Saturday 29 May 2010

ਲੋਕੁ ਕਹੈ ਦਰਵੇਸੁ :: ਅੱਠਵੀਂ ਕਿਸ਼ਤ...

ਲੋਕੁ ਕਹੈ ਦਰਵੇਸੁ :: ਅੱਠਵੀਂ ਕਿਸ਼ਤ...

ਗੁਰਨੇਕ ਕੰਧ ਨਾਲ ਲੱਗੇ ਮੰਜੇ 'ਤੇ ਦੋ ਸਰ੍ਹਾਣੇ ਕੰਧ ਨਾਲ ਲਾ ਕੇ ਗੋਡਿਆਂ 'ਤੇ ਫੱਟੀ ਰੱਖ ਕੇ ਜਾਂ ਤਾਂ ਕਵਿਤਾਵਾਂ ਲਿਖਦਾ ਜਾਂ ਲੋਕਾਂ ਨੂੰ ਲੰਮੀਆਂ ਚਿੱਠੀਆਂ।  ਜਦੋਂ ਉਹ ਲਿਖ ਨਾ ਰਿਹਾ ਹੁੰਦਾ ਤਾਂ ਆਦਤ ਅਨੁਸਾਰ ਉਹ ਸੱਜੇ ਗੋਡੇ ਤੇ ਸੱਜੀ ਕੂਹਣੀ ਰੱਖ ਕੇ ਸੱਜੇ ਹੱਥ ਦੀਆਂ ਚਾਰ ਉਂਗਲਾਂ ਮੱਥੇ ਤੇ ਰੱਖ ਲੈਂਦਾ ਅਤੇ ਅੰਗੂਠਾ ਸੱਜੀ ਪੁੜਪੜੀ 'ਤੇ ਰੱਖ ਲੈਂਦਾ।  ਇਉਂ ਬੈਠਾ ਉਹ ਡੂੰਘੀ ਸੋਚ ਵਿਚ ਡੁੱਬਿਆ ਲਗਦਾ ਜਾਂ ਕਿਸੇ ਗੱਲ ਤੋਂ ਬੜਾ ਦੁਖੀ ਹੋਇਆ ਲਗਦਾ ਜਾਂ ਕੋਈ ਕਵਿਤਾ ਦੀ ਕਲਪਨਾ ਕਰਦਾ ਲਗਦਾ।  ਕਦੇ ਕਦੇ ਇਉਂ ਵੀ ਲਗਦਾ ਜਿਵੇਂ ਉਹ ਆਪਣਾ ਚਿਹਰਾ ਲੋਕਾਂ ਤੋਂ ਲੁਕੋਣਾ ਚਾਹੁੰਦਾ ਹੋਵੇ।  ਇਉਂ ਬੈਠਿਆਂ ਉਹਦਾ ਸੱਜਾ ਗੁੱਟ ਪੀੜ ਕਰਦਾ ਲਗਦਾ। ਉਹ ਖੱਬੇ ਹੱਥ ਨਾਲ ਆਪਣੇ ਸੱਜੇ ਗੁੱਟ ਨੂੰ ਘੁਟਦਾ ਰਹਿੰਦਾ।
ਅੱਜਕਲ੍ਹ ਬਹੁਤਾ ਉਹ ਦੋ ਤਿੰਨ ਸਮੱਸਿਆਵਾਂ ਬਾਰੇ ਸੋਚਦਾ ਰਹਿੰਦਾ।  ਇਕ ਤਾਂ ਅਗਲੀ ਕਵਿਤਾਵਾਂ ਦੀ ਕਿਤਾਬ ਛਪਵਾਉਣ ਬਾਰੇ।  ਕੋਈ ਪੈਂਤੀ ਚਾਲੀ ਕਵਿਤਾਵਾਂ  ਇਕੱਠੀਆਂ ਹੋ ਚੁਕੀਆਂ ਸਨ, ਛਪੀਆਂ-ਅਣਛਪੀਆਂ।  ਜਿਹੜੀਆਂ ਉਹਨੇ ਅਜੇ ਛਾਂਟਣੀਆਂ ਸਨ ਅਤੇ ਉਹਨਾਂ ਨੂੰ ਕਿਤਾਬ ਦੀ ਸ਼ਕਲ ਵਿਚ ਤਰਤੀਬਵਾਰ ਜੋੜਨਾ ਸੀ।  ਪਰ ਏਸ ਕੰਮ ਨਾਲੋਂ ਬਹੁਤਾ ਉਹ ਕਿਤਾਬ ਦੀ ਸਫਲਤਾ ਬਾਰੇ ਫਿਕਰ ਕਰਦਾ।  ਸਾਹਿਤ ਸਭਾਵਾਂ ਵਿਚ ਲੋਕਾਂ ਦੀਆਂ ਗੱਲਾਂ ਧਿਆਨ ਨਾਲ ਸੁਣਦਾ।  ਚੰਡੀਗੜ੍ਹ, ਲੁਧਿਆਣੇ ਜਾਂ ਦਿੱਲੀ ਕੌਣ ਕੌਣ ਕਿਤਾਬਾਂ ਦੀ ਚੋਣ ਕਰਨ ਲਈ ਨਾਮਜ਼ਦ ਹੋਏ ਹਨ?  ਕੌਣ ਕਿੱਥੇ ਹੈ?  ਕਿਹੜੀਆਂ ਕਿਤਾਬਾਂ ਰਾਜ ਪੱਧਰ ਤੇ ਅਤੇ ਕਿਹੜੀਆਂ ਰਾਸ਼ਟਰੀ ਪੱਧਰ ਤੇ ਪਹੁੰਚਣ ਦੀਆਂ ਉਮੀਦਵਾਰ ਹਨ?  ਕੌਣ ਕੀ ਕੁਝ ਲਿਖ ਰਿਹਾ ਹੈ?  ਜਿੰਨ੍ਹਾਂ ਨੂੰ ਹੁਣ ਉਹ ਆਪਣੇ ਮੁਕਾਬਲੇ ਦੇ ਕਵੀ ਸਮਝਣ ਲੱਗ ਪਿਆ ਸੀ ਉਹਨਾਂ ਦੀਆਂ ਕਵਿਤਾਵਾਂ ਅਤੇ ਕਿਤਾਬਾਂ ਜ਼ਰੂਰ ਪੜ੍ਹਦਾ।  ਪਰ ਬਹੁਤਾ ਉਹ ਸਾਹਿਤ ਖੇਤਰ ਵਿਚ ਨਾਮਵਰ ਸਾਹਿਤਕਾਰਾਂ ਨਾਲ ਚਿੱਠੀਆਂ ਰਾਹੀਂ ਨੇੜਤਾ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ।  ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਉਹਨਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦਾ, ਆਪਣੀਆਂ ਬਿਮਾਰੀਆਂ ਦਾ ਜ਼ਿਕਰ ਜ਼ਰੂਰ ਕਰਦਾ।  ਇਹੋ ਜਿਹੇ ਸਾਰੇ ਕੰਮ ਆਉਣ ਵਾਲੇ ਲੋਕਾਂ ਦੀ ਲਿਸਟ ਬਣਾ ਕੇ ਹਫਤਾਵਾਰ ਚਿੱਠੀਆਂ ਜ਼ਰੂਰ ਲਿਖਦਾ।  ਉਸ ਨੇ ਇਹ ਪੱਕਾ ਧਾਰ ਲਿਆ ਸੀ ਕਿ ਜਦੋਂ ਵੀ ਉਹਦੀ ਅਗਲੀ ਕਿਤਾਬ ਛਪ ਕੇ ਆਏਗੀ ਉਸ ਤੋਂ ਪਹਿਲਾਂ ਹੀ ਸਾਹਿਤ ਦੇ ਨਾਮਵਰ ਲੋਕਾਂ ਨੂੰ ਉਹਦੇ ਸਿਰ ਵਿਚ ਕੈਂਸਰ ਦੀ ਰਸੌਲੀ ਬਾਰੇ ਜਾਣਕਾਰੀ ਹੋ ਜਾਣੀ ਚਾਹੀਦੀ ਹੈ।  ਇਸ ਸੋਚ ਨਾਲ ਉਹ ਅਕਸਰ ਚਿੱਠੀਆਂ ਵਿਚ ਆਪਣੇ ਸਿਰ ਵਿਚ ਅਸਹਿ ਦਰਦ ਹੋਣ ਬਾਰੇ ਲੋਕਾਂ ਨੂੰ ਲਿਖਦਾ ਰਹਿੰਦਾ।  ਕਈ ਨਜ਼ਦੀਕੀ ਯਾਰਾਂ ਦੋਸਤਾਂ ਨੂੰ ਸਿਰ ਦਰਦ ਦਾ ਕਾਰਨ ਉਹ ਕਵਿਤਾਵਾਂ ਲਿਖਣ ਲਈ ਸੋਚਾਂ ਵਿਚ ਆਪਣੇ ਡੂੰਘੇ ਉਤਰ ਜਾਣ ਨੂੰ ਗਿਣਦਾ।  ਰਾਤਾਂ ਨੂੰ ਨੀਂਦ ਨਾ ਆਉਣਾ, ਲਗਾਤਾਰ ਸਿਰ ਦਰਦ ਦੀਆਂ ਗੋਲੀਆਂ ਖਾ ਕੇ ਵੀ ਆਰਾਮ ਨਾ ਆਉਣਾ ਅਤੇ ਸਿਰ ਦਰਦ ਦਾ ਇਸ ਹੱਦ ਤਕ ਵਧ ਜਾਣਾ ਕਿ ਕੰਧਾਂ ਨੂੰ ਟੱਕਰਾਂ ਮਾਰਨ ਦੀ ਨੌਬਤ ਆ ਜਾਣੀ-ਅਜਿਹੀਆਂ ਗੱਲਾਂ ਅੱਜਕਲ੍ਹ ਉਹਦੀਆਂ ਚਿੱਠੀਆਂ ਦਾ ਅਹਿਮ ਹਿੱਸਾ ਹੁੰਦੀਆਂ ਸਨ।  ਹਰ ਦੂਜੇ ਹਫਤੇ ਪਹਿਲੀ ਨਾਲੋਂ ਦੂਜੀ ਚਿੱਠੀ ਵਿਚ ਬਿਮਾਰੀ ਵਧੀ ਹੁੰਦੀ ਅਤੇ ਪਤਾ ਨਹੀਂ 'ਕਿਹੜੇ ਵੇਲੇ' ਤੇ ਕਦੋਂ 'ਕੀ' ਹੋ-ਜਾਵੇ ਵਰਗੇ ਸ਼ਬਦਾਂ ਦੀ ਵਰਤੋਂ ਵਧ ਜਾਂਦੀ।  ਢਿੱਡ ਦੀ ਪੁਰਾਣੀ ਬਿਮਾਰੀ ਤਾਂ ਪਿੱਛਾ ਛੱਡ ਹੀ ਨਹੀਂ ਸੀ ਰਹੀ-ਪਹਿਲੇ ਫਿਕਰਿਆਂ ਵਿਚ ਹੁੰਦੀ।  ਆਪਣੀ ਬਿਮਾਰੀ ਦੇ ਲੰਮੇ ਬਿਆਨ ਮਗਰੋਂ ਆਪਣੀਆਂ ਕਵਿਤਾਵਾਂ ਵਿਚੋਂ ਕੋਈ ਤਰਸਮਈ ਹਾਲਤ ਬਿਆਨ ਕਰਦੀਆਂ ਇਕ ਦੋ ਲਾਈਨਾਂ ਵੀ ਲਿਖ ਛਡਦਾ।  ਕਈ ਤਾਂ ਪੜ੍ਹ ਕੇ ਜਾਂ ਸੁਣੀ-ਸੁਣਾਈ ਗੱਲ ਪਿੱਛੋਂ ਉਹਦਾ, ਦੂਰੋਂ ਖਾਸ ਚੱਲ ਕੇ ਪਤਾ ਲੈਣ ਵੀ ਆ ਜਾਂਦੇ।  ਉਹਨਾਂ ਦਾ ਇਉਂ ਉਸ ਨੂੰ ਮਿਲਣ ਆਉਣਾ ਉਹਦੇ ਮਨ ਨੂੰ ਬੜੀ ਤਸੱਲੀ ਦਿੰਦਾ।
ਦੂਜੀ ਗੱਲ ਜਿਹੜੀ ਉਹਦੇ ਦਿਮਾਗ ਦਾ ਇਕ ਖਾਸ ਹਿੱਸਾ ਮੱਲੀ ਰਖਦੀ ਉਹ ਸੀ ਮੁਖਤਿਆਰ ਦੀ ਮਾਂ ਦਾ ਅੰਗੂਠਾ ਲਾ ਕੇ ਦਿੱਤਾ ਹੋਇਆ ਸਰਕਾਰੀ ਕਾਗਜ਼।  ਉਹ ਉਸ ਗੱਲ ਦਾ ਧੂੰਆਂ ਤਕ ਵੀ ਨਹੀਂ ਸੀ ਨਿਕਲਣ ਦੇਣਾ ਚਾਹੁੰਦਾ ਅਤੇ ਉਹਦੇ ਦਿਮਾਗ਼ ਵਿਚ ਇਹ ਸੋਚ ਘੁੰਮਦੀ ਰਹਿੰਦੀ ਕਿ ਕਿਵੇਂ ਉਹ ਬਿਨਾਂ ਮੁਖਤਿਆਰ ਦੀ ਮਾਂ ਨੂੰ ਪਤਾ ਲਗਣ ਦੇ ਉਹਨਾਂ ਦੀ ਜ਼ਮੀਨ ਦਾ ਸੌਦਾ ਕਰਕੇ ਚਾਰ ਪੈਸੇ ਵੱਟ ਲਏ।  ਅਖੀਰ ਸਲਾਹ ਕਰਨ ਲਈ ਉਹਨੂੰ ਰਾਜ ਕੁਮਾਰ ਵਕੀਲ ਹੀ ਖੜ੍ਹਾ ਦਿਸਦਾ।  ਉਹਨੂੰ ਅੰਦਰੋਂ ਡਰ ਵੀ ਲਗਦਾ ਪਰ ਉਹ ਆਪਣੀ ਆਰਥਿਕ ਤੰਗੀ ਦੂਰ ਕਰਨ ਲਈ ਛੇਤੀ ਹੀ ਕੋਈ ਕਦਮ ਚੁੱਕਣਾ ਚਾਹੁੰਦਾ ਸੀ।  ਪਿੱਛੋਂ ਕਿਸੇ ਨੂੰ ਪਤਾ ਲੱਗਣ ਦੇ ਡਰੋਂ ਵੀ ਉਹ ਕੁਝ ਕਰ ਨਹੀਂ ਸੀ ਰਿਹਾ।  ਇਕ ਪਾਸੇ ਉਹਨੂੰ ਸਾਹਿਤਕ ਖੇਤਰ ਵਿਚ ਮਿਲੀ ਪ੍ਰਸਿਧੀ ਚੰਗੀ ਲਗਦੀ।  ਲੋਕ ਕਵਿਤਾ ਦੇ ਖੇਤਰ ਵਿਚ ਉਸਨੂੰ ਜਾਣਦੇ ਹੀ ਨਹੀਂ ਸਨ ਸਗੋਂ ਇੱਜ਼ਤ ਵੀ ਕਰਦੇ ਸਨ।  ਆਕਾਸ਼ ਵਾਣੀ ਤੋਂ ਕਵਿਤਾ ਪੜ੍ਹਨ ਲਈ ਤੇ ਕਵੀ ਦਰਬਾਰਾਂ ਲਈ ਲਗਾਤਾਰ ਸੱਦੇ ਆਉਂਦੇ ਰਹਿੰਦੇ ਸਨ।  ਉਹਦੇ ਇਕ ਆਲੋਚਕ ਦੋਸਤ ਨੇ ਤਾਂ ਉਸਨੂੰ ਕੀਟਸ ਤੇ ਸ਼ੈਲੇ ਵਰਗਾ ਵੀ ਕਹਿ ਦਿੱਤਾ ਸੀ।  ਉਹਦੀਆਂ ਕਵਿਤਾਵਾਂ ਦਾ ਹਿੰਦੀ ਵਿਚ ਤਰਜਮਾ ਹੋਣ ਲੱਗ ਪਿਆ ਸੀ।  ਪਰ ਜਦੋਂ ਉਸਨੂੰ ਘਰ ਵਿਚ ਅਤਿ ਜ਼ਰੂਰੀ ਚੀਜ਼ਾਂ ਖਰੀਦਣ ਦੀ ਲੋੜ ਪੈਂਦੀ ਤਾਂ ਪੂਰੀ ਨਹੀਂ ਸੀ ਪੈਂਦੀ।  ਅਗਲੀ ਕਿਤਾਬ ਛਾਪਣ ਲਈ ਦੋ ਤਿੰਨ ਪਬਲਿਸ਼ਰਾਂ ਵੱਲੋਂ ਚਿੱਠੀਆਂ ਵੀ ਪਹੁੰਚ ਗਈਆਂ ਸਨ।  ਪਰ ਉਸ ਨੂੰ ਕਿਤਾਬ ਵਿਚੋਂ ਆਮਦਨ ਦੇ ਬਹੁਤੇ ਸਾਧਨ ਨਹੀਂ ਸਨ ਦਿਸਦੇ।  ਉਹ ਪ੍ਰਸਿੱਧੀ ਦੇ ਨਾਲ ਨਾਲ ਥੋੜਾ ਅਮੀਰ ਹੋਣਾ ਵੀ ਲੋਚਦਾ।  ਇਸ ਵਿਚ ਬੁਰਾਈ ਵੀ ਕੀ ਸੀ?  ਕੁਝ ਕਵੀ ਤਾਂ ਕਵਿਤਾਵਾਂ ਲਿਖ ਲਿਖ ਕੇ ਹੀ ਅਮੀਰ ਹੋ ਗਏ ਲਗਦੇ ਸਨ।  ਜੇ ਅਸਲ ਵਿਚ ਨਹੀਂ ਵੀ ਸਨ ਤਾਂ ਲਗਦੇ ਤਾਂ ਸਨ ਹੀ।  ਦਿਨ­ਬ-ਦਿਨ ਮੁਖਤਿਆਰ ਕਿਆਂ ਵਾਲੀ ਜ਼ਮੀਨ ਹੀ ਉਸਨੂੰ ਖਿੱਚ ਪਾਉਂਦੀ ਰਹਿੰਦੀ।  ਉਸ ਕਿਸੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਵੀ ਨਾ ਕਰ ਸਕਦਾ।  ਬਸੰਤ ਨਾਲ ਵੀ ਨਹੀਂ।  ਉਹ ਕੀ ਸੋਚੇਗੀ ਉਹਦੇ ਬਾਰੇ? ਉਹ ਉਸ ਦੀ ਨਜ਼ਰ ਵਿਚ ਲਾਲਚੀ ਨਹੀਂ ਸੀ ਦਿਸਣਾ ਚਾਹੁੰਦਾ ਭਾਵੇਂ ਪੈਸੇ ਦੀ ਕਮੀ ਉਹਨੂੰ ਵੀ ਬੁਰੀ ਲਗਦੀ ਸੀ।  ਉਸ ਨੂੰ ਤਾਂ ਉਹ ਭੋਲੀ-ਭਾਲੀ ਘਰੇਲੂ ਤੀਵੀਂ ਤੋਂ ਵੱਧ ਕੁਝ ਨਹੀਂ ਸੀ ਸਮਝਦਾ।  ਆਪਣੇ ਆਪ ਨੂੰ ਪਾਕ-ਸਾਫ ਬਣਾ ਕੇ ਰੱਖਣਾ ਉਸ ਲਈ ਕੋਈ ਔਖਾ ਕੰਮ ਨਹੀਂ ਸੀਂ।  ਬੜੀ ਹੁਸ਼ਿਆਰੀ ਤੇ ਸਫਾਈ ਨਾਲ ਕਈ ਗਲਤ ਗੱਲਾਂ ਉਹ ਆਰਾਮ ਨਾਲ ਉਸ ਤੋਂ ਲੁਕਾ ਜਾਂਦਾ ਤੇ ਕੁਝ ਹੋਰ ਹੀ ਕਹਾਣੀ ਸੁਣਾ ਕੇ ਗੱਲ ਆਈ ਗਈ ਕਰ ਛੱਡਦਾ।  ਬਸੰਤ ਵੀ ਬਹੁਤਾ ਅੰਦਰ ਬਾਹਰ ਜਾਣਾ ਜਾਂ ਆਂਢ-ਗੁਆਂਢ ਤੀਵੀਆਂ ਵਿਚ ਬਹਿ ਕੇ ਰਾਜ਼ੀ ਨਹੀਂ ਸੀ।  ਉਂਜ ਵੀ ਬਸੰਤ ਨੇ ਕਦੇ ਉਹਦੇ 'ਤੇ ਸ਼ੱਕ ਨਹੀਂ ਸੀ ਕੀਤਾ।  ਉਹਦਾ ਸੁਭਾਅ ਵੀ ਕੁਝ ਅਜਿਹਾ ਸੀ।  ਪਰ ਫੇਰ ਵੀ ਕਦੀ-ਕਦਾਈਂ ਉਹ ਉਹਦੀਆਂ ਦੱਸੀਆਂ ਗੱਲ ਦਾ ਮਤਲਬ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਦੀ।  ਉਹ ਇਕੋ ਗਿਲਾ ਉਹਨੀਂ ਦਿਨੀਂ ਉਸ ਨਾਲ ਕਰਦੀ; ਉਹ ਇਹ ਕਿ ਉਹ ਨਿੱਕੀ ਨੂੰ ਪਿਆਰ ਨਹੀਂ ਸੀ ਕਰਦਾ, ਉਹਨੂੰ ਖਿਡਾਉਂਦਾ ਨਹੀਂ ਸੀ, ਉਹਨੂੰ ਕਦੇ ਉਹ ਚੱਕਦਾ ਵੀ ਨਹੀਂ ਸੀ।  ਕਦੇ ਵੀ ਇਕ ਬਾਪ ਵਾਂਗ ਲਾਡ ਨਹੀਂ ਸੀ ਲਡਾਉਂਦਾ।
''ਇਹ ਵਚਾਰੀ ਥੋਡੇ ਕੰਨੀ ਝਾਕਦੀ ਰਹਿੰਦੀ ਐ ਬਈ ਮੈਨੂੰ ਮੇਰੇ ਡੈਡੀ ਚੱਕਣਗੇ ਪਰ ਤੁਸੀਂ ਕਦੇ ਨਹੀਂ ਇਹਨੂੰ ਚੱਕਦੇ।'' ਬਸੰਤ ਅਹਿਸਾਸ ਕਰਾਉਂਦੀ ਕਹਿੰਦੀ।
"ਨਹੀਂ ਨਹੀਂ।  ਐਹੋ ਜੀ ਕਿਹੜੀ ਗੱਲ ਐ।  ਲਿਆ ਫੜਾ ਮੈਨੂੰ ਮੈਂ ਹੁਣੇ ਚੱਕ ਲੈਨੈ।  ਓ-ਹੋ-ਇਹਦੀ ਤਾਂ ਫਰਾਕ ਗਿੱਲੀ ਹੋਈ ਪਈ ਐ।  ਬਦਲ ਇਹਨੂੰ।''
ਇਹੋ ਜਿਹਾ ਕੋਈ ਬਹਾਨਾ ਬਣਾ ਕੇ ਉਹ ਨਿੱਕੀ ਨੂੰ ਮੁੜ ਬਸੰਤ ਨੂੰ ਫੜਾ ਦਿੰਦਾ ਤੇ ਅੰਦਰ ਮੰਜੇ 'ਤੇ ਜਾ ਕੇ ਬਹਿ ਕੇ ਸੱਜਾ ਹੱਥ ਆਪਣੇ ਮੱਥੇ 'ਤੇ ਧਰ ਲੈਂਦਾ, ਕੁਝ ਸੋਚਣ ਲਗਦਾ, ਖੱਬੇ ਹੱਥ ਨਾਲ ਸੱਜਾ ਗੁੱਟ ਘੁੱਟਣ ਲੱਗ ਪੈਂਦਾ, ਮਨ ਬੇਚੈਨ ਹੋ ਉਠਦਾ, ਉਹਨੂੰ ਕੱਚੀਆਂ ਤਰੇਲੀਆਂ ਜਿਹੀਆਂ ਆਉਣ ਲਗਦੀਆਂ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ, ਸਾਹ ਕਾਹਲਾ ਆਉਣ ਲੱਗ ਪੈਂਦਾ।  ਉਹ ਅਲਮਾਰੀ ਵਿਚੋਂ ਕੱਢ ਕੇ ਵੇਲੀਅਮ ਦੀ ਗੋਲੀ ਖਾਂਦਾ।
ਤੀਜੀ ਗੱਲ ਜਿਹੜੀ ਬਾਰੇ ਉਹ ਸੋਚਦਾ, ਉਹ ਸਨ ਉਹਦੇ ਮਾਂ-ਪਿਓ।  ਉਹਨੇ ਕਦੇ ਵੀ ਆਪਣੇ ਮਾਂ-ਪਿਓ ਨੂੰ ਚੰਗਾ ਨਹੀਂ ਸੀ ਸਮਝਿਆ।  ਛੋਟੀ ਉਮਰ 'ਚ ਪੜ੍ਹਾਈ ਵਿਚੇ ਛਡਵਾਉਣ ਲਈ ਉਹ ਉਹਨਾਂ ਨੂੰ ਪੂਰਾ ਜ਼ਿੰਮੇਵਾਰ ਠਹਿਰਾਉਂਦਾ।  ਉਹ ਸੋਚਦਾ ਕਿ 'ਛੋਟੇ ਨੂੰ ਤਾਂ ਡਾਕਟਰੀ ਪਾਸ ਕਰਾਂ'ਤੀ, ਤੇ ਮੇਰੇ ਵਾਰੀ ਪੈਸੇ ਮੁਕ-ਗੇ।' ਖੈਰ ਆਪਣੇ ਆਪ ਵਾਇਆ ਬਠਿੰਡਾ ਪੜ੍ਹਾਈ ਕਰਨ ਲਈ ਉਹ ਫਖ਼ਰ ਮਹਿਸੂਸ ਕਰਦਾ ਆਪਣੀ ਆਰਥਿਕ ਮੰਦੀ ਹਾਲਤ ਲਈ ਉਹ ਮਾਂ-ਪਿਓ ਨੂੰ ਹੀ ਜ਼ਿੰਮੇਵਾਰ ਸਮਝਦਾ।  ਉਹਨਾਂ ਦਾ ਕੋਈ ਵੀ ਫੈਸਲਾ ਉਹਨੂੰ ਚੰਗਾ ਨਾ ਲਗਦਾ।  ਉਹ ਪਿਛਾਂਹ ਖਿੱਚੂ ਖਿਆਲਾਂ ਦੇ ਬੰਦੇ ਲਗਦੇ, ਦਕੀਆਨੂਸੀ ਅਤੇ ਪੁਰਾਣੇ ਵਿਚਾਰਾਂ ਵਾਲੇ।  ਆਪਣੇ ਧੁਰ ਅੰਦਰ ਸਾਲਾਂ ਬੱਧੀ ਪਾਲੀ ਹੋਈ ਇਸ ਨਫਰਤ ਕਾਰਨ ਉਹ ਆਪਣੇ ਮਾਂ-ਪਿਓ ਦੀ ਸ਼ਕਲ ਤਕ ਵੀ ਦੇਖਣੀ ਨਹੀਂ ਸੀ ਚਾਹੁੰਦਾ, ਗੱਲ ਕਰਨੀ ਤਾਂ ਦੂਰ।
ਜਦੋਂ ਤੋਂ ਉਹਦੀ ਪਹਿਲੀ ਕਿਤਾਬ ਨੂੰ ਇਨਾਮ ਤੇ ਪ੍ਰਸਿੱਧੀ ਮਿਲੀ ਸੀ, ਉਹ ਆਪਣੇ ਆਪ ਨੂੰ ਸਿਆਣਾ ਸਮਝਣ ਲੱਗ ਪਿਆ ਸੀ।  ਜਿਹੜੇ ਯਾਰ-ਬੇਲੀ ਜਾਂ ਸ਼ਰਧਾ ਨਾਲ ਮਿਲਣ ਵਾਲੇ ਲੋਕ ਉਸ ਕੋਲ ਆਉਂਦੇ ਤਾਂ ਉਹ ਦੁਨੀਆਂ ਦੀਆਂ ਕਿਤਾਬਾਂ ਵਿਚੋਂ ਖਾਸ ਤੌਰ 'ਤੇ ਪੜ੍ਹ ਕੇ ਯਾਦ ਰੱਖੀਆਂ ਗੱਲਾਂ ਸੁਣਾ ਕੇ ਉਹਨਾਂ ਉੱਤੇ ਆਪਣੇ ਵਿਦਵਾਨ ਹੋਣ ਦਾ ਪ੍ਰਭਾਵ ਪਾਉਂਦਾ।  ਉਹਨਾਂ ਨਾਲ ਗੱਲਾਂ ਕਰਦਿਆਂ ਉਹਨੂੰ ਲਗਦਾ ਕਿ ਉਹ ਉਹਨਾਂ ਨਾਲੋਂ ਕਿਤੇ ਵੱਧ ਸਿਆਣਾ ਹੈ।  ਆਮ ਉਹ ਅਗਲੇ ਤੋਂ ਅਜਿਹੇ ਸਵਾਲ ਪੁਛਦਾ ਜਿਨ੍ਹਾਂ ਦਾ ਜਵਾਬ ਉਹਨੂੰ ਆਪ ਨੂੰ ਤਾਂ ਚੰਗੀ ਤਰ੍ਹਾਂ ਪਤਾ ਹੁੰਦਾ ਪਰ ਅਗਲੇ ਨੂੰ ਨਹੀਂ।  ਫੇਰ ਅਗਲੇ ਦੇ ਨਾਂਹ ਕਹਿਣ ਤੇ ਉਹ ਆਪਣੇ ਹੀ ਕੀਤੇ ਹੋਏ ਸਵਾਲ ਦਾ ਉੱਤਰ ਬੜੇ ਵਿਸਥਾਰ ਨਾਲ ਦਿੰਦਾ।  ਅਨੋਭੜ ਲੋਕ ਉਹਦੀਆਂ ਅਜਿਹੀਆਂ ਗੱਲਾਂ ਸੁਣ ਕੇ ਸਤਿਕਾਰ ਨਾਲ ਸਿਰ ਝੁਕਾ ਲੈਂਦੇ, ਕਈ ਹਾਂ ਹਾਂ ਕਰਦੇ ਸਿਰ ਮਾਰੀ ਜਾਂਦੇ।  ਜੇ ਕਿਧਰੇ ਕੋਈ ਨਘੋਚੀ ਜਾਂ ਗੱਲ-ਫਰੋਲੂ ਬੰਦਾ ਟੱਕਰ ਪੈਂਦਾ ਅਤੇ ਉਸ ਦੀ ਕਿਸੇ ਗੱਲ ਦਾ ਉਹ ਆਪ ਤਸੱਲੀਬਖਸ਼ ਉੱਤਰ ਨਾ ਦੇ ਸਕਦਾ ਤਾਂ ਉਹਨਾਂ ਸਵਾਲਾ ਦੇ ਜਵਾਬ ਵਿਚ ਉਹ ਆਖਦਾ, ''ਲੈ ਇਹ ਗੱਲ ਤਾਂ ਹੈ ਈ ਸੋਲਾਂ ਆਨੇ ਸੱਚ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕੈਂ-ਬਈ ਜਦੋਂ ਮੈਂ ਕਹਿਨੈ ਇਹ ਹੋਇਆ ਈ ਇਉਂ ਸੀ।'' ਤਾਂ ਸਮਝਦਾਰ ਲੋਕ ਉਸ ਦੀ ਸ਼ਾਤਰ ਸਿਆਣਪ ਵਾਲੀ ਡੂੰਘਾਈ ਨੂੰ ਆਪੇ ਹੀ ਨਾਪ ਲੈਂਦੇ ਅਤੇ ਹੋਰ ਅਗੋਂ ਕੋਈ ਸਵਾਲ ਨਾ ਕਰਦੇ।  ਓਦੋਂ ਗੱਲ ਕਰਦਿਆਂ ਉਹ 'ਮੈਂ ਕਹਿਨੈ' ਤੇ ਸਭ ਤੋਂ ਵੱਧ ਜ਼ੋਰ ਦੇ ਕੇ ਗੱਲ ਕਰਦਾ।  ਹਉਮੈਂ ਦਾ ਦੀਰਘ ਰੋਗ ਵੀ ਉਸ ਨੇ ਹੁਣ ਚੰਬੇੜ ਲਿਆ ਸੀ।
ਭਗਤ ਸਿੰਘ ਤਾਂ ਆਪਣੇ ਨਾਂ ਅਨੁਸਾਰ ਸੀ ਹੀ ਭਗਤ।  ਉਹਨੇ ਗੁਰਨੇਕ ਦੀ ਨਫਰਤ ਨੂੰ ਕਦੇ ਨਹੀਂ ਸੀ ਗੌਲਿਆ।  ਅਸਲ ਵਿਚ ਉਹਨੂੰ ਇਹ ਪਤਾ ਹੀ ਨਹੀਂ ਸੀ ਕਿ ਗੁਰਨੇਕ ਉਹਨਾਂ ਨੂੰ ਚੰਗਾ ਨਹੀਂ ਸਮਝਦਾ।  ਗੁਰਨੇਕ ਦਾ ਕੋਈ ਵੀ ਬੁਰਾ ਵਰਤਾਰਾ ਉਹਨੂੰ ਦੁਖੀ ਨਾ ਕਰਦਾ।  ਲੋਕਾਂ ਦੇ ਅੱਡੋ ਅੱਡ ਸੁਭਾਵਾਂ ਨੂੰ ਉਹ ਰੱਬੀ ਦੇਣ ਸਮਝਦਾ ਤੇ ਕੰਮ ਕਰਦਾ ਗਾਉਂਦਾ ਰਹਿੰਦਾ ''ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ।  ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ।'' ਉਹਦਾ ਹਿਰਦਾ ਨਿਰਮਲ ਸੀ।  ਦੱਸਾਂ ਨਹੁੰਆਂ ਦੀ ਕਿਰਤ ਕਰਕੇ ਵੰਡ ਛਕਣਾ ਅਤੇ ਰੱਬ ਨੂੰ ਹਮੇਸ਼ਾ ਯਾਦ ਰਖਣਾ ਉਹਦੀ ਸੋਚ ਦਾ ਸੋਮਾ ਸਨ।  ਘਰ ਵਿਚ ਆਏ ਗਏ ਪਰਾਹੁਣਿਆਂ ਦੀ ਉਹ ਚੰਗੀ ਖਾਤਰ ਕਰਦਾ।  ਕਿਸੇ ਦੀ ਨਿੰਦਿਆ ਚੁਗਲੀ ਕਦੇ ਨਾ ਕਰਦਾ ਅਤੇ ਜੇ ਕੋਈ ਉਹਦੇ ਬੈਠਿਆਂ ਕਿਸੇ ਨੂੰ ਬੁਰਾ ਭਲਾ ਕਹਿੰਦਾ ਵੀ ਤਾਂ ਉਹ ਵਿਚੋਂ ਟੋਕ ਕੇ ਇਹ ਸ਼ਬਦ ਬੋਲਦਾ-
"'ਨਿੰਦਾ ਭਲੀ ਕਿਸੇ ਕੀ ਨਾਹੀ;
ਮਨਮੁਖ ਮੁਗਧ ਕਰੰਨਿ।
ਮੂੰਹ ਕਾਲੇ ਤਿੰਨ ਨਿੰਦਕਾਂ,
ਨਰਕੇ ਘੋਰ ਪਵੰਨਿ।'"
ਗੁਰਨੇਕ ਨਾਲ ਉਹਨੇ ਕਦੇ ਗਿਲਾ ਨਹੀਂ ਸੀ ਕੀਤਾ ਅਤੇ ਚਰਨਜੀਤ ਨਾਲ ਕੋਈ ਹੱਦੋਂ ਵੱਧ ਪਿਆਰ ਨਹੀਂ ਸੀ।
ਦਿਆਕੁਰ ਕਬੀਲਦਾਰੀ ਵਿਚ ਆਪਣਾ ਫਰਜ਼ ਨਿਭਾਉਣਾ ਜਾਣਦੀ ਸੀ ਪਰ ਉਹਦਾ ਸੁਭਾਅ ਭਗਤ ਸਿੰਘ ਤੋਂ ਵੱਖਰਾ ਸੀ।  ਮਮਤਾ ਵੱਸ ਹਰ ਮਾਂ ਵਾਂਗ ਉਹਦਾ ਕਾਲਜਾ ਹਮੇਸ਼ਾਂ ਗੁਰਨੇਕ ਲਈ ਤੜਫਦਾ ਰਹਿੰਦਾ।  ਉਹ ਬੇਬਸ ਹੋਈ ਸੋਚਦੀ ਰਹਿੰਦੀ ਕਿ ਵੱਡੇ ਨੂੰਹ-ਪੁੱਤ ਉਸ ਕੋਲ ਕਿਉਂ ਨਹੀਂ ਆ ਕੇ ਬਹਿੰਦੇ? ਕਿਉਂ ਨਹੀਂ ਕੋਈ ਦੁਖ-ਸੁਖ ਕਰਦੇ? ਉਹਦੇ ਕੋਲੋਂ ਕੁਝ ਲੈਣ ਦੇ ਬਹਾਨੇ ਵੀ ਤਾਂ ਆ ਸਕਦੇ ਸਨ? ਆਪਣੇ ਹੀ ਸੁਆਲਾਂ ਦੇ ਉੱਤਰ ਉਹ ਲਭਦੀ ਰਹਿੰਦੀ।  ਹੰਭ-ਹਾਰ ਕੇ ਕਿਸੇ ਕੰਮ ਨੂੰ ਹੱਥ ਪਾਉਂਦੀ।  ਕੰਮ ਕਰਦੀ ਦੇ ਮੂਹਰੇ ਓਹੀ ਸਵਾਲ ਫੇਰ ਆ ਖੜ੍ਹੇ ਹੁੰਦੇ।  ਉਹ ਤੰਗ ਆ ਜਾਂਦੀ।  ਕਦੇ ਰੱਬ ਅਗੇ ਅਰਦਾਸ ਕਰਦੀ ਕਦੇ ਰੱਬ ਨਾਲ ਅੰਦਰੋਂ-ਅੰਦਰੀਂ ਲੜਦੀ।  ''ਹਾਏ ਵੇ ਡਾਢਿਆ, ਇਹ ਕਿਹੜੇ ਬਦਲੇ ਲਈ ਜਾਨੈ?''
ਆਂਢ-ਗੁਆਂਢ ਦੀਆ ਤੀਵੀਆਂ ਉਸ ਕੋਲ ਆਪਣੇ ਦੁਖ-ਸੁਖ ਫਰੋਲਦੀਆਂ।  ਕੋਈ ਆਪਣੇ ਪੇਕਿਆਂ, ਸਹੁਰਿਆਂ ਜਾਂ ਰਿਸ਼ਤੇਦਾਰੀਆਂ ਵਿਚ ਲੈਣ ਦੇਣ ਬਾਰੇ ਪੁਛਦੀ।  ਕੋਈ ਆਖਦੀ- ''ਹੈਂ ਬੇਬੇ ਜੀ ਮੇਰੇ ਨਣਦੋਈਏ ਦੇ ਛੋਟੇ ਭਰਾ ਦਾ ਵਿਆਹ ਐ, ਸਾਡਾ ਕੀ ਦੇਣਾ ਬਣਦੈ ਉਹਨਾਂ ਨੂੰ?'' ਕੋਈ ਆਖਦੀ, ''ਨੀ, ਮਾਂ-ਜੀ, ਮੇਰੀ ਭਾਬੀ ਦੇ ਭਰਾ ਦੇ ਘਰੇ ਮੁੰਡਾ ਹੋਇਐ ਸਾਡਾ ਕੀ ਫਰਜ ਬਣਦੈ ਉਹਨੂੰ ਕੁਸ਼ ਲੈਣ ਦੇਣ ਦਾ, ਕਿ ਊਂਈ-ਸਰ-ਜੂ?''
ਦਿਆਕੁਰ ਕਾਰਾਂ ਵਿਹਾਰਾਂ ਅਤੇ ਰਿਸ਼ਤੇਦਾਰੀਆਂ ਵਿਚ ਲੈਣ ਦੇਣ ਨਿਭਾਉਣ ਬਾਰੇ ਸਭ ਜਾਣਦੀ ਸੀ।  ਅਗੋਂ ਢੁੱਕਵਾਂ ਜਵਾਬ ਦਿੰਦਿਆਂ ਕਹਿੰਦੀ, ''ਭਾਈ ਉਹਨਾਂ ਨੂੰ ਤਾਂ ਇਕ ਪੱਗ ਤੇ ਖੇਸ ਦੇਣਾ ਈ ਬਣਦੈ ਥੋਡਾ ਤਾਂ, ਤਿਉਰ ਦੇਣ ਦੀ ਲੋੜ ਨੀ।" ਜਾਂ ਫੇਰ ਕਿਸੇ ਨੂੰ ਆਖਦੀ, ''ਨਾ ਭਾਈ ਇਹ ਤਾਂ ਬਾਹਲੀ ਦੂਰ ਦੀ ਰਿਸ਼ਤੇਦਾਰੀ ਐ ਲੈਣਾ ਦੇਣਾ ਤਾਂ ਥੋਡਾ ਕੁਸ਼ ਨੀਂ ਬਣਦਾ ਹਾਂ ਕਦੇ ਆਉਂਦੇ ਜਾਂਦੇ ਜੁਆਕਾਂ ਦੇ ਹੱਥ 'ਤੇ ਰਪਈਆ ਧੇਲੀ ਸਗਨ ਭਮਾਂ ਰੱਖ ਆਇਓ।''
ਓਹਨਾਂ ਦੇ ਆਂਢ-ਗੁਆਂਢ ਜਿਥੇ ਜਾਪੇ ਵੇਲੇ ਸੱਭਾਂ ਦਾਈ ਨੂੰ ਲੋਕ ਨ੍ਹੇਰੇ-ਸਵੇਰੇ ਸੱਦਣ ਭਜਦੇ ਤਾਂ ਨਾਲ ਦੀ ਨਾਲ ਦਿਆਕੁਰ ਨੂੰ ਵੀ ਸੁਨੇਹਾ ਮਿਲ ਜਾਂਦਾ।  ਉਹ ਪਹਿਲਾਂ ਈ ਸੱਭਾਂ ਦਾਈ ਦੇ ਆਉਣ ਤਕ ਵੱਡੇ ਪਤੀਲੇ 'ਚ ਪਾਣੀ ਉਬਾਲ ਛਡਦੀ, ਕੈਂਚੀ ਸਾਫ ਕਰਕੇ ਗਰਮ ਪਾਣੀ 'ਚ ਉਬਾਲ ਲੈਂਦੀ ਤੇ ਲੋੜੀਂਦੇ ਸਾਫ ਕਪੜੇ ਤਿਆਰ ਕਰ ਛਡਦੀ।  ਉਂਜ ਵੀ ਉਹ ਆਪਣੇ ਨੇੜੇ ਤੇੜੇ ਗਲੀ-ਮੁਹੱਲੇ ਵਿਚ ਜਾਪੇ ਵਾਲੀਆਂ ਤੀਵੀਆਂ ਦੀ ਬਿੜਕ ਰਖਦੀ।  ਔਰਤ ਦੀ ਹਾਲਤ ਪਰਖ ਕੇ ਸਮਝ ਕੇ ਉਹ ਬੱਚੇ ਦੇ ਪੈਦਾ ਹੋਣ ਦੇ ਦਿਨ ਲਗਭਗ ਸਹੀ ਸਹੀ ਅੰਗ ਕੇ ਦੱਸ ਵੀ ਦਿੰਦੀ।  ਉਹਨਾਂ ਦੇ ਮਹੱਲੇ ਗਡੋਡੂਆਂ ਦਾ ਇਕ ਖਾਸਾ ਵੱਡਾ ਪਰਵਾਰ ਰਹਿੰਦਾ ਹੁੰਦਾ।  ਤੇਲੂ ਬਾਣੀਏ ਦੀ ਬਹੂ ਦੇ ਆਏ ਸਾਲ ਕੋਈ ਨਾ ਕੋਈ ਨਿੱਕਾ ਨਿਆਣਾ ਜੰਮ ਪੈਂਦਾ।  ਤੇਲੂ ਦੀ ਬਹੂ ਦੁਰਗੀ ਆਉਂਦੀ ਜਾਂਦੀ ਦਿਆਕੁਰ ਕੋਲ ਬਹਿ ਜਾਂਦੀ।  ਉਹਦੇ ਸੱਤ ਜੁਆਕ ਹੋ ਚੁੱਕੇ ਸਨ ਤੇ ਅੱਠਵਾਂ ਹੋਣ ਵਾਲਾ ਸੀ।  ਦੁਰਗੀ ਬਾਹਰੋਂ ਜਾ ਕੇ ਆਈ ਤਾਂ ਸਾਹ ਲੈਣ ਲਈ ਦਿਆਕੁਰ ਕੋਲ ਪੀੜ੍ਹੀ 'ਤੇ ਬਹਿ ਗਈ।
''ਨੀ ਦੁਰਗੀਏ ਬੱਸ ਕਰ ਹੁਣ।  ਬਥੇਰੇ ਹੋ-ਗੇ ਨਿਆਣੇ।''
"ਲੇ ਤਾਈ।  ਯਾ ਥਮ ਨੇ ਕੇ ਬਾਤ ਘ੍ਹਈ।  ਮੰਨੇ ਤੋਂ ਹਰ ਸਾਲ ਏਕ ਘੀ ਕਾ ਪੀਪਾ ਦੇਈ ਜਾ ਅਰ ਮੈਂ ਛ੍ਹੋਰੈ ਛ੍ਹੋਰੀਆਂ ਜਾਮਤੀ ਜਾਊਂਗੀ।  ਨਿਆਣਾ ਜਾਮਣੇ ਮਾਂ ਕੋਈ ਜੋਰ ਲਾਗੈ ਸੈ।  ਤੂੰ ਮਨੈ ਯੋ ਬਤਾ ਤਾਈ ਜਬ ਨਿਆਣਿਆਂ ਕਾ ਬਾਪ ਕੋਨੀ ਮਾਨੈ ਤੋ ਮੈਂ ਕਿਉਂ ਕਰੀਆਂ ਮਾਨੂੰ?''
"ਨੀ-ਫੋਟ।  ਦੁਰਗੀਏ।  ਤੂੰ ਨਾ ਟਲੀ ਆਵਦੀ ਆਈ ਤੋਂ।''
ਆਂਢ-ਗੁਆਂਢ ਦੇ ਨਿੱਕੇ ਨਿੱਕੇ ਨੂੰਹ-ਸੱਸਾਂ ਦੇ ਝਗੜੇ ਉਹ ਦੋਹਾਂ ਨੂੰ ਸਮਝਾ ਕੇ ਹੱਲ ਕਰਨ ਦੀ ਕੋਸ਼ਿਸ਼ ਕਰਦੀ।  ਗਰਮੀਆਂ ਦੇ ਦਿਨਾਂ ਵਿਚ ਉਹਨਾਂ ਦੇ ਵਰਾਂਡੇ ਵਿਚ ਪੰਜ-ਸੱਤ ਚਰਖੇ ਡਾਹ ਕੇ ਕੱਤਣ ਵਾਲੀਆਂ ਤੀਵੀਆਂ ਇਕੱਠੀਆਂ ਹੋ ਜਾਂਦੀਆਂ।  ਚਰਖਾਂ ਦੀ ਘੂਕਰ ਵਿਚ ਕਬੀਲਦਾਰੀ ਦੀਆਂ ਨਿੱਕੀਆਂ-ਵੱਡੀਆਂ ਗੱਲਾਂ ਹੁੰਦੀਆਂ।  ਸਿਫਤਾਂ ਤੇ ਚੁਗਲੀਆਂ ਆਪਣੇ ਥਾਂ ਹੁੰਦੀਆਂ।  ਕੁੜੀਆਂ ਕੱਤਰੀਆਂ ਆਪੋ ਆਪਣਾ ਸਿਉਣ-ਪਰੋਣ ਜਾਂ ਕਢਾਈ ਲੈ ਕੇ ਬਹਿੰਦੀਆਂ।  ਪਾਸ਼ੋ ਬਾਹਮਣੀ ਸਭ ਤੋਂ ਸੁਹਣੀ ਵੀ ਸੀ ਤੇ ਸ਼ਰਾਰਤੀ ਵੀ।  ਉਹਨੂੰ ਹਰ ਵੇਲੇ ਕੋਈ ਨਾ ਕੋਈ ਸ਼ਰਾਰਤ ਸੁਝਦੀ ਰਹਿੰਦੀ ਜਾਂ ਉਹ ਕਿਸੇ ਨਾ ਕਿਸੇ ਨੂੰ ਛੇੜਦੀ ਰਹਿੰਦੀ।  ਉਹਦੇ ਆਉਂਦਿਆਂ ਸਾਰ ਈ ਹਾਸਿਆਂ ਦਾ ਹੜ੍ਹ ਆ ਜਾਂਦਾ।  ਨੂੰਹਾਂ ਮੂੰਹ 'ਚ ਘੁੰਡ ਦੇ ਪੱਲੇ ਲੈ ਕੇ ਹਸਦੀਆਂ, ਕੁੜੀਆਂ ਮੂੰਹ 'ਤੇ ਹੱਥ ਰੱਖ ਲੈਂਦੀਆਂ।  ਉਹ ਰੰਨਾਂ 'ਚ ਧੰਨਾ ਬਣ ਜਾਂਦੀ।  ਜਿਸ ਦਿਨ ਉਹ ਨਾ ਆਉਂਦੀ ਕੋਈ ਨਾ ਕੋਈ ਬਿੰਦੇ-ਝੱਟੇ ਆਖਦੀ- ''ਕੁੜੇ ਅੱਜ ਆਈ ਨੀ ਪਾਸ਼ੋ ਪਤਾ ਨੀ ਕੀ ਗੱਲ ਹੋ-ਗੀ।''
ਗਡੋਡੂ ਔਰਤਾਂ ਗਰਮੀਆਂ ਵਿਚ ਸਰੀਰ ਢਕਣ ਲਈ ਇਕ ਮਲਮਲ ਦੀ ਕੁੜਤੀ ਜਿਹੀ ਤੇ ਤੇੜ ਸਿਰਫ ਪੇਟੀ ਕੋਟ ਪਾ ਕੇ ਆਉਂਦੀਆਂ।  ਕੋਈ ਕੋਈ ਬਰੀਕ ਜਿਹੀ ਚੁੰਨੀ ਵੀ ਉੱਤੋਂ ਦੀ ਲੈ ਆਉਂਦੀ।  ਦਿਆਕੁਰ ਹੋਰਾਂ ਦਾ ਵਰਾਂਡਾ ਵਾਹਵਾ ਖੁਲ੍ਹਾ ਸੀ ਅਤੇ ਉਤੇ ਚੁਬਾਰਾ ਹੋਣ ਕਰਕੇ ਗਰਮੀ ਵੀ ਘਟ ਲਗਦੀ।  ਜਦੋਂ ਵੀ ਮਾੜੀ ਮੋਟੀ ਹਵਾ ਚਲਦੀ ਤਾਂ ਇਕ ਬੂਹਿਓਂ ਵੜ ਕੇ ਦੂਜੇ ਬੂਹਿਓਂ ਨਿਕਲਦੀ ਹਵਾ ਦਾ ਬੁੱਲਾ ਭਰ ਗਰਮੀ ਵਿਚ ਸੁਖ ਦਾ ਸਾਹ ਦਿੰਦਾ।
ਆਏ ਸਾਲ ਗਰਮੀਆਂ ਵਿਚ ਦੋ-ਚਾਰ ਕਾਲੀਆਂ ਬੋਲੀਆਂ ਹਨੇਰੀਆਂ ਜ਼ਰੂਰ ਆਉਂਦੀਆਂ।  ਤਿੱਖੜ ਦੁਪਹਿਰੇ ਪਹਿਲਾਂ ਤਾਂ ਧੁੱਪ ਘਟਦੀ ਲਗਦੀ।  ਅਸਮਾਨ ਵਿਚ ਮਿੱਟੀ ਦਾ ਗੁਬਾਰ ਚੜ੍ਹ ਜਾਂਦਾ।  ਫੇਰ ਹੌਲੀ ਹੌਲੀ ਹਨੇਰਾ ਹੋਣ ਲਗਦਾ ਅਤੇ ਮਾੜੀ ਮੋਟੀ ਠੰਢੀ ਹਵਾ ਰੁਮਕਦੀ, ਮੌਸਮ ਖੁਸ਼ਗਵਾਰ ਜਿਹਾ ਹੋਇਆ ਲਗਦਾ।  ਲੋਕ ਲੱਖਣ ਲਾ ਕੇ ਬਾਹਰ ਨਿਕਲ ਕੇ ਅਸਮਾਨ ਵੱਲ ਨਿਗਾਹ ਮਾਰਦੇ ਇਹ ਦੇਖਣ ਲਈ ਕਿ ਹਨੇਰੀ ਕਿਹੜੇ ਪਾਸਿਓਂ ਚੜ੍ਹੀ ਆ ਰਹੀ ਹੈ।  ਲੋੜ ਅਨੁਸਾਰ ਬਾਹਰ ਪਿਆ ਸਮਾਨ ਤੇ ਭਾਂਡਾ-ਟੀਂਡਾ ਸੰਭਾਲਦੇ।  ਪਸ਼ੂਆਂ ਨੂੰ ਅੰਦਰ ਬੰਨ੍ਹਦੇ।  ਫੇਰ ਕੁਝ ਚਿਰ ਪਿੱਛੋਂ ਹਵਾ ਤੇਜ਼ ਹੁੰਦੀ ਹੁੰਦੀ ਰੇਤਾ ਮਿੱਟੀ ਨਾਲ ਲਈ ਆਉਂਦੀ।  ਹਨੇਰੀ ਹੋਰ ਤੇਜ਼ ਹੁੰਦੀ ਤੇ ਬੂਹਿਆਂ ਦੀਆਂ ਝੀਥਾਂ ਵਿਚੋਂ ਸ਼ੂਕਦੀ ਲੋਕਾਂ ਦੇ ਘਰ ਅੰਦਰੋਂ-ਬਾਹਰੋਂ ਰੇਤੇ ਮਿੱਟੀ ਨਾਲ ਭਰ ਜਾਂਦੀ।  ਕਦੇ ਹਨੇਰੀ ਪਿੱਛੋਂ ਮੀਂਹ ਵੀ ਪੈ ਜਾਂਦਾ।  ਮੀਂਹ ਨਾਲ ਮਿੱਟੀ 'ਤੇ ਪੈਂਦੀਆਂ ਪਹਿਲੀਆਂ ਕਣੀਆਂ ਪਿੱਛੋਂ ਧਰਤੀ ਵਿਚੋਂ ਇਕ ਸੁਖਾਵੀਂ ਜਿਹੀ ਖੁਸ਼ਬੋਅ ਆਉਂਦੀ। ਧਰਤੀ ਦੀ ਕੁਦਰਤੀ ਸੁਗੰਧ। ਕੁਦਰਤ ਦੀਆਂ ਵਿਲੱਖਣ ਖੁਸ਼ਬੋਆਂ ਵਰਗੀ। ਇਸ ਵਰਗੀ ਹੋਰ ਕੋਈ ਖੁਸ਼ਬੋਅ ਨਹੀਂ।  ਦੁਨੀਆਂ ਦਾ ਸਭ ਤੋਂ ਵਧੀਆ ਸੈਂਟ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ।  ਸੁਣਿਐ ਕਿ ਪੈਰਿਸ ਵਿਚ ਕਿਸੇ ਕੰਪਨੀ ਨੇ ਇਹੋ ਜਿਹੀ ਖੁਸ਼ਬੋਅ ਵਰਗਾ ਇਕ ਸੈਂਟ ਤਿਆਰ ਕੀਤਾ ਹੈ ਜਿਹੜਾ ਸਭ ਤੋਂ ਮਹਿੰਗਾ ਹੈ।
ਇਹੋ ਜਿਹੇ ਹੀ ਗਰਮੀਆਂ ਦੇ ਦਿਨ ਸਨ।  ਦਿਆਕੁਰ ਦੇ ਵਰਾਂਡੇ ਵਿਚ ਜਦੋਂ ਚਰਖੇ ਘੂਕ ਰਹੇ ਸਨ ਤੇ ਹਾਸੇ ਛਣਕ ਰਹੇ ਸਨ ਤਾਂ ਅਚਾਨਕ ਹਨੇਰੀ ਆ ਗਈ।  ਭੱਜ ਨੱਸ ਵਿਚ ਤੀਵੀਆਂ ਆਪੋ ਆਪਣੇ ਚਰਖੇ, ਬ੍ਹੋਈਏ, ਪੱਛੀਆਂ ਤੇ ਹੋਰ ਨਿੱਕ-ਸੁੱਕ ਸਮੇਟਣ ਲੱਗ ਪਈਆਂ।  ਉਸ ਮੌਕੇ ਜਦੋਂ ਤਿੰਨ ਚਾਰ ਔਰਤਾਂ ਆਪੋ ਆਪਣਾ ਸਮਾਨ ਸੰਭਾਲਣ ਲਈ ਝੁਕੀਆਂ ਹੋਈਆਂ ਸਨ ਤੇ ਹਨੇਰੀ ਤੇਜ਼ ਹੋ ਰਹੀ ਸੀ ਤਾਂ ਪਾਸ਼ੋ ਨੂੰ ਸ਼ਰਾਰਤ ਸੁੱਝੀ।  ਪਾਸ਼ੋ ਨੇ 'ਹੋ-ਹੋ' ਕਰਦਿਆਂ ਦੋ ਤਿੰਨ ਔਰਤਾਂ ਦੇ ਪੇਟੀਕੋਟ ਉਤਾਂਹ ਚੁੱਕ ਦਿੱਤੇ।  ਬਾਕੀ ਦੀਆਂ ਤੀਵੀਆਂ ਤੇ ਕੁੜੀਆਂ-ਕੱਤਰੀਆਂ ਨੂੰ ਹਾਸਾ ਥਿਆ ਗਿਆ।  ਓਧਰ ਓਹ ਵਿਚਾਰੀਆਂ ਆਪਣੇ ਪੇਟੀਕੋਟ ਹੇਠਾਂ ਕਰਨ ਪਰ ਹਨੇਰੀ ਫੇਰ ਉਹਨਾਂ ਨੂੰ ਉਡਾ ਕੇ ਉੱਤੇ ਕਰ ਦੇਵੇ।  ਕੋਈ ਆਪਣਾ ਪੇਟੀਕੋਟ ਇਕ ਪਾਸਿਓਂ ਸੰਭਾਲਦੀ ਤਾਂ ਉਹ ਦੂਜੇ ਪਾਸਿਓਂ ਉੱਤੇ ਉੱਡ ਜਾਂਦਾ।  
''ਅਜ ਤਾਂ ਤੁਸੀਂ ਸਾਰੀਆਂ ਸੁਕ-ਮਾਂਜ ਕਰ ਤੀਆਂ।'' ਪਾਸ਼ੋ ਨੂੰ ਮਖੌਲ ਸੁੱਝ ਰਹੇ ਸਨ।
''ਨੀ ਸੌਂਹ ਭਾਈਆਂ ਦੀ ਸੰਤੋ ਦਾ ਪਿੱਛਾ ਤਾਂ ਬਾਹਲਾ ਈ ਭਾਰੈ।  ਮੈਂ ਤਾਂ ਕੁੜੇ ਅੱਜ ਈ ਦੇਖਿਐ।'' ਪਾਸ਼ੋ ਗੱਲ ਨਾਲ ਗੱਲ ਜੋੜਦੀ।  ਬਾਕੀ ਸਾਰੀਆਂ ਹਸ-ਹਸ ਲੋਟ-ਪੋਟ ਹੁੰਦੀਆਂ ਜਾਣ।  ਕਈ ਸਾਲਾਂ ਤਕ ਪਾਸ਼ੋ ਦੀ ਇਸ ਸ਼ਰਾਰਤ ਦੀਆਂ ਗੱਲਾਂ ਹੁੰਦੀਆਂ ਰਹੀਆਂ।
ਦਿਆਕੁਰ ਦੇ ਦਿਲ ਦੀਆਂ ਜੇ ਕੋਈ ਬੁੱਝ ਸਕਦੀ ਸੀ ਤਾਂ ਉਹ ਕਮਲਾ ਸੀ।  ਦਿਆਕੁਰ ਵੀ ਕਮਲਾ ਦੇ ਦਿਲ ਦਾ ਦੁੱਖ ਜਾਣਦੀ ਸੀ।  ਕਮਲਾ ਦੂਜੇ ਚੌਥੇ ਦਿਨ ਦੁਪਹਿਰ ਮਗਰੋਂ ਆਪਣਾ ਦੁਖ-ਸੁਖ ਕਰਨ ਦਿਆਕੁਰ ਕੋਲ ਆ ਜਾਂਦੀ।
"ਮਾਸਟਰ ਜੀ ਤਾਂ ਆਪਣਾ ਗਰੰਥ ਖੋਲ੍ਹ ਕੇ ਬਹਿ-ਗੇ।  ਮੈਂ ਸੋਚਿਆ ਬਈ ਆਪਣੀ ਭੈਣ ਨੂੰ ਈ ਮਿਲਿਆਵਾਂ।''
"ਅਹ੍ਹੋ ਭੈਣੇ ਕਬੀਲਦਾਰੀ ਦੇ ਖਲ਼ਜਗਣਾਂ 'ਚੋਂ ਕਿੱਥੋਂ ਨਿਕਲਿਆ ਜਾਂਦੈ ਬੰਦੇ ਤੋਂ? ਜਿੰਨ੍ਹਾਂ ਦੇ ਹੈ ਨੀ ਉਹ ਕਿਹੜਾ ਸੁਖੀ ਐ ਤੇ ਜਿਨ੍ਹਾਂ ਦੇ ਹੈ-ਗੇ ਐ ਉਹ ਵੀ ਸਤੇ ਪਏ ਐਂ।  ਬੱਸ ਭੈਣੇ ਚੁੱਪ ਈ ਭਲੀ ਐ।'' ਦਿਆਕੁਰ ਕਮਲਾ ਲਈ ਪੀੜ੍ਹੀ ਖਿੱਚ ਕੇ ਆਪਣੇ ਮੂਹਰੇ ਡਾਹੁੰਦੀ ਆਖਦੀ।
''ਹੋਰ ਸੁਣਾ ਦਿਆਕੁਰੇ, ਆਈ ਕੋਈ ਖਬਰ ਛੋਟੇ ਮੁੰਡੇ ਤੇ ਬਹੂ ਦੀ? ਕੋਈ ਸੁਖ-ਸੁਨੇਹਾ?"
"ਉਹ ਤਾਂ ਭੈਣੇ ਦੋਏ ਜੀ ਚੰਗੇ ਈ ਐ।  ਆਏ ਮਹੀਨੇ ਮੈਨੂੰ ਡੂਢ ਸੌ ਦਾ ਮਨੀਆਡਰ ਘੱਲ ਦਿੰਦੇ ਐ।  ਮੈਂ ਬਥੇਰਾ ਕਹਿੰਨੀ ਐਂ ਬਈ ਸਾਡਾ ਰੋਟੀ-ਟੁੱਕ ਤੁਰਿਆ ਜਾਂਦੈ, ਥੋਨੂੰ ਲੋੜ ਹੋਊ ਪੈਸੇ ਦੀ, ਨਾ ਘੱਲਿਆ ਕਰੋ ਪਰ ਫੇਰ ਵੀ ਐਵੇਂ ਆਖੀਏ ਸਾਡਾ ਖਿਆਲ ਤਾਂ ਰਖਦੇ ਈ ਐ।  ਜੇ ਅਸੀਂ ਜਿਉਂਦੇ ਜੀ ਮਰ-ਗੇ ਤਾਂ ਔਹ ਜਿਹੜਾ ਘਰ 'ਚ ਈ ਰਹਿੰਦੈ, ਉਹਦੇ ਵਾਸਤੇ।  ਮਜਾਲ ਐ ਬਈ ਸਾਡੇ ਕੰਨੀ ਝਾਕ ਵੀ ਜਾਵੇ।  ਖਵਰੈ ਔਹ ਬਗਾਨੀ ਧੀ ਨੇ ਆ ਕੇ ਕੀ ਉਹਦੇ ਸਿਰ 'ਚ ਘੋਲ ਕੇ ਪਾ 'ਤਾ?  ਪਰ ਭੈਣੇ ਉਹਨੂੰ ਵੀ ਕੀ ਦੋਸ; ਇਹ ਸਾਡਾ ਵੱਡਾ ਤਾਂ ਸੀ ਹੀ ਪਹਿਲੇ ਦਿਨੋਂ ਇਹੋ ਜਿਆ।  ਕਿਥੇ ਕਿਥੇ ਚੱਕ ਕੇ ਅਸੀਂ ਧੱਕੇ ਨੀ ਖਾਧੇ ਇਹਨੂੰ।  ਮਾਰ ਔਹ ਪਹਾੜ ਗਾਹ ਮਾਰੇ, ਜਿਹੜੇ ਸਾਡੇ ਪਿਓ-ਦਾਦੇ ਨੇ ਵੀ ਨੀ ਸੀ ਕਦੇ ਦੇਖੇ।  ਪਰ ਏਸ ਮੁੰਡੇ ਨੇ ਸਾਡੀ ਕੀਤੀ-ਕਤਰੀ ਖੂਹ 'ਚ ਪਾ-ਤੀ।  ਜਮਾਂ ਕਦਰ ਨੀ ਪਾਈ।  ਅਗੋਂ ਆਖੂ ਮਾਪੇ ਕੁਮਾਪੇ ਨੀ ਹੁੰਦੇ ਹੁੰਦੇ, ਪੁੱਤ ਕਪੁੱਤ ਹੋ ਜਾਂਦੇ ਐ।  ਲੈ ਦੱਸ, ਸਾਨੂੰ ਮੱਤਾਂ ਦਿੰਦੈ।  ਅਸੀਂ ਕਿਹੜੇ ਪਾਸਿਓਂ ਕੁਮਾਪੇ ਬਣਗੇ?  ਕੀ ਨੀ ਕੀਤਾ ਇਹਦਾ? ਬਮਾਰੀ ਤੇ ਤਾਂ ਪਾਣੀ ਮਗੂੰ ਪੈਸਾ ਰੋੜ੍ਹਿਆ ਅਸੀਂ।  ਬਮਾਰੀ ਪਤਾ ਨਹੀਂ ਕੇਹੋ-ਜੀ ਸੀ ਖਵਰੈ ਸੀ ਵੀ ਕਿ ਨਹੀਂ।  ਵਿਆਹ ਇਹਦਾ ਚੰਗੇ ਘਰ ਕੀਤਾ।  ਹੁਣ ਵੀ ਅੱਡ-ਵਿੱਢ ਐ ਪਰ ਆਟਾ, ਦਾਲ ਦੇ ਲਕੜਾਂ ਅਜੇ ਵੀ ਸਾਡੇ ਕੋਲੋਂ ਮੰਗਦੇ ਐ।''
"ਨਾ ਨੀ ਦਿਆਕੁਰੇ, ਤੂੰ ਐਵੇਂ ਨਾ ਝੋਰਾ ਕਰਿਆ ਕਰ।  ਮੇਰੇ ਕੰਨੀ ਝਾਕ! ਨਿਆਣੇ ਤਾਂ ਰੱਬ ਦੀ ਦਾਤ ਹੁੰਦੇ ਐ।  ਸੱਸ ਮੇਰੀ ਮੈਨੂੰ ਕੋਂਹਦੀ ਮਰ-ਗੀ।  ਅਖੇ ਤੇਰੇ 'ਚ ਈ ਨੁਕਸ ਐ।  ਜਦੋਂ ਦੀ ਆਈ ਐਂ, ਢਿੱਡੋਂ ਨੀ ਫੁੱਟੀ।  ਸਾਰੀ ਉਮਰ ਸਹੁਰਿਆਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਮਿਹਣੇ ਸੁਣਦਿਆਂ ਨਿਕਲ-ਗੀ।  ਪਰ ਅਖੀਰ ਅਸੀਂ ਦੋਹਾਂ ਜੀਆਂ ਨੇ ਸਬਰ ਕਰ ਲਿਆ ਬਈ ਜੇ ਸਾਡੀ ਕਿਸਮਤ 'ਚ ਉਲਾਦ ਲਿਖੀ ਹੈ ਨੀ ਤਾਂ ਨਾ ਸਹੀ।  ਆ-ਮਾਸਟਰ ਜੀ ਦੀ ਪਿੱਠ ਸੁਣਦੀ ਐ, ਭੈਣੇ, ਮੈਨੂੰ ਕਦੇ ਵੀ ਉਹਨਾਂ ਨੇ ਨਹੀਂ ਚਤਾਰਿਆ ਬਈ ਸਾਡੇ ਉਲਾਦ ਹੈ ਨੀ।  ਮੈਨੂੰ ਬੜੀ ਹੱਲਾਸ਼ੇਰੀ ਦਿੰਦੇ ਰਹਿੰਦੇ ਐ।  ਆਖਣਗੇ ਰੱਬ ਨੇ ਸਾਨੂੰ ਦੂਜਿਆਂ ਦੇ ਨਿਆਣਿਆਂ ਨੂੰ ਆਪਣਾ ਬਨਾਉਣ ਲਈ ਸਬਕ ਸਿਖਾਇਐ।  ਸਾਰਾ ਦਿਨ ਘਰੇ ਉਹਨਾਂ ਦੇ ਪੜ੍ਹਾਏ ਇਕ ਜਾਂਦੈ, ਦੋ ਆਉਂਦੇ ਐ।  ਪਰ ਸਹੁੰ ਗਊ ਮਾਤਾ ਦੀ ਸਭ ਤੋਂ ਵੱਧ ਮੋਹ ਉਹਨਾਂ ਦਾ ਚਰਨੀ ਨਾਲ ਐ।  ਅਜ ਮੈਨੂੰ ਕਹਿੰਦੇ, ਅਖੇ ਮੇਰੀ ਖੱਬੀ ਅੱਖ ਫੜਕੀ ਜਾਂਦੀ ਐ ਸਵੇਰ ਦੀ।  ਤੂੰ ਜਾਹ, ਪਤਾ ਕਰਕੇ ਆ ਬਈ ਚਰਨੀ ਦਾ ਕੋਈ ਸੁਖ-ਸੁਨੇਹਾ ਆਇਐ ਕਿ ਨਹੀਂ।  ਕਈ ਦਿਨ ਹੋ-ਗੇ ਉਹਨਾਂ ਨੂੰ ਗਿਆਂ ਨੂੰ, ਉਹਦੀ ਕੋਈ ਚਿੱਠੀ ਵੀ ਨੀ ਆਈ।  ਊਂ ਤਾਂ ਉਹ ਵਹਿਮਾਂ ਭਰਮਾਂ 'ਚ ਉੱਕਾ ਈ ਨੀ ਪੈਂਦੇ ਪਰ ਚਰਨੀ ਵਾਰੀ ਪਤਾ ਨੀ ਕੀ ਹੋ ਜਾਂਦੈ? ਹੁਣ ਕਹਿੰਦੇ ਐ ਮੈਂ ਆਪਣੇ ਪੋਤੇ ਨੂੰ ਖਡੌਣੈ।  ਕਹਿੰਦੇ ਦੇਖ ਲੀਂ ਚਰਨੀ ਦੇ ਪਹਿਲਾ ਮੁੰਡਾ ਈ ਹੋਊ।  ਉਹ ਤਾਂ ਮੀਆਂ ਬੀਵੀ ਨੌਕਰੀ ਕਰਦੇ ਐ।  ਓਧਰ ਭਗਤ ਸਿਓਂ ਤੇ ਦਿਆਕੁਰ ਤੇ ਏਧਰ ਆਪਾਂ-ਸਾਰੇ ਮਿਲ ਜੁਲ ਕੇ ਪਾਲਾਂਗੇ।''
"ਅਹ੍ਹੋ ਭੈਣੇ, ਚਰਨੀ ਵੀ ਘਰੇ ਆ ਕੇ ਆਪਣਾ ਟੈਚੀ ਪਿੱਛੋਂ ਰੱਖੂ ਪਹਿਲਾਂ ਆਖੂ ਮੈਂ ਚਾਚੇ ਚਾਚੀ ਨੂੰ ਮਿਲਿਆਵਾਂ।  ਭੈਣੇ ਇਹ ਤਾਂ ਕੋਈ ਦੇਣੇ ਲੈਣੇ ਦੇ ਸਰਬੰਧ ਈ ਹੁੰਦੇ ਐ।  ਓਹ ਦੇਖ ਲੈ ਆਪਣੇ ਦੋਹਾਂ ਟੱਬਰਾਂ ਤੋਂ ਕਿੰਨਾ ਪਿਆਰ ਲੈਂਦੈ।  ਐਵੇਂ ਆਖੀਏ ਆਪਣੀ ਛੋਟੀ ਨੂੰਹ ਵੀ ਚੰਗੀ ਐ।  ਮੈਂ ਤਾਂ ਸੋਚਦੀ ਸੀ ਪਤਾ ਨੀ ਉਹ ਸਾੜੀ ਸੂੜ੍ਹੀ ਜੀ ਬੰਨ੍ਹ ਕੇ ਆਊਗੀ ਪਰ ਨਹੀਂ।  ਪਿਛਲੇ ਵਾਰੀ ਜਦੋਂ ਉਹ ਆਏ ਐ, ਤਾਂ ਭੈਣੇ ਕੀ ਦੱਸਾਂ ਬਲਾ ਸੋਹਣੀ ਸਲਵਾਰ ਕਮੀਜ ਪਾਈ ਵੀ ਤੇ ਚੌਂਕੇ 'ਚ ਆ ਕੇ ਮੇਰੇ ਨਾਲ ਰੋਟੀ ਪਕੌਣ ਆ ਬੈਠੀ।  ਬਹੁਤ ਪੜ੍ਹੇ ਲਿਖਿਆਂ ਵਾਲੀ ਜਾਂ ਡਾਕਟਰਾਂ ਵਾਲੀ ਕੋਈ ਆਕੜ ਫਾਕੜ ਨੀ।  ਚਲ ਭੈਣੇ ਚੰਗੇ ਵੀ ਤੇ ਮਾੜੇ ਵੀ ਜਿਉਂਦੇ ਵਸਦੇ ਰਹਿਣ।''
''ਤੇ ਉਹ ਵੱਡੀ ਬਹੂ ਤੈਨੂੰ ਕਦੇ ਨਿੱਕੀ ਨੂੰ ਵੀ ਫੜਾ ਜਾਂਦੀ ਐ ਖਡੌਣ ਨੂੰ ਕਿ ਨਹੀਂ?'' ਕਮਲਾ ਨੇ ਸੱਜੀ ਗੱਲ੍ਹ ਤੇ ਉਂਗਲ ਰਖਦਿਆਂ ਪੁੱਛਿਆ।
"ਨਾਂ ਕਿੱਥੇ! ਜੇ ਮੈਂ ਆਪ 'ਵਾਜ ਮਾਰ ਕੇ ਪੁੱਛ ਲਾਂ ਤਾਂ ਭਮੇ ਫੜਾ-ਜੇ, ਨਹੀਂ ਤਾਂ ਤੂੰ ਕੌਣ ਤੇ ਮੈਂ ਕੌਣ।  ਭੈਣੇ ਮੋਹ ਪਿਆਰ ਤਾਂ ਜਮਾਂ ਈ ਉੱਡ ਗਿਆ ਕਿਧਰੇ।  ਬਾਹਲਾ ਈ ਮਾੜਾ ਜਮਾਨਾ ਆ ਗਿਆ।  ਇਹਨਾਂ ਨਾਲੋਂ ਤਾਂ ਗੁਆਂਢੀ ਚੰਗੇ ਐ।  ਦੁਖ ਸੁਖ ਤਾਂ ਕਰ ਜਾਂਦੇ ਐ।  ਇਹ ਤਾਂ ਮਰਿਆਂ ਪਿਆਂ ਨੂੰ ਸਾਨੂੰ ਚੱਕਣ ਜੋਗੇ ਨੀ।  ਵਾਖਰੂ-ਵਾਖਰੂ ਬੱਸ ਭੈਣੇ ਤੁਰਦੇ ਫਿਰਦੇ ਈ ਉਠ ਜੀਏ ਤਾਂ ਠੀਕ ਐ।  ਜੇ ਕਿਤੇ ਮੰਜੇ 'ਚ ਪੈ ਕੇ ਇਹੋ ਜਿਆਂ ਦੇ ਵੱਸ ਪੈ-ਗੇ ਤਾਂ ਪਤਾ ਨੀ ਭੈਣੇ ਕੀ ਬਣੂ।'' ਦਿਆਕੁਰ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਣ ਲੱਗ ਪਈ।  ਕਮਲਾ ਵੀ ਨਾਲ ਈ ਰੋਣ ਲੱਗ ਪਈ।
"ਕੋਈ ਨਾ ਮੇਰੀ ਭੈਣ, ਐਵੇਂ ਨਾ ਦਿਲ ਛੋਟਾ ਕਰਿਆ ਕਰ।  ਇਹ ਤਾਂ ਰੱਬ ਈ ਮੱਤ ਦੇਵੇ ਤਾਂ ਠੀਕ ਐ।  ਬੰਦਾ ਕੀ ਪਾਣੀ ਹਾਰਐ! ਕੁੜੇ ਸੁਣਿਐ ਨੇਕ ਤਾਂ ਹੁਣ ਕਤਾਬਾਂ-ਕਤੂਬਾਂ ਵੀ ਲਿਖਣ ਲੱਗ ਪਿਆ? ਮਾਸਟਰ ਜੀ ਕਹਿੰਦੇ ਸੀ ਉਹਨੂੰ ਕੋਈ ਸਰਕਾਰ ਨੇ ਅਨਾਮ-ਅਨੂਮ ਵੀ ਦਿੱਤੈ?''
"ਸੁਣਿਆ ਤਾਂ ਅਸੀਂ ਵੀ ਐ।  ਪਰ ਇਹਨਾਂ ਤੀਵੀਂ ਖਸਮ ਨੇ ਇਕ ਦਿਨ ਵੀ ਆ ਕੇ ਕਿਹੜਾ ਕੋਈ ਗੱਲ ਕੀਤੀ ਐ! ਜੇਹੋ ਜੀਆਂ ਕਰਤੂਤਾਂ ਕਰੀ ਜਾਂਦੈ ਓਹੋ ਜੀ ਕਤਾਬ ਲਿਖ 'ਤੀ ਹੋਊਗੀ।  ਅਨਾਮ ਦੇਣ ਵਾਲੇ ਵੀ ਏਹੋ ਜੇ ਈ ਹੋਣਗੇ।  ਜੇ ਧੀ-ਪੁੱਤ ਚੱਜ ਦੇ ਹੋਣ ਤਾਂ ਆ ਕੇ ਦੱਸਣ ਨਾ? ਮਾਂ ਪਿਓ ਦਾ ਵੀ ਚਿੱਤ ਖੁਸ਼ ਹੁੰਦੈ।  ਕਾਲਜਾ ਠਰਦੈ।  ਅਸੀਂ ਕਿਹੜਾ ਇਹਨਾਂ ਦਾ ਅਨਾਮ ਖੋਹ ਲੈਂਦੇ। ਪਰ ਨਾ; ਏਧਰ ਝਾਕਦੇ ਕਿਹੜੈ! ਆਪਣੀ ਦੁਨੀਆਂ 'ਚ ਈ ਮਸਤ ਰਹਿੰਦੇ ਐ।  ਕਿਸੇ ਦੀ ਚੜ੍ਹੀ ਲੱਥੀ ਦੀ ਇਹਨਾਂ ਨੂੰ ਕੋਈ ਪਰਵਾਹ ਨੀ।  ਬੱਸ ਮਤਲਬ ਵੇਲੇ ਬੇਬੇ ਜੀ ਆਹ ਦੇ ਦਿਓ ਔਹ ਦੇ ਦਿਓ।  ਕਿਸੇ ਵੇਲੇ ਕੋਈ ਚੀਜ਼ ਘਰ 'ਚ ਨਹੀਂ ਵੀ ਹੁੰਦੀ ਤਾਂ ਊਂ ਰੋਸਾ, ਅਖੇ ਸਾਨੂੰ ਦਿੰਦੇ ਨੀ।  ਹੈ ਕਿਸੇ ਪਾਸੇ ਛੁਟਕਾਰਾ? ਲੈ ਕਮਲਾ ਤੂੰ ਆਪ ਦੱਸ ਬਈ ਹੁਣ ਸਾਡੇ ਦਿਨ ਸੇਵਾ ਕਰੌਣ ਦੇ ਐ ਕਿ ਇਹਨਾਂ ਦੀ ਸੇਵਾ ਕਰਨ ਦੇ? ਨਾਲੇ ਸਾਡੇ ਕਿਹੜਾ ਕੌਰੂੰ ਦੇ ਖਜਾਨੇ ਦੱਬੇ ਪਏ ਐ ਬਈ ਜਿਹੜੇ ਅਸੀਂ ਕੱਢ-ਕੱਢ ਦੇਈ ਜਾਈਏ।  ਚਰਨੀ ਦੇ ਪਿਓ ਦੀਆਂ ਜੇ ਚਾਰ ਦਿਹਾੜੀਆਂ ਲਗਦੀਐਂ ਤਾਂ ਰੋਟੀ ਟੁੱਕ ਜੋਗੇ ਪੈਸੇ ਆਉਂਦੇ ਐ ਨਹੀਂ ਤਾਂ...।  ਤੇ ਆਪ ਵੀ ਤਾਂ ਹੁਣ ਕੋਈ ਮਾੜੀ ਨੌਕਰੀ 'ਤੇ ਤਾਂ ਨੀ ਲਗਿਆ ਹੋਇਆ।  ਮਜਾਲ ਐ ਬਈ ਕਦੇ ਦਿਨ-ਤਿਹਾਰ ਆ ਕੇ ਆਖੇ ਬਈ ਲੈ ਬੇਬੇ ਚਾਰ ਪੈਸੇ ਕੋਈ ਚੀਜ਼ ਲੈ ਲਿਓ।  ਨਾ ਮੂੰਹ ਈ ਟੁੱਟ-ਜੇ।  ਜੇ ਇਹ ਨੇਕੀ ਏਧਰ ਨੂੰ ਮੂੰਹ ਵੀ ਕਰ-ਜੇ!" ਦਿਆਕੁਰ ਫੇਰ ਅੱਖਾਂ ਪੂੰਝਣ ਲੱਗ ਪਈ ਸੀ।  ਧੁੱਪਾਂ ਢਲ ਚੁੱਕੀਆਂ ਸਨ।
''ਚੰਗਾ ਭੈਣੇ ਦਿਆਕੁਰੇ, ਮੈਂ ਤਾਂ ਮਾਸਟਰ ਜੀ ਨੂੰ ਚਾਹ ਕਰਕੇ ਦੇਣੀ ਐਂ।  ਉਹਨਾਂ ਦਾ ਚਾਹ ਪੀਣ ਦਾ ਟੈਮ ਹੋ ਗਿਆ।  ਆਥਣੇ ਉਹ ਦੋਏ ਚੇਲੇ ਆ ਜਾਣਗੇ ਉਹਨਾਂ ਨੂੰ ਸੈਰ ਕਰੌਣ ਵਾਸਤੇ।''

***

No comments:

Post a Comment