੰਘ ਨਾ ਹਟੀ ਤਾਂ ਡਾਕਟਰ ਸਾਹਬ ਨੂੰ ਦਖਾ ਲਾਂਗੇ।''
ਗੁਰਨੇਕ ਨੂੰ ਖੰਘ ਤੋਂ ਆਰਾਮ ਨਾ ਆਇਆ।  ਦਿਆਕੁਰ ਵੀ ਦੋ ਤਿੰਨ ਦਿਨ ਓਹੜ-ਪੋਹੜ ਕਰਦੀ ਰਹੀ।  ਅਖੀਰ ਉਹਨੂੰ ਵੱਡੇ ਡਾਕਟਰ ਕੋਲ ਲੈ ਗਏ।  ਧਰਮ ਪਾਲ ਨੇ ਡਾਕਟਰ ਨੂੰ ਸਾਰੀ ਗੱਲ ਦੱਸੀ।  ਡਾਕਟਰ ਨੇ ਚੰਗੀ ਤਰ੍ਹਾਂ ਚੈੱਕ ਕਰਨ ਪਿੱਛੋਂ ਕਿਹਾ-
''ਖੰਘ ਦਾ ਕੋਈ ਰੀਜ਼ਨ ਤਾਂ ਨਜ਼ਰ ਨਹੀਂ ਆਉਂਦਾ।  ਕਿਉਂ ਬਈ ਜੁਆਨਾ ਕੀ ਕਰਦਾ ਹੁੰਨੈ ਤੂੰ?''
''ਜੀ ਮੈਂ ਆਪਣੇ ਬਾਪੂ ਨਾਲ ਰਾਜਗੀਰੀ ਦਾ ਕੰਮ ਕਰਦਾ ਹੁੰਨੈ।''
''ਪਿਛਲੇ ਦਿਨੀਂ ਕਿੱਥੇ ਕੰਮ ਕਰਦੇ ਰਹੇ ਤੁਸੀਂ?''
''ਉਹ ਜੀ ਕਰਮੂ ਬਾਣੀਏ ਦੇ ਦੋ ਕਮਰੇ ਛੱਤਣੇ ਸੀ।  ਧੁੱਪੇ..।''
"ਓਅ ਆਈ ਸੀ।  ਲਗਦੈ ਤੇਰੇ ਅੰਦਰ ਗਰਮੀ ਵੜ ਗਈ।"
''ਡਾਕਟਰ ਸਾਹਬ ਊਂ ਵੀ ਮੇਰੀ ਛਾਤੀ ਤੇ ਫੇਫੜਿਆਂ 'ਚ ਦਰਦ ਹੁੰਦਾ ਰਹਿੰਦੈ।  ਸਾਹ ਵੀ ਖਿੱਚ ਕੇ ਆਉਂਦੈ।  ਖੰਘ ਵੀ ਨੀ ਹਟਦੀ ਔਣੋਂ।''
''ਕੋਈ ਗੱਲ ਨਹੀਂ।  ਆਪਾਂ ਹੋਰ ਚੰਗੀ ਤਰਾਂ ਦੇਖ ਲੈਨੇ ਐਂ।'' ਡਾਕਟਰ ਨੇ ਉਹਦੀ ਛਾਤੀ 'ਤੇ ਟੂਟੀ ਲਾ ਕੇ ਫੇਰ ਚੰਗੀ ਤਰ੍ਹਾਂ ਚੈੱਕ ਕੀਤਾ ਤੇ ਕਿਹਾ-
''ਕੱਲ੍ਹ ਨੂੰ ਤੂੰ ਆਪਣੇ ਬਾਪ ਨੂੰ ਭੇਜੀਂ ਮੇਰੇ ਕੋਲ।''
ਦੂਜੇ ਦਿਨ ਭਗਤ ਸਿੰਘ ਦਿਹਾੜੀ ਵਿਚੋਂ ਛੁੱਟੀ ਕਰਕੇ ਡਾਕਟਰ ਨੂੰ ਮਿਲਣ ਗਿਆ।
"ਅੱਛਾ ਤਾਂ ਤੁਸੀਂ ਓ ਉਹ ਮੁੰਡੇ ਦੇ ਪਿਤਾ ਜੀ ਜਿਸ ਨੂੰ ਮੈਂ ਕੱਲ੍ਹ ਚੈੱਕ ਕੀਤਾ ਸੀ?''
''ਹਾਂ ਜੀ।''
''ਗੱਲ ਇਹ ਐ ਸਰਦਾਰ ਜੀ ਕਿ ਮੈਨੂੰ ਥੋੜਾ ਸ਼ੱਕ ਹੈ ਕਿ ਤੁਹਾਡੇ ਲੜਕੇ ਨੂੰ ਤਪਦਿਕ ਦੀ ਸ਼ਿਕਾਇਤ ਹੈ।''
'ਹੈਂ ਜੀ, ਤਪਡਿਕ? ਜੀ ਸਾਡੇ ਟੱਬਰ 'ਚ ਤਾਂ ਊਂਈ ਕਦੇ ਕਿਸੇ ਨੂੰ...।''
'ਨਹੀਂ, ਨਹੀਂ।  ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ ਜ਼ਰਾ।  ਹੋ ਸਕਦੈ ਕਿ ਇਹ ਬਿਮਾਰੀ ਦੀ ਸ਼ੁਰੂਆਤ ਹੋਵੇ ਸੋ ਮੈਂ ਦਵਾਈ ਲਿਖ ਦਿੱਨਾਂ ਪਰ ਤੁਸੀਂ ਇਕ ਕੰਮ ਜ਼ਰੂਰ ਕਰਿਓ ਬਈ ਦੋ ਕੁ ਸਾਲ ਗਰਮੀਆਂ-ਗਰਮੀਆਂ ਉਹਨੂੰ ਕਿਸੇ ਹਿੱਲ-ਸਟੇਸ਼ਨ ਮੇਰਾ ਮਤਲਬ ਕਿਸੇ ਪਹਾੜ 'ਤੇ ਸਾਫ-ਸੁਥਰੀ ਆਬੋ-ਹਵਾ ਵਿਚ ਰੱਖੋ।  ਜੇ ਬਿਮਾਰੀ ਵਧ ਗਈ ਤਾਂ ਠੀਕ ਹੋਣ ਵਿਚ ਕਾਫੀ ਟਾਈਮ ਵੀ ਲੱਗ ਸਕਦੈ।  ਨਾਲੇ ਇਲਾਜ ਵੀ ਲੰਮਾ ਹੋ ਜਾਵੇਗਾ।''
ਭਗਤ ਸਿੰਘ ਦੇ ਸਿਰ ਸੌ ਘੜਾ ਪਾਣੀ ਦਾ ਪੈ ਗਿਆ।  ਬੈਠੇ ਬਠਾਏ ਇਹ ਕੇਹੀ ਮੁਸੀਬਤ ਆ ਪਈ? ਉਹਨੇ ਘਰੇ ਆ ਕੇ ਆਥਣੇ ਦਿਆਕੁਰ ਨਾਲ ਗੱਲ ਕੀਤੀ ਤਾਂ ਉਹ ਵੀ ਘਬਰਾ ਗਈ।
''ਲੈ ਫੇਰ ਜਾਨ ਨਾਲੋਂ ਤਾਂ ਕੋਈ ਚੀਜ਼ ਨੀ ਮਹਿੰਗੀ ਹੁੰਦੀ।  ਤੂੰ ਆਹ ਮੇਰੇ ਤੁੰਗਲ ਤੇ ਆਪਣੇ ਵਿਆਹ ਵਾਲਾ ਕੈਂਠਾ ਭਨਾ ਲੈ ਤੇ ਨੇਕ ਨੂੰ ਛੱਡਿਆ ਜਾ ਕੇ ਕਿਸੇ ਪਹਾੜ 'ਤੇ ਜਿਥੇ ਵੀ ਕੋਈ ਕਹਿੰਦੈ।''
''ਇਹ ਚੰਗੀ ਮੁਸੀਬਤ ਆ ਗਲ, ਪਈ।'' ਭਗਤ ਸਿੰਘ ਫਿਕਰਮੰਦ ਸੀ।''
''ਨਾ ਫੇਰ ਕੀ ਹੋ ਗਿਆ।  ਮੁੰਡਾ ਠੀਕ ਹੋ ਜੇ, ਹੋਰ ਆਪਾਂ ਨੂੰ ਕੁਸ਼ ਨੀ ਚਾਹੀਦਾ।''
"ਚੰਗਾ ਫੇਰ ਨੇਕ ਨਾਲ ਵੀ ਸਲਾਹ ਕਰ ਲੀਏ।'' ਭਗਤ ਸਿਉਂ ਨੇ ਸਲਾਹ ਦਿੱਤੀ।  ਦਿਆਕੁਰ ਨੇ ਨੇਕ ਨੂੰ 'ਵਾਜ ਮਾਰ ਲਈ।  ਉਹ ਸਾਰਾ ਜ਼ੋਰ ਲਾ ਕੇ ਖੰਘਦਾ-ਖੰਘਦਾ ਆ ਗਿਆ।  ਕੋਡਾ ਜਿਆ ਹੋ ਕੇ ਉਹ ਦੂਜੇ ਮੰਜੇ 'ਤੇ ਬਹਿ ਗਿਆ।  
"ਡਾਕਟਰ ਕਹਿੰਦੈ ਬਈ ਤੈਨੂੰ ਤਪਡਿਕ ਦੀ ਸ਼ਕੈਤ ਐ।  ਕਿਸੇ ਪਹਾੜ 'ਤੇ ਜਾ ਕੇ ਰਹਿਣਾ ਪਊ ਗਰਮੀਆਂ-ਗਰਮੀਆਂ।''
''ਡਾਕਟਰ ਤਾਂ ਉਹ ਸਿਆਣੈ ਬਹੁਤ।  ਆਪਾਂ ਨੂੰ ਉਹਦੀ ਗੱਲ ਮੰਨ ਲੈਣੀ ਚਾਹੀਦੀ ਐ।'' ਗੁਰਨੇਕ ਨੇ ਆਪਣੀ ਸਿਆਣਪ ਨਾਲ ਕਿਹਾ।
"ਨਾ ਓਹ ਤਾਂ ਠੀਕ ਐ ਪਰ ਪੈਸਿਆਂ ਦਾ ਇੰਤਜਾਮ ਤਾਂ ਕਰਨਾ ਪਊ।  ਤੇਰੀ ਮਾਂ ਆਵਦੀਆਂ ਟੂਮਾਂ ਲਾਹ ਕੇ ਮੈਨੂੰ ਫੜਾਈ ਜਾਂਦੀ ਐ।  ਮੈਨੂੰ ਤਾਂ ਕੁਸ਼ ਸੁਝਦਾ ਨੀ ਹਾਲੇ...।''
''ਪੁੱਤ ਕਪੁੱਤ ਤਾਂ ਹੋ ਸਕਦੇ ਐ ਪਰ ਮਾਪੇ ਕੁਮਾਪੇ ਕਦੇ ਨੀ ਹੁੰਦੇ ਹੁੰਦੇ।'' ਨੇਕ ਨੇ ਜਿਵੇਂ ਸੁਤੇ-ਸੁਭਾਅ ਈ ਇਹ ਗੱਲ ਆਖ ਦਿੱਤੀ।
''ਲੈ ਪੁੱਤ, ਹਾਅ ਗੱਲ ਤੂੰ ਕੀ ਆਖੀ? ਦੁਖ-ਸੁਖ ਤਾਂ ਸਰੀਰਾਂ ਨਾਲ ਈ ਹੁੰਦੇ ਐ।  ਅਸੀਂ ਅੱਜ ਤਾਈ ਤੈਨੂੰ ਕਿਸੇ ਗੱਲੋਂ ਕੋਈ ਕਸਰ ਤਾਂ ਨੀ ਰੱਖੀ?''
''ਨਾਲੇ ਪਹਾੜ 'ਤੇ ਜਾਣ ਤੋਂ ਪਹਿਲਾਂ ਮੈਨੂੰ ਕਰੇਪ ਸੋਲ ਦੇ ਬੂਟ ਲੈ ਦਿਓ।  ਮੈਂ ਪਹਿਲਾਂ ਵੀ ਆਖਿਆ ਸੀ ਤੇ ਹੁਣ ਤਾਂ ਪਹਾੜ ਤੇ ਚੜ੍ਹਨ-ਉਤਰਨ ਖਾਤਰ ਤਾਂ ਉਹਨਾਂ ਦੀ ਲੋੜ ਪੈਣੀ ਪੈਣੀ ਐ।  ਆਮ ਜੁੱਤੀ ਤਾਂ ਓਥੇ ਦੂਜੇ ਦਿਨ ਟੁੱਟ ਜੂ।''
''ਕੋਈ ਨੀ ਪੁੱਤ ਸਭ ਹੋ ਜੂ, ਤੂੰ ਭੋਰਾ ਫਿਕਰ ਨਾ ਕਰ।'' ਮਾਂ ਨੇ ਦਿਲਾਸਾ ਦਿੱਤਾ।
ਆਥਣੇ ਭਗਤ ਸਿੰਘ ਜਦੋਂ ਦਿਹਾੜੀ ਤੋਂ ਘਰੇ ਆਇਆ ਤਾਂ ਫੇਰ ਗੱਲ ਚੱਲ ਪਈ।  ਫੈਸਲਾ ਹੋਇਆ ਕਿ ਪੰਦਰਾਂ ਕੁ ਦਿਨਾਂ ਪਿੱਛੋਂ ਕਰਮੂ ਬਾਣੀਏ ਦਾ ਕੰਮ ਖਤਮ ਕਰਕੇ ਚਾਰ ਪੈਸੇ ਇਕੱਠੇ ਕਰਕੇ ਨੇਕ ਨੂੰ ਪਹਾੜ 'ਤੇ ਲਿਜਾਇਆ ਜਾਵੇ।  ਓਨਾ ਚਿਰ ਦਵਾਈ ਏਥੇ ਚਾਲੂ ਰਹੇ।  ਨੇਕ ਘਰੇ ਬਹਿ ਕੇ ਆਰਾਮ ਕਰੇ।  
ਚਰਨਜੀਤ ਵੀ ਆਲੇ ਦੁਆਲੇ ਖੇਡਦਾ ਫਿਰਦਾ ਸਭ ਕੁਝ ਸੁਣੀ ਜਾਂਦਾ ਸੀ।  ਉਹ ਗੁਰਨੇਕ ਤੋਂ ਕੋਈ ਗਿਆਰਾਂ ਬਾਰਾਂ ਕੁ ਸਾਲ ਛੋਟਾ ਸੀ।  ਭਗਤ ਸਿੰਘ ਨੇ ਮੱਥੇ 'ਤੇ ਹੱਥ ਧਰ ਲਿਆ ਜਿਵੇਂ ਡੂੰਘੀਆਂ ਸੋਚਾਂ ਵਿਚ ਕੁਝ ਉਹ ਸੋਚਦਾ ਹੋਵੇ।  ਜਦੋਂ ਵੀ ਉਹ ਥੋੜਾ ਬਹੁਤ ਕਿਸੇ ਕਾਰਨ ਉਦਾਸ ਹੁੰਦਾ ਤਾਂ ਉਹਨੂੰ ਮ੍ਹਿੰਦੋ ਯਾਦ ਆ ਜਾਂਦੀ।  ਮ੍ਹਿੰਦੋ ਬੜੀ ਸੁਨੱਖੀ ਤੇ ਸਚਿਆਰੀ ਕੁੜੀ ਸੀ।  ਦਿਆਕੁਰ ਨੇ ਵੀ ਉਹਨੂੰ ਘਰ ਦਾ ਕੰਮ ਸਿਖਾਉਣ 'ਚ ਕੋਈ ਕਸਰ ਨਹੀਂ ਸੀ ਛੱਡੀ।  ਅੱਧ-ਪੱਚਧ ਉਹਦਾ ਦਾਜ ਤਾਂ ਉਹਨੇ ਉਹਦੇ ਮੰਗਣੇ ਤੋਂ ਪਹਿਲਾਂ ਈ ਬਣਾ ਲਿਆ ਸੀ।  ਦਸੂਤੀ ਦੀਆਂ ਕਈ ਚਾਦਰਾਂ 'ਤੇ ਮ੍ਹਿੰਦੋ ਨੇ ਬੜੇ ਸੁਹਣੇ ਬੇਲ-ਬੂਟੇ ਕਢਾਈ ਕਰਕੇ ਪਾਏ ਸਨ।  ਵਰਾਂਡੇ  'ਚ ਅੱਡਾ ਲਾ ਕੇ ਆਂਡਣਾਂ-ਗੁਆਢਣਾਂ ਨਾਲ ਰੰਗ-ਬਰੰਗੀਆਂ ਦਰੀਆਂ ਬੁਣੀਆਂ ਸਨ।  ਕੋਈ ਅੱਧੀ ਦਰਜਨ ਬੋਹੀਏ ਬਣਾਏ ਸਨ।  ਹੋਰ ਨਿਕ-ਸੁੱਕ ਕਾਫੀ ਬਣਾ ਲਿਆ ਸੀ।  
ਭਗਤ ਸਿੰਘ ਵੀ ਜਦੋਂ ਦਿਨ-ਤਿਹਾਰ ਬਜ਼ਾਰ ਗੇੜਾ ਮਾਰਦਾ ਤਾਂ ਕਈ ਨਵੇਂ ਭਾਂਡੇ ਖਰੀਦ ਲਿਆਉਂਦਾ।  ਅਜੇ ਪਿਛਲੇ ਤੋਂ ਪਿਛਲੇ ਸਾਲ ਈ ਉਹ ਇਕ ਦਿਨ ਵੱਡੀਆਂ ਤਿੰਨ ਪਰਾਤਾਂ ਖਰੀਦ ਲਿਆਇਆ।  ਘਰੇ ਆ ਕੇ ਜਦੋਂ ਸਿਰ ਤੋਂ ਉਹਨੇ ਲਾਹੀਆਂ ਤਾਂ ਦਿਆਕੁਰ ਤੇ ਮ੍ਹਿੰਦੋ ਨੇ ਹੈਰਾਨ ਹੋ ਕੇ ਪੁੱਛਿਆ ਸੀ-
''ਇਹ ਐਨੀਆਂ ਵੱਡੀਆਂ ਪਰਾਤਾਂ ਕੀ ਕਰਨੀਐ?''
"ਲੈ, ਮ੍ਹਿੰਦੋ ਦੇ ਵਿਆਹ 'ਚ ਦੇਵਾਂਗੇ।'' ਭਗਤ ਸਿੰਘ ਦਾ ਸਾਦਾ ਜਿਹਾ ਜਵਾਬ ਸੁਣ ਕੇ ਮਾਂਵਾਂ ਧੀਆਂ ਕਿੰਨਾ ਚਿਰ ਹੱਸਣੋਂ ਨਹੀਂ ਸਨ ਹਟੀਆਂ।
''ਲੈ ਪਰਾਤਾਂ ਵੀ ਕਦੇ ਦਾਜ 'ਚ ਦੇਈਦੀਆਂ ਹੁੰਦੀਐਂ?'' ਦਿਆਕੁਰ ਨੇ ਕਿਹਾ ਸੀ।
"ਕਿਉਂ ਦੇਣ ਨੂੰ ਕੀ ਐ।  ਮੁੰਡੇ ਆਲੇ ਸੋਚਣਗੇ ਤਾਂ ਸਹੀ ਬਈ ਕਿਸੇ ਸਰਦੇ-ਪੁਜਦੇ ਘਰੋਂ ਆਈ ਐ।  ਸਮਾਨ 'ਚ ਪਈ ਚੀਜ ਦਿਸਣੀ ਵੀ ਤਾਂ ਚਾਹੀਦੀ ਐ?''
ਪਰ ਦਿਆਕੁਰ ਨਾ ਮੰਨੀ।  ਭਗਤ ਸਿੰਘ ਨੇ ਇਹ ਕਹਿ ਕੇ ਗੱਲ ਖਤਮ ਕੀਤੀ ਬਈ ਚਲੋ ਘਰੇ ਕੰਮ ਆਉਣਗੀਆਂ।  ਹੋਰ ਨਹੀਂ 'ਤਾਂ ਵਿਆਹ-ਸਾਹੇ ਵੇਲੇ ਘਰੇ ਲੱਡੂ ਵੱਟਣ ਦੇ ਕੰਮ ਆਉਣਗੀਆਂ।  ਹਲਵਾਈਆਂ ਦੀਆਂ ਮਿੰਨਤਾਂ ਤਾਂ ਨਾ ਕਰਨੀਆਂ ਪੈਣਗੀਆਂ।
''ਜੇ ਜਿਊਂਦੀ ਰਹਿੰਦੀ ਤਾਂ ਹੁਣ ਨੂੰ..।'' ਭਗਤ ਸਿਉਂ ਦੇ ਮੂੰਹੋ ਜਿਵੇਂ ਆਪੇ ਇਹ ਗੱਲ ਨਿਕਲ ਗਈ।
"ਲੈ, ਐਵੇਂ ਤੀਜੇ ਕੁ ਦਿਨ ਮ੍ਹਿੰਦੋ ਨੂੰ ਯਾਦ ਕਰਨ ਬਹਿ ਜਾਂਦੈ।  ਬੰਦੇ ਦੇ ਕੋਈ ਵੱਸ ਦੀ ਗੱਲ ਐ।  ਜੀਹਦੀ ਚੀਜ ਸੀ ਉਹ ਲੈ ਗਿਆ ਆਪਣੇ ਹੱਥ-ਵੱਸ ਕੀ ਐ ਹੁਣ!" ਦਿਆਕੁਰ ਨੇ ਕਿਹਾ।
ਪਰ ਭਗਤ ਸਿੰਘ ਆਪਣੀ ਉਸ ਮ੍ਹਿੰਦੀ-ਛਿੰਦੀ ਧੀ ਨੂੰ ਕਦੇ ਨਾ ਭੁਲਾ ਸਕਿਆ।
''ਧੀਆਂ ਵੱਡੀਆਂ ਹੋ ਕੇ ਸੌ ਸੁਖ ਦਿੰਦੀਐਂ।  ਮਾੜਾ ਜਿਆ ਸਨੇਹਾ ਮਿਲਣ ਦੀ ਦੇਰ ਹੁੰਦੀ ਐ ਫੋਰਾ ਨੀ ਲਾਉਂਦੀਆਂ, ਰਤਾ ਨੀ ਅਟਕਦੀਆਂ।  ਸਹੁਰਿਆਂ ਤੋਂ ਵੀ ਭੱਜੀਆਂ ਆਉਂਦੀਐ। ਪੁੱਤਾਂ ਨੇ ਕੀ ਤਾਰ ਦੇਣੈਂ।  ਜਾਨ ਦਾ ਖੌਅ ਬਣ ਜਾਂਦੇ ਐ।  ਅਗੋਂ ਮਾਪੇ-ਕੁਮਾਪੇ ਪਰਖਦੇ ਐ।  ਰੱਬ ਦੀਆਂ ਰੱਬ ਈ ਜਾਣੇ।  ਹੇ ਵਾਹਿਗੁਰੂ ਬਖਸ਼ ਲੀਂ।''
ਗੁਰਨੇਕ ਭਗਤ ਸਿੰਘ ਤੇ ਦਿਆਕੁਰ ਦੀਆਂ ਇਹ ਗੱਲਾਂ ਸ਼ੁਰੂ ਹੋਣ ਵੇਲੇ ਈ ਚੁਬਾਰੇ ਜਾ ਚੜ੍ਹਿਆ ਸੀ।  ਗੁਰਨੇਕ ਉਂਜ ਅੰਦਰੋਂ ਖੁਸ਼ ਸੀ ਕਿ ਜਿਵੇਂ ਉਹ ਚਾਹੁੰਦਾ ਸੀ ਓਹੀ ਹੋ ਰਿਹਾ ਸੀ।  ਮਾਂ ਪਿਓ ਵੀ ਉਹੋ ਕੁਝ ਕਰਨ ਨੂੰ ਤਿਆਰ ਸਨ ਭਾਵੇਂ ਔਖੇ ਬਹੁਤ ਸਨ।  ਕਦੇ ਕਦੇ ਵਿਹੜੇ 'ਚ ਖੇਡਦੇ ਚਰਨੀ ਨੂੰ ਉਹ ਮੱਤਾਂ ਦੇਣ ਲੱਗ ਪੈਂਦਾ-
''ਓਏ ਪੜ੍ਹ ਲੈ ਚਾਰ ਅੱਖਰ ਕੰਮ ਆਉਣਗੇ।''
ਚਰਨਜੀਤ ਦੇ ਛੋਟੇ ਮਨ ਨੂੰ ਹੈਰਾਨੀ ਹੁੰਦੀ।  ਘਰ ਵਿਚ ਜੋ ਕੁਝ ਵਾਪਰ ਰਿਹਾ ਸੀ ਉਹਦਾ ਨਿੱਕਾ ਸੁਚੇਤ ਮਨ ਮੰਨਣ ਨੂੰ ਜਿਵੇਂ ਤਿਆਰ ਨਹੀਂ ਸੀ।  ਕਿਧਰੇ ਕੋਈ ਗੜਬੜ ਜ਼ਰੂਰ ਸੀ।  ਉਹਦੀ ਆਪਣੀ ਜੁੱਤੀ ਗੁਆਚੀ ਨੂੰ ਤਾਂ ਮਹੀਨਾ ਹੋ ਗਿਆ ਸੀ।  ਬੁੱਧੂ ਅਜੇ ਤਕ ਨਵੀਂ ਜੁੱਤੀ ਵੀ ਨਹੀਂ ਸੀ ਬਣਾ ਕੇ ਲਿਆਇਆ।  ਮਘੋਰਿਆਂ ਆਲੇ ਫਲੀਟ ਉਹਨੂੰ ਪਾਉਣੇ ਪੈਂਦੇ।  ਤੱਤੇ ਰੇਤੇ ਨਾਲ ਪੈਰ ਭੁੱਜ ਕੇ ਖਿੱਲਾਂ ਹੋ ਜਾਂਦੇ।  ਦੂਜੇ ਪਾਸੇ ਗੁਰਨੇਕ ਲਈ ਘਰ 'ਚ ਕਰੇਪਸੋਲ ਦੇ ਬੂਟ  ਖਰੀਦਣ ਦੀਆਂ ਸਲਾਹਾਂ ਹੋ ਰਹੀਆਂ ਸਨ।  ਉਹਨੂੰ ਕਦੇ-ਕਦੇ ਬੜੀ ਖਿਝ ਆਉਂਦੀ।  ਪਰ ਉਹਨੂੰ ਪਤਾ ਸੀ ਕਿ ਉਹਦੀ ਕਿਸੇ ਨੇ ਨਹੀਂ ਸੁਣਨੀ।  ਸੋ ਉਹ ਅੰਦਰੇ-ਅੰਦਰ ਸੜਦਾ-ਭੁਜਦਾ ਸਬਰ ਕਰ ਲੈਂਦਾ।  ਉਂਜ ਪੜ੍ਹਨ 'ਚ ਉਹ ਬਹੁਤ ਹੁਸ਼ਿਆਰ ਸੀ।  ਪਹਿਲੇ ਤਿੰਨ ਚਾਰ ਮੁੰਡਿਆਂ 'ਚ ਈ ਰਹਿੰਦਾ।  ਉਹਨੇ ਗੁਆਂਢੀਆਂ ਦੇ ਮੁੰਡੇ ਮਹਾਂਵੀਰ ਨਾਲ ਆੜੀ ਪਾ ਲਈ ਸੀ।  ਉਹਨਾਂ ਦੇ ਗੁਆਂਢ ਕਈ ਘਰ ਪਿੱਛੋਂ ਰਾਜਸਥਾਨ 'ਚੋਂ ਆਏ ਬਾਣੀਆਂ ਦੇ ਸਨ ਜਿਹੜੇ ਅਕਸਰ ਗੁੜ-ਸ਼ੱਕਰ ਦੀਆਂ ਦੁਕਾਨਾਂ ਕਰਦੇ ਹੁੰਦੇ।  ਉਹਨਾਂ ਨੂੰ ਏਧਰਲੇ ਲੋਕ ਗਡੋਡੂ ਆਖਦੇ ਹੁੰਦੇ।  ਮਹਾਂਵੀਰ ਗਡੋਡੂਆਂ ਦਾ ਮੁੰਡਾ ਸੀ।  ਉਹ ਹਿਸਾਬ ਦੇ ਸੁਆਲ ਝੱਟ ਕੱਢ ਲੈਂਦਾ।  ਚਰਨੀ ਵੀ ਉਸ ਨਾਲ ਬਹਿ ਕੇ ਸਕੂਲ ਦਾ ਕੰਮ ਕਰਦਾ ਅਤੇ ਉਹਤੋਂ ਸਵਾਲ ਵੀ ਸਮਝਦਾ ਰਹਿੰਦਾ।  ਮਹਾਂਵੀਰ ਬਹੁਤ ਹੁਸ਼ਿਆਰ ਸੀ ਪੜਾਈ ਵਿਚ।  ਹਿਸਾਬ ਦੇ ਸਬਜੈਕਟ ਵਿਚ ਤਾਂ ਉਹ ਕਿਸੇ ਨੂੰ ਮੂਹਰੇ ਨਾ ਆਉਣ ਦਿੰਦਾ।  ਚਰਨੀ ਵੀ ਉਹਦੇ ਨਾਲ ਈ ਮਿੱਕਣ ਦੀ ਕੋਸ਼ਿਸ਼ ਕਰਦਾ ਪਰ ਹਿਸਾਬ ਦਾ ਸਬਜੈਕਟ ਉਹਨੂੰ ਔਖਾ ਲਗਦਾ।  ਕਦੇ ਉਹ ਮਹਾਂਬੀਰ ਕੀ ਹੱਟੀ 'ਤੇ ਬਹਿ ਕੇ ਪੜ੍ਹਦੇ ਤੇ ਕਦੇ ਭਗਤ ਸਿੰਘ ਹੋਰਾਂ ਦੇ ਚੁਬਾਰੇ ਵਿਚ ਪਰ ਉਦੋਂ ਜਦੋਂ ਗੁਰਨੇਕ ਬਾਹਰ-ਅੰਦਰ ਗਿਆ ਹੁੰਦਾ।  ਭਗਤ ਸਿੰਘ ਨੇ ਕੁਝ ਕੁ ਸਾਲਾਂ 'ਚ ਦੋ ਚੁਬਾਰੇ ਛੱਤ ਲਏ ਸਨ।  ਇਕ ਛੋਟਾ ਸੀ ਦੂਜਾ ਵੱਡਾ ਸੀ ਤੇ ਜ਼ਿਆਦਾ ਹਵਾਦਾਰ ਵੀ ਕਿਉਂਕਿ ਉਹਦੇ ਵਿਚ ਕਈ ਖਿੜਕੀਆਂ ਸਨ ਤੇ ਹਵਾਦਾਰ ਹੋਣ ਕਰਕੇ ਚਰਨੀ ਨੂੰ ਓਸ ਚੁਬਾਰੇ ਵਿਚ ਬਹਿ ਕੇ ਪੜਨਾ ਚੰਗਾ ਲਗਦਾ।  ਪਰ ਗੁਰਨੇਕ ਨੇ ਓਥੇ ਆਪਣਾ ਇਕ ਪੱਕਾ ਮੰਜਾ ਡਾਹ ਰੱਖਿਆ ਸੀ।
ਅੱਜ ਫੇਰ ਚਰਨੀ ਦੇ ਕੰਨੀਂ ਵਲੇਲ ਪਈ।  ਉਹਦੇ ਮਾਂ ਪਿਓ ਨੇਕ ਦੇ ਵਿਆਹ ਬਾਰੇ ਗੱਲਾਂ ਕਰ ਰਹੇ ਸਨ।
''ਉਹ ਪਰੋਜਪੁਰ ਆਲੇ ਦੋ ਸਨੇਹੇ ਭੇਜ ਚੁੱਕੇ ਐ..।'' ਭਗਤ ਸਿਉਂ ਨੇ ਦਿਆਕੁਰ ਕੋਲੇ ਗੱਲ ਛੇੜੀ ਸੀ।
''ਪਹਿਲਾਂ ਇਹਨੂੰ ਠੀਕ ਤਾਂ ਹੋ ਲੈਣ ਦੀਏ।  ਵਿਆਹ ਨੂੰ ਕਿਹੜਾ ਇਹਦੀ ਉਮਰ ਨੰਘ ਚੱਲੀ ਐ।  ਐਡੇ ਵੱਡੇ ਖਰਚੇ ਕਿਹੜੇ ਇਕੋ ਦਿਨ 'ਚ ਹੋ ਜਾਣੇ ਐਂ।  ਉਹ ਰੋਜ ਮੇਰਾ ਸਿਰ ਖਾਂਦੈ, ਉਹਨੂੰ ਉਹ ਜਿਹੜੇ ਬੂਟ-ਬਾਟ ਜੇ ਉਹ ਮੰਗਦੈ ਲੈ ਕੇ ਪਰਾਂ ਕਰ।''
''ਮੈਂ ਚਰੰਜੀ ਦੀ ਦੁਕਾਨ ਤੋਂ ਪਤਾ ਕੀਤਾ ਸੀ।  ਪੂਰੇ ਚਾਲ੍ਹੀਆਂ ਦੇ ਐ।  ਕਲ੍ਹ ਪਰਸੋਂ ਨੂੰ ਜਾ ਕੇ ਲੈ ਆਵਾਂਗੇ।'' ਭਗਤ ਸਿੰਘ ਨੇ ਸੋਚ ਕੇ ਜਵਾਬ ਦਿੱਤਾ।
ਚਰਨੀ ਨੇ ਮੌਕਾ ਦੇਖ ਕੇ, ਖੇਡ ਵਿਚੇ ਛੱਡ ਕੇ, ਆਪਣੇ ਬਾਪੂ ਦੇ ਪਿੱਛੋਂ ਦੀ ਆ ਕੇ ਉਹਦੀ ਧੌਣ ਦੁਆਲੇ ਬਾਹਾਂ ਪਾ ਕੇ ਜੱਫੀ ਪਾ ਲਈ।  ਭਗਤ ਸਿਉਂ ਨੂੰ ਉਹਦਾ ਇਹ ਲਾਡ ਚੰਗਾ ਲਗਦਾ ਸੀ।
''ਓਏ ਮੇਰਾ ਗਲ਼ ਘੁੱਟਿਆ ਜਾਊ..।'' ਉਹਨੇ ਐਵੇਂ ਈ ਕਿਹਾ।
''ਬਾਪੂ ਜੀ ਮੈਨੂੰ ਵੀ ਲੈ ਦਿਓ ਬੂਟ।'' ਚਰਨੀ ਨੇ ਬੜੇ ਪਿਆਰ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ।
''ਪੁੱਤ ਤੇਰੀ ਜੁੱਤੀ ਤਾਂ ਆਈ ਲੈ।  ਬੁੱਧੂ ਬੱਸ ਅਜ-ਭਲਕ ਆਇਆ ਖੜੈ।''
ਚਰਨੀ ਢਿੱਲਾ ਜਿਆ ਮੂੰਹ ਕਰਕੇ ਸੋਚਣ ਲੱਗ ਪਿਆ-''ਉਹਨੂੰ ਤਾਂ ਕਰੇਪਸੋਲ ਦੇ ਚਾਲ੍ਹੀਆਂ ਦੇ ਬੂਟ ਤੇ ਮੈਨੂੰ...।''
''ਚਲ ਫੇਰ ਇਕ ਆਨਾ ਈ ਦੇ ਦੇ।'' ਚਰਨੀ ਨੇ ਹਾਰ ਮੰਨਦਿਆਂ ਜਾਂਦੇ ਚੋਰ ਦੀ ਲੰਗੋਟੀ ਨੂੰ ਹੱਥ ਪਾਉਣਾ ਚਾਹਿਆ।
''ਆਨਾ ਦੇ ਕੇ ਤਾਂ ਮੈਂ ਇਕ ਅੱਖੋਂ ਕਾਣਾ ਹੋ ਜੂੰ।'' ਭਗਤ ਸਿਉਂ ਨੇ ਸ਼ਰਾਰਤੀ ਜਿਹਾ ਜਵਾਬ ਦਿੱਤਾ।
''ਨਹੀਂ, ਅੱਖ ਆਲਾ ਆਨਾ ਨੀ।  ਦੂਜਾ...।''
''ਦੂਜਾ ਕਿਹੜਾ ਬਈ? ਆਪਣੀਆਂ ਅੱਖਾਂ 'ਚ ਤਾਂ ਰੱਬ ਨੇ ਦੋ ਆਨੇ ਈ ਦਿੱਤੇ ਐ ਨਾ!''
''ਊਂ-ਹੂੰ।  ਮੈਂ ਨੀਂ-।  ਓਹ ਕਿੰਗਰਿਆਂ ਆਲਾ ਆਨਾ-ਪੈਸਿਆਂ ਆਲਾ..।''
''ਪੈਸਿਆਂ ਆਲੇ ਤਾਂ ਪੈਸੇ ਹੁੰਦੇ ਐ।  ਮੋਰੀ ਆਲੇ, ਡੱਬਲੀ...।''
''ਤੇ ਹੋਰ ਧਿਆਨੀਆਂ, ਆਨੇ, ਦੁਆਨੀਆਂ ਕਿੱਧਰ ਗਏ?''
ਦਿਆਕੁਰ ਥੋੜਾ ਚਿਰ ਤਾਂ ਸੁਣਦੀ ਰਹਿੰਦੀ ਫੇਰ ਚਰਨੀ ਵੱਲ ਮੋਹ ਨਾਲ ਝਾਕਦਿਆਂ ਕਹਿੰਦੀ-
''ਕਿਉਂ ਸਤਾਉਂਦਾ ਹੁੰਨੈ ਜੁਆਕ ਨੂੰ।  ਵਿਚਾਰੇ ਨੂੰ ਇਕ ਆਨਾ ਦੇ ਪਰ੍ਹਾਂ ਉਹਦਾ ਮਿੱਠੀਆਂ ਗੋਲੀਆਂ ਖਾਣ ਨੂੰ ਜੀ ਕਰਦਾ ਹੋਊ।''
ਭਗਤ ਸਿਉਂ ਖਾਸੇ ਚਿਰ ਪਿੱਛੋਂ ਚਰਨੀ ਨੂੰ ਆਨਾ ਜਾਂ ਅਧਿਆਨੀ ਦਿੰਦਾ।
ਦੋ ਕੁ ਦਿਨਾਂ ਪਿੱਛੋਂ ਗੁਰਨੇਕ ਦੇ ਕਰੇਪਸੋਲ ਦੇ ਬੂਟ ਵੀ ਆ ਗਏ। ਬੂਟਾਂ ਦਾ ਚਮੜਾ ਬੜਾ ਮੁਲਾਇਮ ਤੇ ਪਤਲਾ ਸੀ।  ਬਾਹਰੋਂ ਇਉਂ ਲਗਦੇ ਸਨ ਜਿਵੇਂ ਖੱਲ ਪੁੱਠੀ ਕਰਕੇ ਸਿਉਂਤੇ ਹੋਣ।  ਉੱਤੋਂ ਚਮਕਦੇ ਨਹੀਂ ਸਨ ਸਗੋਂ ਖੁਰਦਰੇ ਜਿਹੇ ਸਨ।  ਗੁਰਨੇਕ ਦਾ ਕਹਿਣਾ ਸੀ ਕਿ ਇਹਨਾਂ ਨੂੰ ਪਾਲਿਸ਼ ਕਰਨ ਦੀ ਕਦੇ ਲੋੜ ਨਹੀਂ ਪੈਂਦੀ।  ਬੂਟਾਂ ਦੇ ਤਲ਼ੇ ਮਟਮੈਲੀ ਜਿਹੀ ਰਬੜ (ਕਰੇਪਸੋਲ) ਦੇ ਬਣੇ ਹੋਏ ਸਨ ਤੇ ਬੜੇ ਨਰਮ ਸਨ।  ਉਹਨਾਂ ਨੂੰ ਉਂਗਲ ਨਾਲ ਦਬਾਇਆਂ, ਵਿਚ ਉਂਗਲ ਖੁੱਭ ਜਾਂਦੀ।  ਉੱਤੋਂ ਉਹ ਖੁਰਦਰੇ ਜਿਹੇ ਸਨ-ਨਿੱਕੇ ਨਿੱਕੇ ਉੱਚੇ ਨੀਵੇਂ ਟੋਏ ਜਿਹੇ ਪਏ ਹੋਏ ਸਨ।  ਅੱਡੀ ਵਾਲੀ ਥਾਂ ਉੱਚੀ ਨਹੀਂ ਸੀ।  ਸਾਰਾ ਤਲ਼ਾ ਇਕ-ਸਾਰ ਈ ਸੀ।  ਗੁਰਨੇਕ ਦਿਨ 'ਚ ਕਈ ਵਾਰੀ ਉਹਨਾਂ ਨੂੰ ਇਕ ਖਾਸ ਉਹਨਾਂ ਲਈ ਰੱਖੀ ਲੀਰ ਨਾਲ ਥੱਲਿਓਂ ਉੱਤੋਂ ਸਾਫ ਕਰਦਾ ਰਹਿੰਦਾ।  ਉਹਨਾਂ ਨੂੰ ਉਲਟ-ਪਲਟ ਦੇ ਦੇਖਦਾ ਵੀ ਰਹਿੰਦਾ।  ਇਉਂ ਕਰਦਾ ਗੁਰਨੇਕ, ਚਰਨੀ ਨੂੰ ਵਿਹੁ ਵਰਗਾ ਲਗਦਾ।  ਉਹ ਸੋਚਦਾ- ''ਆਪ ਤਾਂ ਪੜਾਈ ਛੱਡ 'ਤੀ ਤੇ ਮੈਨੂੰ ਮੱਤਾਂ।  ਮੇਰੇ ਪੈਰੀਂ ਜੁੱਤੀ ਨੀ ਤੇ ਜਨਾਬ ਦੇ ਕਰੇਪਸੋਲ ਦੇ ਬੂਟ।  ਹੁਣ ਤਾਂ ਖੰਘ ਆਉਣੋਂ ਵੀ ਹਟ-ਗੀ ਪਰ ਪਹਾੜ ਤੇ ਜਾਣ ਦੀਆਂ ਤਿਆਰੀ ਐਂ?' ਉਹ ਆਪਣੀਆਂ ਛੋਟੀਆਂ ਸੋਚਾਂ ਵਿਚ ਗੁਆਚ ਕੇ ਕਿਸੇ ਹਮ-ਉਮਰ ਨਾਲ ਖੇਡਣ ਜਾ ਲਗਦਾ।
ਗੁਰਨੇਕ ਬਿਮਾਰੀ ਦਾ ਬਹਾਨਾ ਲਾ ਕੇ ਸਾਰਾ ਦਿਨ ਵੱਡੇ ਚੁਬਾਰੇ ਵਿਚ ਬੈਠਾ ਅਲਮਾਰੀ ਵਿਚੋਂ ਕੱਢ ਕੇ ਕਿੱਸੇ ਕਹਾਣੀਆਂ ਪੜ੍ਹਦਾ ਰਹਿੰਦਾ।  ਭਗਤ ਸਿੰਘ ਨੂੰ ਜਿੱਥੇ ਇਕ ਪਾਸੇ ਗੁਰਬਾਣੀ ਦਾ ਸਤਿਕਾਰ ਸੀ ਦੂਜੇ ਪਾਸੇ ਉਹਨੂੰ ਪੁਰਾਣੇ ਸਮੇਂ ਦਾ ਸਾਹਿਤ ਪੜਨ ਦਾ ਵੀ ਸ਼ੌਕ ਸੀ।  ਉਹਨੇ ਕਈ ਕਿੱਸੇ-ਕਿਤਾਬਾਂ ਜਿਵੇਂ ਹੀਰ-ਰਾਂਝਾ, ਸੱਸੀ ਪੁਨੂੰ, ਮਿਰਜ਼ਾ-ਸਾਹਿਬਾਂ, ਸੋਹਣੀ-ਮਹੀਵਾਲ, ਯੂਸਫ-ਜ਼ੁਲੈਖਾਂ ਵਾਰਾਂ ਭਾਈ ਗੁਰਦਾਸ, ਗ੍ਰੰਥਾਂ ਦੇ ਟੀਕੇ, ਸਾਂਈਂ ਬੁੱਲ੍ਹੇ ਸ਼ਾਹ ਅਤੇ ਹੋਰ ਬੜੀਆਂ ਕਿਤਾਬਾਂ ਵੱਡੇ ਚੁਬਾਰੇ ਦੀ ਅਲਮਾਰੀ ਵਿਚ ਸਾਂਭ ਰਖੀਆਂ ਸਨ।  ਉਹ ਸਭ ਪੜ੍ਹ ਚੁੱਕਾ ਸੀ।  ਗੁਰਨੇਕ ਵੀ ਅਜਕਲ੍ਹ ਕਿੱਸੇ-ਕਿਤਾਬਾਂ ਪੜ੍ਹਦਾ ਰਹਿੰਦਾ।  ਕਿਸੇ ਚੀਜ਼ ਦੀ ਲੋੜ ਪੈਣ ਤੇ ਉਹ ਚਰਨੀ ਨੂੰ ਉੱਤੋਂ ਈ ਆਵਾਜ਼ ਮਾਰਦਾ ਅਤੇ ਉਹਨੂੰ ਕੁਝ ਨਾ ਕੁਝ ਕਦੇ ਬਜ਼ਾਰੋਂ ਜਾਂ ਕਦੇ ਕਿਸੇ ਦੇ ਘਰੋਂ ਲਿਆਉਣ ਲਈ ਭਜਾਈ ਰਖਦਾ।  ਗੁਰਨੇਕ  ਨੂੰ ਅੱਜ ਕੱਲ੍ਹ ਆਪਣੇ ਰਿਸ਼ਤੇਦਾਰਾਂ ਤੇ ਯਾਰਾਂ ਦੋਸਤਾਂ ਨੂੰ ਚਿੱਠੀਆਂ ਲਿਖਣ ਦਾ ਨਵਾਂ ਸ਼ੌਕ ਵੀ ਜਾਗ ਪਿਆ ਸੀ।  ਦਿਨ ਵਿਚ ਇਕ ਦੋ ਗੇੜੇ ਡਾਕਖਾਨੇ ਦੇ ਚਰਨੀ ਨੂੰ ਜ਼ਰੂਰ ਲਾਉਣੇ ਪੈਂਦੇ।  ਕਦੇ ਪੋਸਟ ਕਾਰਡ ਖਰੀਦਣ ਲਈ ਤੇ ਕਦੇ ਲਿਖੇ ਹੋਏ ਪੋਸਟ ਕਾਰਡ ਡਾਕਖਾਨੇ ਦੇ ਮੂਹਰਲੇ ਡੱਬੇ ਵਿਚ ਪੌਣ ਲਈ।
ਗੁਰਨੇਕ ਆਥਣ-ਸਵੇਰ ਕਦੇ ਕਦੇ ਆਪਣੇ ਪੁਰਾਣੇ ਜਮਾਤੀ ਦੇਸ ਰਾਜ ਨਾਲ ਬਾਹਰ ਤੁਰਨ ਫਿਰਨ ਚਲਾ ਜਾਂਦਾ।  ਦੇਸ ਹੁਣ ਨੌਵੀਂ 'ਚ ਪੜ੍ਹਨ ਲੱਗ ਪਿਆ ਸੀ।  ਦੋਹਾਂ ਦੀ ਦੋਸਤੀ ਅਜੇ ਵੀ ਕਾਇਮ ਸੀ।  ਗੁਰਨੇਕ ਦੇਸ ਨੂੰ ਪੜ੍ਹਨ ਲਈ ਕਦੇ-ਕਦਾਈਂ ਕੋਈ ਕਿੱਸਾ-ਕਹਾਣੀ ਦੇ ਦਿੰਦਾ।  ਦੇਸ ਨੇ ਇਕ ਦਿਨ ਉਹਨੂੰ ਇਕ ਕਿਤਾਬ ਖਾਕੀ ਲਿਫਾਫੇ ਵਿਚ ਪਾ ਕੇ ਦਿੱਤੀ ਤੇ ਕਿਹਾ-
"ਇਹਨੂੰ ਘਰੇ ਜਾ ਕੇ, 'ਕੱਲਾ ਬਹਿ ਕੇ ਦੇਖੀਂ।''
ਗੁਰਨੇਕ ਨੇ ਚੁਬਾਰੇ ਵਿਚ ਜਾਣ ਸਾਰ ਜਦੋਂ ਲਿਫਾਫਾ ਖੋਹਲਿਆ ਤੇ ਉਸ ਵਿਚੋਂ ਕਿਤਾਬ ਕੱਢ ਕੇ ਜਦੋਂ ਵਿਚਾਲਿਓਂ ਜਿਉਂ ਖੋਹਲੀ ਤਾਂ ਉਹਦੇ ਸਰੀਰ ਵਿਚੋਂ ਜਿਵੇਂ ਚੰਗਿਆੜੇ ਜਿਹੇ ਨਿਕਲਣ ਲੱਗ ਪਏ।  ਉਹ ਬੁਹਤਾ ਚਿਰ ਕਿਤਾਬ ਵਿਚ ਬਣੀਆਂ ਮੂਰਤਾਂ ਨੂੰ ਨਾ ਦੇਖ ਸਕਿਆ ਤੇ ਉਹਨੇ ਕਿਸੇ ਦੇ ਆਉਣ ਦੇ ਡਰੋਂ ਉਹ ਕਿਤਾਬ ਅਲਮਾਰੀ ਵਿਚ ਰੱਖੀਆਂ ਕਿਤਾਬਾਂ ਦੇ ਉਤਲੇ ਖਾਨੇ ਵਿਚ ਲੁਕੋ ਦਿੱਤੀ।
ਦੇਸ ਨੇ ਨੇਕ ਦੀ ਕੋਈ ਦੋ ਕੁ ਹੋਰ ਮੁੰਡਿਆਂ ਨਾਲ ਵੀ ਮੁਲਾਕਾਤ ਕਰਾਈ।  ਉਹ ਮੁੰਡੇ ਹਿੰਦੀ ਸਕੂਲ ਵਿਚ ਪੜ੍ਹਦੇ ਸਨ ਤੇ ਉਹਨਾਂ ਨੇ ਦੇਸ ਨੂੰ ਤੇ ਨੇਕ ਨੂੰ ਸ਼ਾਮ ਨੂੰ ਡਿੱਗੀ ਵਾਲੀ ਬਗੀਚੀ ਵਿਚ ਪੰਜ ਵਜੇ ਮਿਲਣ ਲਈ ਕਿਹਾ ਤੇ ਦੱਸਿਆ ਕਿ ਉਥੇ ਕਈ ਤਰਾਂ ਦੀਆਂ ਖੇਡਾਂ ਉਹ ਖੇਡਦੇ ਹੁੰਦੇ ਸਨ।  ਜਦੋਂ ਉਸ ਦਿਨ ਸ਼ਾਮ ਨੂੰ ਉਹ ਦੋਵੇਂ ਬਗੀਚੀ ਵਿਚ ਗਏ ਤਾਂ ਉਥੇ ਸੱਤ ਅੱਠ ਮੁੰਡੇ ਅੱਧੀਆਂ ਬਾਹਾਂ ਵਾਲੀਆਂ ਕਮੀਜ਼ਾਂ ਅਤੇ ਵੱਡੇ ਵੱਡੇ ਪੌਂਚਿਆਂ ਵਾਲੀਆਂ ਖਾਕੀ ਨੀਕਰਾਂ ਪਾਈ, ਇਕ ਲਾਈਨ ਵਿਚ ਖੜ੍ਹੇ ਸਨ।  ਉਹਨਾਂ ਦੋਹਾਂ ਨੂੰ ਦੇਖਦਿਆਂ ਹੀ ਤਕੜੇ ਤੇ ਲੰਮੇ ਜਿਹੇ ਮੁੰਡੇ ਨੇ ਜਿਸ ਦਾ ਨਾਂ ਜਗਨ ਸੀ ਕਿਹਾ, ''ਆਈਏ, ਹਮ ਹਮਾਰੇ ਸੰਘ ਮੇਂ ਆਪ ਕਾ ਸਵਾਗਤ ਕਰਤੇ ਹੈਂ।'' ਉਹ ਦੋਵੇਂ ਚੁੱਪ ਰਹੇ।  ਦੇਸ ਨੇ ਕਿਹਾ ਕਿ ਪਹਿਲੇ ਦਿਨ ਉਹ ਉਹਨਾਂ ਨੂੰ ਖੇਡਦਿਆਂ ਨੂੰ ਹੀ ਦੇਖਣਗੇ।  ਅਤੇ ਉਹ ਇਕ ਪਾਸੇ ਜਿਹੇ ਹੋ ਕੇ ਖੜ੍ਹ ਗਏ।
ਖਾਕੀ ਨਿੱਕਰਾਂ ਵਾਲਿਆਂ ਨੇ ਇਕ ਲਾਈਨ ਬਣਾਈ ਤੇ ਜਗਨ ਉਹਨਾਂ ਦੇ ਸਾਹਮਣੇ ਹੋ ਕੇ ਖੜ੍ਹ ਗਿਆ।  ਸਾਰਿਆਂ ਨੇ ਆਪਣੇ ਸੱਜੇ ਹੱਥ ਹਿੱਕ ਨਾਲ ਲਾਏ।  ਹੱਥਾਂ ਦੀਆਂ ਹਥੇਲੀਆਂ ਹੇਠਾਂ ਵੱਲ ਕੀਤੀਆਂ ਅਤੇ ਕੋਈ ਗੀਤ ਜਿਹਾ ਗਾਇਆ।  ਉਸ ਪਿਛੋਂ ਇਕ ਪਾਸੇ ਪਈਆਂ ਕੁਝ ਡਾਂਗਾਂ ਵਿਚੋਂ ਸਭ ਨੇ ਇਕ-ਇਕ ਡਾਂਗ ਚੁੱਕ ਲਈ।  ਡਾਂਗਾਂ ਦੀ ਲੰਬਾਈ ਉਨਾਂ ਦੇ ਮੋਢਿਆਂ ਤੋਂ ਥੋੜੀ ਘੱਟ ਸੀ।  ਸਿਰਫ ਇਕ ਈ ਮੁੰਡਾ ਮਧਰੇ ਜਿਹੇ ਕੱਦ ਦਾ ਸੀ ਜਿਸ ਦੇ ਕੰਨ ਤਕ ਡਾਂਗ ਦਾ ਸਿਰਾ ਪਹੁੰਚਦਾ ਸੀ।  ਜਗਨ ਨੇ ਡਾਂਗ ਨੂੰ ਆਪਣੇ ਸਰੀਰ ਦੇ ਆਲੇ-ਦੁਆਲੇ ਘੁਮਾਉਂਦਿਆਂ ਹਰਕਤਾਂ ਕਰਕੇ ਦਿਖਾਈਆਂ ਤੇ ਸਭ ਨੂੰ ਕਿਹਾ ਕਿ ਉਹ ਵੀ ਵਾਰੀ-ਵਾਰੀ ਓਵੇਂ ਜਿਵੇਂ ਹੀ ਕਰਨ, ਜਿਵੇਂ ਉਸ ਨੇ ਕੀਤਾ ਸੀ।  ਉਹਨੇ ਦੋ ਤਿੰਨ ਵਾਰੀ ਫੇਰ ਹਰਕਤਾਂ ਦੁਹਰਾਈਆਂ ਤੇ ਬਾਕੀਆਂ ਨੇ ਵੀ ਉਸ ਵਾਂਗ ਕੋਸ਼ਿਸ਼ ਕੀਤੀ।  ਜਿਸ ਨੂੰ ਠੀਕ ਤਰਾਂ ਨਾ ਕਰਨਾਂ ਆਇਆ ਉਸ ਨੂੰ ਉਹਨੇ ਹੌਲੀ ਹੌਲੀ ਦੁਬਾਰਾ ਸਮਝਾਇਆ।
ਉਸ ਪਿੱਛੋਂ ਉਹਨਾਂ ਨੇ ਖੋ-ਖੋ ਖੇਡਣੀ ਸੀ।  ਉਸ ਖੇਡ ਲਈ ਉਸ ਨੇ ਨੇਕ ਅਤੇ ਦੇਸ ਨੂੰ ਵੀ ਬੁਲਾਇਆ ਤੇ ਦੱਸਿਆ ਕਿ ਖੋ-ਖੋ ਕਿਵੇਂ ਖੇਡੀ ਜਾਂਦੀ ਹੈ।  ਨੇਕ ਨੂੰ ਉਹ ਕਾਫੀ ਤੇਜ਼ ਖੇਡ ਲੱਗੀ।  ਉਹ ਨੂੰ ਬਹਿ ਕੇ ਇਕ ਦਮ ਭੱਜਣਾ ਔਖਾ ਲਗਦਾ ਸੀ ਤੇ ਫੇਰ ਉਸ ਪਿੱਛੋਂ ਤੇਜ ਭਜਦੇ ਮੁੰਡਿਆਂ ਨੂੰ ਫੜਨਾ ਵੀ ਔਖਾ ਲਗਦਾ ਸੀ।  ਖਾਸ ਕਰ ਜਦੋਂ ਭੱਜਣ ਵਾਲਾ ਮੁੰਡਾ ਬੈਠੇ ਮੁੰਡਿਆਂ ਦੀ ਕਤਾਰ ਵਿਚੋਂ ਏਧਰ ਓਧਰ ਭੱਜ ਕੇ ਨਿਕਲ ਜਾਂਦਾ।  ਕੋਈ ਘੰਟੇ ਕੁ ਮਗਰੋਂ ਛੁੱਟੀ ਕਰਨ ਵੇਲੇ ਜਗਨ ਨੇ ਉਹਨਾਂ ਨੂੰ ਕਿਹਾ-
''ਹਮ ਬਹੁਤ ਪ੍ਰਾਤੈ ਭ੍ਰਮਣ ਕਰਨੇ ਬੜੀ ਨਹਿਰ ਕੇ ਛੋਰ ਪਰ ਜਾਇਆ ਕਰਤੇ ਹੈਂ ਕਿਆ ਆਪ ਹਮਾਰੇ ਸਾਥ ਪ੍ਰਤੀ ਦਿਨ ਭ੍ਰਮਣ ਕਰਨਾ ਚਾਹੋਗੇ?'' ਸੰਗਦਿਆਂ ਦੋਹਾਂ ਨੇ ਹਾਂ ਕਰ ਦਿੱਤੀ।  ਗੁਰਨੇਕ ਨੂੰ ਜਗਨ ਔਖੀ ਜਿਹੀ ਹਿੰਦੀ ਬੋਲਦਾ ਕੁਝ ਚੰਗਾ ਜਿਹਾ ਨਾ ਲੱਗਿਆ।
ਅਗਲੀ ਸਵੇਰ ਜਗਨ ਤੇ ਉਹਦੇ ਦੋਸਤ ਮੂੰਹ ਹਨੇਰੇ ਈ ਗਲੀ ਵਿਚ ਖੜ੍ਹ ਕੇ ਆਵਾਜ਼ਾਂ ਮਾਰਨ ਲੱਗ ਪਏ-
''ਗੁਰਨੇਕ ਸਿੰਘ ਜੀ।  ਚਲੀਏ ਉਠ ਜਾਈਏ।  ਪ੍ਰਾਤੈ ਹੋ ਚੁਕੀ ਹੈ।''
''ਗੁਰਨੇਕ ਸਿੰਘ ਜੀ...।''
''ਗੁਰਨੇਕ ਜੀ...।''
ਗੁਰਨੇਕ ਗੂੜੀ ਨੀਂਦ ਵਿਚ ਸੁੱਤਾ ਪਿਆ ਸੀ।  ਉਹਦਾ ਭੋਰਾ ਭਰ ਵੀ ਜੀ ਨਹੀਂ ਸੀ ਕਰਦਾ ਕਿ ਉਹ ਝੱਟ ਉਠ ਕੇ ਉਹਨਾਂ ਨਾਲ ਤੁਰ ਪਵੇ ਪਰ ਕਿਉਂਕਿ ਵਾਅਦਾ ਕਰ ਚੁੱਕਾ ਸੀ, ਸੋ ਉਠਣਾ ਪਿਆ।  ਉੱਠ ਕੇ ਉਹਨੇ ਮੂੰਹ 'ਤੇ ਪਾਣੀ ਦੇ ਛਿੱਟੇ ਮਾਰੇ ਤੇ ਕਾਹਲ਼ੀ ਕਾਹਲ਼ੀ ਉਸੇ ਤਰਾਂ ਈ ਉਹ ਚੁਬਾਰੇ ਦੀਆਂ ਪੌੜੀਆਂ ਥੱਲੇ ਉੱਤਰ ਆਇਆ ਉਹਨਾਂ ਨੇ ਉਸ ਤਰਾਂ ਹੀ ਗੁਆਢੋਂ ਦੇਸ ਨੂੰ ਵੀ ਜਗਾ ਲਿਆ।
ਤਿੰਨ-ਚਾਰ ਕੁ ਦਿਨ ਇਹ ਸਿਲਸਿਲਾ ਆਥਣ-ਸਵੇਰ ਚਲਦਾ ਰਿਹਾ।  ਗੁਰਨੇਕ ਬਹੁਤਾ ਸਵੇਰੇ ਉੱਠਣ ਦਾ ਆਦੀ ਨਹੀਂ ਸੀ।  ਉਂਜ ਵੀ ਠੰਢ ਬਹੁਤ ਵਧ ਗਈ ਸੀ ਤੇ ਰਜਾਈ 'ਚੋਂ ਉੱਠਣ ਨੂੰ ਜੀਅ ਵੀ ਨਹੀਂ ਸੀ ਕਰਦਾ।  ਉਹ ਸੋਚਦਾ ਰਹਿੰਦਾ ਕਿ ਉਹਨਾਂ ਕੋਲੋਂ ਖਹਿੜਾ ਕਿਵੇਂ ਛੁਡਾਇਆ ਜਾਵੇ।  ਅੱਠ-ਦਸ ਦਿਨਾਂ ਮਗਰੋਂ ਜਦੋਂ ਉਹਦੀ ਪੂਰੀ ਬੱਸ ਈ ਹੋ ਗਈ ਤਾਂ ਉਹਨੂੰ ਇਕ ਸਕੀਮ ਸੁੱਝੀ।  ਜਗਨ ਤੇ ਉਹਦੇ ਦੋਸਤ ਚੁਬਾਰੇ ਹੇਠਾਂ ਖੜ੍ਹੇ ਹੋ ਕੇ ਉੱਚੀ-ਉੱਚੀ ਆਵਾਜਾਂ ਮਾਰਿਆ ਕਰਦੇ ਸਨ।  ਉਸ ਦਿਨ ਗੁਰਨੇਕ ਨੇ ਚੁਬਾਰੇ ਦੀ ਬਾਰੀ ਖੋਹਲ ਕੇ ਠੰਢੇ ਪਾਣੀ ਦੀ ਬਾਲਟੀ ਉਹਨਾਂ ਦੇ ਸਿਰਾਂ ਤੇ ਪਾ ਦਿੱਤੀ ਤੇ ਨਾਲ ਦੀ ਨਾਲ ਬਾਰੀ ਬੰਦ ਕਰ ਲਈ।  ਉਹ ਸਾਰੇ ਉਭੜਵਾਹੇ ਏਧਰ ਓਧਰ ਭੱਜ ਤੁਰੇ।  ਉਸ ਦਿਨ ਪਿੱਛੋਂ ਜਗਨ ਤੇ ਉਹਦੇ ਦੋਸਤ, ਉਹਨੂੰ ਬੁਲਾਉਣ ਨਾ ਆਏ।  ਦੇਸ ਨਾਲ ਕੀ ਵਾਪਰੀ, ਉਹਨੂੰ ਪਤਾ ਨਹੀਂ ਸੀ।  ਹਾਂ ਆਪਣਾ ਖਹਿੜਾ ਉਹਨੇ ਛੁਡਾ ਲਿਆ ਸੀ।
ਦੇਸ ਦੀ ਦਿੱਤੀ ਹੋਈ ਕਿਤਾਬ ਉਹ ਰਾਤ ਨੂੰ ਹੀ ਪੜ੍ਹਦਾ ਤੇ ਉਸ ਵਿਚਲੀਆਂ ਮੂਰਤਾਂ ਵੀ ਦੇਖਦਾ।  ਉਸ ਨੇ ਉਹ ਕਿਤਾਬ ਇਕ-ਇਕ ਅੱਖਰ ਕਰਕੇ ਸਾਰੀ ਪੜ੍ਹੀ।  ਉਹਨੂੰ ਹੈਰਾਨੀ ਵੀ ਬੜੀ ਹੋਈ ਕਿ ਇੰਜ ਵੀ ਹੋ ਸਕਦਾ ਹੈ।  ਕਈ ਦਿਨਾਂ ਤੋਂ ਕੋਈ ਕਿੱਸਾ ਜਾ ਕਿਤਾਬ ਉਹਨੇ ਨਹੀਂ ਸਨ ਪੜ੍ਹੇ।  ਮਨ ਬਹੁਤ ਬੇਚੈਨ ਰਹਿੰਦਾ ਸੀ।  ਉਹਦੇ ਹੱਥ ਮੁੜ ਮੁੜ ਉਸ ਕਿਤਾਬ ਨੂੰ ਖੋਹਲਦੇ।  ਕਦੇ ਮੂਰਤਾਂ ਵਾਲੇ ਪੰਨੇ ਤੇ ਕਦੇ ਲਿਖਤ ਵਾਲੇ ਉਹ ਵਾਰ-ਵਾਰ ਦੇਖਦਾ ਤੇ ਪੜ੍ਹਦਾ।  ਉਹਨੂੰ ਡਰ ਸੀ ਕਿ ਕਿਧਰੇ ਦੇਸ ਆਪਣੀ ਕਿਤਾਬ ਵਾਪਸ ਨਾ ਮੰਗ ਲਵੇ।
ਗੁਰਨੇਕ ਦਾ ਮਾਮਾ ਗੁਰਨਾਮ ਸਿੰਘ ਦੂਜੇ-ਚੌਥੇ ਮਹੀਨੇ ਉਹਨਾਂ ਨੂੰ ਮਿਲਣ ਆ ਜਾਂਦਾ।  ਗੁਰਨੇਕ ਦੇ ਨਾਨਕੇ ਸਾਬੋ ਕੀ ਤਲਵੰਡੀ ਨੇੜੇ ਇਕ ਪਿੰਡ ਵਿਚ ਸਨ।  ਦੋ ਮਾਮੇ ਸਨ। ਗੁਰਨਾਮ ਵੱਡਾ ਸੀ ਤੇ ਇੰਦਰ ਸਿੰਘ ਛੋਟਾ ਸੀ।
ਇੰਦਰ ਸਿੰਘ ਬਹੁਤਾ ਘਰੇ ਡੰਗਰ-ਪਸ਼ੂਆਂ ਦਾ ਖਿਆਲ ਰਖਦਾ ਤੇ ਪਿੰਡ ਦੀ ਸੇਪੀ ਦਾ ਕੰਮ ਕਰਦਾ ਰਹਿੰਦਾ।  ਹਰ ਵੇਲੇ ਕੋਈ ਨਾ ਕੋਈ ਮਹਿੰ ਉਹਦੇ ਹੱਥ ਪਈ ਰਹਿੰਦੀ।  ਪਿੰਡੋਂ ਬਾਹਰ ਘੱਟ ਹੀ ਉਹ ਨਿਕਲਦਾ।  ਉਂਜ ਵੀ ਗੁਰਨਾਮ ਸਿੰਘ ਵੱਡਾ ਹੋਣ ਕਰਕੇ ਰਿਸ਼ਤੇਦਾਰੀਆਂ ਵਿਚ ਦੁਖਦੇ-ਸੁਖਦੇ ਔਣ-ਜਾਣ ਤੇ ਲੈਣ-ਦੈਣ ਦਾ ਜਾਂ ਵਿਆਹ ਸ਼ਾਦੀਆਂ ਤੇ ਜਾਣ ਦਾ ਜ਼ਿੰਮਾ ਉਸੇ ਦਾ ਹੀ ਸੀ।  ਉਹਨੀਂ ਦਿਨੀ ਗੁਰਨਾਮ ਸਿੰਘ ਉਹਨਾਂ ਨੂੰ ਮਿਲਣ ਆਇਆ ਹੋਇਆ ਸੀ।  ਉਹ ਜਦੋਂ ਵੀ ਆਉਂਦਾ ਚਾਰ-ਪੰਜ ਦਿਨ ਜ਼ਰੂਰ ਰਹਿ ਕੇ ਜਾਂਦਾ।  ਭਗਤ ਸਿੰਘ ਨਾਲ ਵੀ ਉਹਦੀ ਚੰਗੀ ਬਣਦੀ ਸੀ।  ਦਿਆਕੁਰ ਗੁਰਨਾਮ ਸਿੰਘ ਤੋਂ ਕੁਝ ਸਾਲ ਛੋਟੀ ਵੀ ਸੀ, ਏਸ ਕਰਕੇ ਉਹ ਉਹਦੀ ਹਰ ਗੱਲ ਮੰਨਣ ਨੂੰ ਤਿਆਰ ਰਹਿੰਦੀ।  ਉਂਜ ਵੀ ਹਰ ਵਾਰੀ ਉਹ ਦਿਆਕੁਰ ਲਈ ਕੋਈ ਨਾ ਕੋਈ ਲੀੜਾ-ਕਪੜਾ ਜ਼ਰੂਰ ਲਿਆਉਂਦਾ।  ਉਸ ਦਿਨ ਆਥਣੇ ਸਭ ਦੇ ਰੋਟੀ ਖਾਣ ਪਿੱਛੋਂ ਦਿਆਕੁਰ ਨੇ ਦੁੱਧ ਤੱਤਾ ਕੀਤਾ ਤੇ ਕੰਗਣੀ ਵਾਲਾ ਗਲਾਸ ਭਰ ਕੇ ਗੁਰਨਾਮ ਨੂੰ ਦਿੰਦਿਆਂ ਕਿਹਾ-
"ਵੀਰ ਆਹ ਦੁੱਧ ਨੇਕ ਨੂੰ ਫੜਾ ਆਈਂ ਉੱਤੇ ਚਬਾਰੇ 'ਚ।  ਸੌਣ ਤੋਂ ਪਹਿਲਾਂ ਪੀ ਲੂ-ਗਾ।''
ਗੁਰਨਾਮ ਸਿੰਘ ਵਿਹੜੇ ਵਿਚੋਂ ਦੀ ਲਕੜ ਦੀ ਵੱਡੀ ਪੌੜੀ ਚੜ੍ਹ ਕੇ ਜਦੋਂ ਚੁਬਾਰੇ ਦੇ ਵਰਾਂਡੇ ਵਿਚ ਪਹੁੰਚਿਆ ਤਾਂ ਨੇਕ ਨੂੰ ਉਹਦੀ ਪੈੜ-ਚਾਲ ਸੁਣ ਕੇ ਹੱਥਾਂ-ਪੈਰਾਂ ਦੀ ਪੈ ਗਈ ਕਿਉਂਕਿ ਉਹ ਦੇਸ ਵਾਲੀ ਕਿਤਾਬ ਖੋਹਲੀ ਬੈਠਾ ਸੀ।  ਉਹਨੂੰ ਛੇਤੀ ਵਿਚ ਸਮਝ ਨਾ ਆਵੇ ਕਿ ਕਿਤਾਬ ਲੁਕੋਵੇ ਕਿੱਥੇ। ਖੈਰ, ਕਿਤਾਬ ਓਹਨੇ ਝੱਟ ਦੇਣੇ ਆਪਣੇ ਪਿੱਛੇ ਰੱਖੇ ਸਰ੍ਹਾਣੇ ਦੇ ਮਗਰ ਲੁਕੋ ਦਿੱਤੀ।
''ਸੁਣਾ ਭਾਣਜੇ, ਕਿਮੇਂ ਝਾਕਦੈਂ ਜਿਮੇ ਬਾੜ 'ਚ ਬਿੱਲਾ ਫਸਿਆ ਹੁੰਦੈ!''
''ਮਾਮਾ, ਬੱਸ ਊਂ ਈ...।'' ਨੇਕ ਨੇ ਘਬਰਾਈ ਜਿਹੀ ਅਵਾਜ਼ ਵਿਚ ਕਿਹਾ।
''ਲੈ ਭਾਈ ਦੁੱਧ ਪੀ ਲੈ।  ਤੇਰੀ ਮਾਂ ਨੇ ਭੇਜਿਐ।  ਪਹਿਲਾਂ ਤਾਂ ਮੈਂ ਹੇਠੋਂ ਈ 'ਵਾਜ ਮਾਰਨ ਲੱਗਿਆ ਤੀ ਪਰ ਫੇਰ ਮੈਂ ਸੋਚਿਆ ਕਿ ਤੂੰ ਕਿਤੇ ਸਮਾਧੀ ਨਾ ਲਾਈ ਬੈਠਾ ਹੋਮੇ।''
''ਮਾਮਾ, ਐਥੇ ਮੇਰੇ ਮਗਰਲੇ ਪਾਸੇ ਕਣਸ 'ਤੇ ਰੱਖ ਦੇ।''
''ਨਾ ਭਾਈ ਤੇਰ੍ਹਵੇਂ ਰਤਨ ਨੂੰ ਮਗਰ ਨੀ ਰਖੀਂਦਾ ਹੁੰਦਾ।  ਹੁਣੇ ਫੜ ਤੇ ਪੀ-ਲੈ।''
ਨੇਕ ਨੇ ਜਦੋਂ ਗਲਾਸ ਫੜਿਆ ਤਾਂ ਉਹਨੂੰ ਤੱਤਾ ਲੱਗਿਆ।  ਉਹਨੇ ਗੁਰਨਾਮ ਦੇ ਦੇਖਦਿਆਂ-ਦੇਖਦਿਆਂ ਗਲਾਸ ਪਿਛਲੇ ਪਾਸੇ ਕਣਸ 'ਤੇ ਰੱਖ ਦਿੱਤਾ।
ਗੁਰਨਾਮ ਸਿੰਘ ਗੁਰਨੇਕ ਨਾਲ ਕੁਝ ਘਰੇਲੂ ਤੇ ਏਧਰ-ਓਧਰ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ।  ਉਂਜ ਵੀ ਭਗਤ ਸਿੰਘ ਤੋਂ ਉਹਨੂੰ ਪਤਾ ਲੱਗਾ ਸੀ ਕਿ ਡਾਕਟਰ ਨੇ ਤਪਦਿਕ ਦੀ ਸ਼ਕਾਇਤ ਬਾਰੇ ਵੀ ਦੱਸਿਆ ਸੀ।  ਭਗਤ ਸਿੰਘ ਤੇ ਦਿਆਕੁਰ ਨੇ ਫਿਰੋਜਪੁਰ ਵਾਲੇ ਰਿਸ਼ਤੇ ਬਾਰੇ ਵੀ ਗੱਲ ਕੀਤੀ ਸੀ।  ਪਰ ਨੇਕ ਦੀ ਹਰਕਤ ਦੇਖ ਕੇ ਉਹਦਾ ਉਹਦੇ ਕੋਲ ਬੈਠਣ ਨੂੰ ਜੀ ਨਾ ਕੀਤਾ ਤੇ ਉਹ ਉਹਨੀਂ ਪੈਰੀਂ ਹੇਠਾਂ ਉਤਰ ਆਇਆ।
"ਲੈ ਭਾਈ ਦਿਆਕੁਰੇ, ਮੁੜਕੇ ਨਾ ਮੈਨੂੰ ਆਖੀਂ ਉਹਨੂੰ ਦੁੱਧ ਫੜਾਉਣ ਨੂੰ।  ਤੇਰ੍ਹਵੇਂ ਰਤਨ ਦੀ ਐਨੀ ਬੇਅਦਬੀ? ਮੈਂ ਜਦੋਂ ਗਲਾਸ ਫੜਾਉਣ ਲੱਗਿਆ ਤਾਂ ਮੈਨੂੰ ਕਹਿੰਦਾ, 'ਮਗਰਲੇ ਪਾਸੇ ਰੱਖ-ਦੇ।' ਅੱਜ ਕਲ੍ਹ ਦੇ ਜਮਾਨੇ ਨੂੰ ਪਤਾ ਨੀ ਕੀ ਪੁੱਠੀ ਭਮਾਲ਼ੀ ਆ-ਗੀ।  ਖਾਂਦੇ-ਪੀਂਦੇ ਨਿੱਘਰੀ ਜਾਂਦੇ ਐ।  ਨਾ ਇਹ ਕੋਈ ਗੱਲ 'ਤੀ ਕਹਿਣ ਵਾਲੀ? ਮੈਨੂੰ ਤਾਂ ਉਹਦੇ ਲੱਛਣ ਕੁਸ਼ ਠੀਕ ਨੀ ਲਗਦੇ।  ਉਹਦਾ ਬੰਨ੍ਹ-ਸੁੱਭ ਕਰੋ ਭਾਈ ਕੋਈ।  ਐਂ ਤਾਂ ਮੁੰਡਾ ਥੋਡੇ ਹੱਥੋਂ ਨਿਕਲ-ਜੂ!''
ਭਗਤ ਸਿੰਘ ਤੇ ਦਿਆਕੁਰ ਨੇ ਗੁਰਨੇਕ ਦੀਆਂ ਆਦਤਾਂ ਬਾਰੇ ਗੁਰਨਾਮ ਸਿੰਘ ਨਾਲ ਗੱਲਾਂ ਸਾਂਝੀਆਂ ਕੀਤੀਆਂ।  ਸਾਰਿਆਂ ਦੀ ਰਾਇ ਸੀ ਕਿ ਛੇਤੀ ਕੁਝ ਕਰਨਾ ਪਵੇਗਾ।
ਗੁਰਨੇਕ ਹਰ ਰੋਜ਼ ਵਾਂਗ ਜਦੋਂ ਸਵੇਰੇ ਉੱਠ ਕੇ ਬਾਹਰ ਜੰਗਲ-ਪਾਣੀ ਚਲਾ ਗਿਆ ਤਾਂ ਦਿਆਕੁਰ ਚੁਬਾਰਾ ਸੰਭਰਨ ਚਲੀ ਗਈ।  ਜਦੋਂ ਉਹਨੇ ਬਿਸਤਰੇ ਦੀ ਚਾਦਰ ਝਾੜ ਕੇ ਮੁੜ ਵਿਛਾਉਣੀ ਚਾਹੀ ਤਾਂ ਕਿਤਾਬ ਥੱਲੇ ਡਿੱਗ ਪਈ।  ਕਿਤਾਬ ਨੂੰ ਚੁੱਕ ਕੇ ਜਦੋਂ ਉਹ ਕਣਸ 'ਤੇ ਰਖਣ ਲਗੀ ਤਾਂ ਅਚਾਨਕ ਕਿਤਾਬ ਖੁਲ੍ਹ ਗਈ ਤੇ ਮੂਰਤਾਂ ਵਾਲਾ ਪੰਨਾ ਦਿਆਕੁਰ ਦੀਆਂ ਅੱਖਾਂ ਸਾਹਮਣੇ ਆ ਗਿਆ।  ਉਹ ਹੱਕੀ-ਬੱਕੀ ਰਹਿ ਗਈ।  ਹੇਠਾਂ ਆ ਕੇ ਉਹਨੇ ਭਗਤ ਸਿਉਂ ਨੂੰ ਕਿਹਾ, ''ਮੁੰਡੇ ਦੇ ਲੱਛਣ ਮੈਨੂੰ ਠੀਕ ਨੀ ਲਗਦੇ।  ਉਹ ਤਾਂ ਹੋਰ ਈ ਤਰਾਂ ਦੀਆਂ ਕਿਤਾਬਾਂ ਅੱਜ ਕਲ੍ਹ ਪੜ੍ਹਦਾ ਫਿਰਦੈ।  ਪੜ੍ਹਾਈ ਵਿਚਾਲੇ ਛੱਡ 'ਤੀ।  ਮੈਨੂੰ ਨੀ ਲਗਦਾ ਬਈ ਉਹਨੂੰ ਤਪਡਿਕ ਵਰਗੀ ਕੋਈ ਸ਼ਕੈਤ ਵੀ ਹੈ-ਗੀ।''
ਭਗਤ ਸਿਉਂ ਓਸੇ ਵੇਲੇ ਚੁਬਾਰੇ ਵਿਚ ਗਿਆ ਤਾਂ ਉਹਦੀ ਵੀ ਤਸੱਲੀ ਹੋ ਗਈ।  ਉਹਨੂੰ ਕੋਈ ਬਹੁਤਾ ਚੰਗਾ ਨਾ ਲੱਗਾ।  ਉਹ ਫਿਕਰਮੰਦ ਸੀ ਕਿ ਗੁਰਨੇਕ ਦਾ ਬਣੇਗਾ ਕੀ।  ਥੱਲੇ ਆ ਕੇ ਉਹਨੇ ਦਿਆਕੁਰ ਨੂੰ ਕਿਹਾ-
"ਗੁਰਨਾਮ ਵੀ ਏਥੇ ਈ ਐ, ਆਪਾਂ ਅੱਜ ਆਥਣੇ ਬਹਿ ਕੇ ਨੇਕ ਨਾਲ ਗੱਲ ਕਰਕੇ ਕੋਈ ਫੈਸਲਾ ਕਰੀਏ।''
ਆਥਣੇ ਨੇਕ ਨੂੰ ਉਹਨਾਂ ਨੇ ਥੱਲੇ ਵਿਹੜੇ ਵਿਚ ਸੱਦ ਲਿਆ।  ਮਾਮੇ ਗੁਰਨਾਮ ਨੇ ਉਹਨੂੰ ਪਿਆਰ ਨਾਲ ਗੱਲ ਤੋਰਨ ਲਈ ਪੁੱਛਿਆ-
''ਸੁਣਾ ਭਾਣਜੇ ਤੇਰੀ ਸੇਹਤ ਦਾ ਕੀ ਹਾਲ ਐ?''
''ਮਾਮਾ ਬੱਸ ਓਹੀ ਜਿਹੀ ਈ ਐ।''
"ਨਾ ਜਿਮੇਂ ਪਹਿਲਾ ਖੰਘ ਔਂਦੀ ਤੀ, ਹੁਣ ਤਾਂ ਨੀ ਔਂਦੀ ਖੰਘ ਤੈਨੂੰ?''
''ਖੰਘ ਵੀ ਆਉਂਦੀ ਰਹਿੰਦੀ ਐ ਤੇ ਹਿੱਕ 'ਚ ਦਰਦ ਵੀ ਰਹਿੰਦੈ।  ਨਾਲੇ ਕਦੇ ਕਦੇ ਢਿੱਡ 'ਚ ਕੇੜਾ ਜਿਆ ਉੱਠ ਖੜਦੈ ਤੇ ਦਿਨ 'ਚ ਦੋ ਤਿੰਨ ਪਤਲੇ ਦਸਤ ਵੀ ਔਣ ਲੱਗ ਪੈਂਦੇ ਐ ਕਦੇ ਕਦੇ।''
"ਹੈਂ।  ਤੂੰ ਤਾਂ ਜੁਆਨ ਐਂ ਜਾਰ।  ਜਦੋਂ ਅਸੀਂ ਤੇਰੀ ਉਮਰ ਦੇ ਤੇ ਹੁੰਦੇ, ਤਾਂ ਲਕੜਾਂ ਚੱਬ ਜਾਂਦੇ ਭੋਰਾ ਨੀ ਤੀ ਕੁਸ਼ ਹੁੰਦਾ ਸਾਨੂੰ ਤਾਂ।  ਜਾਰ, ਤਕੜਾ ਹੋ, ਪਰਬਾਹ ਨਾ ਕਰ ਨਿੱਕੀਆਂ-ਮੋਟੀਆਂ ਬਮਾਰੀਆਂ ਦੀ।  ਚਲ ਜੇ ਲੋੜ ਪਈ ਤਾਂ ਮੈਂ ਆਪਣੇ ਪਿੰਡ ਆਲੇ ਵੈਦ ਤੋਂ ਦਬਾਈ ਕਰਬਿਆ ਲਿਆਊਂ ਤੇਰੀ ਖਾਤਰ।  ਪਰ ਗੱਲ ਤੇਰੇ ਨਾਲ ਇਕ ਹੋਰ ਜਰੂਰੀ ਕਰਨੀ ਐ।''
''ਉਹ ਕੇਹੜੀ?'' ਗੁਰਨੇਕ ਨੇ ਹੈਰਾਨੀ ਨਾਲ ਪੁੱਛਿਆ।
"ਮੁੰਡਿਆਂ-ਖੁੰਡਿਆਂ ਦੀਆਂ ਬਮਾਰੀਆਂ ਤਾਂ ਬਿਆਹ ਤੋਂ ਪਿੱਛੋਂ ਕਿਧਰੇ ਉੱਡ ਜਾਂਦੀਐਂ।  ਲੈ ਅਸੀਂ ਸਾਰਿਆਂ ਨੇ ਰਲ ਕੇ ਸਲਾਹ ਕੀਤੀ ਤੀ ਬਈ ਪਰੋਜਪੁਰੋਂ ਤੇਰੇ ਬਿਆਹ ਵਾਸਤੇ ਦੋ ਸਨੇਹੇ ਆ ਚੁੱਕੇ ਨੇ।  ਉਹ ਦੋ ਮਹੀਨਿਆਂ ਤੋਂ ਜੋਰ ਪਾਈ ਜਾਂਦੇ ਐ।  ਊਂ ਵੀ ਸਾਊ ਤੇਰੇ ਮੂੰਹ 'ਤੇ ਦਾੜ੍ਹੀ ਵੀ ਆ ਚੁੱਕੀ ਐ...ਅਸੀਂ ਤਾਂ ਘਰਦਿਆਂ ਨੇ ਅਣਦਾੜ੍ਹੀਏ ਈ ਵਿਆਹ 'ਤੇ ਤੀ।  ਨਾਲੇ ਭਾਈ ਆਪਣੇ ਟੱਬਰ ਦਾ ਗੁਜਾਰਾ ਵੀ ਕੋਈ ਬਹੁਤਾ ਚੰਗਾ ਨੀ।  ਏਹੋ-ਜੇ ਰਿਸਤੇ ਰੋਜ ਨੀ ਮਿਲਦੇ ਹੁੰਦੇ।  ਉਹਨਾਂ ਦਾ ਘਰ-ਬਾਰ ਚੰਗੈ ਤੇ ਲਟਕੀ ਵੀ ਚਾਰ ਜਮਾਤਾਂ ਪੜ੍ਹੀ ਐ, ਸੁਹਣੀ-ਸੁੱਨਖੀ ਐ।  ਜੇ ਤੁਸੀਂ ਸਾਰੇ ਮੇਰੀ ਗੱਲ ਮੰਨਦੇ ਓਂ ਤਾਂ ਅਸੀਂ ਤੇਰਾ ਮੰਗਣਾ ਹੁਣੇ ਕਰ ਦਿੱਨੇ ਐਂ; ਬਿਆਹ ਦੀ ਤਰੀਕ ਮਗਰੋਂ ਸੋਚ ਲਾਂਗੇ।'' ਗੁਰਨਾਮ ਸਿੰਘ ਨੇ ਗੁਰਨੇਕ ਨੂੰ ਸੰਬੋਧਨ ਕਰਦਿਆਂ, ਜਿਵੇਂ ਆਪਣੇ ਦਿਲ ਦੀ ਗੱਲ ਸਾਰਿਆਂ ਨੂੰ ਸੁਣਾ ਦਿੱਤੀ।
ਗੁਰਨੇਕ ਆਪਣੇ ਸੁਭਾਅ ਅਨੁਸਾਰ ਚੁੱਪ ਬੈਠਾ ਰਿਹਾ ਤੇ ਸੋਚੀਂ ਪੈ ਗਿਆ।
"ਦੇਖ ਪੁੱਤ ਆਪਣੇ 'ਚ ਏਨੀ ਪਰੋਖੋਂ ਹੈ ਨੀ ਬਈ ਨਾਲੇ ਤਾਂ ਅਸੀਂ ਤੈਨੂੰ ਪਹਾੜ 'ਤੇ ਭੇਜ ਦੀਏ ਤੇ ਨਾਲੇ ਤੇਰਾ ਵਿਆਹ ਵੀ ਕਰ ਦੀਏ।  ਜੇ ਤਾਂ ਤੈਨੂੰ ਲਗਦੈ ਬਈ ਦੁਆਈ ਨਾਲ ਅੱਗੇ ਨਾਲੋਂ ਤੈਨੂੰ ਰਾਮ ਐ ਤੇ ਸਿਹਤ ਠੀਕ ਐ ਤਾਂ ਆਪਾਂ ਪਰੋਜਪੁਰ ਆਲਿਆਂ ਨੂੰ ਹਾਂ ਕਰ ਦਿਨੈ ਐਂ।''
ਭਗਤ ਸਿਉਂ ਨੇ ਗੱਲ ਅੱਗੇ ਤੋਰੀ।
ਗੁਰਨੇਕ ਆਪਣੇ ਹਿਸਾਬ ਨਾਲ ਅੰਦਾਜ਼ੇ ਲਾ ਰਿਹਾ ਸੀ। ਉਹ ਸੋਚਦਾ ਸੀ ਕਿ ਜੇ ਦੋਵੇਂ ਗੱਲਾਂ ਹੋ ਜਾਣ ਤਾਂ ਪੌਂ-ਬਾਰਾਂ।
''ਲੈ ਮਾਮਾ ਤੁਸੀਂ ਸਾਰੇ ਸਿਆਣੇ ਓਂ।  ਮੈਂ ਥੋਡੇ ਤੋਂ ਕੋਈ ਨਾਬਰ ਤਾਂ ਨੀ।  ਜਿਵੇਂ ਤੁਸੀਂ ਠੀਕ ਸਮਝਦੇ ਓਂ ਕਰ ਲੋ।''
''ਚੰਗਾ ਫੇਰ ਭਗਸਿਆਂ ਆਪਾਂ ਕੁੜੀ ਆਲਿਆਂ ਨੂੰ ਸਨੇਹਾ ਭੇਜ ਦਿਨੇ ਐਂ, ਬਈ ਉਹ ਮੰਗਣੇ ਦੀ ਤਰੀਕ ਮਿਥ ਕੇ ਦੋ ਚਾਰ-ਦਿਨਾਂ 'ਚ ਸਾਨੂੰ ਸਨੇਹਾ ਭੇਜ ਦੇਣ।  ਕਿਉਂ ਭਾਣਜੇ ਠੀਕ ਰਹੂ ਗੱਲ?''
ਗੁਰਨੇਕ ਨੀਵੀਂ ਪਾ ਕੇ ਬੈਠਾ ਰਿਹਾ।  ਥੋੜੇ ਚਿਰ ਪਿੱਛੋਂ ਉੱਠ ਕੇ ਉਹ ਚੁਬਾਰੇ 'ਚ ਜਾ ਪਿਆ ਤੇ ਸੋਚਣ ਲੱਗਾ ਕਿ ਚਲੋ ਜੋ ਹੋ ਰਿਹੈ  ਫ਼ਿਲਹਾਲ ਉਹ ਠੀਕ ਈ ਐ।  ਅਗੇ ਆਪਣੇ ਹਿਸਾਬ ਨਾਲ ਤੁਰਾਂਗੇ।

***

No comments:

Post a Comment