Saturday 29 May 2010

ਲੋਕੁ ਕਹੈ ਦਰਵੇਸੁ :: ਦਸਵੀਂ ਕਿਸ਼ਤ...

ਲੋਕੁ ਕਹੈ ਦਰਵੇਸੁ :: ਦਸਵੀਂ ਕਿਸ਼ਤ...

ਮਗਨ ਭਾਈ ਪਟੇਲ ਸਿਰਫ ਇਕ ਅਮੀਰ ਗੁਜਰਾਤੀ ਸੇਠ ਹੀ ਨਹੀਂ ਸੀ ਸਗੋਂ ਉਹ ਅਹਿਮਦਾਬਾਦ ਦੇ ਸਾਰੇ ਆਲੇ-ਦੁਆਲੇ ਦੇ ਇਲਾਕੇ ਵਿਚ ਹਰਮਨ ਪਿਆਰਾ ਲੀਡਰ ਵੀ ਸੀ।  ਪਹਿਲਾ ਉਸਨੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਤੇ ਪਹਿਲੀ ਵਾਰੀ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਿਆ।  ਉਸ ਤੋਂ ਅਗਲੀ ਵਾਰੀ ਜਦੋਂ ਪਾਰਲੀਮਾਨੀ ਹਲਕੇ ਵਿਚੋਂ ਮੈਂਬਰ ਪਾਰਲੀਮੈਂਟ ਲਈ ਚੋਣਾਂ ਲੜੀਆਂ ਤਾਂ ਵੀ ਪਹਿਲੀ ਵਾਰੀ ਹੀ ਉਸ ਨੂੰ ਜਿੱਤ ਪਰਾਪਤ ਹੋਈ।  ਦਿੱਲੀ ਉਹਦਾ ਆਉਣਾ ਜਾਣਾ ਰਹਿੰਦਾ ਸੀ।  ਕੁਝ ਕੁ ਸਾਲਾਂ ਤੋਂ ਉਹਨੂੰ ਅੱਖਾਂ ਦੀ ਤਕਲੀਫ ਰਹਿੰਦੀ ਸੀ।  ਕਈਆਂ ਨੇ ਉਸ ਨੂੰ ਲੁਧਿਆਣੇ ਡਾਕਟਰ ਬੇਦੀ ਦੀ ਸਲਾਹ ਲੈਣ ਲਈ ਕਿਹਾ ਸੀ।  ਚੰਗੀ ਜਿਹੀ ਰੁੱਤ ਦੇਖ ਕੇ ਡਾਕਟਰ ਬੇਦੀ ਦੀ ਸਲਾਹ ਲੈਣ ਪਿੱਛੋਂ ਉਹ ਅੱਖਾਂ ਦੇ ਅਪ੍ਰੇਸ਼ਨ ਲਈ ਹਸਪਤਾਲ ਵਿਚ ਦਾਖਲ ਹੋ ਗਿਆ।  ਅਪ੍ਰੇਸ਼ਨ ਪਿੱਛੋਂ ਹਫਤਾ ਕੁ ਹਸਪਤਾਲ ਵਿਚ ਰਹਿਣ ਦੀ ਲੋੜ ਸੀ।  ਮਗਨ ਭਾਈ ਨੂੰ ਸਪੈਸ਼ਲ ਕਮਰੇ ਵਿਚ ਰੱਖਿਆ ਗਿਆ ਸੀ ਅਤੇ ਡਾ. ਬੇਦੀ ਦੀ ਖਾਸ ਹਦਾਇਤ ਤੇ ਚਰਨਜੀਤ ਨੂੰ ਦਿਨ ਵਿਚ ਦੋ ਤਿੰਨ ਵਾਰੀ ਵਿਜ਼ਿਟ ਕਰਨ ਲਈ ਕਿਹਾ ਗਿਆ ਸੀ।  ਮਗਨ ਭਾਈ ਪਟੇਲ ਉਂਜ ਵੀ ਬੜਾ ਸਿਆਣਾ, ਤਜਰਬੇਕਾਰ ਤੇ ਬੰਦਿਆਂ ਦੀ ਪਰਖ ਰੱਖਣ ਵਾਲਾ ਸੀ।  ਹਰ ਗੱਲ ਉਹ ਨਾਪ ਤੋਲ ਕੇ ਗੁਜਰਾਤੀ ਵਪਾਰੀਆਂ ਵਾਲੇ ਦ੍ਰਿਸ਼ਟੀਕੋਣ ਤੋਂ ਹੀ ਕਰਦਾ। ''ਵਾਤ ਏਮ ਕਰੀਏ ਕਿ ਬੇ ਪਈਸਾ ਮਲੇ'' ਜਿਸ ਦਾ ਮਤਲਬ ਸੀ ਕਿ ''ਗੱਲ ਇਉਂ ਕਰੋ ਕਿ ਦੋ ਪੈਸੇ ਮਿਲ ਸਕਣ'', ਉਹ ਆਪਣੀ ਗੱਲ ਦਾ ਤੋੜਾ ਇਹਨਾਂ ਸ਼ਬਦਾਂ ਨਾਲ ਝਾੜਦਾ।
ਚਰਨਜੀਤ ਨੇ ਮਗਨ ਭਾਈ ਦਾ ਖਾਸ ਖਿਆਲ ਰੱਖਿਆ।  ਹਰ ਵਾਰੀ ਜਦੋਂ ਵੀ ਉਹ ਮਗਨ ਭਾਈ ਨੂੰ ਚੈੱਕ-ਅਪ ਕਰਨ ਆਉਂਦਾ ਤਾਂ ਉਹ ਉਸ ਨਾਲ ਗੱਲੀਂ ਲੱਗ ਜਾਂਦਾ।
ਦੋ ਤਿੰਨ ਦਿਨ ਵਿਚ ਹੀ ਮਗਨ ਭਾਈ ਦੇ ਤੇਜ਼ ਦਿਮਾਗ ਨੇ ਚਰਨਜੀਤ ਦੇ ਡਾਕਟਰੀ ਤਜਰਬੇ ਅਤੇ ਪਿਛੋਕੜ ਬਾਰੇ ਖੁਦ ਉਸ ਨਾਲ ਗੱਲਾਂ ਕਰਕੇ ਹੀ ਨਹੀਂ ਸਗੋਂ ਏਧਰੋਂ ਓਧਰੋਂ ਦੂਜੇ ਡਾਕਟਰਾਂ ਅਤੇ ਲੋਕਾਂ ਕੋਲੋਂ ਵੀ ਪਤਾ ਕਰ ਲਿਆ ਸੀ।  ਅਗਲੇ ਦਿਨ ਜਦੋਂ ਚਰਨਜੀਤ ਮਗਨ ਭਾਈ ਨੂੰ ਚੈੱਕ-ਅਪ ਕਰਨ ਆਇਆ ਤਾਂ ਮਗਨ ਭਾਈ ਨੇ ਗੱਲ ਛੇੜੀ-
''ਏ ਡਾਕਟਰ ਚਰਨਜੀਤ ਭਾਈ, ਤਮੇਂ ਅਮਾਰੀ ਏਕ ਵਾਤ ਸਾਰੀ ਤਰੀਕੇ ਸਾਂਭੜੋ।  ਤਮੇਂ ਆਈਆਂ ਕੇਟਲੀ ਪਗਾਰ ਮਲ਼ੇ ਛੇ?''
ਚਰਨਜੀਤ ਨੂੰ ਉਹਦੀ ਭਾਵੇਂ ਪੂਰੀ ਪੂਰੀ ਗੱਲ ਸਮਝ ਨਹੀਂ ਸੀ ਆਈ ਪਰ ਉਹਨੂੰ ਇਹ ਸਮਝ ਆ ਗਈ ਸੀ ਕਿ ਮਗਨ ਭਾਈ ਉਹਦੀ ਤਨਖਾਹ ਬਾਰੇ ਪੁੱਛ ਰਿਹਾ ਹੈ।  
''ਪਗਾਰ ਤਾਂ ਮਗਨ ਭਾਈ ਜੀ ਸਰਕਾਰੀ ਹਸਪਤਾਲਾਂ ਮੇਂ ਬਹੁਤ ਚੰਗੀ ਨਹੀਂ ਮਿਲਦੀ।''
''ਮਨੇ ਖਬਰ ਛੇ।  ਮਨੇ ਬੱਦੀ ਖਬਰ ਛੇ।  ਵਾਤ ਏਮ ਕਰੀਏ ਕਿ ਬੇ ਪਈਸਾ ਮਲ਼ੇ।  ਜੂਓ ਤਮੇਂ ਏਕ ਵਾਤ ਕਊਂ।  ਅਮਾਰਾ ਜਾਤ ਨਾ ਹੋਸਪੀਟਲ ਛੇ ਅਮਦਾਵਾਦ ਮਾਂ।  ਤਮੇਂ ਜੇ ਚਾਹੋ ਤੋ ਹੂੰ ਤਮ ਨੇ ਬਹੁੰ ਵਧਾਰੇ ਪਗਾਰ ਆਪੀ ਸ਼ਕੂੰ ਛੂੰ।  ਬੋਲੋ, ਤਮ ਨੇ ਇੰਨਟੇਰੇਸਟ ਹੋਏ ਤੋ ਬੋਲੋ?''
ਚਰਨਜੀਤ ਨੂੰ ਉਸ ਦੀ ਗੱਲ ਇਉਂ ਸਮਝ ਆਈ ਕਿ ਉਸ ਦਾ ਆਪਣਾ ਇਕ ਹਸਪਤਾਲ ਅਹਿਮਦਾਬਾਦ ਵਿਚ ਹੈ ਅਤੇ ਜੇ ਉਹ ਚਾਹੇ ਤਾਂ ਉਹ ਉਹਨੂੰ ਚੰਗੀ ਤਨਖਾਹ ਦੇ ਸਕਦਾ ਹੈ।  ਪਰ ਚਰਨਜੀਤ ਨੂੰ ਲੱਗਿਆ ਕਿ ਉਹ ਆਪਣਾ ਹਸਪਤਾਲ ਛੱਡ ਕੇ ਏਥੇ ਆਪਣੀਆਂ ਅੱਖਾਂ ਦਾ ਇਲਾਜ ਕਿਉਂ ਕਰਵਾਉਣ ਆਇਆ?
''ਹਾਂ ਜੀ ਮਗਨ ਭਾਈ ਜੀ ਉਹ ਤਾਂ ਠੀਕ ਐ।  ਪਰ ਆਪ ਆਪਣਾ ਹਸਪਤਾਲ ਛੋੜ ਕਰ ਯਹਾਂ ਆਂਖੋਂ ਕਾ ਇਲਾਜ ਕਰਵਾਣੇ ਕਿਉਂ ਆਏ?''
ਮਗਨ ਭਾਈ ਖਾਸਾ ਚਿਰ ਉੱਚੀ-ਉੱਚੀ ਹਸਦਾ ਰਿਹਾ।
''ਖਰੀ ਵਾਤ ਛੇ।  ਏਕ ਦਮ ਸੌ ਟਕਾ ਖਰੀ ਛੇ।  ਹੂੰ ਅਈਆਂ ਆਵਿਆ ਏਮ ਕੇ ਮ੍ਹਾਰਾ ਹੋਸਪੀਟਲ ਮਾਂ ਆਈ ਡਿਪਾਰਟਮੈਂਟ ਅਨੇ ਸਪੇਸੀਆਲੀਸਟ ਛੇ 'ਜ ਨਥੀ, ਏਟਲਾ ਮਾਟੇ।''
ਚਰਨਜੀਤ ਨੂੰ ਸਾਰੀ ਗੱਲ ਸਮਝ ਆ ਗਈ ਕਿ ਉਹਦੇ ਆਪਣੇ ਹਸਪਤਾਲ ਵਿਚ ਅੱਖਾਂ ਦੇ ਇਲਾਜ ਲਈ ਕੋਈ ਡੀਪਾਰਟਮੈਂਟ ਅਤੇ ਕੋਈ ਡਾਕਟਰ ਨਹੀਂ ਹਨ।
''ਓ ਆਈ ਸੀ।  ਸੋ ਮਗਨ ਭਾਈ ਯੇ ਆਪ ਕਾ ਹੋਸਪੀਟਲ ਕਿਤਨਾ ਬੜਾ ਹੈ?'' ਚਰਨਜੀਤ ਨੇ ਪੁੱਛਿਆ।
''ਜੂਓ ਚਰਨਜੀਤ ਭਾਈ ਤਮੇਂ ਅਮਾਰਾ ਦੀਕਰਾ ਜੇਵਾ ਛੋ।  ਦੀਕਰਾ ਸਮਝੋ ਤਮੇਂ? ਨਹੀਂ? ਦੀਕਰਾ ਏਟਲੇ ਬੇਟਾ।  ਤਮੇਂ ਮੇਰਾ ਬੇਟਾ ਜੇਵਾ ਛੋ।  ਅਨੇ ਜੋ ਚਾਹੋ ਤੋ ਜੇ ਦਿਨ ਮਨੇਂ ਅਈਆਂ ਥੀ ਰਜਾ ਮਲ਼ੇ, ਹੂੰ ਬੇ ਟੀਕੀਟ ਪਲੇਨ ਨੀ ਖਰੀਦੀ ਨੇ ਤਮੇ ਮ੍ਹਾਰੀ ਸਾਥੇ ਲਈ ਜਾਊਂ ਅਨੇ ਪਛੀ ਤਮੇਂ ਅਮਾਰਾ ਹੋਸਪੀਟਲ ਜੋਇਆ ਪਛੀ ਨੱਕੀ ਕਰੀ ਲਓ।  ਬੋਲੋ ਛੇ ਮੰਜੂਰ? ਵਾਤ ਏਮ ਕਰੀਏ ਕਿ ਬੇ ਪਈਸਾ ਮਲ਼ੇ।''
ਚਰਨਜੀਤ ਨੂੰ ਲੱਗਿਆ ਜਿਵੇਂ ਮਗਨ ਪਾਈ ਉਹਨੂੰ ਆਪਣੇ ਨਾਲ ਲਿਜਾ ਕੇ ਆਪਣਾ ਹਸਪਤਾਲ ਦਿਖਾਉਣਾ ਚਾਹੁੰਦਾ ਹੋਵੇ ਅਤੇ ਫੇਰ ਉਹ ਚਰਨਜੀਤ ਨੂੰ ਫੈਸਲਾ ਕਰਨ ਲਈ ਕਹਿੰਦਾ ਹੋਵੇ।
"ਤੋ ਮਗਨ ਭਾਈ ਆਪ ਚਾਹਤੇ ਹੋ ਕਿ ਮੈਂ ਆਪ ਕੇ ਸਾਥ ਅਹਿਮਦਾਬਾਦ ਚਲੂੰ ਔਰ ਆਪ ਕਾ ਹੋਸਪੀਟਲ ਦੇਖੂੰ ਔਰ ਫਿਰ ਫੈਸਲਾ ਕਰੂੰ, ਯਹੀ ਨਾ?''
ਮਗਨ ਭਾਈ ਦੇ ਹਾਂ ਵਿਚ ਸਿਰ ਹਿਲਾਉਣ ਪਿੱਛੋਂ ਚਰਨਜੀਤ ਨੇ ਕਿਹਾ, ''ਪਰ ਕਿਆ ਆਪ ਕੋ ਪਤਾ ਹੈ ਕਿ ਮੇਰੀ ਪਤਨੀ ਭੀ ਇਸੀ ਹੋਸਪੀਟਲ ਮੈਂ ਮੇਰੇ ਸਾਥ ਕਾਮ ਕਰਤੀ ਹੈ? ਔਰ ਯੇ ਤੋ ਹੋ ਨਹੀਂ ਸਕਤਾ ਕਿ ਮੈਂ ਅਕੇਲਾ ਹੀ ਉਸ ਕੋ ਛੋੜ ਕਰ ਚਲਾ ਜਾਊਂ?''
ਮਗਨ ਭਾਈ ਨੇ ਦੋਏ ਹੱਥ ਉਪਰ ਕਰਦਿਆਂ ਕਿਹਾ, ''ਮਨੇ ਬੱਦੀ ਖਬਰ ਛੇ ਦੀਕਰਾ-ਬੱਦੀ ਖਬਰ ਛੇ।  ਹੂੰ ਤਮਾਰੀ ਬਾਇਰੀ ਮਾਟੇ ਪਣ ਨੌਕਰੀ ਆਪ ਛੂੰ।  ਦੇਖੋ ਚਰਨਜੀਤ ਭਾਈ ਹਮ ਤਮਾਰੇ ਦੋਨੋਂ ਕੇ ਲੀਏ ਨੋਕਰੀ ਦੇਨੇ ਕੋ ਤੈਯਾਰ ਛੂੰ।  ਬੋਲੋ, ਵਾਤ ਏਮ ਕਰੀਏ ਕਿ ਬੇ ਪਈਸਾ ਮਲ਼ੇ।''
ਮਗਨ ਭਾਈ ਨੇ ਆਪਣੇ ਮਿੱਠੇ ਪਿਆਰੇ ਵਰਤਾਰੇ ਨਾਲ ਅਗਲੇ ਦੋ ਤਿੰਨ ਦਿਨਾਂ ਤੱਕ ਚਰਨਜੀਤ ਨੂੰ ਉਹਦੇ ਨਾਲ ਅਹਿਮਦਾਬਾਦ ਜਾਣ ਲਈ ਤਿਆਰ ਕਰ ਲਿਆ।  ਚਰਨਜੀਤ ਨੇ ਅੰਜਲੀ ਨਾਲ ਵੀ ਸਲਾਹ ਕੀਤੀ।  ਪਹਿਲਾਂ ਦੋਏ ਦੁਚਿੱਤੀ ਵਿਚ ਰਹੇ।  ਫੇਰ ਬੈਠ ਕੇ ਹੋਰ ਸੋਚ ਵਿਚਾਰ ਕੀਤੀ।  ਦੋਹਾਂ ਦੀ ਸੋਚ ਸੀ ਕਿ ਜਿੰਨੀ ਮਿਹਨਤ ਉਹ ਏਥੇ ਸਰਕਾਰੀ ਹਸਪਤਾਲ ਵਿਚ ਕਰਦੇ ਹਨ ਓਨੀ ਹੀ ਮਿਹਨਤ ਜੇ ਉਹ ਕਿਸੇ ਪਰਾਈਵੇਟ ਹਸਪਤਾਲ ਵਿਚ ਕਰਨ ਤਾਂ ਤਿੰਨ ਚਾਰ ਗੁਣਾ ਵੱਧ ਤਨਖਾਹ ਦੇ ਹੱਕਦਾਰ ਤਾਂ ਹਨ ਹੀ।  ਪਰ ਅਹਿਮਦਾਬਾਦ ਏਨੀ ਦੂਰ ਉਹ ਵੀ ਪਹਿਲੀ ਵਾਰ ਜਾਣ ਤੋਂ ਪਹਿਲਾਂ ਸੋਚਣਾ ਬਹੁਤ ਜ਼ਰੂਰੀ ਸੀ।  ਅਖੀਰ ਚਰਨਜੀਤ ਨੇ ਦੋ ਦਿਨਾਂ ਦੀ ਛੁੱਟੀ ਲੈ ਕੇ ਐਤਵਾਰ ਨਾਲ ਮਿਲਾ ਕੇ ਮਗਨ ਭਾਈ ਨਾਲ ਜਾਣ ਦਾ ਫੈਸਲਾ ਕਰ ਲਿਆ।  ਅਹਿਮਦਾਬਾਦ ਜਾ ਕੇ ਦੇਖ ਕੇ ਆਉਣ ਵਿਚ ਕੋਈ ਹਰਜ ਨਹੀਂ ਸੀ।  ਜਾਣ ਨਾ ਜਾਣ ਦਾ ਫੈਸਲਾ ਤਾਂ ਫੇਰ ਮਗਰੋਂ ਵੀ ਹੋ ਸਕਦਾ ਸੀ।  ਮਗਨ ਭਾਈ ਨੇ ਆਪਣੇ ਕਿਸੇ ਬੰਦੇ ਰਾਹੀਂ ਦਿੱਲੀਓਂ ਅਹਿਮਦਾਬਾਦ ਦੀਆਂ ਹਵਾਈ ਜਹਾਜ਼ ਦੀਆਂ ਟਿਕਟਾਂ ਮੰਗਵਾ ਲਈਆਂ।  ਉਹ ਦੋਏ ਲੁਧਿਆਣੇ ਤੋਂ ਏਅਰ ਕੰਡੀਸ਼ਨਡ ਕਾਰ ਵਿਚ ਸਿੱਧੇ ਦਿੱਲੀ ਹਵਾਈ ਅੱਡੇ ਪਹੁੰਚੇ ਅਤੇ ਦੋ ਕੁ ਘੰਟਿਆਂ ਦੇ ਹਵਾਈ ਸਫਰ ਪਿੱਛੋਂ ਅਹਿਮਦਾਬਾਦ ਪਹੁੰਚ ਗਏ।  ਅਹਿਮਦਾਬਾਦ ਚਰਨਜੀਤ ਨੂੰ ਮਗਨ ਭਾਈ ਨੇ ਪੰਜ ਸਤਾਰਾ ਹੋਟਲ ਵਿਚ ਠਹਿਰਾਇਆ ਅਤੇ ਕਿਹਾ ਕਿ ਅਗਲੇ ਦਿਲ ਉਹ ਉਸ ਨੂੰ ਆਪਣਾ ਹਸਪਤਾਲ ਦਿਖਾਏਗਾ।  ਅਗਲੇ ਦਿਨ ਇਕ ਕਾਰ ਉਸ ਨੂੰ ਹੋਟਲ ਤੋਂ ਸਵੇਰੇ ਨੌਂ ਕੁ ਵਜੇ ਲੈਣ ਆ ਗਈ।  ਅੱਧੇ ਕੁ ਘੰਟੇ ਪਿੱਛੋਂ ਜਦੋਂ ਉਹ ਹਸਪਤਾਲ ਤੇ ਵੱਡੇ ਗੇਟ ਵਿਚੋਂ ਅੰਦਰ ਜਾ ਕੇ ਪੋਰਚ ਹੇਠਾਂ ਕਾਰ ਰੁਕਣ ਪਿੱਛੋਂ ਉਤਰਿਆ ਤਾਂ ਅਗੇ ਮਗਨ ਭਾਈ ਅਤੇ ਉਹਦੇ ਨਾਲ ਕੋਈ ਚਾਰ ਪੰਜ ਡਾਕਟਰ ਤੇ ਹੋਰ ਲੋਕ ਸਵਾਗਤ ਲਈ ਹਾਰ ਲੈ ਕੇ ਖੜ੍ਹੇ ਸਨ।  ਚਰਨਜੀਤ ਨੂੰ ਉਹ ਰਸਮੀ ਸਵਾਗਤ ਭਾਵੇਂ ਬਹੁਤਾ ਚੰਗਾ ਨਾ ਲੱਗਾ ਉਹਨੇ ਸਭ ਤੋਂ ਹਾਰ ਆਪਣੇ ਹੱਥੀਂ ਫੜ ਲਏ।  ਹਸਪਤਾਲ ਭਾਵੇਂ ਬਹੁਤ ਵੱਡਾ ਨਹੀਂ ਸੀ ਪਰ ਬਿਲਡਿੰਗ ਨਵੀਂ ਸੀ।  ਅਪਰੇਸ਼ਨ ਥੀਏਟਰਾਂ ਵਿਚ ਅਮਰੀਕਾ ਅਤੇ ਜਰਮਨੀ ਤੋਂ ਆਈਆਂ ਨਵੀਆਂ ਮਸ਼ੀਨਾਂ ਸਨ।  ਹਸਪਤਾਲ ਦੇ ਸਾਰੇ ਵਾਰਡ ਤੇ ਕਮਰੇ ਏਅਰ ਕੰਡੀਸ਼ਨਡ ਸਨ।  ਸਫਾਈ ਦਾ ਵੀ ਬੜਾ ਚੰਗਾ ਪ੍ਰਬੰਧ ਸੀ।  ਪੈਥਾਲੋਜੀ ਲੈਬ ਵਿਚ ਵੀ ਬੜਾ ਚੰਗਾ ਇੰਤਜ਼ਾਮ ਸੀ ਜਿਸ ਦਾ ਇੰਨਚਾਰਜ ਡਾਕਟਰ ਵਰਮਾ ਸੀ।  ਡਾਕਟਰ ਵਰਮਾ ਨੇ ਚਰਨਜੀਤ ਨਾਲ ਪੰਜਾਬੀ ਵਿਚ ਗੱਲਬਾਤ ਕੀਤੀ।  ਚਰਨਜੀਤ ਦੇ ਹਸਪਤਾਲ ਬਾਰੇ ਕਈ ਗੰਭੀਰ ਸਵਾਲਾਂ ਦੇ ਜਵਾਬ ਵੀ ਉਹਨੇ ਤਸੱਲੀ ਨਾਲ ਦਿੱਤੇ।  ਸਾਰੇ ਹਸਪਤਾਲ ਦਾ ਚੱਕਰ ਕੋਈ ਦੋ ਕੁ ਘੰਟਿਆਂ ਵਿਚ ਖਤਮ ਹੋਇਆ।  ਉਸ ਪਿੱਛੋਂ ਉਹ ਸਾਰੇ ਜਣੇ ਇਕ ਕਾਨਫੰਰਸ ਹਾਲ ਵਿਚ ਪਹੁੰਚੇ ਜਿਥੇ ਇਕ ਵੱਡੇ ਸਾਰੇ ਗੋਲ ਮੇਜ਼ ਦੁਆਲੇ ਗੱਦੇਦਾਰ ਘੁੰਮਣ ਵਾਲੀਆਂ ਕੁਰਸੀਆਂ ਰੱਖੀਆਂ ਹੋਈਆਂ ਸਨ।  ਓਥੇ ਚਾਹ ਪਾਣੀ ਦਾ ਚੰਗਾ ਇੰਤਜ਼ਾਮ ਕੀਤਾ ਹੋਇਆ ਸੀ।  ਜਦੋਂ ਉਹ ਚਾਹ ਪਾਣੀ ਪੀ ਰਹੇ ਸਨ ਤਾਂ ਇਕ ਸੁਹਣੇ ਜਿਹੇ ਜਵਾਨ ਫਿਲਮੀ ਹੀਰੋਆਂ ਵਰਗੇ ਡਾਕਟਰ ਨੇ ਹਸਪਤਾਲ ਬਾਰੇ ਸਲਾਈਡ ਪਰੋਜੈਕਟਰ ਰਾਹੀਂ ਜਾਣਕਾਰੀ ਦੇਣੀ ਸ਼ੁਰੂ ਕੀਤੀ।  ਸਭ ਤੋਂ ਪਹਿਲਾਂ ਵਾਲੀ ਰੰਗੀਨ ਸਲਾਈਡ ਹਸਪਤਾਲ ਦੀ ਬਿਲਡਿੰਗ ਦੀ ਸੀ।  ਉਸ ਵਿਚ ਹਸਪਤਾਲ ਦੀ ਫੋਟੋ ਦੂਰੋਂ ਕਿਸੇ ਉਚਾਈ ਤੋਂ ਜਿਵੇਂ ਹੈਲੀਕਾਪਟਰ ਵਿਚੋਂ ਖਿੱਚੀ ਲਗਦੀ ਸੀ।  ਬਿਲਡਿੰਗ ਦੇ ਸਿਖਰ ਬਿਜਲੀ ਦੇ ਬੋਰਡਾਂ ਦੀ ਰੋਸ਼ਨੀ ਵਿਚ ਹਸਪਤਾਲ ਦਾ ਨਾਂ ਚਮਕ ਰਿਹਾ ਸੀ 'ਛਗਨ ਭਾਈ ਹੌਸਪਿਟਲ' ਅੰਗਰੇਜ਼ੀ ਤੇ ਗੁਜਰਾਤੀ ਵਿਚ ਹਸਪਤਾਲ ਦੇ ਨਾਂ ਦੇ ਦੋ ਵੱਡੇ-ਵੱਡੇ ਬੋਰਡ ਸਨ।  ਫੇਰ ਹਸਪਤਾਲ ਦੇ ਅੰਦਰ ਵੜਦਿਆਂ, ਵੱਡੇ ਹਾਲ ਵਿਚ ਇਕ ਪਾਸੇ ਰੀਸੈਪਸ਼ਨ ਕਾਊਂਟਰ ਸੀ ਜਿਸ ਪਿੱਛੇ ਦੋ ਖੂਬਸੂਰਤ ਕੁੜੀਆ ਚਿੱਟੇ ਕੋਟ ਪਾਈ ਬੈਠੀਆਂ ਕੰਮ ਕਰਦੀਆਂ ਦਿਖਾਈਆਂ ਗਈਆਂ ਸਨ।  ਉਸ ਨੂੰ ਦੇਖ ਕੇ  ਲਗਦਾ ਨਹੀਂ ਸੀ ਕਿ ਇਹ ਕਿਸੇ ਹਸਪਤਾਲ ਦਾ ਪ੍ਰਵੇਸ਼ ਦੁਆਰ ਹੈ, ਸਗੋਂ ਕਿਸੇ ਪੰਜ ਸਿਤਾਰੇ ਹੋਟਲ ਦਾ ਭੁਲੇਖਾ ਪੈਂਦਾ ਸੀ।  ਹਾਲ ਵਿਚੋਂ ਪੰਜ ਰਸਤੇ ਵੱਖੋ ਵੱਖਰੀਆਂ ਦਿਸ਼ਾਵਾਂ ਵੱਲ ਜਾਂਦੇ ਸਨ ਜਿਹਨਾਂ ਦੇ ਦੋਹੀਂ ਪਾਸੀਂ ਅਲੱਗ ਅਲੱਗ ਵਾਰਡ ਅਤੇ ਸਪੈਸ਼ਲ ਕਮਰੇ ਬਣੇ ਹੋਏ ਸਨ।  ਫੇਰ ਉਹਨਾਂ ਸਾਰਿਆਂ ਵਾਰਡਾਂ ਅਤੇ ਕਮਰਿਆਂ ਦੀਆਂ ਸਲਾਈਡਾਂ ਦਿਖਾਈਆਂ ਗਈਆਂ।  ਉਂਜ ਵੀ ਚਰਨਜੀਤ ਸਾਰਾ ਹਸਪਤਾਲ ਘੁੰਮ ਕੇ ਦੇਖ ਹੀ ਚੁੱਕਾ ਸੀ।  ਸਭ ਤੋਂ ਪਿੱਛੋਂ ਹਸਪਤਾਲ ਬਾਰੇ ਖਾਸ ਜਾਣਕਾਰੀ ਇਕੱਠੀ ਕਰਕੇ ਦੱਸਿਆ ਗਿਆ ਸੀ ਕਿ ਇਸ ਵਿਚ ਕਿਹੜੀਆਂ ਸਹੂਲਤਾਂ ਹਨ, ਕਿੰਨੇ ਮਰੀਜ਼ ਠੀਕ ਹੋ ਕੇ ਜਾ ਚੁੱਕੇ ਹਨ, ਕਿਹੜੀਆ ਗੰਭੀਰ ਬਿਮਾਰੀਆਂ ਦਾ ਇਲਾਜ ਹੁੰਦਾ ਹੈ, ਆਦਿ।  ਦੇਸ਼ ਵਿਦੇਸ਼ ਦੀਆਂ ਉੱਘੀਆਂ ਹਸਤੀਆਂ ਜਿਹਨਾਂ ਨੇ ਹਸਪਤਾਲ ਦਾ ਦੌਰਾ ਕੀਤਾ ਸੀ ਜਾਂ ਕਿਸੇ ਨੇ ਇਲਾਜ ਕਰਵਾਇਆ ਸੀ, ਉਹਨਾਂ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ।
ਉਸ ਪਿੱਛੋਂ ਮਗਨ ਭਾਈ ਚਰਨਜੀਤ ਨੂੰ ਇਕੱਲਿਆਂ ਆਪਣੇ ਕਮਰੇ ਵਿਚ ਲੈ ਗਿਆ।  ਕਮਰਾ ਬੜੀ ਸਾਦਗੀ ਅਤੇ ਸੋਹਣੇ ਢੰਗ ਨਾਲ ਸਜਿਆ ਹੋਇਆ ਸੀ।  ਮਗਨ ਭਾਈ ਦੀ ਕੁਰਸੀ ਪਿੱਛੇ ਗਣੇਸ਼ ਜੀ ਦੀ ਬੜੀ ਸੋਹਣੀ ਤਸਵੀਰ ਟੰਗੀ ਹੋਈ ਸੀ।  ਮਗਨ ਭਾਈ ਨੇ ਚਰਨਜੀਤ ਨੂੰ ਸਾਹਮਣੇ ਪਈ ਕੁਰਸੀ 'ਤੇ ਬੈਠਣ ਲਈ ਕਿਹਾ।  ਚਰਨਜੀਤ ਨੇ ਸਾਰੇ ਕਮਰੇ ਵਿਚ ਨਜ਼ਰ ਘੁੰਮਾਈ।  ਕਮਰੇ ਵਿਚ ਬੈਠਿਆਂ ਹਸਪਤਾਲ ਵਿਚ ਬੈਠੇ ਹੋਣ ਦਾ ਭੁਲੇਖਾ ਵੀ ਨਹੀਂ ਸੀ ਪੈਂਦਾ।  ਮਗਨ ਭਾਈ ਖੱਦਰ ਦੇ ਦੁੱਧ ਚਿੱਟੇ ਕੁੜਤੇ ਉੱਤੋਂ ਦੀ ਬਦਾਮੀ ਰੰਗ ਦੀ ਜਾਕਟ ਪਾਈ ਤੇ ਧੋਤੀ ਪਾ ਕੇ ਬੈਠਾ ਕੋਈ ਵਪਾਰੀ ਜਾਂ ਜਨਤਾ ਦਾ ਲੀਡਰ ਜਿਹਾ ਲੱਗ ਰਿਹਾ ਸੀ।  ਹਸਪਤਾਲ ਦਾ ਮਾਲਕ ਤਾਂ ਬਿਲਕੁਲ ਨਹੀਂ ਸੀ ਲਗਦਾ।
''ਏਮ ਕੇ ਛਗਨ ਭਾਈ ਮ੍ਹਾਰੋ ਬਾਪ ਹਤੋ।  ਆ ਹੋਸਪੀਟਲ ਨੋ ਨਾਮ ਮ੍ਹਾਰੋ ਬਾਪ ਨਾ ਨਾਮ ਪਰ ਛੇ।  ਮ੍ਹਾਰੋ ਬਾਪ ਏਕ ਖੇੜੁਤ ਹਤੋ।  ਖੇੜੁਤ ਤਮੇਂ ਸਮਝੋ ਛੋ? ਖੇੜੁਤ ਏਟਲੇ ਕਿਸਾਨ।  ਮ੍ਹਾਰੋ ਬਾਪ ਏਕ ਕਿਸਾਨ ਹਤੋ ਅਨੇ ਗਾਮੜਾ ਮਾਂ ਖੇਤੀ ਕਰਤੋ ਹਤੋ।  ਏਮ ਨੇ ਏਕ ਇੱਛਾ ਜਾਹਰ ਕਰੀ ਹਤੀ ਕਿ ਜੇ ਹੋਈ ਸ਼ਕੇ ਤੋਂ ਏਕ ਹੋਸਪੀਟਲ ਬਾਂਧਵਾ ਨੀ ਜ਼ਰੂਰ ਛੇ।  ਮ੍ਹਾਰੋ ਬਾਪ ਤੋ ਗੁਜਰੀ ਗਯੋ ਪਣ ਹੂੰ ਏ ਪ੍ਰਣ ਲੀਧੋ ਕਿ ਹੋਸਪੀਟਲ ਚੌਕਸ ਬਨਾਵਾਨੂੰ ਛੇ।  ਮ੍ਹਾਰੀ ਬੱਦੀ ਜਮੀਨ ਜਾਇਦਾਦ ਵੇਚੀ ਨੇ ਅਨੇ ਸਰਕਾਰ ਥੀ ਕਰਜਾ ਮਲ਼ਿਆ ਪਛੀ, ਏ ਹੋਸਪੀਟਲ ਬਾਂਧੀ ਨਾਖਿਆ।''
ਚਰਨਜੀਤ ਨੂੰ ਮਗਨ ਭਾਈ ਦੀ ਸਾਰੀ ਗੱਲ ਸਮਝ ਆ ਗਈ ਸੀ ਕਿ ਉਹਦਾ ਪਿਓ ਇਕ ਕਿਸਾਨ ਸੀ ਜਿਸ ਨੇ ਕਦੇ ਹਸਪਤਾਲ ਬਣਾਉਣ ਦਾ ਸੁਪਨਾ ਲਿਆ ਸੀ।  ਪਰ ਉਸ ਦੇ ਮਰਨ ਪਿੱਛੋਂ ਮਗਨ ਭਾਈ ਨੇ ਆਪਣੇ ਪਿਓ ਦੇ ਨਾਂ ਤੇ ਜਿਸ ਦਾ ਨਾਂ ਛਗਨ ਭਾਈ ਸੀ, ਆਪਣੀ ਸਾਰੀ ਜਮੀਨ ਜਾਇਦਾਦ ਵੇਚ ਕੇ ਅਤੇ ਸਰਕਾਰ ਤੋਂ ਕਰਜਾ ਲੈ ਕੇ ਇਹ ਹਸਪਤਾਲ ਬਣਾ ਲਿਆ ਸੀ।
''ਯੇ ਤੋ ਆਪ ਨੇ ਅਪਨੇ ਪਿਤਾ ਜੀ ਕੋ ਏਕ ਬਹੁਤ ਬੜੀ ਸ਼ਰਧਾਂਜਲੀ ਦੇ ਦੀ, ਯੇ ਹੋਸਪੀਟਲ ਬਨਵਾ ਕਰ।'' ਮਗਨ ਭਾਈ ਖੁਸ਼ ਸੀ ਕਿ ਕਿਸੇ ਨੇ ਉਹਦੀ ਘਾਲਣਾ ਦੀ ਸੱਚੀ ਤਾਰੀਫ ਕੀਤੀ ਹੈ।  
''ਬੋਲੋ ਦੀਕਰਾ! ਤਮੇ ਗਮਤਾ ਹੋਏ ਤੋ ਹੂੰ ਤਮ ਨੇ ਦਸ ਹਜਾਰ ਪਗਾਰ ਆਪੀਸ਼।  ਅਨੇ ਤੁਮਾਰੀ ਬਾਇਰੀ ਨੇ ਪਣ ਦਸ ਹਜਾਰ।  ਤਮੇਂ ਘੇਰ ਜਾਈ ਨੇ ਤਮਾਰੀ ਬਾਇਰੀ ਸਾਥੇ ਵਿਚਾਰ ਕਰੀ ਨੇ ਪਛੀ ਮਨੇ ਖਬਰ ਕਰੋ।  ਤਮਾਰੇ ਰਹਵਾ ਮਾਟੇ ਬਹੁੰਸਰਸ ਸਗਵੜ ਏਟਲੇ ਕਿ ਫਲੈਟ ਛੇ।  ਅਈਆਂ ਥੀ ਅੜਧਾ ਕਿਲੋਮੀਟਰ ਦੂਰ ਛੇ।  ਲੁਧਿਆਨਾ ਥੀ ਤਮਾਰੇ ਘੇਰ ਨਾ ਸਾਮਾਨ ਬੱਦਾ ਆਵਾ ਜਾਵਾ ਨਾ ਖਰਚਾ ਹੋਸਪੀਟਲ ਕਰਸ਼ੇ।  ਪਛੀ ਹਰ ਆਵਤਾ ਵਰਸ ਨਵਰਾਤਰੀ ਨਾ ਤਯੋਹਾਰ ਨਜੀਕ ਤਮੇਂ ਏਕ ਪਗਾਰ ਵਧਾਰੇ ਮਲ਼ਸ਼ੇ, ਏਮ ਕੇ ਬੋਨਸ ਕੇਹਵਾਵੇ।  ਬੋਲੋ,ਵਾਤ ਏਮ ਕਰੀਏ ਕਿ ਬੇ ਪਈਸਾ ਮਲ਼ੇ।''
ਚਰਨਜੀਤ ਨੂੰ ਮਗਨ ਭਾਈ ਦੀ ਸਾਰੀ ਗੱਲ ਸਮਝ ਆਉਣ ਲੱਗ ਪਈ ਸੀ।  ਮੀਟਿੰਗ ਪਿੱਛੋਂ ਮਗਨ ਭਾਈ ਨੇ ਡਾਕਟਰ ਵਰਮਾ ਨੂੰ ਬੁਲਾ ਕੇ ਚਰਨਜੀਤ ਨੂੰ ਫਲੈਟ ਦਿਖਾਉਣ ਲਈ ਕਿਹਾ।  ਚਰਨਜੀਤ ਨੂੰ ਫਲੈਟ ਬਹੁਤ ਪਸੰਦ ਆਇਆ।  ਇਹ ਫਲੈਟ ਚੌਥੀ ਮੰਜ਼ਿਲ 'ਤੇ ਤਿੰਨ ਕਮਰੇ ਦਾ ਸੀ।  ਬਿਲਡਿੰਗ ਵਿਚ ਲਿਫਟ ਸੀ।  ਹਰ ਕਮਰੇ ਵਿਚ  ਏ.ਸੀ. ਲੱਗੇ ਹੋਏ ਸਨ।  ਉਹਨੇ ਡਾਕਟਰ ਵਰਮਾ ਤੋਂ ਹੋਰ ਪੁੱਛ-ਗਿੱਛ ਕੀਤੀ।  ਡਾਕਟਰ ਵਰਮਾ ਨੂੰ ਏਥੇ ਦਸ ਸਾਲ ਹੋ ਚੁੱਕੇ ਸਨ।  ਉਸ ਦੇ ਦੱਸਣ ਅਨੁਸਾਰ ਹਸਪਤਾਲ ਦੇ ਪ੍ਰਬੰਧ ਵਿਚ ਵੀ ਕੋਈ ਗੜਬੜ ਨਹੀਂ ਸੀ।  ਕਦੇ-ਕਦਾਈਂ ਕੋਈ ਸੀਰੀਅਸ ਕੇਸ ਵਿਚ ਮਰੀਜ਼ ਦੀ ਮੌਤ ਪਿੱਛੋਂ ਕੁਝ ਪਰੇਸ਼ਾਨੀਆਂ ਹੋਈਆਂ ਸਨ ਪਰ ਉਹ ਸੁਲਝਾ ਲਈਆਂ ਗਈਆਂ ਸਨ।  ਉਂਜ ਸ਼ਹਿਰ ਦੇ ਲੋਕ ਆਮ ਸ਼ਾਂਤ ਸੁਭਾਅ ਦੇ ਸਨ।  ਕਦੇ ਧਾਰਮਿਕ ਤਿਉਹਾਰਾਂ ਨੇੜੇ ਹਿੰਦੂ ਮੁਸਲਮਾਨਾਂ ਦੇ ਛੋਟੇ ਮੋਟੇ ਦੰਗੇ ਭੜਕ ਪੈਂਦੇ ਸਨ।  ਪਰ ਹਸਪਤਾਲ ਦੇ ਵਾਤਾਵਰਣ 'ਤੇ ਕੋਈ ਮਾੜਾ ਅਸਰ ਨਹੀਂ ਸੀ ਪੈਂਦਾ।  ਹਾਂ ਮਰੀਜ਼ਾਂ ਦੀ ਆਮਦ ਵਿਚ ਵਾਧਾ ਜ਼ਰੂਰ ਹੋ ਜਾਂਦਾ ਸੀ।
ਚਰਨਜੀਤ ਉਸ ਤੋਂ ਅਗਲੇ ਦਿਨ ਪਹਿਲਾਂ ਤੋਂ ਹੀ ਮਿਥੇ ਪ੍ਰੋਗਰਾਮ ਅਨੁਸਾਰ ਦਿੱਲੀਓਂ ਲੁਧਿਆਣੇ ਹਵਾਈ ਜਹਾਜ਼ ਤੇ ਕਾਰ ਰਾਹੀਂ ਸਮੇਂ ਸਿਰ ਘਰ ਪਹੁੰਚ ਗਿਆ।  ਅੰਜਲੀ ਪਹਿਲਾਂ ਤੋਂ ਹੀ ਉਡੀਕ ਵਿਚ ਬੈਠੀ ਸੀ।  ਚਰਨਜੀਤ ਦੀ ਸਾਰੀ ਗੱਲ-ਬਾਤ ਸੁਨਣ ਪਿੱਛੋਂ ਉਹਨੇ ਪੁੱਛਿਆ-
''ਫੇਰ ਕੀ ਫੈਸਲਾ ਕੀਤਾ ਤੁਸੀਂ?''
''ਅੰਜੂ, ਫੈਸਲਾ ਮੈਂ ਇਕੱਲੇ ਤਾਂ ਨੀ ਕਰਨਾ? ਤੇਰੀ ਹਾਂ ਜਾਂ ਨਾਂਹ ਵੀ ਜ਼ਰੂਰੀ ਐ।''
"ਏਥੇ ਆਪਾਂ ਘਰ ਵਾਲਿਆਂ ਦੇ ਨੇੜੇ ਸਾਂ।  ਓਥੇ ਦੂਰ ਹੋ ਜਾਵਾਂਗੇ।  ਪਤਾ ਨਹੀਂ, ਨਵੀਂ ਥਾਂ, ਨਵੇਂ ਲੋਕ, ਬੜਾ ਅਜੀਬ ਲੱਗ ਰਿਹਾ ਮੈਨੂੰ ਤੇ।''
''ਚਲੋ ਹੋਰ ਸੋਚ ਲੈਨੇ ਆ ਆਪਾਂ।  ਪਰ ਏਨੀ ਚੰਗੀ ਤਨਖਾਹ, ਸਹੂਲਤਾਂ ਤੇ ਮੌਡਰਨ ਹੋਸਪੀਟਲ ਦੀ ਔਫਰ ਰੋਜ਼ ਰੋਜ਼ ਨਹੀਂ ਮਿਲਿਆ ਕਰਦੀ।''
''ਚਲੋ ਜੇ ਤੁਸੀਂ ਸੋਚ ਲਿਐ ਤਾਂ ਮੈਂ ਵੀ...।''
ਏਨੇ ਵਿਚ ਫੋਨ ਦੀ ਘੰਟੀ ਵੱਜੀ।  ਚਰਨਜੀਤ ਨੇ ਫੋਨ ਚੁੱਕਿਆ ਤਾਂ ਅੱਗੋ ਮਗਨ ਭਾਈ ਦੀ ਆਵਾਜ਼ ਆਈ-
''ਕੈਮ ਦੀਕਰਾ ਬਰਾਬਰ ਪਹੁੰਚੀ ਗਯੋ ਨਾ ਤਮੇਂ?''
''ਹਾਂ ਜੀ ਮੈਂ ਠੀਕ ਠਾਕ ਪਹੁੰਚ ਗਿਆ।''
''ਚਲੋ ਹੂੰ ਤਮ ਨੇ ਕਾਲੇ ਸਾਂਝੇ ਫੋਨ ਕਰੀਸ਼।''
''ਹਾਂ ਜੀ ਮਗਨ ਭਾਈ ਕਲ ਤਕ ਹਮ ਜ਼ਰੂਰ ਕੋਈ ਫੈਸਲਾ ਕਰ ਲੇਂਗੇ।''
ਫੋਨ ਰੱਖਣ ਪਿੱਛੋਂ ਚਰਨਜੀਤ ਨੇ ਕੁਝ ਚਿਰ ਸੋਚਣ ਤੋਂ ਮਗਰੋਂ ਕਿਹਾ ਕਿ ਅਹਿਮਦਾਬਾਦ ਜਾਣਾ ਠੀਕ ਫੈਸਲਾ ਹੋਵੇਗਾ।  ਇਕ ਮਹੀਨੇ ਦਾ ਨੋਟਿਸ ਉਹ ਹਸਪਤਾਲ ਨੂੰ ਦੇ ਦੇਣਗੇ ਅਤੇ ਫੇਰ ਇਕ ਮਹੀਨੇ ਪਿੱਛੋਂ ਅਹਿਮਦਾਬਾਦ ਚਲੇ ਜਾਣਗੇ।  ਸਾਰਾ ਖਰਚਾ ਛਗਨ ਭਾਈ ਹਸਪਤਾਲ ਨੇ ਦੇਣਾ ਸੀ।  ਚਰਨਜੀਤ ਨੇ ਅਗਲੇ ਦਿਨ ਮਗਨ ਭਾਈ ਨੂੰ ਫੋਨ 'ਤੇ ਹਾਂ ਕਰ ਦਿੱਤੀ।  ਮਗਨ ਭਾਈ ਨੂੰ ਦੋਹਾਂ ਦੀ ਸਖਤ ਲੋੜ ਸੀ ਉਸ ਨੇ ਕਿਹਾ ਕਿ ਜੇ ਉਹ ਚਾਹੁਣ ਤਾਂ ਉਹ ਇਕ ਮਹੀਨੇ ਦੀ ਤਨਖਾਹ ਪੇਸ਼ਗੀ ਜਮਾਂ ਕਰਵਾਉਣ ਲਈ ਉਹਨਾਂ ਨੂੰ ਤਾਰ ਰਾਹੀਂ ਭੇਜ ਸਕਦਾ ਹੈ ਅਤੇ ਉਹ ਤੀਜੇ ਦਿਨ ਤੋਂ ਹੀ ਅਹਿਮਦਾਬਾਦ ਉਹਦੇ ਹਸਪਤਾਲ ਆ ਕੇ ਕੰਮ ਸ਼ੁਰੂ ਕਰ ਸਕਦੇ ਹਨ ਪਰ ਚਰਨਜੀਤ ਨੇ ਕਿਹਾ ਕਿ ਉਹਨਾਂ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਮਿਲਣਾ-ਮਿਲਾਉਣਾ ਹੈ ਅਤੇ ਲੁਧਿਆਣੇ ਹਸਪਤਾਲ ਅਤੇ ਕੁਆਰਟਰ ਛਡਣ ਲਈ ਕਈ ਤਰਾਂ ਦੇ ਨਿਯਮਾਂ ਦੀ ਪੂਰਤੀ ਕਰਨੀ ਸੀ ਅਤੇ ਹੋਰ ਕੰਮ-ਧੰਦੇ ਨਿਪਟਾਉਣੇ ਸਨ ਸੋ ਇਕ ਮਹੀਨੇ ਮਗਰੋਂ ਹੀ ਉਹਨਾਂ ਦਾ ਆਉਣਾ ਠੀਕ ਰਹੇਗਾ।  ਮਗਨ ਭਾਈ ਨੇ ਹਫਤੇ ਦੇ ਅੰਦਰ-ਅੰਦਰ ਹੀ ਉਹਨਾਂ ਦੀਆਂ ਹਵਾਈ ਟਿਕਟਾਂ ਭਿਜਵਾ ਦਿੱਤੀਆਂ।  ਗੁਜਰਾਤ ਟਰਾਂਸਪੋਰਟ ਕੰਪਨੀ ਦਾ ਇਕ ਬੰਦਾ ਉਹਨਾਂ ਦੇ ਸਮਾਨ ਦਾ ਅੰਦਾਜ਼ਾ ਲਾਉਣ ਲਈ ਆ ਗਿਆ ਜਿਹੜਾ ਉਹਨਾਂ ਨੇ ਪੈੱਕ ਕਰਕੇ ਟਰੱਕ ਵਿਚ ਲੈ ਜਾਣਾ ਸੀ।  ਗੁਜਰਾਤ ਟਰਾਂਸਪੋਰਟ ਕੰਪਨੀ ਅਹਿਮਦਾਬਾਦ ਤੋਂ ਦੇਸ ਦੇ ਹਰ ਕੋਨੇ ਤਕ ਢੋਆ-ਢੁਆਈ ਦਾ ਕੰਮ ਕਰਦੀ ਸੀ।  ਮਗਨ ਭਾਈ ਦਾ ਕੁਝ ਹਿੱਸਾ ਉਸ ਕੰਪਨੀ ਵਿਚ ਵੀ ਸੀ।
ਅਗਲੇ ਦਿਨ ਚਰਨਜੀਤ ਅਤੇ ਅੰਜਲੀ ਦੇ ਅਸਤੀਫੇ ਦੀ ਗੱਲ ਸਾਰੇ ਹਸਪਤਾਲ ਵਿਚ ਫੈਲ ਗਈ।  ਦੋਹਾਂ ਨੂੰ ਡਾਇਰੈਕਟਰ ਨੇ ਖਾਸ ਆਪਣੇ ਦਫਤਰ ਬੁਲਾ ਕੇ ਗੱਲ ਬਾਤ ਕੀਤੀ।  ਉਸਨੂੰ ਉਹਨਾਂ ਦੇ ਜਾਣ ਦਾ ਬੇਹੱਦ ਅਫਸੋਸ ਸੀ।  ਨਾ ਸਿਰਫ ਉਹਨਾਂ ਦੇ ਜਾਣ ਨਾਲ ਹਸਪਤਾਲ ਨੂੰ ਦੋ ਚੰਗੇ ਅਤੇ ਮਿਹਨਤੀ ਡਾਕਟਰਾਂ ਦਾ ਘਾਟਾ ਹੀ ਪੈਣਾ ਸੀ ਸਗੋਂ ਨਵੇਂ ਡਾਕਟਰ ਭਰਤੀ ਕਰਨ ਲਈ ਬਹੁਤ ਲੰਮਾ ਸਮਾਂ ਵੀ ਲੱਗ ਜਾਣਾ ਸੀ।  ਫੇਰ ਉੱਤੋਂ ਕਈ ਸਿਫਾਰਸ਼ੀ ਡਾਕਟਰਾਂ ਦੇ ਆਉਣ ਦਾ ਡਰ ਤੇ ਬਦਲੀਆਂ ਰਾਹੀਂ ਆਉਣ-ਜਾਣ ਵਾਲੇ ਡਾਕਟਰਾਂ ਕਰਕੇ ਕਈ ਕਿਸਮ ਦੇ ਝਮੇਲੇ ਪੈਣੇ ਸਨ।  ਪਰ ਡਾਇਰੈਕਟਰ ਉਹਨਾਂ ਨੂੰ ਦਿਲੋਂ ਚਾਹ ਕੇ ਵੀ ਨਹੀਂ ਸੀ ਰੋਕ ਸਕਦਾ।  ਸੋ ਉਸ ਨੇ ਬੜੇ ਸਤਿਕਾਰ ਨਾਲ ਉਹਨਾਂ ਨੂੰ ਵਿਦਾ ਕਰਨ ਦੀ ਸਕੀਮ ਬਣਾਈ।  ਉਹਨਾਂ ਦੀ ਵਿਦਾਇਗੀ ਪਾਰਟੀ ਦਾ ਦਿਨ ਉਹਨਾਂ ਨੂੰ ਪੁੱਛ ਕੇ ਚੁਣਿਆ ਗਿਆ।  ਲੁਧਿਆਣੇ ਦੇ ਸਭ ਤੋਂ ਵਧੀਆ ਹੋਟਲ ਵਿਚ ਉਸ ਦਿਨ ਸ਼ਾਮ ਦੇ ਖਾਣੇ ਦਾ ਇੰਤਜ਼ਾਮ ਕੀਤਾ ਗਿਆ।  ਹਸਪਤਾਲ ਦੇ ਸਾਰੇ ਡਾਕਟਰਾਂ ਤੋਂ ਇਲਾਵਾ ਹੋਰ ਕਰਮਚਾਰੀ ਵੀ ਸ਼ਾਮਲ ਹੋਏ।
ਚਰਨਜੀਤ ਤੇ ਅੰਜਲੀ ਨੇ ਆਪਣੀਆਂ ਬਚੀਆਂ ਛੁੱਟੀਆਂ ਵਿਚੋਂ ਕੁਝ ਦਿਨਾਂ ਦੀ ਛੁੱਟੀ ਲੈ ਕੇ ਵਾਰੀ ਵਾਰੀ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਮਿਲਣ ਮਿਲਾਉਣ ਦਾ ਪ੍ਰੋਗਰਾਮ ਬਣਾਇਆ।  ਉਸ ਮਹੀਨੇ ਉਹਨਾਂ ਨੂੰ ਕਾਫੀ ਭੱਜ-ਨੱਸ ਰਹੀ।
ਚਰਨਜੀਤ ਨੂੰ ਸਭ ਤੋਂ ਵੱਧ ਖਿੱਚ ਆਪਣੇ ਘਰਦਿਆਂ ਨੂੰ ਮਿਲਣ ਦੀ ਸੀ।  ਮਾਸਟਰ ਜੀ ਦੀਆਂ ਗੱਲਾਂ ਵੀ ਸੁਣਨੀਆਂ ਸਨ ਤੇ ਉਹਨਾਂ ਦਾ ਅਸ਼ੀਰਵਾਦ ਵੀ ਲੈਣਾ ਸੀ।  ਉਹਨਾਂ ਨੇ ਘਰ ਜਾਣ ਲਈ ਤਿੰਨ ਦਿਨਾਂ ਦੀ ਛੁੱਟੀ ਲਈ।
ਅਚਾਨਕ ਉਹਨਾਂ ਨੂੰ ਘਰ ਦੇ ਬਾਰ ਮੂਹਰੇ ਖੜੇ ਦੇਖ ਕੇ ਦਿਆਕੁਰ ਹੈਰਾਨ ਹੋ ਗਈ।
"ਪੁੱਤ ਸੁੱਖ-ਸਾਂਦ ਐ? ਤੁਸੀਂ ਦੋਏ ਚਾਣਚੱਕ?  ਨਾ ਕੋਈ ਚਿੱਠੀ ਨਾ ਸਨੇਹਾ!'' ਉਹ ਅਜੇ ਸਾਮਾਨ ਰੱਖ ਕੇ ਬੈਠੇ ਹੀ ਸਨ ਕਿ ਮਹਿੰਦਰ ਸਿੰਘ ਅਚਾਨਕ ਆ ਪਹੁੰਚਿਆ।  ਚਰਨਜੀਤ ਤੇ ਅੰਜਲੀ ਨੂੰ ਮਿਲ ਕੇ ਉਹ ਬਹੁਤ ਖੁਸ਼ ਹੋਇਆ।  ਉਹਨੇ ਦੱਸਿਆ ਕਿ ਉਹ ਕੋਈ ਮਸ਼ੀਨ ਖਰੀਦਣ ਲੁਧਿਆਣੇ ਗਿਆ ਸੀ ਤੇ ਉਹਨਾਂ ਦਾ ਪਤਾ ਪੁੱਛਦਾ-ਪੁਛਾਉਂਦਾ ਜਦੋਂ ਹਸਪਤਾਲ ਸਹੀ ਟਿਕਾਣੇ ਪਹੁੰਚਿਆ ਤਾਂ ਪਤਾ ਲੱਗਾ ਕਿ ਉਹ ਏਧਰ ਨੂੰ ਚੱਲ ਪਏ ਸਨ ਤਾਂ ਉਹਨੇ ਵੀ ਏਧਰ ਵੱਲ ਪਹਿਲੀ ਬੱਸ ਫੜ ਲਈ ਸੀ।  ਦਿਆਕੁਰ ਨੇ ਵੀ ਆ ਕੇ ਮਹਿੰਦਰ ਸਿੰਘ ਨੂੰ ਪਿਆਰ ਦਿੱਤਾ।  ਉਹ ਸਾਰੇ ਜਣੇ ਕਿੰਨਾ ਚਿਰ ਗੱਲਾਂ ਬਾਤਾਂ ਕਰਦੇ ਰਹੇ।  ਮਹਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਨੇੜੇ ਗਾਜ਼ੀਆਬਾਦ ਵਿਚ ਉਹਨੇ ਕੋਈ ਬਿਜਲੀ ਦੇ ਪੁਰਜੇ ਬਨਾਉਣ ਦੀ ਇਕ ਛੋਟੀ ਜਿਹੀ ਫੈਕਟਰੀ ਲਾਉਣ ਦਾ ਫੈਸਲਾ ਕਰ ਲਿਆ ਸੀ।  ਸਾਲ ਛੇ ਮਹੀਨੇ ਉਹਨੇ ਓਥੇ ਇਕੱਲਿਆਂ ਰਹਿਣਾ ਸੀ ਅਤੇ ਫੇਰ ਆਪਣੇ ਪਰਿਵਾਰ ਨੂੰ ਲੈ ਜਾਣਾ ਸੀ।  ਚਰਨਜੀਤ ਤੇ ਅੰਜਲੀ ਨੂੰ ਉਹਦਾ ਸਿਰਫ ਉਹਨਾਂ ਨੂੰ ਹੀ ਮਿਲਣ ਆਉਣਾ ਤੇ ਫੇਰ ਉਹਨਾਂ ਦੇ ਪਿੱਛੇ-ਪਿੱਛੇ ਘਰ ਤਕ ਪਹੁੰਚਣਾ ਬੜਾ ਚੰਗਾ ਲੱਗਾ।  ਉਂਜ ਵੀ ਮਹਿੰਦਰ ਸਿੰਘ ਸੁਭਾਅ ਅਨੁਸਾਰ ਸਭ ਨੂੰ ਹੀ ਚੰਗਾ ਲੱਗਣ ਲੱਗ ਪੈਂਦਾ ਸੀ।  ਉਹ ਗੁਰਨੇਕ ਅਤੇ ਬਸੰਤ ਨੂੰ ਵੀ ਮਿਲਣ ਚਲਾ ਗਿਆ ਤੇ ਆਥਣੇ ਭਗਤ ਸਿੰਘ ਨੂੰ ਮਿਲ ਕੇ ਰਾਤ ਦੀ ਗੱਡੀ ਆਪਣੇ ਘਰ ਪਰਤ ਗਿਆ ਸੀ।  ਭਗਤ ਸਿੰਘ ਅਤੇ ਦਿਆਕੁਰ ਨੂੰ ਉਹਦਾ ਇਉਂ ਅਚਾਨਕ ਖਾਸ ਮੌਕਿਆਂ ਤੇ ਆ ਕੇ ਮਿਲਣਾ ਜੇ ਇਕ ਪਾਸੇ ਚੰਗਾ ਲਗਦਾ ਤਾਂ ਦੂਜੇ ਪਾਸੇ ਮ੍ਹਿੰਦੋ ਦੀਆਂ ਯਾਦਾਂ ਭਰੇ ਜ਼ਖ਼ਮ ਉਚੇੜ ਜਾਂਦਾ।  ਭਗਤ ਸਿੰਘ ਨੂੰ ਅਜਿਹੀਆਂ ਮ੍ਹਿੰਦੋ ਦੀਆਂ ਯਾਦਾਂ ਖਿੱਚ ਕੇ ਨਹਿਰ ਦੀ ਪੁਲੀ 'ਤੇ ਲੈ ਜਾਂਦੀਆਂ ਤੇ ਉਹ ਓਥੇ ਬਹਿ ਕੇ ਇਕੱਲਾ ਆਪਣਾ ਮਨ ਹਲਕਾ ਕਰਕੇ ਘਰ ਮੁੜਦਾ।
''ਬੇਬੇ ਜੀ ਪਤੈ ਅੱਜ ਅਸੀਂ ਚਾਣਚੱਕ ਕਿਵੇਂ ਆਏ? ਅਸਲ 'ਚ ਗੱਲ ਇਹ ਐ ਬਈ ਸਾਨੂੰ ਅਹਿਮਦਾਬਾਦ ਨੌਕਰੀ ਮਿਲ ਗਈ ਐ ਤੇ ਅਸੀਂ ਅਗਲੇ ਹਫਤੇ ਆਪਣੇ ਕੰਮ 'ਤੇ ਹਾਜ਼ਰ ਹੋਣੈ।''
''ਲੈ ਦੱਸ-ਹੈਂ?'' ਐਮਦਾਬਾਦ? ਉਹ ਕਿੱਥੇ ਕ ਜੇ ਹੋਇਆ? ਖਾਸੀ ਦੂਰ ਹੋਊ!''
"ਆਹ੍ਹੋ ਬੇਬੇ ਜੀ ਗੁਜਰਾਤ 'ਚ ਐ ਉਹ ਸ਼ਹਿਰ।  ਦਿੱਲੀਓਂ ਹਵਾਈ ਜਹਾਜ਼ 'ਚ ਜਾਵਾਂਗੇ ਤੇ ਦੋ ਕੁ ਘੰਟਿਆਂ 'ਚ ਪਹੁੰਚ ਜਾਵਾਂਗੇ।''
''ਲੈ ਦੱਸ ਦਿਲੀਓਂ ਵੀ ਗਾਹਾਂ ਐ? ਜਹਾਜ 'ਚ ਬਹਿ ਕੇ ਜਾਓਗੇ? ਕਿੰਨੇ ਕ ਮੀਲ ਹੋਊ ਭਲਾ ਦਿੱਲੀਓਂ?''
''ਦਿੱਲੀਓਂ ਤਾਂ ਉਹ ਕੋਈ ਹਜ਼ਾਰ ਬਾਰਾਂ ਕ ਸੌ ਮੀਲ ਹੋਊ"
''ਹਜ਼ਾਰ ਮੀਲ? ਫੇਰ ਤਾਂ ਬਾਹਲੀ ਦੂਰ ਐ!''
ਦਿਆਕੁਰ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਣ ਲੱਗ ਪਈ।
''ਹੁਣ ਕੌਣ ਲਊ ਸਾਡੀ ਖਬਰ ਸਾਰ ਤੁਸੀਂ ਤਾਂ ਪਰਦੇਸੀਂ ਉੱਠ ਚਲੇ!''
''ਓ-ਹੋ ਬੇਬੇ ਜੀ ਐਵੇਂ ਨਾ ਦਿਲ ਛੋਟਾ ਕਰਿਆ ਕਰੋ।  ਅਸੀਂ ਜੇ ਓਥੋਂ ਆਉਣਾ ਹੋਵੇ ਤਾਂ ਦੂਜੇ ਦਿਨ ਥੋਡੇ ਕੋਲ ਪਹੁੰਚ ਸਕਦੇ ਆਂ।''
ਅੰਜਲੀ ਵੀ ਰੁਮਾਲ ਨਾਲ ਆਪਣੀਆਂ ਅੱਖਾਂ ਪੂੰਝ ਰਹੀ ਸੀ।
''ਨਹੀਂ ਐ ਤਾਂ ਕੁਸ਼ ਨੀ ਪੁੱਤ।  ਜਿਉਂਦੇ ਵਸਦੇ ਰਹੋ।  ਪਰ ਮੈਂ ਤਾਂ ਆਪਣੀ ਨੂੰਹ ਦਾ ਚਾਰ ਦਿਨ ਚਾਅ ਵੀ ਪੂਰਾ ਨਾ ਕੀਤਾ ਤੇ ਤੁਸੀਂ ਪਹਿਲਾਂ ਈ ਪਰਦੇਸਾਂ ਕੰਨੀ ਮੂੰਹ ਕਰ ਲਿਆ।'' ਦਿਆਕੁਰ ਦੀਆਂ ਅੱਖਾਂ ਫੇਰ ਭਰ ਆਈਆਂ।
"ਚਲੋ ਐਂ ਕਰਦੇ ਐਂ ਬੇਬੇ ਜੀ ਤੁਸੀਂ ਅੰਜਲੀ ਨੂੰ ਰੱਖੋ ਮਹੀਨਾ ਕੁ ਆਵਦੇ ਕੋਲੇ ਮੈਂ 'ਕੱਲਾ ਜਾ ਕੇ ਨੌਕਰੀ ਤੇ ਹਾਜ਼ਰ ਹੋ ਜਾਨੈ ਫੇਰ ਮਹੀਨੇ ਪਿੱਛੋਂ ਆ ਕੇ ਇਹਨੂੰ ਲੈ-ਜੂੰ।''
ਅੰਜਲੀ ਨੇ ਚਰਨਜੀਤ ਨੂੰ ਆਪਣੀਆਂ ਮੋਟੀਆਂ-ਮੋਟੀਆਂ ਅੱਖਾਂ ਕੱਢ ਕੇ ਘੂਰਿਆ।
''ਨਾ ਪੁੱਤ! ਨੌਕਰੀਆਂ ਦੇ ਮਾਮਲੇ ਐ।  ਨੌਕਰੀ ਦੀ ਡਿਉਟੀ ਵੀ ਤਾਂ ਜ਼ਰੂਰੀ ਐ।  ਸਾਡਾ ਕੀ ਐ ਅਸੀਂ ਤਾਂ ਹੋਰ ਸਬਰ ਕਰ ਲਾਂਗੇ।  ਬੱਸ ਜਿਉਣ ਜੋਗਿਓ ਜਿਉਂਦੇ ਵਸਦੇ ਰਹੋ।  ਰੱਬ ਥੋਨੂੰ ਰੰਗ ਭਾਗ ਲਾਈ ਰੱਖੇ।'' ਦਿਆਕੁਰ ਅੱਖਾਂ ਪੂੰਝਦੀ ਰਸੋਈ ਵੱਲ ਤੁਰ ਗਈ।
''ਚੰਗਾ ਬੇਬੇ ਜੀ ਅਸੀਂ ਥੋੜਾ ਚਿਰ ਮਾਸਟਰ ਜੀ ਨੂੰ ਮਿਲ ਆਈਏ।  ਰੋਟੀ ਅਸੀਂ ਆ ਕੇ ਈ ਖਾਵਾਂਗੇ।  ਅਜ ਲਗਦੈ ਬੇਬੇ ਜੀ ਨੇ ਸਰ੍ਹੋਂ ਦਾ ਸਾਗ ਬਣਾਇਐ।  ਖੁਸ਼ਬੋਆਂ ਆਈ ਜਾਂਦੀਐ।''
"ਆਹ੍ਹੋ ਪੁੱਤ ਸਵੇਰ ਦਾ ਧਰਿਐ ਤੇ ਨਾਲੇ ਅੱਜ ਊਂ ਵੀ ਸਵੇਰ ਦਾ ਕਾਂ ਬਨੇਰੇ 'ਤੇ ਬੋਲੀ ਜਾਂਦਾ ਸੀ।  ਸਿਆਣਿਆਂ ਨੇ ਐਵੇਂ ਤਾਂ ਨੀ ਨਿੰਦ-ਵਿਚਾਰਾਂ ਬਣਾਈਆਂ!''
''ਬੇਬੇ ਜੀ ਹੁਣ ਉਹ ਕਾਂ ਕਿੱਧਰ ਉੱਡ ਗਿਆ?''
"ਉੱਡ ਗਿਆ ਉਹ ਤੇਰੇ ਅਹਿਮਦਾਬਾਦ ਕੰਨੀ।'' ਦਿਆਕੁਰ ਦੀਆਂ ਅੱਖਾਂ ਦਾ ਪਾਣੀ ਫੇਰ ਵਗ ਤੁਰਿਆ ਚਰਨਜੀਤ ਨੇ  ਮੋਹ ਨਾਲ ਆਪਣੀ ਮਾਂ ਨੂੰ ਜੱਫੀ ਪਾ ਲਈ।  ਦਿਆਕੁਰ ਨੇ ਚੁੰਨੀ ਨਾਲ ਮੂੰਹ ਸਿਰ ਢਕ ਲਿਆ।  ਕਈ ਥਾਵਾਂ ਤੋਂ ਉਹਦੀ ਚੁੰਨੀ ਭਿੱਜ ਚੁੱਕੀ ਸੀ।
ਬੇਬੇ ਅਸੀਂ ਏਥੇ ਦੋ ਤਿੰਨ ਦਿਨ ਹੋਰ ਥੋਡੇ ਕੋਲ ਰਹਿ ਕੇ ਜਾਵਾਂਗੇ।  ਆਪਾਂ 'ਕੱਠੇ ਸ਼ਹੀਦਾਂ ਦੇ ਗੁਰਦੁਆਰੇ ਮੱਥਾ ਟੇਕਣ ਚਲਾਂਗੇ ਨਾਲੇ ਦੇਗ ਕਰਾਵਾਂਗੇ।''
''ਨਾ ਪੁੱਤ ਕਿਤੇ ਜਾਣ ਦੀ ਲੋੜ ਨੀ।  ਮੈਂ ਤਾਂ ਥੋਡੀ ਓ ਸੁੱਖ ਮੰਗਦੀ ਆਂ।''
''ਚੰਗਾ ਫੇਰ ਅਸੀਂ ਉੱਤੇ ਚਬਾਰੇ 'ਚ ਵੱਡੇ ਬਾਈ ਨੂੰ ਮਿਲ ਆਈਏ ਫੇਰ ਹੋਰ ਕਿਧਰੇ ਜਾਵਾਂਗੇ।''
ਚਰਨਜੀਤ ਤੇ ਅੰਜਲੀ ਵਿਹੜੇ ਵਾਲੀ ਲਕੜ ਦੀ ਪੌੜੀ ਚੜ੍ਹ ਕੇ ਚੁਬਾਰੇ ਵਿਚ ਪਹੁੰਚ ਗਏ।  ਬਸੰਤ ਬਾਹਰ ਵਰਾਂਡੇ ਵਿਚ ਨਿੱਕੀ ਨੂੰ ਗੋਦੀ ਵਿਚ ਲਈ ਬੈਠੀ ਸੀ।  ਉਹਨਾਂ ਨੂੰ ਦੇਖ ਕੇ ਉਹ ਉੱਠ ਕੇ ਖੜ੍ਹੀ ਹੋ ਗਈ।  ਅੰਜਲੀ ਨੇ ਉਹਦੇ ਪੈਰ ਛੂਹੇ।  ਬਸੰਤ ਨੇ ਪਹਿਲਾਂ ਹੀ ਬਿੜਕ ਲੈ ਕੇ ਗੁਰਨੇਕ ਨੂੰ ਚਰਨਜੀਤ ਤੇ ਅੰਜਲੀ ਦੇ ਆਉਣ ਦੀ ਖਬਰ ਦੇ ਦਿੱਤੀ ਸੀ।  ਬਸੰਤ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਸੀ ਕੀਤੀ।  ਜਦੋਂ ਉਹ ਚੁਬਾਰੇ ਵਿਚ ਗਏ ਤਾਂ ਅਗੇ ਗੁਰਨੇਕ ਕੰਧ ਨਾਲ ਕਈ ਸਰ੍ਹਾਣਿਆਂ ਦਾ ਢਾਸਣਾ ਲਾਈ ਸੱਜੇ ਗੋਡੇ ਉੱਤੇ ਕੂਹਣੀ ਰੱਖ ਕੇ, ਸੱਜੇ ਹੱਥ ਦੀਆਂ ਉਂਗਲਾਂ ਮੱਥੇ 'ਤੇ ਅਤੇ ਅੰਗੂਠਾ ਪੁੜਪੜੀ 'ਤੇ ਰੱਖੀਂ ਬੈਠਾ ਸੀ।  ਉਹ ਬਹੁਤ ਦੁੱਖੀ ਜਿਹਾ ਲੱਗ ਰਿਹਾ ਸੀ।  ਦੋਹਾਂ ਨੇ ਬੜੇ ਚਾਅ ਨਾਲ ਉਹਨੂੰ ਫਤਹਿ ਬੁਲਾਈ ਪਰ ਗੁਰਨੇਕ ਦੇ ਚਿਹਰੇ 'ਤੇ ਖੁਸ਼ੀ ਦਾ ਕੋਈ ਅਸਰ ਨਾ ਦੇਖ ਕੇ ਚਰਨਜੀਤ ਨੇ ਫਿਕਰ ਨਾਲ ਪੁੱਛਿਆ, ''ਕੀ ਗੱਲ, ਵੱਡੇ ਬਾਈ ਜੀ ਤਬੀਅਤ ਤਾਂ ਠੀਕ ਐ?''
''ਨਹੀਂ।  ਤਬੀਅਤ ਅੱਜ ਕਲ੍ਹ ਬਹੁਤ ਖਰਾਬ ਰਹਿੰਦੀ ਐ।  ਸਿਰ ਦੁਖਦਾ ਰਹਿੰਦੈ।  ਕਦੇ ਕਦੇ ਤਾਂ ਇਉਂ ਲਗਦੈ ਬਈ ਜਿਵੇਂ ਸਿਰ 'ਚ ਹਥੌੜੇ ਵਜਦੇ ਹੋਣ।  ਰਾਤ ਨੂੰ ਕਈ ਵਾਰੀ ਪਲਪੀਟੇਸ਼ਨ ਵਧ ਜਾਂਦੀ ਐ ਤੇ ਤਰੇਲੀਆਂ ਆਉਣ ਲਗ ਜਾਂਦੀਐਂ।  ਕਈ ਕਈ ਗੋਲੀਆਂ ਖਾ ਕੇ ਵੀ ਨੀਂਦ ਨਹੀਂ ਆਉਂਦੀ।  ਮੈਨੂੰ ਪੱਕਾ ਸ਼ੱਕ ਐ ਬਈ ਕਿਧਰੇ ਕੋਈ ਬਰੇਨ ਟਿਊਮਰ ਵਗੈਰਾ ਨਾ ਹੋਵੇ।''
ਗੁਰਨੇਕ ਦੀ ਆਵਾਜ਼ ਜਿਵੇਂ ਕਿਸੇ ਖੂਹ ਵਿਚੋਂ ਆ ਰਹੀ ਹੋਵੇ।  ਚਰਨਜੀਤ ਨੇ  ਫਿਕਰ ਕਰਦਿਆਂ ਤਸੱਲੀ ਦੇਣੀ ਚਾਹੀ-
''ਲੈ ਐਂ ਕਿਵੇਂ ਤੁਸੀਂ ਸਿੱਧਾ ਈ ਬਰੇਨ ਟਿਊਮਰ ਬਾਰੇ ਸੋਚ ਲਿਆ?  ਸਿਰ ਦੁਖਣ ਦੇ ਹੋਰ ਵੀ ਤਾਂ ਕਈ ਕਾਰਨ ਹੋ ਸਕਦੈ ਐ?''
''ਭਾਅ ਜੀ।  ਐਸੀ ਕੋਈ ਗੱਲ ਨਈਂ।  ਤੁਸੀਂ ਸ੍ਹਾਡੇ ਨਾਲ ਚੱਲੋ ਲੁਧਿਆਨੇ।  ਅਸੀਂ ਸਕੈਨ ਕਰਵਾ ਕੇ ਸਭ ਕਨਫਰਮ ਕਰਵਾ ਲਵਾਂਗੇ।  ਤੁਸੀਂ ਫਿਕਰ ਨਾ ਕਰੋ।  ਕਿਉਂ ਚਰਨ ਜੀ ਮੈਂ ਠੀਕ ਕਹਿ ਰਈ ਆਂ ਨਾਂ?'' ਪਰ ਉਹਨਾਂ ਦੀਆਂ ਗੱਲਾਂ ਦਾ ਗੁਰਨੇਕ ਤੇ ਜਿਵੇਂ ਉੱਕਾ ਈ ਕੋਈ ਅਸਰ ਨਾ ਹੋ ਰਿਹਾ ਹੋਵੇ।
"ਤੁਹਾਨੂੰ ਨਹੀਂ ਪਤਾ।'' ਗੁਰਨੇਕ ਦੀ ਆਵਾਜ਼ ਅੱਗੇ ਨਾਲੋਂ ਥੋੜੀ ਉੱਚੀ ਹੋ ਗਈ-
''ਇਹ ਤਾਂ ਮੈਂ ਈ ਜਾਣਦੈਂ ਬਈ ਇਹ ਕਿੰਨੀ ਨਾਮੁਰਾਦ ਤੇ ਸੀਰੀਅਸ ਬਿਮਾਰੀ ਐ।'' ਆਪਣੇ ਸਿਰ ਦੇ ਸੱਜੇ ਪਾਸੇ ਉਂਗਲ ਲਾ ਕੇ ਦਸਦਿਆਂ ਉਸ ਨੇ ਕਿਹਾ-
''ਐਥੇ ਅੰਦਰ ਜਿਵੇਂ ਕੋਈ ਗੰਢ ਜਿਹੀ ਮੈਨੂੰ ਮਹਿਸੂਸ ਹੁੰਦੀ ਐ ਜਿਥੋਂ ਪੀੜ ਸ਼ੁਰੂ ਹੋ ਕੇ ਸਾਰੇ ਦਿਮਾਗ਼ ਵਿਚ ਫੈਲ ਜਾਂਦੀ ਐ।''
ਬਸੰਤ ਨਿੱਕੀ ਨੂੰ ਗੋਦੀ ਚੱਕੀ ਖੜ੍ਹੀ ਆਪਣੀਆਂ ਅੱਖਾਂ ਪੂੰਝਣ ਲੱਗ ਪਈ।
"ਵੱਡੇ ਬਾਈ ਜੀ ਬਿਨਾਂ ਚੈੱਕ-ਅਪ ਤੇ ਟੈਸਟ ਦੇ ਕਿਸੇ ਵੀ ਨਤੀਜੇ 'ਤੇ ਪਹੁੰਚਣਾ ਠੀਕ ਨਹੀਂ।  ਤੁਸੀਂ...।''
"ਪਹਿਲਾਂ ਤੂੰ ਮੇਰੀ ਗੱਲ ਸੁਣ ਲੈ।'' ਗੁਰਨੇਕ ਨੇ ਆਪਣਾ ਸੱਜਾ ਹੱਥ ਅਗੇ ਕਰਦਿਆਂ ਕਿਹਾ, ''ਚੈੱਕ-ਅਪ ਤੇ ਟੈਸਟ ਵੀ ਕਰਵਾ ਲਿਓ ਬੇਸ਼ਕ ਤੁਸੀਂ ਆਪਣੀ ਤਸੱਲੀ ਵਾਸਤੇ ਪਰ ਨਿਕਲੂਗਾ ਟਿਊਮਰ ਈ।  ਮੈਨੂੰ ਚੰਗੀ ਤਰ੍ਹਾਂ ਪਤੈ।  ਮੈਨੂੰ ਐਵੇਂ ਤਾਂ ਨੀ ਮਹਿਸੂਸ ਹੁੰਦਾ।  ਤੁਸੀਂ ਮੰਨੋ ਮੇਰੀ ਗੱਲ।  ਜਦੋਂ ਮੈਂ ਕਹਿਨੈ ਬਈ ਟਿਊਮਰ ਐ ਤੇ ਇਹਦਾ ਕੋਈ ਇਲਾਜ ਨਹੀਂ।  ਮੈਨੂੰ ਲਗਦੈ ਬਈ ਆਪਣੇ ਮੁਲਕ 'ਚ ਤਾਂ ਹੈ ਨੀ।  ਬੱਸ ਹੁਣ ਤਾਂ...।''
ਚਰਨਜੀਤ ਤੇ ਅੰਜਲੀ ਦੋਵੇਂ ਹੈਰਾਨ ਸਨ।  ਉਹਨਾਂ ਨੇ ਗੁਰਨੇਕ ਨੂੰ ਅਗਲੇ ਹੀ ਦਿਨ ਸਵੇਰੇ ਆਪਣੇ ਨਾਲ ਲੁਧਿਆਣੇ ਜਾਣ ਲਈ ਮਨਾ ਲਿਆ।  ਚਰਨਜੀਤ ਰਾਤ ਨੂੰ ਹੀ ਜਾ ਕੇ ਟੈਕਸੀ ਕਿਰਾਏ 'ਤੇ ਪੱਕੀ ਕਰ ਆਇਆ ਤੇ ਅਗਲੇ ਦਿਨ ਉਹ ਵੱਡੇ ਤੜਕੇ ਚੱਲ ਕੇ ਦਿਨ ਚੜ੍ਹਨ ਪਿੱਛੋਂ ਲੁਧਿਆਣੇ ਹਸਪਤਾਲ ਪਹੁੰਚ ਗਏ।  ਚਰਨਜੀਤ ਨੇ ਭੱਜ-ਨੱਸ ਕਰਕੇ ਨਿਊਰੋਲੌਜੀ ਡੀਪਾਰਟਮੈਂਟ ਵਿਚ ਸਭ ਤੋਂ ਸੀਨੀਅਰ ਡਾਕਟਰ ਚੋਪੜਾ ਨਾਲ ਗੱਲ ਕੀਤੀ ਅਤੇ ਉਸ ਨੂੰ ਆਪ ਚੈੱਕ-ਅਪ ਕਰਨ ਲਈ ਬੇਨਤੀ ਕੀਤੀ।  ਸਾਰਾ ਦਿਨ ਕਈ ਟੈਸਟ ਕੀਤੇ ਗਏ।  ਚਰਨਜੀਤ ਤੇ ਅੰਜਲੀ ਦੋਹਾਂ ਨੇ ਸਾਰਾ ਦਿਨ ਪੂਰੀ ਭੱਜ-ਨੱਸ ਕਰਕੇ ਜਿੰਨੀ ਛੇਤੀ ਹੋ ਸਕਿਆ ਰਿਪੋਰਟਾਂ ਇਕੱਠੀਆਂ ਕੀਤੀਆਂ।  ਸ਼ਾਮ ਨੂੰ ਪੰਜ ਕੁ ਵਜੇ ਡਾਕਟਰ ਨੇ ਸਾਰੀਆਂ ਰਿਪੋਰਟਾਂ ਕੋਈ ਅੱਧਾ ਘੰਟਾ ਲਾ ਕੇ ਦੇਖੀਆਂ ਅਤੇ ਗੁਰਨੇਕ ਨਾਲ ਵੀ ਚੰਗੀ ਤਰਾਂ ਗੱਲ ਬਾਤ ਕਰਕੇ ਪੁੱਛ-ਗਿੱਛ ਕੀਤੀ।  ਅਖੀਰ ਉਹਨੇ ਚਰਨਜੀਤ ਨੂੰ ਆਪਣੇ ਕਮਰੇ ਵਿਚ ਲਿਜਾ ਕੇ ਦੱਸਿਆ-
''ਡਾਕਟਰ ਚਰਨਜੀਤ ਆਈ ਥਿੰਕ ਹਿਜ਼ ਬਰੇਨ ਇਜ਼ ਓ.ਕੇ.।  ਦਿਮਾਗ਼ੀ ਨੁਕਸ ਕੋਈ ਨਈਂ।  ਹਾਂ ਇਹ ਹੋ ਸਕਦੈ ਕਿ ਇਕ ਐਕਸਟਰੀਮ ਕੇਸ ਔਫ ਹਿਲੁਸੀਨੇਸ਼ਨਜ਼ ਹੋਵੇ।  ਤੁਸੀਂ ਸਾਈਕੈਟਰੀ ਵਿਚ ਡਾਕਟਰ ਨਟਰਾਜਨ ਨੂੰ ਮਿਲ ਲਵੋ।  ਪਿਛਲੇ ਮਹੀਨੇ ਹੀ ਇਕ ਅਜਿਹਾ ਹੀ ਕੇਸ ਅਸੀਂ ਡਾਕਟਰ ਨਟਰਾਜਨ ਨੂੰ ਰੈਫਰ ਕੀਤਾ ਸੀ ਜਿਹੜਾ ਉਸਨੇ ਰੀਕਨਫਰਮ ਵੀ ਕਰ ਦਿੱਤਾ ਸੀ।  ਸੋ ਹੋ ਸਕਦੈ ਕਿ ਇਹ ਸਾਇਕਿਕ ਕੇਸ ਹੋਵੇ।  
ਚਰਨਜੀਤ ਤੇ ਅੰਜਲੀ ਡਾਕਟਰ ਚੋਪੜਾ ਦਾ ਧੰਨਵਾਦ ਕਰਕੇ ਬਾਹਰ ਗੁਰਨੇਕ ਕੋਲ ਆਏ।
''ਲਓ ਵੱਡੇ ਬਾਈ ਜੀ ਸਭ ਕਲੀਅਰ ਹੋ ਗਿਆ।  ਕੋਈ ਬਰੇਨ ਪਰੋਬਲਮ ਨਹੀਂ।  ਪਰ ਡਾਕਟਰ ਦੀ ਸਲਾਹ ਐ ਕਿ ਆਪਾਂ ਸਾਇਕੈਟਰੀ ਵਿਚ ਚੈੱਕ ਕਰਵਾ ਲਈਏ।''
ਗੁਰਨੇਕ ਦਾ ਦਿਮਾਗ਼ ਤੇਜ਼ੀ ਨਾਲ ਕੰਮ ਕਰਨ ਲੱਗਾ।  ਉਸ ਨੂੰ ਲੱਗਾ ਕਿ ਜੇ ਸਾਇਕੈਟਰੀ ਵਿਚ ਉਸ ਨੂੰ ਬੇਹੋਸ਼ ਕਰਕੇ ਉਸ ਦੇ ਵਿਚਾਰਾਂ ਦੀ ਮਨੋਵਿਗਿਆਨਕ ਢੰਗ ਨਾਲ ਜਾਂਚ ਕੀਤੀ ਗਈ ਤਾਂ ਦਿਮਾਗ਼ ਵਿਚ ਕਿਸੇ ਖੂੰਜੇ ਸਾਂਭ ਕੇ ਰੱਖੀਆਂ ਕੁਝ ਗੱਲਾਂ ਜੇ ਬਾਹਰ ਆ ਗਈਆਂ ਤਾਂ ਜਾਹ ਜਾਂਦੀ ਹੋ-ਜੂ।
''ਓ ਨਹੀਂ ਚਰਨੀ।  ਤੂੰ ਜਿੰਨੇ ਵਾਰੀ ਵੀ ਮੇਰਾ ਚੈੱਕ-ਅਪ ਕਰਵਾਇਐ, ਬਿਮਾਰੀ ਕੋਈ ਹੋਰ ਹੁੰਦੀ ਐ ਡਾਕਟਰ ਕੁਸ਼ ਹੋਰ ਦਸਦੇ ਐ।  ਅਖੀਰ ਮੇਰਾ ਸ਼ੱਕ ਈ ਠੀਕ ਨਿਕਲਦੈ।  ਜਦੋਂ ਮੈਂ ਕਹਿਨੈ ਬਈ ਮੇਰੇ ਦਿਮਾਗ਼ 'ਚ ਟਿਊਮਰ ਐ ਤਾਂ ਇਹ ਥੋਡੇ ਟੈਸਟ ਤਾਂ ਫੋਕੇ ਈ ਹੋਏ ਨਾ?'' ਉਹਨੇ ਮੈਂ 'ਤੇ ਜ਼ੋਰ ਦਿੰਦਿਆਂ ਕਿਹਾ।
''ਨਹੀਂ ਬਾਈ ਜੀ ਡਾਕਟਰ ਚੋਪੜਾ ਤਾਂ ਬੜੇ ਸੀਨੀਅਰ ਅਤੇ ਮੰਨੇ ਹੋਏ ਡਾਕਟਰ ਨੇ।  ਉਹ ਕਈ ਸਾਲ ਇੰਗਲੈਂਡ ਵੀ ਲਾ ਕੇ ਆਏ ਐ ਤੇ ਦੁਨੀਆਂ ਭਰ ਦੇ ਮੈਡੀਕਲ ਮੈਗਜ਼ੀਨਾਂ ਵਿਚ ਉਹਨਾਂ ਦੇ ਰੀਸਰਚ ਆਰਟੀਕਲ ਵੀ ਛਪਦੇ ਰਹਿੰਦੇ ਐ।  ਨਾਲੇ ਫੇਰ ਤੁਹਾਡੇ ਸਾਰੇ ਟੈਸਟ ਤੇ ਈ.ਈ.ਜੀ. ਵੀ ਬਿਲਕੁਲ ਠੀਕ ਨੇ।''
"ਓ ਯਾਰ ਉਹ ਈ.ਈ.ਜੀ. ਵਾਲੀ ਮਸ਼ੀਨ, ਪਹਿਲਾਂ ਤਾਂ ਡਾਕਟਰ ਤੋਂ ਦੋ ਵਾਰੀ ਚੱਜ ਨਾਲ ਚਾਲੂ ਈ ਨੀ ਸੀ ਹੋਈ।  ਜਦੋਂ ਚੱਲੀ ਹੋਊ, ਓਦੋਂ ਵੀ ਚੱਲ ਕੇ ਕੀ ਸੁਆਹ ਰਿਜ਼ਲਟ ਦਿੱਤੇ ਹੋਣਗੇ।  ਜਰ ਖਾਧੀਆਂ ਮਸ਼ੀਨਾਂ ਰੱਖੀਂ ਬੈਠੇ ਐ।''
ਚਲੋ ਹੁਣ ਆਪਾਂ ਡਾਕਟਰ ਨਟਰਾਜਨ ਤੋਂ ਇਕ ਵਾਰੀ ਆਪਣਾ ਸ਼ੱਕ ਦੂਰ ਕਰ ਲੈਨੇ ਆਂ।  ਉਹਨਾਂ ਦਾ ਡੀਪਾਰਟਮੈਂਟ ਨਾਲ ਤਾਂ ਹੈ।  ਮੈਨੂੰ ਪਤੈ ਉਹ ਲੇਟ ਬੈਠਦੇ ਹਨ।  ਆਪਾਂ ਹੁਣੇ...।''
"ਨਹੀਂ, ਨਹੀਂ।  ਤੂੰ ਰਹਿਣ ਦੇ।  ਤੇਰੇ ਡਾਕਟਰ ਚੋਪੜਾ ਨੇ ਐਨਾ ਸੀਰੀਅਸ ਅਪਰੇਸ਼ਨ ਕਰਨ ਦੇ ਮਾਰੇ ਨੇ ਆਪਾਂ ਨੂੰ ਕਿਸੇ ਹੋਰ ਪਾਸੇ ਤੋਰਨ ਦੀ ਕੋਸ਼ਿਸ਼ ਕੀਤੀ ਐ।  ਮੈਨੂੰ ਸਭ ਪਤੈ।  ਮੇਰੀ ਤਾਂ ਹੋ-ਗੀ ਤਸੱਲੀ।  ਮੈਂ ਅਜੇ ਵੀ ਕਹਿਨੈ ਬਈ...।''
''ਚਲੋ ਫੇਰ ਤੁਸੀਂ ਆਪ ਈ ਦੱਸੋ ਕਿ ਕੀ ਕੀਤਾ ਜਾਵੇ?''
''ਕਰਨਾ ਕਰੌਣਾ ਕੀ ਐ ਤੁਸੀਂ ਮੈਨੂੰ ਅਗਲੀ ਗੱਡੀ ਚੜ੍ਹਾ ਦਿਓ।  ਤੁਸੀਂ ਕਿਉਂ ਆਪਣਾ ਟਾਈਮ ਖਰਾਬ ਕਰੀ ਜਾਨੇ ਓਂ ਨਾਲੇ ਮੇਰਾ?''
''ਭਾਅ ਜੀ ਹੁਣ ਤੁਸੀਂ ਆਏ ਈ ਓ ਤਾਂ ਸਾਡੇ ਕੋਲ ਰਹੋ ਦੋ ਚਾਰ ਦਿਨ।  ਤੁਹਾਡੀ ਚੇਂਜ ਹੋ ਜਾਏਗੀ।  ਅਸੀਂ ਫੇਰ ਤਾਂ ਅਹਿਮਦਾਬਾਦ ਚਲੇ ਹੀ ਜਾਨਾ ਹੈ।'' ਅੰਜਲੀ ਨੇ ਮਿੰਨਤ ਜਿਹੀ ਨਾਲ ਕਿਹਾ।
"ਨਹੀਂ ਭਾਈ ਤੁਸੀਂ ਅਹਿਮਦਾਬਾਦ ਜਾਣ ਦੀ ਤਿਆਰੀ ਕਰੋ ਤੇ ਮੈਨੂੰ ਏਥੋਂ ਕੋਈ ਰਿਕਸ਼ਾ ਰੁਕਸ਼ਾ ਲੈ ਦਿਓ, ਮੈਂ ਆਪੇ ਚਲਾ ਜਾਊਂਗਾ।''
ਚਰਨਜੀਤ ਤੇ ਅੰਜਲੀ ਨੂੰ, ਗੁਰਨੇਕ ਦਾ ਅਚਾਨਕ ਇਉਂ ਉੱਖੜ-ਉੱਖੜ ਕੇ ਗੱਲਾਂ ਕਰਨ ਦਾ ਕਾਰਨ ਸਮਝ ਨਹੀਂ ਸੀ ਆ ਰਿਹਾ।  ਅਸਲ ਵਿਚ ਗੁਰਨੇਕ ਨਹੀਂ ਸੀ ਚਾਹੁੰਦਾ ਕਿ ਮਨੋਵਿਗਿਆਨਕ ਡਿਪਾਰਟਮੈਂਟ ਵਿਚ ਕੋਈ ਵੀ ਡਾਕਟਰ ਉਸ ਨਾਲ ਗੱਲ ਵੀ ਕਰੇ।  ਉਹ ਇਸ ਲਈ ਓਥੋਂ ਜਾਣ ਲਈ ਕਾਹਲਾ ਸੀ।
"ਚਲੋ ਠੀਕ ਐ।  ਪਹਿਲਾਂ ਆਪਾਂ ਘਰੇ ਚਲਦੇ ਐਂ।  ਤੁਸੀਂ ਚਾਹ-ਪਾਣੀ ਪੀ ਲਓ ਫੇਰ ਮੈਂ ਤੁਹਾਨੂੰ ਛੱਡ ਆਵਾਂਗਾ।'' ਚਰਨਜੀਤ ਨੇ ਕਿਹਾ।
ਘਰ ਪਹੁੰਚ ਕੇ ਦੋਹਾਂ ਨੇ ਸਲਾਹ ਕਰਕੇ ਗੁਰਨੇਕ ਨੂੰ ਪੰਜ ਸੌ ਰੁਪਿਆ ਦਿੰਦਿਆਂ ਕਿਹਾ, ''ਆਹ ਲਓ ਵੱਡੇ ਬਾਈ ਜੀ, ਜੇ ਕਿਧਰੇ ਤੁਹਾਨੂੰ ਹੋਰ ਕਿਧਰੇ ਚੈੱਕ-ਅਪ ਦੀ ਲੋੜ ਪਈ ਤਾਂ...।''
''ਨਹੀਂ-ਇਹਦੀ ਕੀ ਲੋੜ ਸੀ?'' ਕਹਿੰਦਿਆਂ ਗੁਰਨੇਕ ਨੇ ਪੈਸੇ ਫੜਕੇ ਜੇਬ ਵਿਚ ਪਾ ਲਏ।  ਗੁਰਨੇਕ ਦੇ ਮਨ ਨੂੰ ਥੋੜੀ ਤਸੱਲੀ ਹੋਈ।  ਥੋੜੇ ਚਿਰ ਪਿੱਛੋਂ ਅੰਜਲੀ ਚਾਹ ਬਣਾ ਕੇ ਲੈ ਆਈ।  ਜਦੋਂ ਉਹ ਚਾਹ ਪੀ ਰਹੇ ਸਨ ਤਾਂ ਚਰਨਜੀਤ ਨੇ ਬੜੇ ਪਿਆਰ ਨਾਲ ਗੁਰਨੇਕ ਵੱਲ ਦੇਖਦਿਆਂ ਕਿਹਾ, ''ਬਾਈ ਜੀ ਮੇਰੀ ਇਕ ਗੱਲ ਮੰਨੋ ਤਾਂ ਤੁਸੀਂ ਅਜ ਦੀ ਰਾਤ ਸਾਡੇ ਕੋਲ ਰੁਕ ਜਾਓ।  ਅਸੀਂ ਅਗਲੇ ਹਫਤੇ ਅਹਿਮਦਾਬਾਦ ਚਲੇ ਜਾਵਾਂਗੇ।  ਪਤਾ ਨਹੀਂ ਫੇਰ ਕਦੋਂ ਮਿਲੀਏ।  ਨਾਲੇ ਹੁਣ ਹਨੇਰਾ ਵੀ ਤਾਂ ਬਹੁਤ ਹੋ ਗਿਐ।  ਕਿੱਥੇ ਗੱਡੀਆਂ ਬੱਸਾਂ ਦੇ ਬੇਆਰਾਮੀ ਵਿਚ ਪਰੇਸ਼ਾਨ ਹੋਓਗੇ।  ਕੱਲ ਸਵੇਰੇ ਸਵੇਰੇ ਚਲੇ ਜਾਣਾ।''
''ਮੈਂ ਤਾਂ ਕੱਲ੍ਹ ਸਵੇਰੇ ਸਕੂਲ ਹਾਜ਼ਰ ਹੋਣੈ।  ਜੇ ਮੈਂ ਰਹਿ ਵੀ ਪਿਆ ਤਾਂ ਰਾਤ ਨੂੰ ਮੈਂ ਆਪ ਤਾਂ ਔਖਾ ਹੋਊਂਗਾ ਈ, ਥੋਨੂੰ ਵੀ ਔਖਾ ਕਰੂੰਗਾ।  ਤੂੰ ਮੈਨੂੰ ਜਾਣ ਈ ਦੇ।''
ਰਾਤ ਨੂੰ ਔਖਾ ਹੋਣ ਵਾਲੀ ਗੱਲ ਨੇ ਚਰਨਜੀਤ ਨੂੰ ਹੋਰ ਪਰੇਸ਼ਾਨ ਕੀਤਾ।  ''ਨਹੀਂ, ਨਹੀਂ, ਹੁਣ ਤਾਂ ਮੈਂ ਥੋਨੂੰ ਅੱਜ ਜਾਣ ਈ ਨੀ ਦੇਣਾ।  ਜੇ ਰਾਹ 'ਚ ਕੋਈ ਪਰੋਬਲਮ ਹੋ ਗਈ ਤਾਂ ਬੇਬੇ ਬਾਪੂ ਜੀ ਨੂੰ ਮੈਂ ਕੀ ਜਵਾਬ ਦੇਊਂ? ਹੁਣ ਤਾਂ ਭਾਵੇਂ ਤੁਸੀਂ  ਰਾਜ਼ੀ ਰਹੋ ਭਾਵੇਂ ਗੁੱਸੇ ਅਜ ਰਾਤ ਤਾਂ ਰਹਿਣਾ ਈ ਪਊ।''
''ਚਲ ਫੇਰ ਜੇ ਤੂੰ ਨਹੀਂ ਮੰਨਦਾ ਤਾਂ ਤੇਰੀ ਮਰਜੀ।''
ਰਾਤ ਦੀ ਰੋਟੀ ਖਾਣ ਪਿੱਛੋਂ ਚਰਨਜੀਤ ਤੇ ਅੰਜਲੀ ਨੇ ਵੱਡੇ ਕਮਰੇ ਵਿਚ ਸੌਣ ਲਈ ਗੁਰਨੇਕ ਦਾ ਬਿਸਤਰਾ ਲਾਇਆ।  ਗੁਰਨੇਕ ਨੇ ਜੇਬ ਵਿਚੋਂ ਗੋਲੀਆਂ ਦੇ ਇਕ ਦੋ ਪੱਤੇ ਕੱਢ ਕੇ ਨਾਲ ਪਏ ਛੋਟੇ ਮੇਜ਼ ਤੇ ਰੱਖ ਲਏ।  ਚਰਨਜੀਤ ਨੇ ਜਦੋਂ ਦੁਆਈਆਂ ਦੇ ਨਾਂ ਪੜ੍ਹੇ ਤਾਂ ਉਹ ਸੌਣ ਦੀਆਂ ਅਤੇ ਬੀ.ਕੰਮਪਲੈਕਸ ਦੀਆਂ ਗੋਲੀਆਂ ਸਨ।  ਉਹਨਾਂ ਨੇ ਰਾਤ ਨੂੰ ਪੀਣ ਲਈ ਗੁਰਨੇਕ ਦੇ ਸਰਹਾਣੇ ਪਾਣੀ ਵੀ ਰੱਖ ਦਿੱਤਾ।
ਅਜੇ ਕੋਈ ਘੰਟਾ ਡੇਢ ਕੁ ਹੀ ਹੋਇਆ ਹੋਵੇਗਾ ਜਦੋਂ ਅੰਜਲੀ ਨੂੰ ਨਾਲ ਦੇ ਕਮਰੇ ਵਿਚੋਂ ਗੁਰਨੇਕ ਦੀ ਹੂੰਗਰ ਸੁਣਾਈ ਦਿੱਤੀ।  ਉਹਨੇ ਹਲੂਣ ਕੇ ਚਰਨਜੀਤ ਨੂੰ ਜਗਾਇਆ।  ਜਦੋਂ ਦੋਹਾਂ ਨੇ ਜਾ ਕੇ ਵੱਡੇ ਕਮਰੇ ਦੀ ਬੱਤੀ ਜਗਾਈ ਤਾਂ ਗੁਰਨੇਕ ਮੰਜੇ 'ਤੇ ਬੈਠਾ ਸਿਰ ਫੜੀ ਹਾਏ-ਹਾਏ ਕਰੀ ਜਾਂਦਾ ਸੀ।
''ਕੀ ਗੱਲ ਬਾਈ ਜੀ ਸਿਰ ਦੁਖਦੈ?''
''ਹੂੰ।'' ਗੁਰਨੇਕ ਨੇ ਸੱਜੇ ਹੱਥ ਦੀ ਉਂਗਲ ਨਾਲ ਸਿਰ ਦੇ ਸੱਜੇ ਪਾਸੇ ਵੱਲ ਇਸ਼ਾਰਾ ਕੀਤਾ।
''ਆਈ ਥਿੰਕ ਵੀ ਸ਼ੁਡ ਸੈਡੇਟ ਹਿਮ।'' ਅੰਜਲੀ ਨੇ ਕਿਹਾ।
''ਬਾਈ ਜੀ ਤੁਸੀਂ ਕੋਈ ਗੋਲੀ ਇਹਨਾਂ ਗੋਲੀਆਂ ਵਿਚੋਂ ਖਾਧੀ ਸੀ?''
''ਹਾਂ।  ਆਹ ਇਕ ਖਾਧੀ ਸੀ।''
''ਇਹ ਤਾਂ ਮਾਈਲਡ ਟਰੈਂਕੁਲਾਈਜ਼ਰ ਐ।''
ਚਰਨਜੀਤ ਨੇ ਦੂਜੇ ਕਮਰੇ ਵਿਚੋਂ ਇਕ ਗੋਲੀ ਲਿਆ ਕੇ ਦਿੱਤੀ।
''ਲਓ ਆਹ ਖਾ ਲਓ ਪਾਣੀ ਨਾਲ।''
ਗੁਰਨੇਕ ਨੇ ਗੋਲੀ ਫੜ ਕੇ ਜੇਬ ਵਿਚ ਪਾ ਲਈ।
''ਤੁਸੀਂ ਹੁਣੇ ਖਾ ਲਓ ਇਹ ਗੋਲੀ।  ਇਹਦੇ ਨਾਲ ਨੀਂਦ ਚੰਗੀ ਆਊਗੀ ਤੇ ਸਵੇਰ ਤਕ ਸਿਰ ਦਰਦ ਵੀ ਠੀਕ ਹੋ ਜਾਏਗਾ।''
''ਕੋਈ ਨੀ ਮੈਂ ਠਹਿਰ ਕੇ ਖਾ ਲੈਨੈ।''
ਚਰਨਜੀਤ ਗੁਰਨੇਕ ਦਾ ਸਿਰ ਘੁੱਟਣ ਲੱਗ ਪਿਆ।  ਥੋੜੇ ਚਿਰ ਪਿੱਛੋਂ ਗੁਰਨੇਕ ਨੇ ਹੂੰਗਰ ਜਿਹੀ ਮਾਰਦਿਆਂ ਕਿਹਾ ਕਿ ਅਗੇ ਨਾਲੋਂ ਆਰਾਮ ਹੈ।
''ਤੁਸੀਂ ਜਾਓ ਸੌਂ ਜਾਓ।  ਮੈਂ ਵੀ ਗੋਲੀ ਖਾ ਕੇ ਸੌਣ ਦੀ ਕੋਸ਼ਿਸ਼ ਕਰਦੈਂ।''
ਗੁਰਨੇਕ ਨੇ ਗੋਲੀ ਨਹੀਂ ਖਾਧੀ।  ਨਾ ਹੀ ਉਸ ਨੂੰ ਲੋੜ ਸੀ।  ਉਹ ਬੱਤੀ ਬੁਝਾ ਕੇ ਜਦੋਂ ਪਾਸਾ ਲੈ ਕੇ ਲੇਟਿਆ ਤਾਂ ਉਹਦੇ ਚਿਹਰੇ 'ਤੇ ਮੁਸਕਰਾਹਟ ਸੀ।  ਪਹਿਲੀ ਗੋਲੀ ਦੇ ਹਲਕੇ ਹਲਕੇ ਅਸਰ ਨਾਲ ਅੱਖਾਂ ਭਾਰੀ ਹੋ ਰਹੀਆਂ ਸਨ ਅਤੇ ਮਿੱਠੀ ਮਿੱਠੀ ਨੀਂਦ ਆ ਰਹੀ ਸੀ।
ਅਗਲੇ ਦਿਨ ਸਵੇਰੇ ਉੱਠ ਕੇ ਨਹਾਉਣ ਧੋਣ ਪਿੱਛੋਂ ਚਾਹ ਪਾਣੀ ਪੀ ਕੇ ਗੁਰਨੇਕ ਨੇ ਕਿਹਾ ਕਿ ਕਿਉਂਕਿ ਉਹਨਾਂ ਦੇ ਹਸਪਤਾਲ ਜਾਣ ਦਾ ਸਮਾਂ ਵੀ ਹੋ ਰਿਹਾ ਸੀ, ਸੋ ਉਹ ਆਪਣੇ ਆਪ ਹੀ ਬੱਸ ਅੱਡੇ ਚਲਾ ਜਾਏਗਾ।  ਉਹਨਾਂ ਨੂੰ ਉਹਦੀ ਗੱਲ ਮੰਨਣੀ ਪਈ।  ਗੁਰਨੇਕ ਨੇ ਬੱਸ ਅੱਡੇ ਤਕ ਰਿਕਸ਼ੇ 'ਤੇ ਬੈਠਿਆਂ ਇਕ ਹੋਰ ਸਕੀਮ ਸੋਚੀ ਕਿ ਕਿਉਂ ਨਾ ਏਥੋਂ ਪਹਿਲਾਂ ਅੰਮ੍ਰਿਤਸਰ ਜਾ ਕੇ ਪਬਲਿਸ਼ਰਾਂ ਨਾਲ ਅਗਲੀ ਕਿਤਾਬ ਬਾਰੇ ਗੱਲ ਕੀਤੀ ਜਾਵੇ ਤੇ ਫੇਰ ਸ਼ਾਮ ਤਕ ਘਰ ਪਹੁੰਚਿਆ ਜਾਵੇ।  ਕੁਝ ਘੰਟਿਆਂ ਪਿੱਛੋਂ ਗੁਰਨੇਕ ਅੰਮ੍ਰਿਤਸਰ ਪਬਲਿਸ਼ਰ ਰਾਮ ਸਰਨ ਦੇ ਸਾਹਮਣੇ ਬੈਠਾ ਸੀ।
"ਲੌ ਜੀ ਕਵੀ ਸਾਹਬ ਤੁਸੀਂ ਤਾਂ ਪਹਿਲੀਆਂ ਦੋ ਕਿਤਾਬਾਂ ਨਾਲ ਈ ਬਹਿ-ਜਾ ਬਹਿ-ਜਾ ਕਰਵਾ 'ਤੀ।  ਸਾਨੂੰ ਅਗਲੀ ਕਿਤਾਬ ਦੱਸੋ ਕਦੋਂ ਦੇ ਰਹੇ ਓਂ? ਮੈਂ ਤੁਹਾਨੂੰ ਇਕ ਹੋਰ ਅੰਦਰਲੀ ਗੱਲ ਦੱਸਣੀ ਚਾਹੁੰਦਾ ਸੀ।  ਉਹ ਇਹ ਕਿ ਅਸੀਂ ਚੰਡੀਗੜ੍ਹ ਮਨਿਸਟਰ ਸਾਹਬ ਤਕ ਪਹੁੰਚ ਬਣਾ ਲਈ ਹੈ।  ਸਾਡੀਆਂ ਛਾਪੀਆਂ ਕਿਤਾਬਾਂ ਮਾਰਕੀਟ 'ਚ ਤਾਂ ਵਿਕਣਗੀਆਂ ਹੀ ਪਰ ਨਾਲ ਦੀ ਨਾਲ ਚੰਗੀਆਂ ਕਿਤਾਬਾਂ ਕੋਰਸਾਂ ਵਿਚ ਟੈਕਸਟ ਬੁੱਕਾਂ ਦੇ ਤੌਰ 'ਤੇ ਵੀ ਅਸੀਂ ਅਪਰੂਵ ਕਰਵਾ ਲਵਾਂਗੇ।  ਉਹ ਕਿਤਾਬਾਂ ਸਾਰੇ ਸਕੂਲਾਂ ਤੇ ਕਾਲਜਾਂ ਦੀਆਂ ਲਾਇਬਰੇਰੀਆਂ ਨੂੰ ਵੀ ਲੈਣੀਆਂ ਪੈਣਗੀਆਂ ਤੇ ਵਿਦਿਆਰਥੀ ਵੀ ਖਰੀਦ ਕੇ ਕੋਰਸਾਂ ਲਈ ਪੜ੍ਹਨਗੇ।  ਸੋ ਜੇ ਤੁਸੀਂ ਇਸ ਮਹੀਨੇ ਦੇ ਅੰਦਰ-ਅੰਦਰ ਸਾਨੂੰ ਕਿਤਾਬ ਦੇ ਸਕਦੇ ਓ ਤਾਂ ਮੈਂ ਤੁਹਾਨੂੰ ਪੰਜ ਹਜ਼ਾਰ ਦਾ ਅਡਵਾਂਸ ਚੈੱਕ ਹੁਣੇ ਕੱਟ ਕੇ ਦੇ ਦਿੰਦਾ ਹਾਂ।''
"ਕਿਤਾਬ ਤਾਂ ਰਾਮ ਸਰਨ ਜੀ ਮੇਰੀ ਤਿਆਰ ਪਈ ਐ।  ਮੈਂ ਤਾਂ ਸਿਰਫ ਤੁਹਾਡੇ ਨਾਲ ਲੈਣ-ਦੇਣ ਦੀ ਗੱਲ ਕਰਨ ਆਇਆ ਸੀ।  ਮੇਰੀ ਇਹ ਕਿਤਾਬ ਟੈਕਸਟ ਬੁੱਕ ਦੇ ਤੌਰ 'ਤੇ ਸੌ ਫੀ ਸਦੀ ਅਪਰੂਵ ਹੋ ਹੀ ਜਾਣੀ ਐ।  ਉਂਜ ਵੀ ਮੇਰੇ ਪਾਠਕ ਤਾਂ ਖਰੀਦ ਕੇ ਪੜ੍ਹਨਗੇ ਈ ਪੜ੍ਹਨਗੇ ਪਰ ਜੇ ਰਾਇਲਟੀ ਦੀ ਗੱਲ ਆਪਾਂ ਹੁਣੇ ਕਰ ਲਈਏ ਤਾਂ ਚੰਗਾ ਹੋਵੇਗਾ। ਅਤੇ ਹਾਂ, ਹੱਕ ਸਾਰੇ ਮੇਰੇ ਰਾਖਵੇਂ ਹੋਣਗੇ।  ਸਤਯੁਗ ਪਬਲਿਸ਼ਰਜ਼ ਦਿੱਲੀ ਤੋਂ ਵੀ ਮੈਨੂੰ ਚਿੱਠੀਆਂ ਆ ਚੁੱਕੀਆਂ ਹਨ।  ਪਰ ਕਿਉਂਕਿ ਤੁਸੀਂ ਮੇਰੀਆਂ ਪਹਿਲੀਆਂ ਕਿਤਾਬਾਂ...।''
ਰਾਮ ਸਰਨ ਸਿਆਣਾ ਬੰਦਾ ਸੀ।  ਪਰ ਸੀ ਪੂਰਾ ਦੁਕਾਨਦਾਰ।  ਉਹਨੇ ਝੱਟ ਵਿਚੋਂ ਗੱਲ ਟੋਕਦਿਆਂ ਕਿਹਾ-
"ਗੁਰਨੇਕ ਜੀ ਕਿਉਂ ਅੱਡ ਹੋਣ ਵਾਲੀਆਂ ਗੱਲਾਂ ਕਰਦੇ ਓ? ਤੁਸੀਂ ਆਹ ਫੜੋ ਪੰਜ ਹਜ਼ਾਰ ਦਾ ਚੈੱਕ ਬਾਕੀ ਤੁਸੀਂ ਫਿਕਰ ਨਾ ਕਰੋ।  ਜਦੋਂ ਕਿਤਾਬ ਛਪ ਜਾਏਗੀ ਆਪਾਂ ਲੈਣ-ਦੇਣ ਕਰ ਲਵਾਂਗੇ।  ਜਿਵੇਂ ਤੁਸੀਂ ਕਹੋਗੇ ਕਰ ਲਵਾਂਗੇ।  ਤੁਸੀਂ ਜਾ ਕੇ ਜਿੰਨੀ ਛੇਤੀ ਹੋ ਸਕੇ ਖਰੜਾ ਭੇਜ ਦੇਣਾ।''
ਚੈੱਕ ਦੇ ਹਿੰਦਸੇ ਦੇਖ ਕੇ ਗੁਰਨੇਕ ਨੇ ਵੀ ਅੱਗੇ ਗੱਲ ਕਰਨੀ ਅਜੇ ਠੀਕ ਨਾ ਸਮਝੀ।  ਗੁਰਨੇਕ ਦਾ ਮਨ ਬਾਘੀਆਂ ਪਾ ਰਿਹਾ ਸੀ।  ਉਹ ਨੂੰ ਸਭ ਪਾਸਿਓਂ ਆਪਣੀਆਂ ਪੰਜੇ ਘਿਓ 'ਚ ਲੱਗ ਰਹੀਆਂ ਸਨ।

***

No comments:

Post a Comment