Saturday 29 May 2010

ਲੋਕੁ ਕਹੈ ਦਰਵੇਸੁ :: ਦੂਜੀ ਕਿਸ਼ਤ...



ਲੋਕੁ ਕਹੈ ਦਰਵੇਸੁ :: ਦੂਜੀ ਕਿਸ਼ਤ...

ਕਰਮੂ ਬਾਣੀਏ ਨੇ ਕੰਮ ਖਤਮ ਹੋਣ ਪਿੱਛੋਂ ਭਗਤ ਸਿੰਘ ਦਾ ਹਿਸਾਬ ਕਰਕੇ ਸਾਰੇ ਪੈਸੇ ਉਹਦੇ ਹੱਥ ਫੜਾਏ।  ਭਗਤ ਸਿੰਘ ਨੇ ਪੈਸੇ ਲਿਆ ਕੇ ਦਿਆਕੁਰ ਨੂੰ ਦਿੰਦਿਆਂ ਕਿਹਾ-
''ਜੇ ਵਿਆਹ ਦੀ ਤਿਆਰੀ ਕਰਨੀ ਪਈ ਤਾਂ ਇਹਨਾਂ ਪੈਸਿਆਂ ਦੀ ਛੇਤੀ ਲੋੜ ਪਊਗੀ, ਸੰਭਾਲ ਦੇ ਰੱਖ ਲਈਂ।''
ਦੋਹਾਂ ਜੀਆਂ ਨੇ ਗੁਰਨਾਮ ਸਿੰਘ ਨੂੰ ਕੁਝ ਦਿਨ ਹੋਰ ਰਹਿਣ ਲਈ ਮਨਾ ਲਿਆ ਕਿ ਕੀ ਪਤਾ ਕੁਝ ਹੀ ਦਿਨਾਂ ਵਿਚ ਫਿਰੋਜ਼ਪੁਰੋਂ ਕੋਈ ਪੱਕਾ ਸੁਨੇਹਾ ਆ ਜਾਵੇ।
ਉਸ ਦਿਨ ਜਦੋਂ ਆਥਣੇ ਹਨੇਰਾ ਪਿਆ ਤਾਂ ਦਿਆਕੁਰ ਦੇ ਕਹਿਣ ਤੋਂ ਪਹਿਲਾਂ ਈ ਗੁਰਨਾਮ ਸਿੰਘ ਨੇ ਕਿਹਾ ਕਿ ਗੁਰਨੇਕ ਨੂੰ ਦੁੱਧ ਪੀਣ ਲਈ ਥੋੜੇ ਚਿਰ ਪਿੱਛੋਂ ਹੇਠਾਂ ਹੀ ਬੁਲਾ ਲਿਆ ਜਾਵੇ।
ਵਿਹੜੇ ਵਿਚ ਇਕ ਵੱਡੀ ਲਕੜ ਦੀ ਪੌੜੀ ਚੁਬਾਰੇ ਵਾਲੀ ਕੰਧ ਦੇ ਨਾਲ-ਨਾਲ ਲੱਗੀ ਹੋਈ ਸੀ।  ਉਸ ਪੌੜੀ ਦੀਆਂ ਦੋਵੇਂ ਬਾਹੀਆਂ ਕੋਈ ਦੋ ਕੁ ਇੰਚ ਮੋਟੀਆਂ ਤੇ ਫੁੱਟ ਕੁ ਚੌੜੀਆਂ ਸਨ।  ਉਹਨਾਂ ਦੇ ਡੰਡੇ ਵੀ ਸਗੋਂ ਆਮ ਲਕੜ ਦੀਆਂ ਪੌੜੀਆਂ ਵਰਗੇ ਗੋਲ ਨਹੀਂ ਸਨ, ਸਗੋਂ ਡੇਢ ਕੁ ਇੰਚ ਮੋਟੇ ਤੇ ਦਸ ਕੁ ਇੰਚ ਚੌੜੀਆਂ ਫੱਟੀਆਂ ਦੇ ਬਣੇ ਹੋਏ ਸਨ।  ਪੌੜੀ ਵੱਡੀ ਤੇ ਮਜਬੂਤ ਸੀ।  ਚੜ੍ਹਤ ਸਿੰਘ ਤੇ ਭਗਤ ਸਿੰਘ ਦੋਹਾਂ ਪਿਉ ਪੁੱਤਾਂ ਨੇ ਬਜਾਏ ਵਿਹੜੇ ਦੇ ਅੰਦਰੋਂ ਪੱਕੀਆਂ ਪੌੜੀਆਂ ਚੜ੍ਹਾਉਣ ਦੇ ਲਕੜ ਦੇ ਪੋਰਿਆਂ ਵਿਚੋਂ ਬਾਲੇ ਚੀਰ ਕੇ ਇਹ ਮਜਬੂਤ ਪੌੜੀ ਆਪ ਹੀ ਬਣਾਈ ਸੀ।  ਜਿਸ ਨਾਲ ਖਰਚਾ ਵੀ ਬਚਿਆ ਸੀ ਤੇ ਕੰਮ ਵੀ ਸਰ ਗਿਆ ਸੀ।  ਚੁਬਾਰੇ 'ਤੇ ਚੜਨ ਲਈ ਵਿਹੜੇ ਵਿਚ ਲੱਗੀ ਇਸ ਪੌੜੀ ਦੇ ਡੰਡਿਆਂ ਨੂੰ ਹੱਥ ਪੌਣ ਦੀ ਲੋੜ ਵੀ ਨਹੀਂ ਸੀ ਪੈਂਦੀ।  ਕੋਈ ਵੀ ਸਿੱਧਾ ਫੱਟਿਆਂ 'ਤੇ ਪੈਰ ਧਰ ਕੇ ਆਰਾਮ ਨਾਲ ਚੜ੍ਹ ਸਕਦਾ ਸੀ।  ਚਰਨੀ ਤਾਂ ਦਿਨ 'ਚ ਕਈ ਵਾਰੀ ਸ਼ੂਟ ਵੱਟ ਕੇ ਥੱਲੇ ਉੱਤੇ ਬਾਂਦਰ ਵਾਂਗੂ ਪੌੜੀ 'ਤੇ ਚੜ੍ਹਦਾ ਉਤਰਦਾ ਰਹਿੰਦਾ ਸੀ।
ਸਰਦੀਆਂ ਦਾ ਹਨੇਰਾ ਛੇਤੀ ਹੋ ਚੁੱਕਾ ਸੀ।  ਦਿਆਕੁਰ ਦੇ ਕਹਿਣ 'ਤੇ ਗੁਰਨਾਮ ਨੇ ਦੋ ਵਾਰੀ ਥੱਲਿਓਂ ਵਿਹੜੇ ਵਿਚੋਂ ਗੁਰਨੇਕ ਨੂੰ ਹਾਕਾਂ ਮਾਰੀਆਂ-
''ਭਾਣਜੇ-ਆ-ਜਾ।  ਭਾਈ ਥੱਲੇ ਆ ਕੇ ਦੁੱਧ ਪੀ ਲੈ।''
ਗੁਰਨਾਮ ਸਿੰਘ ਨੂੰ ਨੇਕ ਦਾ ਅੱਗੋਂ ਅਧ-ਸੁਣਿਆ ਜਿਹਾ ਜਵਾਬ ਪਤਾ ਨਹੀਂ ਹਾਂ ਵਿਚ ਮਿਲਦਾ ਸੀ ਜਾਂ ਨਾਂਹ ਵਿਚ।  ਬੱਸ ਇਕ ਨੱਕ ਵਿਚੋਂ ਨਿਕਲੀ ਕੋਈ ਡੂੰਘੀ ਜਿਹੀ ਆਵਾਜ਼ ਸੁਣਦੀ ਸੀ।
ਗੁਰਨਾਮ ਸਿੰਘ, ਭਗਤ ਸਿੰਘ ਤੇ ਦਿਆਕੁਰ ਤਿੰਨੇ ਜਣੇ ਸਬਾਤ ਵਿਚ ਲਕੜ ਦੇ ਕੋਲਿਆਂ ਵਾਲੀ ਅੰਗੀਠੀ ਬਾਲ ਕੇ ਅੱਗ ਸੇਕ ਰਹੇ ਸਨ ਤੇ ਨਾਲੇ ਕਬੀਲਦਾਰੀ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਸਨ।  ਇਹੋ ਜਿਹੇ ਮੌਕੇ ਕਈ ਰਿਸ਼ਤੇਦਾਰਾਂ ਬਾਰੇ ਚੁਗਲੀਆਂ ਦਾ ਬਜ਼ਾਰ ਵੀ ਗਰਮ ਹੋ ਜਾਂਦਾ।  ਫਲਾਣਾ ਐਹੋ ਜਿਐ।  ਧਿਮਕਣਾ ਐਂ ਕਰਦੈ।  ਅਮਕਣੇ ਨੂੰ ਤਾਂ ਕਿਸੇ ਦੀ ਚੜੀ-ਲੱਥੀ ਕੋਈ ਨੀ।  ਚਰਨੀ ਪਹਿਲਾਂ ਈ ਰਜਾਈ 'ਚ ਜਾ ਦੁਬਕਿਆ ਸੀ।
''ਖਾਸਾ ਚਿਰ ਹੋ ਗਿਆ ਬੋਲ ਮਾਰੇ ਨੂੰ! ਨੇਕ ਤਾਂ ਅਜੇ ਤਾਈਂ ਆਇਆ ਨੀ।  ਦੁੱਧ ਠੰਢਾ ਹੋਈ ਜਾਂਦੈ।  ਜੇ ਫੇਰ ਗਰਮ ਕੀਤਾ ਤਾਂ ਠੰਢਾ, ਤੱਤਾ ਪਰਖੂ।'' ਦਿਆਕੁਰ ਜਿਵੇਂ ਆਪਣੇ ਆਪ ਨਾਲ ਗੱਲਾਂ ਕਰਦੀ ਹੋਵੇ।
ਓਧਰ ਨੇਕ ਜਦੋਂ ਚੁਬਾਰੇ ਵਿਚੋਂ ਥੱਲੇ ਉਤਰਨ ਲਈ ਮੰਜੇ 'ਤੋਂ ਉੱਠਿਆ ਤਾਂ ਉਹਨੇ ਠੰਢ ਤੋਂ ਬਚਣ ਲਈ ਪਹਿਲਾਂ ਖੇਸ ਚੱਕਿਆ, ਫੇਰ ਸੋਚਿਆ ਠੰਢ ਬਹੁਤੀ ਐ, ਤਾਂ ਖੇਸ ਰੱਖ ਕੇ ਮੰਜੇ ਦੇ ਪੈਂਦੀਂ ਪਿਆ ਕੰਬਲ ਚੱਕ ਲਿਆ।
ਕੰਬਲ ਦੀ ਬੁੱਕਲ ਮਾਰਦਿਆਂ ਉਹਨੇ ਸੱਜੇ ਹੱਥ ਨਾਲ ਕੰਬਲ ਦਾ ਇਕ ਲੜ ਖੱਬੇ ਮੋਢੇ ਉੱਤੋਂ ਦੀ ਸਿੱਟ ਲਿਆ ਤੇ ਦੂਜਾ ਲੜ ਖੱਬੇ ਹੱਥ ਨਾਲ ਸੱਜੇ ਮੋਢੇ ਉੱਤੋਂ ਸਿੱਟ ਲਿਆ। ਕੰਬਲ ਦੇ ਦੋਹੇਂ ਲੜ ਕਿਸੇ ਮਰੇ ਹੋਏ ਜਾਨਵਰ ਦੀਆਂ ਪੂਛਾਂ ਵਾਂਗੂੰ ਉਹਦੀ ਪਿੱਠ ਪਿੱਛੇ ਲਟਕ ਰਹੇ ਸਨ।  ਫੇਰ ਉਹਨੇ ਕੰਬਲ ਦੀ ਬੁੱਕਲ ਦੇ ਵਿਚ ਦੀ ਦੋਹੇਂ ਬਾਹਾਂ ਦੀ ਬਲਾਂਗੜੀ ਪਾ ਲਈ ਤੇ ਪੌੜੀ ਉਤਰਨ ਲਈ ਉਹ ਪੌੜੀ ਵੱਲ ਅਹੁਲਿਆ।  ਉਸ ਨੂੰ ਠੰਢ ਲਗਣੀ ਸ਼ੁਰੂ ਹੋ ਗਈ।  ਉਂਜ ਵੀ ਉਹ ਆਮ ਲੋਕਾਂ ਨਾਲੋਂ ਠੰਢ ਕੁਝ ਬਹੁਤ ਹੀ ਮੰਨਦਾ।  ਪੈਰੀਂ ਉਹਨੇ ਗਰਮ ਜੁਰਾਬਾਂ ਨਾਲ ਨਵੇਂ ਕਰੇਪਸੋਲ ਦੇ ਬੂਟ ਪਾ ਲਏ ਸਨ।  ਵਿਹੜੇ ਵਿਚ ਹਨੇਰਾ ਹੋਰ ਵੀ ਗੂੜ੍ਹਾ ਹੋ ਗਿਆ ਸੀ।  ਜਾਂ ਚੁਬਾਰੇ ਵਿਚ ਜਗਦੇ ਲੈਂਪ ਦੀ ਰੋਸ਼ਨੀ ਵਿਚੋਂ ਉੱਠ ਕੇ ਆਉਣ ਕਰਕੇ ਸ਼ਾਇਦ ਹਨੇਰਾ ਬਹੁਤ ਲਗਦਾ ਸੀ।  ਚੁਬਾਰੇ ਦੀ ਕੰਧ ਨਾਲ ਲੱਗੀ ਪੌੜੀ ਦਾ ਉਹਨੂੰ ਚੰਗੀ ਤਰ੍ਹਾਂ ਪਤਾ ਸੀ।  ਦਿਨ 'ਚ ਦੋ ਚਾਰ ਵਾਰੀ ਤਾਂ ਉਹ ਉਸ ਪੌੜੀ ਰਾਹੀਂ ਚੜ੍ਹਦਾ ਉਤਰਦਾ ਜੋ ਸੀ।  ਆਦਤਨ ਜਦੋਂ ਉਸ ਨੇ ਨਵੇਂ ਪਾਏ ਕਰੇਪਸੋਲ ਦੇ ਬੂਟਾਂ ਵਾਲਾ ਸੱਜਾ ਪੈਰ ਪਹਿਲੇ ਫੱਟੇ 'ਤੇ ਰੱਖਿਆ ਤੇ ਦੂਜਾ ਪੈਰ ਚਕੱਣ ਸਾਰ ਹੀ ਬੂਟ ਤਿਲ੍ਹਕਣ ਕਰਕੇ ਉਹ ਖੜ੍ਹਾ ਖੜ੍ਹਾਇਆ ਪੌੜੀ ਉੱਤੋਂ ਦੀ ਤਿਲ੍ਹਕਦਾ ਥੱਲੇ ਜਾ ਪਿਆ।  ਪੌੜੀ ਦੇ ਪੈਰਾਂ ਹੇਠ ਨਾਲ ਹੀ ਕਰਕੇ, ਟੋਆ ਪੱਟ ਕੇ ਇਕ ਵੱਡਾ ਸਾਰਾ ਪੁਰਾਣਾ ਕੂੰਡਾ ਦੱਬ ਕੇ ਉੱਖਲੀ ਜਿਹੀ ਬਣਾਈ ਹੋਈ ਸੀ, ਜਿਹੜੀ ਪਸ਼ੂਆਂ ਲਈ ਬੱਕਲ਼ੀਆਂ ਕੁਟੱਣ ਕੇ ਕੰਮ ਆਉਂਦੀ ਸੀ।  ਨੇਕ ਤਿਲ੍ਹਕਣ ਪਿੱਛੋਂ ਸਿੱਧਾ ਉੱਖਲੀ ਵਿਚ ਜਾ ਬੈਠਾ।  ਜਦੋਂ ਉਹ ਪੌੜੀ 'ਤੋਂ ਤਿਲ੍ਹਕਿਆ ਸੀ ਤਾਂ ਥੋੜੀ ਜਿਹੀ ਦਗੜ-ਦਗੜ ਦੀ ਆਵਾਜ਼ ਵੀ ਹੋਈ ਸੀ।
''ਗੁਰਨਾਮ ਵੀਰੇ ਵਿਹੜੇ 'ਚ ਤਾਂ ਕੁਸ਼ ਡਿੱਗਿਆ ਲਗਦੈ।'' ਦਿਆਕੁਰ ਨੇ ਬਿੜਕ ਲੈਂਦਿਆਂ ਕਿਹਾ।
''ਲੱਗਿਆ ਤਾਂ ਮੈਨੂੰ ਬੀ ਕੁਸ਼ ਏਮੇ ਈ ਤੀ।''
ਉਧਰੋਂ ਵਿਹੜੇ 'ਚੋਂ ਇਕ ਹੂੰਗਰ ਵਰਗੀ ਆਵਾਜ਼ ਆਈ।  ਗੁਰਨਾਮ ਸਿਉਂ ਤੇ ਭਗਤ ਸਿਉਂ ਦੋਵੇਂ ਉੱਠ ਕੇ ਵਿਹੜੇ ਵਿਚ ਗਏ ਤਾਂ ਪੌੜੀ ਕੋਲ ਜਾ ਕੇ ਗੁਰਨਾਮ ਦਾ ਹਾਸਾ ਨਿਕਲ ਗਿਆ।  ਨੇਕ ਉੱਖਲੀ 'ਚ ਇਕ ਗਠੜੀ ਜਿਹੀ ਬਣਿਆ ਬੈਠਾ ਸੀ।  ਉਹ ਉੱਠ ਵੀ ਨਹੀਂ ਸੀ ਸਕਦਾ ਕਿਉਂਕਿ ਹੱਥ ਕੰਬਲ ਦੀ ਬੁੱਕਲ ਵਿਚ ਬੱਝੇ ਹੋਏ ਸਨ।  ਦੋਹਾਂ ਨੇ ਹਸਦਿਆਂ ਹਸਦਿਆਂ ਚੱਕ ਕੇ ਉਹਨੂੰ ਖੜ੍ਹਾ ਕੀਤਾ।
''ਬਾਅ-ਓ ਭਾਣਜੇ, ਅਜੇ ਤਾਂ ਤੂੰ ਬਿਆਹ ਕਰਬਾਉਣੈ! ਡਿਗਦਾ ਤੂੰ ਪਹਿਲਾਂ ਫਿਰਦੈਂ।  ਤਕੜਾ ਹੋ ਜਾਰ।  ਐਂ ਕਿਮੇ ਸਰੂ? ਗਾਹਾਂ ਕਬੀਲਦਾਰੀ 'ਚ ਤਾਂ ਬੱਡੇ ਬੱਡੇ ਛੱੜਪੇ ਮਾਰਨੇ ਪੈਣਗੇ।  ਤੂੰ ਕੋਈ ਕਰਿਆੜਾਂ ਦਾ ਮੁੰਡਾ ਤਾਂ ਨੀ।  ਸ਼ੇਰ ਬਣ ਸ਼ੇਰ।''
"ਪੁੱਤ ਸੱਟ 'ਤਾਂ ਨੀ ਲੱਗੀ ਕਿਤੇ?" ਦਿਆਕੁਰ ਨੇ ਫਿਕਰ ਕਰਦਿਆਂ ਪੁੱਛਿਆ।
''ਨਹੀਂ।"
ਨੇਕ ਦੇ ਅੰਦਰੋਂ ਜਿਵੇਂ ਮਸਾਂ ਹੀ ਪੋਲੀ ਜਿਹੀ ਆਵਾਜ਼ ਨਿਕਲੀ।  ਦਿਆਕੁਰ ਨੇ ਝੱਟ ਦੁੱਧ 'ਚ ਥੋੜ੍ਹੀ ਹਲਦੀ ਪਾ ਕੇ ਦੁੱਧ ਤੱਤਾ ਕਰਕੇ ਗਲਾਸ ਨੇਕ ਨੂੰ ਫੜਾਇਆ।  ਉਹ ਸ਼ਰਮ ਦਾ ਮਾਰਿਆ ਨਾ ਚਾਹੁੰਦਿਆਂ ਵੀ ਹੌਲੀ-ਹੌਲੀ ਕਰਕੇ ਸਾਰਾ ਦੁੱਧ ਪੀ ਗਿਆ।  
ਭਗਤ ਸਿਉਂ ਨੇ ਮੋਦਨ ਕਿਆਂ ਨੂੰ ਸੁਨੇਹਾ ਭਿਜਵਾਇਆ ਉਹਨਾਂ ਨੂੰ ਐਤਕੀ ਦਾਣੇ-ਫੱਕੇ ਦੀ ਥਾਂ ਪੈਸੇ ਭੇਜ ਦੇਣ, ਨੇਕ ਦੇ ਵਿਆਹ ਵਾਸਤੇ ਲੋੜ ਸੀ।  ਮੋਦਨ ਨੇ ਮੌਕਾ ਦੇਖ ਕੇ ਭਗਤ ਸਿੰਘ ਨੂੰ ਜਮੀਨ ਗਹਿਣੇ ਰੱਖਣ ਲਈ ਮਨਾ ਲਿਆ।  ਚੇਤ ਰਾਮ ਆੜਤੀਏ ਦੀ ਦੁਕਾਨ ਤੇ ਪੰਜ ਹਜਾਰ ਮੋਦਨ ਨੇ ਭਗਤ ਸਿੰਘ ਦੇ ਹੱਥ ਫੜਾਇਆ ਤੇ ਬਹੀ 'ਚ ਕੱਚੀ ਲਿਖਤ ਪੜ੍ਹਤ ਕਰ ਕੇ ਗੂਠੇ ਲਾ ਦਿੱਤੇ।
ਫਿਰੋਜ਼ਪੁਰ ਵਾਲਿਆਂ ਦਾ ਪੱਕਾ ਸੁਨੇਹਾ ਵੀ ਆਗਿਆ ਕਿ ਆਉਂਦੇ ਬੁੱਧਵਾਰ ਉਹ ਸ਼ਗਨ ਲੈ ਕੇ ਆਉਣਗੇ।  ਪਿੰਡੋਂ ਡੁੱਡੇ ਨਾਈ ਨੂੰ ਬੁਲਾਇਆ ਗਿਆ।  ਉਹਨੇ ਇਕ ਦਿਨ ਪਹਿਲਾਂ ਆ ਕੇ ਸ਼ਗਨ ਦੀਆਂ ਤਿਆਰੀਆਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ।  ਫਿਰੋਜ਼ਪੁਰੋਂ ਪੰਜ ਬੰਦੇ ਆਏ ਸਨ।  ਦੁਪਹਿਰ ਤੱਕ ਸ਼ਗਨ ਦੀ ਰਸਮ ਪੂਰੀ ਹੋ ਗਈ ਸੀ।  ਭਗਤ ਸਿੰਘ ਹੋਰਾਂ ਵੱਲੋਂ ਵੀ ਕੋਈ ਪੰਦਰਾਂ ਵੀਹ ਬੰਦੇ ਇਕੱਠੇ ਹੋ ਗਏ ਸਨ।  ਕੁੜੀ ਵਾਲੇ ਦੁਪਹਿਰ ਦੀ ਰੋਟੀ ਖਾਣ ਪਿੱਛੋਂ ਵਾਪਸ ਚਲੇ ਗਏ।  ਵਿਆਹ ਦੀ ਤਾਰੀਖ ਦੋ ਕੁ ਮਹੀਨੇ ਮਗਰੋਂ ਦੀ ਪਾਈ ਗਈ।  ਜਦੋਂ ਮੌਸਮ ਵੀ ਠੀਕ-ਠਾਕ ਹੁੰਦਾ ਹੈ।
ਘਰ ਵਿਚ ਹੌਲੀ ਹੌਲੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ।  ਦਿਆਕੁਰ ਨੇ ਸਬਾਤ ਵਿਚ ਟਾਂਡ 'ਤੇ ਪਈਆਂ ਵੱਡੀਆਂ ਪਰਾਤਾਂ ਤੇ ਪਤੀਲੇ ਲਾਹ ਕੇ ਮਾਂਜਣੇ ਸ਼ੁਰੂ ਕਰ ਦਿੱਤੇ।  ਛੋਲਿਆਂ ਦੀ ਦਾਲ ਚੱਕੀ ਵਿਚੋਂ ਦਲ ਕੇ ਕੱਢੀ ਤੇ ਫੇਰ ਲੱਡੂਆਂ ਲਈ ਬੇਸਣ ਬਣਾਇਆ।  ਹਫਤਾ ਕੁ ਪਹਿਲਾਂ ਕਰਤਾਰੇ ਦਰਜੀ ਨੇ ਵੀ ਆਪਣੀ ਮਸ਼ੀਨ ਉਹਨਾਂ ਦੇ ਛੋਟੇ ਚੁਬਾਰੇ 'ਚ ਲਿਆ ਰੱਖੀ।  ਫਿਰੋਜ਼ਪੁਰੋਂ ਸੂਟਾਂ ਲਈ  ਕੁੜੀ ਦਾ ਨਾਪ, ਛਾਪ ਲਈ ਉਂਗਲ ਦਾ ਨਾਪ ਤੇ ਹੋਰ ਲੈਣ-ਦੇਣ ਦੇ ਸ਼ੁਭ-ਕੰਮ ਸ਼ੁਰੂ ਹੋ ਗਏ।  ਘਰ ਵਿਚ ਹੌਲੀ ਹੌਲੀ ਗਹਿਮਾ-ਗਹਿਮੀ ਹੋਣ ਲੱਗੀ।  ਚਰਨੀ ਬੜਾ ਖੁਸ਼ ਸੀ ਕਿ ਉਸ ਨੂੰ ਵੀ ਬਹਾਨੇ ਨਾਲ ਨਵੇਂ ਕਪੜੇ ਮਿਲ ਜਾਣਗੇ।  ਤਿੰਨ ਕੁ ਦਿਨ ਪਹਿਲਾਂ ਨਾਨਕਾ ਮੇਲ਼ ਆ ਗਿਆ।  ਜਿਹੜੀ ਰਾਤ ਜਾਗੋ ਕੱਢੀ, ਨੇਕ ਦੀ ਮਾਸੀ ਧਨਕੁਰ ਨੇ ਮੰਡੀ 'ਚ ਭੁਚਾਲ ਪਾ ਦਿੱਤਾ।  ਪਹਿਲਾਂ ਤਾਂ ਸੰਤੇ ਅਮਲੀ ਦਾ ਮੰਜਾ ਮੂਧਾ ਮਾਰਿਆ।  ਫੇਰ ਕਾਲੂ ਹਲਵਾਈ ਦੀ ਦੁੱਧ ਦੀ ਕੜਾਹੀ ਡ੍ਹੋਲੀ। ਉੱਚੀ-ਉੱਚੀ ਗੀਤ ਗਾਉਂਦਿਆਂ ਨਾਨਕਾ ਮੇਲ ਆਪਣੀ ਆਈ ਤੋਂ ਨਾ ਟਲ਼ਿਆ।  
ਘਰ ਗਹਿਮਾ-ਗਹਿਮੀ ਸੀ।  ਬੁੱਧੂ ਵੀ ਨਵਾਂ ਡੱਬੀਆਂ ਆਲਾ ਕੁੜਤਾ ਤੇ ਚਿੱਟਾ ਚਾਦਰਾ ਬੰਨ੍ਹ ਕੇ ਪਹੁੰਚ ਗਿਆ।  ਸਿਰ 'ਤੇ ਵੀ ਉਹਨੇ ਨਵਾਂ ਡੱਬੀਆਂ ਆਲਾ ਪਰਨਾ ਵਲ੍ਹੇਟਿਆ ਹੋਇਆ ਸੀ।  ਆਮ ਵਾਂਗ ਪਰਨੇ ਦੇ ਵਲਾਂ 'ਚੋ ਅੱਜ ਉਹਦੇ ਜੁੰਡੇ ਨਜ਼ਰ ਨਹੀਂ ਸਨ ਆ ਰਹੇ।  ਦਾੜ੍ਹੀ ਵੀ ਅਗੜ-ਦੁਗੜੀ ਕਰਕੇ ਤਾਜੀ ਕੱਟੀ ਹੋਈ ਸੀ।
ਭਗਤ ਸਿਉਂ ਨੇ ਆਪਣੇ ਬਚਪਨ ਦੇ ਆੜੀ ਨੂੰ ਮਖੌਲ ਕੀਤਾ-
''ਕਿਵੇਂ ਐਂ ਬੁਧ ਰਾਮਾ? ਅਜ ਤਾਂ ਤੇਰੀ ਕਾਟੋ ਫੁੱਲਾਂ 'ਤੇ ਖੇਡਦੀ ਲਗਦੀ ਐ।  ਕੀ ਐ ਕੋਈ ਜਾਨੀ ਨੂੰ ਦੇਖ ਕੇ ਸਾਕ ਈ ਕਰ'ਦੇ।''
"ਤੂੰ ਨਾ ਟਲਿਆ ਝੇਡਾਂ ਕਰਨੋਂ।  ਲੈ ਹੁਣ ਭਤੀਜ ਦੀ ਜੰਨ ਵੀ ਤਾਂ ਚੜ੍ਹਨੈ ਕਿ ਨਹੀਂ ਮੈਂ ਤਾਂ ਜਿੱਦੇਂ ਦਾ ਪਤਾ ਲਗਿਐ ਬਈ ਵਿਆਹ ਐ ਓਦੋਂ ਈ ਨਿਹਾਲੇ ਦਰਜੀ ਤੋਂ ਨਵਾਂ ਕੁੜਤਾ ਸਮਾ ਲਿਆ ਸੀ ਤੇ ਨਾਲੇ ਚਾਦਰੇ ਨੂੰ ਲ੍ਹੇੜ ਲਵਾ ਲੀ ਸੀ।'' ਨਿਆਣੇ ਵਿਹੜੇ 'ਚ ਖਰੂਦ ਪੌਂਦੇ ਭੱਜੇ ਫਿਰਦੇ ਸੀ।  ਚਰਨੀ ਆਪਣੇ ਹਾਣੀਆਂ ਦਾ ਮੋਹਰੀ ਬਣਿਆ ਫਿਰਦਾ ਸੀ।
ਗੁਰਨੇਕ ਦੀ ਧਨਕੁਰ ਮਾਸੀ ਦਾ ਵੱਡਾ ਮੁੰਡਾ ਉਹਦਾ ਹਾਣੀ ਓ ਸੀ।  ਨਾਂ ਤਾਂ ਉਹਦਾ ਜੰਗ ਸਿੰਘ ਸੀ ਪਰ ਉਹਦੇ ਯਾਰ ਬੇਲੀ ਉਹਨੂੰ ਜੰਗਾ ਡੌਂਫਲ਼ ਆਖ ਕੇ ਛੇੜਦੇ। ਗੁਰਨੇਕ ਵੀ ਉਹਨੂੰ ਜੰਗਾ ਆਖ ਕੇ ਬੁਲਾਉਂਦਾ। ਕਦੇ ਜਦੋਂ ਉਹਨੂੰ ਗੁਰਨੇਕ ਦੀ ਗੱਲ ਸਮਝ ਨਾ ਆਉਂਦੀ ਤਾਂ ਡੋਂਫੱਲ, ਆਖ ਦਿੰਦਾ।  ਜੰਗੇ ਨੇ ਵੀ ਵੱਡੇ ਚੁਬਾਰੇ 'ਚ ਗੁਰਨੇਕ ਦੇ ਬਰਾਬਰ ਮੰਜਾ ਡਾਹ ਲਿਆ ਸੀ।  ਜੰਗੇ ਦੇ ਹੱਥ ਪੈਰ ਵੱਡੇ-ਵੱਡੇ ਸਨ।  ਅੱਖਾਂ ਮੋਟੀਆਂ, ਨੱਕ ਵੱਡਾ ਤੇ ਮੋਟਾ ਸੀ।  ਬੁੱਲ੍ਹ ਵੀ ਮੋਟੇ ਸਨ।  ਉਹ ਪੱਗ ਵੀ ਬੜੀ ਭੈੜੀ ਜਿਹੀ ਬੰਨ੍ਹਦਾ।  ਜੁੱਤੀ ਲਾਹ ਕੇ ਜਦੋਂ ਉਹ ਗੁਰਨੇਕ ਦੇ ਨਾਲ ਵਾਲੇ ਮੰਜੇ 'ਤੇ ਬੈਠਾ ਤਾਂ ਗੁਰਨੇਕ ਨੂੰ ਉਹਦੇ ਪੈਰਾਂ 'ਚੋਂ ਦੂਜੇ ਮੰਜੇ ਤੇ ਬੈਠੇ ਨੂੰ ਬੜੀ ਭੈੜੀ ਬੋਅ ਆਈ।
''ਓਏ ਡੌਂਫੱਲਾ ਜਾਹ ਜਾ ਕੇ ਪੈਰ ਧੋ ਕੇ ਆ।  ਬੋਕ ਵਰਗੀ ਬੋਅ ਮਾਰੀ ਜਾਨੈਂ।''
''ਓ ਬਾਈ ਮੈਂ ਤਾਂ ਸਦੇਹਾਂ ਈ ਉੱਠ ਕੇ ਨ੍ਹਾ ਲਿਆ ਤੀ ਅੱਜ।  ਤੈਨੂੰ ਔਂਦੀ ਹੋਊ ਬੋ-ਬੂ ਜੀ ਮੈਨੂੰ ਤਾਂ ਨੀ ਔਂਦੀ।''
ਗੁਰਨੇਕ ਦੇ ਹੋਰ ਝਿੜਕਣ ਪਿੱਛੋਂ ਉਹ ਹੇਠਾਂ ਨਲਕੇ ਤੇ ਪੈਰ ਧੌਣ ਨੰਗੇ ਪੈਰੀਂ ਹੀ ਉਤਰ ਗਿਆ।  ਗੁਰਨੇਕ ਉਹਦੀਆਂ ਜੁੱਤੀਆਂ ਵੱਲ ਵੇਖ-ਵੇਖ ਕੇ ਹੈਰਾਨ ਹੋ ਰਿਹਾ ਸੀ।  ਜੁੱਤੀ ਏਨੀ ਵੱਡੀ ਸੀ ਕਿ ਉਹਦੇ ਵਿਚ ਨਵਾਂ ਜੰਮਿਆਂ ਬੱਚਾ ਆਰਾਮ ਨਾਲ ਪੈ ਸਕਦਾ ਸੀ।
ਧਨਕੁਰ ਦੇ ਘਰ ਵਾਲਾ ਲੱਖਾ ਸਿਉਂ ਇਕ ਸਿਧਰਾ ਜਿਆ ਬੰਦਾ ਸੀ।  ਕੱਦ-ਕਾਠ 'ਚ ਉਹ ਖਾਸਾ ਲੰਮਾ-ਚੌੜਾ ਬੰਦਾ ਸੀ।  ਗੱਲ-ਬਾਤ ਘੱਟ ਈ ਕਰਦਾ।  ਬੈਠਾ ਸਾਰਿਆਂ ਵੱਲ ਬਿਤਰ-ਬਿਤਰ ਝਾਕਦਾ ਰਹਿੰਦਾ।  ਕਈ ਤਾਂ ਉਹਦੀ ਤੱਕਣੀ ਤੋਂ ਪਹਿਲੀ ਵਾਰੀ ਡਰ ਵੀ ਜਾਂਦੇ।  ਪਰ ਜਿਨ੍ਹਾਂ ਨੂੰ ਪਤਾ ਹੁੰਦਾ ਉਹ ਉਸ ਨੂੰ ਅਣਗੌਲਿਆ ਕਰ ਛਡਦੇ।  ਉਹਨਾਂ ਦਾ ਛੋਟਾ ਮੁੰਡਾ ਚਰਨੀ ਤੋਂ ਦੋ ਕੁ ਸਾਲ ਵੱਡਾ ਸੀ।
ਕਰਦਿਆਂ-ਕਰਾਉਂਦਿਆਂ ਭਗਤ ਸਿੰਘ ਤੇ ਗੁਰਨਾਮ ਸਿੰਘ ਨੇ ਬਹਿ ਕੇ ਅੰਦਾਜ਼ਾ ਲਾਇਆ ਕਿ ਜੰਨ ਦੇ ਕੋਈ ਵੀਹ ਕੁ ਬੰਦੇ ਹੋ ਜਾਣੇ ਸਨ।  ਉਹਨੀਂ ਦਿਨੀਂ ਤੀਵੀਂਆਂ ਨਹੀਂ ਸਨ ਜੰਨ ਜਾਂਦੀਆਂ ਹੁੰਦੀਆਂ।  ਮੰਡੀ 'ਚੋਂ ਸਰਦੂਲ ਸਿੰਘ ਜ਼ਿਲੇਦਾਰਾਂ ਦੀ ਮੋਟਰ ਪਿੰਡਾਂ ਵੱਲ ਚਲਦੀ ਹੁੰਦੀ।  ਉਹ ਵਿਆਹ-ਸ਼ਾਦੀਆਂ ਵਾਸਤੇ ਕਰਾਏ 'ਤੇ ਵੀ ਦੇ ਦਿੰਦੇ।  ਭਗਤ ਸਿਉਂ ਨੇ ਮੋਟਰ ਕਰਾਏ 'ਤੇ ਪੱਕੀ ਕਰ ਲਈ ਸੀ।  ਮੋਟਰ 'ਤੇ ਜੰਨ ਜਾਣੀ ਵੀ ਉਹਨੀਂ ਦਿਨੀਂ ਆਪਣੇ ਆਪ ਵਿਚ ਇਕ ਵੱਡੀ ਗੱਲ ਸਮਝੀ ਜਾਂਦੀ ਸੀ।  ਜੰਨ ਨੇ ਦੁਪਹਿਰ ਤੋਂ ਪਿੱਛੋਂ ਪਹਿਲੇ ਦਿਨ ਫਿਰੋਜ਼ਪੁਰ ਲਈ ਚਲਣਾ ਸੀ ਅਤੇ ਸ਼ਾਮ ਨੂੰ ਪਹੁੰਚ ਕੇ ਰਾਤ ਰਹਿ ਕੇ ਅਗਲੇ ਦਿਨ ਸਵੇਰੇ ਅਨੰਦ ਕਾਰਜ ਮਗਰੋਂ ਦੁਪਹਿਰ ਦੀ ਰੋਟੀ ਖਾ ਕੇ ਮੁੜਨਾ ਸੀ।
ਲੋਕ ਘਰ ਵਿਚ ਆ ਜਾ ਰਹੇ ਸਨ।  ਮਠਿਆਈ ਨਾਲ ਆਏ ਗਏ ਲੋਕਾਂ ਨੂੰ ਚਾਹ-ਪਾਣੀ ਪਿਆਇਆ ਜਾ ਰਿਹਾ ਸੀ।  ਭਗਤ ਸਿੰਘ ਤੇ ਗੁਰਨਾਮ ਸਿੰਘ ਵਿਹੜੇ ਵਿਚ ਇਕ ਪਾਸੇ ਮੰਜੇ 'ਤੇ ਬੈਠੇ ਸਲਾਹਾਂ ਕਰ ਰਹੇ ਸਨ ਕਿ ਮਹਿੰਦਰ ਸਿੰਘ ਨੇ ਭਗਤ ਸਿੰਘ ਦੇ ਪੈਰੀਂ ਹੱਥ ਜਦੋਂ ਲਾਏ ਤਾਂ ਭਗਤ ਸਿੰਘ ਨੂੰ ਇਕ ਵਾਰੀ ਤਾਂ ਇਤਬਾਰ ਜਿਹਾ ਨਾ ਆਇਆ ਬਈ ਇਹ ਓਹੀ ਮੁੰਡੈ ਜੀਹਨੂੰ ਉਹ ਮ੍ਹਿੰਦੋ ਦਾ ਰਪਈਆ ਫੜਾ ਕੇ ਆਏ ਸੀ।  ਗੁਰਨਾਮ ਸਿੰਘ ਵੀ ਉਸ ਨੂੰ ਪਛਾਨਣ ਦੀ ਕੋਸ਼ਿਸ਼ ਕਰ ਰਿਹਾ ਸੀ।  ਮਹਿੰਦਰ ਸਿੰਘ ਨੇ ਗੁਰਨਾਮ ਸਿੰਘ ਨੂੰ ਵੀ ਮੱਥਾ ਟੇਕਿਆ। ''ਮਾਮਾ ਜੀ ਮੱਥਾ ਟੇਕਦਾਂ।''
''ਆਓ ਭਾਈ ਰਾਜੀ ਬਾਜੀ?'' ਭਗਤ ਸਿੰਘ ਦਾ ਜਿਵੇਂ ਅੰਦਰ ਹਿੱਲ ਗਿਆ।  ਉਹਨੇ ਛੇਤੀ-ਛੇਤੀ ਜਾ ਕੇ ਸਬਾਤ 'ਚ ਮੰਜਾ ਡਾਹ ਕੇ ਉੱਤੇ ਖੇਸ ਵਿਛਾਇਆ।  
"ਕਾਕਾ ਏਧਰ ਆ ਕੇ ਬਹਿ ਜੋ, ਭਾਈ।'' ਭਗਤ ਸਿੰਘ ਨੇ ਮਹਿੰਦਰ ਸਿੰਘ ਨੂੰ ਬੁਲਾਇਆ।  ਓਸੇ ਵੇਲੇ ਜਦੋਂ ਭਗਤ ਸਿੰਘ  ਚੌਂਕੇ ਵਿਚ ਕੰਮ ਕਰਦੀ ਦਿਆਕੁਰ ਕੋਲ ਗਿਆ ਤਾਂ ਉਹਨੇ ਪੁਛਿਆ-
''ਕੌਣ ਐ ਇਹ ਲੰਮਾ ਜਿਆ ਗੋਰਾ ਜਿਆ ਮੁੰਡਾ? ਮੈਂ ਤਾਂ ਸਿਆਣਿਆ ਨੀ ਇਹਨੂੰ।  ਕਿਥੋਂ ਐਂ ਇਹ?''
"ਇਹ ਓਹੀ ਮੁੰਡੈ ਮਹਿੰਦਰ ਸਿਉਂ ਜੀਹਨੂੰ ਅਸੀਂ ਮ੍ਹਿੰਦੋ ਦਾ ਰਪਈਆ ਫੜਾ ਕੇ ਆਏ ਸੀ।''
"ਹਾਏ, ਨੀ ਮੈਂ ਮਰ-ਜਾਂ।  ਇਹ ਕਿਥੋਂ ਆ ਗਿਆ? ਕੀਹਨੇ ਦੱਸ 'ਤਾ ਇਹਨੂੰ? ਆਪਾਂ ਤਾਂ ਕੋਈ ਸਨੇਹਾ ਨੀ ਸੀ ਭੇਜਿਆ ਇਹਨਾਂ ਨੂੰ?'' ਦਿਆਕੁਰ ਹੌਲੀ-ਹੌਲੀ ਬੋਲ ਰਹੀ ਸੀ।  ਏਨੇ ਨੂੰ ਗੁਰਨਾਮ ਸਿਉਂ ਵੀ ਆ ਗਿਆ।
“ਭਗਸਿਆਂ ਇਹ ਓਹੀ ਮੁੰਡਾ ਤਾਂ ਨੀ ਜੀਹਨੂੰ ਆਪਾਂ ਮ੍ਹਿਦੋ ਦਾ ਰੁਪਈਆ ਫੜਾਇਆ ਤੀ?”
''ਹਾਂ,ਓਹੀ ਐ।''
''ਚੱਲ ਓਹ-ਜਾਣੇ।  ਜਦੋਂ ਹੁਣ ਆ ਈ ਗਿਆ ਤਾਂ ਘਰੋਂ ਤਾਂ ਕੱਢਿਆ ਨੀ ਜਾਂਦਾ।  ਪਰ ਸਾਡੇ ਕਰਮਾਂ 'ਚ ਰੱਬ ਨੇ ਇਹ ਪਹਿਲਾਂ ਤੋਂ ਈ ਨੀ ਸੀ ਲਿਖਿਆਂ ਵਿਆ।  ਫੇਰ ਐਂ ਕਿਵੇਂ...।'' ਦਿਆਕੁਰ ਚੁੰਨੀ ਨਾਲ ਅੱਖਾਂ ਪੂੰਝਦੀ ਮਹਿੰਦਰ ਸਿੰਘ ਦੇ ਮੰਜੇ ਕੋਲ ਆ ਗਈ।  ਮਹਿੰਦਰ ਸਿੰਘ ਝੱਟ ਪਛਾਣ ਗਿਆ ਤੇ ਉਹਨੇ ਉੱਠ ਕੇ ਦਿਆਕੁਰ ਦੇ ਪੈਰੀਂ ਹੱਥ ਲਾਏ।
''ਜਿਉਂਦਾ ਰਹਿ ਪੁੱਤ ਜੁਆਨੀਆਂ ਮਾਣੇ।  ਭਾਈ ਤੂੰ ਕਾਹਨੂੰ ਔਣਾ ਸੀ।  ਜਦੋਂ ਰੱਬ ਨੇ ਆਪਣੀ ਪਹਿਲੇ ਦਿਨੋਂ ਈ ਲਿਖੀ ਪਾੜ 'ਤੀ।  ਹੁਣ ਤਾਂ...।''
''ਬੇਬੇ ਜੀ ਐਂ ਨਾ ਆਖੋ।  ਬੰਦਾ ਬੰਦੇ ਦੀ ਦਾਰੂ ਹੁੰਦੈ।  ਮੈਨੂੰ ਕਿਤੋਂ ਪਤਾ ਲੱਗ ਗਿਆ ਸੀ ਵਿਆਹ ਦਾ।  ਮੈਂ ਸੋਚਿਆ ਰਿਸ਼ਤੇ ਤਾਂ ਰਖਣ ਦੇ ਈ ਹੁੰਦੇ ਐ।  ਮੈਨੂੰ ਤਾਂ ਤੁਸੀਂ ਆਪਣੇ ਮਾਂ-ਪਿਓ ਵਰਗੇ ਈ ਲਗਦੇ ਓਂ।''
''ਚਲ ਜੀ ਸਦਕੇ ਪੁੱਤ।  ਤੂੰ ਆ ਗਿਆ ਚੰਗਾ ਕੀਤਾ।  ਮੈਂ ਚਾਹ ਲਿਆਉਨੀ ਐਂ।''
ਨਹੀਂ ਬੇਬੇ ਜੀ ਕਿਸੇ ਚੀਜ ਦੀ ਲੋੜ ਨੀ ਮੈਂ ਗੁਰਨੇਕ ਬਾਈ ਕੋਲ਼ੇ ਉੱਤੇ ਚੁਬਾਰੇ 'ਚ ਜਾ ਕੇ ਗੱਲਾਂ ਬਾਤਾਂ ਕਰਦੈਂ।''
ਮਹਿੰਦਰ ਸਿੰਘ ਨੇ ਜਦੋਂ ਗੁਰਨੇਕ ਨੂੰ ਫਤਹਿ ਬੁਲਾਈ ਤਾਂ ਉਹਨੇ ਪਹਿਲਾਂ ਤਾਂ ਉਹਨੂੰ ਸਿਆਣਿਆਂ ਨਾ। ਪਰ ਫੇਰ ਜਦੋਂ ਉਹਨੇ ਕਿਹਾ ਕਿ ਉਹ ਗਿਦੜਬਹੇ ਕੋਲੇ ਫਲਾਣੇ ਪਿੰਡੋਂ ਆਇਐ ਤਾਂ ਉਹ ਝੱਟ ਸਮਝ ਗਿਆ।  ਉਹਨੇ ਆਪਣੇ ਨਾਲ ਮਹਿੰਦਰ ਸਿੰਘ ਨੂੰ ਮੰਜੇ 'ਤੇ ਬਹਾ ਲਿਆ।  ਗੁਰਨੇਕ ਨੂੰ ਕੁਝ ਨਹੀਂ ਸੀ ਸੁੱਝ ਰਿਹਾ ਕਿ ਉਹ ਕੀ ਗੱਲ ਕਰੇ, ਗੱਲ ਮਹਿੰਦਰ ਸਿੰਘ ਨੇ ਈ ਤੋਰੀ-
''ਮੈਂ ਸੋਚਿਆ ਬਈ ਚਲੋ ਬਹਾਨੇ ਨਾਲ ਤੇਰੀ ਜੰਨ ਦੇਖ ਲਾਂਗੇ।  ਨਾਲੇ ਯਾਰ ਤੈਨੂੰ ਤੇਰੇ ਵਿਆਹ ਦੀਆਂ ਵਧਾਈਆਂ।  ਮੈਨੂੰ ਆਵਦੀ ਜੰਨ ਲੈ ਚਲੇਂਗਾ ਨਾ?''
ਗੁਰਨੇਕ ਹੱਸ ਪਿਆ।
''ਹਾਂ-ਹਾਂ ਜਰੂਰ।''
''ਤਾਂ ਆਹ ਲੈ ਫੜ ਮੇਰੇ ਕੰਨੀਓਂ ਤੈਨੂੰ ਪਹਿਲਾ ਸਗਨ।'' ਮਹਿੰਦਰ ਸਿੰਘ ਨੇ ਦਸਾਂ ਦਾ ਨੋਟ ਉਹਦੇ ਹੱਥ ਫੜਾਉਂਦਿਆ ਕਿਹਾ।  ਉਸ ਪਿਛੋਂ ਮਹਿੰਦਰ ਸਿੰਘ ਖਾਸਾ ਚਿਰ ਬੈਠਾ ਗੱਲਾਂ ਕਰਦਾ ਰਿਹਾ।  ਗੁਰਨੇਕ ਸੁਭਾਅ ਅਨੁਸਾਰ ਘੱਟ ਬੋਲਿਆ ਪਰ ਉਸ ਨੂੰ ਮਹਿੰਦਰ ਸਿੰਘ ਦਾ ਰਲ਼ੌਟਾ ਸੁਭਾਅ ਚੰਗਾ ਲਗਿਆ।
ਥੋੜੇ ਚਿਰ ਪਿੱਛੋਂ ਉਹ ਹੇਠਾਂ ਆ ਕੇ ਭਗਤ ਸਿੰਘ ਤੇ ਦਿਆਕੁਰ ਨਾਲ ਵੀ ਗੱਲਾਂ ਕਰਦਾ ਰਿਹਾ ਸਾਰੇ  ਟੱਬਰ ਦੀ ਸੁੱਖ-ਸਾਂਦ ਪੁੱਛਦਾ ਰਿਹਾ।  ਨਿੱਕੀਆਂ-ਨਿੱਕੀਆਂ ਗੱਲਾਂ ਕਰਦਾ ਉਹ ਦਿਆਕੁਰ ਨੂੰ ਚੰਗਾ ਲੱਗਿਆ।  ਵਿਚ-ਵਿਚ ਦਿਆਕੁਰ ਨੂੰ ਹੌਲ ਪੈਂਦੇ, ''ਡਾਢਿਆ ਤੂੰ ਇਹ ਕੀ ਬਦਲਾ ਲਿਆ ਸਾਡੇ ਕੋਲੋਂ ਐਡਾ ਸੋਹਣਾ ਸੁਨੱਖਾ ਮੁੰਡਾ ਸਾਡੀ ਝੋਲੀ ਪਾ ਕੇ ਫੇਰ ਖਿੱਚ ਲਿਆ।''
ਥੋੜੇ ਚਿਰ ਪਿਛੋਂ ਮਹਿੰਦਰ ਸਿੰਘ ਨੇ ਉੱਠ ਕੇ ਆਪਣੇ ਅਟੈਚੀ ਵਿਚੋਂ ਗੁਰਨੇਕ ਲਈ ਲਿਆਂਦੇ ਪੰਜ ਕਪੜੇ ਸਣੇ ਪੱਗ ਦਿਆਕੁਰ ਨੂੰ ਦਿੰਦਿਆਂ ਕਿਹਾ, ''ਬੇਬੇ ਜੀ।  ਆਹ ਮੇਰੀ ਮਾਂ ਨੇ ਭੇਜੇ ਐ।''
''ਨਾਂ ਪੁੱਤ ਇਹ ਤਾਂ ਨੀ ਅਸੀਂ ਰੱਖਣੇ।  ਥੋਡਾ ਕੋਈ ਰਾਹ ਨੀ ਬਣਦਾ ਲੈਣ-ਦੇਣ ਦਾ।  ਕਿਵੇਂ ਲੈ ਲੀਏ ਅਸੀਂ?'' ਦਿਆਕੁਰ ਅੱਖਾਂ ਪੂੰਝਦੀ ਰਹੀ।  ਮਹਿੰਦਰ ਸਿੰਘ ਵੀ ਉਦਾਸ ਹੋ ਗਿਆ।  ਭਗਤ ਸਿੰਘ ਤੇ ਗੁਰਨਾਮ ਸਿੰਘ ਨੀਵੀਂ ਪਾ ਕੇ ਬੈਠੇ ਰਹੇ।
'ਵਾਹ ਓ ਰੱਬਾ ਤੇਰੇ ਰੰਗ।'' ਭਗਤ ਸਿੰਘ ਦੇ ਮੂੰਹੋਂ ਅਖੀਰ ਇਹੋ ਸ਼ਬਦ ਨਿਕਲੇ ਤੇ ਨਾਲ ਦੀ ਨਾਲ ਉਹ ਮ੍ਹਿੰਦੋ ਨੂੰ ਯਾਦ ਕਰਕੇ ਹੁਬਕੀਂ-ਹੁਬਕੀਂ ਰੋਣ ਲੱਗ ਪਿਆ।  

***

ਫਿਰੋਜ਼ਪੁਰ ਵਾਲਿਆਂ ਨੇ ਜੰਨ ਦੀ ਰੱਜ ਕੇ ਸੇਵਾ ਕੀਤੀ।  ਕਈ ਜਾਨੀ ਆਖ ਰਹੇ ਸਨ।  ''ਬਈ ਕੁੜੀ ਆਲੇ ਬੰਦੇ ਭਲੇ ਐ।'' ਕੋਈ ਕਹਿੰਦਾ ''ਕਿਸੇ ਚੀਜ ਦੀ ਕੋਈ ਕਸਰ ਕਿਹੜਾ ਰਹਿਣ ਦਿੱਤੀ ਐ।''
ਬੁੱਧੂ ਆਪਣੇ ਵਿਚਾਰ ਪੇਸ਼ ਕਰ ਰਿਹਾ ਸੀ-
''ਬਈ ਐਹੋ ਜਾ ਵਿਆਹ ਤਾਂ ਮੈਂ ਸਾਰੀ ਉਮਰ 'ਚ ਨੀ ਦੇਖਿਆ।''
''ਜਾਰ ਬੁੱਧ ਰਾਮਾ ਸਾਨੂੰ ਆਬਦੀ ਜੰਨ ਕਦੋਂ ਲੱਚਲੇਂਗਾ...ਹੈਂ।'' ਗੁਰਨਾਮ ਸਿੰਘ ਨੇ ਮਖੌਲ ਕਰਦਿਆਂ ਕਿਹਾ।
''ਕੋਈ ਨਾ ਬਾਈ ਸਾਡੇ ਆਲੀ ਵੀ ਬੈਠੀ ਹੋਊ ਕਿਤੇ ਦਹੀਂ ਨਾਲ ਟੁੱਕ ਖਾਂਦੀ।  ਰੱਬ ਦੇ ਘਰ ਦੇਰ ਐ ਹਨੇਰ ਨੀ।''
''ਨਾਂ ਫੇਰ ਕਰਬਿਆ ਰੱਖੀਏ ਨਵੇਂ ਕਪੜੇ ਲੀੜੇ ਤੇਰੇ ਬਿਆਹ ਵਾਸਤੇ ਕ ਨਹੀਂ?''
ਗੁਰਨਾਮ ਸਿੰਘ ਨੇ ਬੁੱਧੂ ਨੂੰ ਫੇਰ ਛੇੜਿਆ।
 ''ਮੈਨੂੰ ਤੂੰ ਆਰਾਂ ਲਾਈ ਜਾਨੈ।  ਆਪ ਨਾ ਤੂੰ ਲਿਆਂਦੇ ਡੋਲ਼ੇ? ਛੋਟੇ ਭਰਾ ਦੇ ਟੱਬਰ ਨੂੰ ਕਮਾ-ਕਮਾ ਖੁਆਈ ਜਾਨੈ।  ਮੈਨੂੰ ਮੱਤਾਂ ਦਿੰਦੈ।''
''ਦੇਖ ਬਾਈ ਬੁੱਧ ਰਾਮਾ ਆਪਾਂ ਤਾਂ ਜਦੋਂ ਸਹੁੰ ਈ ਪਾ 'ਤੀ ਬਈ ਏਸ ਖਲਜਗਣ 'ਚ ਪੈਣਾ ਈ ਨੀ ਤਾਂ ਫੇਰ ਜਿਹੜੇ ਪਿੰਡ ਜਾਣਾ ਨੀ ਉਹਦਾ ਰਾਹ ਕੀ ਪੁੱਛਣਾ।  ਨਾਲੇ ਹੁਣ ਪਕਰੋੜ ਹੋਏ ਪਏ ਆਂ।  ਹੁਣ ਕਾਹਦੇ ਪਿੱਛੇ।''
''ਲੈ ਗੁਰਨਾਮ ਸਿਆਂ ਤੂੰ ਊਂ ਈ ਗੁੱਸਾ ਕਰ ਗਿਆ।  ਮੈਂ ਗੱਲ ਕੋਈ ਤੈਨੂੰ ਲਾ ਕੇ ਤਾਂ ਨੀ ਸੀ ਕਹੀ।''
''ਨਾ ਬੁੱਧ ਰਾਮਾ ਤੇਰੀ ਗੱਲ ਦਾ ਕਾਹਦਾ ਗੁੱਸਾ? ਸਾਡਾ ਬਿਆਹ ਤਾਂ ਹੁਣ ਸਿਵਿਆਂ 'ਚ ਜਾ ਕੇ ਈ ਹੋਊ।''
"ਚਲ ਛੱਡ ਯਾਰ ਗੁਰਨਾਮ ਸਿਆਂ।  ਅੱਜ ਤਾਂ ਆਪਾਂ ਭਤੀਜ ਦੇ ਵਿਆਹ ਦੀ ਖੁਸ਼ੀ 'ਚ ਆਥਣੇ ਦਾਰੂ ਪੀਣੀ ਐ 'ਕੱਠੇ ਬਹਿ ਕੇ।  ਕੇਹੋ ਜੀਆਂ ਗੱਲਾਂ ਕਰਦੈਂ ਤੂੰ?''
ਵਿਆਹ ਸੁੱਖੀਂ-ਸਾਂਦੀ ਹੋ ਗਿਆ।  ਮੁਕਲਾਵਾ ਦੋ ਮਹੀਨੇ ਠਹਿਰ ਕੇ ਸੀ।  ਗੁਰਨੇਕ ਨੇ ਦੋ ਮਹੀਨੇ ਬੜੇ ਔਖੇ ਕੱਟੇ।  ਮੁਕਲਾਵੇ ਪਿਛੋਂ ਨੇਕ ਇਕ ਮਹੀਨਾ ਚੁਬਾਰੇ ਵਿਚੋਂ ਕਦੇ-ਕਦਾਈਂ ਬਾਹਰ ਨਿਕਲਿਆ ਹੋਵੇਗਾ।  ਉਹਨੂੰ ਵਿਆਹੁਤਾ ਜੀਵਨ ਬੜਾ ਚੰਗਾ ਲਗਣ ਲੱਗ ਪਿਆ ਸੀ।  ਦੁਨੀਆਂ ਬੜੀ ਸੁਹਣੀ ਲੱਗਣ ਲੱਗ ਪਈ ਸੀ।  ਉਹ ਬਸੰਤ ਨੂੰ ਬਹੁਤਾ ਚਿਰ ਏਧਰ ਓਧਰ ਨਾ ਜਾਣ ਦਿੰਦਾ।  ਬਸੰਤ ਵੀ ਬੜੀ ਖੁਸ਼ ਸੀ।
ਓਧਰ ਦਿਆਕੁਰ ਤੇ ਭਗਤ ਸਿੰਘ ਸੋਚੀਂ ਡੁੱਬੇ ਰਹਿੰਦੇ ਕਿ ਇਹ ਮੁੰਡੇ ਦਾ ਬਣੂ ਕੀ।  ਉਹ ਕੰਮ ਬਾਰੇ ਕੁਝ ਵੀ ਸੋਚਦਾ ਨਹੀਂ ਸੀ ਲਗਦਾ।  ਬਹੂ ਰਾਣੀ ਆਥਣ-ਸਵੇਰ ਥੱਲਿਉਂ ਪੱਕੀ ਪਕਾਈ ਲੈ ਜਾਂਦੀ ਤੇ ਦੋਵੇਂ ਜੀ ਖਾ ਕੇ ਪਏ ਰਹਿੰਦੇ।
ਗਰਮੀ ਵਧਣ ਲੱਗ ਪਈ ਸੀ।  ਤੀਜੇ ਕੁ ਮਹੀਨੇ ਬਹੂ ਨੂੰ ਉਮੀਦਵਾਰੀ ਹੋਈ।  ਉਹ ਆਪਣੇ ਪੇਕੀਂ ਕੁਝ ਦਿਨਾਂ ਲਈ ਮਿਲਣ ਚਲੀ ਗਈ।  ਉਹਨੀਂ ਦਿਨੀਂ ਭਗਤ ਸਿਉਂ ਨੇ ਦਿਆਕੁਰ ਕੋਲ ਗੱਲ ਛੇੜੀ ਕਿ ਨੇਕ ਨੂੰ ਕੰਮ ਬਾਰੇ ਕੁਝ ਸੋਚਣਾ ਚਾਹੀਦੈ।  ਉਹਨਾਂ ਨੇ ਜਦੋਂ ਨੇਕ ਨੂੰ ਬੁਲਾ ਕੇ ਗੱਲ ਛੇੜੀ ਤਾਂ ਉਹਦਾ ਜਵਾਬ ਸੀ-
"ਸੋਚਾਂ ਤਾਂ ਮੈਂ ਤਾਂ, ਜੇ ਮੈਨੂੰ ਖੰਘ ਤੇ ਛਾਤੀ ਦਾ ਦਰਦ ਸਾਹ ਲੈਣ ਦੇਣ।  ਉੱਤੋਂ ਢਿੱਡ ਦੁਖ ਕੇ ਦਸਤ ਸਾਹ ਸੂਤ ਕੇ ਰੱਖ ਦਿੰਦੇ ਐ।  ਮੇਰਾ ਕਿਹੜਾ ਕੰਮ ਕਰਨ ਨੂੰ ਜੀ ਨਹੀਂ ਕਰਦਾ।  ਡਾਕਟਰ ਨੇ ਤਾਂ ਪਿਛਲੇ ਸਾਲ ਈ ਤਪਦਿਕ ਹੋਣ ਬਾਰੇ ਦੱਸ ਦਿੱਤਾ ਸੀ।''
ਦਿਆਕੁਰ ਤੇ ਭਗਤ ਸਿੰਘ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹਨੂੰ ਸੱਚੀ-ਮੁੱਚੀ ਤਪਦਿਕ ਦੀ ਕੋਈ ਸ਼ਿਕਾਇਤ ਸੀ ਵੀ ਜਾਂ ਨਹੀਂ।
''ਆਪਾਂ ਐਤਕੀਂ ਫੇਰ ਵੱਡੇ ਡਾਕਟਰ ਦੀ ਸਲਾਹ ਲੈ ਲੈਨੇ ਆਂ।''
''ਠੀਕ ਐ, ਮੇਰੇ ਕੰਨੀਓਂ ਭਾਵੇਂ ਕੱਲ੍ਹ ਲੈ ਚੱਲੋ।''
ਨੇਕ ਨੇ ਆਉਣ ਵਾਲੀ ਔਕੜ ਦਾ ਹੱਲ ਲਭਣ ਲਈ ਦਿਮਾਗੀ ਸਕੀਮਾਂ ਸੋਚਣੀਆਂ ਸ਼ੁਰੂ ਕੀਤੀਆਂ।  ਦੂਜੇ ਦਿਨ ਉਹਦੀ ਮਾਂ ਉਹਨੂੰ ਡਾਕਟਰ ਕੋਲ ਲੈ ਗਈ।  ਡਾਕਟਰ ਨਾਲ ਗੁਰਨੇਕ ਦੀ ਗੱਲ ਬਾਤ ਕਰਨ ਦਾ ਤਰੀਕਾ ਉਸ ਨੇ ਅਜਿਹਾ ਲੱਭਿਆ ਕਿ ਪਹਿਲਾਂ ਉਹਨੇ ਡਾਕਟਰ ਨੂੰ ਉਹਦੀਆਂ ਪਿਛਲੇ ਸਾਲ ਵਾਲੀਆਂ ਸਾਰੀਆਂ ਗੱਲਾਂ ਯਾਦ ਕਰਵਾਈਆਂ ਫੇਰ ਉਹਨੇ ਆਪਣੀ ਬਿਮਾਰੀ ਦੇ ਲੱਛਣ ਦੱਸਣੇ ਇਉਂ ਸ਼ੁਰੂ ਕੀਤੇ ਜਿਹਨਾਂ ਨਾਲ ਡਾਕਟਰ ਨੂੰ ਲੱਗੇ ਬਈ ਬਿਮਾਰੀ ਅੱਗੇ ਨਾਲੋਂ ਵਧ ਗਈ ਹੈ।  ਉਹਨੇ ਡਾਕਟਰ ਨੂੰ ਆਪਣੇ ਭਾਰ ਘਟਣ ਦਾ ਅਹਿਸਾਸ ਵੀ ਕਰਵਾ ਦਿੱਤਾ ਸੀ।  ਹਾਲਾਂਕਿ ਅਜਿਹੀ ਕੋਈ ਗੱਲ ਨਹੀਂ ਸੀ।  ਡਾਕਟਰ ਨੇ ਦਿਆਕੁਰ ਨੂੰ ਅੱਡ ਬੁਲਾ ਕੇ ਗੁਰਨੇਕ ਦੀ ਬਿਮਾਰੀ ਦੇ ਵਧਣ ਦਾ ਸ਼ੱਕ ਜ਼ਾਹਰ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਪਿਛਲੇ ਸਾਲ ਹੀ ਉਹਨੂੰ ਕਿਸੇ ਹਿੱਲ-ਸਟੇਸ਼ਨ ਤੇ ਭੇਜ ਦੇਣਾ ਬਿਹਤਰ ਹੋਣਾ ਸੀ।  ਪਰ ਹੁਣ ਏਸ ਸਾਲ ਭੇਜਣਾ ਜ਼ਰੂਰੀ ਹੋ ਗਿਆ ਸੀ ਨਹੀਂ ਤਾਂ ਬਿਮਾਰੀ ਕਿਸੇ ਵੇਲੇ ਵੀ ਜ਼ੋਰ ਫੜ ਕੇ ਇਲਾਜ ਲੰਮਾ ਤੇ ਔਖਾ ਹੋ ਜਾਣ ਦੀ ਸੰਭਾਵਨਾ ਸੀ।  ਦਿਆਕੁਰ ਨੂੰ ਫਿਕਰਾਂ ਨੇ ਆ ਘੇਰਿਆ।  ਆਥਣੇ ਉਹਨੇ ਭਗਤ ਸਿਉਂ ਨਾਲ ਸਲਾਹ ਕੀਤੀ-
''ਜੇ ਕੁੜੀ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਮੁੰਡੇ ਨੂੰ ਕੋਈ ਬਮਾਰੀ ਦੀ ਕਸਰ ਐ ਤਾਂ ਕੀ ਬਣੂ? ਆਪਾਂ ਨੂੰ ਕੋਈ ਹੂਲ਼ਾ ਤਾਂ ਫਕਣਾ ਈ ਪਊ?''
"ਜਿਹੜੇ ਚਾਰ ਛਿੱਲੜ 'ਕੱਠੇ ਕੀਤੇ ਸੀ ਉਹ ਤਾਂ ਸਾਰੇ ਵਿਆਹ 'ਤੇ ਲੱਗ 'ਗੇ।  ਹੋਰ ਇਹਨੂੰ ਹੁਣ ਪਹਾੜ 'ਤੇ ਭੇਜਣ ਵਾਸਤੇ ਮੈਂ ਕਿਥੋਂ ਲਿਆਵਾਂ ਪੌਂਡ?''
ਭਗਤ ਸਿੰਘ ਆਪਣੇ ਆਪ ਨੂੰ ਕੁੜਿੱਕੀ ਵਿਚ ਫਸਿਆ ਮਹਿਸੂਸ ਕਰ ਰਿਹਾ ਸੀ।
"ਨਾ ਫੇਰ ਕੋਈ ਰਾਹ ਤਾਂ ਕੱਢਣਾ ਈ ਪਊ!'' ਦਿਆਕੁਰ ਬੋਲੀ।
"ਚੌਧਰੀ ਚੰਦਗੀ ਰਾਮ ਨਵੀਂ ਹਵੇਲੀ ਬਨਾਉਣ ਦੀ ਸਲਾਹ ਕਰਦਾ ਸੀ ਇਕ ਦਿਨ। ਕਹਿੰਦਾ ਸੀ ਕੰਮ ਛੇਤੀ ਸ਼ੁਰੂ ਕਰਨੈ।  ਫੇਰ ਕੋਈ ਸਨੇਹਾ ਨੀ ਆਇਆ।  ਊਂ ਬੰਦੇ ਉਹ ਚੰਗੇ ਐ।  ਚਾਰ ਪੈਸੇ ਪਹਿਲਾਂ ਵੀ ਦੇ ਦੇਣਗੇ।''
"ਫੇਰ ਤੂੰ ਆਪ ਜਾ ਕੇ ਈ ਉਹਨਾਂ ਨਾਲ ਗੱਲ ਕਰਿਆ।'' ਦਿਆਕੁਰ ਨੇ ਸਲਾਹ ਦਿੱਤੀ।
ਭਗਤ ਸਿੰਘ ਦਿਆਕੁਰ ਦੇ ਕਹੇ ਚੌਧਰੀਆਂ ਨਾਲ ਗੱਲ ਕਰ ਆਇਆ ਤੇ ਉਹਨਾਂ ਤੋਂ ਚਾਰ ਸੌ ਰੁਪਈਆ ਪੇਸ਼ਗੀ ਵੀ ਲੈ ਆਇਆ।  ਗੁਰਨੇਕ ਦੇ ਡਲਹੌਜ਼ੀ ਜਾਣ ਦੀਆਂ ਤਿਆਰੀਆਂ ਹੋਣ ਲੱਗ ਪਈਆਂ।

***

ਗੁਰਨੇਕ ਡਲਹੌਜ਼ੀ ਪਹੁੰਚ ਕੇ ਬਹੁਤ ਖੁਸ਼ ਸੀ।  ਉਹਨੇ ਪੱਚੀ ਰੁਪਏ ਮਹੀਨੇ 'ਤੇ ਇਕ ਕਮਰਾ ਕਿਰਾਏ ਤੇ ਲੈ ਲਿਆ ਸੀ।  ਉਹ ਸਵੇਰੇ ਤਿਆਰ ਹੋ ਕੇ ਡਲਹੌਜ਼ੀ ਦੇ ਪਹਾੜਾਂ ਦੀ ਸੈਰ 'ਤੇ ਨਿਕਲ ਜਾਂਦਾ ਤੇ ਦੁਪਹਿਰ ਵੇਲੇ ਮੁੜਦਾ।  ਹਫਤੇ ਵਿਚ ਇਕ ਦੋ ਚਿੱਠੀਆਂ ਆਪਣੀ ਪਤਨੀ ਤੇ ਮਾਂ ਪਿਓ ਨੂੰ ਜ਼ਰੂਰ ਲਿਖ ਦਿੰਦਾ।  ਉਂਜ ਉਹ ਡਲਹੌਜ਼ੀ ਦੀ ਆਬੋ-ਹਵਾ ਤੋਂ ਬੜਾ ਖੁਸ਼ ਸੀ ਪਰ ਉਹਨੂੰ ਅੰਦਰਲੀ ਸੋਚ ਦਾ ਪਾਲ਼ਾ ਮਾਰਦਾ।  ਜਿਵੇਂ ਉਹ ਆਪਣੇ ਮਾਂ ਪਿਓ ਨੂੰ ਦੁਖੀ ਕਰ ਰਿਹਾ ਸੀ, ਉਹਦੀ ਸੋਚ ਉਹਨੂੰ ਮੁੜ-ਮੁੜ ਝੰਜੋੜਦੀ।  ਪਰ ਜਦੋਂ ਵੀ ਇਹੋ ਜਿਹੇ ਖਿਆਲ ਆਉਂਦੇ ਤਾਂ ਉਹ ਉਹਨਾਂ ਨੂੰ ਭੁੱਲ ਕੇ ਕੁਝ ਹੋਰ ਚੰਗਾ ਸੋਚਣ ਦੀ ਕੋਸ਼ਿਸ਼ ਕਰਦਾ।  ਹੌਲੀ-ਹੌਲੀ ਉਹਨੂੰ ਵਿਹਲਾ ਰਹਿ ਕੇ ਖਾਣ ਦੀ ਆਦਤ ਪੈ ਰਹੀ ਸੀ।  ਕਿਸੇ ਨਾ ਕਿਸੇ ਨਵੇਂ ਵਸੀਲੇ ਦੀ ਭਾਲ ਵਿਚ ਉਹ ਹਮੇਸ਼ਾ ਸੋਚਦਾ ਰਹਿੰਦਾ ਤਾਂ ਕਿ ਅੱਗੋਂ ਲਈ ਇਹ ਸਿਲਸਿਲਾ ਜਾਰੀ ਰਹਿ ਸਕੇ।
ਘਰੋਂ ਚਿੱਠੀ ਆਈ ਕਿ ਉਹਦੇ ਸਹੁਰਿਆਂ ਤੋਂ ਸੁਨੇਹੇ ਆ ਰਹੇ ਹਨ ਕਿ ਉਹ ਆਪ ਆ ਕੇ ਮਿਲ ਜਾਵੇ।  ਉਹਦੇ ਸਹੁਰਿਆਂ ਤੋਂ ਇਕ ਸੁਨੇਹਾ ਉਹਨਾਂ ਦੇ ਗੁਆਂਢੀਆਂ ਦੀ ਕੋਈ ਰਿਸ਼ਤੇਦਾਰ ਔਰਤ ਵੀ ਲੈ ਕੇ ਆਈ।  ਦਿਆਕੁਰ ਨਾਲ ਬਹਿ ਕੇ ਉਹਨੇ ਗੱਲਾਂ ਵੀ ਕੀਤੀਆਂ ਸਨ।  ਉਹਨੇ ਗੱਲਾਂ-ਗੱਲਾਂ ਵਿਚ ਇਹ ਪੁੱਛਣ ਦੀ ਪੂਰੀ ਕੋਸ਼ਿਸ਼ ਵੀ ਕੀਤੀ ਸੀ ਕਿ ਮੁੰਡੇ ਨੂੰ ਉਹਨਾਂ ਨੇ ਪਹਾੜ ਤੇ ਕਿਉਂ ਭੇਜਿਆ ਸੀ ਜਿਸ ਦਾ ਜਵਾਬ ਦਿਆਕੁਰ ਏਹੋ ਦੇ ਸਕੀ ਕਿ ਅੱਜ ਕੱਲ ਮੁੰਡੇ ਤੋਰੇ-ਫੇਰੇ 'ਤੇ ਉਠ ਜਾਂਦੇ ਐ।  ਚਾਰ ਦਿਨ ਠੰਢੀ ਹਵਾ ਖਾ ਕੇ ਮੁੜ ਆਊਗਾ।
ਪਹਾੜਾਂ ਵਿਚ ਸਰਦੀਆਂ ਦਾ ਮੌਸਮ ਮੈਦਾਨੀ ਇਲਾਕਿਆਂ ਨਾਲੋਂ ਥੋੜਾ ਪਹਿਲਾਂ ਸ਼ੁਰੂ ਹੋ ਜਾਂਦੈ।  ਗੁਰਨੇਕ ਕੋਲ ਬਹੁਤੇ ਗਰਮ ਕਪੜੇ ਵੀ ਨਹੀਂ ਸਨ ਤੇ ਪੈਸੇ ਵੀ ਮੁੱਕ ਚੱਲੇ ਸਨ।  ਹੋਰ ਪੈਸੇ ਮਗਵਾਉਣ ਦੀ ਕੋਈ ਤੁਕ ਵੀ ਨਹੀਂ ਸੀ।  ਅਖੀਰ ਉਹਨੇ ਘਰ ਮੁੜਨ ਦਾ ਫੈਸਲਾ ਕੀਤਾ ਤੇ ਆਪਣੇ ਆਉਣ ਦੀ ਤਾਰੀਖ ਚਿੱਠੀ ਵਿਚ ਲਿਖ ਭੇਜੀ।  ਘਰ ਪਹੁੰਚਣ ਸਾਰ ਉਹਨੂੰ ਦਿਆਕੁਰ ਨੇ ਦੱਸਿਆ ਕਿ ਹੋਰ ਤਿੰਨ ਕੁ ਮਹੀਨਿਆਂ ਤਕ ਬਹੂ ਦੇ ਬੱਚਾ-ਬੱਚੀ ਹੋਣ ਦੀ ਉਮੀਦ ਹੈ।  ਉਹਦੇ ਸਹੁਰਿਆਂ ਦੇ ਕਈ ਸੁਨੇਹੇ ਆ ਚੁੱਕੇ ਸਨ ਸੋ ਜੇ ਉਹ ਇਕ ਵਾਰੀ ਫਿਰੋਜ਼ਪੁਰ ਇਕ ਗੇੜਾ ਮਾਰ ਆਵੇ ਤਾਂ ਚੰਗਾ ਹੋਏਗਾ।  ਅਖੀਰ ਉਹ ਧਕੀਦਾ-ਧਕਾਉਂਦਾ ਫਿਰੋਜ਼ਪੁਰ ਇਕ ਦਿਨ ਜਾ ਕੇ ਦੂਜੇ ਦਿਨ ਮੁੜ ਆਇਆ।  ਉਹਦੇ ਸੱਸ-ਸਹੁਰਾ ਉਹਨੂੰ ਰੱਖਣ ਲਈ ਜ਼ੋਰ ਪਾ ਰਹੇ ਸਨ ਪਰ ਉਹਦਾ 'ਪਿੱਛੇ ਘਰੇ ਸਰਦਾ ਨੀ' ਦਾ ਬਹਾਨਾ ਸੁਣ ਕੇ ਉਹ ਚੁੱਪ ਹੋ ਗਏ।  ਉਹਨਾਂ ਨੇ ਗੁਰਨੇਕ ਦੇ ਹੱਥ ਸੁਨੇਹਾ ਭਿਜਵਾਇਆ ਕਿ ਬਸੰਤ ਨੂੰ ਜਾਪੇ ਤੋਂ ਪਿੱਛੋਂ ਹੀ ਭੇਜਣਗੇ।  ਉਂਜ ਵੀ ਆਮ ਰਿਵਾਜ ਅਨੁਸਾਰ ਪਹਿਲਾ ਬੱਚਾ ਲੜਕੀ ਦੇ ਪੇਕੀਂ ਹੀ ਪੈਦਾ ਹੁੰਦਾ ਸੀ।  
ਗੁਰਨੇਕ ਵਾਸਤੇ ਤਿੰਨ-ਚਾਰ ਮਹੀਨੇ ਕੱਢਣੇ ਬੜੇ ਔਖੇ ਸਨ।  ਭਗਤ ਸਿੰਘ ਉਂਜ ਡਰਦਾ ਉਹਨੂੰ ਕੰਮ ਨੂੰ ਨਹੀਂ ਸੀ ਆਖਦਾ।  ਇਹਨੀ ਦਿਨੀਂ ਉਹਦੀ ਦੋਸਤੀ ਜਸਵੰਤ ਮਾਸਟਰ ਨਾਲ ਹੋ ਗਈ।  ਜਸਵੰਤ ਬੱਚਿਆਂ ਨੂੰ ਟਿਊਸ਼ਨਾਂ ਪੜਾਉਂਦਾ ਹੁੰਦਾ।  ਉਸ ਦੇ ਪੁੱਛਣ 'ਤੇ ਨੇਕ ਨੇ ਦੱਸਿਆ ਕਿ ਉਹ ਅਠਵੀਂ ਜਮਾਤ ਪਾਸ ਨਹੀਂ ਸੀ ਕਰ ਸਕਿਆ।  ਜਸਵੰਤ ਨੇ ਉਹਨੂੰ ਅੱਠਵੀਂ ਦਾ ਇਮਤਿਹਾਨ ਪ੍ਰਾਈਵੇਟ ਦੇਣ ਲਈ ਮਨਾ ਲਿਆ ਤੇ ਦੋਸਤੀ ਦੇ ਨਾਤੇ ਉਹ ਉਸ ਨੂੰ ਹਰ ਰੋਜ਼ ਘੰਟਾ ਕੁ ਪੜ੍ਹਾਉਣ ਵੀ ਲੱਗ ਪਿਆ।  ਇਮਤਿਹਾਨ ਦੀਆਂ ਤਾਰੀਖਾਂ ਤਕ ਉਹਨੇ ਉਸ ਦਾ ਕੋਰਸ ਪੂਰਾ ਕਰਵਾਇਆ।  ਗੁਰਨੇਕ ਵੀ ਮਿਹਨਤ ਨਾਲ ਪੜ੍ਹਦਾ।  ਗੁਰਨੇਕ ਦੇ ਪਰਚੇ ਚੰਗੇ ਹੋਏ ਸਨ।  ਨਤੀਜਾ ਆਉਣ ਵਿਚ ਅਜੇ ਕੁਝ ਦੇਰ ਬਾਕੀ ਸੀ ਕਿ ਫਿਰੋਜ਼ਪਰੋਂ ਉਸ ਦੇ ਲੜਕੀ ਦੇ ਬਾਪ ਬਣਨ ਦਾ ਸੁਨੇਹਾ ਆ ਗਿਆ।  ਸੁਨੇਹੇ ਨੇ ਨਾ ਗੁਰਨੇਕ ਨੂੰ ਤੇ ਨਾ ਹੀ ਦਿਆਕੁਰ ਨੂੰ ਕੋਈ ਖੁਸ਼ੀ ਦਿੱਤੀ।  ਭਗਤ ਸਿੰਘ ਸੁਭਾਅ ਅਨੁਸਾਰ ਉਸ ਨੂੰ 'ਵਾਹਿਗੁਰੂ ਦਾ ਸ਼ੁਕਰ' ਕਹਿ ਰਿਹਾ ਸੀ।  ਦਿਆਕੁਰ ਲੈਣ-ਦੇਣ ਦੇ ਮਾਮਲੇ ਵਿਚ ਸੁਚੱਜੀ ਸੀ।  ਉਸ ਨੇ ਪੰਜ ਸੇਰ ਘਿਓ ਦੀ ਪੰਜੀਰੀ ਰਲਾਈ ਤੇ ਨੇਕ ਦੇ ਹੱਥ ਭੇਜਣ ਦੀਆਂ ਤਿਆਰੀਆਂ ਕਰ ਲਈਆਂ।  ਨੇਕ ਕੁਝ ਦਿਨ ਟਾਲ-ਮਟੋਲ ਕਰਦਾ ਰਿਹਾ ਫੇਰ ਅਖੀਰ ਇਕ ਦਿਨ ਪੰਜੀਰੀ ਵਾਲਾ ਪੀਪਾ ਤੇ ਹੋਰ ਕਪੜਾ-ਲੀੜਾ ਲੈ ਕੇ ਉਹ ਸਹੁਰੀਂ ਪਹੁੰਚ ਗਿਆ।  ਸਹੁਰਿਆਂ ਨੇ ਵੀ ਉਹਦੇ ਆਉਣ ਦਾ ਬੜਾ ਚਾਅ ਕੀਤਾ।  ਗੁਰਨੇਕ ਜਦੋਂ ਚਾਹ ਪਾਣੀ ਪੀ ਚੁੱਕਿਆ ਤਾਂ ਉਹਦੀ ਸੱਸ ਨੇ ਕੁਝ ਦਿਨਾਂ ਦੀ ਨਿੱਕੀ ਨੂੰ ਲਿਆ ਕੇ ਉਹਦੀ ਗੋਦੀ ਵਿਚ ਪਾ ਦਿੱਤਾ।
''ਲੈ ਭਾਈ, ਅਸੀਂ ਤਾਂ ਇਹ ਦਾ ਨਾਂ ਨਿੱਕੀ ਧਰਿਐ।  ਅੱਗੇ ਜਿਹੜਾ ਥੋਨੂੰ ਚੰਗਾ ਲੱਗੇ ਉਹ ਧਰ ਲਿਓ।''
ਨੇਕ ਨੇ ਆਪਣੇ ਹੱਥਾਂ ਵਿਚ ਪਈ ਨਿੱਕੀ ਨੂੰ ਗਹੁ ਨਾਲ ਦੇਖਿਆ।  ਉਸ ਨੂੰ ਕੁਝ ਚੰਗਾ ਜਿਹਾ ਨਹੀਂ ਸੀ ਲੱਗ ਰਿਹਾ।  ਉਹਨੇ ਨਿੱਕੀ ਨੂੰ ਆਪਣੇ ਪੱਟਾਂ ਤੇ ਲਿਟਾ ਕੇ ਖੱਬਾ ਹੱਥ ਜਦੋਂ ਉਹਦੀ ਧੌਣ ਹੇਠੋਂ ਖਿੱਚਿਆ ਤਾਂ ਉਹਦੀ ਧੌਣ ਪਿਛੇ ਨੂੰ ਲੁਟਕ ਗਈ।  ਉਹ ਥੋੜਾ ਜਿਹਾ ਡਰ ਵੀ ਗਿਆ।  ਉਸ ਨੇ ਗਹੁ ਨਾਲ ਫੇਰ ਉਹਦੇ ਮੂੰਹ ਵੱਲ ਦੇਖਿਆ।  ਉਹਨੂੰ ਨਿੱਕੀ ਦਾ ਮੜ੍ਹੰਗਾ ਆਪਣੇ ਵਰਗਾ ਨਾ ਲੱਗਾ ਤੇ ਨਾ ਹੀ ਅਜਿਹਾ ਕੋਈ ਪਿਆਰ ਜਿਹਾ ਆਇਆ ਜਿਹੜਾ ਪਿਓ ਨੂੰ ਆਪਣੀ ਬੱਚੀ ਲਈ ਆਉਣਾ ਚਾਹੀਦਾ ਸੀ।  ਉਹ ਬੜਾ ਸ਼ਸ਼ੋਪੰਜ ਵਿਚ ਸੀ। ਉਸ ਨੂੰ ਚੰਗਾ ਨਹੀਂ ਸੀ ਲੱਗ ਰਿਹਾ।  ਨਿੱਕੀ ਦਾ ਰੰਗ ਵੀ ਬਹੁਤਾ ਗੋਰਾ ਨਹੀਂ ਸੀ।  ਮਨ ਵਿਚ ਕਈ ਤਰਾਂ ਦੇ ਸਵਾਲ ਉੱਠ ਰਹੇ ਸਨ। ਉਸ ਦਾ ਚਿੱਤ ਕਾਹਲਾ ਪੈ ਰਿਹਾ ਸੀ। ਉਹਨੇ ਹਿੰਮਤ ਕਰਕੇ ਕੁੜੀ ਨੂੰ ਦੋਹਾਂ ਹੱਥਾਂ ਨਾਲ ਚੁੱਕਿਆ ਤੇ ਸਾਹਮਣੇ ਖੜ੍ਹੀ ਆਪਣੀ ਸੱਸ ਨੂੰ ਕਿਹਾ-
''ਆ ਲਓ ਮਾਂ ਜੀ, ਮੇਰੇ ਕੋਲੋਂ ਕਿਤੇ ਡਿੱਗ ਨਾ ਪਵੇ।''
''ਕੋਈ ਨਾ ਭਾਈ, ਆਪੇ ਹੌਲੀ ਹੌਲੀ ਆਦਤ ਪੈ ਜਾਂਦੀ ਹੁੰਦੀ ਐ।'' ਨੇਕ ਦੀ ਸੱਸ ਨੇ ਨਿੱਕੀ ਨੂੰ ਫੜਦਿਆਂ ਕਿਹਾ।
ਪਰ ਨੇਕ ਅੰਦਰੋਂ ਬਹੁਤ ਪ੍ਰੇਸ਼ਾਨ ਸੀ।  ਉਹਨੂੰ ਇਤਬਾਰ ਨਹੀਂ ਸੀ ਆ ਰਿਹਾ ਕਿ ਉਹ ਇਕ ਬੱਚੀ ਦਾ ਬਾਪ ਬਣ ਚੁੱਕਾ ਹੈ।  ਉਸ ਨੂੰ ਭਵਿੱਖ ਵਿਚ ਸਿਰ 'ਤੇ ਪੈਣ ਵਾਲੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਣ ਲੱਗਾ।  ਉਹ ਜ਼ਿੰਮੇਵਾਰੀਆਂ ਉਹਨੂੰ ਪਹਾੜ ਜਿੱਡੀਆਂ ਲੱਗ ਰਹੀਆਂ ਸਨ।  ਉਹਦੇ ਮਨ ਵਿਚ ਬੇਚੈਨੀ ਸੀ ਅਤੇ ਕਈ ਤਰਾਂ ਦੇ ਭੈੜੇ ਖਿਆਲ ਉੱਠ ਰਹੇ ਸਨ।  ਉਹਨੂੰ ਨਿੱਕੀ ਦਾ ਹੋਣਾ ਇਕ ਵੱਡੀ ਮੁਸੀਬਤ ਜਾਪਣ ਲੱਗ ਪਈ।  ਉਹ ਉਸ ਮੁਸੀਬਤ ਵਿਚੋਂ ਨਿਕਲਣ ਲਈ ਸੋਚਣ ਲੱਗਾ।  ਮਜਬੂਰੀਆਂ ਮੂੰਹ ਅੱਡੀ ਸਾਹਮਣੇ ਖੜ੍ਹੀਆਂ ਦਿਸਦੀਆਂ।  ਉਹਨੂੰ ਬਹੁਤ ਡਰ ਲੱਗਣ ਲੱਗ ਪਿਆ।  ਉਹ ਸੁਭਾਅ ਅਨੁਸਾਰ ਸੋਚਣ ਲੱਗ ਪਿਆ।  ਘਰੋਂ ਬਾਹਰ ਸੈਰ ਦੇ ਬਹਾਨੇ ਨਿਕਲ ਦੇ ਤੁਰਦਾ-ਤੁਰਦਾ ਉਹ ਸ਼ਹਿਰੋਂ ਬਾਹਰ ਜਾ ਅੱਪੜਿਆ।  ਉਸ ਨੇ ਅਖੀਰ ਆਪਣੇ ਮਨ ਵਿਚ ਕੋਈ ਪੱਕਾ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਘਰ ਵਾਪਸ ਆ ਗਿਆ।  ਅਗੇ ਨਾਲੋਂ ਹੁਣ ਉਹਦਾ ਮਨ ਕੁਝ ਟਿਕਿਆ ਹੋਇਆ ਸੀ।
ਆਥਣੇ ਉਹਦੇ ਸਹੁਰਿਆਂ ਨੇ ਉਚੇਚਾ ਚੰਗਾ ਰੋਟੀ-ਪਾਣੀ ਬਣਾਇਆ ਅਤੇ ਜਿਵੇਂ ਜਵਾਈ-ਭਾਈ ਦੀ ਸੇਵਾ ਕਰੀਦੀ ਹੈ, ਉਹਦਾ ਹਰ ਤਰਾਂ ਨਾਲ ਖਿਆਲ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ।  ਵਿਚੋਂ ਵਿਚੋਂ ਉਹ ਆਪਣੀ ਸੱਸ ਨੂੰ ਕਹਿ ਰਿਹਾ ਸੀ, '' ਮਾਂ ਜੀ ਏਨਾਂ ਕੁਸ਼ ਕਰਨ ਦੀ ਕੀ ਲੋੜ ਸੀ?"  
''ਨਾ ਬੇਟਾ ਸਾਡੇ ਕੋਲ ਹੋਰ ਹੈ ਵੀ ਕੀ।  ਅਸੀਂ ਤਾਂ ਧੀ ਦੇ ਕੇ ਤੈਨੂੰ ਪੁੱਤ ਬਣਾਇਐ।  ਹੋਰ ਕੋਈ, ਨਾ ਸਾਡੇ ਅੱਗੇ ਨਾ ਪਿੱਛੇ।'' ਬਸੰਤ ਆਪਣੇ ਮਾਂ ਪਿਓ ਦੀ ਇਕੱਲੀ ਧੀ ਜੋ ਸੀ।  
ਰੋਟੀ ਖਾਣ ਮਗਰੋਂ ਉਸ ਨੇ ਆਪਣੇ ਸਹੁਰੇ ਨੂੰ ਕਿਹਾ-
''ਚੰਗਾ ਬਾਪੂ ਜੀ, ਮੈਂ ਤਾਂ ਫੇਰ ਕਲ੍ਹ ਸਵੇਰੇ ਵੱਡੇ ਤੜਕੇ ਵਾਲੀ ਗੱਡੀ 'ਤੇ ਮੁੜ ਜਾਵਾਂਗਾ।''
''ਨਹੀਂ ਬੇਟਾ, ਸਾਡੇ ਕੋਲ ਦੋ-ਚਾਰ ਦਿਨ ਤਾਂ ਰਹੋ।  ਫੇਰ ਪਤਾ ਨਹੀਂ ਕਦੋਂ...।''
''ਪਿੱਛੇ ਵੀ ਕਈ ਜਰੂਰੀ ਕੰਮ ਨੇ।  ਸੋ ਕਲ੍ਹ ਨੂੰ ਤਾਂ ਮੁੜਨਾ ਈ ਪਊ।  ਕੋਈ ਨੀ ਮੈਂ ਫੇਰ ਆਂ ਜੂੰ ਛੇਤੀ।''
ਉਹਦੇ ਸੱਸ-ਸਹੁਰੇ ਨੇ ਸਲਾਹ ਕਰਕੇ ਲੈਣ-ਦੇਣ ਵਾਲਾ ਕਪੜਾ-ਲੀੜਾ ਇਕੱਠਾ ਕੀਤਾ ਅਤੇ ਇਕ ਵੱਡਾ ਸਾਰਾ ਝੋਲਾ ਫੜਾਉਂਦਿਆਂ ਕਿਹਾ ਕਿ ਉਹਨਾਂ ਵੱਲੋਂ ਜ਼ਰੂਰੀ ਸ਼ਗਨ ਦੇ ਤੌਰ 'ਤੇ ਹੈ।
ਗੱਡੀ ਸਵੇਰੇ ਪੰਜ ਕੁ ਵਜੇ ਚਲਦੀ ਸੀ।  ਸਟੇਸ਼ਨ ਘਰੋਂ ਕੋਈ ਵੱਧ ਤੋਂ ਵੱਧ ਅਧੇ ਕੁ ਘੰਟੇ ਦਾ ਪੈਦਲ ਰਾਹ ਸੀ।  ਗੁਰਨੇਕ ਨੇ ਅੰਦਾਜ਼ਾ ਲਾਇਆ ਕਿ ਗੱਡੀ ਸਮੇਂ ਸਿਰ ਫੜਨ ਲਈ ਉਹਨੂੰ ਸਵੇਰੇ ਤਿੰਨ ਕੁ ਵਜੇ ਉੱਠਣਾ ਪਏਗਾ।  ਰਾਤ ਨੂੰ ਉਹਦੇ ਸਹੁਰਿਆਂ ਨੇ ਉਹਦਾ ਮੰਜਾ ਹੇਠਾਂ ਵਿਹੜੇ ਵਿਚ ਡਾਹ ਦਿੱਤਾ ਸੀ।  ਗੁਰਨੇਕ ਦੀ ਪਤਨੀ ਬਸੰਤ, ਨਿੱਕੀ ਨਾਲ ਚੁਬਾਰੇ ਵਿਚ ਸੀ।
ਨੇਕ ਨੂੰ ਸਾਰੀ ਰਾਤ ਚੰਗੀ ਤਰਾਂ ਨੀਂਦ ਨਹੀਂ ਆਈ।  ਉਹਨੇ ਰਾਤ ਪਾਸੇ ਮਾਰਦਿਆਂ ਲੰਘਾਈ।  ਜਦੋਂ ਘੜੀ ਨੇ ਤਿੰਨ ਵਜਾਏ ਤਾਂ ਉਹਨੇ ਉੱਠ ਕੇ ਨਲਕੇ ਹੇਠਾਂ ਪਈ ਬਾਲਟੀ ਭਰੀ ਤੇ ਛੇਤੀ-ਛੇਤੀ ਨਹਾ ਲਿਆ।  ਏਨੇ ਨੂੰ ਹੌਲੀ-ਹੌਲੀ, ਖੜਕਾ ਸੁਣ ਕੇ, ਉਹਦੇ ਸੱਸ-ਸਹੁਰਾ ਵੀ ਜਾਗ ਪਏ।  ਉਹ ਕੁੜਤਾ ਪਜਾਮਾ ਪਾ ਕੇ ਅਤੇ ਪੱਗ ਬੰਨ੍ਹ ਕੇ ਤਿਆਰ ਹੋ ਗਿਆ।  ਉਹਦੀ ਸੱਸ ਨੇ ਚਾਹ ਨਾਲ ਦੋ ਪਰੌਂਠੇ ਵੀ ਲਾਹ ਲਏ ਸਨ।  ਪਰ ਗੁਰਨੇਕ ਨੇ ਸਿਰਫ ਇਕੋ ਪਰੌਂਠਾ ਹੀ ਖਾਧਾ।  ''ਭੁੱਖ ਨਹੀਂ'' ਕਹਿ ਕੇ ਬੱਸ ਕੀਤੀ।  ਉਹਨੇ ਬਸੰਤ ਨੂੰ ਮਿਲਣ ਬਾਰੇ ਸੋਚਿਆ।  
''ਮਾਂ ਜੀ, ਮੈਂ ਬਸੰਤ ਨੂੰ ਜ਼ਰਾ ਮਿਲ ਆਵਾਂ।'' ਕਹਿ ਕੇ ਉਹ ਵਿਹੜੇ ਵਿਚੋਂ ਚੁਬਾਰੇ ਦੀਆਂ ਪੋੜੀਆਂ ਚੜ੍ਹ ਗਿਆ।
ਬਸੰਤ ਆਪਣੇ ਸੱਜੇ ਪਾਸੇ ਸਰ੍ਹਾਣੇ ਹੇਠਾਂ ਬਾਂਹ ਰੱਖ ਕੇ ਸੁੱਤੀ ਪਈ ਸੀ।  ਉਸ ਨੂੰ ਵੀ ਗੁਰਨੇਕ ਦੀ ਉਡੀਕ ਸੀ।  ਉਹ ਜਾਗੋ-ਮੀਚੀ ਜਿਹੀ ਵਿਚ ਸੀ।  ਨਿੱਕੀ ਉਹਦੀ ਪਿੱਠ ਪਿੱਛੇ ਸੁੱਤੀ ਪਈ ਸੀ।
"ਚੰਗਾ ਫੇਰ ਮੈਂ ਚਲਦਾਂ, ਤੂੰ ਆਪਣਾ ਖਿਆਲ ਰੱਖੀਂ।'' ਉਹਨੇ ਬੜੀ ਦਬੀ ਜਿਹੀ ਧੀਮੀ ਆਵਾਜ਼ ਵਿਚ ਕਿਹਾ।  ਬਸੰਤ ਉੱਠ ਕੇ  ਬੈਠਣ ਨੂੰ ਅਹੁਲੀ ਪਰ ਗੁਰਨੇਕ ਨੇ ਉਹਦੇ ਮੋਢੇ 'ਤੇ ਹੱਥ ਰਖਦਿਆਂ ਪਈ ਰਹਿਣ ਨੂੰ ਹੀ ਕਿਹਾ ਤੇ ਆਪ ਪੈਰਾਂ ਭਾਰ ਉਹਦੇ ਮੰਜੇ ਕੋਲ ਬਹਿ ਗਿਆ।  ਇੰਜ ਕਰਦਿਆਂ ਉਹਨੇ ਆਪਣਾ ਮੂੰਹ ਬਸੰਤ ਦੇ ਮੂੰਹ ਕੋਲ ਕਰ ਲਿਆ।  ਬਸੰਤ ਨੇ ਵੀ ਆਪਣੀ ਖੱਬੀ ਬਾਂਹ ਉਹਦੇ ਮੋਢੇ ਓਤੋਂ ਦੀ ਵਲ਼ ਦਿੱਤੀ, ਨੇਕ ਨੇ ਆਪਣੇ ਬੁੱਲ੍ਹ ਬਸੰਤ ਦੇ ਬੁੱਲ੍ਹਾਂ ਨਾਲ ਛੁਹਾਏ ਅਤੇ ਆਪਣਾ ਸੱਜਾ ਹੱਥ ਉਹਦੀ ਪਿੱਠ ਪਿੱਛੇ ਲੈ ਗਿਆ।  ਬਸੰਤ ਨੇ ਅੱਖਾਂ ਮੀਚ ਲਈਆਂ।  ਗੁਰਨੇਕ ਦਾ ਸੱਜਾ ਹੱਥ ਥੋੜਾ ਹੋਰ ਅਗੇ ਵਧਿਆ।  ਉਹਨੂੰ ਇਕ ਨਿੱਕਾ ਜਿਹਾ ਚਿਹਰਾ ਮਹਿਸੂਸ ਹੋਇਆ।  ਹੱਥ ਇਕ ਛਿਨ ਲਈ ਕੰਬ ਗਿਆ ਪਰ ਫੇਰ ਹੱਥ ਦੀਆਂ ਉਂਗਲਾਂ ਨਿੱਕੀ ਦੀ ਗਰਦਨ ਦੇ ਪਿੱਛੇ ਚਲੀਆਂ ਗਈਆਂ ਅਤੇ ਅੰਗੂਠਾ ਗਰਦਨ ਦੇ ਅੱਗੇ ਆ ਗਿਆ।  ਉਸ ਨੇ ਮੰਜੇ ਕੋਲ ਬੈਠਿਆਂ ਉਸੇ ਤਰਾਂ ਬਸੰਤ ਨਾਲ ਜੱਫੀ ਪਾਈ ਰੱਖੀ ਅਤੇ ਬੁੱਲ੍ਹਾਂ ਨਾਲ ਬੁਲ੍ਹ ਜੋੜੀ ਰੱਖੇ।  ਸੱਜੇ ਹੱਥ ਦੇ ਅੰਗੂਠੇ ਅਤੇ ਉਂਗਲਾਂ ਦੇ ਵਿਚਕਾਰ ਨਿੱਕੀ ਦੀ ਗਰਦਨ ਨੂੰ ਉਹਨੇ ਦਬਾਉਣਾ ਸ਼ੁਰੂ ਕੀਤਾ।  ਦੋ ਬਹੁਤ ਹੀ ਨਿੱਕੇ ਨਿੱਕੇ ਕੋਮਲ ਹੱਥ ਉਹਦੇ ਗੁੱਟ ਦੁਆਲੇ ਵਲ਼ੇ ਗਏ।  ਨਿੱਕੇ ਕੋਮਲ ਹੱਥਾਂ ਨੇ ਉਹਦੇ ਗੁੱਟ ਨੂੰ ਥੋੜਾ ਜਿਹਾ ਘੁੱਟਿਆ ਪਰ ਫੇਰ ਕੁਝ ਪਲਾਂ ਪਿਛੋਂ ਉਹ ਢਿੱਲੇ ਪੈ ਗਏ।  ਨੇਕ ਨੇ ਅੰਗੂਠੇ ਅਤੇ ਉਂਗਲਾਂ ਦੇ ਵਿਚਕਾਰਲੇ ਦਬਾਅ ਨੂੰ ਇਕ ਵਾਰੀ ਹੋਰ ਦੱਬਿਆ ਤੇ ਫੇਰ ਕੁਝ ਚਿਰ ਪਿਛੋਂ ਢਿੱਲਾ ਛੱਡ ਦਿੱਤਾ।  
''ਚੰਗਾ ਹੁਣ ਤੂੰ ਪਈ ਰਹਿ ਉੱਠ ਨਾ।  ਮੈਂ ਫੇਰ ਤੈਨੂੰ ਮੁੜ ਕੇ ਕਦੋਂ ਲੈਣ ਆਵਾਂ?''
''ਜਦੋਂ ਤੁਹਾਡੀ ਮਰਜੀ।''
ਨੇਕ ਉੱਠ ਕੇ ਖੜ੍ਹਾ ਹੋ ਗਿਆ।  ਚੁਬਾਰੇ ਵਿਚ ਅਜੇ ਕਾਫੀ ਹਨੇਰਾ ਸੀ।  
"ਚੰਗਾ ਹੁਣ ਤੂੰ ਸੌਂ ਜਾ, ਮੈਂ ਚਲਦਾਂ।'' ਗੁਰਨੇਕ ਨੇ ਬਸੰਤ ਦੇ ਮੋਢੇ 'ਤੇ ਹੱਥ ਰਖਦਿਆਂ ਕਿਹਾ।
ਉਹ ਛੇਤੀ ਛੇਤੀ ਪੌੜੀਆਂ ਉੱਤਰ ਕੇ ਥੱਲੇ ਆ ਗਿਆ।  ਸਹੁਰਾ ਉਹਦੇ ਨਾਲ ਸਟੇਸ਼ਨ ਤਕ ਛੱਡਣ ਜਾਣ ਲਈ ਤਿਆਰ ਖੜ੍ਹਾ ਸੀ।  ਗੁਰਨੇਕ ਨੇ ਸੱਸ ਦੇ ਪੈਰੀਂ ਹੱਥ ਲਾਏ।  ਉਹ ਦੋਏ ਜਣੇ ਸਟਸ਼ੇਨ 'ਤੇ ਗੱਡੀ ਚਲਣ ਤੋਂ ਥੋੜਾ ਚਿਰ ਪਹਿਲਾਂ ਠੀਕ ਸਮੇਂ ਹੀ ਪਹੁੰਚ ਗਏ ਸਨ।
ਸਟੇਸ਼ਨ 'ਤੇ ਬਹੁਤੀ ਭੀੜ ਨਹੀਂ ਸੀ।  ਗੁਰਨੇਕ ਇਕ ਖਾਲੀ ਜਿਹੇ ਡੱਬੇ ਵਿਚ ਬਾਰੀ ਦੇ ਨਾਲ ਲਗਦੀ ਸੀਟ 'ਤੇ ਬਹਿ ਗਿਆ।  ਝੋਲਾ ਉਹਨੇ ਆਪਣੇ ਸਹੁਰੇ ਤੋਂ ਫੜ ਕੇ ਸਮਾਨ ਰੱਖਣ ਵਾਲੇ ਫੱਟੇ 'ਤੇ ਰੱਖ ਦਿੱਤਾ।  ਗੱਡੀਓਂ ਹੇਠਾਂ ਉਤਰ ਕੇ ਉਹਨੇ ਆਪਣੇ ਸਹੁਰੇ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ, ''ਚੰਗਾ ਫੇਰ ਬਾਪੂ ਜੀ, ਤੁਸੀਂ ਮੁੜੋ ਘਰ ਨੂੰ।  ਗੱਡੀ ਤਾਂ ਬੱਸ ਚੱਲਣ ਈ ਵਾਲੀ ਐ।''
''ਚੰਗਾ ਬਰਖੁਰਦਾਰ, ਆਪਣੇ ਮਾਂ ਪਿਓ ਨੂੰ ਸਾਡੇ ਵੱਨੀਓਂ ਸਾਸਰੀਕਾਲ ਬੁਲਾਈਂ ਤੇ ਛੋਟੇ ਨੂੰ ਪਿਆਰ ਦੇਈਂ।  ਫੇਰ ਛੇਤੀ ਗੇੜਾ ਮਾਰੀਂ।''
ਸਹੁਰੇ ਨੂੰ ਤੋਰ ਕੇ ਗੁਰਨੇਕ ਫੇਰ ਆਪਣੀ ਸੀਟ 'ਤੇ ਆ ਬੈਠਾ।  ਏਨੇ ਵਿਚ ਇਕ ਸ਼ੁਕੀਨ ਜਿਹਾ ਮੁੰਡਾ ਜਿਹੜਾ ਲਗਦਾ ਤਾਂ ਏਸੇ ਸ਼ਹਿਰ ਦਾ ਈ ਸੀ ਪਰ ਕਿਸੇ ਇੰਗਲੈਂਡ ਜਾਂ ਕਨੇਡਾ ਵਰਗੇ ਦੇਸ਼ ਤੋਂ ਮੁੜ ਕੇ ਆਇਆ ਲਗਦਾ ਸੀ।  ਸਵੇਰੇ ਸਵੇਰੇ ਕਿਸੇ ਬਾਹਰਲੇ ਸੈਂਟ ਦੀਆਂ ਖੁਸ਼ਬੋਆਂ ਉਸ ਵੱਲੋਂ ਆ ਰਹੀਆਂ ਸਨ।  ਉਹ ਗੁਰਨੇਕ ਦੇ ਸਾਹਮਣੇ ਵਾਲੀ ਖਾਲੀ ਸੀਟ 'ਤੇ ਆ ਬੈਠਾ ਸੀ।  ਉਸ ਕੋਲ ਬਾਹਰੋਂ ਲਿਆਂਦਾ ਇਕ ਟਰਾਂਜ਼ਿਸਟਰ ਵੀ ਸੀ।  ਸੀਟ 'ਤੇ ਬੈਠਦਿਆਂ ਸਾਰ ਈ ਉਹਨੇ ਟਰਾਂਜ਼ਿਸਟਰ ਦੇ ਬਟਨ ਘੁਮਾਉਂਦਿਆਂ ਕੋਈ ਸਟੇਸ਼ਨ ਲਾਉਣਾ ਚਾਹਿਆ।  ਥੋੜੇ ਚਿਰ ਪਿੱਛੋਂ ਉਹਨੇ ਟਰਾਂਜ਼ਿਸਟਰ ਕੋਲ ਆਪਣਾ ਕੰਨ ਕਰਦਿਆਂ ਉਹ ਦੀ ਆਵਾਜ਼ ਠੀਕ ਕਰਨ ਦੀ ਕੋਸ਼ਿਸ਼ ਕੀਤੀ।  
''ਯੇ ਆਕਾਸ਼ਵਾਣੀ ਹੈ।  ਅਬ ਆਪ ਕਬੀਰ ਜੀ ਕਾ ਏਕ ਭਜਨ ਸੁਨੀਏ।''
'ਭਲਾ ਹੂਆ...ਮੇਰੀ.ਮਟਕੀ ਫੂਟੀ...ਰੇ...।
ਮੈਂ ਤੋ ਪਨੀਆ...ਭਰਨ...ਸੇ..ਛੂਟੀ...ਰੇ...।'
ਇਕ ਜ਼ਨਾਨਾ ਸੁਰੀਲੀ ਆਵਾਜ਼ ਵਿਚ ਇਹ ਦੋ ਲਾਈਨਾਂ ਬਾਰ ਬਾਰ ਇਕ ਭਜਨ ਬੱਧ ਲੈਅ ਵਿਚ ਦੁਹਰਾਈਆਂ ਜਾ ਰਹੀਆਂ ਸਨ।  ਸਵੇਰ ਦੀ ਚੁੱਪ ਤੇ ਸ਼ਾਂਤ ਮਈ ਵਾਤਾਵਰਣ ਵਿਚ ਆਵਾਜ਼ ਤੇ ਸੰਗੀਤ ਦੋਵੇਂ ਸਾਫ ਸੁਣਾਈ ਦੇ ਰਹੇ ਸਨ।
ਓਧਰ ਗੁਰਨੇਕ ਦੇ ਮਨ ਵਿਚ ਇਹ ਸੰਗੀਤਮਈ ਸੁਰਾਂ ਵਿਚ ਬੱਧੇ ਕਬੀਰ ਸਾਹਿਬ ਦੇ ਸ਼ਬਦਾਂ ਨਾਲ ਇਕ ਤਸੱਲੀ ਤੇ ਸੰਤੁਸ਼ਟੀ ਭਰੇ ਖਿਆਲ ਉਭਰ ਰਹੇ ਸਨ।  ਚੰਗਾ ਹੋਇਆ ਪਿੱਛਾ ਛੁੱਟਿਆ। ਪਰ ਫੇਰ ਕਦੇ ਕਦੇ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪੈਂਦਾ।  ਉਹ ਬੇਧਿਆਨੇਂ ਜਿਹੇ ਆਪਣੇ ਸੱਜੇ ਹੱਥ ਨੂੰ ਝਟਕਦਾ ਜਿਵੇਂ ਉਸ ਨਾਲ ਲੱਗਾ ਕੁਝ ਲਾਹ ਕੇ ਸੁੱਟ ਦੇਣਾ ਚਾਹੁੰਦਾ ਹੋਵੇ।
'ਬੁਰਾ...ਜੋ...ਦੇਖਣ...ਮੈਂ...ਚਲਾ, ਬੁਰਾ...ਨਾ...ਮਿਲਿਆ ਕੋਏ...।
ਜੋ...ਦਿਲ..ਖੋਜਾ ਆਪਨਾ, ਮੁਜ..ਸੇ..ਬੁਰਾ ਨਾ...ਕੋਏ...।'
ਟਰਾਂਜ਼ਿਸਟਰ ਵਿਚੋਂ ਅਗਲੀਆਂ ਦੋ ਲਾਈਨਾਂ ਫੇਰ ਸਾਫ਼ ਸੁਣਾਈ ਦਿੱਤੀਆਂ।  ਗੱਡੀ ਸਟੇਸ਼ਨ ਤੋਂ ਹੌਲੀ ਚੱਲ ਕੇ ਹੁਣ ਤੇਜ਼ ਰਫਤਾਰ ਫੜ ਰਹੀ ਸੀ।  ਉਹਦਾ ਦਿਲ ਕਾਹਲਾ ਪੈਣ ਲੱਗ ਪਿਆ।  ਗੱਡੀ ਦੀ ਰਫਤਾਰ ਤੇਜ਼ ਹੋਣ ਦੇ ਨਾਲ ਨਾਲ ਦਿਲ ਕੀ ਧੜਕਣ ਵੀ ਤੇਜ਼ ਹੋ ਰਹੀ ਸੀ।  ਉਸ ਨੂੰ ਆਪਣੇ ਆਪ ਨਾਲ ਜਿਵੇਂ ਨਫਰਤ ਜਿਹੀ ਹੋਣ ਲੱਗ ਪਈ।  'ਮੈਂ ਇਹ ਕੀਤਾ ਕੀ? ਕਿਉਂ ਕੀਤਾ ਇਹ ਮੈਂ?' ਖਿਆਲ ਉਸ ਨੂੰ ਝੰਜੋੜ ਰਿਹਾ ਸੀ।  ਪਰ ਉੱਤੋਂ ਉਹ ਦੂਜੀਆਂ ਕੁਝ ਕੁ ਸਵਾਰੀਆਂ ਨੂੰ ਸ਼ਾਂਤ ਚਿੱਤ ਨਜ਼ਰ ਆਉਣਾ ਚਾਹੁੰਦਾ ਸੀ।  ਭਜਨ ਸੁਨਣ ਦੇ ਬਹਾਨੇ ਕਦੇ ਉਹ ਅੱਖਾਂ ਮੀਚ ਲੈਂਦਾ।  ਪਰ ਫੇਰ ਅੱਖਾਂ ਪਟੱਕ ਖੁੱਲ੍ਹ ਜਾਂਦੀਆਂ।
'ਜਾ...ਕੋ..ਰਾਖੇ ਸਾਈਆਂ, ਮਾਰ ਸਕੇ..ਨਾ..ਕੋਏ।
ਬਾਲ..ਨਾ...ਬਾਂਕਾਂ..ਕਰ ਸਕੇ, ਜੋ..ਜੱਗ..ਬੈਰੀ ਹੋਏ।'
'ਹੂੰਅ-ਇਹ ਕੀ ਗੱਲ ਬਣੀ?' ਇਹ ਦੋ ਲਾਈਨਾਂ ਸੁਣ ਕੇ ਉਹਨੂੰ ਲੱਗ ਰਿਹਾ ਸੀ ਕਿ ਸਾਂਈ ਦੇ ਰੱਖਣ ਵਾਲੀ ਗੱਲ ਝੂਠੀ ਹੈ।  ਹਰ ਰੋਜ਼ ਖ਼ਬਰਾਂ ਸੁਣਦੇ ਤੇ ਪੜ੍ਹਦੇ ਹਾਂ, ਲੋਕ ਇਕ ਦੂਜੇ ਨੂੰ ਵੱਢੀ-ਟੁੱਕੀ ਜਾ ਰਹੇ ਨੇ।  ਫੇਰ ਵੀ ਫੜੇ ਨਹੀਂ ਜਾਂਦੇ।  ਕਈ ਵਾਰੀ ਤਾਂ ਬੇਗੁਨਾਹ ਈ ਰਗੜੇ 'ਚ ਆ ਜਾਂਦੇ ਐ।  ਓਦੋਂ ਸਾਂਈਂ ਕਿਥੇ ਹੁੰਦੈ? ਲੋਕ ਤਾਂ ਸ਼ਰੇ-ਆਮ ਕਤਲ ਕਰਕੇ ਵੀ ਬਰੀ ਹੋ ਜਾਂਦੇ ਐ।
ਗੱਡੀ ਹੌਲੀ ਹੁੰਦੀ ਹੁੰਦੀ ਅਗਲੇ ਸਟੇਸ਼ਨ 'ਤੇ ਜਾ ਰੁਕੀ।  ਗੱਡੀ ਦੇ ਖੜ੍ਹਨ ਨਾਲ ਲੱਗੇ ਝਟਕੇ ਨੇ ਉਹਦਾ ਧਿਆਨ ਸਟੇਸ਼ਨ ਵੱਲ ਖਿੱਚਿਆ।  ਸਟੇਸ਼ਨ ਤੇ ਕੋਈ ਬਹੁਤੀ ਭੀੜ ਵੀ ਨਹੀਂ ਸੀ ਬੱਸ ਪੰਜ-ਸੱਤ ਸਵਾਰੀਆਂ ਈ ਚੜ੍ਹੀਆਂ-ਉਤਰੀਆਂ ਹੋਣਗੀਆਂ, ਕੋਈ ਜਾਣਿਆ-ਪਛਾਣਿਆ ਚਿਹਰਾ ਵੀ ਨਜ਼ਰ ਨਹੀਂ ਸੀ ਆ ਰਿਹਾ।  ਥੋੜੇ ਚਿਰ ਪਿੱਛੋਂ ਗੱਡੀ ਫੇਰ ਚੱਲ ਪਈ।
'ਜੋ..ਕਛੁ...ਦੀਆ...ਸੋ ...ਤੁਮ ਦੀਆ,..ਮੈਂ ਕਛੁ ਦੀਆ...ਨਾਹੀਂ।
ਕਹੋ...ਕਹੀ...ਜੋ...ਮੈਂ...ਕੀਆ,..ਤੁਮ..ਹੀ..ਥੇ...ਮੁਝ...ਮਾਂਹੀਂ...।'
ਮੁੰਡੇ ਨੇ ਟਰਾਂਜ਼ਿਸਟਰ ਦੀ ਆਵਾਜ਼ ਇਸ ਵਾਰ ਥੋੜੀ ਹੋਰ ਉੱਚੀ ਕਰ ਦਿੱਤੀ ਸੀ।  ਗੱਡੀ ਕਾਂਟਾ ਬਦਲ ਰਹੀ ਸੀ।  ਹੇਠਾਂ ਰੇਲ ਦੀਆਂ ਲੀਹਾਂ, 'ਤੇ ਚਲਦੇ ਗੱਡੀ ਦੇ ਪਹੀਆਂ ਦਾ ਸ਼ੋਰ ਵੱਧ ਚੁੱਕਾ ਸੀ।  ਨੇਕ ਦਾ ਧਿਆਨ ਇਹਨਾਂ ਦੋ ਲਾਈਨਾਂ ਵਿਚ ਅਟਕਿਆ।  ਹੁਣ ਜਿਵੇਂ ਉਸ ਨੂੰ ਰੱਬ ਦੀ ਹੋਂਦ ਦਾ ਅਹਿਸਾਸ ਹੋ ਰਿਹਾ ਸੀ।
'ਬੰਦੇ ਦੇ ਤਾਂ ਕੁਸ਼ ਵੱਸ ਨੀ! ਜੋ ਕਰੇ ਕਰਤਾਰ! ਬੰਦੇ ਦਾ ਆਵਦਾ ਮਾਜਨਾ ਈ ਕੀ ਐ? ਜੋ ਕਰਾਉਂਦੈ, ਬੰਦੇ ਤੋਂ ਰੱਬ ਈ ਕਰਾਉਂਦੈ।  ਬੰਦਾ ਤਾਂ ਹੈ ਈ ਕਠਪੁਤਲੀ!'
ਇਹੋ ਜਿਹੀਆਂ ਸੋਚਾਂ ਉਹਦੇ ਮਨ ਨੂੰ ਤਸੱਲੀ ਦੇ ਰਹੀਆਂ ਸਨ।  ਹੁਣ ਉਹਦਾ ਮਨ ਕੁਝ ਟਿਕਾਣੇ ਸੀ।  ਉਹ ਹੁਣ ਬਾਹਰ ਪਿੱਛੇ ਭੱਜੇ ਜਾਂਦੇ ਖੇਤਾਂ ਤੇ ਦਰਖਤਾਂ ਵੱਲ ਦੇਖ ਰਿਹਾ ਸੀ।  ਕਦੇ ਕਦੇ ਉਹ ਉਪਰ ਅਸਮਾਨ ਵੱਲ ਝਾਕਦਾ।  ਸੋਚਾਂ ਦੇ ਡੋਬੇ-ਸੋਕਿਆਂ ਵਿਚ ਕਾਫੀ ਸਮਾਂ ਗੁਜਰ ਚੁੱਕਾ ਸੀ।  ਗੱਡੀ ਕਈ ਸਟੇਸ਼ਨਾਂ 'ਤੇ ਰੁੱਕ ਕੇ ਚਲਦੀ ਹੋਈ ਉਹਦੇ ਸਟੇਸ਼ਨ ਦੇ ਨੇੜੇ ਪਹੁੰਚ ਰਹੀ ਸੀ।
ਟਰਾਂਜ਼ਿਸਟਰ ਤੇ ਹੁਣ ਕੋਈ ਫਿਲਮੀ ਗੀਤ ਵੱਜ ਰਿਹਾ ਸੀ।  ਏਨਾਂ ਲੰਮਾ ਸਮਾਂ ਜਿਵੇਂ ਝੱਟ ਈ ਲੰਘ ਗਿਆ ਹੋਵੇ।  ਪਰ ਕਬੀਰ ਸਾਹਬ ਦੇ ਭਜਨ ਦੀਆਂ ਦੋ ਲਾਈਨਾਂ 'ਭਲਾ ਹੂਆ ਮੇਰੀ ਮਟਕੀ...' ਉਹਦੇ ਕੰਨਾਂ 'ਚ ਅਜੇ ਵੀ ਗੂੰਜ ਰਹੀਆਂ ਸਨ।  ਉਹਦਾ ਸਟੇਸ਼ਨ ਆਉਣ ਵਾਲਾ ਸੀ।  ਗੱਡੀ ਹੌਲੀ ਹੋ ਰਹੀ ਸੀ।  ਉਹ ਝੋਲਾ ਚੱਕ ਕੇ ਗੱਡੀ ਦੇ ਬਾਰ ਕੋਲੇ ਜਾ ਖੜਾ।
ਜਦੋਂ ਉਹ ਦੁਪਹਿਰ ਕੁ ਵੇਲੇ ਘਰ ਪਹੁੰਚਿਆ ਤਾਂ ਦਿਆਕੁਰ ਜਿਵੇਂ ਪਹਿਲਾਂ ਤੋਂ ਈ ਉਹਨੂੰ ਉਡੀਕਦੀ ਹੋਵੇ।  ਪੀੜ੍ਹੀ ਡਾਹ ਕੇ ਉਹ ਬਾਰ ਵਿਚ ਹੀ ਬੈਠੀ ਸੀ।  
''ਹੋਰ ਪੁੱਤ ਓਥੇ ਸਭ ਸੁੱਖ-ਸਾਂਦ ਸੀ?''
"ਹਾਂ।'' ਅਣਸੁਣੀ ਜਿਹੀ ਆਵਾਜ਼ ਵਿਚ ਉਹਨੇ ਕਿਹਾ ਤੇ ਸਮਾਨ ਵਾਲਾ ਝੋਲ਼ਾ ਦਿਆਕੁਰ ਨੂੰ ਫੜਾ ਕੇ ਚੁਬਾਰੇ ਚੜ੍ਹ ਗਿਆ।  ਜਾਂਦੇ ਸਾਰ ਉਹ ਮੰਜੇ 'ਤੇ ਡਿੱਗ ਪਿਆ, ਥੋੜ੍ਹੇ ਚਿਰ ਪਿੱਛੋਂ ਜਦੋਂ ਦਿਆਕੁਰ ਪਾਣੀ ਦਾ ਗਲਾਸ ਲੈ ਕੇ ਆਈ ਤਾਂ ਉਹ ਮੂਧੇ ਮੂੰਹ ਪਿਆ ਸੀ।  
''ਪੁੱਤ ਕੀ ਗੱਲ ਤੂੰ ਹੈਂਅ ਕਿਉਂ ਪਿਐਂ ਸਭ ਠੀਕ-ਠਾਕ ਐ?''
''ਹੂੰ।''
''ਤੂੰ ਬੋਲਦਾ ਕਿਉਂ ਨੀ ਚੰਗੀ ਤਰਾਂ?''
''ਓਥੇ ਸਭ ਠੀਕ ਸੀ।''
''ਤੂੰ ਪੁੱਛਿਆ ਨੀ ਬਈ ਉਹ ਬਹੂ ਨੂੰ ਕਦੋਂ ਭੇਜਣਗੇ?''
''ਪਤਾ ਨੀ।''
''ਲੈ ਇਹ ਕੋਈ ਗੱਲ ਬਣੀ!''
ਗੁਰਨੇਕ ਦਿਆਕੁਰ ਨੂੰ ਤਸੱਲੀਬਖ਼ਸ਼ ਜਵਾਬ ਨਹੀਂ ਸੀ ਦੇ ਰਿਹਾ।
ਦਿਆਕੁਰ ਨੂੰ ਫਿਕਰ ਹੋਣ ਲੱਗਾ।
''ਤੂੰ ਕੁੜੀ ਨੂੰ ਦੇਖਿਆ ਹੋਣੈਂ, ਉਹਦਾ ਮੜ੍ਹੰਗਾ ਤੇਰੇ 'ਤੇ ਐ ਕਿ ਬਸੰਤ 'ਤੇ?''
''ਪਤਾ ਨੀ।'' ਗੁਰਨੇਕ ਅਜੇ ਵੀ ਮੂਧੇ-ਮੂੰਹ ਪਿਆ ਜਵਾਬ ਦੇਈ ਜਾ ਰਿਹਾ ਸੀ।
''ਤੈਨੂੰ ਹੋਇਆ ਕੀ ਐ?'' ਦਿਆਕੁਰ ਖਿੱਝ ਕੇ ਬੋਲੀ।
''ਮੈਨੂੰ ਕੀ ਹੋਣਾ ਸੀ।''
''ਤੂੰ ਚੱਜ ਨਾਲ ਗੱਲ ਕਿਉਂ ਨੀ ਕਰਦਾ?''
''ਜੇ ਕੋਈ ਗੱਲ ਹੋਵੇ ਤਾਂ ਕਰਾਂ!''
ਹਾਰ ਕੇ ਦਿਆਕੁਰ ਥੱਲੇ ਉਤਰ ਆਈ।  ਜਦੋਂ ਉਹ ਵਿਹੜੇ ਵਾਲੇ ਵੱਡੇ ਬਾਰ ਦਾ ਕੁੰਡਾ ਲਾਉਣ ਲੱਗੀ ਤਾਂ ਅੱਗੋਂ ਸ਼ਾਮੋ ਸੁਨਿਆਰੀ ਨੇ ਝੱਟ ਪੁੱਛ ਲਿਆ-
''ਨੀਂ ਦਿਆਕੁਰੇ ਥੋਡਾ ਮੁੰਡਾ ਸਹੁਰੀਂ ਜਾ ਆਇਆ?''
''ਹਾਂ, ਜਾ ਆਇਆ।''
"ਲੈ ਤੈਨੂੰ ਮੈਂ ਦੱਸਾਂ।  ਮੇਰੀ ਭਤੀਜੀ ਅਜੇ ਪਿਛਲੇ ਸਾਲ ਈ ਬਿਆਹੀ ਸੀ ਤੇ ਤੈਨੂੰ ਮੈਂ ਦੱਸਾਂ, ਉਹਨੂੰ ਤਾਂ ਭਾਈ ਉਹਦੇ ਸਹੁਰੇ ਬਲਾ-ਈ ਤੰਗ ਕਰਦੇ।  ਕੁਟਦੇ-ਮਾਰਦੇ ਵੀ ਸੀ।  ਦੋ ਕੁ ਵਾਰੀਂ ਤਾਂ ਪੇਕੀਂ ਵੀ ਛੱਡ ਗਿਆ ਸੀ ਪਰਾਹੁਣਾ ਆ ਕੇ ਤੈਨੂੰ ਮੈਂ ਦੱਸਾਂ।  ਅੱਜ ਕਲ ਉਹ ਕੀ ਆਂਹਦੇ ਹੁੰਦੇ ਐ ਤੈਨੂੰ ਮੈਂ ਦੱਸਾਂ ਸਕੂਟਰ-ਸਕਾਟਰ ਜਿਆ ਵੀ ਮੰਗਦੇ ਸੀ।  ਹੈ-ਨੀ ਲੋਹੜਾ ਆ ਗਿਆ ਤੈਨੂੰ ਮੈਂ ਦੱਸਾਂ ਦਿਆਕੁਰੇ।  ਜਿਮੇਂ ਵਾਖਰੂ ਨੂੰ ਮੰਨਜੂਰ ਭੈਣੇ, ਉਹਨਾਂ ਨੇ ਤਾਂ ਕੁੜੀ ਸਾਡੀ ਸਾੜ ਕੇ ਮਾਰ-ਤੀ; ਤੈਨੂੰ ਮੈਂ ਦੱਸਾਂ।  ਲੈ ਹੋਰ ਸੁਣ ਲੈ, ਗਾਹਾਂ ਤੈਨੂੰ ਮੈਂ ਦੱਸਾਂ, ਉੱਤੋਂ ਕਹਿੰਦੇ ਐ ਕਿ ਘਰੇ ਈ ਉਹ ਕੀ ਅੱਗ ਲੱਗਣਾ ਸਟੋਪ-ਸਟੂਪ ਜਿਆ ਜਿਹੜਾ ਹੁੰਦੈ, ਤੈਨੂੰ ਮੈਂ ਦੱਸਾਂ, ਅੱਖੇ ਭਾਈ ਉਹ ਫਟ ਗਿਆ ਆਪੇ ਈ ਤੇ ਭੜਾਕਾ ਪੈ ਗਿਆ, ਤੈਨੂੰ ਮੈਂ ਦੱਸਾਂ, ਤੇ ਕਹਿੰਦੇ ਕੁੜੀ ਤਾਂ ਇਉਂ ਆਪੇ ਈ ਮਰ'ਗੀ।  ਜਦੋਂ ਤੈਨੂੰ ਮੈਂ ਦੱਸਾਂ ਮੇਰਾ ਬੀਰ ਠਾਣੇ ਰਪਟ ਲੱਖੌਣ ਗਿਆ ਨਾਂ ਭੈਣੇ ਤੈਨੂੰ ਮੈਂ ਦੱਸਾਂ ਪੈਸੇ ਲਏ ਬਿਨਾਂ ਉਹ ਰਪਟ ਨਾ ਲਿਖਣ।  ਠਾਣੇ ਆਲੇ ਕਿਹੜਾ ਘੱਟ ਹੁੰਦੇ ਐ ਤੈਨੂੰ ਮੈਂ ਦੱਸਾਂ।  ਉਹਨਾਂ ਨੇ ਕੁੜੀ ਦੇ ਸਹੁਰਿਆਂ ਤੋਂ ਵੀ ਵਾਹਵਾ ਪੈਸੇ ਝਾੜ ਲੇ, ਤੈਨੂੰ ਮੈਂ ਦੱਸਾਂ।  ਚੌਥੇ-ਕ-ਦਿਨ ਤੈਨੂੰ ਮੈਂ ਦੱਸਾਂ ਚਪਾਹੀ ਸੱਦਣ ਆ ਜਾਂਦੇ ਐ ਬਣਦਾ ਬਣਾਉਂਦਾ ਕੁਸ਼ਨੀ ਤੈਨੂੰ ਮੈਂ ਦੱਸਾਂ।  ਲੈ ਹੋਰ ਸੁਣ ਲੈ...''
ਸ਼ਾਮੋ ਜਦੋਂ ਗੱਲ ਕਰਨ ਲਗਦੀ ਤਾਂ ਸਾਹ ਕਿਹੜਾ ਲੈਂਦੀ।  ਗੱਲ ਦੀ ਲੜੀ ਨਾ ਟੁੱਟਣ ਦਿੰਦੀ।  ਦਿਆਕੁਰ ਨੇ ਵਿਚੋਂ ਈ ਟੋਕ ਕੇ ਕਿਹਾ-
''ਲੈ ਭੈਣੇ ਆਪਾਂ ਕਿਸੇ ਦਾ ਕੀ ਸਮਾਰ ਸਕਦੇ ਐਂ।  ਏਥੇ ਤਾਂ ਆਵਦੀਆਂ ਬਣੀਆਂ ਨਿਬੜ ਜਾਣ ਓਹੀ ਬਹੁਤ ਐ।''
''ਨੀ ਗਾਹਾਂ ਤਾਂ ਸੁਣ, ਤੈਨੂੰ ਮੈਂ ਦੱਸਾਂ।  ਉਹ ਮੇਰਾ ਭਾਣਜਾ ਸੀ ਨਾ, ਭਦੌੜ ਆਲਾ, ਉਹ ਤਾਂ ਭਾਈ ਕਿਸੇ ਦੀ ਕੁੜੀ ਕੱਢ ਕੇ ਲੈ ਗਿਆ ਪਿੰਡੋਂ ਤੈਨੂੰ ਮੈਂ ਕੀ ਦੱਸਾਂ ਦਿਆਕੁਰੇ ਜਿਹੜੀ ਬਦਨਾਮੀ ਹੋਈ; ਮੇਰੀ ਭੈਣ ਦੇ ਸਹੁਰਿਆਂ ਦੀ; ਪੁੱਛ ਕੁਸ ਨਾ ਤੈਨੂੰ ਮੈਂ ਦੱਸਾਂ।  ਹੁਣ ਸਭ ਨੂੰ ਭਾਜੜ ਪਈ ਫਿਰਦੀ ਐ, ਤੈਨੂੰ ਮੈਂ ਦੱਸਾਂ।  ਮੈਂ ਤਾਂ...''
ਦਿਆਕੁਰ ਨੇ ਫੇਰ ਗੱਲ ਵਿਚੋਂ ਟੋਕਦਿਆਂ ਸ਼ਾਮੋ ਤੋਂ ਖਹਿੜਾ ਛੁਡਾਉਣਾ ਚਾਹਿਆ-
"ਚੱਲ ਜੋ ਵਾਖਰੂ ਨੂੰ ਮੰਨਜੂਰ, ਤੂੰ ਆ-ਜਾ ਚਾਹ-ਪਾਣੀ ਪੀ ਲੈ।''
''ਨਹੀਂ ਭੈਣੇ, ਮੈਂ ਚਲਦੀ ਆਂ ਤੈਨੂੰ ਮੈਂ ਦੱਸਾਂ, ਬਹੂ ਕੁਸ ਨਾ ਕੁਸ ਬਗਾੜੀ ਬੈਠੀ ਹੋਊ।''
ਦਿਆਕੁਰ ਨੂੰ ਫਿਕਰ ਲੱਗ ਗਿਆ ਸੀ।  ਉਹਨੂੰ ਕੁਝ ਠੀਕ ਨਹੀਂ ਸੀ ਲੱਗ ਰਿਹਾ।  ਉਹਦਾ ਚਿੱਤ ਟਿਕਾਣੇ ਨਹੀਂ ਸੀ।  ਆਥਣ ਤੱਕ ਉਹ ਭਗਤ ਸਿਉਂ ਦੀ ਉਡੀਕ ਕਰਦੀ ਰਹੀ।  ਉਹਦੇ ਘਰੇ ਆਉਣ ਸਾਰ ਹੀ ਦਿਆਕੁਰ ਨੇ ਗੱਲ ਤੋਰੀ-
"ਨੇਕ ਸਹੁਰੀਂ ਕੀ ਜਾ ਕੇ ਆਇਐ ਕੁਸ਼ ਨੀ ਦਸਦਾ।  ਡੁੰਨ-ਵੱਟਾ ਜਿਆ ਬਣਿਆ ਬੈਠੈ।''
''ਤੈਨੂੰ ਉਹਦੇ ਸੁਭਾਅ ਦਾ ਪਤਾ ਤਾਂ ਹੈ, ਉਹਨੇ ਗੱਲ ਕੀ ਕਰਨੀ ਸੀ।''
''ਮੈਨੂੰ ਲਗਦੈ ਬਈ ਉਹਦੇ ਸਹੁਰਿਆਂ ਨੇ ਨਾ ਉਹਨੂੰ ਕੁਸ਼ ਕਹਿ-ਤਾ ਹੋਵੇ!''
''ਉਹਨਾਂ ਵਿਚਾਰਿਆਂ ਨੇ ਕੀ ਆਖਣਾ ਸੀ ਉਹਨੂੰ?''
ਏਨੇ ਨੂੰ ਘਰ ਦਾ ਬੂਹਾ ਕਿਸੇ ਨੇ ਆ ਖੜਕਾਇਆ। ਭਗਤ ਸਿਉਂ ਨੇ ਅੱਗੇ ਹੋ ਕੇ ਦੇਖਿਆ ਕੋਈ ਓਪਰਾ ਬੰਦਾ ਖੜ੍ਹਾ ਸੀ।
''ਦੱਸੋ ਜੀ, ਕਿਵੇਂ ਆਉਣਾ ਹੋਇਆ?''
''ਮੈਂ ਜੀ, ਫਿਰੋਜ਼ਪੁਰੋਂ ਆਇਐਂ। ਤੁਹਾਨੂੰ ਇਕ ਸੁਨੇਹਾ ਦੇਣੈ। ਅੱਜ ਸਵੇਰੇ ਨਿੱਕੀ ਬਿਸਤਰੇ 'ਚ ਈ ਪਈ ਮਰ-ਗੀ।''
''ਕਿਹੜੀ ਨਿੱਕੀ? ਮੈਨੂੰ ਤਾਂ ਤੇਰੀ ਗੱਲ ਦੀ ਭਾਈ ਕੋਈ ਸਮਝ ਨੀ ਆਈ।'' ਭਗਤ ਸਿਉਂ ਨੇ ਸ਼ੱਕੀ ਨਿਗਾਹ ਨਾਲ ਬੰਦੇ ਵੱਲ ਦੇਖਦਿਆਂ ਕਿਹਾ।
''ਓ ਜੀ, ਜਿਹੜਾ ਤੁਹਾਡਾ ਮੁੰਡਾ ਗੁਰਨੇਕ ਸਿੰਘ ਫਿਰੋਜ਼ਪੁਰ ਵਿਆਹਿਆ ਹੋਇਐ, ਉਹਦੀ ਘਰ ਵਾਲੀ ਦੇ ਕੁਝ ਦਿਨ ਪਹਿਲਾਂ ਕੁੜੀ ਹੋਈ ਸੀ, ਉਹ ਅੱਜ ਸਵੇਰੇ ਗੁਜਰ-ਗੀ।''
''ਹੈਂ! ਇਹ ਕੀ ਗੱਲ ਆਖੀ ਭਾਈ ਤੂੰ? ਸਾਡਾ ਮੁੰਡਾ ਤਾਂ ਅੱਜ ਈ ਆਵਦੇ ਸਹੁਰੀਂ ਜਾ ਕੇ ਆਇਐ।  ਓਥੇ ਤਾਂ ਸਭ ਠੀਕ-ਠਾਕ ਐ।'' ਦਿਆਕੁਰ ਨੇ ਉਸ ਬੰਦੇ ਦੀ ਗੱਲ ਸੁਣ ਕੇ ਜਵਾਬ ਦਿੱਤਾ।
''ਚੱਲ ਭਾਈ ਤੂੰ ਅੰਦਰ ਆ ਕੇ ਬੈਠ ਤੇ ਚੰਗੀ ਤਰਾਂ ਗੱਲ ਦੱਸ।''
ਭਗਤ ਸਿੰਘ ਨੇ ਉਹਨੂੰ ਅੰਦਰ ਆਉਣ ਲਈ ਕਿਹਾ।  ਦਿਆਕੁਰ ਨੇ ਵਰਾਂਡੇ ਵਿਚ ਉਹਦੇ ਲਈ ਮੰਜਾ ਡਾਹ ਦਿੱਤਾ।  ਉਹ ਦੇਵੋਂ ਜੀਅ ਸਾਹਮਣੇ ਪਏ ਮੰਜੇ 'ਤੇ ਬਹਿ ਗਏ।
''ਉਹ ਤਾਂ ਜੀ ਅੱਜ ਸਵੇਰੇ ਦਿਨ ਚੜ੍ਹੇ ਜਦੋਂ ਪਤਾ ਲੱਗਿਆ ਤਾਂ ਅਸੀਂ ਪੰਜ-ਸੱਤ ਬੰਦੇ 'ਕੱਠੇ ਹੋ ਕੇ ਦਪਿਹਰੇ ਜਿਹੇ ਕੁੜੀ ਨੂੰ ਦੱਬ ਆਏ ਸੀ।'' ਭਗਤ ਸਿੰਘ ਚੁੱਪ-ਚਾਪ ਬੈਠਾ ਸੁਣਦਾ ਰਿਹਾ।
''ਭਾਈ ਸਾਨੂੰ ਮੂੰਹ ਤਾਂ ਦਖਾ ਦਿੰਦੇ।'' ਦਿਆਕੁਰ ਨੇ ਅੱਖਾਂ ਭਰਦਿਆਂ ਕਿਹਾ।
''ਕਰਤਾਰ ਦਾ ਭਾਣਾ।  ਜਿਸ ਕੀ ਵਸਤ ਉਸੀ ਕੋ ਸਾਜੇ।'' ਭਗਤ ਸਿਉਂ ਨੇ ਹਉਕਾ ਲੈਂਦਿਆਂ ਤਸੱਲੀ ਕਰਾਉਣ ਦੀ ਕੋਸ਼ਿਸ਼ ਕੀਤੀ।
ਥੋੜਾ ਚਿਰ ਚੁੱਪ ਛਾਈ ਰਹੀ।
''ਰੱਬ ਅੱਗੇ ਕਿਸੇ ਦਾ ਕੋਈ ਜੋਰ ਨੀ ਚਲਦਾ।  ਚੰਗਾ ਭਾਈ ਸ੍ਹਾਬ ਤੁਸੀਂ ਰੋਟੀ ਰਾਟੀ ਖਾ ਕੇ ਜਾਇਓ।'' ਭਗਤ ਸਿੰਘ ਨੇ ਹੱਥ ਜੋੜ ਕੇ ਬੇਨਤੀ ਕਰਨੀ ਚਾਹੀ ਪਰ ਉਸ ਬੰਦੇ ਨੇ ਇਹ ਕਹਿ ਕੇ ਜੁੱਤੀ ਪਾ ਲਈ ਕਿ ਉਹਨੇ ਹੋਰ ਵੀ ਇਕ ਦੋ ਥਾਂਈ ਸੁਨੇਹੇ ਦੇਣੇ ਹਨ।
''ਦੇਖਿਆ, ਮੈਂ ਕਿਹਾ ਸੀ ਨਾ ਕਿ ਜਰੂਰ ਕੁਸ਼ ਚੰਗਾ ਮਾੜਾ ਹੋਊਗਾ ਅੱਜ।  ਮੇਰੀ ਸਵੇਰ ਦੀ ਸੱਜੀ ਅੱਖ ਫਰਕੀ ਜਾਂਦੀ ਸੀ।''
ਦਿਆਕੁਰ ਨੇ ਭਗਤ ਸਿਉਂ ਨੂੰ ਕਿਹਾ-
''ਉਹ ਵੱਡੇ ਸ੍ਹਾਬ ਨੇ ਆ ਕੇ ਤੈਨੂੰ ਕੁਸ਼ ਵੀ ਨੀ ਦੱਸਿਆ?''
''ਨਾ, ਉਹ ਤਾਂ ਕਹਿੰਦਾ ਸੀ ਸਭ ਸੁੱਖ-ਸਾਂਦ ਐ।''
''ਚਲੋ, ਹੁਣ ਆਪਾਂ ਨੂੰ ਪਰੋਜਪੁਰ ਤਾਂ ਜਾਣਾ ਈ ਪਊ।''
''ਲੋਕਾਂ ਨੂੰ ਜਦੋਂ ਪਤਾ ਲੱਗੂ ਤਾਂ ਕੀ ਆਖਣਗੇ?''
"ਆਖਣਾ ਕੀ ਐ ਨਿਆਣਿਆਂ ਨੂੰ ਜੰਮਣ ਪਿੱਛੋਂ ਸੌ ਔਹਰ-ਸੌਰ ਹੋ ਜਾਂਦੀ ਐ, ਕਿਹੜਾ ਕਿਸੇ ਨੂੰ ਪਤਾ ਲਗਦੈ।''
ਦੋਹਾਂ ਜੀਆਂ ਨੇ ਗੁਰਨੇਕ ਨੂੰ ਆਵਾਜ਼ ਮਾਰ ਕੇ ਥੱਲੇ ਸੱਦਿਆ।  ਜਦੋਂ ਉਹਨੂੰ ਪੁੱਛਿਆ ਤਾਂ ਉਹਨੇ ਕਿਸੇ ਗੱਲੋਂ ਵੀ ਕੋਈ ਪੱਲਾ ਨਾ ਫੜਾਇਆ। ਅਖੀਰ ਸਾਰਿਆਂ ਨੇ ਅਗਲੇ ਦਿਨ ਫਿਰੋਜ਼ਪੁਰ ਜਾਣ ਦਾ ਫੈਸਲਾ ਕੀਤਾ।
ਨੇਕ ਨੂੰ ਅਗਲੀ ਰਾਤ ਵੀ ਨੀਂਦ ਨਾ ਆਈ।  ਉਹ ਵਾਰ ਵਾਰ ਆਪਣੇ ਸੱਜੇ ਹੱਥ ਨੂੰ ਝਟਕਦਾ ਤੇ ਵਾਰ ਵਾਰ ਉਹਨੂੰ ਲਗਦਾ ਜਿਵੇਂ ਛੋਟੇ ਛੋਟੇ ਦੋ ਮਲੂਕ ਹੱਥ ਉਹਦੇ ਗੁੱਟ ਦੁਆਲੇ ਲਿਪਟੇ ਹੋਣ ਤੇ ਫੇਰ ਢਿੱਲੇ ਪੈ ਗਏ ਹੋਣ।  ਉਸ ਨੇ ਮਨ ਕਰੜਾ ਕਰਕੇ ਹਾਦਸੇ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ।  ਉਸ ਨੂੰ ਭਗਤ ਕਬੀਰ ਦੇ ਸ਼ਬਦ ਵਾਰ ਵਾਰ ਯਾਦ ਆ ਰਹੇ ਸਨ।  ਮਨ ਬੇਚੈਨ ਸੀ ਪਰ ਉਸ ਨੇ ਜਿਵੇਂ ਆਪਣੇ ਆਪ ਨੂੰ ਤਸੱਲੀ ਦਿੱਤੀ ਹੋਵੇ, ''ਮਨ ਦਾ ਕੀ ਐ, ਇਹਨੂੰ ਕਾਬੂ ਕਰਨਾ ਕੋਈ ਔਖਾ ਤਾਂ ਨੀ।''

***

No comments:

Post a Comment