Saturday 29 May 2010

ਲੋਕੁ ਕਹੈ ਦਰਵੇਸੁ :: ਬਾਰ੍ਹਵੀਂ ਕਿਸ਼ਤ...

ਲੋਕੁ ਕਹੈ ਦਰਵੇਸੁ :: ਬਾਰ੍ਹਵੀਂ ਕਿਸ਼ਤ...

 ਗੁਰਨੇਕ ਨੇ ਰਾਮ ਸਰਨ ਤੋਂ ਪੰਜ ਹਜ਼ਾਰ ਪੇਸ਼ਗੀ ਤਾਂ ਲੈ ਲਈ ਸੀ।  ਪਰ ਘਰ ਪਹੁੰਚ ਕੇ ਦਿੱਲੀ ਵਾਲੇ ਪਬਲਿਸ਼ਰਾਂ ਦੀ ਚਿੱਠੀ ਦੇਖੀ ਜਿਸ ਵਿਚ ਉਹਨਾਂ ਨੇ ਡਾ.ਗੁਰਭਜਨ ਸਿੰਘ ਹੋਰਾਂ ਦਾ ਜ਼ਿਕਰ ਵੀ ਕੀਤਾ ਸੀ ਜਿਹੜੇ ਓਥੇ ਉੱਚੀ ਪਦਵੀ ਤੇ ਐਜੂਕੇਸ਼ਨ ਮਨਿਸਟਰੀ ਵਿਚ ਬਿਰਾਜਮਾਨ ਸਨ ਅਤੇ ਕਿਤਾਬਾਂ ਦੇ ਇਨਾਮਾਂ ਵਾਲੀ ਕਮੇਟੀ ਦੇ ਚੇਅਰਮੈਨ ਵੀ ਸਨ।  ਗੁਰਨੇਕ ਨੇ ਸੋਚਣਾ ਸ਼ੁਰੂ ਕੀਤਾ ਤਾਂ ਜਿਹੜੀ ਕਿਤਾਬ ਦਾ ਖਰੜਾ ਰਾਮ ਸਰਨ ਨੂੰ ਭੇਜਣ ਲਈ ਤਿਆਰ ਕੀਤਾ ਸੀ ਉਹ ਉਸ ਨੇ ਦੂਜੇ ਦਿਨ ਦਿੱਲੀ ਭੇਜ ਦਿੱਤਾ।
ਫੇਰ ਹਫਤਾ ਕੁ ਲਾ ਕੇ ਉਹਨੇ ਆਪਣੀਆਂ ਏਧਰ ਓਧਰ ਰੱਖੀਆਂ ਅੱਧੀਆਂ ਤੇ ਪੂਰੀਆ ਕਵਿਤਾਵਾਂ ਇਕੱਠੀਆਂ ਕੀਤੀਆਂ।  ਕੁਝ ਕਵਿਤਾਵਾਂ ਜਿਹੜੀਆਂ ਆਮ ਜਿਹੇ ਪਰਚਿਆਂ ਵਿਚ ਛਪੀਆਂ ਸਨ, ਪਰ ਉਹਨਾਂ ਨੂੰ ਉਹ ਬਹੁਤ ਠੀਕ ਨਹੀਂ ਸੀ ਸਮਝਦਾ ਜਾਂ ਠੀਕ-ਠੀਕ ਹੀ ਸਨ, ਇਕੱਠੀਆਂ ਕੀਤੀਆਂ।  ਕਈਆਂ ਨੂੰ ਪੂਰਾ ਕੀਤਾ।  ਇੰਜ ਉਸ ਨੇ ਇਕ ਕਿਤਾਬ ਦਾ ਮੈਟਰ ਇਕੱਠਾ ਕਰ ਲਿਆ ਅਤੇ ਅਗਲੇ ਹਫਤੇ ਉਹਨੂੰ ਇਕ ਨਵੇਂ ਖਰੜੇ ਦੀ ਸ਼ਕਲ ਵਿਚ ਤਿਆਰ ਕੀਤਾ।  ਇਹ ਚੌਥੀ ਕਿਤਾਬ ਦਾ ਖਰੜਾ ਉਹਨੇ ਰਾਮ ਸਰਨ ਨੂੰ ਭੇਜ ਦਿੱਤਾ।
ਉਹਨੇ ਦਿੱਲੀ ਭੇਜੀ ਕਿਤਾਬ ਤੇ ਆਪਣੇ ਵੱਲੋਂ ਬਹੁਤ ਮਿਹਨਤ ਕੀਤੀ ਸੀ ਅਤੇ ਉਹ ਸਥਿਤੀ ਦਾ ਪੂਰਾ ਫਾਇਦਾ ਉਠਾਉਣ ਲਈ ਅਗੇ ਸੋਚਣ ਲੱਗ ਪਿਆ ਸੀ।  ਉਹਨੇ ਆਪਣੇ ਇਕ ਸੁਹਿਰਦ ਪਾਠਕ ਗੁਰਮੀਤ ਸਿੰਘ ਜਿਹੜਾ ਦਿੱਲੀ ਦੇ ਇਕ ਸਕੂਲ ਵਿਚ ਪੰਜਾਬੀ ਪੜ੍ਹਾਉਂਦਾ ਸੀ ਅਤੇ ਉਸ ਨਾਲ ਚਿੱਠੀ ਪੱਤਰੀ ਵੀ ਕਰਦਾ ਰਹਿੰਦਾ ਸੀ, ਨੂੰ ਇਕ ਚਿੱਠੀ ਲਿਖ ਕੇ ਡਾ.ਗੁਰਭਜਨ ਸਿੰਘ ਹੇਰਾਂ ਬਾਰੇ ਜਾਣਕਾਰੀ ਭੇਜਣ ਲਈ ਕਿਹਾ।  ਗੁਰਮੀਤ ਸਿੰਘ ਦੇ ਜਵਾਬ ਅਨੁਸਾਰ ਡਾ.ਗੁਰਭਜਨ ਸਿੰਘ ਵਿਦਿਅਕ ਮੰਤਰਾਲੇ ਵਿਚ ਨਿਰਦੇਸ਼ਕ ਸਨ।  ਉਹਨਾਂ ਦੀ ਬੜੀ ਇੱਜ਼ਤ ਸੀ ਅਤੇ ਇਕ ਉੱਘੀ ਹਸਤੀ ਵਜੋਂ ਦਿੱਲੀ ਵਿਚ ਜਾਣੇ ਜਾਂਦੇ ਸਨ।
ਗੁਰਨੇਕ ਨੇ ਦਿੱਲੀ ਵਾਲੇ ਪਬਲਿਸ਼ਰਾਂ ਨੂੰ ਲਗਾਤਾਰ ਚਿੱਠੀਆਂ ਲਿਖ ਲਿਖ ਕੇ ਅਤੇ ਉਹਨਾਂ ਦੇ ਕਹਿਣ ਅਨੁਸਾਰ ਡਾ. ਗੁਰ²ਭਜਨ ਸਿੰਘ ਤਕ ਪਹੁੰਚ ਬਨਾਉਣ ਲਈ ਉਹਨਾਂ ਨੂੰ ਬੇਨਤੀਆਂ ਕਰਦਾ ਰਿਹਾ।  ਮਹੀਨੇ ਕੁ ਪਿੱਛੋਂ ਹੀ ਕਿਤਾਬ ਦੇ ਪਰੂਫ ਪਹੁੰਚ ਗਏ ਜਿਹੜੇ ਉਹਨੇ ਦੋ ਤਿੰਨ ਦਿਨਾਂ ਵਿਚ ਹੀ ਪੜ੍ਹ ਕੇ ਅਤੇ ਠੀਕ ਕਰਕੇ ਮੋੜ ਦਿੱਤੇ।  ਨਾਲ ਦੀ ਨਾਲ ਹੀ ਕਿਤਾਬ ਦੀ ਛਪਾਈ ਛੇਤੀ ਤੋਂ ਛੇਤੀ ਪੂਰੀ ਕਰਨ ਲਈ ਚਿੱਠੀਆਂ ਲਿਖਣੀਆਂ ਜਾਰੀ ਰੱਖੀਆਂ। ਪਬਲਿਸ਼ਰਾਂ ਨੇ ਤਸੱਲੀ ਦੁਆਈ ਕਿ ਛਪਣ ਸਾਰ ਹੀ ਕਿਤਾਬ ਦੀ ਇਕ ਕਾਪੀ ਉਹ ਡਾ. ਗੁਰਭਜਨ ਕੋਲ ਪਹੁੰਚਾ ਦੇਣਗੇ ਅਤੇ ਪੱਚੀ ਕਾਪੀਆਂ ਉਹਨੂੰ ਵੀ ਪਾਰਸਲ ਕਰ ਦੇਣਗੇ।
ਦੂਜੇ ਮਹੀਨੇ ਕਿਤਾਬ ਦੀਆਂ ਪੱਚੀ ਕਾਪੀਆਂ ਉਸ ਕੋਲ ਪਹੁੰਚ ਵੀ ਗਈਆਂ।  ਹੁਣ ਉਹ ਦਿੱਲੀ ਜਾਣ ਬਾਰੇ ਸੋਚਣ ਲੱਗਾ।  ਸਕੂਲੋਂ ਛੁੱਟੀ ਲੈ ਕੇ ਉਹ ਦਿੱਲੀ ਪਹੁੰਚ ਗਿਆ।  ਗੁਰਮੀਤ ਸਿੰਘ ਉਸ ਨੂੰ ਦਿੱਲੀ ਸਟੇਸ਼ਨ ਤੋਂ ਪੰਜਾਬੀ ਬਾਗ ਆਪਣੇ ਘਰ ਲੈ ਆਇਆ।  ਘਰ ਵਿਚ ਉਸਦੇ ਦੋ ਛੋਟੇ ਬੱਚੇ ਸਨ।  ਉਸ ਦੀ ਪਤਨੀ ਨੇ ਚੰਗਾ ਚਾਹ ਪਾਣੀ ਪਿਆਇਆ ਤੇ ਖਾਣਾ ਪਰੋਸਿਆ।  ਗੁਰਨੇਕ ਨੇ ਆਪਣੇ ਸੁਭਾਅ ਅਨੁਸਾਰ ਨਾ ਬੱਚਿਆਂ ਨੂੰ ਪਿਆਰ ਕੀਤਾ ਤੇ ਨਾ ਹੀ ਗੁਰਮੀਤ ਦੀ ਪਤਨੀ ਨਾਲ ਕੋਈ ਗੱਲ ਸਾਂਝੀ ਕੀਤੀ।  ਗੁਰਮੀਤ ਨੂੰ ਵੀ ਭਾਵੇਂ ਕੁਝ ਚੰਗਾ ਨਾ ਲੱਗਾ ਪਰ ਉਹ ਏਸ ਗੱਲ ਵਿਚ ਹੀ ਖੁਸ਼ ਸੀ ਕਿ ਪੰਜਾਬ ਦੇ ਉੱਘੇ ਕਵੀ ਨੇ ਉਹਦੇ ਘਰ ਚਰਨ ਪਾਏ ਹਨ।  ਗੁਰਨੇਕ ਨੇ ਗੁਰਮੀਤ ਨਾਲ ਨੇੜਤਾ ਦਿਖਾਉਂਦਿਆਂ ਉਸ ਨਾਲ ਸਲਾਹ ਕੀਤੀ ਕਿ ਦਿੱਲੀ ਦੇ ਉੱਘੇ ਸਾਹਿਤਕਾਰਾਂ ਨੂੰ ਮਿਲਣ ਪਿੱਛੋਂ ਡਾ. ਗੁਰਭਜਨ ਸਿੰਘ ਨੂੰ ਮਿਲਿਆ ਜਾਵੇ।  ਗੁਰਮੀਤ ਨੇ ਸਤਿਕਾਰ ਵਜੋਂ ਦੋ ਦਿਨ ਦੀ ਛੁੱਟੀ ਲੈ ਲਈ ਅਤੇ ਉਹ ਗੁਰਨੇਕ ਨੂੰ ਇਕ ਥਾਂ ਤੋਂ ਦੂਜੀ ਥਾਂ ਆਪਣੇ ਸਕੂਟਰ 'ਤੇ ਇਕ ਤੋਂ ਦੂਜੇ ਸਾਹਿਤਕਾਰਾਂ ਨਾਲ ਮਿਲਾਉਣ ਲਈ ਬੜੇ ਚਾਅ ਨਾਲ ਭੱਜਿਆ ਫਿਰਦਾ ਰਿਹਾ।  ਲਗਭਗ ਸਾਰੇ ਸਾਹਿਤਕਾਰਾਂ ਨਾਲ ਉਹਦਾ ਚਿੱਠੀ-ਪੱਤਰ ਤਾਂ ਪਹਿਲਾਂ ਤੋਂ ਹੀ ਸੀ ਪਰ ਕਈਆਂ ਨੂੰ ਪਹਿਲੀ ਵਾਰੀ ਮਿਲਣਾ ਸੀ।  ਗੁਰਮੀਤ ਇਕ ਹੋਰ ਗੱਲੋਂ ਵੀ ਖੁਸ਼ ਸੀ ਕਿ ਉਹ ਗੁਰਨੇਕ ਕਰਕੇ ਹੀ ਉੱਘੀਆਂ ਸਾਹਿਤਕ ਹਸਤੀਆਂ ਨੂੰ ਮਿਲ ਰਿਹਾ ਸੀ ਅਗੋਂ ਲਈ ਜਾਣ ਪਛਾਣ ਹੋ ਰਹੀ ਸੀ।
ਗੁਰਨੇਕ ਨੇ ਹਰ ਇਕ ਕੋਲ ਆਪਣੀ ਗੰਭੀਰ ਬਿਮਾਰੀ ਦੀ ਸਮੱਸਿਆ ਦਾ ਪੂਰੀ ਤਰ੍ਹਾਂ ਖੁਲਾਸਾ ਕੀਤਾ ਅਤੇ ਸਭ ਦੀ ਹਮਦਰਦੀ ਹਾਸਲ ਕੀਤੀ।  ਕਈਆਂ ਨੇ ਦੇਖਦਿਆਂ ਸਾਰ ਹੀ ਉਹਦੀ ਬਿਮਾਰੀ ਬਾਰੇ ਪੁੱਛਿਆ।  ਉਹਨੇ ਸਭ ਨੂੰ ਆਪਣੀ ਕਿਤਾਬ ਦੀ ਇਕ ਕਾਪੀ ਵੀ ਦਿੱਤੀ।  ਸਭ ਨੇ ਕਿਤਾਬ ਪੜ੍ਹਨ ਪਿੱਛੋਂ ਆਪਣੀ ਰਾਏ ਭੇਜਣ ਲਈ ਵਾਅਦੇ ਕੀਤੇ।
ਡਾ. ਗੁਰਭਜਨ ਸਿੰਘ ਹੋਰਾਂ ਨਾਲ ਉਹਨੇ ਟੈਲੀਫੋਨ 'ਤੇ ਜਦੋਂ ਪਹਿਲੇ ਦਿਨ ਪਹਿਲੀ ਵਾਰੀ ਗੱਲ ਕੀਤੀ ਅਤੇ ਆਪਣਾ ਨਾਂ ਦੱਸਿਆਂ ਤਾਂ ਉਹਨਾਂ ਨੇ ਝੱਟ ਅੱਗੋਂ ਕਿਹਾ ਕਿ ਅੱਛਾ ਤੁਸੀਂ ਉਹ 'ਕਾਂਟੇ' ਵਾਲੇ ਕਵੀ ਓ? ਗੁਰਨੇਕ ਨੂੰ ਬੜੀ ਖੁਸ਼ੀ ਹੋਈ ਸੀ।  ਡਾ.ਸਾਹਬ ਨੇ ਆਪਣੀ ਡਾਇਰੀ ਦੇਖ ਕੇ ਉਸੇ ਦਿਨ ਹੀ ਸ਼ਾਮ ਨੂੰ ਉਹਨਾਂ ਦੀ ਕੋਠੀ ਆਉਣ ਲਈ ਸੱਦਾ ਦਿੱਤਾ।  ਗੁਰਨੇਕ ਨੂੰ ਉਮੀਦ ਨਹੀਂ ਸੀ ਕਿ ਏਨੇ ਵੱਡੇ ਰੁਤਬੇ ਵਾਲਾ ਬੰਦਾ ਉਸ ਨੂੰ ਮਿਲਣ ਲਈ ਏਨੀ ਛੇਤੀ ਹਾਂ ਕਰ ਦੇਵੇਗਾ।  ਸ਼ਾਮ ਨੂੰ ਗੁਰਮੀਤ ਨੇ ਉਸ ਨੂੰ ਉਹਨਾਂ ਦੀ ਕੋਠੀ ਪਹੁੰਚਾ ਦਿੱਤਾ।  ਗੁਰਨੇਕ ਨੇ ਗੁਰਮੀਤ ਨੂੰ ਪਹਿਲਾਂ ਹੀ ਸਮਝਾ ਦਿੱਤਾ ਸੀ ਕਿ ਉਹ ਘੰਟੇ ਕੁ ਪਿੱਛੋਂ ਉਸ ਨੂੰ ਘਰ ਲਿਜਾਣ ਲਈ ਮੁੜ ਕੇ ਆ ਜਾਵੇ।
ਡਾ.ਗੁਰਭਜਨ ਸਿੰਘ ਇਕ ਵਿਲੱਖਣ ਸਖਸ਼ੀਅਤ ਸੀ।  ਉਹ ਸਰਕਾਰੀ ਨੌਕਰੀ ਵਿਚ ਬੜੀ ਉੱਚੀ ਪਦਵੀ ਤੇ ਪਹੁੰਚ ਗਿਆ ਸੀ।  ਬੜੀ ਤੇਜ਼ ਸੋਚ ਦਾ ਮਾਲਕ ਸੀ।  ਵਜ਼ਾਰਤ ਕਿਸੇ ਵੀ ਪਾਰਟੀ ਦੀ ਹੋਵੇ ਅਤੇ ਵਜ਼ੀਰ ਕੋਈ ਵੀ ਹੋਵੇ ਉਹ ਬੜੇ ਸਹਿਜੇ ਹੀ ਸੁਖਾਵੇਂ ਸੰਪਰਕ ਨਾਲ ਨੇੜਤਾ ਪੈਦਾ ਕਰ ਲੈਂਦਾ ਸੀ ਅਤੇ ਸਭ ਦਾ ਵਿਸ਼ਵਾਸ ਜਿੱਤ ਲੈਂਦਾ ਸੀ।  ਗੱਲ ਕਹਿਣ ਦਾ ਉਸ ਦਾ ਆਪਣਾ ਹੀ ਅੰਦਾਜ਼ ਸੀ।  ਬੜੇ ਮਿੱਠੇ ਸ਼ਬਦਾਂ ਵਿਚ ਕੌੜੀ ਤੋਂ ਕੌੜੀ ਗੱਲ ਵੀ ਇੰਜ ਕਹਿ ਸਕਦਾ ਕਿ ਸੁਨਣ ਵਾਲੇ ਕੀਲੇ ਜਾਂਦੇ।
ਹਮੇਸ਼ਾ ਕਲੀਆਂ ਵਾਲਾ ਕਲਫ਼ ਲੱਗਿਆ ਕੁੜਤਾ ਤੇ ਰੇਬ ਪਜਾਮਾ ਪਾ ਕੇ ਰਖਦਾ ਸੀ।  ਜੁੱਤੀ ਸੁੱਚੇ ਤਿੱਲੇ ਨਾਲ ਕੱਢੀ ਹੋਈ ਨੋਕਾਂ ਵਾਲੀ ਪਾਉਂਦਾ ਤੇ ਚਿੱਟੀ ਪੋਚਵੀਂ ਪੱਗ ਬੰਨ੍ਹ ਕੇ ਰਖਦਾ।  ਉੱਚਾ ਲੰਮਾ ਕੱਦ, ਗੋਰਾ ਰੰਗ, ਨੈਣ ਨਕਸ਼ ਤਿੱਖੇ।  ਸੁਨਹਿਰੀ ਐਨਕਾਂ ਪਿੱਛੇ ਹਸੂੰ-ਹਸੂੰ ਕਰਦੀਆਂ ਅੱਖਾਂ।  ਲੰਮਾ ਤੇ ਖੁਲ੍ਹਾ ਚਿੱਟਾ ਦਾਹੜਾ ਉਸ ਦੀ ਸਖਸ਼ੀਅਤ ਦਾ ਸੁਹਣਾ ਤੇ ਖਾਸ ਹਿੱਸਾ ਸਨ।  ਹਸਦਿਆਂ ਚਿੱਟੇ ਦੰਦ, ਚਾਰੇ ਪਾਸੇ ਫੈਲੀ ਚਿਹਰੇ ਦੀ ਆਭਾ ਵਿਚ ਮੋਤੀਆਂ ਵਾਂਗ ਚਮਕਦੇ।  ਜਦੋਂ ਵੀ ਕਿਸੇ ਨਾਲ ਖਾਸ ਕੰਮ ਦੀ ਗੱਲ ਕਰਨੀ ਹੁੰਦੀ ਤਾਂ ਉਹ ਉਸ ਨੂੰ ਆਪਣੀ ਕੋਠੀ ਆਉਣ ਦਾ ਸੱਦਾ ਦਿੰਦਾ ਅਤੇ ਮਹਿਮਾਨ ਦੀ ਖਾਸ ਖਾਤਰ ਕਰਦਾ ਅਤੇ ਫੇਰ ਆਪਣੇ ਮਤਲਬ ਦੀ ਗੱਲ ਕਰਦਾ।  
ਪੰਜਾਬੀ ਸਾਹਿਤ ਦੀ ਸੇਵਾ ਵਿਚ ਕਈ ਕਿਤਾਬਾਂ ਲਿਖ ਚੁੱਕਾ ਸੀ।  ਲਗਭਗ ਸਾਰੀਆਂ ਕਿਤਾਬਾਂ ਹੀ ਦੇਸ਼-ਵਿਦੇਸ਼ ਦੀਆਂ ਕਈ ਭਾਸ਼ਾਵਾਂ ਵਿਚ ਛਪ ਚੁੱਕੀਆਂ ਸਨ।  ਵਿਦਿਆ ਦੇ ਪਾਸਾਰ ਅਤੇ ਸਾਖਰਤਾ ਬਾਰੇ ਉਸ ਦੇ ਕਈ ਲੇਖ ਪ੍ਰਸਿੱਧ ਹੋਏ ਸਨ।  ਵਿਦਿਅਕ ਯੋਜਨਾਵਾਂ ਅਧੀਨ ਕਈ ਵਾਰ ਉਹ ਕਈ ਦੇਸ਼ਾਂ ਦੇ ਦੌਰੇ ਕਰ ਚੁੱਕਾ ਸੀ।  ਯੂਨੀਵਰਸਟੀਆਂ ਦੀਆਂ ਕਨਵੋਕੇਸ਼ਨਾਂ ਅਤੇ ਸੈਮੀਨਾਰਾਂ ਜਾਂ ਮੇਲਿਆਂ ਵਿਚ ਉਸ ਦੀ ਖਾਸ ਥਾਂ ਹੁੰਦੀ ਸੀ।  ਡਾ. ਸਾਹਬ ਹਰ ਪੱਖੋਂ ਪ੍ਰਭਾਵਸ਼ਾਲੀ ਸਖਸ਼ੀਅਤ ਦੇ ਮਾਲਕ ਅਤੇ ਖਾਨਦਾਨੀ ਇਨਸਾਨ ਲਗਦੇ ਸਨ।  
ਗੁਰਨੇਕ ਨੂੰ ਇਕ ਨੌਕਰ ਬੂਹੇ ਤੇ ਆ ਕੇ ਅੰਦਰ ਵੱਡੇ ਹਾਲ ਕਮਰੇ ਵਿਚ ਲੈ ਗਿਆ ਅਤੇ ਉਸ ਨੂੰ ਬਿਠਾ ਕੇ ਦੂਜੇ ਕਮਰੇ ਵਿਚ ਚਲਾ ਗਿਆ।  ਜਦੋਂ ਹੀ ਡਾ.ਗੁਰਭਜਨ ਕਮਰੇ ਵਿਚ ਆਏ ਤਾਂ ਗੁਰਨੇਕ ਨੇ ਬੜੇ ਅਦਬ ਨਾਲ ਝੁਕ ਕੇ ਦੋਵੇਂ ਹੱਥ ਜੋੜ ਕੇ ਫਤਹਿ ਬੁਲਾਈ।  ਡਾ. ਸਾਹਬ ਨੇ ਗੁਰਨੇਕ ਵੱਲ ਦੇਖ ਕੇ ਕਿਹਾ-
''ਯਾਰ ਤੇਰੀਆਂ ਕਵਿਤਾਵਾਂ ਪੜ੍ਹ ਕੇ ਤਾਂ ਲਗਦੈ ਬਈ ਕੋਈ ਸੱਤਰ ਪੰਝਤੱਰ ਸਾਲ ਦੇ ਬਜ਼ੁਰਗ ਨੇ ਲਿਖੀਆਂ ਹੋਣਗੀਆਂ।  ਯੂ ਲੁੱਕ ਵੈਰੀ ਯੰਗ।  ਤੇਰੀਆਂ ਕਵਿਤਾਵਾਂ ਵਿਚ ਤਾਂ ਬੜੀਆਂ ਲੰਮੀਆਂ ਉਡਾਰੀਆਂ ਨੇ।''
''ਬੱਸ ਡਾ.ਸਾਹਬ ਤੁਹਾਡੀ ਮਿਹਰ ਬਾਨੀ ਐ ਜੀ।  ਮੈਂ ਤੁਹਾਨੂੰ ਆਪਣੀ ਇਕ ਨਵੀਂ ਕਿਤਾਬ ਭੇਂਟ ਕਰਨ ਲਈ ਖੁਦ ਆਇਆਂ ਜੀ।'' ਗੁਰਨੇਕ ਨੇ ਥੈਲੇ ਵਿਚੋਂ ਕਿਤਾਬ ਕੱਢ ਕੇ ਦੋਹਾਂ ਹੱਥਾਂ ਨਾਲ ਝੁਕ ਕੇ ਭੇਟ ਕਰਦਿਆਂ ਕਿਹਾ।
ਡਾ.ਸਾਹਬ ਨੇ ਟਾਈਟਲ ਦੇਖਦਿਆਂ ਹੀ ਸਰਾਹਿਆ।  ਕਿਤਾਬ ਦਾ ਨਾਂ 'ਨਵੀਂ ਸੁਗੰਧ' ਵੀ ਚੰਗਾ ਲੱਗਾ।  ਉਹਨਾਂ ਨੇ ਕਿਤਾਬ ਮੇਜ਼ 'ਤੇ ਇਕ ਪਾਸੇ ਰਖਦਿਆਂ ਕਿਹਾ-
''ਇਹ ਕਿਤਾਬ ਮੈਨੂੰ ਕੋਈ ਪਬਲਿਸ਼ਰ ਪਹਿਲਾਂ ਵੀ ਦੇ ਗਿਆ ਸੀ।  ਪਰ ਮੈਨੂੰ ਪੜ੍ਹਨ ਦਾ ਟਾਈਮ ਨਹੀਂ ਲੱਗਾ।  ਕੀ ਇਹ ਰੀਲੀਜ਼ ਹੋ ਚੁੱਕੀ ਏ?''
''ਨਹੀਂ ਜੀ।  ਮੈਂ ਤਾਂ ਸਿਰਫ ਤੁਹਾਨੂੰ ਭੇਟ ਕਰਨੀ ਸੀ ਅਤੇ ਤੁਹਾਡੀ ਰਾਏ ਲੈਣੀ ਸੀ ਕਿ ਜੇ ਤੁਹਾਡੇ ਵਰਗੀ ਉੱਚੀ ਸਖਸ਼ੀਅਤ ਮੇਰੇ ਵਰਗੇ ਛੋਟੇ ਲੇਖਕ ਦੀ ਕਿਤਾਬ ਰੀਲੀਜ਼ ਕਰਨ ਵਿਚ...।''
''ਨਹੀਂ-ਨਹੀਂ।  ਪਹਿਲੀ ਗੱਲ ਤਾਂ ਹੁਣ ਤੁਸੀਂ ਛੋਟੇ ਕਵੀ ਨਹੀਂ ਓ।  ਬਾਕੀ ਐਸੀ ਕੋਈ ਗੱਲ ਨਹੀਂ ਮੈਨੂੰ ਤੁਹਾਡੀ ਕਿਤਾਬ ਰੀਲੀਜ਼ ਕਰਨ ਵਿਚ ਬੜੀ ਖੁਸ਼ੀ ਹੋਵੇਗੀ।  ਤੁਸੀਂ ਦੱਸੋ ਕਦੋਂ ਫੰਕਸ਼ਨ ਕਰਨਾ ਚਾਹੋਗੇ।  ਮੈਂ ਸੋਚ ਲਵਾਂਗਾ।  ਥੋੜਾ ਬਹੁਤ ਸਮਾਂ ਤਾਂ ਕੱਢ ਹੀ ਲਵਾਂਗੇ।  ਪਰ ਦਿੱਲੀ ਵਿਚ ਫੰਕਸ਼ਨ ਜ਼ਰਾ ਚੰਗਾ ਈ ਹੋਣਾ ਚਾਹੀਦੈ।  ਪਬਲਿਸਿਟੀ ਐਂਡ ਪਰੈਸ ਯੂ ਨੋ!''
''ਮੈਂ ਜੀ ਇਕ ਗਰੀਬੜਾ ਜਿਆ ਲੇਖਕ ਆਂ।  ਫੰਕਸ਼ਨ ਤਾਂ ਮੈਂ ਜ਼ਰੂਰ ਕਰਨਾ ਚਾਹਾਂਗਾ ਪਰ ਵੱਡਾ ਨਹੀਂ।  ਬੱਸ ਓਨਾ ਕੁ ਵੱਡਾ ਜਿੰਨੀ ਪਰੋਖੋਂ ਐ।''
''ਓ.ਕੇ.ਨੋ ਪਰੌਲਬਮ! ਆਹ ਇਕ ਲਿਸਟ ਹੈ ਕੁਝ ਪਤਵੰਤੇ ਸੱਜਣਾਂ ਦੀ ਬਹੁਤੇ ਨਹੀਂ ਅਠ-ਦਸ ਕੁ ਹਨ।  ਮੈਂ ਤੁਹਾਨੂੰ ਇਹਨਾਂ ਸਖਸ਼ੀਅਤਾਂ ਨਾਲ ਜ਼ਰੂਰ ਮਿਲਵਾਣਾ ਚਾਹਾਂਗਾ।  ਅੱਧੇ ਕੁ ਤਾਂ ਸਾਹਿਤਕ ਖੇਤਰ ਵਿਚੋਂ ਹੀ ਹਨ।  ਬਾਕੀ ਤੁਸੀਂ ਆਪ ਦੇਖ ਲੈਣਾ ਕਿਸ ਨੂੰ ਬੁਲਾਉਣਾ ਚਾਹੋਗੇ?''
''ਜੀ ਡਾ.ਸਾਹਬ ਇਹਨਾਂ ਉੱਚ ਹਸਤੀਆਂ ਨੂੰ ਮੈਂ ਆਪ ਜਾ ਕੇ ਮਿਲਕੇ ਸੱਦਾ ਦਿਆਂਗਾ ਤੇ ਬੇਨਤੀ ਕਰਾਂਗਾ।''
''ਹਾਂ-ਹਾਂ।  ਜੈਂਟਰੀ ਜ਼ਰਾ ਚੰਗੀ ਹੋਣੀ ਚਾਹੀਦੀ ਹੈ।  ਬਾਕੀ ਤੁਸੀਂ ਮੈਨੂੰ ਹੋਟਲ ਬੁਕਿੰਗ ਕਰਵਾ ਕੇ ਦੱਸ ਦੇਣਾ।  ਕਨਾਟ ਪਲੇਸ ਵਿਚ ਜਾਂ ਨੇੜੇ ਤੇੜੇ ਹੋ ਸਕੇ ਤਾਂ ਚੰਗਾ ਰਹੇਗਾ।  ਮੇਰੀ ਇਕ ਹੋਰ ਵੀ ਬੇਨਤੀ ਹੈ ਤੁਹਾਨੂੰ...।''
''ਬੇਨਤੀ ਨਹੀਂ ਜੀ ਡਾ.ਸਾਹਬ ਹੁਕਮ ਕਰੋ...।''
"ਨਹੀਂ ਬੇਨਤੀ ਮੇਰੀ ਇਹ ਐ ਕਿ ਮੈਨੂੰ ਆਦਤ ਹੈ ਕਿ ਮੈਂ ਫੰਕਸ਼ਨ ਪਿੱਛੋਂ ਜ਼ਰਾ ਚੰਗਾ ਡਿਨਰ-ਡਰਿੰਕਸ ਵਗੈਰਾ ਪਸੰਦ ਕਰਦਾ ਹਾਂ।  ਇਹ ਸਾਰੇ ਸੱਜਣ ਵੀ ਇਹੋ ਚਾਹੁਣਗੇ।  ਉਂਜ ਵੀ ਤੁਹਾਨੂੰ ਪਤਾ ਹੀ ਐ ਕਿ ਅਜ ਕੱਲ੍ਹ ਇਹ ਇਕ ਰਿਵਾਜ਼ ਜਿਹਾ ਹੀ ਬਣ ਗਿਐ।  ਫੰਕਸ਼ਨ ਦੇ ਅਖੀਰ ਵਿਚ ਡਿਨਰ ਮੇਰੇ ਵਲੋਂ ਅਨਾਊਂਸ ਕੀਤਾ ਜਾਵੇਗਾ ਕਿ ਜਿਵੇਂ ਮੈਂ ਤੁਹਾਡੀ ਹੌਸਲਾ ਅਫਜ਼ਾਈ ਲਈ ਮੇਰੀ ਜ਼ਾਤੀ ਖੁਸ਼ੀ ਕਰਕੇ ਇਹ ਡਿਨਰ ਦੇ ਰਿਹਾ ਹੋਵਾਂ।  ਅਜ ਕੱਲ੍ਹ ਲੋਕਾਂ ਤੋਂ ਕਈ ਕੰਮ ਲੈਣੇ ਪੈਂਦੇ ਹਨ, ਕਈ ਕਰਨੇ ਪੈਂਦੇ ਹਨ।  ਤੁਸੀਂ ਸਮਝ ਰਹੇ ਓ-ਨਾ? ਵੈਸੇ ਵੀ ਚੰਗੇ ਡਿਨਰ 'ਤੇ ਕੋਈ ਬਹੁਤਾ ਖਰਚ ਨਹੀਂ ਆਉਂਦਾ ਕੋਈ ਡੇਢ ਦੋ ਸੌ ਰੁਪਏ ਪਰ ਹੈਡ ਵਿਚ ਬੜਾ ਅੱਛਾ ਇੰਜ਼ਾਮ ਹੋ ਸਕਦੈ।  ਜੇ ਬੁਕਿੰਗ ਕਰਨੀ ਹੋਵੇ ਤਾਂ ਪੇਸ਼ਗੀ ਦੇਣੀ ਪੈਂਦੀ ਹੈ।  ਸੋ...।''
"ਹਾਂ-ਜੀ।  ਡਾ.ਸਾਹਬ।  ਮੈਂ ਕੁਝ ਤਾਂ ਪਹਿਲਾਂ ਈ ਇੰਤਜ਼ਾਮ ਕਰ ਲਿਆ ਹੈ।'' ਕਹਿੰਦਿਆਂ ਗੁਰਨੇਕ ਨੇ ਲਿਫਾਫੇ ਵਿਚ ਪਾਏ ਸੌ-ਸੌ ਦੇ ਕੁਝ ਨੋਟ ਡਾ.ਗੁਰਭਜਨ ਵੱਲ ਵਧਾਉਂਦਿਆਂ ਕਿਹਾ।
''ਓਹ-ਦੈਟ ਇਸ ਫਾਈਨ।  ਪਰ ਅਜੇ ਕੀ ਜਲਦੀ ਸੀ ਬਾਅਦ ਵਿਚ ਆ ਜਾਂਦੇ।'' ਕਹਿੰਦਿਆਂ ਡਾ.ਸਾਹਬ ਨੇ ਲਿਫਾਫਾ ਫੜ ਕੇ ਮੇਜ਼ ਦੇ ਹੇਠਾਂ ਰੱਖ ਦਿੱਤਾ।  ਘੜੀ ਦੇਖਦਿਆਂ ਉਹਨਾਂ ਕਿਹਾ।
''ਓ.ਕੇ.ਦੈੱਨ! ਤੁਸੀਂ ਮੈਨੂੰ ਪੁੱਛ ਕੇ ਡੇਟ ਫਿਕਸ ਕਰ ਲੈਣਾ।  ਆਈ ਵਿਲ ਸੀ ਦੈਟ ਫੰਕਸ਼ਨ ਇਸ ਸਕਸੈੱਸਫੁਲ!''
''ਮੈਂ ਡਾ.ਸਾਹਬ ਇਕ ਬੇਨਤੀ ਹੋਰ ਕਰਨੀ ਸੀ।''
''ਹਾਂ ਹਾਂ - ਦਸੋਂ।  ਗੋ ਅਹੈੱਡ।''
''ਜੀ ਗੱਲ ਇਹ ਐ ਕਿ ਮੈਨੂੰ ਬੜੀ ਮਿਸਟੀਅਰਸ ਬਿਮਾਰੀ ਲੱਗ ਚੁੱਕੀ ਐ।  ਮੇਰੇ ਜੀਵਨ ਦਾ ਕੋਈ ਪਤਾ ਨਹੀਂ।  ਮੇਰੇ ਖਿਆਲ ਵਿਚ ਸ਼ਾਇਦ ਇਹ ਮੇਰੀ ਆਖਰੀ ਕਿਤਾਬ ਹੀ ਹੋਏਗੀ ਕਿਉਂਕਿ ਮੇਰੇ ਬਰੇਨ ਵਿਚ ਟਿਊਮਰ ਹੈ ਅਤੇ ਉਹ ਕਿਸੇ ਵੇਲੇ ਵੀ ਫਟ ਸਕਦੈ।  ਪਰ ਮੈਂ ਫੇਰ ਵੀ ਇਹ ਚਾਹੁਨੈ ਕਿ ਮਰਨ ਤੋਂ ਪਹਿਲਾਂ ਤੁਹਾਡੇ ਵਰਗੀਆਂ ਉੱਚੀਆਂ ਹਸਤੀਆਂ ਦੇ ਆਸ਼ੀਰਵਾਦ ਨਾਲ ਕੁਝ ਕਰ ਕੇ ਜਾ ਸਕਾਂ...।''
''ਓ ਮਾਈ ਗਾਅਡ! ਆਈ ਐਮ ਸੌਰੀ! ਪਰ ਤੁਸੀਂ ਕਿਧਰੇ ਇਲਾਜ ਤਾਂ ਕਰਵਾ ਹੀ ਰਹੇ ਹੋਵੋਗੇ ਨਾ?''
"ਬੱਸ ਜੀ ਸਮਝ ਲਓ ਸਭ ਪਾਸਿਓਂ ਜਵਾਬ ਮਿਲ ਚੁੱਕਿਐ ਹੁਣ ਤਾਂ ਰੱਬ 'ਤੇ ਈ ਡੋਰ ਐ!''
''ਨਹੀਂ-ਨਹੀਂ।  ਇਸ ਵਿਚ ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ।  ਆਈ ਨੋ ਡਾਕਟਰ ਰਾਜੂ ਇਨ ਏਮਜ਼।  ਮੈਂ ਗੱਲ ਕਰਾਂਗਾ।  ਤੁਸੀਂ ਫਿਕਰ ਨਾ ਕਰੋ।  ਪਰ ਆਪਾਂ ਪਹਿਲਾਂ ਫੰਕਸ਼ਨ ਕਰ ਲਈਏ ਜਿੰਨੀ ਜਲਦੀ ਹੋ ਸਕੇ।  ਵੀ ਵਿਲ ਟੈਕਲ ਯੌਰ ਹੈਲਥ ਪਰੋਬਲਮ ਲੇਟਰ।  ਡੌਂਟ ਵਰੀ।  ਲੈਟ ਮੀ ਸੀ ਵਟ ਆਈ ਕੈਨ ਡੂ ਫਾਰ ਯੂ! ਤੁਹਾਡੀ ਸਿਹਤ ਬਾਰੇ ਤਾਂ ਮੈਨੂੰ ਪਤਾ ਹੀ ਨਹੀਂ ਸੀ...।''
ਗੁਰਨੇਕ ਡਾ.ਗੁਰਭਜਨ ਤੋਂ ਆਗਿਆ ਲੈ ਕੇ ਕੋਠੀ ਤੋਂ ਬਾਹਰ ਆਇਆ ਤਾਂ ਅਗੇ ਗੁਰਮੀਤ ਸਕੂਟਰ ਲੈ ਕੇ ਤਿਆਰ ਖੜ੍ਹਾ ਸੀ।  ਗੁਰਮੀਤ ਦੇ ਘਰ ਪਹੁੰਚਦਿਆਂ ਹੀ ਉਹਨੇ ਕਈ ਜਾਣੇ-ਪਛਾਣੇ ਲੋਕਾਂ ਨੂੰ ਫੋਨ ਰਾਹੀਂ ਸੰਪਰਕ ਕਰਕੇ ਫੰਕਸ਼ਨ ਦੀ ਤਾਰੀਖ ਮਿਥਣ ਦੀਆਂ ਸਲਾਹਾਂ ਕੀਤੀਆਂ। ਤਾਰੀਖ ਅਗਲੇ ਮਹੀਨੇ ਦੇ ਅਧ ਵਿਚ ਤਹਿ ਕਰ ਲੈਣੀ ਠੀਕ ਸਮਝੀ ਗਈ।  ਕਨਾਟ ਪਲੇਸ ਨੇੜੇ ਇਕ ਚੰਗੇ ਹੋਟਲ ਵਿਚ ਹਾਲ ਬੁੱਕ ਕਰਵਾ ਲਿਆ ਗਿਆ ਅਤੇ ਕੋਈ ਵੀਹ ਕੁ ਬੰਦਿਆਂ ਲਈ ਬੁਕਿੰਗ ਕਰ ਲਈ ਗਈ।  ਖਾਣ ਦਾ ਮੇਨੂੰ ਤਹਿ ਹੋ ਗਿਆ 'ਤੇ ਹੋਟਲ ਵਾਲਿਆਂ ਨੂੰ ਅਡਵਾਂਸ ਵੀ ਦੇ ਦਿੱਤਾ ਗਿਆ।  ਕੁਝ ਕੰਮਾਂ ਲਈ ਗੁਰਨੇਕ ਨੇ ਗੁਰਮੀਤ ਦੀ ਡਿਉਟੀ ਲਾਈ ਜਿਹੜੀ ਉਹਨੇ ਖਿੜੇ ਮੱਥੇ ਪਰਵਾਨ ਕਰ ਲਈ।  ਦੋ ਦਿਨਾਂ ਵਿਚ ਹੀ ਸਾਰਾ ਇੰਤਜ਼ਾਮ ਪੂਰਾ ਕਰਕੇ ਗੁਰਨੇਕ ਘਰ ਪਰਤ ਆਇਆ।  ਅਗਲੇ ਮਹੀਨੇ ਸਮਾਗਮ ਤੋਂ ਦੋ ਕ ਦਿਨ ਪਹਿਲਾਂ ਪਹੁੰਚਣ ਦਾ ਪ੍ਰੋਗਰਾਮ ਸੀ।  ਗੁਰਨੇਕ ਅਜਿਹਾ ਸਮਾਗਮ ਪਹਿਲੀ ਵਾਰ ਕਰਵਾ ਰਿਹਾ ਸੀ ਅਤੇ ਉਹ ਵੀ ਦਿੱਲੀ ਵਿਚ ਪਰ ਉਸ ਨੂੰ ਪੂਰਾ ਭਰੋਸਾ ਸੀ ਕਿ ਭਾਵੇਂ ਚਾਰ ਪੈਸੇ ਵੱਧ ਲੱਗ ਜਾਣ  ਅਖੀਰ ਸਮਾਗਮ ਦੀ ਸਫਲਤਾ ਦੇ ਨਾਲ ਨਾਲ ਫਲ ਵੀ ਜ਼ਰੂਰ ਮਿਲੇਗਾ।  ਆਉਣ ਸਾਰ ਸਾਰੇ ਪਤਵੰਤੇ ਸੱਜਣਾ ਨੂੰ ਉਹਨੇ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ।  ਚਿੱਠੀਆਂ ਵਿਚ ਫੰਕਸ਼ਨ ਦੀ ਡੀਟੇਲ ਪਿੱਛੋਂ ਆਪਣੀ ਬਿਮਾਰੀ ਦਾ ਕਰੁਣਾਮਈ ਢੰਗ ਨਾਲ ਜ਼ਿਕਰ ਕਰਨਾ ਉਹ ਕਦੇ ਨਾ ਭੁਲਦਾ।  ਇਕ ਇਕ ਬੰਦੇ ਨੂੰ ਦੋ ਦੋ ਤਿੰਨ ਤਿੰਨ ਚਿੱਠੀਆਂ ਲਿਖੀਆਂ ਗਈਆਂ।  ਲਗਭਗ ਸਭ ਦੇ ਜਵਾਬ ਵੀ ਆਏ।  ਸਭ ਦੇ ਜਵਾਬ ਹਮਦਰਦੀ ਭਰੇ ਸਨ ਅਤੇ ਸਭ ਨੇ ਪਹੁੰਚਣ ਦੇ ਵਾਇਦੇ ਕੀਤੇ ਹੋਏ ਸਨ।
ਮਾਸਟਰ ਕਰਨੈਲ ਸਿੰਘ ਵੀ ਗੁਰਨੇਕ ਦੇ ਨਾਲ ਹੀ ਸਕੂਲ ਵਿਚ ਪੜ੍ਹਾਉਂਦਾ ਸੀ।  ਗੁਰਨੇਕ ਨੂੰ ਪਹਿਲਾ ਇਨਾਮ ਮਿਲਣ ਪਿੱਛੋਂ ਉਹ ਉਹਦੇ ਹੋਰ ਵੀ ਨੇੜੇ ਹੋ ਗਿਆ ਸੀ।  ਦੂਜੇ ਤੀਜੇ ਦਿਨ ਗੁਰਨੇਕ ਤੋਂ ਸਿਆਣੀਆਂ ਗੱਲਾਂ ਸੁਨਣ-ਸਿੱਖਣ ਲਈ ਉਸ ਕੋਲ ਆਇਆ ਰਹਿੰਦਾ।  ਫੇਰ ਉਹ ਹਰ ਰੋਜ਼ ਹੀ ਆਥਣੇ ਇਕੱਠੇ ਸੈਰ ਕਰਨ ਜਾਣ ਲੱਗ ਪਏ।  ਗੁਰਨੇਕ ਆਪਣੇ ਕਈ ਨਿਜੀ ਕੰਮਾਂ ਲਈ ਜਦੋਂ ਵੀ ਕਰਨੈਲ ਨੂੰ ਕਹਿੰਦਾ ਤਾਂ ਉਹ ਪੂਰੇ ਚਾਅ ਨਾਲ ਕਰਦਾ।  ਉਸ ਨੂੰ ਇਕ ਉੱਘੇ ਕਵੀ ਦੇ ਨੇੜੇ ਹੋਣ ਦਾ ਮਾਣ ਮਹਿਸੂਸ ਹੁੰਦਾ।  ਕਈ ਸਾਲ ਪਹਿਲਾਂ ਕਰਨੈਲ ਸਿੰਘ ਨੇ ਕੁਝ ਕਹਾਣੀਆਂ ਤੇ ਕਵਿਤਾਵਾਂ ਵੀ ਲਿਖੀਆਂ ਸਨ।  ਉਹਨਾਂ ਵਿਚੋਂ ਕੁਝ ਛਪੀਆਂ ਵੀ ਸਨ ਪਰ ਫੇਰ ਪਤਾ ਨਹੀਂ ਕੀ ਹੋਇਆ ਉਸ ਤੋਂ ਅਜ ਤਕ ਕੁਝ ਨਹੀਂ ਸੀ ਲਿਖ ਹੋਇਆ।  ਗੁਰਨੇਕ ਨਾਲ ਉਹ ਮਨ ਦੀਆਂ ਗੱਲਾਂ ਸਾਂਝੀਆਂ ਕਰਨ ਵੇਲੇ ਆਖਦਾ ਕਿ ਕਦੇ ਕਦੇ ਉਹਦਾ ਮਨ ਕਵਿਤਾ ਲਿਖਣ ਨੂੰ ਕਰਦਾ ਹੈ।  ਗੁਰਨੇਕ ਉਸ ਨੂੰ ਬੜੇ ਪਿਆਰ ਨਾਲ ਸਮਝਾਉਂਦਾ ਕਿ ਕਵਿਤਾ ਇਕ ਬੜੀ ਮੁਸ਼ਕਿਲ ਵਿਧਾ ਹੈ।  ਚੰਗਾ ਹੈ ਜੇ ਉਹ ਕਹਾਣੀ ਲਿਖਿਆ ਕਰੇ।  ਕਰਨੈਲ ਨੂੰ ਉਸ ਦੀ ਏਸ ਗੱਲ ਦੀ ਸਮਝ ਨਹੀਂ ਸੀ ਆਉਂਦੀ ਕਿ ਉਹ ਉਹਨੂੰ ਕਵਿਤਾ ਲਿਖਣ ਲਈ ਹੱਲਾਸ਼ੇਰੀ ਕਿਉਂ ਨਹੀਂ ਸੀ ਦਿੰਦਾ ਜਦੋਂ ਕਿ ਉਹਦੀਆਂ ਕਵਿਤਾਵਾਂ ਦੀ ਉਹ ਸੱਚੀ ਪ੍ਰਸੰਸਾ ਵੀ ਕਰ ਚੁੱਕਾ ਸੀ।  ਸ਼ਾਇਦ ਗੁਰਨੇਕ ਨੂੰ ਉਹਦੇ ਅੰਦਰਲਾ ਡਰ ਉਹਦੀ ਤਾਰੀਫ ਕਰਨ ਤੋਂ ਰੋਕਦਾ ਸੀ।  ਲੋਕ ਕਰਨੈਲ ਕੋਲੋਂ ਗੁਰਨੇਕ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਪੁੱਛਦੇ।  ਉਹ ਵੀ ਬੜੇ ਮਾਣ ਨਾਲ ਸੁਆਦ ਲੈ ਲੈ ਕੇ ਗੱਲਾਂ ਦਸਦਾ।  ਅੱਜ ਕਲ੍ਹ ਗੁਰਨੇਕ ਆਮ ਲੋਕਾਂ ਨਾਲ ਬਹੁਤੀ ਗੱਲ ਬਾਤ ਨਹੀਂ ਕਰਦਾ ਸੀ।  ਚੁੱਪ ਜਿਹਾ ਹੀ ਰਹਿੰਦਾ ਸੀ।  ਉਂਜ ਵੀ ਪਹਿਲੇ ਦਿਨੋਂ ਉਹਨੂੰ ਬਹੁਤਾ ਬੋਲਣ ਨਾਲੋਂ ਆਪਣੇ ਕੰਮਾਂ ਨੂੰ ਸਫਲਤਾ ਨਾਲ ਸਿਰੇ ਚਾੜ੍ਹਨਾ ਚੰਗਾ ਲਗਦਾ ਸੀ।  ਗੁਰਨੇਕ ਨੂੰ ਕਰਨੈਲ ਦਾ ਬਹੁਤ ਸਹਾਰਾ ਸੀ।  ਜਿਥੇ ਵੀ ਉਹ ਜਾਂਦਾ ਕਰਨੈਲ ਨਾਲ ਹੁੰਦਾ।  ਦਿੱਲੀ ਵਾਲੇ ਸਮਾਗਮ ਲਈ ਦੋ ਟਿਕਟਾਂ ਬੁੱਕ ਕਰਵਾਈਆਂ ਗਈਆਂ।  ਗੁਰਨੇਕ ਕਰਨੈਲ ਨੂੰ ਸਮਾਗਮ ਦੀ ਹਰ ਨਿੱਕੀ ਮੋਟੀ ਗੱਲ ਬਾਰੇ ਦਸਦਾ ਅਤੇ ਪੱਕਾ ਕਰਦਾ ਕਿ ਦਿੱਲੀ ਜਾ ਕੇ ਉਹਨੇ ਕੀ ਕੀ ਕਰਨਾ ਹੈ ਕਿਉਂਕਿ ਆਪ ਤਾਂ ਉਹਨੇ ਮਹਿਮਾਨਾਂ ਦੀ ਆਓ-ਭਗਤ ਵਿਚ ਰੁੱਝੇ ਰਹਿਣਾ ਸੀ।
ਅਖੀਰ ਦਿੱਲੀ ਵਾਲੀ ਗੱਡੀ ਚੜ੍ਹਨ ਦਾ ਦਿਨ ਵੀ ਆ ਗਿਆ।  ਗੁਰਨੇਕ ਅਤੇ ਕਰਨੈਲ, ਗੁਰਮੀਤ ਸਿੰਘ ਦੇ ਘਰ ਜਾ ਪਹੁੰਚੇ।  ਸਾਰਾ ਦਿਨ ਫੋਨ ਰਾਹੀਂ ਪ੍ਰੋਗਰਾਮ ਬਾਰੇ ਗੱਲਾਂ ਹੁੰਦੀਆਂ ਰਹੀਆਂ।  ਡਾ.ਗੁਰਭਜਨ ਦੀ ਕੋਠੀ ਜਾ ਕੇ ਖਾਸ ਸੱਦਾ-ਪੱਤਰ ਦੋਹਾਂ ਨੇ ਆਪਣੇ ਹੱਥੀ ਦਿੱਤਾ।  ਬਾਕੀ ਦੇ ਸੱਜਣਾਂ ਨੂੰ ਸੱਦਾ-ਪੱਤਰ ਪਹਿਲਾਂ ਹੀ ਡਾਕ ਰਾਹੀਂ ਭੇਜ ਦਿੱਤੇ ਗਏ ਸਨ।  ਉਸ ਦਿਨ ਤਾਂ ਸਿਰਫ ਦੁਬਾਰਾਂ ਫੋਨ 'ਤੇ ਪੱਕਾ ਕਰ ਲਿਆ ਗਿਆ ਸੀ ਕਿ ਕੌਣ ਕੌਣ ਆਏਗਾ।  ਲਗਭਗ ਸਭ ਨੇ ਹੀ ਹਾਮੀ ਭਰੀ ਸੀ।  ਕੁਲ ਮਿਲਾ ਕੇ ਵੀਹ ਕੁ ਬੰਦਿਆਂ ਦਾ ਇਕੱਠ ਹੋਣਾ ਸੀ।
ਅਗਲੇ ਦਿਨ ਗੁਰਨੇਕ, ਕਰਨੈਲ ਤੇ ਗੁਰਮੀਤ ਇਕ ਘੰਟਾ ਪਹਿਲਾਂ ਹੀ ਸ਼ਾਮ ਨੂੰ ਹੋਟਲ ਪਹੁੰਚ ਗਏ।  ਹੋਟਲ ਦੇ ਹਾਲ ਵਿਚ ਇੰਤਜ਼ਾਮ ਠੀਕ ਠਾਕ ਸੀ।  ਹਾਲ ਦੇ ਇਕ ਪਾਸੇ ਥੋੜੀ ਉੱਚੀ ਸਟੇਜ 'ਤੇ ਇਕ ਡੈਸਕ ਰਖਿਆ ਹੋਇਆ ਸੀ ਜਿਸ ਤੋਂ ਸਪੀਕਰ ਰਾਹੀਂ ਬੁਲਾਰਿਆਂ ਨੇ ਬੋਲਣਾ ਸੀ ਅਤੇ ਚਾਰ ਕੁਰਸੀਆਂ ਸਨ।  ਬਾਕੀ ਕੁਰਸੀਆਂ ਹਾਲ ਵਿਚ ਸਟੇਜ ਦੇ ਸਾਹਮਣੇ ਲਾਈਆਂ ਗਈਆਂ ਸਨ।  ਹਾਲ ਦੇ ਦੂਜੇ ਪਾਸੇ ਖਾਣੇ ਵਾਲੇ ਸਟਾਲ ਲੱਗੇ ਹੋਏ ਸਨ।  ਇਕ ਪਾਸੇ ਡਰਿੰਕਸ ਲਈ ਸਟਾਲ ਸੀ।  ਸਮਾਗਮ ਦਾ ਸਮਾਂ ਹੋ ਚੁੱਕਾ ਸੀ।  ਗੁਰਨੇਕ, ਕਰਨੈਲ ਤੇ ਗੁਰਮੀਤ ਹੋਟਲ ਦੇ ਵੱਡੇ ਗੇਟ ਅੱਗੇ ਜਾ ਖੜੇ।  ਹੌਲੀ ਹੌਲੀ ਲੋਕ ਆਉਣੇ ਸ਼ੁਰੂ ਹੋਏ।  ਗੁਰਮੀਤ ਅਗੇ ਹੋ ਕੇ ਸਭ ਨੂੰ ਇਕ ਇਕ ਫੁੱਲ ਭੇਂਟ ਕਰ ਰਿਹਾ ਸੀ।  ਗੁਰਨੇਕ ਸਿੰਘ ਸਭ ਦਾ ਹੱਥ ਜੋੜ ਕੇ ਸਵਾਗਤ ਕਰ ਰਿਹਾ ਸੀ ਅਤੇ ਆਪਣੀ ਅਤੇ ਦੋਸਤਾਂ ਦੀ ਜਾਣ-ਪਛਾਣ ਕਰਵਾ ਰਿਹਾ ਸੀ।  ਉਸ ਪਿੱਛੋਂ ਕਰਨੈਲ ਸਿੰਘ ਮਹਿਮਾਨਾਂ ਨਾਲ ਹਾਲ ਵਿਚ ਜਾ ਕੇ ਉਹਨਾਂ ਨੂੰ ਕੁਰਸੀਆਂ ਤੇ ਬੈਠਣ ਲਈ ਬੇਨਤੀ ਕਰ ਰਿਹਾ ਸੀ।  ਡਾ.ਗੁਰਭਜਨ ਸਿੰਘ ਅਖੀਰ 'ਤੇ ਕੋਈ ਦਸ ਕੁ ਮਿੰਟ ਲੇਟ ਆਏ।  ਜਿਉਂ ਹੀ ਉਹ ਗੁਰਨੇਕ ਨਾਲ ਹਾਲ ਦੇ ਅੰਦਰ ਦਾਖਲ ਹੋਏ ਤਾਂ ਸਭ ਨੇ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ।  ਮੰਚ ਤੇ ਡੈਸਕ ਪਿੱਛੋਂ ਖੜੇ ਇਕ ਸੱਜਣ ਨੇ ਕਾਰਵਾਈ ਸ਼ੁਰੂ ਕਰਦਿਆਂ ਡਾ.ਗੁਰਭਜਨ ਸਿੰਘ, ਗੁਰਨੇਕ ਸਿੰਘ ਅਤੇ ਦੋ ਹੋਰ ਸਤਿਕਾਰਿਤ ਸੱਜਣਾਂ ਨੂੰ ਵਾਰੀ ਵਾਰੀ ਮੰਚ ਤੇ ਆਉਣ ਲਈ ਬੇਨਤੀ ਕੀਤੀ।  ਜਦੋਂ ਸਾਰੇ ਆਪੋ ਆਪਣੀਆਂ ਥਾਵਾਂ ਤੇ ਸਜ ਚੁੱਕੇ ਸਨ ਤਾਂ ਅੱਜ ਦੇ ਸਮਾਗਮ ਬਾਰੇ ਦੱਸਿਆਂ ਗਿਆ।  ਗੁਰਨੇਕ ਸਿੰਘ ਦੀ ਜੀਵਨੀ ਬਾਰੇ ਅਤੇ ਉਹਨਾਂ ਦੇ ਇਨਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।  ਫੇਰ ਗੁਰਨੇਕ ਦੀ ਕਿਤਾਬ ਡਾ.ਗੁਰਭਜਨ ਸਿੰਘ ਹੋਰਾਂ ਦੇ ਹੱਥੋਂ ਰੀਲੀਜ਼ ਕਰਵਾਈ ਗਈ ਅਤੇ ਮਗਰੋਂ ਉਸ ਦੀਆਂ ਕੁਝ ਕਾਪੀਆਂ ਵੰਡੀਆਂ ਗਈਆਂ।  ਨਾਲ ਦੀ ਨਾਲ ਫੋਟੋ ਵੀ ਖਿੱਚੀਆਂ ਜਾ ਰਹੀਆਂ ਸਨ।  ਦਿੱਲੀ ਦੇ ਤਿੰਨ ਚਾਰ ਅਖਬਾਰਾਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ।  ਡਾ.ਗੁਰਭਜਨ ਨੇ ਇਕ ਛੋਟਾ ਜਿਹਾ ਭਾਸ਼ਨ ਵੀ ਦਿੱਤਾ ਅਤੇ ਪਤਵੰਤੇ ਸੱਜਣਾਂ ਨੂੰ ਸਮਾਗਮ ਦੀ ਖੁਸ਼ੀ ਵਿਚ ਸ਼ਾਮ ਦੇ ਖਾਣੇ ਦਾ ਸੱਦਾ ਵੀ।  ਗੁਰਨੇਕ ਨੇ ਸਭ ਦਾ ਬਹੁਤਾ ਸਮਾਂ ਨਾ ਲੈਂਦਿਆਂ ਸਾਰਿਆਂ ਦਾ ਆਉਣ ਲਈ ਧੰਨਵਾਦ ਕੀਤਾ ਅਤੇ ਆਪਣੀਆਂ ਬਿਮਾਰੀਆਂ ਦੀ ਗੱਲ ਕਰਦਿਆਂ ਕਿਹਾ ਕਿ ਹੋ ਸਕਦੈ ਇਹ ਉਹਨਾਂ ਨਾਲ ਉਸ ਦੀ ਆਖਰੀ ਮੁਲਾਕਾਤ ਹੀ ਹੋਵੇ।  ਇਹ ਸਾਰਾ ਕੁਝ ਲਗਭਗ ਅੱਧੇ ਕੁ ਘੰਟੇ ਵਿਚ ਹੀ ਨਿਬੜ ਗਿਆ।
ਸਮਾਗਮ ਪਿੱਛੋਂ ਲੋਕ ਹਾਲ ਦੇ ਦੂਜੇ ਪਾਸੇ ਵੱਲ ਹੌਲੀ ਹੌਲੀ ਤੁਰਨੇ ਸ਼ੁਰੂ ਹੋ ਗਏ।  ਬਹਿਰਿਆਂ ਨੇ ਵਿਸਕੀ ਅਤੇ ਬੀਅਰ ਦੇ ਗਲਾਸ ਟਰੇਆਂ ਵਿਚ ਸਜਾ ਕੇ ਇਕ ਇਕ ਮਹਿਮਾਨ ਅਗੇ ਪੇਸ਼ ਕਰਨੇ ਸ਼ੁਰੂ ਕੀਤੇ ਅਤੇ ਨਾਲ ਥੋੜਾ ਬਹੁਤ ਖਾਣ ਪੀਣ ਦੀਆਂ ਚੀਜ਼ਾਂ ਵੀ ਪੇਸ਼ ਕੀਤੀਆਂ ਜਾਣ ਲੱਗ ਪਈਆਂ।  ਲੋਕ ਦੋ ਦੋ ਚਾਰ ਚਾਰ ਦੇ ਗਰੁੱਪਾਂ ਵਿਚ ਇਕੱਠੇ ਹੋ ਕੇ ਗੱਲਾਂ ਕਰਨ ਲੱਗ ਪਏ।
ਡਾ.ਗੁਰਭਜਨ ਸਿੰਘ ਹੱਥ ਵਿਚ ਵਿਸਕੀ ਦਾ ਗਲਾਸ ਫੜੀਂ ਗੁਰਨੇਕ ਕੋਲ ਆ ਕੇ ਪੁੱਛਣ ਲੱਗੇ-
''ਕੀ ਗੱਲ ਤੁਸੀਂ ਕੁਝ ਲੈ ਨਹੀਂ ਰਹੇ?''
''ਜੀ, ਮੈਂ ਪੀਂਦਾ ਨਹੀਂ!''
''ਹੈਂ, ਕਮਾਲ ਐ! ਤੁਸੀਂ ਕਦੇ ਵੀ ਨਹੀਂ ਪੀਤੀ? ਜਾਂ ਫੇਰ ਸੌਂਹ ਪਾਈ ਹੋਈ ਐ?''
''ਨਹੀਂ ਅਜਿਹੀ ਕੋਈ ਗੱਲ ਨਹੀਂ ਡਾ.ਸਾਹਬ ਬੱਸ ਊਂ ਈ ਅੱਜ...।''
''ਨੋ-ਨੋ।  ਏ ਵਟਰ ਪਲੀਜ਼ ਵਨ ਮਿਨਟ।  ਪਲੀਜ਼ ਮੇਕ ਏ ਡਰਿੰਕ ਫਾਰ ਹਿੰਮ।''
ਬ੍ਹੈਰੇ ਤੋਂ ਡਰਿੰਕ ਫੜ ਕੇ ਡਾ.ਸਾਹਬ ਨੇ ਗੁਰਨੇਕ ਨੂੰ ਫੜਾਇਆ ਤੇ ਨਾਲ ਦੀ ਨਾਲ ਆਪਣਾ ਗਲਾਸ ਉਹਦੇ ਗਲਾਸ ਨਾਲ ਟਕਰਾਉਂਦਿਆਂ ਕਿਹਾ-
''ਓ.ਕੇ. ਚੀਅਰਜ਼ ਫਾਰ ਟੂਡੇਜ਼ ਐਕਸੇਲੈਂਟ ਫੰਕਸ਼ਨ।''
ਗੁਰਨੇਕ ਨੇ ਵੀ ਆਪਣੇ ਗਲਾਸ ਵਿਚੋਂ ਘੁੱਟ ਭਰਿਆ।  ਉਹਨੂੰ ਆਪਣੇ ਵੱਲ ਸੁਆਲੀਆ ਨਿਗਾਹਾਂ ਨਾਲ ਦੇਖਦਿਆਂ ਦੇਖ ਕੇ ਡਾ ਸਾਹਬ ਨੇ ਕਿਹਾ, ''ਆਓ ਆਪਾਂ ਇਕ ਪਾਸੇ ਬਹਿ ਕੇ ਗੱਲਾਂ ਕਰਦੇ ਆਂ।'' ਉਹ ਗੁਰਨੇਕ ਨੂੰ ਇਸ਼ਾਰੇ ਨਾਲ ਸਾਹਮਣੀ ਕੰਧ ਨਾਲ ਲੱਗੇ ਸੋਫੇ ਤੇ ਬੈਠਣ ਲਈ ਆਖ ਰਹੇ ਸਨ।
''ਕਵੀ ਸਾਹਬ ਜਿਵੇਂ ਮੈਂ ਲੋਕਾਂ ਕੋਲੋਂ ਤੁਹਾਡੀ ਅਤੇ ਤੁਹਾਡੀ ਕਿਤਾਬ ਬਾਰੇ ਸੁਣਿਐ ਮੈਨੂੰ ਲੱਗ ਰਿਹੈ...।''
ਡਾ.ਸਾਹਬ ਨੇ ਬ੍ਹੈਰੇ ਦੀ ਟਰੇਅ ਵਿਚੋਂ ਤੰਦੂਰੀ ਮੁਰਗੇ ਦੀ ਇਕ ਟੰਗ ਚੁੱਕ ਲਈ ਅਤੇ ਆਪਣੇ ਗਲਾਸ ਵਿਚੋਂ ਘੁੱਟ ਭਰਨ ਪਿੱਛੋਂ ਉਹ ਖਾਣ ਲੱਗ ਪਏ।
''ਅੱਛਾ ਡਾ.ਸਾਹਬ ਇਸ ਦਾ ਮਤਲਬ ਤੁਸੀਂ ਵੀ ਮੇਰੀ ਕਿਤਾਬ ਪੜ੍ਹ ਲਈ ਹੋਵੇਗੀ?''
''ਨਹੀਂ।  ਆਈ ਐਮ ਸੌਰੀ।  ਮੈਨੂੰ ਟਾਈਮ ਹੀ ਨਹੀਂ ਲੱਗਾ।  ਯੂ ਨੋ ਵੀ ਆਰ ਸੋ ਬਿਜ਼ੀ! ਪਰ ਇਹ ਕੋਈ ਵੱਡੀ ਗੱਲ ਨਹੀਂ।''
''ਡਾ.ਸਾਹਬ ਜਿਹੜਾ ਏਸ ਸਾਲ ਦਾ ਬੈਸਟ ਬੁੱਕ ਦਾ ਨੈਸ਼ਨਲ ਅਵਾਰਡ ਅਨਾਊਂਸ ਹੋਣਾ ਹੈ ਉਹ...।''
"ਓਹ ਡੋਂਟ ਵਰੀ ਮਾਈ ਡੀਅਰ ਕਵੀ ਸਾਹਬ! ਉਸ ਵਿਚ ਅਜੇ ਬੜਾ ਸਮਾਂ ਹੈ।  ਤੁਹਾਨੂੰ ਤਾਂ ਪਹਿਲਾਂ ਵੀ ਕੁਝ ਸਟੇਟ ਅਤੇ ਹੋਰ ਅਵਾਰਡ ਮਿਲ ਚੁੱਕੇ ਸਨ।  ਇਸ ਵਾਰ ਵੀ ਮੈਂ ਈ ਕਮੇਟੀ ਦਾ ਚੇਅਰਮੈਨ ਆਂ।  ਬਟ ਸਮ ਟਾਈਮਜ਼ ਇਟ ਬਿਕਮਜ਼ ਬਿਟ ਡਿਫੀਕਲਟ ਯੂ ਨੋ।  ਕਦੇ ਕਦੇ ਥੋੜੀ ਮੁਸ਼ਕਲ ਆ ਪੈਂਦੀ ਏ।  ਬਟ ਯੂ ਨੋ ਮਨੀ ਮੇਕਸ ਦੀ ਮੇਅਰ ਗੋ।  ਅੱਜ ਕਲ੍ਹ ਕੁਝ ਕੰਮ ਪੈਸਾ ਖਰਚ ਕੇ ਕਰਨੇ ਕਰਵਾਉਣੇ ਪੈਂਦੇ ਨੇ।  ਜ਼ਮਾਨੇ ਬਦਲ ਰਹੇ ਨੇ।"
''ਹਾਂ ਜੀ ਡਾ.ਸਾਅਬ ਤੁਸੀਂ ਸੇਵਾ ਦੱਸੋ ਮੈਂ ਕੋਸ਼ਿਸ਼ ਕਰਾਂਗਾ।  ਭਾਵੇਂ ਮੈਂ ਇਕ ਬੜਾ ਗਰੀਬ ਜਿਆ ਟੀਚਰ ਆਂ ਪਰ ਬੰਦਾ ਕੋਸ਼ਿਸ਼ ਤਾਂ ਕਰ ਹੀ ਸਕਦੈ।''
ਗੁਰਨੇਕ ਨੇ ਗਲਾਸ ਵਿਚੋਂ ਇਕ ਹੋਰ ਘੁੱਟ ਭਰਦਿਆਂ ਕਿਹਾ।  ਡਾ.ਗੁਰਭਜਨ ਸਿੰਘ ਨੇ ਆਪਣੀਆਂ ਸੁਨਹਿਰੀ ਐਨਕਾਂ ਪਿੱਛੇ ਤੇਜ਼ ਚਮਕਦੀਆਂ ਅੱਖਾਂ ਗੁਰਨੇਕ ਦੇ ਚਿਹਰੇ 'ਤੇ ਗੱਡ ਦਿੱਤੀਆਂ ਅਤੇ ਥੋੜਾ ਮੁਸਕਰਾ ਕੇ ਹਸਦਿਆਂ ਕਿਹਾ-
''ਕਵੀ ਸਾਹਬ ਤੁਸੀਂ ਫਿਕਰ ਨਾ ਕਰੋ।  ਮੈਂ ਤੁਹਾਡਾ ਬਹੁਤਾ ਖਰਚਾ ਨਹੀਂ ਹੋਣ ਦਿਆਂਗਾ।  ਮੈਨੂੰ ਤੁਹਾਡੀ ਬਿਮਾਰੀ ਕਰਕੇ ਵੀ ਤੁਹਾਡੇ ਨਾਲ ਦਿਲੋਂ ਹਮਦਰਦੀ ਹੈ।  ਹਾਂ, ਸੱਚ ਮੈਨੂੰ ਬਾਅਦ ਵਿਚ ਯਾਦ ਕਰਾਣਾ ਮੈਂ ਤੁਹਾਡੇ ਬਾਰੇ ਏਮਜ਼ ਵਿਚ ਡਾਕਟਰ ਰਾਜੂ ਨਾਲ ਗੱਲ ਕਰਾਂਗਾ।  ਹਾਂ ਤਾਂ ਮੈਂ ਕਹਿ ਰਿਹਾ ਸੀ...।''  ਡਾ.ਸਾਹਬ ਆਪਣੇ ਸੱਜੇ ਹੱਥ ਵਿਚ ਫੜੀ ਮੁਰਗੇ ਦੀ ਟੰਗ ਏਧਰ ਓਧਰ ਹਿਲਾਉਂਦਿਆਂ ਗੱਲਾਂ ਕਰੀ ਜਾ ਰਹੇ ਸਨ।
''ਦੇਖੋ ਕਵੀ ਸਾਹਬ ਬਹੁਤੇ ਮੈਂਬਰਜ਼ ਮੇਰੀ ਰਿਸਪੈਕਟ ਕਰਦੇ ਨੇ।  ਜੇ ਮੈਂ ਕੋਈ ਗੱਲ ਆਖਾਂ ਤਾਂ ਉਹ ਮੰਨ ਵੀ ਲੈਂਦੇ ਨੇ।  ਪਰ ਹਰ ਮੈਂਬਰ ਨੂੰ ਮੇਰੀ ਰਕਮੈਂਡੇਸ਼ਨ ਦੇ ਨਾਲ ਨਾਲ ਕੁਝ ਹੋਰ ਵੀ ਉਮੀਦ ਹੁੰਦੀ ਏ।  ਸੋ ਤੁਸੀਂ ਖੁਦ ਹੀ ਅੰਦਾਜ਼ਾ ਲਗਾਓ ਕਿ ਜੇ ਚਾਰ ਮੈਂਬਰ ਵੀ ਮੇਰੀ ਗੱਲ ਮੰਨ ਲੈਣ ਅਤੇ ਮੈਂ ਉਹਨਾਂ ਦਾ ਅਹਿਸਾਨਮੰਦ ਹੋਵਾਂ ਤਾਂ ਇਕ ਲੱਖ ਦੇ ਇਨਾਮ ਲਈ...।''
''ਠੀਕ ਐ ਡਾ.ਸਾਅਬ ਤੁਸੀਂ ਜਦੋਂ ਹੁਕਮ ਕਰੋਗੇ ਮੈਂ ਹਾਜ਼ਰ ਹੋ ਜਾਵਾਂਗਾ।''
''ਓ.ਕੇ.ਦੈੱਨ ਆਈ ਵਿਲ ਲੈਟ ਯੂ ਨੋ।  ਮੈਂ ਤੁਹਾਨੂੰ ਦੱਸਾਂਗਾ।  ਉਹ ਜਿਹੜਾ ਤੁਹਾਡਾ ਦੋਸਤ ਐ ਨਾ? ਤੁਸੀਂ ਅੱਜ ਮਿਲਵਾਇਆ ਸੀ।  ਉਸ ਨੂੰ...।''
''ਹਾਂ ਜੀ ਗੁਰਮੀਤ ਸਿੰਘ।''
"ਹਾਂ ਟੈਲ ਹਿੰਮ ਦੈਟ ਹੀ ਸ਼ੁਡ ਬੀ ਇਨ ਟਚ ਵਿਦ ਮੀ।  ਮੇਰੇ ਨਾਲ ਭਾਵੇਂ ਫੋਨ 'ਤੇ ਗੱਲ ਕਰਕੇ ਸਮਾਂ ਲੈ ਲਵੇ।  ਚਲੋ ਫੇਰ ਏਸੇ ਖੁਸ਼ੀ 'ਚ ਲੈਟਸ ਹੈਵ ਕਪਲ ਆਫ ਮੋਰ ਡਰਿੰਕਸ।''
ਡਾ.ਸਾਹਬ ਹੋਰ ਸੱਜਣਾਂ ਨਾਲ ਗੱਲੀਂ ਜਾਂ ਲੱਗੇ।  ਉਹ ਵਾਰੀ ਵਾਰੀ ਸਭ ਦਾ ਹਾਲ ਚਾਲ ਪੁੱਛ ਰਹੇ ਸਨ।  ਸਾਰੇ ਅਗੇ ਵਧ ਵਧ ਕੇ ਉਹਨਾਂ ਨਾਲ ਗੱਲ ਵੀ ਕਰਨੀ ਚਾਹੁੰਦੇ ਸਨ।
ਗੁਰਨੇਕ ਨੂੰ ਵੀ ਇਕ ਇਕ ਦੋ ਦੋ ਕਰਕੇ ਲੋਕ ਮਿਲਦੇ ਰਹੇ।  ਹਾਲ ਵਿਚ ਆਵਾਜ਼ਾਂ ਥੋੜੀਆਂ ਉੱਚੀਆਂ ਹੋਣ ਲੱਗ ਪਈਆਂ ਸਨ।  ਕਰਨੈਲ ਤੇ ਗੁਰਮੀਤ ਵੀ ਇਕ ਪਾਸੇ ਖੜ੍ਹੇ ਆਪਣੇ ਆਪਣੇ ਗਲਾਸ ਫੜੀ ਸਮਾਗਮ ਦੀਆਂ ਗੱਲਾਂ ਕਰ ਰਹੇ ਸਨ।  ਕਰਨੈਲ ਸਿੰਘ ਨੇ ਪਹਿਲੀ ਵਾਰੀ ਅਜੇਹੀ ਪਾਰਟੀ ਦੇਖੀ ਸੀ।  
"ਦੇਖ ਲੈ ਬਾਈ ਗੁਰਮੀਤ ਸਿਆਂ।  ਉਹ ਕਹਿੰਦੇ ਹੁੰਦੇ ਐ ਅਖੇ ਘਿਉ ਮੱਲਾਂ ਨੂੰ ਤੇ ਦਾਰੂ ਗੱਲਾਂ ਨੂੰ।  ਆਪੇ ਈ ਲੋਕ ਇਕ ਦੂਜੇ ਨਾਲ ਗੱਲੀਂ ਲੱਗ-ਪੇ।  ਅਜੇ ਤਾਂ ਹੋਰ ਦੇਖੀਂ ਜਦੋਂ ਦੋ ਕ ਹਾੜ੍ਹੇ ਹੋਰ ਅੰਦਰ ਗਏ।  ਪਰ ਯਾਰ ਇਹ ਵਿਸਕੀ ਵੁਸਕੀ ਜੀ ਆਪਣੀ ਦੇਸੀ ਅੰਗੂ ਨੀ ਚੜ੍ਹਦੀ।  ਸਾਲਾ ਨਸ਼ਾ ਜਿਆ ਨੀ ਖਿੜਦਾ ਸਮਾਰ 'ਕੇ।"
ਦੂਜੇ ਪਾਸੇ ਲੋਕ ਗੁਰਨੇਕ ਨਾਲ ਉਹਦੀ ਬਿਮਾਰੀ ਬਾਰੇ ਹਮਦਰਦੀ ਜਤਾ ਰਹੇ ਸਨ ਅਤੇ ਸ਼ੁਭ ਇਛਾਵਾਂ ਦੇ ਰਹੇ ਸਨ।  ਕਈਆਂ ਨੇ ਆਪਣੇ ਕਾਰਡ ਗੁਰਨੇਕ ਨੂੰ ਦਿੱਤੇ ਉਸ ਦਾ ਪਤਾ ਫੇਰ ਨੋਟ ਕੀਤਾ।  ਖਾਣ ਪੀਣ ਰਾਤ ਦੇ ਬਾਰਾਂ ਕੁ ਵਜੇ ਖਤਮ ਹੋਇਆ।
ਇਕ ਰਮੇਸ਼ ਗੌਰਵ ਨਾਂ ਦਾ ਬੰਦਾ ਸ਼ਰਾਬੀ ਹੋ ਚੁੱਕਾ ਸੀ।  ਉਹ ਹਿੰਦੀ ਵਿਚ ਕਹਾਣੀਆਂ ਅਤੇ ਕਵਿਤਾਵਾਂ ਲਿਖਦਾ ਹੁੰਦਾ।  ਆਪਣੇ ਇਕ ਸਾਥੀ ਨਾਲ ਉਹ ਉੱਚੀ ਸੁਰ ਵਿਚ ਬਹਿਸ ਰਿਹਾ ਸੀ।  ਉਂਜ ਉਹ ਬਹੁਤਾ ਮਸ਼ਹੂਰ ਲੇਖਕ ਨਹੀਂ ਸੀ ਕਿਸੇ ਸਰਕਾਰੀ ਦਫਤਰ ਵਿਚ ਚੰਗੇ ਅਹੁਦੇ 'ਤੇ ਕੰਮ ਕਰਦਾ ਸੀ।
''ਨਾ ਤੂੰ ਸਮਝਦਾ ਕੀ ਐਂ ਆਪਣੇ ਆਪ ਨੂੰ? ਤੂੰ ਚੀਜ ਕੀ ਐਂ? ਸਾਲਿਆ ਤੇਰੇ ਪੋਤੜਿਆਂ ਨੂੰ ਮੈਂ ਜਾਣਦੈਂ।  ਤੂੰ ਮੈਨੂੰ ਕਿਹਾ ਕਿਉਂ ਬਈ ਮੈਂ ਉਹਦੇ ਕੋਲ ਜਾ ਕੇ ਇਹ ਗੱਲ ਆਖਾਂ।  ਮੈਂ ਕੋਈ ਭੀਖ ਮੰਗਣੀ ਐਂ? ਹੈਂ...?'' ਫੇਰ ਉਹ ਆਪਣੇ ਦੋਸਤ ਦੀ ਬਾਂਹ ਫੜ ਕੇ ਗੁਰਨੇਕ ਕੋਲ ਲੈ ਆਇਆ।
''ਮਾ'ਰਾਜ ਸਤਕਾਰਜੋਗ...ਕਵੀ ਸਾਹਬ! ਆਹ ਦੇਖੋ! ਇਹ...ਇਹ ਮੇਰਾ ਜਿਗਰੀ...ਯਾਰ...ਐ।  ਕਿਉਂ ਬਾਈ ਦੱਸ...ਹੈ...ਕ...ਨਹੀਂ? ਹਾਂ ਜੀ ਇਹ ਜਿਗਰੀ...ਮੇਰਾ ਕਹਿੰਦੈ ਬਈ ਮੈਂ ਜਿਹੜੇ ਬੰਦੇ...ਦੀ ਪਿੱਠ 'ਤੇ ਮੂਤਣਾ ਵੀ ਨੀ...ਚਾਹੁੰਦਾ...ਅਖੇ ਉਹ ਦਾ ਮੂੰਹ...ਦੇਖ।  ਨਾ-ਕਿਉਂ? ਕਿਉਂ ਮੈਂ ਦੇਖਾਂ? ਮੈਂ ਤਾਂ ਓਸ ਸਾਲੇ ਦੀ...ਢੂਈ ਨੀ ਮਾਰਦਾ...ਨਾ ਤੇਰੀ...।''
ਰਮੇਸ਼ ਗੌਰਵ ਦਾ ਦੋਸਤ ਉਹਨੂੰ ਸੰਭਾਲਦਾ ਹੋਇਆ ਗੁਰਨੇਕ ਤੋਂ ਮਾਫੀ ਮੰਗ ਰਿਹਾ ਸੀ ਤੇ ਰਮੇਸ਼ ਜੀ ਦਾ ਨਸ਼ਾ ਪੂਰਾ ਖਿੜਿਆ ਹੋਇਆ ਸੀ। ਲਗਭਗ ਸਾਰੇ ਬੰਦੇ ਇਕ ਇਕ ਕਰਕੇ ਜਾ ਚੁੱਕੇ ਸਨ।  ਸਭ ਤੋਂ ਪਹਿਲਾਂ ਡਾ.ਗੁਰਭਜਨ ਗਏ ਅਤੇ ਫੇਰ ਹੋਰ।  ਕਰਨੈਲ ਤੇ ਗੁਰਮੀਤ ਨੇ ਬੜੀ ਮੁਸ਼ਕਲ ਨਾਲ ਸ਼ਰਾਬੀ ਹੋਏ ਕਵੀ ਨੂੰ ਵਿਦਾ ਕੀਤਾ।  ਕਰਨੈਲ ਸਿੰਘ ਤੇ ਗੁਰਮੀਤ ਅਖੀਰ 'ਚ ਇਕੱਠੇ ਰੋਟੀ ਖਾ ਰਹੇ ਸਨ।  ਹੋਟਲ ਦੇ ਬੰਦੇ ਹੌਲੀ ਹੌਲੀ ਆਪਣਾ ਸਮਾਨ ਸਮੇਟਣ ਵਿਚ ਲੱਗੇ ਹੋਏ ਸਨ।  ਕਰਨੈਲ ਸਿੰਘ ਬੜੀ ਖੁਸ਼ੀ ਦੇ ਰੌਂਅ ਵਿਚ ਸੀ।  ਉਹ ਗੁਰਨੇਕ ਕੋਲ ਆ ਕੇ ਆਖਣ ਲੱਗਾ-
''ਵਾਹ ਬਾਈ ਜੀ।  ਅੱਜ ਫੰਕਸ਼ਨ ਆਲੀ ਤਾਂ ਬਹਿ-ਜਾ, ਬਹਿ-ਜਾ ਕਰਾ 'ਤੀ।  ਇਹ ਵੱਡੇ ਸ਼ਹਿਰਾਂ ਦੀ ਦੁਨੀਆਂ ਈ ਨਰਾਲੀ ਐ।  ਮੈਂ ਕਹਿਨੈ ਬਈ ਐਨ ਨਿਸ਼ਾ ਈ ਕਰਾ 'ਤੀ ਕਿ।  ਇਹ ਡਾ.ਗੁਰਭਜਨ ਤਾਂ ਬੜੇ ਵਿਦਵਾਨ ਤੇ ਵੱਡੇ ਬੰਦੇ ਲਗਦੇ ਐ।  ਐਹੋ ਜੇ ਬੰਦੇ ਐਵੇਂ ਤਾਂ ਨੀ ਉੱਚੇ ਰੁਤਬਿਆਂ 'ਤੇ ਪਹੁੰਚਦੇ।  ਕੋਈ ਗੱਲ ਤਾਂ ਜਰੂਰ ਹੁੰਦੀ ਐ।  ਬੰਦੇ ਨੂੰ ਦੇਖ ਕੇ ਈ ਭੁੱਖ ਲਹਿੰਦੀ ਐ।  ਕਵੀ ਸਾਹਬ ਥੋਨੂੰ ਕਿਵੇਂ ਜਾਣਦੇ ਐ ਇਹ?''
ਗੁਰਨੇਕ ਚੁੱਪ ਸੀ।  ਉਹ ਖਰਚੇ ਬਾਰੇ ਸੋਚ ਰਿਹਾ ਸੀ।  ਅਤੇ ਆਉਣ ਵਾਲੇ ਕੱਲ੍ਹ ਦੀਆਂ ਗਿਣਤੀਆਂ-ਮਿਣਤੀਆਂ ਵਿਚ ਉਲਝਿਆ ਹੋਇਆ ਸੀ।  ਪੱਤਰਕਾਰਾਂ ਨਾਲ ਵੀ ਉਹਨੇ ਗੱਲਾਂ ਸਾਂਝੀਆਂ ਕੀਤੀਆਂ ਸਨ ਜਿਹੜੀਆਂ ਕਲ੍ਹ ਨੂੰ ਅਖਬਾਰਾਂ ਵਿਚ ਛਪਣੀਆਂ ਸਨ।  ਉਹ ਗੁਰਮੀਤ ਦੇ ਘਰ ਕੋਈ ਰਾਤ ਦੇ ਦੋ ਕੁ ਵਜੇ ਅੱਪੜੇ ਸਨ।  ਇਕ ਕਮਰੇ ਵਿਚ ਸੌਣ ਦਾ ਇੰਤਜ਼ਾਮ ਸੀ।
ਸਵੇਰੇ ਅਖਬਾਰਾਂ ਦੀਆਂ ਸੁਰਖੀਆਂ 'ਤੇ ਸਭ ਨੇ ਨਿਗਾਹ ਮਾਰੀ।  ਇਕ ਅਖਬਾਰ ਨੇ ਲਿਖਿਆ ਸੀ 'ਬਿਮਾਰ ਕਵੀ ਦੀਆਂ ਉੱਚੀਆਂ ਉਡਾਰੀਆਂ' ਦੂਜੇ ਅੰਗਰੇਜ਼ੀ ਅਖਬਾਰ ਵਿਚ ਖਬਰ ਸੀ 'ਸਿੱਕ ਪੋਏਟ ਟਚਿਜ਼ ਨਿਊ ਹਾਈਟਸ।' ਖਬਰਾਂ ਵਿਚ ਗੁਰਨੇਕ ਦੇ ਜੀਵਨ ਬਾਰੇ ਅਤੇ ਸਾਹਿਤਕ ਯੋਗਦਾਨ ਬਾਰੇ ਚਰਚਾ ਸੀ।  ਕਰਨੈਲ ਖਬਰਾਂ ਪੜ੍ਹ ਕੇ ਖੁਸ਼ ਸੀ।
''ਬਾਈ ਜੀ ਪੰਜਾਬ ਐਡੀਸ਼ਨ ਦੇ ਅਖਬਾਰਾਂ ਵਿਚ ਵੀ ਇਹ ਖਬਰਾਂ ਤਾਂ ਛਪੀਆਂ ਹੋਣਗੀਆਂ?''
ਗੁਰਨੇਕ ਦੇ ਕਹਿਣ ਤੇ ਉਹਨੇ ਖਬਰਾਂ ਦੀਆਂ ਕਾਤਰਾਂ ਕੱਟ ਲਈਆਂ।  ਗੁਰਮੀਤ ਨੇ ਵੀ ਗੁਰਨੇਕ ਨੂੰ ਵਧਾਈ ਦਿੱਤੀ।
ਗੁਰਨੇਕ ਨੂੰ ਆਪਣੇ ਭਵਿੱਖ ਬਾਰੇ ਨਵੀਆਂ ਆਸਾਂ ਬੱਝ ਗਈਆਂ ਸਨ।  ਉਸ ਨੂੰ ਹੌਲੀ ਹੌਲੀ ਕੰਮ ਕਰਾਉਣ ਤੇ ਕੱਢਣ-ਕਢਾਉਣ ਦੇ ਢੰਗ ਤਰੀਕੇ ਸਿੱਖਣ ਦੇ ਹੋਰ ਚੰਗੇ ਮੌਕੇ ਮਿਲਣੇ ਸਨ।  ਬੰਦੇ ਨੂੰ ਪਛਾਣ ਕੇ ਉਹਨੂੰ ਵਰਤ ਸਕਣ ਦੀਆਂ ਤਰਕੀਬਾਂ ਵੀ ਕਾਮਯਾਬੀ ਨਾਲ ਆਪਣੀਆਂ ਸਕੀਮਾਂ ਸਿਰੇ ਚਾੜ੍ਹ ਸਕਣ ਲਈ ਸਿੱਖ ਲਈਆਂ ਸਨ।  ਜੇ ਚਾਰ ਪੈਸੇ ਜੇਬ ਵਿਚ ਹੋਣ ਤਾਂ ਫੇਰ 'ਦੁਨੀਆਂ ਝੁਕਤੀ ਹੈ' ਦੇ ਸੱਚ ਦੀ ਪਛਾਣ ਵੀ ਆ ਗਈ ਸੀ।
ਅਗਲਾ ਕੰਮ ਕਿਤਾਬ ਨੂੰ ਇਨਾਮ ਮਿਲਣਾ ਅਤੇ ਕੋਰਸਾਂ ਵਿਚ ਲਗਵਾਉਣ ਦਾ ਵੀ ਉਹਨੂੰ ਹੁਣ 'ਬੱਸ ਹੋ ਗਿਆ ਸਮਝੋ' ਲੱਗਣ ਲੱਗ ਪਿਆ ਸੀ।
ਦੂਜੇ ਦਿਨ ਘਰ ਪਹੁੰਚਣ ਪਿੱਛੋਂ ਕਈ ਦੂਰੋਂ ਨੇੜਿਓਂ ਯਾਰ ਮਿੱਤਰ ਤੇ ਹੋਰ ਸੱਜਣ ਮਿਲਣ-ਮਿਲਾਉਣ ਆਉਂਦੇ ਰਹੇ।  ਕਰਨੈਲ ਸਿੰਘ ਸਾਰਾ ਦਿਨ ਰਸੋਈ ਵਿਚੋਂ ਬਸੰਤ ਦੀ ਮਦਦ ਕਰਦਿਆਂ ਚਾਹ ਪਾਣੀ ਦੀ ਸੇਵਾ ਕਰਦਾ ਰਿਹਾ।  ਵਿੱਚੋਂ ਵਿੱਚੋਂ ਆਪਣੇ ਦਿੱਲੀ ਜਾਣ ਬਾਰੇ ਅਤੇ ਆਪਣੇ ਅੱਖੀਂ ਡਿੱਠੇ ਜਲੌਅ ਦੀਆਂ ਗੱਲਾਂ ਵੀ ਕਰੀ ਜਾਂਦਾ।  ਗੁਰਨੇਕ ਮੰਜੇ 'ਤੇ ਕੰਧ ਨਾਲ ਕਈ ਸਰ੍ਹਾਣਿਆਂ ਦੀ ਢੋਅ ਲਾਈ ਸੰਤਾਂ ਜਿਹਾਂ ਵਾਂਗ ਬੜੀਆਂ ਸਿਆਣੀਆਂ ਜਿਹੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਰਿਹਾ।  ਉਹਦਾ ਬੋਲਣ ਢੰਗ ਵੀ ਹੁਣ ਥੋੜਾ ਬਦਲ ਗਿਆ ਸੀ।  ਉਹ ਹਰ ਗੱਲ ਹੌਲੀ ਹੌਲੀ ਕੁਝ ਸ਼ਬਦਾਂ ਉੱਤੇ ਖਾਸ ਜ਼ੋਰ ਦੇ ਕੇ ਕਰਦਾ।  ਨਾਲ ਨਾਲ ਆਪਣਾ ਸੱਜਾ ਹੱਥ ਵੀ ਅਗਲੇ ਦੇ ਅੱਗੇ ਕਰਕੇ ਗੱਲ ਦਾ ਪ੍ਰਭਾਵ ਪਾਉਣ ਲਈ ਉਪਰ ਥੱਲੇ ਕਰਦਾ ਅਤੇ ਸਿਰ ਨੂੰ ਵੀ ਨਾਲ ਨਾਲ ਸਿਆਣਪ ਭਰੀ ਅਦਾ ਵਿਚ ਹਲਾਉਂਦਾ।  ਅੱਗੋਂ ਮਿਲਣ ਆਏ ਲੋਕ ਵੀ ਜਿਵੇਂ ਬੜੀ ਸ਼ਰਧਾ ਨਾਲ ਕੀਲੇ ਹੋਏ ਸੁਣਦੇ ਰਹਿੰਦੇ ਅਤੇ ਹੈਰਾਨੀ ਭਰੇ ਨਿੱਕੇ ਨਿੱਕੇ ਸਵਾਲ ਕਰਦੇ, ਜਿੰਨ੍ਹਾਂ ਦਾ ਜਵਾਬ ਉਹ ਬੜੀ ਤਸੱਲੀ ਨਾਲ ਅਤੇ ਸਿਆਣਪ ਨਾਲ ਹੌਲੀ ਹੌਲੀ ਦਿੰਦਾ।  ਗੱਲਾਂ ਗੱਲਾਂ ਵਿਚ ਉਹ ਦੁਨੀਆਂ ਦੇ ਵੱਡੇ ਵੱਡੇ ਵਿਦਵਾਨਾਂ ਅਤੇ ਫਿਲਾਸਫਰਾਂ ਦਾ ਜਿਕਰ ਵੀ ਜਰੂਰ ਕਰਦਾ।  ਬਹੁਤੀਆਂ ਗੱਲਾਂ ਉਹ ਮਾਰਕਸ, ਗੋਰਕੀ, ਚੈਖਵ, ਟੋਲਸਟਾਏ, ਰਸੂਲ ਹਮਜ਼ਾਤੋਵ, ਸਟੈਨਬੈਕ, ਮਾਅਮ, ਰੂਸੋ, ਕੀਟਸ, ਸ਼ੈਲੇ, ਮੋਪਾਸਾਂ ਤੇ ਬਰਟੰਡ ਰਸਲ ਤੋਂ ਇਲਾਵਾ ਕਈ ਲਿਖਾਰੀਆਂ ਤੇ ਵਿਦਵਾਨਾਂ ਬਾਰੇ ਇਉਂ ਕਰਦਾ ਜਿਵੇਂ ਉਹਨਾਂ ਨੂੰ ਬੜਾ ਨੇੜਿਓਂ ਦੇਖਿਆ ਹੋਵੇ।
ਗੁਸਲਖਾਨੇ ਵਲ ਆਉਂਦਿਆਂ ਜਾਂਦਿਆਂ ਅਲਮਾਰੀ ਵਿਚ ਰੱਖੀ ਲੱਕੜ ਦੀ ਸੰਦੂਕੜੀ ਵੱਲ ਦੇਖ ਕੇ ਉਹਨੂੰ ਬੜੀ ਤਸੱਲੀ ਹੁੰਦੀ।  ਉਹ ਸੋਚਦਾ ਕਿ ਜੇ ਇਕ ਲੱਖ ਰੁਪਏ ਦੇ ਇਨਾਮ ਲਈ, ਪੰਜ-ਸੱਤ ਹਜ਼ਾਰ ਖਰਚਣੇ ਵੀ ਪੈ ਜਾਣ ਤਾਂ ਕੀ ਵੱਡੀ ਗੱਲ ਐ? ਪੈਸੇ ਵੀ ਕਈ ਗੁਣਾਂ ਹੋ ਕੇ ਮੁੜਨਗੇ ਅਤੇ ਇੱਜ਼ਤ ਵੀ ਵਧੇਗੀ।  ਉਹਦਾ ਨਾਂ ਉੱਚਾ ਹੋਏਗਾ।  ਸ਼ਾਇਦ ਕੋਈ ਕਿਤਾਬ ਅੰਗਰੇਜ਼ੀ ਵਿਚ ਵੀ ਛਪ ਜਾਏਗੀ।  ਵੱਡੇ ਵੱਡੇ ਸਿਆਤਦਾਨਾਂ ਅਤੇ ਵਜ਼ੀਰਾਂ ਨਾਲ ਨੇੜਤਾ ਵਧੇਗੀ।  ਖਾਣ-ਕਮਾਉਣ ਦੇ ਮੌਕੇ ਮਿਲਣਗੇ।  ਗਰੀਬੀ ਦੂਰ ਕਰਨ ਦੇ ਮੌਕੇ ਵਾਰ ਵਾਰ ਸਾਹਮਣੇ ਆਉਣਗੇ।  ਜੇ ਲੋਕਾਂ ਨੂੰ ਆਪਣੇ ਸਵਾਰਥ ਲਈ ਵਰਤਾਂਗੇ ਤਾਂ ਉਹਨਾਂ ਨੂੰ ਸਾਡੇ ਕੰਮ ਆ ਕੇ ਆਪਣੀ ਥਾਂ ਖੁਸ਼ੀ ਮਿਲੇਗੀ।
ਸਮਾਂ ਆਪਣੀ ਚਾਲ ਚਲਦਾ ਰਿਹਾ।  ਡਾ.ਗੁਰਭਜਨ ਸਿੰਘ ਦਾ ਸੁਨੇਹਾ ਮਿਲ ਚੁੱਕਾ ਸੀ।  ਗੁਰਨੇਕ ਨੇ ਇਕ ਛੋਟਾ ਬੰਡਲ ਸੀਲ ਕਰਕੇ ਕਰਨੈਲ ਸਿੰਘ ਦੇ ਹੱਥ ਦਿੱਲੀ ਭੇਜਿਆ।  ਡਾ. ਸਾਹਬ ਦੇ ਨਾਂ ਇਕ ਚਿੱਠੀ ਵੀ ਨਾਲ ਭੇਜੀ।  ਕਰਨੈਲ ਸਿੰਘ ਤੇ ਗੁਰਮੀਤ ਦੋਵੇਂ ਡਾ.ਸਾਹਬ ਦੀ ਕੋਠੀ ਜਾ ਕੇ ਬੰਡਲ ਤੇ ਚਿੱਠੀ ਦੇ ਆਏ।  ਡਾ.ਸਾਹਬ ਦਾ ਮੋੜਵਾਂ ਸੁਨੇਹਾ ਸੀ, ''ਗਿਵ ਹਿੰਮ ਮਾਈ ਰੀਗਾਰਡਜ਼।''
ਇਕ ਮਹੀਨੇ ਪਿੱਛੋਂ ਕਿਤਾਬਾਂ ਦੇ ਇਨਾਮ ਨਸ਼ਰ ਹੋਏ ਸਨ।  ਡਾ.ਗੁਰਭਜਨ ਸਿੰਘ ਨੇ ਬੜੀ ਸਿਆਣਪ ਅਤੇ ਵਿਦਵਤਾ ਨਾਲ ਸਾਰਾ ਕੰਮ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ।  ਕਾਗਜ਼ੀ ਕਾਰਵਾਈ ਹਰ ਪੱਖੋਂ-ਚੰਗੀ ਤਰ੍ਹਾਂ ਦੇਖ ਚਾਖ ਕੇ ਪੂਰੀ ਕੀਤੀ ਤਾਂ ਕਿ ਕੋਈ ਕਸਰ ਨਾ ਰਹਿ ਜਾਵੇ।  ਜੇ ਕਲ੍ਹ ਨੂੰ ਕੋਈ ਇਤਰਾਜ਼ ਵੀ ਕਰੇ ਤਾਂ ਉਹਦਾ ਜਵਾਬ ਠੀਕ ਅਤੇ ਤਸੱਲੀ ਬਖ਼ਸ਼ ਦਿੱਤਾ ਜਾ ਸਕੇ।  ਮਹੀਨੇ ਪਿੱਛੋਂ ਇਕ ਦਿਨ ਕਿਤਾਬਾਂ ਦੇ ਇਨਾਮ ਅਖ਼ਬਾਰਾਂ ਵਿਚ ਛਪੇ।  ਗੁਰਨੇਕ ਦੀ ਕਿਤਾਬ 'ਨਵੀਂ ਸੁਗੰਧ' ਨੂੰ ਇਕ ਲੱਖ ਰੁਪਏ ਦਾ ਇਨਾਮ ਮਿਲਿਆ।  ਦੋ ਮਹੀਨੇ ਪਿੱਛੋਂ ਦਿੱਲੀ ਵੱਡੇ ਮੰਤਰੀ ਜੀ ਨੇ ਆਪਣੇ ਕਰ ਕਮਲਾਂ ਨਾਲ ਇਹ ਇਨਾਮ ਸਾਰੇ ਜੇਤੂਆਂ ਨੂੰ ਦੇਣੇ ਸਨ।  ਨਾਲ ਇਕ ਤਾਂਬੇ ਦੀ ਪਲੇਟ 'ਤੇ ਉੱਕਰੇ ਸਤਿਕਾਰਿਤ ਸ਼ਬਦ ਅਤੇ ਇਕ ਸ਼ਾਲ ਦੇ ਨਾਲ ਇਕ ਲੱਖ ਰੁਪਏ ਦਾ ਚੈੱਕ ਵੀ ਹੋਣਾ ਸੀ।
ਦੋ ਤਿੰਨ ਦਿਨ ਲਗਾਤਾਰ ਗੁਰਨੇਕ ਦੇ ਚੁਬਾਰੇ ਵਿਚ ਆਉਣ-ਜਾਣ ਵਾਲਿਆਂ ਦਾ ਤਾਂਤਾ ਲੱਗ ਗਿਆ।  ਅਖਬਾਰਾਂ ਅਤੇ ਦੂਰਦਰਸ਼ਨ ਦੇ ਨੁਮਾਇੰਦੇ ਕੈਮਰੇ ਲਈ ਪਹੁੰਚ ਰਹੇ ਸਨ।  ਦੋ ਦੋ, ਚਾਰ ਚਾਰ ਬੰਦੇ ਇਕੱਠੇ ਹੋ ਕੇ ਆਪੋ ਆਪਣੇ ਪ੍ਰੋਗਰਾਮਾਂ ਅਤੇ ਸਮਾਗਮਾਂ ਲਈ ਸਮਾਂ ਲੈਣ ਪਹੁੰਚ ਰਹੇ ਸਨ।  ਕਰਨੈਲ ਸਿੰਘ ਵਿਆਹ ਵਿਚ ਫਿਰਦੀ ਨੈਣ ਵਾਂਗ ਆਪਣੀ ਡਾਇਰੀ ਵਿਚ ਗੁਰਨੇਕ ਕਵੀ ਹੋਰਾਂ ਦੇ ਕਹੇ ਅਨੁਸਾਰ ਖਾਸ ਖਾਸ ਤਾਰੀਖਾਂ ਅੱਗੇ ਵੇਰਵੇ ਲਿਖ ਰਿਹਾ ਸੀ ਅਤੇ ਕਦੇ ਚਾਹ ਪਾਣੀ ਦੀ ਸੇਵਾ ਕਰ ਰਿਹਾ ਸੀ।  ਉਹਨਾਂ ਦਿਨਾਂ ਵਿਚ ਤਾਂ ਉਹ ਆਪਣੀ ਬਿਮਾਰ ਪਤਨੀ ਨੂੰ ਘਰੇ ਛੱਡ ਕੇ ਵੀ ਕਵੀ ਹੋਰਾਂ ਦੀ ਸੇਵਾ ਵਿਚ ਹਾਜ਼ਰ ਹੋਣਾ ਆਪਣਾ ਪਹਿਲਾ ਫਰਜ਼ ਸਮਝਦਾ ਸੀ।  ਆਮ ਦੁਪਹਿਰ ਦਾ ਖਾਣਾ ਉਹ ਗੱਲਾਂ ਕਰਦੇ ਅਤੇ ਸਮਾਗਮਾਂ ਬਾਰੇ ਸਲਾਹਾਂ ਕਰਦੇ, ਇਕੱਠੇ ਹੀ ਖਾਂਦੇ।
ਕਰਨੈਲ ਸਿੰਘ ਦੀ ਇਕੋ ਇਕ ਲੜਕੀ ਸੀ ਜਿਸ ਦਾ ਵਿਆਹ ਉਹਨੇ ਪਿਛਲੇ ਸਾਲ ਕਰ ਦਿੱਤਾ ਸੀ। ਹੁਣ ਉਹ ਸਾਰੀਆਂ ਦੁਨਿਆਵੀ ਜ਼ਿੰਮੇਵਾਰੀਆਂ ਤੋਂ ਆਪਣੇ ਆਪ ਨੂੰ ਸੁਰਖੂਰ ਸਮਝਦਾ ਸੀ।  ਪਤਨੀ ਨਾਲ ਅੱਜ ਕਲ ਉਹ ਨਾਰਾਜ਼ ਰਹਿਣ ਲੱਗ ਪਿਆ ਸੀ ਕਿਉਂਕਿ ਉਹਨੇ ਉਸ ਦੇ ਗੁਰਨੇਕ ਦੇ ਘਰ ਹਰ ਰੋਜ਼ ਵੜੇ ਰਹਿਣ ਬਾਰੇ ਇਤਰਾਜ਼ ਕੀਤਾ ਸੀ।  ਕਰਨੈਲ ਗੁਰਨੇਕ ਨੂੰ ਆਪਣਾ ਖਾਸ ਦੋਸਤ ਸਮਝਣ ਲੱਗ ਪਿਆ ਸੀ।  ਕਈ ਲੋਕ ਉਸ ਨੂੰ ਗੁਰਨੇਕ ਦਾ ਭਰਾ ਈ ਸਮਝਦੇ ਸਨ ਕਿਉਂਕਿ ਹਰ ਥਾਂ ਕਰਨੈਲ ਗੁਰਨੇਕ ਦੇ ਨਾਲ ਹੁੰਦਾ।  ਕਰਨੈਲ ਨੂੰ ਵੀ ਗੁਰਨੇਕ ਨਾਲ ਸਮਾਗਮਾਂ 'ਤੇ ਜਾਣ ਦਾ ਨਸ਼ਾ ਜਿਹਾ ਚੜ੍ਹਿਆ ਰਹਿੰਦਾ।  ਕਈਆਂ ਨੂੰ ਉਹ ਵਾਰ ਵਾਰ ਮਿਲਦਾ,  ਨੇੜਤਾ ਵਧਦੀ।  ਕਈ ਸਾਹਿਤਕਾਰਾਂ ਕਵੀਆਂ ਬਾਰੇ ਅੰਦਰਲੀਆਂ ਗੱਲਾਂ ਦਾ ਪਤਾ ਲਗਦਾ।  ਬੜਾ ਇਕ ਸੁਆਦ ਜਿਹਾ ਆਉਣ ਲੱਗ ਪਿਆ ਸੀ ਕਰਨੈਲ ਸਿੰਘ ਨੂੰ।  ਦੂਜੇ ਪਾਸੇ ਗੁਰਨੇਕ ਨੂੰ ਵੀ ਕਰਨੈਲ ਦੀ ਮਦਦ ਬਿਨਾਂ ਨਹੀਂ ਸੀ ਸਰਦਾ।  ਉਹ ਹੌਲੀ ਹੌਲੀ ਜਿਵੇਂ ਉਹਦੀ ਡੰਗੋਰੀ ਬਣ ਚੁੱਕਾ ਸੀ।  ਦੋਵੇਂ ਇਕੱਠੇ ਹੀ ਬਾਹਰ ਅੰਦਰ ਆਉਂਦੇ ਜਾਂਦੇ।
ਕਰਨੈਲ ਸਿੰਘ ਨੂੰ ਆਪਣੀ ਲੜਕੀ ਦੇ ਸਹੁਰਿਆਂ ਵੱਲੋਂ ਮਿਲੀ ਖ਼ਬਰ ਨੇ ਹਿਲਾ ਕੇ ਰੱਖ ਦਿੱਤਾ ਸੀ।  ਸਭ ਤੋਂ ਪਹਿਲਾਂ ਉਹਨੇ ਗੁਰਨੇਕ ਨਾਲ ਉਹ ਗੱਲ ਸਾਂਝੀ ਕੀਤੀ।  ਕਰਨੈਲ ਸਿੰਘ ਦਾ ਜਵਾਈ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ।  ਅੰਬਾਲੇ ਦੇ ਨੇੜੇ ਕਿਸੇ ਕਸਬੇ ਵਿਚ ਉਹ ਲੈਕਚਰਰ ਲੱਗਾ ਹੋਇਆ ਸੀ ਅਤੇ ਨਕਸਲੀਆਂ ਨਾਲ ਬਹਿੰਦਾ ਉਠਦਾ ਸੀ।  ਸੁਭਾਅ ਦਾ ਬੜਾ ਚੰਗਾ ਅਤੇ ਮਿਲਾਪੜਾ ਸੀ।  ਕਰਨੈਲ ਸਿੰਘ ਦੀ ਲੜਕੀ ਵੀ ਆਪਣੇ ਵਿਆਹ ਪਿੱਛੋਂ ਬਹੁਤ ਖੁਸ਼ ਸੀ।  ਉਸ ਦੇ ਅਚਾਨਕ ਇੰਜ ਗਾਇਬ ਹੋ ਜਾਣ ਨਾਲ ਉਸ ਦੀ ਲੜਕੀ ਵੀ ਬੜੀ ਪਰੇਸ਼ਾਨ ਸੀ ਅਤੇ ਕਲ੍ਹ ਤੋਂ ਉਹ ਆਪ ਵੀ ਬੜਾ ਦੁਖੀ ਸੀ।  ਕਰਨੈਲ ਸਿੰਘ ਉਸ ਵੇਲੇ ਗੁਰਨੇਕ ਤੋਂ ਸਹਾਰੇ ਦੀ ਉਮੀਦ ਰਖਦਾ ਸੀ ਅਤੇ ਦਿਲੋਂ ਚਾਹੁੰਦਾ ਸੀ ਕਿ ਉਹ ਉਸ ਨਾਲ ਲੜਕੀ ਦੇ ਸਹੁਰੀਂ ਚੱਲੇ ਤਾਂ ਕਿ ਸਹੀ ਹਾਲਾਤ ਬਾਰੇ ਪਤਾ ਕੀਤਾ ਜਾ ਸਕੇ।  ਪਰ ਗੁਰਨੇਕ ਨੇ ਸੁਭਾਅ ਅਨੁਸਾਰ ਟਾਲ-ਮਟੋਲ ਜਿਹੀ ਕੀਤੀ।  ਉਸ ਕੋਲੋਂ ਨਾ ਜਾਣ ਦਾ ਕੋਈ ਤਸੱਲੀਬਖ਼ਸ਼ ਬਹਾਨਾ ਵੀ ਨਾ ਬਣ ਸਕਿਆ।  ਅਖੀਰ ਕਰਨੈਲ ਸਿੰਘ ਨੇ ਉਸੇ ਵੇਲੇ ਸਕੂਲੋਂ ਛੁੱਟੀ ਲੈ ਕੇ ਅੰਬਾਲੇ ਵੱਲ ਜਾਣ ਵਾਲੀ ਬੱਸ ਫੜ ਲਈ।  ਉਹ ਇਕ ਰਾਤ ਆਪਣੀ ਲੜਕੀ ਕੋਲ ਰਹਿ ਕੇ ਪਰਤ ਆਇਆ।  ਉਹਦੇ ਜਵਾਈ ਦੀ ਕੋਈ ਉੱਘ-ਸੁੱਘ ਨਹੀਂ ਸੀ ਮਿਲ ਰਹੀ।  ਉਹਦੇ ਸਬੰਧੀ ਵੀ ਬੜੇ ਪਰੇਸ਼ਾਨ ਸਨ।  ਉਹ ਡਰਦੇ ਹੋਏ ਪੁਲਿਸ ਵਿਚ ਰਿਪੋਰਟ ਵੀ ਦਰਜ ਨਹੀਂ ਸਨ ਕਰਵਾ ਰਹੇ।  ਜੇ ਪੁਲਿਸ ਵਿਚ ਪੈ ਗਈ ਤਾਂ ਉਹਨਾਂ ਸਾਰਿਆਂ ਨੂੰ ਹੋਰ ਵੀ ਪਰੇਸ਼ਾਨੀ ਹੋ ਸਕਦੀ ਸੀ।  ਉਹਨੀਂ ਦਿਨੀਂ ਪੁਲਿਸ ਦੀ ਦਹਿਸ਼ਤ ਵੀ ਬਹੁਤ ਫੈਲੀ ਹੋਈ ਸੀ।  ਹਨੇਰੇ ਸਵੇਰੇ ਪੁਲਿਸ ਜਿਸ ਨੂੰ ਜੀ ਕਰੇ ਉਠਾ ਕੇ ਆਪਣੇ ਨਾਲ ਲੈ ਜਾਂਦੀ ਸੀ।  ਕਰਨੈਲ ਸਿੰਘ ਦੇ ਵਾਪਸ ਆਉਣ ਪਿੱਛੋਂ ਗੁਰਨੇਕ ਨੇ ਇਕ ਵਾਰੀ ਵੀ ਉਸ ਦਾ ਹਾਲ ਚਾਲ ਨਹੀਂ ਸੀ ਪੁੱਛਿਆ ਤੇ ਨਾ ਹੀ ਕੋਈ ਗੱਲ ਕੀਤੀ ਸੀ।  ਦੂਜੇ ਪਾਸੇ ਕਰਨੈਲ ਦੀ ਘਰ ਵਾਲੀ ਨੇ ਵੀ ਉਸ ਨੂੰ ਇਸ ਗੱਲ ਦੇ ਤਾਨ੍ਹੇ ਮਿਹਣੇ ਮਾਰੇ ਸਨ ਕਿ ਜਿਸ ਬੰਦੇ ਨਾਲ ਉਹ ਦਿਨ ਰਾਤ ਚਿੱਚੜ ਬਣ ਕੇ ਚਿੰਬੜਿਆ ਰਹਿੰਦਾ ਸੀ ਉਹਨੇ ਲੋੜ ਸਮੇਂ ਮਦਦ ਤਾਂ ਕੀ ਕਰਨੀ ਸੀ ਸਗੋਂ ਹਾਅ ਦਾ ਨਾਹਰਾ ਵੀ ਨਹੀਂ ਸੀ ਮਾਰਿਆ।  ਪਰ ਕਰਨੈਲ ਸਿੰਘ ਨੂੰ ਫੇਰ ਵੀ ਉਮੀਦ ਸੀ ਕਿ ਗੁਰਨੇਕ ਉਹਦੇ ਨਾਲ ਘੱਟੋਂ ਘੱਟ ਹਮਦਰਦੀ ਦੇ ਦੋ ਸ਼ਬਦ ਸਾਂਝੇ ਜ਼ਰੂਰ ਕਰੇਗਾ।  ਪਰ ਅਜਿਹਾ ਹੋਇਆ ਨਾ।
ਕੁਝ ਦਿਨਾਂ ਪਿੱਛੋਂ ਇਕ ਹੋਰ ਖ਼ਬਰ ਮਿਲੀ ਕਿ ਉਸ ਦੇ ਜਵਾਈ ਨੂੰ ਪੁਲਿਸ ਨੇ ਪੁਲਿਸ-ਮੁਕਾਬਲੇ ਵਿਚ ਮਾਰ ਦਿੱਤਾ ਹੈ।  ਕਰਨੈਲ ਸਿੰਘ ਦੇ ਘਰ ਉਹਦੇ ਸਭ ਸਾਥੀ ਅਤੇ ਆਂਢ-ਗੁਆਂਢ ਅਫਸੋਸ ਕਰਨ ਲਈ ਪਹੁੰਚੇ।  ਪਰ ਗੁਰਨੇਕ ਫੇਰ ਵੀ ਨਾ ਗਿਆ।  ਅਖੀਰ ਭੋਗ ਵਾਲੇ ਦਿਨ ਕਰਨੈਲ ਅਤੇ ਉਹਦੀ ਪਤਨੀ ਆਪਣੀ ਧੀ ਦੇ ਸਹੁਰੀਂ ਪਹੁੰਚੇ।
ਏਧਰੋਂ ਕੁਝ ਦਿਨ ਪਹਿਲਾਂ ਗੁਰਨੇਕ ਨੂੰ ਕਰਨੈਲ ਦੇ ਜਵਾਈ ਦੀ ਮੌਤ ਨੇ ਸਿਰਫ ਏਨਾ ਕੁ ਪਰੇਸ਼ਾਨ ਕੀਤਾ ਕਿ ਉਸ ਨੇ ਇਕ ਲੰਮੀ ਚਿੱਠੀ ਆਪਣੇ ਇਕ ਦੋਸਤ ਨੂੰ ਚੰਡੀਗੜ੍ਹ ਲਿਖ ਦਿੱਤੀ।  ਉਸ ਚਿੱਠੀ ਵਿਚ ਗੁਰਨੇਕ ਨੇ ਆਪਣੇ ਦੋਸਤ ਕਰਨੈਲ ਸਿੰਘ ਨਾਲ ਆਪਣੇ ਰਿਸ਼ਤਿਆਂ ਦੀ ਜਾਣਕਾਰੀ ਦੇਣ ਪਿੱਛੋਂ ਆਪਣੀ ਬਿਮਾਰੀ ਬਾਰੇ ਲਿਖਦਿਆਂ ਆਪਣੀ ਬੇਬਸੀ ਜ਼ਾਹਰ ਕੀਤੀ ਅਤੇ ਉਸ ਨੂੰ ਕਰਨੈਲ ਸਿੰਘ ਦੇ ਸਬੰਧੀਆਂ ਦਾ ਪਤਾ ਠਿਕਾਣਾ ਲਿਖ ਕੇ ਬੇਨਤੀ ਕੀਤੀ ਕਿ ਉਹ ਅੰਬਾਲੇ ਕਰਨੈਲ ਸਿੰਘ ਦੇ ਜਵਾਈ ਦੇ ਭੋਗ 'ਤੇ ਉਹਦੀ ਥਾਂ ਜ਼ਰੂਰ ਪਹੁੰਚੇ।  ਖੈਰ ਗੁਰਨੇਕ ਦਾ ਚੰਡੀਗੜ੍ਹ ਵਾਲਾ ਦੋਸਤ ਇਸ ਅਜੀਬ ਜਿਹੀ ਸਥਿਤੀ ਨੂੰ ਨਾ ਸਮਝ ਸਕਿਆ ਅਤੇ ਨਾ ਗਿਆ।  ਉਲਟਾ ਉਸ ਨੇ ਗੁਰਨੇਕ ਨੂੰ ਚਿੱਠੀ ਲਿਖੀ ਕਿ ਇਹੋ ਜਿਹੇ ਸਮੇਂ ਤਾਂ ਦੁਸ਼ਮਣਾਂ ਦੇ ਅਫਸੋਸ ਲਈ ਵੀ ਬੰਦੇ ਨੂੰ ਆਪ ਜਾਣਾ ਚਾਹੀਦਾ ਹੈ।  ਉਸ ਦਾ ਗੁਰਨੇਕ ਦੀ ਥਾਂ ਜਾਣਾ ਕਿਸੇ ਤਰ੍ਹਾਂ ਵੀ ਉਹ ਵਾਜਬ ਨਹੀਂ ਸੀ ਸਮਝਦਾ।  ਗੁਰਨੇਕ ਨੂੰ ਭਾਵੇਂ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇਗਾ ਜਾਂ ਨਹੀਂ ਪਰ ਉਸ ਨੇ ਫੇਰ ਵੀ ਕਰਨੈਲ ਸਿੰਘ ਨਾਲ ਅਫਸੋਸ ਕਰਨ ਲਈ ਦੋ ਸ਼ਬਦ ਸਾਂਝੇ ਨਾ ਕੀਤੇ।  
ਕਰਨੈਲ ਸਿੰਘ ਦੀ ਧੀ ਵਾਪਸ ਆਪਣੇ ਪੇਕੀਂ ਪਰਤ ਆਈ ਸੀ।  ਉਹ ਆਪਣੇ ਮਾਂ ਪਿਓ ਦੇ ਗਲ਼, ਲੱਗ ਕੇ ਮੱਣਾਂ ਮੂੰਹੀਂ ਰੋਈ ਸੀ।  ਕਰਨੈਲ ਸਿੰਘ ਦੀ ਪਤਨੀ ਦੇ ਅੱਥਰੂ ਨਹੀਂ ਸਨ ਸੁੱਕ ਰਹੇ।  ਸਭ ਨੇ ਕਰਨੈਲ ਸਿੰਘ ਦੇ ਜਵਾਨ ਜਵਾਈ ਦੀ ਮੌਤ ਦਾ ਬੜਾ ਦੁੱਖ ਮਨਾਇਆ ਸੀ।  ਇਕ ਪਾਸੇ ਕਰਨੈਲ ਸਿੰਘ ਨੂੰ ਜਵਾਈ ਦੀ ਮੌਤ ਦਾ ਦੁੱਖ ਸੀ ਪਰ ਦੂਜੇ ਪਾਸੇ ਉਸ ਨੂੰ ਗੁਰਨੇਕ ਸਿੰਘ ਦੀ ਚੁੱਪ ਵੀ ਬਹੁਤ ਚੁਭਦੀ ਸੀ।  ਨਾ ਹੀ ਉਸ ਨੂੰ ਇਹ ਸਮਝ ਆ ਰਿਹਾ ਸੀ ਕਿ ਇਹੋ ਜਿਹੀ ਕਿਹੜੀ ਗੱਲ ਸੀ ਜਿਸ ਕਰਕੇ ਗੁਰਨੇਕ ਉਸ ਕੋਲੋਂ ਪਾਸਾ ਵੱਟ ਗਿਆ ਸੀ ਤੇ ਉਹ ਵੀ ਪਹਾੜ ਜਿੱਡੀ ਮੁਸੀਬਤ ਸਮੇਂ।
ਕੁਝ ਮਹੀਨਿਆਂ ਪਿੱਛੋਂ ਲੜਕੀ ਦੇ ਸਹੁਰਿਆਂ ਨੇ ਕਰਨੈਲ ਸਿੰਘ ਨੂੰ ਲੜਕੀ ਦਾ ਦੂਜਾ ਵਿਆਹ ਕਰ ਦੇਣ ਲਈ ਬੇਨਤੀ ਕੀਤੀ।  ਉਹ ਹੌਲੀ ਹੌਲੀ ਆਪਣੇ ਦੋਸਤਾਂ ਨਾਲ ਦੂਜਾ ਰਿਸ਼ਤਾ ਲੱਭਣ ਦੀਆਂ ਗੱਲਾਂ ਵੀ ਕਰਦਾ।  ਉਹ ਸਾਰੀਆਂ ਗੱਲਾਂ ਗੁਰਨੇਕ ਤਕ ਵੀ ਪਹੁੰਚਦੀਆਂ ਪਰ ਫੇਰ ਵੀ ਉਹਨੇ ਕਰਨੈਲ ਸਿੰਘ ਨਾਲ ਗੱਲ ਨਹੀਂ ਸੀ ਕੀਤੀ।  ਅਖੀਰ ਕਰਨੈਲ ਨੇ ਉਹਦਾ ਇਹ ਰਵੱਈਆ ਪਰਵਾਨ ਕਰਦਿਆਂ ਸਬਰ ਦਾ ਘੁੱਟ ਭਰ ਲਿਆ।  ਉਹ ਵਿਹਲੇ ਸਮੇਂ ਆਪਣੀ ਧੀ ਨਾਲ ਟਿਊਸ਼ਨਾਂ ਪੜ੍ਹਾਉਣ ਵਿਚ ਰੁੱਝ ਗਿਆ।  ਨਾਲ ਹੀ ਆਪਣੀ ਧੀ ਲਈ ਦੂਜੇ ਰਿਸ਼ਤੇ ਦੀ ਭਾਲ ਜਾਰੀ ਰੱਖੀ।

***

No comments:

Post a Comment