Saturday 29 May 2010

ਲੋਕੁ ਕਹੈ ਦਰਵੇਸੁ :: ਛੇਵੀਂ ਕਿਸ਼ਤ…

ਲੋਕੁ ਕਹੈ ਦਰਵੇਸੁ :: ਛੇਵੀਂ ਕਿਸ਼ਤ…

ਗੁਰਨੇਕ ਨੂੰ ਅੰਮ੍ਰਿਤਸਰੋਂ ਪਬਲਿਸ਼ਰਾਂ ਵੱਲੋਂ ਦੋ ਚਿੱਠੀਆਂ ਆ ਚੁੱਕੀਆਂ ਸਨ।  ਉਹ ਗੁਰਨੇਕ ਦੀ ਪਹਿਲੀ ਕਿਤਾਬ ਦੀ ਸਫਲਤਾ ਦੇਖ ਕੇ ਅੱਗੋਂ ਲਈ ਉਸ ਦੀਆਂ ਸਾਰੀਆਂ ਕਿਤਾਬਾਂ ਛਾਪਣਾ ਚਾਹੁੰਦੇ ਸਨ।  ਗੁਰਨੇਕ ਦੇ ਜਵਾਬ ਆਏ ਬਿਨਾਂ ਹੀ ਉਹਨਾਂ ਨੇ ਉਸ ਨੂੰ ਹਜ਼ਾਰ ਰੁਪਏ ਦਾ ਮਨੀਆਰਡਰ ਪੇਸ਼ਗੀ ਵਜੋਂ ਭੇਜ ਦਿੱਤਾ ਸੀ।  ਗੁਰਨੇਕ ਵੀ ਸੋਚ ਰਿਹਾ ਸੀ ਕਿ ਕਿਸੇ ਨਾ ਕਿਸੇ ਕੋਲੋਂ ਤਾਂ ਕਿਤਾਬ ਛਪਵਾਉਣੀ ਹੀ ਸੀ, ਚਲੋਂ ਪੁਰਾਣੇ ਪਬਲਿਸ਼ਰਾਂ ਕੋਲੋਂ ਹੀ ਸਹੀ।  ਉਂਜ ਵੀ ਪਬਲਿਸ਼ਰ ਭਲਾ ਬੰਦਾ ਸੀ।  ਉਸ ਨੇ ਚਿੱਠੀ ਵਿਚ ਕਿਤਾਬ ਨੂੰ ਕਿਸੇ ਕੋਰਸ ਲਈ ਮਨਜ਼ੂਰ ਕਰਵਾਉਣ ਬਾਰੇ ਵੀ ਲਿਖਿਆ ਸੀ।  ਉਹਨਾਂ ਦੀ ਐਜੂਕੇਸ਼ਨ ਮਨਿਸਟਰ ਤਕ ਵੀ ਪਹੁੰਚ ਸੀ।
ਗੁਰਨੇਕ ਨੇ ਕਿਤਾਬ ਦੇ ਖਰੜੇ ਨੂੰ ਅਜੇ ਸੋਧਣਾ ਸੀ।  ਕਵਿਤਾਵਾਂ ਛਾਂਟ ਕੇ ਅੱਗੇ ਪਿੱਛੇ ਲਾਉਣੀਆਂ ਸਨ।  ਕਈ, ਇਕ ਪਾਸੇ ਵੀ ਰਖਣੀਆਂ ਸਨ।  ਉਸ ਦੇ ਦਿਮਾਗ ਵਿਚ ਇਕੋ ਗੱਲ ਘੁੰਮ ਰਹੀ ਸੀ ਕਿ ਜੇ ਦੂਜੀ ਕਿਤਾਬ ਕਿਸੇ ਕੋਰਸ ਵਿਚ ਲੱਗਣ ਲਈ ਚੁਣੀ ਜਾਣੀ ਸੀ ਤਾਂ ਉਸ ਦੀਆਂ ਕਵਿਤਾਵਾਂ ਕਿਹੜੇ ਕੋਰਸ ਦੇ ਪੱਧਰ ਦੀਆਂ ਹੋਣੀਆਂ ਜ਼ਰੂਰੀ ਸਨ ਅਤੇ ਉਹਨਾਂ ਦੇ ਵਿਸ਼ੇ ਕੀ ਹੋ ਸਕਦੇ ਸਨ?  ਕਿਹੜੀਆਂ ਸਮਾਜੀ ਸਮੱਸਿਆਵਾਂ ਬਾਰੇ ਹੋਣੀਆਂ ਜ਼ਰੂਰੀ ਸਨ?  ਵਿਦਿਆਰਥੀਆਂ, ਪਾਠਕਾਂ ਅਤੇ ਅਧਿਆਪਕਾਂ 'ਤੇ ਉਹਨਾਂ ਦਾ ਕੀ ਅਸਰ ਹੋਣਾ ਸੀ?  ਕਿਹੜੇ-ਕਿਹੜੇ ਪਰਚਿਆਂ ਵਿਚ ਕਿਹੜੀਆਂ ਕਵਿਤਾਵਾਂ ਛਪੀਆਂ ਸਨ।  ਕਿਹੜੀਆਂ ਕਵਿਤਾਵਾਂ ਬਾਰੇ ਕਿਹੋ ਜਿਹੀਆਂ ਚਿੱਠੀਆਂ ਉਸ ਨੂੰ ਆਈਆਂ ਸਨ ਜਾਂ ਕਿੱਥੇ ਕਿੱਥੇ ਅਤੇ ਕਿਹੜੇ ਅਖ਼ਬਾਰਾਂ ਵਿਚ ਉਹਨਾਂ ਦੀ ਚਰਚਾ ਛਪੀ ਸੀ।
ਗੁਰਨੇਕ ਨੇ ਮਹੀਨੇ ਦੇ ਅੰਦਰ-ਅੰਦਰ ਖਰੜਾ ਤਿਆਰ ਕਰਕੇ ਅੰਮ੍ਰਿਤਸਰ ਭੇਜ ਦਿੱਤਾ।  ਇਸ ਵਾਰ ਕਿਤਾਬ ਬੜੀ ਛੇਤੀ ਛਪ ਜਾਣੀ ਸੀ।  ਅਗਲੇ ਮਹੀਨੇ ਹੀ ਉਸ ਦੇ ਪਰੂਫ ਆ ਗਏ ਸਨ ਅਤੇ ਟਾਈਟਲ ਵੀ।  ਗੁਰਨੇਕ ਨੇ ਪਰੂਫਾਂ ਦੀਆਂ ਗਲਤੀਆਂ ਠੀਕ ਕਰਕੇ ਹਫਤੇ ਪਿੱਛੋਂ ਭੇਜ ਦਿੱਤੀਆਂ।  ਕਿਤਾਬ ਦਾ ਨਾਂ 'ਭੰਬਲਭੂਸੇ' ਰੱਖਿਆ।  ਪਬਲਿਸ਼ਰਾਂ ਨੇ ਮਹੀਨੇ ਕੁ ਪਿੱਛੋਂ ਪੰਜਾਹ ਕਾਪੀਆਂ ਕਿਸੇ ਬੰਦੇ ਦੇ ਹੱਥ ਭਿਜਵਾਈਆਂ।
ਗੁਰਨੇਕ ਨੇ ਮੁਖਤਿਆਰ ਦੀ ਮਦਦ ਨਾਲ ਅਤੇ ਉਹਦੇ ਅਸਰ-ਰਸੂਖ ਨਾਲ ਸਰਕਾਰੀ ਅਦਾਰਿਆਂ ਵਿਚ ਪਹੁੰਚ ਕੀਤੀ।  ਚੰਡੀਗੜ੍ਹ ਦੇ ਕੁਝ ਦਫਤਰਾਂ ਦੇ ਦੋ ਤਿੰਨ ਚੱਕਰ ਕੱਟੇ।  ਆਪਣੀ ਭੂਮਿਕਾ ਬੰਨ੍ਹਣੀ ਉਹ ਪਹਿਲਾਂ ਹੀ ਸਿੱਖ ਚੁੱਕਾ ਸੀ।  ਉਂਜ ਵੀ ਕਈ ਲੋਕਾਂ ਨੇ ਉਹਦੀ ਪਹਿਲੀ ਕਿਤਾਬ ਨੂੰ ਮਿਲੇ ਇਨਾਮ ਕਰਕੇ ਉਸ ਨੂੰ ਪਛਾਨਣ ਵਿਚ ਦੇਰੀ ਨਹੀਂ ਕੀਤੀ।  ਇਕ ਦੋ ਥਾਂਈ ਮੁੱਠੀ ਵੀ ਗਰਮ ਕਰਨੀ ਪਈ ਅਤੇ ਮੁਰਗੇ-ਦਾਰੂ ਵੀ ਚੱਲੇ।  ਸਾਰੀ ਮਿਹਨਤ ਦਾ ਫਲ ਮਿਲਣਾ ਹੀ ਸੀ।  ਆਉਂਦੇ ਸਾਲ ਗੁਰਨੇਕ ਦੀ ਕਿਤਾਬ 'ਭੰਬਲਭੂਸੇ' ਨੂੰ ਸੂਬੇ ਦੀ ਸਰਕਾਰ ਵਲੋਂ ਸਨਮਾਨਿਤ ਕਰਕੇ ਗੁਰਨੇਕ ਨੂੰ 'ਸਰਵੋਤਮ ਕਵੀ' ਦਾ ਪੁਰਸਕਾਰ ਮਿਲ ਗਿਆ।
ਪਿਛਲੇ ਸਾਲ ਨਾਲੋਂ ਇਸ ਸਾਲ ਲਗਭਗ ਸਾਰੇ ਸੂਬੇ ਦੇ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਦੇ ਅਖਬਾਰਾਂ ਨੇ ਗੁਰਨੇਕ ਦੀਆਂ ਫੋਟੋ ਛਾਪੀਆਂ।  ਇੰਟਰਵੀਊ ਲੈਣ ਲਈ ਕਈ ਪਰਚਿਆਂ ਤੇ ਅਖਬਾਰਾਂ ਨੇ ਸਮਾਂ ਮੰਗਿਆ।  ਉਸ ਨਿੱਕੇ ਜਿਹੇ ਸ਼ਹਿਰ ਦੇ ਕੁਝ ਜਵਾਨ ਮੁੰਡਿਆਂ ਨੇ ਇਕੱਠੇ ਹੋ ਕੇ ਇਕ ਸ਼ਾਮ ਜਲਸਾ ਕੀਤਾ ਅਤੇ ਗੁਰਨੇਕ ਨੂੰ ਸਨਮਾਨਿਤ ਕੀਤਾ।  ਸਕੂਲ ਵਿਚ ਕਈ ਫੰਕਸ਼ਨ ਕੀਤੇ ਗਏ।  ਪ੍ਰਿੰਸੀਪਲ ਸਾਹਬ ਨੇ ਇਲਾਕੇ ਦੇ ਸਿਆਸੀ ਲੀਡਰ ਸੱਦ ਕੇ ਜਿਥੇ ਇਕ ਪਾਸੇ ਗੁਰਨੇਕ ਕਵੀ ਨੂੰ ਸਨਮਾਨ ਦੁਆਇਆ ਦੂਜੇ ਪਾਸੇ ਸਕੂਲ ਲਈ ਗਰਾਂਟਾਂ ਦੇ ਗੱਫੇ ਵੀ ਲਏ।
ਸਾਹਿਤਕ ਦੁਨੀਆਂ ਵਿਚ ਲਗਾਤਾਰ ਦੋ ਸਾਲ ਇਨਾਮ ਲੈਣ ਵਾਲੇ 'ਕਵੀ' ਬਾਰੇ ਚਰਚਾ ਛਿੜੀ।  ਜਿੰਨੇ ਮੂੰਹ ਓਨੀਆਂ ਗੱਲਾਂ।  ਕਈ ਹੱਕ ਵਿਚ ਬੋਲ ਰਹੇ ਸਨ ਕਈਆਂ ਨੂੰ ਇਹਨਾਂ ਲਗਾਤਾਰ ਮਿਲੇ ਇਨਾਮਾਂ ਵਿਚੋਂ ਸਾਜ਼ਿਸ਼ ਦੀ ਬੋਅ ਆ ਰਹੀ ਸੀ।  ਕੋਈ ਉਸ ਨੂੰ ਸਾਹਿਤਕ ਸਿਆਸਤ ਦਾ ਨਵਾਂ ਮੋੜ ਗਰਦਾਨ ਰਿਹਾ ਸੀ।
ਗੁਰਨੇਕ ਨੂੰ ਹੁਣ ਕਈ ਪੁਰਾਣੇ ਕਵੀ ਵੀ ਛੋਟੇ ਨਜ਼ਰ ਆਉਂਦੇ।  ਹੁਣ ਉਹ ਪ੍ਰੋਗਰਾਮਾਂ ਦੇ ਪ੍ਰਬੰਧਕਾਂ ਨੂੰ ਪਹਿਲਾਂ ਪੁੱਛਣ ਲੱਗ ਪਿਆ ਸੀ ਕਿ ਉਸ ਪ੍ਰੋਗਰਾਮ 'ਤੇ ਹੋਰ ਕੌਣ-ਕੌਣ ਆ ਰਿਹਾ ਹੈ? ਉਹ ਇਹ ਤਸੱਲੀ ਕਰ ਲੈਣੀ ਚਾਹੁੰਦਾ ਸੀ ਕਿ ਉਸ ਤੋਂ ਪ੍ਰਸਿਧ ਬੰਦਾ ਕੋਈ ਹੋਰ ਉੱਥੇ ਨਾ ਹੋਵੇ।  ਉਹ ਸਟੇਜ 'ਤੇ ਬੋਲਦਿਆਂ ਲੋਕਾਂ ਨਾਲ ਆਪਣੀ ਗਰੀਬੀ ਦੀ ਦਲਦਲ ਵਿਚੋਂ ਉਪਰ ਉੱਠਣ ਲਈ ਜਦੋ-ਜਹਿਦ ਅਤੇ ਆਪਣੀਆਂ ਔਕੜਾਂ ਸਾਂਝੀਆਂ ਕਰਦਾ।  ਬਿਮਾਰੀਆਂ ਦਾ ਜ਼ਿਕਰ ਕਰਨਾ ਕਦੇ ਨਾ ਭੁਲਦਾ।  ਜਦੋਂ ਆਪਣੀਆਂ ਬਿਮਾਰੀਆਂ ਬਾਰੇ ਉਹ ਗੱਲ ਕਰ ਰਿਹਾ ਹੁੰਦਾ ਤਾਂ ਉਹਦਾ ਕੁੱਬ ਨਿਕਲ ਆਉਂਦਾ।  ਲੋਕਾਂ ਨੂੰ ਲਗਦਾ ਕਿ ਜਿਵੇਂ ਸੱਚ-ਮੁੱਚ ਹੀ ਉਹ ਬਿਮਾਰੀਆਂ ਦਾ ਭੰਨਿਆ ਹੋਇਆ ਇਕ ਕਮਜ਼ੋਰ ਜਿਹਾ ਬੰਦਾ ਹੋਵੇ।  ਦੂਜੇ ਪਲ ਜਦੋਂ ਉਹ ਆਪਣੀਆਂ ਇਨਾਮੀ ਕਿਤਾਬਾਂ ਬਾਰੇ ਗੱਲਾਂ ਕਰਦਾ ਤਾਂ ਲਗਦਾ ਜਿਵੇਂ ਸਾਰੇ ਸਮਾਜ ਦੇ ਦਰਦਾਂ ਦੀ ਦਾਰੂ ਉਸ ਦੀਆਂ ਇਨਾਮੀ ਕਵਿਤਾਵਾਂ ਹੀ ਹਨ।  ਉਹ ਆਪਣੀਆਂ ਕਾਵਿ-ਉਡਾਰੀਆਂ ਦੀਆਂ ਗੱਲਾਂ ਕਰਦਿਆਂ ਲੋਕਾਂ ਨੂੰ ਕੀਲਣ ਦੀ ਕੋਸ਼ਿਸ਼ ਕਰਦਾ।
ਉਸ ਦੀਆਂ ਸੋਚਾਂ ਭਵਿੱਖ ਦੇ ਘੋੜੇ 'ਤੇ ਚੜ੍ਹ ਕੇ ਦੂਰ ਆਪਣੀ ਸਫਲਤਾ ਦੀ ਮੰਜ਼ਿਲ ਕਿਆਸਦੀਆਂ ਅਤੇ ਅੱਖ ਦੇ ਪਲਕਾਰੇ ਵਿਚ ਉਸ ਕਾਲਪਨਿਕ ਦੁਨੀਆਂ ਵਿਚ ਪਹੁੰਚ ਜਾਂਦੀਆਂ।  ਉਹ ਆਪਣੇ ਸੁਪਨਿਆਂ ਦੇ ਸੰਸਾਰ ਵਿਚ ਗੁੰਮ ਹੋ ਜਾਂਦਾ।

***

ਫਿਰੋਜ਼ਪੁਰੋਂ ਖ਼ਬਰ ਪਹੁੰਚੀ ਕਿ ਬਸੰਤ ਨੇ ਇਕ ਲੜਕੀ ਨੂੰ ਜਨਮ ਦਿੱਤਾ ਹੈ।  ਗੁਰਨੇਕ ਨੇ ਪਹਿਲੀ ਵਾਰ ਠੇਕੇ ਤੋਂ ਅਧੀਆ ਲਿਆ ਕੇ ਉਸ ਰਾਤ ਦਾਰੂ ਪੀਤੀ।  ਰੋਟੀ ਉਸ ਕੋਲੋਂ ਖਾਧੀ ਨਾ ਗਈ।  ਉਹਦੇ ਸੱਜੇ ਗੁੱਟ ਵਿਚ ਚੀਸਾਂ ਪੈਣ ਲੱਗ ਪਈਆਂ।  ਨਸ਼ੇ ਵਿਚ ਹੀ ਕਦੇ-ਕਦੇ ਸੱਜਾ ਗੁੱਟ ਝਟਕਦਾ ਉਹ ਪਤਾ ਨਹੀਂ ਕਦੋਂ ਸੌਂ ਗਿਆ।  ਸਵੇਰੇ ਧੁੱਪਾਂ ਚੜ੍ਹੀਆਂ ਤੋਂ ਜਦੋਂ ਉਹ ਉੱਠਿਆ ਤਾਂ ਸਿਰ ਵਿਚ ਅੰਤਾਂ ਦਾ ਦਰਦ ਹੋ ਰਿਹਾ ਸੀ।  ਉਸ ਦੀ ਮਾਂ ਕਦੋਂ ਦੀ ਚੁਬਾਰੇ ਦੇ ਬਾਹਰ ਵਰਾਂਡੇ ਵਿਚ ਚਾਹ ਰੱਖ ਕੇ ਚਲੀ ਗਈ ਸੀ।  ਉਹਨੇ ਉੱਠ ਕੇ ਸਾਰੀ ਚਾਹ ਇਕੋ ਵਾਰੀ ਮੂੰਹ ਨੂੰ ਲਾ ਕੇ ਪੀ ਲਈ ਤੇ ਫੇਰ ਮੰਜੇ 'ਤੇ ਜਾ ਕੇ ਲੇਟ ਗਿਆ।  ਉਸ ਦਿਨ ਉਹ ਸਕੂਲ ਵੀ ਨਾ ਗਿਆ।  ਦਿਨੇ ਦਿਆਕੁਰ ਦੀ ਰੱਖੀ ਰੋਟੀ ਚੱਕ ਕੇ ਕਿਵੇਂ ਨਾ ਕਿਵੇਂ ਖਾ ਲਈ।  ਉਸ ਨੂੰ ਪਹਾੜ ਵਰਗਾ ਕੋਈ ਭਾਰ ਆਪਣੇ ਉੱਤੇ ਮਹਿਸੂਸ ਹੋ ਰਿਹਾ ਸੀ।  ਸਾਰਾ ਦਿਨ ਮੰਜੇ ਵਿਚ ਪਿਆ ਉਹ ਸੋਚਦਾ ਰਿਹਾ।  ਆਥਣੇ ਛੋਟੀ ਨਹਿਰ ਵੱਲ ਇਕੱਲਾ ਹੀ ਸੈਰ ਕਰਨ ਨਿਕਲ ਗਿਆ।  ਉਸ ਦੇ ਦਿਮਾਗ਼ ਵਿਚ ਕਈ ਖਿਆਲ ਘੁੰਮ ਰਹੇ ਸਨ।  ਮਨ ਬੇਚੈਨ ਸੀ।  ਨਹਿਰ ਦੇ ਕੰਢੇ ਉਹ ਜਿਥੇ ਥੋੜਾ ਘਾਹ ਉੱਗਿਆ ਹੋਇਆ ਸੀ, ਬੈਠ ਗਿਆ।  ਘਾਹ ਦੀਆਂ ਤਿੜ੍ਹਾਂ ਤੋੜ-ਤੋੜ ਉਹ ਨਹਿਰ ਵਿਚ ਸੁਟਦਾ ਰਿਹਾ।  ਕੁਝ ਚਿਰ ਪਿੱਛੋਂ ਉਹਨੇ 'ਕੁਝ' ਕਰਨ ਦਾ ਫੈਸਲਾ ਕਰ ਲਿਆ।  ਅਖੀਰ ਉਹਦਾ ਮਨ ਟਿਕਾਣੇ ਆਇਆ।  ਘਰ ਵਾਪਸ ਮੁੜਨ ਲਈ ਜਦੋਂ ਉਹ ਉੱਠ ਕੇ ਤੁਰਿਆ ਤਾਂ ਅੱਗੋਂ ਮੁਖਤਿਆਰ ਉਹਨੂੰ ਮੋਟਰ ਸਾਇਕਲ ਤੇ ਆਉਂਦਾ ਮਿਲ ਪਿਆ।
"ਓ ਮਾਰਾਜ ਕਵੀ ਸਾਹਬ ਸਾਡੇ ਕੰਨੀ ਵੀ ਮਿਹਰ ਦੀ ਨਿਗਾ ਕਰ ਲਿਆ ਕਰੋ।  ਠੀਕ ਐ ਤੁਸੀਂ ਹਰ ਸਾਲ ਇਕ ਇਨਾਮ ਲੁੱਟ ਲੈਨੇ ਓ ਪਰ ਸਾਨੂੰ ਨਾ ਕਿਤੇ ਭੁੱਲ ਜਾਇਓ।  ਯਾਰ ਸਦੀਆਂ ਈ ਹੋ-ਗੀਆਂ ਆਪਾਂ ਮਿਲੇ ਈ ਨੀ।  ਚੱਲ ਘਰ ਨੂੰ ਚੱਲੀਏ, ਤੈਨੂੰ ਬੇਬੇ ਬਹੁਤ ਯਾਦ ਕਰਦੀ ਐ।  ਬੈਠ ਪਿੱਛੇ।''
ਮੁਖਤਿਆਰ ਗੁਰਨੇਕ ਨੂੰ ਆਪਣੇ ਘਰ ਲੈ ਆਇਆ।  ਘਰੇ ਉਹਦੀ ਮਾਂ ਗੁਰਨੇਕ ਨੂੰ ਦੇਖ ਕੇ ਬੜੀ ਖੁਸ਼ ਹੋਈ।
''ਲੈ, ਮਾਂ ਸਦਕੇ, ਪੁੱਤ ਤੂੰ ਤਾਂ ਸਾਡਾ ਘਰ ਈ ਦਿੱਲੀ-ਦੱਖਣ ਸਮਝ ਲਿਆ।  ਗੇੜਾ ਈ ਨੀ ਮਾਰਿਆ ਕਦੇ ਤੈਂ!''
''ਬੱਸ ਬੇਬੇ ਜੀ ਕੰਮਾਂ-ਧੰਦਿਆਂ 'ਚ ਵਿਹਲ ਜੀ ਨੀ ਮਿਲੀ।''
ਮੁਖਤਿਆਰ ਦੀ ਬੇਬੇ ਚਾਹ ਧਰਨ ਚਲੀ ਗਈ।
ਮੁਖਤਿਆਰ ਦੇ ਵਿਆਹ ਤੋਂ ਦੂਜੇ ਸਾਲ ਉਹਦੀ ਪਤਨੀ ਪਹਿਲੇ ਜਾਪੇ ਈ ਮਰ ਗਈ ਸੀ।  ਉਹ ਬੜੀ ਸਚਿਆਰੀ ਤੇ ਸੁਨੱਖੀ ਸੀ।  ਮੁਖਤਿਆਰ ਵੀ ਉਸ ਨੂੰ ਬਹੁਤ ਮੋਹ ਕਰਦਾ ਸੀ।  ਉਹਨੇ ਉਹਦਾ ਗਮ ਦਿਲ ਨੂੰ ਲਾ ਲਿਆ ਸੀ ਪਰ ਮੂੰਹੋਂ ਕਦੇ ਇਕ ਸ਼ਬਦ ਵੀ ਨਹੀਂ ਸੀ ਕੱਢਿਆ।  ਜਿਵੇਂ ਉਸ ਦੀਆਂ ਯਾਦਾਂ ਸਣੇ ਸਾਰਾ ਕੁਝ ਉਹ ਆਪਣੇ ਦਿਲ ਵਿਚ ਹੀ ਦੱਬ ਕੇ ਰੱਖਣਾ ਚਾਹੁੰਦਾ ਹੋਵੇ।  ਗੁਰਨੇਕ ਨਾਲ ਉਹਨੇ ਕਦੇ ਵੀ ਉਹਦੇ ਬਾਰੇ ਗੱਲ ਸਾਂਝੀ ਨਹੀਂ ਸੀ ਕੀਤੀ।  ਜੇ ਉਹਦੀ ਮਾਂ ਕਦੇ ਗੱਲ ਛੇੜਦੀ ਤਾਂ ਉਹ ਕੋਈ ਹੋਰ ਗੱਲ ਤੋਰ ਲੈਂਦਾ।  ਮੁਖਤਿਆਰ ਨੇ ਕਦੇ ਵੀ ਦੂਜਾ ਵਿਆਹ ਨਾ ਕਰਾਉਣ ਦਾ ਫੈਸਲਾ ਕਰ ਲਿਆ ਸੀ।  ਆਪਣੀ ਪਤਨੀ ਦੇ ਮਰਨ ਪਿੱਛੋਂ ਆਈਆਂ ਕਾਣਾ-ਮਕਾਣਾਂ ਵਾਲੀਆਂ ਬੁੜ੍ਹੀਆਂ ਨੂੰ ਉਹਨੇ ਵੈਣ ਵੀ ਨਹੀਂ ਸੀ ਪਾਉਣ ਦਿੱਤੇ।  ਜਦੋਂ ਵੀ ਕੋਈ ਬੁੜ੍ਹੀ ਵੈਣ ਪਾਉਣ ਲਗਦੀ ਤਾਂ ਉਹ ਸਖਤੀ ਨਾਲ ਆਖਦਾ, ''ਨਾ ਮਾਸੀ ਇਹ ਕੋਈ ਰਾਹ ਨੀ।  ਘਰ ਮੇਰਾ ਪੱਟਿਆ ਗਿਆ।  ਜੇ ਕੋਈ ਦੁੱਖ ਐ ਤਾਂ ਮੈਨੂੰ ਐ।  ਥੋਨੂੰ ਕਿਸੇ ਨੂੰ ਰੋਣ-ਪਿੱਟਣ ਦੀ ਕੋਈ ਲੋੜ ਨੀ।  ਮੇਰੇ ਘਰੇ ਆ ਕੇ ਕਿਸੇ ਨੂੰ ਰੋਣ ਦੀ ਲੋੜ ਨੀ।  ਬੁੜ੍ਹੀਆਂ ਮੁਖਤਿਆਰ ਦੀਆਂ ਝਿੜਕਾਂ ਤੋਂ ਡਰਦੀਆਂ ਆਪਸ ਵਿਚ ਘੁਸਰ-ਮੁਸਰ ਕਰਦੀਆਂ-
''ਲੈ ਕੁੜੇ- ਕੱਲ ਦਾ ਜੁਆਕ ਸਾਨੂੰ ਮੱਤਾਂ ਦਿੰਦੈ।  ਇਹ ਕੋਈ ਗੱਲ ਐ ਰਾਹ ਸਿਰ ਦੀ?'' ਕੋਈ ਆਖਦੀ।
"ਅਖੇ ਰੋਓ ਵੀ ਨਾ।  ਹੋਰ ਕਾਣਾ-ਮਕਾਣਾਂ ਆਉਂਦੀਆਂ ਕਾਹਦੀ ਖਾਤਰ ਹੁੰਦੀਐਂ? ਹੈਂ- ਇਹ ਮੁੰਡਾ ਤਾਂ ਭਾਈ ਬਾਹਲਾ ਈ ਡਾਢੈ।  ਚੱਲ ਨੀ ਪ੍ਰਸਿੰਨੀਏ, ਉੱਠ ਚਲੀਏ ਆਪਣੇ ਪਿੰਡ ਨੂੰ।  ਜੇ ਏਥੇ ਆਪਾਂ ਨੂੰ ਕੋਈ ਵੈਣ ਈ ਨੀ ਪੌਣ ਦਿੰਦਾ ਤਾਂ ਆਪਾਂ ਲੈਣ ਕੀ ਆਈਐਂ?''
ਮੁਖਤਿਆਰ ਦੇ ਕਈ ਦੂਰ ਦੇ ਰਿਸ਼ਤੇਦਾਰ ਉਸ ਦੀ ਏਸ ਜ਼ਿੱਦ ਤੋਂ ਤੰਗ ਆ ਕੇ ਆਪਣੇ ਪਿੰਡਾਂ ਨੂੰ ਮੁੜ ਗਏ।  ਉਹ ਸੋਚਦੇ ਆਖਰ ਜਵਾਨ-ਜਹਾਨ ਬਹੂ ਦੀ ਮੌਤ ਹੋਈ ਸੀ।  ਏਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਸੀ।  ਦਸਵੇਂ ਦਿਨ ਸਧਾਰਨ ਪਾਠ ਦੇ ਭੋਗ ਵੇਲੇ ਵੀ ਉਸ ਨੇ ਕਿਸੇ ਨੂੰ ਰੋਣ ਨਾ ਦਿੱਤਾ।  ਉਹਦੇ ਸਹੁਰਿਆਂ ਵੱਲੋਂ ਆਏ ਰਿਸ਼ਤੇਦਾਰ ਵੀ ਉਸ ਦੇ ਵਰਤਾਓ ਤੋਂ ਦੁਖੀ ਸਨ।  ਉਹਨਾਂ ਦੀ ਤਾਂ ਜਵਾਨ ਧੀ ਤੁਰ ਗਈ ਸੀ।  ਪਰ ਮੌਕਾ ਬੜਾ ਕਸੂਤਾ ਸੀ।  ਕੋਈ ਬੋਲ-ਬੁਲਾਰਾ ਵੀ ਨਹੀਂ ਸੀ ਕਰਨਾ ਚਾਹੁੰਦਾ।  ਸਾਰੇ ਪਾਸੇ ਗਲ਼-ਘੋਟੂ ਚੁੱਪ ਸੀ।  ਮੁਖਤਿਆਰ ਦੀ ਅੱਖ 'ਚੋਂ ਇਕ ਹਿੰਝ ਵੀ ਨਹੀਂ ਸੀ ਕਿਰੀ।
"ਬਾਈ ਨੇਕ ਸਿਆਂ।  ਗੱਲ ਇਹ ਐ ਬਈ ਸਾਡੀ ਮਾਤਾ ਹੋ-ਗੀ ਬਿਰਧ ਹੁਣ।  ਮੇਰਾ ਕੁਸ਼ ਪਤਾ ਨੀ ਅੰਦਰ ਬਾਹਰ ਆਉਂਦੇ ਜਾਂਦੇ ਦਾ। ਜੇ ਭਲਾ ਮੈਨੂੰ ਕੁਸ਼ ਹੋ ਗਿਆ ਤਾਂ ਸਾਡੀ ਬੇਬੇ ਦੀ ਜੁੰਮੇਵਾਰੀ ਤੇਰੇ ਸਿਰ।''
''ਯਾਰ ਕੇਹੋ-ਜੀਆਂ ਗੱਲਾਂ ਕਰਦੈਂ ਤੂੰ...?''
''ਵੇ ਪੁੱਤ ਇਹ ਤਾਂ ਉੱਘ ਦੀਆਂ ਪਤਾਲ ਮਾਰਦਾ ਰਹਿੰਦੈ।  ਤੂੰ ਹੀ ਦੇ ਕੋਈ ਮੱਤ ਇਹਨੂੰ।  ਜਦੋਂ ਦੀ ਬਹੂ ਮਰੀ ਐ, ਨਿੱਤ ਦਾਰੂ ਪੀ ਕੇ ਘਰੇ ਆ ਵੜਦੈ।  ਨਾ ਮੈਨੂੰ ਉਹਦੀ ਕੋਈ ਗੱਲ ਕਰਨ ਦੇਵੇ।  ਦੂਜਾ ਵਿਆਹ ਕਰਾਉਣ ਨੂੰ, ਤਾਂ ਇਹ ਰਾਜੀ ਨੀ।  ਮੇਰੇ ਹੁਣ ਨੈਣ-ਪਰਾਣ ਖੜ੍ਹਦੇ ਜਾਂਦੇ ਐ।  ਸਮਝ ਨੀ ਔਂਦੀ ਸਾਡੇ ਘਰ ਦਾ ਬਣੂ-ਕੀ? ਲੋਕ ਤਾਂ ਸਾਨੂੰ ਔਂਤਰਿਆਂ ਦਾ ਟੱਬਰ ਈ ਆਖਣਗੇ ਨਾ?''
ਗੁਰਨੇਕ ਨੇ ਸੂਖਮ ਭਾਵਨਾਵਾਂ ਨੂੰ ਸਮਝਦਿਆਂ ਕਿਹਾ, ''ਬੇਬੇ ਜੀ ਥੋਨੂੰ ਕਿਹੜੀ ਗੱਲ ਦਾ ਫਿਕਰ ਐ?  ਇਹਦੇ ਨਾਲ ਮੈਂ ਜੋ ਆਂ।  ਤੁਸੀਂ ਆਪਣਾ ਝੋਰਾ ਲਾਹ ਦਿਓ...।''
''ਵੇ ਪੁੱਤ ਜੇ ਅੱਗੇ ਦੀਂਹਦਾ ਹੋਵੇ ਤਾਂ ਵੀ ਬੰਦਾ ਸਬਰ ਕਰ ਲੇ।  ਫਿਕਰ ਕਿਮੇ ਨਾ ਕਰਾਂ? ਲੋਕਾਂ ਦੇ ਘਰੀਂ ਹੇੜ੍ਹਾਂ ਦੀਆਂ ਹੇੜ੍ਹਾਂ ਨਿਆਣਿਆਂ ਦੀਆਂ ਖੇਡਦੀਆਂ ਫਿਰਦੀਐਂ ਪਰ ਰੱਬ ਨੇ ਪਤਾ ਨੀ ਸਾਡੇ ਘਰ 'ਤੇ ਈ ਕੋਈ ਕਰੋਪੀ ਕੀਤੀ ਵੀ ਐ।  ਇਹਦੀ ਮੱਤ ਵੀ ਪੁੱਠੀ ਪੈ-ਗੀ।  ਰਿਸ਼ਤੇ ਤਾਂ ਹੁਣ ਵੀ ਬਥੇਰੇ ਆਉਂਦੇ ਐ ਪਰ ਇਹ ਮੰਨੇ ਤਾਂ ਐ ਨਾ।  ਘਰ 'ਚ ਕਿਸੇ ਚੀਜ ਦੀ ਕਮੀ ਨੀ, ਸਭ ਕੁਸ਼ ਐ।  ਪਰ ਗਾਹਾਂ ਸਾਂਭਣ ਆਲਾ ਕੋਈ ਨੀ ਦਿਸਦਾ।  ਨਾਲੇ ਅਜੇ ਇਹਦੀ ਉਮਰ ਈ ਕੀ ਐ? ਤੂੰ ਇਹਨੂੰ ਮਨਾ ਮੇਰਾ ਪੁੱਤ।  ਮੇਰੀ ਤਾਂ ਇਕ ਕਿਹੜਾ ਸੁਣਦੈ ਇਹ!''
ਮੁਖਤਿਆਰ ਦੀ ਮਾਂ ਗੁਰਨੇਕ ਮੂਹਰੇ ਤਰਲੇ ਪਾ ਰਹੀ ਸੀ।
"ਬੇਬੇ ਜੀ ਥੋਨੂੰ ਰੱਬ 'ਤੇ ਭਰੋਸਾ ਤਾਂ ਹੈ ਈ ਨਾ? ਆਪਾਂ ਸਾਰਿਆਂ ਨੂੰ ਐ।  ਮੈਨੂੰ ਕਿਸੇ ਭਲੇ ਬੰਦੇ ਦੀ ਗੱਲ ਯਾਦ ਆ ਗਈ।  ਅਖੇ-
'ਇਕਨਾਂ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ।
ਇਕਨਾਂ ਦੇ ਘਰ ਧੀਆਂ, ਧੀਆਂ ਘਰ ਦੋਹਤਰੇ।
ਇਕਨਾਂ ਦੇ ਘਰ ਇਕ ਤੇ ਉਹ ਵੀ ਜਾਏ ਮਰ।
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ।।'
ਸੋ ਬੇਬੇ ਤੂੰ ਇਕੋ ਦੀ ਸੁੱਖ ਮਨਾ।  ਜੇ ਰੱਬ ਦੇ ਮਨ ਪਿਰਤ ਪਈ ਤਾਂ ਆਪੇ ਜੜ੍ਹ ਲਾਊ।''
"ਲੈ ਪੁੱਤ, ਇਹ ਕੀ ਗੱਲ ਤੂੰ ਆਖੀ? ਰੱਬ 'ਤੇ ਤਾਂ ਪੂਰਾ ਭਰੋਸੈ ਪਰ ਖਵਨੀ ਸਾਡੀ ਵਾਰੀ ਰੱਬ ਚੇਤਾ ਈ ਭੁੱਲ ਗਿਆ।  ਜੇ ਉਹ ਜਣਦਿਆਂ ਖਾਣਾ ਕਿਧਰੇ ਮਿਲ ਜੇ ਤਾਂ ਪੁੱਛਾਂ ਬਈ ਅਸੀਂ ਦੱਸ ਤੇਰੇ ਕਿਹੜੇ ਭੁੰਨ ਕੇ ਮਾਂਹ ਬੀਜੇ ਸੀ ਜਿਹੜਾ ਤੂੰ ਸਾਨੂੰ ਇਉਂ ਫਾਲੇ ਅੰਗੂੰ ਤਪਾ ਛੱਡਿਐ।  ਹੋਰ ਨੀ ਤਾਂ ਮਖਤਿਆਰੇ ਨੂੰ ਈ ਕੋਈ ਨ੍ਹੇਰ-ਸਵੇਰ ਅਕਲ ਆਵੇ।  ਪਰ ਨਾ, ਮੈਨੂੰ ਤਾਂ ਕਿਧਰੋਂ ਵੀ ਠੰਢੀ ਵਾ ਔਂਦੀ ਨੀ ਦਿਸਦੀ।  ਜੇ ਇਹਨੇ ਕੁਸ਼ ਨੀ ਕਰਨਾ ਤਾਂ ਮੈਨੂੰ ਈ ਤੋਲਾ ਸੰਖੀਆ ਜਾਂ ਕੁਚਲ੍ਹੇ ਲਿਆ ਕੇ ਖੁਆ ਦੇ।  ਵਿਚੋਂ ਟੰਟਾ ਤਾਂ ਮੁੱਕੇ ਮੇਰਾ।  ਮੈਂ ਨਾ ਏਧਰ ਦੀ ਨਾ ਓਧਰ ਦੀ।  ਟਕੇ-ਟਕੇ ਦੀਆਂ ਤੀਵੀਆਂ ਮੈਨੂੰ ਊਂ ਮਖੌਲ ਕਰਦੀਐਂ- 'ਅਖੇ-ਬੇਬੇ ਜੀ ਨੂੰਹ ਦੀਆਂ ਪੱਕੀਆਂ ਕਦੋਂ ਖਾਏਂਗੀ?'  ਖਾਊਂਗੀ ਮੈਂ ਜਣਦਿਆਂ ਦਾ ਸਿਰ!''
''ਓ ਨੇਕੀ ਯਾਰ, ਚਲ ਚਲੀਏ।  ਬੇਬੇ ਨੂੰ ਤਾਂ ਮੇਰੇ ਵਿਆਹ ਤੋਂ ਬਿਨਾਂ ਹੋਰ ਕੁਸ਼ ਦਿਸਦਾ ਨੀ।'' ਮੁਖਤਿਆਰ ਗੁਰਨੇਕ ਦਾ ਹੱਥ ਫੜ ਕੇ ਉਠਾ ਰਿਹਾ ਸੀ।
''ਦੇਖ ਮੁਖਤਿਆਰ, ਬੇਬੇ ਵੀ ਠੀਕ ਈ ਕਹਿੰਦੀ ਐ।  ਜਮੀਨ ਜਾਇਦਾਦ ਹੁੰਦੀ ਐ ਵਾਰਸਾਂ ਦੀ।  ਆਪਣੀ ਸਮਾਜਕ ਬਣਤਰ ਅਨੁਸਾਰ ਤੁਹਾਡੇ ਪਿੱਛੋਂ ਇਹ ਜ਼ਮੀਨ ਜਾਇਦਾਦ ਦਾ ਕੋਈ ਵਾਲੀ-ਵਾਰਸ ਹੋਣਾ ਤਾਂ ਚਾਹੀਦੈ ਕਿ ਨਹੀਂ?''
''ਯਾਰ ਤੂੰ ਉੱਠ ਕੇ ਤੁਰ ਤਾਂ ਸਹੀ ਆਪਾਂ ਨਹਿਰੀ ਕੋਠੀ ਜਾਂ ਕੇ ਕਰਦੇ ਐਂ ਸਲਾਹਾਂ, ਮੂਡ ਬਣਾ-ਕੇ।'' ਮੁਖਤਿਆਰ ਗੁਰਨੇਕ ਨੂੰ ਮੋਟਰ ਸਾਇਕਲ ਤੇ ਬਹਾ ਕੇ ਲੈ ਗਿਆ।  ਮੁਖਤਿਆਰ ਦੀ ਬੇਬੇ ਚੌਂਕੇ ਵਿਚ ਕੰਮ ਕਰਦੀ ਆਪੇ ਈ ਗੱਲਾਂ ਕਰਦੀ ਰਹੀ।  
''ਇਕ ਆਹ ਭਲੇ ਵੇਲੇ ਲੈ ਲਿਆ ਬੰਬੂ-ਕਾਟ ਜਿਆ।  ਹਰਲ-ਹਰਲ ਕਰਦਾ ਕਦੇ ਐਧਰ ਨਿਕਲ ਜਾਂਦੈ ਕਦੇ ਔਧਰ ਨਿਕਲ ਜਾਂਦੈ।  ਜੱਟਾਂ ਦੇ ਪੁੱਤ ਤਾਂ ਖੇਤੀ ਕਰਦੇ ਈ ਸੁਹਣੇ ਲਗਦੈ ਐ।  ਕੀ ਰੱਥ ਫੜਿਐ ਇਹਨੇ! ਮੈਨੂੰ ਕਿਤੋਂ ਜੋਗੀ ਨੀ ਰੱਖਿਆ ਏਸ ਮੁੰਡੇ ਨੇ।'' ਫੇਰ ਉਹ ਆਪੇ ਈ ਹੌਲੀ ਹੌਲੀ ਰੋਣ ਲੱਗ ਪਈ ਤੇ ਚੁਲ੍ਹੇ ਮੁਹਰੇ ਬਹਿ ਕੇ ਵੈਣ ਪੌਣ ਲੱਗ ਪਈ-
''ਹਾਏ...ਵੇ ਡਾਢਿਆ...।  ਵੇ ਤੈਂ ਕੀ-ਵੈਰ- ਕਮਾਇਆ ਮੇਰੇ ਨਾਲ...ਵੇ...।  ਹਾਏ...।  ਹਾਏ-ਵੇ ਤੂੰ ਕੀਹਦੇ ਲੜ...ਲਾ...ਗਿਆ ਸੀ ਮੈਨੂੰ...ਵੇ ਕਰਮਾਂ ਦਿਆ...ਵੈਰੀਆ...ਹਾਏ।  ਹਾਏ-ਵੇ-ਤੂੰ ਮੇਰੀ ਵਾਤ ਨਾ ਪੁੱਛੀ ਵੇ...ਜਣਦਿਆਂ ਨੂੰ...ਖਾਣਿਆ...ਹਾਏ...ਹਾਏ।''
ਝਾਟੋ ਝਿਉਰੀ ਬੀਹੀ ਵਿਚੋਂ ਲੰਘਦੀ ਮੁਖਤਿਆਰ ਦੀ ਬੇਬੇ ਨੂੰ ਰੋਂਦੀ ਦੇਖ ਕੇ ਅੰਦਰ ਆ ਵੜੀ।  ਸਾਰਾ ਪਿੰਡ ਉਹਨੂੰ ਝਾਟੋ ਈ ਆਖਦਾ।  ਨਾਂ ਤਾਂ ਉਹਦਾ ਕੋਈ ਹੋਰ ਸੀ ਪਰ ਪਿੰਡ ਆਲਿਆਂ ਨੇ ਆਪੇ ਈ ਉਹਦਾ ਨਾ ਝਾਟੋ ਰੱਖ ਲਿਆ ਸੀ।  ਉਹਦੇ ਨਾਂ ਦੀ ਇਹ ਅੱਲ ਸ਼ਾਇਦ ਲੋਕਾਂ ਨੇ ਉਹਦੇ ਹਮੇਸ਼ਾ ਖਿਲਰੇ ਝਾਟੇ ਕਰਕੇ ਪਾਈ ਸੀ।  ਉਹਦੀਆਂ ਜਟੂਰੀਆਂ ਖਿਲਰੀਆਂ ਰਹਿੰਦੀਆਂ ਤੇ ਉਹ ਦੋਹਾਂ ਹੱਥਾਂ ਨਾਲ ਆਪਣਾ ਸਿਰ ਖੁਰਕਦੀ ਰਹਿੰਦੀ।  ਉਹਦਾ ਕੱਦ ਮਧਰਾ, ਰੰਗ ਕਾਲਾ, ਸਰੀਰ ਮੋਟਾ ਤੇ ਨੈਣ-ਨਕਸ਼ ਵੀ ਖੁਲ੍ਹੇ ਤੇ ਠੁਲ੍ਹੇ ਸਨ।  ਕਪੜੇ ਉਹ ਮੈਲੇ-ਕੁਚੈਲੇ ਜਿਹੇ ਪਾ ਕੇ ਰਖਦੀ।  ਗੱਲਾਂ ਵੀ ਸਿਧਰੀਆਂ ਜਿਹੀਆਂ ਕਰਦੀ।  ਖੂਹ ਤੋਂ ਘਰੇ ਤੇ ਘਰੋਂ ਭੱਠੀ 'ਤੇ, ਇਹੀ ਤਿੰਨ ਠੋਹੀਆਂ ਸਨ ਉਹਦੀਆਂ।  ਲੋਕਾਂ ਦੇ ਘਰੀਂ ਉਹ ਪਾਣੀ ਭਰਦੀ।  ਲੋਕ ਖਾਣ ਜੋਗੇ ਮਾੜੇ ਮੋਟੇ ਦਾਣੇ ਉਹਨੂੰ ਦੇ ਛਡਦੇ।  ਉਹਦੇ ਘਰ ਵਾਲਾ ਵੀ ਮਸ਼ਕ ਨਾਲ ਲੋਕਾਂ ਦੇ ਘਰੀਂ ਪਾਣੀ ਭਰਦਾ।  ਆਥਣੇ ਉਹ ਭੱਠੀ ਭਖਾਉਂਦੀ।
''ਲੈ ਫੋ-ਟ! ਕੁੜੇ ਬੇਬੇ ਤੂੰ ਰੋਈ ਕਾਹਤੋਂ ਜਾਨੀ ਐਂ?''
''ਰੋਨੀ ਆਂ ਮੈਂ ਆਵਦੇ ਜਣਦਿਆਂ ਦੇ ਸਿਰ ਨੂੰ ਤੇ ਫੁੱਟੇ ਕਰਮਾ ਨੂੰ! ਖਵਰੈ ਕੀ ਭੁੰਨ ਕੇ ਬੀਜਿਆ ਸੀ।  ਇਹ ਰੱਬ ਕਿਉਂ ਮੇਰੇ ਕੋਲੋਂ ਗਿਣ ਗਿਣ ਕੇ ਬਦਲੇ ਲਈ ਜਾਂਦੈ?  ਮੈਂ ਤਾਂ ਸਾਰੀ ਉਮਰ ਕਿਸੇ ਦੇ ਫੁੱਲ ਦੀ ਨੀ ਲਾਈ।  ਆ ਸਾਡੇ ਮਖਤਿਆਰੇ ਦੇ ਡਮਾਕ ਨੂੰ ਪਤਾ ਨੀ ਕੀ ਪੁੱਠੀ ਭਮਾਲੀ ਦਿੱਤੀ ਐ।  ਕਹਿੰਦਾ- ਤੀਹੋ-ਕਾਲ ਮੈਂ ਤਾਂ ਹੁਣ ਵਿਆਹ ਈ ਨੀ ਕਰੌਣਾ।  ਦੱਸ ਇਹ ਕੋਈ ਕਬੀਲਦਾਰਾਂ ਆਲੇ ਲੱਛਣ ਐ?''
ਝਾਟੋ ਪੀੜ੍ਹੀ ਖਿੱਚ ਕੇ ਬੇਬੇ ਦੇ ਨੇੜੇ ਹੋ ਕੇ ਬਹਿ ਗਈ ਤੇ ਦੋਹਾਂ ਹੱਥਾਂ ਨਾਲ ਸਿਰ ਖੁਰਕਣ ਲੱਗ ਪਈ।
''ਲੈ ਬੇਬੇ ਸੁਖੀਂ-ਸਾਂਦੀ ਤੂੰ ਆਪ ਤਾਂ ਆਂਹਦੀ ਸੀ ਬਈ ਦਿਆਲਪੁਰੇ ਤੋਂ ਲੰਬੜਦਾਰਾਂ ਦਾ ਰਿਸ਼ਤਾ ਆਇਆ ਸੀ।  ਫੇਰ ਲਿਆ ਕਿਉਂ ਨਾ?''
''ਤੂੰ ਵੀ ਝਾਟੋ, ਬੱਸ ਝਾਟੋ ਈ ਰਹੀ।  ਨੀ ਮੈਂ ਰਿਸ਼ਤਾ ਆਵਦੀ ਖਾਤਰ ਲੈਣਾ ਸੀ? ਹੈ ਕਮਲੀ! ਜੀਹਨੇ ਵਿਆਹ ਕਰਾਉਣੈ ਉਹ ਤਾਂ ਮੰਨਦਾ ਨੀ।''
''ਨਾ ਉਹ ਮੰਨਦਾ ਕਿਉਂ ਨੀ ਬੇਬੇ?''
"ਖਵਰੈ ਕੀ ਐ ਉਹਦੇ ਚਿੱਤ 'ਚ? ਅਖੇ ਹਾਲੇ ਤਾਂ ਕੀ, ਮੈਂ ਹੁਣ ਸਾਰੀ ਉਮਰ ਈ ਵਿਆਹ ਨੀ ਕਰੌਣਾ।  ਔਹ ਮੇਰਾ ਭਤੀਜ ਜੁਆਈ ਕੰਮੇਆਣੇ ਆਲਾ।  ਸਾਡੇ ਨਾਲੋਂ ਅੱਧੀ ਪੈਲੀ ਹੋਊ ਤੇ ਦੂਜਾ ਵਿਆਹ ਪਿਛਲੇ ਸਾਲ ਕਰਾ ਵੀ ਲਿਆ, ਅਖੇ ਪਹਿਲੀ ਨੂੰ ਕੋਈ ਨਿੱਕਾ ਨਿਆਣਾ ਨੀ ਹੁੰਦਾ।  ਉਹ ਤਾਂ ਮੇਰੀ ਭਤੀਜੀ ਓ ਚੰਗੀ ਸੀ ਜੀਹਨੇ ਆਪ ਈ ਸਾਡੀ ਰਿਸ਼ਤੇਦਾਰੀ 'ਚੋਂ ਦੂਜਾ ਸਾਕ ਕਰਾ 'ਤਾ।  ਲੋਕ ਤਾਂ ਹੇੜਾਂ ਦੀਆਂ ਹੇੜਾਂ ਮਗਰ ਲਾਈ ਫਿਰਦੇ ਐ।  ਬੰਦਿਆਂ ਨਾਲ ਈ ਬਰਕਤ ਹੁੰਦੀ ਐ ਘਰਾਂ 'ਚ।  ਮੈਂ ਕੀਹਦੇ ਅਗੇ ਰੋਂਵਾਂ? ਹਾਏ ਵੇ ਡਾਢਿਆ...ਤੈਂ ਕੀ ਵੈਰ...ਕਮਾਇਆ ਮੇਰੇ ਨਾਲ ਵੇ...।'' ਬੇਬੇ ਫੇਰ ਵੈਣ ਪੌਣ ਲੱਗ ਪਈ।
"ਕੋ-ਨੀ ਬੇਬੇ, ਤੂੰ ਚੁੱਪ ਕਰ।  ਜੇ ਤੂੰ ਆਖੇਂ ਤਾਂ ਮੈਂ ਲਿਹਾਅਮਾਂ ਕੋਈ ਸਾਕ ਆਵਦੇ ਪਿੰਡੋਂ?''
''ਨੀ ਝਾਟੋ ਸਾਕਾਂ ਦਾ ਤਾਂ ਕੋਈ ਘਾਟਾ ਨੀ।  ਪਰ ਸਾਡੇ ਘਰ 'ਚ ਈ ਕੋਈ ਸਾੜ੍ਹ-ਸਤੀ ਵੜ-ਗੀ।''
''ਬੇਬੇ, ਔਹ ਅਮਰਨਾਥ ਬਾਹਮਣ ਤੋਂ ਈ ਪੁੱਛਿਆ ਲੈ ਲੈਣੀ ਸੀ?'' ਝਾਟੋ ਨੇ ਬੜੀ ਸਿਆਣਪ ਨਾਲ ਜਿਵੇਂ ਸਲਾਹ ਦਿੱਤੀ।
''ਨਾ ਭਾਈ ਨਾ।  ਜੇ ਕਿਤੇ ਮਖਤਿਆਰ ਨੂੰ ਪਤਾ ਲਾ-ਗਿਆ ਬਈ ਮੈਂ ਬਾਹਮਣਾਂ ਦੇ ਬਾਰ ਮੂਹਰ-ਦੀ ਵੀ ਨੰਘੀ ਸੀ, ਉਹ ਤਾਂ ਮੇਰੇ ਟੋਟੇ ਕਰ-ਦੂ।  ਝਾਟੋ ਮੈਂ ਕਰਾਂ ਕੀ, ਮੇਰੀ ਤਾਂ ਕੋਈ ਪੇਸ਼ ਨੀ ਜਾਂਦੀ।  ਜਣਦਿਆਂ ਖਾਣੀ ਦਾ ਇਹਦਾ ਪਿਓ ਵੀ ਚਾਰ ਸਾਲ ਹੋ-ਗੇ ਛੱਡ ਕੇ ਤੁਰ ਗਿਆ।  ਉਹ ਹੁੰਦਾ ਤਾਂ ਮਾੜਾ ਮੋਟਾ ਉਹਦਾ ਦਬਾਅ ਈ ਮੰਨਦਾ।  ਮੈਂ, ਤੀਵੀਂ-ਮਾਨੀ ਮੇਰਾ ਕੀ ਐ! ਮੇਰੀ ਇਕ ਕਿਹੜਾ ਸੁਣਦੈ।  ਦੱਸ ਮੈਂ ਕਿਹੜੇ ਖੂਹ-ਖਾਤੇ ਪਵਾਂ? ਮੈਨੂੰ ਤਾਂ ਕਿਸੇ ਖੂਹ-ਖਾਤੇ ਨੇ ਵੀ ਨੀ ਝੱਲਣਾ।  ਜੀ ਤਾਂ ਬਥੇਰਾ ਕਰਦੈ ਬਈ ਗੱਡੀ ਹੇਠਾਂ ਸਿਰ ਦੇ ਦਿਆਂ ਕਿਸੇ ਦਿਨ, ਪਰ ਫੇਰ ਸੋਚਦੀ ਆਂ ਬਈ ਇਹ ਤਾਂ ਜਮਾ ਈ ਜਤੀਮ ਹੋ-ਜੂ।''
''ਚੰਗਾ ਬੇਬੇ।  ਮੈਂ ਤਾਂ ਜਾ ਕੇ ਭਖੌਣੀ ਐ ਭੱਠੀ।  ਕਵੇਲਾ ਹੋਈ ਜਾਂਦੈ ਮੈਨੂੰ ਤਾਂ।  ਜੁਆਕ ਬੈਠੇ ਅੜੀਕਦੇ ਹੋਣਗੇ, ਦਾਣੇ ਲੈ ਕੇ।'' ਝਾਟੋ ਸਿਰ ਖੁਰਕਦੀ ਤੁਰ ਗਈ।
ਮੁਖਤਿਆਰ ਹਰ ਰੋਜ਼ ਕਿਧਰੋਂ ਨਾ ਕਿਧਰੋਂ ਸ਼ਰਾਬ ਪੀ ਕੇ ਰਾਤ ਹਨੇਰੇ ਪਏ ਤੋਂ ਘਰੇ ਮੁੜਦਾ।  ਉਹਦੀ ਮਾਂ ਬੈਠੀ ਉਡੀਕਦੀ ਰਹਿੰਦੀ ਤੇ ਕੀਰਨੇ ਪਾਉਂਦੀ ਰਹਿੰਦੀ।  ਮਾਂ-ਪੁੱਤਾਂ 'ਚ ਹੁਣ ਨਿੱਕੀਆਂ-ਨਿੱਕੀਆਂ ਗੱਲਾਂ 'ਤੇ ਲੜਾਈ ਵੀ ਹੋਣ ਲੱਗ ਪਈ ਸੀ।  ਉਹ ਗੱਲ-ਗੱਲ 'ਤੇ ਇਕ ਦੂਜੇ ਨਾਲ ਖਹਿਬੜਦੇ।  ਉਹਦੀ ਮਾਂ ਨੂੰ ਉਹਦਾ ਅਧੀ ਰਾਤ ਨੂੰ ਸ਼ਰਾਬ ਪੀ ਕੇ ਘਰੇ ਆਉਣਾ ਚੰਗਾ ਨਾ ਲਗਦਾ।  ਉਹ ਬਿੰਦੇ-ਝੱਟੇ ਨੀਮ ਪਾਗਲ ਜਿਹੀ ਹੋਈ ਭੱਜ-ਭੱਜ ਬਾਹਰਲੇ ਬੂਹੇ ਵੱਲ ਨੂੰ ਅਹੁਲ਼ਦੀ।  ਉਹਨੂੰ ਮੋਟਰ ਸਾਇਕਲ ਦੀ ਆਵਾਜ਼ ਦੇ ਭੁਲੇਖੇ ਪੈਂਦੇ।  ਇਕ ਦਿਨ ਮੁਖਤਿਆਰ ਸਾਰੀ ਰਾਤ ਘਰ ਨਾ ਮੁੜਿਆ।  ਉਹਦੀ ਮਾਂ ਸਾਰੀ ਰਾਤ ਬੌਲਿਆਂ ਵਾਂਗ ਘਰ 'ਚ ਤੁਰੀ ਫਿਰਦੀ ਅੱਕੀਂ-ਪਲਾਹੀਂ ਹੱਥ ਮਾਰਦੀ ਰਹੀ।  ਸਵੇਰੇ ਤਾਰਾ ਚੜ੍ਹੇ 'ਤੋਂ ਕਿਤੇ ਜਾ ਕੇ ਨਿਢਾਲ ਜਿਹੀ ਹੋਈ ਉਹ ਮੰਜੇ 'ਤੇ ਜਾ ਡਿੱਗੀ।  ਸਵੇਰੇ ਖਾਸਾ ਦਿਨ ਚੜ੍ਹੇ ਤੋਂ ਇਕ ਪੁਲਿਸ ਦੇ ਸਿਪਾਹੀ ਨੇ ਆ ਕੇ ਕੁੰਡਾ ਖੜਕਾਉਂਦਿਆਂ ਪੁੱਛਿਆ-
''ਓ ਬਈ ਮੁਖਤਿਆਰ ਸਿਉਂ ਦਾ ਘਰ ਇਹੋ ਐ?'' ਬੇਬੇ ਅੰਦਰੋਂ ਉਭੜਵਾਹੀ ਉੱਠ ਕੇ ਭੱਜੀ ਆਈ।
''ਆਹੋ ਭਾਈ।  ਮਖਤਿਆਰ ਮੇਰਾ ਈ ਪੁੱਤ ਐ।''
''ਮਾਈ ਤੈਨੂੰ ਸਾਡੇ ਨਾਲ ਚਲਣਾ ਪਊ ਲਾਸ਼ ਪਛਾਨਣ ਵਾਸਤੇ।  ਥੋਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਰਾਤ।''
ਮੁਖਤਿਆਰ ਦੀ ਮਾਂ ਨੂੰ ਓਥੇ ਈ ਗਸ਼ ਪੈ ਗਈ।  ਏਨੇ ਵਿਚ ਆਂਢੋ-ਗੁਆਢੋਂ ਲੋਕ ਇਕੱਠੇ ਹੋ ਗਏ।  ਕੋਈ ਮੁਖਤਿਆਰ ਦੀ ਮਾਂ ਦੀ ਦੰਦਲ ਖੋਹਲਣ ਲੱਗ ਪਈ, ਕੋਈ ਉਹਨੂੰ ਪੱਖੀ ਝੱਲਣ ਲੱਗ ਪਈ, ਕੋਈ ਉਹਦੇ ਮੂੰਹ 'ਤੇ ਪਾਣੀ ਦੇ ਛਿੱਟੇ ਮਾਰਨ ਲੱਗ ਪਈ।
ਪਿੰਡ ਦੇ ਕੁਝ ਮੋਹਤਬਰ ਬੰਦੇ ਅੱਡ ਇਕੱਠੇ ਜਿਹੇ ਹੋ ਕੇ ਖੜ੍ਹ ਗਏ।  ਗੱਜਣ ਨੰਬਰਦਾਰ ਆਪਣੀ ਜੀਪ ਲੈ ਆਇਆ।  ਮੁਖਤਿਆਰ ਦੀ ਮਾਂ ਨੂੰ ਹੋਸ਼ ਆਉਣ ਪਿੱਛੋਂ ਦੋ ਕੁ ਔਰਤਾਂ ਨਾਲ ਜੀਪ 'ਚ ਅੱਗੇ ਬਹਾ ਲਿਆ ਗਿਆ।  ਚਾਰ ਕੁ ਬੰਦੇ ਜੀਪ 'ਚ ਪਿੱਛੇ ਬਹਿ ਗਏ।  ਗੱਜਣ ਨੰਬਰਦਾਰ ਨੇ ਆਪਣੀ ਜੀਪ ਪੁਲਿਸ ਦੀ ਜੀਪ ਦੇ ਪਿੱਛੇ ਲਾ ਲਈ।  ਘੰਟੇ ਕੁ ਪਿੱਛੋਂ ਸਾਰੇ ਪਹਿਲਾਂ ਘਟਨਾ ਵਾਲੀ ਥਾਂ ਪਹੁੰਚੇ।  ਮੁਖਤਿਆਰ ਦਾ ਮੋਟਰ ਸਾਇਕਲ ਸੜਕ ਦੇ ਨਾਲ ਲਗਦੇ ਖਤਾਨਾਂ ਵਿਚ ਪਿਆ ਸੀ।  ਉਸ ਦੀ ਇਕ ਟਰੱਕ ਨਾਲ ਟੱਕਰ ਹੋ ਗਈ ਸੀ।  ਟਰੱਕ ਦੇ ਡਰਾਈਵਰ ਨੇ ਮੁਖਤਿਆਰ ਨੂੰ ਬਚਾਉਣ ਲਈ ਟਰੱਕ, ਸੜਕ ਦੇ ਪਾਸੇ ਖੜ੍ਹੇ ਇਕ ਵੱਡੇ ਸਫੈਦੇ ਦੇ ਦਰਖਤ ਵਿਚ ਜਾ ਮਾਰਿਆ ਸੀ।  ਪਰ ਉਸ ਤੋਂ ਪਹਿਲਾਂ ਟਰੱਕ ਦੇ ਬੰਪਰ ਦਾ ਇਕ ਪਾਸਾ ਮੋਟਰਸਾਇਕਲ ਨਾਲ ਟਕਰਾ ਜਾਣ ਕਰਕੇ, ਮੁਖਤਿਆਰ ਬੁੜ੍ਹਕ ਕੇ ਸਿਰ ਭਾਰ ਸੜਕ 'ਤੇ ਜਾ ਡਿੱਗਿਆ ਸੀ।  ਜਿਥੇ ਮੁਖਤਿਆਰ ਡਿੱਗਿਆ ਸੀ ਉਥੇ ਕਾਫੀ ਸਾਰਾ ਖੂਨ ਡੁੱਲ੍ਹ ਕੇ ਸੁੱਕ ਚੁੱਕਾ ਸੀ।  ਟਰੱਕ ਡਰਾਈਵਰ ਫਰਾਰ ਸੀ।  ਪੁਲਿਸ ਨੇ ਇਤਲਾਹ ਮਿਲਣ ਪਿੱਛੋਂ ਮੁਖਤਿਆਰ ਨੂੰ ਹਸਪਤਾਲ ਪੁਚਾਇਆ ਜਿਥੇ ਉਹਨੂੰ ਮ੍ਰਿਤਕ ਕਰਾਰ ਦਿੱਤਾ ਗਿਆ।
ਪੁਲਿਸ ਦੀ ਜੀਪ ਅਤੇ ਗੱਜਣ ਨੰਬਰਦਾਰ ਦੀ ਜੀਪ ਹੁਣ ਹਸਪਤਾਲ ਵਲ ਤੁਰ ਪਈਆਂ।  ਮੁਖਤਿਆਰ ਦੀ ਮਾਂ ਨੂੰ ਕੋਈ ਹੋਸ਼ ਨਹੀਂ ਸੀ।  ਹਸਪਤਾਲ ਪਹੁੰਚ ਕੇ ਪੋਸਟਮਾਰਟਮ ਅਤੇ ਪੁਲਿਸ ਦੀ ਹੋਰ ਕਾਗਜ਼ੀ ਕਾਰਵਾਈ ਪੂਰੀ ਹੋਣ ਪਿੱਛੋਂ ਮੁਖਤਿਆਰ ਦੀ ਲਾਸ਼ ਪਿੰਡ ਵਾਲਿਆਂ ਦੇ ਹਵਾਲੇ ਕਰ ਦਿੱਤੀ ਗਈ।  ਪਿੰਡ ਵਾਲਿਆਂ ਨੇ ਓਸੇ ਦਿਨ ਸ਼ਾਮ ਨੂੰ ਉਹਦਾ ਸਸਕਾਰ ਕੀਤਾ।
ਮੁਖਤਿਆਰ ਦੀ ਬੇਬੇ ਨੇ ਦੂਜੇ ਦਿਨ ਸੁਰਤ ਸਿਰ ਹੋ ਕੇ ਗੁਰਨੇਕ ਨੂੰ ਪਿੰਡ ਦੇ ਬੰਦੇ ਦੇ ਹੱਥ ਸੁਨੇਹਾ ਭਿਜਵਾਇਆ।  ਗੁਰਨੇਕ ਨੂੰ ਪਹਿਲਾਂ ਤਾਂ ਇਕ ਦਮ ਇਤਬਾਰ ਜਿਹਾ ਨਾ ਆਇਆ।  ਫੇਰ ਉਹ ਆਪਣੀ ਸੋਚ ਅਨੁਸਾਰ ਇਸ ਨਤੀਜੇ ਤੇ ਪਹੁੰਚਿਆ ਕਿ ਮੁਖਤਿਆਰ ਵਰਗੇ ਲੋਕਾਂ ਦਾ ਇਕ ਨਾ ਇਕ ਦਿਨ ਇਹੋ ਹਸ਼ਰ ਹੁੰਦਾ ਹੈ।  ਉਹ ਆਪਣੇ ਸੁਭਾਅ ਵੱਸ ਉਹਦੇ ਸਸਕਾਰ ਪਿੱਛੋਂ ਉਹਦੇ ਘਰ ਇਕ ਦਿਨ ਵੀ ਨਾ ਗਿਆ।  ਨਾ ਹੀ ਉਹ ਭੋਗ ਵਾਲੇ ਦਿਨ ਪਹੁੰਚਿਆ।  ਮੁਖਤਿਆਰ ਦੀ ਮਾਂ ਵਲੋਂ ਇਕ ਦੋ ਸੁਨੇਹੇ ਵੀ ਮਿਲੇ ਪਰ ਉਹ ਨਾ ਗਿਆ।  ਕਾਣਾ-ਮਕਾਣਾਂ ਆ ਕੇ ਮੁੜ ਗਈਆਂ।  ਪਿੰਡ ਦੇ ਲੋਕ ਆਪਣੇ ਕੰਮੀਂ ਧੰਦੀ ਰੁੱਝ ਗਏ।  ਮੁਖਤਿਆਰ ਦੀ ਮਾਂ ਘਰੇ ਇਕੱਲੀ ਬੈਠੀ ਰੋਂਦੀ ਰਹਿੰਦੀ।  ਪਹਿਲੇ ਦਿਨੀ ਕੋਈ ਨਾ ਕੋਈ ਗੁਆਂਢਣ ਦਿਲਾਸਾ ਦੇਣ ਆ ਜਾਂਦੀ।  ਰੋ-ਰੋ ਕੇ ਮੁਖਤਿਆਰ ਦੀ ਮਾਂ ਨੇ ਆਪਣੀਆਂ ਅੱਖਾਂ ਦਾ ਪਾਣੀ ਵੀ ਸੁਕਾ ਲਿਆ।  ਉਹ ਸੱਖਣੀਆਂ ਜਿਹੀਆਂ ਅੱਖਾਂ ਨਾਲ ਕੰਧਾਂ ਕੌਲ਼ਿਆਂ ਵੱਲ ਝਾਕੀ ਜਾਂਦੀ।  ਆਂਢ-ਗੁਆਂਢ ਤੋਂ ਆਥਣ-ਉੱਗਣ ਉਹਨੂੰ ਵਾਰੀ-ਬੱਧ ਲੋਕ ਚਾਹ-ਪਾਣੀ ਤੇ ਰੋਟੀ-ਟੁੱਕ ਫੜਾ ਜਾਂਦੇ।  ਉਹ ਕਦੇ ਖਾ ਲੈਂਦੀ ਕਦੇ ਨਾ।  ਘਰ ਸੰਭਰੇ ਨੂੰ ਕਈ ਦਿਨ ਹੋ ਗਏ ਸਨ।  ਘਰ ਦੇ ਅੰਦਰੋਂ ਇਕ ਅਜੀਬ ਜਿਹੀ, ਮੌਤ-ਵਰਗੀ ਹਵਾੜ੍ਹ ਆਉਣ ਲੱਗ ਪਈ ਸੀ।  ਉਹ ਘਰ ਜਿਵੇਂ ਥੇਹ ਬਣਦਾ ਜਾ ਰਿਹਾ ਹੋਵੇ।  ਪਰ ਸਮਾਂ ਵੀ ਵੱਡੇ-ਵੱਡੇ ਫੱਟ ਮੇਲ ਦਿੰਦਾ ਹੈ।  ਮੁਖਤਿਆਰ ਦੀ ਮਾਂ ਹੌਲੀ-ਹੌਲੀ ਸੰਭਲਣ ਲੱਗ ਪਈ।  ਅੱਜ ਹੋਰ ਕਲ੍ਹ ਹੋਰ ਉਹ ਆਪਣਾ ਆਪ ਸੰਭਾਲਣ ਲੱਗੀ।
ਉਹਨੀਂ ਦਿਨੀਂ ਗੁਰਨੇਕ ਆਪਣੇ ਸੁਭਾਅ ਅਨੁਸਾਰ ਕੋਈ ਸਕੀਮ ਘੜ ਰਿਹਾ ਸੀ।  ਇਕ ਦਿਨ ਅਚਾਨਕ ਉਹ ਮੁਖਤਿਆਰ ਦੀ ਮਾਂ ਨੂੰ ਮਿਲਣ ਚਲਾ ਗਿਆ।  ਬੇਬੇ ਦੇਖਣ ਸਾਰ ਉਹਦੇ ਗਲ਼ ਲੱਗ ਕੇ ਖਾਸਾ ਚਿਰ ਰੋਂਦੀ ਰਹੀ, ਵੈਣ ਪਾਉਂਦੀ ਰਹੀ।  ਆਖੀਰ ਜਦੋਂ ਉਹ ਚੁੱਪ ਹੋਈ ਤਾਂ ਉਹਨੇ ਗੁਰਨੇਕ ਨੂੰ ਕਿਹਾ-
''ਪੁੱਤ ਨੇਕ ਤੂੰ ਇਹ ਚੰਗਾ ਨੀ ਕੀਤਾ! ਤੈਂ ਤਾਂ ਵੱਤੀ ਨਾ ਵਾਹੀ! ਮੈਨੂੰ ਤਾਂ ਤੂੰ ਵੀ ਮਖਤਿਆਰ ਵਰਗਾ ਈ ਐਂ।  ਤੂੰ ਆਇਆ ਕਿਉਂ ਨਾ? ਸਾਡੇ ਅੱਗੇ ਪਿੱਛੇ ਤਾਂ ਪਹਿਲਾਂ ਈ ਕੋਈ ਨੀ ਸੀ।  ਤੂੰ ਕਾਹਤੋਂ ਮੂੰਹ ਮੋੜ ਲਿਆ ਸੀ?''
"ਬੇਬੇ, ਬੱਸ ਕੀ ਦੱਸਾਂ।  ਮੇਰਾ ਤਾਂ ਕਾਲਜਾ ਮੂੰਹ ਨੂੰ ਆਉਂਦਾ ਸੀ।  ਜੇ ਮੈਂ ਆ ਜਾਂਦਾ ਤਾਂ ਮੇਰਾ ਪਤਾ ਨੀ ਕੀ ਹਾਲ ਹੋਣਾ ਸੀ।  ਮੈਥੋਂ ਸਾਰਾ ਕੁਸ਼ ਦੇਖਿਆ ਨੀ ਸੀ ਜਾਣਾ।  ਮੇਰਾ ਉਹ ਦੋਸਤ ਕਾਹਨੂੰ ਸੀ, ਵੱਡਾ ਭਰਾ ਸੀ।  ਹੁਣ ਮੈਂ ਅਣਸਰਦੇ ਨੂੰ ਆ ਈ ਪਹੁੰਚਿਆ।  ਮੈਂ ਤਾਂ ਤੈਨੂੰ ਲੈਣ ਆਇਐ ਬੇਬੇ।  ਤੂੰ ਮੇਰੀ ਵੀ ਤਾਂ ਮਾਵਾਂ ਵਰਗੀ ਐਂ।  ਚੱਲ ਮੇਰੇ ਕੋਲ ਚੱਲ ਕੇ ਰਹਿ।  ਤੇਰੀ ਨੂੰਹ ਤੇਰੀ ਸੇਵਾ ਕਰੂਗੀ।  ਆਥਣ-ਉੱਗਣ ਦੀ ਰੋਟੀ ਦੇਣ ਜੋਗਾ ਤਾਂ ਮੈ ਹਾਂ ਈ।''
"ਸ਼ਾਵਾਸ਼ੇ ਪੁੱਤ ਤੇਰੇ।  ਜਿਊਂਦਾ ਰਹਿ।  ਰੱਬ ਤੈਨੂੰ ਬਹੁਤਾ ਦੇਵੇ।  ਮੈਨੂੰ ਤਾਂ ਪਿੰਡ ਆਲੇ ਵੀ ਅਜੇ ਤਾਈਂ ਰੋਟੀ ਨੀ ਪਕੌਣ ਦਿੰਦੇ।  ਬਸ ਤੂੰ ਊਂ ਈ ਮੈਨੂੰ ਆ ਕੇ ਮਿਲ ਜਿਆ ਕਰ।  ਮੇਰਾ ਕਾਲਜਾ ਠੰਢਾ ਹੋ ਜਿਆ ਕਰੂ।  ਤੇ ਨਾਲੇ ਪੁੱਤ, ਮੇਰਾ ਇਕ ਹੋਰ ਕੰਮ ਕਰ ਦੇ ਤੂੰ...।'' ਬੇਬੇ ਨੇ ਆਖਰੀ ਗੱਲ ਹੌਲੀ ਜਿਹੀ ਆਖੀ।
''ਦੱਸ ਬੇਬੇ।  ਐਹੋ ਜਿਆ ਕਿਹੜਾ ਕੰਮ ਐ?  ਮੈਂ ਨਾ ਕਰੂੰ, ਹੋਰ ਕੌਣ ਕਰੂ? ਤੂੰ ਮੂੰਹੋਂ ਕੱਢ ਇਕ ਵਾਰੀ!'' ਗੁਰਨੇਕ ਨੂੰ ਜਿਵੇਂ ਪਹਿਲਾਂ ਹੀ ਪਤਾ ਸੀ ਕਿ ਬੇਬੇ ਨੇ ਕਹਿਣਾ ਕੀ ਐ।
"ਪੁੱਤ ਸਾਰੀ ਜਮੀਨ ਤਾਂ ਅਜੇ ਤਾਂਈ ਪਟਵਾਰੀ ਦੇ ਕਾਗਜਾਂ 'ਚ ਮਖਤਿਆਰ ਦੇ ਬਾਪੂ ਦੇ ਨਾਂ ਬੋਲਦੀ ਐ।  ਮਖਤਿਆਰ ਨੇ ਪਤਾ ਨੀ ਆਵਦੇ ਨਾਂ ਕਰਵਾਈ ਸੀ ਜਾਂ ਨਹੀਂ।  ਮਖਤਿਆਰ ਜੇ ਜਿਉਂਦਾ ਤਾਂ ਸਾਂਭਦਾ ਹੋਰ ਕੀਹਨੂੰ ਜਾਣੀ ਸੀ?  ਮੈਂ, ਤੀਵੀਂ ਮਾਨੀ।  ਮੇਰਾ ਕੀ ਐ ਅੱਜ ਹੈ-ਗੀ-ਆਂ ਕੱਲ ਨੂੰ ਹੈ-ਨੀ।  ਊਂ ਤਾਂ ਅੱਗੇ ਪਿੱਛੇ ਸਾਡਾ ਕੋਈ ਸਾਕ ਸਬੰਧੀ ਹੈ ਨੀ ਪਰ ਮਖਤਿਆਰ ਦੇ ਬਾਪੂ ਦੇ ਤਾਏ ਦੇ ਲਾਣੇ 'ਚੋਂ ਹੈ-ਗੇ ਐ ਦੋ ਕੁ ਉੱਲ਼ਥ।  ਜਦੋਂ ਉਹ ਮਖਤਿਆਰ ਦੀ ਮਕਾਣ ਆਏ ਸੀ ਤਾਂ ਮੈਂ ਘੁਸਰ-ਮੁਸਰ ਜੀ ਕਰਦੇ ਸੁਣੇ ਸੀ।  ਸਾਡੀ ਉਹਨਾਂ ਨਾਲ ਸਰੀਕੇ 'ਚ ਪਹਿਲੇ ਦਿਨੋਂ ਈ ਨੀ ਬਣੀ।  ਮਖਤਿਆਰ ਦੇ ਬਾਪੂ ਨੇ ਵੀ ਘੱਟ-ਵੱਧ ਈ ਔਣ-ਜਾਣ ਰੱਖਿਆ-ਵਾ ਸੀ ਉਹਨਾਂ ਨਾਲ।  ਬਾਹਲੇ ਈ ਮਾੜੇ ਬੰਦੇ ਐ।  ਮੈਨੂੰ ਐਂ ਲਗਦੈ ਬਈ ਉਹ ਕਿਤੇ ਸਾਡੀ ਪੈਲੀ ਨੂੰ ਹੱਥ ਪੌਣ ਦਾ ਹੀਆ ਨਾ ਕਰਨ।  ਕੀ ਪਤੈ ਮੈਨੂੰ ਈ ਕੋਈ ਗਲ ਘੁੱਟ ਕੇ ਮਾਰ ਜੇ?  ਤੂੰ ਮੇਰਾ ਪੁੱਤ ਪਟਵਾਰੀ ਨੂੰ ਮਿਲ ਕੇ ਜਾਂ ਜਿਥੋਂ ਕਿਤੋਂ ਵੀ ਕੋਈ ਸਰਕਾਰੀ ਕਾਗਚ ਬਣਵਾਉਣੇ ਐ ਬਣਵਾ ਲੈ, ਮੇਰਾ ਪੁੱਤ।  ਬਈ ਜਿੰਨਾ ਚਿਰ ਮੈਂ ਹੈ-ਗੀਆਂ ਸਾਡੀ ਪੈਲੀ ਦੀ ਮਾਲਕ ਮੈਂ ਰਹੂੰ, ਮਗਰੋਂ ਸਾਡੀ ਪੈਲੀ ਸਾਰੇ ਪਿੰਡ ਦੀ ਸਾਂਝੀ ਹੋਊ।  ਸਰੀਕਾਂ ਨੂੰ ਤਾਂ ਮੈਂ ਇਹ ਉੱਕਾ ਈ ਦੇ ਕੇ ਰਾਜੀ ਨੀ।'' ਗੁਰਨੇਕ ਬੜੇ ਧਿਆਨ ਨਾਲ ਬੇਬੇ ਦੀਆਂ ਗੱਲਾਂ ਚੁੱਪ ਕਰਕੇ ਸੁਣੀ ਗਿਆ।  ਉਂਜ ਉਹਨੂੰ ਸਾਰੀ ਗੱਲ ਦੀ ਸਮਝ ਪਹਿਲਾਂ ਹੀ ਆ ਚੁੱਕੀ ਸੀ।
''ਚੰਗਾ ਬੇਬੇ ਤੂੰ ਭੋਰਾ ਫਿਕਰ ਨਾ ਕਰ।  ਨਾਲੇ ਕਿਸੇ ਕੋਲ ਹਾਅ ਗੱਲ ਦਾ ਧੂੰਆਂ ਵੀ ਨਾ ਕੱਢੀਂ ਬਈ ਤੈਥੋਂ ਪਿੱਛੋਂ ਪੈਲੀ ਪਿੰਡ ਦੇ ਨਾਂ ਹੋ-ਜੂਗੀ।  ਮੈਂ ਵਕੀਲ ਤੋਂ ਕਾਗਜ਼ ਤਿਆਰ ਕਰਵਾ ਕੇ ਤੇਰਾ ਅੰਗੂਠਾ ਲਵਾ ਕੇ ਕਾਗਜ਼ ਮੋੜ ਕੇ ਪਹੁੰਚਦੇ ਕਰ ਦੂੰਗਾ।  ਪਟਵਾਰੀ ਨਾਲ ਵੀ ਮੈਂ ਅੱਜ ਈ ਗੱਲ ਕਰ ਜਾਨੈ।  ਜੇ ਤੂੰ ਕਿਸੇ ਕੋਲ ਪਿੰਡ 'ਚ ਗੱਲ ਕੀਤੀ ਤਾਂ ਪਿੰਡ ਆਲੇ ਹੋਰ ਨਾ ਕੋਈ ਪੰਗਾ ਖੜ੍ਹਾ ਕਰਕੇ ਬਹਿ ਜਾਣ।  ਅਜ ਕੱਲ੍ਹ ਬੇਬੇ ਦੁਨੀਆਂ ਬੜੀ ਲਾਲਚੀ ਹੋਈ ਫਿਰਦੀ ਐ। ਆਪਣਿਆਂ ਦਾ ਭਰੋਸਾ ਨੀ ਬਗਾਨੇ ਕੀ ਆਖ!''  
''ਨਾ ਪੁੱਤ ਮੈਂ ਕਾਹਨੂੰ ਕਿਸੇ ਕੋਲ ਗੱਲ ਕਰਨੀ ਐ।  ਪਰ ਤੂੰ ਹਾਅ ਕੰਮ ਬੱਸ ਜਿੰਨਾ ਛੇਤੀ ਹੁੰਦੈ ਕਰ ਦੀਂ।  ਅੱਜ ਜੇ ਮਖਤਿਆਰ ਹੈ ਨੀ ਤਾਂ ਉਹਦੀ ਥਾਂ ਤਾਂ ਹੁਣ ਤੂੰ ਈ ਮੈਨੂੰ ਤਾਂ।''
''ਚੰਗਾ ਬੇਬੇ ਤੂੰ ਫਿਕਰ ਨਾ ਕਰੀਂ।  ਮੈਂ ਇਕ ਦੋ ਦਿਨਾਂ 'ਚ ਮੁੜ ਕੇ ਆਇਆ ਲੈ ਤੇਰੇ ਕੋਲ!''
ਗੁਰਨੇਕ ਨੇ ਘਰ ਪਹੁੰਚਣ ਤੋਂ ਪਹਿਲਾਂ ਰਾਜ ਕੁਮਾਰ ਵਕੀਲ ਨਾਲ ਸਾਰੀ ਸਲਾਹ ਕੀਤੀ।  ਉਸ ਨੇ ਪਟਵਾਰੀ ਨੂੰ ਗੰਢ ਕੇ ਰਿਕਾਰਡ ਮੰਗਵਾਉਣ ਲਈ ਕਿਹਾ ਤੇ ਨਾਲੇ ਸਾਰੇ ਤੌਰ-ਤਰੀਕੇ ਸਮਝਾਏ।  ਗੁਰਨੇਕ ਨੇ ਉਸ ਨਾਲ ਜਦੋਂ ਦਿਲ ਦੀ ਗੱਲ ਸਾਂਝੀ ਕੀਤੀ ਕਿ ਮੁਖਤਿਆਰ ਦੀ ਮਾਂ ਦੀ ਵਿੱਲ ਵਿਚ ਉਸ ਦੇ ਮਰਨ ਪਿੱਛੋਂ ਗੁਰਨੇਕ ਦੇ ਨਾਂ ਸਾਰੀ ਜ਼ਮੀਨ ਚੜ੍ਹ ਜਾਏਗੀ ਤਾਂ ਰਾਜ ਕੁਮਾਰ ਅੰਦਰਲੀ ਗੱਲ ਝੱਟ ਸਮਝ ਗਿਆ।
"ਕਵੀ ਸਾਹਬ 'ਕੱਲੇ-'ਕੱਲੇ ਤਾਂ ਨਾ ਲੱਡੂ ਤੁਸੀਂ ਬੁੱਕਲ ਵਿਚ ਭੰਨੋ।  ਕੁਝ ਸਾਡਾ ਵੀ ਖਿਆਲ ਕਰੋ।''
''ਰਾਜ ਕੁਮਾਰ ਜੀ ਤੁਹਾਡਾ ਪੂਰਾ ਖਿਆਲ ਰਖਿਆ ਜਾਵੇਗਾ।  ਤਸੱਲੀ ਰੱਖੋ।  ਬੱਸ ਤੁਸੀਂ ਵਿੱਲ ਤਿਆਰ ਕਰੋ।  ਕੱਲ ਨੂੰ ਹੀ ਮੈਂ ਪਟਵਾਰੀ ਤੋਂ ਜ਼ਰੂਰੀ ਕਾਗਜ਼ਾਤ ਤੁਹਾਨੂੰ ਲਿਆ ਦੇਵਾਂਗਾ।  ਤੁਸੀਂ ਸਾਡਾ ਖਿਆਲ ਰੱਖੋ ਅਸੀਂ ਤੁਹਾਡਾ ਰਖਾਂਗੇ।''
ਗੁਰਨੇਕ ਨੇ ਪਟਵਾਰੀ ਨੂੰ ਉਹਦਾ ਸਰਦਾ ਬਣਦਾ ਦੇ-ਦੁਆ ਕੇ ਪਹਿਲਾਂ ਜ਼ਮੀਨ ਮੁਖਤਿਆਰ ਦੀ ਮਾਂ ਦੇ ਨਾਂ ਚੜ੍ਹਵਾਈ ਅਤੇ ਫੇਰ ਉਸ ਕੋਲੋਂ ਜ਼ਮੀਨ ਦਾ ਸਾਰਾ ਰਿਕਾਰਡ ਲੈ ਲਿਆ।  ਅਗਲੇ ਦਿਨ ਸਾਰੇ ਕਾਗਜ਼ ਰਾਜ ਕੁਮਾਰ ਨੂੰ ਜਾ ਦਿਖਾਏ।  ਰਾਜਕੁਮਾਰ ਨੇ ਵੀ ਵਿੱਲ ਤਿਆਰ ਕਰਵਾ ਕੇ ਗੁਰਨੇਕ ਨੂੰ ਦੇਣ ਤੋਂ ਪਹਿਲਾਂ ਆਪਣਾ ਬਣਦਾ ਹਿੱਸਾ ਰਖਵਾ ਲਿਆ।  ਗੁਰਨੇਕ ਉਸੇ ਦਿਨ ਮੁਖਤਿਆਰ ਦੀ ਬੇਬੇ ਦਾ ਅੰਗੂਠਾ ਲਵਾ ਲਿਆਇਆ।  ਗਵਾਹਾਂ ਦੇ ਦਸਤਖਤਾਂ ਲਈ ਵੀ ਦੋ ਬੰਦੇ ਵਕੀਲ ਨੇ ਕਰ ਦਿੱਤੇ।  ਕਚਹਿਰੀਆਂ ਵਿਚੋਂ ਵਿੱਲ ਰਜਿਸਟਰ ਕਰਵਾ ਕੇ ਅਸਲੀ ਕਾਪੀ ਗੁਰਨੇਕ ਨੇ ਆਪਣੇ ਕੋਲ ਰੱਖ ਲਈ।  ਇਕ ਨਕਲ ਮਖਤਿਆਰ ਦੀ ਮਾਂ ਨੂੰ ਦਿੱਤੀ ਜਿਹੜੀ ਉਹਨੇ ਪੁਰਾਣੇ ਲਾਲ ਰੰਗ ਦੇ ਕਪੜੇ 'ਚ ਲਪੇਟੇ ਕਾਗਜ਼ਾਂ ਨਾਲ ਆਪਣੇ ਲਕੜ ਦੇ ਸੰਦੂਕ 'ਚ ਸੰਭਾਲ ਦਿੱਤੀ।

***

ਚਰਨਜੀਤ ਤੇ ਅੰਜਲੀ ਦੇ ਵਿਆਹ ਲਈ ਮਾਸਟਰ ਸਾਧੂ ਰਾਮ ਨੇ ਭਗਤ ਸਿੰਘ ਨੂੰ ਤਾਂ ਮਨਾ ਲਿਆ ਸੀ ਪਰ ਭਗਤ ਸਿੰਘ ਨੇ ਦਿਆਕੁਰ ਅਤੇ ਚਰਨਜੀਤ ਦੇ ਮਾਮੇ ਗੁਰਨਾਮ ਸਿੰਘ ਬਾਰੇ ਆਪਣਾ ਸ਼ੱਕ ਜ਼ਾਹਰ ਕੀਤਾ ਕਿ ਉਹ ਇਸ ਰਿਸ਼ਤੇ ਦੇ ਲਈ ਉੱਕਾ ਤਿਆਰ ਨਹੀਂ ਹੋਣਗੇ।  ਮਾਸਟਰ ਜੀ ਨੇ ਸਲਾਹ ਦਿੱਤੀ ਕਿ ਸੁਨੇਹਾ ਭੇਜ ਕੇ ਗੁਰਨਾਮ ਸਿੰਘ ਨੂੰ ਬੁਲਾ ਲਿਆ ਜਾਵੇ ਤਾਂ ਕਿ ਸਾਰੇ ਇਕੱਠੇ ਬਹਿ ਕੇ ਸਲਾਹ ਕਰ ਸਕਣ।
ਚੌਥੇ ਪੰਜਵੇਂ ਦਿਨ ਗੁਰਨਾਮ ਸਿੰਘ ਵੀ ਆ ਗਿਆ।  ਆਪਣੇ ਪਿੰਡ ਵਿਚ ਉਹ ਗੁਰਦੁਆਰੇ ਦਾ ਕਰਤਾ-ਧਰਤਾ ਵੀ ਸੀ ਅਤੇ ਉਹਦਾ ਅਸਰ-ਰਸੂਖ ਵੀ ਚੰਗਾ ਸੀ।
"ਲੈ ਯਾਰ ਭਗਸਿਆਂ, ਹੁਣ ਕਿਤੇ ਸਿੱਖਾਂ ਦਾ ਰਿਸ਼ਤਾ ਨੀ ਤੀ ਥਿਅਹਾਉਂਦਾ ਆਪਾਂ ਨੂੰ? ਸਿੱਖਾਂ ਦੀਆਂ ਕੁੜੀਆਂ ਦਾ ਕੋਈ ਕਾਲ ਪੈ ਗਿਆ? ਨਾਲੇ ਤੂੰ ਆਪ ਦੱਸ ਬਈ ਮੈਂ ਆਵਦੇ ਪਿੰਡ ਆਲਿਆਂ ਨੂੰ ਕੀ ਮੂੰਹ ਦਖਾਊਂ? ਕੀ ਆਖੂੰ ਬਈ ਭਾਣਜੇ ਨੂੰ ਅਸੀਂ ਕਿਥੇ ਵਿਆਹੁਣ ਚੱਲੇ ਐਂ? ਇਹ ਤਾਂ ਆਪਣੀ ਬੇੜੀ 'ਚ ਆਪ ਈ ਬੱਟੇ ਪੌਣ ਆਲੀ ਗੱਲ ਹੋ-ਗੀ।''
"ਗੁਰਨਾਮ ਬੀਰੇ, ਨੇਕ ਦਾ ਬਾਪੂ ਤਾਂ ਲਾਈ-ਲੱਗ ਐ।  ਔਹ ਮਾਸਟਰ ਸਾਧੂ ਰਾਮ ਨੇ ਪਤਾ ਨੀ ਕੀ ਸਿਰ 'ਚ ਘੋਲ 'ਕੇ ਪਾ-ਤਾ ਇਹਦੇ।  ਓਦੇਂ ਦਾ ਕਹਿੰਦਾ ਫਿਰਦੈ, ਮੈਨੂੰ ਤਾਂ ਕੋਈ 'ਤਰਾਜ ਨੀ।  ਪੁੱਤ ਅਸੀਂ ਵਿਆਹੁਣੈ ਕਿ ਸਾਧੂ ਰਾਮ ਨੇ? ਉਹਦੇ ਆਵਦੇ ਤਾਂ ਅੱਗੇ ਪਿੱਛੇ ਕੋਈ ਹੈ-ਨੀ।  ਉਹਨੂੰ ਕੀ ਪਤੈ ਬਈ ਜੁਆਕ ਕਿਮੇ ਪਾਲ਼ੀਦੇ ਹੁੰਦੇ ਐ।  ਵੱਡਾ ਮੋਹਤਬਰ ਬਣਿਆ ਫਿਰਦੈ।''
ਭਗਤ ਸਿੰਘ ਪਹਿਲਾਂ ਚੁੱਪ ਕਰਕੇ ਦੋਹਾਂ ਦੀਆਂ ਗੱਲਾਂ ਸੁਣਦਾ ਰਿਹਾ।  ਉਸਨੂੰ ਇਹ ਭਰੋਸਾ ਸੀ ਕਿ ਜੇ ਚਰਨਜੀਤ ਨੇ ਆਪਣਾ ਜੀਵਨ ਸਾਥੀ ਆਪ  ਈ ਕਿਸੇ ਕੁੜੀ ਨੂੰ ਚੁਣ ਲਿਐ ਤਾਂ ਇਹਦੇ ਵਿਚ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।  ਉਹ ਪੜ੍ਹਿਆ ਲਿਖਿਐ ਤੇ ਸਿਆਣੈ।  ਨਾਲੇ ਫੇਰ ਉਹਨਾਂ ਨੇ ਕਿਹੜਾ ਏਥੇ ਘਰੇ ਆ ਕੇ ਸਾਡੇ ਕੋਲ ਰਹਿਣੈ।  ਜਿਹੜੇ ਨਾਲ ਰਹਿੰਦੇ ਐ ਉਹ ਕਿੰਨੀ ਕੁ ਬਾਤ ਪੁਛਦੇ ਐ? ਭਾਵੇਂ ਕੋਈ ਮਰੇ ਕੋਈ ਜੀਵੇ, ਗੁਰਨੇਕ ਨੇ ਕਦੇ ਥੱਲੇ ਉਤਰ ਕੇ ਝਾਕ ਕੇ ਵੀ ਨਹੀਂ ਦੇਖਿਆ।  ਅਸੀਂ ਕਿਉਂ ਐਵੇਂ ਬੁਰੇ ਬਣੀਏ ਤੇ ਉਲਾਦ ਨੂੰ ਖਾਹ-ਮਖਾਹ ਦੁਖੀ ਕਰੀਏ।  ਹਰ ਕੋਈ ਆਪਣੀਆਂ ਬਣੀਆਂ ਆਪ ਈ ਨਬੇੜਦੈ।  ਨਾਲੇ ਹੁਣ ਪੁਰਾਣੇ ਜ਼ਮਾਨੇ ਥੋੜੋ ਈ ਨੇ?
"ਚਲੋ ਠੀਕ ਐ, ਆਪਾਂ ਇਕ ਵਾਰੀ ਮਾਸਟਰ ਜੀ ਨਾਲ ਬਹਿ ਕੇ ਸਲਾਹ ਤਾਂ ਕਰ ਈ ਸਕਦੇ ਐਂ।  ਇਹਦੇ 'ਚ ਹਰਜ ਵੀ ਕੀ ਐ? ਉਹ ਪੜ੍ਹੇ ਲਿਖੇ ਸਿਆਣੇ ਬੰਦੇ ਐ।  ਲੋਕਾਂ 'ਚ ਉਹਨਾਂ ਦਾ ਇੱਜ਼ਤ-ਮਾਨ ਐ।  ਕੋਈ ਪੁੱਠੀ ਮੱਤ ਤਾਂ ਨੀ ਉਹਨਾਂ ਨੇ ਦੇਣੀ?  ਉਹਨਾਂ ਦੀ ਗੱਲ ਸੁਣਨ 'ਚ ਆਪਾਂ ਨੂੰ ਕੋਈ 'ਤਰਾਜ ਵੀ ਨਹੀਂ ਹੋਣਾ ਚਾਹੀਦਾ।''
"ਚਲ ਜੇ ਜ਼ਰੂਰੀ ਜਾਣੈ ਤਾਂ ਆਪਾਂ ਗੁਰਨੇਕ ਨੂੰ ਵੀ ਨਾਲ ਲੈ ਚਲਦੇ ਐਂ।  ਹੁਣ ਤਾਂਈਂ ਤਾਂ ਸਕੂਲੋਂ ਆ ਗਿਆ ਹੋਣੈ।  ਘਰ ਦੇ ਸਾਰੇ ਜੀਆਂ ਦੀ ਸਲਾਹ ਲੈ ਲੈਣੀ ਚੰਗੀ ਹੁੰਦੀ ਐ।  ਭਾਈ ਦਿਆਕੁਰੇ ਮਾਰ 'ਵਾਜ ਗੁਰਨੇਕ ਨੂੰ।''  ਗੁਰਨਾਮ ਸਿੰਘ ਨੇ ਆਪਣੀ ਸਿਆਣੀ ਰਾਏ ਦਿੰਦਿਆਂ ਕਿਹਾ।  ਗੁਰਨੇਕ ਨੂੰ ਪਹਿਲਾਂ ਤੋਂ ਈ ਜਿਵੇਂ ਪਤਾ ਸੀ।  ਉਹਨੇ ਆਪਣੀ ਪਤਨੀ ਨੂੰ ਸਿਖਾ ਛੱਡਿਆ ਸੀ ਕਿ ਜਦੋਂ ਵੀ ਕਦੇ ਏਹੋ ਜਿਹੀ ਆਵਾਜ਼ ਪਵੇ ਤਾਂ ਕੀ ਕਹਿਣਾ ਹੈ।  ਦਿਆਕੁਰ ਦੇ ਦੋ ਕੁ ਆਵਾਜ਼ਾਂ ਮਾਰਨ ਪਿੱਛੋਂ ਬਸੰਤ ਨੇ ਚੁਬਾਰੇ ਦੇ ਵਰਾਂਡੇ ਦੀ ਖਿੜਕੀ ਵਿਚੋਂ ਝਾਕਦਿਆਂ ਪੁੱਛਿਆ-
''ਦੱਸੋ ਬੇਬੇ ਜੀ ਕੀ ਗੱਲ ਐ?''
"ਕੁੜੇ ਬਹੂ ਆ ਭੇਜੀਂ ਨੇਕ ਨੂੰ, ਅਸੀਂ ਸਾਧੂ ਰਾਮ ਮਾਸਟਰ ਦੇ ਘਰੇ ਜਾਣੈ ਕੋਈ ਸਲਾਹ ਕਰਨ, ਚਰਨਜੀਤ ਦੇ ਵਿਆਹ ਦੀ।''
"ਉਹ ਤਾਂ ਜੀ ਹੈ ਨੀ।  ਕਿਤੇ ਗਏ ਵੇ ਐ।  ਕਹਿੰਦੇ ਸੀ ਨ੍ਹੇਰੇ ਹੋਏ ਮੁੜਨਗੇ।'' ਬਸੰਤ ਨੇ ਜਵਾਬ ਦਿੱਤਾ। ਬਸੰਤ ਨੇ ਜਵਾਬ ਦਿੱਤਾ।
ਗੁਰਨੇਕ ਚੁਬਾਰੇ ਵਿਚ ਬੈਠਾ ਕੋਈ ਚਿੱਠੀ ਲਿਖਦਾ ਰਿਹਾ ਜਾਂ ਕਵਿਤਾ। ਬਸੰਤ ਨੇ ਜਾ ਕੇ ਜਦੋਂ ਸਾਰੀ ਗੱਲ ਦੱਸੀ ਤਾਂ ਉਸ ਨੇ ਕਿਹਾ, ''ਚਲ ਚੰਗਾ ਕੀਤਾ।  ਆਪਾਂ ਕੀ ਲੈਣੈ ਵਿਚੋਂ।  ਐਵੇਂ ਵਾਧੂ ਅਸੀਂ ਕਿਉਂ ਬੁਰੇ ਬਣੀਏ?''
ਹੇਠਾਂ ਭਗਤ ਸਿੰਘ ਗੁਰਨਾਮ ਸਿੰਘ ਨੂੰ ਸਮਝਾ ਰਿਹਾ ਸੀ।
"ਓ ਛੱਡ ਯਾਰ।  ਉਹ ਤਾਂ ਮੁੱਲ ਦਾ ਮੂਤਦੈ।  ਕਦੇ ਕਿਸੇ ਦੀ ਵਿਆਹ ਸ਼ਾਦੀ 'ਤੇ ਤਾਂ ਕੀ ਜਾਣਾ ਸੀ ਉਹ ਤਾਂ ਕਿਸੇ ਦੀ ਮਕਾਣ ਵੀ ਨੀ ਜਾਂਦਾ, ਜੀਹਨੂੰ ਤੁਸੀਂ ਹਾਕਾਂ ਮਾਰੀ ਜਾਨੇ ਓਂ।''
''ਚਲ ਕੋਈ ਨੀ ਆਪਣਾ ਫਰਜ਼ ਤੀ ਬਈ ਆਪਾਂ ਘਰ ਦੇ ਜੀ ਨੂੰ ਨਾਲ ਲੈ ਕੇ ਚਲੀਏ।  ਆਪਣੇ 'ਚ ਤਾਂ ਓਹੀ ਬਹੁਤਾ ਪੜ੍ਹਿਐ।  ਫੇਰ ਸਲਾਹ ਕਰ ਲਾਂਗੇ ਜੇ ਲੋੜ ਪਈ।'' ਗੁਰਨਾਮ ਸਿੰਘ ਨੇ ਗੱਲ ਮੋੜੀ।
ਦਿਆਕੁਰ ਤੇ ਗੁਰਨਾਮ ਸਿੰਘ ਕੁੜ-ਕੁੜ ਕਰਦੇ ਭਗਤ ਸਿੰਘ ਦੇ ਮਗਰ ਮਾਸਟਰ ਸਾਧੂ ਰਾਮ ਦੇ ਘਰ ਨੂੰ ਤੁਰ ਪਏ।  ਮਾਸਟਰ ਜੀ ਤੇ ਉਹਨਾਂ ਦੀ ਪਤਨੀ ਨੇ ਉਹਨਾਂ ਦੇ ਪਹੁੰਚਣ ਤੇ ਖ਼ੁਸ਼ੀ ਜ਼ਾਹਰ ਕੀਤੀ।  ਮੰਜਾ ਡਾਹ ਕੇ ਆਦਰ-ਮਾਨ ਨਾਲ ਬਿਠਾਇਆ ਤੇ ਚਾਹ-ਪਾਣੀ ਦੀ ਸੇਵਾ ਮਗਰੋਂ ਸੁੱਖ-ਸਾਂਦ ਪੁੱਛੀ ਤੇ ਕਿਹਾ ਕਿ ਧੰਨ-ਭਾਗ ਜਿਹੜੇ ਉਹ ਕਿਸੇ ਬਹਾਨੇ ਹੀ ਸਹੀ, ਉਹਨਾਂ ਦੇ ਘਰ ਤਾਂ ਆਏ।  ਗੁਰਨਾਮ ਸਿੰਘ ਤੇ ਦਿਆਕੁਰ ਬੱਧੇ-ਰੁੱਧੇ ਜਿਹੇ ਭਗਤ ਸਿੰਘ ਨਾਲ ਮਾਸਟਰ ਜੀ ਦੇ ਘਰ ਆ ਤਾਂ ਗਏ ਸਨ ਪਰ ਦਿਲੋਂ ਖ਼ੁਸ਼ ਨਹੀਂ ਸਨ।
''ਹੋਰ ਸੁਣਾਓ ਪਿਆਰੇ ਭਾਈ ਗੁਰਨਾਮ ਸਿੰਘ ਜੀ, ਕਿਆ ਹਾਲ ਐ ਥੁਆਡਾ? ਪਿੰਡ ਸਭ ਸੁੱਖ-ਸਾਂਦ ਐ ਜੀ?'' ਮਾਸਟਰ ਜੀ ਨੇ ਗੱਲ ਤੋਰਨ ਦੇ ਲਹਿਜੇ ਵਿਚ ਕਿਹਾ।
''ਬੱਸ ਮਾਸਟਰ ਜੀ ਕਿਰਪੈ ਥੋਡੀ।  ਜਿਹੜੇ ਰਿਸਤੇ ਦੀ ਗੱਲ ਕਰਨ ਵਾਸਤੇ ਤੁਸੀਂ ਸਾਨੂੰ ਬੁਲਾਇਐ, ਉਹ ਨੀ ਜੀ ਸਾਨੂੰ ਮੰਨਜੂਰ।  ਫੇਰ ਨਾ ਕਿਹੋ ਕਿ ਅਸੀਂ ਕਹਿਆ ਨੀ ਤੀ।''
"ਲਓ ਸੁਣ ਲਓ ਬਾਤ! ਕੋਈ ਕਿਧਰੇ ਰਿਸ਼ਤਾ ਅਜੇ ਪੱਕਾ ਨੀ ਹੋਇਆ।  ਮਨਜ਼ੂਰੀ ਕਿਹੜੀ ਗੱਲ ਦੀ? ਆਪਾਂ ਨੇ ਤਾਂ 'ਕੱਠੇ ਬੈਠ ਕੇ ਦੋ ਚਾਰ ਬਾਤਾਂ ਕਰਨੀਐਂ ਔਰ ਆਪਣੀ ਰਾਏ ਦੱਸਣੀ ਐ।  ਨਹੀਂ ਹੋਊ ਤਾਂ ਨਾ ਸਹੀ।  ਕਿਸੇ ਨੂੰ ਕੋਈ ਮਜਬੂਰੀ ਤਾਂ ਨਹੀਂ।  ਨਾ ਹੀ ਕੋਈ ਜ਼ਬਰਦਸਤੀ ਐ।  ਥੁਆਡੇ ਕਹੇ ਬਗੈਰ ਕੋਈ ਗੱਲ ਨੀ ਹੋਣੀ।  ਨਾਲੇ ਸਭ ਦੀ ਸਹਿਮਤੀ ਹੋਣੀ ਚਾਹੀਦੀ ਐ।  ਇਹ ਬਹੁਤ ਜ਼ਰੂਰੀ ਐ।  ਥੁਆਨੂੰ ਤਾਂ ਪਤਾ ਈ ਐ, ਬਈ ਮੇਰੀ ਲੜਕੀ ਵਾਲਿਆਂ ਗੈਲ ਕੋਈ ਰਿਸ਼ਤੇਦਾਰੀ ਜਾਂ ਜਾਣ-ਪਛਾਣ ਹੈ ਨੀ।  ਪਿਛਲੇ ਵਾਰੀ ਜੋ ਜੋ ਗੱਲਾਂ ਚਰਨੀ ਬੇਟਾ ਦੱਸ ਗਿਆ ਥਾ ਓਹੀ ਮੈਂ ਨੋਟ ਕਰ ਰੱਖੀਐਂ।  ਬਾਕੀ ਆਪਾਂ ਆਪਣੇ ਟੱਬਰਾਂ ਦਾ ਔਰ ਆਪਣੇ ਬੱਚਿਆਂ ਦਾ ਖਿਆਲ ਕਰਨੈ।  ਇਹ ਤਾਂ ਆਪਣੀ ਸਭ ਤੋਂ ਪਹਿਲੀ ਜ਼ਿੰਮੇਦਾਰੀ ਐ ! ਹੈ ਕ ਨਹੀਂ?''
"ਉਹ ਤਾਂ ਜੀ ਥੋਡੀ ਗੱਲ ਸਿਆਣੀ ਐ, ਪਰ...।'' ਗੁਰਨਾਮ ਸਿੰਘ ਨੇ ਗੱਲ ਅੱਗੇ ਤੋਰਨੀ ਚਾਹੀ ਪਰ ਸਾਧੂ ਰਾਮ ਨੇ ਕਿਹਾ-
''ਭਾਈ ਸਾਹਬ ਮੁਆਫ ਕਰਨਾ ਮੈਂ ਥੁਆਡੀ ਗੱਲ ਬਿੱਚ ਮਾਂ ਤੇ ਟੋਕ ਰਿਹਾਂ। ਪਹਿਲਾਂ ਇਹ ਦੱਸੋ ਆਪਾਂ ਨੂੰ ਸਾਰਿਆਂ ਨੂੰ ਗੁਰਬਾਣੀ ਮਾਂ, ਗੁਰੂ ਗ੍ਰੰਥ ਮਾਂ ਪੱਕਾ ਵਿਸ਼ਵਾਸ ਤਾਂ ਹੈ ਈ ਨਾ? ਬੱਸ ਫੇਰ ਪਹਿਲੀ ਗੱਲ ਇਹ ਕਿ ਦਸਮੇਂ ਗੁਰੂ ਫੁਰਮਾ ਗਏ ਥੇ ਕਿ ਮਾਣਸ ਕੀ ਜਾਤ ਸਭੈ ਏਕੈ ਪਹਿਚਾਨਬੋ ! ਹੈ ਕ ਨਹੀਂ?'' ਕੁਝ ਦੇਰ ਚੁੱਪ ਛਾਈ ਰਹੀ।  ਅਖੀਰ ਗੁਰਨਾਮ ਸਿੰਘ ਨੇ ਹੁੰਗਾਰਾ ਭਰਿਆ।
''ਹਾਂ-ਜੀ।  ਗੁਰਬਾਣੀ ਵੀ ਕਦੇ ਗਲਤ ਹੋ ਸਕਦੀ ਐ।  ਉਹ ਤਾਂ ਗਰਿਸਤ ਜੀਵਨ ਦਾ ਰਾਹ ਦਖੌਂਦੀ ਐ।''
''ਬੱਸ ਮੇਰੇ ਕਹਿਣ ਦਾ ਤਾਤਪਰਜ ਏਹੀ ਐ ਕਿ ਬਈ ਰੱਬ ਨੇ ਸਾਰੇ ਬੰਦੇ ਇਕੋ ਜੇ ਬਣਾਏ ਐ, ਪਰ ਬੰਦੇ ਨੇ ਕੀ ਕੀਤਾ? ਬੰਦੇ ਨੇ ਆਪਣੇ ਹਿਸਾਬ ਮੁਤਾਬਿਕ ਖੁਦ ਏਸ ਧਰਤੀ ਤੇ ਅਲੱਗ-ਅਲੱਗ ਧਰਮ ਔਰ ਜਾਤੀਆਂ ਬਣਾ ਧਰੇ।  ਕਿਉਂ? ਕਿਉਂਕਿ ਐਸਾ ਕਰਨ ਮਾਂ  ਉਸਦਾ ਆਪਣਾ ਸਵਾਰਥ ਜੋ ਪੂਰਾ ਹੁੰਦੈ।  ਮੈਨੂੰ ਗੁਰਬਾਣੀ ਬਹੁਤੀ ਤਾਂ ਯਾਦ ਨਹੀਂ ਪਰ ਕਈ ਸ਼ਬਦ ਮੈਨੂੰ ਨਹੀਂ ਭੁਲਦੇ।  ਮਹਾਰਾਜ ਨੇ ਫੁਰਮਾਇਐ-
'ਰਾਜੁ ਮਾਲੁ ਰੂਪ ਜਾਤਿ ਜੋਬਨ ਪੰਜੇ ਠਗ।।
ਏਨੀ ਠਗੀਂ ਜਗੁ ਠਗਿਆ, ਕਿਨੈ ਨ ਰਖੀ ਲਜ।।'
ਇਹ ਪੰਜੇ ਠੱਗ ਆਪਾਂ ਰੋਜ਼ ਦੇਖਦੇ ਆਂ। ਹੈ ਕ ਨਹੀਂ? ਸੋ ਆਪਣੀ ਪਹਿਲੀ ਬਾਤ ਤਾਂ ਇਹ ਐ ਕਿ ਆਪਾਂ ਸਾਰੇ ਏਸ ਗੱਲ ਪਰ ਸਹਿਮਤ ਆਂ ਕਿ ਜਾਤ-ਪਾਤ ਕੇ ਬਿਚ ਮਾਂ ਘਟੀਆ ਲੋਕ ਪੜਿਆ ਕਰਦੇ ਐਂ।''
"ਪਰ ਮਾਸਟਰ ਜੀ ਕੁੜੀ ਤਾਂ ਹਿੰਦੂਆਂ ਦੇ ਘਰੋਂ ਈ ਐ ਨਾ?'' ਦਿਆਕੁਰ ਵਿਚੋਂ ਬੋਲੀ।  ਉਹ ਮਾਸਟਰ ਜੀ ਦੀ ਇੱਜ਼ਤ ਕਰਦਿਆਂ ਉਹਨਾਂ ਤੋਂ ਘੁੰਡ ਕਢਦੀ ਹੁੰਦੀ।  ਭਾਵੇਂ ਚਰਨਜੀਤ ਉਹਨਾਂ ਨੂੰ ਚਾਚਾ ਜੀ ਕਹਿੰਦਾ ਸੀ ਤੇ ਭਗਤ ਸਿੰਘ ਵੀ ਉਹਨਾਂ ਤੋਂ ਉਮਰ 'ਚ ਦੋ ਚਾਰ ਸਾਲ ਵੱਡਾ ਈ ਸੀ।  ਫੇਰ ਵੀ ਮਾਸਟਰ ਜੀ ਨੂੰ ਪੜ੍ਹਿਆ-ਲਿਖਿਆ ਸਮਝ ਕੇ ਉਹਨਾਂ ਦੀ ਦਿਲੋਂ ਇੱਜ਼ਤ ਕਰਦੀ ਅਤੇ ਅਗੋਂ ਕਦੇ ਸ਼ਰਮ ਦੀ ਮਾਰੀ ਉਹਨਾਂ ਅੱਗੇ ਵੀ ਨਹੀਂ ਸੀ ਬੋਲੀ।  ਉਂਜ ਵੀ ਸਾਰਾ ਸ਼ਹਿਰ ਹੀ ਮਾਸਟਰ ਸਾਧੂ ਰਾਮ ਦੀ ਸਿਆਣਪ ਕਰਕੇ ਇੱਜ਼ਤ ਕਰਦਾ।  ਉਹਨੀਂ ਦਿਨੀਂ ਸਕੂਲ ਦੇ ਮਾਸਟਰਾਂ ਦੀ ਲੋਕ ਆਮ ਲੋਕਾਂ ਨਾਲੋਂ ਬਹੁਤਾ ਪੜ੍ਹੇ-ਲਿਖੇ ਹੋਣ ਕਰਕੇ ਇੱਜ਼ਤ ਕਰਦੇ।  ਇਹ ਇਕ ਆਮ ਜਿਹਾ ਰਿਵਾਜ ਸੀ।  ਜਿਹੜਾ ਮਾਸਟਰ ਬੱਚਿਆਂ ਨੂੰ ਕੁੱਟਣ ਕਰਕੇ ਵੀ ਮਸ਼ਹੂਰ ਹੁੰਦਾ ਲੋਕ ਉਹਨੂੰ ਵੀ ਬੁਰਾ ਨਾ ਆਖਦੇ।  ਪੜ੍ਹਾਈ ਸਮੇਂ ਦੀ ਕੁੱਟ ਨੂੰ ਉਹ ਬੱਚਿਆਂ ਦੀ ਭਲਾਈ ਹੀ ਸਮਝਦੇ।
ਪਰ ਅੱਜ ਦਿਆਕੁਰ ਨੇ ਇਹ ਗੱਲ ਅਣਸਰਦੇ ਨੂੰ ਆਪਣਾ ਪੂਰਾ ਜ਼ੋਰ ਲਾ ਕੇ ਆਖੀ।  ਉਹਨੂੰ ਆਪਣਾ ਮੁੰਡਾ ਹਿੰਦੂਆਂ ਦੇ ਘਰ ਵਿਆਹੁਣਾ ਕੋਈ ਅਣਹੋਣੀ ਜਿਹੀ ਗੱਲ ਲਗਦੀ ਸੀ।  ਉਹ ਕਿਵੇਂ ਵੀ ਇਸ ਰਿਸ਼ਤੇ ਨੂੰ ਮੰਨਣ ਵਾਸਤੇ ਤਿਆਰ ਨਹੀਂ ਸੀ।
''ਹਾਂ-ਹਾਂ।  ਦਿਆਕੁਰ ਮੇਰੀ ਬੀਬੀ ਭੈਣ।  ਇਹ ਤੇਰੀ ਬਾਤ ਬਿਲਕੁਲ ਸਹੀ ਐ, ਦਰੁਸਤ ਐ।  ਜਿਹੜੇ ਰਿਸ਼ਤੇ ਦੀ ਅੱਜ ਆਪਾਂ ਗੱਲ ਕਰ ਰਹੇ ਐਂ ਉਹ ਲੜਕੀ ਹਿੰਦੂ ਘਰਾਣੇ ਦੀ ਹੀ ਐ।  ਪਰ ਇਕ ਬਾਤ ਮੈਂ ਕਹਿਣੀ ਐ ਬਈ ਸਾਡੇ ਲੜਕੇ ਚਰਨਜੀਤ ਨੂੰ ਉਹ ਲੜਕੀ ਪਸੰਦ ਐ ਔਰ ਲੜਕੀ ਨੂੰ ਬੀ ਲੜਕਾ ਪਸੰਦ ਐ।  ਦੋਨੋਂ ਡਾਕਟਰ ਐਂ ਔਰ ਇਕੋ ਜਗਾ ਕੰਮ ਕਰਦੇ ਐਂ।  ਮੈਂ ਆਪ ਨੂੰ ਅਗੇ ਇਕ ਹੋਰ ਗੁਰੂ ਸਾਹਬ ਦਾ ਫੁਰਮਾਨ ਦੱਸ ਦਿਆਂ ਕਿ-
'ਜਾਤਿ ਜਨਮ ਨਹ ਪੂਛੀਐ, ਸਭ ਘਰੁ ਲੇਹੁ ਬਤਾਇ।।
ਸਾ ਜਾਤਿ ਸਾ ਪਤਿ ਹੈ, ਜੇਹੇ ਕਰਮ ਕਮਾਇ।।'
ਬੰਦੇ ਦੀ ਜਾਤ ਮਾੜੀ ਨਹੀਂ ਹੁੰਦੀ ਉਹਦੇ ਕਰਮ ਮਾੜੇ ਹੁੰਦੇ ਐ।  ਮਾੜੇ ਕਰਮ ਕਰਨ ਵਾਲਾ ਬੰਦਾ ਮਾੜਾ ਈ ਮਾੜਾ ਭਾਵੇਂ ਉਹ ਕਿਸੇ ਬੀ ਜਾਤ ਦਾ ਹੋਵੇ।  ਹੈ ਕ ਨਹੀਂ? ਅਗਰ ਇਹ ਬੱਚਿਆਂ ਨੇ ਅੱਛੇ ਕਰਮ ਕਮਾਏ ਹੋਏ ਐਂ।  ਹੈ ਬੀ ਗੱਲ ਸਹੀ ਐਨਾ ਐਵੇਂ ਤਾਂ ਨਹੀਂ ਪੜ੍ਹ ਲਿਖ ਗਏ?  ਤਾਂ ਫੇਰ ਆਪਾਂ ਜਾਤ-ਪਾਤ ਦੇ ਝਗੜਿਆਂ ਮਾਂ ਕਿਉਂ ਪਈਏ? ਗੁਰੂ ਸਾਹਬ ਦੀ ਗੱਲ ਕਿਉਂ ਨਾ ਸੁਣੀਏ? ਹੈਂ? ਤੁਸੀਂ ਲੋਕਾਂ ਨੇ ਬੀ ਕਿਹੜਾ ਕੋਈ ਬੁਰਾ ਕਰਮ ਕੀਤੈ ਅਜ ਤਾਂਈ।  ਦੱਸੋ? ਇਸ ਮਾਂ ਮੇਰਾ ਕੀ ਸਵਾਰਥ ਐ? ਆਪਾਂ ਨੂੰ ਸਾਫ ਸੁਥਰੀ ਗੱਲ ਕਰਕੇ ਸੱਚੇ ਮਨ ਨਾਲ ਫੈਸਲੇ ਕਰਨੇ ਚਾਹੀਦੇ ਐ।  ਹੈ ਕ ਨਹੀਂ? ਅਗਰ ਲੜਕੀ ਸੁੰਦਰ ਐ, ਸ਼ੁਸ਼ੀਲ ਐ, ਪੜ੍ਹੀ ਲਿਖੀ ਐ, ਕਿਸੇ ਗੱਲੋਂ ਸਾਡੇ ਲੜਕੇ ਤੋਂ ਘੱਟ ਨਹੀਂ, ਪਰਿਵਾਰ ਅੱਛਾ, ਭਲਾਮਾਣਸ ਐ ਫੇਰ ਕਿਸੇ ਦੀ ਜਾਤ ਕਿਉਂ ਪੁਛਣੀ ਹੋਈ।  ਫੁਰਮਾਨ ਐ ਕਿ-
'ਜਾਣਹੁ ਜੋਤਿ ਨਾ ਪੂਛਹੁ ਜਾਤੀ ਆਗੈ ਜਾਤਿ ਨ ਹੇ।।'
ਅਗਰ ਕਿਸੀ ਬੰਦੇ ਮਾਂ ਰੱਬ ਦੀ ਜੋਤ ਜਗ ਰਹੀ ਐ।  ਵੈਸੇ ਤਾਂ ਸਭ ਮਾਂ ਈ ਰੱਬ ਦੀ ਜੋਤ ਹੈ ਪਰ ਜੋ ਕਰਮ ਮਾੜੇ ਕਰੇ ਉਹ ਠੀਕ ਨਹੀਂ।  ਸੋ ਜੇ ਅਗੇ ਜਾ ਕੇ ਜਾਤ ਨਹੀਂ ਐ ਤਾਂ ਆਪਾਂ ਏਥੇ ਜਾਤੀ ਕਿਉਂ ਪੁੱਛੀਏ? ਹੈ ਕਿ ਨਹੀਂ?''
ਮਾਸਟਰ ਜੀ ਨੇ ਆਪਣੀਆਂ ਦਲੀਲਾਂ ਨਾਲ ਸਭ ਨੂੰ ਨਿਰਉੱਤਰ ਕਰ ਦਿੱਤਾ।  ਕੁਝ ਦੇਰ ਚੁੱਪ ਛਾਈ ਰਹੀ।  ਮਾਸਟਰ ਜੀ ਵੀ ਉਡੀਕ ਰਹੇ ਸਨ ਕਿ ਜੇ ਕਿਸੇ ਨੂੰ ਅਜੇ ਵੀ ਕੋਈ ਭੁਲੇਖਾ ਹੈ ਤਾਂ ਦੂਰ ਕਰ ਲਿਆ ਜਾਵੇ।
"ਅੱਛਾ।  ਚਲੋ, ਅਸੀਂ ਸਾਰੇ ਇਕ ਗੱਲ ਪਰ ਤਾਂ ਹੁਣ ਸਹਿਮਤ ਹੋ ਈ ਗਏ ਆਂ ਬਈ ਜਾਤ-ਪਾਤ ਦਾ ਕੋਈ ਬੰਧਨ ਆਪਾਂ ਨਹੀਂ ਮੰਨਦੇ ਕਿਉਂਕਿ ਗੁਰੂਆਂ ਦੀ ਬਾਣੀ ਦਾ ਸਤਿਕਾਰ ਬੀ ਤਾਂਹੇ ਹੋਊ ਜੇ ਆਪਾਂ ਫੁਰਮਾਨ ਦੇ ਕਹਿਣੇ ਮਾਂ ਰਹੀਏ।  ਕਿਉਂ ਭਾਈ ਗੁਰਨਾਮ ਸਿੰਘ ਜੀ ਤੇ ਭਗਤ ਸਿੰਘ ਜੀ? ਹੈ ਕਿ ਨਹੀਂ? ਬਾਕੀ ਸੁਣ ਕੇ ਸਭ ਦੀ ਰਾਏ ਕਾਇਮ ਹੋ ਚੁੱਕੀ ਹੋਵੇ ਤਾਂ ਆਪਾਂ ਲੜਕੀ ਵਾਲਿਆਂ ਗੈਲ ਗੱਲ ਹੋਰ ਅਗੇ ਚਲਾਈਏ।  ਕੋਈ ਜ਼ਰੂਰੀ ਨਹੀਂ ਕਿ ਆਪਾਂ ਉਹਨਾਂ ਦੀ ਹਾਂ ਏ ਮੰਨ ਕੇ ਚਲੀਏ।  ਉਹਨਾਂ ਨੂੰ ਵੀ ਤਾਂ ਸਾਡੇ ਵਰਗਾ ਕੋਈ ਇਤਰਾਜ਼ ਹੋ ਈ ਸਕਦੈ।  ਪਰ ਜਿਮੇ ਮੈਨੂੰ ਚਰਨੀ ਬੇਟੇ ਨੇ ਦੱਸਿਆ ਥਾ ਬਈ ਉਹ ਬਹੁਤ ਹੀ ਚੰਗੇ ਲੋਕ ਐਂ।  ਪਰ ਗੱਲ ਕਰਨ ਮਾਂ ਹਰਜ ਈ ਕਿਆ ਐ?''
''ਮਾਸਟਰ ਜੀ ਥੋਡੀਆਂ ਗੱਲਾਂ ਦਾ ਜਵਾਬ ਤਾਂ ਸਾਨੂੰ ਕੋਈ ਔੜਦਾ ਨੀ ਪਰ ਸਾਨੂੰ ਇਹ ਦੱਸੋ ਬਈ ਅਸੀਂ ਆਪਣੀ ਬਰਾਦਰੀ ਵਾਲਿਆਂ ਨੂੰ ਤੇ ਰਿਸ਼ਤੇਦਾਰਾਂ ਨੂੰ ਕੀ ਜਵਾਬ ਦੇਮਾਂਗੇ?  ਕੱਲ੍ਹ ਨੂੰ ਉਹ ਵੀ ਤਾਂ ਸਾਨੂੰ ਬਹਾ ਕੇ ਪੁਛਣਗੇ ਈ?''
''ਵਾਹ! ਇਸ ਮਾਂ ਕਿਆ ਅੜਚਨ ਐ? ਜੋ ਕੁਛ ਆਪਾਂ ਨੇ ਏਥੇ ਬੈਠ ਕੇ ਬਾਤ ਚੀਤ ਕਰਕੇ ਇਕ ਦੂਜੇ ਨਾਲ ਸਹਿਮਤੀ ਪ੍ਰਗਟਾਈ ਐ ਉਹਨਾਂ ਗੈਲ ਵੀ ਕਰ ਸਕਦੇ ਐਂ।  ਪਰ ਤੁਸੀਂ ਸਾਰੇ ਇਹ ਦੱਸੋ ਬਈ ਇਸ ਰਿਸ਼ਤੇ ਮਾਂ ਬੁਰਾਈ ਕਿਆ ਐ? ਹੈ ਕੋਈ? ਨਹੀਂ ਨਾ! ਬੱਸ ਫੇਰ ਚੰਗੀ ਗੱਲ ਅਗੇ ਤੋਰਨੀ ਚੰਗੀ ਏ ਹੁੰਦੀ ਐ।''
''ਅਸੀਂ ਤਾਂ ਉਹਨਾਂ ਲੋਕਾਂ ਨੂੰ ਜਾਣਦੇ ਵੀ ਨਹੀਂ।  ਕਿਥੇ ਚੰਡੀਗੜ੍ਹ ਕਿਥੇ ਆਪਣਾ ਇਹ ਨਿੱਕਾ ਜਿਆ ਸ਼ਹਿਰ।''  ਗੁਰਨਾਮ ਸਿੰਘ ਨੇ ਜਿਵੇਂ ਆਖਰੀ ਗਿਲਾ ਕੀਤਾ ਹੋਵੇ।
"ਨਾ ਫੇਰ ਉਹ ਕਿਆ ਥੁਆਨੂੰ ਜਾਣਦੇ ਐ? ਲੜਕੀ ਵਾਲਿਆਂ ਨੂੰ ਤਾਂ ਬਹੁਤਾ ਡਰ ਹੁੰਦੈ।  ਉਹਨਾਂ ਨੇ ਲੜਕੀ ਬਗਾਨੇ ਘਰ ਤੋਰਨੀ ਹੁੰਦੀ ਐ।  ਫੇਰ ਉਹ ਫਿਰੋਜਪੁਰ ਵਾਲੇ ਕਿੰਨਾ ਕੁ ਜਾਣਦੇ ਸੀ ਆਪਾਂ ਨੂੰ? ਜਦ ਮੀਆਂ ਬੀਵੀ ਰਾਜ਼ੀ ਤਾਂ ਕਿਆ ਕਰੂਗਾ ਕਾਜ਼ੀ।  ਬਾਕੀ ਮੈਂ ਆਪਣੇ ਦਿਲ ਕੀ ਬਾਤ ਜ਼ਰੂਰ ਕਹਿਣੀ ਚਾਹੁੰਨੈ।  ਉਹ ਐ ਦਾਜ-ਦਹੇਜ ਕੇ ਬਾਰੇ ਮਾਂ।  ਨਾ ਆਪਾਂ ਫਿਰੋਜ਼ਪੁਰ ਆਲਿਆਂ ਤੇ ਕੁਸ਼ ਮੰਗਿਆ ਥਾ ਨਾ ਈ ਹੁਣ ਕੋਈ ਮੰਗ ਹੋਣੀ ਚਾਹੀਦੀ ਐ।  ਆਪਣੇ ਸਭ ਦਾ ਗੁਰਬਾਣੀ ਮਾਂ ਪੂਰਾ-ਪੂਰਾ ਭਰੋਸੈ।  ਗੁਰਬਾਣੀ ਦਾ ਫੁਰਮਾਨ ਐ-
'ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰ ਕਚੁ ਪਾਜੋ।।'
ਸੋ ਇਹ ਗੱਲ ਆਪਣੇ ਆਪ ਮਾਂ ਬੜੀ ਸਿੱਧੀ ਅਰ ਸਪਸ਼ਟ ਐ ਕਿ ਸਾਡਾ ਦਾਜ-ਦਹੇਜ ਗੈਲ ਕੋਈ ਲੈਣਾ ਦੇਣਾ ਹੈ ਨਹੀਂ।  ਇਸ ਬਾਰੇ ਮਾਂ ਹੁਣੇ ਤੋਂ ਈ ਫੈਸਲਾ ਕਰ ਲੈਣਾ ਚਾਹੀਦੈ ਅਰ ਇਕ ਦੂਜੇ ਨੂੰ ਬਚਨ ਦੇ ਦੇਣਾ ਚਾਹੀਦੈ।  ਅਰ ਫਿਰ ਬਚਨ ਤੋਂ ਮੁਕਰਨਾ ਜਾਂ ਪਿੱਛੇ ਨਹੀਂ ਹਟਣਾ ਚਾਹੀਦਾ।  ਅਖੇ-
'ਬਚਨੁ ਕਰੇ ਤੈ ਖਿਸਕਿ ਜਾਇ, ਬੋਲੇ ਸਭੁ ਕਚਾ।।'
ਆਪਾਂ ਕੱਚੇ ਬੰਦੇ, ਨਾ ਹਾਂ, ਨਾ ਈ ਬਣਨੈ।  ਮੇਰੇ ਖਿਆਲ ਮਾਂ ਆਪਾਂ ਸਾਰੇ ਦੇ ਸਾਰੇ ਈ ਸਹਿਮਤ ਆਂ ਇਸ ਬਾਤ ਪਰ।  ਹੈ ਕ ਨਹੀਂ?''
''ਮੈਂ ਤਾਂ ਆਪ ਈ ਸਭ ਤੋਂ ਪਹਿਲੀ ਗੱਲ ਇਹੋ ਕਹਿਣੀ ਚਾਹੁੰਦਾ ਸੀ।  ਚੰਗਾ ਹੋਇਆ ਤੁਸੀਂ ਕਰ ਦਿੱਤੀ।  ਜੋ ਕੁਸ਼ ਰੱਬ ਨੇ ਸਾਨੂੰ ਦਿੱਤੈ ਓਸ ਵਾਸਤੇ ਅਸੀਂ ਉਹਦੇ ਸ਼ੁਕਰ ਗੁਜ਼ਾਰ ਆਂ।  ਹੋਰ ਮੰਗ ਕੇ ਕਿਸੇ ਤੋਂ ਲੈਣ ਨਾਲ ਪੁਰੀਆਂ ਨਹੀਂ ਪੈਂਦੀਆਂ ਹੁੰਦੀਆਂ।  ਸਾਡੀ ਤਾਂ ਰੱਬ ਅੱਗੇ ਇਕੋ ਅਰਦਾਸ ਐ ਬਈ ਬੱਚੇ ਸੁੱਖੀਂ-ਸਾਂਦੀਂ ਖੁਸ਼ ਰਹਿਣ ਤੇ ਆਪਣਾ ਜੀਵਨ ਬਸਰ ਕਰਨ।  ਜਦੋਂ ਲੜਕੀ ਦਾ ਦਾਨ ਸਾਡੀ ਝੋਲੀ 'ਚ ਪੈ ਗਿਆ ਤਾਂ ਫੇਰ ਬਾਕੀ ਕੀ ਰਹਿ ਗਿਆ? ਤੁਸੀਂ ਲਿਖੋ ਚਿੱਠੀ ਮਾਸਟਰ ਜੀ।  ਸਾਡੇ ਕੰਨੀਓਂ ਹਾਂ ਐ।''
ਭਗਤ ਸਿੰਘ ਨੇ ਜਿਵੇਂ ਸਿਰੇ ਦੀ ਗੱਲ ਕਹਿਣੀ ਚਾਹੀ।
ਮਾਸਟਰ ਜੀ ਦੀਆਂ ਸਾਫ ਤੇ ਸਿੱਧੀਆਂ ਗੱਲਾਂ ਦਾ ਸਭ 'ਤੇ ਚੰਗਾ ਪ੍ਰਭਾਵ ਪੈ ਰਿਹਾ ਸੀ।  ਹੁਣ ਕਿਸੇ ਨੂੰ ਅਗੋਂ ਕੋਈ ਹੋਰ ਗੱਲ ਵੀ ਨਹੀਂ ਸੀ ਔੜ ਰਹੀ।
''ਮੈਨੂੰ ਤਾਂ ਜੀ, ਸੱਚੀ ਗੱਲ ਐ ਬਾਹਲ਼ਾ-ਈ ਡਰ ਲਗਦੈ।  ਮੈਂ ਤਾਂ ਗੁਰਦੁਆਰੇ ਜਾ ਕੇ ਵੀ ਸੁੱਖ ਸੁੱਖੀ ਸੀ ਤੇ ਫੇਰ ਆਪਣੇ ਔਹ ਕੋਠਿਆਂ ਆਲੇ ਪਿੰਡ ਕੋਲੇ ਜਿਹੜੀ ਸਮਾਧ ਐ, ਓਥੇ ਵੀ ਚੜ੍ਹਾਵਾ ਚੜ੍ਹਾਇਆ ਬਈ ਸਾਡੇ ਛੋਟੇ ਮੁੰਡੇ ਨੂੰ ਰਿਸ਼ਤਾ ਚੰਗਾ ਮਿਲ-ਜੇ।  ਪਰ ਜੇ ਥੋਡੀਆਂ ਗੱਲਾਂ ਵੀ ਮੰਨ ਲੀਏ ਤਾਂ ਵੀ ਡਰ ਜਿਆ ਈ ਲਗਦੈ।  ਬਈ ਕਿਧਰੇ ਜੱਗ ਹਸਾਈ ਨਾ ਹੋ-ਜੇ।  ਪਤਾ ਨੀ ਕੇਹੋ-ਜੇ ਸੰਸਕਾਰ ਲਿਖੇ ਐ?'' ਦਿਆਕੁਰ ਦਾ ਫਿਕਰ ਅਜੇ ਕਾਇਮ ਸੀ।  
"ਨਾ ਮੇਰੀ ਬੀਬੀ ਭੈਣ।  ਮੈਨੂੰ ਇਹ ਦੱਸ, ਤੈਨੂੰ ਲੋੜ ਕਿਆ ਪਈ ਥੀ ਸਮਾਧਾਂ 'ਤੇ ਜਾਣ ਦੀ? ਅਖੇ-
'ਦਾਦੂ ਦੁਨੀਆਂ ਬਾਵਰੀ, ਮੜ੍ਹੀਆਂ ਪੂਜਣ ਊਤ।
ਜਿਹੜੇ ਆਪ ਜਹਾਨੋਂ ਲਦ ਗਏ, ਉਹਨਾਂ ਕੀ ਦੇਣੇ ਪੂਤ।।'
ਮੈਂ ਜਾਣਦਾਂ ਓਸ ਸਮਾਧ ਆਲੇ ਸਾਧ ਨੂੰ।  ਅਗੇ ਪਿੱਛੇ ਉਹਦੇ ਕੋਈ ਹੈ ਨੀ।  ਪਿਛਲੇ ਪਿੰਡੋਂ ਇਕ ਘੁਮਿਆਰੀ ਕੱਢ ਕੇ ਲੈ ਗਿਆ ਥਾ।  ਚੌਥੇ ਦਿਨ ਪੁਲਸ ਨੇ ਫੜ ਕੇ ਛਤਰੌਲ ਕੀਤੀ।  ਦੋ ਕੁ ਸਾਲ ਪਹਿਲਾਂ ਈ ਛੇ ਮਹੀਨੇ ਦੀ ਕੈਦ ਮਗਰੋਂ ਛੁੱਟ ਕੇ ਏਸ ਸਮਾਧ 'ਤੇ ਬਹਿ ਗਿਆ ਆ ਕੇ।''
"ਨਾ-ਜੀ, ਮੈਨੂੰ ਤਾਂ ਸ਼ਾਮੋ ਲੈ-ਗੀ ਸੀ।  ਮੈਂ ਤਾਂ ਕਦੇ ਵੀ ਨਾ ਜਾਂਦੀ।''
''ਦੇਖ ਦਿਆਕੁਰ ਮੇਰੀ ਬੀਬੀ ਭੈਣ, ਲੋਕ ਤਾਂ ਆਪਾਂ ਤੋਂ ਬੜਾ ਕੁਸ਼ ਕਰਵਾਉਣਾ ਚਾਹੁੰਦੇ ਐ ਪਰ ਸਾਨੂੰ ਸਭ ਤੋਂ ਪਹਿਲਾਂ ਆਪਣੀ ਅਕਲ ਤੋਂ ਕੰਮ ਲੈਣਾ ਚਾਹੀਦੈ।  ਹੈ ਕ ਨਹੀਂ? ਜਿਹੜੀਆਂ ਔਰਤਾਂ ਪੁੱਤਾਂ ਦੀ ਖਾਤਰ ਮੜ੍ਹੀਆਂ ਪੂਜਦੀਐਂ ਉਹ ਕੋਈ ਸਿਆਣੀਆਂ ਥੋੜੋ ਹੁੰਦੀਐ? ਖਾਸ ਕਰ ਜਿੰਨ੍ਹਾਂ ਦੇ ਪੁੱਤ ਨੀ ਹੁੰਦੇ।  ਆਮ ਲੋਕ ਉਹਨਾਂ ਨੂੰ ਈ ਬੁਰਾ ਕਹਿੰਦੇ ਐਂ।  ਸਾਰੀ ਦੁਨੀਆਂ ਨੂੰ ਇਹ ਪਤੈ ਬਈ ਸਾਇੰਸ ਨੇ ਇਹ ਸਿੱਧ ਕਰ ਦਿੱਤੈ ਕਿ ਲੜਕੀ ਜਾਂ ਲੜਕੇ ਦਾ ਫੈਸਲਾ ਪੁਰਸ਼ ਦੇ ਸ਼ੁਕਰਾਣੁ ਕਰਦੇ ਐਂ।  ਇਸ ਮਾਂ ਔਰਤ ਦਾ ਕਿਆ ਦੋਸ਼? ਹੈਂ? ਹੋ ਇਸ ਦੇ ਉਲਟ ਰਿਹੈ।  ਪੁੱਤਾਂ ਖਾਤਰ ਧੱਕੇ ਔਰਤਾਂ ਖਾਂਦੀਆਂ ਫਿਰਦੀਐਂ।  ਇਹ ਦੁਨੀਆਂ ਦੀ ਮੱਤ ਬੀ ਪੁੱਠੀ ਐ।  ਚਲੋ ਛੱਡੋ  ਇਹਨਾਂ ਬਾਤਾਂ ਨੂੰ ! ਸੋ ਜੇ ਆਪਾਂ ਸਾਰੇ ਸਹਿਮਤ ਆਂ ਤਾਂ ਮੈਂ ਚੰਡੀਗੜ੍ਹ ਅੰਜਲੀ ਦੇ ਮਾਂ-ਬਾਪ ਨੂੰ ਖ਼ਤ ਲਿਖ ਦਿਨੈ।  ਦੱਸੋ ਲਿਖ ਦਿਆਂ?''  
ਮਾਸਟਰ ਸਾਧੂ ਰਾਮ ਫੈਸਲਾ ਕਰਨ ਵਿਚ ਕੋਈ ਵੀ ਭੁਲੇਖਾ ਜਾਂ ਸ਼ੱਕ ਨਹੀਂ ਸੀ ਰਹਿਣ ਦੇਣਾ ਚਾਹੁੰਦਾ।  ਸਾਧੂ ਰਾਮ ਦੀਆਂ ਸਿੱਧੀਆਂ-ਸਪਸ਼ਟ ਗੱਲਾਂ ਸੁਣ ਕੇ ਦਿਆਕੁਰ ਨੂੰ ਹੋਰ ਵੀ ਸੰਗ ਜਿਹੀ ਆਈ।  ਉਹਨੇ ਆਪਣਾ ਘੁੰਡ ਹੋਰ ਨੀਵਾਂ ਕਰ ਲਿਆ।  
"ਲਗਦੈ ਸਾਰੇ ਫੈਸਲੇ ਤਾਂ ਤੁਸੀਂ ਪਹਿਲਾਂ ਈ ਕਰੀਂ ਬੈਠੇ ਤੀ।  ਸਾਨੂੰ ਹੁਣ ਪੁੱਛਣਾ ਕੀ ਬਾਕੀ ਰਹਿ ਗਿਆ?'' ਗੁਰਨਾਮ ਸਿੰਘ ਨੇ ਬੇਬੱਸ ਜਿਹਾ ਹੋ ਕੇ ਕਿਹਾ।
"ਦੇਖੋ ਬੀਰ !  ਚਰਨਜੀਤ ਮੇਰਾ ਅਜ਼ੀਜ਼ ਹੈ ਬਲਕਿ ਮੈਂ ਉਸ ਨੂੰ ਆਪਣੇ ਬੇਟੇ ਦੀ ਤਰ੍ਹਾਂ ਈ ਮੰਨਦਾਂ।  ਉਹਦੇ ਬਚਪਨ ਮਾਂ ਉਹਨੂੰ ਪੜ੍ਹਾ ਕੇ ਮੈਂ ਉਹਦੇ ਇਕ ਚੰਗਾ ਇਨਸਾਨ ਬਣਨ ਦੀ ਨੀਂਹ ਰਖਣ ਦੀ ਕੋਸ਼ਿਸ਼ ਕੀਤੀ ਸੀ।  ਉਹਦੇ ਮਾਂ-ਬਾਪ ਨੇ ਵੀ ਕੋਈ ਕਸਰ ਨਹੀਂ ਛੱਡੀ।  ਨਤੀਜਤਨ ਉਹ ਹੈ ਵੀ ਬਹੁਤ ਸਿਆਣਾ ਅਰ ਚੰਗਾ।  ਮੈਂ ਉਸ ਗੈਲ ਭੋਰਾ ਭਰ ਵੀ ਬੇਇਨਸਾਫੀ ਬਰਦਾਸ਼ਤ ਨਹੀਂ ਕਰ ਸਕਦਾ।  ਅਰ ਤੁਸੀਂ ਸਾਰੇ ਬੀ ਇਹੋ ਚਾਹੋਗੇ।  ਅਸੀਂ ਕੋਈ ਵੀ ਉਸ ਦਾ ਬੁਰਾ ਨਹੀਂ ਚਾਹੁੰਦੇ।  ਹੁਣ ਸਾਨੇ ਸਾਰੀਆਂ ਬਾਤਾਂ ਸਾਫ ਸਾਫ ਕਰ ਬੀ ਲਈਐਂ।  ਹੈ ਕ ਨਹੀਂ?  ਹੁਣ ਤਾਂ ਅੱਗੇ ਨੂੰ ਤੁਰਨਾ ਈ ਪਊਗਾ।  ਐਸ ਟੈਮ ਇਹ ਕੋਈ ਭਾਗਾਂ ਵਾਲੀ ਘੜੀ ਐ ਕਿ ਆਪਾਂ ਬਹਿ ਕੇ ਦਿਲ ਦੀਆਂ ਬਾਤਾਂ ਕਰ ਰਹੇ ਆਂ।  ਸ਼ਾਇਦ ਇਹ ਰੱਬ ਦੀ ਬਖਸ਼ਿਸ਼ ਈ ਐ।  ਕਬੀਰ ਸਾਹਬ ਨੂੰ ਮੈਂ ਬਹੁਤ ਮੰਨਦਾਂ।  ਉਹਨਾਂ ਦਾ ਇਕ ਸ਼ਬਦ ਐ-
'ਅਵਲ ਅਲਹੁ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।
ਏਕ ਨੂਰ ਤੇ ਸਭ ਜਗੁ ਉਪਜਿਆ ਕਉਨ ਭਲੇ ਕੋ ਮੰਦੇ।'
"ਲੋਗਾ ਭਰਮ ਨਾ ਭੂਲਹੁ ਭਾਈ।'
ਸਾਰੀ ਦੁਨੀਆਂ ਹੀ ਇਕੋ ਰੱਬ ਦਾ ਰੂਪ ਐ।  ਹੈ ਕ ਨਹੀਂ?''
''ਇਕ ਗੱਲ ਹੋਰ ਤੀ ਜਰੁਰੀ ਕਰਨ ਆਲੀ ਮਾਸਟਰ ਜੀ।'' ਗੁਰਨਾਮ ਸਿੰਘ ਨੇ ਕੁਝ ਯਾਦ ਕਰਦਿਆਂ ਕਿਹਾ।
''ਹਾਂ ਜੀ।  ਇਕ ਕਿਆ ਤੁਸੀਂ ਦਸ ਬਾਤਾਂ ਜ਼ਰੂਰੀ ਕਰੋ।''
''ਇਹ ਵਿਆਹ ਗੁਰ ਮਰਿਆਦਾ ਅਨੁਸਾਰ ਹੋਣਾ ਚਾਹੀਂਦੈ।  ਵਿਆਹ ਪਿੱਛੋਂ ਅਸੀਂ ਲੜਕੀ ਦਾ ਆਪਣੇ ਘਰ ਵਾਲਾ ਦੂਜਾ ਨਾਂ ਰੱਖਾਂਗੇ।  ਏਸ ਗੱਲ ਦੀ ਤਸੱਲੀ ਕਰ ਲਿਓ।''
''ਚਲੋ ਠੀਕ ਐ।  ਇਸ ਮਾਂ ਕੋਈ ਬੜੀ ਬਾਤ ਨੀ ਹੈ।  ਚਿੱਠੀ ਮਾਂ ਇਹਦਾ ਜ਼ਿਕਰ ਬੀ ਕਰ ਦਿਆਂਗੇ।''
ਅਗਲੇ ਦਿਨ ਹੀ ਮਾਸਟਰ ਜੀ ਨੇ ਅੰਜਲੀ ਦੇ ਮਾਪਿਆਂ ਨੂੰ ਇਕ ਚਿੱਠੀ ਲਿਖੀ।  ਉਸ ਵਿਚ ਸਾਰੀਆਂ ਗੱਲਾਂ ਵਿਸਥਾਰ ਨਾਲ ਲਿਖ ਦਿੱਤੀਆਂ।  ਸਭ ਤੋਂ ਪਹਿਲਾਂ ਚਿੱਠੀ ਵਿਚ ਆਪਣੇ  ਬਾਰੇ ਜਾਣਕਾਰੀ ਦਿੱਤੀ।  ਫੇਰ ਭਗਤ ਸਿੰਘ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਬਾਰੇ ਤੇ ਅਖੀਰ ਵਿਚ ਚਰਨਜੀਤ ਬਾਰੇ।  ਦਾਜ-ਦਹੇਜ ਤੇ ਕੁਝ ਕੁ ਜ਼ਰੂਰੀ ਅਤੇ ਸਾਦੀਆਂ ਰਸਮਾਂ ਬਾਰੇ ਲਿਖਿਆ।
ਅੰਜਲੀ ਦੇ ਮਾਪਿਆਂ ਨੂੰ ਉਹਦੇ ਰਾਹੀਂ ਥੋੜੀ ਬਹੁਤ ਖਬਰ ਤਾਂ ਪਹਿਲਾਂ ਤੋਂ ਹੀ ਸੀ।  ਅੰਜਲੀ ਦੇ ਪਿਤਾ ਜੀ ਕੁਝ ਦਿਨ ਪਹਿਲਾਂ ਲੁਧਿਆਣੇ ਜਾ ਕੇ ਚਰਨਜੀਤ ਨੂੰ ਮਿਲ ਵੀ ਆਏ ਸਨ।  ਬੱਸ ਇਕ ਰਸਮੀ ਹਾਂ ਦੀ ਉਡੀਕ ਸੀ।  ਉਹਨਾਂ ਨੇ ਵੀ ਆਪਣੇ ਪਰਿਵਾਰ ਵਿਚ ਸਲਾਹ ਕਰਕੇ ਚਿੱਠੀ ਦਾ ਜਵਾਬ ਹਾਂ-ਪੱਖੀ ਲਿਖ ਭੇਜਿਆ।
ਏਧਰ ਭਗਤ ਸਿੰਘ ਹੋਰਾਂ ਵੱਲ ਜਿਵੇਂ-ਜਿਵੇਂ, ਹੌਲੀ-ਹੌਲੀ, ਗੱਲ ਤੁਰੀ ਤਾਂ ਸਰੀਕੇ-ਕਬੀਲੇ ਵਿਚ ਜੇ ਕਿਸੇ ਨੇ ਥੋੜੀ-ਬਹੁਤ ਚੂੰ-ਚਰਾਂ ਕੀਤੀ ਵੀ ਤਾਂ ਉਹ ਕੁਝ ਦਿਨਾਂ ਪਿੱਛੋਂ ਆਪੇ ਚੁੱਪ ਕਰ ਗਿਆ ਕਿਉਂਕਿ ਗੱਲ ਦਾ ਅਸਰ ਨਹੀਂ ਸੀ ਹੋ ਰਿਹਾ।  ਅਖੀਰ ਵਿਆਹ ਦੀ ਤਾਰੀਖ ਪੱਕੀ ਹੋ ਗਈ।  ਵਿਆਹ ਅੱਸੁ ਦੇ ਅਖੀਰ ਦਾ ਸੀ।  ਉਹਨਾਂ ਦਿਨਾਂ ਵਿਚ ਮੌਸਮ ਵੀ ਬੜਾ ਸੁਹਣਾ ਹੁੰਦਾ ਹੈ।
ਗੁਰਨੇਕ ਨੂੰ ਤੇ ਬਸੰਤ ਨੂੰ ਏਸ ਗੱਲ ਦਾ ਗਿਲਾ ਸੀ ਕਿ ਉਹਨਾਂ ਤੋਂ ਤਾਰੀਖ ਪੱਕੀ ਕਰਨ ਵੇਲੇ ਕੋਈ ਸਲਾਹ ਵੀ ਨਹੀਂ ਸੀ ਲਈ  ਗਈ।  ਬਸੰਤ ਨੇ ਇਕ ਵਾਰੀ ਦਿਆਕੁਰ ਕੋਲ ਮਲਵੀਂ ਜਿਹੀ ਜੀਭ ਨਾਲ ਇਤਰਾਜ਼ ਵੀ ਕੀਤਾ।  ''ਬੇਬੇ ਜੀ ਥੋਡਾ ਪੁੱਤ ਤਾਂ ਕਹਿੰਦੈ ਬਈ ਅਸੀਂ ਕਿਹੜਾ ਏਸ ਘਰ ਦੇ ਕੁਸ਼ ਲਗਦੇ ਨੀ।  ਸਲਾਹ ਭਵੇਂ ਨਾ ਕਰਦੇ ਤਰੀਕ ਪੱਕੀ ਕਰਕੇ ਸਾਨੂੰ ਦੱਸ ਤਾਂ ਦਿੰਦੇ।''
''ਆਹੋ ਬਹੂ ਤੇਰੀ ਗੱਲ ਸਿਆਣੀ ਐ।  ਜੇ ਗਿੱਦੜ ਪਹਾੜੀਂ ਚੜ੍ਹ ਜਾਣ ਫੇਰ ਬੰਦਾ ਕੀ ਕਰੇ? ਦਸ ਵਾਰੀ ਬੋਲ ਮਾਰੇ ਤੋਂ ਇਕ ਵਾਰੀ ਵੀ ਹਾਂ ਨੀ ਨਿਕਲਦੀ।  ਨਾਲੇ ਹੁਣ ਤਾਂ ਤਰੀਕ ਦਾ ਪਤਾ ਲਾ-ਗਿਆ।  ਵੱਡੇ ਭਰਾ ਛੋਟੇ ਦੇ ਵਿਆਹ 'ਚ ਸੌ ਜੁੰਮੇਵਾਰੀਆਂ ਸਾਂਭਦੇ ਹੁੰਦੇ ਐ।  ਜੋ ਕੁਸ਼ ਕਰਨੈ ਹੁਣ ਕਰ ਲਿਓ।  ਤੁਸੀਂ ਤਾਂ ਵਿਆਹ 'ਚ ਮੂਹਰੇ ਲਗਣੈ।  ਤੇਰਾ ਬਾਪੂ ਤਾਂ 'ਕੱਲਾ ਕੀ ਕੀ ਕਰੂ?''
ਗੁਰਨੇਕ ਨੇ ਸਾਰੀ ਗੱਲ ਦਾ ਬੁਰਾ ਮਨਾਇਆ।  ਉਸ ਨੇ ਏਸ ਗੱਲ ਵਿਚ ਆਪਣੀ ਹੇਠੀ ਸਮਝੀ ਕਿ ਘਰ ਵਿਚ ਉਸ ਦੀ ਏਨੀ ਵੀ ਪੁੱਛ ਨਹੀਂ ਕਿ ਵਿਆਹ ਦੀ ਤਾਰੀਖ ਪੱਕੀ ਕਰਨ ਲਈ ਉਸ ਨਾਲ ਸਲਾਹ ਵੀ ਨਾ ਕੀਤੀ ਜਾਵੇ।  ਆਖਰ ਉਹਨੇ ਵੀ ਤਾਂ ਸਕੂਲੋਂ ਛੁੱਟੀ ਮਨਜ਼ੂਰ ਕਰਵਾਉਣੀ ਸੀ।  ਕੁਝ ਤਾਂ ਪਹਿਲਾਂ ਤੋਂ ਹੀ ਉਹ ਕੋਈ ਜ਼ਿੰਮੇਵਾਰੀ ਨਹੀਂ ਸੀ ਲੈਂਦਾ, ਹੁਣ ਤਾਂ ਇਹ ਬਹਾਨਾ ਲੱਭ ਗਿਆ ਸੀ।  ਉਸ ਨੇ ਚਰਨਜੀਤ ਨੂੰ ਇਕ ਲੰਮੀ ਚਿੱਠੀ ਲਿਖ ਮਾਰੀ।  ਆਪਣੇ ਮਾਂ-ਪਿਓ ਬਾਰੇ ਕਈ ਕੌੜੀਆਂ ਗੱਲਾਂ ਲਿਖੀਆਂ ਤੇ ਆਪਣੀ ਬਿਮਾਰੀ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਜੇ ਉਸ ਨਾਲ ਆਪਣੇ ਹੀ ਘਰ ਵਿਚ ਅਜਿਹਾ ਘਟੀਆ ਸਲੂਕ ਹੁੰਦਾ ਰਿਹਾ ਤਾਂ ਬਿਮਾਰੀ ਖਤਰਨਾਕ ਹੱਦ ਤੱਕ ਵਧ ਸਕਦੀ ਹੈ ਅਤੇ ਜੇ ਉਸ ਨੂੰ ਕਦੇ ਕੁਝ ਹੋ ਗਿਆ ਤਾਂ ਉਸ ਵਿਚ ਉਸ ਦਾ ਆਪਣਾ ਕੋਈ ਕਸੂਰ ਨਹੀਂ ਹੋਵੇਗਾ ਸਗੋਂ ਉਹਦੇ ਨਾਲ ਆਪਣੇ ਹੀ ਘਰ ਵਿਚ ਕੀਤੀ ਗਈ ਵਧੀਕੀ ਦਾ ਕਸੂਰ ਹੋਵੇਗਾ।  ਚਰਨਜੀਤ ਚਿੱਠੀ ਪੜ੍ਹ ਕੇ ਬੜਾ ਦੁਖੀ ਹੋਇਆ।  ਉਹਨੇ ਉਸ ਚਿੱਠੀ ਦਾ ਜ਼ਿਕਰ ਅੰਜਲੀ ਕੋਲ ਵੀ ਨਾ ਕੀਤਾ।  ਵਿਆਹ ਵਿਚ ਸਿਰਫ ਦੋ ਮਹੀਨੇ ਰਹਿ ਗਏ ਸਨ।  ਭਗਤ ਸਿੰਘ ਨੇ ਗੁਰਨੇਕ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਵਿਆਹ ਦੀ ਤਾਰੀਖ ਬਾਰੇ ਚਿੱਠੀਆਂ ਪਾਉਣ ਲਈ ਕਈ ਵਾਰ ਕਿਹਾ ਪਰ ਫੇਰ ਵੀ ਉਹਨੇ ਮਹੀਨਾ ਭਰ ਕੋਈ ਚਿੱਠੀ ਨਾ ਲਿਖੀ।  ਅਖੀਰ ਭਗਤ ਸਿੰਘ ਨੇ ਵੀਹ-ਪੱਚੀ ਪੋਸਟ ਕਾਰਡ ਲਿਆ ਕੇ ਦਿੱਤੇ ਤਾਂ ਕਿਧਰੇ ਜਾ ਕੇ ਚਿੱਠੀਆਂ ਭੇਜੀਆਂ ਗਈਆਂ।  ਵਿਆਹ ਦੇ ਸਾਰੇ ਇੰਤਜ਼ਾਮ ਭਗਤ ਸਿੰਘ ਤੇ ਦਿਆਕੁਰ ਹੀ ਭੱਜ-ਨੱਸ ਕਰਕੇ ਕਰਦੇ ਰਹੇ।  ਮਾਸਟਰ ਸਾਧੂ ਰਾਮ ਦੀ ਪਤਨੀ ਕਮਲਾ ਵੀ ਦੂਜੇ ਕੁ ਦਿਨ ਆ ਕੇ ਦਿਆਕੁਰ ਨਾਲ ਕੰਮ ਕਰਾਉਂਦੀ।  ਬਸੰਤ ਸ਼ਰਮ ਦੀ ਮਾਰੀ ਥੋੜਾ ਜਿੰਨਾ ਚਿਰ ਹੇਠਾਂ ਆ ਕੇ ਕੁਝ ਕਰਨ ਦੀ ਕੋਸ਼ਿਸ਼ ਕਰਦੀ।
ਅਖੀਰ ਵਿਆਹ ਦੇ ਦਿਨ ਨੇੜੇ ਆ ਗਏ।  ਹੌਲੀ ਹੌਲੀ ਸਾਰੇ ਇੰਤਜ਼ਾਮ ਹੋਣ ਲੱਗੇ।  ਮਠਿਆਈ ਪਕਾਉਣ ਲਈ ਲੱਭੂ ਹਲਵਾਈ ਨੇ ਵਿਹੜੇ ਵਿਚ ਚੁਰਾਂ ਪੱਟ ਲਈਆਂ।  ਡੁੱਡਾ ਨਾਈ ਵੀ ਪਿੰਡੋਂ ਮਦਦ ਕਰਨ ਆ ਪਹੁੰਚਿਆ।  ਨਾਲ ਉਹ ਆਪਣੀ ਘਰ ਵਾਲੀ ਤੇ ਦੋ ਨਿਆਣੇ-ਮੁੰਡਾ ਤੇ ਕੁੜੀ ਵੀ ਲੈ ਆਇਆ।  ਆਂਢੋਂ-ਗੁਆਂਢੋਂ ਮੰਜੇ ਬਿਸਤਰੇ ਇਕੱਠੇ ਕਰ ਲਏ ਗਏ।  ਗੁਰਦੁਆਰਿਓਂ ਕੜਾਹੇ, ਦੇਗਾਂ ਤੇ ਹੋਰ ਵੱਡੇ ਭਾਂਡੇ ਲਿਆਂਦੇ ਗਏ।  ਛੋਟੇ ਚੁਬਾਰੇ ਵਿਚ ਸਾਧਾਰਨ ਪਾਠ ਦਾ ਅਰੰਭ ਹੋ ਚੁੱਕਾ ਸੀ।  ਜੰਞ ਚੜ੍ਹਨ ਤੋਂ ਇਕ ਦਿਨ ਪਹਿਲਾਂ ਭੋਗ ਪੈਣਾ ਸੀ।  ਦਿਆਕੁਰ ਅੰਦਰ ਬਾਹਰ ਵੜਦੀ ਲੈਣ-ਦੇਣ ਵਾਲੇ ਕਪੜੇ-ਲੀੜੇ ਸੰਦੂਕ 'ਚੋਂ ਕਦੇ ਕਢਦੀ, ਕਦੇ ਸੰਭਾਲਦੀ।  ਤਿਉਰਾਂ 'ਤੇ ਖਮਣੀਆਂ ਬੰਨ੍ਹਦੀ।  ਨਾਨਕਾ ਮੇਲ ਦੋ ਦਿਨ ਪਹਿਲਾਂ ਆ ਗਿਆ।  ਗੁਰਨਾਮ ਸਿੰਘ ਤੇ ਭਗਤ ਸਿੰਘ ਸਲਾਹਾਂ ਕਰਦੇ।  ਜੰਞ ਇਕ ਕਾਰ ਤੇ ਇਕ ਬੱਸ 'ਤੇ ਜਾਣੀ ਸੀ।  ਚੰਡੀਗੜ੍ਹ ਵਿਚ ਇਕ ਰਾਤ ਰਹਿ ਕੇ ਅਗਲੇ ਦਿਨ ਅਨੰਦ ਕਾਰਜ ਪਿੱਛੋਂ ਦੁਪਹਿਰ ਤੋਂ ਪਿੱਛੋਂ ਵਦਾਇਗੀ ਸੀ।  ਸਾਰੇ ਘਰ 'ਚ ਗਹਿਮਾ-ਗਹਿਮੀ ਸੀ।  ਚਰਨਜੀਤ ਵਿਆਹ ਤੋਂ ਸਿਰਫ ਤਿੰਨ ਦਿਨ ਪਹਿਲਾਂ ਹੀ ਪਹੁੰਚ ਸਕਿਆ।  ਉਹਨੂੰ ਹਸਪਤਾਲ ਤੋਂ ਛੁੱਟੀ ਬਹੁਤੀ ਨਹੀਂ ਸੀ ਮਿਲ ਸਕੀ।  ਵਿਆਹ ਤੋਂ ਪਿੱਛੋਂ ਵੀ ਚਰਨਜੀਤ ਤੇ ਅੰਜਲੀ ਨੇ ਸਿਰਫ ਇਕ ਹਫਤੇ ਮਗਰੋਂ ਹੀ ਹਾਜ਼ਰ ਹੋਣਾ ਸੀ।
ਸਾਧਾਰਨ ਪਾਠ ਦਾ ਭੋਗ ਅਜੇ ਪਿਆ ਹੀ ਸੀ ਕਿ ਭਗਤ ਸਿੰਘ ਦੇ ਬਾਰ ਅੱਗੇ ਇਕ ਫੋਰਡ ਕਾਰ ਆ ਖੜੀ।  ਕਾਰ ਦੀ ਛੱਤ 'ਤੇ ਕਾਲੇ ਰੰਗ ਦਾ ਕਪੜਾ ਚੜ੍ਹਿਆ ਹੋਇਆ ਸੀ।  ਕਾਰ ਦੇ ਪਹੀਆਂ ਵਿਚ ਲੋਹੇ ਦੀਆਂ ਤਾਰਾਂ ਚਮਕਾਂ ਮਾਰ ਰਹੀਆਂ ਸਨ।  ਕਾਰ ਦੇ ਅੱਗੇ ਅੱਡ ਦੋ ਵੱਡੀਆਂ-ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਸਨ।  ਭਾਵੇਂ ਉਹ ਫੋਰਡ ਕਾਰ ਦਾ ਕੋਈ ਪੁਰਾਣਾ ਮਾਡਲ ਸੀ ਪਰ ਸੀ ਬੜੀ ਚੰਗੀ ਹਾਲਤ ਵਿਚ।  ਕਾਰ ਦੀ ਸਾਂਭ-ਸੰਭਾਲ ਬੜੀ ਚੰਗੀ ਤਰਾਂ ਕੀਤੀ ਲਗਦੀ ਸੀ।  ਝੱਟ ਗਲੀ-ਗੁਆਂਢ ਤੇ ਵਿਆਹ ਵਾਲੇ ਘਰ ਦੇ ਨਿਆਣੇ ਕਾਰ ਦੁਆਲੇ ਇਕੱਠੇ ਹੋ ਗਏ।  ਕਾਰ ਵਿਚੋਂ ਮਹਿੰਦਰ ਸਿੰਘ ਆਪਣੀ ਪਤਨੀ ਨਾਲ ਜਿਸ ਨੇ ਕੋਈ ਦੋ ਕੁ ਸਾਲ ਦੀ ਬੱਚੀ ਕੁੱਛੜ ਚੁੱਕੀ ਹੋਈ ਸੀ ਨਿਕਲਿਆ।  ਏਨੇ ਨੂੰ ਦਿਆਕੁਰ ਸਿਰ 'ਤੇ ਚੁੰਨੀ ਸੰਭਾਲਦੀ ਘਰ ਦੇ ਬੂਹੇ ਕੋਲ ਆਈ ਤਾਂ ਉਹਨੇ ਮਹਿੰਦਰ ਸਿੰਘ ਨੂੰ ਪਛਾਣਿਆ।  ਮਹਿੰਦਰ ਸਿੰਘ ਨੇ ਦਿਆਕੁਰ ਦੇ ਪੈਰੀਂ ਹੱਥ ਲਾਉਣ ਪਿੱਛੋਂ ਕਿਹਾ-
''ਬੇਬੇ ਜੀ ਇਹ ਤੁਹਾਡੀ ਬੇਟੀ ਸੁਰਜੀਤ ਐ ਤੇ ਇਹ ਸਾਡੀ ਬੱਚੀ ਰਾਣੀ।''
ਦਿਆਕੁਰ ਨੇ ਮਹਿੰਦਰ ਸਿੰਘ ਦੀ ਪਤਨੀ ਨੂੰ ਪਿਆਰ ਦਿੱਤਾ ਤੇ ਗਲ਼ ਨਾਲ ਲਾਇਆ। ਉਹ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਣ ਲੱਗ ਪਈ।
''ਜੀ ਆਇਆਂ ਨੂੰ ਪੁੱਤ। ਚੰਗਾ ਕੀਤਾ ਤੁਸੀਂ ਆ-ਗੇ।
ਸੁਰਜੀਤ ਤੇ ਉਹਦੀ ਬੱਚੀ ਦੇ ਆਲੇ-ਦੁਆਲੇ ਔਰਤਾਂ ਇਕੱਠੀਆਂ ਹੋ ਕੇ ਉਹਦਾ ਪੇਕਾ-ਸਹੁਰਾ ਪਿੰਡ ਪੁੱਛਣ ਲੱਗ ਪਈਆਂ।  ਮਹਿੰਦਰ ਸਿੰਘ ਮੱਥਾ ਟੇਕ ਕੇ ਭਗਤ ਸਿੰਘ ਤੇ ਗੁਰਨਾਮ ਸਿੰਘ ਕੋਲ ਮੰਜੇ 'ਤੇ ਜਾ ਬੈਠਾ।  ਚਰਨਜੀਤ ਨੂੰ ਵੀ ਉਹ ਬੜੇ ਪਿਆਰ ਨਾਲ ਮਿਲਿਆ।  ਜਦੋਂ ਉਹਨੇ, ''ਬੱਲੇ ਬਈ ਜੁਆਨਾਂ ਤੈਨੂੰ ਵਧਾਈਆਂ ਬਹੁਤ-ਬਹੁਤ" ਕਿਹਾ ਤਾਂ ਚਰਨਜੀਤ ਨੇ ਧੰਨਵਾਦ ਕਰਕੇ ਆਪਣੇ ਮਾਮੇ ਨੂੰ ਪਾਸੇ ਲਿਜਾ ਕੇ ਜਦੋਂ ਉਹਦੇ ਬਾਰੇ ਪੁੱਛਿਆ ਤਾਂ ਗੁਰਨਾਮ ਸਿੰਘ ਨੇ ਮਹਿੰਦਰ ਸਿੰਘ ਦੀ ਉਹਨਾਂ ਨਾਲ ਅਖੌਤੀ ਰਿਸ਼ਤੇਦਾਰੀ ਦੀ ਗੱਲ ਦੱਸੀ।  ਮਹਿੰਦਰ ਸਿੰਘ ਚਰਨਜੀਤ ਲਈ ਕਪੜੇ ਲੀੜੇ ਵੀ ਲਿਆਇਆ ਸੀ।  ਅਸਲ ਵਿਚ ਆਪਣੇ ਭਰਾਵਾਂ ਤੋਂ ਅੱਡ ਹੋ ਕੇ ਗਿਦੜਬਹੇ ਉਹਨੇ ਆਪਣੀ ਅੱਡ ਇਕ ਵਰਕਸ਼ਾਪ ਲਾ ਲਈ ਸੀ।  ਦੋ ਤਿੰਨ ਸਾਲਾਂ ਵਿਚ ਉਹਨੇ ਚੰਗੀ ਤਰੱਕੀ ਕਰ ਲਈ ਸੀ।  ਉਸ ਦਾ ਵਿਆਹ ਭੁੱਚੋ ਇਕ ਸਰਦੇ-ਪੁਜਦੇ ਘਰ ਹੋ ਗਿਆ ਸੀ ਅਤੇ ਹੁਣ ਉਹਨਾਂ ਦੀ ਦੋ ਕੁ ਸਾਲ ਦੀ ਇਕ ਬੱਚੀ ਸੀ।  ਕੁਝ ਮਹੀਨੇ ਪਹਿਲਾਂ ਉਹਨੇ ਇਹ ਕਾਰ ਵੀ ਇਕ ਸੇਠ ਕੋਲੋਂ ਖਰੀਦ ਲਈ ਸੀ।  
ਭਗਤ ਸਿੰਘ ਅਤੇ ਦਿਆਕੁਰ ਨੂੰ ਇਸ ਵਾਰੀ ਫੇਰ ਹੈਰਾਨੀ ਏਸ ਗੱਲ ਦੀ ਸੀ ਕਿ ਗੁਰਨੇਕ ਦੇ ਵਿਆਹ ਵੇਲੇ ਵੀ ਮਹਿੰਦਰ ਸਿੰਘ ਆਪੇ ਈ ਆ ਗਿਆ ਸੀ ਅਤੇ ਇਸ ਵਾਰੀ ਤਾਂ ਉਹ ਆਪਣੀ ਪਤਨੀ ਤੇ ਬੱਚੀ ਨੂੰ ਵੀ ਨਾਲ ਲੈ ਆਇਆ ਸੀ।  ਔਰਤਾਂ ਨੇ ਇਕੱਠੀਆਂ ਹੋ ਕੇ ਸੁਰਜੀਤ ਕੋਲੋਂ ਇਹ ਪਤਾ ਕਰ ਲਿਆ ਸੀ ਕਿ ਵਿਆਹ ਦਾ ਉਹਨਾਂ ਨੂੰ ਕਿਥੋਂ ਪਤਾ ਲੱਗਾ ਸੀ।  ਭਗਤ ਸਿੰਘ ਦੇ ਗੁਆਂਢੀਆਂ ਦੀ ਇਕ ਲੜਕੀ ਮਹਿੰਦਰ ਸਿੰਘ ਦੇ ਪਿੰਡ ਵਿਆਹੀ ਹੋਈ ਸੀ।  ਉਸ ਲੜਕੀ ਦੇ ਸਹੁਰਿਆਂ ਦਾ ਘਰ ਮਹਿੰਦਰ ਸਿੰਘ ਹੋਰਾਂ ਦੇ ਘਰ ਦੇ ਨੇੜੇ ਈ ਸੀ।  ਗੱਲਾਂ-ਗੱਲਾਂ ਵਿਚ ਸੁਰਜੀਤ ਦਾ ਉਸ ਕੁੜੀ ਨਾਲ ਸਲੇਹਪੁਣਾ ਪੈ ਗਿਆ ਸੀ।  ਅਜੇ ਉਹ ਦਸ ਕੁ ਦਿਨ ਪਹਿਲਾਂ ਈ ਆਪਣੇ ਪੇਕੇ ਹੋ ਕੇ ਗਈ ਸੀ।  ਮਹਿੰਦਰ ਸਿੰਘ ਨੇ ਆਪਣੀ ਪਤਨੀ ਸੁਰਜੀਤ ਨੂੰ ਉਹਦਾ ਪਹਿਲਾਂ ਮੰਗਣਾ ਹੋਣ ਦੀ ਅਤੇ ਮ੍ਹਿੰਦੋ ਦੇ ਗੁਜ਼ਰ ਜਾਣ ਦੀ ਸਾਰੀ ਗੱਲ ਦੱਸ ਦਿੱਤੀ ਹੋਈ ਸੀ।  ਮਹਿੰਦਰ ਸਿੰਘ ਦਾ ਸੁਭਾਅ ਮਿਲਾਪੜਾ ਹੋਣ ਕਰਕੇ ਉਹ ਭਗਤ ਸਿੰਘ ਹੋਰਾਂ ਦੇ ਪਰਿਵਾਰ ਨਾਲ ਬਣਾਈ ਰਖਣਾ ਚਾਹੁੰਦਾ ਸੀ।  ਉਂਜ ਵੀ ਆਪਣੀਆਂ ਰਿਸ਼ਤੇਦਾਰੀਆਂ ਵਿਚ ਉਹ ਦੁਖ-ਸੁਖ ਵੇਲੇ ਸਾਰੇ ਕੰਮ ਛੱਡ ਕੇ ਪਹੁੰਚਦਾ।
ਦਿਆਕੁਰ ਨੇ ਸੁਰਜੀਤ ਦੇ ਮੂਹਰੇ ਬਹਿ ਕੇ ਉਹਨੂੰ ਚੰਗੀ ਤਰਾਂ ਦੇਖਿਆ।  ਸੁਰਜੀਤ ਦਾ ਮੜ੍ਹੰਗਾ ਖਾਸਾ ਮ੍ਹਿੰਦੋ ਨਾਲ ਮਿਲਦਾ ਲਗਦਾ ਸੀ।  ਚੌੜਾ ਮੱਥਾ, ਮੋਟੀਆਂ ਤੇ ਭੂਰੀਆਂ ਜਿਹੀਆਂ ਅੱਖਾਂ, ਨੱਕ ਮ੍ਹਿੰਦੋ ਨਾਲੋਂ ਥੋੜਾ ਮੋਟਾ ਸੀ।  ਮ੍ਹਿੰਦੋ ਦਾ ਨੱਕ ਤਿੱਖਾ ਸੀ।  ਮ੍ਹਿੰਦੋ ਦੇ ਬੁੱਲ੍ਹ ਪਤਲੇ ਸਨ ਸੁਰਜੀਤ ਦੇ ਥੋੜੇ ਮੋਟੇ ਸਨ।  ਰੰਗ ਮ੍ਹਿੰਦੋ ਦਾ ਸੁਰਜੀਤ ਨਾਲੋਂ ਗੋਰਾ ਸੀ।  ਪਰ ਦਿਆਕੁਰ ਨੂੰ ਮੁੜ ਮੁੜ ਸੁਰਜੀਤ ਦੀ ਸ਼ਕਲ ਵਿਚੋਂ ਮ੍ਹਿੰਦੋ ਦਾ ਝਾਉਲਾ ਪੈਂਦਾ।  ਕੁਝ ਪਲ ਤਾਂ ਉਹ ਸੁਰਜੀਤ ਦੇ ਮੂੰਹ ਵੱਲ ਵੇਖਦੀ ਰਹੀ ਫੇਰ ਉਹਦੀਆਂ ਅੱਖਾਂ ਭਰ ਆਈਆਂ।  ਸੁਰਜੀਤ ਨੂੰ ਵੀ ਪਤਾ ਲੱਗ ਗਿਆ ਕਿ ਦਿਆਕੁਰ ਮ੍ਹਿੰਦੋ ਨੂੰ ਯਾਦ ਕਰਕੇ ਰੋਣ ਲੱਗ ਪਈ ਸੀ।  ਸੁਰਜੀਤ ਨੇ ਆਪਣੀ ਬੱਚੀ ਨੂੰ ਮੰਜੇ ਤੇ ਬਹਾ ਕੇ ਹੇਠਾਂ ਬੈਠੀ ਦਿਆਕੁਰ ਨੂੰ ਆ ਜੱਫੀ ਪਾਈ।  ਸੁਰਜੀਤ ਵੀ ਰੋਣ ਲੱਗ ਪਈ ਸੀ।
''ਪੁੱਤ ਮੈਂ ਤਾਂ ਰੋਨੀ ਆਂ ਬਈ ਮੈਨੂੰ ਤੇਰੇ ਵਿਚੋਂ ਮ੍ਹਿੰਦੋ ਦਾ ਮੜ੍ਹੰਗਾ ਦਿਸਦੈ।  ਪਰ ਤੂੰ ਕਾਹਤੋਂ ਰੋਈ ਜਾਨੀ ਐਂ?'' ਦਿਆਕੁਰ ਨੇ ਅੱਖਾਂ ਪੂੰਝਦਿਆਂ ਪੁੱਛਿਆ।
''ਬੇਬੇ ਮੇਰੀ ਤਾਂ ਨਿੱਕੀ ਹੁੰਦੀ ਦੀ ਮਾਂ ਮਰ-ਗੀ ਸੀ।  ਮੈਨੂੰ ਤਾਂ ਸੁਰਤ ਵੀ ਨੀ ਸੀ।  ਮੈਂ ਤਾਂ ਕਈ ਸਾਲ ਆਵਦੇ ਨਾਨਕੀਂ ਰਹੀ।''
ਆਲੇ-ਦੁਆਲੇ ਬੈਠੀਆਂ ਤੀਵੀਆਂ ਨੇ ਵੀ ਹੌਲੀ-ਹੌਲੀ ਹੋਰ ਗੱਲਾਂ ਤੋਰ ਲਈਆਂ।
ਮਾਹੌਲ ਫੇਰ ਖੁਸ਼ਗਵਾਰ ਹੋ ਗਿਆ।  ਸੁਰਜੀਤ ਨੇ ਚਰਨਜੀਤ ਵਾਸਤੇ ਲਿਆਂਦੇ ਕਪੜੇ ਕੱਢ ਕੇ ਦਿਆਕੁਰ ਨੂੰ ਦਿੱਤੇ।  ਦਿਆਕੁਰ ਨੇ ਵੀ ਨਾਂਹ-ਨੁੱਕਰ ਕਰਦਿਆਂ, ''ਨਾ ਭਾਈ ਥੋਡਾ ਹੱਕ ਨੀ ਬਣਦਾ।'' ਆਖ ਕੇ ਰੱਖ ਤਾਂ ਲਏ ਪਰ ਫੇਰ ਸੋਚਿਆ 'ਚਲੋ ਸੁਰਜੀਤ ਨੂੰ ਦੁੱਗਣੇ ਕਰਕੇ ਮੋੜਾਂਗੇ।  ਜੇ ਮ੍ਹਿੰਦੋ ਜਿਉਂਦੀ ਹੁੰਦੀ ਤਾਂ ਉਹਨੂੰ ਵੀ ਤਾਂ ਦੇਣ-ਲੈਣ ਕਰਨਾਂ ਈ ਪੈਂਦਾ।'
ਗੁਰਨੇਕ ਚੁਬਾਰੇ ਵਿਚੋਂ ਨਿਕਲ ਕੇ ਹੇਠਾਂ ਕਿਸੇ ਨੂੰ ਵੀ ਮਿਲਣ ਨਾ ਆਇਆ।  ਸਾਰੇ ਵਾਰੀ-ਵਾਰੀ ਚੁਬਾਰੇ 'ਚ ਜਾ ਕੇ ਇਕ ਇਕ ਕਰਕੇ ਮਿਲ ਆਏ।  ਉਹਦੇ ਮਾਮੇ ਗੁਰਨਾਮ ਸਿੰਘ ਨੂੰ ਚੰਗਾ ਨਾ ਲੱਗਾ।  ਉਹਨੇ ਡੌਂਫਲ ਨੂੰ ਸੱਦ ਕੇ ਇਕ ਵੱਡੀ ਪਰਾਤ ਵਿਚ ਲੱਡੂਆਂ ਦੀ ਗਰਮ-ਗਰਮ ਬੂੰਦੀ ਪਾਈ ਤੇ ਉਹ ਦੋਏ ਜਣੇ ਚੱਕ ਕੇ ਚੁਬਾਰੇ ਤੇ ਲੈ ਗਏ।
''ਮੈਂ ਸੋਚਿਆ ਸਾਡੀ ਭਾਣਜ-ਸਰਕਾਰ ਨੇ ਹੇਠਾਂ ਉੱਤਰ ਕੇ ਤਾਂ ਔਣਾ ਨੀ ਤੀ, ਚਲੋ ਅਸੀ ਓਂ ਤੈਥੋਂ ਲੱਡੂ ਬਟਬਾਉਣ ਆ ਜਾਨੇ ਆਂ।''
''ਲੈ ਮਾਮਾ ਮੈਨੂੰ ਬੁਲਾ ਲੈਂਦੇ ਮੈਂ ਆ ਜਾਂਦਾ।''
''ਨਾ ਭਾਈ ਤੈਨੂੰ ਕਾਹਨੂੰ ਤਖਲੀਪ ਦੇਣੀ ਤੀ।'' ਉਹਨਾਂ ਨੇ ਗੁਰਨੇਕ ਨੂੰ ਵੀ ਲੱਡੂ ਵੱਟਣ ਨਾਲ ਲਾ ਲਿਆ।
ਵਿਆਹ ਦਾ ਸਾਰਾ ਕਾਰਜ ਸੁੱਖੀ-ਸਾਂਦੀਂ ਨਿਬੜ ਗਿਆ।  ਦਿਆਕੁਰ ਆਪਣੀ ਡਾਕਟਰ ਨੂੰਹ ਨੂੰ ਦੇਖ ਕੇ ਫੁੱਲੀ ਨਹੀਂ ਸੀ ਸਮਾਉਂਦੀ।
''ਨੀਂ ਭੈਣੇ ਦਿਆਕੁਰੇ ! ਬਧਾਈਆਂ ਤੈਨੂੰ।  ਥੋਡੀ ਬਹੂ ਤਾਂ ਭਾਈ ਬਲਾ-ਈ ਸੋਹਣੀ ਐਂ, ਤੈਨੂੰ ਮੈਂ ਦੱਸਾਂ ! ਅੱਜ ਕੱਲ ਤਾਂ ਜਮਾਨੇ ਬਦਲ-ਗੇ ਤੈਨੂੰ ਮੈਂ ਦੱਸਾਂ। ਸੁਣਿਐ ਬਹੂ ਡਾਕਟਰੀ ਪਾਸ ਐ? ਹੈਂ...।'' ਸ਼ਾਮੋ ਦੀ ਗੱਲ ਵਿਚੋਂ ਟੋਕਣੀ ਪੈਂਦੀ ਸੀ ਨਹੀਂ ਤਾਂ ਉਹ ਬੋਲਣੋ ਚੁੱਪ ਈ ਨਾ ਕਰਦੀ, ਗੱਲ ਦੀ ਲੜੀ ਕਿਹੜਾ ਟੁੱਟਣ ਦਿੰਦੀ !  ਦਿਆਕੁਰ ਨੇ ਵਿਚੋਂ ਈ ਟੋਕ ਕੇ ਆਖਿਆ-
''ਆਹੋ ਭਾਈ, ਮੁੰਡਾ ਵੀ ਤਾਂ ਸਾਡਾ ਡਾਕਟਰੀ ਪਾਸ ਐ।  ਸ਼ੁਕਰ ਐ ਵਾਖਰੂ ਦਾ ਜਿਊਂਦੇ ਵਸਦੇ ਰਹਿਣ, ਰੰਗ ਭਾਗ ਲੱਗੇ ਰਹਿਣ।  ਮਾਪਿਆਂ ਨੂੰ ਤਾਂ ਧੀਆਂ ਪੁੱਤਾਂ ਕੰਨੀਓਂ ਠੰਢੀ ਵਾਅ ਈ ਔਣੀ ਚਾਹੀਂਦੀ ਐ।''
''ਨੀ ਦਿਆਕੁਰੇ, ਤੈਨੂੰ ਮੈਂ ਦੱਸਾਂ, ਥੋਡਾ ਮੁੰਡਾ ਤਾਂ ਅੱਖ 'ਚ ਪਾਇਆ ਨੀ ਰੜਕਦਾ ਤੇ ਔਧਰ ਲੈ ਸਾਡਾ ਜਾਂਦੂ ਤੈਨੂੰ ਮੈਂ ਦੱਸਾਂ।   ਨੀ ਓਹੀ ਟੁੱਟ ਪੈਣਾ ਮੇਰਾ ਦਿਉਰ ਮੱਘਰ ਹੋਰ ਕੌਣ?  ਥੱਬਾ ਰੋਟੀਆਂ ਦਾ ਖਾ ਜਾਂਦੈ ਤੈਨੂੰ ਮੈਂ ਦੱਸਾਂ ਤੇ ਜੇ ਖੂਹ 'ਤੋਂ ਘਰੇ ਪਾਣੀ ਲਿਆਉਣ ਖਾਤਰ ਦੋ ਗੇੜੇ ਲੌਣੇ ਪੈ ਜਾਣ ਤਾਂ ਪਟਮੇਲ਼ੀ ਪੈਂਦੀ ਐ ਇਹਨੂੰ ਤੈਨੂੰ ਮੈਂ ਦੱਸਾਂ।  ਏਸ ਬੰਦੇ ਨੇ ਤਾਂ ਸਾਡੇ ਸਾਰੇ ਘਰਦਿਆਂ ਦਾ ਲਹੂ ਪੀ ਲਿਆ ਤੈਨੂੰ ਮੈਂ ਦੱਸਾਂ।  ਡੱਕਾ ਤੋੜ ਕੇ ਦੂਹਰਾ ਨੀ ਕਰਦਾ ਤੈਨੂੰ ਮੈਂ ਦੱਸਾਂ।  ਲੈ ਹੋਰ ਸੁਣ ਲੈ...।''
''ਨੀ ਸ਼ਾਮੋ ਐਵੇਂ ਨਾ ਉਹਨੂੰ ਡੱਕਰੀਂ ਰੱਖਿਆ ਕਰ।  ਸਾਰਾ ਦਿਨ ਤਾਂ ਵਚਾਰਾ ਉਹ ਥੋਡਾ ਗੋਹਾ-ਕੂੜਾ ਕਰਦੈ।  ਦੋ-ਦੋ ਮਹੀਆਂ ਸਾਂਭਦੈ, ਪਾਣੀ ਭਰਦੈ ਸਾਰੇ ਟੱਬਰ ਦਾ।'' ਦਿਆਕੁਰ ਨੇ ਟੋਕਦਿਆਂ ਕਿਹਾ।
ਆਂਢ-ਗੁਆਂਢ ਤੀਵੀਆਂ ਇਕ ਜਾਂਦੀ ਦੋ ਆਉਂਦੀਆਂ।  ਦਿਆਕੁਰ ਦੀ ਨੂੰਹ ਦਾ ਮੂੰਹ ਦੇਖ ਕੇ ਸ਼ਗਨ ਪਾ ਕੇ ਮੁੜ ਜਾਂਦੀਆਂ।  ਵਿਆਹ ਤੋਂ ਦੂਜੇ ਦਿਨ ਵਿਆਹ ਆਲਾ ਮੇਲ ਵੀ ਤੁਰ ਗਿਆ ਸੀ।  ਦਿਆਕੁਰ ਨੇ ਮਹਿੰਦਰ ਸਿੰਘ ਨੂੰ ਸੁਰਜੀਤ ਨੂੰ ਤੇ ਉਹਨਾਂ ਦੀ ਬੱਚੀ ਨੂੰ ਵੱਖੋ-ਵੱਖਰੇ ਕਪੜੇ ਤੇ ਮਠਿਆਈ ਦੇ ਕੇ ਤੋਰਿਆ ਸੀ।  ਮਹਿੰਦਰ ਸਿੰਘ ਭਾਵੇਂ ਚਰਨਜੀਤ ਨਾਲੋਂ ਉਮਰ ਵਿਚ ਕਾਫੀ ਵੱਡਾ ਸੀ ਪਰ ਫੇਰ ਵੀ ਉਹ ਇਕ ਦੂਜੇ ਦੇ ਨੇੜੇ ਹੋ ਗਏ ਸਨ।  ਚਰਨਜੀਤ ਨੂੰ ਉਹਦਾ ਮਿਹਨਤ ਕਰਕੇ ਤਰੱਕੀ ਕਰਨਾ ਚੰਗਾ ਲੱਗਿਆ ਸੀ।  ਮਹਿੰਦਰ ਸਿੰਘ ਨੇ ਵੀ ਗੱਲਾਂ-ਗੱਲਾਂ ਵਿਚ ਦੱਸਿਆ ਕਿ ਉਹ ਪੰਜਾਬ ਤੋਂ ਬਾਹਰ ਜਾ ਕੇ ਕਿਧਰੇ ਕੋਈ ਹੋਰ ਵੱਡਾ ਕੰਮ ਕਰਨਾ ਚਾਹੁੰਦਾ ਸੀ।  ਚਰਨਜੀਤ ਨੂੰ ਉਹਦੀਆਂ ਗੱਲਾਂ ਤੋਂ ਲੱਗਿਆ ਕਿ ਉਸ ਵਿਚ ਅਜਿਹਾ ਕਰ ਸਕਣ ਦੀ ਕਾਬਲੀਅਤ ਸੀ।  ਗੁਰਨੇਕ ਦੇ ਸੁਭਾਅ ਅਨੁਸਾਰ ਮਹਿੰਦਰ ਸਿੰਘ ਉਸ ਨਾਲ ਬਹੁਤੀ ਖੁਲ੍ਹ ਕੇ ਗੱਲ ਨਾ ਕਰ ਸਕਿਆ ਭਾਵੇਂ ਉਹ ਇਕ ਦੂਜੇ ਦੇ ਹਾਣੀ ਸਨ।  ਮਹਿੰਦਰ ਸਿੰਘ ਨੇ ਦੋ ਤਿੰਨ ਵਾਰੀ ਗੁਰਨੇਕ ਨਾਲ ਖੁਲ੍ਹ ਕੇ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਅੱਗੋਂ ਉਹਨੂੰ ਕੋਈ ਚੰਗਾ ਹੁੰਗਾਰਾ ਨਹੀਂ ਸੀ ਮਿਲਿਆ।       

***

No comments:

Post a Comment