Saturday 29 May 2010

ਲੋਕੁ ਕਹੈ ਦਰਵੇਸੁ :: ਤੀਜੀ ਕਿਸ਼ਤ...

ਲੋਕੁ ਕਹੈ ਦਰਵੇਸੁ :: ਤੀਜੀ ਕਿਸ਼ਤ...

ਗੁਰਨੇਕ ਅੱਠਵੀਂ ਵਿਚੋਂ ਪਾਸ ਹੋ ਗਿਆ ਸੀ।  ਜਸਵੰਤ ਮਾਸਟਰ ਨੇ ਸਲਾਹ ਦਿੱਤੀ ਕਿ ਲਗਦੇ ਹੱਥ ਉਹਨੂੰ ਪ੍ਰਾਈਵੇਟ ਦਸਵੀਂ ਵੀ ਪਾਸ ਕਰ ਲੈਣੀ ਚਾਹੀਦੀ ਐ।  ਹੋ ਸਕਦੈ ਕਿਧਰੇ ਪ੍ਰਾਈਮਰੀ ਸਕੂਲ ਵਿਚ ਕੋਈ ਆਰਜ਼ੀ ਨੌਕਰੀ ਮਿਲ ਜਾਵੇ।  ਪਰ ਗੁਰਨੇਕ ਨੂੰ ਅੰਗਰੇਜ਼ੀ ਪੜ੍ਹਨ ਵਿਚ ਕੋਈ ਦਿਲਚਸਪੀ ਨਹੀਂ ਸੀ ਕਿਉਂਕਿ ਅੰਗਰੇਜ਼ੀ ਉਹਨੂੰ ਔਖੀ ਲਗਦੀ ਸੀ। ਉਸ ਨੇ ਜਸਵੰਤ ਮਾਸਟਰ ਨੂੰ ਪੁੱਛਿਆ ਕਿ ਦਸਵੀਂ ਦੀ ਬਜਾਏ ਜੇ ਕੋਈ ਹੋਰ ਸੌਖੀ ਪੜ੍ਹਾਈ ਉਹ ਕਰ ਸਕੇ ਤਾਂ ਠੀਕ ਰਹੇਗਾ।  ਜਸਵੰਤ ਨੇ ਸਲਾਹ ਦਿੱਤੀ ਕਿ ਪੰਜਾਬੀ ਵਿਚ ਬੁਧੀਮਾਨੀ ਪਿੱਛੋਂ ਗਿਆਨੀ ਕੀਤੀ ਜਾ ਸਕਦੀ ਹੈ।
ਜਸਵੰਤ ਨੇ ਬੁਧੀਮਾਨੀ ਲਈ ਕੁਝ ਪੁਰਾਣੀਆਂ ਕਿਤਾਬਾਂ ਗੁਰਨੇਕ ਨੂੰ ਲਿਆ ਦਿੱਤੀਆਂ।  ਗੁਰਨੇਕ ਨੂੰ ਉਂਜ ਵੀ ਪੰਜਾਬੀ ਪੜ੍ਹਨ ਦਾ ਸ਼ੌਕ ਸੀ।  ਉਹਨੇ ਤਿੰਨ ਕੁ ਮਹੀਨਿਆਂ ਵਿਚ ਹੀ ਜਸਵੰਤ ਮਾਸਟਰ ਤੋਂ ਪੁੱਛ-ਪੁਛਾ ਕੇ ਤਿਆਰੀ ਕਰ ਲਈ।  ਉਹਨੀਂ ਦਿਨੀਂ ਉਹਦਾ ਜੀਅ ਕਦੇ ਕਦੇ ਕਵਿਤਾ ਲਿਖਣ ਨੂੰ ਕਰਦਾ।  ਜੇ ਆਪਣੀ ਹੀ ਲਿਖੀ ਕਵਿਤਾ ਉਹਨੂੰ ਪਸੰਦ ਨਾ ਆਉਂਦੀ ਤਾਂ ਕੱਟ-ਵੱਢ ਕੇ ਉਹਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਦਾ।  ਕਦੇ ਕਦੇ ਪੂਰਾ ਜ਼ੋਰ ਲਾ ਕੇ ਵੀ ਉਹ ਇਕ ਲਾਈਨ ਵੀ ਨਾ ਲਿਖ ਸਕਦਾ।  ਕਾਗਜ਼ ਲਿਖ-ਲਿਖ ਪਾੜ ਸੁਟਦਾ।  ਦਿਨ 'ਚ ਕਈ ਵਾਰ ਚਰਨੀ ਨੂੰ ਬੁਲਾ ਕੇ ਕਦੇ ਕਾਪੀ, ਕਦੇ ਪੈਨਸਿਲ, ਕਦੇ ਸਿਆਹੀ ਬਜ਼ਾਰੋਂ ਲਿਆਉਣ ਲਈ ਕਹਿੰਦਾ।  ਚਰਨੀ ਹੁਣ ਸੱਤਵੀਂ ਜਮਾਤ ਵਿਚ ਹੋ ਗਿਆ ਸੀ ਉਹ ਆਪਣੇ ਵੱਡੇ ਭਰਾ ਦੀ ਬੜੀ ਇੱਜ਼ਤ ਕਰਦਾ ਸੀ ਪਰ ਉਸ ਨੂੰ ਕਦੇ ਕਦੇ ਉਹਦੇ ਸੁਭਾਅ ਦੀ ਸਮਝ ਨਾ ਆਉਂਦੀ।  ਉਹ ਸੋਚਦਾ ਜਿਹੜੇ ਕੰਮਾਂ ਲਈ ਉਹਨੇ ਅੱਜ ਚਾਰ ਗੇੜੇ ਬਜ਼ਾਰ ਦੇ ਮਾਰੇ ਸਨ ਉਹ ਇਕੋ ਗੇੜੇ ਵਿਚ ਵੀ ਹੋ ਸਕਦੇ ਸਨ।  ਉੱਤੋਂ ਉਹਨੂੰ ਆਪਣੇ ਸਕੂਲ ਦਾ ਕੰਮ ਛੱਡ ਕੇ ਜਾਣਾ ਪੈਂਦਾ।  ਪਰ ਫੇਰ ਵੀ ਉਹ ਗੁਰਨੇਕ ਨੂੰ ਕਿਧਰੇ ਜਾਣੋਂ ਨਾਂਹ ਨਾ ਕਰਦਾ।  ਝੱਟ ਭੱਜ ਕੇ ਕਿਹਾ ਕੰਮ ਕਰ ਆਉਂਦਾ ਤੇ ਆ ਕੇ ਫੇਰ ਆਪਣੇ ਸਕੂਲ ਦਾ ਦਿੱਤਾ ਕੰਮ ਕਰਨ ਬਹਿ ਜਾਂਦਾ।  ਗੁਰਨੇਕ ਉਹਨੂੰ ਕਦੇ-ਕਦਾਈਂ ਫਜੂਲ ਜਿਹੀਆਂ ਮੱਤਾਂ ਦਿੰਦਾ ਰਹਿੰਦਾ।  ਚਰਨੀ ਚੁੱਪ ਕਰਕੇ ਸੁਣ ਲੈਂਦਾ।                                          
ਦਿਆਕੁਰ ਤੇ ਭਗਤ ਸਿੰਘ ਨੇ ਸਲਾਹ ਕਰਕੇ ਗੁਰਨੇਕ ਨੂੰ ਵਹੁਟੀ ਨੂੰ ਲਿਆਉਣ ਲਈ ਕਿਹਾ।  ਉਹ ਦੋ ਕੁ ਦਿਨਾਂ ਪਿੱਛੋਂ ਜਕੋ-ਤਕੀਆਂ ਜਿਹੀਆਂ ਕਰਕੇ ਬਸੰਤ ਨੂੰ ਫਿਰੋਜ਼ਪੁਰੋਂ ਲੈ ਆਇਆ।  ਪਹਿਲੀ ਰਾਤ ਬਸੰਤ ਜਦੋਂ ਮੰਜੇ 'ਤੇ ਬੈਠੀ ਸੀ ਤਾਂ ਨੇਕ ਨੇ ਕੋਲ ਬਹਿ 'ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫਿੱਸ ਪਈ।
''ਕਿਉਂ ਕੀ ਗੱਲ ਹੋ-ਗੀ।  ਰੋਣ ਆਲੀ ਇਹਦੇ 'ਚ ਕਿਹੜੀ ਗੱਲ ਐ?''
''ਰੱਬ ਨੇ ਸਾਡੇ ਨਾਲ ਈ ਜੱਗੋਂ ਤੇਰ੍ਹਵੀਂ ਕਰਨੀ ਸੀ।  ਇਕ ਜੀ ਦਿੱਤਾ ਤੇ ਫੇਰ ਕੁਸ਼ ਦਿਨਾਂ ਪਿੱਛੋਂ ਖੋਹ ਲਿਆ।  ਮੇਰਾ ਤਾਂ ਨਿੱਕੀ ਬਿਨਾਂ ਚਿੱਤ ਨੀ ਟਿਕਦਾ। ਕੁਛ ਦਿਨਾਂ 'ਚ ਈ ਉਹਦੇ ਨਾਲ ਮੋਹ ਪੈ ਗਿਆ ਸੀ।''
''ਚਲ ਕੋਈ ਨੀ।  ਬੰਦੇ ਦਾ ਰੱਬ ਅਗੇ ਕੀ ਜੋਰ ਐ?''
''ਤੁਸੀਂ ਜੀ, ਮੈਨੂੰ ਇਕ ਗੱਲ ਦੱਸੋ?  ਥੋਡੇ ਉਸ ਦਿਨ ਸਵੇਰੇ ਜਾਣ ਪਿੱਛੋਂ ਜਦੋਂ ਦਿਨ ਚੜ੍ਹੇ ਪਿੱਛੋਂ ਵੀ ਨਿੱਕੀ ਨਾ ਜਾਗੀ ਤਾਂ ਮੈਂ ਉਹਨੂੰ ਦੁੱਧ ਪਿਆਉਣ ਲਈ ਚੁੱਕਿਆ ਤਾਂ ਉਹਦੀ ਧੌਣ ਪਿੱਛੇ ਨੂੰ ਲੁਟਕ ਗਈ।  ਉਹਦੇ 'ਚ ਤਾਂ ਸਾਹ-ਸਤ ਹੈ ਨੀ ਸੀ ਪਰ ਮੈਂ ਦੇਖਿਆ ਸੀ, ਉਹਦੀ ਧੌਣ 'ਤੇ ਇਕ ਵੱਡਾ ਸਾਰਾ ਨੀਲ ਜਿਆ ਪਿਆ ਵਿਆ ਸੀ। ਮੈਨੂੰ ਸਮਝ ਨਾ ਆਵੇ ਬਈ ਹੋ ਕੀ ਗਿਆ।''
''ਲੈ, ਨਿਆਣਿਆਂ ਨੂੰ ਕਈ ਵਾਰੀ ਕੀ ਕੁਸ਼ ਹੋ ਜਾਂਦੈ, ਰੱਬ ਈ ਜਾਣਦੈ।  ਉਹ ਕਿਹੜਾ ਬੋਲ ਕੇ ਦੱਸ ਸਕਦੇ ਐ?''
''ਇਹ ਤਾਂ ਗੱਲ ਦੀ ਕੋਈ ਸਮਝ ਨਾ ਆਈ।  ਥੋਡੇ ਆਉਣ ਤੋਂ ਥੋੜਾ ਚਿਰ ਪਿੱਛੋਂ ਈ ਤਾਂ ਦਿਨ ਚੜ੍ਹ੍ਹ ਗਿਆ ਸੀ।''
"ਤਾਂ ਫੇਰ ਤੈਨੂੰ ਕੀ ਲੱਗਿਆ ਬਈ ਕੀ ਹੋ ਗਿਆ ਹੋਊ?''
''ਮੈਂ ਜੀ ਕੀ ਕਹਿ ਸਕਦੀ ਆਂ।  ਪਰ ਐਂ 'ਚਾਣਚਕ ਘਰੋਂ ਕਿਸੇ ਜੀਅ ਦਾ ਤੁਰ ਜਾਣਾ।  ਮੈਂ ਤਾਂ ਨੌਂ ਮਹੀਨੇ ਉਹਨੂੰ ਢਿੱਡ 'ਚ ਰੱਖਿਆ ਸੀ।  ਉਹ ਮੇਰੇ ਢਿੱਡ ਦੀ ਆਂਦਰ ਸੀ।''
''ਮੇਰੀ ਵੀ ਤਾਂ ਉਹ ਕੁਸ਼ ਲਗਦੀ ਸੀ।  ਪਰ ਫੇਰ ਹੁਣ ਕਰੀਏ ਕੀ? ਕੀਤਾ ਵੀ ਕੀ ਜਾ ਸਕਦੈ।  ਰੱਬ ਦਾ ਭਾਣਾ ਮੰਨਣ ਬਿਨਾਂ ਹੋਰ ਕੋਈ ਚਾਰਾ ਵੀ ਨੀ।''
ਉਂਜ ਗੁਰਨੇਕ ਨੂੰ ਇਸ ਗੱਲ ਦੀ ਤਸੱਲੀ ਹੋ ਗਈ ਸੀ ਕਿ ਬਸੰਤ ਨੇ ਉਹਦੇ 'ਤੇ ਕੋਈ ਸ਼ੱਕ ਨਹੀਂ ਸੀ ਕੀਤਾ ਤੇ ਨਾ ਹੀ ਕਿਧਰੋਂ ਹੋਰ ਕੋਈ ਭਿਣਕ ਪਈ ਸੀ।  ਉਹ ਸੋਚ ਰਿਹਾ ਸੀ ਕਿ ਜੇ ਉਹ ਅਜਿਹਾ ਕਾਰਾ ਕਰਨ ਪਿੱਛੋਂ ਬਿਨਾਂ ਕਿਸੇ ਸ਼ੱਕ-ਸ਼ੁਬ੍ਹਾ ਦੇ ਜੀਵਨ ਵਿਚ ਅਗੇ ਆਪਣੀ ਸੋਚ ਅਨੁਸਾਰ ਆਪਣੇ ਰਾਹ ਤੁਰ ਸਕਦੈ ਤਾਂ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਸੀ, ਅਜੇ ਤਾਂ ਹੋਰ ਵੀ ਬੜਾ ਕੁਝ ਕਰਨਾ ਬਾਕੀ ਸੀ।
ਉਸ ਨੇ ਬੁਧੀਮਾਨੀ ਵੀ ਉਸੇ ਸਾਲ ਪਾਸ ਕਰ ਲਈ ਸੀ ਅਤੇ ਜਸਵੰਤ ਮਾਸਟਰ ਦੀ ਮਦਦ ਨਾਲ ਹੁਣ ਗਿਆਨੀ ਦੀ ਤਿਆਰੀ ਵਿਚ ਲੱਗ ਗਿਆ ਸੀ।  ਗਿਆਨੀ ਦੇ ਸਿਲੇਬਸ ਦੀਆਂ ਕਿਤਾਬਾਂ ਪੜ੍ਹਦਿਆਂ ਉਸ ਨੂੰ ਕਵਿਤਾ, ਕਹਾਣੀ ਅਤੇ ਨਾਵਲ ਪੜ੍ਹਨ ਬਾਰੇ ਅਤੇ ਉਹਨਾਂ ਦੇ ਸਾਹਿਤਕ ਪਿਛੋਕੜ ਬਾਰੇ ਜਾਣਕਾਰੀ ਤੋਂ ਇਲਾਵਾ ਕਵਿਤਾ ਲਿਖਣ ਲਈ ਵੀ ਬੜੀ ਪਰੇਰਨਾ ਮਿਲੀ।  ਹੁਣ ਉਹਦੀ ਕੋਈ ਕੋਈ ਕਵਿਤਾ ਪੰਜਾਬੀ ਰਸਾਲਿਆਂ ਵਿਚ ਛਪਣ ਲੱਗ ਪਈ ਸੀ।  ਉਹਨੇ ਆਪਣਾ ਤਖੱਲਸ ਵੀ 'ਕਵੀ' ਰੱਖ ਲਿਆ ਸੀ।  ਉਹਦੇ ਨਜ਼ਦੀਕੀ ਯਾਰ ਦੋਸਤ ਵੀ ਉਸ ਨੂੰ ਕਦੇ ਕਦੇ 'ਕਵੀ-ਸਾਅਬ' ਕਹਿ ਕੇ ਬੁਲਾਉਂਦੇ ਤਾਂ ਉਹਨੂੰ ਅੰਦਰੋਂ ਅਜੀਬ ਜਿਹੀ ਖੁਸ਼ੀ ਮਹਿਸੂਸ ਹੁੰਦੀ।
ਗਿਆਨੀ ਵੀ ਗੁਰਨੇਕ ਨੇ ਪਾਸ ਕਰ ਲਈ ਸੀ। ਆਂਢ-ਗੁਆਂਢ ਲਗਦੀਆਂ ਭਰਜਾਈਆਂ ਉਹਨੂੰ ਮਖੌਲ ਨਾਲ 'ਵੇ ਗਿਆਨੀ' ਕਹਿ ਕੇ ਬੁਲਾਉਂਦੀਆਂ ਪਰ ਉਹ ਅਗੋਂ ਕੋਈ ਜਵਾਬ ਨਾ ਦਿੰਦਾ।  ਸ਼ਾਇਦ ਸਾਰੇ ਕਸਬੇ ਵਿਚ ਉਹ ਤੀਜਾ ਜਾਂ ਚੌਥਾ ਮੁੰਡਾ ਹੀ ਸੀ ਜਿਸ ਨੇ ਗਿਆਨੀ ਪਾਸ ਕੀਤੀ ਸੀ। ਉਸ ਤੋਂ ਅਗਲੇ ਸਾਲ ਉਹਨੇ ਜਸਵੰਤ ਦੀ ਮਦਦ ਨਾਲ ਦਸਵੀਂ ਵੀ ਪਾਸ ਕਰ ਲਈ ਸੀ।
ਭਗਤ ਸਿੰਘ ਗੁਰਨੇਕ ਦੇ ਭਵਿੱਖ ਬਾਰੇ ਚਿੰਤਤ ਰਹਿੰਦਾ।  'ਵਿਆਹਿਆ ਵਰਿਆ ਬੰਦਾ ਹੋਵੇ, ਕੰਮ ਕੋਈ ਕਰਦਾ ਨਾ ਹੋਵੇ, ਕਬੀਲਦਾਰੀ ਕਿਵੇਂ ਚੱਲੂਗੀ?' ਅਜਿਹੀਆਂ ਸੋਚਾਂ ਉਹਦਾ ਖਹਿੜਾ ਨਾ ਛਡਦੀਆਂ।  ਦਿਆਕੁਰ ਅੱਡ ਦੁਖੀ ਹੁੰਦੀ ਰਹਿੰਦੀ।  ਗੁਰਨੇਕ ਸਾਰਾ ਦਿਨ ਚੁਬਾਰੇ ਵਿਚੋਂ ਘੱਟ ਹੀ ਨਿਕਲਦਾ।  ਬਸੰਤ ਵੀ ਹੇਠੋਂ ਪਹਿਲਾਂ ਵਾਂਗ ਆਥਣ-ਸਵੇਰ-ਪੱਕੀ ਪਕਾਈ ਰੋਟੀ ਲੈ ਜਾਂਦੀ ਤੇ ਦੋਏ ਜੀ ਖਾ ਲੈਂਦੇ।  ਉਹ ਘਰ ਦਾ ਕੰਮ ਵੀ ਕਰਦੀ ਤੇ ਦਿਆਕੁਰ ਦੀਆਂ ਚੰਗੀਆਂ ਮਾੜੀਆਂ ਵੀ ਸੁਣਦੀ।  ਉਸ ਨੂੰ ਕਦੇ ਆਪਣੇ ਆਪ 'ਤੇ ਅਤੇ ਕਦੇ ਗੁਰਨੇਕ ਤੇ ਗੁੱਸਾ ਵੀ ਆਉਂਦਾ ਕਿ ਪਤਾ ਨਹੀਂ ਕਦੋਂ ਉਹ ਖੱਟਣ ਕਮਾਉਣ ਲੱਗੇਗਾ।  ਉਹਨੂੰ ਵੀ ਆਪਣੇ ਘਰ ਵਾਲੇ ਦੀ ਕਮਾਈ ਨਾਲ ਆਪਣੇ ਚਾਅ ਪੂਰੇ ਕਰਨ ਦੀਆਂ ਰੀਝਾਂ ਸਨ।
ਸਮਾਂ ਆਪਣੀ ਚਾਲ ਚਲਦਾ ਰਿਹਾ।  ਭਗਤ ਸਿੰਘ ਇਕ ਗੱਲ ਹੋਰ ਵੀ ਸੋਚਦਾ ਹੁੰਦਾ ਕਿ ਉਹ ਭਾਵੇਂ ਆਪ ਨਹੀਂ ਪੜ੍ਹ ਸਕਿਆ, ਪੜ੍ਹਦਾ ਵੀ ਕਿਥੋਂ ਪਿੰਡਾਂ 'ਚ ਉਹਨਾਂ ਸਮਿਆਂ ਵਿਚ ਕਿੱਥੇ ਸਨ ਸਕੂਲ? ਪਰ ਜਿਵੇਂ ਵੀ ਹੋ ਸਕਦਾ ਸੀ ਉਹ ਆਪਣੀ ਔਲਾਦ ਨੂੰ ਜ਼ਰੂਰ ਪੜ੍ਹਾਉਣਾ ਚਾਹੁੰਦਾ ਸੀ।  ਗੁਰਨੇਕ ਦੇ ਪੜ੍ਹਾਈ ਵਿਚਾਲੇ ਛੱਡਣ 'ਤੇ ਉਹਨੂੰ ਗੁੱਸਾ ਤਾਂ ਸੀ ਹੀ ਪਰ ਫੇਰ ਹੌਲੀ ਹੌਲੀ ਤਸੱਲੀ ਵੀ ਹੋਣ ਲੱਗ ਪਈ ਕਿ ਚਲੋ ਉਹਦੇ ਆਖੇ ਨਾ ਸਹੀ, ਹੁਣ ਉਹ ਆਪ ਪੜ੍ਹਨ ਲੱਗ ਪਿਆ ਸੀ।  ਜਦੋਂ ਲੋੜ ਪੈਂਦੀ ਉਹ ਚਰਨੀ ਦੇ ਹੱਥ ਸੁਨੇਹਾ ਭੇਜ ਕੇ ਭਗਤ ਸਿੰਘ ਤੋਂ ਦਾਖਲੇ, ਫੀਸਾਂ ਤੇ ਹੋਰ ਖਰਚੇ ਮੰਗ ਲੈਂਦਾ।
ਦੂਜੇ ਪਾਸੇ ਚਰਨਜੀਤ  ਪੜ੍ਹਨ ਵਿਚ ਹੁਸ਼ਿਆਰ ਸੀ।  ਜਦੋਂ ਵੀ ਉਹ ਮੰਡੀ ਦੇ ਮਸ਼ਹੂਰ ਡਾਕਟਰ ਮੋਹਨ ਲਾਲ ਦੀ ਦੁਕਾਨ ਅਗੋਂ ਦੀ ਲੰਘਦਾ ਤਾਂ ਉਹਦਾ ਮਨ ਕਰਦਾ ਕਿ ਕਦੇ ਉਹ ਵੀ ਮੋਹਨ ਲਾਲ ਵਾਂਗ ਕੁਰਸੀ 'ਤੇ ਬਹਿ ਕੇ ਮਰੀਜ਼ਾਂ ਦੀਆਂ ਨਬਜ਼ਾਂ ਦੇਖਿਆ ਕਰੇਗਾ, ਟੂਟੀ ਲਾ ਕੇ ਦੇਖੇਗਾ ਅਤੇ ਟੀਕੇ ਲਾਇਆ ਕਰੇਗਾ।  ਦੇਖਦਿਆਂ ਦੇਖਦਿਆਂ ਪੰਜਾਂ-ਸੱਤਾਂ ਸਾਲਾਂ ਵਿਚ ਹੀ ਡਾਕਟਰ ਮੋਹਨ ਲਾਲ ਨੇ ਆਪਣੀ ਵੱਡੀ ਕੋਠੀ ਬਣਾ ਲਈ ਸੀ ਅਤੇ ਨਾਲ ਹੀ ਖਾਲੀ ਥਾਂ ਇਕ ਨਿੱਕਾ ਜਿਆ ਹਸਪਤਾਲ ਬਨਾਉਣ ਲਈ ਖਰੀਦ ਲਈ ਸੀ।  
ਚਰਨਜੀਤ ਨੇ ਨੌਵੀਂ ਦਸਵੀਂ ਵਿਚ ਫਿਜ਼ੀਆਲੋਜੀ ਦਾ ਵਿਸ਼ਾ ਚੁਣਿਆ ਅਤੇ ਫੇਰ ਕਾਲਜ ਵਿਚ ਮੈਡੀਕਲ ਅਤੇ ਉਸ ਪਿੱਛੋਂ ਸੌਖਿਆਂ ਹੀ ਲੁਧਿਆਣੇ ਮੈਡੀਕਲ ਕਾਲਜ ਵਿਚ ਦਾਖਲਾ ਮਿਲ ਗਿਆ।  ਦਿਆਕੁਰ ਤੇ ਭਗਤ ਸਿੰਘ ਨੂੰ ਚਰਨਜੀਤ ਦੇ ਭਵਿੱਖ ਬਾਰੇ ਆਸਾਂ ਬਝਦੀਆਂ ।  ਭਗਤ ਸਿੰਘ ਵੀ ਏਧਰੋਂ ਓਧਰੋਂ ਪੈਸੇ ਫੜ-ਫੜਾ ਕੇ ਹਰ ਮਹੀਨੇ ਚਰਨਜੀਤ ਨੂੰ ਖਰਚਾ ਭੇਜਦਾ ਰਹਿੰਦਾ।  ਚਰਨਜੀਤ ਨੂੰ ਉਂਜ ਵੀ ਕਿਸੇ ਸੰਸਥਾ ਵਲੋਂ ਹੁਸ਼ਿਆਰ ਵਿਦਿਆਰਥੀਆਂ ਲਈ ਲਾਇਆ ਵਜ਼ੀਫਾ ਵੀਹ ਰੁਪਏ ਮਹੀਨਾ ਮਿਲ ਜਾਂਦਾ।  ਪਰ ਫੇਰ ਵੀ ਉਹ ਕਈ ਮਹਿੰਗੀਆਂ ਕਿਤਾਬਾਂ ਨਾ ਖਰੀਦ ਸਕਦਾ।  ਲਾਇਬਰੇਰੀ ਵਿਚੋਂ ਜਾਂ ਆਪਣੇ ਦੋਸਤਾਂ ਤੋਂ ਲੈ ਕੇ ਪੜ੍ਹਦਾ ਜਾਂ ਕਿਤਾਬਾਂ ਵਿਚੋਂ ਜ਼ਰੂਰੀ ਨੋਟਸ ਲੈ ਲੈਂਦਾ।  ਅਖੀਰਲੇ ਸਾਲ ਜਦੋਂ ਮੁਰਦਿਆਂ ਦੀ ਚੀਰ-ਫਾੜ ਲਈ ਵਿਦਿਆਰਥੀਆਂ ਨੂੰ ਹਸਪਤਾਲ ਦੇ ਉਸ ਵਿੰਗ ਵਿਚ ਲਿਜਾਇਆ ਜਾਂਦਾ ਤਾਂ ਉਹ ਸਭ ਤੋਂ ਮੂਹਰੇ ਹੋ ਕੇ ਚੀਰ-ਫਾੜ ਕੀਤੀਆਂ ਲਾਸ਼ਾਂ ਨੂੰ ਅੰਦਰੋਂ ਚੰਗੀ ਤਰਾਂ ਦੇਖ ਕੇ ਸਮਝਣ ਦੀ ਕੋਸ਼ਿਸ਼ ਕਰਦਾ ਕਿ ਕਿਹੜੀਆਂ ਬਿਮਾਰੀਆਂ ਬੰਦੇ ਦੇ ਜਿਸਮ ਦੇ ਕਿਹੜੇ ਹਿੱਸੇ ਨੂੰ ਕਿਵੇਂ ਖਰਾਬ ਕਰਦੀਆਂ ਹਨ।  ਕੁੜੀਆਂ ਵਿਚੋਂ ਤਾਂ ਅਕਸਰ ਪਹਿਲੇ ਦਿਨ ਜਾ ਕੇ ਕੋਈ ਨਾ ਕੋਈ ਜ਼ਰੂਰ ਬੇਹੋਸ਼ ਹੁੰਦੀ।  ਕਈ ਉਲਟੀਆਂ ਕਰਨ ਲਗਦੇ।  ਪਰ ਚਰਨਜੀਤ ਮਨ ਕਰੜਾ ਕਰਦਾ ਤੇ ਸੋਚਦਾ 'ਜਿੰਨਾ ਇਹਦੇ ਵਿਚੋਂ ਦੀ ਲੰਘਾਂਗੇ ਓਨਾ ਈ ਠੀਕ।'  ਬਹੁਤਾ ਉਹ ਆਪੇ ਹੀ ਸਿੱਖਣ ਦੀ ਕੋਸ਼ਿਸ਼ ਕਰਦਾ ਅਤੇ ਆਪਣੇ ਸਿਆਣੇ ਸੀਨੀਅਰ ਪ੍ਰੋਫੈਸਰਾਂ ਤੇ ਡਾਕਟਰਾਂ ਪਾਸੋਂ ਪੁੱਛ ਕੇ ਜਾਣਕਾਰੀ ਲੈਂਦਾ, ਨੋਟ ਕਰਦਾ।  ਹੋਸਟਲ ਵਿਚ ਰੋਟੀ ਖਾਣ ਵੇਲੇ ਵੀ ਉਹਦੇ ਇਕ ਹੱਥ ਵਿਚ ਇਕ ਕਿਤਾਬ ਤੇ ਦੂਜੇ ਵਿਚ ਇਕ ਦੋ ਹੱਡੀਆਂ ਫੜੀਆਂ ਹੁੰਦੀਆਂ।  ਰੋਟੀ ਖਾਂਦਾ-ਖਾਂਦਾ ਵੀ ਉਹ ਹੱਡੀਆਂ ਦੀ ਬਣਤਰ ਅਤੇ ਜਾਣਕਾਰੀ ਬਾਰੇ ਪੜ੍ਹਦਾ ਰਹਿੰਦਾ।  ਕਈ ਉਹਦੇ ਸਾਥੀ ਉਹਨੂੰ ਛੇੜਦੇ, ''ਡਾ.ਸਾਹਬ ਰੋਟੀ ਖਾਣ ਵੇਲੇ ਤਾਂ ਇਹਨਾਂ ਹੱਡੀਆਂ 'ਤੇ ਰਹਿਮ ਕਰੋ।'' ''ਨਹੀਂ ਯਾਰ ਅੱਜ ਈ ਸਾਰੀ ਆਰਥੋ ਪੀਡਿਕ ਹਿਸਟਰੀ ਖਤਮ ਕਰਨੀ ਐ ਪੜ੍ਹ-ਪੜ੍ਹ ਕੇ।  ਕੱਲ ਨੂੰ ਕੀ ਪਤੈ ਹਿਊਮਨ ਰੇਸ ਈ ਬਦਲ ਜਾਵੇ।'' ਪਰ ਚਰਨਜੀਤ ਸਿਰ ਸੁੱਟ ਕੇ ਲਗਿਆ ਰਹਿੰਦਾ।
ਸੀਨੀਅਰ ਡਾਕਟਰ ਵਿਦਿਆਰਥੀਆਂ ਨੂੰ ਹਸਪਤਾਲ ਵਿਚ ਆਪਣੇ ਰਾਊਂਡ ਵੇਲੇ ਵਾਰਡਾਂ ਵਿਚ ਆਪਣੇ ਨਾਲ ਲੈ ਕੇ ਜਾਂਦੇ ਅਤੇ ਮਰੀਜ਼ਾਂ ਦਾ ਮੁਆਇਨਾ ਕਰਨ ਪਿੱਛੋਂ ਉਹ ਉਹਨਾਂ ਦੀ ਬਿਮਾਰੀ, ਅਪ੍ਰਰੇਸ਼ਨ ਅਤੇ ਦਵਾਈਆਂ ਵਗੈਰਾ ਬਾਰੇ ਉਹਨਾਂ ਨੂੰ ਦਸਦੇ।  ਚਰਨਜੀਤ ਰਾਊਂਡ ਖਤਮ ਹੋਣ ਪਿੱਛੋਂ ਉਸੇ ਦਿਨ ਹੀ ਸਭ ਤੋਂ ਗੰਭੀਰ ਹਾਲਤ ਵਾਲੇ ਮਰੀਜ਼ ਕੋਲ ਇਕ ਵਾਰ ਫੇਰ ਜ਼ਰੂਰ ਜਾਂਦਾ।  ਉਹਦੇ ਨਾਲ ਆਏ ਰਿਸ਼ਤੇਦਾਰਾਂ ਨਾਲ ਗੱਲਾਂ ਕਰਦਾ।  ਉਹਨਾਂ ਨੂੰ ਤਸੱਲੀ ਦਿੰਦਾ।  ਬਹੁਤੇ ਮਰੀਜ਼ਾਂ ਦੇ ਨਾਲ ਆਏ ਲੋਕ ਉਹਨੂੰ ਡਾਕਟਰ ਸਮਝ ਕੇ ਉਸ ਤੋਂ ਕਈ ਤਰਾਂ ਦੀ ਸਹਾਇਤਾ ਮੰਗਦੇ।  ਕੋਈ ਦਵਾਈ ਬਦਲਣ ਲਈ ਆਖਦਾ।  ਕੋਈ ਟੀਕਾ ਲਾਉਣ ਲਈ ਕਹਿੰਦਾ।  ਉਹ ਵਿਦਿਆਰਥੀ ਹੁੰਦਿਆਂ ਵੀ ਲੋਕਾਂ ਲਈ ਡਾਕਟਰ ਬਣ ਚੁੱਕਾ ਸੀ।  ਕਈ ਸਿਆਣੇ ਲੋਕ ਉਹਦੇ ਹੋਸਟਲ ਦਾ ਕਮਰਾ ਨੰਬਰ ਪੁੱਛ ਕੇ ਰਾਤ-ਬ-ਰਾਤੇ ਮਰੀਜ਼ ਦੀ ਹਾਲਤ ਵਿਗੜਨ 'ਤੇ ਉਹਨੂੰ ਬੁਲਾ ਲਿਆਉਂਦੇ।  ਉਹ ਹਰ ਇਕ ਨਾਲ ਉੱਠ ਕੇ ਤੁਰ ਵੀ ਪੈਂਦਾ ਪਰ ਹਰ ਜ਼ਰੂਰੀ ਮਦਦ ਉਹ ਸਬੰਧਤ ਡਾਕਟਰ ਦੀ ਸਲਾਹ ਲਏ ਬਿਨਾਂ ਜਾਂ ਪੁੱਛੇ ਬਿਨਾਂ ਨਹੀਂ ਸੀ ਕਰਦਾ।  ਅਖੀਰਲੇ ਸਾਲ ਵਿਚ ਤਾਂ ਇਕ ਪਾਸੇ ਉਹਨੂੰ ਪੜ੍ਹਾਈ ਦੇ ਜ਼ੋਰ ਨੇ ਅਤੇ ਦੂਜੇ ਪਾਸੇ ਮਰੀਜ਼ਾਂ ਦੇ ਨਾਲ ਆਉਣ ਵਾਲੇ ਲੋਕਾਂ ਨੇ ਜਿਵੇਂ ਘੇਰ ਹੀ ਲਿਆ।  ਰਾਤ ਨੂੰ ਸੌਣ ਅਤੇ ਆਰਾਮ ਕਰਨ ਲਈ ਸਿਰਫ ਕੁਝ ਕੁ ਘੰਟੇ ਹੀ ਉਹ ਕੱਢ ਸਕਦਾ।
ਡਾਕਟਰੀ ਦੇ ਕੋਰਸ ਦੌਰਾਨ ਹਰ ਸਾਲ ਉਹ ਕੁਝ ਦਿਨਾਂ ਲਈ ਛੁੱਟੀਆਂ ਵਿਚ ਘਰ ਆ ਜਾਂਦਾ।  ਦਿਆਕੁਰ ਦੀ ਮਮਤਾ ਡੁੱਲ੍ਹ-ਡੁੱਲ੍ਹ ਪੈਂਦੀ।  ਉਹ ਉਹਦੇ ਖਾਣ ਦੀਆਂ ਮਨ ਪਸੰਦ ਚੀਜ਼ਾਂ ਬਣਾਉਂਦੀ।  ਕਦੇ ਖੋਏ ਦੀਆਂ ਪਿੰਨੀਆਂ ਕਦੇ ਪੰਜੀਰੀ ਕਦੇ ਘਿਓ-ਸ਼ੱਕਰ ਕਦੇ ਸੇਵੀਆਂ ਕਦੇ ਖੀਰ।  ਭਗਤ ਸਿੰਘ ਵੀ ਉਚੇਚ ਕਰਦਾ ਪਰ ਘਰ ਦਾ ਗੁਜ਼ਾਰਾ ਚੰਗਾ ਨਹੀਂ ਸੀ ਚਲਦਾ।  ਹਰ ਵੇਲੇ ਪੈਸੇ ਦੀ ਥੁੜੋਂ ਰਹਿੰਦੀ।  ਭਗਤ ਸਿੰਘ ਦੀਆਂ ਜੇ ਦਿਹਾੜੀਆਂ ਲਗਾਤਾਰ ਲਗਦੀਆਂ ਰਹਿੰਦੀਆਂ ਤਾਂ ਠੀਕ ਰਹਿੰਦਾ ਨਹੀਂ ਤਾਂ ਘਰ ਦੇ ਖਰਚੇ ਪੂਰੇ ਕਰਨੇ ਔਖੇ ਲਗਦੇ।  ਕਦੇ ਕਦੇ ਉਹ ਤਿੰਨੇ ਬਹਿ ਕੇ ਗੱਲਾਂ ਕਰਦੇ।
''ਔਹ ਚੁਬਾਰੇ ਆਲੇ ਕਵੀ ਸਾਹਬ ਨੇ ਤਾਂ ਸਾਡੀ ਕੋਈ ਸਾਰ ਨੀ ਲੈਣੀ।  ਉਹਨੂੰ ਆਵਦੇ ਆਪ ਬਿਨਾਂ ਦੁਨੀਆਂ 'ਚ ਹੋਰ ਕੋਈ ਦੀਂਹਦਾ ਨੀ।  ਸਾਡੀ ਡੋਰ ਤਾਂ ਪੁੱਤ ਤੇਰੇ 'ਤੇ ਈ ਐ।  ਹੋਰ ਕੁਸ਼ ਨੀ ਤਾਂ ਬੁੜ੍ਹਿਆਂ ਹੋਇਆਂ ਨੂੰ ਮਾੜੀ ਮੋਟੀ ਦੁਆ ਦਾਰੂ ਤਾਂ ਦੇ ਈ ਦਿਆ ਕਰੇਂਗਾ।  ਦੂਜੇ ਮਰੀਜਾਂ ਨੂੰ ਵੀ ਤਾਂ ਦੁਆਈ ਦੇਵੇਂਗਾ ਈ ਨਾ?'' ਦਿਆਕੁਰ ਉਹਦੀਆਂ ਅੱਖਾਂ ਵਿਚ ਝਾਕ ਕੇ ਕੁਝ ਲਭਦਿਆਂ ਆਖਦੀ।  
''ਲੈ ਬੇਬੇ ਤੁਸੀਂ ਵੀ ਨਾ ਬੱਸ ਊਂ ਈ ਫਾਲਤੂ ਗੱਲਾਂ 'ਚ ਪੈ ਜਾਨੇ ਓਂ।'' ਚਰਨਜੀਤ ਨੀਵੀਂ ਪਾਈ ਜਵਾਬ ਦਿੰਦਾ।
''ਲੈ ਅਸੀਂ ਕਿਹੜਾ ਦੇਖਦੇ ਨੀ ਬਈ ਦੁਨੀਆਂ 'ਚ ਕੀ ਹੋਈ ਜਾਂਦੈ।  ਬਾਹਰ ਜਾਣ ਦੀ ਕੀ ਲੋੜ ਐ।  ਘਰ 'ਚ ਈ ਦੇਖ ਲੋ।''
ਚਰਨਜੀਤ ਛੁੱਟੀ ਆਇਆ ਹਰ ਰੋਜ਼ ਇਕ ਅੱਧ ਘੰਟਾ ਗੁਰਨੇਕ ਨਾਲ ਉਸ ਦੇ ਚੁਬਾਰੇ ਵਿਚ ਜਾ ਕੇ ਜ਼ਰੂਰ ਗੱਲ-ਬਾਤ ਕਰਦਾ।  ਉਹ ਕਾਲਜ ਦੀਆਂ, ਹਸਪਤਾਲ ਦੀਆਂ, ਡਾਕਟਰਾਂ ਤੇ ਪ੍ਰੋਫੈਸਰਾਂ ਦੀਆਂ ਅਤੇ ਹੋਸਟਲ ਦੀਆਂ ਗੱਲਾਂ ਸੁਣਾਉਂਦਾ।  ਗੁਰਨੇਕ ਨੇ ਕਦੇ ਵੀ ਉਹਨੂੰ ਪਿਆਰ ਨਾਲ ਬਿਠਾ ਕੇ ਆਪਣੀ ਕੋਈ ਕਵਿਤਾ ਨਹੀਂ ਸੀ ਸੁਣਾਈ।  ਚਰਨਜੀਤ ਭਾਵੇਂ ਕਦੇ-ਕਦਾਈਂ ਕਿਸੇ ਰਸਾਲੇ ਵਿਚ ਉਹਦੀ ਕਵਿਤਾ ਆਪੇ ਪੜ੍ਹ ਲੈਂਦਾ।  ਅਜਕਲ੍ਹ  ਗੁਰਨੇਕ ਦੀਆਂ ਕਵਿਤਾਵਾਂ ਬੜੇ ਸਿਰ-ਕੱਢ ਨਾਮੀ ਰਸਾਲਿਆਂ ਵਿਚ ਛਪਣ ਲੱਗ ਪਈਆਂ ਸਨ।  ਕੋਈ ਕੋਈ ਰਸਾਲਾ ਉਹਨੂੰ ਉਸ ਦੀ ਰਚਨਾ ਲਈ ਮਾੜੇ ਮੋਟੇ ਪੈਸੇ ਵੀ ਭੇਜ ਦਿੰਦਾ ਪਰ ਉਹ ਕਦੇ ਵੀ ਕਿਸੇ ਨੂੰ ਕੁਝ ਨਾ ਦਸਦਾ।
ਜਦੋਂ ਚਰਨਜੀਤ ਲੁਧਿਆਣੇ ਪੜ੍ਹਨ ਚਲਾ ਜਾਂਦਾ ਤਾਂ ਉਹ ਹਰ ਹਫਤੇ ਉਹਨੂੰ ਚਿੱਠੀ ਜ਼ਰੂਰ ਲਿਖਦਾ।  ਚਿੱਠੀਆਂ ਆਮ ਤੌਰ ਤੇ ਲੰਮੀਆਂ ਹੁੰਦੀਆਂ।  ਉਹਨਾਂ ਚਿੱਠੀਆਂ ਵਿਚ ਆਪਣੀਆਂ ਬਿਮਾਰੀਆਂ ਦਾ ਤੇ ਕਬੀਲਦਾਰੀ ਦੇ ਖਰਚਿਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੁੰਦਾ।  ਅਖੀਰ ਚਿੱਠੀ ਵਿਚ ਉਹ ਇਹ ਜ਼ਰੂਰ ਲਿਖਦਾ ਕਿ ਅਜਿਹੀਆਂ ਗੱਲਾਂ ਉਹ ਚਰਨਜੀਤ ਨੂੰ ਜਾਣ-ਬੁੱਝ ਕੇ ਪਰੇਸ਼ਾਨ ਕਰਨ ਲਈ ਨਹੀਂ ਸੀ ਲਿਖਦਾ।  ਕਦੇ-ਕਦਾਈਂ ਚਿੱਠੀ ਵਿਚ ਆਪਣੇ ਮਾਂ ਪਿਓ ਬਾਰੇ ਸ਼ਿਕਵੇ-ਸ਼ਕਾਇਤਾਂ ਵੀ ਹੁੰਦੇ।  ਪਰ ਚਰਨਜੀਤ ਕਦੇ ਵੀ ਉਹਦੀਆਂ ਇਹੋ ਜਿਹੀਆਂ ਗੱਲਾਂ ਦਾ ਆਪਣੀ ਚਿੱਠੀ ਵਿਚ ਜਵਾਬ ਨਾ ਦਿੰਦਾ।

***

ਚਰਨਜੀਤ ਜਦੋਂ ਬਚਪਨ ਵਿਚ ਸਕੂਲ ਜਾਣ ਲੱਗਾ ਤਾਂ ਉਹਦਾ ਸਕੂਲ ਇਕ ਮੁਸਲਮਾਨਾਂ ਦੇ ਛੱਡੇ ਹੋਏ ਕੱਚੇ ਜਿਹੇ ਘਰ ਵਿਚ ਹੁੰਦਾ।  ਉਸ ਘਰ ਵਿਚ ਰਹਿੰਦਾ ਮੁਸਲਮਾਨਾਂ ਦਾ ਟੱਬਰ ਦੇਸ਼ ਦੀ ਵੰਡ ਸਮੇਂ ਇਹ ਘਰ ਖਾਲੀ ਛੱਡ ਕੇ ਪਾਕਿਸਤਾਨ ਚਲਾ ਗਿਆ ਸੀ।  ਲੋਕ ਉਸ ਨੂੰ ਕਸਾਈਵਾੜੇ ਦਾ ਪ੍ਰਾਇਮਰੀ ਸਕੂਲ ਕਰਕੇ ਜਾਣਦੇ ਸਨ।  ਸਕੂਲ ਵਿਚ ਪਹਿਲੀ ਤੋਂ ਲੈ ਕੇ ਚੌਥੀ ਜਮਾਤ ਤਕ ਬੱਚਿਆਂ ਨੂੰ ਸਿਰਫ ਇਕੋ ਮਾਸਟਰ ਪੜ੍ਹਾਉਂਦਾ ਹੁੰਦਾ।  ਮਾਸਟਰ ਦਾ ਨਾਂ ਸਾਧੂ ਰਾਮ ਸੀ।  ਸਾਧੂ ਰਾਮ ਦਾ ਕੱਦ ਲੰਮਾ, ਰੰਗ ਗੋਰਾ, ਨੱਕ ਲੰਮਾ ਤੇ ਤਿੱਖਾ ਸੀ।  ਉਹਦੇ ਕੰਨ ਲੰਮੇ ਅਤੇ ਅੱਖਾਂ ਤੇਜ਼ ਪਰ ਛੋਟੀਆਂ ਸਨ।  ਉਹ ਮਹਾਤਮਾ ਗਾਂਧੀ ਵਰਗੀਆਂ ਗੋਲ ਸ਼ੀਸ਼ਿਆਂ ਵਾਲੀਆਂ ਐਨਕਾਂ ਲਾ ਕੇ ਰਖਦਾ ਜਿਸ ਦੀਆਂ ਡੰਡੀਆਂ ਕੰਨਾਂ ਦੇ ਪਿੱਛੋਂ ਦੀ ਹੋ ਕੇ ਕੰਨਾਂ ਦੇ ਦੁਆਲਿਓਂ ਹੋ ਕੇ ਪੇਪੜੀਆਂ ਤੱਕ ਜਾਂਦੀਆਂ।  ਸਿਰ 'ਤੇ ਵਾਲ ਘੱਟ ਸਨ।  ਆਵਾਜ਼ ਬੜੀ ਗੜ੍ਹਕੇ ਵਾਲੀ ਸੀ।  ਉਹ ਹਮੇਸ਼ਾ ਚਿੱਟਾ ਖੱਦਰ ਦਾ ਕੁੜਤਾ ਪਜਾਮਾ ਪਾ ਕੇ ਰਖਦਾ।  ਚਾਰੇ ਜਮਾਤਾਂ ਦੇ ਨਿਆਣੇ ਵੱਡੇ ਵਰਾਂਡੇ ਵਿਚ ਤੱਪੜਾਂ ਤੇ ਬਹਿ ਕੇ ਪੜ੍ਹਦੇ।  ਓਥੇ ਇਕ ਬਾਣ ਦਾ ਚੌਖੜਾ ਮੰਜਾ ਹਰ ਵੇਲੇ ਡੱਠਾ ਰਹਿੰਦਾ ਜਿਸ ਤੇ ਬਹਿ ਕੇ ਸਾਧੂ ਰਾਮ ਬੱਚਿਆਂ ਨੂੰ ਪੜ੍ਹਾਉਂਦਾ ਹੁੰਦਾ।  ਉਹਨੂੰ ਹਰ ਇਕ ਬੱਚੇ ਦਾ ਸਿਰਫ ਨਾਂ ਹੀ ਨਹੀਂ ਸੀ ਯਾਦ ਸਗੋਂ ਉਹ ਉਹਨਾਂ ਦੇ ਮਾਂ ਪਿਓ ਦੇ ਨਾਂ ਵੀ ਜਾਣਦਾ ਸੀ।  ਉਸ ਛੋਟੇ ਜਿਹੇ ਸ਼ਹਿਰ ਦੇ ਲਗਭਗ ਹਰ ਇਕ ਘਰ ਦੇ ਜੀਆਂ ਦੇ ਨਾਂ ਉਸ ਨੂੰ ਯਾਦ ਸਨ। ਜਿਸ ਘਰ ਦਾ ਬੱਚਾ ਪੰਜਾਂ ਛੇਆਂ ਸਾਲਾਂ ਦਾ ਹੋਣ ਲਗਦਾ ਉਹ ਤੁਰਦਾ-ਫਿਰਦਾ ਉਸ ਘਰ ਜਾ ਵੜਦਾ ਤੇ ਘਰਦਿਆਂ ਨੂੰ ਉਸ ਬੱਚੇ ਨੂੰ ਸਕੂਲ ਦਾਖਲ ਕਰਾਉਣ ਲਈ ਆਖਦਾ।  ਲੋਕ ਮਾਸਟਰ ਸਾਧੂ ਰਾਮ ਦੀ ਇੱਜ਼ਤ ਕਰਦੇ।  ਉਸ ਦੇ ਅੱਗੇ ਹੱਥ ਜੋੜ ਕੇ ਖੜ੍ਹਦੇ।  ਉਹ ਵੀ ਲੋਕਾਂ ਦੀ ਇਜ਼ੱਤ ਕਰਨਾ ਜਾਣਦਾ ਸੀ।  ਹਰੇਕ ਨਾਲ ਉਹ ਬੜੇ ਪਿਆਰ ਨਾਲ ਪੇਸ਼ ਆਉਂਦਾ।
ਸਾਧੂ ਰਾਮ ਤੇ ਉਹਦੀ ਪਤਨੀ ਦੋ ਕਮਰਿਆਂ ਵਾਲੇ ਇਕ ਘਰ ਵਿਚ ਰਹਿੰਦੇ ਸਨ।  ਉਹਨਾਂ ਦਾ ਆਪਣਾ ਬੱਚਾ ਕੋਈ ਨਹੀਂ ਸੀ।  ਜੇ ਸਾਰੀ ਨਹੀਂ ਤਾਂ ਲਗਭਗ ਅੱਧੀ ਜਾਂ ਪੌਣੀ ਮੰਡੀ ਦੇ ਲੋਕਾਂ ਦੀਆਂ ਉਹ ਦੋ ਕੁ ਪੁਸ਼ਤਾਂ ਤਾਂ ਪੜ੍ਹਾ ਹੀ ਚੁੱਕਾ ਸੀ।  ਉਹ ਸਾਰੇ ਬੱਚਿਆਂ ਨੂੰ ਪਿਆਰ ਕਰਦਾ।  ਉਹਨਾਂ ਸਮਿਆਂ ਵਿਚ ਉਹ ਕਦੇ ਵੀ ਸਕੂਲ ਵਿਚ ਆਪਣੇ ਹੱਥ ਵਿਚ ਰੂਲ, ਡੰਡਾ ਜਾਂ ਬੈਂਤ ਨਹੀਂ ਸੀ ਫੜਦਾ ਜਦੋਂ ਕਿ ਆਮ ਮਾਸਟਰ ਮੁੰਡਿਆਂ ਲਈ ਉਹਨਾਂ ਦੀ ਵਰਤੋਂ ਕਰਨਾ ਜ਼ਰੂਰੀ ਸਮਝਦੇ ਸਨ।  ਕਿਸੇ ਵੀ ਵਿਗੜੇ ਹੋਏ ਬੱਚੇ ਨੂੰ ਪਿਆਰ ਤੋਂ ਬਿਨਾਂ ਹੋਰ ਜੁਗਤਾਂ ਨਾਲ ਵੀ ਠੀਕ ਕਰਨਾ ਜਾਣਦਾ ਸੀ।  ਹੁਸ਼ਿਆਰ ਤੇ ਚੰਗੇ ਬੱਚੇ ਉਹਦੇ ਨੇੜੇ ਹੋ ਹੀ ਜਾਂਦੇ ਪਰ ਦੂਜੇ ਬੱਚਿਆਂ ਨੂੰ ਵੀ ਉਹ ਆਪਣੇ ਤੋਂ ਦੂਰ ਨਾ ਸਮਝਦਾ।  ਕਈ ਸ਼ਰਾਰਤੀ ਤੇ ਉਲੱਥ ਬੱਚੇ ਸੁਧਰ ਕੇ ਜਦੋਂ ਸਕੂਲੋਂ ਅੱਗੇ ਦੂਜੇ ਸਕੂਲਾਂ ਵਿਚ ਪੜ੍ਹਦੇ ਜਾਂ ਕਿਧਰੇ ਕੋਈ ਹੋਰ ਕਾਰੋਬਾਰ ਵਿਚ ਲੱਗ ਕੇ ਵੱਡੇ ਹੋ ਜਾਂਦੇ ਤਾਂ ਜਦੋਂ ਵੀ ਉਹ ਮਾਸਟਰ ਸਾਧੂ ਰਾਮ ਦੇ ਸਾਹਮਣੇ ਹੁੰਦੇ ਤਾਂ ਅਦਬ ਨਾਲ ਹੱਥ ਜੋੜਦੇ ਜਾਂ ਕਈ ਪੈਰੀਂ ਹੱਥ ਲਾਉਂਦੇ।  ਉਹਦੇ ਪੜ੍ਹਾਏ ਕਈ ਮੁੰਡੇ ਜਵਾਨ ਹੋ ਕੇ ਮਾਸਟਰ, ਵਕੀਲ, ਡਾਕਟਰ, ਕਲਰਕ, ਹਟਬਾਣੀਏਂ; ਗੱਲ ਕੀ ਜੀਵਨ ਦੇ ਹਰ ਮੋੜ 'ਤੇ ਉਹਦੇ ਪੜ੍ਹਾਏ ਕਿਧਰੇ ਨਾ ਕਿਧਰੇ ਖੜ੍ਹੇ ਦਿਸਦੇ।  ਮਾਸਟਰ ਸਾਧੂ ਰਾਮ ਦੇ ਵਿਚਾਰ ਅਨੁਸਾਰ ਬੱਚੇ ਛੋਟੀ ਉਮਰ ਵਿਚ ਹੀ ਆਪਣੇ ਆਉਣ ਵਾਲੇ ਸਾਰੇ ਜੀਵਨ ਦਾ ਸਬਕ ਸਿੱਖ ਲੈਂਦੇ ਹਨ।  ਜਿਵੇਂ ਇਕ ਚੰਗੀ ਤੇ ਉੱਚੀ ਇਮਾਰਤ ਲਈ ਮਜ਼ਬੂਤ ਨੀਂਹ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਹੀ ਇਕ ਸਫਲ ਇਨਸਾਨ ਲਈ ਬਚਪਨ ਵਿਚ ਚੰਗੇਰੀ ਸਿੱਖਿਆ ਦੀ ਬੜੀ ਲੋੜ ਹੁੰਦੀ ਹੈ।  ਇਹੋ ਜਿਹੇ ਸ਼ੁੱਧ ਵਿਚਾਰ ਰਖਦਿਆਂ ਉਹ ਪੂਰੀ ਇਮਾਨਦਾਰੀ ਨਾਲ ਬੱਚਿਆਂ ਨੂੰ ਦਿਲੋਂ ਪਿਆਰ ਨਾਲ ਪੜ੍ਹਾਉਂਦਾ ਤੇ ਸਿਖਾਉਂਦਾ।  ਕਈ ਬਾਹਰ ਨੌਕਰੀਆਂ ਕਰਦੇ ਉਹਨੂੰ ਖਾਸ ਮਿਲਣ ਆਉਂਦੇ।  ਉਹ ਉਹਨਾਂ ਦਾ ਹਾਲ ਚਾਲ ਪੁੱਛਦਾ, ਪੂਰੀ ਜਾਣਕਾਰੀ ਲੈਂਦਾ, ਉਹਨਾਂ ਦੀਆਂ ਪੁਰਾਣੀਆਂ ਗੱਲਾਂ ਯਾਦ ਕਰਦਾ, ਕਰਾਉਂਦਾ ਤੇ ਉਹਨਾਂ ਦੀ ਤਰੱਕੀ ਦੇਖ ਕੇ ਦਿਲੋਂ ਬੜਾ ਖੁਸ਼ ਹੁੰਦਾ।
ਚਰਨਜੀਤ ਵੀ ਬਚਪਨ ਤੋਂ ਹੀ ਉਸ ਵੱਲ ਖਿੱਚਿਆ ਗਿਆ ਸੀ।  ਉਂਜ ਵੀ ਸਕੂਲੋਂ ਘਰ ਆਉਂਦਿਆਂ ਮਾਸਟਰ ਸਾਧੂ ਰਾਮ ਦਾ ਘਰ ਰਾਹ ਵਿਚ ਹੀ ਪੈਂਦਾ ਸੀ।  ਸਾਧੂ ਰਾਮ ਕਦੇ ਕਦੇ ਉਹਨੂੰ ਆਪਣੇ ਘਰ ਦੇ ਛੋਟੇ ਮੋਟੇ ਕੰਮ ਕਰਨ ਲਈ ਆਖ ਦਿੰਦਾ।  ਸਾਧੂ ਰਾਮ ਦੀ ਘਰ ਵਾਲੀ ਕਮਲਾ ਦੇਵੀ ਵੀ ਬੱਚਿਆਂ ਨੂੰ ਬਹੁਤ ਪਿਆਰ ਕਰਦੀ।  ਖੋਏ ਦੀਆਂ ਪਿੰਨੀਆਂ ਤੇ ਮੱਠੀਆਂ ਉਹ ਅੱਡੋ-ਅੱਡ ਦੋ ਪੀਪਿਆਂ ਵਿਚੋਂ ਮੁਕਣ ਨਾ ਦਿੰਦੀ।  ਜਿਹੜਾ ਬੱਚਾ ਵੀ ਘਰ ਆਉਂਦਾ ਉਹਨਾਂ ਨੂੰ ਕਦੇ ਪਿੰਨੀ ਕਦੇ ਮੱਠੀ ਜ਼ਰੂਰ ਮਿਲਦੇ।  ਕਈ ਸ਼ਰਾਰਤੀ ਬੱਚੇ ਪਿੰਨੀਆਂ ਖਾਣ ਦੇ ਮਾਰੇ ਮਾਸਟਰ ਤੋਂ ਕੰਮ ਪੁੱਛਦੇ ਰਹਿੰਦੇ।  ਪਰ ਸਾਧੂ ਰਾਮ ਸਭ ਦੀ ਰਗ-ਰਗ ਤੋਂ ਜਾਣੂ ਸੀ।  ਚਰਨਜੀਤ ਨੂੰ ਵੀ ਘਰੇ ਆਏ ਨੂੰ ਉਹ ਬਿਨਾਂ ਖਾਧੇ-ਪੀਤੇ ਕਦੇ ਨਾ ਜਾਣ ਦਿੰਦੀ।  ਉਹਦੇ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ।  ਉਹਦੀ ਮਾਂ ਨੂੰ ਸੁਨੇਹੇ ਦਿੰਦੀ।  ਚਰਨਜੀਤ ਘਰੇ ਆ ਕੇ ਆਪਣੀ ਮਾਂ ਨੂੰ ਦਸਦਾ।  ਉਹ ਦੀ ਮਾਂ ਵੀ ਖੁਸ਼ ਹੁੰਦੀ।  ਕਦੇ-ਕਦਾਈਂ ਗੱਲਾਂ ਕਰਨ ਉਹ ਇਕ ਦੂਜੇ ਦੇ ਘਰੀਂ ਜਾ ਆਉਂਦੀਆਂ।  ਰੁੱਤ ਦੀ ਬਣੀ ਦਾਲ ਸਬਜ਼ੀ ਵੀ ਇਕ ਦੂਜੇ ਦੇ ਘਰ ਭੇਜੀ ਜਾਂਦੀ।  ਹੌਲੀ-ਹੌਲੀ ਦੋਹਾਂ ਦਾ ਸਹੇਲਪੁਣਾ ਪੱਕਾ ਹੋ ਗਿਆ।
ਸਕੂਲ ਦੀ ਛੁੱਟੀ ਹੋਣ ਪਿੱਛੋਂ ਜੇ ਕਦੇ ਚਰਨਜੀਤ ਮਾਸਟਰ ਜੀ ਦੇ ਘਰ ਕੋਈ ਚੀਜ਼ ਵਸਤ ਲੈਣ, ਦੇਣ ਜਾਂਦਾ ਤਾਂ ਮਾਸਟਰ ਜੀ ਉਸ ਨਾਲ ਮੂੰਹ ਨੇੜੇ ਕਰਕੇ ਹੌਲੀ-ਹੌਲੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਜਿਵੇਂ ਕੋਈ ਰਮਜ਼ ਸਮਝਾਉਂਦੇ ਹੋਣ, ''ਮਾਂ ਬਾਪ ਔਰ ਉਸਤਾਦ ਦੀ ਸੇਵਾ ਕਰਨੀ ਚਾਹੀਦੀ ਐ।  ਇਸ ਤਰ੍ਹਾਂ ਬੰਦੇ ਨੂੰ ਜ਼ਿੰਦਗੀ ਭਰ ਸਮਝੋ ਪੁੰਨ ਈ ਪੁੰਨ ਮਿਲਦੈ।'' ਮਾਸਟਰ ਜੀ ਪਟਿਆਲੇ ਦੇ ਨੇੜੇ ਕਿਸੇ ਪਿੰਡ ਦੇ ਰਹਿਣ ਵਾਲੇ ਸਨ।  ਉਹਨਾਂ ਦੀ ਬੋਲੀ ਬਹੁਤੀ ਭਾਵੇਂ ਪਟਿਆਲੇ ਵਰਗੀ ਤਾਂ ਨਹੀਂ ਸੀ ਪਰ ਉਰਦੂ ਫਾਰਸੀ ਪੜ੍ਹੀ ਹੋਣ ਕਰਕੇ ਉਹ ਆਪਣੀ ਹੀ ਕਿਸਮ ਦੀ ਬੋਲੀ ਬੋਲਦੇ। ਮਾਸਟਰ ਸਾਧੂ ਰਾਮ ਸੈਂਕੜੇ ਨਹੀਂ ਹਜ਼ਾਰਾਂ ਲੋਕਾਂ ਵਿਚੋਂ ਪਛਾਣੀ ਜਾਣ ਵਾਲੀ ਸਖ਼ਸ਼ੀਅਤ ਸੀ।
ਚਰਨਜੀਤ ਦੇ ਮਨ 'ਤੇ ਮਾਸਟਰ ਸਾਧੂ ਰਾਮ ਦੀਆਂ ਗੱਲਾਂ ਦਾ ਬੜਾ ਪ੍ਰਭਾਵ ਪੈਂਦਾ।  ਉਹ ਮਾਸਟਰ ਜੀ ਦੀਆਂ ਗੱਲਾਂ ਪੱਲੇ ਬੰਨ੍ਹਣ ਦੀ ਪੂਰੀ ਕੋਸ਼ਿਸ਼ ਕਰਦਾ।  ਉਸ ਦਾ ਡਾਕਟਰੀ ਵੱਲ ਰੁਝਾਨ ਵੀ ਸਾਧੂ ਰਾਮ ਦੀਆਂ ਗੱਲਾਂ ਦੇ ਅਸਰ ਦਾ ਨਤੀਜਾ ਹੀ ਸੀ ਕਿਉਂਕਿ ਡਾਕਟਰ ਮੋਹਨ ਲਾਲ ਵੀ ਉਸ ਦਾ ਵਿਦਿਆਰਥੀ ਰਿਹਾ ਸੀ ਅਤੇ ਉਹ ਵੀ ਮਾਸਟਰ ਜੀ ਦੀ ਬੜੀ ਇੱਜ਼ਤ ਕਰਦਾ ਸੀ।
ਹੁਣ ਮਾਸਟਰ ਸਾਧੂ ਰਾਮ ਸੇਵਾ ਮੁਕਤ ਹੋ ਚੁੱਕਾ ਸੀ।  ਉਹ ਘਰ ਬਹਿ ਕੇ ਸਾਰਾ ਦਿਨ ਜਾਂ ਤਾਂ ਉਰਦੂ, ਅੰਗਰੇਜ਼ੀ ਤੇ ਫਾਰਸੀ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ, ਜਾਂ ਮਿਲਣ-ਗਿਲਣ ਆਏ ਲੋਕਾਂ ਨਾਲ ਜਾਂ ਆਪਣੇ ਪੁਰਾਣੇ ਵਿਦਿਆਰਥੀਆਂ ਨਾਲ ਗੱਲਾਂ ਕਰਦਾ ਰਹਿੰਦਾ।  ਆਥਣ ਵੇਲੇ ਉਹਦੇ ਦੋ ਪੱਕੇ ਚੇਲੇ ਜਿਹੜੇ ਹੁਣ ਆਪ ਵੀ ਮਾਸਟਰ ਲੱਗੇ ਹੋਏ ਸਨ-ਮਾਸਟਰ ਲੱਭੂ ਰਾਮ ਤੇ ਭਗਤ ਰਾਮ, ਇਕੱਠੇ ਹੀ ਹਰ ਰੋਜ਼ ਉਹਦੇ ਘਰ ਪਹੁੰਚ ਜਾਂਦੇ ਅਤੇ ਉਹ ਤਿੰਨੇ ਸੈਰ ਲਈ ਤੁਰ ਪੈਂਦੇ।  ਤੁਰਨ ਵੇਲੇ ਮਾਸਟਰ ਜੀ ਦੇ ਇਕ ਪਾਸੇ ਲੱਭੂ ਰਾਮ ਤੇ ਦੂਜੇ ਪਾਸੇ ਭਗਤ ਰਾਮ ਹੁੰਦੇ।  ਉਹ ਆਪਣੇ ਦੋਵੇਂ ਹੱਥ ਉਹਨਾਂ ਦੇ ਮੋਢਿਆਂ 'ਤੇ ਰੱਖ ਲੈਂਦਾ।  ਕੱਦ ਵਿਚ ਲੰਮਾ ਹੋਣ ਕਰਕੇ ਇੰਜ ਲਗਦਾ ਜਿਵੇਂ ਉਹ ਦੋਹਾਂ ਨੂੰ ਧੱਕੀ ਲਈ ਜਾਂਦਾ ਹੋਵੇ।  ਉਹ ਤਿੰਨੇ ਮੰਡੀ ਦੇ ਬਾਜ਼ਾਰ ਵਿਚੋਂ ਦੀ ਹੁੰਦੇ ਹੋਏ ਛੋਟੀ ਨਹਿਰ ਤੱਕ ਜਾਂਦੇ ਅਤੇ ਹਨੇਰੇ ਪਏ ਮੁੜਦੇ!  ਦੇਸ਼ ਦੀ ਸਿਆਸਤ, ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਅਤੇ ਦੇਸ਼ ਦੀ ਵੰਡ ਤੋਂ ਲੈ ਕੇ ਸੰਸਾਰ ਭਰ ਦੀਆਂ ਗੱਲਾਂ, ਸਾਇੰਸ ਰਾਹੀਂ ਤਰੱਕੀ ਅਤੇ ਰੱਬ ਤੇ ਧਰਮ ਦੀਆਂ ਗੱਲਾਂ ਹੁੰਦੀਆਂ।
ਚਰਨਜੀਤ ਨੂੰ ਮਿਲ ਕੇ ਮਾਸਟਰ ਸਾਧੂ ਰਾਮ ਬੜਾ ਖੁਸ਼ ਹੁੰਦਾ।  ਇਉਂ ਲਗਦਾ ਸੀ ਜਿਵੇਂ ਚਰਨਜੀਤ ਨੇ ਉਹਦੇ ਦਿਲ ਵਿਚ ਖਾਸ ਥਾਂ ਬਣਾ ਲਈ ਹੋਵੇ।  ਉਹ ਛੁੱਟੀ ਆਇਆ ਜਿੰਨੇ ਦਿਨ ਵੀ ਰਹਿੰਦਾ ਹਰ ਰੋਜ਼ ਮਾਸਟਰ ਜੀ ਨੂੰ ਮਿਲਣ ਜਾਂਦਾ।  ਦੋ ਕੁ ਸਾਲ ਪਹਿਲਾਂ ਜਦੋਂ ਉਹ ਛੁੱਟੀਆਂ ਵਿਚ ਆਇਆ ਸੀ ਤਾਂ ਮਾਸਟਰ ਜੀ ਕੁਝ ਢਿੱਲੇ ਸਨ! ਘਰੇ ਆਪਣਾ ਸੂਟਕੇਸ ਰੱਖਣ ਸਾਰ ਉਹਨਾਂ ਦਾ ਪਤਾ ਲੈਣ ਪਹੁੰਚ ਗਿਆ ਸੀ।  
''ਆ ਬੇਟਾ ਚਰਨੀ।  ਮੈਂ ਤੇਰੇ ਈ ਇੰਤਜ਼ਾਰ ਮਾਂ ਬੈਠਾ ਥਾ।'' ਮਾਸਟਰ ਜੀ ਚਰਨਜੀਤ ਨੂੰ ਵੇਖ ਕੇ ਜਿਵੇ ਖਿੜ ਗਏ ਸਨ।
''ਮੈਂ ਤਾਂ ਜੀ ਹੁਣੇ ਆਇਐਂ ਲੁਧਿਆਣਿਓਂ।  ਆਉਣ ਸਾਰ ਪਤਾ ਲੱਗਿਆ ਬਈ ਤੁਸੀਂ ਢਿੱਲੇ ਓਂ ਤਾਂ ਮੈਂ ਸਿੱਧਾ ਥੋਡੇ ਕੋਲ ਆ ਗਿਆ।  ਕੋਈ ਦਵਾਈ ਲੈ ਰਹੇ ਓਂ ਜਾਂ ਮੈਂ ਲਿਆ ਕੇ ਦੇਵਾਂ?''
"ਓਏ ਮੇਰੇ ਬੱਚੇ।  ਮੈਨੂੰ ਦਵਾਈ ਬੂਟੀ ਦੀ ਕੋਈ ਜ਼ਰੂਰਤ ਨਹੀਂ ਐ ਹੁਣ।  ਮੇਰੀ ਦੁਆਈ ਤਾਂ ਤੂੰ ਐਂ।  ਤੂੰ ਆ ਗਿਆ, ਹੁਣ ਮੈਂ ਨੌਂ-ਬਰ-ਨੌਂ, ਦੇਖ!" ਮਾਸਟਰ ਜੀ ਨੇ ਆਪਣੇ ਦੋਏ ਲੰਮੇ ਹੱਥ ਉਪਰ ਕਰਦਿਆਂ ਕਿਹਾ-
''ਔਰ ਤੇਰਾ ਡਾਕਟਰੀ ਦੀ ਪੜ੍ਹਾਈ ਮਾਂ ਮਨ ਲੱਗ ਰਿਹੈ ਨਾ?''
''ਹਾਂ ਜੀ ਪੜ੍ਹਾਈ ਠੀਕ ਠਾਕ ਚਲ ਰਹੀ ਐ।  ਬੱਸ ਦੋ ਕੁ ਸਾਲ ਹੋਰ ਲਗਣਗੇ।''
''ਅੱਛਾ ਦੇਖ ਮੈਂ ਤੈਨੂੰ ਇਕ ਗੱਲ ਕਹਿਣੀ ਚਾਹੁੰਨਾ।  ਤੇਰਾ ਪੇਅ ਮੇਰੇ ਤੋਂ ਦੋ ਤਿੰਨ ਸਾਲ ਏ ਬੜਾ ਹੋਊ।  ਮੈਂ ਉਹਨੂੰ ਪੰਦਰਾਂ-ਬੀਹ ਸਾਲਾਂ ਤੋਂ ਜਾਣਦਾਂ ਚੰਗੀ ਤਰ੍ਹਾਂ ਜਾਣਦੈਂ।  ਬੜਾ ਮਿਹਨਤੀ ਔਰ ਦਿਆਨਤਦਾਰ ਇਨਸਾਨ ਐ ਉਹ।  ਤੇਰੀ ਮਾਂ ਬੀ ਕਮਲਾ ਦੀ ਪੱਕੀ ਸਹੇਲੀ ਐ।  ਸਹੇਲੀਆਂ ਕੀ ਭੈਣਾਂ ਮੰਗੂ ਈ ਬਰਤਦੀਐਂ ਆਪਸ ਮਾਂ ਇਹ ਦੋਨੋ।  ਤੂੰ ਹੁਣ ਮੈਨੂੰ ਮਾਸਟਰ ਜੀ ਨਾ ਕਿਹਾ ਕਰ, ਵੈਸੇ ਬੀ ਹੁਣ ਮੈਂ ਤੇਰਾ ਮਾਸਟਰ ਨਹੀਂ ਰਿਹਾ।  ਸਾਡਾ ਸਰਮਾਇਆ ਤਾਂ ਥੋਡੇ ਬਰਗੇ ਸਾਡੇ ਬੱਚੇ ਈ ਐਂ ਇਸ ਦੁਨੀਆਂ ਮਾਂ।  ਤੂੰ ਬੱਸ ਮੈਨੂੰ ਭਾਵੇਂ ਹੁਣ ਚਾਚਾ ਈ ਕਹਿ ਲਿਆ ਕਰ।  ਕਿਉਂ? ਹੈ ਕ ਨਹੀਂ?''
''ਚੰਗਾ ਚਾਚਾ ਜੀ, ਜਿਵੇਂ ਤੁਸੀਂ ਆਖੋ।'' ਕਹਿੰਦਿਆਂ ਚਰਨਜੀਤ ਨੇ ਮਾਸਟਰ ਜੀ ਦੇ ਪੈਰ ਛੂਹ ਲਏ।  ਕਮਲਾ ਵੀ ਕੰਗਣੀ ਵਾਲਾ ਗਲਾਸ ਦੁੱਧ ਦਾ ਭਰ ਕੇ ਲੈ ਆਈ।
''ਆਹ ਦੇਖ ਤੇਰੀ ਚਾਚੀ ਵੀ ਤੈਨੂੰ ਉਡੀਕਦੀ ਰਹਿੰਦੀ ਐ।  ਲੈ ਫੜ ਦੁੱਧ ਪੀ।'' ਚਰਨਜੀਤ ਨੂੰ ਉਸ ਦਿਨ ਪਹਿਲੀ ਵਾਰ ਦੁੱਧ ਏਨਾ ਸਵਾਦ ਲੱਗਾ ਸੀ।
''ਜੇ ਤੂੰ ਮੇਰੇ ਆਖੇ ਪਟਿਆਲੇ ਕੇ ਬਿਚ ਮਾਂ ਮਹਿੰਦਰਾ ਕਾਲਜ ਮਾਂ ਦਾਖਲਾ ਲੈ ਲੈਂਦਾ ਤਾਂ ਓਥੇ ਮੇਰੇ ਪੜ੍ਹਾਏ ਦੋ ਮੁੰਡੇ ਡਾਕਟਰ ਔਰ ਪ੍ਰੋਫੈਸਰ ਲੱਗੇ ਹੋਏ ਐਂ।  ਤੈਨੂੰ ਕੋਈ ਤਕਲੀਫ ਨਹੀਂ ਸੀ ਹੋਣੀ।''
''ਨਹੀਂ ਚਾਚਾ ਜੀ ਹੁਣ ਵੀ ਲੁਧਿਆਣੇ ਮੇਰੇ ਪ੍ਰੋਫੈਸਰ ਤੇ ਡਾਕਟਰ ਬੜੇ ਈ ਚੰਗੇ ਨੇ।''
ਮਾਸਟਰ ਸਾਧੂ ਰਾਮ ਦੀਆਂ ਅੱਖਾਂ ਵਿਚ ਅਚਾਨਕ ਹੰਝੂ ਦੇਖ ਕੇ ਚਰਨਜੀਤ ਨੇ ਪੁੱਛਿਆ, ''ਇਹ ਕੀ? ਚਾਚਾ ਜੀ ਤੁਸੀਂ ਤਾਂ ਕਦੇ ਵੀ...।''
''ਹਾਂ ਬੇਟਾ ਇਹ ਖੁਸ਼ੀ ਦੇ ਆਂਸੂ ਐਂ।  ਇਨਸਾਨ ਨੂੰ ਥੋੜਾ ਰੋ ਬੀ ਲੈਣਾ ਚਾਹੀਦੈ।  ਮਨ ਹਲਕਾ ਹੋ ਜਾਂਦੈ।  ਔਰ ਫੇਰ ਰੱਬ ਨੇ ਜਦ ਤੇਰੇ ਬਰਗੇ ਹੀਰੇ ਬੇਟੇ ਸਾਨੂੰ ਦੇ ਦਿੱਤੇ ਤਾਂ ਹੋਰ ਸਾਨੂੰ ਏਸ ਫਾਨੀ ਦੁਨੀਆਂ ਮਾਂ ਹੋਰ ਚਾਹੀਦਾ ਬੀ ਕੀ ਐ? ਹੈਂ? ਤੂੰ ਈ ਦੱਸ! ਹੈ ਕੋਈ ਕਮੀ ਸਾਡੀ ਜ਼ਿੰਦਗੀ ਮਾਂ?'' ਚਰਨਜੀਤ ਪੂਰੇ ਮਨ ਨਾਲ ਮਾਸਟਰ ਜੀ ਦੀਆਂ ਗੱਲਾਂ ਸੁਣਦਾ ਰਿਹਾ।
''ਮੈਂ ਕਦੇ-ਕਦਾਈਂ ਆਪਣੇ ਆਪ ਪਰ ਥੋੜਾ ਤਰਸ ਬੀ ਖਾ ਲੈਨਾ ਹੁੰਨਾ।  ਕਲ੍ਹ ਨੂੰ ਜਦ ਅਸੀਂ ਹੋਰ ਬੁੜ੍ਹੇ ਹੋ ਜਾਮਾਂਗੇ ਤਾਂ ਤੁਸੀਂ ਓ ਸੰਭਾਂਲੋਗੇ? ਇਹ ਸਭ ਯਕੀਨ ਦੀਆਂ ਬਾਤਾਂ ਨੇ ਬੇਟੇ।  ਜਿਵੇ ਆਪਾਂ ਛੋਟੇ ਬੱਚੇ ਨੂੰ ਖਿਡਾਉਂਦੇ-ਖਿਡਾਉਂਦੇ ਉਪਰ ਨੂੰ ਉਛਾਲ ਦਿੱਨੇ ਐਂ ਔਰ ਉਹ ਬੀ ਹਸਦਾ ਹਸਦਾ ਆਪਣੀਆਂ ਬਾਹਾਂ ਚੌੜੀਆਂ ਕਰਕੇ ਮੁੜ ਸਾਡੇ ਹੱਥਾਂ ਮਾਂ ਈ ਆ ਗਿਰਦੈ।  ਅਗਰ ਅਸੀਂ ਉੱਕ ਜਾਈਏ ਤਾਂ ਕੀ ਹੋਊ? ਹੈਂ-? ਬੱਚੇ ਨੂੰ ਬੜੀ ਸਖਤ ਚੋਟ ਲੱਗ ਜਾਏਗੀ।  ਹੈ ਕ ਨਹੀਂ? ਪਰ ਬੱਚੇ ਨੂੰ ਤਾਂ ਚੋਟ ਬਾਰੇ ਕੋਈ ਗਿਆਨ ਨਹੀਂ।  ਉਹਨੂੰ ਤਾਂ ਥੁਆਡੇ ਪਰ ਯਕੀਨ ਐ ਕਿ ਤੁਸੀਂ ਉਹਨੂੰ ਗਿਰਨ ਨਹੀਂ ਦੇਣਾ।  ਅਗਰ ਬੱਚੇ ਦੇ ਮਨ ਮਾਂ ਇਹ ਯਕੀਨ ਨਾਂ ਹੋਬੇ, ਜਾਂ ਜਦ ਕੋਈ ਅਜਨਬੀ ਆ ਕੇ ਬੱਚੇ ਨੂੰ ਚੁੱਕ ਕੇ ਉਪਰ ਉਛਾਲਣਾ ਚਾਹੇ ਜਿਸ ਮਾਂ ਬੱਚੇ ਦਾ ਯਕੀਨ ਹੋਣਾ ਲਾਜ਼ਮੀ ਨਹੀਂ ਤਾਂ ਬੱਚਾ ਝੱਟ ਰੋਣ ਲੱਗ ਪੈਂਦੈ।  ਇਹ ਰਿਸ਼ਤੇ ਸਾਰੇ ਯਕੀਨ ਦੀ ਬੁਨਿਆਦ 'ਤੇ ਹੀ ਤਾਂ ਟਿਕੇ ਹੁੰਦੇ ਐ।  ਹੈ ਕ ਨਹੀਂ?''
ਚਰਨਜੀਤ ਮਾਸਟਰ ਜੀ ਦੀਆਂ ਅੱਖਾਂ ਵਿਚ ਕੁਝ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ।
''ਔਰ ਇਹ ਇਨਸਾਨ ਜਿਹੜਾ ਹੈ, ਬੱਸ ਆਪਣੀ ਹੈਂਕੜ ਮਾਂ, ਕਿਆ ਉਸਨੂੰ ਕਹਿੰਦੇ ਐਂ, ਹਉਮੈ! ਹਉਮੈ ਮਾਂ ਹੀ ਜਕੜਿਆ ਰਹਿੰਦੈ।  ਹਾਏ-ਮੇਰਾ ਕੰਮ, ਮੇਰਾ ਕਾਰੋਬਾਰ, ਮੇਰੀ ਨੌਕਰੀ, ਮੇਰਾ ਪਰਿਵਾਰ, ਪੈਸਾ-ਮਾਇਆ, ਮੈਨੂੰ ਆਹ ਚਾਹੀਦੈ, ਮੈਨੂੰ ਔਹ ਚਾਹੀਦੈ...।  ਕਹਿਣ ਦਾ ਤਾਤਪਰਜ ਇਹੋ ਹੈ ਕਿ ਛੋਟੀਆਂ-ਛੋਟੀਆਂ ਅਨੇਕਾਂ ਉਲਝਣਾਂ ਮਾਂ ਆਪ ਈ ਉਲਝੇ ਰਹਿਣਾ।  ਕਿਆ ਉਸ ਦੀ ਇਹ ਆਦਤ ਕਦੇ ਬੀ ਨਹੀਂ ਬਣ ਸਕਦੀ ਬਈ ਥੋੜਾ ਰੁਕ ਕੇ, ਥੋੜਾ ਖੜੋ ਕੇ ਏਸ ਜ਼ਿੰਦਗੀ ਨੂੰ ਕਿਸੇ ਦੂਸਰੇ ਜ਼ਾਵੀਏ ਤੋਂ ਯਾ ਦੂਸਰੇ ਨਜ਼ਰੀਏ ਤੋਂ ਦੇਖੋ ਤਾਂ ਸਹੀ ਕਿ ਬਈ ਇਸ ਮਾਂ ਕੁਝ ਗੁੰਮ ਹੈ ਤਾਂ ਕਿਹੜੀ ਐ ਉਹ ਐਸੀ ਚੀਜ਼ ਜਿਹੜੀ ਗੁੰਮ ਹੈ?''
ਮਾਸਟਰ ਜੀ ਚਰਨਜੀਤ ਦੀਆਂ ਅੱਖਾਂ ਵਿਚ ਸਿੱਧਾ ਝਾਕ ਰਹੇ ਸਨ।  ਉਹਨਾਂ ਨੇ ਆਪਣੀ ਗੱਲ ਜਾਰੀ ਰੱਖੀ,
''ਤਾਂ ਬੰਦੇ ਨੂੰ ਦੱਸਣ ਵਾਸਤੇ ਕੋਈ ਦੂਜਾ ਬੰਦਾ ਚਾਹੀਦੈ ਕਿ ਮੇਰੇ ਪਿਆਰੇ ਭਾਈ ਜ਼ਰਾ ਰੁਕੋ, ਦੇਖੋ, ਕੁਛ ਏਧਰ ਬੀ ਜ਼ਿੰਦਗੀ ਮਾਂ ਤੁਸੀਂ ਭੁੱਲ ਰਹੇ ਓ।  ਐਸੀਆਂ ਬਾਤਾਂ ਜ਼ਿੰਦਗੀ ਮਾਂ ਅਪਣੇ ਆਪ ਤਾਂ ਨਹੀਂ ਨਾ ਹੋ ਜਾਇਆ ਕਰਦੀਆਂ।  ਹੈ ਕ ਨਹੀਂ?''
ਚਰਨਜੀਤ ਸੋਚ ਰਿਹਾ ਸੀ।  ਸਾਨੂੰ ਸਾਰਿਆਂ ਨੂੰ ਜੀਵਨ ਵਿਚ ਇਕ ਉਸਤਾਦ ਦੀ ਜਾਂ ਗੁਰੂ ਦੀ ਲੋੜ ਹੁੰਦੀ ਹੈ।  ''ਮੇਰਾ ਮੇਰੇ ਸਾਹਮਣੇ ਬੈਠੈ।'' ਉਹ ਜਿਵੇਂ ਆਪਣੇ ਆਪ ਨੂੰ ਸੱਤਵੇਂ ਆਸਮਾਨ ਵਿਚ ਮਹਿਸੂਸ ਕਰ ਰਿਹਾ ਸੀ।
''ਚਾਚਾ ਜੀ ਹੁਣ ਤੁਹਾਨੂੰ ਕਿਵੇਂ ਲਗਦੈ?''
"ਜਦ ਪਿਆਰੇ ਲੋਕ ਮੇਰੇ ਆਲੇ ਦੁਆਲੇ ਹੁੱਨੇ ਐਂ ਤਾਂ ਮੈਂ ਬਾਗੋ-ਬਾਗ।  ਇਹ ਪਿਆਰ ਦੇ ਰਿਸ਼ਤੇ ਈ ਤਾਂ ਮੇਰੀ ਜ਼ਿੰਦਗੀ ਐ ਬੇਟੇ।  ਹੋਰ ਇਨਸਾਨ ਨੂੰ ਚਾਹੀਦਾ ਬੀ ਕੀ ਐ? ਪਰ ਕਦੇ ਕਦੇ ਮੈਂ ਉਦਾਸ ਬੀ ਹੋ ਜਾਨਾ।  ਮੈਂ ਕਿਉਂ ਐਵੇਂ ਤੇਰੇ ਕੋਲੋਂ ਲੁਕ੍ਹੋਮਾ।  ਜਦ ਕਦੇ ਮੇਰੀ ਕੋਈ ਵਾਹ ਨੀ ਜਾਂਦੀ ਤਾਂ ਮੈਂ ਡਰ ਬੀ ਜਾਨਾ।  ਕਦੇ ਸੋਚੀਦੈ ਜਦੋਂ ਇਹ ਸਰੀਰ ਜਵਾਬ ਦੇ ਜਾਏਗਾ ਤਾਂ ਫੇਰ ਕੀ ਬਣੂ? ਮੇਰੇ ਹੱਥ ਪੈਰ ਖੜ੍ਹ ਗਏ ਤਾਂ ਕੀ ਹੋਊ? ਪਰ ਫੇਰ ਸੋਚਦਾਂ ਕਮ-ਅਜ਼-ਕਮ ਮੂੰਹ ਨਾਲ ਗੱਲ ਬਾਤ-ਤਾਂ ਕਰ ਈ ਲਊਂਗਾ ਸਭ ਨਾਲ।  ਤੇ ਜੇ ਮੂੰਹ ਵੀ ਬੰਦ ਹੋ ਗਿਆ ਤਾਂ ਲਿਖ ਕੇ ਜਾਂ ਇਸ਼ਰਿਆਂ ਨਾਲ ਈ ਸਹੀ।  ਜੇ ਇਕ ਰਾਹ ਬੰਦ ਹੋ ਜਾਵੇ ਤਾਂ ਦੋ ਹੋਰ ਖੁਲ੍ਹ ਜਾਂਦੇ ਐ।  ਤੇ ਅਖੀਰ ਜੇ ਸਾਰੇ ਰਾਹ ਈ ਬੰਦ ਹੋ ਜਾਣ ਤਾਂ ਫੇਰ ਓਸ ਰੱਬ ਅਗੇ ਅਰਜ਼ ਕਿ-ਜਿਉ ਰਾਖੇ ਤਿਉ ਰਹੀਐ।  ਹੈ ਕ ਨਹੀਂ?''
''ਚਾਚਾ ਜੀ ਤੁਸੀਂ ਉਰਦੂ ਤੇ ਫਾਰਸੀ ਕਿੱਥੋਂ ਸਿੱਖੀ ਸੀ?''
''ਬੇਟਾ, ਹੁੰਦਾ ਥਾ ਇਕ ਮੌਲਵੀ ਰਹਿਮਦੀਨ।  ਪਟਿਆਲੇ ਕੇ ਗੈਲ ਥਾ ਉਹਦਾ ਪਿੰਡ।  ਥਾ ਉਹ ਬੰਦਾ ਬਹੁਤ ਕਾਬਲ।  ਮੈਂ ਅੰਗਰੇਜ਼ੀ ਵੀ ਉਸੇ ਤੇ ਈ ਸਿੱਖੀ ਥੀ।  ਕੋਈ ਇਮਥਿਆਨ ਨੀ, ਕੋਈ ਕੁਛ ਨੀ, ਬੱਸ ਆਹਿਸਤਾ-ਆਹਿਸਤਾ ਉਹ ਸਾਨੂੰ ਪੜ੍ਹਾਉਂਦਾ ਚਲਾ ਗਿਆ, ਅਸੀਂ ਪੜ੍ਹਦੇ ਚਲੇ ਗਏ।  ਸਾਡੇ ਸਭ ਦੇ ਮਨ ਮਾਂ ਉਸ ਦੀ ਇੱਜ਼ਤ ਬਹੁਤ ਥੀ।  ਮੈਨੂੰ ਜੇ ਕੋਈ ਉਹਦੀ ਚੀਜ਼ ਜਿਹੜੀ ਚੰਗੀ ਨਹੀਂ ਸੀ ਲਗਦੀ,  ਉਹ ਸੀ ਉਹਦਾ ਹੁੱਕਾ।  ਸਾ-ਰਾ ਦਿਨ ਬੱਸ ਗੁੜ-ਗੁੜ, ਗੁੜ-ਗੁੜ ਏ ਹੁੰਦੀ ਰਹਿੰਦੀ।  ਧੂੰਆਂ-ਧਾਰ।  ਨੜੀ ਉਸ ਦੇ ਮੂੰਹ-ਏ ਮਾਂ ਰਹਿੰਦੀ।  ਉਸਤਾਦ ਦੀਆਂ ਦਾੜ੍ਹੀ ਔਰ ਮੁੱਛਾਂ ਬੀ ਹੁੱਕਾ ਪੀ-ਪੀ ਕੇ ਭੂਰੀਆਂ ਜੀਆਂ ਹੋ ਗੀਆਂ ਥੀਆਂ, ਜਿਮੇਂ ਦਾੜ੍ਹੀ ਮਾਂ ਅੱਗ ਲੱਗੀ ਹੋਬੇ।  ਪਰ ਜੋ ਬੀ ਥਾ, ਥਾ ਉਸਤਾਦ ਬੜਾ ਕਮਾਲ ਦਾ ਆਦਮੀ।  ਅੱਜ-ਕੱਲ ਐਸੇ ਬੰਦੇ ਕਿੱਥੇ? ਕਿਸੇ ਨੇ ਕਿਹਾ ਥਾ-'ਕਹਾ ਜਾਏ ਜਿਸੇ ਇਨਸਾਂ, ਐਸੇ ਇਨਸਾਂ, ਇਸ ਦੁਨੀਆਂ ਮੇਂ, ਮਿਲਤੇ ਹੈਂ ਕਹਾਂ?' ਸਾਡੇ ਪਿੰਡ 'ਤੇ ਕੋਈ ਤਿੰਨ-ਚਾਰ ਮੀਲ ਦੂਰ ਥਾ ਉਹਦਾ ਪਿੰਡ।  ਕਹਿੰਦੇ ਉਸ ਦੇ ਮਰਨ ਮਗਰੋਂ ਪਿੰਡ ਦੇ ਲੋਕਾਂ ਨੇ 'ਕੱਠੇ ਹੋ ਕੇ ਉਹਦੀ ਪੱਕੀ ਕਬਰ ਬਣਾਈ ਥੀ।  ਕਦੇ ਕਦੇ ਜੀ ਬੜਾ ਕਰਦੈ ਬਈ ਉਸਤਾਦ ਦੀ ਕਬਰ 'ਤੇ ਜਾ ਕੇ ਸਜਦਾ ਕਰੀਏ।  ਕਬਰ 'ਤੇ ਬੈਠਕੇ ਉਸ ਗੈਲ ਦੋ ਚਾਰ ਦਿਲ ਦੀਆਂ ਬਾਤਾਂ ਕਰੀਏ।  ਸਾਡੀ ਸਾਰੀ ਖੱਟੀ-ਕਮਾਈ ਤਾਂ ਉਸੇ ਦੀ ਬਦੌਲਤ ਐ।  ਨਹੀਂ ਤਾਂ ਪਤਾ ਨਹੀਂ ਕਿੱਥੇ ਧੱਕੇ ਖਾ ਰਹੇ ਹੁੰਦੇ ਹੁਣ ਨੂੰ।  ਹੈ ਕ ਨਹੀਂ?''
''ਚਾਚਾ ਜੀ ਮੇਰਾ ਵੀ ਉਰਦੂ ਸਿੱਖਣ ਨੂੰ ਜੀ ਕਰਦੈ!''
''ਓ ਨਹੀਂ ਬੇਟੇ।  ਤੂੰ ਕਿਆ ਕਰੂੰਗਾ ਉੜਦੂ ਪੜ੍ਹ ਕੇ? ਹੈਂ? ਤੂੰ ਤਾਂ ਅਪਣੀਆਂ ਡਾਕਟਰੀ ਦੀਆਂ ਕਿਤਾਬਾਂ ਚੰਗੀ ਤਰ੍ਹਾਂ ਪੜ੍ਹਿਆ ਕਰ।  ਉਸ ਤੇ ਵੀ ਬਹੁਤਾ ਜ਼ਰੂਰੀ ਐ ਕਿ ਜ਼ਿੰਦਗੀ ਦੀ ਕਿਤਾਬ ਪੜ੍ਹਨੀ ਸਿੱਖ।  ਕਿਉਂ? ਹੈ ਕ ਨਹੀਂ?''
''ਹਾਂ ਚਾਚਾ ਜੀ, ਤੁਹਾਡੇ ਵਰਗੇ ਗੁਰੂਆਂ ਕੋਲੋਂ ਹੀ ਜ਼ਿੰਦਗੀ ਦੀ ਕਿਤਾਬ ਪੜ੍ਹਨੀ ਸਿੱਖੀ ਜਾ ਸਕੇਗੀ, ਉਂਜ ਤਾਂ ਇਹੋ ਜਿਹੇ ਸਬਕ ਕਿਸੇ ਕਿਤਾਬ ਵਿਚ ਤਾਂ ਲਿਖੇ ਲੱਭਣੇ ਨਹੀਂ।''
ਚਰਨਜੀਤ ਮਾਸਟਰ ਜੀ ਦਾ ਆਸ਼ੀਰਵਾਦ ਲੈ ਕੇ ਘਰ ਵੱਲ ਜਾਂਦਿਆਂ ਸੋਚ ਰਿਹਾ ਸੀ ਕਿ ਕਿਉਂ ਨਾ ਮਾਸਟਰ ਜੀ ਕੋਲੋਂ ਜੀਵਨ ਦੇ ਹੋਰ ਪਹਿਲੂਆਂ ਬਾਰੇ ਸਿੱਖਿਆ ਜਾਵੇ।  ਉਹਨੇ ਘਰ ਜਾ ਕੇ ਇਕ ਨਿੱਕੀ ਜਿਹੀ ਲਿਸਟ ਬਨਾਉਣੀ ਸ਼ੁਰੂ ਕੀਤੀ।  ਉਹ ਕਾਗਜ਼ 'ਤੇ ਲਿਖਦਾ ਰਿਹਾ, ਮੌਤ, ਡਰ, ਬੁਢਾਪਾ, ਲਾਲਚ, ਵਿਆਹ, ਰਿਸ਼ਤੇ, ਪਰਿਵਾਰ, ਜਿਊਣ ਦਾ ਮਕਸਦ, ਮਾਫੀ...।  ਪਰ ਅਗਲੇ ਦਿਨ ਛੁੱਟੀਆਂ ਖਤਮ ਹੋ ਗਈਆਂ ਤੇ ਉਹ ਲੁਧਿਆਣੇ ਚਲਾ ਗਿਆ।

***

ਗੁਰਨੇਕ ਨੂੰ ਬਹੁਤਾ ਚੁਬਾਰੇ ਵਿਚ ਹੀ ਰਹਿਣ ਦੀ ਆਦਤ ਪੈ ਗਈ ਸੀ।  ਜੇ ਉਹ ਕਿਤੇ ਬਾਹਰ ਜਾਂਦਾ ਵੀ ਤਾਂ ਰਾਧੂ ਦੇ ਖੋਖੇ ਤੱਕ।  ਰਾਧੂ ਸਵੇਰੇ ਸਵੇਰੇ ਸਾਈਕਲ 'ਤੇ ਲੋਕਾਂ ਦੇ ਘਰੀਂ ਅਖਬਾਰਾਂ ਵੰਡ ਕੇ ਆਪਣਾ ਖੋਖਾ ਆ ਖੋਲ੍ਹਦਾ।  ਖੋਖੇ ਵਿਚ ਉਹ ਅਖਬਾਰ, ਰਸਾਲੇ ਤੇ ਥੋੜੀਆਂ ਬਹੁਤ ਕਿਤਾਬਾਂ, ਕਾਪੀਆਂ ਵਗੈਰਾ ਰਖਦਾ।  ਆਉਂਦੇ ਜਾਂਦੇ ਲੋਕ ਉਸ ਕੋਲੋਂ ਕੋਈ ਫਿਲਮੀ ਜਾਂ ਸਾਹਿਤਕ ਰਸਾਲਾ ਜਾਂ ਕਿਤਾਬ ਖਰੀਦ ਲਿਜਾਂਦੇ।  ਉਂਜ ਉਹ ਉਸ ਇਲਾਕੇ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਨੂੰ ਭੇਜਿਆ ਕਰਦਾ ਸੀ।  ਆਪ ਉਹ ਲਿਖ ਪੜ੍ਹ ਨਹੀਂ ਸੀ ਸਕਦਾ ਪਰ ਹੁਸ਼ਿਆਰ ਸੀ।  ਕਈ ਕਹਿੰਦੇ ਕਹਾਉਂਦੇ ਇਲਾਕੇ ਦੇ ਸਿਰ-ਕੱਢ ਲੋਕ ਉਸ ਕੋਲ ਆਉਂਦੇ ਤਾਂ ਉਹ ਗੱਲਾਂ-ਗੱਲਾਂ ਵਿਚ ਇਲਾਕੇ ਬਾਰੇ ਸੂਹ ਰਖਦਾ।  ਕਦੇ ਕਿਸੇ ਨੂੰ ਸੱਦ-ਕਿਦੇ ਕਿਸੇ ਨੂੰ ਕਹਿ ਕਹਾ ਕੇ ਖ਼ਬਰਾਂ ਲਿਖਵਾਕੇ ਭਿਜਵਾਉਂਦਾ।  ਹੌਲੀ ਹੌਲੀ ਉਹਨੇ ਗੁਰਨੇਕ ਨੂੰ ਖ਼ਬਰਾਂ ਲਿਖਣ ਲਾ ਲਿਆ।  ਗੁਰਨੇਕ ਖੋਖੇ ਤੋਂ ਕਦੇ ਕੋਈ ਕਿਤਾਬ ਜਾਂ ਰਸਾਲੇ ਲਿਜਾ ਕੇ ਪੜ੍ਹਦਾ ਤੇ ਦੂਜੇ ਤੀਜੇ ਦਿਨ ਮੋੜ ਦਿੰਦਾ।  ਇੰਜ ਉਹਨਾਂ ਦੀ ਇਕ ਸਾਂਝ ਜਿਹੀ ਬਣ ਗਈ ਸੀ।
ਮਾਸਟਰ ਸਾਧੂ ਰਾਮ ਵੀ ਆਪਣੇ ਚੇਲੇ ਮਾਸਟਰਾਂ ਦੇ ਮੋਢਿਆਂ 'ਤੇ ਹੱਥ ਰੱਖੀਂ ਹਰ ਰੋਜ਼ ਉਹਦੇ ਖੋਖੇ ਮੂਹਰਿਓਂ ਲੰਘਦਾ।  ਮਿਲਣ-ਗਿਲਣ ਵਾਲਿਆਂ ਦਾ ਹਾਲ ਪੁਛਦੇ-ਪੁਛਾਉਂਦੇ ਉਹ ਛੋਟੀ ਨਹਿਰ ਵੱਲ ਸੈਰ ਲਈ ਨਿਕਲ ਜਾਂਦੇ।  ਗੁਰਨੇਕ ਮਾਸਟਰ ਸਾਧੂ ਰਾਮ ਨੂੰ ਦੂਰੋਂ ਆਉਂਦਾ ਦੇਖ ਕੇ ਏਧਰ-ਓਧਰ ਹੋ ਜਾਂਦਾ।  ਉਸ ਕੋਲੋਂ ਉਹਦੀਆਂ ਸਿੱਧੀਆਂ ਸਪਸ਼ਟ ਗੱਲਾਂ ਦੇ ਜਵਾਬ ਨਹੀਂ ਸਨ ਦਿੱਤੇ ਜਾਂਦੇ।  ਇਕ ਦਿਨ  ਮਾਸਟਰ ਸਾਧੂ ਰਾਮ ਨੇ ਗੁਰਨੇਕ ਨੂੰ ਮੂਹਰਿਓਂ ਆਉਂਦੇ ਨੂੰ ਪੁੱਛ ਈ ਲਿਆ-
''ਓ ਸੁਣਾ ਬਈ ਨੇਕ ਸਿੰਘ, ਸਾਨੇ ਸੁਣਿਐ ਤੈਂ ਗਿਆਨੀ ਪਾਸ ਕਰ ਲਈ ਐ? ਕਿਆ ਇਹ ਗੱਲ ਠੀਕ ਐ?''
''ਹਾਂ ਜੀ ਮਾਸਟਰ ਜੀ। ਗਿਆਨੀ ਵੀ ਤੇ ਦਸਵੀਂ ਵੀ ਦੋਏ ਪਾਸ ਕਰਲੀਆਂ।''
''ਅੱਛਾ, ਬਈ ਫੇਰ ਤਾਂ ਬੜੀ ਖੁਸ਼ੀ ਵਾਲੀ ਬਾਤ ਐ।  ਤੂੰ ਕੁਸ਼ ਕਰਨ ਕੁਰਨ ਬੀ ਲੱਗਿਐਂ ਕਿ ਨਹੀਂ?''
''ਜੀ ਅਜੇ ਤਾਈਂ ਤਾਂ ਕੁਸ਼ ਨੀ...।''
''ਮੈਂ ਕਰਾਂ ਗੱਲ ਕਰਮ ਚੰਦ ਇੰਸਪੈਕਟਰ ਨਾਲ?'' ਆਪਣੀਆਂ ਗੋਲ ਐਨਕਾਂ ਵਿਚੋਂ ਗੁਰਨੇਕ ਵੱਲ ਸਿੱਧਾ ਝਾਕਦਿਆਂ ਮਾਸਟਰ ਜੀ ਨੇ ਪੁੱਛਿਆ।
''ਥੋਡੀ ਮਰਜੀ ਐ ਜੀ।''
''ਇਸ ਮਾਂ ਸਾਡੀ ਮਰਜੀ ਕਿਆ ਐ।  ਨੌਕਰੀ ਤਾਂ ਤੈਨੇ ਓ ਕਰਨੀ ਐ।  ਬੋਲ, ਹੈ ਇਰਾਦਾ?''
''ਹਾਂ ਜੀ।''
''ਚੰਗਾ ਫੇਰ।''
ਕਰਮ ਚੰਦ ਪ੍ਰਾਇਮਰੀ ਸਕੂਲਾਂ ਦਾ ਇੰਸਪੈਕਟਰ ਹੁੰਦਾ ਸੀ।  ਉਹ ਮਾਸਟਰ ਸਾਧੂ ਰਾਮ ਨਾਲੋਂ ਉਮਰ 'ਚ ਛੋਟਾ ਸੀ ਅਤੇ ਉਸ ਦੀ ਇੱਜ਼ਤ ਵੀ ਬਹੁਤ ਕਰਦਾ ਸੀ।  ਮਾਸਟਰ ਸਾਧੂ ਰਾਮ ਨੇ ਗੁਰਨੇਕ ਦੇ ਗਿਆਨੀ ਅਤੇ ਦਸਵੀਂ ਪਾਸ ਹੋਣ ਬਾਰੇ ਉਹਨੂੰ ਦੱਸਿਆ ਤੇ ਕਿ ਨੌਕਰੀ ਦੀ ਸੰਭਾਵਨਾ ਬਾਰੇ ਗੱਲ ਕੀਤੀ।  ਕਰਮ ਚੰਦ ਨੇ ਅਗਲੇ ਹੀ ਦਿਨ ਰਿਕਾਰਡ ਚੈੱਕ ਕਰਵਾ ਕੇ ਸੁਨੇਹਾ ਭਿਜਵਾਇਆ ਕਿ ਮੰਡੀ ਤੋਂ ਚਾਰ ਕੁ ਮੀਲ ਦੂਰ ਪਿੰਡ ਮਸਤੂਪੁਰੇ ਪ੍ਰਾਇਮਰੀ ਸਕੂਲ ਵਿਚ ਇਕ ਮਾਸਟਰ ਦੀ ਲੋੜ ਸੀ।  ਪਰ ਫਿਲਹਾਲ ਕੱਚੀ ਨੌਕਰੀ 'ਤੇ ਹੀ ਲਗਣਾ ਪਏਗਾ।  ਅਗਲੇ ਦਿਨ ਮਾਸਟਰ ਜੀ ਨੇ ਗੁਰਨੇਕ ਨੂੰ ਕਰਮ ਚੰਦ ਕੋਲ ਭੇਜ ਦਿੱਤਾ। ਉਸ ਨੂੰ ਕੱਚੀ ਨੌਕਰੀ ਲਈ ਆਰਡਰ ਮਿਲ ਗਏ। ਤਨਖਾਹ ਸੌ ਰਪਈਏ ਮਹੀਨਾ। ਅਗਲੇ ਦਿਨ ਤੋਂ ਗੁਰਨੇਕ ਸਕੂਲ ਜਾਣ ਲੱਗ ਪਿਆ।
ਪਹਿਲੇ ਈ ਦਿਨ ਪਿੰਡ ਦਾ ਸਰਪੰਚ ਮੁਖਤਿਆਰ ਸਿੰਘ ਉਹਨੂੰ ਮਿਲਣ ਆ ਗਿਆ।  ਉਹ ਬਣਦਾ-ਤਣਦਾ ਉੱਚਾ-ਲੰਮਾ ਸੁਹਣਾ-ਜਵਾਨ ਸੀ।  ਚਿੱਟਾ ਕੁੜਤਾ ਪਜਾਮਾ ਤੇ ਪੋਚਵੀਂ ਨੀਲੀ ਪੱਗ ਬੰਨ੍ਹ ਕੇ ਰਖਦਾ।  ਪਿੰਡ ਛੋਟਾ ਸੀ ਤੇ ਮੁਖਤਿਆਰ ਕੋਲ ਦੂਜਿਆਂ ਨਾਲੋਂ ਥੋੜੀ ਵਧ ਪੈਲੀ ਹੋਣ ਕਰਕੇ ਉਹਨੇ ਪੱਕੇ ਤੌਰ 'ਤੇ ਹੀ ਸਰਪੰਚੀ ਸੰਭਾਲੀ ਹੋਈ ਸੀ।  ਲੋਕਾਂ ਦੀ ਗਰਜ਼ਾਂ ਸਮਝ ਕੇ ਸਮਝੌਤੇ ਕਰਵਾ ਦਿੰਦਾ ਅਤੇ ਆਪਣਾ ਦਬਦਬਾ ਬਣਾਈ ਰਖਦਾ।  ਉਂਜ ਉਹ ਥੋੜੀ ਰੰਗੀਨ ਤਬੀਅਤ ਦਾ ਬੰਦਾ ਸੀ।  ਜਮੀਨ ਠੇਕੇ 'ਤੇ ਦੇ ਛਡਦਾ।  ਥਾਣੇਦਾਰ ਤੇ ਇਲਾਕੇ ਦੇ ਐਮ.ਐਲ.ਏ. ਨਾਲ ਉਹਦਾ ਪਿਆਲਾ ਸਾਂਝਾ ਸੀ।  ਜੇ ਰੋਜ਼ ਨਹੀਂ ਤਾਂ ਤੀਜੇ ਦਿਨ ਮੰਡੀ ਜ਼ਰੂਰ ਗੇੜਾ ਮਾਰਦਾ।
ਉਹਨੇ ਇਕ ਪੁਰਾਣਾ 'ਟਰੰਫ' ਮੋਟਰਸਾਇਕਲ ਚਾਰ ਕੁ ਸੌ ਰੁਪਏ ਵਿਚ ਖਰੀਦ ਕੇ ਜੱਗੇ ਮਿਸਤਰੀ ਤੋਂ ਠੀਕ ਕਰਵਾ ਲਿਆ ਸੀ।  ਬਹੁਤੇ ਗੇੜੇ ਉਹ ਮੰਡੀ ਦੇ ਬਾਹਰ ਨਹਿਰੀ ਕੋਠੀ ਵਿਚ ਨਹਿਰੀ ਬਾਬੂ ਸੰਤ ਰਾਮ ਕੋਲ ਮਾਰਦਾ।  ਉਹ ਆਥਣੇ ਇਕੱਠੇ ਬਹਿ ਕੇ ਆਪਣੀਆਂ ਸ਼ਾਮਾਂ ਰੰਗੀਨ ਕਰਦੇ।  ਨਹਿਰੀ ਬਾਬੂ ਸਰਕਾਰੀ ਕੋਠੀ ਵਿਚ ਇਕੱਲਾ ਰਹਿੰਦਾ ਹੁੰਦਾ।  ਟੱਬਰ ਟ੍ਹੀਅਰ ਉਹਦਾ ਰਿਵਾੜੀ ਰਹਿੰਦਾ ਸੀ।  ਬੱਚੇ ਓਥੇ ਪੜ੍ਹਨ ਲਾਏ ਹੋਏ ਸਨ।  ਮਹੀਨੇ  ਪਿੱਛੋਂ ਉਹ ਰਿਵਾੜੀ ਚੱਕਰ ਮਾਰ ਆਉਂਦਾ।  ਮੁਖਤਿਆਰ ਰਾਹੀਂ ਉਹ ਐਮ.ਐਲ.ਏ. ਨੂੰ ਕਹਿ-ਕਹਾ ਕੇ ਰਿਵਾੜੀ ਵੱਲ ਆਪਣੀ ਬਦਲੀ ਕਰਵਾਉਣ ਲਈ ਕਹਿੰਦਾ ਰਹਿੰਦਾ।
ਇਕ ਨੈਪਾਲੀ ਮੁੰਡਾ ਸੋਨ ਬਹਾਦਰ ਉਹਨੇ ਆਪਣੇ ਰੋਟੀ ਟੁੱਕ ਲਈ ਰੱਖਿਆ ਹੋਇਆ ਸੀ।  ਸੋਨ ਬਹਾਦਰ ਦਾ ਰੰਗ ਗੋਰਾ, ਨੱਕ ਫੀਨਾ ਜਿਹਾ, ਅੱਖਾਂ ਨਿੱਕੀਆਂ ਨਿੱਕੀਆਂ ਤੇ ਕੱਦ ਛੋਟਾ ਸੀ।  ਉਮਰ ਕੋਈ ਤੇਰਾਂ ਚੌਦਾਂ ਸਾਲ।  ਸੰਤ ਰਾਮ ਨੇ ਨਹਿਰੀ ਕੋਠੀ ਵਿਚ ਕੁਝ ਮੁਰਗੀਆਂ ਵੀ ਰੱਖੀਆਂ ਸਨ।  ਸੋਨ ਬਹਾਦਰ ਹਰ ਰੋਜ਼ ਇਕ ਦੋ ਆਂਡੇ ਮੁਰਗੀਆਂ ਦੇ ਖੁੱਡੇ ਵਿਚੋਂ ਚੁੱਕ ਲਿਆਉਂਦਾ ਅਤੇ ਸਾਹਬ ਲਈ ਰੋਟੀ ਪਾਣੀ ਦਾ ਇੰਤਜ਼ਾਮ ਕਰਦਾ, ਕੋਠੀ ਦੀ ਸਫਾਈ ਕਰਦਾ, ਨਲਕੇ ਤੋਂ ਪਾਣੀ ਭਰਦਾ।  ਸਾਰਾ ਦਿਨ ਕੁਝ ਨਾ ਕੁਝ ਕਰਦਾ ਰਹਿੰਦਾ।  ਨਹਿਰੀ ਕੋਠੀ ਵਿਚ ਕੋਈ ਨਾ ਕੋਈ ਮਹਿਮਾਨ ਆਇਆ ਰਹਿੰਦਾ।  ਨਹਿਰੀ ਮਹਿਕਮੇ ਦੇ ਅਫਸਰ ਕਰਮਚਾਰੀ ਆਉਂਦੇ ਜਾਂਦੇ ਕੋਠੀ ਵਿਚ ਆ ਕੇ ਰੁਕਦੇ ਜਾਂ ਆਰਾਮ ਕਰਦੇ।
ਮੁਖਤਿਆਰ ਸਿੰਘ ਸਰਪੰਚ ਤੇ ਸੰਤ ਰਾਮ ਆਪਸ ਵਿਚ ਗੂੜ੍ਹੇ ਯਾਰ ਬਣ ਗਏ ਸਨ।  ਮੁਖਤਿਆਰ ਉਂਜ ਵੀ ਅਗਲੇ ਨੂੰ ਅਪਣੀਆ ਗੱਲਾਂ ਨਾਲ ਮੋਹ ਲੈਂਦਾ।  ਝੱਟ ਰਚ-ਮਿਚ ਜਾਂਦਾ।  ਉਹ ਹਰ ਤੀਜੇ ਕੁ ਦਿਨ ਮੰਡੀਓਂ ਬੋਤਲ ਖਰੀਦ ਕੇ ਆਪਣੇ ਮੋਟਰ ਸਾਇਕਲ 'ਤੇ ਨਹਿਰੀ ਕੋਠੀ ਪਹੁੰਚ ਜਾਂਦਾ।  ਸੰਤ ਰਾਮ ਵੀ ਸੋਨ ਬਹਾਦਰ ਨੂੰ ਕਦੇ ਆਂਡਿਆਂ ਦੀ ਭੁਰਜੀ ਕਦੇ ਕੋਈ ਛੋਟਾ ਮੁਰਗਾ ਝਟਕਾਉਣ ਲਈ ਆਖਦਾ।  ਦੋਵੇਂ ਦੇਰ ਰਾਤ ਬੋਤਲ ਖਾਲੀ ਕਰਕੇ ਉਠਦੇ।  ਵੱਡੀ ਰਾਤ ਮੁਖਤਿਆਰ ਆਪਣੇ ਪਿੰਡ ਵੜਦਾ।
ਮਹੀਨੇ ਕੁ ਵਿਚ ਹੀ ਉਹ ਗੁਰਨੇਕ ਦੇ ਸੁਭਾਅ ਤੋਂ ਚੰਗੀ ਤਰਾਂ ਜਾਣੂ ਹੋ ਗਿਆ ਸੀ।  ਉਹ ਲਗਭਗ ਹਰ ਰੋਜ਼ ਹੀ ਸਕੂਲ ਵਿਚ ਗੁਰਨੇਕ ਨਾਲ ਗੱਪਾਂ ਮਾਰਨ ਆ ਵੜਦਾ।  ਆਪਣੇ ਰੰਗੀਨ ਹਾਦਸੇ ਗੁਰਨੇਕ ਨੂੰ ਸੁਣਾਉਂਦਾ।  ਉਸ ਨੂੰ ਆਪਣੀ ਕਵਿਤਾ ਸੁਣਾਉਣ ਲਈ ਕਹਿੰਦਾ ਅਤੇ ਖੂਬ ਸਲਾਹੁੰਦਾ।  ਗੁਰਨੇਕ ਨੂੰ ਵੀ ਉਸ ਦੀ ਉਡੀਕ ਰਹਿੰਦੀ।  ਪਰ ਉਹ ਸਕੂਲ ਦਾ ਸਮਾਂ ਬਰਬਾਦ ਹੋਣ ਦੀ ਵੀ ਚਿੰਤਾ ਕਰਦਾ।  ''ਕਿਧਰੇ ਕਰਮ ਚੰਦ ਚੈਕਿੰਗ 'ਤੇ ਈ ਨਾ ਆ ਵੱਜੇ।'' ਉਹ ਸੋਚਦਾ।  ਪਰ ਮੁਖਤਿਆਰ ਉਹਨੂੰ ਬੇਫਿਕਰ ਹੋਣ ਲਈ ਆਖਦਾ।
''ਗੁਰਨੇਕ ਬਾਈ ਸਿਆਂ ਤੂੰ ਭੋਰਾ ਫਿਕਰ ਨਾ ਕਰਿਆ ਕਰ।  ਆਪਣੀ ਸਰਕਾਰੇ ਦਰਬਾਰੇ ਵਾਹਵਾ ਪੈਂਠ ਐ।  ਆਪਾਂ ਤੇਲ 'ਚੋਂ ਕੌਡੀ ਕਿਹੜਾ ਨਾ ਚੱਕ ਦੀਏ।'' ਉਹ ਇਹੋ ਜਿਹੀਆਂ ਫੜ੍ਹਾਂ ਮਾਰਦਾ।
ਗਰਮੀਆਂ ਦੇ ਦਿਨਾਂ ਵਿਚ ਮੀਂਹ ਪੈ ਚੁੱਕਾ ਸੀ।  ਬੱਦਲ ਅਜੇ ਵੀ ਆਕਾਸ਼ ਵਿਚ ਆ ਜਾ ਰਹੇ ਸਨ।  ਧੀਮੀ-ਧੀਮੀ ਹਵਾ ਰੁਮਕ ਰਹੀ ਸੀ।  ਪਹਿਲੇ-ਪਹਿਲੇ ਮੀਂਹ ਹੋਣ ਕਰਕੇ ਧਰਤੀ ਵਿਚੋਂ ਮਨ ਨੂੰ ਨਸ਼ਿਆਉਣ ਵਾਲੀ ਖੁਸ਼ਬੋਅ ਆ ਰਹੀ ਸੀ।  ਗੁਰਨੇਕ ਸਕੂਲ ਦੀ ਛੁੱਟੀ ਪਿੱਛੋਂ ਸਕੂਲ ਦੇ ਬਾਕੀ ਨਿੱਕੇ-ਮੋਟੇ ਕੰਮ ਖਤਮ ਕਰਕੇ ਸਾਈਕਲ ਚੱਕ ਕੇ ਤੁਰਨ ਹੀ ਲੱਗਾ ਸੀ ਕਿ ਦੂਰੋਂ ਮੁਖਤਿਆਰ ਦੇ ਮੋਟਰ ਸਾਈਕਲ ਦੀ ਆਵਾਜ਼ ਸੁਣਾਈ ਦਿੱਤੀ।  ਮੁਖਤਿਆਰ ਧੂੜਾਂ ਪੱਟਦਾ ਉਹਦੇ ਸਾਹਮਣੇ ਆ ਖੜੋਤਾ।
''ਕਿਵੇਂ ਐਂ ਮਾਹਟਰਾ, ਅੱਜ ਤਾਂ ਮੌਸਮ ਆਲੀ ਬਹਿ-ਜਾ ਬਹਿ-ਜਾ ਹੋਈ ਪਈ ਐ।  ਹੈ ਨਾ ਖੇਡਦੀ ਕਾਟੋ ਫੁੱਲਾਂ 'ਤੇ? ਯਾਰ ਕੋਈ ਨਾ ਕੋਈ ਖੂਹ ਪੱਟਣਾ ਪਊ ਅੱਜ।  ਕਿਉਂ, ਹੈ ਇਰਾਦਾ?'' ਮੁਖਤਿਆਰ ਚਕਵੇਂ ਜੋੜਾਂ 'ਤੇ ਸੀ।
''ਮੈਂ ਸੋਚਦਾ ਸੀ ਘਰੇ ਪਹੁੰਚੀਏ।  ਫੇਰ ਕਿਧਰੇ ਮੀਂਹ...।''
''ਓ ਛੱਡ ਯਾਰ।  ਤੂੰ ਬੈਠ ਕੇਰਾਂ ਮੇਰੇ ਪਿੱਛੇ, ਤੈਨੂੰ ਕਰਾਵਾਂ ਇੰਦਰ ਦੇ ਖਾੜੇ ਦੀ ਸੈਰ।  ਬੱਸ ਬਹਿ-ਜਾ ਤੂੰ!'
''ਨਹੀਂ-ਫੇਰ ਕਦੇ ਸਹੀ...।'' ਗੁਰਨੇਕ ਨੇ ਸੰਗਦਿਆਂ ਕਿਹਾ।
''ਲੈ ਯਾਰੀ ਫੇਰ ਟੱਟੂ ਦੀ-ਐ ਆਪਣੀ।  ਤੂੰ ਦੇਖ ਤਾਂ ਸਹੀ ਅੱਜ ਤਾਂ ਆਪਾਂ ਜੜ ਦਿਆਂਗੇ ਕੋਕੇ।  ਚੱਲ ਛੇਤੀ ਕਰ ਯਾਰ।  ਹੈਂਅ ਢਿੱਲਾ ਜਿਆ ਨਾ ਹੋ।''
''ਨਾ, ਜਾਣਾ ਕਿੱਥੇ ਐ?''
''ਵਾਹ ਓਏ ਬਾਈ ਸਿਆਂ-ਅਸ਼ਕੇ ਤੇਰੇ।  ਕਹਿੰਦਾ ਜਾਣਾ ਕਿਥੇ ਐ।  ਤੂੰ ਸੈਕਲ ਰੱਖ ਸਕੂਲ 'ਚ ਤੇ ਬੈਠ ਮੇਰੇ ਪਿੱਛੇ।  ਪੁੱਛੀਦਾ ਨੀ ਹੁੰਦਾ ਬਈ ਜਾਣਾ ਕਿੱਥੇ ਐ।''
ਗੁਰਨੇਕ ਕੋਲੋਂ ਮੁਖਤਿਆਰ ਨੂੰ ਨਾਂਹ ਨਾ ਕੀਤੀ ਗਈ।  ਉਹਨੂੰ ਥੋੜਾ ਡਰ ਜਿਹਾ ਵੀ ਲੱਗ ਰਿਹਾ ਸੀ ਪਰ ਉਹਦਾ ਜੀ ਵੀ ਕਰਦਾ ਸੀ ਜਾਣ ਨੂੰ।
ਉਹਨਾਂ ਨੇ ਮੰਡੀਓਂ ਠੇਕੇ 'ਤੇ ਜਾ ਕੇ ਪਹਿਲਾਂ ਬੋਤਲ ਲਈ ਫੇਰ ਉਹ ਨਹਿਰੀ ਕੋਠੀ ਆ ਗਏ।
''ਸ਼ਾਸ਼ਰੀ-ਕਾਲ ਸ਼ਾਬ।'' ਸੋਨ ਬਹਾਦਰ ਨੇ ਨਲਕੇ ਤੋਂ ਪਾਣੀ ਦੀ ਬਾਲਟੀ ਭਰਦਿਆਂ ਕਿਹਾ।
''ਓਏ ਤੇਰਾ ਸਾਹਬ ਕਿੱਥੇ ਐ?''
''ਸ਼ਾਬ ਜੀ ਤੋ, ਰੇਬਾੜੀ ਗੇ ਹੂਏ ਹੈਂ ਜੀ।''
''ਅੱਛਾ, ਅੱਜ ਫੇਰ ਤੂੰ 'ਕੱਲਾ ਈ ਐਂ ਕੋਠੀ 'ਚ?''
''ਹਾਂ ਜੀ, ਸ਼ਾਬ ਜੀ।'' ਸੋਨ ਬਹਾਦਰ ਨੇ ਪਾਣੀ ਦੇ ਦੋ ਗਲਾਸ ਉਹਨਾਂ ਦੇ ਅੱਗੇ ਪਏ ਮੇਜ਼ ਤੇ ਲਿਆ ਰੱਖੇ।
''ਔਰ ਕਿਆ ਲਾਊਂ ਸ਼ਾਬ ਜੀ?''
''ਸੋਨਿਆ, ਤੂੰ ਫੇਰ ਐਂ ਕਰ, ਬਈ ਇਕ ਤਾਂ ਔਹ ਮੁਰਗਾ ਫੜ ਕੇ ਝਟਕਾ ਲੈ।  ਤੈਨੂੰ ਬਣਾਉਂਦੇ ਨੂੰ ਘੰਟਾ ਡੂਢ ਤਾਂ ਲੱਗ ਈ ਜਾਊ ਤੇ ਓਨੇ ਚਿਰ ਨੂੰ ਸਾਨੂੰ ਇਕ ਜੱਗ ਪਾਣੀ ਦਾ ਦੇ ਜਾ।  ਨਾਲੇ ਲਿਆ ਦੋ ਗਲਾਸ ਤੇ ਨਾਲੇ ਅਚਾਰ ਤੇ ਗੰਢੇ ਚੀਰ ਕੇ ਦੇ ਜਾ ਫਟਾ-ਫਟ।''
''ਠੀਕ ਐ ਸ਼ਾਬ ਜੀ।''
ਮੁਖਤਿਆਰ ਨੇ ਦੋ ਗਲਾਸਾਂ ਵਿਚ ਸ਼ਰਾਬ ਪਾਈ ਤੇ ਉੱਤੋਂ ਥੋੜਾ ਪਾਣੀ ਪਾਇਆ।
''ਲਓ ਜੀ ਕਵੀ ਸਾਹਬ ਇਹ ਪਹਿਲਾ ਆਪਣੀ ਯਾਰੀ ਦੇ ਨਾਂ।''
ਗੁਰਨੇਕ ਚੁੱਪ ਸੀ।  ਉਸ ਨੂੰ ਕੁਝ ਓਪਰਾ-ਓਪਰਾ ਜਿਹਾ ਲੱਗ ਰਿਹਾ ਸੀ।  ਥੋੜੇ ਜਿਹੇ ਨਸ਼ੇ ਪਿੱਛੋਂ ਉਹ ਗੱਲਾਂ ਕਰਨ ਲੱਗ ਪਏ।
"ਓ ਯਾਰ ਕਵੀ ਸਾਹਬ ਕੋਈ ਆਪਣੀ ਕਵਿਤਾ-ਕੁਵਤਾ ਸਾਨੂੰ ਵੀ ਸੁਣਾ ਦਿਆ ਕਰੋ।  ਜ਼ਰਾ ਮੌਸਮ ਹੋਰ ਰੰਗੀਨ ਕਰ ਦਿਓ।  ਯਾਰ ਕੋਈ ਚਿਉਂਦੀ-ਚਿਉਂਦੀ ਸੁਣਾ।''
ਗੁਰਨੇਕ ਨੇ ਛੇ ਕੁ ਮਹੀਨੇ ਪਹਿਲਾਂ ਇਕ ਕਵਿਤਾ ਲਿਖੀ ਸੀ।  ਜਦੋਂ ਵੀ ਉਹ ਇਹ ਕਵਿਤਾ ਲਿਖਣ ਬਹਿੰਦਾ ਤਾਂ ਉਹਦੇ ਸਰੀਰ ਵਿਚੋਂ ਜਿਵੇਂ ਭਾਂਬੜ ਨਿਕਲਣ ਲੱਗ ਪੈਂਦੇ।  ਠੰਢੀਆਂ-ਤਰੇਲੀਆਂ ਆਉਂਦੀਆਂ।  ਮੁੜ੍ਹਕੇ ਨਾਲ ਕਪੜੇ ਭਿੱਜ ਜਾਂਦੇ।  ਸੱਜਾ ਗੁੱਟ ਦਰਦ ਕਰਨ ਲਗਦਾ।  ਪੀੜ ਅਸਹਿ ਹੋ ਜਾਂਦੀ।  ਸਿਰ ਵਿਚ ਗੁਬਾਰ ਉਠਦੇ।  ਦੋ ਮਹੀਨੇ ਲਾ ਕੇ ਉਹ ਕਵਿਤਾ ਲਿਖ ਸਕਿਆ ਸੀ ਪਰ ਅਜੇ ਤਕ ਕਿਸੇ ਨੂੰ ਸੁਣਾਉਣ ਦੀ ਹਿੰਮਤ ਨਹੀਂ ਸੀ ਕਰ ਸਕਿਆ, ਕਿਸੇ ਪਰਚੇ ਵਿਚ ਭੇਜਣੀ ਤਾਂ ਕੀ ਸੀ।
ਗੁਰਨੇਕ ਨੂੰ ਨਸ਼ਾ ਚੜ੍ਹਿਆਂ ਤਾਂ ਹਿੰਮਤ ਬੱਝੀ, ''ਲੈ ਮੁਖਤਿਆਰ ਸਿਆਂ ਸੁਣ ਫੇਰ-

ਧੀਆਂ ਹੁੰਦੀਆਂ ਜਿੰਦ ਮਲੂਕ।
ਧੀਆਂ ਹੁੰਦੀਆਂ ਜਿੰਦ ਮਲੂਕ।…"

"ਵਾਹ-ਵਾਹ! ਕਿਆ ਬਾਤ ਐ ਯਾਰ।  ਕਿੰਨੀ ਸੂਖਮ ਗੱਲ ਐ।'' ਮੁਖਤਿਆਰ ਨੇ ਦਾਦ ਦਿੱਤੀ।

"ਧੀਆਂ ਨੂੰ ਜੇ ਮੋਹ ਨੀ ਕਰਨਾ।
ਜਾਨ ਲੈਣੀ, ਭੈੜੀ ਕਰਤੂਤ।।
ਧੀਆਂ ਹੁੰਦੀਆਂ...
ਇਹ ਤਾਂ ਸੂਖਮ ਜਿੰਦਾਂ ਲੋਕਾ।
ਐਨੇ ਭੈੜੇ ਕਿਉਂ ਸਲੂਕ।।
ਧੀਆਂ ਹੁੰਦੀਆਂ...
ਕੁੱਖ ਪਈ ਉਹ ਇਉਂ ਕੁਰਲਾਵੇ।
ਜੰਮਣੋਂ ਪਹਿਲਾਂ ਮਰਨ ਕਿਉਂ ਆਵੇ।।
ਪੁੱਤ ਚੰਗੇ, ਭਾਵੇਂ ਹੋਵਣ ਊਤ?
ਧੀਆਂ ਹੁੰਦੀਆਂ...
ਬਾਬਲ ਮੇਰੇ ਮੇਰਾ ਮੂੰਹ ਨਾ ਤੱਕਿਆ।
ਮੈਂ ਤਾਂ ਉਹਦਾ ਕੁਝ ਨਾ ਚੱਕਿਆ।।
ਇਹ ਕੇਹੇ ਨੇ ਹੱਕ-ਹਕੂਕ?
ਧੀਆਂ…"

ਇਸ ਤੋਂ ਅੱਗੇ ਗੁਰਨੇਕ ਕਵਿਤਾ ਨਾ ਪੜ੍ਹ ਸਕਿਆ।  ਕਵਿਤਾ ਦੀਆਂ ਇਹ ਲਾਈਨਾਂ ਪੜ੍ਹਦਿਆਂ ਉਹਦੀਆਂ ਭੁੱਬਾਂ ਨਿਕਲ ਗਈਆਂ।
''ਲੈ ਦੱਸ! ਯਾਰ ਇਹ, ਹੈ ਤਾਂ ਕਵਿਤਾ ਈ ਨਾ।  ਇਹਦੇ 'ਚ ਰੋਣ ਆਲੀ ਕਿਹੜੀ ਗੱਲ ਐ? ਇਹ ਤਾਂ ਸੱਚਾਈ ਬਿਆਨ ਕੀਤੀ ਐ ਤੂੰ।  ਪਿੰਡਾਂ 'ਚ ਕਈ ਲੋਕ ਕੁੜੀਆਂ ਨੂੰ ਜੰਮਣ ਸਾਰ ਮਾਰ ਦਿੰਦੇ ਐ।  ਹੁਣ ਤਾਂ ਕਹਿੰਦੇ ਐ ਕੁੜੀਆਂ ਮੁੰਡਿਆਂ ਨਾਲੋਂ ਗਿਣਤੀ ਵਿਚ ਵੀ ਘਟ-ਗੀਆਂ।  ਮੇਰੇ ਸਹੁਰਿਆਂ ਕੰਨੀ ਇਕ ਪਿੰਡ ਐ ਉਹਨੂੰ ਅੱਲ ਈ ਕੁੜੀ-ਮਾਰਾਂ ਦੇ ਪਿੰਡ ਦੀ ਪਈ ਹੋਈ ਐ।  ਅਸਲੀ ਨਾਂ ਤਾਂ ਪਿੰਡ ਦਾ ਕੋਈ ਹੋਰ ਐ ਪਰ ਜੇ ਕੋਈ ਕੁੜੀ-ਮਾਰਾਂ ਦਾ ਪਿੰਡ ਆਖ ਕੇ ਰਾਹ ਪੁੱਛੇ ਤਾਂ ਆਲੇ ਦੁਆਲੇ ਦੇ ਪਿੰਡਾਂ ਆਲੇ ਲੋਕ ਝੱਟ ਦੱਸ ਦਿੰਦੇ ਐ।  ਚਲ ਛੱਡ ਯਾਰ ਇਹ ਭੈੜੀ ਦੁਨੀਆਂ ਤੋਂ ਆਪਾਂ ਕੀ ਲੈਣੈ।  ਆਪਾਂ ਤਾਂ ਆਏ ਸੀ ਬਈ ਚਾਰ ਰੰਗ-ਬਰੰਗੀਆਂ ਗੱਲਾਂ ਕਰਾਂਗੇ, ਤੂੰ ਤਾਂ ਗੱਲ ਹੋਰ ਈ ਪਾਸੇ ਲੈ ਗਿਆ।  ਲੈ ਫੜ ਥੋੜੀ-ਜੀ ਹੋਰ ਪੀਨੇ ਐਂ ਆਪਾਂ।  ਪਹਿਲਾ ਨਸ਼ਾ ਤਾਂ ਕਿਧਰੇ ਗਿਆ।'' ਮੁਖਤਿਆਰ ਨੇ ਗੱਲ ਹੋਰ ਪਾਸੇ ਤੋਰਨੀ ਚਾਹੀ।
''ਸ਼ਾਬ ਖਾਨਾ ਲਾਊਂ?'' ਏਨੇ ਵਿਚ ਸੋਨ ਬਹਾਦਰ ਨੇ ਆ ਕੇ ਪੁੱਛਿਆ।
ਓ ਵਾਹ ਓਏ ਤੇਰੇ ਸੋਨ ਬਹਾਦਰਾ।  ਤੇਰਾ ਵੀ ਜਵਾਬ ਨੀ।  ਐਣ ਇਕ ਟੰਗ 'ਤੇ ਖੜ੍ਹੈ, ਲੈ ਫੇਰ ਤੂੰ ਐਂ ਕਰ ਬਈ ਪਹਿਲਾਂ ਸਾਨੂੰ ਥੋੜਾ ਜਿਆ ਮੁਰਗਾ ਪਾ ਕੇ ਲਿਆ ਇਕ ਪਲੇਟ 'ਚ ਤੇ ਫੇਰ ਅਧੇ ਕੁ ਘੰਟੇ ਪਿੱਛੋਂ ਰੋਟੀ ਨਾਲ ਬਾਕੀ ਦਾ ਮੁਰਗਾ ਲੈ ਆਈਂ।''
''ਠੀਕ ਐ, ਸ਼ਾਬ!''
''ਓਏ ਖੜ੍ਹ-ਜਾ ਕੇਰਾਂ।  ਗੱਲ ਸੁਣ। ਆਹ ਲੈ, ਫੜ।  ਐਸ਼ ਕਰ।'' ਮੁਖਤਿਆਰ ਨੇ ਉਹਨੂੰ ਪੰਜਾਂ ਦਾ ਨੋਟ ਫੜਾਉਂਦਿਆਂ ਕਿਹਾ।
'ਹੈਂ।  ਪੰਜ ਰਪਈਏ?' ਗੁਰਨੇਕ ਹੈਰਾਨ ਹੋਇਆ ਸੋਚ ਰਿਹਾ ਸੀ।
''ਨਹੀਂ-ਸ਼ਾਬ, ਰਹਿਨੇ ਦੋ।''
ਓਏ ਤੂੰ ਫੜ ਤਾਂ ਸਹੀ, ਅਜੇ ਤਾਂ ਤੇਰੇ ਕੋਲੋਂ ਅਸੀਂ ਹੋਰ ਵੀ ਕੰਮ ਲੈਣੇ ਐਂ।'' ਸੋਨ ਬਹਾਦਰ ਪੰਜਾਂ ਦਾ ਨੋਟ ਜਦੋਂ ਆਪਣੀ ਨਿੱਕਰ ਦੀ ਜੇਬ 'ਚ ਪਾ ਕੇ ਮੁੜਿਆ ਤਾਂ ਮੁਖਤਿਆਰ ਦੀ ਨਿਗਾ ਉਹਦੀਆਂ ਗੋਰੀਆਂ ਲੱਤਾਂ 'ਤੇ ਪਈ।
''ਸਾਲੇ ਦੀਆਂ ਲੱਤਾਂ ਦੇਖ ਓਏ ਕਿੰਨੀਆਂ ਕੂਲੀਐਂ।  ਜਮਾਂ ਕੁੜੀਆਂ ਵਰਗੀਐਂ।  ਹੈ ਕਿ ਨਹੀਂ ਨੇਕ ਬਾਈ?''
''ਹਾਂ, ਊਂ ਤਾਂ ਮੁੰਡਾ ਸਾਊ ਐ।'' ਗੁਰਨੇਕ ਨੇ ਗੱਲ ਸਾਂਝੀ ਕੀਤੀ।
''ਲੈ ਫੇਰ ਏਸ ਖੁਸ਼ੀ 'ਚ ਆਪਾਂ ਇਕ ਇਕ ਹਾੜ੍ਹਾ ਹੋਰ ਲੈਨੇ ਆਂ।''
ਮੁਖਤਿਆਰ ਨੇ ਇਸ ਵਾਰ ਦੋਵੇਂ ਗਲਾਸ ਅੱਧੇ ਅੱਧੇ ਭਰ ਲਏ।  ਅਜੇ ਉਹਨੇ ਥੋੜਾ-ਥੋੜਾ ਪਾਣੀ ਗਲਾਸਾਂ 'ਚ ਪਾਇਆ ਸੀ ਕਿ ਗੁਰਨੇਕ ਨੂੰ ਪਤਾ ਨਹੀਂ ਕੀ ਸੁੱਝੀ ਉਹ ਗਲਾਸ ਚੱਕ 'ਕੇ ਇਕੋ ਵਾਰੀ ਚੀਘ ਲਾ ਕੇ ਪੀ ਗਿਆ ਤੇ ਮੂੰਹ ਕੁਸੈਲਾ ਜਿਹਾ ਕਰਕੇ ਉਹਨੇ ਪਹਿਲਾਂ ਧੁੜਧੜੀ ਜਿਹੀ ਲਈ ਤੇ ਫੇਰ ਮੁਰਗੇ ਦੀ ਟੰਗ ਚੱਕ ਕੇ ਖਾਣ ਲੱਗ ਪਿਆ।
''ਵਾਹ ਓ ਬਾਈ ਸਿਆਂ, ਅਜ ਤਾਂ ਤੂੰ ਕਮਾਲਾਂ ਕਰੀ ਜਾਨੈ।  ਮੈਨੂੰ ਨੀ ਪਤਾ ਸੀ ਬਈ ਤੂੰ ਛੁਪਿਆ ਰੁਸਤਮ ਐਂ।'' ਮੁਖਤਿਆਰ ਨੇ ਨੇਕ ਦੀ ਤਾਰੀਫ ਕੀਤੀ।      
"ਬਾਈ ਮਖਤਿਆਰੇ...ਗੱਲ ਇਹ ਐ...ਬਈ...ਜੇ...ਆਵਦੀ ਆਈ...ਤੇ ਆ ਜੀਏ ਨਾ...ਫੇਰ ਆਪਾਂ ਕਿਸੇ ਰਾਣੀ ਖਾਂ ਦੇ ਸਾਲੇ ਦੀ...ਭੈਣ...।'' ਗੁਰਨੇਕ ਨੂੰ ਬਹੁਤ  ਨਸ਼ਾ ਹੋ ਚੁੱਕਾ ਸੀ।  ਉਹਦੀਆਂ ਅੱਖਾਂ ਜਿਵੇਂ ਤਾੜੇ ਲੱਗੀਆਂ ਹੋਣ।  ਉਹ ਹੌਲੀ-ਹੌਲੀ ਅੱਖਾਂ ਝਪਕਦਾ ਬੋਲ ਰਿਹਾ ਸੀ।
''ਚਲ ਫੇਰ ਹੁਣ ਰੋਟੀ ਖਾਈਏ।  ਓਏ-ਸੋਨਿਆ ਲਿਆ ਬਈ ਰੋਟੀ।'' ਮੁਖਤਿਆਰ ਨੇ ਸੋਨ ਬਹਾਦਰ ਨੂੰ ਹਾਕ ਮਾਰੀ।
''ਆ-ਗਿਆ, ਸ਼ਾਬ।''
ਸੋਨ ਬਹਾਦਰ ਦੋ ਤਿੰਨ ਗੇੜਿਆਂ ਵਿਚ ਰੋਟੀ, ਪਾਣੀ, ਮੁਰਗੇ ਵਾਲਾ ਪਤੀਲਾ, ਅਚਾਰ ਤੇ ਹੋਰ ਨਿੱਕ-ਸੁੱਕ ਰੱਖ ਗਿਆ।  ਹਰ ਵਾਰੀ ਮੁਖਤਿਆਰ ਉਹਨੂੰ ਲਾਲਚੀ 'ਖਾ-ਜਾਣ' ਵਾਲੀਆਂ ਅੱਖਾਂ ਨਾਲ ਵੇਖਦਾ, ਖਾਸ ਕਰ ਜਦੋਂ ਉਹ ਮੇਜ਼ 'ਤੇ ਚੀਜ਼ਾਂ ਰੱਖ ਕੇ ਮੁੜਦਾ।
''ਯਾਰ, ਨੇਕ ਸਿਆਂ।  ਇਹ ਤਾਂ ਭੈਣ ਦੇਣੇ ਦਾ ਬਾਹਲੀ ਖਿੱਚ ਪਾਉਂਦੈ।''
''ਹੈਂ?...ਕੀ...ਖਿਚ-ਦੈ?''
ਉਹਨਾਂ ਨੇ ਕੁਝ ਰੋਟੀ ਖਾਧੀ ਕੁਝ ਖਰਾਬ ਕੀਤੀ।  ਹੱਥ ਵੀ ਚੰਗੀ ਤਰਾਂ ਨਾ ਧੋਤੇ।  ਮੁਖਤਿਆਰ ਨੂੰ ਜਿਵੇਂ ਕਿਸੇ ਗੱਲ ਦੀ ਕਾਹਲੀ ਹੋਵੇ।
''ਓਏ-ਸੋਨਿਆ।  ਤੇਰੇ ਸਾਹਬ ਦਾ ਕਮਰਾ ਕਿੱਧਰ ਐ-ਓਏ?''
''ਯੇ-ਈ ਸ਼ਾਬ।  ਊ ਸ਼ਾਮਨੇ।''
''ਚਲ-ਦਖਾ।  ਨੇਕ ਬਾਈ, ਆ ਜਾ ਤੂੰ ਵੀ।  ਤੈਨੂੰ ਕਰਾਈਏ ਐਸ਼ ਮਾੜੀ ਜੀ।''
"ਸ਼ਾਬ, ਯੇ ਸ਼ਾਬ ਕਾ ਬਿਸ਼ਤਰ ਔਰ ਊ ਗੁਸ਼ਲਖਾਨਾ।''
ਮੁਖਤਿਆਰ ਨੇ ਸੋਨ ਬਹਾਦਰ ਦੀ ਬਾਂਹ ਫੜ ਲਈ।
''ਓਏ ਪਹਿਲਾਂ ਤੂੰ ਆਪਣੀ ਹਾਅ ਨੀਕਰ ਜਈ ਲਾਹ।''
''ਕਿਉਂ ਸ਼ਾਬ?'' ਸੋਨ ਬਹਾਦਰ ਡਰ ਗਿਆ।
''ਓ ਤੈਨੂੰ ਕਿਹੈ-ਲਾਹ! ਸਾਲਾ ਕਿਉਂ ਦਾ।''
ਸੋਨ ਬਹਾਦਰ ਰੋਣ ਲੱਗ ਪਿਆ।  ਮੁਖਤਿਆਰ ਨੇ ਉਹਦੇ ਖਿੱਚ ਕੇ ਇਕ ਚਪੇੜ ਮਾਰੀ।  ਉਹ ਇਕ ਦਮ ਠਠੰਬਰ ਗਿਆ ਤੇ ਗੁੰਮ-ਸੁੰਮ ਜਿਹਾ ਹੋ ਕੇ ਚੁੱਪ ਕਰ ਗਿਆ।  ਉਹਨੇ ਡਰਦੇ ਮਾਰੇ ਨੇ ਕੰਬਦਿਆਂ-ਕੰਬਦਿਆਂ ਨਿੱਕਰ ਲਾਹ ਦਿੱਤੀ।
''ਚੁੱਪ ਕਰਕੇ ਮੂਧਾ ਹੋ ਕੇ ਔਹ ਮੰਜੇ 'ਤੇ ਪੈ ਜਾ ਨਹੀਂ ਤਾਂ ਜਾਨ ਕੱਢ ਦੂੰ।'' ਸੋਨ ਬਹਾਦਰ ਡਰੀਆਂ ਅੱਖਾਂ ਨਾਲ ਮੁਖਤਿਆਰ ਵੱਲ ਝਾਕਦਾ ਮੰਜੇ 'ਤੇ ਮੂਧਾ ਜਾ ਪਿਆ।
''ਲਓ ਜੀ ਨੇਕ ਭਾਈ ਸਾਅਬ।  ਕਰੋ...ਐਸ਼-ਇੰਦਰ ਦੇ ਖਾੜੇ ਦੀ।''
''ਮੈਂ...ਮੈਂ...ਕੀ...ਨਹੀਂ ਯਾਰ।'' ਗੁਰਨੇਕ ਨਸ਼ੇ ਵਿਚ ਅੰਨ੍ਹਾ ਹੋ ਚੁੱਕਾ ਸੀ।  ਮੁਖਤਿਆਰ ਕਮਰੇ ਦਾ ਬੂਹਾ ਭੇੜ ਕੇ ਬਾਹਰ ਆ ਗਿਆ।
ਜਦੋਂ ਕੁਝ ਚਿਰ ਪਿੱਛੋਂ ਡਿਗਦਾ ਢਹਿੰਦਾ, ਨੇਕ ਬੂਹਾ ਖੋਲ੍ਰ ਕੇ ਬਾਹਰ ਆਇਆ ਤਾਂ ਮੁਖਤਿਆਰ ਬੋਤਲ ਵਿਚ ਪਈ ਬਾਕੀ ਸ਼ਰਾਬ ਪੀ ਚੁੱਕਾ ਸੀ।
''ਕਿਉਂ...ਬਾਈ! ਲੈ-ਲੇ...ਸੁਰਗਾਂ-ਦੇ-ਝੂਟੇ?''
"ਬਾਈ ਉਹ...ਤਾਂ...ਠੀਕ ਐ...ਪਰ...ਪਰ...ਹੁਣ...ਆਪਾਂ ਜਾਣਾ...ਕਿਧਰ ਨੂੰ ਐਂ?
''ਤੂੰ ਬੈਠ ਐਥੇ ਮਾੜਾ ਜਿਆ...ਚਿਰ! ਮੈਂ...ਵੀ...ਜੀ ਕਰਾਰਾ...ਕਰਿਆਵਾਂ।''
ਗੁਰਨੇਕ ਨੂੰ ਅਗਲੇ ਦਿਨ ਕੁਝ ਯਾਦ ਨਹੀਂ ਸੀ ਕਿ ਕਿਵੇਂ ਉਹਨੂੰ ਮੁਖਤਿਆਰ ਆਪਣੇ ਮੋਟਰ ਸਾਈਕਲ 'ਤੇ ਸਕੂਲ ਲੈ ਕੇ ਗਿਆ।  ਕਦੋਂ ਉਹਨੇ ਆਪਣਾ ਸਾਈਕਲ ਚੱਕਿਆ ਤੇ ਕਦੋਂ ਉਹ ਘਰ ਪਹੁੰਚਿਆ।
ਅਗਲੇ ਦਿਨ ਉਹ ਸਕੂਲ ਨਾ ਜਾ ਸਕਿਆ।  ਬੱਚੇ ਸਕੂਲ ਆ ਕੇ ਘਰੋ-ਘਰੀ ਮੁੜ ਗਏ।
ਤੁਸੀਂ ਜੀ ਰਾਤ ਕਿੱਥੋਂ ਪੀ-ਪੂ ਕੇ ਆਏ ਸੀ?'' ਬਸੰਤ ਨੇ ਸਵੇਰੇ ਚਾਹ ਦਾ ਗਲਾਸ ਫੜਾਉਂਦਿਆਂ ਖਿਝ ਕੇ ਗੁਰਨੇਕ ਤੋਂ ਪੁੱਛਿਆ।
''ਓ ਐਵੇਂ ਪਿੰਡ 'ਚ ਕਿਸੇ ਦੇ ਵਿਆਹ ਸੀ।  ਮੁਖਤਿਆਰ ਐਵੇਂ ਬੱਸ ਮੱਲੋਜੋਰੀ ਫੜ ਕੇ ਲੈ ਗਿਆ।  ਹੋਰ ਕਿੱਥੋਂ ਪੀਣੀ-ਪੂਣੀ ਸੀ।''
''ਕਿਉਂ ਤੁਸੀਂ ਕੋਈ ਜੁਆਕ ਤਾਂ ਨੀ ਸੀ ਬਈ ਅਗਲਿਆਂ ਨੇ ਮੱਲੋ-ਜੋਰੀ ਪਿਆ-ਤੀ।  ਸਾਰੀ ਰਾਤ ਉਲਟੀਆਂ ਧੋਂਦੀ ਮੈਂ ਖਪ-ਗੀ।'' ਬਸੰਤ ਨੂੰ ਗੁਰਨੇਕ 'ਤੇ ਗੁੱਸਾ ਸੀ।
''ਹੇ-ਅ ਆ ਲਓ ਮਾ-ਰਾ-ਜ।  ਆਪਾਂ ਫੜੇ ਕੰਨ।  ਗਾਹਾਂ ਨੂੰ ਕਦੇ ਓਧਰ ਝਾਕ ਵੀ ਗਿਆ ਤਾਂ ਆਖੀਂ।'' ਗੁਰਨੇਕ ਨੇ ਕੰਨ ਫੜਦਿਆਂ ਸ਼ਰਾਰਤੀ ਅੱਖਾਂ ਨਾਲ ਬਸੰਤ ਨੂੰ ਖੁਸ਼ ਕਰਨਾ ਚਾਹਿਆ।
''ਰਹਿਣ ਦਿਓ ਤੁਸੀਂ ਆਵਦੀਆਂ ਚਲਾਕੀਆਂ ਨੂੰ।'' ਬਸੰਤ ਦਾ ਗੁੱਸਾ ਉੱਤਰ ਚੁੱਕਾ ਸੀ।  ਗੁਰਨੇਕ ਆਪਣੀ ਕਰਤੂਤ ਲੁਕੋਣ ਵਿਚ ਕਾਮਯਾਬ ਹੋ ਗਿਆ ਸੀ।

**

No comments:

Post a Comment