Saturday 29 May 2010

ਲੋਕੁ ਕਹੈ ਦਰਵੇਸੁ :: ਚੌਥੀ ਕਿਸ਼ਤ...

ਲੋਕੁ ਕਹੈ ਦਰਵੇਸੁ :: ਚੌਥੀ ਕਿਸ਼ਤ...

ਲੁਧਿਆਣੇ ਪੜ੍ਹਦਿਆਂ ਜਿਥੇ ਚਰਨਜੀਤ ਨੂੰ ਆਪਣੇ ਘਰ ਦੇ ਯਾਦ ਆਉਂਦੇ, ਓਥੇ ਮਾਸਟਰ ਸਾਧੂ ਰਾਮ ਦੀਆਂ ਗੱਲਾਂ, ਉਹਨੂੰ ਬਾਰ-ਬਾਰ ਚੇਤੇ ਆਉਂਦੀਆਂ।  ਗੁਰਨੇਕ ਹਰ ਹਫਤੇ ਉਹਨੂੰ ਪੰਜ ਪੈਸੇ ਦਾ ਕਾਰਡ ਜ਼ਰੂਰ ਲਿਖਦਾ।  ਕਾਰਡ ਦਾ ਹਰੇਕ ਕੋਣਾ ਤੇ ਖਾਲੀ ਥਾਂਵਾਂ ਨਿੱਕੀਆਂ-ਨਿੱਕੀਆਂ ਗੱਲਾਂ ਨਾਲ ਭਰੇ ਹੁੰਦੇ।  ਕਦੇ-ਕਦਾਈਂ ਉਹ ਲੰਮੀ ਚਿੱਠੀ ਲਿਫਾਫੇ ਵਿਚ ਲਿਖ ਭੇਜਦਾ।  ਚਰਨਜੀਤ ਉਹਦੀਆਂ ਚਿੱਠੀਆ ਦਾ ਲਗਾਤਾਰ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਦਾ।  ਪਰ ਜਿਸ ਚਿੱਠੀ ਵਿਚ ਉਹਨਾਂ ਦੇ ਮਾਂ ਪਿਓ ਬਾਰੇ ਬੁਰਾ-ਭਲਾ ਲਿਖਿਆ ਹੁੰਦਾ, ਉਹਦਾ ਜਵਾਬ ਉਹ ਨਾ ਦਿੰਦਾ।  ਓਹੋ ਜਿਹੀਆਂ ਚਿੱਠੀਆਂ ਪੜ੍ਹ ਕੇ ਉਹਨੂੰ ਮਾਨਸਿਕ ਤਕਲੀਫ ਹੁੰਦੀ ਪਰ ਉਹ ਭੁਲਾਉਣ ਦੀ ਕੋਸ਼ਿਸ਼ ਕਰਦਾ, ਆਪਣੀ ਪੜ੍ਹਾਈ 'ਚ ਮਨ ਲਾਉਂਦਾ, ਰੱਜ ਕੇ ਮਿਹਨਤ ਕਰਦਾ।
ਇਕ ਦਿਨ ਹਸਪਤਾਲ ਵਿਚ ਇਕ ਮਰੀਜ਼ ਗੁਜ਼ਰ ਗਿਆ।  ਉਹਦੇ ਰਿਸ਼ਤੇਦਾਰ ਰੋਣ-ਪਿੱਟਣ ਲੱਗ ਪਏ।  ਬੜਾ ਸੋਗਮਈ ਮਾਹੌਲ ਸੀ।  ਉਹ ਉਹਨਾਂ ਨੂੰ ਦਿਲਾਸੇ ਦੇ ਰਿਹਾ ਸੀ ਤਾਂ ਮਾਸਟਰ ਸਾਧੂ ਰਾਮ ਉਹਦੇ ਸਾਹਮਣੇ ਆ ਖੜੋਤਾ।  ਉਹਨੂੰ ਲੱਗਾ ਜਿਵੇਂ ਉਹਨੂੰ ਉਹ ਆਪਣੇ ਸੱਜੇ ਹੱਥ ਦੀ ਉਂਗਲ ਉਤੇ ਚੁੱਕ ਕੇ ਆਦਤ ਅਨੁਸਾਰ ਕਹਿ ਰਿਹਾ ਹੋਵੇ, ''ਬੇਟਾ ਇਹ ਤਾਂ ਏਸ ਸੰਸਾਰ ਦੀ ਆਈ-ਚਲਾਈ ਓ ਐ।''
ਚਰਨਜੀਤ ਨੇ ਹਸਪਤਾਲ ਦੇ ਇਕ ਬੈਂਚ 'ਤੇ ਬਹਿ ਕੇ ਜੇਬ  ਵਿਚੋਂ ਇਕ ਕਾਗਜ਼ ਕੱਢਿਆ ਤੇ ਉਸ 'ਤੇ ਲਿਖਣਾ ਸ਼ੁਰੂ ਕੀਤਾ-ਮੌਤ, ਡਰ, ਲਾਲਚ, ਬੁਢਾਪਾ, ਵਿਆਹ, ਪਰਿਵਾਰ, ਰਿਸ਼ਤੇ, ਜ਼ਿੰਦਗੀ ਦੇ ਮਕਸਦ।  ਉਹ ਸੋਚ ਰਿਹਾ ਸੀ ਕਿ ਇਨ੍ਹਾਂ ਸਾਰਿਆਂ ਬਾਰੇ ਉਹ ਆਪਣੇ ਚਾਚਾ ਜੀ ਨੂੰ ਅਗਲੀਆਂ ਛੁੱਟੀਆਂ ਵਿਚ ਜ਼ਰੂਰ ਪੁੱਛੇਗਾ।
ਮਹੀਨੇ ਕੁ ਪਿੱਛੋਂ ਜਦੋਂ ਕੁਝ ਦਿਨਾਂ ਦੀਆਂ ਛੁਟੀਆਂ ਮਿਲੀਆਂ ਤਾਂ ਚਰਨਜੀਤ ਨੇ ਮਾਸਟਰ ਜੀ ਦੇ ਜਾ ਪੈਰ ਛੂਹੇ।
''ਚਾਚਾ ਜੀ।  ਪੈਰੀ-ਪੈਣਾ।''
''ਓ, ਬੇਟੇ, ਤੇਰੀ ਥਾਂ ਓਥੇ ਨਹੀਂ, ਏਥੇ ਐ।'' ਕਹਿੰਦਿਆਂ ਮਾਸਟਰ ਜੀ ਨੇ ਉਹਨੂੰ ਮੋਢਿਆਂ ਤੋਂ ਫੜ ਕੇ ਆਪਣੀ ਹਿੱਕ ਨਾਲ ਲਾ ਲਿਆ।  ਜਿਵੇਂ ਦੋਹਾਂ ਨੂੰ ਸਾਰੀ ਦੁਨੀਆਂ ਦਾ ਨਿੱਘ ਤੇ ਪਿਆਰ ਮਿਲ ਗਿਆ ਹੋਵੇ।  ਮਾਸਟਰ ਜੀ ਅੱਖਾਂ ਪੂੰਝਦੇ ਬੋਲੇ-
"ਹੋਰ ਬੇਟੇ ਤੂੰ ਠੀਕ ਐਂ।  ਤੇਰੀ ਪੜ੍ਹਾਈ ਪੂਰੀ ਹੋ ਗਈ?''
''ਹਾਂ ਜੀ, ਚਾਚਾ ਜੀ, ਬੱਸ ਅਗਲੇ ਮਹੀਨੇ ਇਮਤਿਹਾਨਾਂ ਪਿੱਛੋਂ ਕੁਝ ਦਿਨਾਂ ਮਗਰੋਂ ਇਨਟਰਨਸ਼ਿਪ ਸ਼ੁਰੂ ਹੋ ਜਾਣੀ ਐ।  ਹਸਪਤਾਲ ਦੇ ਸੁਪਰਡੈਂਟ ਨੇ ਸਾਨੂੰ ਕੁਝ ਮੁੰਡਿਆਂ ਨੂੰ ਕਾਲਜ ਵਾਲੇ ਹਸਪਤਾਲ ਵਿਚ ਇਨਟਰਨਸ਼ਿਪ ਕਰਨ ਲਈ ਜ਼ਬਾਨੀ ਪਹਿਲਾਂ ਹੀ ਆਖ ਦਿੱਤਾ ਹੈ।''
''ਵਾਹ, ਫੇਰ ਤਾਂ ਹੋਰ ਬੀ ਚੰਗੀ ਬਾਤ ਹੋ-ਗੀ।  ਆ ਬੈਠ, ਮੇਰੇ ਪਾਸ-ਹੇਅ-ਐਥੇ, ਹਾਂ। ਕਮਲਾ...।  ਕਮਲਾ, ਆਹ ਦੇਖ ਕੌਣ ਆਇਐ।  ਲਿਆ ਕੁਸ਼ ਬੇਟੇ ਲਈ ਖਾਣ ਪੀਣ ਨੂੰ।''
''ਨਹੀਂ ਚਾਚਾ ਜੀ ਕਿਸੇ ਚੀਜ਼ ਦੀ ਲੋੜ ਨਹੀਂ।  ਮੈਂ ਥੋਡੇ ਲਈ ਆਹ ਇਕ ਨਿੱਕੀ ਜਿਹੀ ਚੀਜ਼ ਲਿਆਇਐਂ।'' ਕਹਿੰਦਿਆਂ ਚਰਨਜੀਤ ਨੇ ਮਾਸਟਰ ਜੀ ਨੂੰ ਪਲਾਸਟਿਕ ਦੀ ਇਕ ਲੰਮੀ ਤੇ ਪਤਲੀ ਜਿਹੀ ਡੱਬੀ ਫੜਾਈ।
"ਹੈਂਅ! ਕਿਆ-ਐ ਬਈ, ਇਸ ਮਾਂ?'' ਜਦੋਂ ਮਾਸਟਰ ਜੀ ਨੇ ਡੱਬੀ ਖੋਲ੍ਹੀ ਤਾਂ ਉਸ ਵਿਚ ਇਕ ਸੁਨਹਿਰੀ ਰੰਗ ਦਾ ਪੈੱਨ ਸੀ।
ਕਮਲਾ ਇਕ ਪਲੇਟ ਵਿਚ ਬਰਫੀ ਅਤੇ ਚਾਹ ਲੈ ਕੇ ਆ ਗਈ।  ਚਰਨਜੀਤ ਨੇ ਕਮਲਾ ਦੇ ਵੀ ਪੈਰੀਂ ਹੱਥ ਲਾਏ।
''ਭਾਈ, ਸਾਨੂੰ ਤਾਂ ਤੇਰੀ ਬੜੀ-ਓ ਉਡੀਕ ਰਹਿੰਦੀ ਐ।'' ਕਮਲਾ ਨੇ ਮਾਵਾਂ ਵਰਗੀ ਭਿੱਜੀ ਮਮਤਾ ਨਾਲ ਉਹਦਾ ਸਿਰ ਪਲੋਸਦਿਆਂ ਕਿਹਾ।
''ਆਹ-ਦੇਖ ਕਮਲਾ ਚਰਨੀ ਮੇਰੇ ਵਾਸਤੇ ਕਿਆ ਲਿਆਇਐ!''
ਮਾਸਟਰ ਜੀ ਪੈੱਨ ਦੇਖ-ਦੇਖ ਬੜੇ ਖੁਸ਼ ਹੋ ਰਹੇ ਸਨ।
''ਚਲ ਬਈ, ਇਹ ਦੀ ਤਾਂ ਮੈਨੂੰ ਲੋੜ ਏ ਥੀ ਬਹੁਤ।'' ਮਾਸਟਰ ਜੀ ਜਿਵੇਂ ਆਪਣੇ ਆਪ ਨਾਲ ਗੱਲਾਂ ਕਰਦੇ ਹੋਣ।
''ਐਤਕੀਂ ਤਾਂ ਬੇਟੇ ਤੈਂ ਕਈ ਮਹੀਨਿਆਂ ਮਗਰੋਂ ਗੇੜਾ ਮਾਰਿਆ।  ਬਹੁਤ ਉਡੀਕ ਕਰਾਈ ਤੈਂ ਐਸ ਬਾਰੀ।'' ਕਮਲਾ ਨੇ ਮੋਹ ਨਾਲ ਕਿਹਾ।
''ਚਾਚੀ ਜੀ ਮੈਂ ਵੀ ਤਾਂ ਥੋਨੂੰ ਮਿਲਣ ਨੂੰ ਸਹਿਕਦਾ ਰਹਿਨੈ।  ਖਾਸ ਕਰ ਚਾਚਾ ਜੀ ਦੀਆਂ ਗੱਲਾਂ ਤੇ ਥੋਡਾ ਪਿਆਰ ਬਹੁਤ ਖਿੱਚ ਪੌਂਦੇ ਐ।  ਐਤਕੀਂ ਮੈਂ ਚਾਚਾ ਜੀ ਨਾਲ ਕੁਝ ਖਾਸ ਗੱਲਾਂ ਕਰਨੀਐਂ।''
''ਐਸੀਆਂ ਕਿਆ ਖਾਸ ਬਾਤਾਂ ਤੈਨੇ ਕਰਨੀਐਂ ਬਈ ਮੇਰੇ ਨਾਲ? ਮਾਸਟਰ ਜੀ ਨੇ ਐਨਕ ਲਾਹ ਕੇ ਸਾਫ ਕਰਦਿਆਂ ਪੁੱਛਿਆ।
"ਮੈਂ ਸੋਚਿਆ ਊਂ ਤਾਂ ਬੰਦਾ ਭੁੱਲ ਜਾਦੈਂ।  ਮੈਂ ਫੇਰ ਐਤਕੀਂ ਲਿਸਟ ਬਣਾ ਲਈ।  ਆਹ ਦੇਖੋ ਲਿਸਟ।'' ਉਹਨੇ ਇਕ ਛੋਟਾ ਜਿਹਾ ਕਾਗਜ਼ ਮਾਸਟਰ ਜੀ ਨੂੰ ਦਿੱਤਾ।
"ਲਿਆ ਤਾਂ ਦੇਖੀਏ ਤੇਰੀ ਲਿਸਟ, ਕਿਆ ਲਿਖਿਆ ਹੋਇਐ ਈਦੇ ਬਿਚ ਮਾਂ।''
ਅੱਖਾਂ ਤੋਂ ਥੋੜਾ ਦੂਰ ਲਿਜਾ ਕੇ ਮਾਸਟਰ ਜੀ ਨੇ ਲਿਸਟ ਪੜ੍ਹੀ।
''ਅੱਛਾ! ਤਾਂ ਇਹਨਾਂ ਮਸਲਿਆਂ ਪਰ ਤੈਨੇ ਬਾਤ ਕਰਨੀ ਐ। ਪਹਿਲਾਂ ਲਿਖਿਐ-ਮੌਤ।''
''ਹਾਂ ਜੀ! ਚਾਚਾ ਜੀ! ਮੌਤ, ਲੋਕਾਂ ਦੇ ਦੁੱਖਾਂ ਦਾ ਇਕ ਵੱਡਾ ਕਾਰਨ ਬਣਦੀ ਐ।''
''ਓਹ ਤਾਂ ਤੇਰੀ ਗੱਲ ਠੀਕ ਐ ਬੇਟਾ।  ਪਰ ਸਾਨੂੰ ਸਭ ਨੂੰ ਇਸ ਗੱਲ ਦਾ ਗਿਆਨ ਤਾਂ ਹੋਣਾ ਚਾਹੀਦੈ ਬਈ ਇਕ ਦਿਨ ਮੌਤ ਤਾਂ ਔਣੀ-ਔਣੀ ਐ।  ਮਰਨਾ ਸਭ ਨੇ ਐਂ ਇਕ ਦਿਨ।  ਹੈ ਕ ਨਹੀਂ? ਪਰ ਦੁਨੀਆਂ ਦੀ ਇਸ ਅਟਲ ਸੱਚਾਈ ਪਰ ਭਰੋਸਾ ਵੀ ਕੋਈ ਨੀ ਕਰਦਾ।  ਕਿ ਕਰਦੈ ਕੋਈ? ਮੈਂ ਆਮ ਲੋਕਾਂ ਦੀ ਗੱਲ ਕਰ ਰਿਹੈਂ!'' ਮਾਸਟਰ ਜੀ ਨੇ ਸੱਜੇ ਹੱਥ ਦੀ ਉਂਗਲ ਉੱਚੀ ਕਰਕੇ ਸੱਚਾਈ ਬਿਆਨ ਕੀਤੀ।
''ਹਾਂ ਜੀ।  ਗੱਲ ਤਾਂ ਇਹ ਸੋਲਾਂ ਆਨੇ ਸਹੀ ਐ।'' ਚਰਨਜੀਤ ਨੇ ਗੱਲ ਸਮਝਦਿਆਂ ਕਿਹਾ।
"ਪਰ ਇਕ ਬਾਤ ਔਰ ਬੀ ਐ।  ਮੈਂ ਫੇਰ ਕਹਿਨੈ ਬਈ ਅਸੀਂ ਸਭ ਨੇ ਇਕ ਨਾ ਇਕ ਦਿਨ ਮਰ ਜਾਣੈ ਪਰ ਇਸ ਗੱਲ ਪਰ ਯਕੀਨ ਕੋਈ ਨੀ ਕਰਦਾ।  ਔਰ ਅਗਰ ਇਹ ਗੱਲ ਸਾਡੀ ਸਮਝ ਮਾਂ ਚੰਗੀ ਤਰ੍ਹਾਂ ਆ ਵੀ ਜਾਵੇ ਔਰ ਅਸੀਂ ਯਕੀਨ ਕਰ ਵੀ ਲਈਏ ਤਾਂ ਫੇਰ ਪਤੈ ਕੀ ਹੋਊ? ਤਾਂ ਫੇਰ ਅਸੀਂ ਜੋ ਵੀ ਰੋਜ਼-ਮਰ੍ਹਾ ਜ਼ਿੰਦਗੀ ਮਾਂ ਕਰਦੇ ਆਂ, ਉਹ ਕੁਝ ਹੋਰ ਈ ਤਰੀਕੇ ਨਾਲ ਕਰਨ ਲੱਗ ਜਾਮਾਂਗੇ। ਅਗਰ ਸਾਨੂੰ ਹਰ ਪਲ ਇਹ ਅਹਿਸਾਸ ਰਹੇ ਕਿ ਬਈ ਖਾਣ, ਪੀਣ, ਪਹਿਨਣ ਔਰ ਰਹਿਣ ਵਾਸਤੇ ਬੱਸ ਏਨਾ ਕੁ ਈ ਬਹੁਤ ਐ, ਕਾਫੀ ਐ, ਕਿਉਂਕਿ ਸਾਥ ਤਾਂ ਕਿਸੇ ਨੇ ਕੁਝ ਲੈ ਨਹੀਂ ਜਾਣਾ ਤਾਂ ਫੇਰ ਸਾਡੀ ਜੋ ਤਮਾਂ ਐ ਜਾਂ ਕਹਿ ਲਓ ਭਟਕਣਾ ਐ, ਜ਼ਿੰਦਗੀ ਮਾਂ ਭੱਜ-ਨੱਸ, ਉਹ ਸਾਡੀ ਕਿਰਿਆ ਯਾਨੀ ਕਿ ਹਰ ਕੰਮ ਕਰਨ ਦਾ ਢੰਗ; ਸ਼ਾਂਤੀ ਔਰ ਆਰਾਮ ਨਾਲ ਕਰਨੇ ਮਾਂ ਬਦਲ ਜਾਏਗਾ।  ਤੈਨੂੰ ਤਾਂ ਪਤਾ ਐ ਜਦ ਗੌਤਮ ਬੁੱਧ ਆਪਣੇ ਮਹਿਲਾਂ ਮਾਂ ਤੇ ਨਿਕਲ ਕੇ ਪਹਿਲੀ ਬਾਰ ਰਥ ਮਾਂ ਸਵਾਰ ਹੋ ਕੇ ਗਿਆ ਤਾਂ ਉਸ ਨੇ ਇਕ ਅਰਥੀ ਦੇਖੀ ਔਰ ਰੋਂਦੇ ਕੁਰਲਾਉਂਦੇ ਲੋਕ ਦੇਖੇ।  ਬੱਸ ਏਸੇ ਬਾਤ ਦੀ ਖੋਜ ਨੇ ਉਸ ਨੂੰ ਸ਼ਹਿਜ਼ਾਦਾ ਸਿਧਾਰਥ ਤੋਂ ਗੌਤਮ ਰਿਖੀ ਬਣਾ' ਤਾ।  ਕਿਉਂਕਿ ਅਸਲ ਬਾਤ ਉਸ ਦੀ ਸਮਝ ਮਾਂ ਜੋ ਆ ਗਈ ਸੀ।  ਮੈਂ ਕਿਧਰੇ ਪੜ੍ਹਿਆ ਥਾ ਕਿ ਬੋਧੀ ਲੋਕ ਜਾਂ ਬੁੱਧ ਧਰਮ ਨੂੰ ਮੰਨਣ ਵਾਲੇ ਲੋਕ ਇਹ ਮਹਿਸੂਸ ਕਰਦੇ ਐ, ਕਿ ਜਿਮੇ ਉਹਨਾਂ ਦੇ ਸੱਜੇ ਮੋਢੇ ਪਰ ਇਕ ਪੰਛੀ ਬੈਠਾ ਉਨ੍ਹਾਂ ਤੇ ਪੁਛਦਾ ਰਹਿੰਦੈ- 'ਕਿਆ ਸਿਰਫ ਤੇਰੇ ਕੋਲ ਅੱਜ ਦਾ ਦਿਨ ਈ ਐ? ਕਿਆ ਤੂੰ ਤਿਆਰ ਐਂ? ਕਿਆ ਤੂੰ ਸਭ ਕੁਝ ਠੀਕ-ਠਾਕ ਓਹੀ ਕਰ ਰਿਹੈਂ ਜੋ ਕਰਨਾ ਚਾਹੀਦੈ? ਕਿਆ ਤੂੰ ਸੱਚ-ਮੁੱਚ ਐਹੋ ਜਿਆ ਇਨਸਾਨ ਐਂ ਜੇਹੋ ਜਿਆ ਹੋਣਾ ਚਾਹੀਦੈ?'''
ਮਾਸਟਰ ਜੀ ਨੇ ਆਪਣਾ ਸਿਰ ਸੱਜੇ ਮੋਢੇ ਵੱਲ ਘੁਮਾਇਆ ਜਿਵੇਂ ਓਥੇ ਬੈਠੇ ਪੰਛੀ ਨੂੰ ਦੇਖ ਰਹੇ ਹੋਣ।
"ਅੱਗੇ ਇਕ ਗੱਲ ਹੋਰ ਦੱਸਾਂ।  ਉਹ ਇਹ ਕਿ ਜੇ ਇਨਸਾਨ ਮਰਨਾ ਸਿੱਖ ਲਵੇ ਤਾਂ ਜੀਣਾ ਆਪਣੇ ਆਪ ਆ ਜਾਂਦੈ।  ਇਹ ਬੀ ਇਕ ਬਹੁਤ ਬੜੀ ਸੱਚਾਈ ਐ।  ਲੇਕਿਨ ਮੁਸ਼ਕਿਲ ਇਸ ਬਾਤ ਕੀ ਐ ਕਿ ਕੋਈ ਮਰਨਾ ਚਾਹੁੰਦਾ ਈ ਨਹੀਂ।  ਭਲਾ, ਕੋਈ ਮਰਨਾ ਕਿਉਂ ਨਹੀਂ ਚਾਹੁੰਦਾ? ਹੈਂ? ਕਿਉਂਕਿ ਬਹੁਤੇ ਲੋਕ ਤਾਂ ਹਨੇਰਾ ਈ ਢੋਂਦੇ ਫਿਰ ਰਹੇ ਐ।  ਆਦਤਨ ਲੋਕ ਕੋਹਲੂ ਦੇ ਬੈਲ ਦੀ ਤਰ੍ਹਾਂ ਹਰ ਰੋਜ਼ ਓਹੀ ਕਰਮ ਕਰਦੇ ਰਹਿੰਦੇ ਐ।  ਔਰ ਓਸੇ ਤਰ੍ਹਾਂ ਈ ਹਰ ਰੋਜ਼ ਸੋਚਦੇ ਰਹਿੰਦੇ ਐ।  ਮੈਂ ਏਸੇ ਲਈ ਕਹਿਨਾ, ਉਹ ਹੈ ਨਾ ਇਕ ਸ਼ਬਦ ਗੁਰਬਾਣੀ ਮਾਂ! ਸਾਡੇ ਪਿੰਡ ਭਾਈ ਸੇਵਾ ਸਿੰਘ ਤੇ ਮੈਂ ਗੁਰੂ ਗ੍ਰੰਥ ਬੀ ਪੜ੍ਹਨਾ ਸਿੱਖ ਲਿਆ ਥਾ।  ਬੱਸ ਸ਼ੌਕ ਥਾ ਉਸ ਜਮਾਨੇ ਮਾਂ ਪੜ੍ਹਨ ਦਾ।  ਹਾਂ-ਤਾਂ ਉਹ ਸ਼ਬਦ ਐ-
'ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ।।
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ।।'
ਬੰਦਾ ਹੈ ਕੀ? ਖ਼ਾਕ ! ਖ਼ਾਕ ਮਾਂ ਈ ਮਿਲ ਜਾਂਦੈ।  ਪਰ ਜਿਉਂਦੇ ਜੀ ਆਪਣੇ ਆਪ ਨੂੰ ਖਾਕ ਸਮਝ ਕੇ ਮਰਨ ਕਬੂਲ ਕਰਨ ਵਾਲਾ ਇਨਸਾਨ ਗੁਰਮੁਖ ਕਹਾਉਂਦੈ।  ਪਰ ਦੁਨੀਆਂ ਮਾਂ ਕਿੰਨੇ ਕੁ ਐਸੇ ਇਨਸਾਨ ਐਂ।  ਆਟੇ 'ਚ ਲੂਣ ਬਰਾਬਰ ਵੀ ਨਹੀਂ।  ਕਿੱਸਾ ਕੋਤਾ ਬਾਤ ਇਹ ਐ ਬੇਟਾ ਕਿ ਲੋਕ ਆਪਣਾ ਮੂਲ ਪਛਾਨਣ ਤੋਂ ਇਨਕਾਰੀ ਹੋ ਜਾਂਦੇ ਐ।  ਔਰ ਇਕ ਸੱਚੀ ਗੱਲ ਇਹ ਬੀ ਕਿ ਜੇ ਆਪਣੇ ਮੋਢੇ 'ਤੇ ਬੈਠੇ ਪੰਛੀ ਦੀ ਬਾਤ ਮੰਨ ਕੇ ਲੋਕ ਮਰਨਾ ਸਿੱਖ ਲੈਣ ਤਾਂ ਸਾਨੂੰ ਦਿਨ-ਰਾਤ ਧੰਦੇ ਪਿੱਟਣ ਦੀ ਲੋੜ ਨਹੀਂ ਰਹੇਗੀ।  ਔਰ ਜੋ ਕੁਛ ਬੀ ਅਸੀਂ ਜੀ-ਜਾਨ ਮਾਰ ਕੇ ਕਰ ਰਹੇ ਆਂ ਤਾਂ ਉਹ ਓਨਾ ਜ਼ਰੂਰੀ ਨਹੀਂ ਲਗੇਗਾ।  ਅਧਿਆਤਮਕ ਬਾਤਾਂ ਕਰਨ ਲਈ ਬੀ ਸਾਨੂੰ ਥੋੜੀ ਬਹੁਤ ਥਾਂ ਆਪਣੇ ਦਿਮਾਗ ਮਾਂ ਜ਼ਰੂਰ ਰਖਣੀ ਚਾਹੀਦੀ ਐ।  ਸੱਚ ਬਾਤ ਤਾਂ ਇਹ ਐ ਬੇਟਾ ਕਿ ਪਤਾ ਮੈਨੂੰ ਬੀ ਨੀ ਬਈ ਇਹ ਅਧਿਆਤਮਕ ਬਾਤ ਹੁੰਦੀ ਕੀ ਐ ਪਰ ਏਨਾ ਜ਼ਰੂਰ ਪਤੈ ਕਿ ਸਾਡੇ ਬਿਚ ਮਾਂ, ਹੈ ਕੋਈ ਘਾਟ ਜ਼ਰੂਰ।  ਲੋਕ ਦੁਨੀਆਦਾਰੀ, ਕਬੀਲਦਾਰੀ ਮਾਂ ਉਲਝੇ ਰਹਿੰਦੇ ਐਂ ਪਰ ਮਨ ਦੀ ਤਸੱਲੀ ਫੇਰ ਬੀ ਨੀ ਹੁੰਦੀ।  ਸਾਡੇ ਇਰਦ-ਗਿਰਦ ਮੋਹ-ਮਾਇਆ ਦੇ ਜਾਲ ਨੂੰ ਅਸੀਂ ਬੱਸ ਇਹ ਸਮਝ ਲੈਂਦੇ ਐਂ ਕਿ ਇਹ ਤਾਂ ਹਮੇਸ਼ਾ ਵਾਸਤੇ ਰਹੇਗਾ।  ਉਹ ਕਿਆ ਕਹਿੰਦੇ ਐਂ ਇੰਗਲਿਸ਼ ਮਾਂ-'ਟੇਕਨ ਫਾਰ ਗਰਾਂਟਿਡ।' ਹੈ ਕ ਨਹੀਂ? ਓ ਬਈ ਥੋੜੇ ਕੁਦਰਤ ਦੇ ਨਜ਼ਾਰੇ ਦੇਖੋ, ਇਹ ਹਰੇ ਭਰੇ ਰੁੱਖ, ਪੌਦੇ, ਰੁੱਤਾਂ ਦੇ ਕਿਵੇਂ ਰੰਗ ਬਦਲਦੇ ਐਂ।  ਕੁਦਰਤ ਕੈਸੇ ਕੈਸੇ ਰੰਗਾਂ ਮਾਂ ਆਪਣੇ ਆਪ ਨੂੰ ਸਜਾਉਂਦੀ ਐ।  ਜ਼ਰਾ ਦੇਖੋ ਤਾਂ ਸਹੀ ਧਿਆਨ ਨਾਲ! ਜਦ ਮੀਂਹ ਤੇ ਬਾਅਦ ਸਤਰੰਗੀ ਪੀਂਘ ਅਸਮਾਨ 'ਚ ਬਣਦੀ ਐ ਤਾਂ ਬੱਚੇ ਤੋਂ ਲੈ ਕੇ ਬੁੱਢੇ ਤਕ ਸਭ ਨੂੰ ਏ ਚੰਗੀ ਲਗਦੀ ਐ।  ਕੁਦਰਤ ਤਾਂ ਮਹਾਨ ਐ।  ਕੁਦਰਤ ਦਾ ਇਹ ਖਜ਼ਾਨਾ ਬੰਦੇ ਲਈ ਹੈ ਮੁਫਤ, ਪਰ ਬੰਦਾ ਇਸ ਤੇ ਪਰੇ ਮੂੰਹ ਮੋੜ ਕੇ ਆਪਣੇ ਈ ਬਣਾਏ ਹੋਏ ਖੋਲ ਮਾਂ ਬੜ ਜਾਂਦੈ।  ਔਰ ਮਰਨ ਤੱਕ ਆਪਣਾ ਪਿੱਛਾ ਨੀ ਛੁਡਾ ਸਕਦਾ।  ਹਾਂ ਮਰਨ ਬਾਅਦ ਉਸ ਦਾ ਪਿੱਛਾ ਜ਼ਰੂਰ ਛੁੱਟ ਜਾਂਦੈ।  ਸੋ ਏਸੇ ਲਈ ਸਿਆਣੇ ਕਹਿੰਦੇ ਐ ਬਈ ਜੇ ਪਹਿਲਾਂ ਈ ਮਰਨਾ ਸਿੱਖ ਲਈਏ ਤਾਂ ਜ਼ਿੰਦਗੀ ਬਦਲ ਸਕਦੀ ਐ।''
ਆਪਣੀ ਗੱਲ ਖਤਮ ਕਰਦਿਆਂ ਮਾਸਟਰ ਜੀ ਨੇ ਆਪਣੀ ਉੱਚੀ ਕੀਤੀ ਉਂਗਲ ਥੱਲੇ ਕਰ ਲਈ।

***

ਗੁਰਨੇਕ ਦਾ ਕਵਿਤਾਵਾਂ ਲਿਖਣ ਦਾ ਸ਼ੌਕ ਵਧ ਗਿਆ ਸੀ।  ਮੁਖਤਿਆਰ ਸਿੰਘ ਸਰਪੰਚ ਵੀ ਉਹਨੂੰ ਉਹਦੀਆਂ ਕਵਿਤਾਵਾਂ ਬਾਰੇ ਪੁੱਛਦਾ ਰਹਿੰਦਾ ਅਤੇ ਹੱਲਾਸ਼ੇਰੀ ਦਿੰਦਾ ਰਹਿੰਦਾ।  ਉਹ ਆਪਣੀਆਂ ਬੁਰੀਆਂ ਵਹਿਬਤਾਂ ਵਿਚ ਵੀ ਗੁਰਨੇਕ ਨੂੰ ਭਾਈਵਾਲ ਬਨਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ।
ਗੁਰਨੇਕ ਨੇ ਇਕ ਕਵਿਤਾ ਲਿਖੀ, ਜਿਸ ਦਾ ਸਿਰਲੇਖ ਸੀ 'ਕਾਂਟੇ'।  ਉਸ ਵਿਚ ਕਵੀ ਨੂੰ ਕਾਂਟਿਆਂ ਨਾਲੋਂ ਮੁਟਿਆਰ ਦੇ ਨੈਣ-ਨਕਸ਼ ਸੁਹਣੇ ਲਗਦੇ ਹਨ,  ਕੰਨ ਸੁਹਣੇ ਲਗਦੇ ਹਨ, ਕੰਨਾਂ ਦੀਆਂ ਪੇਪੜੀਆਂ ਸੁਹਣੀਆਂ ਲਗਦੀਆਂ ਹਨ।  ਗੋਰੀਆਂ ਗੱਲ੍ਹਾਂ ਅਤੇ ਲੰਮੀ ਧੌਣ ਦਾ ਸੁਹਪਣ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ ਸੀ।  ਅਖੀਰ ਵਿਚ ਉਹ ਕਾਂਟਿਆਂ ਦੀ ਖੁਸ਼ਕਿਸਤੀ ਸਾਬਤ ਕਰਦਾ ਹੈ ਕਿ ਏਨੇ ਸੁਹਣੇ ਕੰਨਾਂ ਵਿਚ ਅਤੇ ਏਨੇ ਸੁਹਣੇ ਮੁਖੜੇ ਨਾਲ ਜੇ ਉਹ ਜੁੜੇ ਹਨ, ਤਾਂ ਇਹ ਉਹਨਾਂ ਦੀ ਖੁਸ਼ਕਿਸਤੀ ਹੈ।  ਉਹ ਸੁਹਣੇ ਹੀ ਤਾਂ ਲਗਦੇ ਹਨ ਕਿ ਮੁਖੜਾ ਸੋਹਣਾ ਹੈ ਨਹੀਂ ਤਾਂ ਆਪਣੇ ਆਪ ਵਿਚ ਤਾਂ ਉਹ ਕੁਝ ਵੀ ਨਹੀਂ।  ਪਹਿਲਾਂ ਉਹਨੇ ਉਸ ਦਾ ਸਿਰਲੇਖ 'ਝਬੂਲੀ ਵਾਲੇ ਕਾਂਟੇ' ਰਖਿਆ ਸੀ ਪਰ ਫੇਰ ਬਦਲ ਕੇ 'ਕਾਂਟੇ' ਕਰ ਦਿੱਤਾ।  ਇਹ ਕਵਿਤਾ ਉਹਨੇ ਸਭ ਤੋਂ ਪਹਿਲਾਂ ਮੁਖਤਿਆਰ ਨੂੰ ਸੁਣਾਈ।  ਸੁਣ ਕੇ ਉਹ ਅਸ਼-ਅਸ਼ ਕਰ ਉਠਿਆ-
''ਪਰ ਯਾਰ ਇਹ ਕਵਿਤਾ ਦਾ ਨਾਂ ਤੁੰ 'ਕਾਂਟੇ' ਕਿਉਂ ਰਖਿਐ? ਸਾਰੀ ਕਵਿਤਾ ਵਿਚ ਤਰੀਫ ਤਾਂ ਤੂੰ ਮੁਖੜੇ ਦੀ ਕੀਤੀ ਹੋਈ ਐ।  ਬੱਸ ਅਖੀਰ 'ਤੇ ਜਾ ਕੇ...।''
"ਨਹੀਂ, ਮੁਖਤਿਆਰ ਬਾਈ ਤੈਨੂੰ ਪਤੈ ਬਈ 'ਕਾਂਟੇ' ਸ਼ਬਦ ਦੇ ਦੋ ਅਰਥ ਹੁੰਦੇ ਐ।  ਇਕ ਤਾਂ ਆਪਾਂ ਨੂੰ ਆਪਣੀ ਠੇਠ ਬੋਲੀ 'ਚ ਤਾਂ ਪਤੈ ਬਈ ਕਾਂਟੇ ਕੀ ਹੁੰਦੇ ਐ।  ਦੂਜੇ ਜੇ ਇਹਨੂੰ ਹਿੰਦੀ ਵਿਚ ਪੜ੍ਹੀਏ ਤਾਂ ਇਹਦਾ ਅਰਥ 'ਕੰਡੇ' ਨਿਕਲਦਾ ਹੈ।  ਮੰਨ ਲਓ ਜੇ ਕਲ੍ਹ ਨੂੰ ਮੇਰੀ ਇਹ ਕਵਿਤਾ ਹਿੰਦੀ ਵਿਚ ਅਨੁਵਾਦ ਕਰਨੀ ਪਈ ਤਾਂ ਓਥੇ 'ਕਾਂਟੇ' ਦਾ ਅਰਥ ਹੋਰ ਹੋਵੇਗਾ ਅਤੇ ਕਵਿਤਾ ਵਿਚਲੀਆਂ ਉਹਨਾਂ ਲਾਈਨਾਂ ਨਾਲ ਜਾ ਜੁੜੇਗਾ ਜਿਥੇ ਸੁਹਣੇ ਮੁਖੜੇ ਪਿੱਛੇ ਤੇਜ਼ ਤਰਾਰ ਖਿਆਲ ਮੁਟਿਆਰ ਦੇ ਦਿਮਾਗ ਵਿਚ ਘੁੰਮਦੇ ਹੋਏ ਉਹਨੂੰ ਕੰਡਿਆਂ ਵਾਂਗ ਚੁਭਦੇ ਹਨ।''
''ਓਏ ਅਸ਼ਕੇ ਤੇਰੇ ਬਾਈ ਸਿਆਂ।  ਨਹੀਂ ਰੀਸਾਂ ਤੇਰੀਆਂ।  ਐਨੀ ਲੰਮੀ ਸੋਚ? ਊਂ ਯਾਰ ਤੇਰੇ ਕੋਲ ਹੁਣ ਤਾਂਈ ਇਕ ਕਤਾਬ ਛਪਵਾਉਣ ਜੋਗੀਆਂ ਕਵਿਤਾਵਾਂ ਤਾਂ 'ਕੱਠੀਆਂ ਹੋ-ਗੀਆਂ ਹੋਣਗੀਆਂ ਕਿ ਨਹੀਂ?''
''ਹਾਂ ਕੋਈ ਪੱਚੀ-ਤੀਹ ਤਾਂ ਛਪ ਚੁੱਕੀਐਂ।  ਪਰ ਛਪਵਾਉਣ ਵਾਸਤੇ ਮਾਇਆ ਦੀ ਲੋੜ ਹੁੰਦੀ ਐ ਜਨਾਬ!''
''ਲੈ ਇਹ ਗੱਲ ਕੀ ਕੀਤੀ।  ਪੈਸੇ ਜਿੰਨੇ ਮਰਜੀ।  ਤੂੰ ਕੇਰਾਂ ਗੱਲ ਕਰ।  ਪੈਸੇ ਤੇਰੇ ਨਾਲੋਂ ਚੰਗੇ ਤਾਂ ਨੀ!''
''ਉਹ ਤਾਂ ਠੀਕ ਐ ਪਰ ਉਧਾਰ ਲੈ ਕੇ ਮੋੜਨਾ ਵੀ ਪਊ।''
"ਲੈ ਉਧਾਰ ਅਜੇ ਲਿਆ ਨੀ, ਫਿਕਰ ਪਹਿਲਾਂ।  ਜਦੋਂ ਤੇਰੇ ਕੋਲ ਹੋਏ ਓਦੋਂ ਮੋੜ ਦੀਂ।  ਤੂੰ ਪਹਿਲਾਂ ਇਹ ਦੱਸ ਬਈ ਖਰਚਾ ਕਿੰਨਾ ਕੁ ਹੋ-ਜੂ?''
''ਮੈਂ ਅੰਮ੍ਰਿਤਸਰ ਪਬਲਿਸ਼ਰਾਂ ਨੂੰ ਚਿੱਠੀ ਪਾਈ ਸੀ।  ਮੇਰੀ ਪਹਿਲੀ ਕਿਤਾਬ ਹੋਣ ਕਰਕੇ ਉਹ ਕਹਿੰਦੇ ਐ ਬਈ ਖਰੜਾ ਦੇਖ ਕੇ ਦੱਸਣਗੇ।''
''ਓ ਛੱਡ ਯਾਰ! ਚਲ ਮੈਂ ਚਲਦਾਂ ਤੇਰੇ ਨਾਲ ਅੰਬਰਸਰ।  ਨਾਲੇ ਆਪਾਂ ਹਰਮੰਦਰ ਸਾਹਬ ਮੱਥਾ ਟੇਕਿਆਵਾਂਗੇ ਤੇ ਨਾਲੇ ਤੇਰੇ ਉਹਨਾਂ ਪਬਲਿਸ਼ਰਾਂ ਨਾਲ ਗੱਲ ਬਾਤ ਕਰਿਆਵਾਂਗੇ।''
ਕੁਝ ਦਿਨਾਂ ਪਿੱਛੋਂ ਮੁਖਤਿਆਰ ਤੇ ਗੁਰਨੇਕ ਅੰਮ੍ਰਿਤਸਰ ਜਾ ਕੇ ਪਬਲਿਸ਼ਰ ਨਾਲ ਗੱਲ ਕਰਕੇ ਕਿਤਾਬ ਛਪਣੀ ਦੇ ਆਏ।  ਮੁਖਤਿਆਰ ਨੇ ਪੇਸ਼ਗੀ ਆਪਣੇ ਪੱਲਿਓਂ ਦਿੱਤੀ।  ਕਿਤਾਬ ਦਾ ਨਾਂ 'ਕਾਂਟੇ' ਰੱਖਿਆ ਗਿਆ।  ਵਾਅਦੇ ਅਨੁਸਾਰ ਕਿਤਾਬ ਦੇ ਪਰੂਫ ਇਕ ਮਹੀਨੇ ਮਗਰੋਂ ਮਿਲਣੇ ਸਨ।  ਮਹੀਨਾ ਲੰਘਣ ਪਿੱਛੋਂ ਗੁਰਨੇਕ ਹਰ ਤੀਜੇ-ਚੌਥੇ ਦਿਨ ਪਬਲਿਸ਼ਰ ਨੂੰ ਇਕ ਚਿੱਠੀ ਲਿਖ ਛਡਦਾ।  ਅਖੀਰ ਦੋ ਕੁ ਮਹੀਨਿਆਂ ਪਿੱਛੋਂ ਕਿਤਾਬ ਦੇ ਪਰੂਫ ਪਹੁੰਚ ਗਏ।  ਨਾਲ ਹੀ ਕਿਤਾਬ ਦਾ ਟਾਈਟਲ ਵੀ ਸੀ ਜਿਸ 'ਤੇ ਇਕ ਲੰਮੇ ਕੰਡਿਆਂ ਵਾਲੀ ਝਾੜੀ 'ਤੇ ਦੋ ਕਾਂਟੇ ਲਮਕਦੇ ਦਿਖਾਏ ਸਨ।  ਤਸਵੀਰ ਦੇ ਪਿਛੋਕੜ ਵਿਚ ਇਕ ਜ਼ਨਾਨਾ ਖੂਬਸੂਰਤ ਚਿਹਰਾ ਧੁੰਦਲਾ ਜਿਹਾ ਨਜ਼ਰ ਆ ਰਿਹਾ ਸੀ।  ਕਿਸੇ ਆਰਟਿਸਟ ਨੇ ਟਾਈਟਲ ਬਹੁਤ ਸੋਹਣਾ ਤੇ ਢੁਕਵਾਂ ਬਣਾਇਆ ਸੀ।  ਪਬਲਿਸ਼ਰ ਨੇ ਪਹਿਲੀ ਵਾਰ ਦੋ ਹਜ਼ਾਰ ਕਾਪੀਆਂ ਛਾਪਣੀਆਂ ਸਨ ਅਤੇ ਪੰਜਾਹ ਕਾਪੀਆਂ ਗੁਰਨੇਕ ਨੂੰ ਭੇਜਣੀਆਂ ਸਨ।  ਕਿਤਾਬ ਦੇ ਪਰੂਫ ਨਾਲ ਬਾਕੀ ਰਕਮ ਦੀ ਵੀ ਮੰਗ ਕੀਤੀ ਗਈ ਸੀ ਜਿਹੜੀ ਗੁਰਨੇਕ ਨੇ ਮੁਖਤਿਆਰ ਨੂੰ ਕਹਿ ਕੇ ਭਿਜਵਾ ਦਿੱਤੀ ਸੀ।  ਪਰੂਫ ਪੜ੍ਹਨ ਪਿੱਛੋਂ ਗਲਤੀਆਂ ਸਹੀ ਕਰਕੇ ਗੁਰਨੇਕ ਨੇ ਕਿਤਾਬ ਪਬਲਿਸ਼ਰਾਂ ਨੂੰ ਪਾਰਸਲ ਕਰ ਦਿੱਤੀ।  ਹੁਣ ਕਿਤਾਬ ਛਪ ਕੇ ਪਹੁੰਚਣ ਦੀ ਉਡੀਕ ਸੀ।
ਬਸੰਤ ਨੂੰ ਫਿਕਰ ਸੀ ਕਿ ਘਰ ਦਾ ਗੁਜ਼ਾਰਾ ਪਹਿਲਾਂ ਹੀ ਨਹੀਂ ਸੀ ਤੁਰਦਾ।  ਸਕੂਲੋਂ ਮਿਲੀ ਤਨਖਾਹ ਤੋਂ ਇਲਾਵਾ ਕਦੇ ਥੱਲਿਓਂ ਕਦੇ ਫਿਰੋਜ਼ਪੁਰੋਂ ਥੋੜਾ ਬਹੁਤ ਮਾਇਕ ਸਹਾਰਾ ਮਿਲਣ 'ਤੇ ਹੀ ਡੰਗ-ਟਪਾਈ ਹੁੰਦੀ ਸੀ।  ਉਹਦੀਆਂ ਰੀਝਾਂ-ਸੱਧਰਾਂ ਦਾ ਗਲ਼ ਹਮੇਸ਼ਾ ਘੁੱਟਿਆ ਰਹਿੰਦਾ।  ਨਾ ਉਹ ਚੰਗਾ ਖਾ ਸਕਦੀ ਸੀ ਨਾ ਪਹਿਨ ਸਕਦੀ ਸੀ।  ਉੱਤੋਂ ਗੁਰਨੇਕ ਨੇ ਕਰਜ਼ਾ ਚੁੱਕ 'ਕੇ ਕਿਤਾਬ ਛਪਵਾਉਣ ਦਾ ਹੂਲਾ ਫੱਕ ਲਿਆ ਸੀ।  ਉਸ ਕੋਲ ਸਬਰ ਦੇ ਘੁੱਟ ਭਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।  ਉਹ ਆਪਣੀ ਸੱਸ ਦੇ ਮਿਹਣਿਆਂ ਤੋਂ ਡਰਦੀ ਥੱਲੇ ਵੀ ਨਾਂ ਉਤਰਦੀ।  ਅਣਸਰਦੇ ਨੂੰ ਜਦੋਂ ਲੋੜ ਪੈਂਦੀ ਤਾਂ ਜਾ ਕੇ 'ਬੇਬੇ ਜੀ' ਨਾਲ ਗੱਲ ਕਰਦੀ।  ਦਿਆਕੁਰ ਆਪਣੀ ਥਾਂ ਸੱਚੀ ਸੀ।  ਉਹ ਵੀ ਕਲਪਦੀ ਰਹਿੰਦੀ।  ਉਸ ਨੂੰ ਗੁਰਨੇਕ ਦੀ ਬੇੜੀ ਕਿਸੇ ਤਣ-ਪੱਤਣ ਲਗਦੀ ਨਹੀਂ ਸੀ ਦਿਸਦੀ।  ਉਹ ਲੋਕਾਂ ਦੇ ਵਿਆਹੇ ਵਰੇ ਮੁੰਡਿਆਂ ਦਾ ਮੁਕਾਬਲਾ ਜਦੋਂ ਨੇਕ ਨਾਲ ਕਰਦੀ ਤਾਂ ਉਦਾਸੀ ਤੋਂ ਬਿਨਾ ਹੋਰ ਕੁਝ ਪੱਲੇ ਨਾ ਪੈਂਦਾ।  ਭਗਤ ਸਿੰਘ ਤੇ ਦਿਆਕੁਰ ਦੁਖ-ਸੁਖ ਕਰਦੇ ਰਹਿੰਦੇ।  ਸਭ ਸੋਚਾਂ ਜਵਾਬ ਦਿੰਦੀਆਂ ਲਗਦੀਆਂ।
ਉਹਨਾਂ ਨੂੰ ਜੇ ਕੋਈ ਆਸ ਬਝਦੀ ਦਿਸਦੀ ਤਾਂ ਉਹ ਚਰਨਜੀਤ ਵੱਲੋਂ, ਜਿਹੜਾ ਹੁਣ ਲੁਧਿਆਣੇ ਇਨਟਰਨਸ਼ਿਪ ਕਰਨ ਲੱਗ ਪਿਆ ਸੀ।  ਉਂਜ ਵੀ ਉਹਦੀ ਰਹਿਣੀ-ਬਹਿਣੀ ਸਾਊ ਮੁੰਡਿਆਂ ਵਾਲੀ ਸੀ।  ਉਹ ਇਕ ਜ਼ਿੰਮੇਵਾਰ ਡਾਕਟਰ ਵਾਂਗ ਗੱਲਾਂ ਕਰਨ ਲੱਗ ਪਿਆ ਸੀ।  ਹੌਲੀ-ਹੌਲੀ ਪਿਆਰ ਨਾਲ ਬੋਲ ਕੇ ਆਪਣੀ ਗੱਲ ਸਮਝਾਉਂਦਾ।  ਗੁੱਸਾ ਤਾਂ ਜਿਵੇਂ ਉਹਨੂੰ ਆਉਂਦਾ ਹੀ ਨਹੀਂ ਸੀ।
ਗੁਰਨੇਕ ਨੇ 'ਕਾਂਟੇ' ਦੀ ਪਹਿਲੀ ਕਾਪੀ ਮੁਖਤਿਆਰ ਨੂੰ ਦਿੱਤੀ।  ਮੁਖਤਿਆਰ ਨੇ ਜਦੋਂ ਕਿਤਾਬ ਦਾ ਪਹਿਲਾ ਸਫਾ ਖੋਹਲਿਆ ਤਾਂ 'ਪਿਆਰੇ ਦੋਸਤ ਮੁਖਤਿਆਰ ਨੂੰ!' ਛਪਿਆ ਪੜ੍ਹ ਕੇ ਉਹ ਬਹੁਤ ਖੁਸ਼ ਹੋਇਆ।
''ਯਾਰ ਨੇਕ, ਇਹ ਕੀ? ਮੈਂ ਤਾਂ ਏਸ ਲਾਇਕ ਹਾਂ-ਨੀ।''
''ਹੀਰੇ ਦੀ ਪਰਖ ਜੌਹਰੀ ਨੂੰ ਈ ਹੁੰਦੀ ਐ।  ਇਹ ਸਭ ਕੁਝ ਤੇਰੀ ਬਦੌਲਤ ਈ ਤਾਂ ਹੋਇਐ।'' ਗੁਰਨੇਕ ਨੇ ਸ਼ੁਕਰਾਨੇ ਵਜੋਂ ਕਿਹਾ।
''ਫੇਰ ਹੁਣ ਅਗੇ ਕੀ ਸੋਚਿਐ?'' ਮੁਖਤਿਆਰ ਨੇ ਪੁੱਛਿਆ।
"ਕੋਈ ਤਿੰਨ ਕੁ ਮਹੀਨਿਆਂ ਪਿੱਛੋਂ ਏਸ ਸਾਲ ਵਿਚ ਛਪੀਆ ਕਿਤਾਬਾਂ ਦਾ ਮੁਲਾਂਕਣ ਕਰਨ ਲਈ ਚੰਡੀਗੜ੍ਹ ਭਾਸ਼ਾ ਵਿਭਾਗ ਦੀ ਮੀਟਿੰਗ ਹੋਵੇਗੀ।  ਮਿਹਨਤ ਤਾਂ ਹਰ ਕੋਈ ਕਰਦੈ, ਮੈਂ ਵੀ ਕੀਤੀ ਐ ਪਰ ਮੈਨੂੰ ਇਨਾਮ ਅਨੂਮ ਦਾ ਕੋਈ ਲਾਲਚ ਨੀ।  ਪਰ ਊਂ ਮੈਂ ਸੋਚਦੈਂ ਬਈ ਸਾਰੇ ਮੈਂਬਰਾਂ ਨੂੰ ਜਾ ਕੇ ਇਕ ਵਾਰੀ ਖੁਦ ਮਿਲ ਕੇ ਜਾ ਮੈਂ ਆਪਣੀ ਕਿਤਾਬ ਉਹਨਾਂ ਨੂੰ ਭੇਟ ਕਰ ਆਵਾਂ ਤਾਂ ਇਹਦੇ 'ਚ ਹਰਜ ਕੀ ਐ?''
''ਗੱਲ ਤਾਂ ਤੇਰੀ ਸਿਆਣੀ ਐ ਯਾਰ।  ਫੇਰ ਦੇਰ ਕਿਹੜੀ ਗੱਲ ਦੀ ਐ?'' ਮੁਖਤਿਆਰ ਨੇ ਕਾਹਲੀ ਕਰਦਿਆਂ ਕਿਹਾ।
"ਮੈਂ ਅਗਲੇ ਹਫਤੇ ਤਿੰਨ ਛੁੱਟੀਆਂ ਵਿਚ ਪਟਿਆਲੇ ਤੇ ਚੰਡੀਗੜ੍ਹ ਜਾਣਾ ਚਾਹੁਨੈ। ਦੋ ਮੈਂਬਰ ਪਟਿਆਲੇ ਐ ਤੇ ਤਿੰਨ ਚੰਡੀਗੜ੍ਹ ਰਹਿੰਦੇ ਐ।''
''ਖਰਚਾ ਪਾਣੀ ਹੈ-ਨਾ?'' ਮੁਖਤਿਆਰ ਨੇ ਪੁੱਛਿਆ।
"ਹਾਂ-ਹਾਂ।  ਅਜੇ ਕਲ੍ਹ-ਈ ਤਾਂ ਤਨਖਾਹ ਮਿਲੀ-ਐ।  ਜੇ ਲੋੜ ਪਈ ਤਾਂ ਤੂੰ ਮੇਰਾ ਬੈਂਕ ਤਾਂ ਹੈਂ-ਈ।''

***

ਮਿਥੇ ਦਿਨ, ਗੁਰਨੇਕ ਕਿਤਾਬ ਦੀਆਂ ਕੁਝ ਕਾਪੀਆਂ ਝੋਲੇ 'ਚ ਪਾ ਕੇ ਪਟਿਆਲੇ ਵਾਲੀ ਬੱਸ ਚੜ੍ਹ ਗਿਆ।  ਰਾਹ 'ਚ ਉਹਨੂੰ ਆਪਣੇ ਸੁਭਾਅ ਅਨੁਸਾਰ ਡੂੰਘੀਆਂ ਸੋਚਾਂ ਫੁਰਨ ਲੱਗੀਆਂ।  ਪਟਿਆਲੇ ਪਹੁੰਚਣ ਤੋਂ ਪਹਿਲਾਂ, ਹਰ ਇਕ ਮੈਂਬਰ ਨਾਲ 'ਮੀਟਿੰਗ ਕਿਵੇਂ ਕਰਨੀ ਹੈ' ਦਾ ਪੱਕਾ ਮਨ ਬਣਾ ਲਿਆ ਸੀ।  ਪਟਿਆਲੇ ਬੱਸ ਅੱਡੇ ਜਦੋਂ ਉਹ ਉਤਰਿਆ ਤਾਂ ਬੜਾ ਖੁਸ਼ ਸੀ।
ਪ੍ਰੋਫੈਸਰ 'ਸੋਚ' ਹੁਰਾਂ ਦਾ ਘਰ ਬੱਸ ਅੱਡੇ ਤੋਂ ਕੋਈ ਡੇਢ-ਦੋ ਮੀਲ ਦੂਰ ਸੀ।  ਗੁਰਨੇਕ ਨੇ ਜਦੋਂ ਦਰਵਾਜ਼ਾ ਖੜਕਾਇਆ ਤਾਂ 'ਸੋਚ' ਸਾਹਿਬ ਨੇ ਖੁਦ ਦਰਵਾਜ਼ਾ ਖੋਹਲਿਆ।  ਗੁਰਨੇਕ ਨੇ ਆਪਣੀਆਂ ਅੱਖਾਂ ਛੇਤੀ-ਛੇਤੀ ਝਪਕਦਿਆਂ ਤੇ ਸੱਜਾ ਹੱਥ ਮੱਥੇ ਤੇ ਰਖਦਿਆਂ ਧੀਮੀ ਜਿਹੀ ਆਵਾਜ਼ ਵਿਚ ਫਤਹਿ ਬੁਲਾਈ।  
''ਮੈਨੂੰ ਤੁਹਾਡੀ ਚਿੱਠੀ ਮਿਲ ਗਈ ਸੀ।  ਇਕ ਨਹੀਂ ਸਗੋਂ ਦੋ ਚਿੱਠੀਆਂ।  ਅੱਜ ਮੈਨੂੰ ਤੁਹਾਡੀ ਉਡੀਕ ਵੀ ਸੀ।  ਕੀ ਗੱਲ ਤੁਹਾਨੂੰ, ਅੱਖਾਂ ਦੀ ਕੋਈ ਸ਼ਿਕਾਇਤ...?''
''ਸੋਚ ਸਾਹਿਬ, ਕੀ ਦੱਸਾਂ! ਮੇਰੀ ਨਿਗਾ ਦਿਨ-ਬ-ਦਿਨ ਘਟਦੀ ਜਾ ਰਹੀ ਐ।  ਪਹਿਲਾਂ ਤਾਂ ਭੰਬੂਤਾਰੇ ਜਿਹੇ ਨਜ਼ਰ ਆਉਂਦੇ ਸੀ ਪਰ ਹੁਣ ਤਾਂ ਝਾਉਲਾ-ਝਾਉਲਾ ਜਿਹਾ ਦਿਸਣ ਲੱਗ ਪਿਐ।  ਮੈਂ ਬੜਾ ਮਜਬੂਰ ਹੋ ਚੁੱਕਾਂ-ਸੋਚ ਸਾਹਿਬ! ਪਰ ਮੈਂ ਸੋਚਿਆ ਜਿਵੇਂ ਵੀ ਹੋ ਸਕੇਗਾ ਮੈਂ ਆਪ ਜਾ ਕੇ ਆਪਣੀ ਕਿਤਾਬ ਤੁਹਾਨੂੰ ਭੇਟ ਕਰਾਂਗਾ। ਤੁਹਾਡੇ ਵੱਡਮੁੱਲੇ ਵਿਚਾਰਾਂ ਦੀ ਮੈਨੂੰ ਉਡੀਕ ਰਹੇਗੀ।''
"ਹਾਂ-ਹਾਂ, ਕਿਉਂ ਨਹੀਂ 'ਕਵੀ' ਸਾਹਿਬ।  ਮੈਂ ਤਾਂ ਆਪ ਨਵੇਂ ਉੱਭਰਦੇ ਕਵੀਆਂ ਦੀ ਕਦਰ ਕਰਦਾ ਹਾਂ।  ਕਲ੍ਹ ਨੂੰ ਕੀ ਪਤੈ ਕਿਸ ਨੇ ਕਿੱਥੇ ਪਹੁਚਣੈ।  ਪਰ ਤੁਸੀਂ ਆਪਣੀਆਂ ਅੱਖਾਂ ਕਿਸੇ ਚੰਗੇ ਡਾਕਟਰ ਨੂੰ ਜਰੂਰ ਦਿਖਾਓ।  ਅੱਜ ਕਲ੍ਹ ਤਾਂ ਬੜੇ ਚੰਗੇ ਇਲਾਜ ਨਿਕਲ ਆਏ ਹਨ।''
''ਸੋਚ ਸਾਹਿਬ ਮੈਂ ਤਾਂ ਦਿੱਲੀ-ਦੱਖਣ ਗਾਹ-ਮਾਰੇ ਪਰ ਡਾਕਟਰਾਂ ਵੱਲੋਂ ਕੋਰਾ ਜਵਾਬ ਮਿਲ ਜਾਂਦੈ।  ਕਹਿੰਦੇ ਐ ਕਿ ਇਹ ਬਿਮਾਰੀ ਕਿਸੇ ਹਜ਼ਾਰਾਂ ਵਿਚੋਂ ਇਕ ਨੂੰ ਈ ਹੁੰਦੀ ਐ।  ਠੀਕ ਕਰਨ ਦੀ ਜ਼ਿੰਮੇਵਾਰੀ ਕੋਈ ਨੀ ਲੈਂਦਾ।  ਖਰਚਾ ਜਿਹੜਾ ਹੁੰਦੈ, ਉਹ ਅੱਲਗ।  ਪਰ ਕਵਿਤਾ ਮੇਰੀ ਜਿੰਦ-ਜਾਨ ਹੈ।  ਉਮੀਦ ਹੈ ਤੁਹਾਨੂੰ ਮੇਰੀਆਂ ਰਚਨਾਵਾਂ ਪਸੰਦ ਆਉਣਗੀਆਂ।''
"ਹਾਂ ਜ਼ਰੂਰ-ਜ਼ਰੂਰ! ਮੈਂ ਜਿੰਨੀ ਛੇਤੀ ਹੋ ਸਕਿਆ ਕਿਤਾਬ ਪੜ੍ਹ ਕੇ ਆਪਣੇ ਵਿਚਾਰ ਲਿਖਾਂਗਾ।  ਮਾਫ਼ ਕਰਨਾ ਗੱਲਾਂ-ਗੱਲਾਂ ਵਿਚ ਮੈਂ ਚਾਹ-ਪਾਣੀ ਪੁੱਛਣਾ ਤੁਹਾਨੂੰ ਭੁੱਲ ਹੀ ਗਿਆ।  ਦੱਸੋ ਕੀ ਪੀਓਗੇ...?''
"ਜੀ ਬੱਸ ਤੁਹਾਡਾ ਬਹੁਤ-ਬਹੁਤ ਧੰਨਵਾਦ।  ਮੈਨੂੰ ਤੁਹਾਡੇ ਆਸ਼ੀਰਵਾਦ ਤੋਂ ਬਿਨਾਂ ਹੋਰ ਕੁਝ ਨਹੀਂ ਚਾਹੀਦਾ।  ਚੰਗਾ ਜੀ ਮੈਨੂੰ ਆਗਿਆ ਦਿਓ, ਏਥੇ ਹੋਰ ਵੀ ਇਕ ਦੋ ਦੋਸਤਾਂ ਨੂੰ ਮਿਲਣਾ ਹੈ।
"ਪਰ ਤੁਸੀਂ ਆਪਣੀ ਨਜ਼ਰ ਦੀ ਤਕਲੀਫ ਨਾਲ ਕਿਥੇ ਪਰੇਸ਼ਾਨ ਹੁੰਦੇ ਫਿਰੋਗੇ, ਮੈਂ ਤੁਹਾਨੂੰ ਆਪਣੀ ਕਾਰ 'ਤੇ ਛੱਡ ਆਉਂਦਾ ਹਾਂ।''
"ਨਹੀਂ ਜੀ।  ਤੁਹਾਡਾ ਬਹੁਤ ਬਹੁਤ ਧੰਨਵਾਦ।  ਮੈਂ ਸਾਈਕਲ ਰਿਕਸ਼ਾ, ਘਰ ਦੇ ਬਾਹਰ ਸੜਕ 'ਤੇ ਖੜ੍ਹਾ ਰਖਿਐ।  ਮੈਂ ਆਰਾਮ ਨਾਲ ਚਲਾ ਜਾਵਾਂਗਾ।  ਤੁਸੀਂ ਬਿਲਕੁਲ ਨਾ ਫਿਕਰ ਕਰੋ।  ਤੁਸੀਂ ਮੈਨੂੰ ਆਪਣਾ ਕੀਮਤੀ ਸਮਾਂ ਦਿੱਤਾ ਮੇਰੇ ਲਈ ਏਨਾ ਹੀ ਬਹੁਤ ਐ।''
ਗੁਰਨੇਕ ਹੌਲੀ-ਹੌਲੀ ਕੰਧ ਨਾਲ ਇਕ ਹੱਥ ਲਾ ਕੇ ਤੇ ਦੂਜਾ ਹੱਥ ਆਪਣੇ ਮੱਥੇ ਤੇ ਰਖਦਿਆਂ, ਜਿਵੇਂ ਉਹ ਹਨੇਰੇ ਵਿਚ ਦੇਖਣ  ਦੀ ਕੋਸ਼ਿਸ਼ ਕਰ ਰਿਹਾ ਹੋਵੇ, ਦਰਵਾਜੇ ਵੱਲ ਜਾਣ ਲੱਗਾ।  'ਸੋਚ' ਸਾਹਿਬ ਨੇ ਅੱਗੇ ਹੋ ਕੇ ਉਹਦਾ ਹੱਥ ਫੜਿਆ ਤੇ ਉਹਨੂੰ ਰਿਕਸ਼ਾ 'ਤੇ ਬਿਠਾਇਆ।
''ਕਵੀ ਸਾਹਬ ਤੁਸੀਂ ਕੋਈ ਫਿਕਰ ਨਾ ਕਰਨਾ, ਮੈਂ ਛੇਤੀ ਹੀ ਤੁਹਾਨੂੰ ਚਿੱਠੀ ਲਿਖਾਂਗਾ।''
ਗੁਰਨੇਕ ਨੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ।  ਰਿਕਸ਼ਾ ਚੱਲ ਪਿਆ।  ਦਿਲੋਂ ਉਹ ਬਹੁਤ ਖੁਸ਼ ਸੀ ਕਿ 'ਸਕੀਮ' ਕਾਮਯਾਬ ਰਹੀ।  'ਸੋਚ' ਸਾਹਬ ਨੂੰ ਕੁੰਡੀ ਪੈ ਗਈ ਲਗਦੀ ਸੀ।
ਫੇਰ ਉਹਨੇ ਰਿਕਸ਼ਾ ਡਾ. ਅਨੁਰਾਗ ਦੀ ਕੋਠੀ ਅੱਗੇ ਜਾ ਖੜ੍ਹਾ ਕੀਤਾ।  ਡਾ.ਅਨੁਰਾਗ ਨਾਲ ਵੀ ਉਹਦੀ ਮੀਟਿੰਗ ਪਹਿਲਾਂ ਵਰਗੀ ਰਹੀ।  ਸਗੋਂ ਡਾ.ਅਨੁਰਾਗ ਨੇ ਜ਼ਿੱਦ ਕਰਕੇ ਗੁਰਨੇਕ ਨੂੰ ਦੁਪਹਿਰ ਦਾ ਖਾਣਾ ਆਪਣੇ ਨਾਲ ਖਾਣ ਲਈ ਮਨਾ ਲਿਆ।  ਉਹਦੇ ਉਠਦੇ ਬਹਿੰਦਿਆਂ ਉਹਨੂੰ ਸਹਾਰਾ ਦਿੰਦਿਆਂ ਉਹਦਾ ਖਾਸ ਖਿਆਲ ਰੱਖਿਆ ਤਾਂ ਕਿ ਉਹਨੂੰ ਕੋਈ ਤਕਲੀਫ ਨਾ ਹੋਵੇ, ਕੋਈ ਸੱਟ ਨਾ ਲੱਗ ਜਾਵੇ।  ਦੁਪਹਿਰ ਤੋਂ ਪਿੱਛੋਂ ਗੁਰਨੇਕ ਨੇ ਪਟਿਆਲੇ ਤੋਂ ਚੰਡੀਗੜ੍ਹ ਦੀ ਬੱਸ ਫੜ ਲਈ।
ਚੰਡੀਗੜ੍ਹ ਪਹੁੰਚ ਕੇ ਉਹ ਆਪਣੇ ਪੁਰਾਣੇ ਦੋਸਤ ਦੇਸ ਦੇ ਮੁੰਡੇ ਕਮਲ ਕੋਲ ਉਹਦੇ ਸਰਕਾਰੀ ਕੁਆਟਰ ਪਹੁੰਚ ਗਿਆ।  ਕਮਲ ਨੇ ਬੀ.ਏ. ਪਾਸ ਕਰਨ ਪਿੱਛੋਂ ਟਾਈਪਿੰਗ ਤੇ ਸ਼ਾਰਟ-ਹੈਂਡ ਦਾ ਕੋਰਸ ਕਰਕੇ ਸਰਕਾਰੀ ਨੌਕਰੀ ਹਾਸਲ ਕਰ ਲਈ ਸੀ।  ਮਿਹਨਤੀ ਹੋਣ ਕਰਕੇ ਉਹ ਛੇਤੀ ਤਰੱਕੀ ਕਰ ਗਿਆ।  ਅੱਜ ਕੱਲ੍ਹ ਉਹ ਇਕ ਮਨਿਸਟਰ ਦਾ ਪੀ.ਏ. ਸੀ ਤੇ ਉਹਦੀ ਡਿਊਟੀ ਉਹਦੀ ਕੋਠੀ ਵਿਚ ਹੀ ਲੱਗੀ ਹੋਈ ਸੀ।  ਗੁਰਨੇਕ ਨੇ ਆਪਣੇ ਆਉਣ ਦਾ ਕਾਰਨ ਦੱਸਿਆ ਅਤੇ ਨਾਲ ਨਾਲ ਉਸ ਨੂੰ ਆਪਣੀ ਨਿਗਾ 'ਘਟਣ' ਬਾਰੇ ਵੀ ਸੂਚਿਤ ਕਰਨਾ ਠੀਕ ਸਮਝਿਆ।  ਕਮਲ ਨੂੰ ਗੁਰਨੇਕ ਨਾਲ ਹਮਦਰਦੀ ਹੋਣੀ ਸੁਭਾਵਕ ਸੀ।  ਅਗਲੇ ਦਿਨ ਉਹ ਗੁਰਨੇਕ ਨੂੰ ਆਪਣੇ ਸਕੂਟਰ ਤੇ ਲਿਜਾ ਕੇ ਬਾਕੀ ਦੇ ਤਿੰਨ ਮੈਂਬਰਾਂ ਦੇ ਘਰੀਂ ਮਿਲਵਾਉਣ ਨੂੰ ਖੁਸ਼ੀ-ਖੁਸ਼ੀ ਮੰਨ ਗਿਆ।  ਉਂਜ ਵੀ ਮਨਿਸਟਰ ਉਸ ਦਿਨ ਦੌਰੇ 'ਤੇ ਸੀ ਉਸ ਨੂੰ ਕੋਠੀ ਕੋਈ ਕੰਮ ਵੀ ਨਹੀਂ ਸੀ।  ਕਮਲ ਸਵੇਰੇ-ਸਵੇਰੇ ਕੋਠੀ ਇਕ ਗੇੜਾ ਮਾਰ ਕੇ ਗੁਰਨੇਕ ਨੂੰ ਲੈਣ ਲਈ ਪਰਤ ਆਇਆ।
ਗੁਰਨੇਕ ਨੇ ਪਹਿਲਾਂ ਹੀ 'ਸੋਚ-ਸਮਝ' ਕੇ ਤਿੰਨੇ ਮੈਂਬਰਾਂ ਨੂੰ ਚਿੱਠੀਆਂ ਰਾਹੀਂ ਆਪਣੇ ਆਉਣ ਦੀ ਖ਼ਬਰ ਦੇ ਦਿੱਤੀ ਸੀ।  ਪਟਿਆਲੇ ਵਾਂਗ ਤਿੰਨੇ ਮੁਲਾਕਾਤਾਂ ਏਥੇ ਵੀ 'ਸਫਲ' ਰਹੀਆਂ।  ਗੁਰਨੇਕ ਨੂੰ ਭਰੋਸਾ ਹੋ ਗਿਆ ਸੀ ਕਿ ਗੁੱਲੀ ਦਣ ਪੈ ਗਈ ਹੈ।  ਉਹਨੇ ਦੁਪਹਿਰ ਤਕ 'ਕੰਮ' ਨਬੇੜ ਕੇ ਵਾਪਸੀ ਘਰ ਜਾਣ ਲਈ ਦੁਪਹਿਰ ਤੋਂ ਪਿੱਛੋਂ ਬੱਸ ਫੜ ਲਈ।  ਜਾਣ ਵੇਲੇ ਕਮਲ ਨੂੰ ਥਾਪੀ ਦਿੱਤੀ।
ਪਹੁੰਚਣ ਤੋਂ ਅਗਲੇ ਹੀ ਦਿਨ ਗੁਰਨੇਕ ਨੇ ਆਪਣੀ ਬਿਮਾਰੀ ਦਾ ਵਧਾ ਚੜ੍ਹਾ ਕੇ ਜ਼ਿਕਰ ਕਰਦਿਆਂ ਸਾਰੇ ਮੈਂਬਰਾਂ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ।  ਲਗਭਗ ਸਭ ਨੇ ਹੀ ਚਿੱਠੀਆਂ ਦੇ ਹਮਦਰਦੀ ਭਰੇ ਉੱਤਰ ਦਿੱਤੇ,  ਸਿਵਾਏ ਚੰਡੀਗੜ੍ਹੋਂ ਡਾ.ਗੁਰਮੇਲ ਦੇ।  ਡਾ.ਗੁਰਮੇਲ ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਦੇ ਮੁਖੀ ਸਨ।  ਉਹਨਾਂ ਦਾ ਨਾਂ ਬਹੁਤਾ ਕਵਿਤਾ ਦੇ ਆਲੋਚਕ ਕਰਕੇ ਪ੍ਰਸਿੱਧ ਸੀ।  ਉਹਨਾਂ ਦੇ ਪੰਜਾਬੀ ਕਵਿਤਾ ਬਾਰੇ ਵਿਚਾਰ ਸਾਹਿਤਕ ਖੇਤਰ ਵਿਚ ਆਪਣੀ ਖਾਸ ਥਾਂ ਰਖਦੇ ਸਨ।  ਗੁਰਨੇਕ ਨੂੰ ਡਾ.ਗੁਰਮੇਲ ਵਲੋਂ ਖਤਰਾ ਮਹਿਸੂਸ ਹੋਣ ਲੱਗਾ।  ਗੁਰਨੇਕ ਨੇ ਤਿੰਨ ਚਿੱਠੀਆਂ ਉਹਨਾਂ ਨੂੰ ਲਿਖੀਆਂ ਸਨ ਜਿੰਨ੍ਹਾਂ ਵਿਚੋਂ ਕਿਸੇ ਇਕ ਦਾ ਵੀ ਜਵਾਬ ਨਹੀਂ ਸੀ ਆਇਆ।  ਓਧਰ ਭਾਸ਼ਾ ਵਿਭਾਗ ਦੀ ਮੀਟਿੰਗ ਦੀ ਤਾਰੀਖ ਵੀ ਨੇੜੇ ਆ ਰਹੀ ਸੀ। ਗੁਰਨੇਕ ਨੇ ਏਧਰੋਂ ਓਧਰੋਂ ਇਹ ਵੀ ਪਤਾ ਕਰ ਲਿਆ ਸੀ ਕਿ ਇਸ ਸਾਲ ਭਾਸ਼ਾ ਵਿਭਾਗ ਦੇ ਇਨਾਮ ਲਈ ਤਿੰਨ ਹੋਰ ਕਿਤਾਬਾਂ ਵੀ ਵਿਚਾਰ ਅਧੀਨ ਸਨ।  ਬਾਕੀ ਦੀਆਂ ਕਿਤਾਬਾਂ ਵਿਚੋਂ ਸਭ ਤੋਂ ਵੱਧ ਚਰਚਾ ਸਤਿੰਦਰ ਕੌਰ ਦੀ ਕਿਤਾਬ 'ਸੰਦਲੀ ਖਿੜਕੀ' ਦੀ ਹੋ ਰਹੀ ਸੀ।  ਅਖ਼ਬਾਰਾਂ ਰਸਾਲਿਆਂ ਵਿਚ ਉਸ ਬਾਰੇ ਰੀਵਿਊ ਵੀ ਛਪ ਰਹੇ ਸਨ।  ਦੂਜੇ ਪਾਸੇ ਗੁਰਨੇਕ ਦੀ 'ਕਾਂਟੇ' ਬਾਰੇ ਇਕ ਦੋ ਸ਼ਹਿਰ ਦੀਆਂ ਸਾਹਿਤ ਸਭਾਵਾਂ ਵਿਚ ਚਰਚੇ ਬਾਰੇ ਅਖਬਾਰ ਵਿਚ ਛੋਟੀਆਂ-ਛੋਟੀਆਂ ਖ਼ਬਰਾਂ ਲੱਗੀਆਂ ਸਨ।
ਗੁਰਨੇਕ ਨੂੰ ਫੇਰ ਇਕ ਫੁਰਨਾ ਫੁਰਿਆ ਉਹ ਲੁਧਿਆਣੇ, ਵਿਭਾਗ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ ਕੋਲ ਚਲਾ ਗਿਆ ਅਤੇ ਪਹਿਲੀਆਂ ਮੁਲਾਕਾਤਾਂ ਵਾਂਗ ਹੀ ਆਪਣੀ ਬਿਮਾਰੀ ਤੇ ਦੁਰਦਸ਼ਾ ਦਾ ਵਰਨਣ ਕਰਦਿਆਂ ਕਿਤਾਬ ਭੇਟ ਕੀਤੀ।  ਚਰਨਜੀਤ ਵੀ ਨਾਲ ਸੀ।  ਗੱਲ-ਬਾਤ ਸੁਨਣ ਪਿੱਛੋਂ ਉਸ ਨੂੰ ਹੈਰਾਨੀ ਤੇ ਫਿਕਰ ਹੋਇਆ ਕਿ ਉਸ ਦੇ ਵੱਡੇ ਭਰਾ ਦੀ ਨਿਗਾਹ ਏਨੀ ਖਰਾਬ ਹੋ ਚੁੱਕੀ ਹੈ ਤੇ ਉਹ ਆਪ ਡਾਕਟਰ ਹੁੰਦਿਆਂ ਏਸ ਗੱਲ ਤੋ ਅਣਜਾਣ ਹੈ।   ਪ੍ਰੋਫੈਸਰ ਸ਼ਾਮ ਸਿੰਘ ਦੇ ਘਰੋਂ ਉਹ ਗੁਰਨੇਕ ਨੂੰ ਸਿੱਧਾ ਹਸਪਤਾਲ ਅੱਖਾਂ ਦੇ ਮਾਹਰ ਡਾ.ਬੇਦੀ ਕੋਲ ਲੈ ਗਿਆ।  ਡਾ.ਬੇਦੀ ਚਰਨਜੀਤ ਨੂੰ ਪਹਿਲਾਂ ਤੋਂ ਹੀ ਇਕ ਹੋਣਹਾਰ ਵਿਦਿਆਰਥੀ ਵਜੋਂ ਵੀ ਜਾਣਦਾ ਸੀ। ਉਹਨੇ ਗੁਰਨੇਕ ਦੀਆਂ ਅੱਖਾਂ ਦਾ ਚੈੱਕ-ਅਪ ਚੰਗੀ ਤਰਾਂ, ਖਾਸਾ ਚਿਰ ਲਾ ਕੇ, ਤਸੱਲੀ ਨਾਲ ਕੀਤਾ।  ਦੋ ਵੱਖੋ-ਵਖਰੀਆਂ ਮਸ਼ੀਨਾਂ ਤੇ ਅੱਖਾਂ ਦੀਆਂ ਪੁਤਲੀਆਂ ਅਤੇ ਰੈਟੀਨਾਂ ਦੀ ਜਾਂਚ ਬਰੀਕੀ ਨਾਲ ਕੀਤੀ।  ਅਖੀਰ ਉਹ ਨੇ ਕਿਹਾ, ''ਵੈੱਲ, ਡਾ.ਚਰਨਜੀਤ, ਆਈ ਹੈਵ ਫੇਲਡ ਟੂ ਡਾਇਗਨੋਜ਼ ਐਨੀ ਥਿੰਗ ਰੌਂਗ ਵਿਦ ਹਿਸ ਆਈ ਸਾਈਟ।  ਮੈਨੂੰ ਤਾਂ ਸਭ ਕੁਝ ਠੀਕ ਠਾਕ ਲਗ ਰਿਹੈ।''
ਚਰਨਜੀਤ ਨੂੰ ਡਾ.ਬੇਦੀ ਦੀ ਗੱਲ ਨੇ ਹੋਰ ਵੀ ਪਰੇਸ਼ਾਨ ਕਰ ਦਿੱਤਾ।  ਚਰਨਜੀਤ ਗੁਰਨੇਕ ਨੂੰ ਆਪਣੇ ਕੁਆਰਟਰ ਵੱਲ ਲੈ ਤੁਰਿਆ।
"ਬਾਈ ਜੀ, ਜੇ ਥੋਡੀ ਤਸੱਲੀ ਨਹੀਂ ਹੋਈ ਤਾਂ ਆਪਾਂ ਅੰਮ੍ਰਿਤਸਰ ਡਾ.ਕੁਲਜੀਤ ਤੋਂ ਚੈੱਕ ਅਪ ਕਰਵਾ ਲੈਨੇ ਐਂ।''
"ਓ-ਨਹੀਂ।  ਇਹਨਾਂ ਡਾਕਟਰਾਂ ਨੂੰ ਮੇਰੀ ਬਿਮਾਰੀ ਦੀ ਸਮਝ ਨਹੀਂ ਆ ਸਕਦੀ।  ਮੈਨੂੰ ਤਾਂ ਇਹਨਾਂ ਦੀਆਂ ਮਸ਼ੀਨਾਂ ਈ ਠੀਕ ਨਹੀਂ ਲਗਦੀਆਂ।  ਸਰਕਾਰੀ ਹਸਪਤਾਲ ਹੋਣ ਕਰਕੇ ਬਾਬੇ ਆਦਮ ਦੇ ਵੇਲੇ ਦੀਆਂ ਮਸ਼ੀਨਾਂ ਰੱਖੀ ਬੈਠੇ ਐ।  ਆਖਰ ਅੱਖਾਂ ਦੀ ਜਾਂਚ ਹੋਣੀ ਤਾਂ ਮਸ਼ੀਨ ਰਾਹੀਂ ਈ ਐ ਨਾ?  ਨਾਲੇ ਤੇਰਾ ਓਹ ਡਾਕਟਰ ਕੁਲਜੀਤ ਵੀ ਤਾਂ ਪਹਿਲਾਂ ਥੱਬਾ ਫੀਸ ਲਊ ਫੇਰ ਕਹਿਣਾ ਉਹਨੇ ਵੀ ਪਤਾ ਨੀ ਇਹੋ ਕੁਸ਼ ਈ ਐ।  ਤੂੰ ਰਹਿਣ ਈ ਦੇ।  ਮੈਂ ਜਿਵੇਂ ਮੇਰੇ ਨਾਲ ਬਣੂੰ ਆਪੇ ਨਬੇੜੂੰ।  ਤੂੰ ਆਪਣਾ ਕੰਮ ਕਰੀ ਚੱਲ।''  ਗੁਰਨੇਕ ਦੇ ਬੋਲ ਕੁੜੱਤਣ ਭਰੇ ਸਨ।
''ਨਹੀਂ-ਨਹੀਂ।  ਵੱਡੇ ਬਾਈ ਅੱਖਾਂ ਦਾ ਮਾਮਲੈ।  ਆਪਾਂ ਨੂੰ ਅਣਗਹਿਲੀ ਨਹੀਂ ਕਰਨੀ ਚਾਹੀਦੀ।  ਫੀਸ ਤੇ ਖਰਚੇ ਦੀ ਤੁਸੀਂ ਚਿੰਤਾਂ ਨਾ ਕਰੋ।'' ਚਰਨਜੀਤ ਦੇ ਬੋਲ ਫਿਕਰ ਵਿਚ ਭਿੱਜੇ ਹੋਏ ਸਨ।
ਗੁਰਨੇਕ ਹਮੇਸ਼ਾ ਗੰਭੀਰ ਅਵਸਥਾ ਵਿਚ ਰਹਿੰਦਿਆਂ ਗੱਲਾਂ ਕਰਦਾ ਹੁੰਦਾ।  ਗੰਭੀਰ ਰਹਿ ਕੇ ਗੱਲਾਂ ਕਰਨੀਆਂ ਉਹਦੀ ਆਮ ਆਦਤ ਬਣ ਚੁੱਕੀ ਸੀ।  ਪਰ ਕਦੇ ਕਦੇ ਜਦੋਂ ਉਹ ਆਈ ਤੇ ਆਉਂਦਾ ਤੇ ਉਹਦਾ ਹੱਸਣ-ਹਸਾਉਣ ਨੂੰ ਜੀ ਕਰਦਾ ਤਾਂ ਵਾਹਵਾ ਮਾਹੌਲ ਸਿਰਜ ਲੈਂਦਾ।  ਪਰ ਹੁੰਦਾ ਅਜਿਹਾ ਕਦੇ-ਕਦਾਈਂ ਹੀ।  ਅੱਜ ਵੀ ਉਹ ਖੁਸ਼ੀ ਦੇ ਰੌਂਅ ਵਿਚ ਆ ਗਿਆ।  ਉਸ ਦਾ ਕਾਰਨ ਸ਼ਾਇਦ ਪ੍ਰੋਫੈਸਰ ਸ਼ਾਮ ਸਿੰਘ ਨਾਲ ਹੋਈ ਸਫਲ ਮੀਟਿੰਗ ਸੀ।  ਉਹਨੇ ਗੱਲ ਹੋਰ ਪਾਸੇ ਮੋੜਦਿਆਂ ਕਿਹਾ, ''ਓਹ ਆਪਣਾ ਤਾਇਆ ਸੀ ਨਾ ਕਿਸ਼ਨਾ? ਇਕ ਦਿਨ ਆਪਣਾ ਫੁੱਫੜ ਥੰਮਣ ਸਿਓਂ ਉਹਦੇ ਕੋਲ ਆਇਆ।  ਸੱਜਾ ਹੱਥ ਮੱਥੇ 'ਤੇ ਧਰੀਂ ਹੌਲੀ-ਹੌਲੀ ਆਵਦੀ ਡੰਗੋਰੀ ਜੀ ਟੇਕਦਾ ਤੁਰਿਆ ਆਇਆ।  ਲੈ ਜੀ, ਆ-ਕੇ ਤਾਏ ਕੋਲੇ ਟੋਹ-ਟੂਹ ਕੇ ਪੀੜ੍ਹੀ ਘੜੀਸ ਕੇ ਬਹਿ ਗਿਆ ਤੇ ਕਹਿੰਦਾ ''ਕੁਸ਼ ਨੀ ਕਿਸਨਿਆ, ਹੁਣ ਤਾਂ ਅੱਖਾਂ ਜਮਾ ਈ ਜਵਾਬ ਦੇ-ਗੀਆਂ।'' ਤੈਨੂੰ ਪਤਾ ਈ-ਐ, ਬਈ ਤਾਇਆ ਕਦੇ ਕਦੇ ਟਿੱਚਰ ਬੜੀ ਕਰਦਾ।  ਉਹ ਫੁੱਫੜ ਦੇ ਮੂੰਹ ਕੰਨੀ ਝਾਕ ਕੇ ਆਂਹਦਾ - ''ਬਈ ਥੰਮਣ ਸਿਆਂ ਤੇਰੀ ਉਮਰ ਕਿੰਨੀ ਕ ਹੋਊ?'' ਅੱਗੋਂ ਫੁੱਫੜ ਕਹਿੰਦਾ - ''ਹੋ-ਗੀ ਦੋ ਸਾਲ ਉੱਤੇ ਚਾਰ ਬੀਹਾਂ ਦੀ।'' ਫੇਰ ਤਾਇਆ ਉਹਨੂੰ ਪੁਛਦੈ - ''ਤੇਰੀ ਨਿਗਾ ਖਰਾਬ ਹੋਈ ਨੂੰ ਕਿੰਨਾ ਕੁ ਚਿਰ ਹੋ ਗਿਆ?'' - ''ਆਹ ਬੱਸ ਛੀ ਕ ਮਹੀਨੇ ਪਹਿਲਾਂ ਤਾਈਂ ਤਾਂ ਠੀਕ ਈ ਸੀ, ਬੱਸ ਹੁਣੇ ਜੇ ਈ ਆ ਕੇ ਗੋਲੀ ਵੱਜ-ਗੀ।'' ਤਾਏ ਨੇ ਫੇਰ ਪੁੱਛਿਆ - ''ਤੇ ਥੰਮਣ ਸਿਆਂ ਹੋਰ ਹੁਣ ਭਲਾ ਤੂੰ ਕਿੰਨਾ ਚਿਰ ਜਿਉਣੈ?'' -''ਲੈ ਸਰੀਰ ਦਾ ਕੋਈ ਭਰੋਸੈ?  ਅੱਜ ਹੈ ਕੱਲ ਨੂੰ ਹੈ ਨੀ।  ਊਂ ਲਗਦੈ ਬਈ ਵੱਧ ਤੋਂ ਵੱਧ ਸਾਲ-ਛੀ ਮਹੀਨੇ ਹੋਰ ਕੱਢ-ਲਾਂਗੇ।  ਸਾਹ-ਸਤ ਹੈ ਨੀ ਸਰੀਰ 'ਚ।  ਹੁਣ ਤਾਂ ਰੱਬ ਚੱਕ ਈ ਲਵੇ ਤਾਂ ਠੀਕ ਐ।'' -''ਐਨੀ ਛੇਤੀ ਤੂੰ ਆਵਾਜਾਰ ਜਿਆ ਕਿਉਂ ਹੋ ਗਿਆ ਥੰਮਣ ਸਿਆਂ?'' ਤਾਏ ਨੇ ਫੁੱਫੜ ਨੂੰ ਫੇਰ ਪੁੱਛਿਆ।  ਫੁੱਫੜ ਕਹਿੰਦਾ-''ਹੋਰ ਕੀ।  ਬਿਨਾਂ ਨਿਗਾ ਤੋਂ ਬੰਦਾ ਊਂ ਈ ਨ੍ਹੇਰ ਕੋਠੜੀ 'ਚ ਬੰਦ ਹੋਇਆ ਸਮਝ।'' ਤਾਏ ਨੂੰ ਟਿੱਚਰ ਸੁੱਝੀ, ਉਹ ਕਹਿੰਦਾ, ''ਥੰਮਣ ਸਿਆਂ ਤੂੰ ਬਿਆਸੀ ਸਾਲ ਝਾਕਦਾ ਰਿਹੈਂ।  ਹੁਣ ਸਾਲ ਛਿਮਾਹੀ ਨੂੰ ਮਰਨ ਦੀਆਂ ਗੱਲਾਂ ਕਰਦੈਂ।  ਜੇ ਮਰਨ ਤੋਂ ਪਹਿਲਾਂ ਛੀ ਮਹੀਨੇ ਸਾਲ ਤੈਨੂੰ ਨਾ ਦਿਸੂ ਫੇਰ ਕੇਹੜੀ ਪਰਲੋ ਆ ਜੂ-ਗੀ?''
''ਪਰ ਵੱਡੇ ਬਾਈ ਥੋਡੀ ਉਮਰ ਦਾ ਤੇ ਫੁੱਫੜ ਦੀ ਉਮਰ ਦਾ ਕੀ ਮੁਕਾਬਲਾ?'' ਚਰਨਜੀਤ ਦਾ ਫਿਕਰ ਦੂਰ ਨਹੀਂ ਸੀ ਹੋ ਰਿਹਾ।  
ਗੁਰਨੇਕ ਅੰਦਰੋਂ ਬਹੁਤ ਖੁਸ਼ ਸੀ ਕਿ ਉਹ ਆਪਣੇ ਦੰਭ ਕਰਨ ਵਿਚ ਪੂਰਾ ਕਾਮਯਾਬ ਹੋ ਚੁੱਕਾ ਸੀ।  ਇਕ ਚੰਗੇ ਕਲਾਕਾਰ ਵਾਂਗ ਉਸ ਨੂੰ ਹੁਣ ਲੋਕਾਂ ਨੂੰ ਤਾਂ ਕੀ ਆਪਣੇ ਘਰਦਿਆਂ ਨੂੰ, ਏਥੋਂ ਤਕ ਕਿ ਆਪਣੀ ਪਤਨੀ ਨੂੰ ਵੀ ਕਦੇ ਭਿਣਕ ਨਹੀਂ ਸੀ ਪੈਣ ਦਿੱਤੀ ਕਿ ਜੇ ਕਦੇ ਉਹ ਮਿਥ ਕੇ ਕੋਰਾ ਝੂਠ ਬੋਲਦਾ ਤਾਂ ਉਹਨੂੰ ਪੂਰਾ ਸੱਚ ਬਣਾ ਸਕਦਾ ਸੀ।  ਦੁਨੀਆਂ ਵਿਚ ਇਹੋ ਜਿਹੇ ਲੋਕ ਸਹਿਜੇ ਈ ਸਫਲਤਾ ਦੀਆਂ ਪੌੜੀਆਂ ਚੜ੍ਹ ਜਾਇਆ ਕਰਦੇ ਹਨ।  ਉਹਨੂੰ ਉਹਦੇ ਅੰਦਰਲਾ ਵਿਸ਼ਵਾਸ਼ ਕਹਿ ਰਿਹਾ ਸੀ ਕਿ ਸਫਲਤਾ ਦੀ ਕੁੰਜੀ ਉਸ ਨੇ ਲੱਭ ਲਈ ਸੀ।

***

ਚਰਨਜੀਤ ਲਈ ਚੰਗੇ ਘਰਾਂ ਦੇ ਰਿਸ਼ਤੇ ਆ ਰਹੇ ਸਨ।  ਭਗਤ ਸਿੰਘ ਤੋਂ ਦਿਹਾੜੀ-ਦੱਪੇ ਦਾ ਕੰਮ ਹੁਣ ਔਖਾ ਈ ਹੁੰਦਾ ਸੀ।  ਉਹ ਸੋਚਦਾ ਕਿ ਹੱਡਾਂ-ਪੈਰਾਂ ਦੇ ਤੁਰਦਿਆਂ ਕਿਧਰੇ ਚਰਨਜੀਤ ਦਾ ਬੰਨ੍ਹ-ਸੁੱਬ ਕਰ ਦੇਵੇ ਤਾਂ ਠੀਕ ਐ।  ਇੰਜ ਉਹ ਆਪਣੀ ਕਬੀਲਦਾਰੀ ਕਿਉਂਟਣਾ ਚਾਹੁੰਦਾ ਸੀ।  ਨਹੀਂ ਤਾਂ ਸਰੀਰ ਦਾ ਕੋਈ ਭਰੋਸਾ ਥੋੜੋ ਹੁੰਦੈ।  ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਉਹ ਸੁਰਖਰੂ ਹੋਣਾ ਚਾਹੁੰਦਾ ਸੀ।  ਦਿਆਕੁਰ ਨੇ ਵੀ ਗੱਲਾਂ-ਗੱਲਾਂ ਵਿਚ ਆਪਣੀ ਰੀਝ ਦਸਦਿਆਂ ਆਪਣੀਆਂ ਬਚੀਆਂ-ਖੁਚੀਆਂ ਪੁਰਾਣੀਆਂ ਟੂਮਾਂ ਕੱਢ ਕੇ ਉਹਨੂੰ ਦਿਖਾਈਆਂ ਸਨ।
"ਸਿਓਨੇ ਦਾ ਕੀ ਹੁੰਦੈ।  ਅੱਜ ਕਲ੍ਹ ਜੇ ਫੈਸਨ ਬਦਲ-ਗੇ ਤਾਂ ਆਪਾਂ ਅਮਰੂ ਸਨਿਆਰੇ ਤੋਂ ਤੁੜਵਾ ਕੇ ਨਵੇਂ ਫੈਸਨ ਦੀਆਂ ਬਣਵਾ ਲਾਂਗੇ।  ਵਿਚ ਥੋੜਾ ਹੋਰ ਰਲਾ-ਲਾਂਗੇ ਜੇ ਘੱਟ ਪਿਆ ਤਾਂ।'' ਦਿਆਕੁਰ ਆਖਦੀ।
ਭਗਤ ਸਿੰਘ ਵੀ ਗਿਣਤੀਆਂ-ਮਿਣਤੀਆਂ ਕਰਦਾ ਪੈਸੇ ਖਰਚੇ ਦਾ ਹਿਸਾਬ ਲਾਉਂਦਾ।  ਉਹਨੇ ਚਰਨਜੀਤ ਨੂੰ ਉਹਦੇ ਨਾਲ ਦੇ ਸਾਥੀ ਰੁਲਦੂ ਬਾਣੀਏ ਦੇ ਮੁੰਡੇ ਹੱਥ ਦੋ ਸਨੇਹੇ ਵੀ ਭੇਜੇ ਸਨ ਕਿ ਉਹ ਆ ਕੇ ਮਿਲ ਜਾਵੇ ਤਾਂ ਕਿ ਉਹਦੇ ਵਿਆਹ ਬਾਰੇ ਵਿਚਾਰ ਕੀਤੀ ਜਾ ਸਕੇ।  ਪਰ ਚਰਨਜੀਤ ਨੂੰ ਉਹਦੇ ਸੀਨੀਅਰ ਡਾਕਟਰ ਐਤਵਾਰ ਵਾਲੇ ਦਿਨ ਵੀ ਐਮਰਜੈਂਸੀ ਵਿਚ ਬੁਲਾਈ ਰਖਦੇ।  ਬਿਮਾਰੀਆਂ ਤੇ ਹਾਦਸੇ ਕੋਈ ਐਤਵਾਰ ਦੀਆਂ ਛੁੱਟੀਆਂ ਥੋੜੇ ਹੀ ਵਿਚਾਰਦੇ ਨੇ।  ਉਹਨੂੰ ਸਿਰ ਖੁਰਕਣ ਦੀ ਵਿਹਲ ਨਹੀਂ ਸੀ।  ਦਿਨ ਰਾਤ ਹਸਪਤਾਲ ਦੇ ਚੱਕਰ।  ਉਹਦੀ ਲਗਨ ਤੇ ਸਿਆਣਪ ਦੇਖ ਕੇ ਪਿਛਲੇ ਮਹੀਨੇ ਤੋਂ ਉਸ ਨੂੰ ਇਕ ਜੂਨੀਅਰ ਲੇਡੀ ਡਾਕਟਰ ਦੀ ਮਦਦ ਵੀ ਮਿਲ ਗਈ ਸੀ।  ਹਸਪਤਾਲ ਦੇ ਇੰਨਚਾਰਜ ਨੇ ਉਹਨਾਂ ਦੋਹਾਂ ਦੀ ਟੀਮ ਜਨਰਲ ਵਾਰਡ ਲਈ ਬਣਾ ਦਿੱਤੀ ਸੀ।  ਪਰ ਐਮਰਜੈਂਸੀ ਵਿਚ ਵੀ ਉਹਨਾਂ ਨੂੰ ਵਿਚੋਂ-ਵਿਚੋਂ ਬੁਲਾ ਲਿਆ ਜਾਂਦਾ।  ਕੈਬਿਨ ਵੀ ਦੋਹਾਂ ਦਾ ਇਕੋ ਈ ਸੀ।  ਡਾ.ਅੰਜਲੀ ਚੰਡੀਗੜ੍ਹ ਦੀ ਰਹਿਣ ਵਾਲੀ ਸੀ।  ਉਹਨਾਂ ਦਾ ਸਾਰਾ ਪਰਿਵਾਰ ਹੀ ਡਾਕਟਰਾਂ ਦਾ ਸੀ।  ਇਸ ਲਈ ਹਸਪਤਾਲ ਦੇ ਮਾਹੌਲ ਤੋਂ ਉਹ ਪਹਿਲਾਂ ਹੀ ਜਾਣੂ ਸੀ।  ਦੇਖਣੀ-ਪਾਖਣੀ ਉਹ ਬਹੁਤ ਸੁਹਣੀ-ਸੁਨੱਖੀ ਸੀ।  ਚਰਨਜੀਤ ਜਦੋਂ ਵੀ ਉਹਨੂੰ ਦੇਖਦਾ ਤਾਂ ਮਾਸਟਰ ਸਾਧੂ ਰਾਮ ਦੀਆਂ ਗੱਲਾਂ ਯਾਦ ਆਉਂਦੀਆਂ।  ਪਹਿਲਾਂ-ਪਹਿਲਾਂ ਤਾਂ ਉਹਨਾਂ ਦਾ ਰਿਸ਼ਤਾ ਆਪਣੇ ਕੰਮ ਤਕ ਸੀਮਿਤ ਰਿਹਾ।  ਫੇਰ ਹੌਲੀ-ਹੌਲੀ ਇਕ ਦੂਜੇ ਦੀ ਮਦਦ ਕਰਦਿਆਂ, ਗੱਲਾਂ ਸਾਂਝੀਆਂ ਕਰਦਿਆਂ ਇਕ ਦੂਜੇ ਦੇ ਸੁਭਾਅ ਤੋਂ ਜਾਣੂ ਹੋ ਗਏ।  ਚਰਨਜੀਤ ਨੂੰ ਅੰਜਲੀ ਚੰਗੀ ਲਗਣ ਲੱਗ ਪਈ ਸੀ।  ਅੰਜਲੀ ਨੂੰ ਵੀ ਉਹਦੀਆਂ ਗੱਲਾਂ-ਬਾਤਾਂ ਤੋਂ ਇਲਾਵਾ ਕੰਮ ਲਈ ਉਹਦੀ ਲਗਨ ਤੇ ਸਮਝਦਾਰੀ ਨੇ ਵੀ ਪ੍ਰਭਾਵਿਤ ਕੀਤਾ ਸੀ।  ਆਮ ਉਹ ਕਦੇ ਵੀ ਹੋਛੀਆਂ ਜਿਹੀਆਂ ਗੱਲਾਂ ਕਦੇ ਨਾ ਕਰਦੇ ਜਿਵੇਂ ਅਕਸਰ ਦੂਜੇ ਜਵਾਨ ਡਾਕਟਰ ਮੁੰਡੇ-ਕੁੜੀਆਂ ਕਰਦੇ ਸਨ।
ਪਿਛਲੇ ਵਾਰੀ ਵੀ ਉਹ ਬੜੀ ਮੁਸ਼ਕਿਲ ਨਾਲ ਆਪਣੇ ਇੰਨਚਾਰਜ ਡਾਕਟਰ ਤੋਂ ਦੋ ਦਿਨ ਦੀ ਛੁੱਟੀ ਲੈ ਕੇ ਘਰ ਮਿਲਣ ਗਿਆ ਸੀ।  ਵੱਡਾ ਫਿਕਰ ਉਹਨੂੰ ਗੁਰਨੇਕ ਦੀਆਂ ਅੱਖਾਂ ਦਾ ਸੀ।  ਉਹਨੂੰ ਡਰ ਸੀ ਕਿ ਜੇ ਸੱਚ-ਮੁੱਚ ਹੀ ਕੋਈ ਗੰਭੀਰ ਸਮੱਸਿਆ ਹੋਈ ਤੇ ਸਮੇਂ ਸਿਰ ਇਲਾਜ ਨਾ ਹੋਇਆ ਤਾਂ ਉਹਨੇ ਆਪਣੇ ਆਪ ਨੂੰ ਕਦੇ ਮਾਫ ਨਹੀਂ ਸੀ ਕਰ ਸਕਣਾ।
ਓਦੋਂ ਮਾਸਟਰ ਸਾਧੂ ਰਾਮ ਨੇ ਉਹਦੀ ਪੁਰਾਣੀ ਚਿਟ ਕਢਦਿਆਂ ਕਿਹਾ ਸੀ, ''ਤੈਨੇ ਆ-ਹੀ ਫੜਾਈ ਥੀ ਨਾ ਮੈਨੂੰ ਬਈ ਆਪਾਂ ਇਹਨਾਂ ਮਸਲਿਆਂ ਬਾਰੇ ਬਾਤਾਂ ਕਰਾਂਗੇ? ਲੈ ਫੇਰ ਇਸ ਬਾਰ ਆਪਾਂ ਪਰਿਵਾਰ ਬਾਰੇ ਬਾਤਾਂ ਕਰਦੇ ਐਂ।''
''ਹਾਂ-ਜੀ, ਚਾਚਾ ਜੀ ਪਰਿਵਾਰ ਬਾਰੇ ਜ਼ਰੂਰ ਦੱਸੋ।  ਮੈਂ ਤਾਂ ਏਸ ਚਿਟ 'ਤੇ ਲਿਖੇ ਕਈ ਇਸ਼ੂ ਭੁੱਲ ਵੀ ਗਿਆ ਸੀ ਕਿਉਂਕਿ ਹਸਪਤਾਲ ਵਿਚ ਵਿਹਲ ਜੁ ਨਹੀਂ ਮਿਲਦੀ।''
"ਲੈ ਫੇਰ ਬੇਟੇ ਸੁਣ! ਇਹ ਜਿਹੜਾ ਪਰਿਵਾਰ ਐ ਨਾ, ਇਸ ਮਾਂ ਸਭ ਤੋਂ ਜ਼ਰੂਰੀ ਬਾਤ ਇਹ ਐ ਕਿ ਘਰ, ਇਕ ਨੀਂਹ ਤਰ੍ਹਾਂ ਹੁੰਦੈ ਜਿਸ ਪਰ ਅਸੀਂ ਇਕ ਪਰਿਵਾਰ-ਰੂਪੀ ਇਮਾਰਤ ਉਸਾਰਨੀ ਹੁੰਦੀ ਐ।  ਘਰ ਤੇ ਮਕਾਨ ਮਾਂ ਇਹੋ ਈ ਤਾਂ ਫਰਕ ਐ।  ਮਕਾਨ ਇੱਟਾਂ, ਗਾਰੇ ਤੇ ਸੀਮੇਂਟ ਦਾ ਬਣਿਆ ਹੁੰਦੈ।  ਪਰ ਘਰ ਲੋਕਾਂ ਦੇ ਰਿਸ਼ਤਿਆਂ ਦਾ ਬਣਿਆ ਹੁੰਦੈ ਜਿਸ ਮਾਂ ਪਰਿਵਾਰ ਵਸਦਾ-ਰਸਦੈ।  ਮਕਾਨ ਭਾਵੇਂ ਕਿੰਨਾ ਈ ਸੁਹਣਾ ਹੋਵੇ, ਉਸ ਵਿਚ ਹਰ ਕਿਸਮ ਦੀਆਂ ਸਹੂਲਤਾਂ ਔਰ ਐਸ਼ੋ ਇਸ਼ਰਤ ਦਾ ਸਾਰਾ ਸਮਾਨ ਹੋਵੇ ਪਰ ਜੇ ਉਸ ਮਾਂ ਰਹਿਣ ਵਾਲੇ ਇਨਸਾਨਾਂ ਦਾ ਆਪਸ ਮਾਂ ਇਤਫਾਕ ਜਾਂ ਪਿਆਰ ਪਰੇਮ ਨਾ ਹੋਵੇ ਤਾਂ ਉਹ ਘਰ ਨਰਕ ਤੇ ਬੀ ਬੁਰਾ ਹੁੰਦੈ।  ਬੱਸ ਐਂ ਸਮਝੋ ਬਈ ਬੰਦੇ ਦੀ ਸਾਰੀ ਜ਼ਿੰਦਗੀ ਹੀ ਪਰਿਵਾਰ ਪਰ ਮੁਨੱਸਰ ਐ।  ਔਰ ਜੇ ਬੰਦੇ ਨੂੰ ਪਰਿਵਾਰ ਦਾ ਸਹਾਰਾ, ਸੁਖ ਔਰ ਪਿਆਰ ਨਾ ਮਿਲੇ ਤਾਂ ਸਮਝੋ ਉਸ ਦੀ ਜ਼ਿੰਦਗੀ ਮਾਂ ਕੁਛ ਬੀ ਨੀ ਰਹਿੰਦਾ।  ਸਭ ਤੋਂ ਉਪਰ ਦੀ ਬਾਤ ਇਹ ਐ ਕਿ ਪਿਆਰ ਸਭ ਤੋਂ ਉੱਚਾ ਤੇ ਸੱਚਾ-ਸੁੱਚਾ ਸੋਮਾ ਹੈ, ਜ਼ਿੰਦਗੀ ਦਾ।  ਕਿਸੇ ਨੇ ਸੱਚ ਈ ਕਿਹਾ ਥਾ, ਬਈ ਜਾਂ ਤਾਂ ਸੱਚੇ ਦਿਲੋਂ ਪਿਆਰ ਕਰੋ ਜਾਂ ਫੇਰ ਮਰ ਜਾਓ।  ਹੈ ਕ ਨਹੀਂ ਇਸ ਮਾਂ ਅੰਤਾਂ ਦੀ ਸੱਚਾਈ? ਪਿਆਰ ਜਾਂ ਇਸ਼ਕ ਮਾਂ ਬੀ ਇਕ ਇਸ਼ਕ ਮਿਜ਼ਾਜੀ ਹੁੰਦੈ ਅਰ ਦੂਸਰਾ ਇਸ਼ਕ ਹਕੀਕੀ।  ਇਸ਼ਕ ਮਿਜ਼ਾਜੀ ਕਿਸੇ ਬੀ ਬੰਦੇ ਨੂੰ ਦੇਖ ਕੇ ਹੋ ਜਾਂਦੈ।  ਔਰ ਫੇਰ ਉਹ ਬੰਦਾ ਏਨਾ ਚੰਗਾ ਲੱਗਣ ਲੱਗ ਜਾਂਦੈ ਕਿ ਉਹਦੀ ਹਰ ਗੱਲ ਰੱਬ ਦਾ ਸੁਨੇਹਾ ਲੱਗਣ ਲੱਗ ਪੈਂਦੀ ਐ।  ਜਿਵੇਂ ਬੁੱਲੇ ਸ਼ਾਹ ਨੂੰ ਸ਼ਾਹ ਇਨਾਇਤ ਨਾਲ ਹੋ ਗਿਆ ਸੀ ਜਾਂ ਰਾਂਝੇ ਨੂੰ ਹੀਰ ਨਾਲ, ਸੱਸੀ ਨੂੰ ਪੁਨੂੰ ਨਾਲ...ਹੋਰ ਬੜੀਆਂ ਮਸਾਲੈਂ।  ਦੂਜੇ ਪਾਸੇ ਇਸ਼ਕ ਹਕੀਕੀ ਸਿੱਧਾ ਰੱਬ ਨਾਲ ਹੁੰਦੈ ਜਿਵੇਂ ਮੀਰਾ ਨੂੰ, ਕਬੀਰ ਨੂੰ, ਗੁਰੂ ਨਾਨਕ ਨੂੰ ਥਾ।  ਪਰ ਸਭ ਤੋਂ ਜ਼ਰੂਰ ਧਿਆਨ ਜੋਗ ਗੱਲ ਜਿਹੜੀ ਹੈ ਉਹ ਇਹ ਕਿ ਇਹਨਾਂ ਇਸ਼ਕਾਂ ਮਾਂ ਕੋਈ ਕਿਸੇ ਕਿਸਮ ਦੇ ਖੋਟ ਦੀ ਭੋਰਾ ਭਰ ਵੀ ਗੁੰਜਾਇਸ਼ ਨਹੀਂ ਹੋ ਸਕਦੀ।  ਪਿਆਰ ਬਿਨਾਂ ਆਦਮੀ ਟੁੱਟੇ ਖੰਭਾਂ ਵਾਲੇ ਪੰਛੀ ਤਰ੍ਹਾਂ ਹੋ ਜਾਂਦੈ।  ਸੋ ਪਰਿਵਾਰ ਦੀ ਬੁਨਿਆਦ ਸਿਰਫ ਪਿਆਰ ਤੇ ਯਕੀਨ ਪਰ ਟਿਕੀ ਹੁੰਦੀ ਐ।  ਪਿਆਰ ਤੇ ਯਕੀਨ ਮਾਂ ਖੋਟ ਪੈਂਦਿਆਂ ਈ ਪਰਿਵਾਰ ਮਾਂ ਰਿਸ਼ਤੇ ਟੁੱਟਣੇ ਸ਼ੁਰੂ ਹੋ ਜਾਂਦੇ ਐ।  ਮੈਂ ਔਰ ਤੇਰੀ ਚਾਚੀ ਵੀ ਕਦੇ-ਕਦੇ ਸੋਚਿਆ ਕਰਦੇ ਐਂ ਕਿ ਸਾਡੇ ਪਾਸ ਪਿਆਰ ਹੈ ਤਾਂ ਬਹੁਤ ਪਰ ਆਪਣੇ ਹੀ ਪਰਿਵਾਰ ਮਾਂ ਵੰਡਣ ਵਾਸਤੇ ਜਦ ਰੱਬ ਨੇ ਅਪਣਾ ਕੋਈ ਨੀ ਦਿੱਤਾ ਤਾਂ ਉਸ ਦੀ ਕਮੀ ਪੂਰੀ ਕੀਤੀ ਤੇਰੇ ਵਰਗੇ ਬੱਚਿਆਂ ਨੇ।  ਪਿਆਰ ਮਾਂ ਏਨੀ ਤਾਕਤ ਐ ਕਿ ਉਹ ਬਿਗਾਨਿਆਂ ਨੂੰ ਆਪਣਿਆਂ ਨਾਲੋਂ ਵੱਧ ਨੇੜੇ ਲਿਆ ਸਕਦੈ।  ਜੇ ਉਸ ਮਾਂ ਖੋਟ ਪੈ ਜਾਵੇ ਤਾਂ ਆਪਣੇ ਵੀ ਬਗਾਨਿਆਂ ਤੋਂ ਭੈੜੇ ਲੱਗਣ ਲੱਗ ਪੈਂਦੇ ਐ।  ਇਹ ਸਭ-ਕੁਝ ਕੋਈ ਘਰਾਂ ਮਾਂ ਆਪਾਂ ਨੂੰ ਦੇਖਣ ਨੂੰ ਮਿਲਦਾ ਈ ਐ।  ਹੈ ਕਿ ਨਹੀਂ? ਜਦ ਤੇਰੇ ਵਰਗੇ ਬੱਚੇ ਪਿਆਰ ਨਾਲ ਸਾਡੇ ਪਾਸ ਆਉਂਦੇ ਐਂ ਤਾਂ ਸਾਡੇ ਟੁੱਟੇ ਖੰਭ ਜੁੜ ਜਾਂਦੇ ਐ ਔਰ ਫੇਰ ਸਾਡਾ ਜੀ ਉਡਣੇ ਨੂੰ ਕਰਦੈ।"
ਚਰਨਜੀਤ ਜਿਵੇਂ ਕੀਲਿਆ ਹੋਇਆ ਬੈਠਾ ਸੀ।  ਉਸ ਨੂੰ ਦਿਲੋਂ ਜੋ ਮਹਿਸੂਸ ਹੋ ਰਿਹਾ ਸੀ ਉਸ ਦਾ ਅਹਿਸਾਸ ਉਹਦੀ ਮਾਨਸਿਕ ਅਵਸਥਾ ਨੂੰ ਸਮਝਾ ਰਿਹਾ ਸੀ ਜਿਵੇਂ ਉਹਨੂੰ ਮਾਸਟਰ ਸਾਧੂ ਰਾਮ ਬਾਰੇ ਦਿਲੋਂ ਸਤਿਕਾਰ ਉਪਜ ਰਿਹਾ ਸੀ ਉਹ ਵੀ ਪਿਆਰ ਦੀ ਇਕ ਸੱਚੀ-ਸੁੱਚੀ ਅਵਸਥਾ ਹੀ ਸੀ।
"ਹੋਰ ਸੁਣਾ ਬੇਟੇ, ਉਹ ਨੇਕੀ ਦਾ, ਤੇਰੇ ਵੱਡੇ ਭਾਈ ਦਾ ਕੀ ਹਾਲ ਐ? ਉਸ ਬੰਦੇ ਦੀ ਮੈਨੂੰ ਸਮਝ ਨਹੀਂ ਆਉਂਦੀ।  ਉਹ ਕੁਛ ਗੁੰਝਲਦਾਰ ਜਿਹਾ ਹੋ ਗਿਐ।  ਪਤਾ ਨਹੀ ਕੀ ਕਰਨਾ ਚਾਹੁੰਦੈ।  ਸੁਣਿਐ ਉਸ ਨੇ ਕਵਿਤਾਵਾਂ ਦੀ ਆਪਣੀ ਇਕ ਕਿਤਾਬ ਛਪਵਾਈ ਐ।  ਮੈਂ ਵੀ ਤਾਂ ਪੜ੍ਹ ਕੇ ਦੇਖਾਂ ਉਹ ਕੀ ਲਿਖਦੈ? ਉਹ ਕਹਿਣਾ ਕਿਆ ਚਾਹੁੰਦੈ ਦੁਨੀਆਂ ਨੂੰ?''
"ਬੱਸ ਚਾਚਾ ਜੀ! ਕਿਤਾਬ ਤਾਂ ਛਪ ਚੁੱਕੀ ਐ।  ਪਰ ਇਕ ਫਿਕਰ ਵਾਲੀ ਗੱਲ ਹੋਰ ਐ ਕਿ ਉਹਨਾਂ ਦੀ ਨਿਗਾ ਘਟ ਰਹੀ ਐ ਤੇ ਮੈਨੂੰ ਏਸ ਗੱਲ ਦਾ ਹੋਰ ਵੀ ਫਿਕਰ ਐ।  ਤੁਸੀਂ ਚੰਗਾ ਕੀਤਾ ਨੌਕਰੀ ਲੁਆ ਦਿੱਤੀ ਨਹੀਂ ਤਾਂ ਸਾਡੇ ਘਰ 'ਚ ਤਾਂ ਏਨੇ ਮਹਿੰਗੇ ਇਲਾਜ ਲਈ ਪੈਸੇ 'ਕੱਠੇ ਕਰਨੇ ਔਖੇ ਹੋ ਜਾਣੇ ਸੀ।  ਡਾਕਟਰਾਂ ਨੂੰ ਵੀ ਤਾਂ ਪਤਾ ਨਹੀਂ ਲੱਗ ਰਿਹਾ ਕਿ ਬਿਮਾਰੀ ਕੀ ਐ।  ਪਰ ਕੋਈ ਨਹੀਂ, ਹੁਣ ਮੈਂ ਵੀ ਮਾੜੀ ਮੋਟੀ ਕਮਾਈ ਕਰਨ ਲੱਗ ਪਿਐਂ।  ਇਲਾਜ ਤਾਂ ਮੈਂ ਉਹਨਾਂ ਦਾ ਕਰਵਾ ਕੇ ਈ ਛੱਡੂੰ।''
"ਅੱਛਾ! ਇਹ ਤਾਂ ਬਈ ਤੈਨੇ ਕੋਈ ਚੰਗੀ ਖ਼ਬਰ ਨੀ ਦੱਸੀ।  ਖੈਰ ਪਟਿਆਲੇ ਸਾਡੇ ਪਿੰਡ ਦੇ ਗੈਲ ਈ ਇਕ ਪਿੰਡ ਐ ਜਿਥੇ ਬੜਾ ਵਧੀਆ ਅੱਖਾਂ ਦਾ ਹਕੀਮ ਰਹਿੰਦੈ।  ਮੈਂ ਬੀ ਜਾਣਦਾ ਉਸ ਨੂੰ, ਉਸ ਕੇ ਪਾਸ ਬੀ ਜਾਇਆ ਜਾ ਸਕਦੈ।  ਉਹਨੇ ਹਸਪਤਾਲਾਂ ਕੰਨੀਓਂ ਜਵਾਬ ਦਿੱਤੇ ਹੋਏ ਕਈ ਅੱਖਾਂ ਦੀਆਂ ਬਿਮਾਰੀਆਂ ਦੇ ਬੰਦੇ ਠੀਕ ਕੀਤੇ ਐ।'' ਮਾਸਟਰ ਜੀ ਨੇ ਵੀ ਆਪਣਾ ਫਿਕਰ ਜ਼ਾਹਰ ਕਰਦਿਆਂ ਮਦਦ ਕਰਨੀ ਚਾਹੀ।
''ਕੋਈ ਨੀ ਚਾਚਾ ਜੀ, ਪਹਿਲਾਂ ਮੈਂ ਉਹਨਾਂ ਨੂੰ ਅੰਮ੍ਰਿਤਸਰ ਡਾ. ਕੁਲਜੀਤ ਤੋਂ ਚੈੱਕ-ਅਪ ਕਰਵਾ ਲਵਾਂ।  ਫੇਰ ਜੇ ਲੋੜ ਪਈ ਤਾਂ ਹਕੀਮ ਤੋਂ ਵੀ ਸਲਾਹ ਲੈ ਲਵਾਂਗੇ।''
''ਨਾ-ਨਾ ਜੇ ਮੇਰੀ ਮਦਦ ਦੀ ਲੋੜ ਐ ਤਾਂ ਨਿਸੰਗ ਹੋ ਕੇ ਦੱਸ?''
ਹੌਲੀ-ਹੌਲੀ ਗੱਲ ਸਾਰੇ ਧੁੰਮ ਗਈ।  ਗੁਰਨੇਕ ਨੂੰ ਸੋਚਣ 'ਤੇ ਮਜਬੂਰ ਹੋਣਾ ਪਿਆ ਕਿ ਉਸ ਸਥਿਤੀ ਦਾ ਫਾਇਦਾ ਹੋ ਚੁੱਕਣ ਪਿੱਛੋਂ ਈ ਕਿਸੇ ਡਾਕਟਰ ਕੋਲੋਂ ਦਵਾਈ ਲੈ ਕੇ ਠੀਕ ਹੋਣ ਦੀ ਖ਼ਬਰ ਫੈਲਾਉਣੀ ਪਏਗੀ।  ਪਹਿਲਾਂ ਉਸ ਨੂੰ ਆਪਣੀ ਕਿਤਾਬ ਦੇ ਇਨਾਮ ਦੀ ਉਡੀਕ ਸੀ।  ਉਹਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਸੀ ਰਹਿਣ ਦਿੱਤੀ।
ਭਾਸ਼ਾ ਵਿਭਾਗ ਦੀ ਮੀਟਿੰਗ ਵਿਚ ਡਾ. ਗੁਰਮੇਲ ਨੇ ਸਤਿੰਦਰ ਕੌਰ ਦੀ ਕਿਤਾਬ 'ਸੰਦਲੀ ਖਿੜਕੀ' ਦੀ ਚਰਚਾ ਕਰਦਿਆਂ ਇਹ ਮਤਾ ਰੱਖਿਆ ਕਿ ਇਨਾਮ ਦੀ ਹੱਕਦਾਰ ਓਹੀ ਸੀ।  ਭਾਵੇਂ ਬਾਕੀ ਸਾਰੇ ਮੈਂਬਰਾਂ ਨੇ ਵਾਰੀ ਵਾਰੀ ਉਸ ਦੀ ਪ੍ਰੋੜਤਾ ਵੀ ਕੀਤੀ ਜਾਂ ਕਰਨੀ ਪਈ ਪਰ ਨਾਲ ਦੀ ਨਾਲ ਗੁਰਨੇਕ ਕਵੀ ਦੀ ਕਿਤਾਬ 'ਕਾਂਟੇ' ਬਾਰੇ ਵੀ ਆਪਣੀ ਰਾਏ ਰੱਖੀ ਅਤੇ ਖਾਸ ਕਰ ਉਹਦੀਆਂ ਅੱਖਾਂ ਦੀ ਬਿਮਾਰੀ ਦਾ ਬਹੁਤਾ ਜ਼ਿਕਰ ਕਰਦਿਆਂ ਆਮ ਰਾਏ ਬਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਜੇ 'ਕਾਂਟੇ' ਨੂੰ ਇਨਾਮ ਮਿਲਦਾ ਹੈ ਤਾਂ, ਇਕ ਤਾਂ ਇਕ ਚੰਗੀ ਕਿਤਾਬ ਇਨਾਮ ਲਈ ਚੁਣੀ ਜਾਏਗੀ, ਦੂਜੇ ਇਕ ਗਰੀਬ, ਬਿਮਾਰ ਤੇ ਲੋੜਵੰਦ ਕਵੀ ਦੀ ਮਾਇਕ ਮਦਦ ਵੀ ਹੋ ਸਕੇਗੀ ਜਿਹੜੀ ਕਿ ਅੱਜ ਦੀ ਘੜੀ ਵਿਚ ਜ਼ਰੂਰੀ ਸੀ।  ਅਖੀਰ ਵਿਚ ਡਾ. ਗੁਰਮੇਲ ਨੇ ਫੇਰ ਆਪਣੀ ਰਾਏ ਦੁਹਰਾਉਂਦਿਆਂ ਇਹ ਜਵਾਬ ਦਿੱਤਾ ਕਿ ਜੇ ਗੁਰਨੇਕ 'ਕਵੀ' ਨੂੰ ਉਸ ਦੀ ਬਿਮਾਰੀ ਦੇ ਕਾਰਨ ਹੀ ਇਨਾਮ ਮਿਲਣਾ ਚਾਹੀਦਾ ਹੈ ਤਾਂ ਵਿਭਾਗ ਨੂੰ ਇਕ ਮਤਾ ਪਾਸ ਕਰਕੇ ਸਰਕਾਰ ਨੂੰ ਭੇਜ ਦੇਣਾ ਠੀਕ ਰਹੇਗਾ ਤਾਂ ਕਿ ਉਸ ਦੀ ਬਿਮਾਰੀ ਦਾ ਖਰਚਾ ਸਰਕਾਰ ਦੇ ਸਕੇ।
ਕਈ ਘੰਟਿਆਂ ਦੀ ਬਹਿਸ ਪਿੱਛੋਂ ਪ੍ਰੋਫੈਸਰ ਸ਼ਾਮ ਸਿੰਘ ਨੇ ਸੁਝਾਅ ਦਿੱਤਾ ਕਿ ਜਿੰਨੀਆਂ ਵੀ ਕਿਤਾਬਾਂ ਇਨਾਮ ਲਈ ਵਿਚਾਰ ਅਧੀਨ ਹਨ ਉਹਨਾਂ ਲਈ ਵੋਟਾਂ ਪਾਈਆਂ ਜਾਣ।  ਸਾਰੇ ਮੈਂਬਰਾਂ ਨੇ ਸਹਿਮਤੀ ਦੇ ਦਿੱਤੀ।  ਅਖੀਰ ਵੋਟਾਂ ਅਨੁਸਾਰ ਗੁਰਨੇਕ ਕਵੀ ਦੀ ਕਿਤਾਬ ਹਮਦਰਦੀ ਵੋਟ ਰਾਹੀਂ ਜਿੱਤ ਗਈ।  ਅਗਲੇ ਦਿਨ ਖ਼ਬਰਾਂ ਵੀ ਸਾਰੇ ਅਖ਼ਬਾਰਾਂ ਵਿਚ ਛਪ ਗਈਆਂ।  ਉਸ ਪਿੱਛੋਂ ਕਈ ਪ੍ਰਤੀਕਰਮ ਵੀ ਹੋਏ ਪਰ ਫੈਸਲਾ ਹੋ ਚੁੱਕਾ ਸੀ ਅਤੇ ਗੁਰਨੇਕ ਆਪਣੀ ਸਕੀਮ ਅਨੁਸਾਰ ਆਪਣੀ ਕਿਸਮਤ ਘੜਨ ਵਿਚ ਕਾਮਯਾਬ ਹੋ ਗਿਆ ਸੀ।  ਇਨਾਮ ਮਿਲਣ ਤੋਂ ਮਗਰੋਂ 'ਕਾਂਟੇ' ਬਾਰੇ ਚਰਚਾ ਵੀ ਬੜੀ ਹੋਈ ਜਿਵੇਂ ਹੋਇਆ ਕਰਦੀ ਹੈ।  ਕਈ ਸੰਸਥਾਵਾਂ ਨੇ 'ਕਵੀ' ਸਾਹਬ ਨੂੰ ਬੁਲਾ ਕੇ ਕਈ ਪ੍ਰੋਗਰਾਮ ਵੀ ਕੀਤੇ ਅਤੇ ਸਤਿਕਾਰਤ ਕੀਤਾ।  ਗੁਰਨੇਕ ਨੂੰ ਹੁਣ ਅਗਲੀ ਸਫਲਤਾ ਦੀ ਪੌੜੀ ਦੇ ਡੰਡੇ ਚੜਨੇ ਕੋਈ ਔਖਾ ਕੰਮ ਨਹੀਂ ਸੀ ਲੱਗ ਰਿਹਾ।  ਗਿੱਦੜ-ਸਿੰਗੀ ਜੁ ਲੱਭ ਗਈ ਸੀ।  ਉਸ ਗਿੱਦੜ-ਸਿੰਗੀ ਨੇ ਗੁਰਨੇਕ ਦੀ ਪਲੇਠੀ ਕਿਤਾਬ ਨੂੰ ਇਨਾਮ ਦੁਆ ਕੇ ਕਵੀਆਂ ਦੀ ਪਹਿਲੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਸੀ।
ਚਰਨਜੀਤ ਨੂੰ ਆਪਣੇ ਵੱਡੇ ਭਰਾ ਨੂੰ ਇਨਾਮ ਮਿਲਣ ਦੀ ਬੇਹੱਦ ਖੁਸ਼ੀ ਸੀ।  ਉਹਦੇ ਕਈ ਡਾਕਟਰ ਦੋਸਤਾਂ ਨੇ ਉਹਨੂੰ ਅਖਬਾਰਾਂ ਦੀਆਂ ਖ਼ਬਰਾਂ ਪੜ੍ਹਨ ਪਿੱਛੋਂ ਵਧਾਈਆਂ ਦਿੱਤੀਆਂ।  ਉਸ ਦਿਨ ਉਹਨੇ ਬਰਫੀ ਦੇ ਡੱਬੇ ਆਪਣੇ ਟੇਬਲ ਤੇ ਲਿਆ ਕੇ ਰੱਖੇ ਹੋਏ ਸਨ ਅਤੇ ਸਭ ਨੂੰ ਉਹ ਮਠਿਆਈ ਵੰਡ ਰਿਹਾ ਸੀ।  ਸੀਨੀਅਰ ਡਾਕਟਰਾਂ ਨੂੰ ਉਹਨੇ ਉਹਨਾਂ ਦੇ ਕਮਰਿਆਂ ਵਿਚ ਜਾ ਕੇ ਖੁਸ਼ੀ ਸਾਂਝੀ ਕਰਦਿਆਂ ਮਠਿਆਈ ਪੇਸ਼ ਕੀਤੀ।  ਖਾਸ ਕਰ ਡਾਕਟਰ ਅੰਜਲੀ ਸਾਹਮਣੇ ਉਹਨੇ ਆਪਣੇ ਭਰਾ ਦੀ ਸਫਲਤਾ ਦੇ ਪੁਲ ਬੰਨ੍ਹ ਦਿੱਤੇ।  ਹੁਣ ਗੁਰਨੇਕ ਦੀ ਚਿੱਠੀ ਹਰ ਦੂਜੇ ਤੀਜੇ ਦਿਨ ਹੀ ਆ ਜਾਂਦੀ ਜਿਸ ਵਿਚ ਚਰਨਜੀਤ ਨੂੰ ਕਈ ਖਾਸ ਬੰਦਿਆਂ ਦੇ ਘਰੀਂ ਜਾ ਕੇ ਮਠਿਆਈ ਦਾ ਡੱਬਾ ਦੇਣ ਦੀ ਹਦਾਇਤ ਕੀਤੀ ਹੁੰਦੀ।  ਹਰ ਚਿੱਠੀ ਵਿਚ ਨਾਲ ਨਾਲ ਆਪਣੇ ਪੇਟ ਦੀਆਂ ਬਿਮਾਰੀਆਂ ਦਾ ਜ਼ਿਕਰ ਜ਼ਰੂਰ ਹੁੰਦਾ ਤੇ ਇਹ ਵੀ ਲਿਖਿਆ ਹੁੰਦਾ ਕਿ ਜੇ ਉਹ ਤੰਦਰੁਸਤ ਹੁੰਦਾ ਤਾਂ ਉਹਨੇ ਆਪ ਆ ਕੇ ਇਹ ਮਠਿਆਈ ਫਲਾਣੇ-ਫਲਾਣੇ ਨੂੰ ਦੇਣੀ ਸੀ।  ਚਰਨਜੀਤ ਵੀ ਭਜਿਆ ਫਿਰਦਾ ਸਾਰੇ ਕੰਮ ਨਬੇੜ ਕੇ ਚਿੱਠੀਆਂ ਦੇ ਜਵਾਬ ਲਿਖ ਭੇਜਦਾ।
ਇਨਾਮ ਵੰਡ ਸਮਾਰੋਹ ਵਿਚ ਵੀ ਚਰਨਜੀਤ ਸਟੇਜ 'ਤੇ ਆਪਣੇ ਭਰਾ ਦਾ ਹੱਥ ਫੜ ਕੇ ਬੜੇ ਮਾਣ ਨਾਲ ਉਸ ਨੂੰ ਇਨਾਮ ਲੈਣ ਲਈ ਲੈ ਕੇ ਗਿਆ ਅਤੇ ਫੇਰ ਉਸ ਪਿੱਛੋਂ ਜਿੰਨਾ ਚਿਰ ਗੁਰਨੇਕ ਸਟੇਜ ਤੋਂ ਬੋਲਦਾ ਰਿਹਾ, ਚਰਨਜੀਤ ਪਿੱਛੇ ਖੜਾ ਉਡੀਕਦਾ ਰਿਹਾ ਅਤੇ ਫੇਰ ਸਟੇਜ ਤੋਂ ਉਸ ਦਾ ਹੱਥ ਫੜ ਕੇ ਵਾਪਸ ਸਾਹਮਣੀ ਕਤਾਰ ਵਿਚ ਪਈਆਂ ਕੁਰਸੀਆਂ 'ਤੇ ਉਹਦੇ ਨਾਲ ਆ ਬੈਠਾ।  ਲੋਕੀਂ ਗੁਰਨੇਕ ਕੋਲ ਆ ਕੇ ਵਧਾਈਆਂ ਦੇ ਰਹੇ ਸਨ।  ਓਥੇ ਲੋਕਾਂ ਵਿਚ ਏਸ ਗੱਲ ਦੀ ਖਾਸ ਚਰਚਾ ਸੀ ਕਿ ਅੱਖਾਂ ਤੋਂ ਆਹਰੀ ਹੁੰਦਿਆਂ 'ਕਵੀ' ਸਾਹਬ ਨੇ ਵਿਲੱਖਣ ਤੇ ਇਨਾਮੀ ਕਵਿਤਾਵਾਂ ਲਿਖੀਆਂ ਸਨ।  ਕਈ ਲੋਕ, ਚੰਗੇ ਅਤੇ ਆਪਣੇ ਜਾਣੂ ਡਾਕਟਰਾਂ ਦੀ ਦੱਸ ਪਾ ਰਹੇ ਸਨ।
ਉਸ ਦਿਨ ਲੁਧਿਆਣੇ ਘਰ ਪਹੁੰਚਦਿਆਂ ਹੀ ਚਰਨਜੀਤ ਨੇ ਡਾਕਟਰ ਕੁਲਜੀਤ ਨਾਲ ਫੋਨ ਤੇ ਗੱਲ ਕਰਕੇ ਅਗਲੇ ਦਿਨ ਸਵੇਰ ਦੀ ਆਪਇੰਟਮੈਂਟ ਲੈ ਲਈ ਸੀ।  ਚਰਨਜੀਤ ਨੇ ਲੁਧਿਆਣਿਓਂ ਅੰਮ੍ਰਿਤਸਰ ਲਈ ਸਾਲਮ ਟੈਕਸੀ ਕੀਤੀ ਅਤੇ ਉਹ ਦੋਏ ਭਰਾ ਅੰਮ੍ਰਿਤਸਰ ਮਿਥੇ ਸਮੇਂ ਪਹੁੰਚ ਗਏ।  ਡਾ. ਕੁਲਜੀਤ ਨੇ ਚੈੱਕ-ਅਪ ਕਰਨ ਪਿੱਛੋਂ ਕਿਹਾ ਕਿ ਉਂਜ ਤਾਂ ਸਭ ਠੀਕ ਲਗਦੈ ਪਰ ਹੋ ਸਕਦੈ ਕੋਈ ਬੜੀ ਮਹੀਨ ਕੰਮਪਲੀਕੇਸ਼ਨ ਹੋਵੇ।  ਉਹਨੇ ਅੱਖਾਂ ਵਿਚ ਪਾਉਣ ਲਈ ਦਵਾਈ ਅਤੇ ਕੁਝ ਗੋਲੀਆਂ ਲਿਖ ਦਿੱਤੀਆਂ ਜਿਹੜੀਆਂ ਚਰਨਜੀਤ ਨੇ ਲੁਧਿਆਣੇ ਆ ਕੇ ਉਸੇ ਦਿਨ ਖਰੀਦ ਦਿੱਤੀਆਂ।
ਗੁਰਨੇਕ ਨੇ ਘਰ ਪਹੁੰਚ ਕੇ ਕੁਝ ਦਿਨ ਬਸੰਤ ਦੀ ਤਸੱਲੀ ਲਈ ਕਦੇ ਦਵਾਈ ਖਾਧੀ, ਕਦੇ ਸੁੱਟ ਦਿੱਤੀ ਤੇ ਓਵੇ-ਹੀ ਅੱਖਾਂ ਵਿਚ ਪਾਉਣ ਪਿੱਛੋਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅੱਖਾਂ ਦੀ ਨਿਗ੍ਹਾ ਅੱਗੇ ਨਾਲੋਂ ਸੁਧਰ ਗਈ ਹੈ।  ਪਰ ਨਾਲ ਦੀ ਨਾਲ ਉਹਦੇ ਦਿਮਾਗ ਨੇ ਅਗਲੀਆਂ ਸਕੀਮਾਂ ਵੀ ਘੜਨੀਆਂ ਸ਼ੁਰੂ ਕਰ ਦਿੱਤੀਆਂ।  ਉਹ ਵਧਾਈ ਦੇਣ ਆਏ ਲੋਕਾਂ ਨੂੰ ਵਿਸਥਾਰ ਨਾਲ ਦਸਦਾ ਕਿ ਕਿਵੇਂ ਅਚਾਨਕ ਉਸਨੂੰ ਇਨਾਮ ਬਾਰੇ ਪਤਾ ਲੱਗਾ ਜਿਸ ਨਾਲ ਉਸ ਨੂੰ ਬੇਹੱਦ ਹੈਰਾਨੀ ਹੋਈ।  ਗੱਲ ਅਗੇ ਤੋਰਦਿਆਂ ਉਹ ਇਹ ਕਹਿੰਦਾ- ''ਕਿ ਚਲੋ ਕੁਝ ਹੋਰ ਨਹੀਂ ਤਾਂ ਆਪਣੀ ਬਿਮਾਰੀ ਲਈ ਦਵਾਈ-ਦੱਪੇ ਦਾ ਵੀ ਸਰੂ!'' ਅੱਖਾਂ ਦੀ ਨਿਗਾਹ ਬਾਰੇ ਉਹ ਕਹਿੰਦਾ- ''ਅਗੇ ਨਾਲੋਂ ਤਾਂ ਫਰਕ ਐ ਪਰ ਆਹ ਢਿੱਡ ਦੀਆਂ ਬਿਮਾਰੀਆਂ ਨਹੀਂ ਖਹਿੜਾ ਛਡਦੀਆਂ ਇਕ ਬਿਮਾਰੀ ਤਾਂ ਐਸੀ ਚਿੰਬੜੀ ਐ ਬਈ ਚੱਕੀ ਦੇ ਗਲ਼ੇ ਵਾਂਗੂੰ ਉੱਤੋਂ ਪਾਇਆ ਸਭ ਕੁਝ ਹੇਠਾਂ ਕੱਢ ਦਿੰਦੀ ਐ।  ਤਨ ਨੂੰ ਖਾਧਾ ਪੀਤਾ ਲਗਦਾ ਈ ਨਹੀਂ।  ਮੈਨੂੰ ਯਾਦ ਐ ਬਈ ਜਦੋਂ ਦੀ ਸੁਰਤ ਸੰਭਾਲੀ ਐ ਬੱਸ ਇਹ ਬਿਮਾਰੀ ਨੇ ਅੱਜ ਤੱਕ ਪਿੱਛਾ ਨਹੀਂ ਛਡਿਆ।''

***

No comments:

Post a Comment