Saturday 29 May 2010

ਲੋਕੁ ਕਹੈ ਦਰਵੇਸੁ :: ਸੱਤਵੀਂ ਕਿਸ਼ਤ...

ਲੋਕੁ ਕਹੈ ਦਰਵੇਸੁ :: ਸੱਤਵੀਂ ਕਿਸ਼ਤ...

''ਆਪਾਂ ਤਾਂ ਦੋਹਾਂ ਮੁੰਡਿਆਂ ਨੂੰ ਈ ਮੋਹ-ਪਿਆਰ ਦੀ ਕੋਈ ਕਸਰ ਨੀ ਸੀ ਛੱਡੀ।  ਪਰ ਆਹ ਦੇਖ ਲੈ ਰੱਬ ਨੇ ਸਾਡੇ ਨਾਲ ਕੀ ਜੱਗੋਂ ਤੇਰ੍ਹਵੀਂ ਕੀਤੀ ਐ।  ਵੱਡਾ ਬਾਤ ਪੁੱਛਣੀ ਤਾਂ ਦੂਰ ਸ਼ਕਲ ਤੱਕ ਦਖਾ ਕੇ ਰਾਜੀ ਨੀ।  ਨਾ ਉਹ ਬੀਬੀ ਰਾਣੀ ਬਸੰਤ ਕੁਰ ਕਦੇ ਏਸ ਪਾਸੇ ਝਾਕਦੀ ਐ।  ਬੱਸ ਲੈ ਦੇ ਕੇ ਜੇ ਛੋਟਾ ਮਾੜਾ ਮੋਟਾ ਤ੍ਹਿਓ ਕਰਦੈ ਤਾਂ ਉਹ ਦੂਰ ਬੈਠੈ।  ਬੰਦਾ ਦੱਸੋ ਕਿਹੜੇ ਖੂਹ-ਖਾਤੇ ਪਵੇ।''  ਦਿਆਕੁਰ ਆਪਣੇ ਰੋਣੇ ਫੇਰ ਭਗਤ ਸਿੰਘ ਕੋਲ ਲੈ ਕੇ ਬਹਿ ਗਈ।
''ਆਹੋ ਭਾਈ ! ਓਸੇ ਦੀਆਂ ਓਹੀ ਜਾਣੇ।  ਤੂੰ ਕਾਹਨੂੰ ਕਲਪਦੀ ਰਹਿਨੀ ਐਂ? ਬੰਦੇ ਦਾ ਮਾਜਨਾ ਈ ਕੀ ਐ? ਜੋ ਕੁਸ਼ ਸਾਡੇ ਕਰਮਾਂ 'ਚ ਸੀ ਸਾਨੂੰ ਮਿਲ ਗਿਆ।  ਜੋ ਕੁਸ਼ ਉਹਨਾਂ ਦੇ ਕਰਮਾਂ 'ਚ ਐ ਉਹਨਾਂ ਨੂੰ ਮਿਲੀ ਜਾਂਦੈ।  ਅਖੇ-ਬਿਨ ਕਰਮਾ ਕਿਛ ਪਾਈਏ ਨਾਂਹੀਂ।  ਆਪਣੀ ਤਾਂ ਹੁਣ ਬਹੁਤੀ ਗਈ ਤੇ ਥੋੜੀ ਆਈ।  ਤੂੰ ਐਵੇਂ ਨਾ ਝੁਰਿਆ ਕਰ।  ਜੇ ਦੇਖੀਏ ਤਾਂ ਰੱਬ ਨੇ ਸਾਡੇ ਕੋਲੋਂ ਰੱਖਿਆ ਵੀ ਕੀ ਐ?  ਕੀ ਨੀ ਦਿੱਤਾ ਸਾਨੂੰ?  ਸਭ ਕੁਸ਼ ਤਾਂ ਹੈ! ਗੁਰੂਆਂ ਨੇ ਤਾਂ ਗੁਰਬਾਣੀ 'ਚ ਪਹਿਲਾਂ ਤੋਂ ਈ ਸਾਰੀਆਂ ਗੱਲਾਂ ਦਾ ਨਚੋੜ ਕੱਢ ਕੇ ਸਿੱਖਿਆ ਦਿੱਤੀ ਹੋਈ ਐ।  'ਥਾਲ ਵਿਚ ਤਿੰਨ ਵਸਤੂ ਪਾਇਓ, ਸੱਤ ਸੰਤੋਖ ਬਿਚਾਰੋ।'  ਜੇ ਬੰਦਾ ਸਿਰਫ ਇਹ ਇਕੋ ਗੱਲ ਈ ਪੱਲੇ ਬੰਨ੍ਹ-ਲੇ ਤਾਂ ਕਿਸੇ ਚੀਜ ਦੀ ਲੋੜ ਨੀ ਰਹਿੰਦੀ।  ਬੰਦਾ ਸੱਚ ਪਿੱਛੇ ਲੱਗੇ, ਜੋ ਵੀ ਦਾਤੇ ਨੇ ਦਿੱਤੈ ਓਸੇ 'ਚ ਈ ਸੰਤੋਖ ਰੱਖੇ ਤੇ ਚੰਗੇ ਮਾੜੇ ਦਾ ਵਿਚਾਰ ਕਰਦਾ ਰਹੇ।   ਬੱਸ ਐਨੀ-ਕ ਗੱਲ ਐ।  ਪਰ ਦੁਨੀਆਂ ਮੈਂ ਮੇਰੀ 'ਚ ਪਈ ਰਹਿੰਦੀ ਐ।  ਹੈ ਕਿਤੇ ਸਬਰ...?''
ਭਗਤ ਸਿੰਘ ਆਪਣੇ ਸੁਭਾਅ ਅਨੁਸਾਰ ਹਮੇਸ਼ਾ ਵਾਂਗ ਗੁਰਬਾਣੀ ਵਿਚੋਂ ਸ਼ਬਦ ਸੁਨਾਉਣ ਲੱਗ ਪਿਆ।  ਪਰ ਦਿਆਕੁਰ ਦੇ ਮਨ ਨੂੰ ਉਹ ਗੱਲਾਂ ਨਹੀਂ ਸੀ ਪੋਂਹਦੀਆਂ।
"ਅਜਕੱਲ ਹੈ ਕੋਈ ਜਿਹੜਾ ਸੱਚ ਬੋਲਦਾ ਹੋਵੇ? ਝੂਠਿਆਂ ਕੋਲ ਤਾਂ ਭਮਾਂ ਚਾਰ ਪੈਸੇ ਹੋਣ, ਸੱਚੇ ਬੰਦੇ ਦੇ ਪੱਲੇ ਕੀ ਐ? ਨਾਲੇ ਆਹ ਸੰਤੋਖ ਸੰਤੂਖ ਤਾਂ ਸਭ ਕਹਿਣ ਦੀਆਂ ਗੱਲੈਂ।  ਕਿਤੇ ਨੀ ਸੰਤੋਖ ਦਿਸਦਾ ਮੈਨੂੰ ਤਾਂ, ਦੁਨੀਆਂ 'ਚ।  ਜੇ ਆਵਦੀ ਉਲਾਦ ਈ ਵੱਤੀ ਨਾ ਵਾਹੇ ਤਾਂ ਸੰਤੋਖ ਨੂੰ ਕੀ ਥ੍ਹੇਲੀ 'ਤੇ ਰੱਖ ਕੇ ਚਟਣੈ?''
''ਬੱਸ ਹਾਅ ਈ ਤਾਂ ਗੱਲ ਐ।  ਜੇ ਚੰਗੀ ਗੱਲ ਦੀ ਸਮਝ ਆ ਜੇ ਤਾਂ ਫੇਰ ਦੁਨੀਆਂ ਨਾ ਬਦਲ-ਜੇ? ਪਰ ਨਹੀਂ ਜਿਹੜੇ ਬੰਦੇ ਦੀਆਂ ਅੱਖਾਂ 'ਤੇ ਪੜਦਾ ਪਿਆ ਹੋਵੇ ਉਹਨੂੰ ਚੰਗਾ ਮਾੜਾ ਦਿਸੂ ਕਿੱਥੋਂ?''
ਭਗਤ ਸਿੰਘ ਦਿਆਕੁਰ ਨੂੰ ਸਮਝਾਉਣ ਦੀ ਫਜ਼ੂਲ ਜਿਹੀ ਕੋਸ਼ਿਸ਼ ਕਰਦਾ।
''ਮੈਂ ਕਿਹਾ ਤਾਇਆ ਸਾ-ਸਾਰੀ ਕਾਲ।  ਤਾਈ ਪੈਰੀਂ ਪੈਣਾ।  ਏਸ ਗਲੀ ਥਾਣੀ' ਨੰਘ ਰਿਹਾ ਸੀ, ਹਸਾਬ ਕਰਕੇ ਸੋਚਿਆ ਥੋਨੂੰ ਮਿਲਦਾ ਈ-ਚੱਲਾਂ।''
ਰਾਮ ਚੰਦ ਨੇ ਅੰਦਰ ਆਉਂਦਿਆਂ ਹੀ ਆਦਤ ਅਨੁਸਾਰ ਆਪੇ ਈ ਪੀੜ੍ਹੀ ਚੱਕੀ ਤੇ ਡਾਹ ਕੇ ਭਗਤ ਸਿੰਘ ਦੇ ਨੇੜੇ ਹੋ ਕੇ ਬਹਿ ਗਿਆ।
ਰਾਮ ਚੰਦ ਕੋਈ ਸਵਾ ਕੁ ਪੰਜ ਫੁੱਟ ਦਾ ਗੀਂਢਾ ਜਿਹਾ ਭਾਰੇ ਸਰੀਰ ਵਾਲਾ ਬੰਦਾ ਸੀ।  ਉਹਦਾ ਰੰਗ ਕਾਲਾ, ਅੱਖਾਂ ਮੋਟੀਆਂ, ਨੱਕ ਚੌੜਾ ਤੇ ਬੁੱਲ੍ਹ ਮੋਟੇ ਸਨ।  ਜਦੋਂ ਉਹ ਹਸਦਾ ਤਾਂ ਉਤਲੇ ਦੋ ਕੁ ਦੰਦ ਬਾਹਰ ਆ ਜਾਂਦੇ।  ਉਹ ਤੇੜ ਲਾਂਗੜ ਵਾਲੀ ਧੋਤੀ ਤੇ ਗਲ਼ ਅੱਧੀਆਂ ਬਾਹਾਂ ਦਾ ਕੁੜਤਾ ਪਾ ਕੇ ਰਖਦਾ।  ਸਰਦੀਆਂ 'ਚ ਉਹ ਉੱਤੋਂ ਦੀ ਇਕ ਵੱਡਾ ਬਰਾਂਡ ਕੋਟ ਜਿਹਾ ਪਾ ਲੈਂਦਾ ਜਿਸ ਨਾਲ ਉਹ ਹੋਰ ਵੀ ਕੁਢਵਾ ਜਿਹਾ ਲੱਗਣ ਲੱਗ ਪੈਂਦਾ।  ਜਦੋਂ ਉਹ ਲੱਤਾਂ ਚੌੜੀਆਂ ਜਿਹੀਆਂ ਕਰਕੇ ਆਪਣੀ ਚਾਲੇ ਤੁਰਦਾ ਤਾਂ ਇਉਂ ਲਗਦਾ ਜਿਵੇਂ ਵੱਡੇ ਸਾਰੇ ਖਿਡੌਣੇ ਨੂੰ ਚਾਬੀ ਦੇ ਕੇ ਤੋਰਿਆ ਹੋਵੇ।  ਸੁਭਾਅ ਦਾ ਉਹ ਮਿੱਠਾ ਤੇ ਮਿਲਾਪੜਾ ਸੀ।  ਸਭ ਨਾਲ ਬਣਾ ਕੇ ਰਖਦਾ।  ਉਹ ਗੁੜ-ਸ਼ਕਰ ਦੀ ਦੁਕਾਨ ਕਰਦਾ ਹੁੰਦਾ।  ਉਹਦੇ ਸੁਭਾਅ ਕਰਕੇ ਦੁਕਾਨ 'ਤੇ ਗਾਹਕੀ ਵੀ ਚੰਗੀ ਹੋ ਜਾਂਦੀ।  ਭਗਤ ਸਿੰਘ ਹੋਰਾਂ ਦੇ ਪਰਿਵਾਰ ਨਾਲ ਉਹਦੇ ਕਈ ਸਾਲਾਂ ਦੇ ਪੁਰਾਣੇ ਸੰਬੰਧ ਸਨ।  ਰਾਮ ਚੰਦ ਦੀ ਮਾਂ ਤੇ ਘਰਵਾਲੀ ਵੀ ਬਾਹਰ ਅੰਦਰ-ਆਉਂਦੀਆਂ ਜਾਂਦੀਆਂ ਦਿਆਕੁਰ ਨੂੰ ਜ਼ਰੂਰ ਮਿਲ ਕੇ ਜਾਂਦੀਆਂ।  ਉਹਨੇ ਕਈ ਸਾਲ ਪਹਿਲਾਂ ਭਗਤ ਸਿੰਘ ਨੂੰ ਏਸ ਗੱਲ 'ਤੇ ਮਨਾ ਲਿਆ ਸੀ ਕਿ ਜਦੋਂ ਵੀ ਉਹਦੇ ਕੋਲ ਚਾਰ ਪੈਸੇ ਵਾਧੂ ਹੋਣ ਤਾਂ ਉਹ ਰਾਮ ਚੰਦ ਕੋਲ ਜਮ: ਕਰਵਾ ਦਿਆ ਕਰੇ।  ਹਰ ਸਾਲ ਉਹ ਉਹਨਾਂ ਪੈਸਿਆਂ 'ਚ ਆਪਣੇ ਵੱਲੋਂ ਥੋੜਾ ਬਹੁਤ ਵਿਆਜ ਵੀ ਜੋੜ ਦਿੰਦਾ ਹੁੰਦਾ।  ਭਗਤ ਸਿੰਘ ਦੇ ਜਮਾਂ ਹੋਏ ਪੈਸੇ ਉਹ ਆਪਣੇ ਧੰਦੇ ਵਿਚ ਲਾ ਛਡਦਾ।  ਜਦੋਂ ਵੀ ਭਗਤ ਸਿੰਘ ਆਉਂਦਾ ਜਾਂਦਾ ਉਹਨੂੰ ਦਸ ਵੀਹ ਰੁਪਈਏ ਫੜਾਉਂਦਾ ਤਾਂ ਉਹ ਪੂਰੀ ਈਮਾਨਦਾਰੀ ਨਾਲ ਹਿਸਾਬ ਕਰਕੇ ਮੂਲ ਤੇ ਵਿਆਜ ਦੀ ਰਕਮ ਉਹਨੂੰ ਆਪਣੀ ਵਹੀ 'ਚੋਂ ਪੜ੍ਹ ਕੇ ਜ਼ਬਾਨੀ ਦੱਸ ਦਿੰਦਾ।  ਪੈਸਿਆਂ ਬਾਰੇ ਹੋਰ ਵੀ ਕੋਈ ਨਾ ਕੋਈ ਨੇਕ ਸਲਾਹ ਦਿੰਦਾ ਰਹਿੰਦਾ।  ਇਹ ਸਿਲਸਿਲਾ ਕੋਈ ਪੰਦਰਾਂ ਕੁ ਸਾਲਾਂ ਤੋਂ ਚਲਦਾ ਆ ਰਿਹਾ ਸੀ।  ਰਾਮ ਚੰਦ ਦੀ ਦੁਕਾਨ ਤੋਂ ਸੌਦਾ ਪੱਤਾ ਲਿਆਉਣ ਵੇਲੇ ਉਹਨੂੰ ਉਹਦੇ ਨਕਦ ਪੈਸੇ ਦਿੱਤੇ ਜਾਂਦੇ।  ਜੇ ਕਦੇ-ਕਦਾਈਂ ਅਜਿਹਾ ਨਾ ਹੋ ਸਕਦਾ ਤਾਂ ਉਹਨਾਂ ਪੈਸਿਆਂ ਦਾ ਹਿਸਾਬ ਉਹ ਅੱਡ ਰੱਖਦਾ।  ਸਾਫ-ਸੁਥਰਾ ਹਸਾਬ ਰਖਣਾ ਉਹਦੀ ਚੰਗੀ ਆਦਤ ਸੀ।  ਉਮਰ ਵਿਚ ਉਹ ਭਗਤ ਸਿੰਘ ਤੋਂ ਕੋਈ ਪੰਜ-ਸੱਤ ਵਰ੍ਹੇ ਈ ਛੋਟਾ ਸੀ ਪਰ ਜਿਵੇਂ ਮਹਾਜਨ ਲੋਕਾਂ ਨੂੰ ਆਦਤ ਹੁੰਦੀ ਸੀ, ਉਹ ਭਗਤ ਸਿੰਘ ਨੂੰ ਤਾਇਆ ਤੇ ਦਿਆਕੁਰ ਨੂੰ ਤਾਈ ਕਹਿਕੇ ਬੁਲਾਉਂਦਾ।
''ਲੈ ਤਾਇਆ ਮੈਂ ਹਸਾਬ ਕਰਕੇ ਦੇਖਿਐ, ਬਈ ਥੋਡੇ ਮੇਰੇ ਕੰਨੀ ਛੀ ਹਜ਼ਾਰ ਤੋਂ ਉੱਤੇ ਜਮਾਂ ਹੋਏ ਪਏ ਐ।  ਬਈ ਜੇ ਤੁਸੀਂ ਚਾਂਹੋਂ ਤਾਂ ਆਪਣੀ ਮੰਡੀ ਦੇ ਬਾਹਰ-ਵਾਰ ਅੱਜ ਕੱਲ ਚੰਗੀ ਥਾਂ ਵਕਾਊ ਐ।  ਜਿਹੜੀ ਆਪਾਂ ਹਸਾਬ ਕਰਕੇ ਖਰੀਦ ਸਕਦੇ ਐਂ।  ਹੁਣ ਮੌਕਾ ਵੀ ਚੰਗੈ ਤੇ ਭਾਅ ਵੀ ਸਸਤੇ ਐ।  ਹਸਾਬ ਕਰਕੇ ਦੇਖ ਲੋ ਮੁੜਕੇ ਟੈਮ ਹੱਥ ਨੀ ਔਣਾ।  ਫੇਰ ਨਾ ਕਿਹੋ ਬਈ ਰਾਮ ਚੰਦ ਨੇ ਕਿਹਾ ਨੀ ਸੀ ਹਸਾਬ ਕਰਕੇ।''
"ਓ ਭਾਈ ਰਾਮਚੰਦਾ।  ਆਪਾਂ ਕੀ ਲੈਣੈ ਜ਼ਮੀਨਾਂ ਜੈਦਾਤਾਂ 'ਚੋਂ? ਆਹ ਦੋ ਕੁ ਮਕਾਨ ਭਲੇ ਵੇਲੇ ਬਣ-'ਗੇ ਇਹੀ ਬਹੁਤ ਐ।  ਸਾਡੇ ਮਗਰੋਂ ਦੋਏ ਭਰਾ ਬਰਾਬਰ ਵੰਡ ਲੈਣਗੇ।  ਹੋਰ ਆਪਾਂ ਕਾਹਨੂੰ ਖਲਜਗਣਾਂ 'ਚ ਪੈਣੈ।''  ਭਗਤ ਸਿੰਘ ਸੁਭਾਅ ਅਨੁਸਾਰ ਆਪਣੀ ਸੰਤੁਸ਼ਟੀ ਜ਼ਾਹਰ ਕਰ ਰਿਹਾ ਸੀ।  
''ਓ ਨਹੀਂ ਤਾਇਆ, ਮੰਨ ਲੋ ਮੇਰੀ ਗੱਲ ਹਸਾਬ ਕਰਕੇ।  ਪੈਸੇ ਤਾਂ ਹੱਥਾਂ ਦੀ ਮੈਲ ਐ ਅੱਜ ਹੈ-ਗੇ ਕੱਲ ਨੂੰ ਹੈ-ਨੀ।  ਪਰ ਜੇ ਆਪਾਂ ਹਸਾਬ ਕਰਕੇ ਦੇਖੀਏ ਤਾਂ ਜਾਇਦਾਦ ਦੀ ਕੀਮਤ ਤਾਂ ਦਿਨ-ਬ-ਦਿਨ ਵਧਣੀ ਵਧਣੀ ਐ ਹਸਾਬ ਨਾਲ।  ਜੇ ਲੋੜ ਪਈ ਤਾਂ ਔਖੇ ਵੇਲੇ ਬੰਦਾ ਚਾਰ ਪੈਸੇ ਈ ਵੱਟ ਲੈਂਦੈ ਹਸਾਬ ਕਰਕੇ।''
''ਊਂ ਤਾਂ ਰਾਮ ਚੰਦ ਸਿਆਣੀ ਗੱਲ ਈ ਕਰਦਾ ਹੁੰਦੈ।  ਜੇ ਏਨੇ ਪੈਸੇ ਹੈਗੇ ਐ ਬਈ ਰਾਮ ਨਾਲ ਚੰਗੀ ਥਾਂ ਮਿਲ ਸਕਦੀ ਐ ਤਾਂ ਗੱਲ ਕੋਈ ਮਾੜੀ ਵੀ ਨੀ ਲਗਦੀ।'' ਦਿਆਕੁਰ ਨੇ ਆਪਣੀ ਸਲਾਹ ਦੱਸੀ।
"ਤਾਇਆ, ਉਹ ਜਿਹੜੇ ਰਫੂਜੀ ਐ ਨਾ ਪ੍ਰੀਤਮ ਸਿਉਂ ਕੇ, ਉਹਨਾਂ ਨੂੰ ਮਿਲੀ ਐ ਇਹ ਥਾਂ ਹਸਾਬ ਕਰਕੇ।  ਜਿਹੜੀ ਥਾਂ ਉਹ ਪਾਕਸਤਾਨ 'ਚ ਛੱਡ ਆਏ ਸੀ, ਉਹਦੇ ਬਦਲੇ 'ਚ ਸਰਕਾਰ ਨੇ ਅਲਾਟ ਕੀਤੀ ਐ ਹਸਾਬ ਕਰਕੇ।  ਉਹਨਾਂ ਨੂੰ ਸਾਰੇ ਟੱਬਰ ਨੂੰ ਸਿਰ ਲੁਕ੍ਹੋਣ ਦੀ ਸਮਸਿਐ।  ਉਹ ਇਹ ਥਾਂ ਵੇਚਕੇ ਕੋਈ ਛੋਟਾ-ਮੋਟਾ ਘਰ ਜਾਂ ਤਾਂ ਖਰੀਦ ਲੈਣਗੇ ਜਾਂ ਕਰਾਏ ਕਰੂਏ 'ਤੇ ਬਹਿ ਜਾਣਗੇ ਹਸਾਬ ਕਰਕੇ।  ਥਾਂ ਭਾਵੇਂ ਹੈ ਤਾਂ ਸਫੈਦ ਈ ਪਰ ਹੈ ਜਮਾਂ ਸੜਕ 'ਤੇ।  ਮੂਹਰ ਦੀ ਸੜਕ ਦੋਂਹ-ਚਹੁੰ ਸਾਲਾਂ ਨੂੰ ਸਰਕਾਰ ਨੇ ਕੱਢਣੀ ਕੱਢਣੀ ਐ ਹਸਾਬ ਕਰਕੇ।  ਅੱਜ ਤਾਂ ਆਪਾਂ ਨੂੰ ਉਹ ਕੌਡੀਆਂ ਦੇ ਭਾਅ ਥਿਆਉਂਦੀ ਐ ਹਸਾਬ ਕਰਕੇ।  ਇਹ ਤਾਂ ਅੱਜ ਦਲਾਲਾਂ ਨੂੰ ਨੀ ਪਤਾ ਲੱਗਿਆ ਨਹੀਂ ਤਾਂ ਉਹ ਖਿੱਚ ਲਜਾਣਗੇ ਹਸਾਬ ਕਰਕੇ।  ਉਹ ਤਾਂ ਕੱਲ੍ਹ ਪ੍ਰੀਤਮ ਨੇ ਮੇਰੇ ਨਾਲ ਸਭੈਕੀ ਗੱਲ ਛੇੜ ਲੀ ਹਸਾਬ ਕਰਕੇ।  ਤੇ ਮੈਂ ਵੀ ਉਹਨੂੰ ਓਸੇ ਵੇਲੇ ਈ ਹਾਂ ਕਰ 'ਤੀ ਹਸਾਬ ਕਰਕੇ।  ਜੇ ਤੁਸੀਂ ਨੀ ਲੈਣੀ ਤਾਂ ਮੈਂ ਲੈ ਲੂੰ ਥੋਡੇ ਪੈਸਿਆਂ ਨਾਲ ਤੇ ਵਿਆਜ ਦੇਊਂ ਦੁੱਗਣਾ ਹਸਾਬ ਕਰਕੇ।  ਪਰ ਮੈਂ ਚਾਹੁੰਨੈ, ਤਾਇਆ, ਬਈ ਥੋਡੇ ਪੈਸੇ ਐ, ਤੁਸੀਂ ਓਂ ਖਰੀਦੋ।  ਹੁਣ ਮੌਕਾ ਨਾ ਖੰਝਾਓ ਹਸਾਬ ਕਰਕੇ।''
''ਉਹ ਹੈ ਕਿੰਨੀ ਕੁ ਥਾਂ?'' ਭਗਤ ਸਿੰਘ ਨੇ ਕੁਝ ਦਿਲਚਸਪੀ ਦਿਖਾਈ।
''ਤਾਇਆ ਥਾਂ ਤਾਂ ਹੈ-ਗੀ ਦੋ ਕਨਾਲਾਂ।  ਥਾਂ ਮਾੜਾ ਜਿਆ ਨੀਵੈਂ ਭਰਤ ਵੀ ਪੌਣੀ ਪਊਗੀ ਹਸਾਬ ਕਰਕੇ।  ਏਸੇ ਕਰਕੇ ਪੈਸੇ ਉਹ ਮੰਗਦੇ ਐ ਕੁੱਲ ਅੱਠ ਹਜਾਰ ਹਸਾਬ ਕਰਕੇ।  ਮੇਰੇ ਕੋਲ ਥੋਡੇ ਪੈਸੇ ਜਮਾਂ ਹੈ-ਗੇ ਐ; ਕੋਈ ਛੀ ਹਜਾਰ ਤੋਂ ਉੱਤੇ ਈ ਹੋਣਗੇ ਹਸਾਬ ਕਰਕੇ।''
''ਤੇ ਭਾਈ ਰਾਮ ਚੰਦਾ ਦੋ ਹਜਾਰ ਆਪਾਂ ਕਿੱਥੋਂ ਲਿਆਵਾਂਗੇ?'' ਭਗਤ ਸਿੰਘ ਨੇ ਸਵਾਲ ਕੀਤਾ।
"ਲੈ ਤਾਇਆ ਤੂੰ ਉਹਦਾ ਫਿਕਰ ਨਾ ਕਰ।  ਆਪਾਂ ਪਹਿਲਾਂ ਤਾਂ ਉਹਨਾਂ ਨੂੰ ਥੋੜਾ ਥੱਲੇ ਲਿਹਾਮਾਗੇ ਹਸਾਬ ਕਰਕੇ।  ਪੰਜ ਸੱਤ ਸੌ ਤਾਂ ਘਟਣਗੇ ਈ ਨਾ ਅਗਲੇ।  ਜਦੋਂ ਆਪਾਂ ਨਕਦੀ ਅਗਲੇ ਦੇ ਮੂਹਰੇ ਰੱਖ 'ਤੀ ਹਸਾਬ ਕਰਕੇ ਫੇਰ ਅਗਲਾ ਚੱਕੂ ਕਿਮੇ ਨਾ ਹਸਾਬ ਕਰਕੇ?  ਬਾਕੀ ਰਜਿਸਟਰੀ ਦੀ ਫੀਸ ਫੂਸ ਪਾ ਕੇ ਤੇ ਹੋਰ ਨਿੱਕੇ ਮੋਟੇ ਖਰਚੇ ਪਾ ਕੇ ਹਸਾਬ ਕਰਕੇ ਦੇਖੀਏ ਤਾਂ ਓਥੇ ਈ ਜਾ ਪਊ।  ਤਾਇਆ ਮੰਨ ਲੈ ਮੇਰੀ ਗੱਲ ਹਸਾਬ ਕਰਕੇ।  ਜੇ ਆਖੇਂ ਤਾਂ ਆਪਾਂ ਹੁਣੇ ਜਾ ਕੇ ਪ੍ਰੀਤਮ ਨੂੰ ਸਾਈ ਫੜਾ ਦਿੰਨੇ ਐਂ ਹਸਾਬ ਕਰਕੇ।  ਮਾੜੀ ਮੋਟੀ ਲਿਖਤ ਪੜ੍ਹਤ ਵੀ ਕਰ ਲਾਂਗੇ ਹਸਾਬ ਕਰਕੇ।  ਰਜਿਸ਼ਟਰੀ ਮਗਰੋਂ ਹੋਰ ਇਕ ਦੋ ਮਹੀਨਿਆਂ ਨੂੰ ਕਰਾ ਲਾਂਗੇ ਹੌਲੀ-ਹੌਲੀ ਹਸਾਬ ਕਰਕੇ।  ਦੋ ਕੁ ਹਜਾਰ ਦਾ ਕੀ ਐ, ਐਧਰੋਂ ਓਧਰੋਂ 'ਕੱਠੇ ਕਰ ਲਾਂਗੇ ਹਸਾਬ ਕਰਕੇ।''
''ਚੰਗਾ ਬਈ ਰਾਮ ਚੰਦਾ ਚਲ ਫੇਰ।  ਹੁਣ ਕਿਹੜਾ ਪਾਂਧਾ ਪੁੱਛਣਾ ਰਹਿ ਗਿਆ?'' ਭਗਤ ਸਿੰਘ ਨੇ ਦਿਆਕੁਰ ਵੱਲ ਝਾਕਦਿਆਂ ਕਿਹਾ।
"ਆਹ੍ਹੋ ਭਾਈ ਚੰਗੇ ਕੰਮ ਨੂੰ ਦੇਰ ਕਾਹਦੀ? ਘਰੋਂ ਬਾਹਰ ਦੇਖ ਕੇ ਜਾਇਓ।  ਕੋਈ ਬ੍ਹਾਮਣ ਮੱਥੇ ਨਾ ਲੱਗ-ਜੇ।''
ਜਦੋਂ ਉਹ ਘਰੋਂ ਤੁਰਨ ਲੱਗੇ ਤਾਂ ਅੱਗੋਂ ਚੰਨਣ ਝਿਉਰ ਆਪਣੀ ਗੱਡੀ 'ਤੇ ਪਾਣੀ ਵਾਲੀ ਟੰਕੀ ਭਰ ਕੇ ਝੋਟੇ ਦੀ ਨੱਥ ਫੜੀ ਆਉਂਦਾ ਕਿਸੇ ਦੇ ਘਰ ਪਾਣੀ ਪਾਉਣ ਜਾ ਰਿਹਾ ਸੀ।
''ਲੈ ਤਾਈ ਸਗਣ ਤਾਂ ਬਹੁਤ ਚੰਗਾ ਹੋ ਗਿਆ ਹਸਾਬ ਕਰਕੇ।  ਪਾਣੀ ਦੀ ਭਰੀ ਟੈਂਕੀ ਟੱਕਰੀ ਐ ਮੁਹਰਿਓਂ।  ਹੋਰ ਦੱਸ ਕੀ ਚਾਹੀਂਦੈ ਹਸਾਬ ਕਰਕੇ?''
ਉਸੇ ਦਿਨ ਹੀ ਪ੍ਰੀਤਮ ਕਿਆਂ ਨਾਲ ਪੰਜ ਸੌ ਬਿਆਨਾ ਦੇ ਕੇ ਲਿਖਤ ਪੜ੍ਹਤ ਵੀ ਹੋ ਗਈ।  ਭਗਤ ਸਿੰਘ ਨੇ ਦਿਆਕੁਰ ਤੋਂ ਦੋ ਛਾਪਾਂ ਲੈ ਕੇ ਵੇਚੀਆਂ, ਪੰਜ ਕੁ ਸੌ ਕਰਮੂ ਬਾਣੀਏ ਤੋਂ ਮੋੜਨਾ ਕਰਕੇ ਫੜ ਲਿਆ ਤੇ ਬਾਕੀ ਰਾਮ ਚੰਦ ਤੋਂ ਉਧਾਰ ਚੱਕ ਲਿਆ।  ਦੂਜੇ ਮਹੀਨੇ ਦੋ ਕਨਾਲਾਂ ਥਾਂ ਦੀ ਰਜਿਸਟਰੀ ਭਗਤ ਸਿੰਘ ਦੇ ਨਾਂ ਹੋ ਗਈ।  ਭਗਤ ਸਿੰਘ ਤੇ ਦਿਆਕੁਰ ਰਾਮ ਚੰਦ ਦੇ ਅਹਿਸਾਨਮੰਦ ਸਨ।  ਉਹਨੇ ਹਸਾਬ ਕਰਕੇ ਚੰਗਾ ਫੈਸਲਾ ਕੀਤਾ ਸੀ।
ਫੇਰ ਕੁਝ ਖੁਲ੍ਹੇ ਦਿਨ ਦੇਖ ਕੇ ਭਗਤ ਸਿੰਘ ਨੇ ਥੋੜੀ ਹੋਰ ਹਿੰਮਤ ਕੀਤੀ।  ਕੁਝ ਇੱਟਾਂ ਸਿਟਵਾ ਕੇ ਜਗਾ ਵਗਲ਼ ਲਈ ਅਤੇ ਸੜਕ ਵੱਲ ਲਗਦੇ ਪਾਸੇ ਤੇ ਇਕ ਛੋਟਾ ਵਰਾਂਡਾ ਜਿਹਾ ਛੱਤ ਲਿਆ ਤੇ ਇਕ ਦਰਵਾਜਾ ਲਾ ਲਿਆ।
ਜਦੋਂ ਇਹ ਜ਼ਮੀਨ ਖਰੀਦਣ ਦੀ ਖ਼ਬਰ ਚਰਨਜੀਤ ਨੂੰ ਮਿਲੀ ਅਤੇ ਉਸ ਨੂੰ ਇਹ ਵੀ ਪਤਾ ਲੱਗਿਆ ਕਿ ਭਗਤ ਸਿੰਘ ਨੇ ਡੂਢ ਦੋ ਹਜ਼ਾਰ ਕਰਜ਼ਾ ਵੀ ਚੁੱਕਿਆ ਸੀ ਤਾਂ ਉਹਨੇ ਹਸਪਤਾਲ ਦੇ ਸੁਪਰਡੈਂਟ ਨਾਲ ਗੱਲ ਕਰਕੇ ਪੰਜ ਹਜ਼ਾਰ ਦਾ ਲੋਨ ਪਾਸ ਕਰਵਾ ਲਿਆ।  ਪੈਸੇ ਲੈ ਕੇ ਉਹ ਤੇ ਅੰਜਲੀ ਅਚਾਨਕ ਇਕ ਦਿਨ ਘਰ ਪਹੁੰਚ ਗਏ।  ਦਿਆਕੁਰ ਨੂੰ ਤਾਂ ਜਿਵੇਂ ਰੱਬ ਮਿਲ ਗਿਆ ਹੋਵੇ।  ਉਹ ਖੁਸ਼ੀ ਨਾਲ ਖੀਵੀ ਹੋਈ ਚੌਂਕੇ ਵਿਚ ਕੁਝ ਮਿੱਠਾ-ਥੰਦਾ ਬਨਾਉਣ ਦੇ ਆਹਰ ਜਾ ਲੱਗੀ।  ਆਥਣੇ ਭਗਤ ਸਿੰਘ ਵੀ ਜਦੋਂ ਘਰ ਆਇਆ ਤਾਂ ਚਰਨਜੀਤ ਤੇ ਅੰਜਲੀ ਨੇ ਇਕੱਠਿਆਂ ਉਹਦੇ ਪੈਰੀਂ ਹੱਥ ਲਾਏ।  ਭਗਤ ਸਿੰਘ ਦੇ ਜਿਵੇਂ ਸੀਨੇ ਠੰਢ ਪੈ ਗਈ ਹੋਵੇ।  ਉਹਨੇ ਦੋਹਾਂ ਨੂੰ ਗਲਵਕੜੀ 'ਚ ਲੈ ਕੇ ਘੁੱਟਿਆ ਤੇ ਅਸੀਸ ਦਿੱਤੀ।  ਚਰਨਜੀਤ ਨੇ ਪੰਜ ਹਜ਼ਾਰ ਦੇ ਨੋਟਾਂ ਵਾਲਾ ਲਿਫਾਫਾ ਭਗਤ ਸਿੰਘ ਨੂੰ ਫੜਾਉਂਦਿਆਂ ਕਿਹਾ-
''ਬਾਪੂ ਜੀ, ਮੇਰੇ ਖਿਆਲ 'ਚ ਆਪਾਂ ਨੂੰ ਇਹਦੀ ਲੋੜ ਐ।''
ਜਦੋਂ ਭਗਤ ਸਿੰਘ ਨੇ ਲਿਫਾਫਾ ਖੋਹਲ ਕੇ ਪੈਸੇ ਕੱਢ ਕੇ ਦੇਖੇ ਤਾਂ ਉਹਨੂੰ ਹੈਰਾਨੀ ਨਾਲੋਂ ਵੱਧ ਮਾਣ ਚਰਨਜੀਤ 'ਤੇ ਅੰਜਲੀ ਤੇ ਹੋਇਆ।
"ਚੰਗਾ ਭਾਈ ਜਿਊਂਦੇ ਵਸਦੇ ਰਹੋ।  ਊਂ ਤਾਂ ਰਾਮ ਚੰਦ ਨੇ ਹਿੰਮਤ ਕਰਕੇ ਇਹ ਥਾਂ ਆਪਣੇ ਆਪ ਈ ਖਰੀਦਣ ਵਿਚ ਮਦਦ ਕੀਤੀ।  ਮੈਂ ਤਾਂ ਕੋਈ ਪੰਦਰਾਂ ਸਾਲਾਂ ਤੋਂ ਕਦੇ-ਕਦਾਈਂ ਦਸ-ਵੀਹ ਰੁਪਈਏ ਜਦੋਂ ਵੀ ਵਾਧੂ ਹੁੰਦੇ ਉਹਨੂੰ ਦੇ ਛਡਦਾ, ਸੋ ਪਤਾ ਈ ਨੀ ਲੱਗਿਆ ਕਦੋਂ ਛੀ ਹਜਾਰ ਤੋਂ ਵੀ ਵੱਧ ਪੈਸੇ 'ਕੱਠੇ ਹੋ-ਗੇ।  ਬੱਸ ਡੂਢ ਦੋ ਕੁ ਹਜ਼ਾਰ ਈ ਥੁੜਦਾ ਸੀ, ਉਹ ਏਧਰੋਂ ਓਧਰੋਂ ਕਿਵੇਂ ਨਾ ਕਿਵੇਂ ਹੋ ਗਿਆ...।''
"ਨਹੀਂ ਬਾਪੂ ਜੀ, ਇਕ ਤਾਂ ਜਿਹੜਾ ਵੀ ਉਧਾਰ ਐ ਉਹ ਮੋੜ ਦਿਓ, ਦੂਜੇ ਜੇ ਇਕ ਦੋ ਕਮਰੇ ਛੱਤਣੇ ਐਂ ਤਾਂ ਬਾਕੀ ਬਚਦੇ ਪੈਸਿਆਂ ਨਾਲ ਸਰ-ਜੂਗਾ।  ਜੇ ਹੋਰ ਲੋੜ ਪਈ ਤਾਂ ਅਸੀਂ 'ਕੱਠੇ ਕਰ ਲਾਂਗੇ।  ਹੁਣ ਤਾਂ ਅਸੀਂ ਦੋ ਆਂ ਕਮੌਣ ਜੋਗੇ।''
"ਸ਼ਾਬਾਸ਼ੇ ਪੁੱਤ ਜਿਊਂਦੇ ਰਹੋ।  ਜੈਦਾਤਾਂ ਮਿਲ-ਜੁਲ ਕੇ ਈ ਬਣਦੀਆਂ ਹੁੰਦੀਐਂ।  ਐਂ ਤਾਂ ਆਪਾਂ ਜਗਾ ਵਗਲ਼ ਕੇ ਇਕ ਬਰਾਂਡਾ ਜਿਆ ਵੀ ਛੱਤ ਲਿਐ।  ਚਲੋ ਜੋ ਉਹਨੂੰ ਭਾਵੇ।  ਆਪੇ ਦਾਤਾ ਦੇਈ ਜਾਂਦੈ।'' ਕਹਿੰਦਿਆਂ ਭਗਤ ਸਿੰਘ ਨੇ ਪੈਸੇ ਦਿਆਕੁਰ ਨੂੰ ਫੜਾ ਦਿੱਤੇ।  ਦਿਆਕੁਰ ਨੇ ਲਕੜ ਦੇ ਸੰਦੂਕ 'ਚ ਸੰਭਾਲ ਕੇ ਰੱਖ ਦਿੱਤੇ।
ਥੋੜੇ ਚਿਰ ਪਿੱਛੋਂ ਗੁਰਨੇਕ ਤੇ ਬਸੰਤ ਨੂੰ ਮਿਲਣ ਚਰਨਜੀਤ ਤੇ ਅੰਜਲੀ ਚੁਬਾਰੇ ਤੇ ਗਏ।  ਗੁਰਨੇਕ ਨੂੰ ਥਾਂ ਖਰੀਦਣ ਬਾਰੇ ਕੋਈ ਜਾਣਕਾਰੀ ਨਹੀਂ ਸੀ।  ਚਰਨਜੀਤ ਨੇ ਜਦੋਂ ਥਾਂ ਖਰੀਦਣ ਬਾਰੇ ਸਾਰੀ ਗੱਲ ਦੱਸੀ ਤਾਂ ਉਸ ਨੂੰ ਕੁਝ ਚੰਗਾ ਨਾ ਲੱਗਾ ਪਰ ਉਹ ਚੁੱਪ ਰਿਹਾ।  ਉਸ ਵੇਲੇ ਉਹਦੇ ਦਿਮਾਗ ਵਿਚ ਕਈ ਚੰਗੀਆਂ ਮਾੜੀਆਂ ਗੱਲਾਂ ਘੁੰਮ ਰਹੀਆਂ ਸਨ।  ਉਹ ਸੋਚ ਰਿਹਾ ਸੀ ਉਹਦੇ ਮਾਂ ਪਿਓ ਉਹਨੂੰ ਆਪਣੇ ਟੱਬਰ ਦਾ ਹਿੱਸਾ ਹੀ ਨਹੀਂ ਸਮਝਦੇ।  ਏਸੇ ਕਰਕੇ ਕਦੇ ਕੋਈ ਸਲਾਹ ਕਰਕੇ ਜਾਂ ਉਹਦੀ ਰਾਏ ਲੈ ਕੇ ਕੰਮ ਨਹੀਂ ਕਰਦੇ।  ਮਨ ਆਈਆਂ ਕਰਦੇ ਰਹਿੰਦੇ ਹਨ।  ਫੇਰ ਉਹ ਸੋਚਣ ਲੱਗ ਪਿਆ, ਚਲੋ ਇਕ ਗੱਲੋਂ ਤਾਂ ਠੀਕ ਐ ਜੋ ਹੋ ਰਿਹੈ ਚੰਗਾ ਹੀ ਹੈ।  ਕੁਝ ਹੋਰ ਜ਼ਮੀਨ ਜਾਇਦਾਦ ਟੱਬਰ ਦੇ ਨਾਂ ਉਸ ਦੇ ਬਿਨਾਂ ਕੋਈ ਹੱਥ-ਪੱਲਾ ਹਲਾਇਆਂ ਈ ਜੁੜ ਗਈ।  ਅਗੇ ਜਾ ਕੇ ਸਭ ਕੁਝ ਵਿਚ ਅੱਧ ਤਾਂ ਉਹਦਾ ਰਹੇਗਾ ਈ ਨਾ।  ਖਾਸਾ ਚਿਰ ਸਾਰੇ ਚੁੱਪ ਕਰਕੇ ਬੈਠੇ ਰਹੇ।  ਅੰਜਲੀ ਨੂੰ ਉਸ ਮਾਹੌਲ ਵਿਚ ਖਿਝ ਆਉਣ ਲੱਗ ਪਈ।  ਬਸੰਤ ਵੀ ਚੁੱਪ ਕਰਕੇ ਬੈਠੀ ਰਹੀ।  ਅੰਜਲੀ ਸੋਚ ਰਹੀ ਸੀ ਕਿ ਉਹਦੀ ਜਠਾਣੀ ਉਸ ਕੋਲੋਂ ਸੌ ਸਵਾਲ ਪੁੱਛੇਗੀ, ਉਹਦੇ ਪਰਿਵਾਰ ਬਾਰੇ, ਉਹਦੇ ਕੰਮ ਬਾਰੇ, ਰੋਟੀ-ਟੁੱਕ ਬਾਰੇ, ਘਰ ਬਾਰੇ। ਪਰ ਨਹੀਂ, ਉਹ ਸਿਰਫ ਬਿਟਰ-ਬਿਟਰ ਅੰਜਲੀ ਦੇ ਮੂੰਹ ਵੱਲ ਝਾਕੀ ਗਈ।  ਅਜੰਲੀ ਨੇ ਅਖੀਰ ਗੱਲ ਛੇੜੀ-
''ਭੈਣ ਜੀ, ਤੁਸੀਂ ਸਾਰਾ ਦਿਨ ਕੀ ਕਰਦੇ ਰਹਿੰਦੇ ਓ?''
''ਕਰਨਾ ਕੀ ਸੀ ਕੁਸ਼ ਨੀ ਕਰਦੇ।  ਨਿੱਕੀ ਨਾਲ ਸਾਰਾ ਦਿਨ ਵਿਹਲ 'ਜੀ' ਨੀ ਮਿਲਦੀ।  ਥੋਡੇ ਔਣ ਤੋਂ ਥੋੜਾ ਚਿਰ ਪਹਿਲਾਂ ਈ ਸੁੱਤੀ ਐ।''
''ਮੈਂ ਚੱਕ ਲਵਾਂ ਨਿੱਕੀ ਨੂੰ?''
"ਨਾ ਚੱਕੀਂ ਨਾ।  ਕੱਚੀ ਨੀਂਦ ਉੱਠ ਕੇ ਰੋਊਗੀ।  ਫੇਰ ਸਗਾਂ ਮੈਨੂੰ ਦੁਖੀ ਕਰੁ।''
''ਤੁਹਾਡੇ ਕੀ ਕੀ ਸ਼ੌਕ ਨੇ?''
''ਸ਼ੌਂਕ ਸ਼ੂੰਕ ਕਾਹਦੇ ਐ ਬੱਸ ਜਿਹੜਾ ਦਿਨ ਨੰਘ ਜਾਂਦੈ, ਠੀਕ ਐ।''
''ਤੁਸੀਂ ਕੁਝ ਦਿਨ ਸਾਡੇ ਨਾਲ ਲੁਧਿਆਨੇ ਚੱਲੋ।  ਸਾਡੇ ਨਾਲ ਰਹਿਨਾ।''
"ਕੋਈ ਨੀ।  ਆ-ਜਾਂਗੇ।  ਠਹਿਰ ਕੇ, ਫੇਰ ਕਿਤੇ।''
''ਵੱਡੇ ਭਾਅਜੀ ਨੂੰ ਵੀ ਨਾਲ ਲੈ ਚੱਲਾਂਗੇ।  ਫੇਰ ਤਾਂ ਠੀਕ ਰਹੇਗਾ ਨਾ?  ਕਿਉਂ ਚਰਨ ਜੀ ਮੈਂ ਠੀਕ ਕਹਿ ਰਹੀ ਆਂ।''  ਚਰਨਜੀਤ ਚੁੱਪ ਰਿਹਾ।
''ਤੁਸੀਂ ਤਾਂ ਆਵਦਾ ਰੋਜ ਹਸਪਤਾਲ ਉੱਠ ਲਿਆ ਕਰੋਂਗੇ ਆਵਦੇ ਕੰਮ 'ਤੇ।  ਅਸੀਂ ਵਿਹਲੇ ਓਥੇ ਕੰਧਾਂ-ਕੌਲ਼ਿਆਂ ਕੰਨੀ ਝਾਕੀ ਜਾਇਆ ਕਰਾਂਗੇ।''
ਬਸੰਤ ਨੇ ਹੱਸ ਕੇ ਜਵਾਬ ਦਿੱਤਾ।
''ਨਹੀਂ ਨਹੀਂ ਭੈਣ ਜੀ। ਮੈਂ ਛੁੱਟੀ ਲੈ ਲਵਾਂਗੀ।''
''ਕੋਈ ਨੀ-ਸੋਚ ਲਾਂ-ਗੇ।  ਅਜੇ ਕਿਹੜਾ ਕਾਹਲ਼ੀ ਐ।''
ਅੰਜਲੀ ਨੂੰ ਬਸੰਤ ਦੇ ਰੁੱਖੇ ਰਵਈਏ ਦੀ ਸਮਝ ਨਹੀਂ ਸੀ ਆ ਰਹੀ।  ਉਹ ਤਾਂ ਟੱਬਰ ਦੇ ਅਹਿਸਾਸ ਨਾਲ ਇਸ ਘਰ ਵਿਚ ਆਪਣੀ ਥਾਂ ਬਨਾਉਣਾ ਚਾਹੁੰਦੀ ਸੀ।  ਪਰਿਵਾਰ ਦੇ ਹਰ ਜੀਅ ਦੇ ਨੇੜੇ ਹੋਣਾ ਚਾਹੁੰਦੀ ਸੀ।  ਉਸ ਨੂੰ ਦਿਆਕੁਰ ਤੋਂ ਸੱਸਾਂ ਵਾਲਾ ਨਹੀਂ ਸਗੋਂ ਮਾਵਾਂ ਵਰਗਾ ਪਿਆਰ ਮਿਲਿਆ ਸੀ।  ਘਰ ਵਿਚ ਭਾਵੇਂ ਹਰ ਚੀਜ਼ ਉਪਲਬਧ ਨਹੀਂ ਸੀ ਪਰ ਫੇਰ ਵੀ ਪਿਆਰ ਤਾਂ ਕਿਧਰੋਂ ਖਰੀਦ ਕੇ ਨਹੀਂ ਲਿਆਂਦਾ ਜਾਂਦਾ।  ਜੇ ਟੱਬਰ ਦੇ ਜੀਅ ਇਕ ਦੂਜੇ ਨਾਲ ਮੋਹ-ਪਿਆਰ ਨਾਲ ਰਹਿਣ, ਲੋੜ ਪੈਣ 'ਤੇ ਇਕ ਦੂਜੇ ਦੀ ਮਦਦ ਕਰਨ, ਦੁਖ-ਸੁਖ ਵੇਲੇ ਇਕੱਠੇ ਹੋਣ ਤਾਂ ਓਸੇ ਨੂੰ ਹੀ ਤਾਂ ਬਰਕਤ ਵਾਲਾ ਟੱਬਰ ਕਿਹਾ ਜਾਂਦੈ।  ਪਰ ਅੰਜਲੀ ਨੂੰ ਸਮਝ ਨਹੀਂ ਸੀ ਆ ਰਹੀ ਸੀ ਕਿ ਉਥੇ ਬੈਠਿਆਂ ਨੂੰ ਇਕ ਅਜੀਬ ਰੁੱਖੇਪਣ ਦਾ ਅਹਿਸਾਸ ਕਿਉਂ ਹੋ ਰਿਹਾ ਸੀ? ਉਹਨੂੰ ਇਹ ਕਿਉਂ ਲੱਗ ਰਿਹਾ ਸੀ ਜਿਵੇਂ ਉਹ ਕੋਈ ਅਜਨਬੀ ਲੋਕਾਂ ਨਾਲ ਗੱਲਾਂ ਕਰ ਰਹੀ ਹੋਵੇ? ਇਹ ਤਾਂ ਖੂਨ ਦੇ ਰਿਸ਼ਤੇ ਵਾਲੇ ਰਿਸ਼ਤੇਦਾਰ ਸਨ।  ਉਹ ਆਪਸ ਵਿਚ ਡੂੰਘੀਆਂ ਸਾਂਝਾਂ ਦੇ ਹੱਕਦਾਰ ਸਨ।  ਉਹਨਾਂ ਨੇ ਦੁਖ-ਸੁਖ ਦੇ ਸਾਂਝੀ ਹੋਣਾ ਸੀ।  ਉਹ ਸੋਚਣ ਲੱਗ ਪਈ ਕਿ ਹਸਪਤਾਲ ਵਿਚ ਹਫਤਾ ਦਸ ਦਿਨ ਰਹਿ ਕੇ ਜਾਣ ਵਾਲੇ ਮਰੀਜ਼ ਵੀ ਡੂੰਘੀਆਂ ਸਾਂਝਾਂ ਪਾ ਕੇ ਤੁਰ ਜਾਂਦੇ ਸਨ ਅਤੇ ਫੇਰ ਵੀ ਕਦੇ ਮੁੜ ਕੇ ਆਏ ਉਂਜ ਹੀ ਮਿਲਣ ਆ ਜਾਇਆ ਕਰਦੇ ਸਨ।  ਚਰਨਜੀਤ ਨਾਲ ਵਿਆਹ ਪਿੱਛੋਂ ਅੰਜਲੀ ਦੀ ਸ਼ਹਿਰੀ ਸੋਚ ਵਿਚ ਕੁਝ ਪੇਂਡੂਪਣੇ ਦਾ ਇਹ ਅਹਿਸਾਸ ਜ਼ਰੂਰ ਮਿਲ ਗਿਆ ਹੋਇਆ ਸੀ ਕਿ ਉਹ ਜਿਹਨਾਂ ਨੂੰ ਪਹਿਲਾਂ ਅਜਨਬੀ ਸਮਝ ਕੇ ਡਾਕਟਰ ਤੇ ਮਰੀਜ਼ ਦੇ ਰਿਸ਼ਤੇ ਤਕ ਹੀ ਸੀਮਿਤ ਰਹਿੰਦੀ ਸੀ ਹੁਣ ਜੇ ਕਦੇ ਕਦੇ ਉਹ ਰਿਸ਼ਤੇ ਦੀ ਹੱਦ ਪਾਰ ਕਰਕੇ ਇਨਸਾਨੀਅਤ ਅਤੇ ਪਿਆਰ ਦੇ ਰਿਸ਼ਤੇ ਨਾਲ ਕਿਸੇ ਮਰੀਜ਼ ਨਾਲ ਜੁੜਦੀ ਤਾਂ ਕਈ ਵਾਰ ਉਸ ਨੂੰ ਨਿਰਛਲ ਪਿਆਰ ਦਾ ਅਨੁਭਵ ਹੁੰਦਾ।  ਕਈ ਵਾਰੀ ਉਸ ਨੂੰ ਆਪਣੇ ਨਾਲੋਂ ਚੰਗੇ ਇਨਸਾਨ ਮਿਲਦੇ ਅਤੇ ਆਪਣੇ ਸੱਚੇ-ਸੁੱਚੇ ਪਿਆਰ ਨਾਲ ਉਹਨੂੰ ਖਿੱਚ ਪਾਉਂਦੇ।  ਪਰ ਅਜ ਉਹਦੇ ਆਪਣੇ ਹੀ ਘਰ ਵਿਚ ਪਿਆਰ ਦੇ ਰਿਸ਼ਤਿਆਂ ਵਿਚੋਂ ਏਨਾ ਰੁਖੇਵਾਂ ਉਹਨੂੰ ਦੁਖੀ ਕਰਨ ਲੱਗ ਪਿਆ ਸੀ।
ਚਰਨਜੀਤ ਅਤੇ ਅੰਜਲੀ ਨੇ ਅਗਲੇ ਦਿਨ ਹਸਪਤਾਲ ਆਪਣੀ ਡਿਊਟੀ 'ਤੇ ਹਾਜ਼ਰ ਹੋਣਾ ਸੀ।  ਉਹ ਦੋਏ ਮੁੜ ਹੇਠਾਂ ਆ ਗਏ।  ਦਿਆਕੁਰ ਰੋਟੀ-ਟੁੱਕ ਪਕਾਉਣ ਦੀ ਤਿਆਰੀ ਕਰਨ ਲੱਗੀ ਹੋਈ ਸੀ।  ਅੰਜਲੀ ਵੀ ਰਸੋਈ ਵਿਚ ਜਾ ਕੇ ਉਹਦੀ ਮਦਦ ਕਰਨ ਲੱਗ ਪਈ।
''ਕੁੜੇ ਨਹੀਂ ਪੁੱਤ ਤੇਰੇ ਲੀੜੇ ਖਰਾਬ ਹੋ ਜਾਣਗੇ।  ਮੈਂ ਹੁਣੇ ਰੋਟੀ ਪਕਾ ਲੈਨੀ ਐਂ।  ਦਾਲ ਤਾਂ ਮੈਂ ਧਰ ਈ ਲਈ ਐ...।''
''ਨਹੀਂ ਮਾਂ ਜੀ।  ਮੈਂ ਵੀ ਤੇ ਕੁਝ ਕਰਾਂ।  ਤੁਸੀਂ ਹਟ ਜਾਓ, ਅਜ ਮੈਂ ਈ ਖਾਨਾ ਬਨਾਵਾਂਗੀ।  ਮੈਨੂੰ ਕਰਨ ਦਿਓ।''
''ਲੈ ਸੁੱਖੀ-ਸਾਂਦੀਂ ਇਕ ਰਾਤ ਤੁਸੀਂ ਰਹਿਣ ਆਏਂ ਓਂ।  ਓਸੇ ਰਾਤ ਹੁਣ ਮੈਂ ਤੈਥੋਂ ਰੋਟੀਆਂ ਪਕਵਾਵਾਂ?  ਕੋਈ ਨੀ ਧੀਏ ਮੈਂ ਆਪੇ ਕਰ ਲੂੰ।''
ਚਰਨਜੀਤ ਨੂੰਹ-ਸੱਸ ਦਾ ਇਹ ਪਿਆਰ-ਝਗੜਾ ਦੇਖ ਕੇ ਬੜਾ ਖ਼ੁਸ਼ ਸੀ।
''ਲੈ ਬਈ ਦੇਖਦੇ ਐਂ ਭਲਾ ਨੂੰਹ ਜਿੱਤੂ ਕੀ ਸੱਸ !''  ਉਹਨੂੰ ਮਖੌਲ ਸੁੱਝ ਰਿਹਾ ਸੀ।
''ਤੁਸੀਂ ਰਹਿਣ ਦਿਓ।  ਸਾਡੇ ਮਾਮਲੇ ਵਿਚ ਟੰਗ ਨਾ ਅੜਾਓ।'' ਅੰਜਲੀ ਨੇ ਚਰਨਜੀਤ ਨੂੰ ਘੂਰੀ ਵੱਟੀ।
''ਚੰਗਾ ਫੇਰ ਤੁਸੀਂ ਨੂੰਹ-ਸੱਸ ਕਰ ਲੋ ਫੈਸਲਾ।  ਮੈਂ ਚਲਿਐਂ ਮਾਸਟਰ ਚਾਚਾ ਜੀ ਨੂੰ ਮਿਲਣ।  ਕਲ੍ਹ ਸਵੇਰੇ ਪਹਿਲੀ ਬੱਸ ਫੜਨੀ ਪਊ।''
"ਵੇ ਪੁੱਤ ਚਰਨੀ ਇਹਨੂੰ ਵੀ ਨਾਲ ਲੈ ਜਾ।  ਕਮਲਾ ਪੁੱਛਦੀ ਰਹਿੰਦੀ ਐ।  ਉਹਨੂੰ ਵੀ ਚਾਅ ਐ ਇਹਦਾ।  ਥੋਡੇ ਵਿਆਹ ਪਿੱਛੋਂ ਹੁਣ ਤੁਸੀਂ ਪਹਿਲੀ ਵਾਰੀ ਆਏ ਓਂ।  ਊਂ ਵੀ ਥੋਡਾ ਦੋਹਾਂ ਦਾ 'ਕੱਠੇ ਜਾਣਾ ਬਣਦੈ।''
''ਚੰਗਾ ਬਈ ਅੰਜਲੀ ਕੌਰ ਜੀ ਚਲੋ ਫੇਰ ਚਲੀਏ।  ਨਾਲੇ ਤੈਨੂੰ ਕੰਮ ਦੀਆਂ ਚਾਰ ਗੱਲਾਂ ਸੁਣਾਵਾਂਗੇ ਚਾਚਾ ਜੀ ਕੋਲੋਂ।  ਉਹ ਲਫਾਫਾ ਜਿਆ ਲੈ ਚੱਲ ਨਾਲ।'' ਅੰਜਲੀ ਨੇ ਅਟੈਚੀ ਵਿਚੋਂ ਇਕ ਪਲਾਸਟਿਕ ਦਾ ਥੈਲਾ ਕੱਢਿਆ।  ਉਹਦਾ ਅਜੇ ਵੀ ਦਿਆਕੁਰ ਕੋਲ ਰਹਿ ਕੇ ਗੱਲਾਂ ਕਰਨ ਨੂੰ ਜੀ ਕਰਦਾ ਸੀ।  
''ਮਾਂ ਜੀ ਮੈਂ...।''
"ਕੋਈ ਨਾ ਪੁੱਤ ਜਾਇ-ਆਓ।  ਉਹਨਾਂ ਨੂੰ ਵੀ ਤਾਂ ਚਾਅ ਐ।  ਆਪਾਂ ਰਾਤ ਨੂੰ ਗੱਲਾਂ ਕਰਾਂਗੇ।''
ਦਿਆਕੁਰ ਆਪਣੀ ਗੋਰੀ ਚਿੱਟੀ ਪਰੀਆਂ ਵਰਗੀ ਨੂੰਹ ਨੂੰ ਹਾਲੇ ਚੁੱਲ੍ਹੇ ਮੂਹਰੇ ਬਹਿ ਕੇ ਰੋਟੀਆਂ ਨਹੀਂ ਸੀ ਪਕਾਉਣ ਦੇਣਾ ਚਾਹੁੰਦੀ।
ਚਰਨਜੀਤ ਤੇ ਅੰਜਲੀ ਨੇ ਮਾਸਟਰ ਸਾਧੂ ਰਾਮ ਤੇ ਕਮਲਾ ਦੇਵੀ ਦੇ ਜਦੋਂ ਪੈਰੀਂ ਹੱਥ ਲਾਏ ਤਾਂ ਕਮਲਾ ਚੁੰਨੀ ਨਾਲ ਅੱਖਾਂ ਪੂੰਝਣ  ਲੱਗ ਪਈ।  ਉਹਨੇ ਅੰਜਲੀ ਨੂੰ ਘੁੱਟ ਕੇ ਗਲਵਕੜੀ ਪਾਉਂਦਿਆਂ ਕਿਹਾ-
''ਮਾਂ-ਸਦਕੇ।  ਜਿਉਂਦੇ ਵਸਦੇ ਰਹੋ।  ਜੁਆਨੀਆਂ ਮਾਣੋ।  ਰੱਬ ਰੰਗ ਭਾਗ ਲਾਵੇ।  ਅੱਜ ਤਾਂ ਭਾਗਾਂ ਵਾਲਾ ਦਿਨ ਚੜ੍ਹਿਐ...।''
ਮਾਸਟਰ ਜੀ ਨੇ ਵੀ ਆਪਣੀ ਐਨਕ ਇਕ ਵਾਰੀ ਲਾਹ ਕੇ ਪਹਿਲਾਂ ਸਾਫ ਕੀਤੀ ਅਤੇ ਫੇਰ ਮੁੜ ਕੇ ਲਾ ਲਈ।  ਉਹ ਦੋਵੇਂ ਜੀਅ ਬੜੇ ਖੁਸ਼ ਸਨ।  ਅੰਜਲੀ ਨੇ ਜਦੋਂ ਪਲਾਸਟਿਕ ਦਾ ਥੈਲਾ ਕਮਲਾ ਨੂੰ ਫੜਾਇਆ ਤਾਂ ਉਹਨੇ ਕਿਹਾ, ''ਪੁੱਤ ਇਹ ਕੀ ਐ?''
"ਚਾਚੀ ਜੀ ਇਹ ਥੋਡੇ ਨੂੰਹ-ਪੁੱਤ ਕੰਨੀਓਂ ਉਹਨਾਂ ਦੀ ਕਿਰਤ ਕਮਾਈ 'ਚੋਂ ਤੁਹਾਡੇ ਲਈ ਖਰੀਦਿਆ ਇਕ ਨਿੱਕਾ ਜਿਆ ਤੋਹਫਾ...।''
ਕਮਲਾ ਨੇ ਥੈਲੇ ਵਿਚੋਂ ਜਦੋਂ ਕੁਝ ਕਪੜੇ ਕੱਢੇ ਤਾਂ ਇਕ ਪੈਕਟ ਵਿਚ ਕਮਲਾ ਲਈ ਬੜਾ ਸੁਹਣਾ ਗਰਮ ਸੂਟ ਦਾ ਕਪੜਾ ਸੀ ਅਤੇ ਦੂਜੇ ਵਿਚ ਮਾਸਟਰ ਜੀ ਲਈ ਕੁੜਤੇ ਪਜਾਮੇ ਲਈ ਗਰਮ ਕਪੜਾ, ਜਿਹੜਾ ਬਹੁਤ ਕੀਮਤੀ ਲਗਦਾ ਸੀ।
''ਕਮਲਾ ਦੇਖ ਲੈ।  ਹੈ-ਨਾ ਆਪਾਂ ਮੋਤੀ ਦਾਨ ਕੀਤੇ ਹੋਏ ਥੇ ਪਿਛਲੇ ਜਨਮ ਮਾਂ?  ਹੁਣ ਤੂੰ ਆਪਣੇ ਨੂੰਹ-ਪੁੱਤ ਦਾ ਮੂੰਹ ਮਿੱਠਾ ਕਰਾ।''
ਮਾਸਟਰ ਜੀ ਨੂੰ ਇਸ ਗੱਲ ਦਾ ਬੜਾ ਮਾਣ ਸੀ ਅਤੇ ਤਸੱਲੀ ਸੀ ਕਿ ਉਹ ਉਹਨਾਂ ਦਾ ਵਿਆਹ ਕਰਵਾਉਣ ਵਿਚ ਸਭ ਤੋਂ ਵੱਧ ਹਿੱਸਾ ਪਾ ਚੁੱਕੇ ਸਨ।  ਪਰ ਨਾਲ ਹੀ ਉਹਨਾਂ ਦੇ ਦਿਮਾਗ਼ ਵਿਚ ਕਿਧਰੇ ਸ਼ੱਕ ਜਿਹਾ ਵੀ ਲੁਕਿਆ ਬੈਠਾ ਸੀ ਕਿ ਦੋਏ ਮੀਆਂ ਬੀਵੀ ਦਾ ਆਪਸ ਵਿਚ ਪਿਆਰ ਦਿਨ-ਬ-ਦਿਨ ਗੂੜ੍ਹਾ ਹੋ ਵੀ ਰਿਹੈ ਕਿ ਨਹੀਂ।
''ਆਓ-ਆਓ ਮੇਰੇ ਬੱਚਿਓ।  ਕੀ ਹਾਲ ਐ ਥੁਆਡਾ? ਠੀਕ ਠਾਕ ਓਂ?'' ਮਾਸਟਰ ਜੀ ਉਹਨਾਂ ਦੋਹਾਂ ਦੀਆਂ ਅੱਖਾਂ ਵਿਚ ਆਪਣੀਆਂ ਤੇਜ਼ ਅੱਖਾਂ ਨਾਲ ਕੁਝ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ।
''ਹਾਂ-ਜੀ।  ਚਾਚਾ ਜੀ, ਅਸੀਂ ਠੀਕ ਆਂ।  ਬੱਸ ਥੋਡਾ ਅਸ਼ੀਰਵਾਦ ਲੈਣ ਆਏ ਆਂ।''
"ਓ ਬੇਟੇ ਅੰਜਲੀ।  ਇਹ ਸਾਡਾ ਬੇਟਾ ਤੈਨੂੰ ਤੰਗ ਤਾਂ ਨਹੀਂ ਕਰਦਾ?  ਅਗਰ ਕੋਈ ਹੈ ਐਸੀ-ਵੈਸੀ ਬਾਤ ਤਾਂ ਤੂੰ ਆਪਣੀ ਚਾਚੀ ਨੂੰ ਦੱਸ ਦੇ।  ਮੈਂ ਇਸ ਦਾ ਸਿਰ ਹੁਣੇ ਈ ਇਸ ਦੇ ਦੋਹਾਂ ਕੰਨਾਂ ਕੇ ਬਿੱਚ ਮਾਂ ਕਰ ਦਿੰਨੈ।''
ਅੰਜਲੀ ਹੱਸ ਪਈ ਅਤੇ ਸ਼ਰਮਾ ਗਈ।
''ਨਈਂ ਚਾਚਾ ਜੀ ਇੰਜ ਦੀ ਕੋਈ ਗੱਲ ਨਈਂ।  ਇਹ ਤਾਂ ਬੜੇ ਚੰਗੇ ਨੇ।''
ਕਮਲਾ ਦੇਵੀ ਚਾਹ ਪਾਣੀ ਦੇ ਆਹਰ ਲੱਗ ਗਈ।  ਚਰਨਜੀਤ ਤੇ ਅੰਜਲੀ ਮਾਸਟਰ ਜੀ ਦੀ ਕੁਰਸੀ ਦੇ ਸਾਹਮਣੇ ਮੰਜੇ 'ਤੇ ਬਹਿ ਗਏ।  ਪਿੱਛੇ ਜਿਹੇ ਮਾਸਟਰ ਜੀ ਨੂੰ ਉਹਨਾਂ ਦਾ ਇਕ ਪੁਰਾਣਾ ਸ਼ਾਗਿਰਦ ਜਿਹੜਾ ਦਿੱਲੀ ਹਾਈ ਕੋਰਟ ਵਿਚ ਜੱਜ ਦੇ ਅਹੁਦੇ ਤੇ ਲੱਗ ਗਿਆ ਸੀ, ਆਪਣੇ ਵੱਲੋਂ ਇਕ ਆਰਾਮ ਕੁਰਸੀ ਭੇਟ ਕਰ ਗਿਆ ਸੀ।  ਕੁਰਸੀ ਬੜੀ ਵਧੀਆ ਮਜਬੂਤ ਲਕੜ ਦੀ ਬਣੀ ਹੋਈ ਸੀ।  ਉਹਦੀ ਢੋਅ  ਅਤੇ ਬੈਠਣ ਵਾਲੀ ਥਾਂ ਬਹੁਤ ਵਧੀਆ ਕਿਸਮ ਦੀ ਬੈਂਤ ਨਾਲ ਖੂਬਸੂਰਤ ਬੁਣਤੀ ਪਾ ਕੇ ਬੁਣੀ ਹੋਈ ਸੀ।  ਢੋਅ ਵਾਲੇ ਪਾਸੇ ਦੀ ਬੁਣਤੀ ਵਿਚ ਨੀਲੇ ਰੰਗ ਦੀ ਬੈਂਤ ਨਾਲ ਅੰਗਰੇਜ਼ੀ ਦੇ ਸ਼ਬਦਾਂ ਵਿਚ ਬੁਣਤੀ ਪਾ ਕੇ ਲਿਖਿਆ ਹੋਇਆ ਸੀ 'ਥੈਂਕ ਯੂ ਸਰ'।  ਕੁਰਸੀ ਦੇ ਦੋਹੀਂ ਪਾਸੀਂ ਚੌੜੇ ਫੱਟਿਆਂ ਵਾਲੀਆਂ ਬਾਹੀਆਂ ਸਨ ਜਿਨ੍ਹਾਂ ਦੇ ਉਪਰ ਅਗਲੇ ਸਿਰੇ ਤੋਂ ਦੋ ਹੋਰ ਫੱਟੇ ਦੂਹਰੇ ਫਿੱਟ ਕੀਤੇ ਹੋਏ ਸਨ ਜਿਹੜੇ ਬਾਹਰ ਨੂੰ ਘੁੰਮ ਕੇ ਕੁਰਸੀ ਦੇ ਅੱਗੇ ਚਲੇ ਜਾਂਦੇ ਸਨ।  ਲੋੜ ਪੈਣ ਤੇ ਉਹਨਾਂ ਉੱਤੇ ਦੋਵੇਂ ਟੰਗਾਂ ਰੱਖ ਕੇ ਲੰਮਾ ਪੈ ਕੇ ਆਰਾਮ ਕੀਤਾ ਜਾ ਸਕਦਾ ਸੀ।  ਕੁਰਸੀ ਦੀਆਂ ਲੱਤਾਂ ਹੇਠਾਂ ਗੁਲਾਈ ਵਿਚ ਦੋਏ ਪਾਸੇ ਗੋਲ ਲਕੜਾਂ ਅਰਧ ਗੋਲਾਕਾਰ ਦਾ ਹਿੱਸਾ ਕਰਕੇ ਫਿੱਟ ਕੀਤੀਆਂ ਗਈਆਂ ਸਨ ਤਾਂ ਕਿ ਉੱਤੇ ਬੈਠਾ ਜਾਂ ਲੰਮਾ ਪਿਆ ਬੰਦਾ ਜੇ ਜੀ ਕਰੇ ਤਾਂ ਅੱਗੇ ਪਿੱਛੇ ਹਿੱਲ ਕੇ ਝੂਟੇ ਲੈ ਸਕੇ।  ਅੱਜਕੱਲ੍ਹ ਮਾਸਟਰ ਜੀ ਏਸ ਕੁਰਸੀ ਦਾ ਖੂਬ ਇਸਤੇਮਾਲ ਕਰਦੇ  ਸਨ।  ਹਰ ਆਏ ਗਏ ਨੂੰ ਆਪਣੇ ਪੁਰਾਣੇ ਵਿਦਿਆਰਥੀ ਦੇ ਦਿੱਤੇ ਤੋਹਫੇ ਬਾਰੇ ਬੜੇ ਸੁਆਦ ਨਾਲ ਗੱਲਾਂ ਦੱਸਿਆ ਕਰਦੇ ਸਨ।
''ਚਰਨੀ ਤੈਨੂੰ ਤਾਂ ਪਤਾ ਈ ਐ, ਉਹ ਥਾ ਨਾ ਲੜਕਾ ਈਸ਼ ਕੁਮਾਰ ਤੇਰੇ ਤੋਂ ਦੋ ਤਿੰਨ ਜਮਾਤਾਂ ਅਗੇ ਈ ਥਾ?  ਉਹ ਸਦਾਬਰਤੀਆਂ ਦਾ ਮੁੰਡਾ? ਹਾਂ ! ਉਹ ਅਜਕੱਲ ਦਿੱਲੀ ਮਾਂ ਜੱਜ ਲਗਿਆ ਹੋਇਐ।  ਬੱਸ ਓਹੀ ਇਕ ਦਿਨ ਬੜੇ ਪਿਆਰ ਨਾਲ ਮੇਰੇ ਵਾਸਤੇ ਇਹ ਕੁਰਸੀ ਲੈ ਕੇ ਆ ਗਿਆ।  ਆਹ ਦੇਖ !''
ਮਾਸਟਰ ਜੀ ਨੇ ਕੁਰਸੀ ਤੋਂ ਖੜ੍ਹੇ ਹੋ ਕੇ ਉਸ ਦੀ ਢੋਅ ਵੱਲ ਇਸ਼ਾਰਾ ਕਰਦਿਆਂ ਕਿਹਾ-
"ਇਹ ਦਿੱਲੀਓਂ ਇਕ ਖਾਸ ਕਾਰੀਗਰ ਤੋਂ ਬਣਵਾ ਕੇ ਲਿਆਇਐ।  ਦੇਖ ਆਹ ਕੁਰਸੀ ਦੀ ਢੋਅ ਪਰ ਕਿਆ ਲਖਵਾ ਕੇ ਲਿਆਇਐ 'ਥੈਂਕ ਯੂ ਸਰ'।  ਪੜ੍ਹਿਆ ਤਾਂ ਉਹ ਬਹੁਤਾ ਆਪਣੀ ਅਕਲ ਗੈਲ ਈ ਥਾ ਪਰ ਮੇਰਾ ਵੀ ਸ਼ੁਕਰੀਆ ਕਰ ਰਿਹੈ।  ਕਹਿੰਦਾ ਜੀ ਜਿਹੜੀਆਂ ਗੱਲਾਂ ਤੁਸੀਂ ਸਾਨੂੰ ਬਚਪਨ ਮਾਂ ਪੜ੍ਹਾਉਣ ਵੇਲੇ ਦੱਸਿਆ ਕਰਦੇ ਥੇ ਉਹਨਾਂ ਦਾ ਨਤੀਜਾ ਈ ਐ ਕਿ ਅੱਜ ਮੈਂ ਇਨਸਾਫ ਦੀ ਕੁਰਸੀ ਪਰ ਬਹਿ ਗਿਆ।  ਆਪਾਂ ਨੂੰ ਵੀ ਬੜੀ ਖੁਸ਼ੀ ਹੋਈ; ਹੋਵੇ ਵੀ ਕਿਉਂ ਨਾ ਜਦ ਆਪਣੇ ਬੱਚੇ ਉੱਚੇ ਅਹੁਦਿਆਂ ਪਰ ਪਹੁੰਚ ਜਾਣ ਤਾਂ ਖੁਸ਼ੀ ਤਾਂ ਹੋਣੀ ਓ ਹੋਈ।  ਸਾਡੀ ਉਮਰ ਬੀ ਹੁਣੇ ਈ ਅੰਬ ਖਾਣ ਦੀ ਹੋਈ ਐ।  ਹੁਣ ਤਕ ਤਾਂ ਬੂਟੇ ਈ ਲਗਾਂਉਂਦੇ ਰਹੇ ਅਰ ਉਹਨਾਂ ਨੂੰ ਪਾਣੀ ਦਿੰਦੇ ਰਹੇ।  ਔਰ ਸੁਣਾਓ ਰਹੋਂਗੇ ਨਾ ਸਾਡੇ ਪਾਸ ਦੋ ਦਿਨ?''
"ਨਹੀਂ ਚਾਚਾ ਜੀ।  ਬੱਸ ਕੱਲ੍ਹ ਨੂੰ ਸਵੇਰੇ ਡਿਊਟੀ ਤੇ ਹਾਜਰ ਹੋਣੈ।  ਅਸੀਂ ਕੱਲ੍ਹ ਸਵੇਰੇ ਪਹਿਲੀ ਬੱਸ ਫੜਾਂਗੇ।  ਅੱਜ ਸੋਚਿਆਂ ਥੋੜਾ ਚਿਰ ਥੋਡੀਆਂ ਗੱਲਾਂ ਸੁਣ ਆਈਏ।''  ਚਰਨਜੀਤ ਨੇ ਅੰਜਲੀ ਵੱਲ ਝਾਕਦਿਆਂ ਕਿਹਾ।  ਅੰਜਲੀ  ਨੀਵੀਂ ਪਾ ਕੇ ਬੈਠੀ ਰਹੀ।  ਉਹਦਾ ਵੀ ਦਿਲ ਕਰਦਾ ਸੀ ਕਿ ਉਹ ਮਾਸਟਰ ਜੀ ਦੀਆਂ ਗੱਲਾਂ ਸੁਣੇ।  ਚਰਨਜੀਤ ਹਮੇਸ਼ਾ ਉਹਨਾਂ ਬਾਰੇ ਬੜੇ ਸਤਿਕਾਰ ਨਾਲ ਗੱਲਾਂ ਕਰਦਾ ਹੁੰਦਾ ਸੀ।
''ਚਲੋਂ ਪਹਿਲਾਂ ਅੰਜਲੀ ਬੇਟੀ ਤੋਂ ਈ ਪੁਛਦੇ ਐਂ ਕਿ ਉਹ ਕਿਸ ਬਾਰੇ ਮਾਂ ਚਰਚਾ ਕਰਨੀ ਚਾਹੇਗੀ।  ਬੋਲੋ ਬੇਟਾ, ਵੈਸੇ ਤਾਂ ਮੇਰੇ ਪਾਸ ਬੀ ਦੱਸਣੇ ਨੂੰ ਬਹੁਤਾ ਕੁਛ ਹੈ ਨਹੀਂ ਪਰ ਜਿੰਨਾ ਵੀ ਏਧਰੋਂ ਓਧਰੋਂ ਪੜ੍ਹਿਆ ਸੁਣਿਆ ਅਰ ਮਹਿਸੂਸ ਕੀਤਾ ਹੈ ਉਸੀ ਦੇ ਬਾਰੇ ਮਾਂ ਬਾਤ ਤਾਂ ਹਰ ਕੋਈ ਕਰ ਸਕਦੈ।  ਹੈ ਕ ਨਹੀਂ?''
ਅੰਜਲੀ ਨੂੰ ਮਾਸਟਰ ਜੀ ਦਾ ਗੋਰਾ ਚਿੱਟਾ ਚਿਹਰਾ ਅਤੇ ਗੋਲ ਐਨਕਾਂ ਪਿੱਛੇ ਚਮਕੀਲੀਆਂ ਧੁਰ ਅੰਦਰ ਤੱਕ ਦੇਖ ਸਕਣ ਵਾਲੀਆ ਅੱਖਾਂ ਨੇ ਪ੍ਰਭਾਵਿਤ ਕੀਤਾ।  ਉਸ ਨੂੰ ਉਹਨਾਂ ਦੀਆਂ ਐਨਕਾਂ ਤੋਂ ਬਿਨਾਂ ਉਹਨਾਂ ਦੀ ਸ਼ਕਲ ਆਪਣੇ ਪਾਪਾ ਨਾਲ ਮਿਲਦੀ ਜੁਲਦੀ ਜਿਹੀ ਲੱਗੀ।  ਜਾਂ ਫੇਰ ਹੋ ਸਕਦੈ ਉਹਨਾਂ ਦੀ ਦੇਖਣੀ ਵਿਚ ਹੀ ਏਨਾ ਅਸਰ ਸੀ।  ਕਹਿੰਦੇ ਹਨ ਕਿ ਹਰ ਇਨਸਾਨ ਦੂਜੇ ਵੱਲ ਕੋਈ ਤਰੰਗਾਂ ਛਡਦਾ ਹੈ ਅਤੇ ਦੂਜੇ ਇਨਸਾਨ ਵਲੋਂ ਵੀ ਤਰੰਗਾਂ ਉਸ ਤਕ ਆਉਂਦੀਆਂ ਹਨ।  ਏਸੇ ਕਰਕੇ ਕਦੇ ਜਦੋਂ ਦੋ ਅਜ਼ਨਬੀ ਪਹਿਲੀ ਵਾਰੀ ਮਿਲਦੇ ਹਨ ਤਾਂ ਇਉਂ ਲਗਦਾ ਹੈ ਕਿ ਜਿਵੇਂ ਉਹ ਜਨਮਾਂ-ਜਨਮਾਂਤਰਾਂ ਤੋਂ ਇਕ ਦੂਜੇ ਨੂੰ ਜਾਣਦੇ ਹੋਣ।  ਅੰਜਲੀ ਨੂੰ ਮਾਸਟਰ ਜੀ ਦੀ ਸਖਸ਼ੀਅਤ ਵਿਚ ਕੁਝ ਅਜਿਹੀ ਖਿੱਚ ਦਾ ਅਨੁਭਵ ਹੋਇਆ ਸੀ।
''ਸਰ, ਮੇਰੇ ਪਾਪਾ ਕਹਿੰਦੇ ਰਹਿੰਦੇ ਨੇ ਕਿ ਰੱਬ ਰੁੱਬ ਕੋਈ ਹੈ ਨਈਂ।  ਲੋਕੀ ਉਂਜ ਈ ਮੰਦਰਾਂ ਗੁਰਦੁਆਰਿਆਂ ਵਿਚ ਮੱਥੇ ਰਗੜਦੇ ਰਹਿੰਦੇ ਨੇ।  ਰੱਬ ਤਾਂ ਸਭ ਦੇ ਅੰਦਰ ਹੀ ਹੁੰਦਾ ਏ।''
''ਦੇਖੋ ਬੋਟਾ, ਪਹਿਲੀ ਬਾਤ ਤਾਂ ਇਹ ਕਿ ਇਕ ਤਾਂ ਤੂੰ ਮੈਨੂੰ ਸਰ ਨਾ ਆਖ।  ਤੂੰ ਸਾਡੀ ਬੇਟੀ ਐਂ ਔਰ ਤੇਰੇ ਪਾਪਾ ਸਾਡੇ ਭਾਈ ਐਂ।  ਹੈ ਕ ਨਹੀਂ? ਬਾਕੀ ਰੱਬ ਦੀਆਂ ਬਾਤਾਂ ਜੇ ਚੰਗੀ ਤਰ੍ਹਾਂ ਸੁਣਨੀਐਂ ਤਾਂ ਆਪਣੀ ਚਾਚੀ ਨੂੰ ਆਖ ਬਈ ਉਹ ਮੇਰੀ ਡਾਇਰੀ ਅਲਮਾਰੀ ਵਿਚੋਂ ਕੱਢ ਕੇ ਦੇ ਜਾਵੇ।  ਫੇਰ ਆਪਾਂ ਰੱਬ ਦੇ ਦਰਸ਼ਨ ਕਰਾਗੇ।''
ਅੰਜਲੀ ਜਦੋਂ ਡਾਇਰੀ ਲੈ ਕੇ ਮੁੜੀ ਤਾਂ ਮਾਸਟਰ ਜੀ ਨੇ ਆਪਣੀਆਂ ਐਨਕਾਂ ਕੁੜਤੇ ਦੇ ਲੜ ਨਾਲ ਸਾਫ ਕਰਕੇ ਚੰਗੀ ਤਰ੍ਹਾਂ ਲਾਈਆਂ ਅਤੇ ਡਾਇਰੀ ਦੇ ਕੁਝ ਪੰਨੇ ਏਧਰ ਓਧਰ ਪਲਟਦਿਆਂ ਇਕ ਥਾਂ ਤੋਂ ਡਾਇਰੀ ਪੜ੍ਹਨੀ ਸ਼ੁਰੂ ਕੀਤੀ।  ਮਾਸਟਰ ਜੀ ਨੇ ਦੋਹਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਿਹਾ,
"ਦੇਖੋ ਬੇਟਾ, ਰੱਬ ਦੇ ਹੋਣੇ ਜਾਂ ਨਾ ਹੋਣੇ ਦੇ ਬਾਰੇ ਮਾਂ ਦੁਨੀਆਂ ਮਾਂ ਲੋਕਾਂ ਨੂੰ ਪੱਕੇ ਸ਼ੱਕ ਔਰ ਯਕੀਨ ਦੋਨੋਂ ਈ ਐ।  ਮੇਰਾ ਆਪਣਾ ਇਕ ਸ਼ੌਕ ਥਾ ਕਿ ਮੈਂ ਵਿਦਵਾਨਾਂ ਅਰ ਸੰਤਾਂ ਮਹਾਤਮਾਂ ਦੀਆਂ ਬਾਤਾਂ ਡਾਇਰੀ ਮਾਂ ਨੋਟ ਕਰ ਲਿਆ ਕਰਦਾ ਥਾ।  ਪਹਿਲੀ ਬਾਤ ਜਿਹੜੀ ਹਜ਼ਰਤ ਸੁਲਤਾਨ ਬਾਹੂ ਨੇ ਕਹੀ ਉਹ ਇਹ ਐ-
'ਨਾ ਰੱਬ ਅਰਸ਼ ਮੁਅੱਲਾ ਉੱਤੇ ਨਾ ਰੱਬ ਖ਼ਾਨੇ ਕਾਅਬੇ ਹੂ।
ਨਾ ਰੱਬ ਇਲਮ ਕਿਤਾਬਾਂ ਲੱਭਾ ਨਾ ਰੱਬ ਵਿਚ ਮਹਿਰਾਬੇ ਹੂ।
ਗੰਗਾ ਤੀਰਥੀਂ ਮੂਲ ਨਾ ਮਿਲਿਆ ਮਾਰੇ ਪੈਂਡੇ ਬੇ ਹਿਸਾਬੇ ਹੂ।
ਜਦ ਦਾ ਮੁਰਸ਼ਦ ਫੜਿਆ ਬਾਹੂ ਛੁੱਟੇ ਸਭ ਅਜ਼ਾਬੇ ਹੂ।'"
ਚਰਨਜੀਤ ਨੂੰ ਆਖਰੀ ਲਾਈਨ ਰਾਹੀਂ ਆਪਣਾ ਮੁਰਸ਼ਦ ਮਾਸਟਰ ਸਾਧੂ ਰਾਮ ਵਿਚ ਨਜ਼ਰ ਆ ਰਿਹਾ ਸੀ।  ਅੰਜਲੀ ਨੂੰ ਵੀ ਥੋੜੀ ਬਹੁਤ ਗੱਲ ਸਮਝ ਆ ਰਹੀ ਸੀ।  ਥੋੜਾ ਚਿਰ ਰੁਕਣ ਪਿਛੋਂ ਮਾਸਟਰ ਜੀ ਨੇ ਆਪਣੀ ਗੱਲ ਜਾਰੀ ਰਖਦਿਆਂ ਅੱਗੇ ਡਾਇਰੀ ਪੜ੍ਹਨੀ ਸ਼ੁਰੂ ਕੀਤੀ।  ''ਔਰ ਸੁਣੋ ਪਲਟੂ ਸਾਹਿਬ ਕਿਆ ਫੁਰਮਾਉਂਦੇ ਐ।  ਇਹ ਵੀ ਬਹੁਤ ਬੜੇ ਮਹਾਤਮਾ ਥੇ-
'ਵਹ ਦਰਬਾਰਾ ਭਾਰਾ ਸਾਧੋ, ਹਿੰਦੂ ਮੁਸਲਮਾਨ ਸੇ ਨਿਆਰਾ।
ਮੱਕੇ ਰਹੇ ਨ ਠਾਕਰ ਦੁਆਰੇ, ਹੈ ਸਭ ਮੇਂ ਸਬ ਖੋਜਨ ਹਾਰਾ।
ਨਹਿੰ ਦਰਬਾਰ ਨ ਤੀਰਥ ਸੰਗਾ, ਗੰਗਾ ਨੀਰ ਨ ਤੁਲਸੀ ਭੰਗਾ।
ਸਾਲਿਗਰਾਮ ਨ ਮਹਿਜਦ ਕੋਈ, ਊਂਹਾਂ ਜਨੇਵ ਨ ਸੁੰਨਤ ਹੋਈ।
ਪੜੈ ਨਿਵਾਜ ਨ ਲਾਵੈ ਪੂਜਾ, ਪੰਡਿਤ ਕਾਜੀ ਬਸੈ ਨ ਦੂਜਾ।
ਫੇਰੈ ਨ ਤਸਬੀ ਜਪੈ ਨ ਮਾਲਾ, ਨਾ ਮੁਰਦਾ ਨ ਕਰੈ ਹਲਾਲਾ।'
ਮਤਲਬ ਕਿ ਲੋਕ ਜਾਤ-ਪਾਤ ਔਰ ਅੰਧ ਵਿਸ਼ਵਾਸ਼ਾਂ ਮਾਂ ਗੁੰਮੇ ਰਹਿੰਦੇ ਐਂ।  ਰੱਬ ਨੂੰ ਧਿਆਉਣ ਦੇ ਆਪਣੇ ਆਪਣੇ ਤਰੀਕੇ ਘੜ ਰੱਖੇ ਐਂ...।  ਪਰ ਐਸੇ ਫਕੀਰ ਬੀ ਹੋਏ ਐਂ ਜਿੰਨ੍ਹਾਂ ਨੂੰ ਰੱਬ ਹਰ ਰੰਗ ਮਾਂ ਨਜ਼ਰ ਔਂਦਾ ਹੈ।  ਬੁੱਲ੍ਹੇ ਸ਼ਾਹ ਦਾ ਕਲਾਮ ਸੁਣੋ-
'ਬਿੰਦਰਾਬਨ ਮੇਂ ਗਊਆਂ ਚਰਾਵੇਂ, ਲੰਕਾ ਤੇ ਚੜ੍ਹ ਨਾਦ ਵਜਾਵੇਂ।
ਮੱਕੇ ਦਾ ਬਣ ਹਾਜੀ ਆਵੇਂ, ਵਾਹ ਵਾਹ ਰੰਗ ਵਟਾਈ ਦਾ।'
ਹੈ ਨਾ ਕਮਾਲ ਦੀ ਮਿਸਾਲ? ਬੁੱਲ੍ਹੇ ਸ਼ਾਹ ਨੂੰ ਰੱਬ ਹਰ ਜਗਾ, ਹਰ ਚੀਜ਼ ਮਾਂ ਨਜ਼ਰ ਆ ਰਿਹੈ।  ਔਰ ਸੁਣੋ ਹਮਾਰੇ ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਂ ਕਿਆ ਸ਼ਬਦ ਫੁਰਮਾਨ ਹੈ-
'ਜਹ ਆਪਿ ਰਚਿਓ ਪਰਪੰਚੁ ਅਕਾਰ।
ਤਿਹੁ ਗੁਣ ਮਹਿ ਦੀਨੋ ਬਿਸਥਾਰ।'
ਇਹ ਸਾਰਾ ਬ੍ਰਹਿਮੰਡ ਹੈ ਈ ਰੱਬ ਦੀ ਮਾਇਆ। ਹੈ ਕ ਨਹੀਂ? ਔਰ ਅੱਗੇ ਗੁਰੂ ਸਾਹਿਬ ਦਾ ਫੁਰਮਾਨ ਹੈ-
'ਆਪਿ ਅਕਾਰ ਆਪਿ ਨਿਰੰਕਾਰ।
ਘਟ ਘਟ ਘਟਿ ਸਭ ਘਟ ਆਧਾਰੁ।।'
ਰੱਬ ਤਾਂ ਸਾਰਿਆਂ ਜੀਵਾਂ ਮਾਂ ਬਿਆਪਕ ਹੈ।  ਹੁਣ ਰਹੀ ਬਾਤ ਰੱਬ ਨੂੰ ਖੋਜਣ ਦੀ।  ਪਰਮਾਤਮਾ ਦੇ ਮਿਲਾਪ, ਸੱਚੀ ਆਤਮਕ ਸ਼ਾਂਤੀ ਮਨ ਦੀ ਨਿਰਮਲਤਾ ਹਾਸਲ ਕਰਨ ਵਾਸਤੇ ਬੁੱਲ੍ਹੇ ਸ਼ਾਹ ਨੇ ਇਕੋ ਨੁਕਤੇ ਮਾਂ ਗੱਲ ਮੁਕਾ ਦਿੱਤੀ-
ਇਕ ਨੁਕਤੇ ਵਿਚ ਗੱਲ ਮੁਕਦੀ ਏ।''
ਮਾਸਟਰ ਜੀ ਨੇ ਆਪਣੇ ਸੱਜੇ ਹੱਥ ਦੀ ਉਂਗਲ ਉੱਚੀ ਕਰਕੇ ਅੱਗੇ ਪੜ੍ਹਨਾ ਸ਼ੁਰੂ ਕੀਤਾ-
'''ਫੜ ਨੁਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫ਼ਰ ਦਿਆਂ ਬਾਬਾਂ ਨੂੰ।
ਲਾਹ ਦੋਜ਼ਖ ਗੋਰ ਅਜ਼ਾਬਾਂ ਨੂੰ, ਕਰ ਸਾਫ਼ ਦਿਲੇ ਦਿਆਂ ਖ਼ਵਾਬਾਂ ਨੂੰ।
ਗੱਲ ਏਸੇ ਘਰ ਵਿਚ ਢੁਕਦੀ ਏ, ਇਕ ਨੁਕਤੇ ਵਿਚ ਗੱਲ ਮੁਕਦੀ ਏ।
ਐਵੇਂ ਮੱਥਾ ਜ਼ਿਮੀਂ ਘਸਾਈਦਾ, ਲੰਮਾ ਪਾ ਮਹਿਰਾਬ ਦਿਖਾਈ ਦਾ।'''
ਮਾਸਟਰ ਜੀ ਨੇ ਅੰਜਲੀ ਨੂੰ ਕਿਹਾ, ''ਬੇਟੇ ਇਹ ਤੇਰੇ ਪਾਪਾ ਦੇ ਵਿਚਾਰਾਂ ਵਾਲੀ ਗੱਲ ਦਾ ਸਬੂਤ ਹੈ।'' ਉਹਨਾਂ ਨੇ ਫੇਰ ਪੜ੍ਹਨਾ ਸ਼ੁਰੂ ਕੀਤਾ-
'''ਐਵੇਂ ਮੱਥਾ ਜ਼ਿਮੀਂ ਘਸਾਈਦਾ, ਲੰਮਾ ਪਾ ਮਹਿਰਾਬ ਦਿਖਾਈ ਦਾ।
ਪੜ੍ਹ ਕਲਮਾ ਲੋਕ ਹਸਾਈ ਦਾ, ਦਿਲ ਅੰਦਰ ਸਮਝ ਨਾ ਲਿਆਈਦਾ।
ਕਦੀ ਬਾਤ ਸੱਚੀ ਵੀ ਲੁਕਦੀ ਏ, ਇਕ ਨੁਕਤੇ ਵਿਚ ਗੱਲ ਮੁਕਦੀ ਏ।
ਕਈ ਹਾਜੀ ਬਣ ਬਣ ਆਏ ਜੀ, ਗਲ ਨੀਲੇ ਜਾਮੇ ਪਾਏ ਜੀ।
ਹੱਜ ਵੇਚ ਟਕੇ ਲੈ ਖਾਏ ਜੀ, ਭਲਾ ਇਹ ਗੱਲ ਕੀਹਨੂੰ ਭਾਏ ਜੀ।
ਕਦੀ ਬਾਤ ਸੱਚੀ ਵੀ ਲੁਕਦੀ ਏ, ਇਕ ਨੁਕਤੇ ਵਿਚ ਗੱਲ ਮੁਕਦੀ ਏ।
ਇਕ ਜੰਗਲ ਬਹਿਰੀਂ ਜਾਂਦੇ ਨੀ, ਇਕ ਦਾਣਾ ਰੋਜ਼ ਲੈ ਖਾਂਦੇ ਨੀ।
ਬੇਸਮਝ ਵਜੂਦ ਥਕਾਂਦੇ ਨੀ, ਘਰ ਆਵਣ ਹੋ ਕੇ ਮਾਂਦੇ ਨੀ।
ਐਵੇਂ ਚਿੱਲਿਆਂ ਵਿਚ ਜਿੰਦ ਸੁਕਦੀ ਏ, ਇਕ ਨੁਕਤੇ ਵਿਚ ਗੱਲ ਮੁਕਦੀ ਏ।'
ਹੁਣ ਦੇਖੋ ਰੱਬ ਦੇ ਬਾਰੇ ਮਾਂ ਗੱਲ ਬਿਲਕੁਲ ਸਾਫ ਐ।  ਹੈ ਕ ਨਹੀਂ?
ਇਕ ਨੁਕਤਾ ਪਕੜ ਲੈਣ ਕੀ ਬਾਤ ਐ।  ਅੱਛਾ ਰੱਬ ਦੇ ਬਾਰੇ ਮਾਂ ਸੰਤ ਮਹਾਤਮਾ ਅਰ ਭਗਤ ਲੋਕ ਕਿਆ ਕਹਿੰਦੇ ਐਂ, ਸੁਣੋ।  ਭਗਤ ਕਬੀਰ ਜੀ ਦਾ ਫੁਰਮਾਨ ਐ-
'ਮਾਲਾ ਤਿਲਕ ਪਹਰਿ ਮਨਮਾਨਾ।
ਲੋਗਨ ਰਾਮੁ ਖਿਲੌਨਾ ਜਾਨਾ।।'
ਔਰ ਅਗੇ-
'ਕਾਜੀ ਕਥੈ ਕਤੇਬ ਕੁਰਾਨਾ, ਪੰਡਿਤ ਵੇਦ ਪੁਰਾਨਾ।
ਵਹ ਅੱਛਰ ਤੋਂ ਲਖਾ ਨਾ ਜਾਈ, ਮਾਤਰਾ ਲਗੇ ਨਾ ਕਾਨਾ।।'
ਜਿਹੜੇ ਲੋਕ ਪੱਥਰਾਂ ਦੀ ਪੁਜਾ ਕਰਦੇ ਐਂ, ਉਹਨਾਂ ਕੇ ਬਾਰੇ ਮਾਂ ਕਬੀਰ ਜੀ ਫੁਰਮਾਉਂਦੇ ਐਂ-
'ਪਾਥਰ ਕੀ ਏਕ ਨਾਵ ਬਨਾਈ, ਉਤਰਾ ਚਾਹੇ ਛਿਨ ਮੈਂ।'
ਔਰ ਅੱਗੇ-
'ਰਾਮ ਬਿਨਾ ਸੰਸਾਰ ਧੁੰਧ ਕੁਹੇਰਾ।  ਸਿਰ ਪ੍ਰਗਟਿਆ ਜਮ ਕਾ ਫੇਰਾ।
ਦੇਵ ਪੂਜ ਪੂਜ ਹਿੰਦੁ ਮੂਏ, ਤੁਰਕ ਮੂਏ ਹਜ ਜਾਈ।
ਜਟਾ ਬਾਂਧਿ ਬਾਂਧਿ ਜੋਗੀ ਮੂਏ, ਇਨ ਮੇਂ ਕਿਨਹੂੰ ਨਾ ਪਾਈ।
ਕਵੀ ਕਵੀਨੇ ਕਵਿਤਾ ਮੂਏ, ਕਾਪੜੀ ਕੇਦਾਰਾਂ ਜਾਈ।
ਕੇਸ ਲੂਚਿ ਲੂਚਿ ਮੂਏ ਬਰਤੀਆਂ, ਇਨ ਮੇਂ ਕਿਨਹੂੰ ਨਾ ਪਾਈ।
ਧਨ ਸੰਚਤੇ ਰਾਜਾ ਮੂਏ, ਅਰੁ ਲੇ ਕੰਚਨ ਭਾਰੀ।
ਵੇਦ ਪੜ੍ਹਿ ਪੜ੍ਹਿ ਪੰਡਿਤ ਮੂਏ, ਰੂਪ ਭੂਲੇ ਮੂਈ ਨਾਰੀ।
ਜੇ ਨਰ ਜੋਗਾ ਜੁਗਤਿ ਕਰ ਜਾਨੈ, ਖੋਜੈ ਆਪ ਸਰੀਰਾ।
ਤਿੰਨ ਕੂੰ ਮੁਕਤਿ ਕਾ ਸੰਸਾ ਨਾਹੀਂ, ਕਹਤ ਜੁਲਾਹ ਕਬੀਰਾ।'
ਕਬੀਰ ਜੀ ਦੇ ਵਿਚਾਰ ਕਿਤਨੇ ਸ਼ੁੱਧ ਔਰ ਨਿਰਮਲ ਐਂ।  ਹੈ ਕ ਨਹੀਂ? ਅੱਛੇ ਕਰਮਾਂ ਦਾ ਫਲ ਹਮੇਸ਼ਾਂ ਅੱਛਾ ਹੁੰਦੈ।  ਮਾੜੇ ਕਰਮ ਕਰਕੇ ਅੱਛਾਈ ਦੀ ਉਮੀਦ ਰਖਣਾ ਮੂਰਖਤਾਈ ਹੁੰਦੀ ਐ।  ਬਾਬਾ ਫਰੀਦ ਜੀ ਦਾ ਇਸ ਬਾਰੇ ਮਾਂ ਫੁਰਮਾਨ ਐਂ-
'ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ।
ਹੰਡੈ ਉਂਨ ਕਤਾਇੰਦਾ ਪੈਧਾ ਲੋੜੈ ਪਟੁ।'
ਸੱਚੇ ਪ੍ਰੇਮ ਦਾ ਦੂਜਾ ਨਾਂ ਵੀ ਰੱਬ ਈ ਐ।  ਕਬੀਰ ਜੀ ਨੇ ਫੁਰਮਾਇਆ ਥਾ-
'ਪੋਥੀ ਪੜ੍ਹਿ ਪੜ੍ਹਿ ਜਗ ਮੂਆ, ਪੰਡਿਤ ਹੂਆ ਨਾ ਕੋਇ।
ਏਕੈ ਅੱਛਰ ਪ੍ਰੇਮ ਕਾ, ਪੜੈ ਸੋ ਪੰਡਿਤ ਹੋਏ।'
ਸਮਝਣੇ ਕੀ ਬਾਤ ਐ।  ਸੱਚੇ ਪ੍ਰੇਮ ਅੱਗੇ ਪੋਥੀਆਂ ਵੀ ਕੋਈ ਮਾਅਨੇ ਨਹੀਂ ਰਖਦੀਆਂ।  ਬਹੁਤੀਆਂ ਪੋਥੀਆਂ ਪੜ੍ਹ ਕੇ ਕੋਈ ਬਹੁਤੀ ਸਮਝ ਬੀ ਨਹੀਂ ਆ ਸਕਦੀ, ਜਿੰਨਾ ਚਿਰ ਦਿਲ ਮਾਂ ਸੱਚੀ ਸ਼ਰਧਾ ਅਰ ਪਿਆਰ ਨਾ ਹੋਵੇ।  ਹੈ ਕ ਨਹੀਂ? ਜਿਸ ਇਨਸਾਨ ਮਾਂ ਸੱਚੀ ਸ਼ਰਧਾ ਅਰ ਲਗਨ ਹੁੰਦੀ ਐ ਉਸ ਦੀ ਸੋਚ ਹੀ ਅਲਗ ਹੁੰਦੀ ਐ।  ਭਗਤ ਨਾਮਦੇਵ ਜੀ ਦਾ ਸ਼ਬਦ ਸੁਣੋ-
'ਜੋ ਰਾਜੁ ਦੇਹਿ ਤ ਕਵਨ ਵਡਾਈ।
ਜੋ ਭੀਖ ਮੰਗਾਵਹਿ ਤ ਕਿਆ ਘਟ ਜਾਈ।।'
 ਤਾਤਪਰਜ ਇਹ ਕਿ ਬੰਦੇ ਨੂੰ ਹਰ ਹਾਲ ਮਾਂ ਖ਼ੁਸ਼ ਅਰ ਸੰਤੁਲਿਤ ਰਹਿਣਾ ਚਾਹੀਦੈ।  ਜੋ ਲੋਕ ਅਜਬ ਢੰਗ ਤਰੀਕਿਆਂ ਨਾਲ ਰੱਬ ਨੂੰ ਰਿਝਾ ਕੇ ਇਹ ਭੁਲੇਖੇ ਪਾਲਦੇ ਰਹਿੰਦੇ ਐਂ ਕਿ ਉਹ ਭਗਤ ਬਣ ਗਏ ਉਹ ਢੋਂਗੀ ਕਹਾਉਂਦੇ ਐਂ।  ਕਬੀਰ ਸਾਹਬ ਨੂੰ ਜਿਹੜੀ ਬਾਤ ਹੈਰਾਨ ਕਰਦੀ ਐ ਉਹ ਇਹੀ ਐ।  ਕਹਿੰਦੇ ਐਂ-
'ਨਾ ਜਾਨੇ ਤੇਰਾ ਸਾਹਿਬ ਕੈਸਾ ਹੈ।
ਮਸਜਿਦ ਭੀਤਰ ਮੁੱਲਾਂ ਪੁਕਾਰੈ, ਕਿਆ ਸਾਹਿਬ ਤੇਰਾ ਬਹਿਰਾ ਹੈ।
ਚਿਊਂਟੀ ਕੇ ਪਗ ਨੇਵਰ ਬਾਜੈ, ਸੋ ਭੀ ਸਾਹਿਬ ਸੁਨਤਾ ਹੈ।
ਪੰਡਿਤ ਹੋਇ ਕੇ ਆਸਨ ਮਾਰੈ, ਲੰਬੀ ਮਾਲਾ ਜਪਤਾ ਹੈ।
ਅੰਤਰ ਤੇਰੇ ਕਪਟ ਕਤਰਨੀ, ਸੋ ਭੀ ਸਾਹਬ ਲਿਖਤਾ ਹੈ।
ਊਂਚਾ ਨੀਚਾ ਮਹਿਲ ਬਨਾਇਆ, ਗਹਿਰੀ ਨੀਂਵ ਜਮਾਤਾ ਹੈ।
ਚਲਨੇ ਕਾ ਮਨਸੂਬਾ ਨਾਹੀਂ, ਰਹਨੇ ਕੋ ਮਨ ਕਰਤਾ ਹੈ।
ਕੌਡੀ ਕੌਡੀ ਮਾਇਆ ਜੋੜੀ, ਗਾੜਿ ਜਿਮੀਂ ਮੇ ਧਰਤਾ ਹੈ।
ਹੀਰਾ ਪਾਏ ਪਰਖ ਨਹਿੰ ਜਾਨੈ, ਕੌਡੀ ਪਰਖਨ ਕਰਤਾ ਹੈ।
ਕਹਤ ਕਬੀਰ ਸੁਨੋ ਭਾਈ ਸਾਧੋ, ਹਰ ਜੈਸੇ ਕੋ ਤੈਸਾ ਹੈ।'
ਕਬੀਰ ਸਾਹਬ ਪਖੰਡੀ ਲੋਕਾਂ ਨੂੰ ਖਰੀਆਂ-ਖਰੀਆਂ ਸੁਣਾਇਆ ਕਰਦੇ ਥੇ।  ਉਹਨਾਂ ਦੀਆਂ ਸੱਚੀਆਂ ਗੱਲਾਂ ਪੰਡਤਾਂ ਤੇ ਮੁਲਾਣਿਆਂ ਨੂੰ ਕੌੜੀਆਂ ਲਗਦੀਆਂ।  ਉਹ ਉਹਨਾਂ ਨੂੰ ਮਾਰਨ ਦੌੜਦੇ ਪਰ ਫੇਰ ਵੀ ਕਬੀਰ ਜੀ ਨੇ ਸੱਚ ਦਾ ਪੱਲਾ ਕਦੇ ਨਾ ਛੱਡਿਆ ਅਰ ਰੱਬ ਨਾਲ ਸੱਚੀ ਲਗਨ ਲਗਾਈ ਰੱਖੀ। ਇਸ ਵਿਸ਼ੇ ਪਰ ਕਬੀਰ ਜੀ ਨੇ ਫੁਰਮਾਇਆ-
'ਸਾਧੋ ਦੇਖੋ ਜਗ ਬੌਰਾਨਾ।
ਸਾਂਚਿ ਕਹੌਂ ਤੋਂ ਮਾਰਨ ਧਾਵੈਂ, ਝੂਠੇ ਜਗ ਪਤਿਆਨਾ।
ਹਿੰਦੂ ਕਹਤ ਹੈਂ ਰਾਮ ਹਮਾਰਾ, ਮੁਸਲਮਾਨ ਰਹਮਾਨਾ।
ਆਪਸ ਮੇਂ ਦੋਊ ਲੜ ਮਰਤੁ ਹੈਂ; ਮਰਮ ਕੋਈ ਨਹਿੰ ਜਾਨਾ।
ਬਹੁਤ ਮਿਲੇ ਮੋਹਿੰ ਨੇਮੀ ਧਰਮੀ, ਪ੍ਰਾਤੈ ਕਰੈਂ ਅਸਨਾਨਾ।
ਆਤਮ ਛੋਡ ਪਖਾਨੈ ਪੂਜੈਂ, ਤਿਨ ਕਾ ਥੋਥਾ ਗਿਆਨਾ।
ਆਸਨ ਮਾਰ ਡਿੰਭ ਧਰਿ ਬੈਠੇ, ਮਨ ਮੇਂ ਬਹੁਤ ਗੁਮਾਨਾ।
ਪੀਤਰ ਪਾਥਰ ਪੂਜਨ ਲਾਗੈ, ਤੀਰਥ ਬਰਤ ਭੁਲਾਨਾ।
ਮਾਲਾ ਪਹਿਰੇ ਟੋਪੀ ਪਹਿਰੇ, ਛਾਪ ਤਿਲਕ ਅਨੁਮਾਨਾ।
ਸਾਖੀ ਸਬਦੈ ਗਾਵਤ ਭੂਲੈ, ਆਤਮ ਖਬਰ ਨਾ ਜਾਨਾ।
ਘਰ ਘਰ ਮੰਤ੍ਰ ਜੋ ਦੇਤ ਫਿਰਤ ਹੈਂ, ਮਾਇਆ ਕੇ ਅਭਿਮਾਨਾ।
ਗੁਰੂਵਾ ਸਹਿਤ ਸ਼ਿਸ਼ ਸਭ ਬੂੜੇ, ਅੰਤ ਕਾਲ ਪਛਿਤਾਨਾ।
ਬਹੁਤਕ ਦੇਖੇ ਪੀਰ ਔਲੀਆ, ਪੜੈ ਕਿਤਾਬ ਕੁਰਾਨਾ।
ਕਰੈਂ ਮੁਰੀਦ ਕਬਰ ਬਤਲਾਵੈਂ, ਉਨਹੂੰ ਖੁਦਾ ਨਾ ਜਾਨਾ।
ਹਿੰਦੂ ਕੀ ਦਯਾ ਮਿਹਰ ਤੁਰਕਨ ਕੀ, ਦੋਨੋਂ ਘਰ ਸੇ ਭਾਗੀ।
ਵਹ ਕਰੈਂ ਵੇ ਝਟਕਾ ਮਾਰੈਂ, ਆਗ ਦੋਊ ਘਰ ਲਾਗੀ।
ਯਾ ਬਿਧਿ ਹੰਸਤ ਚਲਤ ਹੈਂ ਹਮ ਕੋ, ਆਪ ਕਹਾਵੈਂ ਸਿਆਨਾ।
ਕਹੈ ਕਬੀਰ ਸੁਨੋ ਭਈ ਸਾਧੋ, ਇਨ ਮੇਂ ਕੌਨ ਦਿਵਾਨਾ।'
ਦੇਖੋ ਬੇਟਾ-ਰੱਬ ਸ਼ਬਦ ਦਾ ਕੋਈ ਧਰਮ ਨਹੀਂ।  ਇਹ ਸ਼ਬਦ ਦੁਨੀਆਂ ਦੇ ਕਈ ਧਰਮਾਂ ਦੇ ਲੋਕ ਜਾਣਦੇ ਐਂ ਅਰ ਸ਼ਰਧਾ ਵੀ ਰਖਦੇ ਐਂ।  ਗੁਰੂ ਨਾਨਕ ਦੇਵ ਜੀ ਨੇ ਆਦਿ ਗ੍ਰੰਥ ਮਾਂ ਸਭ ਤੋਂ ਸ਼ੁਰੂ ਵਿਚ ਹੀ ਫੁਰਮਾਇਆ ਹੈ ਕਿ ਰੱਬ ਇਕ ਹੈ, ਸੱਚਾ ਉਸ ਦਾ ਨਾਮ ਹੈ, ਉਹ ਆਪ ਹੀ ਕਰਨ ਕਰਾਵਣਹਾਰ ਹੈ, ਉਹ ਭੈ ਰਹਿਤ ਹੈ, ਉਹ ਕਿਸੇ ਦਾ ਬੈਰੀ ਨਹੀਂ, ਉਸ ਦੀ ਕੋਈ ਸ਼ਕਲ ਜਾਂ ਵਜੂਦ ਨਹੀਂ, ਉਹ ਜਨਮ ਮਰਨ ਦੇ ਬੰਧਨਾਂ ਤੋਂ ਵੀ ਮੁਕਤ ਹੈ, ਅਰ ਉਹ ਆਪ ਹੀ ਆਪਣੇ ਆਪ ਨੂੰ ਸਾਜਣ ਵਾਲਾ ਹੈ।  ਇਸ ਕਰਕੇ ਉਸੀ ਦਾ ਨਾਮ ਜਪਣਾ ਚਾਹੀਏ।  ਇਹ ਸੱਚਾਈ ਗੁਰੂ ਸਾਹਿਬ ਨੇ ਹਮੇਸ਼ਾ ਹਮੇਸ਼ਾ ਵਾਸਤੇ ਬਿਆਨ ਕਰ ਦਿੱਤੀ।  ਹੈ ਕ ਨਹੀਂ? ਗੁਰੂਆਂ, ਸੰਤਾਂ ਅਰ ਭਗਤਾਂ ਨੇ ਲੋਕਾਂ ਨੂੰ ਸਮਝਾਇਆ ਕਿ ਜੀਵਾਂ ਨੂੰ ਪਿਆਰ ਕਰਨਾ ਚਾਹੀਦੈ ਔਰ ਦੁਨਿਆਵੀ ਚੀਜ਼ਾਂ ਨੂੰ ਇਸਤੇਮਾਲ ਕਰਨਾ ਚਾਹੀਦੈ।  ਪਰ ਲੋਕ ਕਰਦੇ ਐਂ ਇਸ ਤੋਂ ਉਲਟ ! ਲੋਕ ਪਿਆਰ ਤਾਂ ਕਰਦੇ ਐਂ ਚੀਜ਼ਾਂ ਵਸਤਾਂ ਨੂੰ, ਮਿੱਟੀ ਨੂੰ।  ਔਰ ਇਸਤੇਮਾਲ ਕਰਦੇ ਐਂ ਲੋਕਾਂ ਨੂੰ ਅਰ ਜੀਵਾਂ ਨੂੰ।''
ਚਰਨਜੀਤ ਤੇ ਅੰਜਲੀ ਮੰਤਰ ਮੁਗਧ ਜਿਹੇ ਹੋਏ ਬੈਠੇ ਸਨ।  ਸਮੇਂ ਦਾ ਖਿਆਲ ਨਹੀਂ ਸੀ। ਪਤਾ ਹੀ ਨਾ ਲੱਗਾ, ਕਦੋਂ ਖਾਸਾ ਹਨੇਰਾ ਹੋ ਗਿਆ।  ਅਖੀਰ ਭਗਤ ਸਿੰਘ ਰੋਟੀ ਲਈ ਉਡੀਕ ਉਡੀਕ ਕੇ ਆਪ ਉਹਨਾਂ ਨੂੰ ਬੁਲਾਉਣ ਆਇਆ ਤਾਂ ਸਭ ਨੂੰ ਅਹਿਸਾਸ ਹੋਇਆ ਕਿ ਗੱਲਾਂ ਕਰਦਿਆਂ ਬਹੁਤ ਸਮਾਂ ਹੋ ਚੁੱਕਾ ਸੀ।  ਉਹਨਾਂ ਨੇ ਜਾਣ ਤੋਂ ਪਹਿਲਾਂ ਮਾਸਟਰ ਜੀ ਅਤੇ ਕਮਲਾ ਹੋਰਾਂ ਦੇ ਪੈਰ ਛੁਹੇ।  ਘਰ ਤਕ ਆਉਂਦਿਆਂ ਕਿਸੇ ਨੇ ਕੋਈ ਗੱਲ ਨਾ ਕੀਤੀ।  ਇਉਂ ਲੱਗ ਰਿਹਾ ਸੀ ਜਿਵੇਂ ਅਜੇ ਵੀ ਮਾਸਟਰ ਜੀ ਉਹਨਾਂ ਨੂੰ ਉਂਗਲ ਲਾਈਂ ਅੰਬਰਾਂ ਦੀਆਂ ਸੈਰਾਂ ਕਰਵਾ ਰਹੇ ਹੋਣ।  ਰੋਟੀ ਦੀ ਤਾਂ ਜਿਵੇਂ ਭੁੱਖ ਹੀ ਨਹੀਂ ਸੀ ਰਹੀ।

***

No comments:

Post a Comment