Saturday 29 May 2010

ਲੋਕੁ ਕਹੈ ਦਰਵੇਸੁ :: ਚੌਦ੍ਹਵੀਂ ਕਿਸ਼ਤ...

ਲੋਕੁ ਕਹੈ ਦਰਵੇਸੁ :: ਚੌਦ੍ਹਵੀਂ ਕਿਸ਼ਤ...

ਗੁਰਨੇਕ ਸਿੰਘ ਕਵੀ ਨੂੰ ਇਕ ਦਿਨ ਸਰਕਾਰੀ ਟੈਲੀਵਿਯਨ ਵਾਲਿਆਂ ਦੀ ਚਿੱਠੀ ਆਈ ਕਿ ਉਹ ਅੱਜ ਕਲ੍ਹ ਦੀ ਵੱਡੀ ਸਮਾਜਿਕ ਸਮੱਸਿਆਂ 'ਭਰੂਣ ਹੱਤਿਆ' 'ਤੇ ਇਕ ਸੀਰੀਅਲ ਬਨਾਉਣਾ ਚਾਹੁੰਦੇ ਹਨ ਜਿਸ ਦੇ ਪਿਛੋਕੜ ਵਿਚ ਇਕ ਗੀਤ ਚਲਦਾ ਰਹੇਗਾ।  ਜੇ ਉਹ ਕੋਈ ਆਪਣਾ ਮਨਪਸੰਦ ਗੀਤ ਜਾਂ ਕਵਿਤਾ ਉਹਨਾਂ ਨੂੰ ਭੇਜਣ ਦੀ ਖੇਚਲ ਕਰਨ ਤਾਂ ਸਵੀਕਾਰ ਹੋਣ ਪਿੱਛੋਂ ਉਸ ਦਾ ਮਿਹਨਤਾਨਾ ਵੀ ਚੰਗਾ ਦਿੱਤਾ ਜਾਵੇਗਾ।
ਗੁਰਨੇਕ ਕੁਝ ਦਿਨ ਇਸ ਮਸਲੇ ਬਾਰੇ ਸੋਚਦਾ ਰਿਹਾ।  ਉਸ ਦੇ ਅੰਦਰ ਇਕ ਜੱਦੋ-ਜਹਿਦ ਚੱਲ ਰਹੀ ਸੀ।  ਧੁਰ-ਅੰਦਰੋਂ ਉਹਨੂੰ ਲਿਖਣ ਲਈ ਜਿਵੇਂ ਕੋਈ ਰੋਕ ਰਿਹਾ ਹੋਵੇ।  ਪਰ ਦੂਜੇ ਪਾਸੇ ਉਹਨੂੰ ਚੰਗਾ ਮਿਹਨਤਾਨਾ ਮਿਲਣ ਦੀ ਉਮੀਦ ਵੀ ਪਰੇਰ ਰਹੀ ਸੀ।  ਤੀਜੇ ਚੌਥੇ ਦਿਨ ਉਹ ਇਸ ਬਾਰੇ ਕੁਝ ਲਿਖਣ ਲਈ ਜਦੋਂ ਬੈਠਾ ਤਾਂ ਬੜੇ ਸਾਲਾਂ ਪਿੱਛੋਂ ਉਹਦੇ ਸੱਜੇ ਗੁੱਟ ਵਿਚ ਅੱਜ ਫੇਰ ਦਰਦ ਹੋਇਆ ਸੀ।  ਦਰਦ ਹੀ ਨਹੀਂ ਸੀ ਹੋਇਆ ਸਗੋਂ ਉਸ ਦਾ ਹੱਥ ਵੀ ਕੰਬਿਆ ਸੀ।  ਪਰ ਫੇਰ ਉਹਨੇ ਆਪਣਾ ਹੱਥ ਝਟਕਣ ਪਿੱਛੋਂ ਲਿਖਣਾ ਸ਼ੁਰੂ ਕੀਤਾ।  ਉਸ ਦੇ ਦਿਮਾਗ਼ ਵਿਚ ਇਕ ਅਣ-ਜੰਮੀ ਬੱਚੀ ਦੀ ਫਰਿਆਦ ਆਪਣੇ ਮਾਂ-ਬਾਪ ਨੂੰ ਇਹ ਸੀ-
'ਹਾੜਾ ਨੀ ਮਾਏ !
ਲੋਹੜਾ ਨਾ ਮਾਰੀਂ, ਮੈਂ-ਨਿੱਕੀ ਜਿੰਦੜੀ ਨੀ ਮਾਏ !
ਦੇਖੀਂ ਤੋੜ ਸੁੱਟੇਂ, ਮੇਰੀ ਜੀਵਨ ਤੰਦੜੀ ਨੀ ਮਾਏ !
ਮੇਰੀ ਜਿੰਦ ਹੈ, ਤੇਰੀ ਜਿੰਦ ਵਿਚ।
ਜੇ ਮਾਰੇਂ, ਮੈਂ ਮਰਾਂ ਇਕ ਬਿੰਦ ਵਿਚ।
ਪਰ, ਕਿਉਂ ਤੂੰ ਮੈਨੂੰ ਕੁੱਖ ਵਿਚ ਪਾਇਆ?
ਮੈਂ ਕੀ ਤੇਰਾ ਪਾਪ ਕਮਾਇਆ?
ਆਖੀਂ ਪਿਆਰੇ, ਬਾਬਲ ਮੇਰੇ ਨੂੰ।
ਭਾਗਾਂ ਭਰੇ ਉਸ ਦੇ ਵਿਹੜੇ ਨੂੰ।
ਖੇਡ ਚਾਰ ਦਿਨ ਉੱਡ ਮੈਂ ਜਾਣਾ।
ਮੰਨਣਾ ਪੈਣਾ ਜਗ ਦਾ ਭਾਣਾ।
ਆਪਾ ਸਭ ਤੋਂ ਵਾਰ ਦਿਆਂਗੀ।
ਬਾਬਲ ਪੱਗ ਦੀ ਲਾਜ ਰੱਖਾਂਗੀ।
ਵੀਰਾਂ ਭਾਬੀਆਂ ਨੂੰ ਪਿਆਰ ਦਿਆਂਗੀ।
ਦੂਜੇ ਘਰ ਜਾ, ਜਾਨ ਦਿਆਂਗੀ।
ਹਾੜ੍ਹਾ, ਮੇਰੀ ਗੱਲ ਸੁਣ ਮਾਏ।
ਨਾ ਖੋਹ ਜਿੰਦੜੀ, ਹਾਏ ਹਾਏ।
ਜਗ 'ਤੇ ਔਣ ਦਾ, ਤੈਨੂੰ ਹੱਕ ਸੀ?
ਮੈਨੂੰ ਕਿਉਂ ਨਾ, ਜਣੇ ਨੀ ਮਾਏ?
ਕੀ ਪਤਾ ਮੈਂ ਭਾਗੋ ਬਣਨਾ, ਜਾਂ ਝਾਂਸੀ ਦੀ ਰਾਣੀ।
ਕੀ ਪਤਾ ਮੈਂ ਹਾਕਮ ਬਣਨਾ, ਜਾ ਕਿਧਰੇ ਪਰਦੇਸੀਂ।
ਮਾਪਿਆਂ ਨੂੰ ਨਹੀਂ ਹੱਕ ਠਹਿਰਦਾ, ਜੰਮਣੋਂ ਪਹਿਲਾਂ ਮੇਟਣ ਦਾ।
ਮੇਰਾ ਹੱਕ ਗਰੀਬੀ ਦਾਵਾ, ਹੱਕ ਨਾ ਮੈਂ ਪਰਦੇਸਣ ਦਾ?'
ਕੁਝ ਦਿਨਾਂ ਪਿੱਛੋਂ ਕਵਿਤਾ ਦੀ ਪਰਵਾਨਗੀ ਬਾਰੇ ਚਿੱਠੀ ਪਹੁੰਚ ਗਈ ਅਤੇ ਨਾਲ ਮਿਹਨਤਾਨੇ ਦਾ ਚੈੱਕ ਵੀ। ਪਰ ਚੈੱਕ ਨੂੰ ਅਲਮਾਰੀ ਵਿਚ ਪਾਸੇ ਰਖਦਿਆਂ ਉਸ ਦਿਨ ਉਹਦਾ ਸੱਜਾ ਗੁੱਟ ਫੇਰ ਨਹੀਂ ਸੀ ਦੁਖਿਆ।  ਚੈੱਕ ਉਪਰ ਲਿਖੇ ਹਿੰਦਸਿਆਂ ਦੀ ਮਲ੍ਹਮ ਨੇ ਗੁੱਟ ਦਾ ਦਰਦ ਦੂਰ ਕਰ ਦਿੱਤਾ ਸੀ।
ਨਿੱਕੀ ਹੁਣ ਵੱਡੀ ਹੋ ਚੁੱਕੀ ਸੀ।  ਅੱਠਵੀਂ ਜਮਾਤ ਵਿਚ ਪੜ੍ਹਨ ਲੱਗ ਪਈ ਸੀ।  ਉਹ ਚੁੱਪ-ਚੁਪੀਤੀ ਜਿਹੀ ਕੁੜੀ ਸੀ, ਸੁਬ੍ਹਕ ਜਿਹੀ, ਗੁੰਮ ਸੁੰਮ ਜਿਹੀ।  ਗੁਰਨੇਕ ਕਦੇ ਵੀ ਉਸ ਨਾਲ ਬਹੁਤੀ ਗੱਲ ਨਾ ਕਰਦਾ।  ਦੋਵੇਂ ਮਾਵਾਂ ਧੀਆਂ ਚੌਂਕੇ ਵਿਚ ਜਾਂ ਬਾਹਰ ਵਰਾਂਡੇ ਵਿਚ ਬੈਠੀਆਂ ਕੰਮੀ ਧੰਦੀਂ ਲੱਗੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੌਲੀ ਹੌਲੀ ਕਰਦੀਆਂ।  ਕਦੇ-ਕਦਾਈਂ ਬਸੰਤ ਦੇ ਕਹਿਣ ਤੇ ਗੁਰਨੇਕ ਨਿੱਕੀ ਲਈ ਕੋਈ ਕਪੜਾ ਲੀੜਾ ਲਿਆ ਦਿੰਦਾ।  ਉਸ ਨੂੰ ਏਨੀ ਕੁ ਤਸੱਲੀ ਸੀ ਕਿ ਜੇ ਹੋਰ ਅੱਠ-ਦਸ ਸਾਲਾਂ ਨੂੰ ਨਿੱਕੀ ਦਾ ਵਿਆਹ ਕਰਨਾ ਪਿਆ ਤਾਂ ਉਸ ਲਈ ਲੋੜੀਂਦੇ ਪੈਸੇ ਉਸ ਕੋਲ ਪਹਿਲਾਂ ਹੀ ਜਮਾਂ ਹਨ।  ਉਹ ਦਿਲੋਂ ਮੁਖਤਿਆਰ ਨਾਲ ਨਿਭਾਈ ਦੋਸਤੀ ਦਾ ਧੰਨਵਾਦ ਕਰਦਾ।  ਹੁਣ ਆਪ ਉਹ ਪੰਜਾਹ ਕੁ ਸਾਲਾਂ ਦਾ ਹੋ ਗਿਆ ਸੀ।  
ਬਸੰਤ ਨੇ ਇਕ ਦਿਨ ਡਰਦੇ-ਡਰਦੇ ਗੁਰਨੇਕ ਕੋਲ ਗੱਲ ਕੀਤੀ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਉਹਦਾ ਮਹੀਨਾ ਆਉਣਾ ਬੰਦ ਹੋ ਚੁੱਕਾ ਸੀ।  ਉਹਦਾ ਚਿੱਤ ਵੀ ਠੀਕ ਨਹੀਂ ਸੀ ਰਹਿੰਦਾ ਅਤੇ ਉਹਦਾ ਪੇਟ ਵੀ ਸਖਤ ਹੋ ਚੁੱਕਾ ਸੀ।  ਗੁਰਨੇਕ ਨੇ ਪਹਿਲਾਂ ਤਾਂ ਉਹਦੀ ਗੱਲ ਅਣਸੁਣੀ ਕਰ ਛੱਡੀ ਪਰ ਜਦੋਂ ਪੰਜ-ਸੱਤ ਦਿਨਾਂ ਪਿੱਛੋਂ ਬਸੰਤ ਨੇ ਫੇਰ ਗੱਲ ਕੀਤੀ ਤਾਂ ਉਸ ਨੇ ਕਿਹਾ-
''ਤੈਨੂੰ ਸ਼ਾਇਦ ਪਤਾ ਨਾ ਹੋਵੇ।  ਐਸ ਉਮਰ 'ਚ ਆ ਕੇ ਤੀਵੀਆਂ ਨੂੰ ਮੈਨੋਪਾਜ਼ ਹੋ ਜਾਂਦੈ।  ਤੇਰਾ ਚਿੱਤ ਠੀਕ ਨਾ ਰਹਿਣ ਦਾ ਇਕ ਕਾਰਨ ਉਹ ਵੀ ਹੈ।  ਇਕ ਦਿਨ ਤਾਂ ਮਹੀਨਾ ਆਉਣਾ ਬੰਦ ਹੋਣਾ ਈ ਸੀ।''
''ਨਹੀਂ ਮੈਨੂੰ ਲਗਦੈ ਬਈ ਕਿਤੇ...।''
"ਓ ਨਹੀਂ-ਐਸ ਉਮਰ 'ਚ? ਜਦੋਂ ਮੈਂ ਕਹਿਨੈ ਬਈ ਕੁਸ਼ ਨੀ ਹੋਇਆ, ਫੇਰ ਡਰਨ ਆਲੀ ਕਿਹੜੀ ਗੱਲ ਐ।  ਲਿਆ ਮੈਂ ਦੇਖਾਂ।''
ਗੁਰਨੇਕ ਨੇ ਬਸੰਤ ਦਾ ਢਿੱਡ ਟੋਹ ਕੇ ਦੇਖਿਆ।  ਸਖਤ ਸੀ।  ਆਪਣੀ ਸੋਚ ਅਨੁਸਾਰ ਉਹ ਏਸ ਨਤੀਜੇ 'ਤੇ ਪਹੁੰਚਿਆ ਕਿ ਢਿੱਡ ਵਿਚ ਸਖਤ ਚੀਜ਼ ਕੋਈ ਰਸੌਲੀ ਵੀ ਹੋ ਸਕਦੀ ਹੈ।  ਉਸ ਨੂੰ ਇਸ ਗੱਲ ਨੇ ਫਿਕਰਮੰਦ ਵੀ ਕੀਤਾ।  ਸੋਚਦਿਆਂ ਕਰਦਿਆਂ ਇਕ ਮਹੀਨਾ ਹੋਰ ਬੀਤ ਗਿਆ।  ਗੁਰਨੇਕ ਨੂੰ ਵੀ ਏਸ ਗੱਲ ਦੇ ਫਿਕਰਾਂ ਨੇ ਆ ਘੇਰਿਆ।  ਅਖੀਰ ਉਹਨੇ ਚਰਨਜੀਤ ਨੂੰ ਚਿੱਠੀ ਲਿਖੀ।  ਬਸੰਤ ਦੇ ਸਾਰੇ ਲੱਛਣ ਲਿਖਣ ਪਿੱਛੋਂ ਆਪਣੀ ਪੱਕੀ ਰਾਏ ਲਿਖੀ ਕਿ ਇਹ ਇਕ ਰਸੌਲੀ ਸੀ ਜਿਹੜੀ ਵਧ ਰਹੀ ਸੀ।  ਇਸ ਲਈ ਉਹਨੂੰ ਯਕੀਨ ਸੀ ਕਿ ਅਪਰੇਸ਼ਨ ਹੀ ਇਸ ਦਾ ਇਕੋ ਇਕ ਹੱਲ ਸੀ।  ਜੇ ਰਸੌਲੀ ਦੀਆਂ ਜੜ੍ਹਾਂ ਫੈਲ ਗਈਆਂ ਤਾਂ ਜਾਨ ਦਾ ਖਤਰਾ ਵੀ ਹੋ ਸਕਦਾ ਸੀ।  ਸੋ ਉਸ ਨੇ ਚਰਨਜੀਤ  ਨੂੰ ਆਪਣਾ ਫੈਸਲਾ ਲਿਖਿਆ ਕਿ ਉਹ ਬਸੰਤ ਨੂੰ ਛੇਤੀ ਹੀ ਕੁਝ ਦਿਨਾਂ ਪਿੱਛੋਂ ਜਗਮੋਹਣ ਸਿੰਘ ਨਾਲ ਅਹਿਮਦਾਬਾਦ ਭੇਜ ਦੇਵੇਗਾ ਤਾਂ ਕਿ ਓਥੇ ਅਪਰੇਸ਼ਨ ਕਰਕੇ ਟਿਊਮਰ ਕੱਢਿਆ ਜਾ ਸਕੇ।
ਚਰਨਜੀਤ ਨੇ ਚਿੱਠੀ ਦੇ ਜਵਾਬ ਵਿਚ ਲਿਖਿਆ ਕਿ ਜੇ ਹੋ ਸਕੇ ਤਾਂ ਕਿਸੇ ਹਸਪਤਾਲ ਵਿਚ ਪਹਿਲਾਂ ਮੁਢਲਾ ਚੈੱਕ-ਅਪ ਕਿਸੇ ਗਾਇਨਾਕੋਲੋਜਿਸਟ ਦੀ ਸਲਾਹ ਨਾਲ ਕਰਵਾ ਲਿਆ ਜਾਵੇ।  ਉਹ ਅਜੇ ਚਿੱਠੀ ਦਾ ਜਵਾਬ ਹੀ ਉਡੀਕ ਰਹੇ ਸਨ ਕਿ ਅਚਾਨਕ ਇਕ ਦਿਨ  ਬਸੰਤ ਤੇ ਜਗਮੋਹਣ ਉਹਨਾਂ ਕੋਲ ਪਹੁੰਚ ਗਏ।  ਚਰਨਜੀਤ ਤੇ ਅੰਜਲੀ ਹੈਰਾਨ ਸਨ।  ਜਗਮੋਹਣ ਬਸੰਤ ਨੂੰ ਛੱਡ ਕੇ ਦੂਜੇ ਦਿਨ ਵਾਪਸ ਮੁੜ ਗਿਆ।  
ਅੰਜਲੀ ਨੇ ਬਸੰਤ ਤੋਂ ਉਸ ਦੀ ਹਾਲਤ ਬਾਰੇ ਚੰਗੀ ਤਰ੍ਹਾਂ ਪੁੱਛ-ਗਿੱਛ ਕੀਤੀ।  ਅੰਜਲੀ ਨੇ ਆਪਣਾ ਸ਼ੱਕ ਦੂਰ ਕਰਨ ਲਈ ਪਹਿਲਾਂ ਕਿਸੇ ਗਾਈਨਾਕੋਲੋਜਿਸਟ ਤੋਂ ਚੈੱਕ-ਅਪ ਕਰਵਾਉਣਾ ਠੀਕ ਸਮਝਿਆ।  ਦੂਜੇ ਹੀ ਦਿਨ ਉਹ ਬਸੰਤ ਨੂੰ ਆਪਣੇ ਹਸਪਤਾਲ ਦੀ ਡਾਕਟਰ ਮੰਜੁਲਾਂ ਕੋਲ ਲੈ ਗਈ।  ਡਾ. ਮੰਜੁਲਾ ਨੇ ਚਾਰ ਮਹੀਨੇ ਦਾ ਗਰਭ ਹੋਣ ਦੀ ਪੁਸ਼ਟੀ ਕੀਤੀ।  ਚਰਨਜੀਤ ਨੇ ਝੱਟ ਹੀ ਗੁਰਨੇਕ ਨੂੰ ਇਸ ਬਾਰੇ ਤਾਰ ਦੇ ਦਿੱਤੀ।  ਗੁਰਨੇਕ ਵੀ ਕੁਝ ਦਿਨਾਂ ਪਿੱਛੋਂ ਪਹੁੰਚ ਗਿਆ।  ਚਰਨਜੀਤ ਨੇ ਟੈਸਟ ਰੀਪੋਰਟਾਂ ਦਿਖਾਉਂਦਿਆਂ ਗੁਰਨੇਕ ਦੀ ਤਸੱਲੀ ਕਰਾਉਣੀ ਚਾਹੀ।  ਉਹਦੀਆਂ ਗੱਲਾਂ ਦਾ ਗੁਰਨੇਕ ਤੇ ਸਿਰਫ ਏਨਾ ਕੁ ਅਸਰ ਹੋਇਆ ਕਿ ਉਸ ਨੇ ਇਕ ਗੱਲ ਮੰਨੀ ਕਿ ਕਦੇ ਕਦੇ ਉਹ 'ਪ੍ਰੋਟੈਕਸ਼ਨ' ਨਹੀਂ ਸਨ ਲੈਂਦੇ, ਹੋ ਸਕਦੈ ਉਹਨੀਂ ਦਿਨੀਂ, ਗਰਭ ਠਹਿਰ ਗਿਆ ਹੋਵੇ।  ਪਰ ਦੂਜੇ ਪਾਸੇ ਗੁਰਨੇਕ ਨੂੰ ਯਕੀਨ ਸੀ ਕਿ ਮੈਨੋਂਪਾਜ਼ ਪਿੱਛੋਂ ਗਰਭ ਨਹੀਂ ਠਹਿਰ ਸਕਦਾ ਹੁੰਦਾ।  ਉਸ ਨੇ ਆਪਣੇ ਹੀ ਮਨ ਵਿਚ ਕੋਈ ਫੈਸਲਾ ਕਰ ਲਿਆ ਸੀ।
ਅਗਲੇ ਦਿਨ ਜਦੋਂ ਚਰਨਜੀਤ ਤੇ ਅੰਜਲੀ ਹਸਪਤਾਲ ਚਲੇ ਗਏ ਤਾਂ ਗੁਰਨੇਕ ਬਸੰਤ ਨੂੰ ਲੈ ਕੇ ਅਹਿਮਦਾਬਾਦ ਦੇ ਵੱਡੇ ਸਰਕਾਰੀ  ਹਸਪਤਾਲ ਚਲਾ ਗਿਆ।  ਓਥੇ ਓਹ ਪੇਟ ਦੀਆਂ ਬਿਮਾਰੀਆਂ ਦੇ ਸਭ ਤੋਂ ਵੱਡੇ ਡਾਕਟਰ ਦਾ ਪਤਾ ਕਰਕੇ ਉਸ ਨੂੰ ਮਿਲਿਆ।  ਡਾਕਟਰ ਨੇ ਬੜੀ ਤਸੱਲੀ ਨਾਲ ਉਹਦੀ ਗੱਲ ਸੁਣੀ।  ਗੁਰਨੇਕ ਉਸ ਦਿਨ ਡਾਕਟਰ ਨੂੰ ਯਕੀਨ ਦੁਆਉਣ ਵਿਚ ਕਾਮਯਾਬ ਹੋ ਗਿਆ ਕਿ ਬਸੰਤ ਦੇ ਪੇਟ ਵਿਚ 'ਟਿਊਮਰ' ਸੀ।  ਡਾਕਟਰ ਨੇ ਅਗਲੇ ਦਿਨ ਐਕਸ-ਰੇ ਅਤੇ ਹੋਰ ਟੈਸਟ ਕਰਨ ਪਿੱਛੋਂ ਹੀ ਕੁਝ ਕਹਿਣਾ ਮੁਨਾਸਿਬ ਸਮਝਿਆ।  ਪਰ ਗੁਰਨੇਕ ਦੇ ਜ਼ੋਰ ਦੇਣ ਤੇ ਉਸ ਦਿਨ ਆਪਣੇ ਇਕ ਸੀਨੀਅਰ ਪ੍ਰੋਫੈਸਰ ਨੂੰ ਬੁਲਾ ਕੇ ਬਸੰਤ ਦਾ ਚੈੱਕ-ਅਪ ਕਰਨ ਲਈ ਵੀ ਕਿਹਾ।  ਉਸ ਪ੍ਰੋਫੈਸਰ ਦਾ ਉਸ ਦਿਨ ਡਾਕਟਰੀ ਪੜ੍ਹ ਰਹੇ ਵਿਦਿਆਰਥੀਆਂ ਨਾਲ ਹਸਪਤਾਲ ਦਾ ਦੌਰਾ ਵੀ ਸੀ, ਜਦੋਂ ਉਹ ਅਲੱਗ ਅਲੱਗ ਮਰੀਜ਼ਾਂ ਦੀਆਂ ਬਿਮਾਰੀਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਵੀ ਦਿਆ ਕਰਦਾ ਸੀ।  ਉਹ ਪ੍ਰੋਫੈਸਰ ਨੇ ਕੁਝ ਮੁੰਡੇ ਅਤੇ ਕੁੜੀਆਂ ਨੂੰ ਇਕ ਕੈਬਿਨ ਵਿਚ ਬੁਲਾਇਆ ਅਤੇ ਇਹ ਦਸਦਿਆਂ ਕਿਹਾ ਕਿ 'ਟਿਊਮਰ' ਦੀ ਪਛਾਣ ਕਿਵੇਂ ਕਰੀਦੀ ਹੈ।  ਪਛਾਣ ਕਰਨ ਲਈ ਪੇਟ ਨੂੰ ਕਿਸ ਤਰ੍ਹਾਂ ਕਿਹੜੇ ਕਿਹੜੇ ਪਾਸਿਓਂ ਟੋਹਣਾ ਅਤੇ ਮਹਿਸੂਸ ਕਰਨਾ ਚਾਹੀਦਾ ਹੈ।  ਪਹਿਲਾਂ ਪ੍ਰੋਫੈਸਰ ਨੇ ਬਸੰਤ ਦੇ ਪੇਟ ਨੂੰ ਆਪ ਸਭ ਪਾਸਿਓਂ ਟੋਹ ਕੇ ਅਤੇ ਮਹਿਸੂਸ ਕਰਕੇ ਦੱਸਿਆ।  ਅਤੇ ਫੇਰ ਉਸ ਪਿੱਛੋਂ ਸਾਰੇ ਵਿਦਿਆਰਥੀਆਂ ਨੇ ਵਾਰੀ ਵਾਰੀ ਓਵੇਂ ਹੀ ਬਸੰਤ ਦੇ ਪੇਟ ਨੂੰ ਦੱਬ ਕੇ ਅਤੇ ਟੋਹ ਕੇ ਮਹਿਸੂਸ ਕੀਤਾ।  ਬਸੰਤ ਨੂੰ ਕੋਈ ਅੱਧਾ ਕੁ ਘੰਟਾ ਉਹ ਵਿਦਿਆਰਥੀ ਟੋਂਹਦੇ ਦਬਦੇ ਰਹੇ।  ਬਸੰਤ ਦੇ ਪੇਟ ਵਿਚ ਤਕਲੀਫ ਵਧ ਗਈ ਸੀ।  ਅਖੀਰ ਪ੍ਰੋਫੈਸਰ ਨੇ ਗੁਰਨੇਕ ਨੂੰ ਬੁਲਾ ਕੇ ਕਿਹਾ ਕਿ ਅਗਲੇ ਦਿਨ ਉਹ ਐਕਸਰੇ ਤੇ ਹੋਰ ਟੈਸਟ ਕਰਨ ਤੋਂ ਪਿੱਛੋਂ ਹੀ ਅਗਲੇ ਇਲਾਜ ਬਾਰੇ ਫੈਸਲਾ ਕਰਨਗੇ।
ਘਰ ਪਹੁੰਚ ਕੇ ਗੁਰਨੇਕ ਨੂੰ ਤਸੱਲੀ ਸੀ ਕਿ ਉਹਦਾ 'ਟਿਊਮਰ' ਵਾਲਾ ਸ਼ੱਕ ਯਕੀਨ ਵਿਚ ਬਦਲ ਗਿਆ ਸੀ ਅਤੇ ਹਸਪਤਾਲ ਦੇ ਸਭ ਤੋਂ ਚੰਗੇ ਡਾਕਟਰਾਂ ਨੇ 'ਟਿਊਮਰ' ਹੋਣਾ ਮੰਨ ਲਿਆ ਸੀ।  ਸ਼ਾਮ ਤਕ ਉਹ ਘਰ ਪਹੁੰਚ ਗਏ ਸਨ।  ਗੁਰਨੇਕ ਨੇ ਚਰਨਜੀਤ ਨੂੰ ਦਿਨ ਵਿਚ ਹੋਈ ਗੱਲ-ਬਾਤ ਬਾਰੇ ਜਾਣਕਾਰੀ ਦਿੱਤੀ।  ਓਧਰ ਬਸੰਤ ਆਉਣ ਸਾਰ ਮੰਜੇ 'ਤੇ ਪੈ ਕੇ ਤੜਫਣ ਲੱਗ ਪਈ ਸੀ।  ਮੁੜ੍ਹਕੇ ਨਾਲ ਉਹਦੇ ਕਪੜੇ ਭਿੱਜ ਚੁੱਕੇ ਸਨ।  ਢਿੱਡ ਤੇ ਪਿੱਠ ਵਿਚ ਪੀੜਾਂ ਉੱਠ ਰਹੀਆਂ ਸਨ।  ਅੰਜਲੀ ਨੇ ਜਦੋਂ ਬਸੰਤ ਕੋਲੋਂ ਹਸਪਤਾਲ ਵਿਚ ਹੋਈ 'ਚੈੱਕ-ਅਪ' ਬਾਰੇ ਪੁੱਛਿਆ ਤਾਂ ਉਹ ਬੜੀ ਫ਼ਿਕਰਮੰਦ ਹੋ ਗਈ।  ਉਸ ਨੇ ਦੇਖਿਆ ਕਿ ਬਸੰਤ ਨੂੰ ਤਾਂ ਜੰਮਣ ਪੀੜਾਂ ਹੋ ਰਹੀਆਂ ਸਨ।  ਅੰਜਲੀ ਨੇ ਆਪਣੀ ਘਬਰਾਹਟ 'ਤੇ ਕਾਬੂ ਪਾਇਆ ਤੇ ਹਿੰਮਤ ਕਰਕੇ ਡਾ. ਮੰਜੁਲਾ ਨੂੰ ਆਪਣੀ ਕਾਰ ਵਿਚ ਉਹਦੇ ਘਰੋਂ ਬੁਲਾ ਲਿਆਈ।  ਆਉਂਦੇ ਹੋਏ ਉਹ ਇਕ ਨਰਸ ਨੂੰ ਵੀ ਨਾਲ ਲੈ ਆਈਆਂ ਸਨ।  ਡਾ. ਮੰਜੁਲਾ ਭਾਵੇਂ ਆਪਣਾ ਬੈਗ ਤਾਂ ਨਾਲ ਲੈ ਹੀ ਆਈ ਸੀ ਪਰ ਜਿਵੇਂ ਅੰਜਲੀ ਨੇ ਦੱਸਿਆ ਸੀ ਅਜਿਹੀ ਸਥਿਤੀ ਨੂੰ ਕਾਬੂ ਕਰਨ ਲਈ ਉਹ ਕੁਝ ਵੀ ਨਹੀਂ ਸੀ।  ਉਹਨਾਂ ਦੇ ਪਹੁੰਚਣ ਤਕ ਬਸੰਤ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਸੀ।  ਪੀੜ ਨਾਲ ਉਹਦੀਆਂ ਚੀਕਾਂ ਨਿਕਲ ਰਹੀਆਂ ਸਨ।  ਚਰਨਜੀਤ ਅੰਜਲੀ ਨਾਲ ਸਲਾਹ ਕਰਕੇ ਬਜ਼ਾਰੋਂ ਕੁਝ ਸਮਾਨ ਲੈਣ ਲਈ ਦੌੜ ਗਿਆ ਸੀ।  ਡਾ. ਮੰਜੁਲਾ ਨੇ ਅੰਜਲੀ ਨੂੰ ਦੱਸਿਆ ਕਿ ਉਸ ਨੇ ਆਪਣੇ ਵੀਹ ਸਾਲਾਂ ਦੇ 'ਲੇਬਰ ਵਾਰਡ' ਦੇ ਤਜਰਬੇ ਵਿਚ ਕਦੇ ਵੀ ਇਹੋ ਜਿਹੀ ਸਥਿਤੀ ਦਾ ਸਾਹਮਣਾ ਨਹੀਂ ਸੀ ਕੀਤਾ।  ਉਹਨੂੰ ਬਸੰਤ ਦੀ ਜਾਨ ਖਤਰੇ ਵਿਚ ਲੱਗ ਰਹੀ ਸੀ।  ਪਰ ਬਸੰਤ ਨੂੰ ਉਸ ਹਾਲਤ ਵਿਚ ਕਿਸੇ ਹਸਪਤਾਲ ਵਿਚ ਵੀ ਨਹੀਂ ਸੀ ਪਹੁੰਚਾਇਆ ਜਾ ਸਕਦਾ।  ਅਖੀਰ ਬਸੰਤ ਨੇ ਥੋੜੇ ਚਿਰ ਪਿੱਛੋਂ ਇਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ।  ਭਰੂਣ ਡਾ. ਮੰਜੁਲਾ ਅਨੁਸਾਰ ਚਾਰ ਕੁ ਮਹੀਨੇ ਤੋਂ ਉਪਰ ਸੀ ਉਸ ਦੇ ਲਗਭਗ ਸਾਰੇ ਅੰਗ ਬਣ ਚੁੱਕੇ ਸਨ।  ਉਹ ਇਕ ਨਰ ਭਰੂਣ ਸੀ।  ਡਾ. ਮੰਜੁਲਾ ਅਜੇ ਵੀ ਬਸੰਤ ਦੀ ਸਿਹਤ ਬਾਰੇ ਫਿਕਰਮੰਦ ਸੀ।  ਅਖੀਰ ਜਦੋਂ ਉਸ ਦੀ ਨਬਜ਼, ਖੁਨ ਦਾ ਦਬਾਅ ਤੇ ਦਿਲ ਦੀ ਧੜਕਣ ਸਾਵੇਂ ਹੋ ਗਏ ਤਾਂ ਉਸ ਨੂੰ ਤਸੱਲੀ ਹੋਈ।  ਡਾ. ਮੰਜੁਲਾ ਨੂੰ ਆਇਆਂ ਇਕ ਘੰਟੇ ਤੋਂ ਵੀ ਵੱਧ ਸਮਾਂ ਹੋ ਚੁੱਕਾ ਸੀ।
''ਓ ਮਾਈ ਗੌਡ ! ਅੰਜੂ ਦਿਸ ਇਜ ਹਰ ਨਿਊ ਬਰਥ।  ਇਸ ਕੀ ਤੋਂ ਜਾਨ ਭੀ ਜਾ ਸਕਤੀ ਥੀ !'' ਡਾ. ਮੰਜੁਲਾ ਨੇ ਆਪਣੀ ਘਬਰਾਹਟ 'ਤੇ ਕਾਬੂ ਪਾਉਂਦਿਆਂ ਕਿਹਾ।
ਅੰਜਲੀ ਨੇ ਚਰਨਜੀਤ ਨੂੰ ਇਕ ਪਾਸੇ ਲਿਜਾ ਕੇ ਸਾਰੀ ਗੱਲ ਦੱਸੀ।  ਚਰਨਜੀਤ ਤੇ ਅੰਜਲੀ ਨੇ ਜਿੰਨੀ ਛੇਤੀ ਹੋ ਸਕਿਆ ਮਰੇ ਹੋਏ  ਭਰੂਣ ਨੂੰ ਬਿਲੇ ਲਾਇਆ।  ਸਭ ਤੋਂ ਵੱਡੀ ਤਸੱਲੀ ਉਹਨਾਂ ਨੂੰ ਇਹ ਸੀ ਕਿ ਬਸੰਤ ਦੀ ਜਾਨ ਬਚ ਗਈ ਸੀ ਨਹੀਂ ਤਾਂ ਕੁਝ ਵੀ ਹੋ ਸਕਦਾ ਸੀ।  ਸਭ ਕੁਝ ਦੇਖ ਸਮਝ ਕੇ ਗੁਰਨੇਕ ਚੁੱਪ ਸੀ।  ਦੂਜੇ ਦਿਨ ਉਹਨੇ ਚਰਨਜੀਤ ਨੂੰ ਬੁਲਾ ਕੇ ਸਮਝਾਇਆ ਕਿ ਉਸ ਦਾ ਘਰ ਵਾਪਸ ਮੁੜਨਾ ਬਹੁਤ ਜ਼ਰੂਰੀ ਸੀ ਸੋ ਜਦੋਂ ਬਸੰਤ ਤੰਦਰੁਸਤ ਹੋ ਜਾਵੇ ਤਾਂ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹ ਆਪ ਜਾ ਕੇ ਛੱਡ ਆਵੇ।  ਉਸ ਨੇ ਚਰਨਜੀਤ ਨੂੰ ਇਹ ਵੀ ਕਿਹਾ ਕਿ ਉਹ ਬਸੰਤ ਨੂੰ ਮਿਲ ਕੇ ਨਹੀਂ ਜਾਏਗਾ ਕਿਉਂਕਿ ਮਿਲਣ ਕਰਕੇ ਦੋਹਾਂ ਨੂੰ ਬੜੀ ਤਕਲੀਫ ਹੋਣੀ ਸੀ ਸੋ ਉਹ ਬਸੰਤ ਨੂੰ ਆਪੇ ਜਿਵੇਂ ਠੀਕ ਸਮਝੇ ਸਮਝਾ ਦੇਵੇ।
ਗੁਰਨੇਕ ਨੂੰ ਸਫਰ ਕਰਦਿਆਂ ਕੁਝ ਬੁਰੇ ਭਲੇ ਖਿਆਲ ਵੀ ਆਏ।  ਅਖੀਰ ਉਹਨੇ ਸਾਰੀਆਂ ਗੱਲਾਂ ਨੂੰ ਇਕ ਛੋਟਾ ਮੋਟਾ ਤੇ ਮਾਮੂਲੀ ਹਾਦਸਾ ਸਮਝ ਕੇ ਭੁਲਾਉਣਾ ਹੀ ਠੀਕ ਸਮਝਿਆ।  ਉਸ ਨੂੰ ਇਕ ਹੋਰ ਗੱਲ ਦੀ ਵੀ ਤਸੱਲੀ ਸੀ ਕਿ ਇਸ ਗੱਲ ਦਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ।  ਜਗਮੋਹਣ ਵੀ ਬਸੰਤ ਨੂੰ ਅਹਿਮਦਾਬਾਦ ਛੱਡ ਕੇ ਦੂਜੇ ਦਿਨ ਹੀ ਮੁੜ ਗਿਆ ਸੀ।  ਉਸ ਨੂੰ ਵੀ ਕੁਝ ਨਹੀਂ ਸੀ ਦੱਸਿਆ ਗਿਆ।  ਚਰਨਜੀਤ ਤੇ ਅੰਜਲੀ ਤਾਂ ਕਿਸੇ ਕੋਲ ਗੱਲ ਕੀ ਕਰਨਗੇ।
ਬਸੰਤ ਨੂੰ ਅਜੇ ਦਸ ਪੰਦਰਾਂ ਦਿਨਾਂ ਲਈ ਪੂਰੇ ਆਰਾਮ ਦੀ ਲੋੜ ਸੀ। ਅੰਜਲੀ ਨੇ ਕੁਝ ਹਫਤਿਆਂ ਲਈ ਇਕ ਨੌਕਰਾਣੀ ਦਾ ਪ੍ਰਬੰਧ ਕਰ ਲਿਆ ਸੀ।  ਉਹ ਸਵੇਰ ਤੋਂ ਲੈ ਕੇ ਸ਼ਾਮ ਤਕ ਸਾਰਾ ਦਿਨ ਘਰੇ ਰਹਿੰਦੀ।  ਬਸੰਤ ਦੀ ਮਾਲਸ਼ ਕਰਦੀ ਅਤੇ ਬਾਕੀ ਓਹੜ-ਪੋਹੜ ਕਰਦੀ।  ਬਸੰਤ ਦਾ ਵੀ ਭਾਵੇਂ ਚੰਗੀ ਤਰ੍ਹਾਂ ਜੀ ਨਹੀਂ ਸੀ ਲੱਗ ਰਿਹਾ ਪਰ ਮਜਬੂਰੀ ਵੱਸ ਉਹਨੂੰ ਰਹਿਣਾ ਪੈ ਰਿਹਾ ਸੀ।  ਉਹਨੂੰ ਨਿੱਕੀ ਦੀ ਯਾਦ ਆਉਂਦੀ ਰਹੀ।  ਬਸੰਤ ਉਹਨੀ ਦਿਨੀਂ ਪਿੱਠ ਦੇ ਦਰਦ ਦੀ ਸ਼ਕਾਇਤ ਕਰਦੀ।  ਉਹ ਕਮਜ਼ੋਰ ਵੀ ਹੋ ਚੁੱਕੀ ਸੀ।  ਅੰਜਲੀ ਨੇ ਉਹਨੂੰ ਡਾਕਟਰਾਂ ਦੀ ਸਲਾਹ ਨਾਲ ਸਭ ਤੋਂ ਵਧੀਆ ਦੁਆਈਆਂ ਦਿੱਤੀਆਂ ਅਤੇ ਖੁਰਾਕ ਦਾ ਖਾਸ ਖਿਆਲ ਰੱਖਿਆ।  ਦੋ ਕੁ ਹਫਤਿਆਂ ਪਿੱਛੋਂ ਹੀ ਬਸੰਤ ਆਰਾਮ ਨਾਲ ਤੁਰ ਫਿਰ ਕੇ ਘਰ ਦਾ ਕੰਮ ਕਰਨ ਲੱਗ ਪਈ।  ਭਾਵੇਂ ਘਰ ਨੌਕਰਾਣੀ ਸੀ ਪਰ ਫੇਰ ਵੀ ਉਹ ਖਾਣਾ ਆਪ ਹੀ ਬਣਾਉਂਦੀ।  ਹਰ ਰੋਜ਼ ਸ਼ਾਮ ਨੂੰ ਚਰਨਜੀਤ ਤੇ ਅੰਜਲੀ ਉਹਦੇ ਨਾਲ ਗੱਲਾਂ ਕਰਨ ਬਹਿ ਜਾਂਦੇ।  ਹੌਲੀ-ਹੌਲੀ ਉਹ ਬਾਹਰ ਉਸ ਨੂੰ ਤੋਰੇ-ਫੇਰੇ ਲਈ ਲਿਜਾਣ ਲੱਗ ਪਏ।  ਉਹਨੂੰ ਵੀ ਹੁਣ ਕੁਝ ਚੰਗਾ ਚੰਗਾ ਲੱਗਣ ਲੱਗ ਪਿਆ ਸੀ।  ਉਹਨੂੰ ਆਈ ਨੂੰ ਅਜੇ ਤਿੰਨ ਕੁ ਹਫਤੇ ਹੀ ਗੁਜ਼ਰੇ ਹੋਣਗੇ ਜਦੋਂ ਉਹਨੇ ਚਰਨਜੀਤ ਨੂੰ ਘਰ ਵਾਪਸ ਛੱਡ ਕੇ ਆਉਣ ਲਈ ਆਖਣ ਲੱਗ ਪਈ ਸੀ।
ਉਹਨਾਂ ਦਿਨਾਂ ਵਿਚ ਹੀ ਅਚਾਨਕ ਗੁਰਨੇਕ ਵੱਲੋਂ ਇਕ ਤਾਰ ਮਿਲੀ।  ਭਗਤ ਸਿੰਘ ਦਾ ਪੈੜ ਤੋਂ ਡਿੱਗਣ ਕਰਕੇ ਬੜਾ ਬੁਰਾ ਹਾਦਸਾ ਹੋ ਗਿਆ ਸੀ।  ਡਿੱਗਣ ਪਿੱਛੋਂ ਉਸ ਨੂੰ ਦੋ ਦਿਨ ਮਗਰੋਂ ਹੋਸ਼ ਆਇਆ ਸੀ ਅਤੇ ਡਾਕਟਰੀ ਜਾਂਚ ਪਿੱਛੋਂ ਪਤਾ ਲੱਗਾ ਸੀ ਕਿ ਰੀੜ੍ਹ ਦੀ ਹੱਡੀ ਵਿਚ ਸੱਟ ਲੱਗਣ ਕਰਕੇ ਉਸ ਦੀਆਂ ਦੋਵੇਂ ਲੱਤਾਂ ਬੇਕਾਰ ਹੋ ਗਈਆਂ ਸਨ।  ਚਰਨਜੀਤ ਨੂੰ ਉਸ ਤਾਰ ਨੇ ਹਿਲਾ ਕੇ ਰੱਖ ਦਿੱਤਾ ਸੀ।  ਉਸ ਨੇ ਦੂਜੇ ਹੀ ਦਿਨ ਕਿਸੇ ਨਾ ਕਿਸੇ ਤਰ੍ਹਾਂ ਦੋ ਟਿਕਟਾਂ ਦਾ ਬੰਦੋਬਸਤ ਕਰਕੇ ਬਸੰਤ ਨਾਲ ਘਰ ਜਾਣ ਦੀ ਤਿਆਰੀ ਕਰ ਲਈ।
ਘਰ ਪਹੁੰਚਣ ਸਾਰ ਉਹ ਆਪਣੇ ਬਾਪੂ ਜੀ ਦੇ ਗਲ਼ ਲੱਗ ਕੇ ਰੋਇਆ ਸੀ।
 ''ਮੈ ਥੋਨੂੰ ਕਹਿੰਦਾ ਸੀ ਨਾ, ਬਈ ਬਹੁਤ ਕਰ ਲਿਆ, ਹੁਣ ਕੰਮ ਨਾ ਕਰੋ, ਨਾ ਕਰੋ ! ਪਰ ਤੁਸੀਂ ਕਿਸੇ ਦੀ ਗੱਲ ਸੁਣੋ ਤਾਂ ਹੀ ਨਾ !'' ਚਰਨਜੀਤ ਨੇ ਆਪਣੇ ਪਿਓ ਨੂੰ ਉਲਾਂਭਾ ਦਿੱਤਾ।
''ਬੇਟਾ ਗੁਰਬਾਣੀ ਵਿਚ ਫੁਰਮਾਇਐ ਕਿ-ਜੋ ਰਾਜ ਦੇਹਿ ਤ ਕਵਨ ਬਡਾਈ।  ਜੋ ਭੀਖ ਮੰਗਾਵਹਿ ਤ ਕਿਆ ਘਟ ਜਾਈ।।''
''ਭੀਖ ਮੰਗਣ ਥੋਡੇ ਦੁਸ਼ਮਣ।''
''ਨਹੀਂ ਨਹੀਂ ਪੁੱਤ ਮੇਰਾ ਟੈਮ ਤਾਂ ਹੁਣ ਰਾਜ ਕਰਨ ਦਾ ਆਇਐ।  ਮੌਜ ਨਾਲ ਬੈਠਾ ਰਹਿਨੈ...।'' ਆਖਦਿਆਂ ਭਗਤ ਸਿੰਘ ਦੀਆਂ ਅੱਖਾਂ ਛਲਕ ਪਈਆਂ।  
''ਕਿਹੜੇ ਡਾਕਟਰ ਤੋਂ ਇਲਾਜ ਕਰਵਾਇਆ ਸੀ?'' ਚਰਨਜੀਤ ਨੇ ਪੁੱਛਿਆ।
"ਮੈਨੂੰ ਤਾਂ ਕੋਈ ਸੁਰਤ ਨੀ ਸੀ।  ਜਿਹਨਾਂ ਦੇ ਘਰੇ ਕੰਮ ਕਰਦਾ ਸੀ ਉਹਨਾਂ ਦੇ ਬੰਦੇ ਈ ਸਰਕਾਰੀ ਹਸਪਤਾਲ ਲੈ-ਗੇ ਸੀ ਚੱਕ-ਕੇ।  ਆਥਣੇ-ਕ-ਜੇ ਗੁਰਨੇਕ ਵੀ ਕਹਿੰਦੇ ਐ ਪਹੁੰਚ ਗਿਆ ਸੀ ਸਕੂਲੋਂ ਛੁੱਟੀ ਕਰਕੇ।  ਡਾਕਟਰ ਨੇ ਕੋਈ ਟੀਕੇ ਟੂਕੇ ਵੀ ਲਾਏ ਸੀ।  ਬੇਟਾ ਮੈਨੂੰ ਤਾਂ ਬਹੁਤਾ ਪਤਾ ਨੀ।  ਬੱਸ ਓਦਣ ਦੀਆਂ ਲੱਤਾਂ ਜਮਾਂ ਈ ਖੜ੍ਹ-ਗੀਆਂ।''
ਚਰਨਜੀਤ ਸਿੱਧਾ ਸਰਕਾਰੀ ਹਸਪਤਾਲ ਵਿਚ ਡਾਕਟਰ ਨੂੰ ਜਾ ਮਿਲਿਆ।  ਡਾਕਟਰ ਤੋਂ ਜਦੋਂ ਉਹਨੇ ਬਰੀਕੀ ਨਾਲ ਪੁੱਛ ਗਿੱਛ ਕਰਨੀ ਚਾਹੀ ਤਾਂ ਪਹਿਲਾਂ ਤਾਂ ਉਹਨੇ ਦੱਸਣ ਵਿਚ ਨਾਂਹ-ਨੁੱਕਰ ਜਿਹੀ ਕੀਤੀ ਪਰ ਫੇਰ ਜਦੋਂ ਚਰਨਜੀਤ ਨੇ ਆਪਣੀ ਜਾਣਕਾਰੀ ਦਿੱਤੀ ਕਿ ਉਹ ਵੀ ਸਰਕਾਰੀ ਹਸਪਤਾਲ ਵਿਚ ਡਾਕਟਰ ਰਿਹਾ ਹੈ ਤਾਂ ਉਸ ਨੇ ਕੁਝ ਜ਼ਰੂਰੀ ਗੱਲਾਂ ਦੱਸੀਆਂ।  ਗੱਲਾਂ ਗੱਲਾਂ ਵਿਚ ਉਸ ਨੂੰ ਚਰਨਜੀਤ ਅਤੇ ਗੁਰਨੇਕ ਦੇ ਰਿਸ਼ਤੇ ਬਾਰੇ ਪਤਾ ਲੱਗਾ।  ਚਰਨਜੀਤ ਨੇ ਆਪਣੀ ਸਿਆਣਪ ਨਾਲ ਡਾਕਟਰ ਕੋਲੋਂ ਆਪਣੇ ਬਾਪੂ ਜੀ ਦੀ  ਹਾਲਤ ਬਾਰੇ ਸਾਰੀ ਜਾਣਕਾਰੀ ਲੈਣੀ ਚਾਹੀ।  ਡਾਕਟਰ ਦੀਆਂ ਗੱਲਾਂ ਤੋਂ ਉਸ ਨੂੰ ਕੁਝ ਸ਼ੱਕ ਹੋਣ ਲੱਗਾ ਤਾਂ ਉਸ ਨੇ ਡਾਕਟਰ ਨੂੰ ਸੱਚੋ ਸੱਚ ਦੱਸਣ ਲਈ ਮਨਾਉਂਦਿਆਂ ਤਸੱਲੀ ਕਰਵਾਈ ਕਿ ਉਹ ਆਪ ਡਾਕਟਰ ਹੋਣ ਦੇ ਨਾਤੇ ਉਸ ਦੀ ਦੱਸੀ ਹੋਈ ਕੋਈ ਵੀ ਗੁਪਤ ਗੱਲ ਨੂੰ ਗੁਪਤ ਹੀ ਰੱਖੇਗਾ।  ਤਾਂ ਡਾਕਟਰ ਨੇ ਉਸ ਨੂੰ ਦੱਸਿਆ ਕਿ ਜਦੋਂ ਉਸ ਦਿਨ ਸ਼ਾਮ ਨੂੰ ਗੁਰਨੇਕ ਨੇ ਉਸ ਨਾਲ ਆਪਣੇ ਪਿਓ ਦੇ ਇਲਾਜ਼ ਬਾਰੇ ਗੱਲ ਕੀਤੀ ਤਾਂ ਉਹਨੇ ਉਸ ਦੀ ਗੰਭੀਰ ਹਾਲਤ ਬਾਰੇ ਸਭ ਕੁਝ ਦੱਸ ਦਿੱਤਾ ਸੀ ਅਤੇ ਇਹ ਵੀ ਦੱਸ ਦਿੱਤਾ ਸੀ ਕਿ ਸੱਟ ਸਿਰ ਅਤੇ ਰੀੜ੍ਹ ਦੀ ਹੱਡੀ ਵਿਚ ਲੱਗੀ ਹੋਣ ਕਰਕੇ ਮਰੀਜ਼ ਦੀ ਹਾਲਤ ਬਾਰੇ ਉਹਦੇ ਹੋਸ਼ ਆਉਣ ਤੱਕ ਕੁਝ ਨਹੀਂ ਸੀ ਕਿਹਾ ਜਾ ਸਕਦਾ।  ਗੁਰਨੇਕ ਨੇ ਉਸ ਨੂੰ ਇਕ ਸੁਝਾਅ ਇਹ ਵੀ ਦਿੱਤਾ ਸੀ ਕਿ ਜੇ ਮਰੀਜ਼ ਦੀ ਹਾਲਤ ਸੁਧਰਨ ਦੀ ਕੋਈ ਉਮੀਦ ਨਹੀਂ ਸੀ ਤਾਂ ਕੀ ਡਾਕਟਰ ਉਸ ਨੂੰ ਕੋਈ ਅਜਿਹਾ ਟੀਕਾ ਲਾ ਸਕਦਾ ਸੀ ਜਿਸ ਨਾਲ ਮਰੀਜ਼ ਬੇਹੋਸ਼ੀ ਵਿਚ ਹੀ...! ਚਰਨਜੀਤ ਨੂੰ ਡਾਕਟਰ ਦੀ ਗੱਲ 'ਤੇ ਜਿਵੇਂ ਇਤਬਾਰ ਹੀ ਨਹੀਂ ਸੀ ਆ ਰਿਹਾ।  ਡਾਕਟਰ ਨਵਾਂ ਨਵਾਂ ਪਿਛਲੇ ਮਹੀਨੇ ਹੀ ਬਦਲ ਕੇ ਆਇਆ ਸੀ ਅਤੇ ਗੱਲ ਬਾਤ ਤੋਂ ਬੜਾ ਭਲਾ ਤੇ ਇਮਾਨਦਾਰ ਲਗਦਾ ਸੀ।  ਡਾਕਟਰ ਨੇ ਗੱਲ ਅੱਗੇ ਤੋਰਦਿਆਂ ਦੱਸਿਆ ਕਿ ਉਸ ਨੇ ਗੁਰਨੇਕ ਦੀ ਸਲਾਹ ਨਹੀਂ ਸੀ ਮੰਨੀ ਅਤੇ ਉਸ ਨੂੰ ਉਲਟਾ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ।  ਚਰਨਜੀਤ ਨੂੰ ਇਕ ਦਮ ਜਿਵੇਂ ਕਾਂਬਾ ਛਿੜ ਗਿਆ।  ਉਹ ਬੇਚੈਂਨ ਹੋ ਉੱਠਿਆ।  ਉਸ ਕੋਲੋਂ ਡਾਕਟਰ ਨਾਲ ਹੋਰ ਕੋਈ ਗੱਲ ਨਾ ਹੋ ਸਕੀ।  ਅਖੀਰ ਉਹਨੇ ਡਾਕਟਰ ਦਾ ਧੰਨਵਾਦ ਕਰਦਿਆਂ 'ਫੇਰ ਮਿਲਾਂਗੇ' ਕਹਿ ਕੇ ਵਿਦਾ ਲਈ।  ਉਸ ਦਿਨ ਘਰ ਆ ਕੇ, ਨਾ ਉਹਨੂੰ ਰੋਟੀ ਚੰਗੀ ਲੱਗੀ ਤੇ ਨਾ ਹੀ ਸਾਰੀ ਰਾਤ ਨੀਂਦ ਆਈ।  ਉਹ ਆਪਣੇ ਮਾਂ ਬਾਪ ਨੂੰ ਅਹਿਮਦਾਬਾਦ ਲਿਜਾਣ ਲਈ ਸੋਚਣ ਲੱਗਾ।  ਉਹਨਾਂ ਨੂੰ ਏਥੇ ਛੱਡ ਕੇ ਜਾਣਾ ਵੀ ਉਸ ਨੂੰ ਠੀਕ ਨਹੀਂ ਸੀ ਲੱਗ ਰਿਹਾ।  ਉਹਦੇ ਬਾਪੂ ਜੀ ਦਾ ਜੇ ਇਲਾਜ ਹੋ ਸਕਣ ਦੀ ਸੰਭਾਵਨਾ ਸੀ ਵੀ ਤਾਂ ਉਸ ਵਿਚ ਵੀ ਬੜਾ ਲੰਮਾ ਸਮਾਂ ਲੱਗ ਜਾਣਾ ਸੀ।  ਉਸ ਨੇ ਸੋਚਿਆ ਕਿ ਹਫਤਾ ਦਸ ਦਿਨ ਠਹਿਰ ਕੇ ਸੋਚਿਆ ਜਾਵੇਗਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਭਗਤ ਸਿੰਘ ਨੂੰ ਸੇਵਾ ਦੀ ਲੋੜ ਸੀ।  ਚਰਨਜੀਤ ਸਾਰਾ ਦਿਨ ਭਗਤ ਸਿੰਘ ਦੇ ਓਹੜ-ਪੋਹੜ ਵਿਚ ਲੱਗਾ ਰਹਿੰਦਾ।  ਕਦੇ ਦਵਾਈ ਦਾ ਸਮਾਂ, ਕਦੇ ਮਾਲਸ਼ ਦਾ ਸਮਾਂ, ਕਦੇ ਨ੍ਹਾਉਣ ਦਾ ਸਮਾਂ ਤੇ ਕਦੇ ਖਾਣ ਦਾ ਸਮਾਂ।  ਉਹ ਇਕ ਮਿੰਟ ਵੀ ਆਪਣੇ ਪਿਓ ਦੇ ਮੰਜੇ ਤੋਂ ਪਰੇ ਹੋਣ ਦੀ ਕੋਸ਼ਿਸ਼ ਨਾ ਕਰਦਾ।  ਉਹਨੀਂ ਦਿਨੀਂ ਉਹਦਾ ਮਾਸਟਰ ਚਾਚਾ ਜੀ ਨੂੰ ਮਿਲ ਕੇ ਦਿਲ ਦੀਆਂ ਗੱਲਾਂ ਕਰਨ ਨੂੰ ਵੀ ਬੜਾ ਜੀਅ ਕਰਦਾ ਸੀ।  ਮਾਸਟਰ ਜੀ ਭਾਵੇਂ ਹਰ ਰੋਜ਼ ਭਗਤ ਸਿੰਘ ਦਾ ਪਤਾ ਲੈਣ ਆ ਜਾਂਦੇ ਪਰ ਇਕੱਲੇ ਬਹਿ ਕੇ ਉਹਨਾਂ ਨਾਲ ਗੱਲਾਂ ਕਰਨੀਆਂ ਹੋਰ ਗੱਲ ਸੀ।  ਦੂਰੋਂ-ਨੇੜਿਓਂ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲਗਦਾ ਗਿਆ ਲੋਕ ਆਉਂਦੇ-ਜਾਂਦੇ ਰਹੇ।
ਕੁਝ ਦਿਨਾਂ ਪਿੱਛੋਂ ਜਦੋਂ ਬੁੱਧੂ ਨੂੰ ਭਗਤ ਸਿੰਘ ਦੇ ਹਾਦਸੇ ਦੀ ਖਬਰ ਮਿਲੀ ਤਾਂ ਉਹ ਆਪਣੀ ਧੰਤੀ ਨੂੰ ਨਾਲ ਲੈ ਕੇ ਭੱਜਿਆ ਆਇਆ।  ਪਹਿਲਾਂ ਤਾਂ ਉਹ ਖਾਸਾ ਚਿਰ ਭਗਤ ਸਿੰਘ ਕੋਲ ਬੈਠਾ ਰੋਂਦਾ ਰਿਹਾ ਪਰ ਫੇਰ ਦੋਹਾਂ ਜਾਣਿਆਂ ਨੇ ਹੌਲੀ ਹੌਲੀ ਗੱਲਾਂ ਸ਼ੁਰੂ ਕਰ ਲਈਆਂ।  ਕੁਝ ਦੇਰ ਪਿੱਛੋਂ ਉਹ ਆਪਣੇ ਬਚਪਨ ਦੀਆਂ ਗੱਲਾਂ ਕਰ ਕਰ ਹਸਦੇ ਰਹੇ।  ਬੁੱਧੂ ਆਪਣੇ ਪਿੰਡ ਨੂੰ ਮੁੜਨ ਲੱਗਿਆ ਆਖਣ ਲੱਗਾ-
"ਲੈ ਬਈ ਭਗਸਿਆਂ ਮੈਂ ਧੰਤੀ ਨੂੰ ਛੱਡ ਚਲਿਐਂ ਏਥੇ ਆਪਣੇ ਘਰੇ।  ਦਿਆਕੁਰ ਨਾਲ ਕੰਮ-ਧੰਦਾ ਕਰਾ ਦਿਆ ਕਰੂ।  ਤੇਰਾ ਪਤਾ ਲੈਣ ਕੋਈ ਨਾ ਕੋਈ ਆਇਆ ਗਿਆ ਤਾਂ ਰਹਿਣਾ ਈ ਐਂ।''
''ਓ ਨਹੀਂ ਬਾਈ ਬੁਧ ਰਾਮਾ ਤੂੰ ਧੰਤੀ ਨੂੰ ਨਾਲ ਈ ਲੈ ਜਾ।  ਸਾਡੇ ਕੋਲੋਂ ਇਹ ਸੰਭਾਲੀ ਨੀ ਜਾਣੀ।''
''ਹੈ ਕਮਲ਼ੀਆਂ ਮਾਰੀ ਜਾਂਦੈ।  ਸੰਭਾਲਣ ਨੂੰ ਇਹ ਥੋਡੇ ਕੋਲੋਂ ਕੁਸ਼ ਮੰਗਦੀ ਐ?''
''ਨਹੀਂ ਮੰਗਣਾ ਤਾਂ ਵਚਾਰੀ ਨੇ ਕੀ ਐ ਪਰ ਸਾਡੇ ਘਰ 'ਚ ਇਹਦੇ ਮੇਚ ਦਾ ਵੱਡਾ ਮੰਜਾ ਹੈ ਨੀ।''
"ਲੈ ਹੈ ਦੇਖ ! ਆ ਗਿਆ ਨਾ ਫੇਰ ਤੂੰ ਆਵਦੀ ਆਈ 'ਤੇ ! ਬੰਦਾ ਬਣ ਕੇ ਚੁੱਪ ਕਰਕੇ ਬਹਿ ਜਾ।  ਜਿਦੇਂ ਤੂੰ ਤੁਰਨ ਫਿਰਨ ਲਾ-ਗਿਆ ਓਦੇਂ ਸਨੇਹਾ ਭੇਜਦੀਂ, ਫੇਰ ਮੈਂ ਲੈ ਕੇ ਜਾਊਂ ਇਹਨੂੰ।  ਨਾਲੇ ਜੇ ਤੂੰ ਨਾ ਇਹਨੂੰ ਮੁੜਵਾ ਕੇ ਦਿੰਦਾ ਤਾਂ ਮੈਂ ਕੀਹਦਾ ਪਾਣੀਹਾਰ ਸੀ? ਇਹ ਤਾਂ ਸਾਰਾ ਤੇਰੇ ਪੈਰੀਂ ਹੋਇਐ।  ਚੰਗਾ ਮੈਂ ਚਲਦੈਂ ਫੇਰ।  ਚੰਗਾ ਬਈ ਪਾੜ੍ਹੇ ਸਿਆਂ ਹੁਣ ਤਾਂ ਤੂੰ ਸਾਡੀਆਂ ਬਣਾਈਆਂ ਜੁੱਤੀਆਂ ਕਿਥੋਂ ਪਾਉਣੀਐਂ।  ਅਜਕਲ੍ਹ ਤਾਂ ਲੋਕ ਬੂਟ ਪੌਣ ਲਗ-ਪੇ।''
''ਨਹੀਂ ਤਾਇਆ ਤੇਰੀ ਬਣਾਈ ਜੁੱਤੀ ਤਾਂ ਮੈਂ ਅੱਜ ਤੱਕ ਨੀ ਭੁੱਲਿਆ।''
ਧੰਤੀ ਵੀ ਘਰ ਵਿਚ ਨਿੱਕੇ ਮੋਟੇ ਕੰਮ ਕਰਦੀ ਫਿਰਦੀ ਹਾਸੇ ਖਿਲਾਰਦੀ ਰਹਿੰਦੀ।  ਜਦੋਂ ਵੀ ਕੋਈ ਬੰਦਾ ਪਤਾ ਲੈਣ ਆਉਂਦਾ ਤਾਂ ਉਹ ਅਗਲੇ ਨੂੰ ਚਾਹ ਪਾਣੀ ਪਿਆਉਂਦੀ ਤਾਂ ਕੋਈ ਵੀ ਹੱਸੇ ਬਿਨਾਂ ਨਾ ਰਹਿੰਦਾ।  ਘਰ ਦਾ ਮਾਹੌਲ ਸੋਗੀ ਹੋਣ ਦੀ ਥਾਂ ਹਾਸੇ ਦੇ ਛਣਕਾਟਿਆਂ ਨਾਲ ਭਰ ਜਾਂਦਾ।
ਚਰਨਜੀਤ ਦੇ ਅੰਦਰ ਸਰਕਾਰੀ ਡਾਕਟਰ ਦੀ ਗੱਲ ਗਿੱਲੇ ਗੋਹੇ ਦੇ ਧੂੰਏਂ ਵਾਂਗ ਧੁਖਦੀ ਰਹੀ।  ਉਹਨੂੰ ਕਦੇ ਕਦੇ ਬੜਾ ਗੁੱਸਾ ਵੀ ਆਉਂਦਾ।  ਉਹਦਾ ਚਿੱਤ ਕਰਦਾ ਕਿ ਉਹ ਗੁਰਨੇਕ ਤੋਂ ਜਾ ਕੇ ਪੁੱਛੇ ਕਿ ਉਹਨੇ ਕੀ ਸੋਚ ਕੇ ਡਾਕਟਰ ਨੂੰ ਉਹ ਗੱਲ ਕਹੀ ਸੀ ਪਰ ਫੇਰ ਡਾਕਟਰ ਨੂੰ ਕੀਤਾ ਇਕਰਾਰ ਅੱਗਾ ਰੋਕ ਲੈਂਦਾ।  ਉਸ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਉਸ ਦੇ ਹੀ ਸਕੇ ਭਰਾ ਨੇ ਡਾਕਟਰ ਕੋਲੋਂ ਆਪਣੇ ਹੀ ਪਿਉ ਨੂੰ ਟੀਕਾ ਲਾ ਕੇ ਮਾਰ ਦੇਣ ਦੀ ਇਕ ਨੀਚ ਹਰਕਤ ਕਰਨੀ ਸੋਚੀ ਸੀ।  ਉਸ ਨੂੰ ਇਹ ਸੋਚ ਕੇ ਹੈਰਾਨੀ ਹੁੰਦੀ ਕਿ ਕੋਈ ਆਪਣਿਆਂ ਦੀ ਜਾਨ ਲੈਣ ਲਈ ਏਸ ਹੱਦ ਤੱਕ ਵੀ ਗਿਰ ਸਕਦਾ ਹੈ? ਉਹ ਵੀ ਮਾਂ ਬਾਪ ਲਈ? ਲਾਹਣਤ ਹੈ ਇਹੋ ਜਿਹੇ ਜਿਉਣ 'ਤੇ !
ਉਹ ਇਹ ਗੱਲ ਚਾਹੁੰਦਿਆਂ ਵੀ ਮਾਸਟਰ ਜੀ ਨਾਲ ਸਾਂਝੀ ਨਹੀਂ ਸੀ ਕਰ ਸਕਿਆ।  ਉਸ ਦੀ ਮਾਂ ਨੂੰ ਤਾਂ ਉੱਕਾ ਈ ਕੁਝ ਪਤਾ ਨਹੀਂ ਸੀ।  ਉਹ ਤਾਂ ਦਿਨ ਰਾਤ ਭਗਤ ਸਿੰਘ ਦੀ ਸੇਵਾ ਕਰਦੀ ਰਹਿੰਦੀ ਜਾਂ ਰੋ ਲੈਂਦੀ।  ਚਰਨਜੀਤ ਨੂੰ ਆਪਣੇ ਘਰ ਦੀ ਸਮੱਸਿਆ ਦੀ ਗੁੱਥੀ ਬਜਾਏ ਸੁਲਝਣ ਦੇ ਦਿਨ-ਬ-ਦਿਨ ਹੋਰ ਉਲਝਦੀ ਲਗਦੀ।
ਚਰਨਜੀਤ ਦਾ ਮਨ ਅੰਦਰੋਂ ਬਹੁਤ ਦੁਖੀ ਸੀ।  ਹੋਣਾ ਕੀ ਚਾਹੀਦਾ ਸੀ ਤੇ ਹੋਈ ਕੀ ਜਾਂਦਾ ਸੀ ! ਉਹ ਸੋਚਦਾ ਕਿ ਆਪਣਾ ਦੁੱਖ ਜੇ ਉਹ ਫਰੋਲੇ ਵੀ ਤਾਂ ਕਿਸ ਕੋਲ? ਅਖੀਰ ਸਮਾਂ ਕੱਢ ਕੇ ਇਕ ਦਿਨ ਉਹਨੇ ਮਾਸਟਰ ਜੀ ਤੋਂ ਇਹ ਸਵਾਲ ਪੁੱਛ ਹੀ ਲਿਆ-
''ਚਾਚਾ ਜੀ ਇਹ ਦੱਸੋ ਬਈ ਆਪਣੇ ਈ, ਪਰਾਏ ਕਿਉਂ ਹੋ ਜਾਂਦੇ ਐ?''
"ਬੇਟਾ ਚਰਨੀ ਅਗਰ ਅਧਿਆਤਮਕ ਤੌਰ ਪਰ ਦੇਖੀਏ ਤਾਂ ਇਹ ਸਾਰਾ ਜਗ ਹੀ ਬੇਗਾਨਾ ਹੈ।  ਬਾਕੀ ਆਪਣਾ ਤਾਂ ਉਹ ਇਕੋ ਐ ਜਿਸ ਨੂੰ ਤੁਸੀਂ ਜੇ ਆਪਣਾ ਸਮਝੋ ਤਾਂ ਉਹ ਤੁਹਾਡੇ ਕੋਲੋਂ ਦੂਰ ਨਹੀਂ ਕਿਉਂਕਿ ਉਹ ਥੁਆਨੂੰ ਸਮਝਦੈ। ਰਿਸ਼ਤੇ ਤਾਂ ਨਾਮ ਦੇ ਹੁੰਦੇ ਐ।  ਸਾਡਾ ਉਸਤਾਦ ਕਿਹਾ ਕਰਦਾ ਥਾ ਕਿ ਖੂਨ ਦੇ ਰਿਸ਼ਤੇ ਤਾਂ ਖੂਨ ਪੀਣ ਦੇ ਰਿਸ਼ਤੇ ਹੁੰਦੇ ਐਂ।  ਕਬੀਰ ਜੀ ਕਹਿ ਗਏ-'ਰਹਿਨਾ ਨਹੀਂ ਜਗ ਬੇਗਾਨਾ ਹੈ।'  ਹਾਂ ਇਕ ਬਾਤ ਜ਼ਰੂਰ ਐ ਕਿ ਜੇ ਬੰਦਾ ਹਰੇਕ ਨੂੰ ਰੱਬ ਦਾ ਬੰਦਾ ਸਮਝ ਕੇ ਪਿਆਰ ਕਰੇ ਤਾਂ ਸੁਖੀ ਰਹਿੰਦੈ।''
''ਉਹ ਭਾਵੇਂ ਤੁਹਾਨੂੰ ਜਾਨੋ ਮਾਰਨ ਨੂੰ ਫਿਰਦਾ ਹੋਵੇ?''
"ਦੇਖੋ ਬੇਟਾ ਜੰਮਣਾ ਮਰਨਾ ਤਾਂ ਰੱਬ ਦੇ ਹੱਥ ਮਾਂ ਹੈ।  ਅਗਰ ਤੁਸੀਂ ਆਪ ਕੁਛ ਨਹੀਂ ਕੀਤਾ ਤਾਂ ਥੁਆਨੂੰ ਕੋਈ ਕਿਉਂ ਮਾਰੇਗਾ? ਹੈ ਕ ਨਹੀਂ? ਬਾਬੇ ਨਾਨਕ ਨੂੰ ਤਾਂ ਕੌਡੇ ਰਾਕਸ਼ ਜੈਸੇ ਬੀ ਨੀ ਮਾਰ ਸਕੇ ! ਇਹੀ ਬਾਤ ਦੁਨੀਆਂ ਦੇ ਸਭ ਇਨਸਾਨਾਂ ਪਰ ਲਾਗੂ ਹੁੰਦੀ ਐ।  ਅਜਕੱਲ ਜਿਹੜੇ ਲੋਕ ਤਾਕਤ ਨਾਲ ਜੋ ਚਾਹੀਦੈ ਹਥਿਆਉਣ ਦੀ ਗੱਲ ਕਰਦੇ ਐਂ, ਉਹ ਠੀਕ ਨਹੀਂ ਐ !  ਕੁਦਰਤ ਨੇ ਇਨਸਾਨ ਲਈ ਅਨਮੋਲ ਖਜ਼ਾਨੇ ਖੋਹਲ ਰੱਖੇ ਐਂ।  ਉਹ ਬੁਰੇ ਅਰ ਚੰਗੇ ਮਾਂ ਫਰਕ ਨਹੀਂ ਰਖਦੀ।  ਇਹ ਤਾਂ ਇਨਸਾਨ ਖੁਦ ਐਸਾ ਕਰ ਬੈਠਦੈ ਜਿਵੇਂ ਸਭ ਕੁਛ ਹੀ ਕਬਜ਼ੇ ਵਿਚ ਕਰ ਲੈਣਾ ਹੋਵੇ।  ਹੈ ਕ ਨਹੀਂ? ਐਸੇ ਬੰਦਿਆਂ ਦੀ ਫਿਤਰਤ ਕੋਈ ਚੰਗੀ ਨਹੀਂ ਹੁੰਦੀ।  ਉਹ ਖੁਦ ਹੀ ਆਪਣੀ ਜ਼ਿੰਦਗੀ ਮਾਂ ਆਪਣੇ ਹੀ ਤਰਸ ਦੇ ਪਾਤਰ ਬਣ ਜਾਂਦੇ ਐ।  ਉਹਨਾਂ ਦੀ ਆਤਮਾਂ ਉਹਨਾਂ ਨੂੰ ਫਿਟਕਾਰਾਂ ਪੌਂਦੀ ਐ।  ਐਸੇ ਲੋਕ ਚੈਨ ਦੀ ਨੀਂਦ ਨਹੀਂ ਸੌਂ ਸਕਦੇ ਕਿਉਂਕਿ ਉਹ ਕੁਰਾਹੇ ਪੈ ਚੁੱਕੇ ਹੁੰਦੇ ਐ।  ਐਸੇ ਲੋਕਾਂ ਤੋਂ ਤਾਂ ਦੂਰ ਰਹਿਣਾ ਈ ਬਿਹਤਰ।  ਦੂਜੀ ਬਾਤ ਨਫਰਤ ਦੀ।  ਨਫਰਤ ਕਰਨ ਨਾਲ ਨਫਰਤ ਘਟਦੀ ਨਹੀਂ।  ਨਫਰਤ ਸਿਰਫ ਪਿਆਰ ਦੇ ਸਾਹਮਣੇ ਹੀ ਹਾਰਦੀ ਐ।  ਬਾਬਾ ਫਰੀਦ ਜੀ ਨੇ ਕਿਹੈ-'ਫਰੀਦਾ  ਜਿਹਨਾਂ ਤੈ ਮਾਰਨ ਮੁੱਕੀਆਂ, ਤਿਨਹਾ ਨਾ ਮਾਰੇ ਘੁੰਮ!  ਆਪਨੜੇ ਘਰ ਜਾਇ ਕੈ ਪੈਰ ਤਿੰਨਹਾ ਕੇ ਚੁੰਮ।'  ਦੇਖੋ ਕਿੰਨੀ ਹਲੀਮੀ ਐ ਇਸ ਬਾਤ ਮਾਂ।  ਏਸੇ ਕਰਕੇ ਈ ਤਾਂ ਇਹ ਆਦਿ ਗ੍ਰੰਥ ਮਾਂ ਦਰਜ ਹੈ।  ਹੈ ਕ ਨਹੀਂ? ਇਕ ਬਾਤ ਹੋਰ।  ਜੇ ਦੁਨੀਆਂ ਮਾਂ ਬੁਰੇ ਇਨਸਾਨ ਨਾ ਹੋਣ ਤਾਂ ਚੰਗਿਆਈ ਦਾ ਪਤਾ ਕਿਵੇਂ ਲੱਗੇ? ਇਹ ਗੱਲ ਤਾਂ ਆਈਨਸਟਾਈਨ ਨੇ ਆਪਣੀ ਸਾਇੰਸ ਦੀ ਥਿਊਰੀ ਔਫ ਰੈਲਟੇਵਿਟੀ ਮਾਂ ਬੀ ਸਿੱਧ ਕਰ ਦਿਖਾਈ।  ਦੁਨੀਆਂ ਮਾਂ ਕੁਛ ਬੀ ਬੇਮਤਲਬ ਜਾਂ ਬਿਨਾਂ ਕਿਸੇ ਕਾਰਨ ਦੇ ਨਹੀਂ ਹੁੰਦਾ।  ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਜ਼ਰੂਰ ਐ, ਚਾਹੇ ਅੱਛਾ, ਚਾਹੇ ਬੁਰਾ।  ਹੈ ਕ ਨਹੀਂ? ਹੁਣ ਅੱਗੇ ਬਾਤ ਐ ਕਿ ਅੱਛੇ ਇਨਸਾਨ ਕਦੇ ਕਦੇ ਬੁਰੇ ਲੋਕਾਂ ਤੋਂ ਡਰ ਜਾਂਦੇ ਐ ਭਾਵੇਂ ਡਰਨ ਦੀ ਕੋਈ ਲੋੜ ਨਹੀਂ ਹੁੰਦੀ।  ਗੁਰੂ ਤੇਗ ਬਹਾਦਰ ਦੀ ਬਾਣੀ ਮੁਤਾਬਿਕ 'ਭੈ ਕੋਊ ਕੋ ਦੇਤਿ ਨਾਹਿ ਨਾ ਭੈ ਮਾਨਤ ਆਨ।' ਨਾ ਕਿਸੇ ਨੂੰ ਡਰਾਓ ਨਾ ਕਿਸੇ ਤੋਂ ਡਰੋ ! ਚਰਨੀ ਬੇਟੇ ਮੈਨੂੰ ਇਹ ਕਿਉਂ ਲੱਗ ਰਿਹੈ ਜਿਵੇਂ ਤੈਨੂੰ ਕੋਈ ਫਿਕਰ ਲੱਗ ਗਿਆ ਹੋਵੇ? ਹੈ ਕ ਨਹੀਂ? ਸੱਚੋ ਸੱਚ ਬਤਾ?''
''ਚਾਚਾ ਜੀ ਗੱਲ ਤਾਂ ਕੁਝ ਵੀ ਨਹੀਂ ਬੱਸ ਕਈ ਵਾਰੀ ਘਰ ਦੇ ਫਿਕਰ ਆ ਘੇਰਦੇ ਐ।  ਸਭ ਕੁਝ ਉਲਝਿਆ ਜਿਹਾ ਲਗਦੈ।''  
"ਬੇਟਾ ਜਦੋਂ ਕਿਸੇ ਹਾਲਾਤ ਦੀ ਸਮਝ ਨਾ ਆਵੇ ਤਾਂ ਹਾਲਾਤ ਨੂੰ ਹੋਰ ਗੌਰ ਨਾਲ ਸੰਜੀਦਾ ਹੋ ਕੇ ਦੇਖਣਾ ਪੈਂਦੈ।  ਮੈਨੂੰ ਦੋ ਲਾਈਨਾਂ ਯਾਦ ਆ ਗਈਆਂ।  ਸ਼ਾਇਰ ਦਾ ਨਾਂ ਤਾਂ ਮੈਨੂੰ ਯਾਦ ਨਹੀਂ-
'ਬਹੁਤ ਮੁਸ਼ਕਿਲ ਹੈ ਕਿ ਹਾਲਾਤ ਕੀ ਗੁੱਥੀ ਸੁਲਝੇ।
ਅਹਿਲੇ ਦਾਨਿਸ਼ ਨੇ ਬਹੁਤ ਸੋਚ ਕਰ ਉਲਝਾਈ ਹੈ।'
ਕਈ ਲੋਕ ਜਾਣ ਬੁੱਝ ਕੇ ਐਸੇ ਕੰਮ ਕਰਦੇ ਐਂ ਕਿ ਪਤਾ ਈ ਨਹੀਂ ਲਗਦਾ ਕਿ ਕਰ ਕੌਣ ਰਿਹੈ ਅਰ ਹੋ ਕੀ ਰਿਹੈ।  ਪਰ ਸਮਾਂ ਬੜਾ ਬਲਵਾਨ ਹੈ।  ਸਮਾਂ ਪਾ ਕੇ ਸਭ ਕੁਛ ਆਪਣੇ ਆਪ ਸਾਫ ਹੋ ਜਾਂਦੈ ਔਰ ਆਖਰ ਮਾਂ ਜਿੱਤ ਸੱਚ ਦੀ ਓ ਹੁੰਦੀ ਐ।  ਹੈ ਕ ਨਹੀਂ?''
ਚਰਨਜੀਤ ਨੂੰ ਮਾਸਟਰ ਜੀ ਦੀਆਂ ਗੱਲਾਂ ਸੁਣ ਕੇ ਕਾਫੀ ਧਰਵਾਸ ਮਿਲਿਆ।  ਉਹਦਾ ਮਨ ਅੱਗੇ ਨਾਲੋਂ ਸ਼ਾਂਤ ਹੋ ਗਿਆ।  ਮਾਸਟਰ ਜੀ ਨੇ ਉਹਦੇ ਚਿਹਰੇ 'ਤੇ ਲਿਖੀਆਂ ਚਿੰਤਾਵਾਂ ਨੂੰ ਜਿਵੇਂ ਪੜ੍ਹਨ ਦੀ ਕੋਸ਼ਿਸ਼ ਕੀਤੀ।  
''ਮੈਨੂੰ ਪਤੈ ਬਈ ਤੂੰ ਆਪਣੇ ਬਾਪ ਦੀ ਚਿੰਤਾ ਕਰ ਰਿਹੈਂ।  ਕੋਈ ਬਾਤ ਨਹੀਂ ਉਹਦਾ ਹੱਲ ਵੀ ਨਿਕਲ ਆਏਗਾ।  ਬਿਮਾਰੀ ਲੰਮੀ ਐ ਤਾਂ ਕੀ ਹੋਇਆ? ਹਿੰਮਤ ਦੇ ਅੱਗੇ ਤਾਂ ਪਹਾੜ ਬੀ ਝੁਕ ਜਾਂਦੇ ਐ।  ਬੇਟੇ ਹਿੰਮਤ ਰੱਖੋ।  ਆਪਣੇ ਆਪ ਨੂੰ ਕਮਜ਼ੋਰ ਬਿਲਕੁਲ ਨਹੀਂ ਸਮਝਣਾ !''
ਚਰਨਜੀਤ ਹਰ ਰੋਜ਼ ਭਗਤ ਸਿੰਘ ਦੀ ਮਾਲਿਸ਼ ਕਰਦਾ।  ਪਿੱਠ ਅਤੇ ਲੱਤਾਂ ਨੂੰ ਘੁਟਦਾ ਅਤੇ ਹੋਰ ਜੋ ਵੀ ਹੋ ਸਕਦਾ ਸੀ ਉਹ ਸਾਰਾ ਦਿਨ ਕਰਦਾ ਰਹਿੰਦਾ।  ਉਸ ਨੇ ਭਗਤ ਸਿੰਘ ਲਈ ਇਕ ਵਾਕਰ ਲੈ ਆਂਦਾ।  ਭਗਤ ਸਿੰਘ ਨੂੰ ਉਹ ਸਹਾਰਾ ਦੇ ਕੇ ਖੜਾ ਕਰਦਾ ਅਤੇ ਵਾਕਰ ਦੇ ਡੰਡਿਆਂ ਨੂੰ ਹੱਥ ਪੁਆਉਂਦਾ।  ਭਗਤ ਸਿੰਘ ਦੀਆਂ ਲੱਤਾਂ ਉਹਦਾ ਭਾਰ ਨਾ ਸਹਾਰਦੀਆਂ।  ਸਿਰਫ ਕੁਝ ਸਕਿੰਟ ਹੀ ਖੜ੍ਹਾ ਹੋ ਕੇ ਉਹ ਮੰਜੇ 'ਤੇ ਡਿੱਗ ਪੈਂਦਾ।  ਚਰਨਜੀਤ ਥੋੜੇ ਚਿਰ ਪਿੱਛੋਂ ਉਹਨੂੰ ਫੇਰ ਹੱਲਾਸ਼ੇਰੀ ਦਿੰਦਾ ਅਤੇ ਸਹਾਰਾ ਦੇ ਕੇ ਖੜ੍ਹਾ ਕਰਦਾ।  ਕੁਝ ਹੀ ਦਿਨਾਂ ਵਿਚ ਭਗਤ ਸਿੰਘ ਹੌਲੀ ਹੌਲੀ ਵਾਕਰ ਦਾ ਸਹਾਰਾ ਲੈ ਕੇ ਖੜ੍ਹਾ ਹੋਣ ਲੱਗ ਪਿਆ।  ਚਰਨਜੀਤ ਉਹਨੂੰ ਇਕ ਪੈਰ ਚੱਕ ਕੇ ਅੱਗੇ ਰੱਖਣ ਲਈ ਕਹਿੰਦਾ ਪਰ ਉਹਨੂੰ ਲਗਦਾ ਕਿ ਜਦੋਂ ਵੀ ਉਹਨੇ ਪੈਰ ਚੱਕਿਆ ਉਹ ਮੁੜ ਡਿੱਗ ਪਵੇਗਾ।  ਉਹ ਇਕ ਕਦਮ ਵੀ ਨਹੀਂ ਸੀ ਪੁੱਟ ਸਕਦਾ।  ਫੇਰ ਚਰਨਜੀਤ ਆਪਣੇ ਹੱਥਾਂ ਨਾਲ ਉਹਦੀ ਲੱਤ ਹੇਠਾਂ ਤੋਂ ਫੜ ਕੇ ਥੋੜਾ ਅਗੇ ਕਰਨ ਦੀ ਕੋਸ਼ਿਸ਼ ਕਰਦਾ।  ਹਰ ਰੋਜ਼ ਇੰਜ ਕਰਦਿਆਂ ਦਸਾਂ ਕੁ ਦਿਨਾਂ ਵਿਚ ਭਗਤ ਸਿੰਘ ਵਾਕਰ ਨਾਲ ਹੌਲੀ ਹੌਲੀ ਪੈਰ ਘੜੀਸ ਕੇ ਦੋ ਚਾਰ ਕਦਮ ਤੁਰਨ ਲੱਗ ਪਿਆ।  ਚਰਨਜੀਤ ਦੀ ਤਸੱਲੀ ਫੇਰ ਵੀ ਨਹੀਂ ਸੀ ਹੁੰਦੀ।  ਉਹ ਚਾਹੁੰਦਾ ਸੀ ਕਿ ਉਹਦਾ ਬਾਪ ਬਿਨਾਂ ਵਾਕਰ ਤੋਂ ਤੁਰ ਸਕੇ।  ਉਸ ਨੇ ਅੰਜਲੀ ਨੂੰ ਚਿੱਠੀ ਲਿਖੀ ਅਤੇ ਦੋ ਹਫਤਿਆਂ ਦੀ ਛੁੱਟੀ ਹੋਰ ਲੈ ਲਈ।
ਇਹਨਾਂ ਦਿਨਾਂ ਵਿਚ ਕਦੇ ਵੀ ਗੁਰਨੇਕ ਨੇ ਆ ਕੇ ਆਪਣੇ ਪਿਓ ਦੀ ਖਬਰ ਨਾ ਲਈ।  ਚਰਨਜੀਤ ਇਕ ਦੋ ਦਿਨਾਂ ਪਿੱਛੋਂ ਚੁਬਾਰੇ ਵਿਚ ਜਾ ਕੇ ਉਹਨੂੰ ਦੱਸ ਆਉਂਦਾ।  ਗੁਰਨੇਕ ਦੇ ਮਨ ਵਿਚ ਸ਼ਾਇਦ ਕੋਈ ਪੁਰਾਣਾ ਗੁੱਸਾ ਘਰ ਕਰ ਗਿਆ ਸੀ ਜਾਂ ਹੋ ਸਕਦੈ ਉਹ ਆਦਤ ਤੋਂ ਮਜਬੂਰ ਸੀ ਜਿਹੜੀ ਪੱਕ ਚੁੱਕੀ ਸੀ।
ਅਗਲੇ ਹਫਤੇ ਦਵਾਈਆਂ, ਮਾਲਿਸ਼ਾਂ, ਚੰਗੀ ਖੁਰਾਕ ਅਤੇ ਹੋਰ ਜੋ ਵੀ ਤਰੀਕੇ ਹੋ ਸਕਦੇ ਸਨ ਚਰਨਜੀਤ ਨੇ ਦਿਨ ਰਾਤ ਇਕ ਕਰਕੇ ਆਪਣੀ ਪੂਰੀ ਵਾਹ ਲਾਈ।  ਹਰ ਰੋਜ਼ ਭਗਤ ਸਿੰਘ ਨੂੰ ਹੱਲਾਸ਼ੇਰੀ ਦੇ ਕੇ ਗੱਲੀਂ ਲਾ ਕੇ ਜਿਵੇਂ ਕਿਵੇਂ ਆਪਣੇ ਮੋਢਿਆਂ 'ਤੇ ਉਹਦੇ ਦੋਵੇਂ ਹੱਥ ਰਖਵਾ ਕੇ ਹੌਲੀ ਹੌਲੀ ਤੋਰਨਾ ਸ਼ੁਰੂ ਕੀਤਾ।  ਚਰਨਜੀਤ ਨੂੰ ਭਗਤ ਸਿੰਘ ਦੇ ਠੀਕ ਹੋ ਜਾਣ ਦੀ ਕੁਝ ਉਮੀਦ ਬੱਝੀ।  ਇਕ ਦਿਨ ਭਗਤ ਸਿੰਘ ਨੇ ਕਿਹਾ, ''ਜਦੋਂ ਤੂੰ ਛੋਟਾ ਹੁੰਦਾ ਸੀ ਤਾਂ ਮੈਂ ਘੋੜਾ ਬਣਦਾ ਹੁੰਦਾ ਤੇ ਤੂੰ ਮੇਰੀ ਪਿੱਠ ਤੇ ਚੜ੍ਹ ਜਾਂਦਾ ਹੁੰਦਾ ਸੀ।  ਫੇਰ ਤੂੰ ਕਹਿੰਦਾ ਸੱਚੀ ਮੁੱਚੀ ਦਾ ਘੋੜਾ ਬਣੋ।  ਤਾਂ ਮੈਂ ਹਿਣਕਣ ਲੱਗ ਪੈਂਦਾ ਤੇ ਦੁਲੱਤੇ ਮਾਰਦਾ।  ਇਕ ਦਿਨ ਜਦੋਂ ਮੈਂ ਦੁਲੱਤਾ ਜਿਹਾ ਮਾਰਿਆ ਤਾਂ ਤੂੰ ਧੜੱਮ ਦੇਣੇ ਡਿੱਗ ਪਿਆ ਸੀ।  ਯਾਦ ਐ ਨਾ?'' ਏਸ ਗੱਲ 'ਤੇ ਦੋਵੇਂ ਪਿਉ-ਪੁੱਤ ਖੂਬ ਹੱਸੇ।  ਹਸਦਿਆਂ-ਹਸਦਿਆਂ ਚਰਨਜੀਤ ਦੀਆਂ ਅੱਖਾਂ ਵਿਚ ਪਾਣੀ ਆ ਗਿਆ ਸੀ ਤੇ ਫੇਰ ਉਹ ਪਾਣੀ ਆਪਣੇ ਪਿਓ ਦੇ ਮੋਹ ਵਿਚ ਹੰਝੂ ਬਣ ਕੇ ਵਗਣ ਲੱਗ ਪਿਆ ਸੀ।  ਚਰਨਜੀਤ ਨੇ ਮੁੜ ਕੇ ਆਪਣੇ ਪਿਓ ਨੂੰ ਜੱਫੀ ਪਾ ਲਈ।  ਉਹ ਪਲ ਕਿੰਨੇ ਸੁਖਾਵੇਂ ਸਨ।  ਹੰਝੂ ਜਿਹੜੇ ਦੁੱਖਾਂ ਨੂੰ ਖੋਰਨਾ ਲੋਚਦੇ ਸਨ।  ਸਮਾਂ ਜਿਵੇਂ ਖੜ੍ਹ ਗਿਆ ਸੀ।  ਭਗਤ ਸਿੰਘ ਨੇ ਵੀ ਚਰਨਜੀਤ ਨੂੰ ਆਪਣਾ ਸਾਰਾ ਜੋਰ ਲਾ ਕੇ ਹਿੱਕ ਨਾਲ ਲਾ ਕੇ ਘੁੱਟ ਲਿਆ ਸੀ।  ਉਹਦੇ ਸੀਨੇ ਠੰਢ ਪੈ ਗਈ ਸੀ।  ਚਰਨਜੀਤ ਦੀਆਂ ਅੱਖਾਂ ਪੂੰਝਦਿਆਂ ਉਹਦੀਆਂ ਆਪਣੀਆਂ ਅੱਖਾਂ ਵਹਿ ਤੁਰੀਆਂ ਸਨ।  ਦਿਆਕੁਰ ਦੋਹਾਂ ਪਿਓ-ਪੁੱਤਾਂ ਨੂੰ ਦੇਖ ਕੇ ਫਾਵੀ ਹੋ ਗਈ ਸੀ।  ਭਗਤ ਸਿੰਘ ਆਪਣੇ ਸਾਰੇ ਦੁੱਖ ਜਿਵੇਂ ਭੁੱਲ ਗਿਆ ਹੋਵੇ।  ਫੇਰ ਅਚਾਨਕ ਉਹ ਮੰਜੇ 'ਤੇ ਢਹਿ ਪਿਆ।  ਗੁਰਨੇਕ ਦੇ ਚੁਬਾਰੇ ਵੱਲ ਹੱਥ ਕਰਦਿਆਂ ਉਹਦੀਆਂ ਭੁੱਬਾਂ ਨਿਕਲ ਗਈਆਂ।  ਦੋਵੇਂ ਪਿਓ-ਪੁੱਤ ਰੋ ਕੇ, ਹੰਭ ਕੇ ਹੌਲੇ ਫੁੱਲ ਜਿਹੇ ਹੋ ਗਏ ਸਨ।  ਇਕ ਡੂੰਘੀ ਮੋਹ-ਭਰੀ ਚੁੱਪ ਛਾ ਗਈ ਸੀ।  ਖੁਨ ਦੇ ਰਿਸ਼ਤਿਆਂ ਦੀਆਂ ਗੰਢਾਂ ਹੋਰ ਪੀਡੀਆਂ ਹੋ ਗਈਆਂ ਸਨ।
''ਬਾਪੂ ਜੀ ਜੇ ਮੇਰੀ ਇਕ ਗੱਲ ਮੰਨੋ ਤਾਂ ਕਹਾਂ?''
''ਹਾਂ ਪੁੱਤ, ਦੱਸ ਕੀ ਗੱਲ ਐ?''
''ਤੁਸੀਂ ਤੇ ਬੇਬੇ ਜੀ ਚਲੋ ਮੇਰੇ ਨਾਲ ਅਹਿਮਦਾਬਾਦ।''
''ਲੈ ਇਹ ਗੱਲ ਤੂੰ ਕੀ ਆਖੀ? ਅਸੀਂ ਬੁੱਢੇ ਵਾਰੇ ਹੁਣ ਕਿੱਥੇ ਪਰਦੇਸਾਂ 'ਚ ਰੁਲਦੇ ਫਿਰਾਂਗੇ।''
''ਤੇ ਏਥੇ ਕੌਣ ਸਾਂਭੂ?''
"ਕਿਉਂ ਸਾਂਭਣ ਨੂੰ ਕੀ ਐ? ਸਾਰਾ ਆਰ ਪਰਵਾਰ ਐ।  ਨਾਲੇ ਪੁੱਤ ਜਿੱਥੇ ਏਨੀ ਉਮਰ ਏਸ ਮਿੱਟੀ ਨਾਲ ਜੁੜ ਕੇ ਕੱਟ-ਲੀ ਬਾਕੀ  ਦੀ ਵੀ ਕਿਵੇਂ ਨਾ ਕਿਵੇਂ ਕੱਟੀ ਜਾਊ।  ਨਾਲੇ ਮੇਰਾ ਜੀ ਤਾਂ ਏਸੇ ਮਿੱਟੀ 'ਚ ਮਰਨ ਨੂੰ ਈ ਕਰਦੈ।  ਬਹੁਤੀ ਗਈ ਤੇ ਥੋੜੀ ਆਈ।  ਬੰਦੇਂ ਦਾ ਕੋਈ ਭਰੋਸੈ ਅੱਜ ਹੈ ਕੱਲ ਹੈ ਨੀ।  ਤੂੰ ਸਾਡਾ ਫਿਕਰ ਨਾ ਕਰ।  ਕਿੰਨੇ ਈ ਦਿਨ ਹੋ-ਗੇ ਤੈਨੂੰ ਆਏ ਨੂੰ।  ਤੂੰ ਆਵਦੇ ਕੰਮ 'ਤੇ ਛੇਤੀ ਮੁੜਨ ਦੀ ਕਰ।  ਬਗਾਨੇ ਵੱਸ ਨੌਕਰੀਆਂ ਕਰਨੀਆਂ ਬਹੁਤ ਔਖੀਆਂ ਹੁੰਦੀਐਂ।  ਨਾਲੇ ਓਥੇ ਪਿੱਛੇ ਬਹੂ 'ਕੱਲੀ ਐ ਵਚਾਰੀ।  ਮੈਂ ਤਾਂ ਹੁਣ ਠੀਕ-ਠਾਕ ਈ ਐਂ।  ਤੂੰ ਤੁਰਨ ਜੋਗਾ ਤਾਂ ਮਾੜਾ-ਮੋਟਾ ਕਰ ਈ ਦਿਤੈ।  ਬੱਸ ਜਿਉਂਦੇ-ਵਸਦੇ ਰਹੋ।  ਮਾਪਿਆਂ ਨੂੰ ਧੀਆਂ-ਪੁੱਤਾਂ ਕੰਨੀਓਂ ਠੰਢੀ ਹਵਾ ਔਂਦੀ ਰਹੇ ਹੋਰ ਕੀ ਚਾਹੀਦਾ ਹੁੰਦੈ?''
''ਨਾ ਤੁਸੀਂ ਕੀ ਸਮਝਦੇ ਓਂ ਬਈ ਓਥੇ ਜਾ ਕੇ ਮੇਰਾ ਚਿੱਤ ਟਿਕ-ਜੂ? ਸਾਰਾ ਧਿਆਨ ਤਾਂ ਮੇਰਾ ਏਥੇ ਰਹੁ।  ਫੇਰ ਕੀ ਫੈਦਾ ਜਾਣ ਦਾ?''
"ਨਹੀਂ-ਨਹੀਂ ਪੁੱਤ।  ਹੁਣ ਤੂੰ ਕੋਈ ਛੋਟਾ ਤਾਂ ਨੀ ਜਿਹੜਾ ਰਿਹਾੜ ਕਰੀ ਜਾਨੈ।  ਸਿਆਣੀ ਗੱਲ ਪੱਲੇ ਬੰਨ੍ਹੀ ਚੰਗੀ ਹੁੰਦੀ ਐ।  ਐਥੇ ਸਾਰਾ ਆਪਣਾ ਆਂਢ-ਗੁਆਂਢ ਚੰਗੈ।  ਸਾਰਿਆਂ ਨਾਲ ਚੰਗੀ ਬਣੀ ਵੀ ਐ।  ਨ੍ਹੇਰ-ਸਵੇਰ ਲੋਕੀ ਆ ਖੜ੍ਹਦੇ ਐ ਅੱਧੇ-ਬੋਲ।  ਓਥੇ ਪਰਦੇਸਾਂ 'ਚ ਅਸੀਂ ਕੰਧਾਂ ਨਾਲ ਭਵੇਂ ਗੱਲਾਂ ਕਰ ਲੀਏ।  ਨਾ ਸਾਨੂੰ ਓਥੋਂ ਦੀ ਬੋਲੀ ਸਮਝ ਔਣੀ ਐ ਤੇ ਨਾ ਹੀ ਕੋਈ ਹੋਰ ਤੌਰ ਤਰੀਕੇ।  ਤੂੰ ਸਿਆਣਾ ਬਣ ਕੇ ਹੁਣ ਮੁੜਨ ਦੀ ਤਿਆਰੀ ਕਰ ਆਵਦੇ ਕੰਮ 'ਤੇ।''
ਚਰਨਜੀਤ ਨੂੰ ਗੁਰਨੇਕ ਦਾ ਖਿਆਲ ਆਉਂਦਿਆਂ ਹੀ ਹੌਲ ਪੈਣ ਲੱਗ ਪੈਂਦੇ।  ਉਹ ਸੋਚਦਾ ਕਿ ਉਹ ਕਰੇ ਵੀ ਤਾਂ ਕੀ?  ਕਿਵੇਂ ਆਪਣੇ ਮਾਂ ਪਿਓ ਨੂੰ ਜਾਂ ਕਿਸੇ ਹੋਰ ਨੂੰ ਦੱਸੇ ਕਿ ਉਹਦੇ ਮਨ ਵਿਚ ਕਿਹੜੀ ਸੂਲ ਚੁਭ ਗਈ ਸੀ? ਉਹਨੂੰ ਲਗਦਾ, ਜੇ ਉਹ ਹੁਣ, ਆਪਣੇ ਮਾਂ ਪਿਓ ਦੀ ਸੇਵਾ ਸੰਭਾਲ ਨਹੀਂ ਕਰ ਸਕਦਾ ਤਾਂ ਫੇਰ ਕਦੋਂ ਕਰੇਗਾ? ਉਹਨਾਂ ਨੂੰ ਉਹਦੀ ਲੋੜ ਸੀ।  ਜੇ ਉਹ ਉਹਨਾਂ ਨੂੰ ਛੱਡ ਕੇ ਤੁਰ ਗਿਆ ਤੇ ਪਿੱਛੋਂ ਕੋਈ ਜਾਹ ਜਾਂਦੀ ਹੋ ਗਈ ਤਾਂ ਉਹ ਆਪਣੇ ਆਪ ਨੂੰ ਕਿਵੇਂ ਮਾਫ ਕਰ ਸਕੇਗਾ? ਇਹ ਕੇਹੀ ਵਿਡੰਬਨਾ ਸੀ ਜਿਸ ਦਾ ਕੋਈ ਇਲਾਜ ਨਹੀਂ ਸੀ ਦਿਸ ਰਿਹਾ।  ਡਾਕਟਰੀ ਪੇਸ਼ੇ ਦੇ ਨਾਲ ਨਾਲ ਲੋਕਾਂ ਦੀਆਂ ਮਨੋਵਿਗਿਆਨਕ ਗੁੰਝਲਾਂ ਅਤੇ ਦੁੱਖਾਂ ਨੂੰ ਸਮਝਣ ਦਾ ਥੋੜਾ ਬਹੁਤ ਤਜਰਬਾ ਉਸ ਨੂੰ ਸੀ।  ਅਜ ਜਦੋਂ ਉਹ ਆਪ ਅਜਿਹੀਆਂ ਮੁਸ਼ਕਿਲਾਂ ਵਿਚ ਘਿਰ ਗਿਆ ਸੀ ਤਾਂ ਉਹ ਆਪਣੇ ਆਪ ਨੂੰ ਰਿਸ਼ਤਿਆਂ ਦੇ ਚੱਕਰਵੀਊ ਵਿਚ ਫਸਿਆ ਮਹਿਸੂਸ ਕਰ ਰਿਹਾ ਸੀ।  ਕਦੇ ਉਹ ਸੋਚਦਾ ਕਿ ਲੁਧਿਆਣਿਓਂ ਚੰਗੀ ਭਲੀ ਨੌਕਰੀ ਛੱਡ ਕੇ ਗਿਆ ਈ ਕਿਉਂ? ਜੇ ਲੁਧਿਆਣੇ ਚਾਰ ਪੈਸੇ ਘੱਟ ਮਿਲਦੇ ਸਨ ਤਾਂ ਕਿਹੜੀ ਆਫਤ ਆ ਚੱਲੀ ਸੀ।  ਉਹ ਦੋਏ ਜੀ ਕਮਾਊ ਸਨ।  ਆਪਣੇ ਮਾਂ-ਪਿਓ ਨੂੰ ਅੱਜ ਉਹ ਲੁਧਿਆਣੇ ਤਾਂ ਲਿਜਾ ਈ ਸਕਦਾ ਸੀ ਤੇ ਉਹਨਾਂ ਨੇ ਮੰਨ ਵੀ ਜਾਣਾ ਸੀ।  ਅਹਿਮਦਾਬਾਦ ਜਾ ਕੇ ਨੌਕਰੀ ਕਰਨ ਨੂੰ ਉਹ ਆਪਣੀ ਲਾਲਚ-ਵੱਸ ਹੋਈ ਗਲਤੀ ਸਮਝਦਾ ਸੀ।  ਪੈਸੇ ਨਾਲ ਹਰ ਚੀਜ਼ ਤਾਂ ਨਹੀਂ ਨਾ ਖਰੀਦੀ ਜਾ ਸਕਦੀ? ਮਾਂ ਪਿਓ ਨੇ ਕਿਹੜਾ  ਇਸ ਦੁਨੀਆਂ ਤੇ ਸਦਾ ਬੈਠੇ ਰਹਿਣਾ ਹੈ ਪਰ ਉਲਾਦ ਲਈ ਆਪਣੇ ਮਾਂ ਬਾਪ ਦਾ ਕਰਜ਼ਾ ਲਾਹੁਣ ਲਈ ਭਾਵੇਂ ਸੱਤ ਜਨਮ ਲੈਣੇ ਪੈਣ ਫੇਰ ਵੀ ਪੂਰਾ ਨਹੀਂ ਹੁੰਦਾ।  ਘੱਟੋ ਘੱਟ ਆਪਣੇ ਹੀ ਮਨ ਦੀ ਤਸੱਲੀ ਲਈ ਮਾਂ ਬਾਪ ਦੀ ਸੇਵਾ ਕੀਤੀ ਜਾ ਸਕਦੀ ਹੈ।  ਉਹ ਆਪਣੇ ਬਾਪੂ ਅੱਗੇ ਮੰਜੇ 'ਤੇ ਬੈਠਾ ਡੂੰਘੀਆਂ ਸੋਚਾਂ ਵਿਚ ਡੁੱਬ ਗਿਆ।  ਵਾਰ ਵਾਰ ਉਹਦਾ ਦਿਲ ਮੂੰਹ ਨੂੰ ਆਉਂਦਾ।  ਬੇਬਸੀ ਦਾ ਆਲਮ ਪਿੱਛਾ ਨਹੀਂ ਸੀ ਛੱਡ ਰਿਹਾ।
"ਦੇਖ ਪੁੱਤ, ਬਹੁਤਾ ਸੋਚਣ ਦੀ ਲੋੜ ਨੀ।  ਸਾਡੀ ਗੱਲ ਮੰਨ ਤੇ ਤੂੰ ਆਪਣੇ ਕੰਮ 'ਤੇ ਮੁੜ-ਜਾ।''
ਦਿਆਕੁਰ ਵੀ ਦੋਹਾਂ ਕੋਲ ਆ ਕੇ ਬਹਿ ਗਈ।  ਚੁੰਨੀ ਨਾਲ ਅੱਖਾਂ ਪੂੰਝਦਿਆਂ ਆਪਣਾ ਮਨ ਹਲਕਾ ਕਰਦੀ ਬੋਲੀ ਗਈ-
''ਸਾਡਾ ਕਿਹੜਾ ਜੀਅ ਨੀ ਕਰਦਾ ਤੇਰੇ ਕੋਲ ਰਹਿਣ ਨੂੰ।  ਰੱਬ ਨੇ ਸੁੱਖ ਨਾਲ ਤੈਨੂੰ ਚੰਗੀ ਨੌਕਰੀ ਦਿੱਤੀ ਐ।  ਪੜ੍ਹੀ ਲਿਖੀ ਸਾਡੀ ਨੂੰਹ ਐ।  ਸਾਨੂੰ ਕਿਹੜੀ ਗੱਲ ਦਾ ਘਾਟੈ? ਅਸੀਂ ਤਾਂ ਇਹੀ ਸੋਚ ਕੇ ਦਿਨ-ਕਟੀ ਕਰ ਲਾਂ-ਗੇ।  ਬੱਸ ਤੁਸੀਂ ਜਿਉਂਦੇ ਵਸਦੇ ਰਹੋ।  ਰੱਬ ਹੋਰ ਭਾਗ ਲਾਵੇ।  ਵਾਖਰੂ ਸਭ ਦਾ ਭਲਾ ਕਰੇ।  ਅਸੀਂ ਤਾਂ ਦੋਏ ਵੇਲੇ ਏਹੀ ਹੱਥ ਜੋੜਦੇ ਐਂ ਰੱਬ-ਅੱਗੇ ਬਈ ਜਿਹੜੇ ਸਾਡੇ ਕੰਨੀ ਨਹੀਂ ਝਾਕਦੇ ਉਹ ਵੀ ਜਿਉਂਦੇ ਵਸਦੇ ਰਹਿਣ।  ਆਪਣੇ ਘਰ ਰਾਜੀ-ਖੁਸ਼ੀ ਰਹਿਣ।  ਰੱਬ ਦੂਣਾ ਚੌਣਾ ਦੇਵੇ।''
ਏਨੇ ਨੂੰ ਮਾਸਟਰ ਜੀ ਵੀ ਭਗਤ ਸਿੰਘ ਦਾ ਪਤਾ ਲੈਣ ਆ ਗਏ।  ਗੱਲਾਂ ਹੋਰ ਅੱਗੇ ਤੁਰੀਆਂ।  ਅਖੀਰ ਫੈਸਲਾ ਹੋਇਆ ਕਿ ਚਰਨਜੀਤ ਨੂੰ ਜਿੰਨੀ ਛੇਤੀ ਹੋ ਸਕੇ ਵਾਪਸ ਅਹਿਮਦਾਬਾਦ ਚਲੇ ਜਾਣਾ ਚਾਹੀਦਾ ਐ।

***

No comments:

Post a Comment