Saturday 29 May 2010

ਲੋਕੁ ਕਹੈ ਦਰਵੇਸੁ :: ਨੌਂਵੀਂ ਕਿਸ਼ਤ...

ਲੋਕੁ ਕਹੈ ਦਰਵੇਸੁ :: ਨੌਂਵੀਂ ਕਿਸ਼ਤ...

ਗੁਰਨੇਕ ਦੇ ਦਿਮਾਗ਼ ਵਿਚ ਮੁਖਤਿਆਰ ਹੋਰਾਂ ਵਾਲੀ ਜ਼ਮੀਨ ਦਾ 'ਮੁਖਤਿਆਰਨਾਮਾ' ਆਥਣ-ਸਵੇਰ ਘੁੰਮਦਾ ਰਹਿੰਦਾ।  ਉਹਨੇ ਕਈ ਦਿਨ ਸੋਚਣ ਪਿੱਛੋਂ ਇਕ ਦਿਨ ਰਾਜ ਕੁਮਾਰ ਵਕੀਲ ਦੀ ਨਬਜ਼ ਟੋਹਣੀ ਚਾਹੀ।  ਰਾਜ ਕੁਮਾਰ ਹਰ ਰੋਜ਼ ਕਚਹਿਰੀਆਂ 'ਚੋਂ ਵਾਪਸ ਆ ਕੇ ਆਪਣੇ ਘਰ ਦੀ ਬੈਠਕ ਵਿਚ ਮੇਜ਼ ਕੁਰਸੀ ਰੱਖ ਕੇ ਕੰਮ ਕਰਿਆ ਕਰਦਾ ਸੀ।  ਸਾਹਮਣੀ ਕੰਧ ਨਾਲ ਇਕ ਮੰਜਾ ਡੱਠਾ ਰਹਿੰਦਾ ਜਿਸ 'ਤੇ ਕੰਮ ਕਰਾਉਣ ਆਏ ਲੋਕ ਬਹਿ ਜਾਂਦੇ।  ਛੋਟੀ ਕੰਧ ਵਾਲੇ ਪਾਸੇ ਲਕੜ ਦੀ ਸ਼ੀਸ਼ੀਆਂ ਵਾਲੀ ਅਲਮਾਰੀ ਵਿਚ ਉਹ ਵਕਾਲਤ ਦੀਆ ਮੋਟੀਆਂ ਮੋਟੀਆਂ ਜਿਲਦਾਂ ਵਾਲੀਆਂ ਕਿਤਾਬਾਂ ਤੇ ਹੋਰ ਕਾਗਜ਼ ਪੱਤਰ ਰੱਖ ਛੱਡਦਾ।  ਇਉਂ ਉਸ ਬੈਠਕ ਨੂੰ ਉਹਨੇ ਇਕ ਛੋਟੇ ਜਿਹੇ ਦਫਤਰ ਦਾ ਰੂਪ ਦੇ ਰੱਖਿਆ ਸੀ।
ਗੁਰਨੇਕ ਰਾਜ ਕੁਮਾਰ ਨਾਲ ਹੱਥ ਮਿਲਾ ਕੇ ਮੰਜੇ 'ਤੇ ਬਹਿ ਗਿਆ।
''ਆਈਏ ਕਵੀ ਸਾਹਬ! ਸਾਨੂੰ ਕਿਵੇਂ ਯਾਦ ਕਰ ਲਿਆ ਅੱਜ ਭੁੱਲ-ਕੇ?''
''ਵਕੀਲ ਸਾਹਬ ਤੁਹਾਨੂੰ ਤਾਂ ਪਤਾ ਈ ਐ ਬਈ ਤਿਹਾਇਆ ਬੰਦਾ ਈ ਖੂਹ ਕੋਲ ਆਉਂਦਾ ਹੁੰਦੈ।''
''ਚਲੋ ਤੁਹਾਡੀ ਮਿਹਰਬਾਨੀ ਕਿ ਤੁਸੀਂ ਸਾਨੂੰ ਇਸ ਲਾਇਕ ਸਮਝਦੇ ਓਂ।  ਪਰ ਪਹਿਲਾਂ ਇਹ ਦੱਸੋ ਬਈ ਤੁਹਾਡੀਆਂ ਅੱਖਾਂ ਦਾ ਕੀ ਹਾਲ ਐ?''
''ਅੱਖਾਂ ਦੀ ਨਿਗਾ ਅੱਗੇ ਨਾਲੋਂ ਤਾਂ ਠੀਕ ਐ ਪਰ ਅੱਜ ਕੱਲ ਸਿਰ 'ਚ ਦਰਦ ਰਹਿੰਦੈ।  ਕੁਸ਼ ਪਤਾ ਨੀ ਲਗਦਾ।  ਡਾਕਟਰਾਂ ਦੀ ਸਲਾਹ ਐ ਬਈ ਟੈਸਟ ਕਰਾਉਣੇ ਪੈਣਗੇ।  ਤੁਸੀਂ ਆਪ ਅੰਦਾਜ਼ਾ ਲਾ ਸਕਦੇ ਓ ਬਈ ਟੈਸਟਾਂ ਦਾ ਖਰਚਾ ਕਿਥੋਂ ਆਊ?  ਫੇਰ ਓਸ ਪਿੱਛੋਂ ਇਲਾਜ।  ਤਨਖਾਹ 'ਚ ਤਾਂ ਪੂਰੀ ਨੀ ਪੈਂਦੀ।''
''ਖੈਰ ਕੋਈ ਗੱਲ ਨਹੀਂ ਜਾਨ ਨਾਲੋਂ ਤਾਂ ਕੁਝ ਵੀ ਮਹਿੰਗਾ ਨਹੀਂ।  ਮੈਂ ਤੁਹਾਡੀ ਮਜਬੂਰੀ ਚੰਗੀ ਤਰ੍ਹਾਂ ਸਮਝਦਾਂ।  ਕੋਈ ਨਾ ਕੋਈ  ਰਸਤਾ ਹਰ ਮੁਸ਼ਕਲ ਦਾ ਤਾਂ ਨਿਕਲ ਹੀ ਆਉਂਦਾ ਹੁੰਦੈ।  ਹੋਰ ਦੱਸੋ ਮੈਂ ਕੀ ਸੇਵਾ ਕਰ ਸਕਦਾਂ ਤੁਹਾਡੀ?''
''ਮੈਂ ਤੁਹਾਡੇ ਨਾਲ ਇਕ ਸਲਾਹ ਕਰਨੀ ਚਾਹੁੰਦਾ ਸੀ।''
''ਹਾਂ-ਹਾਂ।  ਦੱਸੋ ਬੰਦਾ ਹਾਜ਼ਰ ਐ।''
"ਉਹ ਜਿਹੜਾ ਮੁਖ਼ਤਿਆਰਨਾਮਾ ਤੁਸੀਂ ਮੇਰੇ ਨਾਂ ਬਣਾਇਆ ਸੀ...।''
''ਹਾਂ-ਹਾਂ।  ਉਹ ਤਾਂ ਉਸ ਵਿੱਲ ਵਿਚ ਪੂਰੀ ਪਾਵਰ ਆਫ ਅਟਾਰਨੀ ਤੁਹਾਡੇ ਹੱਕ ਵਿਚ ਐ।  ਤੁਸੀਂ ਜੋ ਚਾਹੋ ਕਰ ਸਕਦੇ ਓ।  ਆਪਾਂ ਉਸ ਵਿਚ ਏਸ ਚੀਜ਼ ਦਾ ਖਾਸ ਖਿਆਲ ਰੱਖਿਆ ਸੀ।  ਉਸ ਵਿਚ ਜ਼ਮੀਨ ਰਖਣ ਤੇ ਵੇਚਣ ਦੇ ਸਾਰੇ ਹੱਕ-ਹਕੂਕ ਤੁਹਾਡੇ ਕੋਲ ਹਨ।''
''ਉਹ ਤਾਂ ਠੀਕ ਐ ਪਰ ਮੈਂ ਸੋਚਦਾ ਸੀ...।''
''ਤੁਸੀਂ ਅੰਡਰ ਕਵਰ ਜੇ ਉਹ ਜ਼ਮੀਨ ਵੇਚਣਾ ਚਾਹੁੰਦੇ ਓ ਤਾਂ ਆਪਾਂ ਸ਼ੰਗਾਰਾ ਸਿੰਘ ਨਾਲ ਗੱਲ ਕਰ ਲਵਾਂਗੇ।''
''ਇਹ ਸ਼ੰਗਾਰਾ ਸਿੰਘ ਕੌਣ ਐ?''
''ਲਓ।  ਤੁਸੀਂ ਸ਼ੰਗਾਰੇ ਮਝੈਲ ਨੂੰ ਨਹੀਂ ਜਾਣਦੇ? ਓਹੀ ਸ਼ੰਗਾਰਾ ਦਲਾਲ ਜਿਹੜਾ ਏਹੋ ਜਿਹੇ ਕੰਮਾਂ 'ਚ ਮਾਹਰ ਐ।"
"ਅੱਛਾ-ਅੱਛਾ! ਓਹ ਉੱਚਾ ਲੰਮਾ ਜਿਹਾ ਬੰਦਾ ਜਿਹੜਾ ਤੇਜ਼ ਤੇਜ਼ ਬੋਲਦੈ ਤੇ ਸ਼ਹਿਰ 'ਚ ਘੁੰਮਦਾ ਰਹਿੰਦੈ, ਓਹੋ?''
''ਹਾਂ-ਹਾਂ, ਓਹੀ ਬੰਦਾ।  ਕੁੱਲ ਦੁਨੀਆਂ ਜਾਣਦੀ ਐ ਉਹਨੂੰ।  ਜੇ ਆਖੋ ਤਾਂ ਮੈਂ ਸਾਡਾ ਮੁੰਡੂ ਭੇਜ ਕੇ ਸੱਦ ਲਵਾਂ ਉਹਨੂੰ? ਆਹਮਣੇ ਸਾਹਮਣੇ ਗੱਲ ਕਰ ਲਵਾਂਗੇ।''
''ਨਹੀਂ-ਨਹੀਂ, ਅਜੇ ਨਹੀਂ।  ਪਹਿਲਾਂ ਤੁਸੀਂ ਇਹ ਦੱਸੋ ਬਈ ਇਹ ਕੰਮ ਹੋਵੇਗਾ ਕਿਵੇਂ?''
"ਹੋਣ ਨੂੰ ਕੀ ਐ।  ਆਪਸ ਵਿਚ ਜ਼ਮੀਨ ਦੀ ਕੀਮਤ ਤਹਿ ਹੋਣ ਪਿੱਛੋਂ ਤਹਾਡੇ ਮੁਖਤਿਆਰਨਾਮੇ ਨਾਲ ਜ਼ਮੀਨ ਦੇ ਸਾਰੇ ਕਾਗਜ਼ ਅਗਲਿਆਂ ਦੇ ਹਵਾਲੇ ਕਰਨ ਵੇਲੇ ਜ਼ਮੀਨ ਦੇ ਸੌਦੇ ਦੇ ਸਰਕਾਰੀ ਕਾਗਜ਼ਾਂ 'ਤੇ ਦੋਹਾਂ ਦੇ ਦਸਤਖਤ ਹੋ ਜਾਣਗੇ।  ਫੇਰ ਤਹਿਸੀਲ ਵਿਚੋਂ ਤਸਦੀਕ ਹੋ ਜਾਣਗੇ ਅਤੇ ਪਟਵਾਰੀ ਜ਼ਮੀਨ ਨਵੇਂ ਮਾਲਕ ਦੇ ਨਾਂ ਚੜ੍ਹਾ ਦੇਵੇਗਾ।  ਪਰ ਇਕ ਗੱਲ ਥੋੜੀ ਸੋਚਣ ਵਾਲੀ ਹੈ ਜ਼ਰਾ ਕਿ ਜਿੰਨਾ ਚਿਰ ਮੁਖਤਿਆਰ ਦੀ ਮਾਂ ਜਿਉਂਦੀ ਐ...।''
''ਮੈਂ ਸਮਝ ਗਿਆ।  ਮੈਂ ਨਾ ਤੁਹਾਨੂੰ ਇਕ ਦੋ ਦਿਨਾਂ ਵਿਚ ਸੋਚ ਕੇ ਜਵਾਬ ਦਿਆਂਗਾ।  ਏਸ ਬਾਰੇ ਥੋੜਾ ਹੋਰ ਸੋਚ ਲਈਏ।''
''ਨੋ ਪਰੋਬਲਮ ! ਜਿਵੇਂ ਤੁਹਾਨੂੰ ਠੀਕ ਲੱਗੇ ਮੈਨੂੰ ਦੱਸ ਦੇਣਾ।''
''ਚੰਗਾ ਠੀਕ ਐ।  ਮੈਨੂੰ ਇਜਾਜ਼ਤ ਦਿਓ।''
ਕਹਿ ਕੇ ਗੁਰਨੇਕ ਰਾਜ ਕੁਮਾਰ ਦੇ ਘਰੋਂ ਸਿੱਧਾ ਨਹਿਰ ਦੇ ਰਾਹ ਪੈ ਗਿਆ।  ਡੂੰਘੀਆਂ ਸੋਚਾਂ ਵਿਚ ਪਤਾ ਨਹੀਂ ਕਦੋਂ ਉਹ ਨਹਿਰ ਦੀ ਪਟੜੀ ਜਾ ਚੜ੍ਹਿਆ।  ਸੂਰਜ ਵੀ ਢਲਣ ਵਾਲਾ ਹੋ ਗਿਆ ਸੀ।  ਨਹਿਰ ਦੇ ਪਾਣੀਆ ਵਿਚੋਂ ਸੂਰਜ ਦੀ ਲਸ਼ਕੋਰ ਉਹਦੀ ਅੱਖਾਂ ਚੁੰਧਿਆਉਂਦੀ ਸੀ।  ਅੱਖਾਂ ਅੱਗੇ ਹੱਥ ਰੱਖਿਆਂ ਵੀ ਕਿਧਰੋਂ ਨਾ ਕਿਧਰੋਂ ਲਸ਼ਕੋਰ ਪੈ ਜਾਂਦੀ।  ਉਹਦੇ ਖਿਆਲਾਂ ਦੀ ਲੜੀ ਟੁੱਟ ਜਾਂਦੀ।  ਉਹ ਨਹਿਰ ਦੇ ਕੰਢੇ ਘਾਹ ਉੱਤੇ ਬਹਿ ਗਿਆ।  ਬੈਠਣ ਨਾਲ ਲਸ਼ਕੋਰ ਨਹੀਂ ਸੀ ਪੈਂਦੀ।  ਘਾਹ ਦੀਆਂ ਤਿੜ੍ਹਾਂ ਤੋੜ-ਤੋੜ ਉਹ ਨਹਿਰ ਵਿਚ ਸੁਟਣ ਲੱਗ ਪਿਆ।  ਉਸ ਨੂੰ ਲੱਗ ਰਿਹਾ ਸੀ ਕਿ ਜਦੋਂ ਵੀ ਜ਼ਮੀਨ ਦਾ ਸੌਦਾ ਹੋਇਆ ਤਾਂ ਗੱਲ ਜ਼ਰੂਰ ਫੈਲ ਜਾਏਗੀ।  ਜੇ ਗੱਲ ਮੁਖ਼ਤਿਆਰ ਦੀ ਮਾਂ ਤਕ ਪਹੁੰਚੀ ਤਾਂ ਖੈਰ ਨਹੀਂ।  ਸਾਰਾ ਪਿੰਡ ਵੈਰ ਪੈ ਜਾਵੇਗਾ।  ਮੁਖਤਿਆਰ ਦੀ ਮਾਂ ਉਹਦੇ 'ਤੇ ਪੂਰਾ ਭਰੋਸਾ ਕਰਦੀ ਸੀ ਤੇ ਉਹੋ ਈ ਸਭ ਤੋਂ ਵੱਡਾ ਅੜਿੱਕਾ ਵੀ ਸੀ।  ਉਹ ਗੰਭੀਰਤਾ ਨਾਲ ਸੋਚਣ ਲੱਗ ਪਿਆ।  ਥੋੜੇ ਚਿਰ ਪਿੱਛੋਂ ਉਹਨੂੰ ਧੁੜਧੁੜੀ ਜਿਹੀ ਆਈ ਤੇ ਮੱਥੇ ਉੱਤੇ ਪਸੀਨੇ ਦੀਆਂ ਬੂੰਦਾਂ ਉੱਭਰ ਆਈਆਂ ਉਹਨੂੰ ਜਿਹੜਾ ਰਾਹ ਸੁਝ ਰਿਹਾ ਸੀ ਉਹ ਠੀਕ ਨਹੀਂ ਸੀ।  ਫੇਰ ਉਹ ਅਚਾਨਕ ਇਕ ਦਮ ਨਹਿਰ ਦੇ ਕੰਢਿਉਂ ਉੱਠਿਆ ਤੇ ਮੁਖ਼ਤਿਆਰ ਦੇ ਪਿੰਡ ਵੱਲ ਕਾਹਲੀ-ਕਾਹਲੀ ਤੁਰਨ ਲੱਗ ਪਿਆ।  ਉਹ ਸਾਹੋ-ਸਾਹ ਹੋਇਆ ਜਦੋਂ ਪਿੰਡ ਨੇੜੇ ਪਹੁੰਚਿਆ ਤਾਂ ਹਨੇਰਾ ਹੋ ਰਿਹਾ ਸੀ।  ਘਰੇ ਮੁਖ਼ਤਿਆਰ ਦੀ ਮਾਂ ਰੋਟੀ ਖਾਣ ਪਿੱਛੋਂ ਭਾਂਡੇ ਮਾਂਜ ਰਹੀ ਸੀ।
''ਪੈਰੀਂ ਪੈਨਾਂ ਬੇਬੇ ਜੀ।''
''ਆ ਵੇ ਪੁੱਤ ਨੇਕ।  ਅੱਜ ਕਿਧਰੋਂ ਚੰਦ ਚੜ੍ਹਿਆ?''
''ਬੱਸ ਅੱਜ ਮੈਂ ਸੋਚਿਆ ਬੇਬੇ ਜੀ ਨੂੰ ਮਿਲ ਆਈਏ।  ਮਿਲਣ ਨੂੰ ਬਹੁਤਾ ਚਿੱਤ ਕਰਦਾ ਸੀ।''
''ਚਲ ਚੰਗਾ ਕੀਤਾ।  ਪੁੱਤ ਮੇਰਾ ਦੂਜੇ ਚੌਥੇ ਤੂੰ ਆਪੇ ਈ ਪਤਾ ਲੈਜਿਆ ਕਰ।  ਮੇਰਾ ਕੀ ਐ ਤੀਵੀਂ ਮਾਨੀ ਦਾ।  ਕੋਈ ਗਲ਼ ਘੁੱਟ ਕੇ ਈ ਮਾਰ-ਜੇ।''
"ਲੈ ਐ ਕਿਵੇਂ ਕੋਈ ਹੱਥ ਲਾ-ਜੂ? ਬੇਬੇ ਜੀ ਆਂਢ-ਗੁਆਂਢ ਦੀ ਕਿਸੇ ਕੁੜੀ-ਕੱਤਰੀ ਨੂੰ ਰਾਤ ਨੂੰ ਆਵਦੇ ਕੋਲ ਪਾ ਲਿਆ ਕਰੋ।''
''ਵੇ ਭਾਈ, ਨਹੀਂ ਐਂ ਤਾਂ ਨਾਲ ਦਿਆਂ ਗਮਾਢੀਆਂ ਦੀ ਕੁੜੀ ਭੂਰੋ ਮੇਰੇ ਕੋਲ ਸੌਂ ਜਾਂਦੀ ਐ ਰਾਤ ਨੂੰ, ਸਵੇਰੇ ਚਾਹ ਵੀ ਧਰ ਲੈਂਦੀ ਐ।  ਐਂ ਤਾਂ ਕੋਈ ਡਰ ਨੀ।''
''ਹੋਰ ਬੇਬੇ ਜੀ ਸਰੀਰ ਤਾਂ ਤਕੜਾ ਰਹਿੰਦੈ?''
''ਹੁਣ ਸਰੀਰ ਕਾਹਦਾ ਤਕੜਾ ਭਾਈ।  ਮੈਂ ਤਾਂ ਬੀਰ-ਸੱਟਾਂ ਨੇ ਮਾਰ-ਲੀ।  ਨਹੀਂ ਮੈਂ ਨੀ ਸੀ ਡਿਗਦੀ।  ਹੁਣ ਨਾ ਕੋਈ ਅੱਗੇ ਨਾ ਪਿੱਛੇ।  ਦਿਨ-ਰਾਤ, ਘਰ ਊਂ ਵੱਢ-ਵੱਢ ਖਾਣ ਨੂੰ ਆਉਂਦੈ।  ਬੱਸ ਦੋਏ ਵੇਲੇ ਰੱਬ ਅੱਗੇ ਹੱਥ ਜੋੜੀਦੇ ਐ ਬਈ ਹੇ ਵਾਖਰੂ ਹੁਣ ਤਾਂ ਚੱਕ ਈ ਲੈ।  ਪੁੱਤ ਮੇਰੀ ਕੋਈ ਜੂਨ ਰਹਿ-ਗੀ?'' ਬੇਬੇ ਅੱਖਾਂ ਪੂੰਝਣ ਲੱਗ ਪਈ।
"ਤੂੰ ਮੇਰੇ ਨਾਲ ਚੱਲ ਬੇਬੇ, ਸਾਡੇ ਕੋਲੇ।  ਮੈਨੂੰ ਤੂੰ ਮੁਖਤਿਆਰ ਈ ਸਮਝ।  ਤੇਰੀ ਨੂੰਹ ਤੇਰੀ ਸੇਵਾ ਕਰੂ।''
"ਜਿਉਂਦਾ ਰਹਿ ਪੁੱਤ, ਰੱਬ ਤੈਨੂੰ ਬਹੁਤਾ ਦੇਵੇ।  ਰੰਗ ਭਾਗ ਲੱਗੇ ਰਹਿਣ।  ਪਰ ਆਹ ਘਰ ਨੂੰ ਛੱਡ ਕੇ ਕਿੱਥੇ ਜਾਮਾਂ? ਬੱਸ ਇਹਨਾਂ ਖੋਲ਼ਿਆਂ 'ਚ ਈ ਜੇ ਜਾਨ ਨਿਕਲ-ਜੇ ਤਾਂ ਠੀਕ ਐ।  ਹੁਣ ਕਿੱਥੇ ਰਹਿ-ਗੀ ਮੇਰੀ ਉਮਰ ਅੰਦਰ ਬਾਹਰ ਜਾਣ ਜੋਗੀ ਤੇ ਨਾ ਈ ਭਾਈ, ਸੱਚੀ ਗੱਲ ਐ, ਕਿਧਰੇ ਜਾਣ ਨੂੰ ਜੀ ਕਰਦੈ! ਜੇ ਤੂੰ ਕਰੇ ਤਾਂ ਮੇਰਾ ਪੁੱਤ, ਮੇਰਾ ਇਕ ਕੰਮ ਕਰ ਦੇ।  ਆਹ ਮੇਰੀ ਜਾਨ ਦਾ ਖੌਅ ਮੁਖਤਿਆਰ ਦਾ ਬੰਬੂ-ਕਾਟ ਜਿਆ; ਇਹਨੂੰ ਕਿਧਰੇ ਵੇਚ ਦੇ ਜੇ ਵਿਕਦੈ ਤਾਂ।  ਇਹਨੂੰ ਦੇਖ ਕੇ ਮੈਨੂੰ ਹੌਲ ਪੈਂਦੇ ਐ।  ਨਾ ਇਹ ਹੁੰਦਾ, ਤੇ ਨਾ ਮੁਖਤਿਆਰ...।'' ਬੇਬੇ ਚੁੰਨੀ ਨਾਲ ਅੱਖਾਂ ਪੂੰਝਣ ਲੱਗ ਪਈ।  ਗੁਰਨੇਕ ਨੂੰ ਵੀ ਬੇਬੇ ਦੀ ਗੱਲ ਸੁਣ ਕੇ ਗੁੱਝੀ ਖੁਸ਼ੀ ਹੋਈ।  ਜੇ ਚਾਰ ਪੈਸੇ ਵੱਟੇ ਗਏ ਤਾਂ ਕੁਝ ਨਾ ਕੁਝ ਤਾਂ ਹੱਥ ਪੱਲੇ ਆਊ।  ਭੇਲੀ ਫੁੱਟੂ ਤਾਂ ਭੋਰਾ ਮਿਲੂ।
"ਲੈ ਬੇਬੇ ਇਹ ਤਾਂ ਕੋਈ ਵੰਡਾ ਕੰਮ ਨੀ ਮੈਂ ਅਜ ਭਲਕ ਈ ਇਹਨੂੰ ਵੇਚਣ ਦਾ ਇੰਤਜ਼ਾਮ ਕਰਦੈਂ।  ਚੰਗਾ ਬੇਬੇ ਹੁਣ ਤਾਂ ਖਾਸਾ ਨ੍ਹੇਰਾ ਹੋ ਗਿਆ,  ਮੈਂ ਮੁੜਦੈਂ ਘਰ ਨੂੰ।  ਜੇ ਥਿਆ ਗਿਆ ਤਾਂ ਮੈਂ ਕਲ੍ਹ ਨੂੰ ਕੋਈ ਗਾਹਕ ਲਿਆਊਂ ਫੜ ਕੇ।  ਐਨੀ ਕੁ ਗੱਲ ਪਿੱਛੇ ਤੈਨੂੰ ਨੀ ਮੈਂ ਦੁਖੀ ਹੋਣ ਦਿੰਦਾ।''
ਅਗਲੇ ਦਿਨ ਗੁਰਨੇਕ ਜਦੋਂ ਸਵੇਰੇ ਸਕੂਲ ਜਾਣ ਲਈ ਤਿਆਰ ਨਾ ਹੋਇਆ ਤਾਂ ਬਸੰਤ ਨੇ ਫਿਕਰ ਨਾਲ ਪੁੱਛਿਆ-
''ਕੀ ਗੱਲ ਅਜ ਚਿੱਤ ਤਾਂ ਠੀਕ ਐ ਥੋਡਾ?''
''ਹਾਂ ਚਿੱਤ ਤਾਂ ਠੀਕ ਐ ਪਰ ਮੈਨੂੰ ਇਕ ਜ਼ਰੂਰੀ ਕੰਮ ਐ।  ਅਜ ਉਹ ਕਰਨੈ।  ਸਕੂਲੋਂ ਮੈਂ ਛੁੱਟੀ ਲਈ ਹੋਈ ਹੈ।''
''ਇਹੋ ਜਿਹਾ ਕੀ ਜ਼ਰੂਰੀ ਕੰਮ ਐ ਜਿਹੜੀ ਛੁੱਟੀ ਲੈਣੀ ਪੈ-ਗੀ?''
''ਹੈ ਕਿਸੇ ਦੋਸਤ ਦਾ ਕੰਮ...।''
''ਕਿਹੜੇ ਦੋਸਤ ਦਾ?''
''ਤੂੰ ਨਹੀਂ ਉਹਨੂੰ ਜਾਣਦੀ।  ਅਸੀਂ ਇਕੱਠੇ ਕੋਰਸ ਕਰਦੇ ਹੁੰਦੇ ਸੀ।  ਉਹਦੇ ਰਿਸ਼ਤੇ ਦੀ ਕੋਈ ਗੱਲ ਚੱਲ ਰਹੀ ਐ।  ਪਹਿਲੀ ਘਰਵਾਲੀ ਉਹਦੀ ਗੁਜ਼ਰ ਗਈ ਸੀ।  ਕੁੜੀ ਆਲਿਆਂ ਦਾ ਥਹੁ ਪਤਾ ਕਰਨੈ।'' ਗੁਰਨੇਕ ਨੇ ਕਹਾਣੀ ਜਿਹੀ ਜੋੜ ਦਿੱਤੀ।
ਉਹ ਚਾਹ ਪਾਣੀ ਪੀ ਕੇ ਸਵੇਰੇ ਸਵੇਰੇ ਜੱਗੇ ਮਿਸਤਰੀ ਦੀ ਦੁਕਾਨ 'ਤੇ ਪਹੁੰਚ ਗਿਆ।  ਉਹਦੇ ਨਾਲ ਮਾੜੀ ਮੋਟੀ ਜਾਣ ਪਛਾਣ ਪਹਿਲਾਂ ਤੋਂ ਸੀ।
"ਆਈਏ ਮਾਸਟਰ ਜੀ ਅਜ ਕਿਵੇਂ ਏਧਰ ਗੇੜਾ ਮਾਰਿਆ, ਸਾਡੇ ਗਰੀਬਾਂ ਕੰਨੀਂ?'' ਜੱਗੇ ਨੇ ਲੋਹੇ ਦੀ ਇਕ ਟੁੱਟੀ ਜਿਹੀ ਕੁਰਸੀ ਗੁਰਨੇਕ ਦੇ ਬੈਠਣ ਲਈ ਅਗੇ ਕਰ ਦਿੱਤੀ।  ਆਪ ਉਹ ਇਕ ਪੁਰਾਣੇ ਖੜ੍ਹੇ ਮੋਟਰ ਸਾਇਕਲ ਦਾ ਇੰਜਣ ਖੋਲ੍ਹਣ ਲੱਗ ਪਿਆ।
"ਮਿਸਤਰੀ ਜੀ ਤੁਹਾਨੂੰ ਯਾਦ ਹੋਣੈ ਇਕਵਾਰੀ ਮੁਖਤਿਆਰ ਸਿਓਂ ਨੇ ਤੁਹਾਡੇ ਕੋਲੋਂ ਇਕ ਪੁਰਾਣਾ ਮੋਟਰ ਸਾਇਕਲ ਮੁਰੰਮਤ ਕਰਵਾਇਆ ਸੀ?''
"ਹਾਂ-ਹਾਂ।  ਯਾਦ ਐ ਚੰਗੀ ਤਰਾਂ।  ਪਰ ਉਹ ਤਾਂ ਵਚਾਰਾ ਸੁਣਿਐ ਮਰ ਗਿਆ, ਕਿਧਰੇ ਕਿਸੇ ਟਰੱਕ ਨਾਲ ਜਾ ਵੱਜਿਆ ਸੀ ਉਹਦਾ ਮੋਟਰ ਸਾਇਕਲ।  ਪਰ ਸੀ ਬੜਾ ਪੱਟੂ-ਪੀਰ ਓਹੋ।  ਐਨ ਹਵਾ ਨੂੰ ਟਾਕੀਆਂ ਲੌਂਦਾ ਸੀ।  ਪਰ ਹੋਇਆ ਮਾੜਾ।"
"ਹਾਂ।  ਚਲੋ ਜੋ ਵਾਹਿਗੁਰੂ ਨੂੰ ਮਨਜ਼ੂਰ।  ਉਹ ਤਾਂ ਵਿਚਾਰਾ ਗੁਜ਼ਰ ਗਿਆ ਪਰ ਮੋਟਰ ਸਾਇਕਲ ਦਾ ਬਹੁਤਾ ਨੁਕਸਾਨ ਨੀ ਹੋਇਆ।  ਬੱਸ ਅਗਲਾ ਮਡਗਾਰਡ ਈ ਮਾੜਾ ਜਿਆ ਚਿੱਬਾ ਹੋਇਐ।  ਉਹਦੇ ਘਰਦਿਆਂ ਦੀ ਸਲਾਹ ਐ ਬਈ ਉਹ ਮੋਟਰ ਸਾਇਕਲ ਵੇਚ ਦਿੱਤਾ ਜਾਵੇ।"
"ਅੱਛਾ। ਕਿੰਨੇ ਕ ਪੈਸੇ ਮੰਗਦੇ ਐ?"
"ਪੈਸਿਆਂ ਦਾ ਤਾਂ ਆਪਾਂ ਕਰ-ਕੁਰ ਲਾਂਗੇ ਤੁਸੀਂ ਜੇ ਮੋਟਰ ਸਾਇਕਲ ਪਹਿਲਾਂ ਦੇਖਣੈ ਤਾਂ ਆਪਾਂ ਚੱਲ ਕੇ ਦੇਖ ਲੈਨੇ ਐਂ।"
"ਨਾ ਦੇਖਣ ਦਾ ਤਾਂ ਕੋਈ ਹਰਜ ਨੀ।  ਜੇ ਮੈਨੂੰ ਠੀਕ ਯਾਦ ਐ ਤਾਂ ਉਹਨੇ ਉਹ ਚਾਰ ਕੁ ਸੌ 'ਚ ਖਰੀਦਿਆ ਸੀ।  ਸੌਦਾ ਮੈਂ ਈ ਕਰਵਾਇਆ ਸੀ।"
"ਚੱਲ ਓਨੇ ਈ ਵੱਟੇ ਜਾਣ ਤਾਂ ਠੀਕ ਐ।"
"ਓਨੇ ਤਾਂ ਨੀ ਮਿਲਣੇ ਆਪਾਂ ਨੂੰ ਕਿਉਂਕਿ ਐਕਸੀਡੈਂਟ ਪਿੱਛੋਂ ਮਸ਼ੀਨ 'ਚ ਉਹ ਜਾਨ ਨੀ ਰਹਿੰਦੀ।  ਜੇ ਫਰੇਮ ਫਰੂਮ ਵਿੰਗਾ ਹੋ ਗਿਆ ਹੋਇਆ ਤਾਂ ਫੇਰ ਤਾਂ ਹੱਥ ਪੱਲੇ ਕੀ ਪਊ।"
"ਨਹੀਂ-ਨਹੀਂ।  ਮੈਂ ਆਪ ਦੇਖ ਕੇ ਆਇਐਂ।  ਮੋਟਰ ਸਾਇਕਲ ਤਾਂ ਠੀਕ ਠਾਕ ਐ ਬਿਲਕੁਲ।  ਬੱਸ ਮਡਗਾਰਡ 'ਤੇ ਚਿੱਬ ਪਿਆ ਹੋਇਐ।  ਨਾਲੇ ਚਾਰ ਸੌ 'ਚ ਖਰੀਦ ਕੇ ਉਹਨੇ ਥੋਡੇ ਕੋਲੋਂ ਮੁਰੰਮਤ ਕਰਾਉਣ 'ਤੇ ਵੀ ਸੌ ਡੂਢ ਸੌ ਲਾਇਆ ਸੀ।"
"ਚਲੋ ਮਾਸਟਰ ਜੀ, ਜੇ ਹੈ ਟੈਮ ਤਾਂ ਆਪਾਂ ਹੁਣੇ ਮਾਰ ਆਉਨੇ ਐਂ ਗੇੜਾ।  ਹਾਅ ਤਾਂ ਪਿੰਡ ਖੜ੍ਹੈ ਉਹਨਾਂ ਦਾ ਕਿਹੜਾ ਬਹੁਤੀ ਦੂਰ ਐ।  ਚੱਕੋ ਸੈਕਲ।"
ਅਧੇ ਕੁ ਘੰਟੇ ਵਿਚ ਉਹ ਸਾਇਕਲਾਂ ਤੇ ਪਿੰਡ ਪਹੁੰਚ ਗਏ।  ਜੱਗੇ ਨੇ ਮੋਟਰ ਸਾਇਕਲ ਸਟੈਂਡ 'ਤੇ ਲਾ ਕੇ ਪਹਿਲਾਂ ਟੰਕੀ 'ਚ ਪਟਰੋਲ ਦੇਖਿਆ, ਫੇਰ ਕਾਰਬੋਰੇਟਰ ਦੀ ਨਾਲੀ ਖੋਲ੍ਹ ਕੇ ਪਟਰੋਲ ਦਾ ਫਲੋਅ ਚੈੱਕ ਕੀਤਾ ਤੇ ਕਿੱਕ ਮਾਰੀ।  ਤੀਜੀ ਚੌਥੀ ਕਿੱਕ ਨਾਲ ਮੋਟਰ ਸਾਇਕਲ ਸਟਾਰਟ ਹੋ ਗਿਆ।  ਉਹਨੇ ਰੇਸ ਦਿੱਤੀ।  ਆਵਾਜ਼ ਸੁਣ ਕੇ ਆਂਢ-ਗੁਆਂਢ ਦੇ ਨਿੱਕੇ-ਨਿਆਣੇ ਇਕੱਠੇ ਹੋ ਗਏ।  ਜੱਗੇ ਨੇ ਮੋਟਰ ਸਾਇਕਲ 'ਤੇ ਬਹਿ ਕੇ ਪਿੰਡ ਦੀ ਫਿਰਨੀ ਦੇ ਉੱਤੋਂ ਦੀ ਇਕ ਗੇੜਾ ਲਾਇਆ ਤੇ ਮੁੜ ਆਇਆ।
''ਮਾਸਟਰ ਜੀ ਗੱਡੀ ਤਾਂ ਠੀਕ ਠਾਕ ਲਗਦੀ ਐ।  ਦੱਸੋ ਗੱਲ ਕਰੋ?''
''ਕੋਈ ਨੀ।  ਗੱਲ ਗੁੱਲ ਆਪਾਂ ਤੁਹਾਡੀ ਦੁਕਾਨ 'ਤੇ ਚੱਲ ਕੇ ਕਰਦੇ ਐਂ।"
ਗੁਰਨੇਕ ਨੇ ਹੌਲੀ ਦੇਣੇ ਜੱਗੇ ਦੇ ਕੰਨ ਵਿਚ ਕਿਹਾ।
''ਚੰਗਾ ਬੇਬੇ ਅਸੀਂ ਲੈ ਚੱਲੇ ਐਂ ਮੋਟਰ ਸਾਇਕਲ।  ਫੇਰ ਮੈਂ ਮੁੜ ਕੇ ਆ ਕੇ ਦੱਸਦੈਂ।"
"ਚੰਗਾ ਪੁੱਤ ਜਿਵੇਂ ਤੇਰੀ ਮਰਜ਼ੀ।"
ਗੁਰਨੇਕ ਪਿੱਛੇ ਮੋਟਰ ਸਾਇਕਲ 'ਤੇ ਬਹਿ ਗਿਆ ਤੇ ਉਹ ਧੂੜ ਉਡਾਉਂਦੇ ਸ਼ਹਿਰ ਦੇ ਰਾਹ ਪੈ ਗਏ।
''ਹਾਂ ਜੀ ਮਾਲਕੋ ਹੁਕਮ ਕਰੋ।''
ਜੱਗੇ ਨੇ ਦੁਕਾਨ 'ਤੇ ਪਹੁੰਚਦਿਆਂ ਈ ਸੌਦੇ ਬਾਰੇ ਗੱਲ ਛੇੜੀ।
''ਮਿਸਤਰੀ ਜੀ ਤੁਸੀਂ ਦੱਸੋ।"
"ਚਾਰ ਸੌ ਤੋਂ ਜੇ ਸੌ ਪੰਜਾਹ ਘੱਟ ਲੈਣੇ ਐ ਤਾਂ ਹੁਣੇ ਸੌਦਾ ਪੱਕਾ ਸਮਝੋ।"
"ਨਹੀਂ, ਨਹੀਂ।  ਪੰਜ ਸੌ ਤੋਂ ਉੱਤੇ ਤਾਂ ਪਹਿਲਾਂ ਈ ਖਰਚ ਹੋ ਚੁਕਿਐ।  ਕੋਈ ਬਹੁਤਾ ਚਿਰ ਨੀ ਹੋਇਆ।  ਮੇਰੇ ਖਿਆਲ ਵਿਚ ਸਾਢੇ  ਚਾਰ ਸੌ ਠੀਕ ਐ।"
"ਚਲੋ ਸੌ ਹੱਥ ਰੱਸਾ ਸਿਰੇ 'ਤੇ ਗੰਢ।  ਚਾਰ ਸੌ ਠੀਕ ਐ?"
"ਚਲੋ ਜਿਵੇਂ ਤੁਸੀਂ ਠੀਕ ਸਮਝੋ।"
ਜੱਗੇ ਨੇ ਉਸੇ ਵੇਲੇ ਕੱਢ ਕੇ ਚਾਰ ਸੌ ਰੁਪਇਆ ਗੁਰਨੇਕ ਦੇ ਹੱਥ ਫੜਾਇਆ।  ਗੁਰਨੇਕ ਦੇ ਪੈਰ ਜ਼ਮੀਨ ਤੇ ਨਹੀਂ ਸਨ ਟਿਕ ਰਹੇ।  ਜੱਗੇ ਦੀ ਦੁਕਾਨ ਤੋਂ ਬਿਨਾਂ ਕੋਈ ਹੋਰ ਗੱਲ ਕੀਤੇ ਉਹ ਉੱਠ ਕੇ ਤੁਰ ਪਿਆ।
"ਓ ਮਾਹਟਰ ਜੀ ਮੇਰਾ ਸੈਕਲ ਪਹੁੰਚਦਾ ਕਰ ਦਿਓ।'' ਜੱਗੇ ਨੇ ਪਿੱਛੋਂ 'ਵਾਜ ਮਾਰੀ।
"ਹਾਂ-ਹਾਂ ਮੈਂ ਹੁਣੇ ਚੱਲਿਐਂ ਪਿੰਡ ਨੂੰ ਦੋਏ ਸੈਕਲ ਲੈਣ।"
ਪਿੰਡ ਪਹੁੰਚ ਕੇ ਗੁਰਨੇਕ ਨੇ ਦੋ ਸੌ ਰੁਪਈਆ ਗੁਰਨੇਕ ਦੀ ਮਾਂ ਨੂੰ ਫੜਾਉਂਦਿਆਂ ਕਿਹਾ, ''ਆਹ ਲਓ ਬੇਬੇ ਜੀ।  ਏਦੂੰ ਵੱਧ ਉਹ ਮੰਨਦਾ ਨਹੀਂ ਸੀ।"
ਬੇਬੇ ਨੇ ਪੈਸੇ ਫੜ ਕੇ ਬਿਨਾਂ ਦੇਖੇ ਚੁੰਨੀ ਦੇ ਲੜ ਬੰਨ੍ਹਦਿਆਂ ਕਿਹਾ, ''ਪੁੱਤ ਮੈਨੂੰ ਤਾਂ ਪਤਾ ਨੀ ਉਹਨੇ ਕਿੰਨੇ ਦਾ ਲਿਆ ਸੀ।  ਚਲ ਚੰਗਾ ਹੋਇਆ ਬਲਾ ਟਲੀ।  ਮੈਨੂੰ ਤਾਂ ਊਂ ਈ ਉਹ ਖਾਣ ਨੂੰ ਔਂਦਾ ਸੀ।"
''ਚੰਗਾ ਬੇਬੇ ਜੀ ਮੈਂ ਫੇਰ ਮੁੜ ਕੇ ਛੇਤੀ ਗੇੜਾ ਮਾਰੂੰ।''
ਕਹਿ ਕੇ ਗੁਰਨੇਕ ਨੇ ਆਪਣੇ ਸਾਇਕਲ 'ਤੇ ਚੜ੍ਹ ਕੇ ਜੱਗੇ ਦਾ ਸਾਇਕਲ ਨਾਲ ਰੋੜ੍ਹ ਲਿਆ।  ਜੱਗੇ ਦਾ ਸਾਇਕਲ ਉਹਦੇ ਹਵਾਲੇ ਕਰਨ ਪਿੱਛੋਂ ਗੱਲ ਤੋਰੀ।
"ਮਿਸਤਰੀ ਜੀ ਤੁਸੀਂ ਸ਼ੰਗਾਰੇ ਦਲਾਲ ਨੂੰ ਜਾਣਦੇ ਓ?"
"ਲੈ ਉਹਨੂੰ ਕੌਣ ਨੀ ਜਾਣਦਾ?  ਜ਼ਮੀਨਾਂ ਦੀ ਦਲਾਲੀ ਤੋਂ ਲੈ ਕੇ ਕਚਹਿਰੀਆਂ 'ਚ ਝੂਠੀਆਂ ਸੱਚੀਆਂ ਗਵਾਹੀਆਂ ਦੇਣ ਤਕ ਸਾਰੇ ਕੰਮ ਉਹ ਕਰਦੈ। ਬੜਾ ਤਕੜਾ ਪੁਰਜੈ ਓਹੋ।  ਕਿਉਂ ਉਹਦੇ ਤਾਈਂ ਕਿ ਕੰਮ ਪੈ ਗਿਆ?"
"ਨਹੀਂ ਕੰਮ ਤਾਂ ਕੋਈ ਨੀ ਸੀ।  ਕਲ੍ਹ ਕੋਈ ਬੰਦਾ ਉਹਦੀਆਂ ਗੱਲਾਂ ਕਰੀ ਜਾਂਦਾ ਸੀ।"
"ਸ਼ੰਗਾਰਾ ਮਝੈਲ ਤਾਂ ਅਸਮਾਨ ਨੂੰ ਟਾਕੀਆਂ ਕਿਹੜਾ ਨਾ ਲਾ ਦੇ, ਉਹਦੀ ਕੀ ਗੱਲ ਐ!"
ਗੁਰਨੇਕ ਨੂੰ ਇਹ ਪਤਾ ਲੱਗ ਗਿਆ ਕਿ ਸ਼ੰਗਾਰਾ ਸਿੰਘ ਨੂੰ ਵਿਚ ਪਾ ਕੇ ਸੌਦਾ ਕਰਨਾ ਪਿਆ ਤਾਂ ਚੁਕੰਨਾ ਰਹਿਣਾ ਪਊ।
ਸ਼ੰਗਾਰਾ ਸਿੰਘ ਕੋਈ ਛੇ ਕੁ ਫੁੱਟ ਲੰਮਾ ਤਕੜੇ ਜੁੱਸੇ ਵਾਲਾ ਬੰਦਾ ਸੀ।  ਉਹਦਾ ਰੰਗ ਗੋਰਾ, ਅੱਖਾਂ ਬਿੱਲੀਆਂ ਤੇ ਨੱਕ ਲੰਮਾ ਤੇ ਤਿੱਖਾ ਸੀ।  ਅੰਮ੍ਰਿਤਸਰ ਦੇ ਨੇੜੇ ਕਿਸੇ ਪਿੰਡ ਦਾ ਸੀ ਉਹ।  ਉਹਦੇ ਪਰਿਵਾਰ ਨੂੰ ਏਥੇ ਆਇਆਂ ਕੋਈ ਵੀਹ ਕੁ ਸਾਲ ਹੋ ਗਏ ਸਨ।  ਉਹ ਗੋਲ-ਮੋਲ ਮਾਵੇ ਵਾਲੀ ਪੋਚਵੀਂ ਪੱਗ ਬੰਨ੍ਹਦਾ।  ਗਲ਼ ਲੰਮਾ ਕਲੀਆਂ ਵਾਲਾ ਕੁੜਤਾ ਤੇ ਤੇੜ ਚਾਦਰਾ ਬੰਨ੍ਹ ਕੇ ਰਖਦਾ।  ਸੁੱਚੇ ਤਿੱਲੇ ਵਾਲੀ ਘੋਨੀ ਜੁੱਤੀ ਪਾਉਂਦਾ।  ਹੱਥ 'ਚ ਨਿੱਕੀ ਜਿਹੀ ਗੰਡਾਸੀ ਉਹ ਡੰਡੇ ਵਾਂਗ ਫੜੀ ਰਖਦਾ।  ਹਮੇਸ਼ਾਂ ਮੁੱਛਾਂ ਨੂੰ ਮਰੋੜੇ ਚਾੜ੍ਹਦਾ ਰਹਿੰਦਾ ਅਤੇ ਦਾਹੜੀ ਖੁੱਲ੍ਹੀ ਛੱਡ ਰਖਦਾ।  ਗੱਲ ਕਰਨ ਵੇਲੇ ਉਹ ਆਪਣੀਆਂ ਤੇਜ਼ ਅੱਖਾਂ ਅਗਲੇ ਦੀਆਂ ਅੱਖਾਂ 'ਚ ਪਾ ਕੇ ਗੱਲ ਕਰਦਾ।  ਗੱਲਾਂ ਗੱਲਾਂ 'ਚ ਬਹੁਤਿਆਂ ਨੂੰ ਉਹ ਆਪਣੀ ਗੱਲ ਸਹਿਜੇ ਈ ਮਨਵਾ ਲੈਂਦਾ।  ਜੇ ਲੋੜ ਪੈਂਦੀ ਤਾਂ ਡਰਾ ਧਮਕਾ ਵੀ ਲੈਂਦਾ।  ਹਰ ਨਵੇਂ ਬਦਲ ਕੇ ਆਏ ਠਾਣੇਦਾਰ ਨਾਲ ਜਾਣ-ਪਛਾਣ ਕੱਢਣ ਪਹੁੰਚ ਜਾਂਦਾ।  ਪੁਲਿਸ ਨਾਲ ਮਿਲ ਕੇ ਉਹ ਝੂਠੀਆਂ-ਸੱਚੀਆਂ ਗਵਾਹੀਆਂ ਦੇਣ ਹਰ ਤੀਜੇ ਦਿਨ ਕਚਹਿਰੀਆਂ 'ਚ ਪਹੁੰਚਿਆ ਰਹਿੰਦਾ।  ਆਉਣ-ਜਾਣ ਦੇ ਕਿਰਾਏ ਤੋਂ ਇਲਾਵਾ ਚਾਹ-ਪਾਣੀ ਤੇ ਅਗਲੇ ਬੰਦੇ ਦੇ ਵਿਤ ਅਨੁਸਾਰ ਦਸ ਵੀਹ ਰੁਪਏ ਉੱਤੋਂ ਝਾੜ ਲੈਣੇ ਉਹਦੇ ਖੱਬੇ ਹੱਥ ਦਾ ਕੰਮ ਸੀ।  ਕਈਆਂ ਤੋਂ ਉਹ ਪੇਸ਼ਗੀ ਪਹਿਲਾਂ ਈ ਰਖਾ ਲੈਂਦਾ ਤੇ ਕੰਮ ਹੋਣ ਪਿੱਛੋਂ ਦੂਜੀ ਝੁੱਟੀ ਵਿਚ ਹੀ ਹੋਰ ਕਢਾ ਲੈਂਦਾ।  ਇਸ ਤੋਂ ਪਹਿਲਾਂ ਕਿ ਗੁਰਨੇਕ ਜ਼ਮੀਨ ਦੇ ਮਸਲੇ ਬਾਰੇ ਸੋਚ ਕੇ ਕੋਈ ਫੈਸਲਾ ਕਰਦਾ, ਰਾਜ ਕੁਮਾਰ ਵਕੀਲ ਨੇ ਸੁਨੇਹਾ ਭੇਜ ਕੇ ਸ਼ੰਗਾਰਾ ਸਿੰਘ ਨੂੰ ਬੁਲਾ ਲਿਆ।
"ਵਕੀਲ ਸ੍ਹਾਅਬ ਸਾ-ਸਰੀ-ਕਾਲ! ਕੀ ਗੱਲ ਇਆ ਅੱਜ ਸ੍ਹਾਨੂੰ ਗਰੀਬਾਂ ਨੂੰ ਕਿੱਤਰਾਂ ਯਾਦ ਕੀਤਾ ਤੁਹਾਂ?'' ਸ਼ੰਗਾਰਾ ਸਿੰਘ ਨੇ ਬੈਠਕ ਵਿਚ ਵੜਦਿਆਂ ਹੀ ਕਿਹਾ।
"ਸ਼ੰਗਾਰਾ ਸਿੰਘ ਜੀ ਤੁਹਾਡੇ ਹੁਕਮ ਬਿਨਾਂ ਤਾਂ ਏਥੇ ਆਲੇ-ਦੁਆਲੇ ਪੱਤਾ ਨਹੀਂ ਹਿੱਲ ਸਕਦਾ।  ਖੈਰ, ਇਕ ਜ਼ਮੀਨ ਵਿਕਾਊ ਐ ਜੇ ਤੁਸੀਂ...।"
''ਓ ਵਕੀਲ ਸ੍ਹਾਅਬ ਜ਼ਮੀਨ ਦੀ ਕੀ ਗੱਲ ਇਆ, ਤੁਹੀਂ ਹੁਕਮ ਦਿਓ ਤਾਂ ਅਹੀਂ ਦਿੱਲੀ ਦਾ ਲਾਲ ਕਿਲਾ ਖਰੀਦ ਸ਼ਡੀਏ ਕੇ---!'' ਸ਼ੰਗਾਰਾ ਸਿੰਘ ਨੇ ਮੁੱਛਾਂ ਨੂੰ ਵੱਟ ਚਾੜ੍ਹਦਿਆਂ ਰਾਜ ਕੁਮਾਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਿਹਾ।
"ਚਲੋ ਜਦੋਂ ਲਾਲ ਕਿਲਾ ਵਿਕਾਊ ਹੋਇਆ ਤਾਂ ਜ਼ਰੂਰ  ਤੁਹਾਨੂੰ ਦੱਸਾਂਗੇ ਪਰ ਫਿਲਹਾਲ ਲਾਗਲੇ ਪਿੰਡ ਇਕ ਚੰਗੀ ਜ਼ਮੀਨ ਵਿਕਾਊ ਹੈ।  ਉਹਦਾ ਮੁਖਤਿਆਰਨਾਮਾ ਏਥੇ ਆਪਣੇ ਮਾਸਟਰ ਹਰਨੇਕ ਸਿੰਘ ਹੁਰਾਂ ਕੋਲ ਹੀ ਹੈ।  ਉਹਨਾਂ ਨਾਲ ਮੈਂ ਗੱਲ ਕੀਤੀ ਸੀ ਪਰ ਅਜੇ ਉਹ ਕੁਝ ਦਿਨ ਸੋਚ ਕੇ ਫੈਸਲਾ ਕਰਨਗੇ।  ਮੈਂ ਸਿਰਫ ਤੁਹਾਨੂੰ ਏਸ ਲਈ ਦੱਸ ਰਿਹਾਂ ਬਈ ਜੇ ਕਲ੍ਹ ਨੂੰ ਕਿਧਰੇ ਵੀ ਇਹ ਸੌਦਾ ਹੋਵੇ ਤਾਂ ਆਪਾਂ  ਕਾਗਜ਼ ਪੱਤਰ ਸਾਰੇ ਖੁਦ ਤਿਆਰ ਕਰਾਂਗੇ ਤਾਂ ਕਿ ਫੀਸ ਦੇ ਚਾਰ ਪੈਸੇ ਮਿਲ ਜਾਣ।"
''ਵਾਹ ਵਕੀਲ ਸ੍ਹਾਅਬ ਬੱਸ ਤੁਹਾਂ ਇਕ ਵਾਰੀ ਸ਼ੰਗਾਰਾ ਸੂੰ ਨੂੰ ਗੱਲ ਆਖ ਦਿੱਤੀ ਊ ਨਾ? ਹੁਣ ਭੁੱਲ ਜਾਓ।  ਅਹੀਂ ਕੋਈ ਤਿਹਾਡੇ ਤੋਂ ਨਾਬਰ ਇਆਂ? ਲਓ ਫੇਰ ਸ਼ੰਗਾਰੇ ਦੇ ਸੌਦੇ ਦੀ ਵੀ ਗੱਲ ਸੁਣ ਲਵੋ।  ਫੇਰ ਨਾ ਆਖਿਆ ਜੇ ਪਈ ਸ਼ੰਗਾਰਾ ਸੂੰ ਫੋਕੀਆਂ ਫੜ੍ਹਾਂ ਪਿਆ ਮਾਰਦਾ ਹੀ.
ਅਹੀਂ ਜੀ ਗਏ ਪਿਛਲੇ ਸਾਲ, ਜਥੇ ਨਾਲ ਪਾਕ-ਸਤਾਣ, ਗੁਰਦਾਆਰਿਆਂ ਦੇ ਦਰਣਛਾਂ ਲਈ।  ਨਾਲ ਸ੍ਹਾਡੇ ਹ੍ਹੋਅਰ ਵੀ ਬੰਦੇ ਤੇ ਤ੍ਰੀਮਤਾਂ ਸਣ।  ਲਓ ਜੀ ਅਹੀਂ ਕਈ ਗੁਰਦੁਆਰਿਆਂ ਦੇ ਦਰਛਣ ਜੁ ਕਰਨੇ ਸਣ ਤਾਂ ਅਹਾਂ, ਕੀਤਾ ਕੀ, ਪਈ ਇਕ ਕਿਹੇ ਮੁਸਲਮਾਣ ਭਾਊ ਦੀ ਸ਼ੋਟੀ ਜਹੀ ਕੋਈ ਵੀਹ ਕੁ ਸੀਟਾਂ ਵਾਲੀ ਬੱਸ ਕਰਾਏ 'ਤੇ ਖੜ੍ਹਨ ਦਾ ਸਉਦਾ ਮਾਰ ਲਿਆ। ਰਪਈਏ ਅਹਾਂ ਦੇਣੇ ਕੀਤੇ ਸਣ ਦੋਅ ਸੌਅ।  ਅਹੀਂ ਹਾਲੀ ਸਲਾਵਾਂ ਈ ਪਏ ਹਾਂ ਕਰਦੇ ਪਈ ਬੱਸ 'ਚ ਸਮਾਣ ਰੱਖੀਏ।  ਲਓ ਜੀ ਇਕ ਮਿਲਟਰੀ ਦਾ ਅਫਸਰ ਜਿਆ ਲਗਦਾ ਹੀ ਪਿਆ ਕੋਈ, ਉਹ ਆ ਕੇ ਲਗਾ ਆਪਣਾ ਰੋਹਬ ਝਾੜਨ।  ਸ੍ਹਾਨੂੰ ਅਹਾਂਦਾ ਪਈ ਬੱਸ ਤਾਂ ਉਹੋ ਈ ਖੜੇਗਾ ਸ੍ਹਾਨੂੰ ਨਹੀਂ ਖੜਨ ਦੇਣੀ।  ਬੱਸ ਦੇ ਮਾਲਕ ਨੂੰ ਅਹਾਂਦਾ ਪਈ ਉਹ ਤਿੰਨ ਸੌਅ ਰਪਈਆ ਦੇਵੇਗਾ।  ਲਓ ਜੀ ਵਕੀਲ ਸ੍ਹਾਅਬ ਫੇਰ ਮਿੱਨੂੰ ਵੀ ਚੜ੍ਹ ਗਈ ਚੰਡੀ।  ਅਹਾਂ ਬੱਸ ਦੇ ਮਾਲਕ ਨੂੰ ਆਖਿਆ ਪਈ ਅਹਾਂ ਤਿੱਨੂੰ ਪੰਜ ਸੌ ਦੇਵਾਂਗੇ ਤੇ ਬੱਸ ਅਹੀਂ ਓ ਖੜਾਂਗੇ।  ਓਧਰ ਓਹ ਮਿਲਟਰੀ ਵਾਲਾ ਵੀ ਆਪਦੀ ਅਫਸਰੀ ਦੀ ਫੂਕ 'ਚ ਕ੍ਹੀਂਦਾ ਪਈ ਮੈਂ ਹਯਾਰ ਰਪਈਆ ਦੇਵਾਂਗਾ ਈ ਬੱਸ ਮੈਂ ਵੀ ਧਿਆਨੂੰ ਨਹੀਂ ਜੇ ਖੜਨ ਦੇਣੀ।  ਉਹ ਸਣ ਦੋਏ ਮੀਆਂ ਬੀਵੀ ਕੁੱਲ।  ਸ਼ੰਗਾਰੇ ਦੀ ਅੱਖ ਨੇ, ਇਹ ਗੱਲ ਵੀ ਤਾੜ ਲਈ ਸਾ-ਸੂ।  ਮਿੱਨੂੰ ਵੀ ਪਤਾ ਨੀ ਕੀ ਸੁੱਝੀ ਵਕੀਲ ਸ੍ਹਾਅਬ ਅਹਾਂ ਵੀ ਆਖ ਈ ਦਿੱਤਾ ਕਿ ''ਜਾਹ ਫੇਰ ਲੈ ਜਾ ਬੱਸ-ਤੂੰ ਵੀ ਹਰਾਮ ਦਾ ਹੋਵੇਂ ਜੇ ਹਯਾਰ ਰਪਈਏ 'ਚ ਬੱਸ ਨਾ ਖੜੇਂ ਤਾਂ। ''ਲਓ ਜੀ ਓਹਂਦੀ ਬੀਵੀ ਥੋੜੀ ਅਕਲ ਮੰਦ ਪਈ ਲਗਦੀ ਹੀ।  ਉਹ ਤਾਂ ਮੇਰੇ ਪੈਰੀਂ ਪਵੇ, ਆਖੇ ਭਾਊ ਮਾਫ ਕਰ ਦੇ ਸ੍ਹਾਨੂੰ।  ਅਹਾਂ ਵੀ ਕਿਹਾ ਤੁਹਾਂ ਮਿੱਨੂੰ ਸਮਝ ਕੀ ਸ਼ੱਡਿਆ ਈ ਓਏ? ਅਖੀਰ 'ਤੇ ਅਹੀਂ ਮੁਫਤੋ ਮੁਫਤੀ ਬਈਕੇ ਸਾਰੇ ਗੁਰਦੁਆਰਿਆਂ ਦੇ ਦਰਛਣ ਕੀਤੇ ਤੇ ਕਰਾਇਆ ਦਿੱਤਾ ਸਾਰਾ ਮਿਲਟਰੀ ਵਾਲੇ ਭਾਊ ਨੇ।  ਲਓ ਜੀ ਇਹੋ ਜਿਆ ਸਉਦਾ ਤਾਂ ਅਹੀਂ ਮਾਰਿਆ ਪਾਕ-ਸਤਾਣ 'ਚ! ਪਰ ਤੁਹੀਂ ਇਹ ਤਾਂ ਦੱਸੋ ਪਈ ਇਹ ਭਾਊ ਗੁਰਨੇਕ ਸੂੰ ਰਹੀਂਦਾ ਕਿਥੇ ਕੁ ਕਰਕੇ ਆ? ਆਪਾਂ ਹੁਣੇ ਈ ਜਾ ਦਰਛਣ ਕਰਦੇ ਆਂ ਕਿ ਫੇਰ ਅਹੀਂ ਜਾਣੀਏ ਸ੍ਹਾਡਾ ਕੰਮ।'' ਸ਼ੰਗਾਰਾ ਸਿੰਘ ਮੁੱਛਾਂ ਮਰੋੜਦਿਆਂ ਛੇਤੀ ਛੇਤੀ ਬੋਲ ਰਿਹਾ ਸੀ।
''ਰਹਿੰਦੇ ਤਾਂ ਉਹ ਚੌਧਰੀ ਧਰਮ ਚੰਦ ਵਾਲੀ ਗਲੀ ਵਿਚ ਨੇ ਪਰ ਅਜੇ ਗੱਲ ਕਰਨੀ ਠੀਕ ਨਹੀਂ ਹੋਵੇਗੀ।  ਮੈਂ ਆਪ ਤੁਹਾਨੂੰ ਟਾਈਮ ਆਉਣ 'ਤੇ ਸੁਨੇਹਾ ਭਿਜਵਾ ਦਿਆਂਗਾ।
"ਚਲੋ ਜਿੱਤਰਾਂ ਤੁਹੀਂ ਠੀਕ ਸਮਝੋ ਕਰ ਲਿਆ ਜੇ।  ਪਰ ਮੈਂ ਸਮਯਨਾਂ ਪਈ ਮਿੱਨੂੰ ਮਿਲਣ ਵਿਚ ਕੋਈ ਹਰਜ 'ਤੇ ਨਹੀਂ ਊ।  ਕਿਧਰੇ ਇਹ ਨਾ ਹ੍ਹੋਵੇ ਪਈ ਸ੍ਹਾਡੇ ਨਾਲੋਂ ਪ੍ਹੀਲੋਂ ਕੋਈ ਹੋਰ ਈ ਬਾਜੀ ਮਾਰ ਜਾਵੇ।  ਤੁਹੀਂ ਮੰਨੋ ਮੇਰੀ ਗੱਲ ਵਕੀਲ ਸ੍ਹਾਅਬ, ਮਿੱਨੂੰ ਪ੍ਹੀਲੋਂ ਇਕ ਗੇੜਾ ਮਾਰ ਈ ਲੈਣ ਦਿਓ ਕਿ।''
ਸ਼ੰਗਾਰਾ ਸਿੰਘ ਓਹਨੀ ਪੈਰੀਂ ਧਰਮ ਚੰਦ ਵਾਲੀ ਗਲੀ ਵੱਲ ਤੁਰ ਪਿਆ।  ਜਦੋਂ ਉਹ ਪੁੱਛ ਪੁਛਾ ਕੇ ਬਾਹਰੋਂ ਚੁਬਾਰੇ ਦੀਆਂ ਪੌੜੀਆਂ ਚੜ੍ਹਨ ਲੱਗਾ ਤਾਂ ਦਿਆਕੁਰ ਗਲੀ 'ਚ ਕੂੜਾ ਸੁੱਟਣ ਆਈ।  ਓਪਰਾ ਬੰਦਾ ਦੇਖ ਕੇ ਉਹਨੇ ਝੱਟ ਪੁੱਛ ਲਿਆ-
''ਵੇ ਭਾਈ, ਕੀਹਨੂੰ ਮਿਲਣੈ ਤੂੰ?"
"ਓ ਮਾਤਾ, ਮੇਰਾ ਨਾਂ ਈ ਸ਼ੰਗਾਰਾ ਸੂੰ; ਤੇ ਮਿਲਣਾ ਈ ਮੈਂ ਭਾਊ ਗੁਰਨੇਕ ਸੂੰ ਨੂੰ।  ਉਹ ਏਸ ਘਰ 'ਚ ਈ ਰ੍ਹੀਂਦੇ ਨੇ ਕਿ?"
''ਆਹੋ ਭਾਈ ਰਹਿੰਦਾ ਤਾਂ ਉਹ ਏਥੇ ਈ ਐ।  ਪਰ ਤੈਨੂੰ ਕੀ ਕੰਮ ਐ?"
ਦਿਆਕੁਰ ਨੇ ਜਦੋਂ ਉੱਚਾ ਲੰਮਾ ਓਪਰਾ ਬੰਦਾ ਦੇਖਿਆ ਤਾਂ ਉਹਦਾ ਮੱਥਾ ਠਣਕਿਆ।
"ਓ ਮਾਤਾ ਕੰਮ ਤਾਂ ਮਿੱਨੂੰ ਭਾਊ ਨਾਲ ਈ ਆ ਕਿ! ''ਕਹਿੰਦਿਆਂ ਛੇਤੀ ਛੇਤੀ ਉਹ ਚੁਬਾਰੇ ਦੀਆਂ ਪੌੜੀਆਂ ਚੜ੍ਹ ਗਿਆ।  ਬਸੰਤ ਵੀ ਕਿਸੇ ਓਪਰੇ ਬੰਦੇ ਦੀ ਪੈੜ-ਚਾਲ ਸੁਣ ਕੇ ਝੱਟ ਪੌੜੀਆਂ ਕੋਲ ਆ ਕੇ ਪੁੱਛਣ ਲੱਗੀ-
''ਤੁਸੀਂ ਭਾਈ ਕੌਣ ਓ? ਕੀਹਨੂੰ ਮਿਲਣੈ?"
''ਅਹਾਂ ਮਿਲਣਾ ਏ ਜੀ ਭਾਊ ਗੁਰਨੇਕ ਸੂੰ ਨੂੰ।  ਘਰ ਈ ਨੇ ਕਿ?'' ਸ਼ੰਗਾਰਾ ਸਿੰਘ ਏਨੇ ਵਿਚ ਚੁਬਾਰੇ ਅੰਦਰ ਪਹੁੰਚ ਗਿਆ।
''ਭਾਊ ਗੁਰਨੇਕ ਸੂੰ ਜੀ, ਸਾ-ਸਰੀ-ਕਾ-ਲ।  ਮੈਂ ਸ਼ੰਗਾਰਾ ਸੂੰ ਆਂ।  ਓ ਰਾਜ ਕੁਮਾਰ ਵਕੀਲ ਪਏ ਆਂਹਦੇ ਸਣ ਪਈ ਤੁਹਾਂ ਕੋਈ...।"
"ਬੈਠੋ ਬੈਠੋ ਕਰਦੇ ਆਂ ਗੱਲ।'' ਗੁਰਨੇਕ ਨੇ ਮੂੰਹ 'ਤੇ ਉਂਗਲ ਰੱਖ ਕੇ ਉਹਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ।  ਬਸੰਤ ਏਨੇ ਨੂੰ ਪਾਣੀ ਦਾ ਗਿਲਾਸ ਲੈ ਆਈ।  ਸ਼ੰਗਾਰਾ ਸਿੰਘ ਨੇ ਪਾਣੀ ਪੀਤਾ ਅਤੇ ਆਪਣੀਆਂ ਬਿੱਲੀਆਂ ਅੱਖਾਂ ਗੁਰਨੇਕ ਦੇ ਚਿਹਰੇ 'ਤੇ ਗੱਡ ਦਿੱਤੀਆਂ।  ਸੱਜੇ ਹੱਥ ਨਾਲ ਉਸਨੇ ਮੁੱਛਾਂ ਨੂੰ ਮਰੋੜੇ ਦੇਣੇ ਸ਼ੁਰੂ ਕਰ ਦਿੱਤੇ।
''ਤੁਸੀਂ ਐਂ ਕਰੋ ਅਸੀਂ ਪਰਸੋਂ ਰਾਜ ਕੁਮਾਰ ਦੇ ਦਫਤਰ ਮਿਲਦੇ ਐਂ ਸ਼ਾਮ ਨੂੰ।  ਸਾਰੀ ਗੱਲ ਬਾਤ ਓਥੇ ਈ ਕਰਾਂਗੇ।"
''ਚਲ ਭਾਊ ਠੀਕ ਇਆ।  ਜਿੱਤਰਾਂ ਤੁਹੀਂ ਠੀਕ ਸਮਝੋ ਕਿ।  ਪਰ ਮਈਥੋਂ ਬਿਨਾਂ ਤੁਹੀਂ ਗੱਲ ਕਿਧਰੇ ਹ੍ਹੋਅਰ ਨਾ ਕਰਿਆ ਜੇ।'' ਸ਼ੰਗਾਰਾ ਸਿੰਘ ਨੇ ਗੁਰਨੇਕ ਵੱਲ ਤਿੱਖੀ ਨਿਗਾ ਨਾਲ ਝਾਕਦਿਆਂ ਕਿਹਾ।
"ਹਾਂ-ਹਾਂ, ਪਰਸੋਂ, ਪਰਸੋਂ ਕਰਾਂਗੇ ਗੱਲ।"  ਗੁਰਨੇਕ ਦਾ ਇਸ਼ਾਰਾ ਸ਼ੁੰਗਾਰਾ ਸਿੰਘ ਵੱਲ ਚਲੇ ਜਾਣ ਦਾ ਸੀ।  ਸ਼ੰਗਾਰਾ ਸਿੰਘ ਫਤਹਿ ਬੁਲਾ ਕੇ ਚਲਾ ਗਿਆ।
"ਕੌਣ ਸੀ ਇਹ ਬੰਦਾ?'' ਬਸੰਤ ਨੇ ਥੋੜੀ ਖਿਝ ਜਿਹੀ ਨਾਲ ਪੁੱਛਿਆ।
"ਇਹ? ਇਹ ਤਾਂ ਕੋਈ ਨੀ ਐਵੇਂ ਈ ਸੀ।  ਓਹੀ, ਜਿਹੜੇ ਦੋਸਤ ਦੇ ਰਿਸ਼ਤੇ ਬਾਰੇ ਮੈਂ ਤੈਨੂੰ ਦੱਸਿਆ ਸੀ ਨਾ, ਓਧਰੋਂ ਜਿਉਂ ਸੀ ਕੋਈ?"
"ਰਿਸ਼ਤੇ ਰੁਸਤੇ ਕਰਾਉਂਦੇ ਕੁਸ਼ ਹੋਰ ਨਾ ਕਰ ਕੇ ਬਹਿ ਜਿਓ।  ਮੈਨੂੰ ਤਾਂ ਇਹ ਓਪਰੇ ਜੇ ਬੰਦੇ ਤੋਂ ਡਰ ਲਗਦਾ ਸੀ।"
"ਲੈ ਡਰਨ ਨੂੰ ਕੋਈ ਉਹ ਬੰਦੂਕ ਤਾਣੀ ਫਿਰਦਾ ਸੀ? ਡਰਨ ਆਲੀ ਇਹਦੇ 'ਚ ਕਿਹੜੀ ਗੱਲ ਐ? ਤੂੰ ਮਾੜੀ ਜੀ ਚਾਹ ਬਣਾ ਕੇ ਲਿਆ, ਮੈਂ ਆਪਣਾ ਕੰਮ ਨਬੇੜ ਲਵਾਂ।'' ਗੁਰਨੇਕ ਬਿਲਕੁਲ ਨਹੀਂ ਸੀ ਚਾਹੁੰਦਾ ਕਿ ਬਸੰਤ ਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਹੋ ਜਾਵੇ।  ਉਹ ਹਰ ਪਾਸਿਓਂ ਸਤਰਕ ਰਹਿਣਾ ਚਾਹੁੰਦਾ ਸੀ।  ਉਹਦੀ ਨਿੱਕੀ ਜਿਹੀ ਗਲਤੀ ਵੱਡੇ ਬਖੇੜੇ ਖੜੇ ਕਰ ਸਕਦੀ ਸੀ ਜਿਹਨਾਂ ਨੂੰ ਭੁਗਤਦਿਆਂ ਉਮਰਾਂ ਬੀਤ ਜਾਣੀਆਂ ਸਨ।

***

ਦੂਜੇ ਦਿਨ ਸਕੂਲੋਂ ਕੁਝ ਸਮਾਂ ਕੱਢ ਕੇ ਉਹ ਸਰਕਾਰੀ ਹਸਪਤਾਲ ਗਿਆ।  ਡਾਕਟਰ ਦੇ ਨੇੜੇ ਸਟੂਲ ਖਿੱਚ ਕੇ ਬੈਠਦਿਆਂ ਉਹਨੇ ਹੌਲੀ ਜਿਹੀ ਕਿਹਾ, ''ਡਾਕਟਰ ਸਾਹਬ ਨੇੜਲੇ ਪਿੰਡ ਇਕ ਮਾਈ ਬਹੁਤ ਸਖਤ ਬਿਮਾਰ ਐ ਜੇ ਅਸੀਂ ਏਥੇ ਲਿਆਈਏ ਤਾਂ ਇਲਾਜ ਹੋ ਸਕੇਗਾ?''
''ਕਿਉਂ ਨਹੀਂ, ਸਰਕਾਰੀ ਹਸਪਤਾਲ ਹੁੰਦੇ ਈ ਬਿਮਾਰਾਂ ਦਾ ਇਲਾਜ ਕਰਨ ਲਈ ਨੇ।  ਪਰ ਪਰੌਬਲਮ ਕੀ ਐ ਮਰੀਜ਼ ਨੂੰ?''
''ਜੀ ਬੱਸ ਐਂ ਸਮਝ ਲਓ ਬਈ ਮਾਈ ਦਾ ਆਖਰੀ ਟਾਈਮ ਈ ਐ।  ਹੈ ਉਹ ਔਖੀ ਬਹੁਤ।  ਜੇ ਹਸਪਤਾਲ ਵਿਚ...।''
''ਜਿਵੇਂ ਤੁਸੀਂ ਆਪ ਈ ਦੱਸ ਰਹੇ ਓ ਕਿ ਮਰੀਜ਼ ਬੜਾ ਸੀਰੀਅਸ ਹੈ ਤਾਂ ਉਹਨੂੰ ਦਾਖਲ ਕਰਾਉਣ ਦੀ ਕੀ ਲੋੜ ਐ? ਘਰੇ ਉਹਦੀ ਸੇਵਾ ਕਰੋ।''
''ਨਹੀਂ ਡਾ.ਸਾਹਬ ਮੇਰਾ ਮਤਲਬ ਐ ਕਿ ਜੇ ਕਿਸੇ ਦੀ ਜਾਨ ਔਖੀ ਹੋਵੇ, ਤਾਂ ਅਖੀਰਲੇ ਸਮੇਂ ਕੋਈ ਇਹੋ ਜਿਆ ਟੀਕਾ ਨਹੀਂ ਤੁਹਾਡੇ ਕੋਲ ਜਿਸ ਨਾਲ ਉਹਦੀ ਜਾਨ ਸੁਖਾਲੀ ਨਿਕਲ ਸਕੇ?''
''ਨਹੀਂ, ਨਹੀਂ, ਅਸੀਂ ਕੋਈ ਜਾਨ ਲੈਣ ਵਾਸਤੇ ਥੋੜੋ ਈ ਐਥੇ ਬੈਠੇ ਆਂ?''
"ਨਹੀਂ, ਡਾ. ਸਾਹਬ, ਤੁਸੀਂ ਮੇਰਾ ਮਤਲਬ ਨਹੀਂ ਸਮਝੇ ਮੇਰਾ ਮਤਲਬ ਇਹ ਐ ਬਈ ਜੰਮਣਾ-ਮਰਨਾ ਤਾਂ ਰੱਬ ਦੇ ਹੱਥ ਐ ਬੰਦਾ ਤਾਂ ਕੋਈ ਕੁਝ ਨਹੀਂ ਕਰ ਸਕਦਾ ਪਰ ਜੇ ਕੋਈ ਬੰਦਾ ਬਹੁਤ ਔਖਾ ਹੋਵੇ ਤਾਂ ਇਨਸਾਨੀਅਤ ਦੇ ਨਾਤੇ, ਜੇ ਉਹ ਆਪਣੇ ਆਖਰੀ ਸਮੇਂ ਸੌਖਾ ਤੁਰ ਜਾਵੇ ਤਾਂ ਇਸ ਵਿਚ ਮੋਈ ਮਾੜੀ ਗੱਲ ਤਾਂ ਨਹੀਂ।  ਮਰਨਾ ਤਾਂ ਇਕ ਦਿਨ ਸਭ ਨੇ ਈ ਐ।  ਨਾਲੇ ਫੇਰ ਤੁਹਾਡੀ ਸਰਕਾਰੀ ਫੀਸ ਤੋਂ ਇਲਾਵਾ ਤੁਹਾਡੀ ਹੋਰ ਵੀ ਸੇਵਾ ਅਸੀਂ ਕਰ ਦਿਆਂਗੇ।  ਊਂ ਵੀ ਮਾਈ ਦਾ ਸਾਕ ਸਬੰਧੀ ਕੋਈ ਹੈ ਨਹੀਂ।''
''ਦੇਖੋ ਜੀ ਕੰਮ ਤਾਂ ਇਹ ਬੜਾ ਮੁਸ਼ਕਲ ਹੈ।  ਪਰ ਜਿਵੇਂ ਤੁਸੀਂ ਦੱਸਿਐ, ਦੂਜੀ ਫੀਸ ਚਾਰ ਗੁਣਾ ਲੱਗੇਗੀ!''
"ਮਨਜ਼ੂਰ ਐ ਡਾ.ਸਾਹਬ।  ਪਰ ਮਰੀਜ਼ ਦੇ ਚਲਾਣਾ ਕਰਨ ਪਿੱਛੋਂ ਸਧਾਰਨ ਮੌਤ ਦਾ ਸਰਟੀਫਿਕੇਟ ਵੀ ਤੁਸੀਂ ਹਸਪਤਾਲ ਵਿਚੋਂ ਇਸ਼ੂ ਕਰਨ ਦਾ...।''
''ਜੇ ਮਰੀਜ਼ ਦੀ ਮੌਤ ਹਸਪਤਾਲ ਵਿਚ ਇਲਾਜ ਸਮੇਂ ਹੋ ਜਾਂਦੀ ਐ ਤਾਂ ਮੌਤ ਦਾ ਸਰਟੀਫਿਕੇਟ ਵੀ ਅਸੀਂ ਹੀ ਇਸ਼ੂ ਕਰਾਂਗੇ।''
''ਡਾ.ਸਾਹਬ ਹੋਰ ਕੋਈ ਪਰੌਬਲਮ ਤਾਂ ਨਹੀਂ ਆਏਗੀ ਨਾ?''
''ਨਾ-ਨਾ ਯੂ ਡੌਂਟ ਵਰੀ!''
''ਚੰਗਾ ਡਾ.ਸਾਹਬ ਤੁਹਾਡੀ ਬਹੁਤ ਮਿਹਰਬਾਨੀ।  ਜਿੰਨੀ ਛੇਤੀ ਹੋ ਸਕਿਆ ਅਸੀਂ ਮਰੀਜ਼ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਆਂ।''
ਗੁਰਨੇਕ ਖੁਸ਼ੀ ਦੇ ਰੌਂਅ ਵਿਚ ਸਕੂਲ ਨੂੰ ਮੁੜਦਿਆਂ ਆਪਣੀ ਅਗਲੀ ਸਕੀਮ ਬਾਰੇ ਸੋਚਣ ਲੱਗ ਪਿਆ ਜਿਹੜੀ ਪਹਿਲਾਂ ਹੀ ਉਹਨੇ ਆਪਣੇ ਦਿਮਾਗ਼ ਵਿਚ ਘੜ ਰੱਖੀ ਸੀ।  ਉਹ ਦੁਬਾਰਾ ਉਸ ਤੇ ਵਿਚਾਰ ਕਰ ਰਿਹਾ ਸੀ ਤਾਂ ਕਿ ਕਿਧਰੇ ਕੋਈ ਕਸਰ ਬਾਕੀ ਨਾ ਰਹਿ ਜਾਵੇ।  ਉਹ ਸਭ ਪਾਸਿਓਂ ਮੋਰੀਆਂ ਮੁੰਦ ਕੇ ਆਪਣੀ ਸਕੀਮ ਪੂਰੀ ਕਾਮਯਾਬੀ ਨਾਲ ਸਿਰੇ ਲਾਉਣਾ ਚਾਹੁੰਦਾ ਸੀ।  ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ!
ਅਗਲੇ ਦਿਨ ਸਵੇਰੇ ਸਵੇਰੇ ਉਹਨੇ ਸਕੂਲ ਜਾ ਕੇ ਆਪਣੇ ਦੋਸਤ ਮਾਸਟਰ ਬਲਵੰਤ ਸਿੰਘ ਨੂੰ ਇਕ ਪਾਸੇ ਲਿਜਾ ਕੇ ਸਮਝਾਇਆ ਕਿ ਉਹ ਇਕ ਘੰਟੇ ਲਈ ਜ਼ਰੂਰੀ ਕੰਮ ਜਾ ਰਿਹਾ ਹੈ।  ਉਹ ਸਿਰਫ ਉਸ ਦਾ ਇਕ ਪੀਰੀਅਡ ਲੈ ਲਵੇ।  ਹਾਜ਼ਰੀ ਉਹ ਲਾ ਹੀ ਚੁੱਕਾ ਸੀ।  ਬਲਵੰਤ ਸਿੰਘ ਨਾਲ ਹੱਥ ਮਿਲਾ ਕੇ ਉਹਨੇ ਆਪਣਾ ਸਾਇਕਲ ਸਿੱਧਾ ਪਿੰਡ ਵੱਲ ਭਜਾ ਲਿਆ।  ਬਿੰਦੇ-ਝੱਟੇ ਉਹ ਜੇਬ ਵਿਚ ਪਈ ਇਕ ਪੁੜੀ ਨੂੰ ਟੋਹ ਲੈਂਦਾ ਅਤੇ ਸਾਇਕਲ ਹੋਰ ਤੇਜ਼ ਚਲਾਉਣ ਲੱਗ ਜਾਂਦਾ।  ਅੱਧੇ ਕੁ ਘੰਟੇ ਪਿੱਛੋਂ ਉਹ ਮੁਖਤਿਆਰ ਦੇ ਘਰ ਜਾ ਵੱਜਿਆ।  ਬੇਬੇ ਗੁਰਨੇਕ ਨੂੰ ਦੇਖ ਕੇ ਬਾਗੋ ਬਾਗ ਹੋਈ ਪੁੱਛਣ ਲੱਗੀ-
"ਪੁੱਤ, ਅੱਜ ਤਾਂ ਭਾਗਾਂ ਆਲਾ ਦਿਨ ਚੜ੍ਹਿਐ ਜਿਹੜਾ ਤੂੰ ਸਵੇਰੇ ਸਵੇਰੇ ਈ ਆ ਗਿਆ।  ਹੋਰ ਸਭ ਸੁਖ-ਸਾਂਦ ਐ?''
''ਆਹੋ ਬੇਬੇ ਜੀ ਸਭ ਸੁਖ ਸਾਂਦ ਐ।  ਮੈਂ ਤਾਂ ਇਹ ਪਤਾ ਕਰਨ ਆਇਆ ਸੀ ਕਿ ਆਪਣੀ ਜ਼ਮੀਨ ਦੇ ਕੋਈ ਹੋਰ ਜੇ ਪੁਰਾਣੇ ਕਾਗ਼ਜ ਪੱਤਰ ਹੈ-ਗੇ ਐ ਤਾਂ ਉਹ ਵਕੀਲ ਕੋਲ ਜਮਾਂ ਕਰਾ ਦਿੰਨੇ ਐਂ।  ਘਰ 'ਚ ਪਏ ਕਿਤੇ ਐਧਰ ਓਧਰ ਹੋ ਜਾਂਦੇ ਹੁੰਦੇ ਐ।''
"ਆਹ੍ਹੋ ਪੁੱਤ ਹੈ ਤਾਂ ਸਹੀ।  ਮੁਖਤਿਆਰ ਦੇ ਬਾਪੂ ਨੇ ਬੰਨ੍ਹ ਕੇ ਰੱਖੇ ਤਾਂ ਸੀ।  ਇਕ ਤਾਂ ਮੇਰਾ ਚੇਤਾ ਵੀ ਹੁਣ ਐਹੋ ਜਿਆ ਈ ਐ।  ਦੇਖਦੀ ਆਂ ਮੈਂ।''
ਬੇਬੇ ਆਪਣਾ ਪੁਰਾਣਾ ਲਕੜ ਦਾ ਸੰਦੂਕ ਖੋਹਲ ਕੇ ਇਕ ਲਾਲ ਕਪੜੇ ਦੀ ਪੋਟਲੀ ਜਿਹੀ ਕੱਢ ਲਿਆਈ।
''ਆਹ ਦੇਖ ਪੁੱਤ, ਭਲਾ ਕੀ ਐ ਇਹਦੇ 'ਚ! ਮੈਨੂੰ ਤਾਂ ਲਗਦੈ ਏਸੇ 'ਚ ਈ ਹੋਊ ਕੋਈ ਕਾਗਤ ਜੇ ਹੋਇਆ ਤਾਂ।  ਖਵਨੀ ਭਾਈ ਤੇਰਾ ਦਿੱਤਾ ਕਾਗਤ ਵੀ ਮੈਂ ਏਸੇ ਪੋਟਲੀ 'ਚ ਬੰਨ੍ਹ 'ਤਾ ਸੀ।  ਕੀ ਕਰਾਂ ਅੱਗ ਲਗਣੇ ਚੇਤੇ ਨੂੰ! ਤੂੰ ਦੇਖ ਪੁੱਤ ਮੈਂ ਚਾਹ ਧਰ ਕੇ ਆਉਨੀ ਐਂ।''
ਗੁਰਨੇਕ ਨੇ ਪੋਟਲੀ ਖੋਹਲੀ ਤਾਂ ਉਸ ਵਿਚੋਂ ਖਸਤਾ ਜਿਹੇ ਹੋਏ ਕੁਝ ਕਾਗਜ਼ ਨਿਕਲੇ ਜਿਹਨਾਂ ਉੱਤੇ ਉਰਦੂ ਵਿਚ ਕੁਝ ਲਿਖਿਆ ਹੋਇਆ ਸੀ ਤੇ ਕੁਝ ਲਾਲ ਤੇ ਕਾਲੀਆਂ ਮੋਹਰਾਂ ਵੀ ਲੱਗੀਆਂ ਹੋਈਆਂ ਸਨ।  ਰਾਜ ਕੁਮਾਰ ਦੀ ਬਣਾਈ ਹੋਈ ਵਿੱਲ ਵੀ ਉਹਨਾਂ ਹੀ ਕਾਗਜ਼ਾਂ ਵਿਚ ਲਪੇਟੀ ਹੋਈ ਸੀ।  ਉਹਨੇ ਪੋਟਲੀ ਮੁੜ ਕੇ ਫੇਰ ਬੰਨ੍ਹ ਦਿੱਤੀ।
''ਲੈ ਪੁੱਤ ਚਾਹ ਪੀ ਲੈ।'' ਬੇਬੇ ਨੇ ਗੜਵੀ ਤੇ ਕੌਲੀ ਗੁਰਨੇਕ ਦੇ ਅੱਗੇ ਲਿਆ ਰੱਖੀ।
''ਤੇ ਬੇਬੇ ਜੀ ਥੋਡੀ ਚਾਹ?''
''ਮੈਂ ਵੀ ਲਿਆਉਨੀ ਆਂ ਭਾਈ, ਗਲਾਸ 'ਚ ਪਾ ਕੇ।''
ਬੇਬੇ ਆਪਣੀ ਚਾਹ ਵਾਲਾ ਗਲਾਸ ਰੱਖ ਕੇ ਰਸੋਈ ਵਿਚੋਂ ਮੱਠੀਆਂ ਲੈਣ ਚਲੀ ਗਈ।  ਏਨੇ ਵਿਚ ਗੁਰਨੇਕ ਨੇ ਆਪਣੀ ਜੇਬ ਵਿਚੋਂ ਪੁੜੀ ਕੱਢ ਕੇ ਗਲਾਸ ਵਿਚ ਥੋੜਾ ਜਿਆ ਕੁਝ ਪਾ ਦਿੱਤਾ ਅਤੇ ਹੱਥ ਨਾਲ ਗਲਾਸ ਨੂੰ ਚੰਗੀ ਤਰ੍ਹਾਂ ਘੁਮਾਇਆ ਤੇ ਗਲਾਸ ਮੁੜ ਕੇ ਉੱਥੇ ਹੀ ਰੱਖ ਦਿੱਤਾ।
''ਲੈ ਪੁੱਤ ਭੁੱਖ ਲੱਗੀ ਹੋਊ ਤੈਨੂੰ।  ਦੋ ਕ ਮੱਠੀਆਂ ਚਾਹ ਨਾਲ ਖਾ ਲੈ।  ਮੁਖਤਿਆਰ ਵੀ ਚਾਹ ਨਾਲ ਮੱਠੀਆਂ ਖਾਂਦਾ ਹੁੰਦਾ।'' ਬੇਬੇ ਦੀਆਂ ਅੱਖਾਂ ਛਲਕ ਪਈਆਂ।
''ਕੋਈ ਨਾ ਬੇਬੇ ਤੂੰ ਵੀ ਖਾ।  ਮੈਂ ਇਕ ਮੱਠੀ ਖਾਊਂ।''
ਗੁਰਨੇਕ ਚਾਹ ਪੀਂਦਿਆਂ ਬੇਬੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦਾ ਰਿਹਾ।  ਜਦੋਂ ਬੇਬੇ ਨੇ ਆਪਣੇ ਗਲਾਸ ਦੀ ਸਾਰੀ ਚਾਹ ਖਤਮ ਕੀਤੀ ਤਾਂ ਉਹਦੀ ਤਸੱਲੀ ਹੋ ਗਈ।
''ਚੰਗਾ ਬੇਬੇ ਇਹ ਕਾਗਜ਼ ਪੱਤਰ ਨੂੰ ਸਾਂਭ ਕੇ ਰੱਖ ਦੇ।  ਜੇ ਫੇਰ ਕਿਤੇ ਲੋੜ ਪਈ ਤਾਂ ਮੈਂ ਦੱਸੂੰ।''
''ਨਾ-ਨਾ, ਪੁੱਤ ਮੈਂ ਕੀ ਕਰਨੇ ਐ ਇਹ ਕਾਗਤ? ਤੂੰ ਈ ਲੈ ਜਾ ਇਹਨਾਂ ਨੂੰ ਆਵਦੇ ਨਾਲ।''
"ਨਹੀਂ ਬੇਬੇ ਅਜੇ ਨਹੀਂ, ਜੇ ਲੋੜ ਪਈ ਤਾਂ ਵਕੀਲ ਨੂੰ ਪੁੱਛ ਕੇ ਮੈਂ ਫੇਰ ਆ ਕੇ ਲੈ ਜੂੰ-ਗਾ।  ਤੂੰ ਫਿਕਰ ਨਾ ਕਰ।  ਨਾਲੇ ਇਹਨਾਂ ਕਾਗਜ਼ਾਂ ਦੀ ਗੱਲ ਹੋਰ ਕਿਸੇ ਨਾਲ ਨਾ ਕਰੀਂ।  ਜ਼ਮਾਨਾ ਅੱਜਕੱਲ ਠੀਕ ਨੀ।'' ਗੁਰਨੇਕ ਬੇਬੇ ਦਾ ਭਰੋਸਾ ਜਿੱਤਣਾ ਚਾਹੁੰਦਾ ਸੀ।  ਜੇ ਉਹ ਕਾਗਜ਼ ਲੈ ਵੀ ਜਾਵੇ ਤੇ ਬੇਬੇ ਕਿਸੇ ਕੋਲ ਦੱਸ ਬੈਠੇ ਤਾਂ ਗੱਲ ਫੈਲਣ ਦਾ ਖਤਰਾ  ਸੀ।
"ਚੰਗਾ ਪੁੱਤ ਤੇਰੀ ਮਰਜ਼ੀ ਐ ਫੇਰ ਲੈ ਜੀਂ। ਸਾਨੂੰ ਕੀ ਪਤੈ ਢੋਰਾਂ ਨੂੰ ਬਈ ਇਨਾਂ 'ਤੇ ਕੀ ਲਿਖਿਐ?''
''ਚੰਗਾ ਬੇਬੇ ਜੀ ਮੈਂ ਮੁੜਦੈਂ ਫੇਰ।'' ਗੁਰਨੇਕ ਨੇ ਸਾਇਕਲ 'ਤੇ ਲੱਤ ਦਿੱਤੀ ਅਤੇ ਆਪਣੇ ਅਗਲੇ ਪੀਰੀਅਡ ਵੇਲੇ ਆਪਣੇ ਸਕੂਲ ਪਹੁੰਚ ਗਿਆ।
ਕਲਾਸ ਨੂੰ ਪੜ੍ਹਾਉਣ ਵਿਚ ਸਾਰਾ ਦਿਨ ਉਹਦਾ ਮਨ ਨਾ ਲੱਗਾ।  ਉਸ ਨੂੰ ਦਿਨ ਢਲਣ ਦੀ ਬੇਸਬਰੀ ਨਾਲ ਉਡੀਕ ਸੀ।  ਦੁਪਹਿਰ ਪਿੱਛੋਂ ਸਕੂਲੋਂ ਆ ਕੇ ਉਹ ਰੋਟੀ ਖਾ ਕੇ ਮੰਜੇ 'ਤੇ ਪੈ ਗਿਆ।  ਮਨ ਬੇਚੈਨ ਸੀ।  ਉੱਸਲ-ਵੱਟੇ ਲੈਂਦਿਆਂ ਨੀਂਦ ਵੀ ਨਹੀਂ ਸੀ ਆ ਰਹੀ।  ਹਰ ਪਲ ਬੇਚੈਨੀ ਵਧਦੀ ਗਈ।  ਥੋੜੀਆਂ ਧੁੱਪਾਂ ਢੱਲਣ ਪਿੱਛੋਂ ਕਪੜੇ ਬਦਲ ਕੇ ਜਦੋਂ ਪੱਗ ਬੰਨ੍ਹਣ ਲੱਗਾ ਤਾਂ ਬਸੰਤ ਨੇ ਪੁੱਛਿਆ-
''ਐਨੇ ਸਵਖਤੇ ਤੁਸੀਂ ਕਿਥੇ ਜਾਣੈ?''
''ਜਾਣਾ ਤਾਂ ਕਿਤੇ ਨਹੀਂ।  ਬੱਸ ਰਾਧੂ ਦੀ ਦੁਕਾਨ ਤੋਂ ਹੋ ਕੇ ਆਥਣੇ ਸੈਰ ਕਰਕੇ ਮੁੜਿਆਊਂ।''
ਗੁਰਨੇਕ ਪਹਿਲਾਂ ਰਾਧੂ ਦੀ ਦੁਕਾਨ 'ਤੇ ਗਿਆ।  ਓਥੇ ਵੀ ਉਹਦਾ ਜੀ ਨਾ ਲੱਗਾ।  ਕੋਈ ਅੱਧੇ ਕੁ ਘੰਟੇ ਪਿੱਛੋਂ ਉਹਨੇ ਸਾਇਕਲ ਪਿੰਡ ਦੇ ਰਾਹ ਪਾ ਲਿਆ।  ਜਦੋਂ ਉਹਨੇ ਮੁਖਤਿਆਰ ਦੇ ਘਰੇ ਵਿਹੜੇ ਵਿਚ ਸਾਇਕਲ ਖੜ੍ਹਾ ਕੀਤਾ ਤਾਂ ਦੋ ਤਿੰਨ ਆਂਢਣਾ-ਗੁਆਂਢਣਾਂ ਮੁਖਤਿਆਰ ਦੀ ਬੇਬੇ ਦੇ ਮੰਜੇ ਕੋਲ ਬੈਠੀਆਂ ਉਹਨੂੰ ਪੱਖੀ ਝੱਲੀ ਜਾਂਦੀਆਂ ਸਨ।
''ਭਾਈ ਇਹਨੂੰ ਤਾਂ ਸਵੇਰ ਦੀਆਂ ਦੋਵੇਂ ਕਲਾਂ ਲੱਗੀਆਂ ਪਈਐ।  ਇਹਦੇ ਤਾਂ ਹੁਣ ਪਾਣੀ ਵੀ ਨੀ ਪਚਦਾ।'' ਇਕ ਬੁੜ੍ਹੀ ਬੋਲੀ।
ਏਨੇ ਨੂੰ ਉਹਨਾਂ ਦਾ ਗੁਆਂਢੀ ਬਿੱਕਰ ਸਿਉਂ ਵੀ ਆ ਗਿਆ।
''ਮੈਨੂੰ ਦੱਸੋ ਜੇ ਨੇੜੇ ਤੇੜੇ ਕੋਈ ਡਾਕਟਰ ਜਾਂ ਹਕੀਮ ਐ ਤਾਂ ਮੈਂ ਹੁਣੇ ਸੱਦ ਲਿਆਉਨਾ।'' ਗੁਰਨੇਕ ਨੇ ਫਿਕਰਮੰਦ ਹੋ ਕੇ ਕਿਹਾ।
''ਨਹੀਂ ਪੁੱਤ ਦੁਆਈ ਤਾਂ ਦੁਪਹਿਰੇ-ਜੇ ਲੰਮੇ ਹਕੀਮ ਤੋਂ ਲਿਆ ਕੇ ਦਿੱਤੀ ਸੀ, ਦੋ ਪੁੜੀਆਂ, ਪਰ ਉਹਨੇ ਤਾਂ ਕੋਈ ਅਸਰ ਨੀ ਕੀਤਾ।'' ਨੰਦੋ ਬੁੜੀ ਬੋਲੀ।''
''ਜੇ ਮੇਰੀ ਪੁੱਛਦੇ ਓਂ ਤਾਂ ਬੁੜ੍ਹੀ ਨੂੰ ਛਹਿਰ ਵੱਡੇ ਡਾਕਖਾਨੇ ਲੈ ਚੱਲੋ।'' ਬਿੱਕਰ ਸਿਉਂ ਨੇ ਸਲਾਹ ਦਿੱਤੀ।  ਗੁਰਨੇਕ ਅੰਦਰੋਂ ਖੁਸ਼ ਸੀ ਕਿ ਉਹਦੇ ਮਨ ਦੀ ਗੱਲ ਬਿੱਕਰ ਸਿਉਂ ਨੇ ਆਪ ਹੀ ਕਰ ਦਿੱਤੀ ਸੀ।
''ਪਰ ਜੇ ਆਪਾਂ ਨੂੰ ਵੱਡੇ ਹਸਪਤਾਲ ਲਜਾਣਾ ਵੀ ਪੈ ਗਿਆ ਤਾਂ ਬੇਬੇ ਨੂੰ ਲੈ ਕੇ ਕਿਵੇਂ ਜਾਵਾਂਗੇ?'' ਗੁਰਨੇਕ ਨੇ ਸਵਾਲ ਕੀਤਾ।
''ਲੈ।  ਲੈ ਕੇ ਕਿਵੇਂ ਜਾਣਾ ਸੀ।  ਜਿਮੇਂ ਦੂਜਿਆਂ ਨੂੰ ਅੱਜ ਤਾਈਂ ਲੈ ਕੇ ਜਾਂਦੇ ਸੀ ਉਮੇਂ ਬੁੜ੍ਹੀ ਨੂੰ ਲੈ ਜਾਮਾਂਗੇ।  ਮੈਨੂੰ ਤਾਂ ਬਾਈ ਐਂ ਲਗਦੈ ਬਈ ਆਪਾਂ ਨੂੰ ਜਮਾਂ ਨੀ ਅਟਕਣਾ ਚਾਹੀਂਦਾ, ਉੱਤੋਂ ਰਾਤ ਪੈਣ ਆਲੀ ਐ।  ਆਖੋਂ ਤਾਂ ਲ੍ਹਿਆਮਾ ਗੱਡਾ ਜੋੜ ਕੇ?'' ਬਿੱਕਰ ਸਿਉਂ ਨੇ ਸਿਆਣਿਆਂ ਵਾਂਗ ਸਲਾਹ ਦਿੰਦਿਆਂ ਕਿਹਾ।
''ਸਰਦਾਰ ਬਿੱਕਰ ਸਿਉਂ ਜੀ ਸਲਾਹ ਤਾਂ ਥੋਡੀ ਸਿਆਣੀ ਐ।  ਆਪਾਂ ਨੂੰ ਦੇਰ ਨਹੀਂ ਕਰਨੀ ਚਾਹੀਦੀ।  ਨਾਲ ਇਕ ਦੋ ਜ਼ਨਾਨੀਆਂ ਵੀ ਲੈ ਚੱਲਦੇ ਆਂ ਬੇਬੇ ਦੀ ਸੇਵਾ ਤੇ ਦੇਖ ਭਾਲ ਤਾਂ ਜ਼ਨਾਨੀਆਂ ਹੀ ਕਰ ਸਕਦੀਐਂ।  ਆਪਾਂ ਨੂੰ ਦੂਜੀ ਭੱਜ ਨੱਸ ਰਹੂ।'' ਗੁਰਨੇਕ ਦੀ ਗਲ ਸੁਣ ਕੇ ਬਿੱਕਰ ਹੌਂਸਲੇ 'ਚ ਹੋ ਗਿਆ ਤੇ ਆਪਣੇ ਘਰ ਗੱਡਾ ਲੈਣ ਚਲਾ ਗਿਆ।  ਥੋੜੇ ਚਿਰ ਪਿੱਛੋਂ ਬਿੱਕਰ ਸਿਓਂ ਨੇ ਬੂਹੇ ਵੜਦਿਆਂ ਕਿਹਾ।
"ਇਕ ਤਾਂ ਮੇਰੇ ਘਰੋਂ ਚੱਲੂ ਨਾਲ। ਤੇ ਹੋਰ...।''
''ਲੈ ਮੈਂ ਚਲਦੀ ਆਂ ਨਾਲ।'' ਨੰਦੋ ਬੁੜ੍ਹੀ ਵਿਚੋਂ ਟੋਕਦੀ ਬੋਲੀ।  ਬੇਬੇ ਬੇਸੁਰਤ ਜਿਹੀ ਹੋਈ ਮੰਜੇ 'ਚ ਪਈ ਸੀ।  ਉਹਦਾ ਮੰਜਾ ਚੱਕ ਕੇ ਦੋਹਾਂ ਜਣਿਆਂ ਨੇ ਗੱਡੇ 'ਤੇ ਧਰ ਲਿਆ।  ਦੋਏ ਬੁੜ੍ਹੀਆਂ ਵੀ ਗੱਡੇ ਵਿੱਚ ਬਹਿ ਗੱਈਆਂ।  ਗੁਰਨੇਕ ਨੇ ਪੈਦਲ ਤੁਰਦਿਆਂ ਆਪਣਾ ਸਾਇਕਲ ਗੱਡੇ ਦੇ ਨਾਲ ਨਾਲ ਰੋੜ੍ਹ ਲਿਆ।  ਥੋੜੀ ਦੂਰ ਜਾ ਕੇ ਉਹਨੇ ਬਿੱਕਰ ਸਿਓਂ ਨੂੰ ਕਿਹਾ ਕਿ ਉਹ ਛੇਤੀ ਛੇਤੀ ਅੱਗੇ ਜਾ ਕੇ ਹਸਪਤਾਲ ਉਹਨਾਂ ਦੇ ਆਉਣ ਤੋਂ ਪਹਿਲਾਂ ਡਾਕਟਰ ਨਾਲ ਗੱਲ ਕਰੇਗਾ ਅਤੇ ਬੇਬੇ ਦੀ ਹਾਲਤ ਬਾਰੇ ਉਸ ਨੂੰ ਪਹਿਲਾਂ ਹੀ ਸਾਰਾ ਕੁਝ ਦੱਸ ਦੇਵੇਗਾ ਤਾਂ ਕਿ ਕਿਸੇ ਤਰ੍ਹਾਂ ਦੀ ਦੇਰੀ ਨਾ ਹੋਵੇ।  ਇਹ ਵੀ ਹੋ ਸਕਦਾ ਸੀ ਕਿ ਡਾਕਟਰ ਕਿਧਰੇ ਏਧਰ ਓਧਰ ਗਿਆ ਹੋਵੇ ਤਾਂ ਉਹ ਉਹਨੂੰ ਲੱਭ ਕੇ ਬੁਲਾ ਲਿਆਵੇਗਾ।
ਗੁਰਨੇਕ ਨੇ ਹਸਪਤਾਲ ਪਹੁੰਚ ਕੇ ਡਾਕਟਰ ਚੋਪੜਾ ਦੇ ਕੁਆਰਟਰ ਦਾ ਬੂਹਾ ਜਾ ਖੜਕਾਇਆ।
''ਡਾ.ਸਾਹਬ ਘੰਟੇ ਕੁ ਤੱਕ ਉਹ ਮਰੀਜ਼ ਲੈ ਕੇ ਪਹੁੰਚਣਗੇ।  ਮੈਂ ਜ਼ਰਾ ਆਪਣੇ ਘਰ ਦੱਸ ਆਵਾਂ।  ਤੁਹਾਡੀ ਮਿਹਰਬਾਨੀ...।''
ਗੁਰਨੇਕ ਛੇਤੀ ਛੇਤੀ ਆਪਣੇ ਚੁਬਾਰੇ ਦੀਆਂ ਪੌੜੀਆਂ ਚੜ੍ਹ ਆਇਆ।  ਉਹਦਾ ਸਾਹ ਚੜ੍ਹਿਆ ਹੋਇਆ ਸੀ।  ਬਸੰਤ ਦੇ ਪੁੱਛਣ ਤੋਂ ਪਹਿਲਾਂ ਹੀ ਉਹਨੇ ਕਿਹਾ, ''ਮੁਖਤਿਆਰ ਦੀ ਬੇਬੇ ਦੀ ਤਬੀਅਤ ਬਹੁਤ ਖਰਾਬ ਐ।  ਪਿੰਡੋਂ ਉਹਨੂੰ ਕੁਝ ਲੋਕ ਗੱਡੇ 'ਤੇ ਲੈ ਕੇ ਵੱਡੇ ਸਰਕਾਰੀ ਹਸਪਤਾਲ ਪਹੁੰਚਣ ਵਾਲੇ ਈ ਐ।  ਮੈਂ ਛੇਤੀ ਰੋਟੀ ਖਾ ਕੇ ਹਸਪਤਾਲ ਪਹੁੰਚਣਾ ਚਾਹੁਨੈ।  ਹੋ ਸਕਦੈ ਓਥੇ ਮੈਨੂੰ ਰਾਤ ਵੀ ਰਹਿਣਾ ਪਵੇ।  ਤੂੰ ਫਿਕਰ ਨਾ ਕਰੀਂ।  ਨਿੱਕੀ ਦਾ ਖਿਆਲ ਰੱਖੀਂ।  ਜੇ ਡਰ ਲਗਦੈ ਤਾਂ ਹੇਠਾਂ ਜਾ ਕੇ ਸੌਂ ਰਹੀਂ।''
ਬਸੰਤ ਨੇ ਛੇਤੀ ਛੇਤੀ ਰੋਟੀ ਪਕਾਈ।  ਗੁਰਨੇਕ ਰੋਟੀ ਖਾਣ ਸਾਰ ਹਸਪਤਾਲ ਪਹੁੰਚ ਗਿਆ।  ਥੋੜੇ ਚਿਰ ਪਿੱਛੋਂ ਬੇਬੇ ਨੂੰ ਲੈ ਕੇ ਗੱਡਾ ਵੀ ਪਹੁੰਚ ਗਿਆ।  ਸਾਰਿਆਂ ਨੇ ਮਿਲ ਕੇ ਬੇਬੇ ਦਾ ਮੰਜਾ ਹਸਪਤਾਲ ਦੇ ਵਰਾਂਡੇ ਵਿਚ ਲਿਆ ਰੱਖਿਆ।  ਦੋ ਤਿੰਨ ਮੰਜਿਆਂ 'ਤੇ ਪਹਿਲਾਂ ਹੀ ਮਰੀਜ਼ ਵਰਾਂਡੇ ਵਿਚ ਪਏ ਸਨ।  ਉਹਨਾ ਮਰੀਜ਼ਾਂ ਦੇ ਨਾਲ ਆਏ ਬੰਦਿਆਂ ਨੇ ਵੀ ਮਦਦ ਕੀਤੀ।  ਗੁਰਨੇਕ ਭੱਜ ਕੇ ਡਾਕਟਰ ਨੂੰ ਸੱਦ ਲਿਆਇਆ।  ਡਾਕਟਰ ਨੇ ਆ ਕੇ ਬੇਬੇ ਦਾ ਮੁਆਇਨਾ ਕਰਦਿਆਂ ਖਾਸਾ ਚਿਰ ਲਾਇਆ।  ਅੱਖਾਂ ਦੀਆਂ ਪੁਤਲੀਆਂ ਖੋਲ੍ਹ ਕੇ ਬੈਟਰੀ ਦੀ ਰੋਸ਼ਨੀ ਨਾਲ ਅੱਖਾਂ ਦੇਖੀਆਂ, ਨਬਜ਼ ਦੇਖੀ, ਥਰਮਾਮੀਟਰ ਨਾਲ ਬੁਖਾਰ ਦੇਖਿਆ, ਸਟੈਥੋਸਕੋਪ ਨਾਲ ਛਾਤੀ ਅਤੇ ਪਿੱਠ ਦਾ ਚੈਕਅੱਪ ਕੀਤਾ।
''ਬੇਬੇ ਜੀ ਕੀ ਨਾਂ ਐ ਤੁਹਾਡਾ?'' ਡਾਕਟਰ ਨੇ ਉੱਚੀ ਆਵਾਜ਼ ਵਿਚ ਕਿਹਾ।
''ਹੂੰ...ਅ...।'' ਬੇਬੇ ਨੇ ਹੌਲੀ ਦੇਣੇ ਹੂੰਗਰ ਮਾਰੀ।
''ਏਸ ਮਰੀਜ਼ ਨਾਲ ਕੌਣ ਕੌਣ ਆਏ ਨੇ?'' ਡਾਕਟਰ ਨੇ ਪੁੱਛਿਆ।
''ਡਾ.ਸਾਹਬ ਇਹ ਬਿੱਕਰ ਸਿਉਂ ਐ ਤੇ ਮੈਂ ਤਾਂ ਤੁਹਾਨੂੰ ਪਹਿਲਾਂ ਮਿਲ ਹੀ ਚੁੱਕਾਂ।  ਬਾਕੀ ਦੋ ਮਾਈਆਂ ਨੇ ਨਾਲ।'' ਗੁਰਨੇਕ ਨੇ ਕਿਹਾ।
"ਤੁਸੀਂ ਦੋਵੇਂ ਮੇਰੇ ਨਾਲ ਆਓ।'' ਗੁਰਨੇਕ ਤੇ ਬਿੱਕਰ ਸਿੰਘ ਡਾਕਟਰ ਦੇ ਪਿੱਛੇ-ਪਿੱਛੇ ਕਮਰੇ ਵਿਚ ਪਹੁੰਚ ਗਏ।  ਡਾਕਟਰ ਨੇ ਕੁਰਸੀ ਤੇ ਬੈਠਦਿਆਂ ਉਹਨਾਂ ਨੂੰ  ਅੱਗੇ ਬੈਂਚ 'ਤੇ ਬੈਠਣ ਲਈ ਇਸ਼ਾਰਾ ਕੀਤਾ।
"ਮਰੀਜ਼ ਨੂੰ ਲਿਆਉਣ ਵਿਚ ਤੁਸੀਂ ਕਾਫੀ ਦੇਰ ਕਰ ਦਿੱਤੀ ਹੈ।  ਅਜ ਮਰੀਜ਼ ਨੇ ਕੀ ਕੁਝ ਖਾਧਾ ਪੀਤਾ ਸੀ?'' ਡਾਕਟਰ ਨੇ ਪੁੱਛਿਆ।
''ਮੈਨੂੰ ਤਾਂ ਦੁਪਹਿਰੇ ਜੇ ਕਿਤੇ ਮੇਰੀ ਘਰ ਆਲੀ ਨੇ ਈ ਦੱਸਿਆ ਸੀ ਬਈ ਬੇਬੇ ਦੇ ਢਿੱਡ 'ਚ ਤਾਂ ਸਵੇਰ ਦਾ ਕੁਸ਼ ਨੀ ਪਚਦਾ।  ਉਹਨੂੰ ਉਲਟੀਆਂ ਤੇ ਦਸਤ ਆਈ ਜਾਂਦੇ ਸੀਗੇ।  ਅਜ ਆਥਣੇ ਜੇ ਜਾਣਚੱਕ ਮਾਹਟਰ ਵੀ ਆ ਗਿਆ ਤੇ ਅਸੀਂ ਓਸੇ ਵੇਲੇ ਸਲਾਹ ਕਰਕੇ ਬੁੜ੍ਹੀ ਨੂੰ ਲੈ ਕੇ ਤੁਰ ਪੇ ਸੀ।''  ਬਿੱਕਰ ਸਿਉਂ ਨੇ ਦੋ ਟੁੱਕ ਗੱਲ ਕਰ ਦਿੱਤੀ।
"ਉਮਰ ਕਿੰਨੀ ਕੁ ਹੋਵੇਗੀ ਮਰੀਜ਼ ਦੀ?'' ਡਾਕਟਰ ਨੇ ਕਾਗਜ਼ 'ਤੇ ਕੁਝ ਲਿਖਦਿਆਂ ਪੁੱਛਿਆ।
''ਉਮਰ ਤਾਂ ਸਿਆਣੀ ਐ ਜੀ ਬੁੜ੍ਹੀ ਦੀ।  ਹੋਊਗੀ ਸੱਤਰਾਂ ਬਹੱਤਰਾਂ ਦੀ ਤਾਂ।'' ਬਿੱਕਰ ਸਿੰਘ ਨੇ ਜਵਾਬ ਦਿੱਤਾ।
''ਮਾਸਟਰ ਜੀ ਮੈਨੂੰ ਲਗਦਾ ਬਈ ਮਰੀਜ਼ ਦੀ ਬੌਡੀ ਫਲਯੂਡ ਲੂਜ਼ ਕਰ ਚੁੱਕੀ ਐ।  ਸਲਾਈਨ ਤਾਂ ਆਪਾਂ ਹੁਣੇ ਈ ਲਾ ਦਿਆਂਗੇ।  ਸਵੇਰ ਤਕ ਮਰੀਜ਼ ਨੂੰ ਓਬਜ਼ਰਵ ਕਰਾਂਗੇ।  ਹਾਲਤ ਕਾਫੀ ਸੀਰੀਅਸ ਲੱਗਦੀ ਹੈ।'' ਡਾਕਟਰ ਚੋਪੜਾ ਨੇ ਗੁਰਨੇਕ ਨਾਲ ਅੱਖਾਂ ਮਿਲਾਉਂਦਿਆਂ ਕਿਹਾ।
''ਡਾ.ਸਾਹਬ ਤੁਸੀਂ ਪੂਰੀ ਕੋਸ਼ਿਸ਼ ਕਰਕੇ ਕਿਸੇ ਤਰਾਂ ਸਾਡੀ ਬੇਬੇ ਨੂੰ ਠੀਕ ਕਰ ਦਿਓ।'' ਗੁਰਨੇਕ ਨੇ ਬਿੱਕਰ ਸਿੰਘ ਵੱਲ ਥੋੜਾ ਟੇਢਾ ਜਿਹਾ ਝਾਕਦਿਆਂ ਕਿਹਾ।
"ਦੇਖੋ ਜੀ ਕੋਸ਼ਿਸ਼ ਆਪਾਂ ਪੂਰੀ ਕਰਾਂਗੇ।  ਮੈਂ ਇਕ ਇੰਜੈਕਸ਼ਨ ਵੀ ਹੁਣੇ ਹੀ ਲੱਗਾ ਦਿੰਦਾ ਹਾਂ।  ਦੋ ਕੁ ਸੌ ਰੁਪਿਆ ਤੁਸੀਂ ਅਡਵਾਂਸ ਜਮਾਂ ਕਰਵਾ ਦਿਓ।'' ਗੁਰਨੇਕ ਨੇ ਥੋੜਾ ਚਿਰ ਬਿੱਕਰ ਵੱਲ ਦੇਖਿਆ।  ਉਹ ਨੀਵੀਂ ਪਾ ਕੇ ਬੈਠਾ ਰਿਹਾ।  ਫੇਰ ਗੁਰਨੇਕ ਨੇ ਆਪਣੀ ਜੇਬ ਵਿਚੋਂ ਸੌ-ਸੌ ਦੇ ਦੋ ਨੋਟ ਕੱਢ ਕੇ ਡਾਕਟਰ ਵੱਲ ਵਧਾਉਂਦਿਆਂ ਕਿਹਾ, ਡਾ.ਸਾਹਬ ਪੈਸੇ ਦੀ ਫਿਕਰ ਨਾ ਕਰੋ।  ਬੱਸ ਸਾਡੀ ਬੇਬੇ ਠੀਕ ਠਾਕ ਹੋ ਜਾਵੇ।''
ਡਾਕਟਰ ਨੇ ਆਪ ਦੂਜੇ ਕਮਰੇ ਵਿਚ ਜਾ ਕੇ ਇਕ ਬੋਤਲ ਲੋਹੇ ਦੇ ਸਟੈਂਡ ਦੀ ਹੁੱਕ 'ਤੇ ਉਲਟੀ ਕਰਕੇ ਟੰਗੀ ਤੇ ਉਸ ਵਿਚ ਸੂਈ ਨਾਲ ਲੰਮੀ ਨਾਲੀ ਲਾ ਕੇ ਗੁਰਨੇਕ ਨੂੰ ਮਦਦ ਕਰਨ ਲਈ ਕਿਹਾ।  ਸਟੈਂਡ ਬੇਬੇ ਦੇ ਮੰਜੇ ਕੋਲ ਰੱਖ ਕੇ ਡਾਕਟਰ ਨੇ ਬੇਬੇ ਦੀ ਬਾਂਹ ਵਿਚ ਨਾੜ ਲੱਭ ਕੇ ਸੂਈ ਖੁਭੋ ਕੇ ਸਲਾਈਨ ਦਾ ਫਲੋਅ ਠੀਕ ਠਾਕ ਕੀਤਾ ਤੇ ਕੋਲ ਬੈਠੀਆਂ ਤੀਵੀਆਂ ਨੂੰ ਕਿਹਾ, ''ਬੇਬੇ ਜੀ ਧਿਆਨ ਰੱਖਣਾ ਕਿ ਮਰੀਜ਼ ਬਾਂਹ ਨੂੰ ਹਲਾਵੇ ਨਾ।'' ਨੰਦੀ ਬੁੜ੍ਹੀ ਨੇ ਝੱਟ ਬੇਬੇ ਦੀ ਬਾਂਹ ਫੜ ਲਈ।  ਪਿੱਛੋਂ ਡਾਕਟਰ ਨੇ ਦੂਜੀ ਬਾਂਹ ਵਿਚ ਇਕ ਟੀਕਾ ਲਾ ਦਿੱਤਾ।
''ਚਲੋ ਰਾਤ ਬਹੁਤ ਹੋ ਚੁੱਕੀ ਐ।  ਹੁਣ ਮੈਂ ਆਰਾਮ ਕਰਦਾਂ।  ਜੇ ਰਾਤ ਨੂੰ ਬਹੁਤੀ ਕੋਈ ਤਕਲੀਫ ਹੋਵੇ ਤਾਂ ਮੈਨੂੰ ਦੱਸਣਾ।'' ਡਾਕਟਰ ਨੇ ਗੁਰਨੇਕ ਵੱਲ ਝਾਕਦਿਆਂ  ਕਿਹਾ।
ਡਾਕਟਰ ਆਪਣੇ ਕੁਆਰਟਰ ਵੱਲ ਤੁਰ ਪਿਆ।  ਪਿੱਛੋਂ ਗੁਰਨੇਕ ਨੇ ਬਿੱਕਰ ਸਿੰਘ ਤੇ ਬੁੜ੍ਹੀਆਂ ਵੱਲ ਦੇਖਦਿਆਂ ਉਹਨਾਂ ਨੂੰ ਕਿਹਾ-
''ਮੈਂ ਡਾ. ਸਾਹਬ ਨੂੰ ਛੱਡ ਕੇ ਹੁਣੇ ਆਇਆ।'' ਗੁਰਨੇਕ ਭੱਜ ਕੇ ਮਗਰੋਂ ਡਾਕਟਰ ਨਾਲ ਜਾ ਰਲਿਆ।
''ਡਾ.ਸਾਹਬ ਸਭ ਠੀਕ ਠਾਕ ਐ ਨਾ?''
"ਹਾਂ...ਹਾਂ।  ਬੱਸ ਜਿਵੇਂ ਆਪਣੀ ਗੱਲ ਹੋਈ ਸੀ।  ਮੈਂ ਇੰਜੈਕਸ਼ਨ ਲਾ ਦਿੱਤਾ ਹੈ।  ਸਵੇਰ ਤਕ ਵੇਟ ਕਰਾਂਗੇ।  ਤੁਸੀਂ ਮੇਰੀ ਦੂਜੀ ਫੀਸ ਦਾ ਇੰਤਜ਼ਾਮ ਹੁਣੇ ਕਰ ਦਿਓ।''
''ਆਹ ਲਓ ਜੀ ਮੈਂ ਤਾਂ ਪਹਿਲਾਂ ਹੀ ਲੈ ਕੇ ਆਇਆਂ।'' ਕਹਿੰਦਿਆਂ ਗੁਰਨੇਕ ਨੇ ਨੋਟਾਂ ਦੀ ਇਕ ਗੁੱਟੀ ਜਿਹੀ ਡਾਕਟਰ ਦੇ ਹੱਥ ਫੜਾਈ।  ਡਾਕਟਰ ਪੈਸੇ ਫੜ ਕੇ ਆਪਣੇ ਕੁਆਰਟਰ ਅੰਦਰ ਚਲਾ ਗਿਆ।
''ਕੀ ਕਹਿੰਦਾ ਸੀ ਡਾਕਦਾਰ?'' ਬਿੱਕਰ ਸਿੰਘ ਨੇ ਗੁਰਨੇਕ ਨੂੰ ਪੁੱਛਿਆ।
''ਕਹਿੰਦਾ ਸੀ ਬਈ ਮਰੀਜ਼ ਦੀ ਹਾਲਤ ਬਹੁਤੀ ਚੰਗੀ ਤਾਂ ਨਹੀਂ ਪਰ ਦੇਖੋ ਜੇ ਕੱਲ੍ਹ ਤੱਕ ਮੋੜਾ ਪੈ ਗਿਆ ਤਾਂ...।''
"ਨੀ, ਮੈਂ ਮਰ ਜਾਂ।  ਵੇ ਭਾਈ ਬੇਬੇ ਦੇ ਰਿਸ਼ਤੇਦਾਰਾਂ ਨੂੰ ਖਬਰ ਤਾਂ ਫੇਰ ਕਰਨੀ ਪਊ ਛੇਤੀ।'' ਬਿੱਕਰ ਸਿੰਘ ਦੀ ਘਰ ਵਾਲੀ ਨੇ ਕਿਹਾ।
''ਓ ਤੂੰ ਬਹਿ ਜਾ ਚੁੱਪ ਕਰਕੇ।  ਐਵੇਂ ਭਕਾਈ ਮਾਰੀ ਜਾਊ।  ਇਹਦੇ ਕਿਹੜੇ ਰਿਸ਼ਤੇਦਾਰ ਐ?'' ਬਿੱਕਰ ਸਿੰਘ ਝਈ ਲੈ ਕੇ ਪਿਆ।
ਚਾਰੇ ਜਣਿਆਂ ਨੇ ਵਾਰੀ ਵਾਰੀ ਬੇਬੇ ਦੇ ਸਰਹਾਣੇ ਬਹਿ ਕੇ ਰਾਤ ਕੱਟੀ।  ਗੁਰਨੇਕ ਦੋ ਕੁ ਵਾਰੀ ਹਸਪਤਾਲ ਦੇ ਸਾਹਮਣੇ ਖੋਖੇ ਤੋਂ ਨਿੱਕੇ ਨਿਕੇ ਗਲਾਸਾਂ ਵਿਚ ਚਾਹ ਵੀ ਲਿਆਇਆ।  ਜਦੋਂ ਸਵੇਰੇ ਹਨੇਰਾ ਘੱਟਣ ਲੱਗਿਆ ਤਾਂ ਬਿੱਕਰ ਸਿੰਘ ਆਖਣ ਲੱਗਾ, ''ਚੰਗਾ ਮੈਂ ਤਾਂ ਚਲਦੈਂ ਗੱਡਾ ਲੈ ਕੇ।  ਢਾਂਡੇ ਭੁੱਖੇ ਐ।''
''ਨਹੀਂ ਬਾਈ ਬਿੱਕਰ ਸਿਆਂ ਥੋੜਾ ਚਿਰ ਹੋਰ ਅਟਕ ਜਾ।'' ਗੁਰਨੇਕ ਨੇ ਬੇਬੇ ਵੱਲ ਦੇਖ ਕੇ ਕਿਹਾ।  ਬੇਬੇ ਨੂੰ ਉਸ ਵੇਲੇ ਸਾਹ ਔਖੇ ਆ ਰਹੇ ਸਨ।  ਨੰਦੋ ਬੁੜੀ ਨੇ ਬੇਬੇ ਦੀ ਹਾਲਤ ਦੇਖ ਕੇ, ਚੀਕ ਜਿਹੀ ਮਾਰਦਿਆਂ ਕਿਹਾ, ''ਵੇ ਪੁੱਤ ਮੈਨੂੰ ਤਾਂ ਲਗਦੈ ਬਈ ਹਾਲਤ ਤਾਂ ਹੋਰ ਵਿਗੜ'ਗੀ।  ਤੂੰ ਲਿਆ ਭਾਈ ਡਾਕਦਾਰ ਨੂੰ ਸੱਦ ਕੇ।''
ਗੁਰਨੇਕ ਡਾਕਟਰ ਨੂੰ ਬੁਲਾਉਣ ਚਲਾ ਗਿਆ।  ਥੋੜੇ ਚਿਰ ਪਿੱਛੋਂ ਡਾਕਟਰ ਨੇ ਆ ਕੇ ਫੇਰ ਚੈੱਕ-ਅਪ ਕੀਤਾ।  ਇਕ ਟੀਕਾ ਹੋਰ ਲਾਇਆ।  ਪਰ ਬੇਬੇ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਆਇਆ।  ਬੇਬੇ ਨੂੰ ਸਾਹ ਹੋਰ ਖਿੱਚ ਕੇ ਆਉਣ ਲੱਗ ਪਿਆ ਸੀ।  ਸਾਰੇ ਉਹਦੇ ਮੰਜੇ ਦੇ ਆਲੇ-ਦੁਆਲੇ ਖੜ੍ਹੇ ਸਨ।  ਦਿਨ ਚੜ੍ਹਦਿਆਂ ਹੀ ਪਿੰਡੋਂ ਦੋ ਚਾਰ ਆਦਮੀ ਤੇ ਔਰਤਾਂ ਹੋਰ ਵੀ ਪਹੁੰਚ ਗਏ ਸਨ।  ਹਰ ਕੋਈ ਏਧਰ ਓਧਰ ਹੋ ਕੇ ਇਕ ਦੂਜੇ ਤੋਂ ਬੇਬੇ ਦਾ ਹਾਲ ਪੁੱਛ ਰਿਹਾ ਸੀ।
''ਲੈ, ਕੱਲ੍ਹ ਸਵੇਰੇ ਤਾਂ ਚੰਗੀ ਭਲੀ ਸੀ ਬੇਬੇ, ਐਵੇਂ ਆਖੀਏ।  ਮੈਂ ਆਪ ਗੱਲਾਂ ਕੀਤੀਐਂ।'' ਵਿਚੋਂ ਕੋਈ ਆਖਦੀ।
"ਨੀਂ ਕਾਹਨੂੰ।  ਦੁਪਹਿਰ ਤਾਈਂ ਤਾਂ ਬੇਬੇ ਨੇ ਅੱਖਾਂ ਮੀਚ ਲੀਆਂ ਸੀ।  ਦੋ ਵਾਰੀ ਤਾਂ ਭਾਈ ਮੈਂ ਕਪੜੇ ਬਦਲੇ।  ਬੇਬੇ ਤਾਂ ਵਿਚੇ ਈ...ਕੋਈ ਸੁਰਤ ਨੀ ਸੀ।  ਕਲ੍ਹ ਦਾ ਇਕ ਦਾਣਾ ਕਿਹੜਾ ਗਿਐ ਬੇਬੇ ਦੇ ਢਿੱਡ 'ਚ।'' ਕੋਈ ਹੋਰ ਤੀਵੀਂ ਆਖਦੀ।
''ਕੁਸ਼ ਪਚੇ ਤਾਂ ਖਾਵੇ ਦੋਏ ਕਲਾਂ ਤਾਂ ਲੱਗੀਆਂ ਪਈਆਂ ਸੀ।''
''ਨਾ ਭਾਈ।  ਰੱਬ ਸੁੱਖ ਰੱਖੇ।  ਇਹਨੂੰ ਤਾਂ ਮੁਖਤਿਆਰੇ ਦਾ ਦੁੱਖ ਲੈ ਗਿਆ ਭੈਣੇ। 'ਕੱਲੀ ਤੀਵੀਂ ਦੀ ਕੋਈ ਜੂਨ ਹੁੰਦੀ ਐ? ਨਾ ਕੋਈ ਅੱਗੇ ਨਾ ਕੋਈ ਪਿੱਛੇ। ਮਰ ਤਾਂ ਭਾਈ ਇਹ ਓਦੇਂ ਈ ਗਈ ਸੀ ਜਿੱਦੇਂ ਮੁਖਤਿਆਰ ਪੂਰਾ ਹੋਇਐ। ਵਾਖਰੂ-ਵਾਖਰੂ!'' ਜਿੰਨੇ ਮੂੰਹ ਓਨੀਆਂ ਗੱਲਾਂ। ਗੁਰਨੇਕ ਦੇ ਕੰਨ ਸਭ ਦੀਆਂ ਗੱਲਾਂ ਵੱਲ ਸਨ। ਉਹ ਆਪਣੇ ਅੰਦਾਜ਼ੇ ਲਾ ਰਿਹਾ ਸੀ।
"ਨਾ ਬੀਰ ਭਲਾ ਹੋਵੇ ਆਹ ਨੇਕ ਮਾਹਟਰ ਦਾ। ਕਲ੍ਹ ਦਾ ਐਂ ਊਰੀ ਮੰਗੂ ਘੁਕਦਾ ਫਿਰਦੈ। ਇਹਦੀ ਇਕ ਲੱਤ ਡਾਕਦਾਰ ਕੋਲੇ ਇਕ ਐਥੇ।'' ਨੰਦੋ ਬੁੜ੍ਹੀ ਬੋਲੀ।
''ਬੂ-ਅ ਨੀ ਮੈਂ ਮਰ ਜਾਂ। ਪੁੱਤਾਂ ਪਿੱਟੀਓ ਦੇਖੋ ਤਾਂ ਸਹੀ, ਮੈਨੂੰ ਤਾਂ ਲਗਦੈ ਇਹਦੀ ਨਬਜ਼ ਈ ਹੈ ਨੀ।'' ਨੰਦੋ ਬੁੜੀ ਨੇ ਚੀਕ ਜਿਹੀ ਮਾਰਦਿਆਂ ਕਿਹਾ।
"ਮੈਂ ਹੁਣੇ ਲਿਆਇਆ ਡਾਕਟਰ ਨੂੰ ਸੱਦ ਕੇ।'' ਕਹਿ ਕੇ ਗੁਰਨੇਕ ਡਾਕਟਰ ਦੇ ਕਮਰੇ ਵੱਲ ਭੱਜ ਕੇ ਗਿਆ। ਡਾਕਟਰ ਨੇ ਆ ਕੇ ਨਬਜ ਦੇਖੀ, ਅੱਖਾਂ ਦੀਆਂ ਪੁਤਲੀਆਂ ਚੱਕ ਕੇ ਦੇਖੀਆਂ, ਫੇਰ ਨਬਜ਼ ਚੰਗੀ ਤਰ੍ਹਾਂ ਖਾਸਾ ਚਿਰ ਲਾ ਕੇ ਦੇਖੀ ਅਤੇ ਦੁਬਾਰਾ ਅੱਖਾਂ ਦੇਖੀਆਂ। ਅਖੀਰ ਡਾਕਟਰ ਨੇ ਸਭ ਵੱਲ ਝਾਕਦਿਆਂ ਬੇਬੇ ਦੀ ਚਾਦਰ ਖਿੱਚ ਕੇ ਉਸ ਨਾਲ ਉਹਦਾ ਮੂੰਹ ਢਕ ਦਿੱਤਾ। ਤੀਵੀਆਂ ਨੇ ਰੋਣਾ-ਪਿੱਟਣਾ ਸ਼ੁਰੂ ਕਰ ਦਿੱਤਾ। ਕਈ ਲੋਕ ਗੁਰਨੇਕ ਦੇ ਦੁਆਲੇ ਇਕੱਠੇ ਹੋ ਗਏ। ਗੁਰਨੇਕ ਨਾਲ ਦੋ ਕੁ ਬੰਦੇ ਫੇਰ ਡਾਕਟਰ ਦੇ ਕਮਰੇ ਵਿਚ ਗਏ। ਡਾਕਟਰ ਨੇ ਉਹਨਾਂ ਨੂੰ ਥੋੜ੍ਹਾ ਇੰਤਜ਼ਾਰ ਕਰਨ ਲਈ ਕਿਹਾ। ਲਾਸ਼ ਪੋਸਟਮਾਰਟਮ ਤੋਂ ਪਿੱਛੋਂ ਰਿਸ਼ਤੇਦਾਰਾਂ ਦੇ ਹਵਾਲੇ ਕੀਤੀ ਜਾਣੀ ਸੀ। ਪਸੋਟਮਾਰਟਮ ਦੀ ਕਾਰਵਾਈ ਘੰਟੇ ਕੁ ਵਿਚ ਪੂਰੀ ਕਰਵਾ ਕੇ ਗੁਰਨੇਕ ਨੇ ਡਾਕਟਰ ਕੋਲੋਂ ਡੈੱਥ ਸਰਟੀਫਿਕਕੇਟ ਲੈ ਕੇ ਜੇਬ ਵਿਚ ਪਾ ਲਿਆ। ਡਾਕਟਰ ਦੇ ਪੁੱਛਣ 'ਤੇ ਕਿ ਮਰੀਜ਼ ਦਾ ਰਿਸ਼ਤੇਦਾਰ ਕੌਣ ਐ ਤਾਂ ਗੁਰਨੇਕ ਨੇ ਪਿੰਡ ਵਾਲਿਆਂ ਨਾਲ ਸਲਾਹ ਕਰਕੇ ਕਿਹਾ ਕਿ ਮਰੀਜ਼ ਦਾ ਰਿਸ਼ਤੇਦਾਰ ਕੋਈ ਨਹੀਂ ਸੀ, ਉਹ ਆਪ ਹੀ ਉਸ ਦੇ ਪੁੱਤਰ ਦਾ ਨਜ਼ਦੀਕੀ ਦੋਸਤ ਹੈ ਅਤੇ ਉਸੇ ਨਾਤੇ ਉਹ ਦੀ ਮਾਂ ਨੂੰ ਆਪਣੀ ਮਾਂ ਸਮਝ ਕੇ ਉਹਦੀ ਲਾਸ਼ ਰੀਸੀਵ ਕਰੇਗਾ।  ਕਾਗਜ਼ੀ ਕਾਰਵਾਈ ਪੂਰੀ ਕਰ ਲਈ ਗਈ।  ਪਿੰਡ ਦੇ ਸਿਆਣੇ ਬੰਦੇ ਨਾਲ ਸਨ।
ਬੇਬੇ ਦਾ ਮੰਜਾ ਮੁੜ ਬਿੱਕਰ ਸਿੰਘ ਦੇ ਗੱਡੇ 'ਤੇ ਰੱਖ ਲਿਆ ਗਿਆ।  ਪਿੰਡ ਵਿਚ ਖਬਰ ਫੈਲਣ ਕਰਕੇ ਕਈ ਲੋਕ ਰਾਹ ਵਿਚ ਆਉਂਦੇ ਮਿਲੇ ਅਤੇ ਮੁੜ ਕੇ ਗੱਡੇ ਦੇ ਮਗਰ ਹੋ ਤੁਰੇ।  ਗੁਰਨੇਕ ਕੁਝ ਬੰਦਿਆਂ ਨੂੰ ਨਾਲ ਲੈ ਕੇ ਪਹਿਲਾਂ ਪਿੰਡ ਦੀ ਸ਼ਮਸ਼ਾਨ ਵਿਚ ਲਕੜਾਂ ਦਾ ਇੰਤਜ਼ਾਮ ਕਰਨ ਚਲਾ ਗਿਆ।  ਘਰ ਪਹੁੰਚ ਕੇ ਤੀਵੀਂਆਂ ਨੇ ਬੇਬੇ ਨੂੰ ਨੁਹਾਅ ਕੇ ਚਿੱਟੇ ਕਪੜੇ ਪਾਏ।  ਕਪੜੇ ਦਾ ਇੰਤਜ਼ਾਮ ਵੀ ਗੁਰਨੇਕ ਨੇ ਭੱਜ-ਨੱਸ ਕੇ ਕੀਤਾ।  ਦੁਪਹਿਰ ਪਿੱਛੋਂ ਬੇਬੇ ਦੀ ਆਖਰੀ ਯਾਤਰਾ ਸ਼ਮਸ਼ਾਨ ਵਿਚ ਪਹੁੰਚ ਗਈ।  ਗੁਰਨੇਕ ਨੇ ਪੁੱਤਰਾਂ ਵਾਂਗ ਘੜੀ ਭੰਨੀ ਤੇ ਲਾਂਬੂ ਲਾਉਣ ਦੀਆਂ ਰਸਮਾਂ ਪੂਰੀਆਂ ਕੀਤੀਆਂ।
''ਵਾਹ-ਬਈ-ਵਾਹ! ਯਾਰੀ ਹੋਵੇ ਤਾਂ ਇਹੋ ਜੀ।  ਮੁਖਤਿਆਰ ਦੇ ਮਰਨ ਪਿੱਛੋਂ ਵੀ ਨੇਕ ਮਾਹਟਰ ਹਰ ਦੂਜੇ ਤੀਜੇ ਬੇਬੇ ਦੀ ਖਬਰ ਲੈਂਦਾ ਰਿਹਾ।'' ਕੋਈ ਗੱਲ ਕਰਦਾ।
''ਬੇਬੇ ਨੇ ਕਿਸੇ ਕੋਲੋਂ ਇਕ ਦਿਨ ਕਿਹੜਾ ਸੇਵਾ ਕਰਾਈ ਐ।''
''ਸੰਤਾਂ ਵਾਲੀ ਮੌਤ ਗਈ ਐ ਭਾਈ ਬੇਬੇ ਤਾਂ।'' ਕੋਈ ਹੋਰ ਆਖਦਾ।
''ਲੈ ਨੇਕ ਮਾਹਟਰ ਈ ਤਾਂ ਕੱਲ ਆਪ ਆ ਕੇ ਬੇਬੇ ਨੂੰ ਲੈ ਕੇ ਗਿਐ ਹਸਪਤਾਲ।''
''ਅੱਛਾ?''
"ਤੇ ਹੋਰ ! ਕੱਲ੍ਹ ਦੀ ਇਹਨੇ ਪਾਣੀ ਦੀ ਘੁੱਟ ਕਿਹੜਾ ਪੀਤੀ ਐ।  ਐਨ ਇਕ ਟੰਗ 'ਤੇ ਖੜੈ ਕਲ੍ਹ ਦਾ।  ਤੇ ਹੁਣ ਦੇਖ ਲੈ ਰੋ-ਰੋ ਕੇ ਕਿਵੇਂ ਬੁਰਾ ਹਾਲ ਹੋਇਆ ਪਿਐ।''
"ਇਹ ਤਾਂ ਭਾਈ ਦੇਣੇ-ਲੈਣੇ ਦੇ ਸਰਬੰਧ ਹੁੰਦੇ ਐ।''
ਵਿਚੋਂ ਕੋਈ ਹੋਰ ਉੱਚੀ ਆਵਾਜ਼ ਨਾਲ ਕਹਿੰਦਾ-
''ਓ ਭਾਈ ਗੱਲ ਸੁਣੋ ਮੇਰੀ।  ਇਹ ਮੁੰਡੇ ਦੇ ਮੂੰਹ 'ਚ ਪਾਓ ਭੋਰਾ ਕੁਸ਼; ਹੋਰ ਕਿਧਰੇ ਆਪ ਈ ਬਮਾਰ ਨਾ ਹੋ ਜੇ।''
ਜਿੰਨੇ ਮੂੰਹ ਓਨੀਆਂ ਗੱਲਾਂ।
ਗੁਰਨੇਕ ਨੇ ਘਰ ਵਿਚ ਸਾਰੀਆਂ ਰਸਮਾਂ ਕੀਤੀਆਂ।  ਪਿੰਡ ਵਾਲਿਆਂ ਨੂੰ ਉਹਨੇ ਭੋਰਾ ਵੀ ਕਿਸੇ ਕਿਸਮ ਦਾ ਸ਼ੱਕ ਨਹੀਂ ਹੋਣ ਦਿੱਤਾ।  ਉਹਦੇ ਵਰਤਾਰੇ ਤੋਂ ਸਾਰੇ ਖੁਸ਼ ਸਨ।  ਕੁਝ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਉਹਨੇ ਫੁੱਲ ਵੀ ਆਪ ਚੁਗੇ ਅਤੇ ਉਸੇ ਦਿਨ ਹੀ ਕੀਰਤਪੁਰ ਪਰਵਾਹੁਣ ਵੀ ਚਲਾ ਗਿਆ।  ਜਿੰਨੇ ਦਿਨ ਸਧਾਰਨ ਪਾਠ ਰੱਖਿਆ ਰਿਹਾ ਉਹ ਆਏ ਗਏ ਦੀ ਪੂਰੀ ਸੇਵਾ ਕਰਦਾ ਰਿਹਾ।  ਆਏ ਗਏ ਨੂੰ ਚਾਹ-ਪਾਣੀ, ਰੋਟੀ-ਟੁੱਕ ਉਹ ਆਪ ਖੁਆਉਂਦਾ-ਪਿਆਉਂਦਾ।  ਪਿੰਡ ਦੇ ਲਾਗੀਆਂ ਨੂੰ ਉਹਨੇ ਪਹਿਲਾਂ ਈ ਚਾਰ ਪੈਸੇ ਦੇ ਕੇ ਖੁਸ਼ ਕਰ ਲਿਆ ਸੀ।  ਉਹ ਵੀ ਗੁਰਨੇਕ ਦੇ ਨਾਲ ਦਿਨ ਰਾਤ ਆਏ ਗਏ ਦੀ ਸੇਵਾ ਕਰਦੇ ਰਹੇ।  ਬਹੁਤੀ ਰਿਸ਼ਤੇਦਾਰੀ ਤਾਂ ਨਹੀਂ ਸੀ ਸੋ ਕਦੇ ਕੋਈ ਇਕੱਲਾ-ਦੁਕੱਲਾ ਆ ਜਾਂਦਾ।  ਗੁਰਨੇਕ ਦੇ ਕੰਨ ਹਮੇਸ਼ਾਂ ਚੁਕੰਨੇ ਰਹਿੰਦੇ ਤਾਂ ਕਿ ਜੇ ਕੋਈ ਏਧਰ ਓਧਰ ਦੀ ਗੱਲ ਉਸ ਨੂੰ ਸੁਣੇ ਵੀ ਤਾਂ ਉਹ ਪਹਿਲਾਂ ਹੀ ਉਸ ਦਾ 'ਪ੍ਰਬੰਧ' ਕਰ ਲਵੇ।  ਬੇਬੇ ਦੀ 'ਵਿਦਾਇਗੀ' ਗੁਰਨੇਕ ਨੇ 'ਸੁਖੀ-ਸਾਂਦੀ' ਕਰ ਦਿੱਤੀ।

No comments:

Post a Comment