Saturday 29 May 2010

ਲੋਕੁ ਕਹੈ ਦਰਵੇਸੁ :: ਪੰਦ੍ਹਵੀਂ ਕਿਸ਼ਤ...

ਲੋਕੁ ਕਹੈ ਦਰਵੇਸੁ :: ਪੰਦ੍ਹਵੀਂ ਕਿਸ਼ਤ...

ਗੁਰਨੇਕ ਦੀ ਸੋਚ ਆਪਣੀਆਂ ਚਾਲਾਂ ਚਲਦੀ ਰਹੀ।  ਉਹ ਘਰ ਦੇ ਹਾਲਾਤ 'ਤੇ ਪੂਰੀ ਨਿਗ੍ਹਾ ਰੱਖ ਰਿਹਾ ਸੀ।  ਚਰਨਜੀਤ ਦੇ ਜਾਣ ਪਿੱਛੋਂ ਭਗਤ ਸਿੰਘ ਨਿਰਾਸ਼ਾਗ੍ਰਸਤ ਹੋ ਗਿਆ ਤੇ ਜਿੰਨਾ ਵੀ ਪਹਿਲਾਂ ਥੋੜਾ-ਬਹੁਤ ਤੁਰਨ-ਫਿਰਨ ਜੋਗਾ ਹੋਇਆ ਸੀ ਉਹ ਵੀ ਬੰਦ ਹੋ ਗਿਆ।  ਉਹ ਉਦਾਸ ਜਿਹਾ ਹੋਇਆ ਸਾਰਾ ਦਿਨ ਜਾਂ ਤਾਂ ਮੰਜੇ 'ਤੇ ਪਿਆ ਰਹਿੰਦਾ ਜਾਂ ਬੈਠਾ ਰਹਿੰਦਾ।  ਦਿਆਕੁਰ ਉਹਦੇ ਓਹੜ-ਪੋਹੜ ਵਿਚ ਲੱਗੀ ਰਹਿੰਦੀ।  ਚਰਨਜੀਤ ਗੁਰਨੇਕ ਨੂੰ ਲਗਾਤਾਰ ਚਿੱਠੀਆਂ ਲਿਖਦਾ ਰਹਿੰਦਾ ਜਿਹਨਾਂ ਵਿਚ ਉਹਨਾਂ ਦੇ ਬਾਪੂ ਜੀ ਦੇ ਸਿਹਤ ਬਾਰੇ ਹੀ ਗੱਲਾਂ ਪੁੱਛੀਆਂ ਹੁੰਦੀਆਂ ਅਤੇ ਸਾਰਿਆਂ ਦਾ ਹਾਲ-ਚਾਲ ਪੁੱਛਿਆ ਹੁੰਦਾ।  ਗੁਰਨੇਕ ਉਹਦੀ ਦੂਜੀ ਜਾਂ ਤੀਜੀ ਚਿੱਠੀ ਦਾ ਜਵਾਬ ਲਿਖਦਿਆਂ ਸਭ ਸੁਖ-ਸਾਂਦ ਲਿਖਣ ਪਿਛੋਂ ਆਪਣੀ ਬਿਮਾਰੀ ਬਾਰੇ ਲੰਮਾ ਵੇਰਵਾ ਲਿਖਦਾ।  ਜਾਇਦਾਦ ਦੀ ਵੰਡ ਬਾਰੇ ਹੁਣ ਉਸ ਨੇ ਆਪਣੀਆਂ ਚਿੱਠੀਆਂ ਵਿਚ ਲਿਖਣਾ ਬੰਦ ਕਰ ਦਿੱਤਾ ਸੀ।  ਡੇਢ ਦੋ ਮਹੀਨਿਆਂ ਵਿਚ ਹੀ ਭਗਤ ਸਿੰਘ ਬਹੁਤ ਕਮਜ਼ੋਰ ਹੋ ਗਿਆ ਸੀ।  ਉਹ ਆਏ-ਗਏ ਦੀਆਂ ਗੱਲਾਂ ਦਾ ਜਵਾਬ ਵੀ ਹਾਂ-ਹੂੰ ਵਿਚ ਹੀ ਦਿੰਦਾ।
ਗੁਰਨੇਕ ਕਈ ਦਿਨ ਸੋਚਣ ਪਿੱਛੋਂ ਇਕ ਦਿਨ ਰਾਜ ਕੁਮਾਰ ਵਕੀਲ ਦੇ ਘਰ ਚਲਾ ਗਿਆ।  ਰਾਜ ਕੁਮਾਰ ਨੇ ਦੇਖਦਿਆਂ ਹੀ ਆਦਤ ਅਨੁਸਾਰ ਕਿਹਾ-
''ਵਾਹ-ਵਾਹ ! ਕਿਧਰੋਂ ਅੱਜ ਦਿਨ ਦੂਜੇ ਪਾਸਿਓਂ ਚੜ੍ਹ ਗਿਆ? ਕਵੀ ਸਾਹਬ ਅੱਜ ਸਾਡੇ ਘਰ ਦਾ ਰਸਤਾ ਕਿਵੇਂ ਭੁੱਲ ਗਏ? ਆਓ ਬੈਠੋ! ਤੁਸੀਂ ਐਧਰ ਕੁਰਸੀ 'ਤੇ ਬੈਠੋ ਆਰਾਮ ਨਾਲ!''
''ਵਕੀਲ ਸਾਹਬ ਤੁਹਾਡੇ ਕੋਲ ਕੋਈ ਕੰਮ ਕਰਕੇ ਹੀ ਆਇਆ ਜਾਂਦੈ।  ਕਹਿੰਦੇ ਐ ਬਈ ਡਾਕਟਰਾਂ ਤੇ ਵਕੀਲਾਂ ਦੇ ਵੱਸ ਰੱਬ ਨਾ ਹੀ ਪਾਵੇ ਤਾਂ ਚੰਗਾ!''
''ਲਓ, ਸੁਣ ਲਓ ਗੱਲ! ਇਹ ਕੀ ਗੱਲ ਆਖੀ ਤੁਸੀਂ? ਆਪਾਂ ਕਦੇ ਕਿਸੇ ਦਾ ਮਾੜਾ ਕੀਤੈ ਅੱਜ ਤੱਕ? ਤੁਸੀਂ ਆਪ ਈ ਦੱਸੋ ਕੀ ਮੈਂ ਹਮੇਸ਼ਾ ਤੁਹਾਡੀ ਮਦਦ ਨਹੀਂ ਕੀਤੀ? ਤੇ ਬੰਦਾ ਅੱਜ ਵੀ ਹਾਜ਼ਰ ਐ, ਹੁਕਮ ਕਰੋ?''
''ਗੱਲਾਂ 'ਚ ਤਾਂ ਵਕੀਲਾਂ ਤੋਂ ਕੋਈ ਨੀ ਜਿੱਤ ਸਕਦਾ।  ਹੁਕਮ ਤਾਂ ਅਸੀਂ ਕਰ ਨਹੀਂ ਸਕਦੇ, ਹਾਂ ਇਕ ਬੇਨਤੀ ਕਰਨੀ ਐ ਤੇ ਤੁਹਾਡੀ ਰਾਏ ਲੈਣੀ ਐ।''
''ਓ ਕਵੀ ਸਾਹਬ! ਗੋਲੀ ਕੀਹਦੀ ਤੇ ਗਹਿਣੇ ਕੀਹਦੇ! ਆਪਾਂ ਹਰ ਵਕਤ ਤੁਹਾਡੀ ਸੇਵਾ 'ਚ ਹਾਜ਼ਰ ਆਂ।''
''ਤੁਹਾਨੂੰ ਤਾਂ ਪਤਾ ਈ ਐ ਬਈ ਸਾਡੇ ਬਜ਼ੁਰਗ ਹਾਦਸੇ ਪਿੱਛੋਂ ਅਪਾਹਜ ਹੋ ਚੁੱਕੇ ਨੇ।''
''ਹਾਂ, ਸੱਚ ਕੀ ਹਾਲ ਐ ਉਹਨਾਂ ਦਾ ਹੁਣ?''
''ਬੱਸ ਹਾਲ ਕੀ ਹੋਣਾ ਸੀ।  ਬੁੱਢੇ ਵਾਰੇ ਕੋਈ ਸੱਟ ਵੱਜ ਜਾਵੇ ਤਾਂ ਛੇਤੀ ਛੇਤੀ ਠੀਕ ਨਹੀਂ ਹੁੰਦੀ।  ਊਂ ਵੀ ਉਮਰ ਸਿਆਣੀ ਹੋ ਗਈ ਐ।  ਡੇਢ ਦੋ ਮਹੀਨੇ ਪਹਿਲਾਂ ਮੇਰਾ ਛੋਟਾ ਭਰਾ ਆਇਆ ਸੀ।  ਸਾਡੇ ਬਜ਼ੁਰਗਾਂ ਨੇ ਸਾਨੂੰ ਬਹਾ ਕੇ ਇੱਛਾ ਜ਼ਾਹਰ ਕੀਤੀ ਕਿ ਮੇਰਾ ਹੁਣ ਕੋਈ ਪਤਾ ਨੀ ਹੁਣ ਤੁਸੀਂ ਆਪਣਾ ਹਿੱਸਾ ਸਾਂਭੋ।  ਸੋ ਮੈਂ ਸੋਚਿਆ ਬਈ ਤੁਹਾਡੇ ਨਾਲ ਸਲਾਹ ਕਰ ਲਈਏ।''
''ਅੱਛਾ ਬੜੀ ਚੰਗੀ ਗੱਲ ਐ। ਦੇਖੋ ਜੀ ਇਹ ਦੁਨੀਆਦਾਰੀ ਐ।  ਏਥੇ ਕਿਸੇ ਨੇ ਬੈਠ ਨਹੀਂ ਰਹਿਣਾ।  ਪਿੱਛੋਂ ਝਗੜੇ ਪੈਣ ਨਾਲੋਂ ਤਾਂ ਚੰਗਾ ਹੈ ਕਿ ਉਹ ਆਪਣੇ ਜਿਉਂਦੇ ਜੀ ਆਪਣੇ ਹੱਥੀਂ ਫੈਸਲਾ ਕਰ ਜਾਣ।  ਤਾਂ ਫੇਰ ਕੀ ਫੈਸਲਾ ਹੋਇਆ?''
''ਫੈਸਲਾ ਵਕੀਲ ਸਾਹਬ ਇਹ ਹੋਇਆ ਕਿ ਜਿੰਨੀ ਸਾਡੀ ਜਾਇਦਾਦ ਹੈ, ਸਾਡੇ ਬਜ਼ੁਰਗ ਮੇਰੇ ਨਾਂ ਹੀ ਲੁਆਉਣਾ ਚਾਹੁੰਦੇ ਨੇ।''
''ਤੇ ਉਹ ਤੁਹਾਡਾ ਛੋਟਾ ਭਰਾ-ਉਹਦਾ ਹਿੱਸਾ?''
''ਉਹਦਾ ਕੀ ਨਾਂ ਲੈਣੈ ਦਰਵੇਸ਼ ਦਾ! ਦੇਖੋ ਵਕੀਲ ਸਾਹਬ ਉਹਦੀ ਪਿੱਠ ਸੁਣਦੀ ਐ।  ਤੁਹਾਨੂੰ ਤਾਂ ਪਤਾ ਈ ਐ ਬਈ ਅਹਿਮਦਾਬਾਦ ਦੇ ਬੜੇ ਵੱਡੇ ਹਸਪਤਾਲ ਵਿਚ ਦੋਏ ਮੀਆਂ ਬੀਵੀ ਡਾਕਟਰ ਲੱਗੇ ਹੋਏ ਨੇ।  ਤਨਖਾਹਾਂ ਚੰਗੀਆਂ ਮਿਲਦੀਐਂ।  ਕਿਸੇ ਚੀਜ਼ ਦੀ ਕਮੀ ਨਹੀਂ।  ਉਹਨਾਂ ਨੇ ਓਥੇ ਇਕ ਆਪਣੀ ਕੋਠੀ ਵੀ ਬਣਾ ਲਈ ਹੋਈ ਐ।  ਏਸ ਪਾਸੇ ਤਾਂ ਹੁਣ ਉਹ ਆਉਣੋ ਰਹੇ।  ਉਹ ਸਤਿਆਵਾਨ ਕਹਿੰਦੈ ਬਈ ਉਹਨੂੰ ਕੁਛ ਨਹੀਂ ਚਾਹੀਦਾ।  ਕਿਉਂਕਿ ਮੇਰੀ ਤਨਖਾਹ ਥੋੜੀ ਐ ਤੇ ਉਤੋਂ ਤੁਹਾਨੂੰ ਪਤਾ ਈ ਐ ਕਲ੍ਹ ਨੂੰ ਕੁੜੀ ਦਾ ਵਿਆਹ ਵੀ ਕਰਨੈ ਸੋ ਜੇ ਸਾਡੇ ਬਜ਼ੁਰਗ ਸਾਰੀ ਜਾਇਦਾਦ ਮੈਨੂੰ ਦੇ ਦੇਣ ਤਾਂ ਉਸ ਨੂੰ ਇਤਰਾਜ਼ ਤਾਂ ਕੀ ਸਗੋਂ ਹੱਦੋਂ ਵੱਧ ਖੁਸ਼ੀ ਹੋਵੇਗੀ।''
''ਲਓ ਫੇਰ ਤਾਂ ਗੱਲ ਈ ਕੋਈ ਨੀ।  ਪਰ ਤੁਹਾਡੇ ਬੇਬੇ ਜੀ?''
"ਕੀ ਗੱਲਾਂ ਕਰਦੇ ਓਂ ਵਕੀਲ ਸਾਹਬ ! ਮਾਵਾਂ ਦੇ ਦੁੱਧ ਦੀ ਕੀਮਤ ਕੋਈ ਦੇ ਸਕਦੈ? ਉਹ ਤਾਂ ਸਾਰੀ ਉਮਰ ਮੇਰੀ ਜ਼ਿੰਮੇਵਾਰੀ ਹੋਵੇਗੀ ਕਿ ਮੈਂ ਉਹਨਾਂ ਦੀ ਰਹਿੰਦੀ ਉਮਰ ਤੱਕ ਸੇਵਾ ਕਰਾਂ!''
''ਕਵੀ ਸਾਹਬ, ਦੁਨੀਆਂ ਵਿਚ ਜੇ ਤੁਹਾਡੇ ਟੱਬਰ ਵਰਗੀ ਸਮਝ ਸਾਰਿਆਂ 'ਚ ਹੋਵੇ ਤਾਂ ਦੁਨੀਆਂ ਸੁਰਗ ਨਾ ਬਣ ਜਾਵੇ!''
''ਹਾਂ, ਤਾਂ ਫੇਰ ਤੁਹਾਡੀ ਕੀ ਰਾਏ ਐ?''
''ਰਾਏ ਕੀ ਹੋਣੀ ਸੀ? ਸਾਰਾ ਮਾਮਲਾ ਸਾਫ ਐ।  ਤੁਸੀਂ ਓਹ ਆਪਣੇ ਸ਼ਾਮੂ ਅਰਜੀ-ਨਵੀਸ ਕੋਲੋਂ ਅਸ਼ਟਾਮ ਲਿਆ ਕੇ ਮੈਨੂੰ ਦੇ ਦੇਣਾ ਤੇ ਨਾਲੇ ਆਪਣੀ ਜਾਇਦਾਦ ਦੀ ਤਫਸੀਲ ਮੈਨੂੰ ਦੇ ਦਿਓ।  ਮੈਂ ਬਜ਼ੁਰਗਾਂ ਵੱਲੋਂ ਵਿੱਲ ਤਿਆਰ ਕਰ ਦਿਆਂਗਾ।  ਤੁਸੀਂ ਉਹਨਾਂ ਦੇ ਦਸਤਖਤ ਜਾਂ ਅੰਗੂਠਾ ਲਵਾ ਲੈਣਾ।  ਦੋ ਗਵਾਹੀਆਂ ਆਪਾਂ ਆਪੇ ਪੁਆ ਲਵਾਂਗੇ ਤੇ ਵਿੱਲ ਰਜਿਸਟਰ ਕਰਵਾ ਲਵਾਂਗੇ।  ਇਹ ਤਾਂ ਕੋਈ ਵੱਡੀ ਗੱਲ ਨਹੀਂ!''
''ਚੱਲ ਮੈਂ ਦੋ-ਚਾਰ ਦਿਨਾਂ ਪਿੱਛੋਂ ਆ ਕੇ ਮਿਲਦੈਂ ਤੁਹਾਨੂੰ।''
''ਚੰਗਾ ਜੀ!''
ਗੁਰਨੇਕ ਅੰਦਰੋਂ ਖੁਸ਼ ਸੀ ਕਿ ਵਕੀਲ ਤਾਂ ਉਹਦੇ ਵਾਲੀ ਲੀਹ 'ਤੇ ਤੁਰ ਹੀ ਪਿਐ।  ਬਾਕੀ ਅਗਲੀ ਸਮੱਸਿਆ ਭਗਤ ਸਿੰਘ ਦਾ ਅੰਗੂਠਾ ਲਵਾਉਣ ਦੀ ਸੀ।  ਉਸ ਦਾ ਹੱਲ ਵੀ ਉਹਨੇ ਪਹਿਲਾਂ ਈ ਸੋਚ ਲਿਆ ਸੀ।  
ਘਰ ਆ ਕੇ ਉਹਨੇ ਬੜੇ ਪਿਆਰ ਨਾਲ ਬਸੰਤ ਨੂੰ ਆਪਣੇ ਕੋਲ ਬਹਾ ਕੇ ਸਮਝਾਇਆ।
''ਆਪਾਂ ਏਥੇ ਆਂਢ-ਗੁਆਂਢ ਮੂੰਹ ਦਿਖਾਉਣ ਜੋਗੇ ਰਹਿ ਜਾਈਏ ਏਸੇ ਵਾਸਤੇ ਮੈਂ ਚਾਹੁਨੈ ਬਈ ਤੂੰ ਦਿਨ 'ਚ ਇਕ ਅੱਧੀ ਵਾਰੀ ਬਾਪੂ ਜੀ ਨੂੰ ਚਾਹ ਦਾ ਘੁੱਟ ਈ ਫੜਾ ਆਇਆ ਕਰ! ਐਂ ਜੇ ਆਪਾਂ ਜਵਾਂ ਈ ਟੁੱਟ ਕੇ ਬਹਿ-ਗੇ ਤਾਂ ਲੋਕ ਕੀ ਆਖਣਗੇ?''
''ਕਿਉਂ? ਚਾਹ ਪਾਣੀ ਰੋਟੀ-ਟੁੱਕ ਸਭ ਕੁਸ਼ ਬੇਬੇ ਦੇਈ ਤਾਂ ਜਾਂਦੀ ਐ।  ਮੈਂ ਜਾ ਕੇ ਕੀ ਹੁਣ ਉਹਨਾਂ ਦੀਆਂ ਸੜੀਆਂ-ਬਲੀਆਂ ਸੁਣਾਂ?''
"ਨਹੀਂ। ਇਉਂ ਨੀ ਆਖੀਦਾ ਹੁੰਦਾ।  ਜੇ ਆਪਾਂ ਨੂੰ ਚਾਹ ਪਾਣੀ ਪਿਆ ਕੇ ਈ ਨਾਲੇ ਪੁੰਨ ਤੇ ਨਾਲੇ ਫਲ਼ੀਆਂ ਮਿਲ ਜਾਣ ਤਾਂ ਹਰਜ ਕੀ ਐ? ਫੇਰ ਉੱਤੋਂ ਲੋਕ ਸਾਨੂੰ ਈ ਚੰਗਾ ਆਖਣਗੇ !''
''ਮੈਨੂੰ ਤਾਂ ਥੋਡੀ ਗੱਲ ਦੀ ਸਮਝ ਨੀ ਆਈ।  ਕਦੇ ਤਾਂ ਤੁਸੀਂ ਉਹਨਾਂ ਨੂੰ ਬੁਰਾ-ਭਲਾ ਕਹਿੰਦੇ ਨੀ ਥਕਦੇ, ਤੇ ਹੁਣ...।''
''ਹੈ ਕਮਲ਼ੀ। ਗੱਲ ਸਮਝੀਦੀ ਹੁੰਦੀ ਐ।  ਆਹ ਜਿਹੜੀਆਂ ਚਾਰ ਕੰਧਾਂ ਖੜ੍ਹੀਐਂ ਇਹ ਜੇ ਚਾਹ ਪਿਆ ਕੇ ਆਪਣੇ ਕਬਜ਼ੇ 'ਚ ਹੋ ਜਾਣ ਤਾਂ ਸੌਦਾ ਤਾਂ ਕੋਈ ਬੁਰਾ ਨੀ?'' ਗੁਰਨੇਕ ਨੀਵੀਂ ਆਵਾਜ਼ ਵਿਚ ਕਿਹਾ।
''ਤੇ ਅੱਧ ਵੰਡਾਉਣ ਆਲਾ ਜਿਹੜਾ ਦੂਰ ਬੈਠੈ ਉਹ ਬਿਨਾ ਚਾਹ ਪਿਆਏ ਈ...।''
"ਓ-ਹੋ-! ਤੂੰ ਵੀ ਭੋਲੀਆਂ ਗੱਲਾਂ ਕਰਦੀ ਐਂ।  ਤੂੰ ਬੱਸ ਜਿਵੇਂ ਮੈਂ ਕਹਿਨੈ ਓਵੇਂ ਕਰੀ ਚੱਲ, ਫੇਰ ਦੇਖੀਂ ਜੇ ਇਕ ਇੱਟ ਵੀ ਸਾਡੇ ਕਬਜ਼ੇ 'ਚੋਂ ਬਾਹਰ ਰਹਿ-ਗੀ ਤਾਂ ਮੈਨੂੰ ਆਖੀਂ।  ਜਦੋਂ ਮੈਂ ਕਹਿਨੈ ਬਈ...।'' ਗੁਰਨੇਕ ਨੇ 'ਮੈਂ' ਤੇ ਸਾਰਾ ਜ਼ੋਰ ਦੇ ਕੇ ਕਿਹਾ।
''ਚੰਗਾ, ਠੀਕ ਐ।  ਮੇਰਾ ਕੀ ਐ-ਮੈਂ ਹੁਣੇ ਈ ਚਾਹ ਫੜਾ ਔਨੀ ਆਂ...।''
ਬਸੰਤ ਚਾਹ ਦੀ ਗੜਵੀ ਭਰ ਕੇ ਹੇਠਾਂ ਲੈ ਗਈ।  ਉਹਨੇ ਆਪਣੀ ਚੁੰਨੀ ਦੋਹਾਂ ਹੱਥਾਂ 'ਚ ਲੈ ਕੇ ਭਗਤ ਸਿੰਘ ਦੇ ਪੈਰੀਂ ਹੱਥ ਲਾਏ।  ਭਗਤ ਸਿੰਘ ਦੇਖ ਕੇ ਹੈਰਾਨ ਜਿਆ ਹੋ ਗਿਆ।
''ਜਿਉਂਦੇ ਵਸਦੇ ਰਹੋ ਭਾਈ।  ਵੱਡੀਆਂ ਉਮਰਾਂ ਹੋਣ।''
''ਬਾਪੂ ਜੀ ਮੈਂ ਸੋਚਿਆ ਥੋਨੂੰ ਚਾਹ ਈ ਫੜਾ ਆਵਾਂ।  ਹੁਣੇ ਪੀ ਲੋ।  ਫੇਰ ਠੰਢੀ ਹੋ-ਜੂ।''
''ਨਾ ਪੁੱਤ ਚਾਹ ਦੀ ਤਾਂ ਲੋੜ ਨੀ ਸੀ।''
''ਲੈ ਲੋੜ ਨੂੰ ਕੀ ਐ? ਚਾਹ ਦਾ ਵੀ ਕੋਈ ਟੈਮ ਹੁੰਦੈ? ਨਾਲੇ ਥੋਡੀ ਸੇਵਾ ਕਰਨ ਦਾ ਸਾਡਾ ਵੀ ਤਾਂ ਕੋਈ ਫਰਜ ਬਣਦੈ।''
''ਚੰਗਾ ਭਾਈ।  ਰੱਬ ਭਾਗ ਲਾਵੇ...।''  ਭਗਤ ਸਿੰਘ ਦੀਆਂ ਅੱਖਾਂ ਛਲਕ ਪਈਆਂ।
ਬਸੰਤ ਕੌਰ ਚਾਹ ਦੇ ਕੇ ਮੁੜ ਚੁਬਾਰੇ ਚੜ੍ਹ ਗਈ।
''ਇਹ ਬਹੂ ਕੀ ਲੈਣ ਆਈ ਸੀ?'' ਦਿਆਕੁਰ ਨੇ ਆ ਕੇ ਪੁੱਛਿਆ।
''ਆਹ ਚਾਹ ਦੇਣ ਆਈ ਸੀ।''
''ਕਿਉਂ! ਚਾਹ ਨੂੰ ਕੀ ਹੁਣ ਅਸੀਂ ਚਾਹ ਜੋਗੇ ਈ ਰਹਿ-ਗੇ?''
''ਤੂੰ ਤਾਂ ਨਾ ਬੱਸ ਘੋੜੇ 'ਤੇ ਈ ਚੜ੍ਹੀ ਰਿਹਾ ਕਰ ! ਜੇ ਉਹ ਵਚਾਰੀ ਚਾਹ ਦੇ-ਗੀ ਤਾਂ ਉਹਨੇ ਕੋਈ ਮਾੜਾ ਕੰਮ ਤਾਂ ਨੀ ਕਰ 'ਤਾ?''
''ਹੇ-ਖਾਂ ! ਮਾੜਾ ਕੰਮ ਤਾਂ ਨੀ ਕਰ 'ਤਾ ! ਉਹ ਸ੍ਹਾਬ ਤਾਂ ਏਧਰ ਝਾਕ ਕੇ ਰਾਜੀ ਨੀ ਤੇ ਇਹ ਬੀਬੀ ਰਾਣੀ ਚਾਹਾਂ ਪਿਆਉਂਦੀ ਫਿਰਦੀ ਐ ! ਵਿਚੋਂ-ਗੱਲ ਕੋਈ ਹੋਰ ਐ...!''
"ਓ ਵਿਚੋਂ ਕੀ ਗੱਲ ਹੋਊ? ਹੁਣ ਤੂੰ ਬਹਿ-ਜਾ ਚੁੱਪ ਕਰਕੇ।  ਜੇ ਤੈਨੂੰ ਨਹੀਂ ਚੰਗਾ ਲਗਦਾ ਤਾਂ ਮੈਂ ਨਹੀਂ ਪੀਂਦਾ ਚਾਹ।  ਜਾਹ ਲੈ ਜਾ ਚੱਕ-ਕੇ।  ਓਥੇ ਬਾਹਰ ਵਿਹੜੇ 'ਚ ਡ੍ਹੋਲ ਦੇ ਜਾ ਕੇ।  ਐਵੇਂ ਲਾਲ ਪੀਲੀ ਹੁੰਦੀ ਫਿਰੂ।''  ਦਿਆਕੁਰ ਬੁੜ-ਬੁੜ ਕਰਦੀ ਚੌਂਕੇ 'ਚ ਕੰਮ ਜਾ ਲੱਗੀ।  ਭਗਤ ਸਿੰਘ ਬਿਨਾਂ ਚਾਹ ਪੀਤਿਆਂ ਮੰਜੇ 'ਤੇ ਲੰਮਾ ਪੈ ਗਿਆ।  ਜਿਵੇਂ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਹੋਵੇ-
''ਬਖਸ਼ ਲੀਂ ਦਾਤਿਆ ! ਤੇਰੀਆਂ ਤੂੰ ਹੀ ਜਾਣੇ।  ਮੈਂ ਕੀ ਜਾਣਾ ਕੁਦਰਤ ਤੇਰੀ ਤੂੰ ਕਿਹੜਿਆਂ ਰੰਗਾਂ ਵਿਚ ਖੇਡਦਾ।  ਵਾਖਰੂ-ਸੁੱਖ ਰੱਖੀਂ...।''
''ਬਾਈ ਸਿਆਂ ਸਾ-ਸਰੀ-ਕਾਲ ! ਕੀਹਦੇ ਨਾਲ ਗੁਰਮਤੇ ਕਰੀ ਜਾਨੈ-?'' ਬੁੱਧੂ ਨੇ ਆ ਫਤਹਿ ਬੁਲਾਈ।
''ਕੁਸ਼ ਨੀ ਯਾਰ ਬੁਧ ਰਾਮਾ।  ਹੁਣ ਤਾਂ ਰੱਬ ਬੱਸ ਚੱਕ ਈ ਲਵੇ ਤਾਂ ਚੰਗੈ !''
"ਕਿਉਂ ਚੱਕਣ ਨੂੰ ਕੀ ਤੈਨੂੰ ਟਾਕੂ ਹੋ ਗਿਆ? ਆਵਦਾ ਚਾਰ ਦਿਨ ਦੁੱਧ-ਘਿਓ ਖਾ-ਪੀ ਘੋੜੇ ਅਰਗਾ ਹੋ-ਜੇਂਗਾ।''
''ਓਏ ਭਰਾਵਾ ਘੋੜੇ ਵੀ ਤਾਂ ਇਕ ਦਿਨ ਮਰ ਈ ਜਾਂਦੇ ਐ-ਨਾ !''
"ਨਾ ਮਰਨ ਨੂੰ ਤਾਂ ਏਥੇ ਰਾਜੇ-ਰਾਣੇ ਲਦ-ਗੇ ਆਪਾਂ ਕੀਹਦੇ ਪਾਣੀ-ਹਾਰ ਐਂ।  ਪਰ ਜਾਰ ਤੂੰ ਤਾਂ ਬਾਹਲਾ ਈ ਦਿਲ ਜਿਆ ਛੱਡੀ ਬੈਠੈਂ।  ਐਂ ਤਾਂ ਨੀ ਸੂਤ ਔਣਾ ਕੰਮ ! ਜਾਰ, ਹਿੰਮਤ ਰੱਖ।  ਬਮਾਰੀ ਠਮਾਰੀ ਤਾਂ ਚਾਰ ਦਿਨ ਔਣੀ-ਜਾਣੀ ਐ।  ਹੈਂ? ਕੋਈ ਗੱਲ ਨੀ ਬਾਤ ਨੀ ਐਵੇਂ ਢੇਰੀ ਜੀ ਢਾਈ ਬੈਠੈ।''
''ਨਹੀਂ ਬੁਧ ਰਾਮਾ ਤੈਨੂੰ ਨੀ ਪਤਾ।  ਜਦੋਂ ਘਰ 'ਚ ਥਫਾਕ ਨਾ ਹੋਵੇ ਤਾਂ ਬਮਾਰੀਆਂ ਤਾਂ ਕੀ ਸਾਲਾ ਘਰ ਈ ਨਰਕ ਬਣ ਜਾਂਦੈ।''
''ਨਾ ਊਂ ਗੱਲ ਤਾਂ ਤੇਰੀ ਸੋਲਾਂ ਆਨੇ ਸਹੀ ਐ।  ਪਰ ਕੀਤਾ ਕੀ ਜਾਵੇ ਇਹ ਭੈਣ ਦੇਣੇ ਦੀ ਦੁਨੀਆਂ ਕਿਹੜਾ ਕੋਈ ਪੱਟੀ ਬੰਨ੍ਹਣ ਦਿੰਦੀ ਐ?''
''ਚਲ ਤੂੰ ਦੁਨੀਆਂ ਨੂੰ ਮਾਰ ਗੋਲ਼ੀ।  ਹੋਰ ਸੁਣਾ ਤੇਰਾ ਕੀ ਹਾਲ ਐ? ਧੰਤੀ ਤਕੜੀ ਐ?''
''ਹਾਂ-ਹਾਂ। ਊਂ ਤਾਂ ਸਭ ਸੁੱਖ-ਸਾਂਦ ਐ।  ਬੱਸ ਮੈਂ ਤਾਂ ਤੇਰਾ ਈ ਪਤਾ ਲੈਣ ਆਇਆ ਸੀ।  ਮੈਥੋਂ ਸੱਚੀ ਗੱਲ ਐ ਰਿਹਾ ਨੀ ਗਿਆ।  ਚਿੱਤ ਅੱਜ ਸਵੇਰ ਦਾ ਹੋਰੁੰ-ਤੋਰੂੰ ਜਿਆ ਹੋਈ ਜਾਂਦਾ ਸੀ।  ਸਾਲੇ ਹੌਲ-ਜੇ ਪਈ ਜਾਂਦੇ ਸੀ।  ਬੱਸ-ਮੈਂ ਝਈ ਲੈ ਕੇ ਉੱਠਿਆ, ਪਾਈ ਜੁੱਤੀ ਤੇ ਆ ਵੱਜਿਆ ਤੇਰੇ ਕੋਲ਼ੇ।''  
''ਚੰਗਾ ਫੇਰ ਹੁਣ ਤੂੰ ਪਰਸ਼ਾਦਾ ਸ਼ਕ ਕੇ ਜਾਈਂ।''
"ਓ ਨਹੀਂ ਜਾਰ, ਰੋਟੀ-ਰੂਟੀ ਦੀ ਤਾਂ ਹਾਲੇ ਭੁੱਖ ਨੀ।''
ਦੋਵੇਂ ਦੋਸਤ ਖਾਸਾ ਚਿਰ ਦੁਖ-ਸੁਖ ਕਰਦੇ ਰਹੇ।  ਦੁਪਹਿਰ ਵੇਲੇ ਦਿਆਕੁਰ ਓਥੇ ਬੈਠਿਆਂ ਨੂੰ ਹੀ ਰੋਟੀ-ਪਾਣੀ ਫੜਾ ਗਈ।  ਕੁਝ ਘੰਟਿਆਂ ਪਿੱਛੋਂ ਬੁੱਧੂ ਪਿੰਡ ਵਾਪਸ ਚਲਾ ਗਿਆ।

***

''ਨੀ ਮੈਂ ਮਰ-ਜਾਂ।  ਪੁੱਤ ਤੂੰ ਕਿਧਰੋਂ ਐਸ ਵੇਲੇ? ਸਭ ਸੁਖ-ਸਾਂਦ ਐ? ਤੇ ਬਹੂ?'' ਦਿਆਕੁਰ ਨੇ ਚਰਨਜੀਤ ਦਾ ਸਿਰ ਪਲੋਸਦਿਆਂ ਕਈ ਸਵਾਲ ਕਰ ਮਾਰੇ।
ਚਰਨਜੀਤ ਨੇ ਭਗਤ ਸਿੰਘ ਦੇ ਪੈਰੀਂ ਹੱਥ ਲਾ ਕੇ ਉਹਨੂੰ ਜੱਫੀ ਪਾ ਲਈ।  ਭਗਤ ਸਿੰਘ ਵੀ ਪਰਨੇ ਦੇ ਲੜ ਨਾਲ ਅੱਖਾਂ ਪੂੰਝਣ ਲੱਗ ਪਿਆ।
''ਬਾਪੂ ਜੀ ਮੇਰਾ ਚਿੱਤ ਨੀ ਟਿਕਿਆ।  ਮੈਂ ਦੋ ਕੁ ਦਿਨਾਂ ਦੀ ਛੁੱਟੀ ਲੈ ਕੇ ਮਿਲਣ ਆ ਗਿਆ।''
''ਚੰਗਾ ਕੀਤਾ ਪੁੱਤ।  ਮੈਂ ਵੀ ਤੈਨੂੰ ਯਾਦ ਈ ਕਰਦਾ ਸੀ।  ਫੇਰ ਸੋਚਿਆ ਓਥੇ ਤੇਰੀ ਨੌਕਰੀ ਦਾ ਔਖੈ।  ਰੋਜ ਰੋਜ ਛੁੱਟੀ ਲੈਣੀ ਕਿਹੜਾ ਸੌਖੀ ਐ?''
''ਲਗਦੈ ਤੁਸੀਂ ਅਗੇ ਨਾਲੋਂ ਕਮਜ਼ੋਰ ਹੋ ਗਏ ਓ।''
''ਨਹੀਂ ਨਹੀਂ ਮੈਂ ਜਮਾਂ ਠੀਕ ਆਂ।  ਹੁਣ ਤਾਂ ਰੋਜ ਮੈਨੂੰ ਬਸੰਤ ਵੀ ਚਾਹ ਕਰਕੇ ਦੇ ਜਾਂਦੀ ਐ ਦੋਨੋ ਟੈਮ।''
''ਜਿਵੇਂ ਮੈਂ ਦੱਸ ਗਿਆ ਸੀ ਓਵੇਂ ਸੈਰ ਕਰਦੇ ਓਂ?''
''ਲੈ ਸੈਰ ਕਰਨ ਨੂੰ ਹੁਣ ਕੀ ਮੈਂ ਕੌਡੀ ਖੇਡਣੀ ਐ।  ਬੱਸ ਠੀਕ ਐ।  ਹੁਣ ਤੂੰ ਆ ਗਿਆ-ਮੇਰਾ ਚਿੱਤ ਹੌਲਾ ਹੋ ਗਿਆ।  ਮੈਂ ਕੋਈ ਬਮਾਰ ਥੋੜੋ ਆਂ? ਬੱਸ ਮਾੜੀ ਮੋਟੀ ਕਮਜੋਰੀ ਐ, ਆਪੇ ਹਟ-ਜੂ।''
''ਬੇਬੇ ਜੀ ਤੁਸੀਂ ਬਾਪੂ ਜੀ ਦੀ ਖੁਰਾਕ ਦਾ ਖਿਆਲ ਰਖਦੇ ਓਂ ਨਾ?  ਪਿਛਲੇ ਵਾਰੀ ਜਿਹੜੇ ਪੈਸੇ ਮੈਂ ਦੇ ਗਿਆ ਸੀ ਉਹ ਖਤਮ ਹੋ ਗਏ ਹੋਣਗੇ।  ਆਹ ਲਓ ਹੋਰ ਰੱਖ ਲਓ।  ਮੈਂ ਅਹਿਮਦਾਬਾਦ ਜਾ ਕੇ ਹੋਰ ਭੇਜ ਦੂੰਗਾ ਜਦੋਂ ਲੋੜ ਪਈ।''
''ਵੇ ਨਹੀਂ ਪੁੱਤ ਚਰਨੀ।  ਪੈਸੇ ਤਾਂ ਹੈਗੇ-ਐ।  ਤੂੰ-ਰੱਖ।  ਥੋਡੇ ਖਰਚੇ ਕਿਹੜਾ ਪਰਦੇਸਾਂ 'ਚ ਘੱਟ ਹੁੰਦੇ ਐ।''
ਚਰਨਜੀਤ ਨੇ ਜ਼ਬਰਦਸਤੀ ਆਪਣੀ ਮਾਂ ਨੂੰ ਪੈਸੇ ਫੜਾ ਦਿੱਤੇ।  ਸਾਰਾ ਦਿਨ ਉਹ ਤਿੰਨ-ਜਣੇ ਇਕੱਠੇ ਬੈਠੇ ਗੱਲਾਂ ਕਰਦੇ ਰਹੇ।  ਆਥਣੇ ਮਾਸਟਰ ਜੀ ਵੀ ਭਗਤ ਸਿੰਘ ਦਾ ਪਤਾ ਲੈਣ ਆਏ ਮਿਲ ਗਏ।  ਚਰਨਜੀਤ ਥੋੜਾ ਚਿਰ ਜਾ ਕੇ ਗੁਰਨੇਕ ਤੇ ਬਸੰਤ ਨੂੰ ਵੀ ਮਿਲ ਆਇਆ ਜਿਵੇਂ ਕੋਈ ਖਾਨਾ ਪੂਰੀ ਕਰਨੀ ਹੋਵੇ।
ਚਰਨਜੀਤ ਨੇ ਅਗਲੇ ਦਿਨ ਆਪਣੇ ਮਾਂ ਪਿਓ ਨੂੰ ਅਹਿਮਦਾਬਾਦ ਲੈ ਜਾਣ ਲਈ ਫੇਰ ਗੱਲ ਛੇੜੀ ਅਤੇ ਜ਼ੋਰ ਪਾਇਆ ਪਰ ਉਹਨਾਂ ਵੱਲੋਂ ਫੇਰ ਓਹੀ ਕਾਰਨ ਦੁਹਰਾਏ ਗਏ।  ਚਰਨਜੀਤ ਆਪਣੇ ਆਪ ਨੂੰ ਬੇਹੱਦ ਬੇਬਸ ਮਹਿਸੂਸ ਕਰ ਰਿਹਾ ਸੀ।  ਮਾਸਟਰ ਜੀ ਨਾਲ ਵੀ ਕੋਈ ਬਹੁਤੀਆਂ ਗੱਲਾਂ ਨਾ ਹੋ ਸਕੀਆਂ।  ਉਹ ਮਜਬੂਰ ਜਿਹਾ ਹੋ ਕੇ ਵਾਪਸ ਪਰਤ ਗਿਆ।

***

ਅਗਲੇ ਦਿਨ ਬਸੰਤ ਫੇਰ ਚਾਹ ਲੈ ਕੇ ਆਈ।  ਉਹ ਆਪਣੇ ਨਾਲ ਇਕ ਛੋਟਾ ਜਿਹਾ ਸਟੂਲ ਵੀ ਚੱਕ ਲਿਆਈ।  ਭਗਤ ਸਿੰਘ ਦੇ ਪੈਰੀਂ ਹੱਥ ਲਾ ਕੇ ਉਹਨੇ ਚਾਹ ਵਾਲੀ ਗੜਵੀ ਸਟੂਲ 'ਤੇ ਰੱਖ ਦਿੱਤੀ।  
''ਨਾ ਪੁੱਤ ਥੋਨੂੰ ਏਨੀ ਖੇਚਲ ਕਰਨ ਦੀ ਲੋੜ ਨੀ।  ਚਾਹ ਤਾਂ ਮੈਂ ਆਪੇ ਈ...।''
''ਕੋਈ ਨੀ ਬਾਪੂ ਜੀ।  ਖੇਚਲ ਆਲੀ ਕਿਹੜੀ ਗੱਲ ਐ?  ਸਟੂਲ 'ਤੇ ਰੱਖੀ ਚਾਹ ਤੁਸੀਂ ਅਰਾਮ ਨਾਲ ਪੀ ਲਿਓ।'' ਬਸੰਤ ਕੌਰ ਨੇ ਗੱਲ ਵਿਚੋਂ ਟੋਕਦਿਆਂ ਕਿਹਾ।
''ਬੱਸ ਹੁਣ ਜਿਵੇਂ ਆਖੋਂ ਮੈਂ ਆਥਣ-ਸਵੇਰ ਆ ਕੇ ਚਾਹ ਦੇ ਜਿਆ ਕਰੂੰਗੀ।''
''ਚੰਗਾ ਪੁੱਤ ਜਿਉਂਦੇ ਵਸਦੇ ਰਹੋ।  ਰੱਬ ਭਾਗ ਲਾਵੇ।  ਵਾਹਿਗੁਰੂ ਬਹੁਤਾ ਦੇਵੇ।'' ਦਿਆਕੁਰ ਚੌਂਕੇ ਵਿਚ ਬੈਠੀ ਬਿੜਕ ਲੈਂਦੀ ਰਹੀ।
ਅਗਲੇ ਦਿਨ ਗੁਰਨੇਕ ਨੇ ਚਾਹ ਲਿਜਾਣ ਤੋਂ ਪਹਿਲਾਂ ਬਸੰਤ ਨੂੰ ਇਕ ਪੁੜੀ ਦਿੱਤੀ ਤੇ ਕਿਹਾ-
''ਆਹ ਲੈ ! ਇਹ ਦਵਾਈ ਚਾਹ 'ਚ ਘੋਲ-ਦੀਂ।''
''ਇਹ ਕਾਹਦੀ ਦੁਆਈ ਐ?''
''ਇਹਦੇ ਨਾਲ ਬਾਪੂ ਦੀ ਕਮਜ਼ੋਰੀ ਦੂਰ ਹੋ-ਜੂ।  ਨਾਲੇ ਨੀਂਦ ਚੰਗੀ ਆਊ।  ਮੈਂ ਇਹ ਪਿੰਡ ਆਲੇ ਵੈਦ ਤੋਂ ਲਿਆਂਦੀ ਸੀ।''
ਉਸ ਦਿਨ ਭਗਤ ਸਿੰਘ ਚਾਹ ਪੀਣ ਪਿੱਛੋਂ ਜਿਉਂ ਘੂਕ ਸੁੱਤਾ ਉਹਦੀ ਨੀਂਦ ਧੁੱਪਾਂ ਢਲੀਆਂ ਪਿੱਛੋਂ ਖੁੱਲੀ। ਉਹਨੂੰ ਕੁਝ ਚੰਗਾ ਚੰਗਾ ਜਿਹਾ ਵੀ ਲੱਗ ਰਿਹਾ ਸੀ।  ਮਾਸਟਰ ਸਾਧੂ ਰਾਮ ਨਾਲ ਵੀ ਉਹ ਖਾਸਾ ਚਿਰ ਗੱਲਾਂ ਕਰਦਾ ਰਿਹਾ ਸੀ।
ਬਸੰਤ ਸਵੇਰ-ਸ਼ਾਮ ਦੋ ਵਾਰੀ ਚਾਹ ਫੜਾ ਜਾਂਦੀ।  ਹਰ ਰੋਜ਼ ਗੁਰਨੇਕ ਉਹਨੂੰ ਚਾਹ ਵਿਚ ਪਾਉਣ ਲਈ ਦੋ ਪੁੜੀਆਂ ਦਿੰਦਾ।  ਭਗਤ ਸਿੰਘ ਨੂੰ ਚਾਹ ਪੀਣ ਪਿੱਛੋਂ ਘੂਕੀ ਜਿਹੀ ਚੜ੍ਹ ਜਾਂਦੀ।  ਇਹ ਸਿਲਸਿਲਾ ਪੰਦਰਾਂ ਵੀਹ ਦਿਨ ਚਲਦਾ ਰਿਹਾ। ਉਹ ਆਥਣ-ਸਵੇਰ ਬਸੰਤ ਕੌਰ ਦੀ ਚਾਹ ਨੂੰ ਉਡੀਕਦਾ ਰਹਿੰਦਾ।  ਚਾਹ ਦਾ ਸਮਾਂ ਹੋਣ ਤੋਂ ਪਹਿਲਾਂ ਹੀ ਜਿਵੇਂ ਉਹਦਾ ਸਰੀਰ ਟੁੱਟਣ ਜਿਹਾ ਲੱਗ ਜਾਂਦਾ।  ਚਾਹ ਪੀ ਕੇ ਉਹਨੂੰ ਚੰਗਾ ਚੰਗਾ ਲਗਦਾ।
ਇਕ ਦਿਨ ਗੁਰਨੇਕ ਅਚਾਨਕ ਹੇਠਾਂ ਭਗਤ ਸਿੰਘ ਦਾ ਪਤਾ ਲੈਣ ਚਲਾ ਗਿਆ।  ਭਗਤ ਸਿੰਘ ਨੂੰ ਲੱਗਿਆ ਜਿਵੇਂ ਕੋਈ ਨਵੀਂ ਸਮੱਸਿਆ ਨਾ ਖੜ੍ਹੀ ਹੋ ਗਈ ਹੋਵੇ।
''ਬਾਪੂ ਜੀ ਕੀ ਹਾਲ ਐ ਤੁਹਾਡਾ ਹੁਣ?'' ਗੁਰਨੇਕ ਨੇ ਮੰਜੇ 'ਤੇ ਭਗਤ ਸਿੰਘ ਦੇ ਕੋਲ ਬਹਿੰਦਿਆਂ ਪੁੱਛਿਆ।
ਭਗਤ ਸਿੰਘ ਗੁਰਨੇਕ ਨਾਲ ਅੱਖਾਂ ਨਾ ਮਿਲਾ ਸਕਿਆ ਤੇ ਭਾਵੁਕ ਹੋ ਕੇ ਹੁਬਕੀਂ-ਹੁਬਕੀਂ ਰੋਣ ਲੱਗ ਪਿਆ।  ਗੁਰਨੇਕ ਦਾ ਅੰਦਰੋਂ ਜੀ ਕੀਤਾ ਕਿ ਉਹ ਆਪਣੇ ਪਿਉ ਨੂੰ ਚੁੱਪ ਕਰਾਵੇ ਪਰ ਉਸ ਨੇ ਅਜਿਹਾ ਨਹੀਂ ਕੀਤਾ।
''ਰੋਣ ਨਾਲ ਕੀ ਬਣੂੰ? ਕੋਈ ਬਿਮਾਰੀ ਚਲੀ ਤਾਂ ਨੀ ਜਾਊ ! ਜਿੰਨਾ ਸਰੀਰ ਨੇ ਦੁੱਖ ਭੋਗਣੈ ਉਹ ਤਾਂ ਭੋਗਣਾ ਈ ਪੈਣੈ।  ਤੁਸੀਂ ਦੱਸੋ, ਜੇ ਕਿਸੇ ਚੀਜ਼ ਦੀ ਲੋੜ ਐ ਤਾਂ...।''
''ਨਾ ਭਾਈ-ਕਿਸੇ ਚੀਜ ਦੀ ਲੋੜ-ਨੀ।  ਜਿਉਂਦੇ ਵਸਦੇ ਰਹੋ।  ਮੈਨੂੰ ਕੁਸ਼ ਨੀ ਚਾਹੀਦਾ।  ਬੱਸ ਜਿਹੜੇ ਦਿਨ ਮੈਨੂੰ ਉੱਤੋਂ ਸੱਦਾ ਆ ਗਿਆ ਤੂੰ ਮੇਰੇ ਕੋਲ ਰਹੀਂ।  ਛੋਟੇ ਤੋਂ ਤਾਂ ਆਇਆ ਨੀ ਜਾਣਾ, ਮੌਕੇ 'ਤੇ।''
''ਮੈਂ ਏਥੇ ਈ ਆਂ।  ਮੈਂ ਕਿੱਥੇ ਜਾਣੈ।''
''ਚੰਗਾ।  ਹੁਣ ਤੂੰ ਜਾਹ ਤੈਨੂੰ ਸਕੂਲ ਜਾਣ ਨੂੰ ਕੁਵੇਲਾ ਹੁੰਦਾ ਹੋਊ।'' ਗੁਰਨੇਕ ਚੁੱਪ ਕਰਕੇ ਉੱਠ ਕੇ ਚਲਾ ਗਿਆ।
''ਅੱਜ ਕਿਧਰੋਂ ਦਿਨ ਚੜ੍ਹਿਆ ਸੀ ਜਿਹੜਾ ਵੱਡੀਆਂ ਸਰਕਾਰਾਂ ਹੇਠਾਂ ਉੱਤਰ ਆਈਆਂ?'' ਦਿਆਕੁਰ ਨੇ ਗੁਰਨੇਕ ਦੇ ਜਾਣ ਪਿੱਛੋਂ ਭਗਤ ਸਿੰਘ ਨੂੰ ਆ ਕੇ ਪੁੱਛਿਆ।
''ਓਏ ਕਮਲੀਏ ਨਹੁੰਆਂ ਨਾਲੋਂ ਵੀ ਮਾਸ ਕਦੇ ਅੱਡ ਹੁੰਦਾ ਹੁੰਦੈ? ਜੇ ਉਹ ਨਾ ਮੇਰਾ ਪਤਾ ਲੈਣ ਆਊ ਤਾਂ ਹੋਰ ਕੌਣ ਆਊ?''
''ਮੈਨੂੰ ਤਾਂ ਇਹਨਾਂ ਦੇ ਚਾਲੇ ਕੁਸ਼ ਠੀਕ ਨੀ ਲਗਦੇ !''
''ਤੈਨੂੰ ਸ਼ੱਕ ਕਰਨ ਤੋਂ ਬਿਨਾਂ ਹੋਰ ਕੁਸ਼ ਸੁਝਦਾ ਵੀ ਐ ਕਦੇ? ਚਾਲਿਆਂ ਨੂੰ ਉਹਨਾਂ ਨੇ ਕੀ ਗੋਲੀ ਚਲਾ-ਤੀ?''
''ਜਿਦੇਂ ਇਹ ਸੁਧਰ-ਗੇ, ਮੈਂ ਗੁਰਦੁਆਰੇ ਦੇਗ ਕਰਾ-ਕੇ ਆਊਂ।''
ਦਿਆਕੁਰ ਅਜੇ ਵੀ ਭਗਤ ਸਿੰਘ ਨਾਲ ਸਹਿਮਤ ਨਹੀਂ ਸੀ।
ਭਗਤ ਸਿੰਘ ਦੀ ਕਮਜ਼ੋਰੀ ਹੋਰ ਵੀ ਵਧ ਗਈ।  ਡਿੱਗਣ ਦੇ ਡਰੋਂ ਉਹ ਗੁਸਲਖਾਨੇ ਨਾ ਜਾਂਦਾ।  ਦਿਆਕੁਰ ਨੂੰ ਆਵਾਜ਼ ਮਾਰਨੀ ਪੈਂਦੀ ਅਤੇ ਉਹਦੇ ਮੋਢਿਆਂ ਦਾ ਸਹਾਰਾ ਲੈਣਾ ਪੈਂਦਾ।  ਰਾਤ ਨੂੰ ਵੀ ਦੋ ਤਿੰਨ ਵਾਰੀ ਉਹਨੂੰ ਪਿਸ਼ਾਬ ਕਰਨ ਲਈ ਉਠਣਾ ਪੈਂਦਾ।  ਕਈ ਵਾਰ ਸੁੱਤੀ ਪਈ ਦਿਆਕੁਰ ਨੂੰ ਉਹ ਆਵਾਜ਼ ਨਾ ਮਾਰਦਾ ਤੇ ਹੌਲੀ ਹੌਲੀ ਕੰਧ ਨੂੰ ਫੜ ਕੇ ਤੁਰਦਾ।
ਇਕ ਦਿਨ ਰਾਤ ਨੂੰ ਉਹ ਡਿੱਗ ਵੀ ਪਿਆ ਸੀ।  ਉਹ ਤਾਂ ਏਨਾ ਸ਼ੁਕਰ ਕਿ ਉਹ ਡਿੱਗਿਆ ਵੀ ਦਿਆਕੁਰ ਦੇ ਮੰਜੇ 'ਤੇ ਹੀ।  ਸੱਟ-ਫੇਟ ਤੋਂ ਵੀ ਬਚੱਤ ਹੋ ਗਈ ਸੀ।  ਉਸ ਦਿਨ ਪਿੱਛੋਂ ਦਿਆਕੁਰ ਹਰ ਰੋਜ਼ ਉਹਦੇ ਪੈਂਦੀਂ ਰਾਤ ਨੂੰ ਛੱਨਾ ਰੱਖ ਦਿੰਦੀ।
ਓਧਰ ਹਰ ਤੀਜੇ-ਚੌਥੇ ਦਿਨ ਗੁਰਨੇਕ ਬਸੰਤ ਕੋਲੋਂ ਬਾਪੂ ਦੀ ਸਿਹਤ ਦੀ ਖਬਰ ਪੁੱਛਦਾ ਰਹਿੰਦਾ।  ਭਗਤ ਸਿੰਘ ਦਾ ਸਾਹ ਵੀ ਚੜ੍ਹਨ ਲੱਗ ਪਿਆ ਸੀ।  ਮੰਜੇ ਉੱਤੇ ਬੈਠਾ ਹੁਣ ਉਹ ਹੱਡੀਆਂ ਦੀ ਮੁੱਠ ਜਿਹੀ ਲਗਦਾ।  ਮੰਜੇ ਵਿਚ ਪਿਆ ਉਹ ਆਪਣੇ ਅੰਤ ਦੀ ਉਡੀਕ ਕਰਦਿਆਂ ਅਰਦਾਸਾਂ ਕਰਦਾ।  ਚਰਨਜੀਤ ਨੂੰ ਯਾਦ ਕਰਕੇ ਉਹਦਾ ਮਨ ਉਛਾਲੇ ਖਾਂਦਾ ਤੇ ਅੱਖਾਂ ਥਾਣੀਂ ਵਹਿ ਤੁਰਦਾ।  ਹਿੱਕ ਵਿਚ ਪੀੜ ਉਠਦੀ।  ਅਜਿਹੇ ਪਲਾਂ ਵਿਚ ਉਹ ਸੋਚਦਾ 'ਬੰਦੇ ਦੀ ਜਾਨ ਨਿਕਲਣੀ ਵੀ ਕਿਹੜਾ ਸੌਖੀ ਐ?  ਪਤਾ ਨੀ ਕਿੱਥੇ ਅੜ ਕੇ ਬਹਿ ਜਾਂਦੀ ਐ ! ਰੱਬ ਨੇ ਇਹ ਕੇਹੀ ਅਜੀਬ ਖੇਡ ਬਣਾਈ ਐ ! ਸਾਰੀ ਉਮਰ ਬੰਦਾ ਕਮਾਈਆਂ ਕਰਦੈ।  ਧੀਆਂ-ਪੁੱਤਾਂ ਨੂੰ ਪਾਲਦੈ ਪਰ ਅਖੀਰੀ ਸਮੇਂ ਸਾਰੇ ਦੁੱਖ ਉਹਨੂੰ 'ਕੱਲੇ ਨੂੰ ਈ ਝੱਲਣੇ ਪੈਂਦੇ ਐ।  ਮੰਗੇ ਤੋਂ ਵੀ ਮੌਤ ਨੀ ਮਿਲਦੀ।  ਕੇਹੀ ਅਜੀਬ ਅਧੋਗਤੀ ਐ?' ਅਖੀਰ ਹੌਕੇ ਭਰਦਿਆਂ ਉਹਦੇ ਮੂੰਹੋਂ ਇਹੋ ਨਿਕਲਦਾ, ''ਓਹਦੀਆਂ ਓਹੀ-ਜਾਣੇ-।''

***

ਚਰਨਜੀਤ ਨੂੰ ਮਿਲ ਕੇ ਗਏ ਨੂੰ ਮਹੀਨਾ ਕੁ ਹੋ ਗਿਆ ਸੀ।  ਜਦੋਂ ਦਾ ਉਹ ਵਾਪਸ ਅਹਿਮਦਾਬਾਦ ਗਿਆ ਸੀ, ਕੁਝ ਉਦਾਸ ਰਹਿਣ ਲੱਗ ਪਿਆ ਸੀ।  ਪਹਿਲਾਂ ਵਾਂਗ ਅੰਜਲੀ ਨਾਲ ਹਾਸਾ-ਖੇਡਾ ਜਿਹਾ ਵੀ ਨਾ ਕਰਦਾ।  ਬਹੁਤਾ ਚੁੱਪ ਹੀ ਰਹਿੰਦਾ।  ਅੰਜਲੀ ਨੂੰ ਵੀ  ਚੰਗਾ ਨਹੀਂ ਸੀ ਲਗਦਾ।  ਅੰਜਲੀ ਨੇ ਇਕ ਦਿਨ ਪੁੱਛ ਹੀ ਲਿਆ-
"ਕੀ ਗੱਲ ਜਦੋਂ ਤੋਂ ਤੁਸੀਂ ਬੇਬੇ ਜੀ ਤੇ ਬਾਪੂ ਜੀ ਨੂੰ ਮਿਲ ਕੇ ਆਏ ਓ ਤੁਹਾਡਾ ਮੂਡ ਕੁਝ ਠੀਕ ਨਹੀਂ ਰਹਿੰਦਾ।  ਕੀ ਤੁਸੀਂ ਮੇਰੇ ਨਾਲ ਕੋਈ ਗੱਲ ਸਾਂਝੀ ਕਰਨੀ ਚਾਹੋਗੇ? ਬੰਦੇ ਨੂੰ ਆਪਣੇ ਮਨ 'ਤੇ ਬੋਝ ਨਹੀਂ ਰੱਖਣਾ ਚਾਹੀਦਾ।  ਆਈ ਕੈਨ ਬੀ ਔਫ ਸਮ ਹੈਲਪ ਟੂ ਯੂ।  ਮੈਂ ਕੁਝ ਤਾਂ ਮਦਦ ਕਰ ਹੀ ਸਕਦੀ ਹਾਂ।''
''ਅੰਜਲੀ ਤੈਨੂੰ ਦੱਸ ਕੇ ਮੈਂ ਤੈਨੂੰ ਵੀ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ।  ਬੜੀ ਅਜੀਬ ਸਿਚੂਏਸ਼ਨ ਹੈ ਜਿਸ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ।''
''ਜੇ ਮੈਂ ਗਲਤ ਨਹੀਂ; ਤਾਂ ਕੀ ਤੁਸੀਂ ਬਾਪੂ ਜੀ ਦੀ ਬਿਮਾਰੀ ਬਾਰੇ ਫਿਕਰਮੰਦ ਤਾਂ ਨਹੀਂ?''
''ਉਹ ਤਾਂ ਇਕ ਸਮੱਸਿਆ ਹੈ ਈ ਪਰ ਹੋਰ ਵੀ ਕੁਝ ਐ।  ਮੇਰਾ ਜੀ ਕਰਦੈ ਬਈ ਭੱਜ ਕੇ ਚਲਿਆ ਜਾਵਾਂ।''
''ਤਾਂ ਓਹੀ ਕਰੋ ! ਮੈਂ ਵੀ ਤੁਹਾਡੇ ਨਾਲ ਚਲਦੀ ਆਂ।  ਐਸੀ ਕੋਈ ਪਰੌਬਲਮ ਤਾਂ ਨਹੀਂ ਹੁੰਦੀ ਜਿਸ ਦਾ ਸੋਲਯੂਸ਼ਨ ਨਾ ਹੋਵੇ! ਲੈਟ ਅਸ ਡਿਸਕਸ।''
''ਨਹੀਂ ਅੰਜਲੀ ਤੂੰ ਖਾਹ-ਮਖਾਹ ਪਰੇਸ਼ਾਨ ਹੋਵੇਂਗੀ।  ਕੀ ਫਾਇਦਾ?''
''ਆਈ ਕੈਨ ਫੇਸ ਦੀ ਵਰਸਟ।  ਤੁਸੀਂ ਦੱਸੋ ਤਾਂ ਸਹੀ !''
ਚਰਨਜੀਤ ਨੇ ਅੰਜਲੀ ਨੂੰ ਸਾਰੀ ਗੱਲ ਸਾਫ ਸਾਫ ਦੱਸੀ।  ਉਹਨੂੰ ਗੱਲ ਸੁਣ ਕੇ ਥੋੜਾ ਦੁਖ ਤਾਂ ਹੋਇਆ ਪਰ ਹੈਰਾਨੀ ਨਹੀਂ।  ਉਲਟਾ ਉਸ ਨੇ ਚਰਨਜੀਤ ਨੂੰ ਆਪਣੇ ਮਨ ਦਾ ਸ਼ੱਕ ਦੱਸਿਆ ਜਦੋਂ ਵਿਆਹ ਤੋਂ ਪਿੱਛੋਂ ਪਹਿਲੀ ਵਾਰੀ ਉਹ ਚੁਬਾਰੇ ਵਿਚ ਗੁਰਨੇਕ ਤੇ ਬਸੰਤ ਨੂੰ ਮਿਲਣ ਗਏ ਸਨ ਅਤੇ ਅੰਜਲੀ ਨਾਲ ਉਹਨਾ ਦਾ ਵਤੀਰਾ ਉਸ ਨੂੰ ਚੰਗਾ ਨਹੀਂ ਸੀ ਲੱਗਾ।  ਅੰਜਲੀ ਨੂੰ ਉਸੇ ਦਿਨ ਤੋਂ ਸ਼ੱਕ ਹੋ ਗਿਆ ਸੀ ਪਰ ਉਹ ਅਜਿਹੀਆਂ ਗੱਲਾਂ ਕਰਕੇ ਕੋਈ ਗਲਤਫਹਿਮੀ ਪੈਦਾ ਨਹੀਂ ਸੀ ਕਰਨਾ ਚਾਹੁੰਦੀ।
''ਓ-ਕੇ ਦੈੱਨ।  ਫੇਰ ਸੋਚਣਾ ਕੀ ਐ? ਚਲੋ ਆਪਾਂ ਚੱਲ ਕੇ ਬਾਪੂ ਜੀ ਤੇ ਬੇਬੇ ਜੀ ਨੂੰ ਏਥੇ ਸਾਡੇ ਕੋਲ ਆ ਲਾਉਂਦੇ ਹਾਂ।  ਬਹੁਤੀ ਲੋੜ ਪਈ ਤਾਂ ਇਕ ਨੌਕਰ ਰੱਖ ਲਵਾਂਗੇ।  ਮੇਰੇ ਕੋਲੋਂ ਤੁਹਾਡੀ ਇਹ ਉਦਾਸੀ ਨਹੀਂ ਦੇਖੀ ਜਾਂਦੀ।  ਹੌਲੀ ਹੌਲੀ ਇਹ ਨੈਗੇਟਿਵ ਥਿੰਕਿੰਗ ਵਿਚ ਵੀ ਬਦਲ ਸਕਦੀ ਹੈ।  ਸੋ ਹੋਲਡ ਯੁਅਰ ਸੈਲਫ ਐਂਡ ਡੋਂਟ ਗਿਵ ਅੱਪ।''
''ਚਲੋ ਫੇਰ ਘੱਟੋ ਘਟ ਦੋ ਕੁ ਹਫਤੇ ਦੀ ਛੁੱਟੀ ਲੈ ਕੇ ਦੋਵੇਂ ਚਲਦੇ ਆਂ।  ਸਿੱਧੀ ਮਗਨ ਭਾਈ ਨਾਲ ਈ ਗੱਲ ਕਰਨੀ ਪਊਗੀ।  ਉਹ ਔਖਾ  ਤਾਂ ਬਹੁਤ ਹੋਏਗਾ।''
''ਤੁਸੀਂ ਉਹਦਾ ਫਿਕਰ ਨਾ ਕਰੋ।  ਲੈਟ ਮੀ ਹੈਂਡਲ ਇਟ।  ਉਹ ਮੇਰੀ ਗੱਲ ਮੰਨ ਲੈਨਗੇ।''
ਅੰਜਲੀ ਨੇ ਮਗਨ ਭਾਈ ਨੂੰ ਦੋ ਹਫਤਿਆਂ ਦੀ ਛੁੱਟੀ ਵਾਸਤੇ ਮਨਾ ਲਿਆ।  ਕੁਝ ਦਿਨਾਂ ਪਿੱਛੋਂ ਉਹਨਾਂ ਨੇ ਜਦੋਂ ਅਚਾਨਕ ਭਗਤ ਸਿੰਘ ਦੇ ਜਾ ਕੇ ਪੈਰ ਛੁਹੇ ਤਾਂ ਉਹਦੀਆਂ ਖੁਸ਼ੀਆਂ ਅੱਖਾਂ ਥਾਣੀਂ ਵਹਿ ਤੁਰੀਆਂ।  ਉਹਨੇ ਸਾਰੇ ਜ਼ੋਰ ਨਾਲ ਦੋਹਾਂ ਨੂੰ ਹਿੱਕ ਨਾਲ ਲਾ ਕੇ ਘੁੱਟਿਆ।  ਦਿਆਕੁਰ ਨੂੰ ਵੀ ਚਾਅ ਚੜ੍ਹ ਗਿਆ।  ਦਿਨ ਪਤਾ ਹੀ ਨਾ ਲੱਗਾ ਕਦੋਂ ਗੱਲਾਂ ਕਰਦਿਆਂ ਲੰਘ ਗਿਆ।  ਚਰਨਜੀਤ ਤੇ ਅੰਜਲੀ, ਭਗਤ ਸਿੰਘ ਤੇ ਦਿਆਕੁਰ ਲਈ ਕੁਝ ਕਪੜੇ ਤੇ ਹੋਰ ਸਮਾਨ ਲੈ ਕੇ ਆਏ ਸਨ।  ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਦੀ ਖੁਸ਼ੀ ਉਹਨਾਂ ਕੋਲੋਂ ਸੰਭਾਲੀ ਨਹੀਂ ਸੀ ਜਾਂਦੀ।  ਅੰਜਲੀ ਆਉਣ ਸਾਰ ਹੀ ਦਿਆਕੁਰ ਨਾਲ ਰਸੋਈ ਵਿਚ ਕੰਮ ਕਰਨ ਜਾ ਲੱਗੀ।  ਭਗਤ ਸਿੰਘ ਨੂੰ ਕਦੇ ਪਾਣੀ ਕਦੇ ਚਾਹ ਲਿਆ ਕੇ ਦਿੰਦੀ।  ਆਥਣੇ ਜਦੋਂ ਬਸੰਤ ਚਾਹ ਲੈ ਕੇ ਹੇਠਾਂ ਉੱਤਰੀ ਤਾਂ ਉਹ ਚਰਨਜੀਤ ਤੇ ਅੰਜਲੀ ਨੂੰ ਦੇਖ ਕੇ ਹੈਰਾਨ ਜਿਹੀ ਹੋ ਗਈ।  ਅੰਜਲੀ ਵੀ ਉਦੋਂ ਸਭ ਲਈ ਚਾਹ ਬਣਾ ਕੇ ਲੈ ਆਈ ਸੀ।  ਸਾਰੇ ਜਣੇ ਦੋ ਮੰਜਿਆਂ 'ਤੇ ਬੈਠੇ ਸਨ।  ਅੰਜਲੀ ਨੇ ਆਪਣੀ ਚਾਹ ਵਾਲਾ ਗਲਾਸ ਬਸੰਤ ਨੂੰ ਦੇ ਦਿੱਤਾ।  ਬਸੰਤ ਨੇ ਪਹਿਲਾਂ ਤਾਂ ਨਾਂਹ-ਨੁੱਕਰ ਕੀਤੀ ਫੇਰ ਗਲਾਸ ਫੜ ਲਿਆ।  ਅੰਜਲੀ ਲਈ ਚਾਹ ਨਹੀਂ ਸੀ ਬਚੀ।  ਬਸੰਤ ਦੇ ਪੁੱਛਣ ਤੇ ਅੰਜਲੀ ਨੇ ਮਖ਼ੌਲ ਨਾਲ ਕਿਹਾ ਕਿ ਉਹ ਉਹਦੀ ਲਿਆਂਦੀ ਬਾਪੂ ਜੀ ਵਾਲੀ ਚਾਹ ਪੀ ਲਵੇਗੀ।  ਅੰਜਲੀ ਨੇ ਜਦੋਂ ਪਹਿਲਾ ਘੁੱਟ ਹੀ ਭਰਿਆ ਤਾਂ ਉਹਨੂੰ ਸ਼ੱਕ ਪਿਆ ਕਿ ਚਾਹ ਵਿਚ ਕੋਈ ਨਸ਼ੇ ਵਾਲੀ ਚੀਜ਼ ਸੀ।  ਖੈਰ ਉਸ ਨੇ ਥੋੜੀ ਜਿਹੀ ਹੀ ਚਾਹ ਪੀਤੀ।
ਆਥਣੇ ਮਾਸਟਰ ਜੀ ਵੀ ਤੁਰਦੇ-ਫਿਰਦੇ ਆ ਗਏ।  ਘਰ ਰੌਣਕਾਂ ਨਾਲ ਭਰ ਗਿਆ।  ਦੋ ਕੁ ਦਿਨ ਚਰਨਜੀਤ ਤੇ ਅੰਜਲੀ ਨੇ ਘਰ ਵਿਚ ਕੋਈ ਗੰਭੀਰ ਗੱਲ ਨਾ ਕਰਨ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਸੀ।  ਤੀਜੇ ਕੁ ਦਿਨ ਉਹਨਾਂ ਨੇ ਦਿਆਕੁਰ ਤੇ ਭਗਤ ਸਿੰਘ ਨੂੰ ਮਨਾਉਣਾ ਚਾਹਿਆ ਕਿ ਉਹ ਉਹਨਾਂ ਦੇ ਨਾਲ ਅਹਿਮਦਾਬਾਦ ਚੱਲਣ ਪਰ ਉਹ ਜਾਣ ਲਈ ਤਿਆਰ ਨਾ ਹੋਏ।  ਚਰਨਜੀਤ ਨੇ ਆਨੀ-ਬਹਾਨੀ ਬੜੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਇਸ ਗੱਲ ਦੀ ਸਮਝ ਆ ਸਕੇ ਕਿ ਉਸ ਘਰ ਵਿਚ ਹੁਣ ਉਹਨਾਂ ਲਈ ਰਹਿਣਾ ਖਤਰਾ ਵੀ ਬਣ ਸਕਦੈ।  ਪਰ ਉਹ ਕਿਵੇਂ ਮੰਨ ਲੈਂਦੇ ਕਿ ਕਿਸੇ ਨੂੰ ਆਪਣੇ ਘਰ ਵਿਚ ਹੀ ਖਤਰਾ ਕਿਵੇਂ ਹੋ ਸਕਦੈ।  ਚਰਨਜੀਤ ਨੇ ਅੰਜਲੀ ਨੂੰ ਚਾਰ ਕੁ ਦਿਨਾਂ ਲਈ ਚੰਡੀਗੜ੍ਹ ਭੇਜ ਦਿੱਤਾ।  ਉਹਨੇ ਮਾਸਟਰ ਜੀ ਤੋਂ ਵੀ ਅਸਿੱਧੇ ਤੌਰ ਤੇ ਮਦਦ ਲੈਣੀ ਚਾਹੀ ਕਿ ਜੇ ਹੋ ਸਕੇ ਤਾਂ ਉਹ ਉਹਨਾਂ ਦੇ ਮਾਂ ਪਿਓ ਨੂੰ ਉਹਨਾਂ ਦੇ ਨਾਲ ਜਾਣ ਲਈ ਮਨਾ ਲੈਣ ਪਰ ਮਾਸਟਰ ਜੀ ਆਪ ਵੀ ਬਹੁਤਾ ਉਸ ਸੁਝਾਅ ਨਾਲ ਸਹਿਮਤ ਨਹੀਂ ਸਨ ਹੋ ਰਹੇ।  ਚਰਨਜੀਤ ਪੂਰੀ ਗੱਲ ਖੁੱਲ੍ਹ ਕੇ ਕਰ ਨਹੀਂ ਸੀ ਸਕਦਾ।  ਪਰ ਉਸ ਦੇ ਅੰਦਰਲਾ ਡਰ ਹੋਰ ਵੀ ਵਧ ਗਿਆ ਸੀ ਜਦੋਂ ਅੰਜਲੀ ਨੇ ਉਸ ਨੂੰ ਚਾਹ ਪੀਣ ਮਗਰੋਂ ਆਪਣਾ ਸ਼ੱਕ ਦੱਸਿਆ ਸੀ।  ਉਸ ਦਿਨ ਪਿੱਛੋਂ ਬਸੰਤ ਵੀ ਚਾਹ ਲੈ ਕੇ ਨਹੀਂ ਸੀ ਆਈ।  ਚਰਨਜੀਤ ਦਾ ਮਾਨਸਿਕ ਤਣਾਅ ਦਿਨ-ਬ-ਦਿਨ ਵਧ ਰਿਹਾ ਸੀ।  ਬੇਬਸੀ ਭਾਰੂ ਸੀ।  ਉਹਨੂੰ ਆਪਣੇ ਆਪ 'ਤੇ ਗੁੱਸਾ ਆ ਰਿਹਾ ਸੀ।  ਕੀ ਉਹ ਸਭ ਕੁਝ ਦੇਖ ਕੇ, ਜਾਣ ਕੇ, ਪਛਾਣ ਕੇ ਵੀ ਹਥਿਆਰ ਸੁੱਟਣ ਲਈ ਮਜ਼ਬੂਰ ਹੋ ਚੁੱਕਾ ਸੀ?  ਉਸ ਨੂੰ ਪਤਾ ਸੀ ਕਿ ਮਾਂ ਪਿਓ ਹਮੇਸ਼ਾ ਨਹੀਂ ਜਿਉਂਦੇ ਰਹਿੰਦੇ ਪਰ ਆਪਣੀ ਆਈ ਤੋਂ ਪਹਿਲਾਂ ਹੀ ਉਹਨਾਂ ਨੂੰ ਮਰਦੇ ਦੇਖਣਾ ਕੋਈ ਕਿਵੇਂ ਬਰਦਾਸ਼ਤ ਕਰ ਸਕਦਾ ਸੀ? ਉਸ ਨੇ ਆਪਣੇ ਮਾਂ ਬਾਪ ਨੂੰ ਏਥੋਂ ਤਕ ਵੀ ਤਰਲਾ ਕੀਤਾ ਕਿ ਭਾਵੇਂ ਕੁਝ ਦਿਨਾਂ ਲਈ ਹੀ ਸਹੀ ਉਹ ਉਹਨਾਂ ਨਾਲ ਚੱਲਣ ਜ਼ਰੂਰ।  ਉਹ ਚਾਹੁੰਦਾ ਸੀ ਕਿ ਕਿਵੇਂ ਨਾ ਕਿਵੇਂ ਕਰਕੇ ਉਹ ਉਹਨਾਂ ਨੂੰ ਆਪਣੇ ਕੋਲ ਰੱਖਣ ਵਿਚ ਓਥੇ ਜਾ ਕੇ ਮਨਾ ਲਵੇਗਾ।  ਪਰ ਦੂਜੇ ਪਾਸੇ ਉਹਦੇ ਮਾਂ ਪਿਓ ਆਪਣੀ ਮਿੱਟੀ ਛੱਡਣ ਨੂੰ ਤਿਆਰ ਹੀ ਨਹੀਂ ਸਨ।  ਭਗਤ ਸਿੰਘ ਨੇ ਵੀ ਮਜਬੂਰ ਹੋ ਕੇ ਇਕ ਦਿਨ ਕਿਹਾ ਸੀ-
''ਪੁੱਤ ਤੈਨੂੰ ਕਿਵੇਂ ਸਮਝਾਵਾਂ ਕਿ ਬੰਦੇ ਤੋਂ ਆਪਣੀ ਮਿੱਟੀ ਨਹੀਂ ਛੱਡੀ ਜਾਂਦੀ ਹੁੰਦੀ।  ਮੈਨੂੰ ਤਾਂ ਅਜੇ ਤਾਈਂ ਆਪਣਾ ਪੁਰਾਣਾ ਪਿੰਡ ਵੀ ਨਹੀਂ ਭੁੱਲਿਆ।  ਮੇਰਾ ਤਾਂ ਹਾਲੇ ਵੀ ਓਥੇ ਈ ਜਾ ਕੇ ਮਰਨ ਨੂੰ ਜੀ ਕਰਦੈ।  ਕੀਤਾ ਕੀ ਜਾਵੇ ਆਪਣੀ ਮਿੱਟੀ ਦਾ ਮੋਹ ਈ ਨੀ ਖਹਿੜਾ ਛਡਦਾ।  ਬੰਦੇ ਦੇ ਵੱਸ ਥੋੜੋ ਹੁੰਦੀ ਐ ਇਹ ਗੱਲ?''
ਚਰਨਜੀਤ ਹੰਭ ਚੁੱਕਾ ਸੀ।  ਅੰਜਲੀ ਵਾਪਸ ਆ ਗਈ ਸੀ ਤੇ ਛੁੱਟੀਆਂ ਖਤਮ ਹੋ ਚੁੱਕੀਆਂ ਸਨ।
ਅਖੀਰ ਜਾਣ ਤੋਂ ਇਕ ਦਿਨ ਪਹਿਲਾਂ ਚਰਨਜੀਤ ਇਕੱਲਾ ਮਾਸਟਰ ਜੀ ਨੂੰ ਮਿਲਣ ਚਲਾ ਗਿਆ।  ਉਸ ਨੇ ਮਾਸਟਰ ਜੀ ਨੂੰ ਕਿਹਾ ਕਿ ਉਹ ਉਹਨਾਂ ਨੂੰ ਆਪਣੇ ਮਾਂ ਪਿਓ ਵਰਗਾ ਹੀ ਸਮਝਦਾ ਹੈ।  ਜੇ ਉਹਦੇ ਮਾਂ ਪਿਓ ਉਹਨਾਂ ਦੇ ਨਾਲ ਜਾਣ ਲਈ ਨਹੀਂ ਮੰਨਦੇ ਤਾਂ ਉਹ ਤਾਂ ਚੱਲ ਹੀ ਸਕਦੇ ਹਨ।  ਮਾਸਟਰ ਜੀ ਨੇ ਹਸਦਿਆਂ ਜਵਾਬ ਦਿੱਤਾ ਸੀ ਕਿ ਉਹਨਾਂ ਸਾਰਿਆਂ ਦੀ ਸੋਚ ਆਪਣੀ ਮਿੱਟੀ ਦੇ ਮੋਹ ਲਈ ਇਕੋ ਜਿਹੀ ਸੀ।  ਉਲਟਾ ਉਹਨਾਂ ਨੇ ਚਰਨਜੀਤ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਉਹਨਾਂ ਸਾਰਿਆਂ ਨੂੰ ਉਹਦੇ ਮੋਹ-ਪਿਆਰ ਦਾ ਪੂਰਾ ਅਹਿਸਾਸ ਸੀ ਜਿਹੜਾ ਉਹ ਏਨੀ ਦੂਰੋਂ ਬਾਰ-ਬਾਰ ਆ ਕੇ ਉਹਨਾਂ ਨੂੰ ਆਪਣੇ ਕੋਲ ਲਿਜਾਣ ਲਈ ਜ਼ਿੱਦ ਕਰ ਰਿਹਾ ਸੀ।  ਪਰ ਜੀਵਨ ਵਿਚ ਮਿਲਣਾ ਤੇ ਵਿਛੜਨਾ ਤਾਂ ਹੁੰਦਾ ਹੀ ਰਹਿੰਦੈ।  ਇਸ ਲਈ ਉਸ ਵਾਸਤੇ ਇਹ ਜ਼ਰੂਰੀ ਹੈ ਕਿ ਆਪਣੇ ਕੰਮ 'ਤੇ ਪਰਤੇ।  ਦੂਰ ਰਹਿ ਕੇ ਵੀ ਕੋਈ ਮੋਹ ਪਿਆਰ ਘਟ ਨਹੀਂ ਜਾਂਦਾ ਸਗੋਂ ਵਧਦਾ ਹੈ।
ਚਰਨਜੀਤ ਤੇ ਅੰਜਲੀ ਨੇ ਵਾਪਸੀ ਲਈ ਤਿਆਰੀ ਕਰ ਲਈ।  ਇਸ ਵਾਰ ਜਦੋਂ ਚਰਨਜੀਤ ਘਰੋਂ ਤੁਰਿਆ ਤਾਂ ਉਸ ਨੇ ਮਹਿਸੂਸ ਕੀਤਾ ਕਿ ਕਦੇ ਵੀ ਪਹਿਲਾਂ ਘਰੋਂ ਤੁਰਨ ਵੇਲੇ ਉਹਦਾ ਮਨ ਏਨਾ ਦੁਖੀ ਨਹੀਂ ਸੀ ਹੋਇਆ ਜਿੰਨਾ ਉਸ ਦਿਨ ਸੀ।  ਉਸ ਨੂੰ ਇਹ ਅਹਿਸਾਸ ਜਿਵੇਂ ਘੁਣ ਵਾਂਗ ਖਾਈ ਜਾਂਦਾ ਸੀ ਕਿ ਪਤਾ ਨਹੀਂ ਮੁੜ ਕੇ ਉਹ ਆਪਣੇ ਬਾਪੂ ਜੀ ਨੂੰ ਦੇਖ ਸਕੇਗਾ ਵੀ ਕਿ ਨਹੀਂ।  ਕਿਉਂਕਿ ਉਹਦੀ ਮਾਨਸਿਕ ਸਮਝ ਤੇ ਡਾਕਟਰੀ ਸਮਝ ਦੋਵੇਂ ਹੀ ਇਹ ਦੱਸ ਰਹੀਆਂ ਸਨ ਕਿ ਆਉਣ ਵਾਲਾ ਸਮਾਂ ਚੰਗਾ ਨਹੀਂ।
ਕੋਈ ਮਹੀਨਾ ਕੁ ਹੋ ਗਿਆ ਸੀ ਚਰਨਜੀਤ ਤੇ ਅੰਜਲੀ ਨੂੰ ਮਿਲ ਕੇ ਗਿਆਂ।  ਬਸੰਤ ਨੇ ਦੂਜੇ ਦਿਨ ਤੋਂ ਹੀ ਆਥਣ-ਸਵੇਰ ਚਾਹ ਦੇਣ ਦਾ ਸਿਲਸਿਲਾ ਫੇਰ ਸ਼ੁਰੂ ਕਰ ਲਿਆ ਸੀ।  ਭਗਤ  ਸਿੰਘ ਨੇ ਵੀ ਉਸ ਚਾਹ ਤੋਂ ਬਿਨਾਂ ਦਸ-ਪੰਦਰਾਂ ਦਿਨ ਬੜੇ ਔਖੇ ਕੱਟੇ ਸਨ।  ਦਿਆਕੁਰ ਦੀ ਬਣਾਈ ਚਾਹ ਉਹਨੂੰ ਹੁਣ ਚੰਗੀ ਨਹੀਂ ਸੀ ਲਗਦੀ।  ਠੰਢ ਦੇ ਦਿਨ ਆ ਗਏ।  ਦਿਨ ਛੋਟੇ ਅਤੇ ਰਾਤਾਂ ਲੰਮੀਆਂ ਹੋ ਗਈਆਂ।  ਦਿਨ ਤਾਂ ਕਿਵੇਂ ਨਾ ਕਿਵੇਂ ਧੁੱਪੇ ਬਹਿ ਕੇ ਨਿਕਲ ਜਾਂਦਾ ਪਰ ਰਾਤਾਂ ਭਗਤ ਸਿੰਘ ਲਈ ਬੜੀਆਂ ਲੰਮੀਆਂ ਹੋ ਚੁੱਕੀਆਂ ਸਨ।  ਰਾਤ ਨੂੰ ਨੀਂਦ ਬਾਰ-ਬਾਰ ਉਖੜਦੀ।  ਨਾ ਬੈਠਾ ਜਾਂਦਾ ਸੀ ਨਾ ਪਿਆ ਜਾਂਦਾ ਸੀ।  ਉਹਦੀਆਂ ਅੱਖਾਂ ਅੰਦਰ ਨੂੰ ਧਸ ਗਈਆਂ ਲਗਦੀਆਂ।  ਲੱਤਾਂ ਬਾਹਾਂ ਦਾ ਮਾਸ ਹੱਡੀਆਂ ਨਾਲੋਂ ਲਮਕਣ ਲੱਗ ਪਿਆ ਸੀ।  ਸਾਹ ਚੜ੍ਹਨ ਲੱਗ ਪਿਆ ਸੀ।  ਅਚਾਨਕ ਇਕ ਰਾਤ ਭਗਤ ਸਿੰਘ ਨੂੰ ਸਾਹ ਔਖੇ ਆਉਣੇ ਸ਼ੁਰੂ ਹੋ ਗਏ।  ਦਿਆਕੁਰ ਨੇ ਓਸ ਰਾਤ ਲਾਲਟੈਣ ਵੀ ਨਾ ਬੁਝਾਈ।  ਬੱਤੀ ਥੋੜੀ ਨੀਵੀਂ ਕਰ ਦਿੱਤੀ।  ਅੱਧੀ ਕੁ ਰਾਤ ਵੇਲੇ ਭਗਤ ਸਿੰਘ ਨੂੰ ਸਾਹ ਰੁਕ-ਰੁਕ ਆਉਣ ਲੱਗ ਪਏ।  ਦਿਆਕੁਰ ਨੂੰ ਲੱਗਿਆ ਕਿ ਹੁਣ ਭਗਤ ਸਿੰਘ ਦਾ ਅੰਤ ਨੇੜੇ ਸੀ।  ਉਹ ਕੀ ਕਰੇ? ਦੁਚਿੱਤੀ ਵਿਚ ਉਹਨੇ ਵਿਹੜੇ ਵਿਚ ਜਾ ਕੇ ਆਵਾਜ਼ ਮਾਰੀ-
''ਕੁੜੇ ਬਹੂ ! ਹਾਅ ਭੇਜੀਂ ਨੇਕ ਨੂੰ ਹੇਠਾਂ !''
ਚੁਬਾਰੇ ਵਿਚੋਂ ਖਾਸਾ ਚਿਰ ਕੋਈ ਖੜਕਾ ਨਾ ਸੁਣਿਆ।  ਦਿਆਕੁਰ ਨੇ ਉੱਚੀ-ਉੱਚੀ ਦੋ ਤਿੰਨ ਵਾਰੀ ਹੋਰ ਹਾਕਾਂ ਮਾਰੀਆਂ ਤਾਂ ਗੁਰਨੇਕ ਨੇ ਖਿੜਕੀ ਖੋਲ੍ਹ ਕੇ ਪੁੱਛਿਆ, ''ਕੀ ਗੱਲ ਐ?''
''ਭਾਈ ਗੱਲ ਕੀ ਹੋਣੀ ਸੀ।  ਤੇਰੇ ਬਾਪੂ ਨੂੰ ਤਾਂ ਪਤਾ ਨੀ ਕੀ ਹੋ ਗਿਆ।''  
ਗੁਰਨੇਕ ਛੇਤੀ ਛੇਤੀ ਹੇਠਾਂ ਉਤਰਿਆ।  ਦੇਖਣ ਸਾਰ ਹੀ ਉਹ ਸਮਝ ਗਿਆ ਕਿ ਭਗਤ ਸਿੰਘ ਅਖੀਰਲੇ ਸਾਹਾਂ 'ਤੇ ਸੀ।  ਉਹਨੇ ਦਿਆਕੁਰ ਨੂੰ ਕਿਹਾ ਕਿ ਉਹ ਪਾਣੀ ਲੈ ਕੇ ਹੁਣੇ ਪਰਤ ਆਏਗਾ।  ਪਾਣੀ ਦੇ ਗਲਾਸ ਨਾਲ ਉਹ ਕੁਝ ਕਾਗਜ਼ ਪੱਤਰ ਅਤੇ ਇਕ ਡੱਬੀ ਜਿਹੀ ਆਪਣੇ ਖੀਸੇ ਵਿਚ ਪਾ ਲਿਆਇਆ ਸੀ।  ਬਸੰਤ ਕੌਰ ਵੀ ਮਗਰੇ ਉੱਤਰ ਆਈ ਸੀ।
''ਪੁੱਤ ਤੇਰੇ ਬਾਪੂ ਨੂੰ ਤਾਂ ਲਗਦੈ ਭੁੰਜੇ ਲੌਹਣਾ ਪਊ।  ਇਹਦਾ ਤਾਂ ਘੋਰੜੂ ਵੱਜੀ ਜਾਂਦੈ!''
ਤਿੰਨਾਂ ਜਣਿਆਂ ਨੇ ਮਿਲ ਕੇ ਭਗਤ ਸਿੰਘ ਨੂੰ ਭੁੰਜੇ ਲਾਹ ਲਿਆ।  ਗੁਰਨੇਕ ਨੇ ਭਗਤ ਸਿੰਘ ਦਾ ਸਿਰ ਆਪਣੀ ਗੋਦੀ ਵਿਚ ਰੱਖ ਲਿਆ ਤੇ ਦਿਆਕੁਰ ਨੂੰ ਚਮਚਾ ਲਿਆਉਣ ਲਈ ਕਿਹਾ।  ਦਿਆਕੁਰ ਜਦੋਂ ਚਮਚਾ ਲੈਣ ਗਈ ਤਾਂ ਉਸਨੇ ਬੜੀ ਫੁਰਤੀ ਨਾਲ ਖੀਸੇ ਵਿਚੋਂ ਡੱਬੀ (ਸਟੈਂਪ ਪੈਡ) ਕੱਢੀ ਤੇ ਭਗਤ ਸਿੰਘ ਦੇ ਖੱਬੇ ਹੱਥ ਦਾ ਅੰਗੂਠਾ ਉਸ ਉੱਤੇ ਦੱਬ ਕੇ ਰਗੜਿਆ ਤੇ ਛੇਤੀ-ਛੇਤੀ ਕਾਗਜ਼ਾਂ 'ਤੇ ਲਾਉਣ ਦੀ ਕੀਤੀ।  ਬਸੰਤ ਸਭ ਕੁਝ ਹੈਰਾਨ ਹੋਈ ਦੇਖਦੀ ਰਹੀ ਪਰ ਬੋਲੀ ਕੁਝ ਨਾ।  ਗੁਰਨੇਕ ਨੇ ਝੱਟ ਕਾਗਜ਼ ਮੋੜ ਕੇ ਆਪਣੇ ਖੀਸੇ ਵਿਚ ਪਾ ਲਏ ਅਤੇ ਡੱਬੀ ਹੇਠਾਂ ਪਈ ਰਹਿ ਗਈ।  ਏਨੇ ਨੂੰ ਦਿਆਕੁਰ ਚਮਚਾ ਲੈ ਕੇ ਆ ਗਈ।  ਗੁਰਨੇਕ ਨੇ ਚਮਚੇ ਨਾਲ ਭਗਤ ਸਿੰਘ ਦੇ ਮੂੰਹ ਵਿਚ ਪਾਣੀ ਪਾਇਆ।  ਮਸਾਂ ਇਕ ਅੱਧ ਚਮਚਾ ਹੀ ਅੰਦਰ ਲੰਘਿਆ ਹੋਵੇਗਾ ਜਦੋਂ ਭਗਤ ਸਿੰਘ ਦੇ ਸਾਹ ਬੰਦ ਹੋ ਗਏ।  ਦਿਆਕੁਰ ਦੀ ਨਿਗਾ ਡੱਬੀ 'ਤੇ ਪਈ ਤਾਂ ਉਹਨੇ ਪੁੱਛਿਆ, ''ਇਹ ਕੀ ਐ?'' ਤਾਂ ਗੁਰਨੇਕ ਨੇ ਕਿਹਾ, ''ਇਹ ਤਾਂ ਬੇਬੇ ਮੇਰੀ ਜੇਬ 'ਚੋਂ ਡਿੱਗ-ਪੀ ਸੀ।"  ਆਖਦਿਆਂ ਉਹਨੇ ਡੱਬੀ ਮੁੜ ਆਪਣੇ ਖੀਸੇ ਵਿਚ ਪਾ ਲਈ।
ਦਿਆਕੁਰ ਨੇ ਹੌਲੀ ਹੌਲੀ ਰੋਣਾ ਸ਼ੁਰੂ ਕਰ ਦਿੱਤਾ।  ਬਸੰਤ ਕੌਰ ਵੀ ਡੁਸਕਣ ਲੱਗ ਪਈ।  ਗੁਰਨੇਕ ਨੇ ਦੋਹਾਂ ਨੂੰ ਟੋਕਦਿਆਂ ਕਿਹਾ ਕਿ ਹੁਣ ਅੱਧੀ ਰਾਤ, ਲੋਕਾਂ ਨੂੰ ਜਗਾਉਣ ਦੀ ਲੋੜ ਨਹੀਂ।  ਸਵੇਰੇ-ਸਵੇਰੇ ਆਂਢ-ਗੁਆਂਢ ਨੂੰ ਦੱਸ ਦਿੱਤਾ ਜਾਵੇਗਾ।  ਦਿਆਕੁਰ ਨੇ ਦੀਵਾ ਜਗਾ ਕੇ ਭਗਤ ਸਿੰਘ ਦੇ ਸਰਹਾਣੇ ਰੱਖ ਦਿੱਤਾ।  ਗੁਰਨੇਕ ਨੇ ਭਗਤ ਸਿੰਘ 'ਤੇ ਛੇਤੀ ਛੇਤੀ ਖੇਸ ਦੇਣ ਦੀ ਕੀਤੀ।  ਦਿਆਕੁਰ ਨੇ ਲਾਲਟੈਣ ਦੇ ਚਾਨਣੇ ਵਿਚ ਦੇਖਿਆ, ਭਗਤ ਸਿੰਘ ਦਾ ਖੱਬਾ ਹੱਥ ਖੇਸ ਤੋਂ ਬਾਹਰ ਸੀ।  ਉਹਨੇ ਜਦੋਂ ਹੱਥ ਨੂੰ ਢਕਣਾ ਚਾਹਿਆ ਤਾਂ ਦੇਖਿਆ ਕਿ ਭਗਤ ਸਿੰਘ ਦਾ ਅੰਗੂਠਾ ਜਾਮਣੀ ਰੰਗ ਦਾ ਹੋਇਆ ਪਿਆ ਸੀ।
''ਨੇਕ-ਖਵਨੀ ਮੈਨੂੰ ਈ ਲਗਦੈ।  ਤੇਰੇ ਬਾਪੂ ਦਾ ਗੂਠਾ ਨੀਲਾ-ਜਾ ਕਿਉਂ ਹੋਇਆ ਪਿਐ?''
ਗੁਰਨੇਕ ਨੂੰ ਇਕ ਤਰੇਲੀ ਜਿਹੀ ਆ ਗਈ।  ਉਹਨੇ ਉੱਠ ਕੇ ਹੱਥ ਨੂੰ ਖੇਸ ਨਾਲ ਚੰਗੀ ਤਰ੍ਹਾਂ ਢਕਦਿਆਂ ਕਿਹਾ-
''ਇਹ ਤਾਂ ਬੇਬੇ ਸਰੀਰ 'ਚ ਖੂਨ ਜੰਮਣ ਕਰਕੇ ਹੋ ਜਾਂਦੈ।''
ਉਸ ਨੂੰ ਡਰ ਸੀ ਕਿ ਦਿਆਕੁਰ ਕਿਧਰੇ ਫੇਰ ਹੱਥ ਨੰਗਾ ਨਾ ਕਰ ਦੇਵੇ, ਉਹਨੇ ਸੋਚਦਿਆਂ ਓਸੇ ਪਾਸਿਓਂ ਬਹਿ ਕੇ ਭਗਤ ਸਿੰਘ ਦੇ ਸਰੀਰ ਨੂੰ ਜੱਫੀ ਪਾ ਕੇ ਇਕ ਵੱਡੀ ਸਾਰੀ ਭੁੱਬ ਮਾਰਦਿਆਂ ਰੋਣਾ ਸ਼ੁਰੂ ਕਰ ਦਿੱਤਾ।  ਦਿਆਕੁਰ ਤੇ ਬਸੰਤ ਉਹਨੂੰ ਚੁੱਪ ਕਰਾਉਣ ਲੱਗ ਪਈਆਂ।  ਅਗਲੇ ਦਿਨ ਦੁਪਹਿਰ ਤਕ ਭਗਤ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ।  ਚਰਨਜੀਤ ਨੂੰ ਤਾਰ ਦੇਣ ਦੇ ਨਾਲ ਨਾਲ ਬਾਕੀ ਸਾਰੇ ਸਾਕ-ਸਬੰਧੀਆਂ ਨੂੰ ਭੋਗ ਦੇ ਦਿਨ ਦੀ ਤਾਰੀਖ ਮਿਥ ਕੇ ਗੁਰਨੇਕ ਨੇ ਚਿੱਠੀਆਂ ਪਾ ਦਿੱਤੀਆਂ।
ਚਰਨਜੀਤ ਤੇ ਅੰਜਲੀ ਦੂਜੇ ਦਿਨ ਸ਼ਾਮ ਤਕ ਪਹੁੰਚ ਗਏ।  ਅਗਲੇ ਦਿਨ ਫੁੱਲ ਚੁਗਣੇ ਸਨ।  ਫੁੱਲ ਚੁਗਣ ਪਿੱਛੋਂ ਗੁਰਨੇਕ ਨੇ ਕਿਹਾ ਕਿ ਦਿਆਕੁਰ, ਗੁਰਨਾਮ ਸਿੰਘ ਤੇ ਚਰਨਜੀਤ ਜਾ ਕੇ ਫੁੱਲ ਪਰਵਾਹ ਆਉਣਗੇ।  ਉਹ ਆਪ ਪਿੱਛੇ ਘਰ ਹੀ ਰਹੇਗਾ ਤਾਂ ਕਿ ਅਫਸੋਸ ਕਰਨ ਆਏ ਲੋਕਾਂ ਨੂੰ ਮਿਲ ਸਕੇ।
ਭੋਗ ਵਾਲੇ ਦਿਨ ਵੀ ਕਾਫੀ ਇਕੱਠ ਹੋ ਗਿਆ ਸੀ।  ਚਾਹ ਤੇ ਰੋਟੀ ਪਾਣੀ ਦਾ ਇੰਤਜ਼ਾਮ ਚਰਨਜੀਤ ਨੇ ਕੀਤਾ।  ਜਿਵੇਂ ਜਿਵੇਂ ਦਿਆਕੁਰ ਉਹਨੂੰ ਜੋ ਜੋ ਕਰਨ ਲਈ ਕਹੀ ਗਈ ਉਹ ਤੇ ਅੰਜਲੀ ਕਰੀ ਗਏ।  ਗੁਰਨੇਕ ਤੇ ਬਸੰਤ ਭੋਗ ਪੈਣ ਤੋਂ ਥੋੜਾ ਚਿਰ ਪਹਿਲਾਂ ਆ ਗਏ।  ਦੁਪਹਿਰ ਪਿੱਛੋਂ ਭੋਗ ਪਿਆ ਤਾਂ ਰੋਟੀ ਟੁੱਕ ਖਾ ਕੇ ਲੋਕ ਆਪੋ ਆਪਣੇ ਘਰੀਂ-ਪਿੰਡੀਂ ਮੁੜ ਗਏ।  ਗੁਰਨੇਕ ਤੇ ਬਸੰਤ ਵੀ ਉਸੇ ਵੇਲੇ ਚੁਬਾਰੇ ਜਾ ਚੜ੍ਹੇ।  ਸਾਰਾ ਸਮਾਨ ਸੰਭਾਲਦਿਆਂ-ਕਰਦਿਆਂ ਚਰਨਜੀਤ ਤੇ ਅੰਜਲੀ ਨੂੰ ਆਥਣ ਹੋ ਗਿਆ।  ਮਾਮਾ ਗੁਰਨਾਮ ਸਿੰਘ ਵੀ ''ਮੇਰਾ ਅਟਕਣਾ ਮੁਸ਼ਕਲ ਐ।  ਘਰੇ ਜ਼ਰੂਰੀ ਕੰਮ ਐ।''  ਕਹਿ ਕੇ ਦੁਪਹਿਰ ਪਿੱਛੋਂ ਹੀ ਤੁਰ ਗਿਆ ਸੀ।  ਦਿਆਕੁਰ ਵਰਾਂਡੇ ਵਿਚ ਪੀੜ੍ਹੀ 'ਤੇ ਬੈਠੀ ਥੋੜੇ ਚਿਰ ਪਿੱਛੋਂ ਅੱਖਾਂ ਪੁੰਝ ਲੈਂਦੀ।  ਅੰਜਲੀ ਉਹਨੂੰ ਧਰਵਾਸ ਦਿੰਦੀ ਰਹੀ ਤੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹੀ।  ਚਰਨਜੀਤ ਆਉਂਦਾ ਜਾਂਦਾ ਆਪਣੀ ਮਾਂ ਦਾ ਫਿਕਰ ਕਰਦਾ ਰਿਹਾ।  ਸਾਰੇ ਕੰਮ ਮੁਕਾ ਕੇ ਉਹ ਆਪਣੀ ਮਾਂ ਕੋਲ ਆ ਬੈਠਾ।  ਅੰਜਲੀ ਰਸੋਈ ਵਿਚੋਂ ਚਾਹ ਬਣਾ ਕੇ ਲੈ ਆਈ।
"ਬੇਜੀ ਹੁਨ ਤੁਸੀਂ ਸਾਡੇ ਨਾਲ ਹੀ ਚਲਨਾ ਅਹਿਮਦਾਬਾਦ। ਅਸੀਂ ਤੁਹਾਨੂੰ ਏਥੇ ਇਕੱਲਾ ਛੱਡ ਕੇ ਨਹੀਂ ਜਾ ਸਕਦੇ।  ਬੱਸ ਤੁਸੀਂ ਸਾਡੇ ਕੋਲ ਹੀ ਰਹਿਨਾ।  ਹੈ ਨਾ ਚਰਨ ਜੀ?''  ਅੰਜਲੀ ਨੇ ਦਿਆਕੁਰ ਨੂੰ ਚਾਹ ਵਾਲਾ ਗਲਾਸ ਫੜਾਉਂਦਿਆਂ ਕਿਹਾ।
"ਆਹ੍ਹੋ ਬੇਬੇ ਜੀ ਅੰਜਲੀ ਠੀਕ ਈ ਆਖਦੀ ਐ।  ਆਪਾਂ ਇਕ ਦੋ ਦਿਨਾਂ 'ਚ ਈ ਜਾਣ ਦੀ ਤਿਆਰੀ ਕਰ ਲਾਂ-ਗੇ।''
''ਵੇ ਪੁੱਤ ਮੈਂ ਕੀ ਕਰੂੰਗੀ ਓਥੇ ਜਾ ਕੇ? ਨਾ ਮੇਰੀ ਓਥੇ ਕੋਈ ਜਾਣ ਨਾ ਪਛਾਣ।  ਨਾ ਮੈਨੂੰ ਓਧਰਲੀ ਬੋਲੀ ਸਮਝ ਆਉਣੀ ਐ।  ਸਾਰਾ ਦਿਨ ਕੀ ਕਰੂੰਗੀ? ਕੰਧਾਂ ਨਾਲ ਤਾਂ ਭਮਾਂ ਗੱਲਾਂ ਕਰ ਲਿਆ ਕਰਾਂ।  ਮੇਰਾ ਪੁੱਤ ਜੀ ਨੀ ਲੱਗਣਾ ਓਥੇ ਜਾ ਕੇ।''
ਦਿਆਕੁਰ ਨੇ ਬੇਬਸੀ ਜ਼ਾਹਰ ਕੀਤੀ।
"ਬੇਬੇ ਤੂੰ ਉੱਕਾ ਫਿਕਰ ਨਾ ਕਰ ਏਸ ਗੱਲ ਦਾ।  ਓਥੇ ਆਪਣੇ ਕਈ ਪੰਜਾਬੀ ਟੱਬਰ ਰਹਿੰਦੇ ਐ ਨੇੜੇ-ਤੇੜੇ।  ਕੋਈ ਨਾ ਕੋਈ ਤੇਰੀ ਸਹੇਲੀ ਆਪੇ ਬਣ-ਜੂ।  ਫੇਰ ਆਥਣ-ਸਵੇਰ ਤਾਂ ਅਸੀਂ ਘਰੇ ਹੋਇਆ ਈ ਕਰਾਂਗੇ।  ਨਾਲੇ ਓਧਰਲੀ ਦੁਨੀਆਂ ਵੀ ਦੇਖ-ਲੀਂ ਜਾ ਕੇ।  ਜੇ ਫੇਰ ਵੀ ਜੀ ਨਾ ਲਗਿਆ ਤਾਂ ਭਾਵੇਂ ਮੁੜਿਆਈਂ।"
"ਪੁੱਤ ਮੈਨੂੰ ਤਾਂ ਅੱਜ ਕਲ ਕੁਸ਼ ਨੀ ਸੁਝਦਾ।  ਆਪੇ ਈ ਚੀਜ ਰਖਦੀ-ਆਂ, ਆਪੇ ਈ ਭੁੱਲ ਜਾਨੀ-ਆਂ।  ਓਥੇ ਪਤਾ ਨੀ...।  ਮੇਰਾ ਊਂ ਵੀ ਹਾਲੇ ਜਾਣਾ ਠੀਕ ਨੀ।  ਤੇਰੇ ਬਾਪੂ ਦਾ ਮਸੋਸ ਕਰਨ ਆਲਾ ਕੋਈ ਆਇਆ ਗਿਆ ਤਾਂ ਰਹੂਗਾ ਅਜੇ ਹੋਰ ਮਹੀਨਾ ਖੜ੍ਹ।''
"ਬੇਬੇ ਜੀ ਕੀ ਭੋਲੀਆਂ ਗੱਲਾਂ ਕਰਦੇ ਓਂ।  ਹੁਣ ਜ਼ਮਾਨੇ ਬਦਲ-ਗੇ।  ਕੋਈ ਨੀ ਔਂਦਾ ਆਵਦਾ ਕੰਮ-ਧੰਦਾ ਛੱਡ ਕੇ।  ਭੋਗ ਤੋਂ ਮਗਰੋਂ ਰਿਹਾ ਕੋਈ? ਮਾਮਾ ਵੀ ਉਠ ਗਿਆ।  ਅਖੇ-ਮੈਨੂੰ ਤਾਂ ਭਾਈ ਕੰਮ ਐ।  ਦੱਸੋ !''
''ਹੇ ਵਾਖਰੂ ! ਕਿਧਰ ਨੂੰ ਜਾਵਾਂ ਮੈਂ !''
"ਬੇਬੇ ਤੂੰ ਆਪ ਦੱਸ, ਧੀਆਂ-ਪੁੱਤ ਕਾਹਦੀ ਖਾਤਰ ਹੁੰਦੇ ਐ? ਏਥੇ ਤੈਨੂੰ ਔਹ ਚੁਬਾਰੇ ਆਲੇ ਤਾਂ ਸਾਂਭਣੋ ਰਹੇ।  'ਕੱਲੀ ਨੂੰ ਅਸੀਂ ਤੈਨੂੰ ਛੱਡ ਕੇ ਜਾਣੋ ਰਹੇ।  ਬੱਸ, ਆਪਣੇ ਕਪੜੇ-ਲੀੜੇ ਕੱਢ ਕੇ ਤੂੰ ਅੰਜਲੀ ਨੂੰ ਦੇ ਦੇ, ਉਹ ਆਪੇ ਸੰਭਾਲ ਕੇ ਰੱਖ ਲੂ-ਗੀ ਅਟੈਚੀ 'ਚ।''
''ਉਹ ਤੇ ਮੈਂ ਆਪਨੇ ਆਪ ਈ ਰੱਖ ਲਵਾਂਗੀ।  ਤੁਸੀਂ ਮੈਨੂੰ ਦਸਦੇ ਰਹਿਨਾ ਮੈਂ ਸਭ ਕਰ ਲਵਾਂਗੀ।"
"ਊਂ ਤਾਂ ਭਾਈ ਥੋਡੀ ਗੱਲ ਠੀਕ ਐ।  ਐਥੇ ਆਂਢ-ਗੁਆਂਢ ਤਾਂ ਭਮੇ ਮੈਨੂੰ ਚਾਹ-ਪਾਣੀ ਤੇ ਰੋਟੀ-ਟੁੱਕ ਪੁੱਛ ਜਿਆ ਕਰੂ ਪਰ ਔਹ ਨੇਕ ਬੰਦਿਆਂ ਨੇ ਤਾਂ ਨੀ ਮੇਰੀ ਬਾਤ ਪੁੱਛਣੀ।  ਹਾਲੇ ਤਾਂ ਮੇਰੇ ਨੈਣ-ਪਰਾਣ ਚਲਦੇ ਐ।  ਸਾਰਾ ਕੁਸ਼ ਸਾਂਭਣ ਜੋਗੀ ਹਾਂ-ਗੀ ਮੈਂ।  ਪਰ ਜੇ ਕਿਤੇ ਬੰਦਾ ਬਮਾਰ-ਠਮਾਰ ਹੋ-ਜੇ ਤਾਂ ਫੇਰ ਆਸਰਾ ਤਾਂ ਆਪਣਿਆਂ ਦਾ ਈ ਹੁੰਦੈ ਨਾ।  ਆਪਣੇ ਤਾਂ ਏਥੇ ਬਗਾਨੇ ਬਣੇ ਬੈਠੇ ਐ।  ਲੈ ਹੁਣ ਅੱਜ ਵੀ ਐਨ ਵੇਲੇ ਸਿਰ ਈ ਦੋਏ ਜੀ ਭੋਗ ਤੋਂ ਪਹਿਲਾਂ ਥੱਲੇ ਉੱਤਰ ਕੇ ਆਏ ਸੀ ਤੇ ਭੋਗ ਪੈਣ ਮਗਰੋਂ ਸਤ-ਬਗਾਨਿਆਂ ਮਗੂੰ ਤੁਰ-ਗੇ।  ਇਹ ਕੋਈ ਧੀਆਂ-ਪੁੱਤਾਂ ਆਲੇ ਲੱਛਣ ਐ? ਪਹਿਲਾਂ ਤਾਂ ਤੇਰੇ ਬਾਪੂ ਦਾ ਮਾੜਾ ਮੋਟਾ ਡਰ ਸੀ ਹੁਣ ਉਹ ਵੀ ਚੱਕਿਆ ਗਿਆ।  ਮੈਨੂੰ ਤਾਂ ਇਹਨਾਂ ਦੀ ਨੀਤ ਠੀਕ ਨੀ ਲਗਦੀ।  ਇਹਨਾਂ ਦਾ ਕੀ ਪਤੈ? ਢਿੱਡ-ਪੇਟ ਬੰਨ੍ਹ ਕੇ ਥੋਡਾ ਪਿਓ ਜਿਹੜੇ ਆਹ ਚਾਰ ਖੋਲੇ ਬਣਾ ਗਿਆ ਸੀ, ਇਹਨਾਂ ਨੇ ਗਹਿਣੇ ਧਰਨ ਲੱਗਿਆਂ ਫੋਰਾ ਨੀ ਲੌਣਾ।  ਮੈਨੂੰ ਤਾਂ ਸਮਝ ਨੀ ਔਂਦੀ ਬਈ ਇਹਨਾਂ ਨੇ ਰੱਥ ਕੀ ਫੜਿਐ !  ਚਰਨੀ ਪੁੱਤ ਮੇਰੀ ਗੱਲ ਯਾਦ ਰੱਖੀਂ ਤੂੰ।  ਇਹ ਨੇਕ ਬੰਦੇ ਨੇ ਤੇਰਾ ਹੱਥ ਤਾਂ ਕੀ ਫੜਨੈ ਤੈਨੂੰ ਉਂਗਲ ਵੀ ਨੀ ਫੜੌਣੀ।"
''ਬੇਬੇ ਫਜੂਲ ਦੀਆਂ ਗੱਲਾਂ ਛੱਡੋ।  ਜੋ ਬਣੂ ਦੇਖੀ ਜਾਊ।  ਆਪਾਂ ਚਲਣ ਦੀ ਤਿਆਰੀ ਕਰੀਏ।''
ਚਰਨਜੀਤ ਅਗਲੇ ਦਿਨ ਗੱਡੀ ਦੀਆਂ ਟਿਕਟਾਂ ਲੈ ਆਇਆ।  ਜਾਣ ਤੋਂ ਪਹਿਲਾਂ ਉਹ ਤੇ ਅੰਜਲੀ, ਗੁਰਨੇਕ ਤੇ ਬਸੰਤ ਨੂੰ ਮਿਲਣ ਗਏ।
"ਚੰਗਾ ਬਾਈ ਜੀ ਅਸੀਂ ਤਾਂ ਅੱਜ ਆਥਣ ਆਲੀ ਗੱਡੀ 'ਤੇ ਚਲੇ ਜਾਵਾਂਗੇ।''
''ਭਾਅ-ਜੀ ਤੁਸੀਂ ਭੈਨ ਜੀ ਤੇ ਨਿੱਕੀ ਨੂੰ ਲੈ ਕੇ ਸਾਡੇ ਕੋਲ ਜ਼ਰੂਰ ਆਨਾ।''
''ਅਸੀਂ ਬੇਬੇ ਨੂੰ ਵੀ ਨਾਲ ਲਿਜਾ ਰਹੇ ਆਂ।''  ਚਰਨਜੀਤ ਨੇ ਅੱਗੇ ਗੱਲ ਤੋਰੀ।
"ਬੇਬੇ...ਤਾਂ...ਸਾਡੇ ਕੋਲ...ਏਥੇ ਵੀ ਰਹਿ ਸਕਦੀ ਸੀ!'' ਗੁਰਨੇਕ ਦੀ ਆਵਾਜ਼ ਜਿਵੇਂ ਕਿਸੇ ਡੂੰਘੇ ਖੂਹ ਵਿਚੋਂ ਆਈ ਹੋਵੇ।
"ਕੋਈ ਨੀ, ਇਕੋ ਈ ਗੱਲ ਐ।  ਜੇ ਓਥੇ ਸਾਡੇ ਕੋਲ ਬੇਬੇ ਦਾ ਜੀ ਨਾ ਲੱਗਿਆ ਤਾਂ ਉਹ ਏਥੇ ਥੋਡੇ ਕੋਲੇ ਆ-ਜੂ ਮੁੜ ਕੇ।  ਬੱਸ ਹੁਣ ਤਾਂ ਏਵੇਂ ਗੁਜ਼ਾਰਾ ਕਰਨਾ ਪਊ।  ਦੁਖ-ਸੁਖ ਮਿਲ-ਮਿਲਾ ਕੇ ਈ...।''
''ਚਲੋ ਜਿਵੇਂ ਤੁਸੀਂ ਠੀਕ ਸਮਝੋ।  ਤੇ-ਹੇਠਾਂ-ਫੇਰ ਤੁਸੀਂ ਜਿੰਦਰਾ ਮਾਰ ਕੇ ਜਾਓਂਗੇ?''  ਗੁਰਨੇਕ ਨੇ ਸਵਾਲ ਕੀਤਾ।
''ਜਿੰਦਰਾ ਤਾਂ ਲੌਣਾ ਪਊ।  ਪਰ ਚਾਬੀ ਥੋਨੂੰ ਦੇ ਜਾਂ-ਗੇ।  ਤੁਸੀਂ ਥੱਲੇ ਦਾ ਖਿਆਲ ਰੱਖਿਓ।''
''ਨਾ ਨਾ ਉਹ ਕਿਹੜੀ ਗੱਲ ਐ ! ਉਹਦਾ ਤੂੰ ਫਿਕਰ ਨਾ ਕਰ।''
ਗੁਰਨੇਕ ਦੀ ਆਵਾਜ਼ ਵਿਚ ਚਰਨਜੀਤ ਨੂੰ ਕੁਝ ਤਸੱਲੀ ਨਜ਼ਰ ਆਈ।
ਆਂਢ-ਗੁਆਂਢ ਸਾਰੇ ਗੱਲ ਫੈਲ ਗਈ ਕਿ ਦਿਆਕੁਰ ਆਪਣੇ ਛੋਟੇ ਪੁੱਤ ਚਰਨਜੀਤ ਨਾਲ ਚਲੀ ਜਾਏਗੀ।  ਆਂਢਣਾਂ-ਗੁਆਂਢਣਾਂ, ਇਕ ਜਾਵੇ ਦੋ ਆ ਜਾਣ।  ਗੱਡੀ ਦਾ ਟਾਈਮ ਹੋਣ ਤਕ ਲੋਕਾਂ ਦਾ ਆਉਣ-ਜਾਣ ਲੱਗਿਆ ਰਿਹਾ।  ਏਨੇ ਵਿਚ ਚਰਨਜੀਤ ਤੇ ਅੰਜਲੀ ਮਾਸਟਰ ਜੀ ਨੂੰ ਮਿਲ ਆਏ।
ਤੁਰਨ ਵੇਲੇ ਦਿਆਕੁਰ ਨੇ ਜਦੋਂ ਬੁਹੇ ਨੂੰ ਜਿੰਦਰਾ ਮਾਰਿਆ ਤਾਂ ਉਹ ਫਿਸ ਪਈ।  ਅੱਖਾਂ ਪੂੰਝਦਿਆਂ ਜਿਵੇਂ ਆਪ-ਮੁਹਾਰੇ ਬੋਲੀ ਗਈ, ''ਹੇ-ਵਾਖਰੂ।  ਏਸ ਘਰ ਨੂੰ ਕਦੇ ਜਿੰਦੇ ਨੀ ਸੀ ਵੱਜੇ। ਅੱਜ ਇਹ ਦਿਨ ਵੀ ਦੇਖਣੇ ਪੈ-ਗੇ।  ਰੱਬਾ ਸੁੱਖ-ਰੱਖੀਂ...।''
ਦਿਆਕੁਰ ਜਿੰਦਰੇ ਦੀ ਚਾਬੀ ਚਰਨਜੀਤ ਨੂੰ ਫੜਾਉਣਾ ਚਾਹੁੰਦੀ ਸੀ।  ਬਸੰਤ ਨੇ ਅਗੇ ਹੋ ਕੇ ਚਾਬੀ ਫੜਦਿਆਂ ਕਿਹਾ-
"ਕੋਈ ਨਾ ਬੇਬੇ ਜੀ ਮੈਂ ਦੂਜੇ ਚੌਥੇ ਹੇਠਾਂ ਆ ਕੇ ਸਾਫ-ਸਫਾਈ ਕਰ ਜਿਆ ਕਰੂੰਗੀ।  ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰਿਓ।''
ਬਸੰਤ ਨੇ ਜਿਵੇਂ ਦਿਆਕੁਰ ਦੇ ਹੱਥੋਂ ਚਾਬੀ ਖੋਹੀ, ਦਿਆਕੁਰ ਦਾ ਕਾਲਜਾ ਖੁਸੱਣ ਲੱਗ ਪਿਆ।  ਉਹ ਫੇਰ ਚੁੰਨੀ ਨਾਲ ਅੱਖਾਂ ਪੂੰਝਣ ਲੱਗ ਪਈ।  ਬਸੰਤ ਨੇ ਦਿਆਕੁਰ ਦੇ ਪੈਰੀਂ ਹੱਥ ਲਾਏ।  ਗੁਰਨੇਕ ਨੇ ਹੇਠਾਂ ਉੱਤਰ ਕੇ ਆਉਣ ਦੀ ਲੋੜ ਨਹੀਂ ਸੀ ਸਮਝੀ।
ਸਫਰ ਲੰਮਾ ਸੀ।  ਗੱਡੀ ਵਿਚ ਦਿਆਕੁਰ ਨੂੰ ਨੀਂਦ ਨਾ ਆਈ।  ਸਾਰੀ ਰਾਤ ਡੋਬੇ-ਸੋਕਿਆਂ ਵਿਚ ਹੀ ਲੰਘੀ।  ਅਗਲੇ ਦਿਨ ਅਤੇ ਰਾਤ ਦਾ ਸਫਰ ਬਾਕੀ ਸੀ।  ਤੀਜੇ ਦਿਨ ਸਵੇਰੇ ਜਦੋਂ ਉਹ ਅਹਿਮਦਾਬਾਦ ਸਟੇਸ਼ਨ ਤੇ ਉੱਤਰੇ ਤਾਂ ਅੱਗੋਂ ਚਰਨਜੀਤ ਨੇ ਫੋਨ ਕਰਕੇ ਹਸਪਤਾਲ ਦੀ ਗੱਡੀ ਮੰਗਵਾ ਲਈ।  ਘਰ ਪਹੁੰਚਦਿਆਂ ਹੀ ਦਿਆਕੁਰ ਨੂੰ ਤਿੰਨ ਕਮਰਿਆਂ ਵਾਲਾ ਸਾਫ-ਸੁਥਰਾ ਘਰ ਚੰਗਾ ਲੱਗਾ।  ਸਾਰੇ ਨਹਾ-ਧੋ ਕੇ ਚਾਹ-ਪਾਣੀ ਪੀਣ ਲੱਗ ਪਏ।  ਚਰਨਜੀਤ ਹਸਪਤਾਲ ਦੀ ਗੱਡੀ ਵਿਚ ਹਸਪਤਾਲ ਚਲਾ ਗਿਆ ਤੇ ਅੰਜਲੀ ਨੂੰ ਦੁਪਹਿਰ ਤੋਂ ਪਿੱਛੋਂ ਆਉਣ ਲਈ ਕਹਿ ਗਿਆ।
ਦੁਪਹਿਰ ਦੀ ਰੋਟੀ ਖਾ ਕੇ ਜਦੋਂ ਦਿਆਕੁਰ ਨੇ ਮੰਜੇ 'ਤੇ ਪਿੱਠ ਲਾਈ ਤਾਂ ਉਹਨੂੰ ਝੱਟ ਨੀਂਦ ਨੇ ਆ ਘੇਰਿਆ।  ਅੰਜਲੀ ਜਦੋਂ ਹਸਪਤਾਲ ਜਾਣ ਲਈ ਤਿਆਰ ਹੋ ਕੇ ਬੇਬੇ ਨੂੰ ਜਾਣ ਤੋਂ ਪਹਿਲਾਂ ਦੱਸਣ ਆਈ ਤਾਂ ਬੇਬੇ ਨਿੱਕੇ-ਨਿੱਕੇ ਘੁਰਾੜੇ ਮਾਰੀ ਜਾਂਦੀ ਸੀ।

***

No comments:

Post a Comment